ਵਿਗਿਆਨ ਪ੍ਰਸਾਰ

ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ

 

 

ਇਸ ਸਮੇਂ ਧਰਤੀ ਦੇ ਵਾਤਾਵਰਨ ਨੂੰ ਹੋ ਰਹੇ ਨੁਕਸਾਨ ਦੀ ਸਮੱਸਿਆ ਇਕ ਬਹੁਤ ਵੱਡੀ ਸਮੱਸਿਆ ਬਣ ਕੇ ਸਾਹਮਣੇ ਆ ਰਹੀ ਹੈ। ਵੱਡੀ ਪੱਧਰ ਉੱਤੇ ਇਹ ਵੀ ਮੰਨਿਆ ਜਾ ਚੁੱਕਾ ਹੈ ਕਿ ਧਰਤੀ ਉੱਪਰ ਵਾਪਰ ਰਹੀਆਂ ਮਨੁੱਖੀ ਸਰਗਰਮੀਆਂ ਇਸ ਸਮੱਸਿਆ ਨੂੰ ਦਿਨੋ ਦਿਨ ਹੋਰ ਡੂੰਘਾ ਕਰ ਰਹੀਆਂ ਹਨ। ਦੁਨੀਆ ਦੇ ਉੱਚ ਕੋਟੀ ਦੇ ਵਿਗਿਆਨੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜੇ ਮਨੁੱਖੀ ਸਰਗਰਮੀਆਂ ਵੱਲੋਂ ਵਾਤਾਵਰਨ ਨੂੰ ਪਹੁੰਚਾਏ ਜਾ ਰਹੇ ਨੁਕਸਾਨ ਨੂੰ ਰੋਕਿਆ ਨਾ ਗਿਆ ਤਾਂ ਨੇੜ ਭਵਿੱਖ ਵਿੱਚ ਧਰਤੀ ਦਾ ਵਿਨਾਸ਼ ਹੋ ਜਾਣ ਦੀ ਸੰਭਾਵਾਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਜ਼ਰੂਰੀ ਹੈ ਕਿ ਅਸੀਂ ਇਸ ਸਮੱਸਿਆ ਨੂੰ ਚੰਗੀ ਤਰ੍ਹਾਂ ਸਮਝੀਏ ਅਤੇ ਇਸ ਦੇ ਹੱਲ ਲਈ ਆਪਣੀ ਆਪਣੀ ਪੱਧਰ ‘ਤੇ ਆਪਣੀ ਸਮਰਥਾ ਅਨੁਸਾਰ ਕ੍ਰਿਆਸ਼ੀਲ ਹੋਈਏ। ਇਸ ਸਮੱਸਿਆ ਨੂੰ ਚੰਗੀ ਤਰ੍ਹਾਂ ਸਮਝਣ ਅਤੇ ਇਸ ਬਾਰੇ ਕ੍ਰਿਆਸ਼ੀਲ ਹੋਣ ਲਈ ਜ਼ਰੂਰੀ ਹੈ ਕਿ ਅਸੀਂ ਇਸ ਦੇ ਵੱਖ ਵੱਖ ਪਹਿਲੂਆਂ ਨੂੰ ਘੋਖੀਏ ਅਤੇ ਵਿਚਾਰੀਏ। ਇਸ ਸਮੱਸਿਆ ਦੇ ਉਹਨਾਂ ਪਹਿਲੂਆਂ ਨੂੰ ਜਾਣਨ ਦੀ ਖਾਸ ਕੋਸਿ਼ਸ਼ ਕਰੀਏ ਜਿਹਨਾਂ ਬਾਰੇ ਜਾਣਕਾਰੀ ਆਮ ਨਹੀਂ ਮਿਲਦੀ। ਇਸ ਸਮੱਸਿਆ ਦੇ ਵਿਅਕਤੀਗਤ ਪੱਧਰ ਦੇ ਕਾਰਨਾਂ ਅਤੇ ਹੱਲਾਂ ਨੂੰ ਜਾਣਨ ਦੇ ਨਾਲ ਨਾਲ ਉਹਨਾਂ ਕਾਰਨਾਂ ਨੂੰ ਵੀ ਆਪਣੀ ਜਾਣਕਾਰੀ ਦਾ ਹਿੱਸਾ ਬਣਾਈਏ ਜਿਹਨਾਂ ਦਾ ਸੰਬੰਧ ਸਾਡੇ ਅੱਜ ਦੇ ਆਰਥਿਕ, ਸਿਆਸੀ ਅਤੇ ਸਮਾਜਕ ਪ੍ਰਬੰਧ ਨਾਲ ਹੈ। ਅਜਿਹਾ ਕਰਕੇ ਹੀ ਅਸੀਂ ਇਸ ਸਮੱਸਿਆ ਦੇ ਸਹੀ ਅਤੇ ਪਾਏਦਾਰ ਹੱਲ ਲੱਭਣ ਵਿੱਚ ਆਪਣਾ ਯੋਗਦਾਨ ਪਾ ਸਕਾਂਗੇ। ਇਸ ਲੇਖ ਦਾ ਮਕਸਦ ਅਜਿਹੇ ਹੀ ਇਕ ਮੁੱਦੇ ਵੱਲ ਧਿਆਨ ਦਿਵਾਉਣਾ ਹੈ ਜੋ ਸਾਡੇ ਆਰਥਿਕ ਅਤੇ ਸਿਆਸੀ ਪ੍ਰਬੰਧ ਨਾਲ ਬੱਝਾ ਹੋਇਆ ਹੈ। ਇਹ ਮੁੱਦਾ ਹੈ ਫੌਜ ਅਤੇ ਇਸ ਦੀਆਂ ਕਾਰਵਾਈਆਂ ਦੀ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਿੱਚ ਭੂਮਿਕਾ। ਇਹ ਭੂਮਿਕਾ ਦੇਖਣ ਲਈ ਅਸੀਂ ਵਾਤਾਵਰਨ ਵਿੱਚ ਗਰੀਨ ਹਾਊਸ ਗੈਸਾਂ ਅਤੇ ਰੇਡੀਓਐਕਟਿਵ ਸਮੱਗਰੀ ਦੇ ਫੈਲਾਉਣ ਵਿੱਚ ਫੌਜ ਦੀ ਭੂਮਿਕਾ; ਬਾਰੂਦੀ ਸੁਰੰਗਾਂ (ਲੈਂਡਮਾਈਨਜ਼) ਦੇ ਵਿਛਾਉਣ ਨਾਲ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ; ਹਥਿਆਰਾਂ ਦੇ ਉਤਪਾਦਨ ਅਤੇ ਸੰਭਾਲ ਦੌਰਾਨ ਵਾਤਾਵਰਨ ਦਾ ਨੁਕਸਾਨ; ਅਤੇ ਜੰਗ ਦੌਰਾਨ ਜੰਗਲਾਂ ਦਾ ਨੁਕਸਾਨ ਕਰਨ ਵਿੱਚ ਫੌਜ ਅਤੇ ਉਸ ਦੀਆਂ ਕਾਰਵਾਈਆਂ ਦੀ ਭੂਮਿਕਾ ਉੱਤੇ ਨਜ਼ਰ ਮਾਰਾਂਗੇ।

ਵਾਤਾਵਰਨ ਵਿੱਚ ਗਰੀਨ ਹਾਊਸ ਗੈਸਾਂ ਫੈਲਾਉਣ ਵਿੱਚ ਫੌਜ ਦੀ ਭੂਮਿਕਾ:

ਵਾਤਾਵਰਨ ਵਿੱਚ ਮੌਜੂਦ ਗਰੀਨ ਹਾਊਸ ਗੈਸਾਂ (ਕਾਰਬਨ ਡਾਇਔਕਸਾਈਡ (CO2) , ਮਿਥੇਨ (CH4) , ਨਾਇਟਰਸ ਔਕਸਾਈਡ (N2O) ਅਤੇ ਫਲੋਰੋਕਾਰਬਨ (PFC) ਆਦਿ) ਸੂਰਜ ਦੀ ਗਰਮੀ ਨੂੰ ਧਰਤੀ ਦੇ ਵਾਤਾਵਰਨ ਵਿੱਚ ਆਉਣ ਤਾਂ ਦਿੰਦੀਆਂ ਹਨ ਪਰ ਉਸ ਨੂੰ ਪੂਰੀ ਤਰ੍ਹਾਂ ਵਾਤਾਵਰਨ ਵਿੱਚੋਂ ਬਾਹਰ ਨਹੀਂ ਨਿਕਲਣ ਦਿੰਦੀਆਂ। ਬੇਸ਼ੱਕ ਇਹ ਗੈਸਾਂ ਵਾਤਾਵਰਨ ਵਿੱਚ ਕੁਦਰਤੀ ਤੌਰ ਉੱਤੇ ਵੀ ਹੁੰਦੀਆਂ ਹਨ ਪਰ ਧਰਤੀ ਉੱਤੇ ਵਾਪਰ ਰਹੀਆਂ ਮਨੁੱਖੀ ਸਰਗਰਮੀਆਂ ਕਾਰਨ ਵਾਤਾਵਰਨ ਵਿੱਚ ਇਹਨਾਂ ਗੈਸਾਂ ਦੀ ਮਾਤਰਾ ਵੱਧ ਰਹੀ ਹੈ। ਨਤੀਜੇ ਵੱਜੋ ਧਰਤੀ ਦਾ ਤਾਪਮਾਨ ਵੱਧ ਰਿਹਾ ਹੈ ਜਿਸ ਨੂੰ ਵਿਗਿਆਨੀਆਂ ਨੇ “ਗਲੋਬਲ ਵਾਰਮਿੰਗ” ਦਾ ਨਾਂ ਦਿੱਤਾ ਹੈ। ਵਿਗਿਆਨੀਆਂ ਅਨੁਸਾਰ ਤਾਪਮਾਨ ਦੇ ਇਸ ਵਾਧੇ ਨਾਲ ਧਰਤੀ ਉੱਤੇ ਆਉਣ ਵਾਲੀਆਂ ਕੁਦਰਤੀ ਆਫਤਾਂ ਵਿੱਚ ਵਾਧਾ ਹੋ ਸਕਦਾ ਹੈ ਅਤੇ ਧਰਤੀ ਉਤਲੇ ਜੀਵਨ ਦਾ ਖਾਤਮਾ ਵੀ ਹੋ ਸਕਦਾ ਹੈ।

ਮਨੁੱਖੀ ਸਰਗਰਮੀਆਂ ਵਿੱਚੋਂ ਇਕ ਸਰਗਰਮੀ ਜਿਹੜੀ ਇਕ ਗਰੀਨ ਹਾਊਸ ਗੈਸ - ਕਾਰਬਨਡਾਇਔਕਸਾਈਡ (CO2) - ਨੂੰ ਪੈਦਾ ਕਰਨ ਵਿੱਚ ਵੱਡੀ ਭੂਮਿਕਾ ਨਿਭਾ ਰਹੀ ਹੈ ਉਹ ਹੈ ਸਾਡੇ ਵੱਲੋਂ ਆਪਣੀਆਂ ਊਰਜਾ ਲੋੜਾਂ ਲਈ ਫਾਸਿਲ ਫਿਊਲ (ਪੈਟਰੋਲ, ਤੇਲ, ਕੋਲਾ, ਗੈਸਾਂ ਆਦਿ) ਦੀ ਵੱਡੀ ਪੱਧਰ ਉੱਤੇ ਵਰਤੋ। ਅਮਰੀਕਾ ਦੀ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ  (EPA) ਅਨੁਸਾਰ ਗੱਡੀ ਵਿੱਚ ਬਲੇ ਪੈਟਰੋਲ ਦੀ ਇਕ ਗੈਲਨ ਵਾਤਾਵਰਨ ਵਿੱਚ 8.8 ਕਿਲੋਗ੍ਰਾਮ ਜਾਂ 19.4 ਪੌਂਡ ਕਾਰਬਨਡਾਇਔਕਸਾਈਡ ਫੈਲਾਉਂਦੀ ਹੈ ਅਤੇ ਡੀਜ਼ਲ ਦੀ ਇਕ ਗੈਲਨ ਵਾਤਾਵਰਨ ਵਿੱਚ 10.1 ਕਿਲੋਗ੍ਰਾਮ ਜਾਂ 22.2 ਪੌਂਡ ਕਾਰਬਨਡਾਇਔਕਸਾਈਡ ਫੈਲਾਉਂਦੀ ਹੈ।[1] ਇਹਨਾਂ ਤੱਥਾਂ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਅਸੀਂ ਇਹ ਦੇਖਾਂਗੇ ਕਿ ਫੌਜੀ ਕਾਰਵਾਈਆਂ ਦੌਰਾਨ ਕਿੰਨਾ ਕੁ ਤੇਲ ਬਲਦਾ ਹੈ ਅਤੇ ਇਹ ਬਲਿਆ ਤੇਲ ਗਰੀਨਹਾਊਸ ਗੈਸਾਂ ਨੂੰ ਵਾਤਾਵਰਨ ਵਿੱਚ ਫੈਲਾਉਣ ਵਿੱਚ ਕਿੱਡੀ ਕੁ ਵੱਡੀ ਭੂਮਿਕਾ ਨਿਭਾਉਂਦਾ ਹੈ।

ਐਨਰਜੀ ਬੁਲਿਟਨ ਵਿੱਚ ਸੋਹਬਤ ਕਾਰਬੂਜ਼ ਦੇ ਛਪੇ ਇਕ ਆਰਟੀਕਲ ਅਨੁਸਾਰ 30 ਸਤੰਬਰ 2005 ਨੂੰ ਅਮਰੀਕਾ ਦੀ ਏਅਰਫੋਰਸ ਦੇ 5, 986 ਹਵਾਈ ਜਹਾਜ਼ ਸਰਵਿਸ ਵਿੱਚ ਸਨ। ਸੰਨ 2006 ਦੇ ਸ਼ੁਰੂ ਵਿੱਚ ਅਮਰੀਕਾ ਦੀ ਨੇਵੀ ਕੋਲ ਲੜਾਈ ਵਿੱਚ ਵਰਤੇ ਜਾਣ ਵਾਲੇ ਅਤੇ ਸਹਾਇਕ 285 ਸਮੁੰਦਰੀ ਜਹਾਜ਼ ਸਨ ਅਤੇ 4000 ਦੇ ਕਰੀਬ ਓਪਰੇਸ਼ਨਲ ਏਅਰਕਰਾਫਟ (ਹਵਾਈ ਜਹਾਜ਼ ਅਤੇ ਹੈਲੀਕੌਪਟਰ) ਸਨ। ਸੰਨ 2005 ਦੇ ਅਖੀਰ ਵਿੱਚ ਅਮਰੀਕਾ ਦੀ ਫੌਜ ਕੋਲ 28,000 ਬਕਤਰਬੰਦ ਗੱਡੀਆਂ ਦਾ ਫਲੀਟ ਸੀ ਜਿਹਨਾਂ ਵਿੱਚ ਐਬਰੈਮਜ਼ ਟੈਂਕ ਅਤੇ ਬਰੈਡਲੀ ਫਾਈਟਿੰਗ ਵਿਹੀਕਲਜ਼ ਵਰਗੀਆਂ ਗੱਡੀਆਂ ਸ਼ਾਮਲ ਸਨ। ਇਹਨਾਂ ਤੋਂ ਇਲਾਵਾ ਅਮਰੀਕਾ ਦੀ ਆਰਮੀ ਅਤੇ ਮੈਰੀਨ ਕੌਰਪਸ ਕੋਲ 1,40,000 ਹਾਈ-ਮੋਬਿਲਟੀ ਮਲਟੀਪਰਪਜ਼ ਵੀਲਡ ਵਿਹੀਕਲਜ਼  ਸਨ। ਇਸ ਦੇ ਨਾਲ ਨਾਲ ਆਰਮੀ ਕੋਲ 4000 ਜੰਗੀ ਹੈਲੀਕੌਪਟਰ ਅਤੇ ਕਈ ਸੌ ਵਿੰਗ ਏਅਰਕਰਾਫਟ  ਸਨ। ਇਹਨਾਂ ਦੇ ਨਾਲ ਅਮਰੀਕਾ ਦੇ ਡਿਪਾਰਟਮੈਂਟ ਆਫ ਡਿਫੈਂਸ  ਕੋਲ ਕਾਰਾਂ, ਬੱਸਾਂ, ਹਲਕੇ ਟਰੱਕਾਂ ਆਦਿ ਵਰਗੀਆਂ 1, 87, 493 ਗੱਡੀਆਂ ਹਨ। [2]

ਦੀ ਗਰੀਨ ਜ਼ੋਨ: ਦੀ ਇਨਵਾਇਰਮੈਂਟਲ ਕੌਸਟਸ ਆਫ ਮਿਲਟਰੀਜ਼ਮ  ਦੇ ਲੇਖਕ ਬੈਰੀ ਸੈਂਡਰਜ਼ ਅਨੁਸਾਰ ਅਮਰੀਕਾ ਦੀ ਆਰਮੀ, ਨੇਵੀ ਅਤੇ ਏਅਰ ਫੋਰਸ ਕੋਲ 43 ਤਰ੍ਹਾਂ ਦੇ ਲੜਾਕੇ ਜਹਾਜ਼ (ਫਾਈਟਰ ਪਲੇਨਜ਼), 11 ਤਰ੍ਹਾਂ ਦੇ ਹਮਲਾਵਾਰੀ ਜਹਾਜ਼ (ਅਟੈਕ ਪਲੇਨਜ਼), 13 ਤਰ੍ਹਾਂ ਦੇ ਬੰਬਾਰ ਜਹਾਜ਼ (ਬੰਬਰਜ਼), 16 ਤਰ੍ਹਾਂ ਦੇ ਭਾਰ ਢੋਣ ਵਾਲੇ ਜਹਾਜ਼ (ਕਾਰਗੋ ਪਲੇਨਜ਼) ਅਤੇ ਨੌਂ ਵੱਖ ਵੱਖ ਕਿਸਮਾਂ ਦੇ ਹੈਲੀਕੌਪਟਰ ਹਨ। ਇਸ ਦੇ ਨਾਲ ਨਾਲ ਮਿਲਟਰੀ ਦੇ ਉੱਚ ਅਫਸਰਾਂ ਦੀ ਵਰਤੋਂ ਲਈ ਅਮਰੀਕਾ ਦੀ ਫੌਜ ਕੋਲ ਏਅਰ ਮੋਬਿਲਟੀ ਕਮਾਂਡ ਜਾਂ AMC ਨਾਂ ਦੀ ਆਪਣੀ ਏਅਰਲਾਈਨ ਹੈ। ਇਸ ਤੋਂ ਇਲਾਵਾ ਫੌਜ ਦੇ ਜਰਨੈਲਾਂ ਅਤੇ ਐਡਮਾਇਰਲਾਂ ਦੀ ਨਿੱਜੀ ਵਰਤੋਂ ਲਈ ਮਿਲਟਰੀ ਕੋਲ 71 ਲੀਅਰ ਜੈੱਟ, 13 ਗਲਫਸਟਰੀਮ-3 ਅਤੇ 17 ਸੈਸਨਾ ਸਾਈਟੇਸ਼ਨ ਲਗਜ਼ਰੀ ਜੈੱਟ ਹਨ। [3]

ਅਮਰੀਕਨ ਫੌਜ ਦੀਆਂ ਇਹ ਮਸ਼ੀਨਾਂ ਕਿੰਨਾ ਕੁ ਤੇਲ ਖਾਂਦੀਆਂ ਹਨ ਅਤੇ ਕਿੰਨੀ ਕੁ ਕਾਰਬਨਡਾਇਔਕਸਾਈਡ ਵਾਤਾਵਰਨ ਵਿੱਚ ਛੱਡਦੀਆਂ ਹਨ, ਇਸ ਬਾਰੇ ਬੈਰੀ ਸੈਂਡਰਜ਼ ਨੇ ਆਪਣੀ ਕਿਤਾਬ ਵਿੱਚ ਬਹੁਤ ਵਿਸਥਾਰ ਨਾਲ ਲਿਖਿਆ ਹੈ। ਉਸ ਵਿੱਚ ਕੁੱਝ ਜਾਣਕਾਰੀ ਪਾਠਕਾਂ ਨਾਲ ਸਾਂਝੀਆਂ ਕਰਦੇ ਹਾਂ। ਸਭ ਤੋਂ ਪਹਿਲਾਂ ਅਮਰੀਕਨ ਆਰਮੀ ਵਲੋਂ ਹੁੰਦੀ ਤੇਲ ਦੀ ਖਪਤ ਬਾਰੇ ਕੁੱਝ ਤੱਥ:

