ਭਾਰਤ/ਪਾਕਿਸਤਾਨ
ਵਿੱਚ ਰਹਿੰਦੇ ਪੰਜਾਬੀ ਬੋਲੀ ਦੇ ਦੀਵਾਨਿਆਂ ਨੂੰ ਡਾਢਾ ਫਿਕਰ ਹੈ ਕਿ ਸੰਸਾਰ ਪੱਧਰ
‘ਤੇ ਵਧ ਰਹੇ ਅੰਗਰੇਜ਼ੀ ਦੇ ਪ੍ਰਭਾਵ ਕਾਰਨ, ਅਨੇਕਾਂ ਹੋਰ ਸਥਾਨਕ ਬੋਲੀਆਂ ਵਾਂਗ,
ਪੰਜਾਬੀ ਦਾ ਘੇਰਾ ਵੀ ਕਿਤੇ ਸੁੰਗੜ ਨਾ ਜਾਵੇ। ਇਸੇ ਤਰ੍ਹਾਂ ਦਾ ਤੌਖ਼ਲਾ ਹੀ,
ਕੈਨਡਾ ਦੇ, ਪੰਜਾਬੀ ਪ੍ਰਤੀ ਸੁਚੇਤ ਲੋਕਾਂ ਦੇ ਮਨਾਂ ਨੂੰ ਵੀ ਸਤਾਉਂਦਾ ਰਹਿੰਦਾ
ਹੈ, ਪ੍ਰੰਤੂ ਪੰਜਾਬੀ ਦੇ ਸੰਭਾਵਤ ਸੁੰਗੜੇਵੇਂ ਤੋਂ ਵੱਡਾ ਹੈ ਪੰਜਾਬੀ ਦੇ ਉਚਾਰਣ
ਅਤੇ ਲਿਖਤ ਵਿੱਚ ਆ ਰਹੇ ਵਿਗਾੜ ਦਾ ਫਿ਼ਕਰ।
ਇਤਿਹਾਸਿਕ ਤੌਰ
‘ਤੇ ਦੇਖੀਏ ਤਾਂ 1972 ਤੋਂ ਬਾਅਦ ਪੰਜਾਬੀਆਂ ਦੀਆਂ ਕੈਨਡਾ ਵੱਲ ਨੂੰ ਘੱਤੀਆਂ
ਵਹੀਰਾਂ ਕਾਰਨ, ਟਰਾਂਟੋ ਅਤੇ ਵੈਨਕੂਵਰ ਵਰਗੇ ਮਹਾਂ-ਨਗਰਾਂ ‘ਚ ਪੰਜਾਬੀਆਂ ਦੀ
ਵਸੋਂ ਜ਼ਿਕਰਯੋਗ ਹੋ ਗਈ ਹੈ। ਕੈਨਡਾ ਵਿੱਚ ਪੰਜਾਬੀ ਬੋਲੀ ਦੇ ਵਿਕਾਸ ‘ਚ ਵੱਡਾ
ਯੋਗਦਾਨ ਪੰਜਾਬੀ ਦੀਆਂ ਅਖ਼ਬਾਰਾਂ, ਰੇਡੀਓ ਅਤੇ ਟੈਲਾਵਿਯਨ (ਸਹੀ ਉਚਾਰਣ
‘ਟੈਲਾਵਿਯਨ’ ਹੈ, ‘ਟੈਲੀਵਿਯਨ’ ਨਹੀਂ) ਦਾ ਹੈ। ਕੰਪਿਊਟਰ-ਯੁਗ ਤੋਂ ਪਹਿਲਾਂ
ਪੰਜਾਬੀ ਪਰਚੇ ਕੰਪੋਜ਼ ਕਰਨ ਦੀਆਂ ਭਾਰੀ ਚੁਣੌਤੀਆਂ ਨੂੰ ਕਬੂਲਦਿਆਂ ਜਿਸ ਸ਼ਿੱਦਤ,
ਲਗਨ ਅਤੇ ਸਿਰੜ ਨਾਲ਼ ਅਖ਼ਬਾਰ-ਰਿਸਾਲੇ ਛਾਪੇ ਗਏ, ਉਸ ਲਈ ਪੰਜਾਬੀ ਮੀਡੀਆਕਾਰੀ ਦੇ
ਮੋਢੀਆਂ ਨੂੰ ਦਾਦ ਦੇਣੀ ਬਣਦੀ ਹੈ।
ਕੈਨਡਾ ‘ਚ
ਛਪਦੇ ਪੰਜਾਬੀ ਅਖ਼ਬਾਰਾਂ ਨੇ, ਭਾਰਤ/ਪੰਜਾਬ ਦੀਆਂ ਖ਼ਬਰਾਂ ਕੈਨਡਾ ਦੇ ਪੰਜਾਬੀਆਂ
ਤੀਕਰ ਪਹੁੰਚਾਉਣ ਦੇ ਨਾਲ਼ ਨਾਲ਼, ਕੈਨਡਾ ਦੇ ਬਿਜ਼ਨੈੱਸ ਅਦਾਰਿਆਂ ਦੇ ਸੁਨੇਹੇਂ
ਪੰਜਾਬੀਆਂ ਤੀਕ ਅਪੜਾਅ ਕੇ, ਪੰਜਾਬੀਆਂ ਦੀ ਖੁਸ਼ਹਾਲੀ ਦੇ ਦੁਆਰ ਵੀ ਮੋਕਲ਼ੇ
ਕੀਤੇ। ਟਰਾਂਟੋ ਤੇ ਵੈਨਕੂਵਰ ਵਰਗੇ ਇਲਾਕਿਆਂ ਵਿੱਚ ਇੱਕੋ ਸਮੇ ਹੀ ਕਈ-ਕਈ
ਸਟੇਸ਼ਨਾਂ ਤੋਂ ਪੰਜਾਬੀ ਪ੍ਰੋਗਰਾਮਾਂ ਦਾ ਪ੍ਰਸਾਰਣ ਹੁੰਦਾ ਰਹਿੰਦਾ ਹੈ। ਇਵੇਂ
