ਅਮਰੀਕਾ ਦੇ ਤਾਜ਼ਾ 'ਜਿਓਲੋਜੀਕਲ' ਸਰਵੇਖਣ ਅਨੁਸਾਰ ਧਰਤੀ ਉੱਪਰਲੇ ਤੇ ਸਮੁੰਦਰ
ਹੇਠਲੇ ਜਵਾਲਾਮੁਖੀ ਦੁਨੀਆ ਭਰ ਵਿਚ ਹਰ ਸਾਲ 200 ਮਿਲੀਅਨ ਟਨ ਕਾਰਬਨ ਡਾਇਓਕਸਾਈਡ
ਕੱਢਦੇ ਹਨ। ਇਨਸਾਨਾਂ ਵੱਲੋਂ ਬਣਾਏ ਆਵਾਜਾਈ ਦੇ ਸਾਧਨ ਤੇ ਫੈਕਟਰੀਆਂ ਰਾਹੀਂ 24
ਬਿਲੀਅਨ ਟਨ ਕਾਰਬਨ ਡਾਇਓਕਸਾਈਡ ਹਰ ਸਾਲ ਪੂਰੀ ਦੁਨੀਆ ਵਿਚ ਪੈਦਾ ਹੋ ਰਹੀ ਹੈ।
'ਇਆਨ ਪਲਾਈਮਰ' ਦਾ ਮੰਨਣਾ ਸੀ ਕਿ ਪਿਛਲੇ 250 ਸਾਲਾਂ ਵਿਚ ਇਨਸਾਨਾਂ ਨੇ
ਜਵਾਲਾਮੁਖੀਆਂ ਵਿੱਚੋਂ ਨਿਕਲੇ 10,000 ਕਣਾਂ ਵਿੱਚੋਂ ਸਿਰਫ਼ ਇਕ ਫੀਸਦੀ ਤੋਂ ਘੱਟ
ਹਿੱਸਾ ਹਵਾ ਪ੍ਰਦੂਸ਼ਿਤ ਕਰਨ ਵਿਚ ਪਾਇਆ ਹੈ। ਜਿੰਨੀ ਤੁਅਮਤ ਇਨਸਾਨਾਂ ਉੱਤੇ ਲਾਈ ਜਾ
ਰਹੀ ਹੈ, ਏਨਾ ਕੁ ਗੰਧਲਾ ਵਾਤਾਵਰਣ ਤਾਂ ਇਕ ਵਾਰ ਦੇ ਜਵਾਲਾਮੁਖੀ ਫਟਣ ਨਾਲ ਹੋ
ਜਾਂਦਾ ਹੈ।
ਕੁੱਝ ਤਾਜ਼ਾ ਖੋਜਾਂ ਅਨੁਸਾਰ ਇਨਸਾਨਾਂ ਵੱਲੋਂ ਘੋਲਿਆ ਜਾ ਰਿਹਾ ਜ਼ਹਿਰ ਜਵਾਲਾਮੁਖੀ
ਤੋਂ ਵੀ ਕਿਤੇ ਵੱਧ ਚੁੱਕਿਆ ਹੈ। ਦੁਨੀਆ ਭਰ ਵਿਚਲੇ ‘ਸੈਂਪਲਿੰਗ ਸਟੇਸ਼ਨਾਂ’ ਰਾਹੀਂ
ਇਕੱਤਰ ਕੀਤੀ ਹਵਾ ਵਿਚਲੀ ਕਾਰਬਨ ਡਾਇਓਕਸਾਈਡ ਦੀ ਮਾਤਰਾ ਹਰ ਸਾਲ ਵਧਦੀ ਜਾ ਰਹੀ ਹੈ।
ਜਵਾਲਾਮੁਖੀਆਂ ਵਿੱਚੋਂ ਨਿਕਲੀ ਕਾਰਬਨ ਡਾਇਓਕਸਾਈਡ ਵਿਚਲੀ ਮਾਤਰਾ ਦਾ ਗਰਾਫ਼
ਬਣਾਇਆ ਜਾਵੇ ਤਾਂ ਉਹ ਪਹਿਲਾਂ ਵਾਲੀ ਪੱਧਰ ਉੱਤੇ ਹੀ ਖੜਾ ਹੈ ਜਦਕਿ ਇਨਸਾਨਾਂ ਵੱਲੋਂ
ਬਣਾਏ ਹਵਾਈ ਜਹਾਜ਼, ਕਾਰਾਂ, ਬਸਾਂ, ਮੋਟਰਸਾਈਕਲਾਂ, ਟਰੱਕਾਂ ਆਦਿ ਅਤੇ ਫੈਕਟਰੀਆਂ
ਰਾਹੀਂ ਕੱਢਿਆ ਜਾ ਰਿਹਾ ਕਾਰਬਨ ਡਾਇਓਕਸਾਈਡ ਉਸ ਗਰਾਫ਼ ਵਿਚ ਕਾਫੀ ਉਤਾਂਹ ਜਾ ਚੁੱਕਿਆ
ਹੈ।