  • ਐਬਰੈਮ ਟੈਂਕ ਇਕ ਮੀਲ ਦਾ ਫਾਸਲਾ ਤਹਿ ਕਰਨ ਲਈ 5 ਗੈਲਨ ਤੇਲ ਖਾਂਦਾ ਹੈ। ਇਸ ਟੈਂਕ ਦੇ ਟਰਬਾਈਨ ਨੂੰ ਸਟਾਰਟ ਕਰਨ ਲਈ ਹੀ 10 ਗੈਲਨ ਤੇਲ ਲੱਗ ਜਾਂਦਾ ਹੈ। ਲੜਾਈ ਦੌਰਾਨ, ਸੌਖੇ ਧਰਾਤਲ ਉੱਤੇ ਇਹ ਟੈਂਕ ਘੰਟੇ ਦਾ 252 ਗੈਲਨ ਤੇਲ (ਜੇ ਪੀ-8 ਜੈੱਟ ਫਿਊਲ) ਖਾ ਜਾਂਦਾ ਹੈ। ਇੱਥੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਜੇ ਪੀ -8 ਜੈੱਟ ਫਿਊਲ ਆਮ ਪੈਟਰੋਲ ਦੇ ਮੁਕਾਬਲੇ ਜਿ਼ਆਦਾ ਕਾਰਬਨਡਾਇਕਔਕਸਾਈਡ ਛੱਡਦਾ ਹੈ। ਟੈਂਕਾਂ ਦੀ ਇਕ ਡਿਵੀਜ਼ਨ, ਜਿਸ ਵਿੱਚ 348 ਟੈਂਕ ਹੁੰਦੇ ਹਨ, ਪੂਰੇ ਇਕ ਦਿਨ ਵਿੱਚ 5 ਲੱਖ ਗੈਲਨ ਤੇਲ ਛੱਕ ਜਾਂਦੀ ਹੈ। ਇਕ ਸਮੇਂ ਅਮਰੀਕੀ ਫੌਜ ਦੇ ਇਰਾਕ ਵਿੱਚ 1848 ਐਬਰੈਮ ਟੈਂਕ ਸਨ ਅਤੇ ਫੌਜ ਉਹਨਾਂ ਸਾਰਿਆਂ ਨੂੰ ਚੱਲਦਾ ਰੱਖਣ ਦੀ ਕੋਸਿ਼ਸ਼ ਕਰਦੀ ਸੀ। ਇਸ ਦਾ ਅਰਥ ਇਹ ਹੋਇਆ ਕਿ ਇਰਾਕ ਵਿੱਚ ਤਾਇਨਾਤ ਇਹ ਟੈਂਕ ਇਕ ਦਿਨ ਵਿੱਚ 26.5 ਲੱਖ ਗੈਲਨ ਦੇ ਕਰੀਬ ਤੇਲ ਖਪਤ ਕਰਦੇ ਸਨ। ਅਮਰੀਕਨ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਅਨੁਸਾਰ ਇਕ ਪਰਿਵਾਰਕ ਕਾਰ ਔਸਤਨ ਸਾਲ ਵਿੱਚ 500 ਗੈਲਨ ਤੇਲ ਖਾਂਦੀ ਹੈ। ਇਸ ਦਾ ਭਾਵ ਇਹ ਹੋਇਆ ਕਿ ਜਿੰਨਾ ਤੇਲ 1000 ਕਾਰਾਂ ਸਾਲ ਵਿੱਚ ਖਾਂਦੀਆਂ ਹਨ, ਉਨਾ ਤੇਲ ਐਬਰੈਮ ਟੈਂਕਾਂ ਦੀ ਇਕ ਡਿਵੀਜ਼ਨ ਇਕ ਦਿਨ ਵਿੱਚ ਖਾ ਜਾਂਦੀ ਹੈ।
  • ਆਰਮੀ ਦਾ ਅਪਾਚੀ ਹੈਲੀਕੌਪਟਰ ਇਕ ਗੈਲਨ ਜੈੱਟ ਫਿਊਲ ਨਾਲ ਅੱਧਾ ਮੀਲ ਕੱਢਦਾ ਹੈ। ਇਕ ਰਾਤ ਦੀ ਰੇਡ ਵਿੱਚ ਅਪਾਚੀ ਬਟਾਲੀਅਨ ਦੇ ਹੈਲੀਕੋਪਟਰਾਂ ਦਾ ਇਕ ਜੋੜਾ 60,000 ਗੈਲਨ ਜੈੱਟ ਫਿਊਲ ਖਾ ਜਾਂਦਾ ਹੈ। [4]

ਅਮਰੀਕਨ ਨੇਵੀ ਵੱਲੋਂ ਕੀਤੀ ਜਾਂਦੀ ਤੇਲ ਦੀ ਖਪਤ ਦਾ ਆਪਣਾ ਹੀ ਅੰਦਾਜ਼ ਹੈ। ਸੰਨ 1991 ਵਿੱਚ ਅਮਰੀਕਨ ਨੇਵੀ ਦੇ ਇਕ ਏਅਰਕਰਾਫਟ ਕੈਰੀਅਰ ਯੂ. ਐੱਸ. ਐੱਸ ਇੰਡੀਪੈਂਡਿਟ ਦੀ ਤੇਲ ਦੀ ਖਪਤ ਬਾਰੇ ਇਸ ਦੇ ਰਹਿ ਚੁੱਕੇ ਇਕ ਕਮਾਂਡਰ ਨੇ ਇਸ ਤਰ੍ਹਾਂ ਬਿਆਨ ਕੀਤਾ ਸੀ:

ਵੀਅਤਨਾਮ ਦੇ ਸਮੁੰਦਰੀ ਤੱਟ ਨੇੜੇ ਤਾਇਨਾਤ ਇਹ ਜਹਾਜ਼ ਰੋਜ਼ ਦਾ 1,00,000 ਗੈਲਨ ਤੇਲ ਖਾਂਦਾ ਹੈ। ਹਰ ਚੰਹੁ ਦਿਨਾਂ ਬਾਅਦ ਇੰਡੀਪੈਂਡਿਟ 10 ਲੱਖ ਗੈਲਨ ਤੇਲ ਲੈਂਦਾ ਸੀ - ਜਿਸ ਵਿੱਚੋਂ ਅੱਧਾ ਤੇਲ ਇਸ ਉੱਪਰਲੇ ਜੈੱਟ ਜਹਾਜ਼ ਖਪਤ ਕਰ ਦਿੰਦੇ ਸਨ। 14 ਦਿਨਾਂ ਵਿੱਚ ਫਾਰਸ ਦੀ ਖਾੜੀ (ਪਰਸ਼ੀਅਨ ਗਲਫ) ਤੱਕ ਪਹੁੰਚਣ ਲਈ ਇਹ ਸਮੁੰਦਰੀ ਜਹਾਜ਼ 20 ਲੱਖ ਗੈਲਨ ਤੋਂ ਵੱਧ ਤੇਲ ਖਾ ਜਾਵੇਗਾ। ਫਾਰਸ ਦੀ ਖਾੜੀ ਵਿੱਚ ਸਿਰਫ ਖੜ੍ਹਾ ਖੜ੍ਹਾ ਹੀ ਇਹ ਜਹਾਜ਼, ਹਰ ਰੋਜ਼ 3 ਲੱਖ 80 ਹਜ਼ਾਰ ਗੈਲਨ ਪਾਣੀ ਸਾਫ ਕਰਨ ਲਈ ਅਤੇ 40,000 ਲੋਕਾਂ ਦੀ ਵਸੋਂ ਵਾਲੇ ਇਕ ਸ਼ਹਿਰ ਦੀ ਲੋੜ ਜਿੰਨੀ ਬਿਜਲੀ ਪੈਦਾ ਕਰਨ ਲਈ ਵੱਡੀ ਮਾਤਰਾ ਵਿੱਚ ਤੇਲ ਖਾ ਜਾਵੇਗਾ। [5]

ਕੁੱਲ ਮਿਲਾ ਕੇ ਅਮਰੀਕਨ ਨੇਵੀ ਕੋਲ 13 ਏਅਰਕਰਾਫਟ ਕੈਰੀਅਰ ਹਨ। ਬੇਸ਼ੱਕ ਯੂ. ਐੱਸ. ਐੱਸ. ਇੰਡੀਪੈਂਡਿਟ ਨੂੰ ਅਮਰੀਕਨ ਨੇਵੀ ਨੇ ਸੰਨ 1998 ਵਿੱਚ 48 ਸਾਲਾਂ ਦੀ ਵਰਤੋਂ ਤੋਂ ਬਾਅਦ ਰਿਟਾਇਰ ਕਰ ਦਿੱਤਾ ਸੀ [6] ਪਰ ਇਸ ਦੀ ਤੇਲ ਦੀ ਖਪਤ ਬਾਰੇ ਉਪਰੋਕਤ ਬਿਆਨ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਮਰੀਕਨ ਨੇਵੀ ਦੇ ਦੂਸਰੇ ਏਅਰਕਰਾਫਟ ਕੈਰੀਅਰ ਕਿੰਨੀ ਵੱਡੀ ਮਾਤਰਾ ਵਿੱਚ ਤੇਲ ਦੀ ਖਪਤ ਕਰਦੇ ਹੋਣਗੇ।

ਅਮਰੀਕਾ ਦੀ ਏਅਰਫੋਰਸ ਫੌਜ ਦੀਆਂ ਸਾਰੀਆਂ ਸ਼ਾਖਾਵਾਂ ਤੋਂ ਵੱਧ ਤੇਲ ਦੀ ਖਪਤ ਕਰਦੀ ਹੈ। ਇਸ ਬਾਰੇ ਕੁੱਝ ਉਦਾਹਰਨਾਂ ਇਸ ਪ੍ਰਕਾਰ ਹਨ:

ਸੰਨ 2006 ਵਿੱਚ ਏਅਰਫੋਰਸ ਨੇ 2.6 ਅਰਬ ਗੈਲਨ ਜੈੱਟ ਫਿਊਲ ਵਰਤਿਆ ਸੀ। ਏਅਰਫੋਰਸ ਦੇ ਵੱਡੇ ਹੈਲੀਕੌਪਟਰ ਇਕ ਮੀਲ ਪਿੱਛੇ 5 ਗੈਲਨ ਤੇਲ ਖਾਂਦੇ ਹਨ। ਪਰ ਤੇਲ ਦੀ ਇਹ ਖਪਤ ਏਅਰ ਫੋਰਸ ਦੇ ਲੜਾਕੇ ਜਹਾਜ਼ਾਂ ਵੱਲੋਂ ਖਾਧੇ ਜਾਂਦੇ ਤੇਲ ਦੇ ਮੁਕਾਬਲੇ ਕੁੱਝ ਵੀ ਨਹੀਂ। ਉਦਾਹਰਨ ਲਈ ਐੱਫ-4 ਫੈਂਟਮ ਫਾਈਟਰ ਇਕ ਘੰਟੇ ਵਿੱਚ 1600 ਗੈਲਨ ਤੇਲ ਖਾਂਦਾ ਹੈ। ਐੱਫ-15 ਇਕ ਘੰਟੇ ਵਿੱਚ 1580 ਗੈਲਨ ਤੇਲ ਖਾਂਦਾ ਹੈ ਅਤੇ ਐੱਫ-16 ਇਕ ਘੰਟੇ ਵਿੱਚ 1680 ਗੈਲਨ ਤੇਲ ਖਾਂਦਾ ਹੈ। ਅਸੀਂ ਦੇਖ ਸਕਦੇ ਹਾਂ ਕਿ ਜਿੰਨਾ ਤੇਲ ਇਕ ਪਰਿਵਾਰਕ ਕਾਰ ਤਿੰਨਾਂ ਸਾਲਾਂ ਵਿੱਚ ਖਾਂਦੀ ਹੈ, ਉਨਾ ਜਾਂ ਉਸ ਤੋਂ ਵੱਧ ਤੇਲ ਇਹ ਫਾਈਟਰ ਜਹਾਜ਼ ਇਕ ਘੰਟੇ ਵਿੱਚ ਖਾ ਜਾਂਦੇ ਹਨ।

ਜਦੋਂ ਕਿਸੇ ਲੜਾਕੇ ਜਹਾਜ਼ ਨੂੰ ਸੁਪਰਸੌਨਿਕ ਸਪੀਡ (ਅਵਾਜ਼ ਦੀ ਰਫਤਾਰ, 1236 ਕਿਲੋਮੀਟਰ ਪ੍ਰਤੀ ਘੰਟਾ, ਨਾਲੋਂ ਵੱਧ ਸਪੀਡ) ‘ਤੇ ਉਡਾਉਣਾ ਹੁੰਦਾ ਹੈ ਤਾਂ ਪਾਇਲਟ ਲਈ ਜਹਾਜ਼ ਦੇ ਆਫਟਰਬਰਨਰਾਂ ਨੂੰ ਚਾਲੂ ਕਰਨਾ ਜ਼ਰੂਰੀ ਹੈ। ਇਸ ਨਾਲ ਜਹਾਜ਼ ਦੀ ਸਪੀਡ ਤਿੰਨ ਗੁਣਾਂ ਤੱਕ ਹੋ ਸਕਦੀ ਹੈ ਅਤੇ ਤੇਲ ਦੀ ਖਪਤ 20 ਗੁਣਾਂ ਵੱਧ ਜਾਂਦੀ ਹੈ। ਜਦੋਂ ਐੱਫ-15 ਲੜਾਕੇ ਜਹਾਜ਼ ਦੇ ਆਫਟਰਬਰਨਰ ਚਾਲੂ ਹੁੰਦੇ ਹਨ ਤਾ ਇਹ ਇਕ ਸਕਿੰਟ ਵਿੱਚ ਚਾਰ ਗੈਲਨ ਭਾਵ ਇਕ ਘੰਟੇ ਵਿੱਚ 14, 400 ਗੈਲਨ ਤੇਲ ਖਾਂਦਾ ਹੈ।

ਏਅਰਫੋਰਸ ਦਾ ਬੀ-52 ਬੰਬਾਰ ਜਹਾਜ਼ ਆਫਟਰਬਰਨਰਾਂ ਤੋਂ ਬਿਨਾਂ ਇਕ ਘੰਟੇ ਵਿੱਚ 3334 ਗੈਲਨ ਤੇਲ ਖਾਂਦਾ ਹੈ। ਇਹ ਜਹਾਜ਼ 10 ਮਿਨਟਾਂ ਵਿੱਚ ਉਨਾ ਤੇਲ ਖਾ ਜਾਂਦਾ ਹੈ ਜਿੰਨਾ ਔਸਤਨ ਤੇਲ ਇਕ ਪਰਿਵਾਰਕ ਕਾਰ ਸਾਲ ਵਿੱਚ ਖਾਂਦੀ ਹੈ। ਜੇ ਬੀ-52 ਬੰਬਾਰ ਜਹਾਜ਼ ਦੀ ਵਰਤੋਂ ਲੰਮੇ ਸਮੇਂ ਲਈ ਕਰਨੀ ਹੋਵੇ ਤਾਂ ਇਸ ਵਿੱਚ ਅਸਮਾਨ ਵਿੱਚ ਦੁਬਾਰਾ ਤੇਲ ਪਾਉਣਾ ਪੈਂਦਾ ਹੈ। ਅਮਰੀਕਨ ਏਅਰਫੋਰਸ ਕੇ ਸੀ-135 ਸਟਰੈਟੋਟੈਂਕਰ ਅਤੇ ਕੇ ਸੀ-10 ਐਕਸਟੈਂਡਰ ਨਾਮੀ ਜਹਾਜ਼ ਅਸਮਾਨ ਵਿੱਚ ਦੂਸਰੇ ਜਹਾਜ਼ਾਂ ਵਿੱਚ ਤੇਲ ਪਾਉਣ ਲਈ ਵਰਤਦੀ ਹੈ। ਕੇ ਸੀ-10 ਐਕਸਟੈਂਡਰ ਦੇ ਤੇਲ ਸਟੋਰ ਕਰਨ ਦੀ ਸਮਰੱਥਾ 60,000 ਗੈਲਨ ਹੈ। ਜਿੰਨਾ ਤੇਲ ਇਹ ਜਹਾਜ਼ ਸਟੋਰ ਕਰ ਸਕਦਾ ਹੈ ਉਸ ਨਾਲ ਇਕ ਪਰਿਵਾਰ ਔਸਤਨ ਤੌਰ ਉੱਤੇ 120 ਸਾਲਾਂ ਲਈ ਆਪਣੀ ਕਾਰ ਚਲਾ ਸਕਦਾ ਹੈ। ਨੋਟ ਕਰਨ ਵਾਲੀ ਗੱਲ ਇਹ ਹੈ ਕਿ ਅਮਰੀਕਨ ਏਅਰ ਫੋਰਸ ਕੋਲ 94 ਬੀ-52 ਐੱਚ ਬੰਬਾਰ ਜਹਾਜ਼ ਹਨ। [7]

ਉਂਝ ਤਾਂ ਏਅਰਫੋਰਸ ਦੀ ਤੇਲ ਦੀ ਖਪਤ ਬਾਰੇ ਉਪਰਲੇ ਤੱਥ ਕਾਫੀ ਜਾਣਕਾਰੀ ਦੇ ਦਿੰਦੇ ਹਨ ਪਰ ਅਸੀਂ ਇਸ ਸੰਬੰਧ ਵਿੱਚ ਇਕ ਹੋਰ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਨੀ ਚਾਹਾਂਗੇ। ਇਹ ਜਾਣਕਾਰੀ ਜੰਗ ਦੇ ਦੌਰਾਨ ਏਅਰਫੋਰਸ ਦੇ ਬੰਬਾਰ ਜਹਾਜ਼ਾਂ ਵੱਲੋਂ ਡਕਾਰੇ ਜਾਂਦੇ ਤੇਲ ਨਾਲ ਸੰਬੰਧਤ ਹੈ।

ਜਦੋਂ 7 ਅਕਤੂਬਰ 2001 ਨੂੰ ਅਮਰੀਕਾ ਨੇ ਅਫਗਾਨਿਸਤਾਨ ਉੱਤੇ ਹਵਾਈ ਹਮਲਾ ਕੀਤਾ ਤਾਂ ਇਸ ਹਮਲੇ ਵਿੱਚ ਨੇਵੀ ਅਤੇ ਏਅਰਫੋਰਸ ਦੇ ਬੀ-2, ਐੱਫ-14, ਐੱਫ/ਏ-18, ਬੀ-52 ਬੰਬਾਰ ਆਦਿ ਜਹਾਜ਼ਾਂ ਨੇ ਹਿੱਸਾ ਲਿਆ। ਨੇਵੀ ਦੇ ਜਹਾਜ਼ਾਂ ਨੇ ਆਪਣੇ ਨਿਸ਼ਾਨੇ ਤੋਂ 500 ਮੀਲ ਦੂਰ ਅਰਬ ਸਾਗਰ ਵਿੱਚਲੇ ਏਅਰਕਰਾਫਟ ਕੈਰੀਅਰ ਤੋਂ ਅਤੇ ਏਅਰਫੋਰਸ ਦੇ ਜਹਾਜ਼ਾਂ ਨੇ ਹਿੰਦ ਮਹਾਂ ਸਾਗਰ ਵਿਚਲੇ ਏਅਰਬੇਸ ਡੀਗੋ ਗਾਰਸੀਆ ਤੋਂ ਉਡਾਣਾ ਭਰੀਆਂ। ਹੋਰ ਲੜਾਕੇ ਜਹਾਜ਼ਾਂ ਨੇ ਫਾਰਸ ਦੀ ਖਾੜੀ (ਪਰਸ਼ੀਅਨ ਗਲਫ) ਵਿੱਚੋਂ ਉਡਾਣਾਂ ਭਰੀਆਂ। ਡੀਗੋ ਗਾਰਸੀਆ ਤੋਂ ਉਡਾਣਾਂ ਭਰਨ ਵਾਲੇ ਜਹਾਜ਼ਾਂ ਨੇ 12-15 ਘੰਟੇ ਦੇ ਸਮੇਂ ਲਈ ਉਡਾਣਾਂ ਭਰੀਆਂ ਅਤੇ 5,500 ਮੀਲ ਦੇ ਨੇੜੇ ਤੇੜੇ ਸਫਰ ਕੀਤਾ। ਯਾਦ ਰਹੇ ਕਿ ਇਕ ਬੀ-52 ਬੰਬਾਰ ਜਹਾਜ਼ ਇਕ ਘੰਟੇ ਵਿੱਚ 3334 ਗੈਲਨ ਜੈੱਟ ਫਿਊਲ ਖਾਂਦਾ ਹੈ, ਇਸ ਲਈ 12-15 ਘੰਟੇ ਦੀ ਫਲਾਈਟ ਦੌਰਾਨ ਹਰ ਇਕ ਬੀ-52 ਬੰਬਾਰ ਜਹਾਜ਼ ਨੇ 40000-50,000 ਗੈਲਨ ਦੇ ਨੇੜੇ ਤੇਲ ਖਾਧਾ। ਉਸ ਰਾਤ ਦੇ ਹਵਾਈ ਹਮਲੇ ਵਿੱਚ 10 ਬੀ-52 ਬੰਬਾਰਾਂ ਨੇ ਹਿੱਸਾ ਲਿਆ। ਜਿਸ ਦਾ ਅਰਥ ਹੈ ਕਿ ਇਕੱਲੇ ਬੀ-52 ਬੰਬਾਰ ਜਹਾਜਾਂ ਨੇ ਹੀ ਉਸ ਇਕ ਰਾਤ ਵਿੱਚ 5,00,000 ਗੈਲਨ ਤੇਲ ਖਾਧਾ। [8]

ਇਸ ਦੇ ਨਾਲ ਜੇ ਅਸੀਂ ਦੂਸਰੇ ਬੰਬਾਰ ਜਹਾਜ਼ਾਂ, ਫਾਰਸ ਦੀ ਖਾੜੀ ਵਿੱਚ ਖੜ੍ਹੇ ਨੇਵੀ ਦੇ ਏਅਰਕਰਾਫਟ ਕੈਰੀਅਰ ਜਹਾਜ਼ਾਂ, ਅਤੇ ਅਸਮਾਨ ਵਿੱਚ ਜਹਾਜ਼ਾਂ ਨੂੰ ਤੇਲ ਸਪਲਾਈ ਕਰਨ ਵਾਲੇ ਜਹਾਜ਼ਾਂ ਵੱਲੋਂ ਖਾਧੇ ਤੇਲ ਦੀ ਮਾਤਰਾ ਵੀ ਜੋੜ ਲਈਏ ਤਾਂ ਇਸ ਹਵਾਈ ਹਮਲੇ ਦੌਰਾਨ ਹਰ ਇਕ ਰਾਤ ਵਿੱਚ ਖਪਤ ਹੋਏ ਕੁੱਲ ਤੇਲ ਦੀ ਮਾਤਰਾ ਬੀ-52 ਬੰਬਾਰ ਜਹਾਜ਼ਾਂ ਵੱਲੋਂ ਖਾਧੇ ਤੇਲ ਦੀ ਮਾਤਰਾ ਨਾਲ ਕਿਤੇ ਜਿ਼ਆਦਾ ਵੱਧ ਜਾਂਦੀ ਹੈ। ਇੱਥੇ ਯਾਦ ਰੱਖਣ ਵਾਲੀ ਗੱਲ ਇਹ ਵੀ ਹੈ ਕਿ 7 ਅਕਤੂਬਰ 2001 ਨੂੰ ਸ਼ੁਰੂ ਹੋਇਆ ਇਹ ਹਵਾਈ ਹਮਲਾ ਕਈ ਦਿਨ ਚੱਲਦਾ ਰਿਹਾ ਸੀ। ਸੋ ਇਸ ਹਮਲੇ ਦੌਰਾਨ ਕਿੰਨੀ ਕਾਰਬਨਡਾਇਔਕਸਾਈਡ ਵਾਤਾਵਰਨ ਵਿੱਚ ਗਈ ਹੋਵੇਗੀ, ਇਸ ਦਾ ਅੰਦਾਜ਼ਾ ਪਾਠਕ ਆਪ ਹੀ ਲਾ ਸਕਦੇ ਹਨ।

