ਕੁਦਰਤ ਨੇ ਕੰਨ ਨੂੰ ਤਿੰਨ ਹਿੱਸਿਆਂ ਵਿਚ ਵੰਡ ਦਿੱਤਾ ਹੈ। ਬਾਹਰੀ, ਵਿਚਕਾਰਲਾ
ਤੇ ਅੰਦਰਲਾ।
ਕੋਈ ਆਵਾਜ਼ ਸੁਣਨ ਲਈ ਆਵਾਜ਼ ਦੀਆਂ ਤਰੰਗਾਂ ਨੂੰ ਨਸਾਂ ਵਾਸਤੇ ਇਲੈਕਟ੍ਰਿਕ
ਸਿਗਨਲ ਵਿਚ ਤਬਦੀਲ ਹੋਣਾ ਪੈਂਦਾ ਹੈ।
ਬਾਹਰ ਦਿਸਦੇ ਕੰਨ ਦੇ ਹਿੱਸੇ ਰਾਹੀਂ ਆਵਾਜ਼ ਦੀਆਂ ਤਰੰਗਾਂ ਕੰਨ ਦੇ ਪਰਦੇ ਉੱਤੇ
ਦਸਤਕ ਦਿੰਦੀਆਂ ਹਨ। ਇਸਤੋਂ ਅੱਗੇ ਕੰਨ ਦੇ ਵਿਚਕਾਰਲੇ ਹਿੱਸੇ ਵਿਚ ਪਈਆਂ ਤਿੰਨ
ਨਿੱਕੀਆਂ ਹੱਡੀਆਂ ਇਨਾਂ ਤਰੰਗਾਂ ਨੂੰ ਕੁੱਝ ਵਧਾ ਕੇ ਅੰਦਰਲੇ ਹਿੱਸੇ ਤਕ ਪੰਹੁਚਾ
ਦਿੰਦੀਆਂ ਹਨ। ਅੰਦਰਲੇ ਹਿੱਸੇ ਵਿਚ ਇਹ ਤਰੰਗਾਂ ਕੌਕਲੀਆ ਵਿਚ ਪਏ ਪਾਣੀ ਵਿੱਚੋਂ
ਲੰਘਦੀਆਂ ਹਨ। ਕੌਕਲੀਆ ਵਿਚਲੇ ਨਰਵ ਸੈੱਲਾਂ ਉੱਤੇ ਹਜ਼ਾਰਾਂ ਨਿੱਕੇ ਨਿੱਕੇ ਵਾਲ
ਹੁੰਦੇ ਹਨ ਜੋ ਇਨਾਂ ਤਰੰਗਾਂ ਨੂੰ ਇਲੈਕਟ੍ਰਿਕ ਸਿਗਨਲ ਵਿਚ
ਤਬਦੀਲ ਕਰ ਕੇ ਦਿਮਾਗ਼ ਤਕ ਸੁਣੇਹਾ ਪਹੁੰਚਾ ਦਿੰਦੇ ਹਨ।
ਵੱਖੋ ਵੱਖ ਤਰਾਂ ਦੀਆਂ ਤਰੰਗਾਂ ਇਨਾਂ ਨਿੱਕੇ ਨਿੱਕੇ ਵਾਲਾਂ ਉੱਤੇ ਵੱਖੋ ਵੱਖ
ਅਸਰ ਛੱਡਦੀਆਂ ਹਨ। ਉਸੇ ਵੱਖੋ ਵੱਖ ਅਸਰ ਤਹਿਤ ਦੀ ਅੱਲਗ ਅੱਲਗ ਆਵਾਜ਼ਾਂ ਦੀ ਪਛਾਣ
ਕੀਤੀ ਜਾ ਸਕਦੀ ਹੈ।
ਜਦੋਂ ਸੁਣਨਾ ਘੱਟ ਜਾਏ ਤਾਂ ਇਸਦਾ ਮਤਲਬ ਹੈ ਕਿ ਇਸ ਸਾਰੇ ਰਸਤੇ ਵਿੱਚੋਂ ਕੋਈ ਇਕ
ਕੜੀ ਖ਼ਰਾਬ ਹੋ ਗਈ ਹੈ।
- ਜੇ ਕੰਨ ਦੇ ਪਰਦੇ ਦੇ ਬਾਹਰ ਮੈਲ ਇੱਕਠੀ ਹੋ ਰਹੀ ਹੈ ਤਾਂ ਉਸਨੇ ਆਵਾਜ਼ ਦੇ