1991 ਵਿਚਲੇ ਫਟੇ ਜਵਾਲਾਮੁਖੀ ਰਾਹੀਂ ਵਾਤਾਵਰਣ ਵਿਚ ਘੁਲੀ ਸਲਫਰ ਡਾਇਓਕਸਾਈਡ ਦੀ
ਮਾਤਰਾ 250 ਮੈਗਾ ਟਨ ਇੱਕੋ ਦਿਨ ਵਿਚ ਪਹੁੰਚ ਗਈ ਸੀ।
ਸਲਫਰ ਡਾਇਓਕਸਾਈਡ ਤੋਂ ਇਲਾਵਾ ਕਾਰਬਨ ਡਾਇਓਕਸਾਈਡ, ਹਾਈਡਰੋਜਨ ਸਲਫਾਈਡ ਤੇ
ਹਾਈਡਰੋਜਨ ਹੈਲਾਈਡ ਨਿਕਲਦੇ ਹਨ ਜੋ ਇਨਸਾਨਾਂ, ਜਾਨਵਰਾਂ ਤੇ ਬੂਟਿਆਂ ਲਈ ਹਾਨੀਕਾਰਕ
ਹਨ।
ਧਰਤੀ ਦੇ ਦੁਆਲੇ 0.04 ਫੀਸਦੀ ਕਾਰਬਨ ਡਾਇਓਕਸਾਈਡ ਘੁੰਮਦੀ ਹੈ। ਹਰ ਸਾਲ
ਜਵਾਲਾਮੁਖੀ ਲਗਭਗ 180 ਤੋਂ 440 ਮਿਲੀਅਨ ਟਨ ਕਾਰਬਨ ਡਾਇਓਕਸਾਈਡ ਕੱਢਦੇ ਹਨ। ਇਹ
ਗੈਸ ਬਾਹਰ ਨਿਕਲਦੇ ਸਾਰ ਇਕਦਮ ਹਵਾ ਵਿਚ ਘੁਲ ਕੇ ਘੱਟ ਮਾਤਰਾ ਵਿਚ ਇਕ ਥਾਂ ਰਹਿ
ਜਾਂਦੀ ਹੈ ਜਿਸ ਸਦਕਾ ਇਕਦਮ ਕੋਈ ਖ਼ਤਰਾ ਨਹੀਂ ਹੁੰਦਾ। ਪਰ, ਜੇ ਨੀਵੇਂ ਇਲਾਕੇ ਵਿਚ
ਠੰਡ ਕਾਰਨ ਇਕ ਥਾਂ ਇਕੱਠੀ ਹੋਣ ਲੱਗ ਪਵੇ ਅਤੇ ਤਿੰਨ ਫੀਸਦੀ ਤਕ ਪਹੁੰਚ ਜਾਵੇ ਤਾਂ
ਖ਼ਤਰਨਾਕ ਸਾਬਤ ਹੋ ਜਾਂਦੀ ਹੈ। ਜੇ 15 ਫੀਸਦੀ ਝਟਪਟ ਪਹੁੰਚ ਜਾਵੇ ਤਾਂ ਮੌਤ ਹੋ
ਜਾਂਦੀ ਹੈ।
ਅਜਿਹੇ ਨੀਵੇਂ ਇਲਾਕੇ ਵਿਚ ਧਰਿਆ ਇਕ ਪੈਰ ਵੀ ਮੌਤ ਦਾ ਕਾਰਨ ਬਣ ਸਕਦਾ ਹੈ। ਸੰਨ
2006 ਵਿਚ ਅਲਾਸਕਾ ਵਿਚ ਬਰਫ਼ ਵਿਚਲੀ ਅਜਿਹੀ ਡੂੰਘੀ ਥਾਂ ਜੋ ਔਗਸਟੀਨ ਜਵਾਲਾਮੁਖੀ
ਤੋਂ ਕੁੱਝ ਦੂਰ ਸੀ, ਵਿਚ ਸਕੀਂਗ ਕਰਦੇ ਬੰਦੇ ਠੰਡੀ ਕਾਰਬਨ ਡਾਇਓਕਸਾਈਡ ਇਕੱਠੀ ਹੋਈ
ਹੋਣ ਕਰਕੇ ਉੱਥੋਂ ਲੰਘਦੇ ਮਰ ਗਏ ਸਨ।
ਜੇ ਭਲਾ ਇਹ ਪਤਾ ਲੱਗੇ ਕਿ ਹੁਣ ਇਨਸਾਨ ਫੈਕਟਰੀਆਂ ਤੇ ਆਵਾਜਾਈ ਸਾਧਨਾਂ ਨਾਲ
ਜਵਾਲਾਮੁਖੀ ਵਿੱਚੋਂ ਨਿਕਲਦੇ ਕਾਰਬਨ ਡਾਇਓਕਸਾਈਡ ਨਾਲੋਂ ਵੱਧ ਬਣਾਉਣ ਲੱਗ ਪਿਆ ਹੈ,
ਤਾਂ ਕੀ ਕਹੀਏ?