ਇਸ ਹੀ ਤਰ੍ਹਾਂ ਜਦੋਂ 19 ਮਾਰਚ 2003 ਨੂੰ ਅਮਰੀਕਾ ਵੱਲੋਂ ਇਰਾਕ ਉੱਤੇ ਹਮਲਾ ਕੀਤਾ ਗਿਆ ਤਾਂ ਉਸ ਰਾਤ ਬਗਦਾਦ ਉੱਪਰ ਹਮਲਾ ਕਰਨ ਲਈ 1700 ਹਵਾਈ ਜਹਾਜ਼ਾਂ ਨੇ ਹਿੱਸਾ ਲਿਆ ਜਿਹਨਾਂ ਵਿੱਚ ਬੰਬਾਰ, ਲੜਾਕੇ ਅਤੇ ਹੋਰ ਕਈ ਤਰ੍ਹਾਂ ਦੇ ਜੰਗੀ ਜਹਾਜ਼ ਸ਼ਾਮਲ ਸਨ। [9] ਇਹਨਾਂ ਜਹਾਜ਼ਾਂ ਨੇ ਕਿੰਨਾ ਤੇਲ ਖਾਧਾ ਹੋਵੇਗਾ ਅਤੇ ਕਿੰਨੀ ਕਾਰਬਨਡਾਇਔਕਸਾਈਡ ਵਾਤਾਵਰਨ ਵਿੱਚ ਛੱਡੀ ਹੋਵੇਗੀ ਇਸ ਦੀ ਕਲਪਨਾ ਪਾਠਕ ਆਪ ਕਰ ਸਕਦੇ ਹਨ।

ਅਮਰੀਕੀ ਫੌਜ ਦੀਆਂ ਕੁੱਝ ਵੱਖ ਵੱਖ ਮਸ਼ੀਨਾਂ ਵਲੋਂ ਖਪਤ ਕੀਤੇ ਜਾਂਦੇ ਤੇਲ ਦੀ ਮਾਤਰਾ ਬਾਰੇ ਪੜ੍ਹ ਕੇ ਮਨ ਵਿੱਚ ਇਹ ਸਵਾਲ ਉੱਠਣਾ ਸੁਭਾਵਕ ਹੀ ਹੈ ਕਿ ਅਮਰੀਕਨ ਫੌਜ ਸਾਲ ਵਿੱਚ ਕਿੰਨਾ ਤੇਲ ਖਪਤ ਕਰਦੀ ਹੈ। ਬੈਰੀ ਸੈਂਡਰਜ਼ ਅਨੁਸਾਰ ਅਮਰੀਕਾ ਦੀ ਫੌਜ ਹਰ ਰੋਜ਼ 10 ਲੱਖ ਬੈਰਲ ਤੇਲ ਖਪਤ ਕਰਦੀ ਹੈ ਅਤੇ ਹਰ ਰੋਜ਼ 40 ਕਰੋੜ ਪੌਂਡ ਜਾਂ ਦੋ ਲੱਖ ਟੰਨ ਦੇ ਬਰਾਬਰ ਗਰੀਨਹਾਊਸ ਗੈਸਾਂ ਵਾਤਾਵਰਨ ਵਿੱਚ ਫੈਲਾਉਂਦੀ ਹੈ। ਜੇ ਅਸੀਂ ਸਾਲ ਦਾ ਹਿਸਾਬ ਲਾਈਏ ਤਾਂ ਅਮਰੀਕਾ ਦੀ ਫੌਜ ਹਰ ਸਾਲ 146 ਅਰਬ ਪੌਂਡ ਜਾਂ 7 ਕ੍ਰੋੜ 30 ਲੱਖ ਟੰਨ ਕਾਰਬਨ ਵਾਤਾਵਰਨ ਵਿੱਚ ਫੈਲਾਉਂਦੀ ਹੈ। [10]

ਨੇਸ਼ਨਮਾਸਟਰ.ਕਾਮ  ਉੱਪਰ 2007 ਦੇ ਹਿਸਾਬ ਅਨੁਸਾਰ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਲੋਂ ਤੇਲ ਦੀ ਰੋਜ਼ਾਨਾ ਖਪਤ ਦੇ ਅੰਕੜੇ ਦਿੱਤੇ ਗਏ ਹਨ। ਇਹਨਾਂ ਅੰਕੜਿਆਂ ਅਨੁਸਾਰ ਦੁਨੀਆਂ ਦੇ ਸਿਰਫ ਅਠਾਰਾਂ ਦੇਸ਼ ਅਜਿਹੇ ਹਨ ਜੋ ਹਰ ਰੋਜ਼ ਦਸ ਲੱਖ ਬੈਰਲ ਨਾਲੋਂ ਵੱਧ ਤੇਲ ਖਪਤ ਕਰਦੇ ਹਨ। ਕ੍ਰਮਵਾਰ ਇਹ ਦੇਸ਼ ਹਨ: ਅਮਰੀਕਾ, ਚੀਨ, ਜਾਪਾਨ, ਰੂਸ, ਭਾਰਤ, ਜਰਮਨੀ, ਬਰਾਜ਼ੀਲ, ਕਨੇਡਾ, ਸਾਊਦੀ ਅਰਬੀਆ, ਦੱਖਣੀ ਕੋਰੀਆ, ਮੈਕਸੀਕੋ, ਫਰਾਂਸ, ਇੰਗਲੈਂਡ, ਇਟਲੀ, ਇਰਾਨ, ਸਪੇਨ ਅਤੇ ਇੰਡੋਨੇਸ਼ੀਆ। [11] ਇਸ ਦਾ ਅਰਥ ਇਹ ਹੋਇਆ ਕਿ ਅਮਰੀਕਾ ਦੀ ਫੌਜ ਇਹਨਾਂ ਦੇਸ਼ਾਂ ਤੋਂ ਬਿਨਾਂ ਦੁਨੀਆਂ ਦੇ ਹੋਰ ਇਕੱਲੇ ਇਕੱਲੇ ਦੇਸ਼ ਨਾਲੋਂ ਵੱਧ ਤੇਲ ਖਪਤ ਕਰਦੀ ਹੈ ਅਤੇ ਇਸ ਕਾਰਨ ਉਹਨਾਂ ਦੇਸ਼ਾਂ ਤੋਂ ਵੱਧ ਕਾਰਬਨਡਾਇਔਕਸਾਈਡ ਵਾਤਾਵਰਨ ਵਿੱਚ ਫੈਲਾਉਂਦੀ ਹੈ।

ਇਸ ਦੇ ਨਾਲ ਹੀ ਇਕ ਹੋਰ ਤੱਥ ਨੋਟ ਕਰਨ ਵਾਲਾ ਹੈ ਕਿ ਇਕ ਪਰਿਵਾਰਕ ਕਾਰ ਸਾਲ ਵਿੱਚ 10 ਹਜ਼ਾਰ ਪੌਂਡ ਦੇ ਬਰਾਬਰ ਦੀ ਕਾਰਬਨਡਾਇਔਕਸਾਈਡ ਵਾਤਵਰਨ ਵਿੱਚ ਫੈਲਾਉਂਦੀ ਹੈ। ਇਸ ਹਿਸਾਬ ਨਾਲ ਅਮਰੀਕਾ ਦੀ ਮਿਲਟਰੀ ਇਕ ਸਾਲ ਵਿੱਚ ਉਨੀ ਕਾਰਬਨਡਾਇਔਕਸਾਈਡ ਵਾਤਾਵਰਨ ਵਿੱਚ ਛੱਡਦੀ ਹੈ ਜਿੰਨੀ ਕਾਰਬਨਡਾਇਕਔਕਸਾਈਡ 1 ਕਰੋੜ 46 ਲੱਖ ਕਾਰਾਂ ਸਾਲ ਵਿੱਚ ਛੱਡਦੀਆਂ ਹਨ।

ਵਾਤਾਵਰਨ ਵਿੱਚ ਰੇਡੀਓਐਕਟਿਵ ਸਮੱਗਰੀ ਫੈਲਾਉਣ ਵਿੱਚ ਫੌਜ ਦੀ ਭੂਮਿਕਾ:

ਪਿਛਲੇ ਕੁੱਝ ਸਾਲਾਂ ਦੌਰਾਨ ਸਾਹਮਣੇ ਆਈਆਂ ਵੱਖ ਵੱਖ ਰਿਪੋਰਟਾਂ ਤੋਂ ਇਹ ਗੱਲ ਸਾਫ ਹੋਈ ਹੈ ਕਿ ਅਮਰੀਕਾ ਅਤੇ ਉਸ ਦੀਆਂ ਭਾਈਵਾਲ ਫੌਜਾਂ ਨੇ ਇਰਾਕ ਅਤੇ ਅਫਗਾਨਿਸਤਾਨ ਵਿੱਚ ਅਤੇ ਨੈਟੋ ਦੀਆਂ ਫੌਜਾਂ ਨੇ ਕੌਸਵੋ ਵਿੱਚ ਅਜਿਹੇ ਹਥਿਆਰਾਂ ਦੀ ਵਰਤੋਂ ਕੀਤੀ ਹੈ ਜਿਹਨਾਂ ਵਿੱਚ ਡਿਪਲੀਟਿਡ ਯੁਰੇਨੀਅਮ  ਵਰਤਿਆ ਗਿਆ ਸੀ। ਜਦੋਂ ਕੁਦਰਤੀ ਯੁਰੇਨੀਅਮ ਨੂੰ ਪਰਮਾਣੂ ਬਿਜਲੀ ਪੈਦਾ ਕਰਨ ਵਾਲੇ ਰੀਐਕਟਰਾਂ ਵਿੱਚ ਬਾਲਣ ਲਈ ਤਿਆਰ (ਇਨਰਿੱਚ) ਕੀਤਾ ਜਾਂਦਾ ਹੈ ਤਾਂ ਉਸ ਅਮਲ ਦੌਰਾਨ ਬਾਈ ਪ੍ਰੋਡਕਟ (ਰਹਿੰਦ ਖੂਹੰਦ) ਦੇ ਰੂਪ ਵਿੱਚ ਡਿਪਲੀਟਿਡ ਯੂਰੇਨੀਅਮ ਪੈਦਾ ਹੁੰਦਾ ਹੈ। ਇਹ ਯੁਰੇਨੀਅਮ ਬਹੁਤ ਖਤਰਨਾਕ ਪੱਧਰ ਤੱਕ ਰੇਡੀਓਐਕਟਿਵ ਹੁੰਦਾ ਹੈ। ਪਰ ਇਸ ਦੀ ਇਕ ਖੂਬੀ ਇਹ ਵੀ ਹੈ ਕਿ ਇਹ ਟੈਂਕਾਂ ਅਤੇ ਕੰਕਰੀਟ ਦੇ ਮੋਰਚਿਆਂ ਨੂੰ ਬਹੁਤ ਸੌਖਿਆਂ ਹੀ ਤੋੜ੍ਹ ਸਕਦਾ ਹੈ। ਪੈਂਟਾਗਨ ਦੇ ਆਪਣੇ ਸ਼ਬਦਾਂ ਵਿੱਚ, ਜਿਸ ਤਰ੍ਹਾਂ “ਇਕ ਗਰਮ ਚਾਕੂ ਮੱਖਣ ਨੂੰ ਕੱਟਦਾ ਹੈ”[12] ਉਸ ਤਰ੍ਹਾਂ ਡਿਪਲੀਟਡ ਯੁਰੇਨੀਅਮ ਟੈਂਕਾਂ ਅਤੇ ਹੋਰ ਫੌਜੀ ਬਕਤਰਬੰਦ ਗੱਡੀਆਂ ਨੂੰ ਕੱਟਦਾ ਹੈ। ਇਸ ਲਈ ਪਿਛਲੇ ਕੁੱਝ ਦਹਾਕਿਆਂ ਦੌਰਾਨ ਫੌਜ ਨੇ ਇਸ ਨੂੰ ਬੰਬਾਂ, ਮਿਜ਼ਾਇਲਾਂ ਅਤੇ ਗੋਲਿਆਂ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ ਹੈ।

ਜਦੋਂ ਡਿਪਲੀਟਿਡ ਯੁਰੇਨੀਅਮ ਦੇ ਸਿਰੇ ਵਾਲਾ ਗੋਲਾ ਜਾਂ ਮਿਜ਼ਾਇਲ ਕਿਸੇ ਟੈਂਕ ਜਾਂ ਕੰਕਰੀਟ ਦੇ ਮੋਰਚੇ ਨਾਲ ਵੱਜ ਕੇ ਫੱਟਦਾ ਹੈ ਤਾਂ ਇਹ ਬਹੁਤ ਉੱਚੇ ਤਾਪਮਾਨ ਉੱਤੇ ਬਲਦਾ ਹੋਇਆ ਇਕ ਅੱਗ ਦਾ ਭਾਂਬੜ ਪੈਦਾ ਕਰਦਾ ਹੈ। ਉੱਚੇ ਤਾਪਮਾਨ ਕਾਰਨ ਇਹ ਟੈਂਕ ਦੀ ਮੋਟੀ ਚਾਦਰ ਜਾਂ ਮੋਰਚੇ ਦੀ ਕਈ ਮੀਟਰ ਮੋਟੀ ਕੰਕਰੀਟ ਦੀ ਤਹਿ ਨੂੰ ਪਾੜਦਾ ਹੋਇਆ ਆਪਣੇ ਸੰਪਰਕ ਵਿੱਚ ਆਉਣ ਵਾਲੀ ਹਰ ਚੀਜ਼ ਨੂੰ ਰਾਖ ਵਿੱਚ ਤਬਦੀਲ ਕਰ ਦਿੰਦਾ ਹੈ। ਯੁਰੇਨੀਅਮ ਔਕਸਾਈਡ ਨਾਲ ਭਰਪੂਰ ਇਹ ਰਾਖ ਬਹੁਤ ਹੀ ਰੇਡੀਓਐਕਟਿਵ ਹੁੰਦੀ ਹੈ ਅਤੇ ਹਵਾ ਨਾਲ ਉੱਡ ਕੇ ਕਈ ਮੀਲਾਂ ਤੱਕ ਜਾ ਸਕਦੀ ਹੈ, ਸਾਹ ਲੈਣ ਨਾਲ ਮਨੁੱਖੀ ਸਰੀਰ ਅੰਦਰ ਦਾਖਲ ਹੋ ਸਕਦੀ ਹੈ, ਬੂਟਿਆਂ ਅਤੇ ਦਰੱਖਤਾਂ ਅਤੇ ਜਾਨਵਰਾਂ ਵਲੋਂ ਜਜ਼ਬ ਕੀਤੀ ਜਾ ਸਕਦੀ ਹੈ ਅਤੇ ਸਾਡੀਆਂ ਖਾਣ ਪੀਣ ਦੀਆਂ ਵਸਤਾਂ ਦਾ ਹਿੱਸਾ ਬਣ ਸਕਦੀ ਹੈ। ਧਰਤੀ ਵਿੱਚ ਜਜ਼ਬ ਹੋਣ ਤੋਂ ਬਾਅਦ ਇਹ ਧਰਤੀ ਹੇਠਲੇ ਪਾਣੀ ਵਿੱਚ ਰਲ ਸਕਦੀ ਹੈ ਅਤੇ ਉਸ ਵਿੱਚ ਯੁਰੇਨੀਅਮ ਦੀ ਮਿਕਦਾਰ ਨੂੰ ਸੈਂਕੜੇ ਗੁਣਾਂ ਵਧਾ ਸਕਦੀ ਹੈ। [13] ਇਕ ਵਾਰ ਵਾਤਾਵਰਨ ਵਿੱਚ ਫੈਲਣ ਤੋਂ ਬਾਅਦ ਡਿਪਲੀਟਡ ਯੁਰੇਨੀਅਮ ਵਾਤਾਵਰਨ ਵਿੱਚ ਅਰਬਾਂ ਸਾਲ ਰਹਿੰਦਾ ਹੈ ਕਿਉਂਕਿ ਇਸ ਦੀ “ਹਾਫ-ਲਾਈਫ” 4.5 ਅਰਬ ਸਾਲ ਹੈ।

ਵਾਤਾਵਰਨ ਤੋਂ ਮਨੁੱਖੀ ਸਰੀਰ ਵਿੱਚ ਪਹੁੰਚਿਆ ਡਿਪਲੀਟਡ ਯੁਰੇਨੀਅਮ ਮਨੁੱਖਾਂ ‘ਤੇ ਕਈ ਤਰ੍ਹਾਂ ਦੇ ਮਾਰੂ ਅਸਰ ਪਾਉਂਦਾ ਹੈ। ਇਸ ਨਾਲ ਕੈਂਸਰ ਹੋ ਸਕਦੀ ਹੈ। ਇਸ ਦੀ ਮਾਰ ਹੇਠ ਆਏ ਮਾਪਿਆਂ ਦੇ ਜੰਮਣ ਵਾਲੇ ਬੱਚੇ ਅਪੰਗ ਪੈਦਾ ਹੋ ਸਕਦੇ ਹਨ। ਇਸ ਨਾਲ ਮਨੁੱਖ ਦੇ ਅੰਦਰਲੇ ਅੰਗ ਫੇਲ੍ਹ ਹੋ ਸਕਦੇ ਹਨ ਅਤੇ ਵਿਅਕਤੀ ਵਿੱਚ ਏਡਜ਼ ਵਰਗੇ ਲੱਛਣ ਪੈਦਾ ਹੋ ਸਕਦੇ ਹਨ। [14]

ਪਿਛਲੇ ਕੁੱਝ ਸਾਲਾਂ ਦੌਰਾਨ ਜੰਗਾਂ ਵਿੱਚ ਅਮਰੀਕੀ ਅਤੇ ਉਸ ਦੀਆਂ ਭਾਈਵਾਲ ਫੌਜਾਂ ਨੇ ਕਿੰਨਾ ਕੁ ਡਿਪਲੀਟਡ ਯੁਰੇਨੀਅਮ ਵਾਤਾਵਰਣ ਵਿੱਚ ਫੈਲਾਇਆ ਹੈ? ਇਸ ਬਾਰੇ ਵੱਖ ਵੱਖ ਰਿਪੋਰਟਾਂ ਵਿੱਚ ਦਿੱਤੀ ਜਾਣਕਾਰੀ ਵਿੱਚੋਂ ਕੁੱਝ ਅੰਕੜੇ ਸ਼ਾਮਲ ਹਨ। ਦਾਹਰ ਜਮੇਲ ਅਨੁਸਾਰ ਸੰਨ 2003 ਦੇ ਹਮਲੇ ਦੌਰਾਨ ਅਮਰੀਕਾ ਅਤੇ ਬਰਤਾਨੀਆ ਦੀਆਂ ਫੌਜਾਂ ਨੇ ਇਰਾਕ ਵਿੱਚ 1700 ਟੰਨ ਤੋਂ ਵੱਧ ਡਿਪਲੀਟਡ ਯੁਰੇਨੀਅਮ ਵਰਤਿਆ ਸੀ ਅਤੇ 1991 ਦੀ ਖਾੜੀ ਦੀ ਜੰਗ (ਗਲਫ ਵਾਰ) ਦੌਰਾਨ 320 ਟੰਨ ਡਿਪਲੀਟਡ ਯੁਰੇਨੀਅਮ ਵਰਤਿਆ ਗਿਆ ਸੀ। [15] ਬੈਰੀ ਸੈਂਡਰਜ਼ ਅਨੁਸਾਰ ਸੰਨ 1991 ਦੀ ਖਾੜੀ ਜੰਗ ਸਮੇਂ ਅਮਰੀਕੀ ਫੌਜਾਂ ਉੱਤੇ ਬੰਦਸ਼ਾਂ ਸਨ ਕਿ ਉਹ ਡਿਪਲਿਟਡ ਯੁਰੇਨੀਅਨ ਦੀ ਵਰਤੋਂ ਮਾਰੂਥਲ ਵਿੱਚ ਮਨੁੱਖੀ ਵਸੋਂ ਤੋਂ ਦੂਰ ਹੀ ਕਰ ਸਕਦੀਆਂ ਸਨ। ਪਰ 2003 ਦੀ ਇਰਾਕ ਦੀ ਜੰਗ ਦੌਰਾਨ ਇਸ ਤਰ੍ਹਾਂ ਦੀਆਂ ਬੰਦਸ਼ਾਂ ਨਹੀਂ ਸਨ। ਨਤੀਜੇ ਵਜੋਂ ਇਸ ਵਾਰ ਫੌਜ ਵਲੋਂ ਡਿਪਲੀਟਡ ਯੁਰੇਨੀਅਮ ਦੀ ਵਰਤੋਂ ਵਸੋਂ ਵਾਲੇ ਇਲਾਕਿਆਂ ਵਿੱਚ ਵੀ ਕੀਤੀ ਗਈ। [16] ਲਿਉਰੈਨ ਮੋਰੈਟ ਅਨੁਸਾਰ ਸੰਨ 2001 ਵਿੱਚ ਅਫਗਾਨਿਸਤਾਨ ਵਿੱਚ 800 ਤੋਂ 1000 ਟੰਨ ਡਿਪਲੀਟਡ ਯੁਰੇਨੀਅਮ ਵਰਤਿਆ ਗਿਆ ਸੀ। [17

ਇਰਾਕ ਅਤੇ ਅਫਗਾਨਿਸਤਾਨ ਵਿੱਚ ਡਿਪਲੀਟਡ ਯੁਰੇਨੀਅਮ ਦੀ ਵਰਤੋਂ ਉੱਥੋਂ ਦੇ ਲੋਕਾਂ ਦੀ ਸਿਹਤ ਉੱਪਰ ਬਹੁਤ ਹੀ ਮਾਰੂ ਅਸਰ ਪਾ ਰਹੀ ਹੈ। ਇਰਾਕ ਬਾਰੇ ਛਪੀਆਂ ਬਹੁਤ ਸਾਰੀਆਂ ਰਿਪੋਰਟਾਂ ਅਤੇ ਅਧਿਅਨ ਇਹ ਦਰਸਾਉਂਦੇ ਹਨ ਕਿ ਇਰਾਕ ਦੀਆਂ ਦੋਵੇਂ ਜੰਗਾਂ ਤੋਂ ਬਾਅਦ ਉੱਥੋਂ ਦੇ ਲੋਕਾਂ ਵਿੱਚ ਕੈਂਸਰ ਦੀ ਬੀਮਾਰੀ ਬਹੁਤ ਜਿ਼ਆਦਾ ਵੱਧ ਗਈ ਹੈ। ਇਰਾਕ ਦੀ ਕਲਾਕਾਰਾ ਅਤੇ ਲੇਖਕਾ ਨੁਹਾ ਅਲ ਰਾਦੀ ਦੀ ਡਾਇਰੀ (ਬਗਦਾਦ ਡਾਇਰੀਜ਼) ਵਿੱਚੋਂ ਕੁੱਝ ਸ਼ਬਦ ਇਸ ਸਥਿਤੀ ਦਾ ਇਸ ਤਰ੍ਹਾਂ ਬਿਆਨ ਕਰਦੇ ਹਨ:

