ਇੱਕੀਵੀਂ ਸਦੀ ਦੀਆਂ ਚੁਣੌਤੀਆਂ
ਦੇ ਸਨਮੁਖ ਪੰਜਾਬੀ ਯੂਨੀਵਰਸਿਟੀ ਨੇ ਬਹੁਤ ਪਹਿਲਾਂ
ਹੀ ਜਾਣ ਲਿਆ ਸੀ ਕਿ ਜੇ ਖੇਤਰੀ ਭਾਸ਼ਾਵਾਂ ਨੇ ਆਪਣਾ ਵਜੂਦ ਕਾਇਮ ਰੱਖਣਾ ਹੈ
ਤਾਂ ਉਨ੍ਹਾਂ ਦਾ ਤਕਨੀਕੀ ਵਿਕਾਸ ਕਰਨਾ ਬਹੁਤ ਜ਼ਰੂਰੀ ਹੈ। ਇਸ ਗੱਲ ਨੂੰ ਧਿਆਨ ਵਿੱਚ
ਰੱਖਦੇ ਹੋਏ ਪੰਜਾਬੀ ਯੂਨੀਵਰਸਿਟੀ, ਜਿਸਦਾ ਮੂਲ ਮੰਤਵ ਹੀ ਪੰਜਾਬੀ ਭਾਸ਼ਾ ਦਾ ਵਿਕਾਸ
ਕਰਨਾ ਹੈ, ਨੇ 21 ਫਰਵਰੀ 2004 ਨੂੰ ਮਾਤ-ਭਾਸ਼ਾ ਦਿਵਸ ਦੇ ਮੌਕੇ 'ਤੇ ਪੰਜਾਬੀ ਭਾਸ਼ਾ,
ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦੇ ਉੱਚਤਮ ਕੇਂਦਰ ਦੀ ਸਥਾਪਨਾ ਕੀਤੀ। ਉਸ
ਸਮੇਂ ਦੇ ਵਾਈਸ-ਚਾਂਸਲਰ ਸ੍ਰ. ਸਵਰਨ ਸਿੰਘ ਬੋਪਾਰਾਏ ਦੁਆਰਾ ਇਸ ਕੇਂਦਰ ਦੀ ਸਥਾਪਨਾ
ਕਰਨ ਨਾਲ ਅਜਿਹੇ ਕੇਂਦਰ ਵਾਲੀ ਇਹ ਦੁਨੀਆਂ ਦੀ ਪਹਿਲੀ ਯੂਨੀਵਰਸਿਟੀ ਬਣ ਗਈ।
ਇਸ ਕੇਂਦਰ ਦੀ ਅਗਵਾਈ ਕੰਪਿਊਟਰ
ਸਾਇੰਸ ਅਤੇ ਇੰਜਨੀਅਰਿੰਗ ਵਿਭਾਗ ਦੇ ਪ੍ਰੋਫ਼ੈਸਰ ਡਾ. ਗੁਰਪ੍ਰੀਤ ਸਿੰਘ ਲਹਿਲ ਵਰਗੇ
ਉੱਘੇ ਕੰਪਿਊਟਰ ਮਾਹਿਰ ਦੇ ਹੱਥਾਂ ਵਿੱਚ ਹੈ। ਡਾ. ਲਹਿਲ ਪੰਜਾਬੀ-ਸਾਫਟਵੇਅਰ-ਵਿਕਾਸ
ਦੇ ਮੋਢੀਆਂ ਵਿੱਚੋਂ ਹਨ। ਡਾ. ਲਹਿਲ ਨੇ ਗੁਰਮੁਖੀ ਦੇ ਪਹਿਲੇ ਓ.ਸੀ.ਆਰ. ਸਾਫਟਵੇਅਰ,
ਪੰਜਾਬੀ ਦੇ ਪਹਿਲੇ ਵਰਡ-ਪ੍ਰੋਸੈੱਸਰ, ਪਹਿਲੇ ਪੰਜਾਬੀ ਸਪੈੱਲ-ਚੈੱਕਰ ਅਤੇ ਪਹਿਲੇ
ਗੁਰਮੁਖੀ-ਸ਼ਾਹਮੁਖੀ ਲਿਪੀਅੰਤਰਨ ਸਾਫਟਵੇਅਰ ਆਦਿ ਸਾਫ਼ਟਵੇਅਰਾਂ ਦਾ ਵਿਕਾਸ ਕਰਕੇ
ਪੰਜਾਬੀ-ਸਾਫਟਵੇਅਰ-ਵਿਕਾਸ ਦੇ ਖੇਤਰ ਵਿੱਚ ਇੱਕ ਵੱਡੀ ਪਲਾਂਘ ਪੁੱਟੀ ਹੈ।
ਆਪਣੀ ਸਥਾਪਨਾ ਉਪਰੰਤ ਬੜੇ
ਸੀਮਿਤ ਜਿਹੇ ਸਮੇਂ ਵਿੱਚ ਹੀ ਇਸ ਕੇਂਦਰ ਨੇ ਬੜੀਆਂ ਮਾਣਯੋਗ ਪ੍ਰਾਪਤੀਆਂ ਕੀਤੀਆਂ
ਹਨ। ਇਸ ਕੇਂਦਰ ਦੇ ਸਟਾਫ਼ ਅਤੇ ਖੋਜ-ਵਿਦਿਆਰਥੀਆਂ ਨੇ ਕਈ ਅਜਿਹੀਆਂ ਨਵੀਆਂ ਤਕਨੀਕਾਂ
ਵਿਕਸਿਤ ਕੀਤੀਆਂ ਜਿਨ੍ਹਾਂ ਨੇ ਕੰਪਿਊਟਰ ਉੱਪਰ ਪੰਜਾਬੀ ਦੀ ਵਰਤੋਂ ਨੂੰ ਆਸਾਨ ਬਣਾਉਣ
ਅਤੇ ਭਾਸ਼ਾ ਅਤੇ ਲਿਪੀ ਦੀਆਂ ਸੀਮਾਵਾਂ ਨੂੰ ਮਿਟਾ ਕੇ ਪੰਜਾਬੀਆਂ ਨੂੰ ਇੱਕ ਸੂਤਰ
ਵਿੱਚ ਪਰੋਣ ਵਿੱਚ ਮਦਦ ਕੀਤੀ ਹੈ। ਕੇਂਦਰ ਵੱਲੋਂ ਵਿਕਸਿਤ ਕੀਤੇ ਸਾਫਟਵੇਅਰ ਇਸ ਦੀ
ਵੈੱਬਸਾਈਟ (www.learnpunjabi.org)
ਉੱਪਰ ਆਨਲਾਈਨ ਉਪਲਬਧ ਹਨ। ਆਓ ਇਨ੍ਹਾਂ ਆਨਲਾਈਨ ਸ੍ਰੋਤਾਂ ਬਾਰੇ ਸੰਖੇਪ ਜਾਣਕਾਰੀ
ਹਾਸਲ ਕਰੀਏ :
1.
