ਮੈਂ ਉਸ ਵੇਲੇ ਇਨਟਰਨਸ਼ਿਪ ਦੌਰਾਨ ਰਾਜਿੰਦਰਾ ਹਸਪਤਾਲ ਵਿਚ ਕੰਮ ਕਰ ਰਹੀ ਸੀ।
ਦੀਵਾਲੀ ਦਾ ਦਿਨ ਸੀ। ਮੇਰੇ ਨਾਲ ਦੇ ਹੋਸਟਲਾਂ ਵਿਚ ਰਹਿੰਦੇ ਡਾਕਟਰ ਛੁੱਟੀ ਕਾਰਨ ਘਰ
ਚਲੇ ਗਏ ਹੋਏ ਸਨ। ਮੈਂ ਪਟਿਆਲੇ ਰਹਿਣ ਸਦਕਾ ਉਸ ਦਿਨ ਡਿਊਟੀ ਉੱਤੇ ਸੀ ਤੇ ਨਾਲ ਸਨ
ਮੇਰੇ ਇਕ ਸੀਨੀਅਰ ਡਾਕਟਰ ਜੋ ਹਾਊਸ ਜਾਬ ਕਰ ਰਹੇ ਸਨ।
ਸਵੇਰ ਵੇਲੇ ਤਾਂ ਇਕ ਵੀ ਕੇਸ ਨਾ ਆਇਆ। ਅਸੀਂ ਖ਼ੁਸ਼ ਸੀ ਕਿ ਕੋਈ ਮਰੀਜ਼ ਨਹੀਂ ਆਇਆ।
ਸਾਰੇ ਤਿਉਹਾਰ ਵਿਚ ਰੁੱਝੇ ਹੋਏ ਹੋਣਗੇ। ਰਾਤ ਅੱਠ ਵਜੇ ਮੈਂ ਡਿਊਟੀ ਮੁਕਾ ਕੇ ਘਰ
ਜਾਣਾ ਸੀ। ਇਸੇ ਲਈ ਅਸੀਂ ਮਸਾਂ ਹੀ ਵਕਤ ਲੰਘਾ ਰਹੇ ਸੀ। ਸ਼ਾਮ ਪੰਜ ਕੁ ਵਜੇ ਅਸੀਂ
ਬਾਹਰੋਂ ਗਰਮ ਗਰਮ ਕੌਫੀ ਮੰਗਵਾਈ। ਹਾਲੇ ਪਹਿਲਾ ਘੁੱਟ ਹੀ ਭਰਿਆ ਹੋਵੇਗਾ ਕਿ ਚੀਕਦੇ
ਕਰਲਾਉਂਦੇ ਚਾਰ ਜਣੇ ਬੱਚਾ ਵਾਰਡ ਅੰਦਰ ਆ ਗਏ। ਉਨਾਂ ਨੇ ਇਕ ਬੱਚਾ ਚੁੱਕਿਆ ਹੋਇਆ
ਸੀ। ਬੱਚੇ ਦਾ ਮੂੰਹ ਬੁਰੀ ਤਰਾਂ ਝੁਲਸਿਆ ਪਿਆ ਸੀ ਤੇ ਕਿਤੇ ਕਿਤੇ ਲਹੂ ਵੀ ਵੱਗ
ਰਿਹਾ ਸੀ। ਮੂੰਹ ਉੱਤੇ ਚਿੱਟਾ ਜਿਹਾ ਲੇਪ ਲਾਇਆ ਹੋਇਆ ਸੀ ਤੇ ਗੰਦਾ ਜਿਹਾ ਛੋਟਾ
ਜਿਹਾ ਕਪੜਾ ਲਪੇਟਿਆ ਪਿਆ ਸੀ ਜੋ ਲਹੂ ਨਾਲ ਭਿੱਜਿਆ ਪਿਆ ਸੀ।
ਪੂਰਾ ਚੈਕਅੱਪ ਕਰਨ ਬਾਅਦ ਪਤਾ ਲੱਗਿਆ ਕਿ ਉਸ ਬੱਚੇ ਦੀਆਂ ਦੋਵੇਂ ਅੱਖਾਂ ਹਮੇਸ਼ਾ
ਲਈ ਖ਼ਤਮ ਹੋ ਚੁੱਕੀਆਂ ਹਨ। ਪੁੱਛਣ ਉੱਤੇ ਪਤਾ ਲੱਗਿਆ ਕਿ ਉਸ ਬੱਚੇ ਨੇ ਅਨਾਰ ਚਲਾਉਣ