ਜੇ ਸਲਫਰ ਡਾਇਓਕਸਾਈਡ ਦੀ ਗੱਲ ਕਰੀਏ ਤਾਂ ਜਵਾਲਾਮੁਖੀ ਫਟਣ ਨਾਲ 10 ਕਿਲੋਮੀਟਰ
ਉਤਾਂਹ ਤਕ ਇਹ ਗੈਸ ਫੈਲ ਜਾਂਦੀ ਹੈ ਤੇ ਇਨਸਾਨਾਂ ਤੇ ਜਾਨਵਰਾਂ ਉੱਤੇ ਕਹਿਰ ਢਾਅ
ਦਿੰਦੀ ਹੈ। ਇਸ ਨਾਲ ਸੂਰਜ ਦੀ ਰੌਸ਼ਨੀ ਧਰਤੀ ਤਕ ਪੂਰੀ ਨਹੀਂ ਪਹੁੰਚਦੀ ਤੇ ਧਰਤੀ
ਉੱਤੇ ਠੰਡ ਪਸਰ ਜਾਂਦੀ ਹੈ। ਇਸ ਨਾਲ ਓਜ਼ੋਨ ਦਾ ਵੀ ਨੁਕਸਾਨ ਹੁੰਦਾ ਹੈ।
ਹਾਈਡਰੋਜਨ ਸਲਫਾਈਡ (ਜੋ ਸੀਵਰੇਜ ਵਿੱਚੋਂ ਨਿਕਲਦੀ ਹੈ), ਹਵਾ ਵਿਚ 0.01 ਫੀਸਦੀ
ਹੋਵੇ ਤਾਂ ਸਾਡੀ ਸੁੰਘਣ ਸ਼ਕਤੀ ਇਸ ਨੂੰ ਲੱਭ ਨਹੀਂ ਸਕਦੀ ਪਰ ਇਹ ਸਾਹ ਦੀ ਨਾਲੀ ਅੰਦਰ
ਨੁਕਸਾਨ ਕਰਨ ਲੱਗ ਪੈਂਦੀ ਹੈ ਤੇ ਲੰਮੇ ਸਮੇਂ ਇਸਦੇ ਅਸਰ ਹੇਠ ਫੇਫੜਿਆਂ ਵਿਚ ਪਾਣੀ
ਭਰ ਜਾਂਦਾ ਹੈ।
ਜੇ ਇਹ ਮਾਤਰਾ 500 ਹਿੱਸੇ ਪ੍ਰਤੀ ਮਿਲੀਅਨ ਹੋ ਜਾਵੇ ਤਾਂ ਇਕਦਮ ਬੇਹੋਸ਼ੀ ਤੇ
ਅੱਧੇ ਘੰਟੇ ਵਿਚ ਮੌਤ ਤਕ ਹੋ ਜਾਂਦੀ ਹੈ।
ਜਦੋਂ ਜਵਾਲਾਮੁਖੀ ਵਿਚਲੇ ਅੰਸ਼ ਧਰਤੀ ਨਾਲ ਚਿਪਕ ਜਾਣ ਤਾਂ ਉਸ ਵਿੱਚੋਂ
ਹੈਲੋਜਨ-ਫਲੋਰੀਨ, ਕਲੋਰੀਨ ਤੇ ਬਰੋਮੀਨ ਨਿਕਲਦੇ ਹਨ ਜਿਨਾਂ ਨੂੰ ਹਾਈਡਰੋਜਨ ਹੈਲਾਈਡ
ਕਹਿੰਦੇ ਹਨ। ਇਹ ਤੇਜ਼ਾਬੀ ਬਾਰਿਸ਼ ਕਰਨ ਦੇ ਸਮਰਥ ਹੁੰਦੇ ਹਨ। ਜਵਾਲਾਮੁਖੀ ਵਿਚਲੀ ਰਾਖ
ਵੀ ਪੀਣ ਵਾਲਾ ਪਾਣੀ, ਖੇਤ ਤੇ ਵਨਸਪਤੀ ਉੱਤੇ ਮਾਰੂ ਅਸਰ ਪਾਉਂਦੀ ਹੈ।
ਲਗਭਗ 500 ਜਵਾਲਾਮੁਖੀ ਇਸ ਵੇਲੇ ਵੱਖੋ-ਵੱਖਰੇ ਸਮੇਂ ਫਟ ਕੇ ਅੱਧੇ ਬਿਲੀਅਨ
ਲੋਕਾਂ ਨੂੰ ਦੁਨੀਆ ਭਰ ਵਿਚ ਬੀਮਾਰ ਕਰ ਰਹੇ ਹਨ। ਹਰ ਸਾਲ 10 ਤੋਂ 40 ਜਵਾਲਾਮੁਖੀ
ਫਟਦੇ ਹਨ।
ਕਾਰਬਨ ਡਾਇਓਕਸਾਈਡ ਤੇ ਸਲਫਰ ਡਾਇਓਕਸਾਈਡ ਤੋਂ ਇਲਾਵਾ ਕਾਰਬਨ ਮੋਨੋਆਕਸਾਈਡ,
ਹਾਈਡਰੋਜਨ ਸਲਫਾਈਡ, ਕਾਰਬਨ ਸਲਫਾਈਡ, ਕਾਰਬਨ ਡਾਈਸਲਫਾਈਡ, ਹਾਈਡਰੋਜਨ ਕਲੋਰਾਈਡ,
