ਅੰਗਰੇਜ਼ੀ
ਭਾਸ਼ਾ ਦਾ ਇੱਕ ਕਥਨ ਹੈ ਕਿ "ਲਾਇਫ
ਇੱਜ਼ ਫੁੱਲ ਆਫ ਸਟਰਗਲ" ਅਰਥਾਤ ਜੀਵਨ ਇੱਕ ਸੰਘਰਸ਼ ਹੈ। ਅਰਥਾਤ ਉਹ ਜੀਵਨ ਚਾਹੇ
ਮਨੁੱਖੀ ਜੀਵਨ ਹੈ ਜਾਂ ਕੋਈ ਹੋਰ। ਕਹਿਣ ਦਾ ਭਾਵ ਕਿ ਮੈਂ ਕਿਸੇ ਇੱਕ ਮਨੁੱਖੀ
ਜੀਵਨ ਦੀ ਗੱਲ ਨਹੀਂ ਕਰ ਰਿਹਾ ਬਲਕਿ ਪੂਰੀ ਸ਼੍ਰਿਸ਼ਟੀ ਦੀ ਗੱਲ ਕਰ ਰਿਹਾ ਹਾਂ।
ਅਰਥਾਤ ਇਹ ਸਾਰੀ ਸ਼੍ਰਿਸ਼ਟੀ ਹੀ ਇਸ ਤਰ੍ਹਾਂ ਦੀ ਹੈ ਕਿ ਚਾਹੇ ਕੋਈ ਵੀ ਜੂਨ ਹੈ ਇਸ
ਵਿੱਚ ਆਪਣੇ ਜੀਵਨ ਨਿਰਵਾਹ ਲਈ ਸੰਘਰਸ਼ ਤਾਂ ਕਰਨਾ ਹੀ ਪੈਂਦਾ ਹੈ।
ਹੁਣ ਜੀਵਨ ਨਿਰਵਾਹ ਸਮੇਂ ਦੌਰਾਨ ਬਹੁਤ ਸਾਰੀਆਂ ਚੰਗੀਆਂ ਗੱਲਾਂ ਵੀ ਹੁੰਦੀਆਂ
ਹਨ ਤੇ ਮਾੜੀਆਂ ਵੀ। ਅਰਥਾਤ ਇਹ ਜੀਵਨ ਕਠਿਨਾਈਆਂ ਤੇ ਚੰਗਿਆਈਆਂ ਨਾਲ ਭਰਪੂਰ ਹੈ।
ਜ਼ਿਦਗੀ ਨੂੰ ਸੁਚਾਰੂ ਢੰਗ ਨਾਲ ਜਿਉਣ ਲਈ ਕਈ ਔਕੜਾਂ ਤੇ ਮਸੀਬਤਾਂ ਦਾ ਸਾਹਮਣਾ
ਕਰਨਾ ਪੈਂਦਾ ਹੈ। ਕੁਝ ਔਕੜਾ ਤੇ ਮੁਸੀਬਤਾਂ ਤਾਂ ਐਸੀਆਂ ਹੁੰਦੀਆਂ ਜੋ ਕਿ ਜੀਵਨ
ਭਰ ਸਾਥ ਨਿਭਾਉਂਦੀਆਂ ਹਨ। ਜਿੱਥੇ ਇੱਕ ਪਾਸੇ ਚੰਗੀਆਂ ਗੱਲਾਂ ਹਰ ਇੱਕ ਦੀ ਰੂਹ
ਜਾਂ ਆਤਮਾਂ ਨੂੰ ਸੁੱਖ, ਸ਼ਕੁਨ ਜਾਂ ਸ਼ਾਂਤੀ ਪ੍ਰਦਾਨ ਕਰਦੀਆਂ ਹਨ ਉੱਥੇ ਦੂਜੇ ਪਾਸੇ
ਇਹ ਬੁਰੇ ਸਮੇਂ ਜਾਂ ਮੁਸ਼ੀਬਤ ਵੇਲੇ ਜੀਵਨ ਤਬਾਹ ਵੀ ਕਰ ਦਿੰਦੀਆਂ ਹਨ। ਸੁੱਖ ਦੇ
ਪਲ ਨਿਭਾਉਣਾ ਜਿੰਨਾ ਸੌਖਾ ਹੈ, ਦੁੱਖ ਦੇ ਪਲ ਕੱਟਣਾ ਉਸ ਤੋਂ ਵੀ ਬਦਤਰ ਗੱਲ ਹੋ
ਜਾਪਦੀ ਹੈ।