ਹੀ, ਪੂਰੇ ਕੈਨਡਾ ਵਿੱਚ ਦੇਖੇ ਜਾਂਦੇ ‘ਵਿਯਨ’ ਟੀ ਵੀ ਉੱਪਰ ਤਾਂ ਪੰਜਾਬੀ ਬੋਲੀ
ਦੀ ਸਰਦਾਰੀ ਏਡੀ ਪੁਖ਼ਤਾ ਹੋ ਗਈ ਹੈ ਕਿ ਸਵੇਰੇ 9 ਵਜੇ ਤੋਂ ਸ਼ੁਰੂ ਹੋ ਰਾਤ ਦੇ
ਦੋ, ਢਾਈ ਵਜੇ ਤੀਕਰ ਪੰਜਾਬੀ ਪ੍ਰੋਗਰਾਮਾਂ ਦੀ ਅਟੁੱਟ ਕਤਾਰ ਲੱਗੀ ਰਹਿੰਦੀ ਹੈ।
ਇਨ੍ਹਾਂ ਪ੍ਰੋਗਰਾਮਾਂ ‘ਚ ਵਪਾਰਕ ਅਦਾਰਿਆਂ ਦੀਆਂ ਮਸ਼ਹੂਰੀਆਂ ਅਤੇ ਗੀਤ-ਸੰਗੀਤ ਦੇ
ਨਾਲ਼ ਨਾਲ਼ ਥੋੜ੍ਹੀ ਬਹੁਤ ਗੱਲ-ਬਾਤ ਵੀ ਕੀਤੀ ਜਾਂਦੀ ਹੈ ਜਿਸ ਨਾਲ਼ ਪੰਜਾਬੀ
ਘਰਾਂ ਵਿੱਚ, ਬੱਚਿਆਂ ਨਾਲ਼ ਪੰਜਾਬੀ ਭਾਸ਼ਾ ਵਿੱਚ ਗੱਲਬਾਤ ਕਰਨ ਦਾ ਰੁਝਾਨ ਵੀ
ਵਧਿਆ ਹੈ। ਘਰਾਂ ‘ਚ ਪੰਜਾਬੀ ਰੇਡੀਓ ਅਤੇ ਪੰਜਾਬੀ ਟੀ ਵੀ ਦੀ ਬਹੁਤਾਤ ਹੋਣ ਕਾਰਨ
ਕੈਨਡਾ ‘ਚ ਜਨਮੇਂ ਪੰਜਾਬੀ ਬੱਚੇ ਹੁਣ ਸਕੂਲਾਂ ‘ਚ ਆਪਣੇ ਪੰਜਾਬੀ ਸਾਥੀਆਂ ਨਾਲ਼
ਪੰਜਾਬੀ ਬੋਲਣ, ਪੰਜਾਬੀ ਗੀਤ ਸੁਣਨ ਅਤੇ ਭੰਗੜਾ ਆਦਿਕ ਤੋਂ ਸ਼ਰਮ ਮਹਿਸੂਸ ਨਹੀਂ
ਕਰਦੇ। ਪੰਜਾਬੀ ਮੀਡੀਆ ਕਾਰਨ ਹੀ ਪੰਜਾਬੀ ਲੋਕ, ਕੈਨਡਾ ਦੀ ਸਿਆਸਤ ਵਿੱਚ ਵੀ
ਸਰਗਰਮ ਹੋਏ ਨੇ ਜਿਸ ਨਾਲ਼ ਪੰਜਾਬੀ ਲੋਕ ਪਾਰਲੀਮੈਂਟਾਂ, ਅਸੈਂਬਲੀਆਂ ਅਤੇ ਸਿਟੀ
ਕੌਂਸਲਾਂ ਵਿੱਚ ਜ਼ਿੰਮੇਵਾਰ ਅਹੁਦਿਆਂ ‘ਤੇ ਬਿਰਾਜਮਾਨ ਹੋਣ ਵਿੱਚ ਕਾਮਯਾਬ ਹੋਏ
ਨੇ। ਪੰਜਾਬੀ ਮੀਡੀਆ ਦੇ ਪ੍ਰਭਾਵ ਕਾਰਨ ਹੀ ਕੈਨਡਾ ਵਿੱਚ ਸਰਕਾਰੀ ਪੱਧਰ ‘ਤੇ ਵੀ
ਪੰਜਾਬੀ ਭਾਸ਼ਾ ਨੂੰ ਸਵੀਕਾਰਿਆ ਜਾਣ ਲੱਗਾ ਹੈ। ਬਰਿਟਿਸ਼ ਕੋਲੰਬੀਆ ਦੇ ਕਈ
ਕਮਿਊਨਿਟੀ ਕਾਲਜਾਂ ਵਿੱਚ ਪੰਜਾਬੀ ਦੇ ਕੋਰਸ ਵੀ ਚਾਲੂ ਕੀਤੇ ਗਏ ਹਨ। ਕੈਨਡਾ ‘ਚ
ਜੰਮੀ ਪੀੜ੍ਹੀ ਅਤੇ ਇਸ ਦੇ ਮਾਪੇ, ਕਮਿਊਨਿਟੀ ਕਾਲਜਾਂ ‘ਚ ਆਫ਼ਰ ਕੀਤੇ ਜਾਂਦੇ
ਇਨ੍ਹਾਂ ਕੋਰਸਾਂ ਵਿੱਚ ਦਿਲਚਸਪੀ ਲੈਣ ਲੱਗ ਪਏ ਹਨ। ਫਿਲਹਾਲ ਇਹ ਕੋਰਸ ਵੈਨਕੂਵਰ
ਦੇ ਇੱਕਾ-ਦੁੱਕਾ ਕਾਲਜਾਂ ‘ਚ ਹੀ ਪੜ੍ਹਾਏ ਜਾਂਦੇ ਹਨ, ਪ੍ਰੰਤੂ ਹੌਲੀ, ਹੌਲੀ ਇਹ