ਹਾਈਡਰੋਜਨ, ਮੀਥੇਨ, ਹਾਈਡਰੋਜਨ ਫਲੋਰਾਈਡ, ਹਾਈਡਰੋਜਨ ਬਰੋਮਾਈਡ, ਪਾਰਾ, ਲੈੱਡ,
ਸੋਨਾ ਆਦਿ ਲਾਵੇ ਵਿੱਚੋਂ ਨਿਕਲਦੇ ਹਨ। ਜਿਹੜੀ ਲਾਵੇ ਵਿਚਲੀ ਸੁਆਹ ਨਿਕਲਦੀ ਹੈ, ਉਹ
ਕਾਫੀ ਖ਼ਤਰਨਾਕ ਸਾਬਤ ਹੋ ਚੁੱਕੀ ਹੈ ਤੇ ਸਾਹ ਦੀ ਨਾਲੀ, ਫੇਫੜੇ, ਅੱਖਾਂ ਤੇ ਚਮੜੀ
ਉੱਤੇ ਅਸਰ ਵਿਖਾਉਂਦੀ ਹੈ।
ਨੇੜੇ ਰਹਿੰਦੇ ਲੋਕਾਂ ਦੇ ਦਿਮਾਗ਼ ਉੱਤੇ ਇਸ ਦਾ ਕਾਫੀ ਡੂੰਘਾ ਅਸਰ ਵੇਖਿਆ ਗਿਆ ਹੈ
ਜੋ ਢਹਿੰਦੀ ਕਲਾ ਵਿਚ ਵੀ ਚਲੇ ਜਾਂਦੇ ਹਨ ਤੇ ਮਨੋਰੋਗੀ ਵੀ ਬਣ ਜਾਂਦੇ ਹਨ।
ਮਿਆਕੇ ਵਿਖੇ ਕੁੱਝ ਮਹੀਨੇ ਪਹਿਲਾਂ ਫਟੇ ਜਵਾਲਾਮੁਖੀ ਨੂੰ ਵੇਖਣ ਗਏ 611
ਸਿਹਤਮੰਦ ਸੈਲਾਨੀਆਂ ਉੱਤੇ ਕੀਤੀ ਖੋਜ ਰਾਹੀਂ ਪਤਾ ਲੱਗਿਆ ਕਿ ਖੰਘ, ਗਲਾ ਖ਼ਰਾਬ, ਸਾਹ
ਚੜਨ, ਅੱਖਾਂ, ਚਮੜੀ ਦੇ ਰੋਗਾਂ ਦੇ ਲੱਛਣ ਦਿਸਣ ਉੱਤੇ ਟੈਸਟ ਕਰਨ ਬਾਅਦ ਪਤਾ ਲੱਗਿਆ
ਕਿ ਉਨਾਂ ਦੇ ਸਰੀਰਾਂ ਅੰਦਰ ਸਲਫਰ ਡਾਇਓਕਸਾਈਡ ਵੱਧ ਲੰਘ ਚੁੱਕੀ ਸੀ। ਹਵਾ ਵਿਚ ਸਲਫਰ
ਡਾਇਓਕਸਾਈਡ ਦੀ ਮਾਤਰਾ ਕਾਫੀ ਘੱਟ ਚੁੱਕੀ ਸੀ ਪਰ 0.6 ਹਿੱਸੇ ਪ੍ਰਤੀ ਮਿਲੀਅਨ ਨਾਲ
ਵੀ ਖੰਘ ਸ਼ੁਰੂ ਹੋ ਗਈ ਸੀ।
ਇਕ ਵੱਖ ਗੱਲ ਸਾਹਮਣੇ ਆਈ ਕਿ ਜਿਹੜੇ ਜਣੇ ਸਿਗਰਟ ਪੀ ਰਹੇ ਸਨ, ਉਨਾਂ ਵਿਚ ਖੰਘ
ਦੇ ਲੱਛਣ ਨਹੀਂ ਦਿਸੇ। ਪੂਰੇ ਟੈਸਟਾਂ ਬਾਅਦ ਗੱਲ ਸਾਫ਼ ਹੋਈ ਕਿ ਸਿਗਰਟ ਦੇ ਧੂੰਏ ਨੇ
ਉਨਾਂ ਦੇ ਖੰਘ ਵਾਲੇ ਰਿਸੈਪਟਾਰ ਹੀ ਸਾੜ ਦਿੱਤੇ ਹੋਏ ਸਨ ਤੇ ਉਹ ਜਵਾਲਾਮੁਖੀ
ਵਿਚਲੀਆਂ ਖ਼ਤਰਨਾਕ ਗੈਸਾਂ ਤੋਂ ਕਿਤੇ ਵੱਧ ਨੁਕਸਾਨ ਆਪ ਹੀ ਕਰੀ ਬੈਠੇ ਸਨ।
ਇਸ ਖੋਜ ਨੇ ਇਹ ਤਾਂ ਸਪਸ਼ਟ ਕਰ ਦਿੱਤਾ ਕਿ ਸਿਗਰਟ ਜਵਾਲਾਮੁਖੀ ਤੋਂ ਵੱਧ ਖ਼ਤਰਨਾਕ
ਹੈ। ਸਿਗਰਟ ਨੂੰ ਪੀਣ ਵਾਲੇ ਨਾਲੋਂ ਸਾਹਮਣੇ ਬਹਿ ਕੇ ਸੁੰਘਣ ਵਾਲੇ ਇਸਦੇ ਮਾਰੂ ਅਸਰ