ਪਰਦੇ ਤਕ ਪਹੁੰਚਣ ਦਾ ਰਸਤਾ ਬੰਦ ਕਰ ਦੇਣਾ ਹੈ ਜਿਸ ਨਾਲ ਸੁਣਨ ਵਿਚ ਦਿੱਕਤ ਆ
ਸਕਦੀ ਹੈ। ਸਿਰਫ਼ ਕੰਨ ਦੀ ਸਫ਼ਾਈ ਕਰਨ ਨਾਲ ਹੀ ਝਟਪਟ ਸੁਣਨਾ ਸ਼ੁਰੂ ਹੋ ਜਾਂਦਾ ਹੈ।
ਕਈ ਵਾਰ ਇਹ ਮੈਲ ਬਹੁਤ ਚਿਰ ਇੱਕਠੀ ਹੁੰਦੀ ਰਹਿਣ ਕਾਰਣ ਇਕ ਵੱਟੇ ਵਿਚ
ਤਬਦੀਲ ਹੋ ਜਾਂਦੀ ਹੈ ਜੋ ਅਪਰੇਸ਼ਨ ਰਾਹੀਂ ਕਢਵਾਉਣੀ ਪੈਂਦੀ ਹੈ।
- ਕੰਨ ਵਿਚ ਕੋਈ ਫਿੰਸੀ ਵੀ ਸੋਜ਼ਿਸ਼ ਕਰ ਕੇ ਰਸਤਾ ਬੰਦ ਕਰ ਸਕਦੀ ਹੈ ਜਿਸ ਨਾਲ
ਤਿੱਖੀ ਪੀੜ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸੇ ਤਰਾਂ ਕੰਨ ਵਿਚ ਪਾਣੀ ਪੈ ਜਾਣ
ਕਾਰਣ ਉੱਥੇ ਉੱਲੀ ਦੇ ਹਮਲੇ ਸਦਕਾ ਤਿੱਖੀ ਪੀੜ ਦੇ ਨਾਲ ਸੁਣਨਾ ਵੀ ਘੱਟ ਹੋ ਜਾਂਦਾ
ਹੈ।
- ਕੰਨ ਦੇ ਵਿਚਕਾਰਲੇ ਹਿੱਸੇ ਵਿਚ ਜੇ ਕੀਟਾਣੂ ਹਮਲਾ ਬੋਲ ਦੇਣ, ਤਾਂ ਵੀ ਪੀੜ
ਦੇ ਨਾਲ ਸੁਣਨਾ ਘੱਟ ਹੋ ਜਾਂਦਾ ਹੈ ਤੇ ਤਿੱਖੀ ਸਿਰ ਪੀੜ ਵੀ ਹੋ ਸਕਦੀ ਹੈ।
- ਕੰਨ ਵਿਚ ਕਿਸੇ ਕਿਸਮ ਦੀ ਰਸੌਲੀ ਜਾਂ ਹੱਡੀ ਦੀ ਸੋਜ਼ਿਸ਼ ਵੀ ਘੱਟ ਸੁਣਨ ਦਾ
ਕਾਰਣ ਹੋ ਸਕਦੀ ਹੈ ਤੇ ਲਗਾਤਾਰ ਪੀੜ ਦਾ ਵੀ।
- ਕੰਨ ਦੇ ਪਰਦੇ ਦਾ ਫਟਣਾ: ਇਸਦੇ ਕਈ ਕਾਰਣ ਹਨ, ਜਿਵੇਂ ਤਿੱਖੀ ਚੀਕਵੀਂ ਆਵਾਜ਼,
ਕੰਨ ਅੰਦਰਲੇ ਪ੍ਰੈੱਸ਼ਰ ਦਾ ਇਕਦਮ ਵਧਣਾ, ਤੀਲੀਆਂ ਨਾਲ ਕੰਨ ਸਾਫ਼ ਕਰਦੇ
ਹੋਏ ਪਰਦੇ ਦਾ ਫਟਣਾ, ਆਦਿ ਨਾਲ ਇਕਦਮ ਸੁਣਨਾ ਘੱਟ ਹੋ ਜਾਂਦਾ ਹੈ।
