ਕੁੱਝ
ਸਮਾਂ ਪਹਿਲਾਂ ਮੈਂ ਇੱਕ ਛੋਟਾ ਜਿਹਾ ਲੇਖ ਲਿਖਿਆ ਸੀ ਜਿਸ ਦਾ ਸਿਰਲੇਖ ਸੀ ‘ਜੱਜੇ
ਪੈਰ ਬਿੰਦੀ’। ਉਸ ਲੇਖ ਵਿੱਚ ਮੈਂ ਅਜਿਹਾ ਹੀ ਕੁੱਝ ਰੋਣਾ ਰੋਇਆ ਸੀ ਕਿ
ਸਾਡੀ ਪਿਆਰੀ ਪੰਜਾਬੀ ਬੋਲੀ ਦਾ ਮਿਆਰ ਦਿਨ ਬਦਿਨ ਡਿਗਦਾ ਜਾ ਰਿਹਾ ਹੈ ਅਤੇ ਅੱਜਕਲ
ਲੇਖਕਾਂ ਨੂੰ ਇਹ ਨਹੀਂ ਪਤਾ ਕਿ ‘ਜ਼’ ਅਤੇ ‘ਜ’ ਵਿੱਚ ਕੀ ਅੰਤਰ
ਹੈ ਅਤੇ ਇਨ੍ਹਾਂ ਦੀ ਸਹੀ ਵਰਤੋਂ ਕਿੱਥੇ ਕਿੱਥੇ ਕੀਤੀ ਜਾਣੀ ਚਾਹੀਦੀ ਹੈ। ਇਸ
ਸੰਬੰਧੀ ਮੈਂ ਸੁਹਿਰਦ ਲੇਖਕਾਂ, ਖੋਜੀਆਂ ਅਤੇ ਪਾਠਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ
ਸੀ ਕਿ ਉਹ ਇਸ ਬਾਰੇ ਜਿੱਥੇ ਖ਼ੁਦ ਸਤੱਰਕ ਹੋਣ ਉੱਥੇ ਦੂਜਿਆਂ ਨੂੰ ਵੀ ਇਸ ਬਾਰੇ
ਸੁਚੇਤ ਹੋਣ ਲਈ ਪ੍ਰੇਰਿਤ ਕਰਨ। ਉਸ ਤੋਂ ਬਾਅਦ ਮੇਰੀ ਨਜ਼ਰ ਵਿੱਚ ਸਿਰਫ਼ ਇੱਕ ਦੋ ਹੀ
ਅਜਿਹੇ ਲੇਖਕ ਆਏ ਜਿਨ੍ਹਾਂ ਨੇ ਇਸ ਸੰਬੰਧੀ ਹਾਅ ਦਾ ਨਾਹਰਾ ਮਾਰਿਆ, ਪਰ ਬਾਕੀ
ਸਾਰੇ ਹਉਮੈ ਦੀ ਰਜਾਈ ਓੜ ਕੇ ਜਾਂ ਅਗਿਆਨਤਾ ਦੀ ਲਪੇਟ ਵਿੱਚ ਚੁੱਪ ਬੈਠੇ ਹਨ। ਮੈਂ
ਕਈ ਪਰਚਿਆਂ ਅਤੇ ਵੈੱਬਸਾਈਟਾਂ ਰਾਹੀਂ ਪੰਜਾਬੀ ਪੜ੍ਹਨ ਵਿੱਚ ਕਾਫ਼ੀ ਸਮਾਂ ਗੁਜ਼ਾਰਦਾ
ਹਾਂ ਅਤੇ ਦਿਨ ਬਦਿਨ ਪੰਜਾਬੀ ਦੇ ਨਿੱਘਰ ਰਹੇ ਮਿਆਰ ਨੂੰ ਦੇਖ ਕੇ ਬਹੁਤ ਦੁੱਖ
ਹੁੰਦਾ ਹੈ। ਮਨ ਇਸ ਬਾਰੇ ਸੋਚਣ ਵਿੱਚ ਮਜਬੂਰ ਹੋ ਜਾਂਦਾ ਹੈ ਕਿ ਇਹ ਸਭ ਕੁੱਝ
ਕਿਉਂ ਹੋ ਰਿਹਾ ਹੈ ਅਤੇ ਇਸ ਨੂੰ ਰੋਕਣ ਦਾ ਕੀ ਉਪਰਾਲਾ ਹੋ ਸਕਦਾ ਹੈ। ਕਈ ਵਾਰੀ
ਤਾਂ ਇਹ ਵੀ ਸ਼ੱਕ ਹੋਣ ਲੱਗ ਜਾਂਦਾ ਹੈ ਕਿ ਇਹ ਸੱਭ ਕੁੱਝ ਕਿਤੇ ਕਿਸੇ ਡੂੰਘੀ
ਸਾਜਿਸ਼ ਅਧੀਨ ਤਾਂ ਨਹੀਂ ਕੀਤਾ ਜਾ ਰਿਹਾ?
