ਛੋਟਾ
ਹੁੰਦਾ ਸੀ ਤਾਂ ਕਈ ਵਾਰ ਦੇਖਦਾ ਕਿ ਵਿਹਲ ਸਮੇਂ ਸਾਡੀ ਮਰਹੂਮ ਮਾਂ ਜਦੋਂ ਚਰਖਾ
ਕੱਤਦੀ ਤਾਂ ਅਕਸਰ ਇਹ ਗੀਤ ਗੁਣਗਾਇਆ ਕਰਦੀ ਸੀ:
ਮੁੱਕ ਜਾ ਪੂਣੀਏ, ਅਸਾਂ ਜਾਣਾ ਗੁਰਾਂ ਦੇ ਡੇਰੇ
ਪੂਣੀ ਨਾ ਮੁੱਕਦੀ, ਜਿੰਦ ਨਾ ਛੁੱਟਦੀ
ਮੁੱਕ ਜਾ ਪੂਣੀਏ……
ਉਸ ਸਮੇਂ ਦੇ ਆਮ ਪੇਂਡੂ ਲੋਕਾਂ ਵਾਂਗ ਸਾਡੀ ਮਾਂ ਬਹੁਤ ਹੀ ਧਾਰਮਿਕ ਵਿਚਾਰਾਂ
ਵਾਲੀ ਸੀ। ਗੁਰਪੁਰਬਾਂ ਅਤੇ ਇਤਿਹਾਸਿਕ ਦਿਹਾੜਿਆਂ ਤੋਂ ਬਿਨਾ ਹਰ ਦੇਸੀ ਮਹੀਨੇ ਦੀ
ਸੰਗਰਾਂਦ ਵਾਲੇ ਦਿਨ ਆਂਢਣਾ ਗੁਆਂਢਣਾ ਨਾਲ ਗੁਰਦੁਆਰੇ ਜਾਂਦੀ। ਸਕੂਲ ਤੋਂ ਛੁੱਟੀ
ਹੁੰਦੀ ਤਾਂ ਅਸੀਂ ਵੀ ਚਲੇ ਜਾਂਦੇ। ਮਾਂ ਜਦੋਂ ਇਹ ਗੀਤ ਗਾਉਂਦੀ , ਤਾ ਮੈਂ ਤਾਂ
ਇਹ ਸੋਚਦਾ ਕਿ ਮਾਂ ਗੁਰਦੁਆਰੇ ਜਾਣ ਦੀ ਗਲ ਕਰ ਰਹੀ ਹੈ, ਪਰ ਚਰਖਾ ਕੱਤਦਿਆਂ ਜੇਕਰ
ਇਕ ਪੂਣੀ ਮੁਕ ਜਾਂਦੀ, ਤਾਂ ਮਾਂ ਦੂਜੀ ਪੂਣੀ ਛੋਹ ਲੈਂਦੀ, ਤੇ ਇਹ ਸਿਲਸਲਾ ਚਲਦਾ
ਰਹਿੰਦਾ।
ਹੁਣ ਜਦੋਂ ਕਿ ਆਪਣੀ ਜ਼ਿੰਦਗੀ ਦੀ ਸ਼ਾਮ ਵਿਚ ਹਾਂ, ਤੇ ਅਨੇਕਾਂ ਕੰਮ ਕਰਨ ਵਾਲੇ
ਪਏ ਦਿਖਾਈ ਦਿੰਦੇ ਹਨ, ਤਾਂ ਅਕਸਰ ਇਹ ਗੀਤ ਮੇਰੀ ਜ਼ਬਾਨ 'ਤੇ ਆ ਜਾਂਦਾ ਹੈ:
ਮੁੱਕ ਜਾ ਪੂਣੀਏ, ਅਸਾਂ ਜਾਣਾ ਗੁਰਾਂ ਦੇ ਡੇਰੇ
ਪੂਣੀ ਨਾ ਮੁੱਕਦੀ, ਜਿੰਦ ਨਾ ਛੁੱਟਦੀ