ਗੁਰਮੁਖੀ-ਸ਼ਾਹਮੁਖੀ ਲਿਪੀਅੰਤਰਨ :
ਪੰਜਾਬੀ ਭਾਸ਼ਾ ਦੀ ਇਹ
ਵਿਲੱਖਣਤਾ ਹੈ ਕਿ ਇਹ ਦੋ ਵਿਭਿੰਨ ਲਿਪੀਆਂ ਵਿੱਚ ਲਿਖੀ ਜਾਂਦੀ ਹੈ। ਭਾਰਤ ਵਿੱਚ
ਪੰਜਾਬੀ ਭਾਸ਼ਾ ਗੁਰਮੁਖੀ ਲਿਪੀ ਵਿੱਚ ਲਿਖੀ ਜਾਂਦੀ ਹੈ ਜਦੋਂ ਕਿ ਪਾਕਿਸਤਾਨ ਵਿੱਚ ਇਹ
ਸ਼ਾਹਮੁਖੀ (ਉਰਦੂ) ਲਿਪੀ ਵਿੱਚ ਲਿਖੀ ਜਾਂਦੀ ਹੈ। ਇਉਂ ਪੰਜਾਬੀ ਬੋਲਦੇ ਲੋਕਾਂ ਦੀ
ਬਹੁਗਿਣਤੀ, ਜਿਹੜੀ ਕਿ ਪਾਕਿਸਤਾਨ ਵਿੱਚ ਰਹਿੰਦੀ ਹੈ, ਗੁਰਮੁਖੀ ਲਿਪੀ ਵਿੱਚ ਲਿਖੀ
ਪੰਜਾਬੀ ਨੂੰ ਨਹੀਂ ਸਮਝ ਸਕਦੀ। ਇਸੇ ਤਰ੍ਹਾਂ ਭਾਰਤ ਵਿਚਲੇ ਪੰਜਾਬੀ ਬੋਲਦੇ ਲੋਕਾਂ
ਦੀ ਬਹੁਗਿਣਤੀ ਸ਼ਾਹਮੁਖੀ ਲਿਪੀ ਤੋਂ ਅਣਜਾਣ ਹੈ। ਇਉਂ ਦੋਹਾਂ ਪੰਜਾਬਾਂ ਦੇ ਲੋਕਾਂ
ਦੁਆਰਾ ਇੱਕ ਦੂਸਰੇ ਦੀ ਭਾਸ਼ਾ ਨੂੰ ਸਮਝਣ ਵਿੱਚ ਲਿਪੀ ਦੀ ਸਮੱਸਿਆ ਪੇਸ਼ ਆਉਂਦੀ ਹੈ।
ਇਸ ਕੇਂਦਰ ਦੀ ਪਹਿਲੀ ਅਤੇ ਸ੍ਰੇਸ਼ਠ ਪ੍ਰਾਪਤੀ ਵਧੇਰੇ ਸ਼ੁੱਧਤਾ ਵਾਲੇ ਅਜਿਹੇ
ਸਾਫਟਵੇਅਰ ਦਾ ਵਿਕਾਸ ਕਰਨਾ ਹੈ ਜਿਹੜਾ ਵਰਤੋਂਕਾਰ ਨੂੰ ਮਾਊਸ ਦੇ ਇੱਕ ਕਲਿੱਕ ਰਾਹੀਂ
ਗੁਰਮੁਖੀ ਲਿਪੀ ਨੂੰ ਸ਼ਾਹਮੁਖੀ ਲਿਪੀ ਅਤੇ ਸ਼ਾਹਮੁਖੀ ਲਿਪੀ ਨੂੰ ਗੁਰਮੁਖੀ ਲਿਪੀ ਵਿੱਚ
ਬਦਲਣ ਦੀ ਸਹੂਲਤ ਪ੍ਰਦਾਨ ਕਰਦਾ ਹੈ। ਡਾ. ਗੁਰਪ੍ਰੀਤ ਸਿੰਘ ਲਹਿਲ ਅਤੇ ਡਾ. ਤਜਿੰਦਰ
ਸਿੰਘ ਸੈਣੀ ਦੁਆਰਾ ਵਿਕਸਿਤ ਕੀਤੇ ਗਏ ਇਸ ਲਿਪੀਅੰਤਰਨ ਸਾਫਟਵੇਅਰ ਨੇ ਪੂਰਬੀ ਅਤੇ
ਪੱਛਮੀ ਪੰਜਾਬ ਦੇ ਲੋਕਾਂ ਸਮੇਤ ਦੁਨੀਆਂ ਦੇ ਬਾਕੀ ਹਿੱਸਿਆਂ ਵਿੱਚ ਫੈਲੇ ਪੰਜਾਬੀ
ਬੋਲਦੇ ਲੋਕਾਂ ਵਿਚਕਾਰ ਮੌਜੂਦ ਲਿਪੀ ਦੀਆਂ ਹੱਦਾਂ ਨੂੰ ਮਿਟਾ ਕੇ ਪੰਜਾਬੀਆਂ ਨੂੰ
ਇੱਕ ਦੂਜੇ ਦੇ ਨੇੜੇ ਕਰ ਦਿੱਤਾ ਹੈ। ਗੁਰਮੁਖੀ ਲਿਪੀ ਵਿੱਚ ਲਿਖੀ ਇੱਕ ਦਰਮਿਆਨੇ
ਸਾਈਜ਼ ਦੀ ਕਿਤਾਬ ਕੁਝ ਹੀ ਮਿੰਟਾਂ ਵਿੱਚ 98% ਤੋਂ ਵੀ ਜਿਆਦਾ ਸ਼ਬਦ-ਸ਼ੁੱਧਤਾ ਨਾਲ
ਸ਼ਾਹਮੁਖੀ ਲਿਪੀ ਵਿੱਚ ਲਿਪੀਅੰਤਰਿਤ ਕੀਤੀ ਜਾ ਸਕਦੀ ਹੈ ਜਿਸਨੂੰ ਦਸਤੀ ਰੂਪ ਵਿੱਚ
ਲਿਪੀਅੰਤਰਿਤ ਕਰਨ ਵਿੱਚ ਕਈ ਹਫਤੇ ਲੱਗ ਸਕਦੇ ਹਨ। ਇਸੇ ਤਰ੍ਹਾਂ ਸ਼ਾਹਮੁਖੀ ਦੀ ਕਿਤਾਬ
ਨੂੰ ਗੁਰਮੁਖੀ ਵਿੱਚ ਰੁਪਾਂਤਰਿਤ ਕਰਨਾ ਸਕਿੰਟਾਂ ਦੀ ਗੱਲ ਹੈ ਜਿਸ ਨਾਲ ਬਹੁਤ ਸਾਰੇ
ਮਨੁੱਖੀ ਸਮੇਂ ਅਤੇ ਸਾਧਨਾਂ ਦੀ ਬੱਚਤ ਕੀਤੀ ਜਾ ਸਕਦੀ ਹੈ। ਇਹ ਸਾਫਟਵੇਅਰ ਪੂਰੀ ਦੀ
ਪੂਰੀ ਵੈੱਬਸਾਈਟ ਨੂੰ ਵੀ ਇੱਕ ਲਿਪੀ ਤੋਂ ਦੂਜੀ ਲਿਪੀ ਵਿੱਚ ਰੁਪਾਂਤਰਿਤ ਕਰ ਸਕਦਾ
ਹੈ। ਮਿਸਾਲ ਵਜੋਂ ਇਸ ਸਾਫਟਵੇਅਰ ਦੀ ਵਰਤੋਂ ਕਰਦਿਆਂ ਸ਼ਾਹਮੁਖੀ ਦੀ
www.wichar.com
ਵੇੱਬਸਾਈਟ ਪੂਰੀ ਤਰ੍ਹਾਂ
ਗੁਰਮੁਖੀ ਵਿੱਚ ਲਿਪੀਅੰਤਰਿਤ ਕਰਕੇ ਪੜ੍ਹੀ ਜਾ ਸਕਦੀ ਹੈ।
ਇਸ ਤੋਂ ਇਲਾਵਾ ਕੇਂਦਰ ਦੁਆਰਾ
ਇੱਕ ਅਜਿਹਾ ਸਾਫਟਵੇਅਰ ਵੀ ਵਿਕਸਿਤ ਕੀਤਾ ਗਿਆ ਹੈ ਜਿਹੜਾ ਕਿਸੇ ਵੀ ਗੁਰਮੁਖੀ
ਦਸਤਾਵੇਜ਼ ਨੂੰ ਰੋਮਨ ਜਾਂ ਦੇਵਨਾਗਰੀ ਲਿਪੀ ਵਿੱਚ ਜਾਂ ਇਸ ਤੋਂ ਉਲਟ ਲਿਪੀਅੰਤਰਿਤ ਕਰ
ਸਕਦਾ ਹੈ। ਇਸ ਦੇ ਨਾਲ ਹੀ ਇਸ ਕੇਂਦਰ ਨੇ ਇੱਕ ਉੱਚ ਸ਼ੁੱਧਤਾ ਵਾਲੇ ਉਰਦੂ/ਹਿੰਦੀ
ਲਿਪੀਅੰਤਰਨ ਸਿਸਟਮ ਦਾ ਵਿਕਾਸ ਕੀਤਾ ਹੈ ਜਿਹੜਾ ਕਿ ਕਿਸੇ ਵੀ ਹਿੰਦੀ ਵੈੱਬਸਾਈਟ ਨੂੰ