ਹੇਠ ਛੇਤੀ ਆਉਂਦੇ ਹਨ ਕਿਉਂਕਿ ਸਿਗਰਟ ਪੀਣ ਵਾਲੇ ਫਿਲਟਰ ਰਾਹੀਂ ਕੁੱਝ ਘੱਟ ਜ਼ਹਿਰ
ਅੰਦਰ ਲੰਘਾਉਂਦੇ ਹਨ।
ਹਰ ਸਾਲ ਲਗਭਗ 6 ਲੱਖ ਸਿਗਰਟ ਨਾ ਪੀਣ ਵਾਲੇ ਬੰਦੇ ਸਿਗਰਟ ਪੀਣ ਵਾਲਿਆਂ ਸਦਕਾ
ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਸੱਠ ਲੱਖ ਮੌਤਾਂ ਹਰ ਸਾਲ ਸਿਗਰਟ ਪੀਣ ਵਾਲਿਆਂ
ਦੀਆਂ ਹੋ ਰਹੀਆਂ ਹਨ।
ਦੂਰ ਬੈਠੇ ਸੁੰਘਣ ਵਾਲੇ ਫੇਫੜਿਆਂ ਦੇ ਕੈਂਸਰ, ਦਿਲ ਦੇ ਰੋਗ, ਦਮਾ,
ਬਰੌਂਕਾਈਟਿਸ, ਐਲਰਜੀ ਆਦਿ ਨਾਲ ਜੂਝਦੇ ਰਹਿੰਦੇ ਹਨ।
ਨਿੱਕੇ ਬੱਚਿਆਂ ਦੇ ਫੇਫੜੇ ਸਿਗਰਟ ਦੇ ਧੂੰਏਂ ਨਾਲ ਉਮਰ ਭਰ ਦਾ ਰੋਗ ਸਹੇੜ ਲੈਂਦੇ
ਹਨ, ਉਨਾਂ ਦੀ ਇਕਦਮ ਮੌਤ ਹੋ ਸਕਦੀ ਹੈ, ਕੰਨਾਂ ਦਾ ਵਗਣਾ, ਨਿਮੂਨੀਆ, ਭਾਰ ਨਾ ਵਧਣਾ
ਆਦਿ ਵੀ ਵੇਖੇ ਗਏ ਹਨ।
ਗਰਭਵਤੀ ਔਰਤਾਂ ਵੱਲੋਂ ਸਿਗਰਟ ਦਾ ਧੂੰਆਂ ਸੁੰਘਣ ਨਾਲ ਔਲ ਦਾ ਇਕਦਮ ਫਟਣਾ, ਭਰੂਣ
ਦਾ ਮਰਨਾ, ਬੱਚੇ ਦਾ ਵਧਣਾ ਫੁੱਲਣਾ ਰੁਕ ਜਾਣਾ ਤੇ ਢਿੱਡ ਵਿਚ ਬੱਚੇਦਾਨੀ ਤੋਂ ਬਾਹਰ
ਬੱਚਾ ਠਹਿਰਨਾ, ਆਦਿ ਵੇਖੇ ਗਏ ਹਨ।
ਸਿਗਰਟ ਪੀਣ ਵਾਲੇ ਮਹੀਨੇ ਵਿਚ ਇਕ ਤੋਂ ਪੰਜ ਦਿਨ ਵੀ ਸਿਗਰਟ ਪੀਂਦੇ ਹੋਣ ਤਾਂ
ਉਨਾਂ ਨੂੰ ਹਾਰਟ ਅਟੈਕ ਤੇ ਫੇਫੜਿਆਂ ਦੇ ਰੋਗ ਹੋਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ
ਹੈ। ਨਸਾਂ ਦੇ ਰੋਗ ਸਦਕਾ ਲੱਤ ਵੱਢਣੀ ਪੈ ਸਕਦੀ ਹੈ। ਕਬਜ਼, ਨੀਂਦਰ ਨਾ ਆਉਣੀ, ਹੱਥ
ਕੰਬਣੇ, ਭਾਰ ਵਧਣਾ ਆਦਿ ਵੀ ਵੇਖਿਆ ਗਿਆ ਹੈ।
ਕਿਸੇ ਡੀਜ਼ਲ ਕਾਰ ਵਿੱਚੋਂ ਨਿਕਲਦੇ ਧੂੰਏਂ ਨਾਲੋਂ ਇਕ ਸਿਗਰਟ ਦਾ ਧੂੰਆਂ 10
ਗੁਣਾਂ ਵੱਧ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ। ਇਸ ਨਾਲ ਨਾ ਸਿਰਫ਼ ਹਵਾ, ਬਲਕਿ ਪਾਣੀ ਤੇ