ਦੀ ਕੋਸ਼ਿਸ਼ ਕੀਤੀ ਜੋ ਚੱਲਿਆ ਨਹੀਂ ਤੇ ਫੇਰ ਉਸ ਨੂੰ ਚੁੱਕ ਕੇ ਅੱਖਾਂ ਨੇੜੇ ਲਿਆ ਕੇ
ਵੇਖਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਅਨਾਰ ਫੱਟ ਗਿਆ। ਆਂਢ ਗੁਆਂਢ ਤੇ ਘਰ ਵਾਲਿਆਂ
ਨੇ ਕੌਲਗੇਟ ਟੂਥਪੇਸਟ ਉੱਤੇ ਮਲ ਕੇ ਚੰਗੀ ਤਰਾਂ ਗਰਮ ਸ਼ਾਲ ਵਿਚ ਲਪੇਟ ਕੇ ਰਗੜ ਕੇ
ਮੂੰਹ ਮਲ ਦਿੱਤਾ। ਨਤੀਜਾ ਸਾਹਮਣੇ ਸੀ। ਹੱਥ, ਛਾਤੀ ਤੇ ਮੂੰਹ ਸੜੇ ਹੋਏ ਤੇ ਅੱਖਾਂ
ਦੀ ਰੌਸ਼ਨੀ ਖ਼ਤਮ!
ਇਹ ਪਹਿਲਾ ਕੇਸ ਸੀ ਜਿਸਨੇ ਸਾਡਾ ਮੂਡ ਖ਼ਰਾਬ ਕਰ ਦਿੱਤਾ। ਮਾਪਿਆਂ ਦੇ ਵੈਣ ਸੁਣੇ
ਨਹੀਂ ਸਨ ਜਾਂਦੇ। ਗ਼ਲਤੀ ਉਨਾਂ ਦੀ ਆਪਣੀ ਸੀ। ਉਨਾਂ ਦਾ ਇਕਲੌਤਾ ਬੱਚਾ ਹਮੇਸ਼ਾ ਲਈ
ਅੰਨਾ ਹੋ ਚੁੱਕਿਆ ਸੀ। ਕਿਸ ਅੱਗੇ ਦੁਖੜਾ ਫਰੋਲਦੇ!
ਫੇਰ ਤਾਂ ਜਿਵੇਂ ਹੱਦ ਹੀ ਹੋ ਗਈ। ਰਾਤ ਅੱਠ ਵਜੇ ਡਿਊਟੀ ਖ਼ਤਮ ਹੋਣ ਤਕ ਬਸ ਲਾਈਨ
ਹੀ ਬੱਝ ਗਈ ਸੀ। ਇਕ ਪਲ ਵੀ ਵਿਹਲ ਲਹੀਂ ਮਿਲਿਆ। ਲਗਾਤਾਰ ਪਟਾਕਿਆਂ ਨਾਲ ਸੜੇ
ਬੱਚਿਆਂ ਦੇ ਕੇਸ ਜਿਨਾਂ ਵਿਚ ਇਕ ਦਾ ਤਾਂ ਪੂਰਾ ਸੱਜਾ ਹੱਥ ਹੀ ਉੱਡ ਗਿਆ ਹੋਇਆ ਸੀ,
ਆਉਂਦੇ ਰਹੇ। ਕੇਸ ਏਨੇ ਜ਼ਿਆਦਾ ਸਨ ਕਿ ਸਭ ਨੂੰ ਸਾਂਭਦੇ ਰਾਤ ਦੇ ਨੌਂ ਵੱਜ ਗਏ! ਉਦੋਂ
ਕੋਈ ਮੋਬਾਈਲ ਫ਼ੋਨ ਹੁੰਦੇ ਨਹੀਂ ਸੀ ਕਿ ਘਰ ਖ਼ਬਰ ਕਰਦੀ। ਮੇਰੇ ਮੰਮੀ ਫ਼ਿਕਰ ਕਰਦੇ
ਬਾਹਰ ਗਲੀ ਵਿਚ ਉਦੋਂ ਤੱਕ ਖਲੋਤੇ ਰਹੇ ਜਦ ਤਕ ਮੈਂ ਵਾਪਸ ਘਰ ਨਾ ਪਹੁੰਚੀ। ਰਸਤੇ
ਵਿਚ ਵੀ ਲੋਕ ਜੋ ਪਟਾਕੇ ਚਲਾ ਰਹੇ ਸਨ ਉਹ ਅੱਗ ਲਾ ਕੇ ਰਾਹ ਚਲਦਿਆਂ ਉੱਤੇ ਸੁੱਟ ਰਹੇ