- ਲਗਾਤਾਰ ਕੰਨ ਵਿਚ ਲਾਏ ਈਅਰਫ਼ੋਨ, ਲਗਾਤਾਰ ਫ਼ੋਨਾਂ ਨੂੰ ਸੁਣਦੇ ਰਹਿਣਾ, ਉੱਚੀ
ਆਵਾਜ਼ ਵਿਚ ਸੰਗੀਤ ਸੁਣਨਾ, ਆਦਿ ਨਾਲ ਹੌਲੀ ਹੌਲੀ ਕੌਕਲੀਆ ਉੱਤੇ ਲੱਗੇ ਨਿੱਕੇ ਵਾਲ
ਸਦੀਵੀ ਤੌਰ ਉੱਤੇ ਖ਼ਰਾਬ ਹੋ ਜਾਂਦੇ ਹਨ ਤੇ ਦਿਮਾਗ਼ ਵੱਲ ਆਵਾਜ਼ ਦੀਆਂ ਤਰੰਗਾਂ ਨਹੀਂ
ਪਹੁੰਚਾ ਸਕਦੇ ਕਿਉਂਕਿ ਵਾਲਾਂ ਵਿਚ ਤਰੰਗਾਂ ਨੂੰ ਇਲੈਕਟ੍ਰਿਕ ਸਿਗਨਲ ਵਿਚ
ਤਬਦੀਲ ਕਰਨ ਦੀ ਤਾਕਤ ਖ਼ਤਮ ਹੋ ਜਾਂਦੀ ਹੈ। ਵਧਦੀ
ਉਮਰ ਨਾਲ ਵੀ ਹੌਲੀ ਹੌਲੀ ਇਨਾਂ ਵਾਲਾਂ ਦੀ ਤਾਕਤ ਘਟਦੀ ਜਾਂਦੀ ਹੈ ਤੇ ਇਹ ਟੁੱਟ
ਫੁੱਟ ਜਾਂਦੇ ਹਨ। ਇਸਲਈ ਵਡੇਰੀ ਉਮਰ ਵਿਚ ਆਵਾਜ਼ਾਂ ਸਾਫ਼ ਸੁਣਾਈ ਨਹੀਂ ਦਿੰਦੀਆਂ।
ਵਾਲਾਂ ਵਿਚਲਾ ਨੁਕਸ ਸਦੀਵੀ ਹੁੰਦਾ ਹੈ ਤੇ ਇਸਦਾ ਠੀਕ ਹੋਣਾ ਲਗਭਗ ਨਾਮੁਮਕਿਨ
ਹੁੰਦਾ ਹੈ।
- ਕਈ ਵਾਰ ਕੁੱਝ ਜੀਨ ਰਾਹੀਂ ਪੁਸ਼ਤ ਦਰ ਪੁਸ਼ਤ ਚੱਲਦੀਆਂ ਬੀਮਾਰੀਆਂ ਵੀ ਘੱਟ
ਸੁਣਨ ਦਾ ਕਾਰਣ ਬਣ ਜਾਂਦੀਆਂ ਹਨ।
- ਕੰਨ ਦੇ ਨੇੜੇ ਢੇਰ ਸਾਰੇ ਪਟਾਕਿਆਂ ਦਾ ਇਕਦਮ ਫਟਣਾ ਜਾਂ ਬੰਬ ਦਾ ਫਟਣਾ ਵੀ
ਸੁਣਨ ਵਿਚ ਸਦੀਵੀ ਨੁਕਸ ਪਾ ਸਕਦਾ ਹੈ। ਅਧਿਆਪਕ ਵੱਲੋਂ ਪਏ ਜ਼ੋਰ ਦੀ ਥੱਪੜ ਨਾਲ ਵੀ
ਕੰਨ ਦਾ ਪਰਦਾ ਫਟ ਸਕਦਾ ਹੈ।
- ਮਿਊਜ਼ਿਕ ਪਲੇਅਰ ਖ਼ਾਸ ਕਰ ਐਮ
ਪੀ 3 ਪਲੇਅਰ ਜੇ ਲੋੜ ਤੋਂ ਵੱਧ ਉੱਚਾ ਲਾ ਕੇ ਰੋਜ਼ ਸੁਣਿਆ ਜਾਂਦਾ ਰਹੇ ਤਾਂ ਹੌਲੀ