ਹਾਲ ਹੀ ਵਿੱਚ ਪੰਜਾਬੀ ਡੌਟ ਕਮ ਵੈੱਬਸਾਈਟ (
http://www.5abi.com) ਉੱਤੇ
ਪਰਸ਼ੋਤਮ ਲਾਲ ਸਰੋਏ ਦੇ ਦੋ ਲੇਖ ਪੜ੍ਹਨ ਦਾ ਮੌਕਾ ਮਿਲਿਆ, ਜਿਨ੍ਹਾਂ ਨੁੰ ਪੜ੍ਹ ਕੇ
ਅਤਿਅੰਤ ਦੁਖ ਹੋਇਆ ਕਿ ਅਜਿਹੇ ਲੇਖਕ ਕਿਉਂ ਪੰਜਾਬੀ ਦੇ ਮਿਆਰ ਨੂੰ ਢਹਿੰਦੀ ਕਲਾ
ਵੱਲ ਲਿਜਾ ਰਹੇ ਹਨ। ਜੇਕਰ ਕਿਸੇ ਪਾਠਕ ਨੇ ਹਾਲੇ ਇਨ੍ਹਾਂ ਨੂੰ ਨਹੀਂ ਪੜ੍ਹਿਆ ਤਾਂ
ਕਿਰਪਾ ਕਰਕੇ ਜ਼ਰੂਰ ਪੜ੍ਹਨ ਦੀ ਕੋਸ਼ਿਸ਼ ਕਰਨੀ ਅਤੇ ਫੇਰ ਮੇਰੀਆਂ ਟਿੱਪਣੀਆਂ ਪੜ੍ਹ
ਕੇ ਅੰਦਾਜ਼ਾ ਲਗਾਉਣਾ ਕਿ ਕੀ ਮੇਰੇ ਵਿਚਾਰਾਂ ਨਾਲ ਤੁਸੀਂ ਸਹਿਮਤ ਹੋ ਜਾਂ ਨਹੀਂ।
ਪਰਸ਼ੋਤਮ ਲਾਲ ਦਾ ਪਹਿਲਾ ਲੇਖ
‘ਦਰਦ ਦੇਖ ਦੁੱਖ ਆਉਂਦਾ’ ਵਿੱਚ ਉਸ ਨੇ ਅਨੇਕਾਂ ਗਲਤੀਆਂ ਕੀਤੀਆਂ ਹਨ ਅਤੇ ਉਸ
ਨੇ ਕਦੀ ਵੀ ਡਿਕਸ਼ਨਰੀ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਨੇ ਨਿਰਬਾਹ ਨੂੰ
‘ਨਿਰਵਾਹ’, ਸ੍ਰਿਸ਼ਟੀ ਨੂੰ ‘ਸ਼੍ਰਿਸ਼ਟੀ’, ਸਕੂਨ ਨੂੰ ਸ਼ਕੁਨ, ਮੁਸੀਬਤ ਨੂੰ ਮੁਸ਼ੀਬਤ,
ਸਾਹਿਤਕਾਰ ਨੂੰ ਸਹਿਤਕਾਰ ਲਿਖਿਆ ਹੈ। ਇਸ ਤੋਂ ਇਲਾਵਾ ਕਈ ਥਾਵ੍ਹਾਂ ’ਤੇ ਬਿੰਦੀ
ਦੀ ਗਲਤ ਵਰਤੋਂ ਕੀਤੀ ਹੈ ਅਤੇ ਕਈ ਥਾਵਾਂ ’ਤੇ ਵਾਕ ਵੀ ਸਹੀ ਨਹੀਂ ਬਣਾਏ। ਲੇਖਕ