ਉਰਦੂ ਵਿੱਚ ਅਤੇ ਉਰਦੂ ਨੂੰ ਹਿੰਦੀ ਵਿੱਚ ਲਿਪੀਅੰਤਰਿਤ ਕਰ ਸਕਦਾ ਹੈ। ਇਹ ਸਾਰੇ
ਸਾਫਟਵੇਅਰ ਕੇਂਦਰ ਦੀ ਵੈੱਬਸਾਈਟ ਉੱਪਰ ਮੁਫ਼ਤ ਵਰਤੋਂ ਲਈ ਉਪਲਬਧ ਹਨ।
2. ਪੰਜਾਬੀ ਦੀ ਸਿੱਖਿਆ :
ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਪੰਜਾਬੀ ਪਰਵਾਸੀਆਂ ਦੀ ਨੌਜਵਾਨ ਪੀੜ੍ਹੀ
ਆਪਣੇ ਵਿਰਸੇ ਅਤੇ ਆਪਣੀ ਮਾਤ ਭਾਸ਼ਾ ਨਾਲੋਂ ਟੁੱਟ ਰਹੀ ਹੈ, ਇਸ ਕੇਂਦਰ ਨੇ ਪੰਜਾਬੀ
ਭਾਸ਼ਾ ਦੀ ਸਿੱਖਿਆ ਦਾ ਇੱਕ ਆਨਲਾਈਨ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਹ ਪ੍ਰੋਗਰਾਮ
ਅਤਿਆਧੁਨਿਕ ਮਲਟੀਮੀਡੀਆ ਦੀ ਸੁਯੋਗ ਵਰਤੋਂ ਕਰਦਿਆਂ ਹੇਠ ਲਿਖੇ ਭਾਗਾਂ ਵਿੱਚ ਵਿਕਸਿਤ
ਕੀਤਾ ਗਿਆ ਹੈ :
·
ਗੁਰਮੁਖੀ
ਦੀ ਅੱਖਰ-ਬਣਤਰ :
ਸਾਰੇ ਗੁਰਮੁਖੀ ਅੱਖਰਾਂ ਦੀ ਬਣਤਰ ਦੀ ਐਨੀਮੇਸ਼ਨ ਉਨ੍ਹਾਂ ਦੇ ਨਾਂ, ਆਵਾਜ਼, ਤਸਵੀਰ
ਅਤੇ ਵਿਵਰਨ ਸਮੇਤ ਪ੍ਰਦਾਨ ਕੀਤੀ ਗਈ ਹੈ।
·
ਪੰਜਾਬੀ
ਸ਼ਬਦ-ਬਣਤਰ
:
ਆਮ
ਵਰਤੋਂ ਵਿੱਚ ਆਉਣ ਵਾਲੇ ਪੰਜਾਬੀ ਸਬਦਾਂ ਦੀ ਐਨੀਮੇਟਡ ਰੂਪ ਵਿੱਚ ਬਣਤਰ ਉਨ੍ਹਾਂ ਦੇ
ਉਚਾਰਨ ਅਤੇ ਉਨ੍ਹਾਂ ਦੁਆਰਾ ਪ੍ਰਗਟ ਭਾਵਾਂ ਨਾਲ ਸੰਬੰਧਿਤ ਤਸਵੀਰਾਂ ਸਮੇਤ ਉਪਲਬਧ
ਕਰਵਾਈ ਗਈ ਹੈ।
·
ਕੁਇਜ਼
: ਇਸ ਵੈੱਬਸਾਈਟ
ਦੇ ਵਰਤੋਂਕਾਰਾਂ ਦੀ ਪੰਜਾਬੀ ਅੱਖਰਾਂ ਪ੍ਰਤੀ ਜਾਣਕਾਰੀ ਨੂੰ ਪਰਖਣ ਲਈ ਵਿਭਿੰਨ
ਪ੍ਰਕਾਰ ਦੇ ਕੁਇਜ਼ ਬਣਾਏ ਗਏ ਹਨ।
·
ਮਲਟੀਮੀਡੀਆ ਸਮੱਗਰੀ :
ਪੰਜਾਬੀ ਸਿੱਖਣ ਪ੍ਰਕਿਰਿਆ ਨੂੰ ਆਸਾਨ ਅਤੇ ਦਿਲਚਸਪ ਬਣਾਉਣ ਲਈ ਪੰਜਾਬੀ ਸਿੱਖਣ
ਵਾਲਿਆਂ ਲਈ ਕਈ ਪ੍ਰਕਾਰ ਦੀਆਂ ਕੰਪਿਊਟਰ ਗੇਮਾਂ ਤਿਆਰ ਕੀਤੀਆਂ ਗਈਆਂ ਹਨ। ਇਨ੍ਹਾਂ
ਵਿੱਚ ਕਰੌਸਵਰਡ ਪਜ਼ਲਜ਼, ਹੈਂਗਿੰਗ ਮੈਨ, ਉਚਾਰਨ ਸੁਣ ਕੇ ਸ਼ਬਦ ਦੀ ਪਹਿਚਾਣ ਕਰਨੀ, ਟੰਗ
ਟਵਿਸਟਰਜ਼, ਲੋਕ ਕਹਾਣੀਆਂ, ਕਵਿਤਾਵਾਂ ਅਤੇ ਬੋਲਦੀਆਂ ਕਹਾਣੀਆਂ ਆਦਿ ਪ੍ਰਮੁੱਖ ਹਨ।
·
ਸਚਿੱਤਰ
ਸ਼ਬਦਾਵਲੀ :
ਵੱਖ-ਵੱਖ ਵਿਸ਼ਿਆਂ ਜਿਵੇਂ ਸਰੀਰਕ ਅੰਗਾਂ, ਇਮਾਰਤਾਂ, ਪੰਛੀਆਂ, ਪਸ਼ੂਆਂ ਅਤੇ ਅੰਕਾਂ
ਆਦਿ ਬਹੁਤ ਸਾਰੇ ਵਿਸ਼ਿਆਂ ਵਿੱਚ ਵਰਗੀਕ੍ਰਿਤ ਕੀਤੀ ਹੋਈ ਸ਼ਬਦਾਵਲੀ ਚਿੱਤਰਾਂ ਸਮੇਤ
ਪ੍ਰਦਾਨ ਕੀਤੀ ਗਈ ਹੈ।
·
ਪੰਜਾਬੀ
ਵਿਆਕਰਨ :
ਮੁੱਢਲੀ ਪੰਜਾਬੀ ਵਿਆਕਰਨ ਸਿਖਾਉਣ ਲਈ ਪੰਜਾਬੀ ਵਿਆਕਰਨ ਨਾਲ ਸੰਬੰਧਿਤ ਅੱਠ ਪਾਠ
ਉਪਲਬਧ ਕਰਵਾਏ ਗਏ ਹਨ। ਇਨ੍ਹਾਂ ਪਾਠਾਂ ਦੇ ਨਾਲ ਹੀ ਵਰਤੋਂਕਾਰਾਂ ਦੀ ਪੰਜਾਬੀ
ਵਿਆਕਰਨ ਪ੍ਰਤੀ ਜਾਣਕਾਰੀ ਨੂੰ ਪਰਖਣ ਲਈ ਬਹੁ-ਵਿਕਲਪੀ ਕੁਇਜ਼ ਤਿਆਰ ਕੀਤੇ ਗਏ ਹਨ।
ਪੰਜਾਬੀ ਸਿਖਾਉਣ ਵਾਲੇ ਉਪਰੋਕਤ
ਪ੍ਰੋਗਰਾਮਾਂ ਵਿੱਚ ਅਦਾਰੇ ਦੁਆਰਾ ਪੰਜਾਬੀ ਸਿੱਖਣ ਵਿੱਚ ਸਹਾਇਕ ਕੁਝ ਹੋਰ ਆਧੁਨਿਕ
ਕੋਰਸ ਵੀ ਸ਼ਾਮਿਲ ਕੀਤੇ ਜਾ ਰਹੇ ਹਨ। ਇਸ
ਵਿੱਚ ਪ੍ਰਮਾਣਿਕ
ਪੰਜਾਬੀ ਵਿਦਵਾਨਾਂ ਦੇ 21 ਵੀਡੀਓ ਲੈਕਚਰ ਪੇਸ਼ ਕੀਤੇ ਜਾਣਗੇ। ਇਸ ਦੇ ਨਾਲ ਹੀ
ਪੰਜਾਬੀ ਸਿੱਖਣ ਵਿੱਚ ਮਦਦਗਾਰ ਸਾਰੇ ਜ਼ਰੂਰੀ ਤੱਤਾਂ ਸਮੇਤ 20 ਪਾਠਾਂ ਵਿੱਚ
ਵਰਗੀਕ੍ਰਿਤ ਇਕ ਵਿਵਿਧ ਪ੍ਰਕਾਰ ਦਾ ਆਡੀਓ ਪੰਜਾਬੀ ਟੀਚਿੰਗ ਕੋਰਸ ਵੀ ਤਿਆਰ ਕੀਤਾ
ਗਿਆ ਹੈ।
3.
