ਮਨੁੱਖ ਕੁਦਰਤੀ ਸੋਮਿਆਂ ਨਾਲ ਬੇਪ੍ਰਵਾਹ ਹੋ ਕੇ ਖਿਲਵਾੜ ਕਰ ਰਿਹਾ ਹੈ।
ਜੇਕਰ ਕੁਦਰਤੀ ਸੋਮਿਆਂ ਦੀ ਏਸੇ ਤਰਾਂ ਲਾਪ੍ਰਵਾਹੀ ਨਾਲ ਵਰਤੋਂ ਹੁੰਦੀ ਰਹੀ ਤਾਂ
ਮਨੁਖ ਦਾ ਇਸ ਧਰਤੀ ਤੇ ਰਹਿਣਾ ਦੁਭਰ ਹੋ ਜਾਵੇਗਾ। ਮਨੁਖ ਨੂੰ ਇਸ ਸੰਸਾਰ ਤੇ
ਰਹਿਣ ਤੇ ਵਿਚਰਣ ਲਈ ਪਾਣੀ, ਹਵਾ, ਦਰਖਤ ਅਤੇ ਧਰਤੀ ਦੀ ਲੋੜ ਹੈ। ਇਹਨਾਂ ਚਾਰਾਂ
ਵਸਤਾਂ ਤੋਂ ਬਿਨਾਂ ਜੀਵਨ ਬਾਰੇ ਸੋਚਿਆ ਹੀ ਨਹੀਂ ਜਾ ਸਕਦਾ। ਇਹ ਨਿਆਮਤਾਂ
ਸਾਨੂੰ ਕੁਦਰਤ ਨੇ ਦਿਤੀਆਂ ਹਨ। ਇਹਨਾਂ ਨੂੰ ਅਸੀਂ ਹੋਰ ਕਿਤੋਂ ਪ੍ਰਾਪਤ ਨਹੀਂ
ਕਰ ਸਕਦੇ। ਅਜ ਇਨਸਾਨ ਲਾਲਚ ਵਸ ਜਾਂ ਅਵੇਸਲੇ ਹੀ ਇਹਨਾਂ ਕੁਦਰਤੀ ਸੋਮਿਆਂ ਨੂੰ
ਅਜਾਈਂ ਗੁਆਈ ਜਾ ਰਿਹਾ ਹੈ। ਅਸੀਂ ਆਪਣੇ ਧਾਰਮਕ ਗੁਰੂਆਂ ਦੇ ਪ੍ਰਵਚਨਾਂ ਦੀ ਵੀ
ਪ੍ਰਵਾਹ ਨਹੀਂ ਕਰਦੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਵਣੁ ਗੁਰੂ ਪਾਣੀ ਪਿਤਾ
ਮਾਤਾ ਧਰਤ ਦਾ ਪਵਿਤਰ ਸੰਦੇਸ਼ ਦਿਤਾ ਹੈ। ਪਾਣੀ ਨੂੰ ਪਿਤਾ ਦਾ ਦਰਜਾ ਦਿਤਾ ਹੈ।
ਪਿਤਾ ਨੇ ਆਪਣੇ ਪਰਿਵਾਰ ਅਰਥਾਤ ਲੋਕਾਈ ਦੀ ਰਾਖੀ ਕਰਨੀ ਹੁੰਦੀ ਹੈ, ਪਰਵਰਸ਼
ਕਰਨੀ ਹੁੰਦੀ ਹੈ ਤੇ ਫਿਰ ਪਰਿਵਾਰ ਤੇ ਲੋਕਾਈ ਦਾ ਵੀ ਫਰਜ ਬਣਦਾ ਹੈ ਕਿ ਉਹ
ਆਪਣੇ ਪਿਤਾ ਦਾ ਸਤਿਕਾਰ ਕਰੇ ਤੇ ਉਸਦੀ ਸੇਵਾ ਤੇ ਸੰਭਾਲ ਕਰੇ ਪ੍ਰੰਤੂ ਬੜੇ ਦੁਖ