ਨੇ ਗੁਰਬਾਣੀ ਵਿੱਚੋਂ ਹਵਾਲੇ ਦੇਣ ਲੱਗਿਆਂ ਗੁਰਬਾਣੀ ਨੂੰ ਵੀ ਨਹੀਂ ਬਖਸ਼ਿਆ।
ਰਵਿਦਾਸ ਜੀ ਦੀ ਬਾਣੀ ਦੀਆਂ ਦੋ ਸਤਰਾਂ,
‘ਸੋ ਕਤ ਜਾਨੈ ਪੀਰ ਪਰਾਈ, ਜਾ ਕੈ ਅੰਤਰਿ ਦਰਦੁ ਨਾ ਪਾਈ’ ਨੂੰ ਉਸ ਨੇ ਤੋੜ
ਮਰੋੜ ਕੇ ਲਿਖਿਆ ਹੈ,
ਸੋ ਕਿਆ ਜਾਨੇ ਪੀਰ ਪਰਾਈ, ਜਾ ਕੈ ਅੰਤਰ ਦਰਦ ਨਾ ਕਾਈ’
ਇਸੇ ਤਰ੍ਹਾਂ ਅੱਗੇ ਜਾਕੇ ਗੁਰੂ ਨਾਨਕ ਜੀ ਦੀ ਬਾਣੀ ਦਾ ਹਵਾਲਾ ਇਸ ਤਰ੍ਹਾਂ ਦਿੱਤਾ
ਹੈ:
‘ਖੁਰਾਸ਼ਾਨ ਖੁਸ਼ਮਾਨਾ ਕੀਆ, ਹਿੰਦੋਸਤਾਨ ਡਰਾਇਆ।
ਆਪੇ ਦੋਸ਼ ਨਾ ਦੇਇ ਕਰਤਾ, ਜਮ ਕਰ ਮਗ਼ਲ ਚੜ੍ਹਾਇਆ।
ਏਤੀ ਮਾਰ ਪਈ ਕੁਰਲਾਣੈ, ਤੈਅ ਕੀ ਦਰਦ ਨਾ ਆਇਆ।’
ਜਦੋਂ ਕਿ ਸ੍ਰੀ ਗੁਰੁ ਗਰੰਥ ਸਾਹਿਬ ਵਿੱਚ ਦਰਜ ਇਹ ਸਤਰਾਂ ਇਸ ਤਰ੍ਹਾਂ ਹਨ:
ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨੁ ਡਰਾਇਆ।
ਆਪੈ ਦੋਸੁ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ।
ਏਤੀ ਮਾਰ ਪਈ ਕੁਰਲਾਣੈ, ਤੈਂ ਕੀ ਦਰਦੁ ਨਾ ਆਇਆ।’
ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਗੁਰਬਾਣੀ ਦੀ ਹਰ ਤੁਕ, ਲਗ ਅਤੇ ਮਾਤਰ ਦਾ
ਪੜ੍ਹਨ ਅਤੇ ਲਿਖਣ ਲੱਗਿਆਂ ਸੁਹਿਰਦ ਸੱਜਣ ਬਹੁਤ ਖਿਆਲ ਕਰਦੇ ਹਨ, ਕਿਉਂਕਿ ਇਸ