ਹੁਣ ਚੰਗਾ ਜਾਂ ਮਾੜਾ ਸਮਾਂ ਹਰ ਇੱਕ 'ਤੇ ਆਉਂਦਾ ਹੈ ਜੇਕਰ ਅਸੀਂ ਰਲ ਮਿਲ ਕੇ
ਇੱਕ ਦੂਜੇ ਨਾਲ ਇਹ ਵੰਡ ਲਈਆਂ ਤਾਂ ਚੰਗੇ ਦਿਨਾਂ ਵੇਲੇ ਖ਼ੁਸ਼ੀ ਵਿੱਚ ਵਾਧਾ ਹੋ
ਜਾਂਦਾ ਹੈ ਤੇ ਦੁੱਖ ਦਰਦ ਵੰਡਣ ਨਾਲ ਗ਼ਮ ਘਟ ਜਾਂਦਾ ਹੈ ਤੇ ਬੁਰਾ ਵਕਤ ਗੁਜ਼ਰ
ਜਾਂਦਾ ਹੈ। ਅੱਜ ਮਨੁੱਖੀ ਜੀਵਨ ਦੀ ਗੱਲ ਕਰੀਏ ਤਾਂ ਅੱਜ ਕਿਸੇ ਕੋਲ ਵੀ ਕਿਸੇ ਲਈ
ਟਾਇਮ ਨਹੀਂ ਹੈ ਹਰ ਇੱਕ ਆਪਣੇ ਯੋਗ ਹੀ ਹੈ ਅਰਥਾਤ ਮੈਂ ਤੇ ਮੇਰੀ ਵਾਲੀ ਗੱਲ ਨੇ
ਪ੍ਰਧਾਨਤਾ ਦਾ ਰੂਪ ਅਖ਼ਤਿਆਰ ਕਰਨ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਰਹਿਣ ਦਿੱਤੀ।
ਬਾਕੀ ਕਿਸੇ ਦੇ ਨਾਲ ਦੁੱਖ ਸਾਝਾਂ ਕਰਨ ਲਈ ਅੱਜ ਦੇ ਮਸ਼ੀਨੀ ਯੁੱਗ ਵਿੱਚ ਤੇ
ਪੈਸੇ ਦੇ ਦੌੜ ਵਾਲੇ ਯੁੱਗ ਵਿੱਚ ਕਿਸੇ ਕੋਲ ਵੀ ਟਾਇਮ ਨਹੀਂ ਹੈ ਅਰਥਾਤ ਇਹ ਸੋਚ
ਭਾਰੂ ਹੈ ਕਿ ਬਲਦੀ ਹੋਈ ਅੱਗ ਵਿੱਚ ਮੈਂ ਕਿਉਂ ਕੁੱਦਾਂ। ਪਰ ਅਸਲ ਗੱਲ ਤਾਂ ਇਹ ਹੈ
ਕਿ ਇੱਕ ਦਰਦੀ ਦਾ ਦੁੱਖ ਇੱਕ ਦਰਦੀ ਹੀ ਸਮਝ ਸਕਦਾ ਹੈ। ਬਾਣੀ ਦੇ ਇੱਕ ਸਲੋਕ
ਮੁਤਾਬਕ ਕਿ - '' ਸੋ ਕਿਆ ਜਾਨੇ ਪੀਰ ਪਰਾਈ, ਜਾ ਕੈ ਅੰਤਰ ਦਰਦ ਨਾ ਕਾਈ ।'' ਇਹ
ਗੱਲ ਬਿਲਕੁਲ ਸੱਚ ਵੀ ਹੈ। ਹਰ ਕੋਈ ਬਾਵਾ ਸਾਹਿਬ ਡਾਕਟਰ ਭੀਮ ਰਾਓ ਨਹੀਂ ਬਣ
ਸਕਦਾ। ਹਰ ਕੋਈ ਗੁਰੂ ਰਵਿਦਾਸ ਜੀ, ਗਰੂ ਨਾਨਕ ਸਾਹਿਬ ਆਦਿ ਨਹੀਂ ਬਣ ਸਕਦਾ।