ਸਨ।
ਏਨੇ ਸੜੇ ਹੋਏ ਕੇਸ ਵੇਖ ਕੇ ਘਰ ਵਾਪਸ ਆ ਕੇ ਕੌਣ ਪਟਾਕੇ ਚਲਾ ਸਕਦਾ ਸੀ? ਮੇਰਾ
ਤਾਂ ਉੱਕਾ ਹੀ ਜੀਅ ਨਹੀਂ ਕੀਤਾ। ਉਸ ਦੀਵਾਲੀ ਉੱਤੇ ਸਿਰਫ਼ ਮੋਮਬੱਤੀਆਂ ਬਾਲ ਕੇ ਹੀ
ਦੀਵਾਲੀ ਮਨਾਈ।
ਉਹ ਕੋਈ ਪਹਿਲੀ ਤੇ ਆਖ਼ਰੀ ਵਾਰ ਨਹੀਂ ਸੀ ਕਿ ਪਟਾਕਿਆਂ ਨਾਲ ਕੋਈ ਸੜਿਆ ਨਾ ਹੋਵੇ।
ਹਰ ਸਾਲ ਅਨੇਕ ਸੜੇ ਹੋਏ ਬੱਚੇ ਹਸਪਤਾਲਾਂ ਵਿਚ ਪਹੁੰਚ ਰਹੇ ਹਨ ਪਰ ਕੀ ਮਜਾਲ ਕੋਈ
ਜਣਾ ਇਹ ਵੇਖ ਕੇ ਪਟਾਕਿਆਂ ਤੋਂ ਗੁਰੇਜ਼ ਕਰੇ।
ਪਟਾਕਿਆਂ ਨਾਲ ਸੜੇ ਬੱਚਿਆਂ ਬਾਰੇ ਕੁੱਝ ਖੋਜਾਂ ਦਾ ਜ਼ਰੂਰ ਮੈਂ ਜ਼ਿਕਰ ਕਰਾਂਗੀ।
ਜੈਪੁਰ ਦੇ ਇਕ ਵੱਡੇ ਅੱਖਾਂ ਦੇ ਹਸਪਤਾਲ ਤੇ ਸੂਰਤ ਦੇ ਮੈਡੀਕਲ ਕਾਲਜ ਵਿਚ ਖੋਜ
ਜ਼ਾਹਿਰ ਕਰ ਰਹੀ ਹੈ ਕਿ ਬਹੁਗਿਣਤੀ ਸੜੇ ਹੋਏ ਕੇਸ 12 ਸਾਲ ਤੋਂ ਛੋਟੇ ਬੱਚਿਆਂ ਦੇ
ਹੁੰਦੇ ਹਨ ਤੇ ਉਹ ਵੀ ਜ਼ਿਆਦਾਤਰ ਮੁੰਡੇ। ਬਹੁਤੇ ਕੇਸ ਬੰਬ ਦੇ ਫਟਣ ਨਾਲ ਵੇਖੇ ਗਏ
ਹਨ, ਖ਼ਾਸ ਕਰ ਜਦੋਂ ਉਹ ਨਾ ਫਟੇ ਤਾਂ ਉਸਨੂੰ ਚੁੱਕ ਕੇ ਜਾਂ ਝੁੱਕ ਕੇ ਨੇੜੇ ਹੋ ਕੇ
ਵੇਖਣ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਲਗਭਗ ਏਨੀ ਹੀ ਗਿਣਤੀ ਦੇ ਕੇਸ ਕਿਸੇ ਹੋਰ ਵੱਲੋਂ
ਪਟਾਕਾ ਪਰਾਂ ਸੁੱਟਣ ਨਾਲ ਬੇਧਿਆਨੇ ਲੰਘ ਰਹੇ ਜਾਂ ਦੂਰ ਖੜੇ ਬੰਦੇ ਦੇ ਸੜਨ ਨਾਲ
ਰਿਪੋਰਟ ਹੁੰਦੇ ਹਨ।
ਖੋਜ ਨੇ ਸਾਬਤ ਕੀਤਾ ਕਿ ਜ਼ਿਆਦਾਤਰ ਕੇਸਾਂ ਵਿਚ ਮਾਪੇ ਨੇੜੇ ਨਹੀਂ ਖੜੇ ਹੁੰਦੇ ਤੇ