ਤਰ੍ਹਾਂ ਉਨ੍ਹਾਂ ਦੇ ਸਹੀ ਅਰਥਾਂ ਦਾ ਪਤਾ ਲੱਗਦਾ ਹੈ ਅਤੇ ਗੁਰਬਾਣੀ ਦੀ ਸਹੀ
ਵਿਆਖਿਆ ਸਮਝਣ ਵਿੱਚ ਮੱਦਦ ਮਿਲਦੀ ਹੈ। ਪਰ ਇਸ ਲੇਖਕ ਨੇ ਇਸ ਦੀ ਜ਼ਰੂਰਤ ਹੀ ਨਹੀਂ
ਸਮਝੀ।
ਪਰਸ਼ੋਤਮ ਲਾਲ ਦਾ ਦੂਸਰਾ ਲੇਖ ਹੈ, ‘ਆਈ
ਬਸੰਤ ਤੇ ਪਾਲਾ ਭਗੰਤ’। ਇਸ ਲੇਖ ਵਿੱਚ ਵੀ ਲੇਖਕ ਨੇ ਬਹੁਤ ਗੰਭੀਰ ਗਲਤੀਆਂ
ਕੀਤੀਆਂ ਹਨ ਜੋ ਮੇਰੇ ਖਿਆਲ ਮੁਤਾਬਕ ਇਸ ਤਰ੍ਹਾਂ ਹਨ:
ਅੱਜ ਤੱਕ ਅਸੀਂ ਇਸ ਮੁਹਾਵਰੇ ਨੂੰ ਇਸ ਤਰ੍ਹਾਂ ਸੁਣਦੇ ਆਏ ਹਾਂ ਕਿ ‘ਆਈ ਬਸੰਤ,
ਪਾਲਾ ਉਡੰਤ’, ਖ਼ੈਰ ਇਹ ਇੱਕ ਮਾਮੂਲੀ ਫ਼ਰਕ ਹੈ, ਜਿਸ ਨੂੰ ਅੱਖੋਂ ਪਰੋਖੇ ਵੀ ਕੀਤਾ
ਜਾ ਸਕਦਾ ਹੈ। ਪਰ ਅੱਗੇ ਜਾਕੇ ਪਰਸ਼ੋਤਮ ਲਾਲ ਨੇ ਲਿਖਿਆ ਹੈ ਕਿ ਸਾਲ ਵਿੱਚ ਚਾਰ
ਰੁੱਤਾਂ ਆਉਂਦੀਆਂ ਹਨ, ਪਤਝੜ, ਸਾਵਣ, ਬਸੰਤ ਅਤੇ ਬਹਾਰ। ਇਸ ਨੂੰ ਪੜ੍ਹ ਕੇ ਬੜੀ
ਹੈਰਾਨੀ ਹੋਈ ਹੈ ਕਿ ਅਸੀਂ ਸਭ ਹੁਣ ਤੱਕ ਚਾਰ ਰੁੱਤਾਂ ਦੇ ਨਾਂ ਇਸ ਤਰ੍ਹਾਂ ਸੁਣਦੇ
ਅਤੇ ਮਾਣਦੇ ਆਏ ਹਾਂ, ਪੱਤਝੜ, ਸਰਦੀ, ਬਸੰਤ ਅਤੇ ਗਰਮੀ। ਪਰ ਪਤਾ ਨਹੀਂ ਪਰਸ਼ੋਤਮ
ਲਾਲ ਜੀ ਨੇ ਕਿੱਥੋਂ ਇਹ ਨਵੀਆਂ ਰੁੱਤਾਂ ਘੜੀਆਂ ਹਨ ਜਿਹੜੀਆਂ ਮੇਰੀ ਸਮਝ ਤੋਂ
ਬਾਹਰ ਹਨ।
ਸਿਆਣਿਆਂ ਦਾ ਪਾਲਾ, ਤੇ ਬੱਚਿਆਂ ਦਾ ਸਾਲਾ ਨੂੰ ਇਹ ਲਿਖਦੇ ਹਨ, ‘ਸਿਆਣਿਆਂ ਦਾ