ਪ੍ਰੰਪਰਾਗਤ ਫੌਟਾਂ ਦਾ
ਸਵੈਚਾਲਤ
ਫੌਂਟ
ਪਛਾਣਕ
ਅਤੇ
ਯੂਨੀਕੋਡ
ਪਰਿਵਰਤਕ :
ਵਰਤਮਾਨ ਸਮੇਂ ਪੰਜਾਬੀ ਭਾਸ਼ਾ ਦੀ ਟਾਈਪਿੰਗ ਲਈ ਆਸਕੀ ਆਧਾਰਿਤ 500 ਤੋਂ ਵੀ ਵਧੇਰੇ
ਫੌਂਟ ਉਪਲਬਧ ਹਨ। ਪੰਜਾਬੀ ਲਈ ਇੰਨੇ ਜਿਆਦਾ ਫੌਟਾਂ ਦੀ ਉਪਲਬਧਤਾ ਪੰਜਾਬੀ ਦੀ
ਪਾਠ-ਪਛਾਣ ਲਈ ਮੁਸ਼ਕਲ ਖੜ੍ਹੀ ਕਰ ਸਕਦੀ ਹੈ ਕਿਉਂਕਿ ਪੰਜਾਬੀ ਦਾ ਹਰੇਕ ਫੌਂਟ ਵੱਖਰੀ
ਕੀ-ਬੋਰਡ ਮੈਪਿੰਗ ਦੀ ਵਰਤੋਂ ਕਰਦਾ ਹੈ। ਯੂਨੀਕੋਡ ਸਾਰੇ ਕਿਸਮ ਦੇ ਹਾਰਡਵੇਅਰਾਂ ਅਤੇ
ਸਾਫਟਵੇਅਰਾਂ ਵਾਲੇ ਕੰਪਿਊਟਰਾਂ ਉੱਪਰ ਪੰਜਾਬੀ ਦੀ ਪ੍ਰੋਸੈਸਿੰਗ ਲਈ ਪ੍ਰਵਾਨਿਤ
ਸਟੈਂਡਰਡ ਹੈ। ਇਸੇ ਕਾਰਨ ਇਹ ਲਾਜ਼ਮੀ ਹੋ ਜਾਂਦਾ ਹੈ ਕਿ ਪ੍ਰੰਪਰਾਗਤ ਫੌਂਟਾਂ ਵਿਚ
ਅੰਕਿਤ ਪੰਜਾਬੀ ਪਾਠਾਂ ਨੂੰ ਯੂਨੀਕੋਡ ਵਿਚ ਤਬਦੀਲ ਕਰ ਲਿਆ ਜਾਵੇ। ਇਸ ਕੇਂਦਰ ਨੇ
ਪੰਜਾਬੀ ਲਈ ਦੁਨੀਆਂ ਦਾ ਪਹਿਲਾ ਨਿਪੁੰਨ ਫੌਂਟ ਪਰਿਵਰਤਕ ਤਿਆਰ ਕੀਤਾ ਹੈ ਜਿਹੜਾ
ਅੰਕੜਾ ਵਿਗਿਆਨ ਆਧਾਰਿਤ ਪਹੁੰਚ ਦੀ ਵਰਤੋਂ ਕਰਦਿਆਂ ਕਿਸੇ ਵੀ ਪੰਜਾਬੀ ਪਾਠ ਦੇ ਫੌਂਟ
ਨੂੰ ਆਪਣੇ-ਆਪ ਪਛਾਣ ਕੇ ਯੂਨੀਕੋਡ ਵਿਚ ਪਰਿਵਰਤਿਤ ਕਰ ਦਿੰਦਾ ਹੈ।
ਵਰਤੋਕਾਰ
ਲਈ
ਫੌਂਟ
ਦਾ
ਨਾਂ
ਦੱਸਣ
ਦੀ
ਜ਼ਰੂਰਤ
ਨਹੀਂ
ਹੁੰਦੀ।
ਇਹ
ਸਾਫਟਵੇਅਰ ਕਿਸੇ ਪੀ.ਡੀ.ਐਫ. ਫਾਈਲ ਨੂੰ ਯੂਨੀਕੋਡ ਵਿਚ ਪਰਿਵਰਤਿਤ ਕਰਨ ਦੇ ਨਾਲ-ਨਾਲ
ਕਿਸੇ ਵੀ ਅਗਿਆਤ ਫੌਂਟ ਵਿਚ ਅੰਕਿਤ ਪੰਜਾਬੀ ਪਾਠ ਨੂੰ ਯੂਨੀਕੋਡ ਵਿਚ ਪਰਿਵਰਤਿਤ ਕਰਨ
ਵਿਚ ਵੀ ਬਹੁਤ ਉਪਯੋਗੀ ਸਿੱਧ ਹੋਇਆ ਹੈ। ਇਹ ਫੌਂਟ ਪਰਿਵਰਤਕ ਕੇਂਦਰ ਦੇ ਹੋਰਨਾਂ
ਪ੍ਰੋਗਰਾਮਾਂ ਨਾਲ ਜੋੜਿਆ ਗਿਆ ਹੈ। ਮਿਸਾਲ ਵਜੋਂ ਇਸ ਨੂੰ ਗੁਰਮੁਖੀ-ਸ਼ਾਹਮੁਖੀ
ਲਿਪੀਅੰਤਰਨ ਪ੍ਰੋਗਰਾਮ ਨਾਲ ਜੋੜ ਕੇ ਕਿਸੇ ਵੀ ਫੌਂਟ ਵਿਚ ਅੰਕਿਤ ਗੁਰਮੁਖੀ ਪਾਠ ਦੀ
ਪ੍ਰੋਸੈਸਿੰਗ ਵਧੇਰੇ ਸੁਖਾਲ਼ੀ ਬਣਾਈ ਗਈ ਹੈ। ਇਹ ਪ੍ਰੋਗਰਾਮ ਕਿਸੇ ਭਾਰਤੀ ਭਾਸ਼ਾ ਲਈ
ਪਹਿਲੀ ਵਾਰ ਵਿਕਸਿਤ ਕੀਤਾ ਗਿਆ ਹੈ।
4.
ਪੰਜਾਬੀ ਟਾਈਪਿੰਗ
ਟੂਲ :
ਯੂਨੀਕੋਡ ਆਧਾਰਿਤ ਪੰਜਾਬੀ ਟਾਈਪਿੰਗ, ਅੰਗਰੇਜ਼ੀ ਟਾਈਪਿੰਗ ਤੋਂ ਵਧੇਰੇ
ਜਟਿਲ
ਹੈ। ਯੂਨੀਕੋਡ ਆਧਾਰਿਤ ਪੰਜਾਬੀ ਟਾਈਪਿੰਗ ਨੂੰ ਸੁਖਾਲਾ ਬਣਾਉਣ ਲਈ
ਡਾ. ਗੁਰਪ੍ਰੀਤ ਸਿੰਘ ਲਹਿਲ
ਅਤੇ ਡਾ. ਤਜਿੰਦਰ ਸਿੰਘ ਸੈਣੀ ਨੇ
ਗੁਰਮੁਖੀ ਯੂਨੀਕੋਡ
ਟਾਈਪਿੰਗ ਪੈਡ ਵਿਕਸਿਤ ਕੀਤੀ ਹੈ। ਇਸ ਗੁਰਮੁਖੀ ਯੂਨਿਕੋਡ ਟਾਈਪਿੰਗ ਪੈਡ ਦੀ ਵਰਤੋਂ
ਕਰਦੇ ਸਮੇਂ ਵਰਤੋਂਕਾਰ ਆਪਣੀ ਮਰਜ਼ੀ ਮੁਤਾਬਿਕ ਫੋਨੈਟਿਕ, ਰਮਿੰਗਟਨ ਅਤੇ ਆਨ ਸਕਰੀਨ
ਕੀ-ਬੋਰਡ ਨੂੰ ਵਰਤ ਸਕਦਾ ਹੈ। ਇਹ ਪੈਡ
ਪ੍ਰਚੱਲਿਤ
ਗੁਰਮੁਖੀ ਫੌਂਟਾਂ ਜਿਵੇਂ ਸਤਲੁਜ, ਅਸੀਸ ਅਤੇ ਅਨਮੋਲ ਲਿਪੀ ਆਦਿ ਵਿਚ ਮੌਜੂਦ
ਗੁਰਮੁਖੀ ਟੈਕਸਟ ਨੂੰ ਯੂਨੀਕੋਡ ਵਿਚ ਪਰਿਵਰਤਿਤ ਕਰਨ ਲਈ ਇਕ ਸਰਲ ਇੰਟਰਫੇਸ
ਮੁਹੱਈਆ ਕਰਵਾਉਂਦੀ
ਹੈ। ਇੰਨਾ ਹੀ ਨਹੀਂ
ਇਹ ਪੈਡ ਅੰਦਰੂਨੀ