ਹੌਲੀ ਸੁਣਨ ਸ਼ਕਤੀ ਦਾ ਸਦੀਵੀ ਨਾਸ ਮਾਰ ਦਿੰਦਾ ਹੈ।
- ਕੁੱਝ ਦਵਾਈਆਂ ਜਿਵੇਂ ਜੈਂਟਾਮਾਈਸਿਨ, ਕੈਂਸਰ ਦੇ ਇਲਾਜ ਲਈ ਵਰਤੀ ਜਾ ਰਹੀ
ਕੀਮੋਥੈਰਪੀ, ਟੀ.ਬੀ. ਦੀ ਬੀਮਾਰੀ ਲਈ ਵਰਤੀ ਜਾ ਰਹੀ ਸਟਰੈਪਟੋਮਾਈਸਿਨ, ਆਦਿ ਕੰਨ
ਦੇ ਅੰਦਰਲੇ ਹਿੱਸੇ ਦਾ ਹਮੇਸ਼ਾ ਲਈ ਤਗੜਾ ਨੁਕਸਾਨ ਕਰ ਦਿੰਦੀਆਂ ਹਨ।
ਕੁੱਝ ਦਵਾਈਆਂ, ਜਿਵੇਂ, ਵੱਧ ਮਾਤਰਾ ਵਿਚ ਖਾਧੀ ਐਸਪਿਰਿਨ, ਦਰਦ ਨਿਵਾਰਕ
ਗੋਲੀਆਂ, ਲੂਪ ਡਾਈਯੂਰੈਟਿਕ, ਮਲੇਰੀਆ ਦੀਆਂ ਦਵਾਈਆਂ ਆਦਿ ਨਾਲ ਵਕਤੀ ਤੌਰ ਉੱਤੇ
ਕੰਨ ਵਿਚ ਘੰਟੀਆਂ ਵੱਜਦੀਆਂ ਮਹਿਸੂਸ ਹੋਣ ਲੱਗ ਪੈਂਦੀਆਂ ਹਨ।
- ਤੇਜ਼ ਬੁਖ਼ਾਰ, ਦਿਮਾਗ਼ੀ ਬੁਖ਼ਾਰ ਆਦਿ ਨਾਲ ਵੀ ਕੌਕਲੀਆ ਵਿਚ ਸਦੀਵੀ ਨੁਕਸ ਪੈ
ਸਕਦਾ ਹੈ।
- ਗਲਾ ਖ਼ਰਾਬ ਹੋਣ ਵੇਲੇ ਵਕਤੀ ਤੌਰ ਉੱਤੇ ਕੰਨ ਅੰਦਰ ਰੇਸ਼ਾ ਜਮਾਂ ਹੋ ਜਾਂਦਾ ਹੈ
ਜਿਸ ਨਾਲ ਸੁਣਨ ਸ਼ਕਤੀ ਓਨੀ ਦੇਰ ਲਈ ਘੱਟ ਹੋ ਜਾਂਦੀ ਹੈ।
- ਕਈ ਤਰਾਂ ਦੇ ਜਮਾਂਦਰੂ ਨੁਕਸ ਜਾਂ ਕੰਨ ਅੰਦਰ ਫਸੀ ਕੋਈ ਚੀਜ਼ ਸਦਕਾ ਵੀ ਸੁਣਨ
ਸ਼ਕਤੀ ਕਮਜ਼ੋਰ ਹੋ ਜਾਂਦੀ ਹੈ।
- ਸਿਰ ਉੱਤੇ ਵੱਜੀ ਸੱਟ, ਵਾਇਰਲ ਬੁਖ਼ਾਰ, ਮੀਨੀਅਰ ਬੀਮਾਰੀ, ਦਿਲ ਦੇ ਰੋਗ,
ਬਲੱਡ ਪ੍ਰੈੱਸ਼ਰ, ਸ਼ੱਕਰ ਰੋਗ ਆਦਿ ਵੀ ਬੰਦੇ ਨੂੰ ਹੌਲੀ ਹੌਲੀ ਬੋਲਾ ਕਰ ਦਿੰਦੇ ਹਨ
ਕਿਉਂਕਿ ਇਹ ਕੰਨ ਵੱਲ ਜਾਂਦਾ ਲਹੂ ਘਟਾ ਦਿੰਦੇ ਹਨ।