ਕੋਰਸ ਟਰਾਂਟੋ ਅਤੇ ਹੋਰ ਇਲਾਕਿਆਂ ਦੇ ਕਾਲਜਾਂ ਵਿੱਚ ਵੀ ਚਾਲੂ ਕੀਤੇ ਜਾਣ ਦੀਆਂ
ਕੋਸਿ਼ਸ਼ਾਂ ਹੋ ਰਹੀਆਂ ਨੇ। ਇਨ੍ਹਾਂ ਕੋਰਸਾਂ ਨੂੰ ਪੰਜਾਬੀ ਕਮਿਊਨਿਟੀ ਵਿੱਚ
ਪਰਚਾਰਨ ਲਈ ਵੀ ਪੰਜਾਬੀ ਮੀਡੀਆ ਦਾ ਵੱਡਾ ਸਹਿਯੋਗ ਹੋਵੇਗਾ।
ਇਹ ਮੰਨਣਯੋਗ
ਹਕੀਕਤ ਹੈ ਕਿ ਕਿਸੇ ਵੀ ਬੋਲੀ ਦਾ ਮੁਹਾਂਦਰਾ ਸਦਾ ਹੀ ਇੱਕੋ ਜਿਹਾ ਨਹੀਂ ਰਹਿੰਦਾ।
ਹਰ ਬੋਲੀ, ਨਵੀਂਆਂ ਭੂਗੋਲਿਕ, ਸਮਾਜਕ, ਸਭਿਆਚਾਰਕ, ਰਾਜਨੀਤਕ, ਤਕਨੀਕੀ ਅਤੇ
ਵਿੱਦਿਅਕ ਪ੍ਰਸਥਿਤੀਆਂ ਦੇ ਪ੍ਰਸੰਗ ਵਿੱਚ ਨਵਾਂ ਮੁਹਾਂਦਰਾ ਅਖ਼ਤਿਆਰ ਕਰਨ ਲੱਗ
ਜਾਂਦੀ ਹੈ। ਇਹੀ ਕਾਰਨ ਹੈ ਕਿ ਪੁਰਾਣੇ ਜ਼ਮਾਨੇ ਵਿੱਚ ਸੰਚਾਰ ਸਾਧਨਾਂ ਦੀ ਕਮੀ ਦੇ
ਮੱਦੇ-ਨਜ਼ਰ ਬੋਲੀ ਦਾ ਚਿਹਨ-ਚੱਕਰ 20-25 ਮੀਲ ‘ਤੇ ਜਾ ਕੇ ਬਦਲ ਜਾਂਦਾ ਸੀ,
ਪ੍ਰੰਤੂ ਅੱਜ ਦੇ ਯੁੱਗ ਵਿੱਚ ਟੀ ਵੀ, ਅਖ਼ਬਾਰਾਂ, ਅਤੇ ਰੇਡੀਓ ਨੇ ਸਾਰੀ ਦੁਨੀਆਂ
ਨੂੰ ਇੱਕ ਪਿੰਡ ਦੀ ਨਿਆਈਂ ਬਣਾ ਦਿੱਤਾ ਹੈ ਇਸ ਲਈ ਬੋਲੀ ਦੇ ਮੁਹਾਂਦਰੇ ਵਿੱਚ
ਵਧੇਰੇ ਇਕਸਾਰਤਾ ਆ ਰਹੀ ਹੈ। ਇਸੇ ਹੀ ਤਰ੍ਹਾਂ ਅੰਗਰੇਜ਼ੀ ਦੇ ਪਾਸਾਰ ਦੀ ਵਜ੍ਹਾ
ਕਰ ਕੇ ਪੰਜਾਬੀ ਵਿੱਚ ਅੰਗਰੇਜ਼ੀ ਦੀ ਸ਼ਮੂਲੀਅਤ ਵੀ ਵਧ ਰਹੀ ਹੈ। ਮੇਰੇ ਖਿ਼ਆਲ
ਵਿੱਚ ਇਸ ਤੋਂ ਚਿੰਤੁਤ ਹੋਣ ਦੀ ਜ਼ਰੂਰਤ ਨਹੀਂ ਕਿਉਂਕਿ ਪੰਜਾਬੀ ਵਿੱਚ, ਅਨੇਕਾਂ
ਨਵੀਆਂ ਚੀਜ਼ਾਂ, ਨਵੀਆਂ ਕਾਢਾਂ, ਅਤੇ ਨਵੇਂ ਵਿਚਾਰਾਂ ਲਈ ਢੁਕਵੇਂ ਲਫ਼ਜ਼ਾਂ ਦੀ
ਪ੍ਰਤੱਖ ਅਣਹੋਂਦ ਨੂੰ ਪੂਰਨ ਲਈ, ਅੰਗਰੇਜ਼ੀ ਦੇ ਜਜ਼ਬ-ਕਰਨ-ਯੋਗ ਸ਼ਬਦਾਂ ਨੁੰ
ਅਪਣਾਅ ਲੈਣਾ ਕੋਈ ਮਾੜੀ ਗੱਲ ਨਹੀਂ। ਆਉਣ ਵਾਲ਼ੇ ਵਕਤਾਂ ਵਿੱਚ ਕਨੇਡੀਅਨ ਪੰਜਾਬੀ
ਦਾ ਮੁਹਾਂਦਰਾ ਭਾਰਤ ਜਾਂ ਪਾਕਿਸਤਾਨ ਦੀ ਪੰਜਾਬੀ ਨਾਲ਼ੋਂ ਓਸੇ ਤਰ੍ਹਾਂ ਹੀ ਵੱਖਰਾ
ਹੋਵੇਗਾ ਜਿਵੇਂ ਅਮਰੀਕਣ, ਆਇਰਿਸ਼ ਅਤੇ ਸਕਾਟਿਸ਼ ਅੰਗਰੇਜ਼ੀ ਦਾ ਉਚਾਰਣ ਤੇ