ਲਿਪੀਅੰਤਰਨ ਮਾਡਿਊਲ ਦੀ ਵਰਤੋਂ ਕਰਕੇ ਗੁਰਮੁਖੀ ਪਾਠ ਦੀ ਸ਼ਾਹਮੁਖੀ ਵਿਚ ਈਮੇਲ ਭੇਜਣ
ਦੇ ਵੀ ਸਮਰੱਥ ਹੈ।
5.ਆਨਲਾਈਨ ਡਿਕਸ਼ਨਰੀਆਂ
ਡਿਕਸ਼ਨਰੀਆਂ ਕਿਸੇ ਵੀ ਭਾਸ਼ਾ ਦੇ
ਮੂਲ ਸ੍ਰੋਤ ਹੁੰਦੇ ਹਨ। ਇਸ ਕੇਂਦਰ ਦੁਆਰਾ ਲੋਕਾਂ ਦੀ ਸਹੂਲਤ ਲਈ ਹੇਠ ਲਿਖੀਆਂ
ਡਿਕਸ਼ਨਰੀਆਂ ਨੂੰ ਮੁਫਤ ਆਨਲਾਈਨ ਵਰਤੋਂ ਲਈ ਉਪਲਬਧ ਕਰਵਾਇਆ ਗਿਆ ਹੈ :
-
ਅੰਗਰੇਜ਼ੀ-ਪੰਜਾਬੀ ਟੌਪਿਕ
ਡਿਕਸ਼ਨਰੀ :
ਪੰਜਾਬੀ ਸਿੱਖਣ ਵਾਲਿਆ ਲਈ ਅੱਸੀ ਤੋਂ ਉੱਪਰ ਵਰਗਾਂ ਜਿਵੇਂ ਕਿ ਨਾਂਵ, ਵਿਸ਼ੇਸ਼ਣ,
ਖਾਣੇ, ਫਲ਼, ਪਸ਼ੂ, ਮਹੀਨੇ ਆਦਿ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਤਸਵੀਰਾਂ ਸਹਿਤ
ਟੌਪਿਕ ਡਿਕਸ਼ਨਰੀ ਵਿਕਸਿਤ ਕੀਤੀ ਗਈ ਹੈ। ਇਸ ਡਿਕਸ਼ਨਰੀ ਵਿੱਚ 3000 ਦੇ ਲਗਭਗ
ਇੰਦਰਾਜ਼ ਸ਼ਾਮਿਲ ਹਨ। ਹਰ ਸ਼ਬਦ ਆਪਣੇ ਉਚਾਰਨ, ਰੋਮਨ ਵਿੱਚ ਲਿਪੀਅੰਤਰਿਤ ਰੂਪ,
ਅੰਗਰੇਜ਼ੀ ਵਿੱਚ ਸਮਾਨਾਰਥੀ ਸ਼ਬਦ ਅਤੇ ਸੰਬੰਧਿਤ ਤਸਵੀਰ ਸਮੇਤ ਉਪਲਬਧ ਕਰਵਾਇਆ ਗਿਆ
ਹੈ।
-
ਮਲਟੀਮੀਡੀਆ ਆਧਾਰਿਤ
ਪੰਜਾਬੀ-ਅੰਗਰੇਜ਼ੀ ਡਿਕਸ਼ਨਰੀ :
ਅਦਾਰੇ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਤਿਆਰ ਕੀਤੀ ਪੰਜਾਬੀ-ਅੰਗਰੇਜ਼ੀ
ਡਿਕਸ਼ਨਰੀ ਦਾ ਇਲੈਕਟ੍ਰਾਨਿਕ ਰੂਪ ਉਪਲਬਧ ਕਰਵਾਇਆ ਹੈ। ਪੰਜਾਬੀ ਸ਼ਬਦਾਂ ਨੂੰ
ਗੁਰਮੁਖੀ ਅਤੇ ਸ਼ਾਹਮੁਖੀ ਲਿਪੀਆਂ ਵਿੱਚ ਦਰਸਾ ਕੇ ਸ਼ਬਦਾਂ ਦਾ ਉਚਾਰਨ ਅਤੇ ਉਨ੍ਹਾਂ
ਦੀ ਸ਼ਬਦ-ਸ਼੍ਰੇਣੀ ਦਿੰਦਿਆਂ ਉਨ੍ਹਾਂ ਦੇ ਅੰਗਰੇਜ਼ੀ ਵਿੱਚ ਅਰਥ ਦਿੱਤੇ ਗਏ ਹਨ। ਇਸ
ਡਿਕਸ਼ਨਰੀ ਦੀ ਇੱਕ ਖੂਬੀ ਇਹ ਹੈ ਕਿ ਵਰਤੋਂਕਾਰ ਨਾ ਸਿਰਫ ਗੁਰਮੁਖੀ ਸਗੋਂ ਸ਼ਾਹਮੁਖੀ
ਅਤੇ ਅੰਗਰੇਜ਼ੀ ਸ਼ਬਦਾਂ ਨੂੰ ਵੀ ਲੱਭ ਸਕਦਾ ਹੈ। ਸ਼ਬਦ-ਖੋਜ ਨੂੰ ਆਸਾਨ, ਸੁਵਿਧਾਜਨਕ
ਅਤੇ ਲਚਕਦਾਰ ਬਣਾਉਣ ਲਈ ਇਸ ਵਿੱਚ ਫਜ਼ੀ ਟੂਲ ਮੁਹੱਈਆ ਕਰਵਾਇਆ ਗਿਆ ਹੈ।
6. ਪੰਜਾਬੀ ਗਰਾਮਰ ਚੈੱਕਰ :
ਪੰਜਾਬੀ ਦਾ ਪਹਿਲਾ ਅਤੇ ਇੱਕੋ-ਇੱਕ ਗਰਾਮਰ ਚੈੱਕਰ ਵੀ ਅਦਾਰੇ ਵਿਖੇ ਹੀ ਡਾ.
ਗੁਰਪ੍ਰੀਤ ਸਿੰਘ ਲਹਿਲ ਦੀ ਸੁਯੋਗ ਅਗਵਾਈ ਹੇਠ ਡਾ. ਮਨਦੀਪ ਸਿੰਘ ਗਿੱਲ ਦੁਆਰਾ
ਵਿਕਸਿਤ ਕੀਤਾ ਗਿਆ ਹੈ। ਇਹ ਗਰਾਮਰ ਚੈੱਕਰ ਪੰਜਾਬੀ ਦੇ ਸਾਧਾਰਨ ਵਾਕਾਂ ਦੀਆਂ
ਵਿਆਕਰਨਿਕ ਗਲਤੀਆਂ ਨੂੰ ਠੀਕ ਕਰਨ ਵਿੱਚ ਮਦਦ ਕਰ ਸਕਦਾ ਹੈ। ਇਹ ਪ੍ਰੋਗਰਾਮ ਅਦਾਰੇ
ਦੀ ਵੈੱਬਸਾਈਟ ਉੱਪਰ ਉਪਲਬਧ ਹੈ ਜੋ ਕਿ ਪੰਜਾਬੀ ਸਿੱਖਣ ਵਾਲਿਆਂ ਲਈ ਬੜਾ ਫਾਇਦੇਮੰਦ
ਸਾਬਿਤ ਹੋ ਰਿਹਾ ਹੈ।
7. ਪੰਜਾਬੀ ਦਾ ਸ਼ਬਦ-ਸ਼੍ਰੇਣੀ
ਸੂਚਕ :
ਪੰਜਾਬੀ ਦਾ ਸ਼ਬਦ-ਸ਼੍ਰੇਣੀ ਸੂਚਕ
ਵਾਕ ਵਿਚਲੇ ਸ਼ਬਦਾਂ ਨੂੰ
ਉਨ੍ਹਾਂ ਦੀ
ਸ਼ਬਦ-ਸ਼੍ਰੇਣੀ ਦੇ ਅਧਾਰ
'ਤੇ
ਢੁੱਕਵੇਂ ਟੈਗ
ਪ੍ਰਦਾਨ ਕਰਵਾਉਂਦਾ ਹੈ।
ਇਹ
ਪ੍ਰੋਗਰਾਮ ਮਨੁੱਖੀ ਭਾਸ਼ਾ ਪ੍ਰਕ੍ਰਿਆ ਲਈ ਵਰਤੇ ਜਾਂਦੇ ਅਨੇਕਾਂ ਸਾਫਟਵੇਅਰਾਂ
ਜਿਵੇਂ ਮਸ਼ੀਨੀ