ਇਹ ਸਭ ਜਾਣ ਲੈਣ ਬਾਅਦ ਬੋਲ਼ੇ ਹੋਣ ਤੋਂ ਬਚਣ ਵਾਸਤੇ ਵੱਖੋ ਵੱਖ ਆਵਾਜ਼ਾਂ ਦੀ
ਖ਼ਤਰਨਾਕ ਰੇਂਜ ਬਾਰੇ ਪਤਾ ਹੋਣਾ ਜ਼ਰੂਰੀ ਹੈ ਕਿਉਂਕਿ ਭਾਰਤ ਤਾਂ ਅਜਿਹੇ ਮਰੀਜ਼ਾਂ ਦੀ
ਗਿਣਤੀ ਵਿਚ ਚੋਟੀ ਉੱਤੇ ਹੈ ਹੀ ਪਰ ਅਮਰੀਕਾ ਵਿਚ ਵੀ ਬੋਲਾਪਨ ਤੀਜੇ ਨੰਬਰ ਦੀ
ਬੀਮਾਰੀ ਬਣ ਚੁੱਕਿਆ ਹੈ ਤੇ ਹੁਣ ਤਕ ਲਗਭਗ 36 ਮਿਲੀਅਨ ਅਮਰੀਕਨ ਬੋਲੇ ਹੋ ਚੁੱਕੇ
ਹਨ।
ਅਮਰੀਕਾ ਵਿਚ ਤਾਂ ਮਿਊਜ਼ਿਕ ਕੰਪੋਜ਼ਰ ਨੂੰ ਗਾਣੇ ਲਈ ਮਿਊਜ਼ਿਕ ਬਣਾਉਣ ਲੱਗਿਆਂ
ਸਾਜ਼ਾਂ ਦੀ ਤਾਣ ਛੇੜਣ ਤੋਂ ਪਹਿਲਾਂ ਆਪਣੇ ਕੰਨਾਂ ਵਿਚ ਈਅਰ ਪਲੱਗ ਪਾਉਣ ਦੀ ਹਦਾਇਤ
ਦਿੱਤੀ ਜਾਂਦੀ ਹੈ ਤਾਂ ਜੋ ਉਸਦੇ ਆਪਣੇ ਕੰਨ ਸ਼ੋਰ ਨਾਲ ਖ਼ਰਾਬ ਨਾ ਹੋ ਜਾਣ। ਡੀ.ਜੇ.
ਵੀ ਆਪਣੇ ਕੰਨ ਬਚਾਉਣ ਲਈ ਇਹੀ ਵਿਧੀ ਅਪਣਾਉਂਦੇ ਹਨ।
ਹਰ ਦਸਾਂ ਵਿੱਚੋਂ 9 ਮਰੀਜ਼ਾਂ ਦੇ ਇਕ ਕੰਨ ਵਿਚ ਸੁਣਨਾ ਘਟਦਾ ਹੈ ਸੋ ਇੱਕ ਕੰਨ
ਨਾਲ ਸੁਣਨਾ ਜਾਰੀ ਰਹਿ ਸਕਦਾ ਹੈ ਜਿਸ ਸਦਕਾ ਮਰੀਜ਼ ਬੋਲੇਪਨ ਦੇ ਇਲਾਜ ਲਈ ਛੇਤੀ
ਡਾਕਟਰ ਕੋਲ ਨਹੀਂ ਜਾਂਦੇ ਪਰ ਫਿਰ ਵੀ ਹਰ ਸਾਲ ਲਗਭਗ 4000 ਨਵੇਂ ਬੋਲੇਪਨ ਦੇ ਕੇਸ
ਡਾਕਟਰਾਂ ਕੋਲ ਪਹੁੰਚ ਰਹੇ ਹਨ।
ਵੱਖੋ ਵੱਖ ਆਵਾਜ਼ਾਂ ਦੀ ਰੇਂਜ (ਅਮਰੀਕਨ ਟਿਨਾਈਟਿਸ ਐਸੋਸੀਏਸ਼ਨ 2009 ਤੋਂ ਧੰਨਵਾਦ
ਸਹਿਤ) ਜੋ ਖ਼ਤਰਨਾਕ ਨਹੀਂ ਹਨ :
30 ਡੈਸੀਬੈਲ ਬਹੁਤ ਹੌਲੀ ਗੱਲ ਕਰਨਾ
60 ਡੈਸੀਬੈਲ ਨਾਰਮਲ ਬੋਲਚਾਲ
70 ਡੈਸੀਬੈਲ ਵਾਸ਼ਿੰਗ ਮਸ਼ੀਨ