ਬੱਚੇ ਮਰਦਾਨਗੀ ਵਿਖਾਉਣ ਦੇ ਚੱਕਰ ਵਿਚ ਸੜ ਜਾਂਦੇ ਹਨ। ਸਿਰਫ ਬੰਬ ਹੀ ਨਹੀਂ, ਛੋਟੇ
ਪਟਾਕਿਆਂ ਦੇ ਪੈਕਟ, ਫੁਲਝੜੀਆਂ ਚਰਖੜੀ, ਹਵਾਈਆਂ, ਅਨਾਰ, ਸਟਿਕਸ ਆਦਿ ਨਾਲ ਵੀ
ਬਥੇਰੇ ਬੱਚੇ ਸੜੇ ਵੇਖੇ ਗਏ ਹਨ।
ਇਨਾਂ ਸਾਰਿਆਂ ਤੋਂ ਹੀ ਖ਼ਤਰਨਾਕ ਹੁੰਦਾ ਹੈ ਦੇਸੀ ਅਨਾਰ ਬੰਬ, ਜਿਸ ਵਿਚ ਕੁੱਜੇ
ਵਿਚ ਬਚਿਆ ਹੋਇਆ ਖੁੱਲਾ ਬੰਬ ਮਸਾਲਾ ਭਰ ਕੇ ਸੀਲ ਕਰ ਦਿੱਤਾ ਜਾਂਦਾ ਹੈ ਤੇ ਇਸ ਨਾਲ
ਪੂਰੀ ਦੀ ਪੂਰੀ ਅੱਖ ਬਾਹਰ ਨਿਕਲੀ ਲਟਕੀ ਹੋਈ ਵੇਖੀ ਗਈ ਹੈ।
ਸੜਨ ਦੇ ਬਹੁਤੇ ਕੇਸ ਸ਼ਾਮ ਸਾਢੇ ਕੁ ਪੰਜ ਵਜੇ ਤੋਂ ਰਾਤ 12 ਵਜੇ ਤਕ ਤੇ ਸਵੇਰੇ 6
ਤੋਂ 11 ਕੁ ਵਜੇ ਤਕ ਵੇਖਣ ਨੂੰ ਮਿਲਦੇ ਹਨ। ਬੋਤਲ ਵਿਚ ਰੱਖੀ ਹਵਾਈ ਨਾਲ ਜੇ ਬੋਤਲ
ਫਟ ਜਾਏ ਤਾਂ ਸ਼ੀਸ਼ੇ ਦੇ ਟੋਟਿਆਂ ਨਾਲ ਕਾਫੀ ਡੂੰਘੇ ਜ਼ਖ਼ਮ ਹੋ ਜਾਂਦੇ ਹਨ।
ਅੱਖ ਵਿਚਲੇ ਜ਼ਖ਼ਮ ਕਈ ਕਿਸਮਾਂ ਦੇ ਹੋ ਸਕਦੇ ਹਨ ਜਿਸ ਵਿਚ ਡੇਲੇ ਦੇ ਕਾਲੇ ਹਿੱਸੇ
ਉੱਤੇ ਦਾਗ਼, ਅੱਖ ਵਿਚਲੇ ਲੈਂਸ ਦਾ ਨਿਕਲ ਜਾਣਾ, ਅੱਖ ਫਿਸ ਜਾਣੀ ਜਾਂ ਬਾਹਰ ਨਿਕਲ
ਜਾਣੀ, ਰੈਟੀਨਾ ਸੜ ਜਾਣਾ, ਅੱਖਾਂ ਅੰਦਰ ਕੁੱਝ ਫਸ ਜਾਣ, ਆਦਿ ਤੋਂ ਲੈ ਕੇ ਮੂੰਹ ਜਾਂ
ਸਰੀਰ ਦੇ ਹੋਰ ਹਿੱਸਿਆਂ ਦੇ ਸੜਨ ਜਾਂ ਅੰਗ ਦਾ ਨਕਾਰਾ ਹੋ ਜਾਣਾ, ਆਦਿ ਵੇਖਿਆ ਗਿਆ
ਹੈ।
ਕਈ ਵਾਰ ਤਾਂ ਕੇਸ ਵਿਗੜਦੇ ਹੀ ਇਸਲਈ ਹਨ ਕਿ ਘਰ ਹੀ ਓਹੜ ਪੋਹੜ ਕਰਨ ਵਿਚ ਕਾਫ਼ੀ
ਸਮਾਂ ਲੰਘਾ ਦਿੱਤਾ ਜਾਂਦਾ ਹੈ ਜਾਂ ਊਟ ਪਟਾਂਗ ਚੀਜ਼ਾਂ ਸੜੀ ਹੋਈ ਚਮੜੀ ਉੱਤੇ ਥੱਪ
ਦਿੱਤੀਆਂ ਜਾਂਦੀਆਂ ਹਨ।