ਦੀ ਗਲ ਹੈ ਕਿ ਮਨੁਖ ਜਿਸ ਤੋਂ ਬਿਨਾਂ ਉਸਦੀ ਹੋਂਦ ਹੀ ਸੰਭਵ ਨਹੀਂ ਉਸਦੀ ਥੋੜੀ
ਬਹੁਤੀ ਵੀ ਪ੍ਰਵਾਹ ਨਹੀਂ ਕਰਦਾ। ਉਸਨੂੰ ਅਜਾਂਈ ਵਹਿਣ ਦਿੰਦਾ ਹੈ।
ਜੇਕਰ ਇਹ ਸਿਲਸਿਲਾ ਏਸੇ ਤਰਾਂ ਜਾਰੀ ਰਿਹਾ ਤਾਂ ਜਿਵੇਂ ਕਿਸੇ ਸਾਇਰ ਨੇ
ਲਿਖਿਆ ਸੀ ਬੂੰਦ ਬੂੰਦ ਨੂੰ ਤਰਸਣਗੇ ਪੁਤ ਦਰਿਆਵਾਂ ਦੇ। ਅਸੀਂ ਪਾਣੀ ਪੀਣ ਲਈ
ਤਰਸਾਂਗੇ। ਇਸ ਕੀਮਤੀ ਖਜਾਨੇ ਨੂੰ ਬਚਾਉਣਾ ਚਾਹੀਦਾ ਹੈ। ਅਸੀਂ ਬਿਨਾਂ ਸੋਚੇ
ਸਮਝੇ ਪਾਣੀ ਦੀ ਲੋੜ ਤੋਂ ਵਧ ਵਰਤੋਂ ਕਰਦੇ ਜਾ ਰਹੇ ਹਾਂ। ਭਾਰਤ ਨੂੰ ਸੋਨੇ ਦੀ
ਚਿੜੀ ਕਿਹਾ ਜਾਂਦਾ ਸੀ ਕਿਉਂਕਿ ਇਥੋਂ ਦੀ ਧਰਤੀ ਜਰਖੇਜ ਸੀ। ਜਦੋਂ ਭਾਰਤ ਤੇ
ਅੰਨ ਦਾ ਸੰਕਟ ਆਇਆ ਤਾਂ ਪੰਜਾਬ ਨੇ ਮੋਹਰੀ ਹੋ ਇਸ ਸੰਕਟ ਚੋਂ ਭਾਰਤ ਨੂੰ
ਕੱਢਿਆ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਇੰਸਦਾਨਾਂ ਨੇ ਕਿਸਾਨਾਂ ਨੂੰ
ਕਣਕ ਅਤੇ ਝੋਨੇ ਦੇ ਫਸਲੀ ਚਕਰ ਵਿਚ ਪਾ ਕੇ ਨਵੀਆਂ ਕਿਸਮਾਂ ਦੇ ਬੀਜ ਦਿਤੇ।
ਪ੍ਰੰਤੂ ਸਾਇੰਸਦਾਨਾਂ ਨੇ ਇਹ ਨਹੀਂ ਸੋਚਿਆ ਕਿ ਝੋਨੇ ਦੀ ਕੋਈ ਅਜਿਹੀ ਕਿਸਮ
ਕੱਢੀ ਜਾਵੇ ਜਿਸਨੂੰ ਘਟ ਪਾਣੀ ਦੀ ਲੋੜ ਹੋਵੇ। ਪੰਜਾਬੀ ਕਿਸਾਨ ਨੇ ਭਾਰਤ ਦੀ
ਅਨਾਜ ਦੀ ਲੋੜ ਪੂਰੀ ਕਰਨ ਅਤੇ ਲਾਹੇਬੰਦ ਖੇਤੀ ਹੋਣ ਕਰਕੇ ਝੋਨੇ ਦੀ ਕਾਸ਼ਤ ਵੱਡੇ