ਖ਼ਤਰਨਾਕ :
85-90 ਡੈਸੀਬੈਲ - ਸੜਕਾਂ ਉੱਤੇ ਚੱਲਦਾ ਟ੍ਰੈਫਿੱਕ, ਘਾਹ ਕੱਟਣ ਵਾਲੀ ਪਾਵਰ
ਮਸ਼ੀਨ, ਹੇਅਰ ਡਰਾਇਰ
90 ਡੈਸੀਬੈਲ - ਮੋਟਰਸਾਈਕਲ
100 ਡੈਸੀਬੈਲ - ਹੱਥ ਨਾਲ ਚੱਲਣ ਵਾਲੀ ਡਰਿੱਲ ਮਸ਼ੀਨ
110 ਡੈਸੀਬੈਲ - ਰੌਕ ਕਨਸਰਟ ਮਿਊਜ਼ਿਕ
ਜੋ ਕੁੱਝ ਦੇਰ ਲਗਾਤਾਰ ਸੁਣਦੇ ਰਹਿਣ ਨਾਲ ਸਦੀਵੀ ਨੁਕਸਾਨ ਪਹੁੰਚਾ ਸਕਦਾ ਹੈ :
120 ਡੈਸੀਬੈਲ - ਐਬੂੰਲੈਂਸ ਦਾ ਸਾਇਰਨ
140 ਡੈਸੀਬੈਲ (ਪੀੜ ਮਹਿਸੂਸ- ਜਹਾਜ਼ ਦੇ ਜੈੱਟ ਇੰਜਨ ਦਾ ਸ਼ੁਰੂ ਹੋਣਾ ਹੋਣ ਲੱਗ
ਪੈਂਦੀ ਹੈ)
165 ਡੈਸੀਬੈਲ - 12 ਗੇਜ ਦੀ ਸ਼ੌਟਗਨ ਵਿੱਚੋਂ ਚੱਲਿਆ ਕਾਰਤੂਸ
180 ਡੈਸੀਬੈਲ - ਰਾਕਿਟ ਲਾਂਚ ਵੇਲੇ
ਅਮਰੀਕਾ ਵਿਚ ਬੋਲੇਪਨ ਤੋਂ ਬਚਾਓ ਲਈ ਕੰਮ ਉੱਤੇ ਸ਼ੋਰ ਦੇ ਹਿਸਾਬ ਨਾਲ ਕਾਨੂੰਨਨ
ਸਮਾਂ ਨਿਸਚਿਤ ਕਰ ਦਿੱਤਾ ਗਿਆ ਹੈ।
ਜੇ ਕੰਮ ਦੀ ਥਾਂ ਉੱਤੇ ਸ਼ੌਰ 90 ਡੈਸੀਬੈਲ ਹੈ ਤਾਂ ਰੋਜ਼ਾਨਾ 8 ਘੰਟੇ ਤੋਂ ਵੱਧ ਕੰਮ
ਕਰਨ ਦੀ ਇਜਾਜ਼ਤ ਨਹੀਂ ਹੈ।
ਸ਼ੋਰ. ਕੰਮ ਦਾ ਸਮਾਂ:
92 ਡੈਸੀਬੈਲ 6 ਘੰਟੇ
95 ਡੈਸੀਬੈਲ 4 ਘੰਟੇ
97 ਡੈਸੀਬੈਲ 3 ਘੰਟੇ
100 ਡੈਸੀਬੈਲ 2 ਘੰਟੇ
102 ਡੈਸੀਬੈਲ ਡੇਢ ਘੰਟਾ
105 ਡੈਸੀਬੈਲ ਇਕ ਘੰਟਾ
110 ਡੈਸੀਬੈਲ ਅੱਧਾ ਘੰਟਾ
115 ਡੈਸੀਬੈਲ 15 ਮਿੰਟ ਜਾਂ ਘੱਟ
ਇਹ ਸਮਾਂ ਇਸ ਲਈ ਮਿੱਥਿਆ ਗਿਆ ਹੈ ਕਿਉਂਕਿ ਸੁਣਨਾ ਘਟਦੇ ਸਾਰ ਮਰੀਜ਼ ਦਾ ਮਨੋਬਲ