ਧਰਤੀ ਵੀ ਪ੍ਰਦੂਸ਼ਿਤ ਹੋ ਜਾਂਦੇ ਹਨ।
ਸਿਗਰਟ ਵਿਚ 4000 ਕੈਮੀਕਲ ਹੁੰਦੇ ਹਨ। ਉੱਤਰੀ ਅਮਰੀਕਾ ਵਿਚਲੇ 30 ਫੀਸਦੀ ਲੋਕ
ਸਿਗਰਟ ਪੀ ਰਹੇ ਹਨ। ਹਰ ਰੋਜ਼ ਕਰੋੜਾਂ ਸਿਗਰਟਾਂ ਦੇ ਟੋਟੇ ਧਰਤੀ ਉੱਤੇ ਸੁੱਟੇ ਜਾ
ਰਹੇ ਹਨ ਜਿਨਾਂ ਵਿੱਚੋਂ ਬਥੇਰੇ ਪਾਣੀ ਵਿਚ ਵੀ ਡੇਗੇ ਜਾ ਰਹੇ ਹਨ। ਪਾਣੀ ਵਿਚਲੇ
ਜਾਨਵਰ ਇਨਾਂ ਨੂੰ ਅੰਦਰ ਲੰਘਾਉਣ ਨਾਲ ਮਰ ਰਹੇ ਹਨ। ਧਰਤੀ ਉੱਪਰ ਸੁੱਟੇ ਹੋਏ ਟੋਟੇ
25 ਤੋਂ 26 ਸਾਲਾਂ ਵਿਚ ਪੂਰੇ ਗਲਦੇ ਹਨ। ਧਰਤੀ ਵਿਚ ਇਨਾਂ ਵਿਚਲੇ ਕੈਮੀਕਲ ਰਲ ਕੇ
ਉਸ ਨੂੰ ਜ਼ਹਿਰੀਲੀ ਕਰ ਰਹੇ ਹਨ। ਜੰਗਲਾਂ ਵਿਚਲੀ ਲੱਗੀ ਅੱਗ ਦਾ ਕਾਰਨ ਵੀ ਬਹੁਤੀ ਵਾਰ
ਸਿਗਰਟਾਂ ਹੀ ਹੁੰਦੀਆਂ ਹਨ।
300 ਸਿਗਰਟਾਂ ਨੂੰ ਬਣਾਉਣ ਵਿਚ ਪੂਰਾ ਵੱਡਾ ਇਕ ਦਰਖ਼ਤ ਲੱਗ ਜਾਂਦਾ ਹੈ। ਇਕ ਘੰਟੇ
ਵਿਚ ਸਿਗਰਟ ਬਣਾਉਣ ਵਾਲੀ ਫੈਕਟਰੀ ਕਾਗਜ਼ ਦਾ ਚਾਰ ਮੀਲ ਲੰਬਾ ਰੋਲ ਵਰਤ ਲੈਂਦੀ ਹੈ।
3000 ਸਕੁਏਅਰ ਫੁੱਟ ਜ਼ਮੀਨ ਦੀ ਪਰਾਲੀ ਸਾੜਨ ਵਿਚ ਵੀ ਓਨੀ ਹਵਾ ਜ਼ਹਿਰੀਲੀ ਨਹੀਂ
ਹੁੰਦੀ ਜਿੰਨੀ ਇਕ ਸਿਗਰਟ ਕਰ ਦਿੰਦੀ ਹੈ।
ਬੀਜਿੰਗ ਵਿਚ ਹੋਈ ਖੋਜ ਨੇ ਸਾਬਤ ਕੀਤਾ ਕਿ ਫੈਕਟਰੀਆਂ ਤੇ ਵਾਹਨਾਂ ਤੋਂ ਪੈਦਾ
ਹੋਇਆ ਪ੍ਰਦੂਸ਼ਣ 40 ਸਿਗਰਟਾਂ ਰੋਜ਼ ਪੀਣ ਜਿੰਨਾ ਮਾੜਾ ਅਸਰ ਵਿਖਾ ਰਿਹਾ ਹੈ।
ਢਾਈ ਮਾਈਕਰੋਨ ਤੋਂ ਛੋਟੇ ਕਣ ਸਿੱਧਾ ਫੇਫੜੇ ਅੰਦਰ ਡੂੰਘਾ ਲੰਘ ਕੇ ਪੂਰਾ ਨਾਸ
ਮਾਰ ਦਿੰਦੇ ਹਨ ਜੋ ਸਟਰੋਕ, ਹਾਰਟ ਅਟੈਕ ਤੇ ਫੇਫੜੇ ਦਾ ਕੈਂਸਰ ਕਰਦੇ ਹਨ। ਇਸੇ ਲਈ
ਸਿਗਰਟ ਸਭ ਤੋਂ ਵੱਧ ਹਾਨੀਕਾਰਕ ਬਣ ਕੇ ਉਭਰ ਰਹੀ ਹੈ।
ਕੋਲਾ ਬਾਲ ਰਹੇ ਪਾਵਰ ਪਲਾਂਟ ਵੀ ਸਿਗਰਟਾਂ ਜਿੰਨਾ ਖ਼ਤਰਨਾਕ ਧੂੰਆਂ ਕੱਢ ਰਹੇ ਹਨ।