ਪੱਧਰ ਤੇ ਕਰਨੀ ਸ਼ੁਰੂ ਕਰ ਦਿਤੀ। ਟਿਬਿਆਂ ਨੂੰ ਵੀ ਪੱਧਰਾ ਕਰਕੇ ਜੀਰੀ ਲਾਉਣੀ
ਸ਼ੁਰੂ ਕਰ ਦਿਤੀ ਜਿਸ ਨਾਲ ਧਰਤੀ ਹੇਠਲਾ ਪਾਣੀ ਖਤਮ ਹੋਣ ਦੇ ਕਿਨਾਰੇ ਆ ਖੜਾ
ਹੋਇਆ। ਹੁਣ ਕਿਸਾਨਾਂ ਨੂੰ ਲਾਹੇਬੰਦ ਫਸਲ ਦਾ ਬਦਲਵਾਂ ਰਾਹ ਵਿਗਿਆਨੀਆਂ ਨੂੰ
ਲਭਣਾ ਚਾਹੀਦਾ ਹੈ ਤਾਂ ਹੀ ਧਰਤੀ ਹੇਠਲਾ ਪਾਣੀ ਹੋਰ ਨੀਵਾਂ ਜਾਣ ਤੋਂ ਬਚ
ਸਕੇਗਾ। ਪਾਣੀ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਵਿਚ ਸਰਕਾਰਾਂ ਨੂੰ ਤਾਂ
ਪ੍ਰਬੰਧ ਕਰਨੇ ਹੀ ਚਾਹੀਦੇ ਹਨ ਪ੍ਰੰਤੂ ਸਵੈ ਇਛਤ ਸੰਸਥਾਵਾਂ, ਸਕੂਲਾਂ, ਕਾਲਜਾਂ
ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਵੀ ਸਾਰਥਕ ਰੋਲ ਪਲੇਅ ਕਰ ਸਕਦੇ ਹਨ। ਅਜਾਈਂ
ਟੂਟੀ ਖੁਲੀ ਨਾ ਛੱਡੀ ਜਾਵੇ, ਲੋੜ ਤੋਂ ਵਧ ਪਾਣੀ ਵਰਤਿਆ ਨਾ ਜਾਵੇ ਤਾਂ ਹੀ
ਅਸੀਂ ਇਸ ਸਮਸਿਆ ਤੇ ਕਾਬੂ ਪਾ ਸਕਦੇ ਹਾਂ। ਸਪਰਿੰਕਲ ਸਿਸਟਮ ਸਿੰਚਾਈ ਲਈ ਵਰਤਿਆ
ਜਾਵੇ। ਝੋਨਾ ਵੱਟਾਂ ਤੇ ਲਗਾਇਆ ਜਾਵੇ। ਸਕੂਲਾਂ, ਕਾਲਜਾਂ ਦੇ ਸਲੇਬਸਾਂ ਵਿਚ ਇਹ
ਸਬਜੈਕਟ ਸ਼ਾਮਲ ਕੀਤੇ ਜਾਣ। ਰਾਜਨੀਤਕ ਲੋਕਾਂ ਤੇ ਪਰਜਾ ਵਿਸ਼ਵਾਸ਼ ਨਹੀਂ ਕਰਦੀ।
ਸਿਆਸਤਦਾਨਾਂ ਨੂੰ ਰੋਲ ਮਾਡਲ ਬਣਨਾ ਚਾਹੀਦਾ ਹੈ। ਦੂਜਾ ਪਾਣੀ ਨੂੰ ਗੰਧਲਾ ਹੋਣ