ਭਾਵੇਂ ਬਾਲ ਮਜ਼ਦੂਰੀ ਰੋਕਣ ਦੇ ਕਿੰਨੇ ਹੀ ਕਾਨੂੰਨ ਬਣਾ ਲਏ ਗਏ ਹੋਣ ਪਰ ਅਸਲ ਵਿਚ
ਪਟਾਕਿਆਂ ਦੀਆਂ ਫੈਕਟਰੀਆਂ ਹਾਲੇ ਵੀ ਬਾਲ ਮਜੂਰਾਂ ਉੱਤੇ ਹੀ ਨਿਰਭਰ ਹਨ। ਇਸੇ ਲਈ
ਸਿਰਫ ਚਲਾਉਣ ਲੱਗਿਆਂ ਹੀ ਨਹੀਂ ਬਲਕਿ ਪਟਾਕੇ ਬਣਾਉਣ ਲੱਗਿਆਂ ਵੀ ਬਥੇਰੇ ਬੱਚੇ ਸੜ
ਜਾਂਦੇ ਹਨ ਜਿਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਦਾ ਕਿਉਂਕਿ ਉਹ ਬਾਰਾਂ ਵਰਿਆਂ ਤੋਂ
ਹੇਠਾਂ ਦੀ ਉਮਰ ਦੇ ਹੁੰਦੇ ਹਨ ਤੇ ਅਨਪੜ ਹੁੰਦੇ ਹੋਏ ਆਪਣੇ ਹੱਕਾਂ ਤੋਂ ਉੱਕਾ ਹੀ
ਅਣਜਾਣ ਹੁੰਦੇ ਹਨ। ਜਿਹੜੇ ਫਿਊਜ਼ ਪਟਾਕੇ ਨੂੰ ਫਟਣ ਤੋਂ ਰੋਕਣ ਲਈ ਵਰਤੇ ਜਾ ਰਹੇ ਹਨ,
ਉਹ ਵੀ ਪੈਸੇ ਬਚਾਉਣ ਖ਼ਾਤਰ ਘਟੀਆ ਕਿਸਮ ਦੇ ਹੀ ਵਰਤੇ ਜਾ ਰਹੇ ਹਨ ਜਿਸ ਨਾਲ ਪਟਾਕੇ
ਨੂੰ ਅੱਗ ਲਾਉਂਦੇ ਸਾਰ ਹੀ ਉਹ ਫਟ ਜਾਂਦਾ ਹੈ ਤੇ ਪਰਾਂ ਜਾਣ ਦਾ ਵੀ ਸਮਾਂ ਨਹੀਂ
ਦਿੰਦਾ। ਏਸੇ ਹੀ ਤਰਾਂ ਆਈ.ਐਸ. ਆਈ. ਮਾਰਕ ਵੀ ਪਟਾਕਿਆਂ ਉੱਤੇ ਲਿਖਿਆ ਨਹੀਂ ਮਿਲਦਾ
ਕਿ ਕਿਤੇ ‘ਕੁਆਲਿਟੀ ਚੈੱਕ’ ਦੀ ਮੋਹਰ ਲਾਈ ਗਈ ਹੋਈ।
ਇਹ ਸਭ ਵੇਖਦੇ ਹੋਏ ਕਿ ਬੱਚੇ ਹੀ ਇਸਦਾ ਵੱਧ ਸ਼ਿਕਾਰ ਹੁੰਦੇ ਹਨ ਤੇ ਬਣਾਏ ਵੀ
ਬੱਚਿਆਂ ਵੱਲੋਂ ਹੁੰਦੇ ਹਨ, ਬੱਚਿਆਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਕੇ ਇਸ
ਸੰਬੰਧੀ ਜ਼ੋਰਦਾਰ ਆਵਾਜ਼ ਚੁੱਕਣੀ ਚਾਹੀਦੀ ਹੈ ਤਾਂ ਜੋ ਉਨਾਂ ਦੇ ਹਾਣ ਦੇ ਸਾਥੀ ਹਮੇਸ਼ਾ
ਲਈ ਨਕਾਰਾ ਹੋ ਕੇ ਨਾ ਰਹਿ ਜਾਣ!