ਜਾਪਦਾ ਹੈ ਕਿ ਹਰ ਕੋਈ ਕੈਂਸਰ ਨਾਲ ਮਰ ਰਿਹਾ ਹੈ। ਹਰ ਰੋਜ਼ ਕਿਸੇ ਦੋਸਤ ਜਾਂ ਮਿੱਤਰ ਦੇ ਮਰਨ ਦੀ ਖਬਰ ਸੁਣਨ ਨੂੰ ਮਿਲਦੀ ਹੈ। ਹਸਪਤਾਲਾਂ ਵਿੱਚ ਹੋਰ ਕਿੰਨੇ ਲੋਕ ਮਰਦੇ ਹਨ ਜਿਹਨਾਂ ਨੂੰ ਅਸੀਂ ਨਹੀਂ ਜਾਣਦੇ। ਜ਼ਾਹਰਾ ਤੌਰ ‘ਤੇ 30 ਫੀਸਦੀ ਤੋਂ ਵੱਧ ਇਰਾਕੀ ਲੋਕਾਂ ਨੂੰ ਕੈਂਸਰ ਹੈ, ਅਤੇ ਬਹੁਤ ਸਾਰੇ ਬੱਚਿਆਂ ਨੂੰ ਲਕੀਮੀਆ। ਅਮਰੀਕਾ ਦੇ ਬੰਬਾਂ ਕਾਰਨ ਪਿੱਛੇ ਰਹਿ ਗਏ ਯੁਰੇਨੀਅਮ ਨੇ ਇਰਾਕ ਨੂੰ ਕੈਂਸਰ ਪੀੜਤ ਦੇਸ਼ ਬਣਾ ਦਿੱਤਾ ਹੈ। ਆਉਣ ਵਾਲੇ ਸੈਂਕੜੇ ਸਾਲਾਂ ਦੌਰਾਨ ਡਿਪਲੀਟਡ ਯੁਰੇਨੀਅਮ ਇਰਾਕ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਆਪਣਾ ਕਹਿਰ ਵਰਤਾਉਂਦਾ ਰਹੇਗਾ। [18]

ਫਰਵਰੀ 2010 ਵਿੱਚ ਅਲਜਜ਼ੀਰਾ ਦੇ ਵੈੱਬਸਾਈਟ ਉੱਪਰ ਛਪੇ ਇਕ ਆਰਟੀਕਲ ਵਿੱਚ ਜਲਾਲ ਗਾਜ਼ੀ ਲਿਖਦਾ ਹੈ ਕਿ ਬਗਦਾਦ ਦੇ ਦੱਖਣ ਦੇ ਸੂਬੇ ਬਾਬਿਲ ਵਿੱਚ 2004 ਵਿੱਚ ਕੈਂਸਰ ਦੀ ਬੀਮਾਰੀ ਦੇ 500 ਕੇਸ ਸਨ ਅਤੇ ਸੰਨ 2009 ਵਿੱਚ ਇਹਨਾਂ ਕੇਸਾਂ ਦੀ ਗਿਣਤੀ 9082 ਤੱਕ ਪਹੁੰਚ ਗਈ ਸੀ। ਇਸ ਹੀ ਤਰ੍ਹਾਂ ਸੰਨ 2005 ਵਿੱਚ ਇਰਾਕ ਦੇ ਸ਼ਹਿਰ ਬਸਰੇ ਵਿੱਚ ਕੈਂਸਰ ਦੇ 1885 ਕੇਸ ਸਨ ਅਤੇ ਸੰਨ 2007 ਵਿੱਚ ਇਹ ਗਿਣਤੀ 3071 ਹੋ ਗਈ ਸੀ। ਉੱਥੋਂ ਦੇ ਕੈਂਸਰ ਨਾਲ ਸੰਬੰਧਤ ਸੈਂਟਰ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਹੁਣ ਹਰ ਮਹੀਨੇ 1250 ਤੋਂ 1500 ਕੈਂਸਰ ਦੇ ਮਰੀਜ਼ ਉਸ ਦੇ ਸੈਂਟਰ ਵਿੱਚ ਆਉਂਦੇ ਹਨ। [19]

ਇਹਨਾਂ ਇਲਾਕਿਆਂ ਦੇ ਵਾਤਾਵਰਨ ਵਿੱਚ ਡਿਪਲੀਟਡ ਯੁਰੇਨੀਅਮ ਦੇ ਫੈਲਣ ਕਾਰਨ ਉੱਥੋਂ ਦੇ ਲੋਕਾਂ ਵਿੱਚ ਸਿਰਫ ਕੈਂਸਰ ਦੀ ਬੀਮਾਰੀ ਹੀ ਨਹੀਂ ਵੱਧ ਰਹੀ ਸਗੋਂ ਉੱਥੇ ਜੰਮਣ ਵਾਲੇ ਬੱਚੇ ਵੀ ਅਪੰਗ ਪੈਦਾ ਹੋ ਰਹੇ ਹਨ। ਸੰਨ 2004 ਵਿੱਚ ਅਮਰੀਕਾ ਦੀਆਂ ਫੌਜਾਂ ਨੇ ਫਲੂਜਾ ਉੱਪਰ ਬਹੁਤ ਵੱਡੀ ਬੰਬਾਰੀ ਕੀਤੀ ਸੀ। ਨਤੀਜੇ ਵੱਜੋਂ ਇਸ ਸਮੇਂ ਉੱਥੇ ਜੰਮਣ ਵਾਲੇ 25 ਫੀਸਦੀ ਬੱਚਿਆਂ ਵਿੱਚ ਕੋਈ ਨਾ ਕੋਈ ਗੰਭੀਰ ਵਿਗਾੜ ਹੁੰਦਾ ਹੈ। [20] ਇਕ ਹੋਰ ਰਿਪੋਰਟ ਅਨੁਸਾਰ ਦੱਖਣੀ ਇਰਾਕ ਵਿੱਚ ਬਹੁਤ ਸਾਰੇ ਅਜਿਹੇ ਬੱਚੇ ਪੈਦਾ ਹੋ ਰਹੇ ਹਨ ਜਿਹਨਾਂ ਦੇ ਦਿਮਾਗ ਨਹੀਂ ਹਨ, ਜਿਹਨਾਂ ਦੇ ਅੰਦਰੂਨੀ ਅੰਗ ਸਰੀਰ ਦੇ ਬਾਹਰ ਹਨ, ਕਈ ਬੱਚਿਆਂ ਦੇ ਜਣਨ-ਅੰਗ ਨਹੀਂ ਹਨ, ਕਈਆਂ ਦੇ ਰੀੜ ਦੀਆਂ ਹੱਡੀਆਂ ਨਹੀਂ ਹਨ। ਇਰਾਕ ਵਿੱਚ ਜੰਮਣ ਵਾਲੇ ਬੱਚਿਆਂ ਵਿੱਚ ਕੋਈ ਗੰਭੀਰ ਵਿਗਾੜ ਹੋਣ ਦਾ ਏਨਾ ਵੱਡਾ ਖਤਰਾ ਹੈ ਕਿ ਆਮ ਤੌਰ ‘ਤੇ ਬੱਚੇ ਦੇ ਜਨਮ ‘ਤੇ ਮਾਵਾਂ ਇਹ ਨਹੀਂ ਪੁੱਛਦੀਆਂ ਕਿ ਬੱਚਾ ਮੁੰਡਾ ਹੈ ਜਾਂ ਕੁੜੀ ਸਗੋਂ ਇਹ ਪੁੱਛਦੀਆਂ ਹਨ ਕਿ ਬੱਚੇ ਵਿੱਚ ਕੋਈ ਵਿਗਾੜ ਤਾਂ ਨਹੀਂ। [21]

ਅਫਗਾਨਿਸਤਾਨ ਦੇ ਜਿਹਨਾਂ ਇਲਾਕਿਆਂ ਵਿੱਚ ਵੀ ਡਿਪਲੀਟਡ ਯੁਰੇਨੀਅਮ ਵਾਲੇ ਬੰਬਾਂ ਦੀ ਵਰਤੋਂ ਕੀਤੀ ਗਈ ਸੀ, ਉਹਨਾਂ ਇਲਾਕਿਆਂ ਵਿੱਚ ਵੀ ਕਈ ਤਰ੍ਹਾਂ ਨਾਲ ਅਪੰਗ ਬੱਚੇ ਪੈਦਾ ਹੋ ਰਹੇ ਹਨ। ਅਫਗਾਨ ਡਿਪਲੀਟਡ ਯੁਰੇਨੀਅਮ ਅਤੇ ਰੀਕਵਰੀ ਫੰਡ ਦੇ ਡਾਇਰੈਕਟਰ ਡਾ: ਦਾਉਦ ਮਿਰਾਕੀ ਦਾ ਕਹਿਣਾ ਹੈ ਕਿ ਪੱਛਮੀ ਅਤੇ ਦੱਖਣੀ-ਪੱਛਮੀ ਅਫਗਾਨਿਸਤਾਨ ਵਿੱਚ ਜੰਮਣ ਵਾਲੇ ਬੱਚਿਆਂ ਵਿੱਚੋਂ ਕਈਆਂ ਦੇ ਅੱਖਾਂ ਨਹੀਂ ਹੁੰਦੀਆਂ, ਕਈਆਂ ਦੇ ਹੱਥ-ਪੈਰ ਨਹੀਂ ਹੁੰਦੇ ਅਤੇ ਕਈਆਂ ਦੇ ਮੂੰਹਾਂ ਅਤੇ ਅੱਖਾਂ ਵਿੱਚ ਬਾਹਰ ਨੂੰ ਵਧੀਆਂ ਹੋਈਆਂ ਰਸੌਲੀਆਂ ਹੁੰਦੀਆਂ ਹਨ। [22]

ਬੇਸ਼ੱਕ ਅਮਰੀਕੀ ਫੌਜ ਵੱਲੋਂ ਇਹ ਮੰਨਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਕਿ ਇਰਾਕ ਅਤੇ ਅਫਗਾਨਿਸਤਾਨ ਵਿੱਚ ਲੋਕਾਂ ਵਿੱਚਕਾਰ ਇਸ ਤਰ੍ਹਾਂ ਦੀਆਂ ਬੀਮਾਰੀਆਂ ਦੇ ਵਾਧੇ ਅਤੇ ਇਹਨਾਂ ਦੇਸ਼ਾਂ ਦੀਆਂ ਜੰਗਾਂ ਦੌਰਾਨ ਵਰਤੇ ਗਏ ਡਿਪਲੀਟਡ ਯੁਰੇਨੀਅਮ ਦਾ ਕੋਈ ਸੰਬੰਧ ਹੈ, ਪਰ ਬਹੁਤ ਸਾਰੇ ਲੋਕ ਅਤੇ ਡਾਕਟਰ ਇਹ ਦਾਅਵਾ ਕਰ ਰਹੇ ਹਨ ਕਿ ਇਹਨਾਂ ਦੋਹਾਂ ਦਾ ਸਿੱਧਾ ਸੰਬੰਧ ਹੈ। ਜਿਵੇਂ ਪਹਿਲਾਂ ਕਿਹਾ ਜਾ ਚੁੱਕਾ ਹੈ ਕਿ ਇਕ ਵਾਰ ਵਾਤਾਵਰਨ ਵਿੱਚ ਫੈਲਿਆ ਯੁਰੇਨੀਅਮ ਆਉਣ ਵਾਲੇ ਹਜ਼ਾਰਾਂ ਸਾਲਾਂ ਤੱਕ ਰਹਿੰਦਾ ਹੈ, ਇਸ ਲਈ ਇਹ ਨਤੀਜਾ ਕੱਢਣਾ ਕੋਈ ਗਲਤ ਨਹੀਂ ਕਿ ਬੇਸ਼ੱਕ ਇਹ ਜੰਗਾਂ ਖਤਮ ਵੀ ਹੋ ਜਾਣ ਅਤੇ ਵਿਦੇਸ਼ੀ ਫੌਜਾਂ ਇਹਨਾਂ ਦੇਸ਼ਾਂ ਤੋਂ ਬਾਹਰ ਵੀ ਆ ਜਾਣ, ਫਿਰ ਵੀ ਇਹਨਾਂ ਦੇਸ਼ਾਂ ਦੇ ਲੋਕ ਵਾਤਾਵਰਨ ਦੇ ਇਸ ਪ੍ਰਦੂਸ਼ਨ ਕਾਰਨ ਆਉਣ ਵਾਲੇ ਲੰਮੇ ਸਮੇਂ ਤੱਕ ਦੁੱਖ ਝਲਦੇ ਰਹਿਣਗੇ।

ਬੇਸ਼ੱਕ ਇੱਥੇ ਅਸੀਂ ਅਮਰੀਕਾ ਅਤੇ ਉਸ ਦੇ ਭਾਈਵਾਲਾਂ ਵੱਲੋਂ ਡਿਪਲੀਟਡ ਯੁਰੇਨੀਅਮ ਵਾਲੇ ਹਥਿਆਰ ਵਰਤਣ ਦੀਆਂ ਉਦਾਹਰਨਾਂ ਹੀ ਦਿੱਤੀਆਂ ਹਨ ਪਰ ਕੈਂਪਨ ਅਗੇਂਸਟ ਡਿਪਲੀਟਡ ਯੁਰੇਨੀਅਮ ਦੇ ਇਕ ਲੀਫਲੈੱਟ ਅਨੁਸਾਰ ਇਸ ਸਮੇਂ ਦੁਨੀਆ ਵਿੱਚ 18 ਦੇਸ਼ਾਂ ਕੋਲ ਇਹ ਹਥਿਆਰ ਹਨ। ਇਹ ਦੇਸ਼ ਹਨ: ਯੂ.ਕੇ., ਅਮਰੀਕਾ, ਫਰਾਂਸ,  ਰੂਸ, ਚੀਨ, ਗਰੀਸ, ਤੁਰਕੀ, ਥਾਈਲੈਂਡ, ਤਾਇਵਾਨ, ਇਜ਼ਰਾਇਲ, ਬਹਿਰੀਨ, ਮਿਸਰ, ਕੁਵੇਤ, ਸਾਊਦੀ ਅਰਬੀਆ, ਹਿੰਦੁਸਤਾਨ, ਬੈਲਰੂਸ, ਪਾਕਿਸਤਾਨ ਅਤੇ ਓਮਾਨ। ਸਾਫ ਹੈ ਕਿ ਇਹਨਾਂ ਦੇਸ਼ਾਂ ਵੱਲੋਂ ਇਹ ਹਥਿਆਰ ਵਰਤੇ ਜਾਣ ਦੀ ਸੰਭਾਵਨਾ ਸਦਾ ਬਣੀ ਰਹੇਗੀ। ਇਹਨਾਂ ਦੇਸ਼ਾਂ ਵਿੱਚ ਬਹੁਤਿਆਂ ਨੂੰ ਇਹ ਹਥਿਆਰ ਅਮਰੀਕਾ ਵੱਲੋਂ ਵੇਚੇ ਗਏ ਹਨ ਪਰ ਯੂ. ਕੇ., ਫਰਾਂਸ ਅਤੇ ਪਾਕਿਸਤਾਨ ਨੇ ਇਹ ਹਥਿਆਰ ਆਪਣੇ ਤੌਰ ਉੱਤੇ ਤਿਆਰ ਕੀਤੇ ਹਨ। [23]

ਬਾਰੂਦੀ ਸੁਰੰਗਾਂ (ਲੈਂਡ ਮਾਈਨਜ਼) ਅਤੇ ਵਾਤਾਵਰਨ ਦਾ ਨੁਕਸਾਨ

ਯੂਨੀਵਰਸਿਟੀ ਆਫ ਕੈਲੇਫੋਰਨੀਆ ਦੇ ਈਕੋਸਿਸਟਮ ਸਾਇੰਸਜ਼ ਡਿਵੀਜ਼ਨ ਨਾਲ ਸੰਬੰਧਤ ਏ. ਏ. ਬਰ੍ਹੇ ਅਨੁਸਾਰ ਇਸ ਸਮੇਂ ਦੁਨੀਆ ਭਰ ਵਿੱਚ ਧਰਤੀ ਹੇਠ ਵਿਛਾਈਆਂ ਗਈਆਂ ਬਾਰੂਦੀ ਸੁਰੰਗਾਂ (ਲੈਂਡ ਮਾਈਨਜ਼) ਦੀ ਗਿਣਤੀ 8-12 ਕ੍ਰੋੜ ਦੇ ਵਿਚਕਾਰ ਹੈ। ਇਹ ਬਾਰੂਦੀ ਸੁਰੰਗਾਂ ਚਾਰ ਮਹਾਂਦੀਪਾਂ- ਅਫਰੀਕਾ, ਅਮਰੀਕਾ, ਏਸ਼ੀਆ ਅਤੇ ਯੂਰਪ - ਦੇ 90 ਦੇਸ਼ਾਂ ਦੀ ਧਰਤੀ ਹੇਠ ਵਿਛੀਆਂ ਪਈਆਂ ਹਨ। ਇਹਨਾਂ ਵਿੱਚੋਂ ਕਈ ਦੇਸ਼ਾਂ ਵਿੱਚ ਬਾਰੂਦੀ ਸੁਰੰਗਾਂ ਦੀ ਗਿਣਤੀ ਬਹੁਤ ਹੀ ਖਤਰਨਾਕ ਪੱਧਰ ਤੱਕ ਪਹੁੰਚੀ ਹੋਈ ਹੈ। ਉਦਾਹਰਨ ਲਈ ਕੰਬੋਡੀਆ ਅਤੇ ਬੌਸਨੀਆ ਦੇ ਹਰ ਇਕ ਨਾਗਰਿਕ ਦੇ ਹਿੱਸੇ ਧਰਤੀ ਹੇਠ ਵਿਛਾਈ ਇਕ ਇਕ ਬਾਰੂਦੀ ਸੁਰੰਗ ਆਉਂਦੀ ਹੈ। ਅਫਗਾਨਿਸਤਾਨ, ਇਰਾਕ, ਕਰੋਏਸ਼ੀਆ, ਇਰਟੀਰੀਆ ਅਤੇ ਸੁਡਾਨ ਦੇ ਹਰ ਦੋ ਨਾਗਰਿਕਾਂ ਦੇ ਹਿੱਸੇ ਇਕ ਇਕ ਬਾਰੂਦੀ ਸੁਰੰਗ ਆਉਂਦੀ ਹੈ। ਇਹਨਾਂ ਬਾਰੂਦੀ ਸੁਰੰਗਾਂ ਕਾਰਨ ਦੁਨੀਆ ਵਿੱਚ ਹਰ ਹਫਤੇ 800 ਲੋਕ ਮਾਰੇ ਜਾਂਦੇ ਹਨ ਅਤੇ 1200 ਦੇ ਕਰੀਬ ਲੋਕ ਅਪਾਹਜ ਬਣਦੇ ਹਨ। [24] ਧਰਤੀ ਹੇਠ ਵਿਛੀਆਂ ਇਹ ਬਾਰੂਦੀ ਸੁਰੰਗਾਂ ਸਿਰਫ ਏਨੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਮਾਰਦੀਆਂ ਜਾਂ ਅਪਾਹਜ ਹੀ ਨਹੀਂ ਬਣਾਉਂਦੀਆਂ ਸਗੋਂ ਇਹ ਵਾਤਾਵਰਨ ਨੂੰ ਵੀ ਗੰਭੀਰ ਨੁਕਸਾਨ ਪਹੁੰਚਾਉਂਦੀਆਂ ਹਨ।

ਬਾਰੂਦੀ ਸੁਰੰਗਾਂ ਕਾਰਨ ਵਾਤਾਵਰਨ ਨੂੰ ਹੋਣ ਵਾਲਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਇਹਨਾਂ ਕਾਰਨ ਧਰਤੀ ਦਾ ਬਹੁਤ ਸਾਰਾ ਹਿੱਸਾ ਵਰਤੋਂ ਵਿੱਚ ਨਹੀਂ ਲਿਆਂਦਾ ਜਾ ਸਕਦਾ। ਜੇ ਜ਼ਮੀਨ ਦੇ ਕਿਸੇ ਟੁਕੜੇ ਵਿੱਚ ਇਕ ਵੀ ਬਾਰੂਦੀ ਸੁਰੰਗ ਵਿਛਾਈ ਹੋਣ ਦਾ ਖਤਰਾ ਹੋਵੇ ਤਾਂ ਉਹ ਸਾਰਾ ਟੁਕੜਾ ਵਰਤਿਆ ਨਹੀਂ ਜਾ ਸਕਦਾ। ਇਕ ਅੰਦਾਜ਼ੇ ਅਨੁਸਾਰ ਬਾਰੂਦੀ ਸੁਰੰਗਾਂ ਕਾਰਨ ਇਸ ਸਮੇਂ ਦੁਨੀਆਂ ਭਰ ਵਿੱਚ 9 ਲੱਖ ਵਰਗ ਕਿਲੋਮੀਟਰ (9 ਕਰੋੜ ਹੈਕਟੇਅਰ) ਧਰਤੀ ਵਰਤੋਂ ਦੇ ਅਯੋਗ ਹੋ ਗਈ ਹੈ ਜਾਂ ਨੁਕਸਾਨੀ ਗਈ ਹੈ। ਲਿਬਿਆ ਦੀ 8.9 ਫੀਸਦੀ ਖੇਤੀਯੋਗ ਜ਼ਮੀਨ, ਇਰਟੀਰੀਆ ਦੀ 5 ਫੀਸਦੀ ਧਰਤੀ ਵਿੱਚ ਬਾਰੂਦੀ ਸੁਰੰਗਾਂ ਵਿਛੀਆਂ ਹੋਈਆਂ ਹਨ, ਜਿਸ ਦੇ ਨਤੀਜੇ ਵੱਜੋਂ ਇਸ ਧਰਤੀ ਵਿੱਚ ਖੇਤੀ ਨਹੀਂ ਕੀਤੀ ਜਾ ਸਕਦੀ। [25] ਬੌਸਨੀਆ ਦੇ ਕੁੱਲ ਖੇਤਰਫਲ ਦੇ 3.6 ਫੀਸਦੀ ਹਿੱਸੇ (1820 ਵਰਗ ਕਿਲੋਮੀਟਰ) ਵਿੱਚ ਬਾਰੂਦੀ ਸੁਰੰਗਾਂ ਵਿਛਾਈਆਂ ਹੋਈਆਂ ਹਨ, ਇਸ ਲਈ ਏਨੀ ਧਰਤੀ ਵਰਤੋਂ ਤੋਂ ਬਾਹਰ ਹੈ। [26] ਹਿਊਮਨ ਰਾਈਟਸ ਵਾਚ ਦੀ ਇਕ ਰਿਪੋਰਟ ਅਨੁਸਾਰ ਅਫਗਾਨਿਸਤਾਨ ਵਿੱਚ 72 ਕਰੋੜ 40 ਲੱਖ ਵਰਗ ਮੀਟਰ ਧਰਤੀ ਬਾਰੂਦੀ ਸੁਰੰਗਾਂ ਦੀ ਮਾਰ ਹੇਠ ਹੈ। ਇਹ ਬਾਰੂਦੀ ਸੁਰੰਗਾਂ ਸਾਬਕਾ ਸੋਵੀਅਤ ਯੂਨੀਅਨ ਦੀਆਂ ਫੌਜਾਂ, ਨਾਰਦਰਨ ਅਲਾਇੰਸ ਜਿਹੜੇ ਹੁਣ ਯੂਨਾਇਟਡ ਫਰੰਟ ਦੇ ਨਾਂ ਨਾਲੇ ਜਾਣੇ ਜਾਂਦੇ ਹਨ ਅਤੇ ਅਮਰੀਕਾ ਦੇ ਮਿੱਤਰ ਹਨ ਆਦਿ ਵੱਲੋਂ ਵਿਛਾਈਆਂ ਗਈਆਂ ਹਨ। ਨਾਰਦਰਨ ਅਲਾਇੰਸ ਨੂੰ ਇਹ ਬਾਰੂਦੀ ਸੁਰੰਗਾਂ ਅੱਸੀਵਿਆਂ ਵਿੱਚ ਅਮਰੀਕਾ ਵੱਲੋਂ ਦਿੱਤੀਆਂ ਗਈਆਂ ਸਨ। ਇਹ ਬਾਰੂਦੀ ਸੁਰੰਗਾਂ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿੱਚ ਚਾਰਗਾਹਾਂ, ਖੇਤੀਯੋਗ ਜ਼ਮੀਨਾਂ, ਸਿੰਚਾਈ ਪ੍ਰਬੰਧਾਂ, ਰਿਹਾਇਸ਼ੀ ਇਲਾਕਿਆਂ, ਸੜਕਾਂ ਅਤੇ ਰਸਤਿਆਂ ਵਿੱਚ ਵਿਛਾਈਆਂ ਗਈਆਂ ਹਨ। [27]