ਤੋਂ ਬਚਾਉਣ ਦੇ ਵੀ ਉਪਰਾਲੇ ਕਰਨੇ ਚਾਹੀਦੇ ਹਨ। ਸਨਅਤੀ ਯੂਨਿਟਾਂ ਆਪਣੇ
ਟਰੀਟਮੈਂਟ ਪਲਾਟ ਲਾਉਣ। ਸਰਕਾਰ ਟਰੀਟਮੈਂਟ ਪਲਾਂਟ ਨਾਂ ਲਾਉਣ ਵਾਲੀਆਂ
ਫੈਕਟਰੀਆਂ ਦੇ ਲਾਈਸੈਂਸ ਰੱਦ ਕਰੇ। ਦਰਿਆਵਾਂ, ਨਾਲਿਆਂ ਆਦਿ ਵਿਚ ਸੀਵਰੇਜ ਜਾਂ
ਗੰਦਾ ਪਾਣੀ ਨਾ ਪਾਇਆ ਜਾਵੇ। ਹਰ ਪਿੰਡ, ਸ਼ਹਿਰ ਅਤੇ ਕਸਬੇ ਵਿਚ ਸੀਵਰੇਜ
ਡਿਸਪੋਜਲ ਦਾ ਟਰੀਟਮੈਂਟ ਕੀਤਾ ਜਾਵੇ ਜਾਂ ਉਹ ਪਾਣੀ ਫਸਲਾਂ ਲਈ ਵਰਤਿਆ ਜਾਵੇ।
ਅਗਲੀ ਗਲ ਹਵਾ ਦੀ ਸਫਾਈ ਦੀ ਆਉਂਦੀ ਹੈ। ਸਾਹ ਲੈਣ ਲਈ ਸਾਫ ਹਵਾ ਜਰੂਰੀ ਹੈ।
ਹਵਾ ਬਹੁਤ ਹੀ ਜਿਆਦਾ ਪ੍ਰਦੂਸ਼ਤ ਹੋ ਗਈ ਹੈ। ਅਨੇਕਾਂ ਕਿਸਮ ਦੀਆਂ ਗੈਸਾਂ ਹਵਾ
ਵਿਚ ਸ਼ਾਮਲ ਹੋ ਗਈਆਂ ਹਨ। ਮਨੁਖ ਆਪਣੇ ਜੀਵਨ ਨੂੰ ਆਰਾਮਦਾਇਕ ਬਨਾਉਣ ਲਈ ਏਅਰ
ਕੰਡੀਸ਼ਨਰਾਂ ਦੀ ਵਰਤੋਂ ਕਰ ਰਿਹਾ ਹੈ ਜਿਸ ਨਾਲ ਹਵਾ ਗੰਧਲੀ ਹੋ ਰਹੀ ਹੈ। ਇਹਨਾਂ
ਦੀ ਘੱਟ ਵਰਤੋਂ ਕੀਤੀ ਜਾਵੇ। ਗਡੀਆਂ, ਕਾਰਾਂ, ਸਕੂਟਰਾਂ ਦੀ ਵਰਤੋਂ ਵੀ ਘਟ ਤੋਂ
ਘਟ ਕੀਤੀ ਜਾਵੇ। ਇਹਨਾਂ ਗਡੀਆਂ ਦਾ ਪਾਲੂਸ਼ਨ ਟੈਸਟ ਸਖਤੀ ਨਾਲ ਕੀਤਾ ਜਾਵੇ। ਚੀਨ
ਦੀ ਤਰਾਂ ਆਵਾਜਾਈ ਸਾਧਨਾਂ ਦੀ ਅੰਨੇਵਾਹ ਵਰਤੋਂ ਰੋਕਣ ਲਈ ਕਿਸੇ ਕੱਲੇ ਵਿਅਕਤੀ
ਨੂੰ ਕਾਰ ਤੇ ਜਾਣ ਦੀ ਇਜਾਜਤ ਨਾ ਹੋਵੇ, ਜੇਕਰ ਪੂਰੇ ਪਰਿਵਾਰ ਨੇ ਜਾਣਾ ਹੋਵੇ
ਤਾਂ ਹੀ ਉਹ ਕਾਰ ਵਰਤ ਸਕਣ। ਲੋਕਲ ਆਵਾਜਾਈ ਸਿਸਟਮ ਸੁੱਚਜਾ ਬਣਾਇਆ ਜਾਵੇ ਅਤੇ