ਅਨੁਵਾਦ, ਗਰਾਮਰ ਚੈਕਿੰਗ ਆਦਿ ਵਿੱਚ ਇੱਕ ਲਾਜ਼ਮੀ ਭਾਗ ਵਜੋਂ ਵਰਤਿਆ ਜਾਂਦਾ ਹੈ। ਇਸ
ਅਦਾਰੇ ਦੁਆਰਾ ਪੰਜਾਬੀ ਦਾ ਨਿਯਮ ਆਧਾਰਿਤ ਸ਼ਬਦ ਸ਼੍ਰੇਣੀ ਸੂਚਕ ਵਿਕਸਿਤ ਕੀਤਾ ਗਿਆ ਹੈ
ਜੋ ਅਦਾਰੇ ਦੀ ਵੈੱਬਸਾਈਟ ਉੱਪਰ ਮੁਫਤ ਆਨਲਾਈਨ ਵਰਤੋਂ ਲਈ ਉਪਲਬਧ ਹੈ। ਇਸ ਤੋਂ
ਇਲਾਵਾ ਪੰਜਾਬੀ ਦੇ ਪਾਰਸਰ (ਵਾਕ ਵਿਸ਼ਲੇਸ਼ਕ) ਨੂੰ ਐਚ.ਐਮ.ਐਮ. ਆਧਾਰਿਤ ਸਟੈਟਿਸਟੀਕਲ
ਪਹੁੰਚ ਵਾਲੇ ਸ਼ਬਦ-ਸ਼੍ਰੇਣੀ ਸੂਚਕ ਨਾਲ ਜੋੜ ਕੇ ਉਸ ਨੂੰ ਹੋਰ ਵੀ ਸਮਰੱਥਾਵਾਨ ਕੀਤਾ
ਜਾ ਰਿਹਾ ਹੈ।
8. ਪੰਜਾਬੀ ਰੂਪਵਿਗਿਆਨਿਕ
ਵਿਸ਼ਲੇਸ਼ਕ :
ਕਿਸੇ ਵੀ ਭਾਸ਼ਾ
ਨੂੰ ਕੰਪਿਊਟਰੀ
ਅਮਲ ਵਿਚ ਲਿਆਉਣ
ਲਈ ਤਿਆਰ ਕੀਤੇ ਜਾਣ
ਵਾਲੇ ਸਾਫਟਵੇਅਰਾਂ ਵਿੱਚ
ਰੂਪਵਿਗਿਆਨਿਕ ਵਿਸ਼ਲੇਸ਼ਕ
ਇੱਕ ਲਾਜ਼ਮੀ
ਅਤੇ ਮੁਢਲੇ
ਔਜ਼ਾਰ
ਵਜੋਂ ਭੂਮਿਕਾ ਨਿਭਾਉਂਦਾ
ਹੈ। ਰੂਪਵਿਗਿਆਨਿਕ
ਵਿਸ਼ਲੇਸ਼ਕ ਇਕ ਸ਼ਬਦ ਦਾ ਰੂਪਕੀ ਵਿਸ਼ਲੇਸ਼ਣ ਪ੍ਰਦਾਨ ਕਰਵਾਉਂਦਾ ਹੈ, ਉਦਾਹਰਨ ਵਜੋਂ
ਇਹ
ਦਿੱਤੇ ਗਏ
ਸ਼ਬਦ ਦਾ ਵਿਸ਼ਲੇਸ਼ਣ ਕਰਦਿਆਂ
ਉਸ ਦੇ ਬੁਨਿਆਦੀ ਸ਼ਬਦ ਅਤੇ ਸ਼ਬਦ ਸ਼੍ਰੇਣੀ ਨੁੰ ਦਰਸਾਉਂਦਾ
ਹੈ ਤੇ
ਉਸਦੀ
ਸ਼ਬਦ-ਸ਼੍ਰੇਣੀ
ਦੇ ਅਧਾਰ ਉੱਤੇ ਹੋਰ
ਵਿਆਕਰਨਿਕ ਸੂਚਨਾ
ਉਤਪੰਨ ਕਰਦਾ ਹੈ।
ਅਦਾਰੇ ਦੁਆਰਾ ਪੰਜਾਬੀ
ਦਾ ਰੂਪਵਿਗਿਆਨਿਕ ਵਿਸ਼ਲੇਸ਼ਕ ਵਿਕਸਿਤ ਕਰਕੇ ਆਨਲਾਈਨ ਵਰਤੋਂ ਲਈ ਮੁਹੱਈਆ ਕਰਵਾਇਆ ਗਿਆ
ਹੈ। ਪੰਜਾਬੀ ਰੂਪ ਵਿਗਿਆਨਿਕ ਵਿਸ਼ਲੇਸ਼ਕ ਨੂੰ ਪਾਰਸ
PARAS (ਪੰਜਾਬੀ
ਅਸਿਸਟੈਂਟ ਫਾਰ ਰੀਡਿੰਗ ਐਂਡ ਸਪੀਕਿੰਗ) ਦੁਆਰਾ ਵੀ ਪੰਜਾਬੀ ਸ਼ਬਦਾਂ ਦੇ ਅਰਥ ਪ੍ਰਗਟ
ਕਰਨ ਲਈ ਵਰਤਿਆ ਜਾ ਰਿਹਾ ਹੈ। ਇੱਥੇ ਪਾਰਸ ਬਾਰੇ ਵੀ ਇਹ ਕਹਿਣਾ ਗਲਤ ਨਹੀਂ ਹੋਵੇਗਾ
ਕਿ ਅਦਾਰੇ ਦੁਆਰਾ ਤਿਆਰ ਕੀਤਾ ਗਿਆ ਪਾਰਸ ਪੰਜਾਬੀ ਸਾਫ਼ਟਵੇਅਰਾਂ ਦੇ ਖੇਤਰ ਵਿੱਚ
ਇੱਕ ਮੀਲਪੱਥਰ ਹੋਵੇਗਾ। ਇਹ ਸਾਫਟਵੇਅਰ ਪੰਜਾਬੀ ਪਾਠ ਜਾਂ ਪੰਜਾਬੀ ਵੈੱਬਸਾਈਟ ਨੂੰ
ਇਨਪੁਟ ਵਜੋਂ ਲੈਂਦਾ ਹੈ ਅਤੇ ਉਸ ਵਿਚਲੇ ਹਰੇਕ ਸ਼ਬਦ ਦਾ ਅਰਥ ਪ੍ਰਸਤੁਤ ਕਰਦਾ ਹੈ।
ਵਰਤੋਂਕਾਰ ਦੁਆਰਾ ਸਿਰਫ ਮਾਊਸ ਪੁਆਇੰਟਰ ਨੂੰ ਸ਼ਬਦ ਉੱਪਰ ਲਿਜਾਣ ਨਾਲ ਹੀ ਉਸਦਾ ਅਰਥ
ਬਕਸੇ ਵਿੱਚ ਨਜ਼ਰ ਆ ਜਾਵੇਗਾ। ਇਉਂ ਕਿਸੇ ਸ਼ਬਦ ਦਾ ਅਰਥ ਜਾਨਣ ਲਈ ਸ਼ਬਦ ਨੂੰ ਡਿਕਸ਼ਨਰੀ
ਵਿੱਚੋਂ ਲੱਭਣ ਲਈ ਟਾਈਪ ਕਰਨ ਦੀ ਵੀ ਲੋੜ ਨਹੀਂ। ਸਿਰਫ਼ ਇਹ ਹੀ ਨਹੀਂ, ਵਰਤੋਂਕਾਰ
ਇਸ ਦੀ ਵਰਤੋਂ ਕਰਦਿਆਂ ਸਿਰਫ਼ ਮਾਊਸ ਘੁਮਾਉਣ ਨਾਲ ਹੀ ਮੂਲ ਸ਼ਬਦਾਂ ਦੇ ਨਾਲ-ਨਾਲ
ਉਨ੍ਹਾਂ ਦੇ ਵਿਆਕਰਨਿਕ ਰੂਪਾਂ ਦੇ ਅਰਥ ਵੀ ਦੇਖ ਸਕਦਾ ਹੈ ਜਿਹੜੇ ਕਿ ਡਿਕਸ਼ਨਰੀ ਵਿੱਚ
ਵੀ ਉਪਲਬਧ ਨਹੀਂ ਹੁੰਦੇ।
9. ਮਸ਼ੀਨੀ ਅਨੁਵਾਦ ਪ੍ਰੋਗਰਾਮ
: ਇਹ ਕੇਂਦਰ
ਮਸ਼ੀਨੀ ਅਨੁਵਾਦ ਪ੍ਰਣਾਲੀ ਦੇ ਵਿਕਾਸ ਲਈ ਵੀ ਕੰਮ ਕਰ ਰਿਹਾ ਹੈ। ਕੇਂਦਰ ਨੇ ਹਿੰਦੀ
ਤੋਂ ਪੰਜਾਬੀ ਅਤੇ ਪੰਜਾਬੀ ਤੋਂ ਹਿੰਦੀ ਦੇ ਦੋ ਉੱਚ ਗੁਣਵੱਤਾ ਵਾਲੇ ਮਸ਼ੀਨੀ ਅਨੁਵਾਦਕ