ਖੇਤੀਯੋਗ ਜ਼ਮੀਨ ਵਿੱਚ ਬਾਰੂਦੀ ਸੁਰੰਗਾਂ ਦੇ ਵਿਛੇ ਹੋਣ ਨਾਲ ਉਹਨਾਂ ਦੇਸ਼ਾਂ ਦੇ ਖੇਤੀ-ਉਤਪਾਦਨ ਵਿੱਚ ਕਮੀ ਆਉਂਦੀ ਹੈ ਜਿਹਨਾਂ ਦੇਸ਼ਾਂ ਵਿੱਚ ਬਾਰੂਦੀ ਸੁਰੰਗਾਂ ਦੀ ਸਮੱਸਿਆ ਬਹੁਤ ਗੰਭੀਰ ਹੈ। ਬਰ੍ਹੇ ਸੰਨ 2000 ਵਿੱਚ ਛਪੇ ਇਕ ਅਧਿਅਨ ਦੇ ਹਵਾਲੇ ਨਾਲ ਲਿਖਦਾ ਹੈ ਕਿ ਜੇ ਅਫਗਾਨਿਸਤਾਨ, ਕੰਬੋਡੀਆ, ਬੌਸਨੀਆ ਅਤੇ ਮੋਜ਼ੰਬੀਕ ਵਿੱਚ ਬਾਰੂਦੀ ਸੁਰੰਗਾਂ ਨਾ ਹੁੰਦੀਆਂ ਤਾਂ ਸੰਨ 2000 ਵਿੱਚ ਜੰਗ ਤੋਂ ਪਹਿਲਾਂ ਦੇ ਉਤਪਾਦਨ ਦੇ ਮੁਕਾਬਲੇ ਅਫਗਾਨਿਸਤਾਨ ਵਿੱਚ ਖੇਤੀ ਉਤਪਾਦਨ 88-200 ਫੀਸਦੀ, ਕੰਬੋਡੀਆ ਵਿੱਚ 135 ਫੀਸਦੀ, ਬੌਸਨੀਆ ਵਿੱਚ 11 ਫੀਸਦੀ ਅਤੇ ਮੋਜ਼ੰਬੀਕ ਵਿੱਚ 3.6 ਫੀਸਦੀ ਵੱਧ ਸਕਦਾ ਸੀ। ਇਸ ਦੇ ਨਾਲ ਹੀ ਬਰ੍ਹੇ ਅਫਰੀਕਾ ਦੇ ਸਬ-ਸਹਾਰਾ ਇਲਾਕੇ ਦੀ ਸਥਿਤੀ ਬਾਰੇ ਹਿਸਾਬ ਲਾ ਕੇ ਦਸਦਾ ਹੈ ਕਿ ਜੇ ਦੁਨੀਆਂ ਭਰ ਵਿੱਚ ਬਾਰੂਦੀ ਸੁਰੰਗਾਂ ਕਾਰਨ ਖੇਤੀ ਦੇ ਯੋਗ ਨਾ ਰਹਿ ਗਈ 9 ਲੱਖ ਵਰਗ ਕਿਲੋਮੀਟਰ ਧਰਤੀ ਦੇ ਚੌਥੇ ਹਿੱਸੇ ਵਿੱਚ ਹੀ ਬਾਰੂਦੀ ਸੁਰੰਗਾਂ ਨਾ ਹੁੰਦੀਆਂ ਅਤੇ ਇਹ ਜ਼ਮੀਨ ਵਾਹੀ ਅਧੀਨ ਹੁੰਦੀ ਤਾਂ ਉਸ ਵਿੱਚੋਂ ਪੈਦਾ ਹੋਣ ਵਾਲੇ ਅਨਾਜ ਨਾਲ ਸਬ-ਸਹਾਰਾ ਇਲਾਕੇ ਦੇ 16 ਲੱਖ ਲੋਕਾਂ ਨੂੰ ਸਾਲ ਭਰ ਲਈ ਖਾਣਾ ਖਿਲਾਇਆ ਜਾ ਸਕਦਾ ਸੀ। [28]

ਇਕ ਵਾਰ ਜਿਹੜੀ ਧਰਤੀ ਵਿੱਚ ਬਾਰੂਦੀ ਸੁਰੰਗਾਂ ਵਿਛ ਜਾਣ, ਉਸ ਧਰਤੀ ਨੂੰ ਸਾਫ ਕਰਕੇ ਦੁਬਾਰਾ ਵਰਤੋਂ ਯੋਗ ਬਣਾਉਣਾ ਬਹੁਤ ਔਖਾ ਅਤੇ ਮਹਿੰਗਾ ਕੰਮ ਹੈ। ਇਸ ਲਈ ਬਾਰੂਦੀ ਸੁਰੰਗਾਂ ਵਾਲੀ ਧਰਤੀ ਵਾਲੇ ਦੇਸ਼ਾਂ ਦੇ ਲੋਕਾਂ ਨੂੰ ਬਾਰੂਦੀ ਸੁਰੰਗਾਂ ਦੇ ਨਤੀਜੇ ਸੈਂਕੜੇ ਸਾਲਾਂ ਤੱਕ ਭੁਗਤਣੇ ਪੈਣਗੇ। ਉਦਾਹਰਨ ਲਈ ਇਕ ਬਾਰੂਦੀ ਸੁਰੰਗ ਨੂੰ ਵਿਛਾਉਣ ਦਾ ਖਰਚਾ 3 ਡਾਲਰ ਆਉਂਦਾ ਪਰ ਉਸ ਨੂੰ ਲੱਭ ਕੇ ਧਰਤੀ ਤੋਂ ਬਾਹਰ ਕੱਢਣ ਦਾ ਖਰਚਾ 300 - 1000 ਡਾਲਰ ਦੇ ਵਿਚਕਾਰ ਹੈ। ਜੇ ਬਾਰੂਦੀ ਸੁਰੰਗਾਂ ਵਿਛਾਉਣ ਦਾ ਕਾਰਜ ਇਕ ਦਮ ਪੂਰੀ ਤਰ੍ਹਾਂ ਬੰਦ ਵੀ ਕਰ ਦਿੱਤਾ ਜਾਵੇ ਤਾਂ ਹੁਣ ਤੱਕ ਵਿਛਾਈਆਂ ਜਾ ਚੁੱਕੀਆਂ ਬਾਰੂਦੀ ਸੁਰੰਗਾਂ ਨੂੰ ਹਟਾਉਣ ਲਈ 33 ਅਰਬ ਡਾਲਰ ਖਰਚ ਆਉਣਗੇ ਅਤੇ ਜਿੰਨੇ ਲੋਕ ਇਸ ਕੰਮ ਵਿੱਚ ਲੱਗੇ ਹੋਏ ਹਨ ਅਤੇ ਇਹਨਾਂ ਨੂੰ ਹਟਾਉਣ ਲਈ ਜਿਸ ਤਰ੍ਹਾਂ ਦੀ ਤਕਨੌਲੋਜੀ ਮੌਜੂਦ ਹੈ, ਉਸ ਦੇ ਹਿਸਾਬ ਨਾਲ ਦੁਨੀਆ ਵਿੱਚ ਹੁਣ ਤੱਕ ਵਿਛਾਈਆਂ ਜਾ ਚੁੱਕੀਆਂ ਬਾਰੂਦੀ ਸੁਰੰਗਾਂ ਨੂੰ ਹਟਾਉਣ ਲਈ 1100 ਸਾਲ ਲੱਗਣਗੇ। [29]

ਹਥਿਆਰਾਂ ਦੇ ਉਤਪਾਦਨ ਅਤੇ ਸੰਭਾਲ ਦੌਰਾਨ ਵਾਤਾਵਰਨ ਦਾ ਨੁਕਸਾਨ

ਹਥਿਆਰਾਂ ਦੇ ਉਤਪਾਦਨ, ਸੰਭਾਲ, ਮੁਰੰਮਤ ਅਤੇ ਢੋਆ-ਢੁਆਈ ਦੌਰਾਨ ਵੱਡੀ ਪੱਧਰ ਉੱਤੇ ਜ਼ਹਿਰੀਲੇ ਪਦਾਰਥ ਪੈਦਾ ਹੁੰਦੇ ਹਨ ਅਤੇ ਵਾਤਾਵਰਨ ਦਾ ਨੁਕਸਾਨ ਕਰਦੇ ਹਨ। ਇਸ ਸੰਬੰਧ ਵਿੱਚ ਅਸੀਂ ਜੀਵ-ਵਿਗਿਆਨਕ (ਬਾਇਓਲੌਜੀਕਲ), ਰਸਾਇਣਕ (ਕੈਮੀਕਲ) ਅਤੇ ਪਰਮਾਣੂ (ਨਿਊਕਲੀਅਰ) ਹਥਿਆਰਾਂ ਦੇ ਸੰਬੰਧ ਵਿੱਚ ਕੁੱਝ ਉਦਾਹਰਨਾਂ ਦੇਖ ਸਕਦੇ ਹਾਂ।

ਫਿਜੀਸ਼ਨ ਫਾਰ ਗਲੋਬਲ ਸਰਵਾਈਵਲ (ਕੈਨੇਡਾ) ਲਈ ਸੰਨ 2004 ਵਿੱਚ ਤਿਆਰ ਕੀਤੀ ਆਪਣੀ ਰਿਪੋਰਟ ਵਿੱਚ ਅਬੀਰ ਮਜੀਦ ਲਿਖਦਾ ਹੈ ਕਿ ਦੂਜੀ ਸੰਸਾਰ ਜੰਗ ਦੇ ਅਖੀਰ ‘ਤੇ ਤਕਰੀਬਨ ਤਕਰੀਬਨ ਉਸ ਲੜਾਈ ਵਿੱਚ ਹਿੱਸਾ ਲੈਣ ਵਾਲੇ ਹਰ ਵੱਡੇ ਦੇਸ਼ ਦਾ ਆਪਣਾ ਆਪਣਾ ਬਾਇਓਲੌਜੀਕਲ ਹਥਿਆਰ ਬਣਾਉਣ ਦਾ ਪ੍ਰੋਗਰਾਮ ਸੀ। ਇਹ ਹਥਿਆਰ ਬਣਾਉਣ ਵਾਲੀਆਂ ਅਤੇ ਇਹਨਾਂ ਹਥਿਆਰਾਂ ਨੂੰ ਟੈਸਟ ਕਰਨ ਵਾਲੀਆਂ ਥਾਂਵਾਂ ਅਜੇ ਵੀ ਬੀਮਾਰੀਆਂ ਦੇ ਭੰਡਾਰ ਹਨ। ਮਜੀਦ ਨੇ ਆਪਣੀ ਰਿਪੋਰਟ ਵਿੱਚ ਅਮਰੀਕਾ, ਸਾਬਕਾ ਸੋਵੀਅਤ ਯੂਨੀਅਨ, ਯੂ. ਕੇ. ਅਤੇ ਜਾਪਾਨ ਦੀਆਂ ਮੁੱਖ ਥਾਂਵਾਂ ਦੀ ਲਿਸਟ ਦਿੱਤੀ ਹੈ। ਉਸ ਅਨੁਸਾਰ ਅਮਰੀਕਾ ਨੇ 6 ਬਾਇਓਲੌਜੀਕਲ ਏਜੰਟਾਂ ਦਾ ਹਥਿਆਰਾਂ ਵਿੱਚ ਇਸਤੇਮਾਲ ਕੀਤਾ ਸੀ ਅਤੇ 23 ਹੋਰ ਏਜੰਟਾਂ ਉੱਤੇ ਖੋਜ ਕੀਤੀ ਸੀ। (ਇੱਥੇ ਏਜੰਟ ਤੋਂ ਭਾਵ ਹੈ ਕੋਈ ਵੀ ਅਜਿਹਾ ਬੈਕਟੀਰੀਆ ਜਾਂ ਵਾਇਰਸ ਜਾਂ ਜ਼ਹਿਰੀਲਾ ਪਦਾਰਥ ਜਿਸ ਦੀ ਜੰਗ ਵਿੱਚ ਬਾਇਓਲੌਜੀਕਲ ਹਥਿਆਰ ਵਜੋਂ ਵਰਤੋਂ ਕੀਤੀ ਜਾ ਸਕੇ।) ਸਾਬਕਾ ਸੋਵੀਅਤ ਯੂਨੀਅਨ ਨੇ 10 ਬਾਇਓਲੌਜੀਕਲ ਏਜੰਟਾਂ ਦਾ ਹਥਿਆਰਾਂ ਵਿੱਚ ਇਸਤੇਮਾਲ ਕੀਤਾ ਸੀ ਅਤੇ 16 ਹੋਰ ਏਜੰਟਾਂ ਉੱਤੇ ਖੋਜ ਕੀਤੀ ਸੀ। ਯੂ. ਕੇ. ਨੇ ਐਂਥਰੈਕਸ ਦਾ ਹਥਿਆਰਾਂ ਵਿੱਚ ਇਸਤੇਮਾਲ ਕੀਤਾ ਸੀ ਅਤੇ ਇਸ ਤੋਂ ਬਿਨਾਂ ਪਲੇਗ, ਟਾਈਫਾਈਡ ਅਤੇ ਬੌਟੂਲਿਨ ਟੌਕਸਿਨ ਉੱਤੇ ਖੋਜ ਕੀਤੀ ਸੀ। ਜਾਪਾਨ ਨੇ 8 ਬਾਇਓਲੌਜੀਕਲ ਏਜੰਟਾਂ ਦਾ ਹਥਿਆਰਾਂ ਵਿੱਚ ਇਸਤੇਮਾਲ ਕੀਤਾ ਸੀ ਅਤੇ 9 ਹੋਰ ਏਜੰਟਾਂ ਉੱਤੇ ਖੋਜ ਕੀਤੀ ਸੀ। [30]

ਜਨੇਵਾ ਸਥਿੱਤ ਇੰਟਰਨੈਸ਼ਨਲ ਪੀਸ ਬਿਓਰੋ ਵੱਲੋਂ ਸੰਨ 2002 ਪ੍ਰਕਾਸ਼ਤ ਕੀਤੇ ਇਕ ਅਧਿਅਨ “ਦੀ ਮਿਲਟਰੀਜ਼ ਇੰਪੈਕਟ ਆਨ ਦੀ ਇਨਵਾਇਰਮੈਂਟ: ਏ ਨੈਗਲੈਕਟਡ ਐਸਪੈਕਟ ਆਫ ਦੀ ਸਸਟੇਨੇਬਲ ਡਿਵੈਲਪਮੈਂਟ ਰਿਪੋਰਟ” ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅਮਰੀਕਾ ਕੁੱਝ ਅਜਿਹੇ ਫੰਗੀ (ਉੱਲੀਆਂ) ਅਤੇ ਵਾਇਰਸਾਂ ਉੱਤੇ ਖੋਜ ਕਰ ਰਿਹਾ ਸੀ ਜਿਹੜੇ ਅਫੀਮ, ਡੋਡਿਆਂ, ਭੰਗ ਅਤੇ ਕੋਕਾ ਦੇ ਬੂਟਿਆਂ ਦਾ ਨਾਸ਼ ਕਰ ਸਕਣਗੇ। ਇਹਨਾਂ ਵਾਇਰਸਾਂ ਨੂੰ ਉਹਨਾਂ ਥਾਂਵਾਂ ਉੱਤੇ ਵਰਤਣ ਦੀ ਯੋਜਨਾ ਸੀ ਜਿੱਥੇ ਅਫੀਮ, ਡੋਡਿਆਂ, ਭੰਗ ਅਤੇ ਕੋਕੇ ਦੀ ਗੈਰ-ਕਾਨੂੰਨੀ ਖੇਤੀ ਕੀਤੀ ਜਾਂਦੀ ਹੈ। ਅਮਰੀਕਾ ਕੋਲੰਬੀਆ ਅਤੇ ਬਰਮਾ ਵਰਗੇ ਦੇਸ਼ਾਂ ਉੱਤੇ ਇਹਨਾਂ ਵਾਇਰਸਾਂ ਦੀ ਵਰਤੋਂ ਕਰਨ ਲਈ ਜ਼ੋਰ ਪਾ ਰਿਹਾ ਸੀ। ਇਸ ਅਧਿਅਨ ਵਿੱਚ ਇਹ ਫਿਕਰ ਜ਼ਾਹਰ ਕੀਤਾ ਗਿਆ ਸੀ ਕਿ ਅਮਰੀਕਾ ਵੱਲੋਂ ਅਜਿਹਾ ਕਰਨ ਨਾਲ ਬਾਇਓਲੌਜੀਕਲ ਹਥਿਆਰਾਂ ਦੀ ਵਰਤੋਂ ਬਾਰੇ ਅੰਤਰਰਾਸ਼ਟਰੀ ਮਨਾਹੀਆਂ ਦੇ ਕਮਜ਼ੋਰ ਹੋਣ ਅਤੇ ਮਨੁੱਖੀ ਸਿਹਤ ਅਤੇ ਵਾਤਾਵਰਨ ਨੂੰ ਨੁਕਸਾਨ ਹੋਣ ਦਾ ਵੱਡਾ ਖਤਰਾ ਹੈ। ਅਧਿਅਨ ਅਨੁਸਾਰ ਜੇ ਇਹਨਾਂ ਫੰਗੀ (ਉੱਲੀਆਂ) ਦੀ ਵਰਤੋਂ ਕੀਤੀ ਗਈ ਤਾਂ ਉਹਨਾਂ ਉੱਤੇ ਕੰਟਰੋਲ ਕਰਨਾ ਬਹੁਤ ਮੁਸ਼ਕਿਲ ਹੋਵੇਗਾ ਅਤੇ ਉਹ ਵਰਤੋਂ ਦੇ ਆਪਣੇ ਮਿੱਥੇ ਇਲਾਕੇ ਤੋਂ ਬਾਹਰ ਜਾ ਕੇ ਵਾਤਾਵਰਨ ਦੀ ਪ੍ਰਦੂਸ਼ਨਤਾ ਦਾ ਕਾਰਨ ਬਣ ਜਾਣਗੇ। [31]

ਬਾਇਓਲੌਜੀਕਲ ਹਥਿਆਰਾਂ ਦੇ ਉਤਪਾਦਨ ਤੋਂ ਬਿਨਾਂ ਇਹਨਾਂ ਨੂੰ ਸੰਭਾਲਣ ਅਤੇ ਇਹਨਾਂ ਨੂੰ ਨਸ਼ਟ ਕਰਨ ਸਮੇਂ ਵੀ ਵਾਤਾਵਰਨ ਦੇ ਪ੍ਰਦੂਸ਼ਨ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਸੰਬੰਧ ਵਿੱਚ ਸਾਬਕਾ ਸੋਵੀਅਤ ਯੂਨੀਅਨ ਵੱਲੋਂ ਐਂਥਰੈਕਸ ਨੂੰ ਧਰਤੀ ਹੇਠ ਦੱਬਣ ਦੀ ਉਦਾਹਰਨ ਦੇਖੀ ਜਾ ਸਕਦੀ ਹੈ। ਸੰਨ 1988 ਵਿੱਚ ਸੋਵੀਅਤ ਯੂਨੀਅਨ ਦੇ ਵਿਗਿਆਨੀਆਂ ਨੇ ਸੈਂਕੜੇ ਟੰਨ ਐਂਥਰੈਕਸ ਸਟੇਨਲੈੱਸ ਸਟੀਲ ਦੇ ਢੋਲਾਂ ਵਿੱਚ ਪਾ ਕੇ ਅਰਲ ਸਮੁੰਦਰ ਦੇ ਇਕ ਟਾਪੂ - ਵੋਜ਼ਰੋਦੀਨਿਆ ਆਈਲੈਂਡ - ਉੱਪਰ 11 ਟੋਇਆਂ ਵਿੱਚ ਦੱਬ ਦਿੱਤੀ ਸੀ। ਇਸ ਐਂਥਰੈਕਸ ਨੂੰ ਧਰਤੀ ਹੇਠ ਦੱਬਣ ਤੋਂ ਪਹਿਲਾਂ ਢੋਲਾਂ ਵਿੱਚ ਇਸ ਉੱਪਰ ਬਲੀਚ ਪਾਇਆ ਗਿਆ ਸੀ ਤਾਂਕਿ ਐਂਥਰੈਕਸ ਦੇ ਬੀਜਾਣੂਆਂ ਨੂੰ ਨਸ਼ਟ ਕੀਤਾ ਜਾ ਸਕੇ। ਸੰਨ 1999 ਵਿੱਚ ਜਦੋਂ ਉਸ ਥਾਂ ਦੀ ਮਿੱਟੀ ਦੇ ਟੈੱਸਟ ਕੀਤੇ ਗਏ ਜਿੱਥੇ ਇਹ ਐਂਥਰੈਕਸ ਦੱਬੀ ਗਈ ਸੀ ਤਾਂ ਟੈੱਸਟਾਂ ਦੇ ਨਤੀਜਿਆਂ ਤੋਂ ਪਤਾ ਲੱਗਿਆ ਸੀ ਕਿ ਇਕ ਦਹਾਕੇ ਬਾਅਦ ਵੀ ਐਂਥਰੈਕਸ ਦੇ ਕਈ ਬੀਜਾਣੂ ਜਿੰਦਾ ਸਨ। ਇਹਨਾਂ ਨਤੀਜਿਆਂ ਨੂੰ ਦੇਖਦਿਆਂ ਉਜ਼ੇਬਿਕਸਤਾਨ ਅਤੇ ਕਜ਼ਾਖਸਤਾਨ (ਜਿਹਨਾਂ ਦੋ ਦੇਸ਼ਾਂ ਦਾ ਉਸ ਸਮੇਂ ਇਸ ਟਾਪੂ ‘ਤੇ ਕੰਟਰੋਲ ਸੀ) ਦੇ ਮਾਹਰਾਂ ਨੇ ਫਿਕਰ ਜ਼ਾਹਰ ਕੀਤਾ ਸੀ ਕਿ ਜੇ ਇਹ ਜੀਵਤ ਬੀਜਾਣੂ ਕਿਸੇ ਤਰੀਕੇ ਨਾਲ ਉਹਨਾਂ ਦੀ ਧਰਤੀ ਉੱਤੇ ਪਹੁੰਚ ਜਾਣ ਤਾਂ ਉਹ ਇਹਨਾਂ ਦੇਸ਼ਾਂ ਦੇ ਵਸਿ਼ੰਦਿਆਂ ਲਈ ਸਿਹਤ ਨੂੰ ਖਤਰਾ ਬਣ ਸਕਦੇ ਹਨ। [32]