ਮੁਹਾਵਰਾ, ਬਰਤਾਨਵੀ ਅੰਗਰੇਜ਼ੀ ਨਾਲੋਂ ਭਿੰਨ ਹੈ।
ਬਦੇਸ਼ਾਂ ‘ਚ
ਪੰਜਾਬੀ ਬੋਲੀ ਦਾ ਪਾਸਾਰ ਤਾਂ ਨਿਰੰਤਰ ਹੋ ਰਿਹਾ ਹੈ ਅਤੇ ਇਸ ਬਾਰੇ ਦੋ ਰਾਵਾਂ
ਨਹੀਂ ਕਿ ਪੰਜਾਬੀ ਮੀਡੀਆ ਨੇ ਬਦੇਸ਼ਾਂ ਵਿੱਚ ਪੰਜਾਬੀ ਜ਼ੁਬਾਨ ਨੂੰ ਪ੍ਰਫੁੱਲਤ ਕਰਨ
ਵਿੱਚ ਵੱਡਾ ਰੋਲ ਖੇਡਿਆ ਹੈ, ਪ੍ਰੰਤੂ ਇਸ ਹਕੀਕਤ ਤੋਂ ਵੀ ਅੱਖਾਂ ਨਹੀਂ ਮੀਟੀਆਂ
ਜਾ ਸਕਦੀਆਂ ਕਿ ਪੰਜਾਬ ਦੀ ਪੰਜਾਬੀ ਵਾਂਗਣ ਹੀ, ਬਦੇਸ਼ਾਂ ਦੀ ਪੰਜਾਬੀ ਬੋਲੀ ਵੀ
ਬੁਰੀ ਤਰ੍ਹਾਂ ਨਾਲ਼ ਬਦਸੂਰਤ ਹੋਈ ਜਾ ਰਹੀ ਹੈ। ਇਥੇ ਇਹ ਸਮਝਣਾ ਵੀ ਜ਼ਰੂਰੀ ਹੈ
ਕਿ ਪੰਜਾਬੀ ਮੀਡੀਆ ਨੇ ਕੈਨਡਾ ਵਰਗੇ ਮੁਲਕ ਵਿੱਚ ਪੰਜਾਬੀ ਬੋਲੀ ਦੇ ਚਿਹਰੇ-ਮੋਹਰੇ
ਨੂੰ ਕਰੂਪਣ ਵਿੱਚ ਵੀ ਕੋਈ ਕਸਰ ਨਹੀਂ ਛੱਡੀ। ਉਂਝ ਇਹ ਗੱਲ ਵੀ ਜੱਗ-ਜ਼ਾਹਿਰ ਹੈ
ਕਿ ਪੰਜਾਬੀ ਦੇ ਵਿਗਾੜ ਦਾ ਮੁੱਢ ਪੰਜਾਬ ਤੋਂ ਹੀ ਸ਼ੁਰੂ ਹੋਇਆ ਹੈ ਜਿੱਥੇ ਪੰਜਾਬੀ
ਦੇ ਉਚਾਰਣ, ਵਿਆਕਰਣ ਅਤੇ ਵਾਕ-ਬਣਤਰ ਵਿੱਚ ਭਾਰੀ ਵਿਗਾੜ ਆ ਗਿਆ ਹੈ।
ਵਿਗਾੜ ਦੇ
ਸਿਲਸਿਲੇ ‘ਚ ਇਹ ਗੱਲ ਵੀ ਮੰਨਣ ਵਾਲ਼ੀ ਹੈ ਕਿ ਜਦੋਂ ਕਿਸੇ ਦੇਸ਼ ਵਿੱਚ ਧਰਮ,
ਸਿਆਸਤ, ਇਨਸਾਫ਼, ਪੌਣ-ਪਾਣੀ, ਰਿਸ਼ਤੇ ਅਤੇ ਈਮਾਨ ਵਰਗੀਆਂ ਅਮੁੱਲ ਵਸਤਾਂ ਵਿੱਚ
ਮੈਲ਼ ਆ ਜਾਵੇ ਤਾਂ ਬੋਲੀ ਦਾ ਸਾਫ਼-ਸੁਥਰੀ ਰਹਿ ਜਾਣਾ ਨਾਮੁਮਕਿਨ ਹੁੰਦਾ ਹੈ।
ਪੰਜਾਬ ਵਿੱਚ ਵੀ ਜਦੋਂ ਸਾਰਾ ਸਮਾਜ, ਸਾਰੇ ਅਦਾਰੇ ਅਤੇ ਸਾਰੇ ਰਿਸ਼ਤੇ
ਚਿੱਬ-ਖੜਿੱਬੇ ਹੋ ਗਏ ਹਨ, ਤਾਂ ਬੋਲੀ ਦਾ ਵਿਗੜ ਜਾਣਾ ਵੀ ਕੁਦਰਤੀ ਹੀ ਸੀ।
ਪੰਜਾਬ ਵਿੱਚ
ਪ੍ਰੋਫੈਸਰਾਂ, ਟੀਚਰਾਂ, ਅਤੇ ‘ਡਾਕਟਰਾਂ’ ਨੇ ਪਹਿਲਾ ਕੁਹਾੜਾ ‘ਜ’ ਪੈਰ ਬਿੰਦੀ
ਨਾਲ਼ ਬਣਦੀ ‘ਜ਼’ ਧੁਨੀ ਉੱਪਰ ਸੁੱਟਿਆ ਜਿਸ ਨਾਲ਼ ਸਕੂਲੀ ਬੱਚਿਆਂ ਦੇ
ਧੁਨੀ-ਸਿਸਟਮ ਵਿੱਚੋਂ ‘ਜ਼’ ਦੀ ਧੁਨੀ ਬਿਲਕੁਲ ਖਾਰਜ ਹੀ ਹੋ ਗਈ। ਵੀਹ-ਪੱਚੀ ਸਾਲ
ਪਹਿਲਾਂ ਸਕੂਲਾਂ ‘ਚ ਦਾਖ਼ਲ ਹੋ ਕੇ ਹੁਣ ਜਵਾਨ ਹੋਏ ਬੱਚੇ ‘ਜ਼ੈੱਡ’ ਨੂੰ ‘ਜੈੱਡ’