ਮੁੱਕ ਜਾ ਪੂਣੀਏ……
ਇਹ ਪੂਣੀ ਜ਼ਿੰਦਗੀ ਦੇ ਕੰਮ ਕਾਰਜਾਂ ਦੀ ਪੂਣੀ ਹੈ। ਇਕ ਕੰਮ ਸਿਰੇ ਚਾੜ੍ਹੀਦਾ
ਹੈ, ਤਾ ਕੋਈ ਨਵਾਂ ਕੰਮ ਸਾਹਮਣੇ ਆ ਜਾਂਦਾ ਹੈ ਤੇ ਇਹ ਸਿਲਸਲਾ ਚਲਦਾ ਰਹਿੰਦਾ ਹੈ,
ਪੂਣੀਆਂ ਕੱਤਣ ਵਾਂਗ।
ਮੈਂ ਤਾਂ ਇਕ ਪੱਤਰਕਾਰ ਹਾਂ, ਇਕ ਲੇਖਕ ਹਾਂ। ਮੇਰਾ ਮੁਖ ਕੰਮ ਤਾਂ ਪੜ੍ਹਣਾ
ਲਿਖਣਾ ਰਿਹਾ ਹੈ। ਕਿਸੇ ਅਖ਼ਬਾਰ ਜਾਂ ਖ਼ਬਰ ਏਜੰਸੀ ਲਈ ਕੰਮ ਕਰਦਿਆਂ, ਆਪਣੇ ਅਦਾਰੇ
ਨੂੰ ਖ਼ਬਰਾਂ ਭੇਜਣਾ ਹੁੰਦਾ ਸੀ। ਇਸ ਦੇ ਨਾਲ ਹੀ ਚਲੰਤ ਮਾਮਲਿਆਂ ਅਤੇ ਆਪਣੀ
ਜ਼ਿੰਦਗੀ ਦੇ ਤਜਰਬਿਆਂ ਬਾਰੇ ਲੇਖ ਵੀ ਲਿਖਦਾ ਰਿਹਾ ਹਾਂ। ਇਕ ਪੱਤਰਕਾਰ ਤਾਂ ਸਾਰੀ
ਉਮਰ ਪੱਤਰਕਾਰ ਹੀ ਰਹਿੰਦਾ ਹੈ। ਅਖ਼ਬਾਰੀ ਨੌਕਰੀ ਤੋਂ ਸੇਵਾ-ਮੁਕਤ ਹੋਇਆ ਤਾਂ ਵੱਖ
ਵੱਖ ਅਖ਼ਬਾਰਾਂ ਲਈ ਚਲੰਤ ਮਾਮਲਿਆਂ ਬਾਰੇ ਲੇਖ ਲਿਖਣ ਦਾ ਸਿਲਸਿਲਾ ਜਾਰੀ ਹੈ।।
ਬਤੌਰ ਪੱਤਰਕਾਰ ਮੈਂ ਉਸ ਸਮੇਂ ਕੰਮ ਕੀਤਾ ਜਿਸ ਨੁੰ "ਨਾਰਮਲ" ਸਮਾਂ ਨਹੀਂ
ਕਿਹਾ ਜਾ ਸਕਦਾ। ਬਹੁਤਾ ਸਮਾਂ, ਸਾਲ 1978 ਦੀ ਖੂਨੀ ਵਿਸਾਖੀ ਤੋਂ ਲੈਕੇ 1999
ਦੌਰਾਨ ਬਾਦਲ-ਟੋਹੜਾ ਦੀ ਸਿਆਸੀ ਲੜਾਈ ਤਕ, ਮੇਰੀ ਪੋਸਟਿੰਗ ਅੰਮ੍ਰਿਤਸਰ ਰਹੀ ਅਤੇ
ਸੈਂਕੜੇ ਹੀ ਅਜੇਹੇ ਘਟਨਾਚੱਕਰਾਂ ਦੀਆਂ ਖ਼ਬਰਾਂ ਭੇਜੀਆ, ਜੋ ਹੁਣ ਇਤਿਹਾਸ ਦੇ ਪੰਨੇ