ਬੇਸ਼ੱਕ ਸੰਨ 1997 ਵਿੱਚ ਲਾਗੂ ਹੋਈ ਕੈਮੀਕਲ ਵੈਪਨਜ਼ ਕਨਵੈਨਸ਼ਨ (ਸੀ ਡਬਲਿਊ ਸੀ) ਅਨੁਸਾਰ ਰਸਾਇਣਕ (ਕੈਮੀਕਲ) ਹਥਿਆਰਾਂ ਦੇ ਉਤਪਾਦਨ ਅਤੇ ਜੰਗ ਵਿੱਚ ਉਹਨਾਂ ਦੀ ਵਰਤੋਂ ‘ਤੇ ਮਨਾਹੀ ਹੈ ਫਿਰ ਵੀ ਇਕ ਲੰਮਾਂ ਸਮਾਂ ਦੁਨੀਆ ਦੇ ਵੱਖ ਵੱਖ ਦੇਸ਼ ਇਹਨਾਂ ਹਥਿਆਰਾਂ ਦਾ ਉਤਪਾਦਨ ਕਰਦੇ ਰਹੇ ਹਨ ਅਤੇ ਇਸ ਸਮੇਂ ਦੌਰਾਨ ਇਹ ਹਥਿਆਰ ਬਣਾਉਣ ਵਾਲੀਆਂ ਥਾਂਵਾਂ ਵਾਤਾਵਰਨ ਵਿੱਚ ਪ੍ਰਦੂਸ਼ਨ ਫੈਲਾਉਣ ਦਾ ਕਾਰਨ ਬਣਦੀਆਂ ਰਹੀਆਂ ਹਨ। ਇਸ ਸੰਬੰਧ ਵਿੱਚ ਅਮਰੀਕਾ ਦੇ ਸੂਬੇ ਕੌਲਰੈਡੋ ਵਿੱਚਲੀ ਥਾਂ ਰੌਕੀ ਮਾਊਂਟੇਨ ਅਰਸਨਲ ਦੀ ਉਦਾਹਰਨ ਦੇਖੀ ਜਾ ਸਕਦੀ ਹੈ। ਨਰਵ ਗੈਸ ਦੇ ਹਥਿਆਰ ਬਣਾਉਣ ਵਾਲੀ ਇਸ ਥਾਂ ਉੱਪਰ 1950ਵਿਆਂ ਤੋਂ ਬਾਅਦ ਹਜ਼ਾਰਾਂ ਟੰਨ ਜ਼ਹਿਰੀਲੇ ਪਦਾਰਥਾਂ ਦਾ ਭੰਡਾਰ ਰੱਖਿਆ ਗਿਆ ਸੀ। ਪਹਿਲਾਂ ਪਹਿਲ ਹਥਿਆਰਾਂ ਦੇ ਉਤਪਾਦਨ ਦੌਰਾਨ ਪੈਦਾ ਹੋਣ ਵਾਲੀ ਰਹਿੰਦ-ਖੂਹੰਦ ਨੂੰ ਉਂਝ ਹੀ ਹਥਿਆਰਾਂ ਦੀ ਫੈਕਟਰੀ ਦੀ ਥਾਂ ਉੱਪਰ ਸੁੱਟ ਦਿੱਤਾ ਜਾਂਦਾ ਰਿਹਾ। ਫਿਰ ਜਦੋਂ ਇਹ ਪਤਾ ਲੱਗਾ ਕਿ ਇਸ ਰਹਿੰਦ ਖੂਹੰਦ ਵਿੱਚਲੇ ਕੁੱਝ ਜ਼ਹਿਰੀਲੇ ਪਦਾਰਥਾਂ ਨੇ ਰਿਸ ਕੇ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਤ ਕਰ ਦਿੱਤਾ ਹੈ ਅਤੇ ਇਸ ਪਾਣੀ ਨਾਲ ਸਿੰਜੀਆਂ ਫਸਲਾਂ ਤਬਾਹ ਹੋਣ ਲੱਗੀਆਂ ਹਨ ਤਾਂ ਇਸ ਰਹਿੰਦ ਖੂੰਹਦ ਨੂੰ ਧਰਤੀ ਹੇਠ 2.5 ਮੀਲ ਡੂੰਘਾ ਬੋਰ ਕਰ ਕੇ ਸੁੱਟਣਾ ਸ਼ੁਰੂ ਕਰ ਦਿੱਤਾ। ਅਜਿਹਾ ਕਰਨ ਦੇ ਪਹਿਲੇ ਪੰਜ ਸਾਲਾਂ ਦੌਰਾਨ ਹੀ 16 ਕ੍ਰੋੜ 50 ਲੱਖ ਗੈਲਨ ਰਸਾਇਣਕ ਅਤੇ ਬਾਇਓਲੌਜੀਕਲ ਰਹਿੰਦ ਖੂਹੰਦ ਧਰਤੀ ਹੇਠ ਸੁੱਟ ਦਿੱਤੀ ਗਈ। [33] ਇਕ ਸਮੇਂ ਅਮਰੀਕਾ ਵਿੱਚ ਰਸਾਇਣਕ ਅਤੇ ਬਾਇਓਲੌਜੀਕਲ ਹਥਿਆਰ ਬਣਾਉਣ ਦੀਆਂ 150 ਲੈਬਾਰਟਰੀਆਂ ਸਨ। [34] ਰੌਕੀ ਮਾਉਂਟੇਨ ਵਿਚਲੀ ਥਾਂ ਬਾਰੇ ਉੱਪਰ ਦੱਸੇ ਅੰਕੜਿਆਂ ਨੂੰ ਧਿਆਨ ਵਿੱਚ ਰੱਖਦਿਆਂ ਅਸੀਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਸਮੁੱਚੇ ਅਮਰੀਕਾ ਵਿੱਚਲੀਆਂ 150 ਲੈਬਾਰਟਰੀਆਂ ਕਾਰਨ ਕਿੰਨੀ ਕੁ ਜ਼ਹਿਰੀਲੀ ਰਹਿੰਦ ਖੂੰਹਦ ਵਾਤਾਵਰਨ ਵਿੱਚ ਸੁੱਟੀ ਗਈ ਹੋਵੇਗੀ। ਰਸਾਇਣਕ ਹਥਿਆਰਾਂ ਦੇ ਉਤਪਾਦਨ ਦੌਰਾਨ ਵਾਤਾਵਰਨ ਦੇ ਪ੍ਰਦੂਸ਼ਨ ਦੀ ਸਥਿਤੀ ਸਾਬਕਾ ਸੋਵੀਅਤ ਯੂਨੀਅਨ ਵਿੱਚ ਵੀ ਅਮਰੀਕਾ ਵਰਗੀ ਹੀ ਸੀ। ਉਦਾਹਰਨ ਲਈ ਸਾਬਕਾ ਸੋਵੀਅਤ ਯੂਨੀਅਨ ਦਾ ਸ਼ਹਿਰ ਜ਼ੈਰਹਿੰਸਕ ਰਸਾਇਣਕ ਹਥਿਆਰ ਉਤਪਾਦਨ ਦਾ ਕੇਂਦਰ ਰਿਹਾ ਸੀ ਅਤੇ ਉਸ ਸ਼ਹਿਰ ਦੇ ਵਾਤਾਵਰਨ ਵਿੱਚ ਡਾਇਔਕਸਿਨ ਦੀ ਮਾਤਰਾ ਦੁਨੀਆਂ ਭਰ ਵਿੱਚੋਂ ਸਭ ਤੋਂ ਜਿ਼ਆਦਾ ਸੀ। [35] ਡਾਇਔਕਸਿਨ ਇਕ ਅਜਿਹਾ ਜ਼ਹਿਰੀਲਾ ਰਸਾਇਣ (ਕੈਮੀਕਲ) ਹੈ ਜੋ ਕੈਂਸਰ ਰੋਗ ਦਾ ਕਾਰਨ ਹੋਣ ਦੇ ਨਾਲ ਕਈ ਹੋਰ ਢੰਗਾਂ ਨਾਲ ਮਨੁੱਖੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਰਸਾਇਣਕ ਹਥਿਆਰਾਂ ਨੂੰ ਨਸ਼ਟ ਕਰਨ ਦਾ ਕਾਰਜ ਵਾਤਾਵਰਨ ਨੂੰ ਦੂਸਿ਼ਤ ਕਰਨ ਵਿੱਚ ਵੱਡਾ ਰੋਲ ਨਿਭਾਉਂਦਾ ਹੈ। ਦੂਜੀ ਸੰਸਾਰ ਜੰਗ ਤੋਂ ਲੈ ਕੇ ਸੱਤਰਵਿਆਂ ਦੇ ਸ਼ੁਰੂ ਤੱਕ ਰਸਾਇਣਕ ਹਥਿਆਰਾਂ ਨੂੰ ਨਸ਼ਟ ਕਰਨ ਲਈ ਉਹਨਾਂ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਜਾਂਦਾ ਸੀ। ਸੰਨ 1945 ਤੋਂ ਲੈ ਕੇ ਸੰਨ 1970 ਤੱਕ ਰਸਾਇਣਕ ਹਥਿਆਰਾਂ ਨੂੰ ਸਮੁੰਦਰ ਵਿੱਚ ਸੁੱਟਣ ਦੀਆਂ 100 ਤੋਂ ਵੱਧ ਘਟਨਾਵਾਂ ਵਾਪਰੀਆਂ ਸਨ। ਇਸ ਸਮੇਂ ਦੌਰਾਨ ਅਰਕਟਿਕ ਮਹਾਂਸਾਗਰ ਦੇ ਸਿਵਾਏ ਹਰ ਇਕ ਮਹਾਂਸਾਗਰ ਵਿੱਚ ਰਸਾਇਣਕ ਹਥਿਆਰ ਸੁੱਟੇ ਗਏ। [36] ਸੰਨ 1945-48 ਦੌਰਾਨ ਅਮਰੀਕਾ ਨੇ ਦੂਜੀ ਸੰਸਾਰ ਜੰਗ ਦੇ ਖਾਤਮੇ ਤੋਂ ਬਾਅਦ ਜਰਮਨੀ ਤੋਂ ਕਬਜ਼ੇ ਵਿੱਚ ਕੀਤੇ 32,000 ਟੰਨ ਰਸਾਇਣਕ ਹਥਿਆਰ ਸਮੁੰਦਰ ਵਿੱਚ ਸੁੱਟੇ। ਇਸ ਹੀ ਸਮੇਂ ਦੌਰਾਨ ਬਰਤਾਨੀਆ ਨੇ 1, 75000 ਟੰਨ ਰਸਾਇਣਕ ਹਥਿਆਰ ਸਮੁੰਦਰ ਵਿੱਚ ਸੁੱਟੇ ਜਿਹਨਾਂ ਵਿੱਚ 1,00000 ਟੰਨ ਸਕਾਟਲੈਂਡ ਤੋਂ ਸਨ ਅਤੇ ਬਾਕੀ ਦੇ ਜਰਮਨ ਤੋਂ ਕਬਜ਼ੇ ਵਿੱਚ ਲਏ ਗਏ ਸਨ। ਸੰਨ 1955-57 ਦੌਰਾਨ ਬਰਤਾਨੀਆ ਨੇ 25000 ਟੰਨ ਹੋਰ ਰਸਾਇਣਕ ਹਥਿਆਰ ਸਮੁੰਦਰ ਵਿੱਚ ਸੁੱਟੇ ਜਿਹੜੇ ਉਸ ਨੇ ਜਰਮਨੀ ਤੋਂ ਆਪਣੇ ਕਬਜ਼ੇ ਹੇਠ ਲਏ ਸਨ। [37] ਇਸ ਹੀ ਤਰ੍ਹਾਂ ਦੂਜੀ ਸੰਸਾਰ ਜੰਗ ਤੋਂ ਬਾਅਦ ਸੋਵੀਅਤ ਯੂਨੀਅਨ ਨੇ ਗੋਟਲੈਂਡ ਅਤੇ ਬੌਰਨਹੌਲਮ ਆਈਲੈਂਡ ਦੇ ਨੇੜੇ ਦੇ ਸਮੁੰਦਰ ਵਿੱਚ 30,000 ਟੰਨ ਰਸਾਇਣਕ ਹਥਿਆਰ ਸੁੱਟੇ ਸਨ। [38] ਵੱਖ ਵੱਖ ਰਿਪੋਰਟਾਂ/ਅਧਿਅਨਾਂ ਵਿੱਚ ਵੱਖ ਵੱਖ ਸ੍ਰੋਤਾਂ ਤੋਂ ਲੈ ਕੇ ਦਿੱਤੇ ਅੰਕੜੇ ਇਕ ਦੂਸਰੇ ਨਾਲ ਮੇਲ ਨਹੀਂ ਖਾਂਦੇ, ਇਸ ਲਈ ਪੱਕੇ ਤੌਰ ਉੱਤੇ ਇਹ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਕਿੰਨੇ ਰਸਾਇਣਕ ਹਥਿਆਰ ਸਮੁੰਦਰ ਵਿੱਚ ਸੁੱਟੇ ਗਏ ਹਨ। ਇਹ ਜਾਣ ਲੈਣਾ ਹੀ ਕਾਫੀ ਹੈ ਕਿ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵੱਲੋਂ ਲੱਖਾਂ ਟੰਨ ਰਸਾਇਣਕ ਹਥਿਆਰ ਦੁਨੀਆਂ ਦੇ ਵੱਖ ਵੱਖ ਸਮੁੰਦਰਾਂ ਵਿੱਚ ਸੁੱਟੇ ਗਏ ਹਨ।

ਸਮੁੰਦਰਾਂ ਵਿੱਚ ਸੁੱਟੇ ਇਹਨਾਂ ਰਸਾਇਣਕ ਹਥਿਆਰਾਂ ਦੇ ਸਮੁੰਦਰੀ ਵਾਤਾਵਰਨ ਅਤੇ ਜੀਵ ਜੰਤੂਆਂ ਉੱਤੇ ਕਿਸ ਤਰ੍ਹਾਂ ਦੇ ਅਸਰ ਪਏ ਹਨ, ਇਸ ਬਾਰੇ ਪੱਕਾ ਪਤਾ ਨਹੀਂ ਕਿਉਂਕਿ ਇਸ ਬਾਰੇ ਬਹੁਤ ਘੱਟ ਖੋਜ ਹੋਈ ਹੈ। ਕੀ ਇਹ ਹਥਿਆਰ ਲੰਮਾ ਸਮਾਂ ਸਮੁੰਦਰ ਵਿੱਚ ਰਹਿ ਕੇ ਖਰਾਬ ਹੋ ਕੇ ਲੀਕ ਕਰਨ ਲੱਗ ਸਕਦੇ ਹਨ ਜਾਂ ਨਹੀਂ, ਇਹਨਾਂ ਹਥਿਆਰਾਂ ਵਿੱਚ ਵਰਤੇ ਰਸਾਇਣਕ ਪਦਾਰਥ ਪਾਣੀ ਵਿੱਚ ਕਿਸ ਤਰ੍ਹਾਂ ਦੀ ਪ੍ਰਤਿਕ੍ਰਿਆ ਕਰਨਗੇ, ਇਸ ਬਾਰੇ ਵੀ ਕੋਈ ਸਪਸ਼ਟ ਰਿਪੋਰਟਾਂ/ਅਧਿਅਨ ਨਹੀਂ ਹਨ। ਫੌਜਾਂ ਵਲੋਂ ਰੱਖੇ ਜਾਂਦੇ ਭੇਦ ਕਾਰਨ ਨਾ ਹੀ ਸਮੁੰਦਰਾਂ ਵਿੱਚ ਉਹਨਾਂ ਸਾਰੀਆਂ ਥਾਂਵਾਂ ਬਾਰੇ ਪਤਾ ਹੈ ਜਿੱਥੇ ਜਿੱਥੇ ਰਸਾਇਣਕ ਹਥਿਆਰ ਸੁੱਟੇ ਗਏ ਸਨ। ਪਰ ਸਮੁੰਦਰ ਵਿੱਚ ਸੁੱਟੇ ਹਥਿਆਰਾਂ ਦੇ ਲੀਕ ਹੋਣ ਦੀਆਂ ਕੁੱਝ ਰਿਪੋਰਟਾਂ ਜ਼ਰੂਰ ਮਿਲਦੀਆਂ ਹਨ। ਅਬੀਰ ਮਜੀਦ ਅਨੁਸਾਰ ਸੰਨ 1985 ਅਤੇ 1995 ਵਿਚਕਾਰ ਡੱਚ ਮਛੇਰਿਆਂ ਨੇ 350 ਤੋਂ ਵੱਧ ਕੇਸਾਂ ਬਾਰੇ ਰਿਪੋਰਟਾਂ ਕੀਤੀਆਂ ਸਨ ਜਦੋਂ ਬਾਲਟਿਕ ਸਮੁੰਦਰ ਵਿੱਚ ਸੁੱਟੇ ਗਏ ਰਸਾਇਣਕ ਹਥਿਆਰਾਂ ਵਿੱਚੋਂ ਕੁੱਝ ਉਹਨਾਂ ਦੇ ਮੱਛੀਆਂ ਫੜ੍ਹਨ ਵਾਲੇ ਜਾਲਾਂ ਵਿੱਚ ਫਸ ਕੇ ਉੱਪਰ ਆ ਗਏ ਸਨ।[39] ਇਸ ਹੀ ਤਰ੍ਹਾਂ ਐਡਰੀਐਟਿਕ ਸਮੁੰਦਰ ਵਿੱਚਲੀ ਬਾਰੀ ਹਾਰਬਰ ਵਿੱਚ ਸੁੱਟੇ ਰਸਾਇਣਕ ਹਥਿਆਰਾਂ ਵਿੱਚੋਂ ਮਸਟਰਡ ਗੈਸ ਲੀਕ ਹੋਣ ਦੇ 230 ਕੇਸਾਂ ਦੀਆਂ ਰਿਪੋਰਟਾਂ ਮਿਲਦੀਆਂ ਹਨ। [40]