ਤਿਆਰ ਕੀਤੇ ਹਨ। ਇਹ ਅਨੁਵਾਦਕ ਡਾ. ਗੁਰਪ੍ਰੀਤ ਸਿੰਘ ਲਹਿਲ, ਡਾ. ਵਿਸ਼ਾਲ ਗੋਇਲ ਅਤੇ
ਡਾ. ਗੁਰਪ੍ਰੀਤ ਸਿੰਘ ਜੋਸਨ ਦੀ ਟੀਮ ਦੁਆਰਾ ਤਿਆਰ ਕੀਤੇ ਗਏ ਹਨ। ਇਹ ਅਨੁਵਾਦਕ
ਕੇਂਦਰ ਦੀ ਵੈੱਬਸਾਈਟ ਉੱਪਰ ਮੁਫ਼ਤ ਵਰਤੋਂ ਲਈ ਉਪਲਬਧ ਹਨ।
10. ਪੰਜਾਬੀ ਖੋਜ ਇੰਜਣ :
ਇਸ ਅਦਾਰੇ ਨੇ
ਪੰਜਾਬੀ ਭਾਸ਼ਾ ਲਈ ਗੂਗਲ ਆਧਾਰਿਤ ਖੋਜ-ਇੰਜਣ ਵੀ ਵਿਕਸਿਤ ਕੀਤਾ ਹੈ।
ਇਹ ਖੋਜ-ਇੰਜਣ
ਲੋਕਾਂ ਨੂੰ
ਪੰਜਾਬੀ ਖੋਜ-ਮੱਦਾਂ
(terms) ਦੀ ਅਸਾਨ
ਟਾਈਪਿੰਗ ਦੀ ਸੁਵਿਧਾ ਪ੍ਰਦਾਨ ਕਰਦਾ ਹੈ।
ਇਸ ਖੋਜ-ਇੰਜਣ ਦੀ ਵਰਤੋਂ
ਕਰਦਿਆਂ ਵਰਤੋਂਕਾਰ ਆਪਣੇ ਸਵਾਲਾਂ (queries)
ਨੂੰ
ਗੁਰਮੁਖੀ ਦੇ ਨਾਲ-ਨਾਲ
ਹਿੰਦੀ ਅਤੇ ਸ਼ਾਹਮੁਖੀ ਦਸਤਾਵੇਜ਼ਾਂ ਵਿਚੋਂ ਵੀ ਲੱਭ ਸਕਦਾ ਹੈ। ਇਸ ਵਿਚ ਗਲਤ
ਸ਼ਬਦ-ਜੋੜਾਂ ਤੋਂ ਸਹੀ ਸ਼ਬਦਾਂ ਅਤੇ
ਸਮਾਨਾਰਥੀ
ਸ਼ਬਦਾਂ ਨੂੰ ਲੱਭਣ ਲਈ ਫਜ਼ੀ ਅਤੇ ਲਚਕਦਾਰ ਖੋਜ-ਵਿਕਲਪ
ਹਾਸਲ
ਹਨ।
11. ਆਪਟੀਕਲ ਅੱਖਰ-ਪਛਾਣ
ਸਾਫਟਵੇਅਰ :
ਓ.ਸੀ.ਆਰ.
ਅਜਿਹਾ ਸਾਫਟਵੇਅਰ
ਹੈ ਜਿਹੜਾ ਅੱਖਰ-ਇਮੇਜਜ਼ ਨੂੰ
ਸੰਪਾਦਨਯੋਗ
ਪਾਠ ਵਿਚ ਤਬਦੀਲ ਕਰ ਦਿੰਦਾ ਹੈ।
ਇਸ ਦਾ ਮੁੱਖ ਫਾਇਦਾ ਇਹ ਹੈ ਕਿ
ਇਸ ਦੀ ਵਰਤੋਂ ਕਰਕੇ
ਕਿਸੇ ਪ੍ਰਕਾਸ਼ਿਤ ਦਸਤਾਵੇਜ਼
ਨੂੰ ਟਾਈਪ ਕੀਤੇ ਬਗੈਰ ਕੰਪਿਊਟਰ ਵਿਚ ਵਰਤਿਆ ਜਾ ਸਕਦਾ ਹੈ। ਓ.ਸੀ.ਆਰ. ਅਜਿਹੇ
ਦਸਤਾਵੇਜ਼ ਨੂੰ ਆਪਣੇ-ਆਪ
ਪੜ੍ਹ ਸਕਦਾ ਹੈ ਅਤੇ ਉਸਨੂੰ ਸੰਪਾਦਨਯੋਗ
ਪਾਠ ਵਿਚ ਬਦਲ
ਦਿੰਦਾ ਹੈ। ਅਦਾਰੇ ਨੇ
ਗੁਰਮੁਖੀ ਦਾ ਪਹਿਲਾ ਉੱਚ ਸ਼ੁੱਧਤਾ ਪ੍ਰਾਪਤ ਬਹੁ-ਫੌਂਟੀ ਓ.ਸੀ.ਆਰ. ਵਿਕਸਿਤ ਕੀਤਾ ਹੈ
ਜਿਹੜਾ ਪ੍ਰਚੱਲਿਤ ਗੁਰਮੁਖੀ ਫੌਂਟਾਂ ਵਿੱਚ ਪ੍ਰਕਾਸ਼ਿਤ ਪਾਠਾਂ ਨੂੰ ਕਰੈਕਟਰ ਪੱਧਰ
ਉੱਪਰ 97% ਤੋਂ ਵੀ ਵਧੇਰੇ ਸ਼ੁੱਧਤਾ ਨਾਲ ਪਛਾਣਨ ਦੀ ਸਮਰੱਥਾ ਰੱਖਦਾ ਹੈ। ਇਸ ਤੋਂ
ਬਾਅਦ ਕੇਂਦਰ ਨੇ ਇਸ ਨੂੰ ਹੋਰ ਵਧੇਰੇ ਸਮਰੱਥ ਬਣਾਉਂਦਿਆਂ ਇੱਕੋ ਦਸਤਾਵੇਜ਼ ਵਿਚਲੇ
ਗੁਰਮੁਖੀ ਅਤੇ ਅੰਗਰੇਜ਼ੀ ਦੋਨੋ ਤਰ੍ਹਾਂ ਦੇ ਪਾਠਾਂ ਨੂੰ ਪਛਾਣਨਯੋਗ ਬਣਾ ਦਿੱਤਾ ਹੈ।
ਇਉਂ ਇਹ ਓ. ਸੀ. ਆਰ. ਕਿਸੇ ਵੀ ਭਾਰਤੀ ਭਾਸ਼ਾ ਦਾ ਪਹਿਲਾ ਬਹੁ-ਭਾਸ਼ਾਈ ਓ.ਸੀ.ਆਰ. ਬਣ
ਗਿਆ ਹੈ। ਇਹ ਓ.ਸੀ.ਆਰ. ਆਨਲਾਈਨ ਅਤੇ ਆਫ਼ਲਾਈਨ ਦੋਨੋ ਰੂਪਾਂ ਵਿੱਚ ਉਪਲਬਧ ਹੈ।
ਇੰਨਾ ਹੀ ਨਹੀਂ ਇਹ ਓ.ਸੀ.ਆਰ. ਬਹ-ਭਾਂਤੇ ਪੇਜ਼ਾਂ ਵਾਲੇ ਪੀ.ਡੀ.ਐਫ. ਦਸਤਾਵੇਜ਼ ਨੂੰ
ਵੀ ਇੱਕੋ ਵਾਰੀ ਵਿੱਚ ਯੂਨੀਕੋਡ ਦਸਤਾਵੇਜ਼ ਵਿੱਚ ਬਦਲ ਦਿੰਦਾ ਹੈ।
ਗੁਰਮੁਖੀ ਓ.ਸੀ.ਆਰ. ਤੋਂ
ਇਲਾਵਾ ਅਦਾਰਾ ਸ਼ਾਹਮੁਖੀ ਲਿਪੀ ਲਈ ਵੀ ਪਹਿਲਾ ਓ.ਸੀ.ਆਰ. ਵਿਕਸਿਤ ਕਰ ਰਿਹਾ ਹੈ ਜਿਸ
ਨਾਲ ਸ਼ਾਹਮੁਖੀ ਪਾਠਾਂ ਦੀ ਡਿਜ਼ੀਟਾਈਜ਼ੇਸ਼ਨ ਵੀ ਸੌਖੀ ਹੋ ਜਾਵੇਗੀ। ਇਉਂ ਗੁਰਮੁਖੀ ਅਤੇ
ਸ਼ਾਹਮੁਖੀ ਦੇ ਪ੍ਰਕਾਸ਼ਿਤ ਦਸਤਾਵੇਜ਼ਾਂ ਦਾ ਡਿਜ਼ੀਟਾਈਜ਼ਡ ਰੂਪ ਪ੍ਰਾਪਤ ਕਰਨ ਲਈ ਬਹੁਤ