ਇਸ ਸਬੰਧੀ ਮੀਡੀਆ ਕਰਮੀ ਤੇ ਅਧਿਆਪਕ ਬਹੁਤ ਅਹਿਮ ਭੂਮਿਕਾ ਨਿਭਾ ਸਕਦੇ ਹਨ। ਕਈ
ਸੁਝਾਓ ਜੋ ਅੱਗੇ ਵੀ ਪੇਸ਼ ਕੀਤੇ ਜਾ ਚੁੱਕੇ ਹਨ, ਮੈਂ ਦੁਹਰਾ ਦਿੰਦੀ ਹਾਂ।
- ਸਿਰਫ ਲੇਜ਼ਰ ਰਾਹੀਂ ਸ਼ੋਅ ਕੀਤੇ ਜਾਣ ਜਿਸ ਨਾਲ ਧੂੰਆਂ ਤੇ ਸ਼ੋਰ ਪ੍ਰਦੂਸ਼ਣ ਘੱਟ
ਹੋ ਜਾਣਗੇ ਤੇ ਸੜਨ ਦੇ ਕੇਸ ਪੂਰੀ ਤਰਾਂ ਖ਼ਤਮ! ਘਰਾਂ ਵਿਚ ਦੀਵੇ ਜਾਂ ਮੋਮਬੱਤੀਆਂ
ਤੇ ਲਾਈਟਾਂ ਲਾਈਆਂ ਜਾ ਸਕਦੀਆਂ ਹਨ। ਸ਼ੋਰ ਸ਼ਰਾਬੇ
ਨਾਲ ਜਿੱਥੇ ਹਸਪਤਾਲਾਂ ਵਿਚ ਹਾਰਟ ਅਟੈਕ ਨਾਲ ਕੁੱਝ ਮੌਤਾਂ ਹੋ ਜਾਂਦੀਆਂ ਹਨ,
ਉੱਥੇ ਧੂੰਏ ਨਾਲ ਦਮੇ ਤੇ ਹੋਰ ਸਾਹ ਦੀਆਂ ਬੀਮਾਰੀਆਂ ਜਾਂ ਅੱਖਾਂ ਅਤੇ ਚਮੜੀ ਦੀ
ਐਲਰਜੀ ਦੇ ਕੇਸਾਂ ਵਿਚ ਬੇਹਿਸਾਬ ਵਾਧਾ ਹੋ ਜਾਂਦਾ ਹੈ।
- ਜੇ ਪਟਾਕੇ ਜ਼ਰੂਰੀ ਚਲਾਉਣੇ ਹਨ ਤਾਂ ਸ਼ਹਿਰ ਜਾਂ ਪਿੰਡ ਵਿਚ ਕੋਈ ਇਕ ਵੱਡਾ
ਪਾਰਕ ਜਾਂ ਮੈਦਾਨ ਉਸ ਲਈ ਵੱਖਰਾ ਕਰ ਦੇਣਾ ਚਾਹੀਦਾ ਹੈ ਕਿ ਸਾਰੇ ਰਲ ਕੇ ਉਸੇ ਥਾਂ
ਉੱਤੇ ਚਲਾਉਣ ਤਾਂ ਜੋ ਰਾਹ ਚਲਦਿਆਂ ਉੱਤੇ ਬੇਧਿਆਨੇ ਪਟਾਕੇ ਜਾਂ ਹਵਾਈਆਂ ਡਿੱਗ ਕੇ
ਉਨਾਂ ਨੂੰ ਸਾੜ ਨਾ ਦੇਣ।
- ਪਟਾਕਿਆਂ ਉੱਤੇ ਆਈ.ਐਸ.ਆਈ. ਮਾਰਕ ਜਾਂ ‘ਕੁਆਲਿਟੀ ਚੈੱਕ’ ਲਾਜ਼ਮੀ ਕਰ ਦੇਣਾ
ਚਾਹੀਦਾ ਹੈ।
- ਹਰ ਘਰ ਵਿਚ ‘ਫਸਟ ਏਡ ਕਿਟ’ ਰੱਖਣੀ ਜ਼ਰੂਰੀ ਹੈ ਜਿਸ ਵਿਚ ਅੱਖਾਂ ਵਿਚ ਪਾਉਣ
ਵਾਲੀ ਦਵਾਈ ਜ਼ਰੂਰ ਹੋਵੇ।
- ਪਟਾਕੇ ਚਲਾਉਣ ਲੱਗਿਆਂ ਕੋਲ ਪਾਣੀ ਦੀ ਭਰੀ ਹੋਈ ਬਾਲਟੀ ਰੱਖਣੀ ਜ਼ਰੂਰੀ ਹੈ।