ਬਣ ਗਈਆਂ ਹਨ।ਇਨ੍ਹਾ ਬਾਰੇ ਦੋ ਪੁਸਤਕਾਂ ਪੂਰੀਆਂ ਕਰਨ ਵਿਚ ਰੁਝਾ ਹੋਇਆ ਹਾਂ।
ਅਸੀਂ ਜਦੋਂ ਜ਼ਿੰਦਗੀ ਦੀ ਸ਼ਾਮ ਵਿਚ ਹੁੰਦੇ ਹਾਂ ਅਜੇਹਾ ਗੀਤ ਬਹੁਤ ਚੰਗਾ ਲਗਦਾ
ਹੈ, “ਉਪਰੋਂ” ਬੁਲਾਵਾ ਆਉਣ ਵਾਲਾ ਹੁੰਦਾ ਹੈ, ਕੰਮਾਂ ਦਾ ਢਰ ਪਿਆ ਹੁੰਦਾ ਹੈ ਅਤੇ
ਸਮਾਂ ਹੱਥਾਂ ਵਿਚੋਂ ਖਿਸਕਦਾ ਜਾਂਦਾ ਹੈ। ਸਿਆਣੇ ਕਹਿੰਦੇ ਹਨ ਕਿ ਆਪਣੀ ਪਿਛਲੀ
ਉਮਰ ਵਿਚ ਜਿਥੇ ਆਪਣਾ ਕੰਮ ਕਾਜ ਸਮੇਟਨਾ ਚਾਹੀਦਾ ਹੈ, ਉਥੇ ਦੁਨਿਆਵੀ ਰਿਸ਼ਤਿਆਂ ਦੀ
ਮੋਹ ਮਾਇਆ ਨੂੰ ਵੀ ਹੌਲੀ ਹੌਲੀ ਘੱਟ ਕਰ ਕੇ ਉਸ ਪਰਮਾਤਮਾ ਨਾਲ ਲਿਵ ਜੋੜਣੀ
ਚਾਹੀਦੀ ਹੈ ਅਤੇ ਹਰ ਸਮੇਂ ਭਾਣੇ ਵਿਚ ਰਹਿਣਾ ਚਾਹੀਦਾ ਹੈ। ਆਪਣੀ ਜ਼ਿੰਦਗੀ ਨੂੰ
ਮਾਨਵਤਾ ਦੀ ਸੇਵਾ ਲਈ ਜਾਂ ਦੇਸ਼ ਕੌਮ ਦੇ ਲੇਖੇ ਲਗਾਉਣ ਦਾ ਯਤਨ ਕਰਨਾ ਚਾਹੀਦਾ ਹੈ।
ਪੰਜਾਬੀ
ਰੰਗ-ਮੰਚ ਦੀ ਮਾਂ ਸ੍ਰੀਮਤੀ ਨੋਰ੍ਹਾ ਰਿੱਚਡਜ਼ ਨੂੰ ਇਕ ਵਾਰੀ ਮਿਲਣ ਆਏ ਕਿਸੇ
ਸਨੇਹੀ ਨੇ ਪੁਛਿਆ, "ਤੁਸੀਂ ਅਪਣਾ ਵਿਹਲਾ ਸਮਾਂ ਕਿਵੇਂ ਬਿਤਾਉਂਦੇ ਹੋ?" ਤਾਂ
ਉਨ੍ਹਾਂ ਜਵਾਬ ਦਿਤਾ ਸੀ, “ਮੇਰੇ ਪਾਸ ਵਿਹਲਾ ਸਮਾਂ ਹੈ ਹੀ ਨਹੀਂ।” ਕੁਝ ਵਰ੍ਹੇ
ਪਹਿਲਾਂ ਇੰਗਲੈਂਡ ਤੋਂ ਛੱਪਣ ਵਾਲੇ ਪੰਜਾਬੀ ਹਫ਼ਤਾਵਾਰੀ ਪਰਚੇ 'ਦੇਸ ਪਰਦੇਸ" ਦਾ