ਹੀ ਪੜ੍ਹਦੇ ਹਨ ਜਿਸ ਕਰ ਕੇ ਉਹ ਅੰਗਰੇਜ਼ੀ ਬੋਲਦਿਆਂ ਵੀ ‘ਜ਼’ ਦੀ ਧੁਨੀ ਦਾ
ਉਚਾਰਣ ‘ਜ’ ਹੀ ਕਰਦੇ ਨੇ; ਦੂਜੇ ਸ਼ਬਦਾਂ ਵਿੱਚ, ਜਿਹੜੀਆਂ ਧੁਨੀਆਂ ਤੋਂ ਬੱਚੇ
ਨੂੰ ਛੋਟੀ ਉਮਰ ਤੋਂ ਹੀ ਵਾਂਝਿਆਂ ਕਰ ਦਿੱਤਾ ਜਾਵੇ, ਉਨ੍ਹਾਂ ਨੂੰ ਬਾਅਦ ਵਿੱਚ
ਅਖ਼ਤਿਆਰ ਕਰਨਾ ਅਤਿਅੰਤ ਕਠਨ ਹੋ ਜਾਂਦਾ ਹੈ। ਸਿੱਟੇ ਵਜੋਂ ਅੰਗਰੇਜ਼ੀ ਦੇ ਵਾਕ
“ਹੀ ਇਜ਼ ਵਾਚਿੰਗ ਅ ਜ਼ੀਬਰਾ ਐਟ ਅ ਜ਼ੂਅ’ ਨੂੰ ਅੱਜ ਦੇ ਬੱਚੇ ਅਤੇ ਪਿਛਲੇ
ਵੀਹ-ਪੱਚੀ ਸਾਲ ਤੋਂ ਸਕੂਲਾਂ-ਕਾਲਜਾਂ ‘ਚ ਪੜ੍ਹੇ ਲੋਕ, ‘ਹੀ ਇਜ ਵਾਚਿੰਗ ਅ ਜੈਬਰਾ
ਐਟ ਅ ਜੂਅ’ ਹੀ ਪੜ੍ਹਦੇ ਹਨ। ‘ਜ਼ੀਰੋ’ ਨੂੰ ਜੀਰੋ, ਪਲਾਜ਼ਾ ਨੂੰ ਪਲਾਜਾ, ਜ਼ੂਅ
ਨੂੰ ਜੂਅ, ਪੀਜ਼ਾ ਨੂੰ ਪੀਜਾ, ਬਿਜ਼ਨੈੱਸ ਨੂੰ ਬਿਜਨਸ, ਪੁਜਿ਼ਸ਼ਨ ਨੂੰ ਪੋਜੀਸ਼ਨ,
ਇਜ਼ ਨੂੰ ਇਜ, ਵਾਜ਼ ਨੂੰ ਵਾਜ, ਕੰਪੋਜਿ਼ਸ਼ਨ ਨੂੰ ਕੰਪੋਜਿਸ਼ਨ, ਅਤੇ ਅੰਗਰੇਜ਼ੀ
ਦੇ ‘ਜ’ ਪੈਰ ਬਿੰਦੀ ਦੀ ਧੁਨੀ ਵਾਲ਼ੇ ਹਰ ਲਫ਼ਜ਼ ਨੂੰ ‘ਜ’ ਦੀ ਗ਼ਲਤ ਧੁਨੀ ਨਾਲ਼
ਉਚਾਰ, ਉਚਾਰ ਕੇ ਗ਼ੈਰ-ਪੰਜਾਬੀ ਲੋਕਾਂ ਲਈ ਮਖ਼ੌਲ ਦਾ ਸਾਧਨ ਬਣਦੇ ਨੇ।
ਇਸੇ ਪ੍ਰਕਾਰ
ਹੀ ‘ਯ’ ਦੀ ਧੁਨੀ ਨੂੰ ‘ਜ’, ‘ਛ’ ਨੂੰ ‘ਸ਼’, ਤੇ ‘ਵ’ ਨੂੰ ‘ਬ’ ਉਚਾਰ ਕੇ,
ਪੰਜਾਬੀ ਦਾ ਸੱਤਿਆਨਾਸ ਕੀਤਾ ਜਾ ਰਿਹਾ ਹੈ। ਹੈਰਾਨੀ ਵਾਲ਼ੀ ਗੱਲ ਇਹ ਹੈ ਕਿ
ਸਕੂਲਾਂ ਦੇ ਅਧਿਆਪਕ ਅਤੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਵੀ ‘ਜ਼ੀਰੋ’ ਨੂੰ
‘ਜੀਰੋ’, ‘ਹਜ਼ਾਰ’ ਨੂੰ ‘ਹਜਾਰ’, ‘ਜ਼ਮੀਨ’ ਨੂੰ ‘ਜਮੀਨ’, ‘ਮਜ਼ਾਕ’ ਨੂੰ
‘ਮਜਾਕ’, ‘ਮਰਜ਼ੀ’ ਨੂੰ ‘ਮਰਜੀ’, ‘ਗ਼ਜ਼ਲ’ ਨੂੰ ‘ਗਜਲ’, ‘ਫ਼ਰਜ਼’ ਨੂੰ ‘ਫਰਜ’,
‘ਇਜਾਜ਼ਤ’ ਨੂੰ ‘ਅਜਾਯਤ’, ‘ਗੁਜ਼ਾਰਿਸ਼’ ਨੂੰ ‘ਗੁਜਾਰਸ਼’ ਆਦਿਕ ਉਚਾਰਦੇ ਨੇ।
‘ਯਾਰ’ ਨੂੰ ‘ਜਾਰ’, ‘ਯੈੱਸ’ ਨੂੰ ‘ਜੈੱਸ’, ‘ਯੰਗਮੈਨ’ ਨੂੰ ‘ਜੰਗਮੈਨ’, ‘ਯੂਥ