1970ਵਿਆਂ ਵਿੱਚ ਰਸਾਇਣਕ ਹਥਿਆਰਾਂ ਨੂੰ ਸਮੁੰਦਰ ਵਿੱਚ ਸੁੱਟਣ ਤੋਂ ਮਨਾਹੀ ਕਰ ਦਿੱਤੀ ਗਈ। ਸੰਨ 1997 ਵਿੱਚ ਕੈਮੀਕਲ ਵੈਪਨਜ਼ ਕਨਵੈਨਸ਼ਨ (ਸੀ ਡਬਲਿਊ ਸੀ) ਦੇ ਲਾਗੂ ਹੋਣ ਬਾਅਦ ਇਸ ਕਨਵੈਨਸ਼ਨ ਉੱਪਰ ਦਸਤਖਤ ਕਰਨ ਵਾਲੇ ਦੇਸ਼ਾਂ ਤੇ ਸ਼ਰਤ ਰੱਖੀ ਗਈ ਸੀ ਕਿ ਉਹ ਰਸਾਇਣਕ ਹਥਿਆਰਾਂ ਦਾ ਉਤਪਾਦਨ ਨਹੀਂ ਕਰਨਗੇ ਅਤੇ ਇਸ ਕਨਵੈਨਸ਼ਨ ਉੱਤੇ ਦਸਤਖਤ ਕਰਨ ਤੋਂ ਬਾਅਦ 10 ਸਾਲਾਂ ਦੇ ਵਿੱਚ ਵਿੱਚ ਆਪਣੇ ਰਸਾਇਣਕ ਹਥਿਆਰਾਂ ਦੇ ਭੰਡਾਰ ਨੂੰ ਖਤਮ ਕਰ ਦੇਣਗੇ। ਇਸ ਸਮੇਂ ਇਹਨਾਂ ਹਥਿਆਰਾਂ ਨੂੰ ਖਤਮ ਕਰਨ ਲਈ ਦੋ ਢੰਗ ਵਰਤੇ ਜਾਂਦੇ ਹਨ। ਇਕ ਢੰਗ ਵਿੱਚ ਇਹਨਾਂ ਹਥਿਆਰਾਂ ਨੂੰ ਧਰਤੀ ਉੱਪਰਲੀਆਂ ਥਾਂਵਾਂ ਵਿੱਚ ਸੁੱਟਣ ਤੋਂ ਪਹਿਲਾਂ ਬੇਅਸਰ (ਨਿਊਟਰਾਲਾਈਜ਼) ਕਰਨਾ ਜ਼ਰੂਰੀ ਹੈ ਅਤੇ ਦੂਸਰੇ ਢੰਗ ਵਿੱਚ ਇਹਨਾਂ ਹਥਿਆਰਾਂ ਨੂੰ ਭੱਠੀਆਂ ਵਿੱਚ ਬਾਲ ਕੇ ਉੱਚੀਆਂ ਚਿਮਨੀਆਂ ਰਾਹੀਂ ਵਾਤਾਵਰਨ ਵਿੱਚ ਛੱਡਿਆ ਜਾਂਦਾ ਹੈ। ਇਸ ਢੰਗ ਨਾਲ ਖਤਰਨਾਕ ਸਵਾਹ ਪੈਦਾ ਹੁੰਦੀ ਹੈ। 1990ਵਿਆਂ ਵਿੱਚ ਅਮਰੀਕਾ ਵੱਲੋਂ ਜੌਹਨਸਨ ਐਟੋਲ ਦੇ ਪੈਸੇਫਿਕ ਆਈਲੈਂਡ ਵਿੱਚ ਨਰਵ ਗੈਸ ਅਤੇ ਹੋਰ ਰਸਾਇਣਕ ਪਦਾਰਥਾਂ ਦੇ ਹਥਿਆਰਾਂ ਨੂੰ ਨਸ਼ਟ ਕਰਨ ਕਾਰਨ ਉਸ ਇਲਾਕੇ ਦੇ ਵਾਤਾਵਰਨ ਵਿੱਚ ਹਲਕੀ ਪੱਧਰ ਦੀ ਡਾਇਔਕਸਿਨ ਗੈਸ ਦੇ ਅੰਸ਼ ਮਿਲੇ ਸਨ। [41] ਵਿਕੀਪੀਡੀਆ ਅਨੁਸਾਰ ਦੁਨੀਆ ਦੇ 195 ਦੇਸ਼ਾਂ ਵਿੱਚੋਂ 188 ਦੇਸ਼ਾਂ ਨੇ ਕੈਮੀਕਲ ਵੈਪਨਜ਼ ਕਨਵੈਨਸ਼ਨ ਉੱਪਰ ਦਸਤਖਤ ਕੀਤੇ ਹਨ। ਨਤੀਜੇ ਵੱਜੋਂ ਬਹੁਤ ਸਾਰੇ ਦੇਸ਼ਾਂ ਨੇ ਰਸਾਇਣਕ ਹਥਿਆਰਾਂ ਦੇ ਭੰਡਾਰ ਖਤਮ ਕਰ ਦਿੱਤੇ ਹਨ। ਪਰ ਥੋੜ੍ਹੇ ਜਿਹੇ ਦੇਸ਼ਾਂ ਆਪਣੇ ਪੂਰੇ ਰਸਾਇਣਕ ਹਥਿਆਰ ਖਤਮ ਨਹੀਂ ਕਰ ਸਕੇ। ਉਦਾਹਰਨ ਲਈ ਅਮਰੀਕਾ ਨੇ ਆਪਣੇ ਬਹੁਤ ਸਾਰੇ ਰਸਾਇਣਕ ਹਥਿਆਰ ਨਸ਼ਟ ਕਰ ਦਿੱਤੇ ਹਨ ਪਰ ਪੈਂਟਾਗਨ ਅਨੁਸਾਰ ਅਮਰੀਕਾ ਆਪਣੇ ਸਾਰੇ ਹਥਿਆਰ 2023 ਤੱਕ ਹੀ ਨਸ਼ਟ ਕਰ ਸਕੇਗਾ। ਇਸ ਹੀ ਤਰ੍ਹਾਂ ਰੂਸ ਅਜੇ ਆਪਣੇ ਸਾਰੇ ਰਸਾਇਣਕ ਹਥਿਆਰ ਖਤਮ ਨਹੀਂ ਕਰ ਸਕਿਆ। ਰੂਸ ਦਾ ਦਾਅਵਾ ਹੈ ਕਿ ਉਹ ਆਪਣੇ ਸਾਰੇ ਰਸਾਇਣਕ ਹਥਿਆਰ 2012 ਤੱਕ ਨਸ਼ਟ ਕਰ ਦੇਵੇਗਾ ਪਰ ਅਮਰੀਕਾ ਦੇ ਜਨਰਲ ਅਕਾਉਂਟਿੰਗ ਦਫਤਰ ਦਾ ਅੰਦਾਜ਼ਾ ਹੈ ਕਿ ਰੂਸ ਆਪਣੇ ਸਾਰੇ ਰਸਾਇਣਕ ਹਥਿਆਰ 2027 ਤੱਕ ਖਤਮ ਕਰ ਸਕੇਗਾ। [42] ਇਹਨਾਂ ਰਿਪੋਰਟਾਂ ਨੂੰ ਦੇਖਦਿਆਂ ਅਸੀਂ ਆਸ ਕਰ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਦੁਨੀਆ ਤੋਂ ਰਸਾਇਣਕ ਹਥਿਆਰਾਂ ਦਾ ਖਾਤਮਾ ਹੋ ਜਾਵੇਗਾ ਪਰ ਇਹਨਾਂ ਹਥਿਆਰਾਂ ਕਾਰਨ ਧਰਤੀ ਦੇ ਵਾਤਾਵਰਨ ਦਾ ਜੋ ਨੁਕਸਾਨ ਹੋਇਆ ਹੈ ਜਾਂ ਸਮੁੰਦਰ ਵਿੱਚ ਸੁੱਟੇ ਇਹਨਾਂ ਹਥਿਆਰਾਂ ਕਾਰਨ ਭਵਿੱਖ ਵਿੱਚ ਧਰਤੀ ਦੇ ਵਾਤਾਵਰਨ ਨੂੰ ਜੋ ਨੁਕਸਾਨ ਹੋ ਸਕਦਾ ਹੈ ਉਸ ਬਾਰੇ ਅਸੀਂ ਪੱਕੀ ਤਰ੍ਹਾਂ ਕੁੱਝ ਨਹੀਂ ਕਹਿ ਸਕਦੇ।

ਪਰਮਾਣੂ ਹਥਿਆਰਾਂ ਦੇ ਉਤਪਾਦਨ ਅਤੇ ਉਹਨਾਂ ਦੇ ਟੈਸਟਾਂ ਅਤੇ ਸਾਂਭ-ਸੰਭਾਲ ਦੌਰਾਨ ਵਾਤਾਵਰਨ ਵਿੱਚ ਵੱਡੀ ਪੱਧਰ ਉੱਤੇ ਪ੍ਰਦੂਸ਼ਨ ਫੈਲਦਾ ਹੈ। ਅਬੀਰ ਮਜੀਦ ਅਨੁਸਾਰ ਪਰਮਾਣੂ ਹਥਿਆਰ ਬਣਾਉਣ ਦੇ ਮੁੱਖ ਪੜਾਅ ਇਸ ਤਰ੍ਹਾਂ ਹਨ: ਖਾਣਾਂ ਵਿੱਚੋਂ ਯੁਰੇਨੀਅਨ ਕੱਢਣਾ ਅਤੇ ਤਿਆਰ ਕਰਨਾ, ਹਥਿਆਰ ਬਣਾਉਣ ਦੀ ਪੱਧਰ ਦੇ ਪਲਾਟੀਨਮ ਦਾ ਉਤਪਾਦਨ, ਪਰਮਾਣੂ ਹਥਿਆਰਾਂ ਦੇ ਪੁਰਜ਼ੇ ਜੋੜਨਾ (ਅਸੰਬਲੀ) ਅਤੇ ਢੋਆ ਢੁਆਈ, ਹਥਿਆਰਾਂ ਦੇ ਟੈੱਸਟ, ਹਥਿਆਰਾਂ ਦਾ ਭੰਡਾਰੀਕਰਨ, ਹਥਿਆਰਾਂ ਦੇ ਪੁਰਜਿ਼ਆਂ ਨੂੰ ਵੱਖ ਵੱਖ ਕਰਨਾ (ਡਿਸਅਸੰਬਲੀ) ਅਤੇ ਉਸ ਕਾਰਨ ਪੈਦਾ ਹੋਏ ਯੁਰੇਨੀਅਮ, ਪਲਾਟੀਨਮ, ਟਰਾਈਟੀਅਮ ਅਤੇ ਰਸਾਇਣਕ ਟਰਿੱਗਰਾਂ ਨਾਲ ਨਜਿੱਠਣਾ। [43] ਇਹਨਾਂ ਵਿੱਚੋਂ ਹਰ ਪੜਾਅ ਵਿੱਚ ਦੀ ਲੰਘਦਿਆਂ ਵਾਤਾਵਰਨ ਪ੍ਰਦੂਸ਼ਤ ਹੁੰਦਾ ਹੈ ਜਾਂ ਵਾਤਾਵਰਨ ਦੇ ਪ੍ਰਦੂਸ਼ਨ ਦਾ ਖਤਰਾ ਬਣਿਆ ਰਹਿੰਦਾ ਹੈ। ਉਦਾਹਰਨ ਲਈ, ਇਕ ਔਸਤ ਪੱਧਰ ਦਾ ਪਰਮਾਣੂ ਬੰਬ ਬਣਾਉਣ ਲਈ ਖਾਣਾਂ ਵਿੱਚੋਂ ਯੁਰੇਨੀਅਮ ਕੱਢਣ ਸਮੇਂ 2000 ਟੰਨ ਦੀ ਯੁਰੇਨੀਅਮ ਦੀ ਰਹਿੰਦ-ਖੂਹੰਦ (ਜੋ ਕਿ ਕਾਫੀ ਰੇਡੀਓਐਕਟਿਵ ਹੁੰਦੀ ਹੈ), 4 ਟੰਨ ਡਿਪਲੀਟਡ ਯੁਰੇਨੀਅਮ ਅਤੇ 50 ਘਣ-ਟੰਨ (ਕਿਊਬਿਕ ਟੰਨ) ਨੀਵੇਂ ਪੱਧਰ ਦੀ ਰੇਡੀਓਐਕਟਿਵ ਰਹਿੰਦ-ਖੂੰਹਦ ਪੈਦਾ ਹੁੰਦੀ ਹੈ। [44] ਸੰਨ 1945 ਤੋਂ ਲੈ ਕੇ ਹੁਣ ਤੱਕ ਤਿਆਰ ਕੀਤੇ ਨਿਊਕਲੀਅਰ ਵਾਰ ਹੈੱਡਜ਼ (ਪਰਮਾਣੂ ਬੰਬ ਨੂੰ ਆਪਣੇ ਨਿਸ਼ਾਨੇ ਤੱਕ ਲੈ ਜਾਣ ਵਾਲੇ ਮਿਜ਼ਾਇਲ ਦੇ ਸਿਰਾਂ) ਦੀ ਅੰਦਾਜ਼ਣ ਗਿਣਤੀ 1,28000 ਹੈ ਜਿਹਨਾਂ ਵਿੱਚੋਂ 55 ਫੀਸਦੀ ਅਮਰੀਕਾ ਅਤੇ 45 ਫੀਸਦੀ ਰੂਸ ਵੱਲੋਂ ਤਿਆਰ ਕੀਤੇ ਗਏ ਹਨ। [45]

ਇਹਨਾਂ ਪਰਮਾਣੂ ਹਥਿਆਰਾਂ ਦੇ ਉਤਪਾਦਨ ਦੌਰਾਨ ਕਿੰਨੀ ਕੁ ਰੇਡੀਓਐਕਟਿਵ ਰਹਿੰਦ-ਖੂੰਹਦ ਪੈਦਾ ਹੋਈ ਹੋਵੇਗੀ। ਇਸ ਬਾਰੇ ਅਮਰੀਕਨ ਸਾਇੰਟਿਸਟ ਵਿੱਚ ਛਪੇ ਕੈਵਿਨ ਕਰੌਲੀ ਅਤੇ ਜੌਹਨ ਐੱਫ ਅਹਿਰਨ ਦੇ ਆਰਟੀਕਲ “ਮੈਨੇਜਿੰਗ ਦੀ ਇਨਵਾਇਰਮੈਂਟਲ ਲੈਗੇਸੀ ਆਫ ਯੂ. ਐੱਸ. ਨਿਊਕਲੀਅਰ ਵੈਪਨਜ਼ ਪ੍ਰੋਡਕਸ਼ਨ” ਵਿੱਚੋਂ ਕੁੱਝ ਜਾਣਕਾਰੀ ਪੇਸ਼ ਹੈ । ਇਹਨਾਂ ਲੇਖਕਾਂ ਅਨੁਸਾਰ ਅਮਰੀਕਾ ਦਾ ਪ੍ਰਮਾਣੂ ਹਥਿਆਰ ਬਣਾਉਣ ਦਾ ਤਾਣਾ-ਬਾਣਾ ਕਾਫੀ ਵੱਡਾ ਹੈ ਅਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਫੈਲਿਆ ਹੋਇਆ ਹੈ। ਇਸ ਤਾਣੇ-ਬਾਣੇ ਨਾਲ ਸੰਬੰਧਤ 16 ਪ੍ਰਮੁੱਖ ਥਾਂਵਾਂ ਵਿੱਚੋਂ ਕੁੱਝ ਵੱਡੀਆਂ ਥਾਂਵਾਂ ਹਨ: ਹੈਨਫੋਰਡ, ਦੀ ਇਡਾਹੋ ਨੈਸ਼ਨਲ ਇੰਜਨੀਅਰਿੰਗ ਐਂਡ ਇਨਵਾਇਰਮੈਂਟਲ ਲੈਬਾਰਟਰੀ, ਓਕ ਰਿੱਜ ਅਤੇ ਦੱਖਣੀ ਕੈਰੋਲੀਨਾ ਸਥਿੱਤ ਸੈਵਾਨਾਹ ਰਿਵਰ। ਇਹਨਾਂ ਥਾਂਵਾਂ ਉੱਤੇ ਹਥਿਆਰ ਬਣਾਉਣ, ਨੇਵੀ ਦੇ ਫਿਊਲ ਅਤੇ ਸਿਵਲੀਅਨ ਵਰਤੋਂ ਲਈ ਪਰਮਾਣੂ ਸਮੱਗਰੀ (ਇਨਰਿਚਡ ਯੁਰੇਨੀਅਮ, ਪਲਾਟੀਨਮ ਅਤੇ ਟਰਾਈਟਿਅਮ) ਦਾ ਉਤਪਾਦਨ ਕੀਤਾ ਗਿਆ। [46] ਹੈਨਫੋਰਡ ਸਾਈਟ ਅਮਰੀਕਾ ਦੀ ਵਸਿ਼ੰਗਟਨ ਸਟੇਟ ਵਿੱਚ ਕੋਲੰਬੀਆ ਰਿਵਰ ਉੱਤੇ ਸਥਿੱਤ ਹੈ। ਇਹ ਸਾਈਟ ਸੰਨ 1943 ਵਿੱਚ ਮੈਨਹੈਟਨ ਪ੍ਰੋਜੈਕਟ ਦੌਰਾਨ ਸ਼ੁਰੂ ਕੀਤਾ ਗਿਆ ਸੀ ਅਤੇ ਠੰਢੀ ਜੰਗ ਦੇ ਅਖੀਰ ਉੱਤੇ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਥਾਂ ਉੱਤੇ ਪੈਦਾ ਕੀਤਾ ਗਿਆ ਪਲਾਟੀਨਮ ਪਹਿਲੇ ਪਰਮਾਣੂ ਬੰਬ ਵਿੱਚ ਵਰਤਿਆ ਗਿਆ ਸੀ ਜਿਸ ਦਾ ਟੈੱਸਟ ਟਰਿੰਨਟੀ ਸਾਈਟ ਉੱਤੇ ਗਿਆ ਸੀ। ਨੌਂ ਅਗਸਤ 1945 ਨੂੰ “ਫੈਟ ਮੈਨ” ਨਾਂ ਦਾ ਜਿਹੜਾ ਬੰਬ ਜਾਪਾਨ ਦੇ ਸ਼ਹਿਰ ਨਾਗਾਸਾਕੀ ਉੱਤੇ ਸੁੱਟਿਆ ਗਿਆ ਸੀ, ਉਸ ਵਿੱਚ ਵਰਤਿਆ ਗਿਆ ਪਲਾਟੀਨਮ ਵੀ ਹੈਨਫੋਰਡ ਵਿੱਚ ਹੀ ਤਿਆਰ ਕੀਤਾ ਗਿਆ ਸੀ। ਅਮਰੀਕਾ ਦੇ ਬਹੁਤੇ ਪਰਮਾਣੂ ਹਥਿਆਰਾਂ ਵਿੱਚ ਵਰਤਿਆ ਗਿਆ ਪਲਾਟੀਨਮ ਇਸ ਥਾਂ ਉੱਤੇ ਤਿਆਰ ਕੀਤਾ ਗਿਆ ਸੀ। [47] ਆਉ ਦੇਖੀਏ ਕਿ ਇਸ ਥਾਂ ਤੋਂ ਕਿੰਨੀ ਕੁ ਪਰਮਾਣੂ ਰਹਿੰਦ-ਖੂੰਹਦ ਪੈਦਾ ਹੋਈ ਹੈ।

ਇਹ ਸਾਈਟ 50 ਸਾਲ ਤੱਕ ਕੰਮ ਕਰਦਾ ਰਿਹਾ। ਇਸ ਸਮੇਂ ਦੌਰਾਨ ਇੱਥੇ 67 ਮੀਟਰਿਕ ਟੰਨ ਪਲਾਟੀਨਮ ਤਿਆਰ ਕੀਤਾ ਗਿਆ। ਯੁਰੇਨੀਅਮ ਵਿੱਚੋਂ ਪਲਾਟੀਨਮ ਕੱਢਣ ਦੀ ਰਸਾਇਣਕ ਪ੍ਰਕ੍ਰਿਆ ਦੌਰਾਨ 20 ਲੱਖ ਘਣ-ਮੀਟਰ (50 ਕ੍ਰੋੜ ਗੈਲਨ) ਬਹੁਤ ਹੀ ਜਿ਼ਆਦਾ ਰੇਡੀਓਐਕਟਿਵ ਰਸਾਇਣਕ ਜ਼ਹਿਰੀਲੀ ਰਹਿੰਦ-ਖੂੰਹਦ ਅਤੇ 1.7 ਅਰਬ ਘਣ-ਮੀਟਰ (450 ਅਰਬ ਗੈਲਨ) ਪ੍ਰੋਸੈੱਸਡ ਤਰਲ ਪੈਦਾ ਹੋਇਆ। ਲੇਖਕ ਅਮਰੀਕਾ ਦੇ ਡਿਪਾਰਟਮੈਂਟ ਆਫ ਐਨਰਜੀ ਦੇ ਹਵਾਲੇ ਨਾਲ ਲਿਖਦੇ ਹਨ ਕਿ ਐਸਟੀਨਾਈਡਜ਼ (ਮੁੱਖ ਰੂਪ ਵਿੱਚ ਪਲਾਟੀਨਮ) ਨਾਲ ਦੂਸਿ਼ਤ 76,000 ਘਣ-ਮੀਟਰ ਠੋਸ ਰਹਿੰਦ-ਖੂਹੰਦ ਅਤੇ 12 ਲੱਖ ਘਣ-ਮੀਟਰ ਨੀਵੇਂ ਪੱਧਰ ਦੀ ਦੂਸਿ਼ਤ ਠੋਸ ਰਹਿੰਦ ਖੂੰਹਦ ਇਸ ਥਾਂ ਉੱਤੇ ਦੱਬੀ ਹੋਈ ਹੈ। (48) ਇੱਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਪਰਮਾਣੂ ਹਥਿਆਰਾਂ ਦੇ ਉਤਪਾਦਨ ਦੌਰਾਨ ਪੈਦਾ ਹੋਣ ਵਾਲੀ ਰੇਡੀਓਐਕਟਿਵ ਰਹਿੰਦ-ਖੂਹੰਦ ਕਈ ਹਜ਼ਾਰ ਸਾਲਾਂ ਤੱਕ ਜ਼ਹਿਰੀਲੀ ਰਹਿੰਦੀ ਹੈ ਅਤੇ ਇਸ ਨੂੰ ਨਸ਼ਟ ਕਰਨ ਦਾ ਕੋਈ ਤਸੱਲੀਬਖਸ਼ ਹੱਲ ਅਜੇ ਤੱਕ ਮੌਜੂਦ ਨਹੀਂ ਹੈ।

ਇਸ ਤੋਂ ਬਿਨਾਂ ਕਈ ਤਰ੍ਹਾਂ ਦੀ ਰਹਿੰਦ-ਖੂਹੰਦ ਸਿੱਧੀ ਵਾਤਾਵਰਨ ਵਿੱਚ ਛੱਡ ਦਿੱਤੀ ਗਈ। ਉਦਾਹਰਨ ਲਈ ਕੈਮੀਕਲ ਪ੍ਰੋਸੈਸਿੰਗ ਦੌਰਾਨ ਪੈਦਾ ਹੋਣ ਵਾਲੀਆਂ ਅਸਥਿਰ ਗੈਸਾਂ, ਕਈ ਵਾਰ ਫਿਲਟਰ ਕੀਤੇ ਬਿਨਾਂ ਹੀ, ਵਾਤਾਵਰਨ ਵਿੱਚ ਛੱਡ ਦਿੱਤੀਆਂ ਗਈਆਂ। ਕ੍ਰੋਮੀਅਮ ਅਤੇ ਰੇਡੀਓਐਕਟਿਵ ਆਇਸੋਟੋਪਸਾਂ ਨਾਲ ਦੂਸਿ਼ਤ ਰੀਐਕਟਰਾਂ ਨੂੰ ਠੰਡਾ ਕਰਨ ਵਾਲਾ ਪਾਣੀ ਬਾਹਰ ਖੁਲ੍ਹਾ ਛੱਡ ਦਿੱਤਾ ਗਿਆ। ਰਹਿੰਦ-ਖੂਹੰਦ (ਵੇਸਟ) ਵੱਜੋਂ ਪੈਦਾ ਹੋਏ ਹੋਰ ਕਈ ਤਰ੍ਹਾਂ ਦੇ ਤਰਲ ਧਰਤੀ ਉੱਤਲੇ ਤਲਾਵਾਂ ਜਾਂ ਧਰਤੀ ਹੇਠਲੇ ਤਲਾਵਾਂ ਜਾਂ ਧਰਤੀ ਹੇਠਲੇ ਪਾਣੀ ਵਿੱਚ ਛੱਡ ਦਿੱਤੇ ਗਏ। ਵਿਮਨਜ਼ ਇੰਟਰਨੈਸ਼ਨਲ ਲੀਗ ਫਾਰ ਪੀਸ ਐਂਡ ਫਰੀਡਮ ਦੇ ਵੈੱਬਸਾਈਟ ਉੱਤੇ ਪ੍ਰਕਾਸ਼ਤ ਰਿਪੋਰਟ “ਦੀ ਇਨਵਾਇਰਮੈਂਟ ਐਂਡ ਦੀ ਨਿਊਕਲੀਅਰ ਏਜ” ਵਿੱਚ ਅਮਰੀਕਾ ਦੇ ਜਨਰਲ ਅਕਾਉਂਟਿੰਗ ਆਫਿਸ ਵਲੋਂ 1991 ਵਿੱਚ ਪ੍ਰਕਾਸ਼ਤ ਕੀਤੇ ਇਕ ਡਾਕੂਮੈਂਟ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਹੈਨਫੋਰਡ ਸਾਈਟ ਤੋਂ 444 ਅਰਬ ਗੈਲਨ ਰੇਡੀਓਐਕਟਿਵ ਤਰਲ ਰਹਿੰਦ-ਖੂੰਹਦ ਵਾਤਾਵਰਨ ਵਿੱਚ ਛੱਡੀ ਗਈ ਸੀ। [49] ਪਰਮਾਣੂ ਰਹਿੰਦ ਖੂੰਹਦ ਨਾਲ ਸੰਬੰਧਤ ਉੱਪਰ ਦਿੱਤੀ ਜਾਣਕਾਰੀ ਸਿਰਫ ਪਰਮਾਣੂ ਹਥਿਆਰ ਬਣਾਉਣ ਨਾਲ ਸੰਬੰਧਤ ਇਕ ਥਾਂ ਤੋਂ ਹੀ ਹੈ। ਅਮਰੀਕਾ ਦੀਆਂ ਪਰਮਾਣੂ ਬਣਾਉਣ ਵਾਲੀਆਂ ਸਾਰੀਆਂ ਥਾਂਵਾਂ ਤੋਂ ਕਿੰਨੀ ਰੇਡੀਓਐਕਟਿਵ ਰਹਿੰਦ ਖੂੰਹਦ ਵਾਤਾਵਰਨ ਵਿੱਚ ਸੁੱਟੀ ਗਈ ਹੋਵੇਗੀ ਅਤੇ ਕਿੰਨੀ ਕੁ ਰਹਿੰਦ-ਖੂੰਹਦ ਅਜੇ ਵੀ ਉਹਨਾਂ ਥਾਂਵਾਂ ਉੱਤੇ ਸਟੋਰ ਕੀਤੀ ਪਈ ਹੈ ਇਸ ਬਾਰੇ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।