ਸਾਰੇ ਸਮੇਂ ਅਤੇ ਪੈਸੇ ਨੂੰ ਬਚਾਇਆ ਜਾ ਸਕੇਗਾ। ਉਪਰੋਕਤ ਓ.ਸੀ.ਆਰ. ਡਾ. ਗੁਰਪ੍ਰੀਤ
ਸਿੰਘ ਲਹਿਲ ਦੀ ਅਗਵਾਈ ਵਿੱਚ ਜਸਬੀਰ ਸਿੰਘ, ਪ੍ਰਨੀਤ ਸਿੰਘ ਅਤੇ ਅੰਕੁਰ ਰਾਣਾ ਦੀ
ਟੀਮ ਦੁਆਰਾ ਤਿਆਰ ਕੀਤੇ ਗਏ ਹਨ।
12. ਪੰਜਾਬੀ ਦਾ ਪਹਿਲਾ ਸਾਰੰਸ਼
ਸਿਰਜਕ : ਪੰਜਾਬੀ
ਦਾ ਪਹਿਲਾ ਸਵੈਚਾਲਿਤ ਸਾਰੰਸ਼ ਸਿਰਜਕ ਵੀ ਇਸੇ ਕੇਂਦਰ ਵਿਖੇ ਡਾ. ਗੁਰਪ੍ਰੀਤ ਸਿੰਘ
ਲਹਿਲ ਅਤੇ ਡਾ. ਵਿਸਾਲ ਗੁਪਤਾ ਦੀ ਟੀਮ ਦੁਆਰਾ ਵਿਕਸਿਤ ਕੀਤਾ ਗਿਆ ਹੈ। ਇਹ
ਸਾਫਟਵੇਅਰ ਕਿਸੇ ਵੀ ਪੰਜਾਬੀ ਦਸਤਾਵੇਜ਼ ਨੂੰ ਉਸਦੇ ਅਸਲੀ ਆਕਾਰ ਦੇ ਦਸਵੇਂ ਹਿੱਸੇ
ਤੱਕ ਸੰਖੇਪ ਕਰ ਸਕਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਸਾਫਟਵੇਅਰ ਕਿਸੇ
ਦਸਤਾਵੇਜ਼ ਦਾ ਸਾਰੰਸ਼ ਸਿਰਜਦਿਆਂ ਉਸ ਵਿਚ ਅਸਲੀ ਦਸਤਾਵੇਜ਼ ਵਿਚਲੇ ਮਹੱਤਵਪੂਰਨ ਅਤੇ
ਜ਼ਰੂਰੀ ਨੁਕਤੇ ਕਾਇਮ ਰੱਖਦਾ ਹੈ। ਇਹ ਸਾਫਟਵੇਅਰ ਵੀ ਅਦਾਰੇ ਦੀ ਵੈੱਬਸਾਈਟ ਉੱਪਰ
ਮੁਫ਼ਤ ਵਰਤੋਂ ਲਈ ਹਾਸਲ ਹੈ।
13. ਲਿਖਤ ਦਾ ਬੋਲ-ਰੂਪ
ਪਰਿਵਰਤਕ :
ਉਪਰੋਕਤ ਸਾਫ਼ਟਵੇਅਰਾਂ ਤੋਂ ਇਲਾਵਾ ਕੇਂਦਰ ਵਿਖੇ ਪੰਜਾਬੀ ਲਿਖਤ ਦੇ ਬੋਲ-ਰੂਪ
ਪਰਿਵਰਤਕ ਨੂੰ ਵਿਕਸਿਤ ਕੀਤਾ ਜਾ ਰਿਹਾ। ਇਹ ਸਾਫਟਵੇਅਰ ਪੰਜਾਬੀ ਲਿਖਤ ਨੂੰ ਬੋਲ ਕੇ
ਸੁਣਾਵੇਗਾ। ਪਰਮਿੰਦਰ ਸਿੰਘ ਅਤੇ ਡਾ. ਗੁਰਪ੍ਰੀਤ ਸਿੰਘ ਲਹਿਲ ਦੁਆਰਾ ਉਚਾਰ-ਖੰਡ
ਆਧਾਰਿਤ ਪੰਜਾਬੀ ਲਿਖਤ ਦੇ ਬੋਲ-ਰੂਪ ਪਰਿਵਰਤਕ ਦਾ ਮੁੱਢਲਾ ਰੂਪ ਤਿਆਰ ਕੀਤਾ ਜਾ
ਚੁੱਕਾ ਹੈ ਪਰ ਇਸ ਨੂੰ ਆਮ ਲੋਕਾਂ ਦੀ ਵਰਤੋਂ ਲਈ ਆਨਲਾਈਨ ਰੂਪ ਵਿੱਚ ਉਪਲਬਧ ਕਰਵਾਉਣ
ਤੋਂ ਪਹਿਲਾਂ ਇਸਦੀ ਕੁਆਲਿਟੀ ਨੂੰ ਹੋਰ ਵਧੀਆ ਬਣਾਉਣ ਲਈ ਇਸ ਨੂੰ ਸੋਧਿਆ ਜਾ ਰਿਹਾ
ਹੈ। ਇਸ ਤੋਂ ਇਲਾਵਾ ਵਿਭਾਗ ਦਾ ਉੱਪਰ ਵਰਣਿਤ ਪਾਰਸ ਸਾਫਟਵੇਅਰ ਵੀ ਕਿਸੇ ਪਾਠ ਜਾਂ
ਵੈੱਬਸਾਈਟ ਵਿਚਲੇ ਹਰੇਕ ਸ਼ਬਦ ਨੂੰ ਸ਼ੁੱਧ ਰੂਪ ਵਿੱਚ ਉਚਾਰ ਕੇ ਸੁਣਾ ਸਕਦਾ ਹੈ।
ਅਦਾਰੇ ਵਿਖੇ ਤਿਆਰ ਕੀਤੇ ਗਏ
ਇਨ੍ਹਾਂ ਸਾਰੇ ਪ੍ਰਾਜੈਕਟਾਂ ਲਈ ਭਾਸ਼ਾ ਵਿਗਿਆਨਿਕ ਸਹਾਇਤਾ ਉੱਘੇ ਭਾਸ਼ਾ ਵਿਗਿਆਨੀਆਂ
ਡਾ. ਹਰਜੀਤ ਸਿੰਘ ਗਿੱਲ, ਸ੍ਰ. ਮੁਖਤਿਆਰ ਸਿੰਘ ਗਿੱਲ, ਡਾ.
ਹਰਵਿੰਦਰ ਪਾਲ ਕੌਰ ਅਤੇ ਡਾ. ਜਸਪਾਲ ਸਿੰਘ ਦੁਆਰਾ ਪ੍ਰਦਾਨ ਕੀਤੀ ਗਈ ਹੈ। ਇੱਥੇ ਇਹ
ਉਲੇਖਯੋਗ ਹੈ ਕਿ ਇਨ੍ਹਾਂ ਸਾਫਟਵੇਅਰਾਂ ਦੇ ਵਿਕਾਸ ਵਿੱਚ ਅਦਾਰੇ ਵਿਖੇ ਖੋਜ ਕਰ ਰਹੇ
ਵੱਖ-ਵੱਖ ਖੋਜ ਵਿਦਿਆਰਥੀਆਂ ਦਾ ਵੀ ਯੋਗਦਾਨ ਹੈ
Gurpreet Singh Lehal, Ph.D.
Professor, Department of Computer Science
Director, Advanced Centre for Technical Development of Punjabi
Language, Literature and Culture,
Punjabi University, Patiala.
India-147002
Phone : +91-9815473767 (M)
+91-1753046171 (O) |