ਨੂੰ ਜੂਥ’, ‘ਯੋਅਰ ਨੂੰ ਜੂਅਰ’, ‘ਯੀਅਰ ਨੂੰ ਜੀਅਰ’, ‘ਮੱਈਯਰ ਨੂੰ ਮੱਜਰ’,
‘ਯੈੱਲ ਨੂੰ ਜੈੱਲ’ ਆਦਿਕ ਉਚਾਰ ਕੇ ਇਸ ਭਾਸ਼ਾ ਨਾਲ਼ ਖਿਲਵਾੜ ਕਰਦੇ ਨੇ। ਇਸੇ
ਤਰ੍ਹਾਂ ਹੀ ‘ਛ’ ਦੀ ਧੁਨੀ ਦਾ ਗਲ਼ਾ ਘੁੱਟ ਕੇ ‘ਸ਼’ ਬਣਾ ਦਿੱਤਾ ਗਿਆ ਹੈ: ਵੱਡੇ
ਵੱਡੇ ਅਲੋਚਕ, ਵਿਦਵਾਨ ਅਤੇ ਟੀਚਰ ਵੀ ‘ਛਤਰੀ’ ਨੂੰ ‘ਸ਼ਤਰੀ’, ‘ਛੇਵੀਂ’ ਨੂੰ
‘ਸ਼ੇਵੀਂ’, ‘ਮੱਛਰ’ ਨੂੰ ‘ਮੱਸ਼ਰ’, ‘ਵੱਛੀ’ ਨੂੰ ‘ਵੱਸ਼ੀ’, ਤੇ ‘ਛੱਤ’ ਨੂੰ
‘ਸ਼ੱਤ’ ਉਚਾਰਦੇ ਨੇ। ਮੀਡੀਆ, ਖ਼ਾਸ ਕਰ ਕੇ ਧੁਨੀਦਾਰ ਮੀਡੀਆ (ਰੇਡੀਓ, ਟੀ ਵੀ,
ਮੂਵੀਆਂ) ਆਮ ਲੋਕਾਂ ਲਈ ਇੱਕ ਮਾਡਲ ਹੁੰਦੇ ਨੇ ਜਿਨ੍ਹਾਂ ਨੂੰ ਸੁਣ ਕੇ ਲੋਕਾਂ ਨੇ
ਉਹੀ ਸ਼ਬਦ ਉਸੇ ਅੰਦਾਜ਼ ਵਿੱਚ ਉਚਾਰਨੇ/ਵਰਤਣੇ ਹੁੰਦੇ ਨੇ ਜਿਵੇਂ ਉਨ੍ਹਾਂ ਨੂੰ
ਸੁਣਿਆਂ ਗਿਆ ਹੋਵੇ, ਮਗਰ ਹੁਣ ਤਾਂ ਭਾਰਤ ਦੇ ਪੰਜਾਬੀ ਚੈਨਲਾਂ ਅਤੇ ਸਰਕਾਰੀ ਟੀ
ਵੀ ਉੱਤੇ ਵੀ ਪੰਜਾਬੀ ਲਫ਼ਜ਼ਾਂ ਦਾ ਗ਼ਲਤ ਉਚਾਰਣ ਪ੍ਰਵਾਨ ਚੜ੍ਹਨ ਲੱਗ ਪਿਆ ਹੈ।
ਕੈਨਡਾ ਵਿੱਚ
ਰੇਡੀਓ/ਟੀ ਵੀ ਦੀ ਬਰਾਡਕਾਸਟਿੰਗ ਲਈ ਨਾ ਤਾਂ ਕਿਸੇ ਡਿਗਰੀ ਦੀ ਜ਼ਰੂਰਤ ਹੈ ਤੇ ਨਾ
ਹੀ ਕਿਸੇ ਅਵਾਜ਼/ਅੰਦਾਜ਼ ਦੇ ਟੈਸਟ ਦੀ; ਕੋਈ ਵੀ ਵਿਅਕਤੀ ਘੰਟਾ, ਦੋ ਘੰਟੇ ਦਾ
ਸਮਾਂ ਟੀ ਵੀ/ਰੇਡੀਓ ਤੋਂ ਖ਼ਰੀਦ ਕੇ, ਆਪਣਾ ਪ੍ਰਸਾਰਨ ਸ਼ੁਰੂ ਕਰ ਲੈਂਦਾ ਹੈ, ਇਸ
ਲਈ ਟੀ ਵੀ ਅਤੇ ਰੇਡੀਓ ਤੋਂ ਪ੍ਰੋਗਰਾਮਾਂ ਦੀ ਹੋਸਟਿੰਗ ਕਰਦੇ ਬਹੁਤੇ ਵਿਅਕਤੀ
ਭਾਸ਼ਾ ਦੇ ਮਿਆਰ ਤੋਂ ਕੋਰੇ ਹੁੰਦੇ ਨੇ ਜਿਸ ਕਰ ਕੇ ਉਹ, ਪੰਜਾਬੀ ਅਤੇ ਅੰਗਰੇਜ਼ੀ
ਉਚਾਰਣ ਦਾ, ਚੰਗਾ ਝਟਕਾ ਕਰਦੇ ਨੇ ਜਿਸ ਨੂੰ ਸੁਣਨ ਵਾਲ਼ੀ ਕੈਨਡਾ ‘ਚ ਜੰਮੀ
ਪੀੜ੍ਹੀ ਵੀ ਪੰਜਾਬੀ ਦੇ ਸ਼ਬਦਾਂ ਦਾ ਗ਼ਲਤ ਉਚਾਰਣ ਕਰਨ ਲੱਗ ਪਈ ਹੈ। ਇੱਥੇ
ਵਰਨਣਯੋਗ ਹੈ ਕਿ ਸਾਡੇ ਇੱਕ ਨਜ਼ਦੀਕੀ ਪ੍ਰੀਵਾਰ ਦੇ ਇੱਕ ਬੱਚੇ ਨੂੰ ਜਦੋਂ ਮੇਰੀ