ਹੁਣ ਇੱਥੇ ਮੈਨੂੰ ਜਗਤ ਗੁਰੂ ਰਵਿਦਾਸ ਜੀ ਮਹਾਰਾਜ ਵਾਲੀ ਉਹ ਗੱਲ ਯਾਦ ਆ ਰਹੀ
ਹੈ ਕਿ ਇੱਕ ਵਾਰੀ ਹਿਰਨੀ ਦੇ ਬੱਚੇ ਭੁੱਖੇ ਸਨ ਤੇ ਉਹ ਆਪਣੇ ਬੱਚਿਆਂ ਦੇ ਲਈ ਭੋਜਨ
ਦੀ ਭਾਲ ਵਿੱਚ ਗਈ ਤੇ ਉਧਰ ਸ਼ਿਕਾਰੀ ਆਪਣੇ ਬੱਚਿਆਂ ਦੇ ਭੋਜਨ ਦੀ ਖ਼ਾਤਿਰ ਸ਼ਿਕਾਰ
ਕਰਨ ਲਈ ਬੈਠਾ ਹੋਇਆ ਸੀ ਤੇ ਉਸਨੇ ਹਿਰਨੀ ਨੂੰ ਪਕੜ ਲਿਆ। ਹਿਰਨੀ ਨੇ ਸ਼ਿਕਾਰੀ
ਅੱਗੇ ਮਿੰਨਤਾ ਤਰਲੇ ਕੀਤੇ ਕਿ ਉਸ ਦੇ ਬੱਚੇ ਉਸਨੂੰ ਦੇਖ ਰਹੇ ਹੋਣਗੇ ਤੇ ਇੱਕ ਵਾਰ
ਮੈਨੂੰ ਆਪਣੇ ਬੱਚਿਆਂ ਨੂੰ ਮਿਲ ਆਉਣ ਦੇ ਤੇ ਮੈਂ ਜਲਦੀ ਹੀ ਵਾਪਸ ਚਲੀ ਆਵਾਂਗੀ ਪਰ
ਉਹ ਸ਼ਿਕਾਰੀ ਨਾ ਮੰਨੇ ਤੇ ਉਧਰੋ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਨੇ ਇਹ ਸਾਰਾ
ਵਾਕਿਆ ਦੇਖਿਆ ਤਾਂ ਸ਼ਿਕਾਰੀ ਨੂੰ ਕਿਹਾ ਕਿ ਉਹ ਉਸ ਹਿਰਨੀ ਨੂੰ ਆਪਣੇ ਛੋਟੇ ਛੋਟੇ
ਬੱਚਿਆ ਨੂੰ ਮਿਲ ਆਉਣ ਦੇ ਮੈਨੂੰ ਪੱਕਾ ਯਕੀਨ ਹੈ ਕਿ ਉਹ ਹਿਰਨੀ ਵਾਪਸ ਜ਼ਰੂਰ
ਆਵੇਗੀ ਤੇ ਓਨੀ ਦੇਰ ਤੱਕ ਮੈਨੂੰ ਆਪਣਾ ਬੰਧਕ ਬਣਾ ਲੈ। ਇਸ ਤੋਂ ਕੀ ਜ਼ਾਹਿਰ ਹੁੰਦਾ
ਹੈ ਇਸ ਦਾ ਅੰਦਾਜ਼ਾ ਸਹਿਜੇ ਸਹਿਜ ਲਗਾਇਆ ਜਾ ਸਕਦਾ ਹੈ।
ਇੱਥੇ ਇੱਕ ਕਵੀ ਨੇ ਦਰਦ ਦਾ ਜ਼ਿਕਰ ਆਪਣੀਆਂ ਇਨ੍ਹਾਂ ਸਤਰਾਂ ਵਿੱਚ ਕੁਝ ਇਸ
ਤਰ੍ਹਾਂ ਬਿਆਨ ਕੀਤਾ ਹੈ- ਖ਼ੰਜਰ ਚਲੇ ਕਿਸੀ ਪੇ ਤੜਪਤੇ ਹੈਂ ਹਮ ਅਮੀਰ, ਸਾਰੇ ਜਹਾਂ
ਕਾ ਦਰਦ ਹਮਾਰੇ ਜਿਗਰ ਮੇਂ ਹੈ - ਅਰਥਾਤ ਕੁਝ ਇੱਕ ਤਾਂ ਜਿਹਨਾਂ ਦੀ ਆਤਮਾ ਜਾਂ