ਬੱਸਾਂ ਆਦਿ ਦਾ ਸੁੱਚਜਾ ਪ੍ਰਬੰਧ ਹੋਣਾ ਚਾਹੀਦਾ ਹੈ। ਹਵਾਂ ਨੂੰ ਪ੍ਰਦੂਸ਼ਣ ਤੋਂ
ਰਹਿਤ ਬਣਾਉਣ ਲਈ ਵਧ ਤੋਂ ਵਧ ਦਰਖਤ ਲਗਾਏ ਜਾਣ। ਇਹ ਦਰਖਤ ਅਕਾਸੀਜਨ ਦੇਣਗੇ ਤਾਂ
ਹੀ ਵਾਤਾਵਰਨ ਸਾਫ ਹੋਵੇਗਾ। ਜਿਹੜੀਆ ਫੈਕਟਰੀਆ ਧੂੰਆਂ ਛੱਡ ਕੇ ਵਾਤਾਵਰਣ ਨੂੰ
ਗੰਧਲਾ ਕਰ ਰਹੀਆਂ ਹਨ ਉਹਨਾਂ ਨੂੰ ਇਸ ਪਾਸਿਓ ਰੋਕਿਆ ਜਾਵੇ। ਜੇ ਹੋ ਸਕੇ ਤਾਂ
ਉਹਨਾਂ ਦੇ ਬਿਜਲੀ ਦੇ ਕੁਨੈਕਸ਼ਨ ਹੀ ਕੱਟ ਦਿਤੇ ਜਾਣ। ਜੇਕਰ ਉਹ ਟਰੀਟਮੈਂਟ
ਪਲਾਂਟ ਨਾ ਲਗਾਉਣ। ਪ੍ਰਬੰਧਕੀ ਅਮਲੇ ਨੂੰ ਦਿਆਨਤਦਾਰੀ ਤੋਂ ਕੰਮ ਲੈ ਕੇ ਆਉਣ
ਵਾਲੀ ਨਸਲ ਦੇ ਭਵਿਖ ਨੂੰ ਬਚਾਇਆ ਜਾ ਸਕਦਾ ਹੈ। ਵਿਦਿਆਰਥੀਆਂ ਅਤੇ ਮਾਪਿਆਂ ਨੂੰ
ਬੱਚਿਆਂ ਦੇ ਜਨਮ ਦਿਨਾਂ ਤੇ ਪੌਦਿਆਂ ਦੇ ਗਿਫਟ ਦੇਣੇ ਚਾਹੀਦੇ ਹਨ। ਇਹਨਾਂ
ਪੌਦਿਆਂ ਨੂੰ ਪਾਲਣਾ ਜਰੂਰੀ ਹੋਵੇ। ਪੌਦੇ ਲਗਾਉਣ ਦੀਆਂ ਮੁਹਿੰਮਾ ਚਲਾਈਆਂ ਜਾਣ
ਅਤੇ ਉਹਨਾਂ ਦਾ ਸਰਵਾਈਵਲ ਰੇਟ ਨਿਸ਼ਚਤ ਕੀਤਾ ਜਾਵੇ। ਸਭ ਤੋਂ ਵੱਡੀ ਗਲ ਤਾਂ ਇਹ
ਹੈ ਕਿ ਹੋਰਾਂ ਨੂੰ ਨਸੀਹਤ ਦੇਣ ਤੋਂ ਪਹਿਲਾਂ ਖੁਦ ਅਮਲ ਕੀਤਾ ਜਾਵੇ ਤਾਂ ਹੀ
ਲੋਕ ਤੁਹਾਡੀ ਗਲ ਤੇ ਵਿਸ਼ਵਾਸ਼ ਕਰਨਗੇ।
ਚੌਥੀ
ਮਹੱਤਵਪੂਰਨ ਧਰਤੀ ਹੈ। ਇਸ ਧਰਤੀ ਨੂੰ ਸਾਂਭ ਕੇ ਰਖਣਾ ਸਾਡਾ ਸਾਰਿਆਂ ਦਾ ਫਰਜ