ਕੋਲਾ ਬਾਲਣ ਨਾਲ ਹਰ ਸਾਲ ਦੁਨੀਆਂ ਭਰ ਵਿਚ 34 ਬਿਲੀਅਨ ਟਨ ਕਾਰਬਨ ਡਾਇਓਕਸਾਈਡ ਹਵਾ
ਵਿਚ ਰਲ ਰਹੀ ਹੈ ਜਦਕਿ ਵੱਡੇ ਪੱਥਰਾਂ ਵਿੱਚੋਂ ਨਿਕਲਦੀ ਕਾਰਬਨ ਡਾਇਓਕਸਾਈਡ ਕੁਦਰਤੀ
ਤੌਰ ਉੱਤੇ 65 ਤੋਂ 310 ਮਿਲੀਅਨ ਟਨ ਹਰ ਸਾਲ ਹਵਾ ਵਿਚ ਰਲਦੀ ਹੈ।
ਐਲਿਜ਼ਬਥ ਮੁੱਲਰ, ਬਰਕਲੇ ਦੇ ਡਾਇਰੈਕਟਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਏਡਜ਼,
ਮਲੇਰੀਆ, ਸ਼ੱਕਰ ਰੋਗ, ਟੀ.ਬੀ. ਤੇ ਸੜਕ ਵਿਚਲੇ ਐਕਸੀਡੈਂਟਾਂ ਤੋਂ ਵੀ ਵੱਧ ਹਵਾ ਦਾ
ਪ੍ਰਦੂਸ਼ਣ ਮੌਤਾਂ ਦਾ ਕਾਰਨ ਬਣਦਾ ਜਾ ਰਿਹਾ ਹੈ। ਸੰਨ 2014 ਵਿਚ 4 ਮਹੀਨਿਆਂ ਦੀ ਖੋਜ
ਬਾਅਦ ਇਹ ਡਾਟਾ ਇਕੱਠਾ ਕੀਤਾ ਗਿਆ ਸੀ।
ਇਨਾਂ ਤੱਥਾਂ ਨੂੰ ਜਾਨਣ ਬਾਅਦ ਸਮਝ ਆ ਜਾਂਦੀ ਹੈ ਕਿ ਸਿਰਫ਼ ਪਰਾਲੀ ਸਾੜਨ ਤੋਂ
ਧਿਆਨ ਹਟਾ ਕੇ ਸਿਗਰਟਾਂ ਉੱਤੇ ਸੰਪੂਰਨ ਰੋਕ, ਕੋਲੇ ਦੇ ਬਾਲਣ ਉੱਤੇ ਰੋਕ, ਫੈਕਟਰੀਆਂ
ਵਿੱਚੋਂ ਨਿਕਲਦੀ ਗੰਦਗੀ ਉੱਤੇ ਰੋਕ, ਆਵਾਜਾਈ ਦੇ ਸਾਧਨ ਇਲੈਕਟ੍ਰਿਕ ਕਰਨ ਦੀ ਲੋੜ ਤੇ
ਕੂੜੇ ਨੂੰ ਅੱਗ ਲਾਉਣ ਤੋਂ ਰੋਕਣਾ ਕਿੰਨਾ ਜ਼ਰੂਰੀ ਹੋ ਚੁੱਕਿਆ ਹੈ।
ਜਵਾਲਾਮੁਖੀਆਂ ਵਿੱਚੋਂ ਨਿਕਲਦੀਆਂ ਗੈਸਾਂ ਕਾਬੂ ਉੱਤੇ ਪਾਉਣੀਆਂ ਔਖੀਆਂ ਹਨ, ਪਰ
ਜ਼ਿਆਦਾ ਦਰਖ਼ਤ ਬੀਜ ਕੇ ਹੌਲੀ-ਹੌਲੀ ਹਵਾ ਜ਼ਰੂਰ ਸਾਫ਼ ਕੀਤੀ ਜਾ ਸਕਦੀ ਹੈ।
ਅਖ਼ੀਰ ਵਿਚ ਧਿਆਨ ਕਰੀਏ ਗੁਰਬਾਣੀ ਵੱਲ! ਜਿਨਾਂ ਸਮਿਆਂ ਵਿਚ ਗੁਰੂ ਨਾਨਕ ਦੇਵ ਜੀ
ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਸੀ,
ਉਦੋਂ ਉਨਾਂ ਕੋਲ ਕੋਈ ਪ੍ਰਦੂਸ਼ਣ ਮਾਪਣ ਦਾ ਮੀਟਰ ਨਹੀਂ ਸੀ। ਆਪਣੀ ਦੂਰ ਦ੍ਰਿਸ਼ਟੀ ਨਾਲ