ਡਿੱਗ ਜਾਂਦਾ ਹੈ। ਲੱਖਾਂ ਮਰੀਜ਼ਾਂ ਦਾ ਚੈਕਅੱਪ ਕਰਨ ਬਾਅਦ ਇਹ ਤੱਥ ਰਿਪੋਰਟ ਕੀਤੇ ਗਏ
ਹਨ ਕਿ ਭਾਵੇਂ ਕਿਸੇ ਵਿਚ ਘੱਟ ਲੱਛਣ ਹੋਣ ਤੇ ਕਿਸੇ ਵਿਚ ਵੱਧ, ਪਰ ਹਰ ਕਿਸੇ ਨੂੰ
ਢਹਿੰਦੀ ਕਲਾ ਅਤੇ ਬੇਚੈਨੀ ਹੁੰਦੀ ਜ਼ਰੂਰ ਹੈ। ਕਿਸੇ ਮਰੀਜ਼ ਨੂੰ ਇੰਜ ਲੱਗਦਾ ਹੈ ਕਿ
ਕੋਲ ਖੜਾ ਕੋਈ ਫੁਸਫੁਸਾ ਕੇ ਮੇਰੇ ਖ਼ਿਲਾਫ਼ ਬੋਲ ਰਿਹਾ ਹੈ। ਕਈ ਘਰਾਂ ਵਿਚ ਘੱਟ ਸੁਣਨ
ਕਾਰਣ ਰਿਸ਼ਤੇ ਤਿੜਕ ਜਾਂਦੇ ਹਨ ਅਤੇ ਨਿਤ ਦੀ ਲੜਾਈ ਹੋਣ ਲੱਗ ਪੈਂਦੀ ਹੈ। ਕਈਆਂ ਵਿਚ
ਸੁਣਨ ਸ਼ਕਤੀ ਹੌਲੀ ਹੌਲੀ ਘਟਦੀ ਹੈ ਤੇ ਮਰੀਜ਼ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਉਸ
ਨੂੰ ਬੋਲਾਪਨ ਸ਼ੁਰੂ ਹੋ ਚੁੱਕਿਆ ਹੈ, ਸੋ ਉਹ ਇਲਾਜ ਲਈ ਡਾਕਟਰ ਕੋਲ ਜਾਂਦਾ ਹੀ ਨਹੀਂ।
ਕਈ ਔਰਤਾਂ ਇਹ ਮੰਨ ਲੈਂਦੀਆਂ ਹਨ ਕਿ ਉਨਾਂ ਦਾ ਪਤੀ ਘੇਸਲਾ ਹੈ ਤੇ ਉਨਾਂ ਦੀ ਕਹੀ
ਗੱਲ ਨਹੀਂ ਸੁਣਦਾ ਪਰ ਟੀ.ਵੀ.ਆਰਾਮ ਨਾਲ ਵੇਖਦਾ ਹੈ। ਟੈਲੀਫ਼ੋਨ ਵੀ ਸੁਣ ਲੈਂਦਾ ਹੈ,
ਪਰ ਉਨਾਂ ਦੀ ਕਹੀ ਗੱਲ ਨਜ਼ਰ ਅੰਦਾਜ਼ ਕਰ ਦਿੰਦਾ ਹੈ। ਇਹ ਦਰਅਸਲ ਬੋਲੇਪਨ ਦੀ ਪਹਿਲੀ
ਨਿਸ਼ਾਨੀ ਹੋ ਸਕਦੀ ਹੈ ਕਿਉਂਕਿ ਬੋਲਣ ਦੇ ਡੈਸੀਬੈੱਲ ਤੋਂ ਟੀ.ਵੀ. ਦਾ ਡੈਸੀਬੈੱਲ
ਉੱਚਾ ਹੁੰਦਾ ਹੈ। ਇਸੇ ਲਈ ਤੁਰੰਤ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੋ ਜਾਂਦੀ ਹੈ।