ਇਕ ਪੱਤਰਕਾਰ ਮੇਰੀ ਇੰਟਰਵਿਊ ਲੈਣ ਆਇਆ। ਇਸ ਉਪਰੰਤ ਉਹ ਮੇਰੀ ਪਤਨੀ ਨਾਲ ਮੇਰੇ
ਬਾਰੇ ਪੁੱਛਣ ਲਗਾ ਤਾਂ ਉਸ ਕਿਹਾ, " ਇਹ ਕਦੀ ਵਿਹਲੇ ਨਹੀਂ ਬਹਿੰਦੇ, ਕੁਝ ਨਾ ਕੁਝ
ਪੜ੍ਹਦੇ ਲਿਖਦੇ ਜਾਂ ਕੋਈ ਹੋਰ ਕਮੰ ਕਰਦੇ ਰਹਿੰਦੇ ਹਨ।" ਇਹ ਇਕ ਹਕੀਕਤ ਵੀ ਹੈ,
ਮੇਰੇ ਪਾਸ ਵਹਲਾ ਸਮਾਂ ਹੈ ਹੀ ਨਹੀਂ। ਜ਼ਿੰਦਗੀ ਮੁਕਣ ਵਾਲੀ ਹੈ, ਪਰ ਬਹੁਤ ਹੀ ਕੰਮ
ਕਰਨ ਵਾਲੇ ਪਏ ਹਨ, ਬਹੁਤ ਕੁਝ ਲਿਖਣ ਵਾਲਾ ਰਹਿੰਦਾ ਹੈ। ਉਮਰ ਦੀ ਪ੍ਰਪੱਕਤਾ ਨਾਲ
ਵਿਚਾਰਾਂ ਵਿਚ ਪ੍ਰੌੜਤਾ ਆਈ ਹੈ, ਸਪਸ਼ਟਾ ਆਈ ਹੈ. ਦਲੇਰੀ ਤੇ ਨਿਰਪੱਖਤਾ ਆਈ ਹੈ।
ਪਰ ਹੁਣ ਕੰਮ ਕਰਨ ਦੀ ਬਹੁਤੀ ਹਿੰਮਤ ਨਹੀਂ, ਥੋੜਾ ਜਿਹਾ ਹੀ ਪੜ੍ਹ ਲਿਖ ਕੇ ਸਰਰਿਕ
ਤੇ ਮਾਨਸਿਕ ਤੌਰ 'ਤੇ ਥੱਕ ਜਾਂਦਾ ਹਾਂ। ਜਾਪਦਾ ਹੈ ਕਿ ਜ਼ਿੰਦਗੀ ਮੁਕ ਜਾਣੀ ਹੈ,
ਪਰ ਮੇਰੇ ਇਹ ਕੰਮ ਨਹੀਂ ਮੁਕਣੇ। ਅਜਕਲ ਮੈਨੂੰ ਸਵਰਗਾਂ ਵਿਚ ਵਸਦੀ ਆਪਣੀ ਮਾਂ ਦਾ
ਇਹ ਗੀਤ ਅਕਸਰ ਯਾਦ ਆਉਂਦਾ ਹੈ ਅਤੇ ਮੈਂ ਵੀ ਇਹ ਗੁਣਗਣਾਉਂਦਾ ਰਹਿੰਦਾ ਹਾਂ"-
ਮੁੱਕ ਜਾ ਪੂਣੀਏ, ਅਸਾਂ ਜਾਣਾ ਗੁਰਾਂ ਦੇ ਡੇਰੇ
# 194-ਸੀ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ, ਮੋ:.
9876295829 |