ਜ਼ਮੀਰ ਜਿੰਦਾ ਹੈ ਉਹ ਦੂਜੇ ਦਾ ਦੁੱਖ ਦੇਖ ਕੇ ਵੀ ਤੜਪ ਉੱਠਦੇ ਹਨ। ਗੁਰੂ ਨਾਨਕ
ਸਾਹਿਬ ਨੇ ਵੀ ਦੁਨੀਆਂ ਦਾ ਦੁੱਖ ਦੇਖ ਕੇ ਇਨ੍ਹਾਂ ਸਤਰਾਂ ਰਾਹੀਂ ਰੱਬ ਨੂੰ ਵੀ
ਉਲ੍ਹਾਮਾਂ ਦੇ ਦਿੱਤਾ ਸੀ ਕਿ-
ਖੁਰਾਸ਼ਾਨ ਖੁਸ਼ਮਾਨਾ ਕੀਆ, ਹਿੰਦੋਸਤਾਨ ਡਰਾਇਆ।
ਆਪੇ ਦੋਸ਼ ਨਾ ਦੇਇ ਕਰਤਾ, ਜਮ ਕਰ ਮਗ਼ਲ ਚੜ੍ਹਾਇਆ।
ਏਤੀ ਮਾਰ ਪਈ ਕੁਰਲਾਣੈ ਤੈਅ ਕੀ ਦਰਦ ਨਾ ਆਇਆ।
ਸੋ ਜਿਸ ਕਿਸੇ ਨੂੰ ਦੂਸਰੇ ਦੇ ਦਰਦ ਦਾ ਅਹਿਸਾਸ ਹੋਵੇ ਅਸਲ ਵਿੱਚ ਉਹ ਹੀ
ਦੂਸਰੇ ਦੇ ਦਰਦ ਵਿੱਚ ਵੀ ਤੜਪ ਸਕਦਾ ਹੈ। ਕਹਿਣ ਦਾ ਭਾਵ ਕਿ ਸੋ ਕਿਤ ਜਾਣੈ ਪੀਰ
ਪਰਾਈ ਜਾ ਕੇ ਅੰਤਰ ਦਰਦ ਨਾ ਕਾਈ। ਇਹ ਸਾਰੀ ਸ਼੍ਰਿਸ਼ਟੀ ਦੁੱਖਾਂ ਸੁੱਖਾਂ ਦਾ ਸੁਮੇਲ
ਹੈ ਤੇ ਇਹ ਵੀ ਕਿਹਾ ਜਾ ਚੁੱਕਾ ਹੈ ਕਿ - ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ
ਦਿਲਾਂ ਦੀਆਂ ਜਾਣੇ। ਇੱਥੇ ਇੱਕ ਮਹਾਨ ਸਹਿਤਕਾਰ ਤੇ ਕਵੀ ਦੀਆਂ ਸਤਰਾਂ ਮੈਨੂੰ ਯਾਦ
ਆ ਰਹੀਆਂ ਹਨ:
ਦੁਨੀਆਂ ਦਾ ਦੁੱਖ ਦੇਖ ਦੇਖ, ਦਿਲ ਦਗਦਾ ਦਗਦਾ ਜਾਂਦਾ ।
ਅੰਦਰਲਾ ਮਨ ਪੰਗਰ ਤੁਰਦਾ ਨੈਣੋਂ ਨੀਰ ਵਰਸਾਂਦਾ।
ਫਿਰ ਵੀ ਦਰਦ ਨਾ ਘਟੇ ਜਗਤ ਦਾ ,
ਦਰਦ ਦੇਖ ਦੁੱਖ ਆਂਦਾ ।
ਪਰਸ਼ੋਤਮ ਲਾਲ ਸਰੋਏ
ਪਿੰਡ- ਧਾਲੀਵਾਲ-ਕਾਦੀਆਂ,
ਡਾਕਘਰ- ਬਸਤੀ-ਗੁਜ਼ਾਂ,
ਜਲੰਧਰ-144002
ਮੋਬਾਇਲ ਨੰਬਰ- 92175-44348 |