ਜਿਹੜੇ ਕਾਰਣਾਂ ਦਾ ਇਲਾਜ ਸੰਭਵ ਹੋਵੇ, ਉਨਾਂ ਦਾ ਤੁਰੰਤ ਇਲਾਜ ਕਰਨ ਦੀ ਲੋੜ ਹੈ।
ਕਈ ਕੇਸਾਂ ਵਿਚ ਸੁਣਨ ਦੀਆਂ ਮਸ਼ੀਨਾਂ ਲਾਉਣੀਆਂ ਪੈਂਣੀਆਂ ਹਨ। ਕਈ ਜਮਾਂਦਰੂ ਬੋਲੇ
ਕੇਸਾਂ ਵਿਚ ਕੌਕਲੀਅਰ ਇੰਮਪਲਾਂਟ ਲਗਾਇਆ ਜਾਂਦਾ ਹੈ।
ਕੰਨ ਕੁਦਰਤ ਦਾ ਅਣਮੋਲ ਤੋਹਫ਼ਾ ਹਨ। ਸੋਚ ਕੇ ਵੇਖੀਏ, ਜੇ ਮਾਂ ਦੀ ਲੋਰੀ ਨਾ
ਸੁਣੇ, ਪ੍ਰੇਮਿਕਾ ਵੱਲੋਂ ਕਹੇ ਪਿਆਰ ਦੇ ਬੋਲ ਨਾ ਸੁਣ ਸਕੀਏ ਤੇ ਵਿਦਿਆਰਥੀਆਂ
ਵੱਲੋਂ, ਦੋਸਤਾਂ, ਧੀਆਂ ਪੁੱਤਰਾਂ, ਪੋਤਰਿਆਂ, ਦੋਹਤਰਿਆਂ ਆਦਿ ਵੱਲੋਂ ਸੁਖ ਸੁਣੇਹੇ
ਸੁਣਨ ਤੋਂ ਵਾਂਝੇ ਰਹਿ ਜਾਈਏ ਤਾਂ ਕੀ ਖੁੱਸ ਜਾਏਗਾ!
ਇਸੇ ਲਈ ਕਾਰਣ ਭਾਵੇਂ ਜੋ ਵੀ ਹੋਵੇ, ਬੋਲੇਪਨ ਦਾ ਇਲਾਜ ਜ਼ਰੂਰੀ ਹੈ ਤੇ ਝਟਪਟ
ਕਰਵਾ ਲੈਣਾ ਚਾਹੀਦਾ ਹੈ ਤਾਂ ਜੋ ਜ਼ਿੰਦਗੀ ਦਾ ਭਰਪੂਰ ਆਨੰਦ ਮਾਣ ਸਕੀਏ।
ਅਖ਼ੀਰ ਵਿਚ, ਲਗਾਤਾਰ ਕੰਨਾਂ ਵਿਚ ਈਅਰਫ਼ੋਨ ਠੂਸ ਕੇ ਸੰਗੀਤ ਸੁਣਨ ਵਾਲਿਆਂ ਲਈ
ਤਾਕੀਦ ਹੈ ਕਿ ਜੇ ਮਿਊਜ਼ਿਕ ਸੁਣਦਿਆਂ ਤੁਸੀਂ ਕਿਸੇ ਪਿੱਛੋਂ ਆਉਂਦੀ ਕਾਰ ਹੇਠਾਂ ਦਬ
ਕੇ ਕੂਚ ਨਾ ਕਰ ਗਏ ਤਾਂ ਬਸ ਥੋੜਾ ਹੀ ਸਮਾਂ ਇੰਜ ਹੋਰ ਚੱਲੀ ਜਾਣ ਦਿਓ, ਫੇਰ ਸਦੀਵੀ
ਬੋਲੇਪਨ ਤੋਂ ਤੁਹਾਨੂੰ ਕੋਈ ਨਹੀਂ ਬਚਾ ਸਕਣ ਲੱਗਿਆ। ਸੋ ਖ਼ਬਰਦਾਰ, ਹੁਸ਼ਿਆਰ ਰਹੋ!
ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783
|