ਹੈ। ਅਸੀ ਧਰਤੀ ਤੋਂ ਜਿਅਦਾ ਉਪਜ ਲੈਣ ਲਈ ਇਸ ਵਿਚ ਤਰਾਂ ਤਰਾਂ ਦੀਆਂ ਖਾਦਾਂ ਪਾ
ਕੇ ਧਰਤੀ ਦਾ ਸੰਤੁਲਨ ਖਰਾਬ ਕਰ ਰਹੇ ਹਾਂ। ਮਨੁਖੀ ਮਿਤਰ ਜੀਅ ਜੰਤੂਆਂ ਨੂੰ ਮਾਰ
ਰਹੇ ਹਾਂ। ਕੁਦਰਤ ਦੇ ਅਸੂਲਾਂ ਦੇ ਉਲਟ ਜਾ ਰਹੇ ਹਾਂ। ਸਾਡਾ ਅਸਤਿਤਵ ਤਾਂ ਹੀ
ਰਹੇਗਾ ਜੇਕਰ ਅਸੀਂ ਕੁਦਰਤੀ ਸੋਮਿਆਂ ਦੀ ਰੱਖਿਆ ਕਰਾਂਗੇ। ਅਸੀਂ ਆਪਣੇ ਪੈਰੀਂ
ਆਪ ਹੀ ਕੁਹਾੜਾ ਮਾਰ ਰਹੇ ਹਾਂ। ਹੱਥਾਂ ਨਾਲ ਦਿਤੀਆ ਗੰਢਾਂ ਦੰਦਾਂ ਨਾਲ
ਖੋਹਲਣੀਆਂ ਪੈਣਗੀਆਂ। ਆਪਣਾ ਭਵਿਖ ਖੁਦ ਹੀ ਧੁੰਦਲਾ ਕਰ ਰਹੇ ਹਾਂ। ਫਸਲਾਂ ਵਿਚ
ਅੰਗ੍ਰਰੇਜੀ ਖਾਦਾਂ ਪਾਉਣ ਦੀ ਬਜਾਏ ਦੇਸੀ ਖਾਦਾਂ ਪਾਉਣੀਆਂ ਚਾਹੀਦੀਆਂ ਹਨ।
ਜੇਕਰ ਅਸੀਂ ਪਾਣੀ ਦੀ ਵਰਤੋਂ ਕਰਨ ਲਗੇ ਬੂੰਦ ਬੂੰਦ ਨਾ ਵਰਤੀ ਤਾਂ ਫਿਰ ਮਨੁਖਤਾ
ਜਰੂਰ ਬੂੰਦ ਬੂੰਦ ਨੂੰ ਤਰਸੇਗੀ। ਗਲਾਂ ਬਹੁਤ ਨਿੱਕੀਆਂ ਨਿੱਕੀਆਂ ਹਨ ਪ੍ਰੰਤੂ
ਇਹ ਬਹੁਤ ਹੀ ਅਰਥ ਭਰਪੂਰ ਹਨ। ਜੇਕਰ ਅਸੀਂ ਅਜ ਨਾ ਸਮਝੇ ਤਾਂ ਅਸੀਂ ਆਪਣਾ ਭਵਿਖ
ਤੇ ਆਪਣੀ ਔਲਾਦ ਦਾ ਭਵਿਖ ਧੁੰਧਲਾ ਕਰ ਰਹੇ ਹਾਂ। ਜੇਕਰ ਸਾਹ ਲੈਣ ਸਮੇਂ ਅਸੀਂ
ਗੰਧਲੀ ਹਵਾ ਨਾਲ ਸਾਹ ਲਵਾਂਗੇ ਤਾਂ ਗੰਧਲਾ ਪਾਣੀ ਪੀਵਾਂਗੇ ਤੇ ਕੀਟਨਾਸ਼ਕ
ਦਵਾਈਆਂ ਨਾਲ ਬਣੀਆਂ ਸਬਜੀਆਂ ਅਤੇ ਅਨਾਜ ਦੀ ਵਰਤੋਂ ਕਰਾਂਗੇ ਤਾਂ ਸਾਡਾ ਜੀਵਨ