- ਕਦੇ ਵੀ ਸੜੇ ਹਿੱਸੇ ਉੱਤੇ ਕੌਲਗੇਟ ਜਾਂ ਊਟ ਪਟਾਂਗ ਚੀਜ਼ਾਂ ਮਲ ਕੇ ਗੰਦੇ
ਕਪੜੇ ਨਾਲ ਲਪੇਟਣਾ ਜਾਂ ਮਲਣਾ ਨਹੀਂ ਚਾਹੀਦਾ। ਬਿਨਾਂ ਦੇਰ ਕੀਤਿਆਂ ਪਾਣੀ ਵਿਚ
ਡੁਬੋ ਕੇ ਸਿੱਧਾ ਡਾਕਟਰ ਕੋਲ ਭੱਜ ਲੈਣਾ ਚਾਹੀਦਾ ਹੈ।
- ਪਟਾਕਿਆਂ ਦੇ ਹਰ ਪੈਕਟ ਉੱਤੇ ਉਸਨੂੰ ਠੀਕ ਤਰੀਕੇ ਚਲਾਉਣ ਲਈ ਹਦਾਇਤਾਂ ਅਤੇ
ਸੜ ਜਾਣ ਉੱਤੇ ਕੀ ਕੀਤਾ ਜਾਵੇ, ਬਾਰੇ ਲਿਖਿਆ ਲਾਜ਼ਮੀ ਹੋਣਾ ਚਾਹੀਦਾ ਹੈ।
ਅਖ਼ੀਰ ਵਿਚ ਇਕ ਕੇਸ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਇਕ ਰਿਟਾਇਰਡ ਫੌਜੀ ਸਾਡੇ ਕੋਲ
ਹਸਪਤਾਲ ਦਾਖਲ ਹੋਇਆ ਸੀ। ਉਹ ਦੀਵਾਲੀ ਦੀ ਰਾਤ ਬਜ਼ਾਰੋਂ ਦੁੱਧ ਖ਼ਰੀਦ ਕੇ ਵਾਪਸ ਘਰ ਜਾ
ਰਿਹਾ ਸੀ। ਸੜਕ ਦੇ ਪਰਲੇ ਸਿਰੇ ਉੱਤੇ ਕੋਠੇ ਉੱਪਰੋਂ ਚਾਰ ਹਵਾਈਆਂ ਟੇਢੀਆਂ ਲਿਟਾ ਕੇ
ਸ਼ਰਾਰਤ ਕਰਨ ਲਈ ਬੱਚਿਆਂ ਨੇ ਇੱਕਠੀਆਂ ਚਲਾ ਦਿੱਤੀਆਂ।
ਉਨਾਂ ਵਿੱਚੋਂ ਇਕ ਹਵਾਈ ਸਿੱਧੀ ਉਸ ਫੌਜੀ ਦੇ ਅੱਖ ਅੰਦਰ ਵੱਜੀ ਤੇ ਦੂਜੀ
ਸਿਰ ਉੱਤੇ ਬੰਨੀ ਪੱਗ ਵਿਚ। ਉਸ ਦੇ ਸਿਰ ਦੇ ਵਾਲ ਵੀ ਸੜ ਗਏ ਤੇ ਪੱਗ ਵੀ, ਪਰ ਨਾਲੋ
ਨਾਲ ਅੱਖ ਹਮੇਸ਼ਾ ਲਈ ਚਲੀ ਗਈ। ਜਦੋਂ ਉਹ ਹਸਪਤਾਲ
ਦਾਖਲ ਹੋਇਆ ਤਾਂ ਉਸਦੇ ਕਹੇ ਲਫ਼ਜ਼ ਹਰ ਕਿਸੇ ਦੇ ਦਿਲ ਨੂੰ ਟੁੰਬ ਗਏ! ਉਸ ਕਿਹਾ, ‘‘
ਇਹੀ ਜ਼ੁਲਮ ਹੋਰ ਦੇਸ ਵਿਚ ਕੀਤੇ ਗਏ ਹੁੰਦੇ ਤਾਂ ਕੋਹਰਾਮ ਮਚ ਜਾਂਦਾ। ਮੇਰੀ ਪੱਗ ਸੜਕ