ਬੀਵੀ ਨੇ ਕਿਹਾ “ਆਹ ਲੈ ਖ਼ਰਬੂਜ਼ਾ”, ਤਾਂ ਅੱਗੋਂ ਉਹ ਮੇਰੀ ਬੀਵੀ ਦਾ ਇਹ ਕਹਿ ਕੇ
ਮਖ਼ੌਲ ਉਡਾਉਣ ਲੱਗਾ: ਹਾ, ਹਾ! ਆਂਟੀ ਜੀ ‘ਖਰਬੂਜੇ’ ਨੂੰ ‘ਖ਼ਰਬੂਜ਼ਾ’ ਆਖੀ
ਜਾਂਦੇ ਨੇ।
ਜਿੱਥੇ ਇਹ ਲੋਕ
‘ਜ਼ੁਬਾਨ’ ਨੂੰ ‘ਜਵਾਨ’, ‘ਸੜਕ’ ਨੂੰ ‘ਸ਼ੜਕ’, ‘ਸਿਪਾਹੀ’ ਨੂੰ ‘ਸ਼ਪਾਹੀ’,
‘ਅਧਰਕ’ ਨੂੰ ‘ਅਦਕਰ’ ਆਦਿਕ ਬੋਲ ਕੇ ਸ੍ਰੋਤਿਆਂ ਨੂੰ ਪੰਜਾਬੀ ਦਾ ਚਿੱਬ-ਖੜਿੱਬਾ
ਮਾਡਲ ਭੇਟ ਕਰਦੇ ਨੇ ਓਥੇ ਵਾਕ-ਬਣਤਰ ਦਾ ਵੀ ਚੰਗਾ ਜਲੂਸ ਕਢਦੇ ਨੇ। ਮਿਸਾਲ ਦੇ
ਤੌਰ ‘ਤੇ, “ਇਹ ਜਾਬ ਲੈ ਕੇ ਤੁਸੀਂ ਚੰਗੀ ਡਾਲਰਾਂ ਦੀ ਕਮਾਈ ਕਰ ਸਕਦੇ ਹੋ” ਨੂੰ
“ਡਾਲਰਾਂ ਦੀ ਚੰਗੀ ਕਮਾਈ ਕਰ ਸਕਦੇ ਹੋ” ਕਿਹਾ ਜਾਣਾ ਚਾਹੀਦਾ ਹੈ। ਵਾਕ-ਬਣਤਰ ਏਨੀ
ਹਾਸੋਹੀਣੀ ਹੁੰਦੀ ਹੈ ਕਿ ਭਾਸ਼ਾ ਨਾਲ ਸਨੇਹ ਰੱਖਣ ਵਾਲ਼ੇ ਲੋਕਾਂ ਨੂੰ ਧੁੜਧੁੜੀਆਂ
ਆਉਣ ਲੱਗ ਜਾਂਦੀਆਂ ਨੇ। ਰੇਡੀਓ ਅਤੇ ਟੀ ਵੀ ਹੋਸਟ ਜਿੱਥੇ ਜੀਅ ਕਰੇ ਉਥੇ ‘ਜ’ ਦੇ
ਪੈਰ ‘ਚ ਬਿੰਦੀ ਠੋਕ ਦੇਂਦੇ ਨੇ ਅਤੇ ਜਿੱਥੇ ਜੀ ਕਰੇ ‘ਜ’ ਦੇ ਪੈਰ ਹੇਠੋਂ ਬਿੰਦੀ
ਖਿਸਕਾਅ ਮਾਰਦੇ ਨੇ।। ਉਂਝ ਟੀ ਵੀ ਰੇਡੀਓ ਉੱਪਰ ਗ਼ਲਤ ਭਾਸ਼ਾ ਬੋਲਣ ਵਿੱਚ ਇਨ੍ਹਾਂ
ਹੋਸਟਾਂ ਦਾ ਕਸੂਰ ਨਹੀਂ ਕਿਉਂਕਿ ਸਕੂਲਾਂ-ਕਾਲਜਾਂ ਵਿੱਚ ਮਿਆਰੀ ਭਾਸ਼ਾ
ਪੜ੍ਹਨ-ਸੁਣਨ ਦੇ ਮੌਕੇ ਇਨ੍ਹਾਂ ਨੂੰ ਮਿਲ਼ੇ ਹੀ ਨਹੀਂ। ਇਨ੍ਹਾਂ ਦੇ ਅਧਿਆਪਕ ਹੀ
ਗ਼ਲਤ ਭਾਸ਼ਾ ਬੋਲਦੇ ਸਨ, ਇਸ ਲਈ ਇਨ੍ਹਾਂ ਦੀ ਭਾਸ਼ਾ ਵੀ ਵਿਗੜ ਗਈ। ਪ੍ਰੰਤੂ ਦੁੱਖ
ਦੀ ਗੱਲ ਇਹ ਹੈ ਕਿ ਇਨ੍ਹਾਂ ਅੰਦਰ ਮਿਆਰੀ ਭਾਸ਼ਾ ਸਿੱਖਣ ਦਾ ਸ਼ੌਕ ਨਹੀਂ ਪੁੰਗਰ
ਰਿਹਾ।
ਵਾਕ-ਬਣਤਰ ਅਤੇ
ਸ਼ਬਦਜੋੜਾਂ ਦਾ ਵਢਾਂਗਾ, ਅਖ਼ਬਾਰਾਂ ਰਿਸਾਲਿਆਂ ਵਿੱਚ ਆਪਣੇ ਪੂਰੇ ਜਲਾਲ ਨਾਲ਼
ਪੇਸ਼ ਹੁੰਦਾ ਹੈ। ਮਿਸਾਲ ਦੇ ਤੌਰ ‘ਤੇ “ਉਸ ਨੇ ਸਟੇਜ ਦੀ ਕਾਰਵਾਈ ਬਾਖੂਬੀ ਨਾਲ