ਵਾਤਾਵਰਣ ਨੂੰ ਆਉਣ ਵਾਲੀਆਂ ਪੁਸ਼ਤਾਂ ਲਈ ਸਾਂਭ ਕੇ ਰੱਖਣ ਦਾ ਆਦੇਸ਼ ਦਿੰਦਿਆਂ ਇਕ
ਸੂਖਮ ਨੁਕਤਾ ਫੜ ਲਿਆ। ਜੇ ਅਸੀਂ ਆਪਣੀ ਮਾਂ ਜਾਂ ਪਿਓ ਜਾਂ ਗੁਰੂ ਦੀ ਬੇਪਤੀ ਹੁੰਦੀ
ਵੇਖ ਕੇ ਮਰਨ ਮਾਰਨ ਤਕ ਪਹੁੰਚ ਜਾਂਦੇ ਹਾਂ ਤਾਂ ਧਰਤੀ ਮਾਂ, ਪਾਣੀ ਰੂਪੀ ਪਿਤਾ ਤੇ
ਹਵਾ ਰੂਪੀ ਗੁਰੂ ਦੀ ਬੇਪਤੀ ਕਿਉਂ ਜਰ ਰਹੇ ਹਾਂ? ਕਿਉਂ ਰਲ ਕੇ ਆਵਾਜ਼ ਨਹੀਂ ਚੁੱਕਦੇ
ਤੇ ਆਪਣੇ ਗੁਰੂ, ਮਾਂ ਤੇ ਪਿਓ ਦੀ ਪੂਰੀ ਤਰਾਂ ਰਾਖੀ ਕਰਨ ਵਿਚ ਅਸਮਰਥ ਹੋ ਰਹੇ ਹਾਂ?
ਇਸ ਬੇਪਤੀ ਦਾ ਨੁਕਸਾਨ ਸਾਡੀਆਂ ਆਪਣੀਆਂ ਹੀ ਪੁਸ਼ਤਾਂ ਨੇ ਝੱਲਣਾ ਹੈ! ਹਾਲੇ ਵੀ ਵੇਲਾ
ਹੈ ਸੰਭਲ ਜਾਈਏ।
ਕਿਸਾਨ ਵੀਰਾਂ ਉੱਤੇ ਤਾਂ ਤਰਸ ਖਾਣਾ ਚਾਹੀਦਾ ਹੈ। ਉਹ ਵਿਚਾਰੇ ਪਰਾਲੀ ਸਾੜ ਕੇ
ਸਿਰਫ਼ ਆਪਣਾ ਤੇ ਆਪਣੇ ਟੱਬਰ ਦਾ ਹੀ ਨਾਸ ਮਾਰ ਰਹੇ ਹਨ। ਕਿਸੇ ਹੋਰ ਦਾ ਨੁਕਸਾਨ ਕਰਨ
ਨਾਲੋਂ ਕਿਤੇ ਵੱਧ ਆਪਣੀ ਹੀ ਧਰਤੀ ਦਾ ਕਲੇਜਾ ਸਾੜਦੇ ਹਨ ਤੇ ਅੱਗੋਂ ਹੌਲੀ-ਹੌਲੀ
ਆਪਣੀ ਹੀ ਫਸਲ ਦਾ ਝਾੜ ਘੱਟ ਕਰ ਰਹੇ ਹਨ। ਜੇ ਉਹ ਪਰਾਲੀ ਸਾੜਨ ਤੋਂ ਹਟਣਗੇ ਤਾਂ
ਆਪਣੀ ਹੀ ਉਮਰ ਲੰਮੀ ਕਰਨਗੇ।
ਅਸਲੀ ਨਕੇਲ ਕੱਸਣ ਦੀ ਲੋੜ ਹੈ ਸਰਮਾਏਦਾਰਾਂ ਤੇ ਵੱਡੇ ਫੈਕਟਰੀਆਂ ਦੇ ਮਾਲਕਾਂ
ਉੱਤੇ। ਨਾਲੇ ਲੋੜ ਹੈ ਸਰਕਾਰਾਂ ਨੂੰ ਉਨਾਂ ਦਾ ਰੋਲ ਯਾਦ ਕਰਵਾਉਣ ਲਈ ਤੇ ਆਵਾਜਾਈ ਦੇ
ਸਾਧਨਾਂ ਨੂੰ ਤੁਰੰਤ ਇਲੈਕਟ੍ਰਿਕ ਕਰਵਾਉਣ ਅਤੇ ਬਿਜਲੀ ਘਰਾਂ ਵਿੱਚੋਂ ਕੋਲੇ ਦੇ ਸਾੜਨ
ਨੂੰ ਬੰਦ ਕਰਨ ਦੀ! ਆਓ ਫੇਰ ਰਲ ਮਿਲ ਆਵਾਜ਼ ਚੁੱਕੀਏ ਤੇ ਸਾਬਤ ਕਰੀਏ :-
‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।’’ (ਅੰਗ 8)
ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783 |