ਬਹੁਤ ਛੋਟਾ ਹੋਵੇਗਾ ਤੇ ਅਨੇਕਾਂ ਬਿਮਾਰੀਆਂ ਨੂੰ ਸੱਦਾ ਦੇਵਾਂਗੇ ਤੇ ਇਲਾਜ ਤੇ
ਖਰਚ ਕਰਕੇ ਆਪਣੀ ਆਰਥਕਤਾ ਡਾਵਾਂ ਡੋਲ ਕਰ ਲਵਾਂਗੇ। ਜਦੋਂ ਚਿੜੀਆਂ ਨੇ ਖੇਤ ਹੀ
ਚੁਗ ਲਿਆ ਫਿਰ ਸਾਡੇ ਪਛਤਾਉਣ ਦਾ ਕੋਈ ਲਾਭ ਨਹੀਂ ਹੋਵੇਗਾ।
ਕੁਦਰਤੀ ਸੋਮਿਆਂ ਨੂੰ ਬਰਕਰਾਰ ਰੱਖਣ ਲਈ ਰਾਜਨੀਤਕ ਪਾਰਟੀਆਂ ਨੂੰ ਇਕ ਮੁਠ
ਹੋ ਕੇ ਆਪ ਰੋਲ ਮਾਡਲ ਬਣਕੇ ਲੋਕਾਂ ਨੂੰ ਪ੍ਰਰੇਤ ਕਰਨਾ ਚਾਹੀਦਾ ਹੈ। ਰਾਜਨੀਤੀ
ਦੇ ਨਾਲ ਨਾਲ ਇਹਨਾਂ ਸੋਮਿਆਂ ਦੀ ਸੰਭਾਲ ਲਈ ਜਾਗਰੂਕਤਾ ਲਹਿਰ ਪੈਦਾ ਕਰਨੀ
ਚਾਹੀਦੀ ਹੈ। ਕੁਝ ਕੁ ਸਿਆਸੀ ਲੀਡਰਾਂ ਨੇ ਇਸ ਪਾਸੇ ਕਦਮ ਚੁਕੇ ਹਨ ਉਹਨਾਂ ਵਿਚ
ਸ੍ਰੀ ਅਵਿਨਾਸ਼ ਰਾਏ ਖੰਨਾ ਰਾਜ ਸਭਾ ਮੈਂਬਰ, ਸ੍ਰੀ ਰਵਨੀਤ ਸਿੰਘ ਬਿਟੂ ਐਮ.ਪੀ
ਅਤੇ ਸ੍ਰੀ ਮਨਪ੍ਰੀਤ ਸਿੰਘ ਬਾਦਲ ਮੁੱਖ ਤੌਰ ਤੇ ਸ਼ਾਮਲ ਹਨ। ਬਾਕੀ ਲੀਡਰਾਂ ਨੂੰ
ਸਮਾਜਕ ਸੰਸਥਾਵਾਂ ਦਾ ਸਹਿਯੋਗ ਲੈ ਕੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਦੇ
ਵਿਦਿਆਰਥੀਆਂ ਰਾਹੀਂ ਲੋਕ ਰਾਏ ਪੈਦਾ ਕਰਨੀ ਚਾਹੀਦੀ ਹੈ ਕਿਉਂਕਿ ਨੌਜਵਾਨਾਂ ਵਿਚ
ਅਥਾਹ ਸ਼ਕਤੀ ਹੁੰਦੀ ਹੈ ਤੇ ਉਹਨਾਂ ਦੇ ਮਾਪੇ ਉਹਨਾਂ ਦੀ ਰਾਏ ਨੇ ਵੀ ਅਮਲ ਕਰਦੇ
ਹਨ।
94178-13072
ਸਾਬਕਾ ਜਿਲਾ ਲੋਕ ਸੰਪਰਕ ਅਫਸਰ
#3078, ਫੇਜ-2 ਅਰਬਨ ਅਸਟੈਟ, ਪਟਿਆਲਾ