ਨਿਭਾਈ” ਅਤੇ “ਅਤੇ ਉਸ ਨੂੰ ਸ੍ਰੋਤਿਆਂ ਸਾਹਮਣੇ ਰੂਬਰੂ ਕੀਤਾ” ਵਰਗੇ ਵਾਕ ਆਮ ਹੀ
ਪੜ੍ਹੇ ਜਾ ਸਕਦੇ ਨੇ। ਪੱਤਰਕਾਰੀ ਵਿੱਚ ਵਾਕ-ਬਣਤਰ ਦਾ ਇੱਕ ਨਮੂਨਾ ਦੇਖੋ:
“ਪ੍ਰਧਾਨ ਮੰਤਰੀ ਹਾਰਪਰ ਇੱਕੋ-ਇੱਕੋ ਨੇਤਾ ਹੈ। ਜਿਸ ਨੇ ਹਾਲੇ ਤੀਕ ਇਹ ਗੱਲ ਨਹੀਂ
ਮੰਨੀ। ਉਹ ਚਹੁੰਦੇ ਹਨ। ਕਿ ਮਹਿੰਗਾਈ ਰੋਕੀ ਜਾਵੇ।” ਧਿਆਨ-ਗੋਚਰ ਹੈ ਕਿ “ਨੇਤਾ
ਹੈ” ਦੇ ਪਿੱਛੇ ਡੰਡੀ ਲਾ ਕੇ ਵਾਕ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਜਦੋਂ ਕਿ ਵਾਕ
ਹਾਲੇ ਚੱਲ ਰਿਹਾ ਹੈ, ਅਤੇ ‘ਚਹੁੰਦੇ ਹਨ’ ਤੋਂ ਬਾਅਦ ਡੰਡੀ ਲਾ ਕੇ ਵਾਕ ਦਾ ਝਟਕਾ
ਕਰ ਦਿੱਤਾ ਗਿਆ ਹੈ। ‘ਕਿ’ ਅਤੇ ‘ਕੇ’ ਦੇ ਫਰਕ ਦਾ ਪਤਾ ਤਾਂ 99% ਲੇਖਕਾਂ ਨੂੰ ਹੈ
ਹੀ ਨਹੀਂ। ਅੱਧਕ ਕਿੱਥੇ ਲਾਉਣ ਹੈ, ਕਿੱਥੇ ਨਹੀਂ, ਇਸ ਦਾ ਕੋਈ ਥਹੁ-ਪਤਾ ਨਹੀਂ
ਹੈ।
ਅਖ਼ੀਰ
ਵਿੱਚ ਇਹ ਗੱਲ ਦੁਹਰਾਉਣੀ ਚਹੁੰਦਾ ਹਾਂ ਕਿ ਪੰਜਾਬੀ ਦਾ ਮੌਖਿਕ ਅਤੇ ਲਿਖਤੀ ਰੂਪ
ਤਾਂ ਪੰਜਾਬ ਵਿੱਚ ਵੀ ਬੁਰੀ ਤਰ੍ਹਾਂ ਵਲੂੰਧਰਿਆ ਜਾ ਰਿਹਾ ਹੈ, ਪ੍ਰੰਤੂ ਕੈਨਡਾ
ਵਿੱਚ ਤਾਂ ਇਸ ਦਾ ਚਿਹਰਾ ਬਿਲਕੁਲ ਹੀ ਕਰੂਪ ਕੀਤਾ ਜਾ ਰਿਹਾ ਹੈ। ਇਹ ਠੀਕ ਹੈ ਕਿ
ਜਦੋਂ ਤੀਕ ਪੰਜਾਬ ਵਿੱਚੋਂ ਕੈਨਡਾ ਨੂੰ ਇੰਮੀਗਰੇਸ਼ਨ ਜਾਰੀ ਰਹੇਗੀ, ਪੰਜਾਬੀ
ਜ਼ੁਬਾਨ ਕੈਨਡਾ ਵਿੱਚ ਪਸਰਦੀ ਰਹੇਗੀ, ਪ੍ਰੰਤੂ ਇਸ ਦਾ ਵਿਗੜ ਰਿਹਾ ਮੁਹਾਂਦਰਾ
ਲਾਜ਼ਮੀ ਤੌਰ ‘ਤੇ ਚਿੰਤਾ ਦਾ ਵਿਸ਼ਾ ਹੈ ਪ੍ਰੰਤੂ ਬਹੁਤੇ ਰੇਡੀਓ, ਟੀ ਵੀ ਅਤੇ
ਅਖ਼ਬਾਰ ਕਿਉਂਕਿ ਕਚਘਰੜ ਲੋਕਾਂ ਦੇ ਹੱਥਾਂ ‘ਚ ਹਨ, ਇਸ ਲਈ ਉਚਾਰਣ ਅਤੇ ਲਿਖਤ
ਵਿੱਚ ਘੁਸ ਰਹੇ ਵਿਗਾੜ ਨੂੰ ਰੋਕਣਾ ਅਸੰਭਵ ਹੈ। ਇਸ ਲਈ ਪੰਜਾਬੀ ਦਾ ਫਿ਼ਕਰ ਕਰਨ
ਵਾਲ਼ੇ ਲੋਕਾਂ ਨੂੰ, ਰੇਡੀਓ, ਟੀ ਵੀ ਅਤੇ ਪ੍ਰਿੰਟ ਮੀਡੀਆ ਨਾਲ਼ ਜੁੜੇ ਲੋਕਾਂ
ਨਾਲ਼ ਤਾਲ-ਮੇਲ ਕਰ ਕੇ, ਇਸ ਮਸਲੇ ‘ਤੇ ਗ਼ੌਰ ਕਰਨੀ ਚਾਹੀਦੀ ਹੈ।
|