ਉੱਤੇ ਲਾਹ ਕੇ ਸੁੱਟ ਦਿੱਤੀ ਗਈ ਕਿ ਅੱਗ ਤੋਂ ਬਚਾਓ ਹੋ ਸਕੇ। ਮੇਰੇ ਕੇਸ ਪੂਰੀ ਤਰਾਂ
ਖਿੱਚੇ ਧੂਹੇ ਗਏ। ਮੇਰੀ ਅੱਖ ਸਦਾ ਲਈ ਫਨਾਹ ਹੋ ਗਈ। ਹੁਣ ਕੋਈ ਮੈਨੂੰ ਦੱਸੇ ਤਾਂ
ਸਹੀ ਕਿ ਕੋਈ ਹੋਰ ਸਾਡੇ ਦੇਸ ਵਲ ਵੇਖੇ ਤਾਂ ਅਸੀਂ ਉਸਦੀ ਅੱਖ ਕੱਢ ਲਿਆਉਂਦੇ ਹਾਂ
ਭਾਵੇਂ ਜਾਨ ਚਲੀ ਜਾਏ। ਪਰ ਦੇਸ ਦੇ ਅੰਦਰ ਉਹੀ ਸਾਡੀਆਂ ਅੱਖਾਂ ਕੱਢ ਦਿੰਦੇ ਹਨ
ਜਿਨਾਂ ਦੀ ਜਾਨ ਬਚਾਉਣ ਲਈ ਅਸੀਂ ਜਾਨਾਂ ਵਾਰਦੇ ਹਾਂ? ਮੈਨੂੰ ਪਤਾ ਹੈ ਕਿ ਇਨਸਾਫ ਦੀ
ਗੁਹਾਰ ਲਾਉਂਦਿਆਂ ਮੇਰੇ ਆਖ਼ਰੀ ਸਾਹ ਮੁੱਕ ਜਾਣੇ ਹਨ। ਕੀ ਕੋਈ ਮੇਰੇ ਵਰਗਿਆਂ ਦੀ
ਅਵਾਜ਼ ਬਣੇਗਾ?’’
ਇਹ ਤਾਂ ਸੀ ਉਸ ਫੌਜੀ ਦੀ ਦਿਲ ਚੀਕਵੀਂ ਪੁਕਾਰ! ਹਾਲੇ ਤਕ ਤਾਂ ਕੋਈ ਉਸਦੀ ਅਵਾਜ਼
ਬਣ ਨਹੀਂ ਸਕਿਆ। ਮੈਂ ਇਕ ਨਿਮਾਣੀ ਕੋਸ਼ਿਸ਼ ਕੀਤੀ ਹੈ ਕਿ ਉਸ ਅਵਾਜ਼ ਨੂੰ ਕੁੱਝ ਕੁ
ਦਿਲਾਂ ਤਕ ਪਹੁੰਚਾ ਸਕਾਂ।
ਪਰ, ਅਸਲੀਅਤ ਕਿਸੇ ਤੋਂ ਲੁਕੀ ਨਹੀਂ। ਜਿਵੇਂ ਮੇਰੀ ਮਾਂ ਮੇਰੇ ਲਈ ਤੜਫਦੀ ਉਦੋਂ
ਘਰੋਂ ਬਾਹਰ ਖੜੀ ਰਹਿੰਦੀ ਹੁੰਦੀ ਸੀ, ਉਵੇਂ ਹੀ ਹੁਣ ਮੈਂ ਆਪਣੀ ਬੇਟੀ ਲਈ ਖੜੀ
ਹੁੰਦੀ ਹਾਂ। ਮੈਨੂੰ ਪੱਕਾ ਯਕੀਨ ਹੈ ਕਿ ਇਸ ਰੁਝਾਨ ਉੱਤੇ ਸਖ਼ਤ ਰੋਕ ਲੱਗ ਹੀ ਨਹੀਂ
ਸਕਣ ਲੱਗੀ ਤੇ ਮੇਰੀ ਬੇਟੀ ਵੀ ਅੱਗੋਂ ਆਪਣੀ ਬੇਟੀ ਲਈ ਇੰਜ ਹੀ ਤੜਫਦੀ ਬਾਹਰ
ਉਡੀਕੇਗੀ ਤੇ ਸ਼ਾਇਦ ਉਸਤੋਂ ਅੱਗੋਂ ਵੀ! ਰਬ ਰਾਖਾ!
ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783 |