ਪਾਲਾ, ਤੇ ਬੱਚਿਆਂ ਦਾ ਸ਼ਾਲਾ’। ਇਸੇ ਤਰ੍ਹਾਂ ਇਨ੍ਹਾਂ ਨੇ ਰਿਸ਼ਤੇਦਾਰੀ ਨੂੰ
ਰਿਸਤਦਾਰੀ, ਸ੍ਰਸਵਤੀ ਨੂੰ ਸ਼੍ਰਸ਼ਵਤੀ, ਡਾਂਸ(ਨਾਚ) ਨੂੰ ਡਾਨਸ, ਜਵਾਨਾਂ ਨੂੰ
ਜ਼ਵਾਨਾ, ਜੋਕਸ(ਚੁਟਕਲੇ) ਨੂੰ ਜ਼ੋਕਸ, ਕਾਰਡ ਤਿਆਰ ਕਰਨ ਨੂੰ ਕਾਰਡ ਤਿਉਹਾਰ ਕਰਨ,
ਮੌਸਮੀ ਨੂੰ ਮੌਸ਼ਮੀ, ਵਿੱਦਿਆ ਨੂੰ ਵਿਦਿਆ, ਵਧੀਆ ਨੂੰ ਵਧੀਆਂ, ਆਦਰਸ਼ ਨੂੰ ਅਦਰਸ਼,
ਸਿਆਣੇ ਨੂੰ ਸ਼ਿਆਣੇ ਅਤੇ ਮੁਸੀਬਤ ਨੂੰ ਮੁਸ਼ੀਬਤ ਲਿਖਿਆ ਹੈ।
ਹੁਣ ਪਾਠਕ ਆਪੇ ਹੀ ਅੰਦਾਜ਼ਾ ਲਾ ਲੈਣ ਕਿ ਇੱਕ ਇੱਕ ਸਫ਼ੇ ਦੇ ਇਨ੍ਹਾਂ ਲੇਖਾਂ
ਵਿੱਚ ਲੇਖਕ ਨੇ ਅਨੇਕ ਗਲਤੀਆਂ ਕੀਤੀਆਂ ਹਨ, ਜਿਨ੍ਹਾਂ ਕਾਰਨ ਇਹ ਦੋਨੋਂ ਲੇਖ ਬਹੁਤ
ਹੀ ਹਾਸੋਹੀਣੇਂ ਦਿਖਾਈ ਦਿੰਦੇ ਹਨ। ਇਨ੍ਹਾਂ ਨੂੰ ਪੜ੍ਹ ਕੇ ਹਰ ਸੁਹਿਰਦ ਪਾਠਕ
ਮੇਰੇ ਵਾਂਗ ਅਤਿਅੰਤ ਦੁੱਖੀ ਹੋਇਆ ਹੋਵੇਗਾ ਕਿ ਸਾਡੇ ਲੇਖਕਾਂ ਅਤੇ ਮੀਡੀਆ ਦਾ
ਮਿਆਰ ਦਿਨ ਬਦਿਨ ਕਿਉਂ ਗਿਰਦਾ ਜਾ ਰਿਹਾ ਹੈ।
ਰਵਿੰਦਰ ਸਿੰਘ ਕੁੰਦਰਾ
ਬੀ ਬੀ ਸੀ ਏਸ਼ੀਅਨ ਨੈੱਟਵਰਕ ਰੇਡੀਓ ਪੇਸ਼ਕਾਰ
ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ
-ਗਿ. ਸੰਤੋਖ ਸਿੰਘ
ਜੱਜੇ ਦੇ ਪੈਰ ’ਚ ਬਿੰਦੀ -ਰਵਿੰਦਰ
ਸਿੰਘ ਕੁੰਦਰਾ |