ਪਰਮਾਣੂ ਹਥਿਆਰਾਂ ਦੇ ਉਤਪਾਦਨ ਦੌਰਾਨ ਜ਼ਹਿਰੀਲੀ ਪਰਮਾਣੂ ਰਹਿੰਦ-ਖੂਹੰਦ ਪੈਦਾ ਹੋਣ ਅਤੇ ਵਾਤਾਵਰਨ ਵਿੱਚ ਸੁੱਟੇ ਜਾਣ ਬਾਰੇ ਸਾਬਕਾ ਸੋਵੀਅਤ ਯੂਨੀਅਨ ਵਿੱਚ ਵੀ ਹਾਲਤ ਅਮਰੀਕਾ ਵਰਗੇ ਹੀ ਸਨ ਜਾਂ ਕਈ ਰਿਪੋਰਟਾਂ ਅਨੁਸਾਰ ਅਮਰੀਕਾ ਤੋਂ ਵੀ ਭੈੜੇ ਸਨ। ਸਾਬਕਾ ਸੋਵੀਅਤ ਯੂਨੀਅਨ ਵਿੱਚ ਆਮ ਹੀ ਦਰਿਆਵਾਂ ਜਾਂ ਝੀਲਾਂ ਵਿੱਚ ਪਰਮਾਣੂ ਰਹਿੰਦ-ਖੂੰਹਦ ਸੁੱਟੀ ਜਾਂਦੀ ਰਹੀ ਸੀ। ਸੰਨ 1957 ਵਿੱਚ ਰੂਸ ਵਿੱਚ ਚੈਲੀਆਬਿੰਸਕ ਸਥਿੱਤ ਪਰਮਾਣੂ ਹਥਿਆਰ ਬਣਾਉਣ ਵਾਲੀ ਥਾਂ ‘ਤੇ ਰਹਿੰਦ-ਖੂੰਹਦ ਨੂੰ ਸੰਭਾਲਣ ਵਾਲੇ ਇਕ ਟੈਂਕ ਦੇ ਫਟਣ ਨਾਲ ਰੇਡੀਓਐਕਟਿਵ ਬੱਦਲ 200 ਵਰਗ ਕਿਲੋਮੀਟਰ ਤੋਂ ਵੀ ਵੱਧ ਖੇਤਰਫਲ ਵਾਲੇ ਇਲਾਕੇ ਵਿੱਚ ਫੈਲ ਗਿਆ ਸੀ। ਨਤੀਜੇ ਵਜੋਂ ਇਸ ਇਲਾਕੇ ਦੇ ਸਭ ਤੋਂ ਵੱਧ ਰੇਡੀਓਐਕਟਿਵ ਪ੍ਰਦੂਸ਼ਨ ਵਾਲੇ ਖੇਤਰ ਵਿਚਲੇ ਲਗਭਗ ਸਾਰੇ ਦਰੱਖਤ ਜਾਂ ਤਾਂ ਮਰ ਗਏ ਸਨ ਜਾਂ ਨੁਕਸਾਨੇ ਗਏ ਸਨ। [50] ਅਬੀਰ ਮਜੀਦ ਅਨੁਸਾਰ ਸੰਨ 1952 ਤੋਂ ਬਾਅਦ ਸੋਵੀਅਤ ਮਿਲਟਰੀ ਨੇ ਮਾਯਕ ਪਲਾਂਟ ਤੋਂ 1 ਅਰਬ ਕਿਊਰੀਜ਼ ਦੇ ਬਰਾਬਰ ਦੀ ਪਰਮਾਣੂ ਰਹਿੰਦ-ਖੂੰਹਦ ਲੇਕ ਕਾਰਚੇਅ ਵਿੱਚ ਸੁੱਟ ਦਿੱਤੀ। (ਕਿਊਰੀ ਕਿਸੇ ਰੇਡੀਓਐਕਟਿਵ ਪਦਾਰਥ ਵੱਲੋਂ ਛੱਡੀ ਜਾਣ ਵਾਲੀ ਰੇਡੀਏਸ਼ਨ ਨੂੰ ਮਾਪਣ ਦੀ ਇਕਾਈ ਹੈ ਜਿਹੜੀ ਇਕ ਗਰਾਮ ਰੇਡੀਅਮ ਦੀ ਰੇਡੀਓਐਕਟਿਵਟੀ ਦੇ ਬਰਾਬਰ ਹੁੰਦੀ ਹੈ।) ਇਸ ਝੀਲ ਵਿੱਚ ਏਨੀ ਵੱਡੀ ਪੱਧਰ ਉੱਤੇ ਸੁੱਟੀ ਪਰਮਾਣੂ ਰਹਿੰਦ-ਖੂੰਹਦ ਵਿੱਚੋਂ ਪੈਦਾ ਹੋਣ ਵਾਲੀ ਗਰਮੀ ਦੇ ਨਤੀਜੇ ਵੱਜੋਂ ਇਸ ਝੀਲ ਦਾ ਪਾਣੀ ਸੁੱਕਣ ਲੱਗ ਪਿਆ। ਸੰਨ 1988 ਤੱਕ ਇਸ ਝੀਲ ਵਿੱਚ ਚੈਰਨੋਬਿਲ ਪਰਮਾਣੂ ਪਲਾਂਟ ਦੀ ਦੁਰਘਟਨਾ ਕਾਰਨ ਵਾਤਾਵਰਨ ਵਿੱਚ ਛੱਡੀ ਗਈ ਰੇਡੀਓਐਕਟਿਵ ਸਮੱਗਰੀ ਤੋਂ ਢਾਈ ਗੁਣਾਂ ਜਿ਼ਆਦਾ ਰੇਡੀਓਐਕਟਿਵ ਸਮੱਗਰੀ ਸੁੱਟੀ ਜਾ ਚੁੱਕੀ ਸੀ। [51] ਹੁਣ ਇਹ ਝੀਲ ਸੀਮੈਂਟ ਦੇ ਪੱਥਰਾਂ ਨਾਲ ਭਰੀ ਪਈ ਹੈ ਤਾਂ ਕਿ ਇਸ ਵਿਚਲੀ ਰੇਡੀਓਐਕਟਿਵ ਸਮੱਗਰੀ ਇਸ ਤੋਂ ਬਾਹਰ ਨਾ ਜਾ ਸਕੇ, ਫਿਰ ਵੀ ਅਰਕਟਿਕ ਮੌਨੀਟਰਿੰਗ ਐਂਡ ਅਸੈੱਸਮੈਂਟ ਪ੍ਰੋਗਰਾਮ ਦਾ ਕਹਿਣਾ ਹੈ ਕਿ ਇਸ ਵਿੱਚੋਂ ਰਹਿੰਦ-ਖੂਹੰਦ ਧਰਤੀ ਹੇਠਲੇ ਪਾਣੀ ਵਿੱਚ ਜਾ ਸਕਦੀ ਹੈ ਅਤੇ ਉੱਥੋਂ ਟੈਕਾ ਨਦੀ ਨੂੰ ਪ੍ਰਦੂਸ਼ਤ ਕਰ ਸਕਦੀ ਹੈ। ਜੇ ਕੋਈ ਵਿਅਕਤੀ ਇਸ ਝੀਲ ਦੇ ਕੰਢੇ ਇਕ ਘੰਟਾ ਖੜਾ ਰਹੇ ਤਾਂ ਉਸ ਦੀ ਕੁੱਝ ਹਫਤਿਆਂ ਵਿੱਚ ਹੀ ਮੌਤ ਹੋ ਸਕਦੀ ਹੈ। [52]

ਪਰਮਾਣੂ ਹਥਿਆਰਾਂ ਨਾਲ ਸੰਬੰਧਤ ਵਾਤਾਵਰਨ ਦੇ ਪ੍ਰਦੂਸ਼ਨ ਦਾ ਇਕ ਹੋਰ ਵੱਡਾ ਕਾਰਨ ਹੈ ਪਰਮਾਣੂ ਹਥਿਆਰਾਂ ਦੇ ਟੈਸਟ। ਇਹਨਾਂ ਹਥਿਆਰਾਂ ਦੇ ਟੈੱਸਟਾਂ ਦੌਰਾਨ ਵੱਡੀ ਪੱਧਰ ਉੱਤੇ ਰੇਡੀਓਐਕਟਿਵ ਸਮੱਗਰੀ ਵਾਤਾਵਰਨ ਵਿੱਚ ਦਾਖਲ ਹੁੰਦੀ ਹੈ। ਪਹਿਲਾਂ ਪਹਿਲ ਪਰਮਾਣੂ ਹਥਿਆਰਾਂ ਦੇ ਟੈੱਸਟ ਧਰਤੀ ਤੋਂ ਉੱਪਰਲੇ ਵਾਤਾਵਰਨ ਵਿੱਚ ਕੀਤੇ ਜਾਂਦੇ ਸਨ। ਫਿਰ ਅਜਿਹਾ ਕਰਨਾ ਬੰਦ ਕਰ ਦਿੱਤਾ ਗਿਆ ਅਤੇ ਪਰਮਾਣੂ ਟੈੱਸਟ ਧਰਤੀ ਦੇ ਹੇਠਾਂ ਜਾਂ ਪਾਣੀ ਦੇ ਹੇਠਾਂ ਕੀਤੇ ਜਾਣ ਲੱਗੇ। ਹੁਣ ਤੱਕ ਦੁਨੀਆ ਵਿੱਚ 2053 ਪਰਮਾਣੂ ਟੈਸਟ ਧਮਾਕੇ ਕੀਤੇ ਜਾ ਚੁੱਕੇ ਹਨ। ਇਹਨਾਂ ਟੈੱਸਟਾਂ ਦੇ ਨਤੀਜਿਆਂ ਵਜੋਂ ਵਾਤਾਵਰਨ ਵਿੱਚ ਫੈਲੀ ਧਮਾਕਾਖੇਜ਼ ਸਮੱਗਰੀ ਦੀ ਮਾਤਰਾ ਅਮਰੀਕਾ ਵਲੋਂ ਹੀਰੋਸ਼ੀਮਾ ਉੱਤੇ ਸੁੱਟੇ ਬੰਬ ਦੇ ਆਕਾਰ ਦੇ 40,000 ਬੰਬਾਂ ਕਾਰਨ ਪੈਦਾ ਹੋਣ ਵਾਲੀ ਧਮਾਕਾਖੇਜ਼ ਸਮੱਗਰੀ ਦੇ ਬਰਾਬਰ ਹੈ। ਇਹਨਾਂ ਟੈੱਸਟਾਂ ਦੌਰਾਨ ਵਾਤਾਵਰਨ ਵਿੱਚ ਫੈਲਣ ਵਾਲੀ ਰੇਡੀਓਐਕਟਿਵ ਸਮੱਗਰੀ ਦੀ ਮਾਤਰਾ ਚੈਰਨੋਬਿਲ ਪਰਮਾਣੂ ਦੁਰਘਟਨਾ ਕਾਰਨ ਵਾਤਾਵਰਨ ਵਿੱਚ ਫੈਲੀ ਰੇਡੀਓਐਕਟਿਵ ਸਮੱਗਰੀ ਦੀ ਮਾਤਰਾਂ ਤੋਂ 50 ਗੁਣਾਂ ਵੱਧ ਹੈ। ਵਾਤਾਵਰਨ ਵਿੱਚ ਕੀਤੇ ਪ੍ਰਮਾਣੂ ਟੈੱਸਟਾਂ ਦੇ ਨਤੀਜੇ ਵਜੋਂ ਵਾਤਾਵਰਨ ਵਿੱਚ ਫੈਲੀ ਰੇਡੀਓਐਕਟਿਵ ਸਮੱਗਰੀ ਕਾਰਨ ਸਮੇਂ ਦੇ ਬੀਤਣ ਨਾਲ 15 ਲੱਖ ਮਨੁੱਖੀ ਮੌਤਾਂ ਹੋਣ ਦਾ ਅੰਦਾਜ਼ਾ ਹੈ। [53] ਇਸ ਦੇ ਨਾਲ ਹੀ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਪਰਮਾਣੂ ਹਥਿਆਰਾਂ ਦੇ ਉਤਪਾਦਨ ਅਤੇ ਟੈੱਸਟਾਂ ਕਾਰਨ ਵਾਤਾਵਰਨ ਵਿੱਚ ਜੋ ਪ੍ਰਦੂਸ਼ਨ ਫੈਲਿਆ ਹੈ ਉਸ ਨੂੰ ਸਾਫ ਕਰਨਾ ਬਹੁਤ ਮਹਿੰਗਾ ਹੈ। ਇਕ ਰਿਪੋਰਟ ਅਨੁਸਾਰ ਅਮਰੀਕਾ ਵਿੱਚ ਫੈਲੇ ਇਸ ਪ੍ਰਦੂਸ਼ਣ ਨੂੰ ਸਾਫ ਕਰਨ ਲਈ ਸੰਨ 2070 ਤੱਕ 3 ਖਰਬ (300 ਬਿਲੀਅਨ) ਡਾਲਰ ਖਰਚ ਹੋਣ ਦਾ ਅੰਦਾਜ਼ਾ ਹੈ। [54]

ਜੰਗ ਦੌਰਾਨ ਜੰਗਲਾਂ ਦਾ ਖਾਤਮਾ

ਪਿਛਲੇ 5-6 ਦਹਾਕਿਆਂ ਦੌਰਾਨ ਜੰਗਾਂ ਵਿੱਚ ਫੌਜ ਵਲੋਂ ਵੱਡੀ ਪੱਧਰ ਉੱਤੇ ਜੰਗਲਾਂ ਦਾ ਨੁਕਸਾਨ ਕਰਨ ਦੀਆਂ ਕਈ ਉਦਾਹਰਨਾਂ ਮਿਲਦੀਆਂ ਹਨ। ਅਸੀਂ ਇੱਥੇ ਵੀਅਤਨਾਮ ਅਤੇ ਅਫਗਾਨਿਸਤਾਨ ਦੀਆਂ ਜੰਗਾਂ ਨਾਲ ਸੰਬੰਧਤ ਕੁਝ ਤੱਥ ਪੇਸ਼ ਕਰਾਂਗੇ। ਜਰਗਨ ਬਰਾਇਰ ਆਪਣੀ ਕਿਤਾਬ “ਵਾਰ ਐਂਡ ਨੇਚਰ” ਵਿੱਚ ਲਿਖਦਾ ਹੈ ਕਿ ਵੀਅਤਨਾਮ ਦੀ ਜੰਗ ਦੌਰਾਨ ਵੀਅਤਨਾਮ ਦੇ ਜੰਗਲਾਂ ਦਾ ਤਿੰਨ ਢੰਗਾਂ ਨਾਲ ਨੁਕਸਾਨ ਹੋਇਆ। ਸਭ ਤੋਂ ਪਹਿਲਾਂ ਤਾਂ ਇਸ ਜੰਗ ਦੌਰਾਨ ਅਮਰੀਕਨ ਫੌਜਾਂ ਵਲੋਂ ਵੀਅਤਨਾਮ ਦੀ ਧਰਤੀ ਉੱਤੇ ਸੁੱਟੇ ਗਏ ਬੰਬਾਂ ਨੇ ਉੱਥੋਂ ਦੇ ਜੰਗਲਾਂ ਦਾ ਕਾਫੀ ਨੁਕਸਾਨ ਕੀਤਾ। ਜਦੋਂ ਕਿਸੇ ਜੰਗਲ ਵਿੱਚ ਕੋਈ ਬੰਬ ਡਿੱਗਦਾ ਹੈ ਤਾਂ ਉਹ ਸ਼ਾਕ ਤਰੰਗਾਂ ਪੈਦਾ ਕਰਕੇ, ਆਪਣੇ ਛੱਰਿਆਂ ਨਾਲ ਅਤੇ ਧਰਤੀ ਉੱਪਰ ਟੋਏ ਪਾ ਕੇ ਜੰਗਲਾਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਬਰਾਇਰ ਦੇ ਅੰਦਾਜ਼ੇ ਅਨੁਸਾਰ ਦੱਖਣੀ ਵੀਅਤਨਾਮ ਉੱਪਰ ਅਮਰੀਕਾ ਵੱਲੋਂ ਸੁੱਟੇ ਬੰਬਾਂ ਕਾਰਨ ਦੱਖਣੀ ਵੀਅਤਨਾਮ ਦੀ ਧਰਤੀ ਦੇ ਕੁੱਲ ਖੇਤਰਫਲ ਦੇ 40 ਫੀਸਦੀ ਹਿੱਸੇ ਉੱਤੇ 2 ਤੋਂ 2.5 ਕਰੋੜ ਤੱਕ ਦਰੱਖਤ ਨਸ਼ਟ ਹੋ ਗਏ ਸਨ। [55] ਇੱਥੇ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਅਮਰੀਕਾ ਵੱਲੋਂ ਬਹੁਤੇ ਬੰਬ ਦੋ ਸਾਲਾਂ, ਸੰਨ 1968 ਅਤੇ 1969 ਵਿੱਚ ਸੁੱਟੇ ਗਏ ਸਨ, ਇਸ ਲਈ ਇਹਨਾਂ ਦਰੱਖਤਾਂ ਵਿੱਚੋਂ ਬਹੁਤੇ ਦਰੱਖਤ ਵੀ ਇਹਨਾਂ ਦੋ ਸਾਲਾਂ ਵਿੱਚ ਨਸ਼ਟ ਹੋਏ ਹੋਣਗੇ। ਏਨੇ ਥੋੜ੍ਹੇ ਵਕਫੇ ਵਿੱਚ ਏਨੇ ਜਿ਼ਆਦਾ ਦਰੱਖਤਾਂ ਦੇ ਖਾਤਮੇ ਨਾਲ ਜ਼ਰੂਰ ਹੀ ਵਾਤਾਵਰਨ ਉੱਤੇ ਅਸਰ ਵੀ ਤਿੱਖਾ ਹੋਇਆ ਹੋਵੇਗਾ।

ਦਰੱਖਤਾਂ ਦੇ ਖਾਤਮੇ ਦੇ ਨਾਲ ਵਾਤਾਵਰਨ ਉੱਤੇ ਹੋਰ ਕੀ ਅਸਰ ਪੈ ਸਕਦੇ ਹਨ? ਇਸ ਬਾਰੇ ਬਰਾਇਰ ਦਾ ਅਨੁਮਾਨ ਇਸ ਪ੍ਰਕਾਰ ਹੈ। ਦਰੱਖਤਾਂ ਦੇ ਖਾਤਮੇ ਨਾਲ ਧਰਤੀ ਹੇਠਾਂ ਪਾਣੀ ਦਾ ਪੱਧਰ (ਵਾਟਰਟੇਬਲ) ਉੱਚਾ ਹੋ ਜਾਂਦਾ ਹੈ ਜਿਹੜਾ ਕਿ ਸਥਾਨਕ “ਈਕੋਸਿਸਟਮ” ਉੱਤੇ ਅਸਰ ਪਾਉਣ ਦੇ ਨਾਲ ਨਾਲ ਆਪਣੇ ਤੋਂ ਨੀਵੇਂ ਪਾਸੇ ਦੇ “ਈਕੋਸਿਸਟਮ” ਉੱਤੇ ਵੀ ਅਸਰ ਪਾਉਂਦਾ ਹੈ ਜਿਸ ਕਾਰਨ ਮਿੱਟੀ ਖੁਰ ਸਕਦੀ ਹੈ, ਮਿੱਟੀ ਵਿੱਚਲੇ ਉਪਜਾਊ ਤੱਤ ਨਸ਼ਟ ਹੋ ਸਕਦੇ ਹਨ ਅਤੇ ਹੜ੍ਹ ਆ ਸਕਦੇ ਹਨ। ਟੋਇਆਂ ਵਾਲੀ ਧਰਤੀ ਵਿੱਚ ਪਾਣੀ ਖੜ੍ਹਾ ਰਹਿ ਸਕਦਾ ਹੈ ਅਤੇ ਉਸ ਵਿੱਚ ਫਸਲ ਉਗਾਉਣੀ ਮੁਸ਼ਕਿਲ ਹੋ ਸਕਦੀ ਹੈ। ਬਰਾਇਰ ਕੁੱਝ ਰਿਪੋਰਟਾਂ ਦੇ ਹਵਾਲੇ ਨਾਲ ਅੱਗੇ ਲਿਖਦਾ ਹੈ ਕਿ ਸੰਨ 1965-71 ਵਿਚਕਾਰ ਇੰਡੋਚੀਨ ਦੀ ਧਰਤੀ ਉੱਤੇ ਬੰਬਾਂ ਕਾਰਨ 2 ਕ੍ਰੋੜ 60 ਲੱਖ ਟੋਏ ਪੁੱਟੇ ਗਏ ਸਨ ਜਿਹਨਾਂ ਕਾਰਨ 1710 ਵਰਗ ਕਿਲੋਮੀਟਰ ਦਾ ਇਲਾਕਾ ਪ੍ਰਭਾਵਿਤ ਹੋਇਆ ਸੀ। ਇਹਨਾਂ ਰਿਪੋਰਟਾਂ ਅਨੁਸਾਰ ਲੜਾਈ ਤੋਂ ਕਈ ਸਾਲਾਂ ਬਾਅਦ ਤੱਕ ਵੀ ਟੋਇਆਂ ਦੁਆਲੇ ਦੀ ਧਰਤੀ ਅਤੇ ਬਨਸਪਤੀ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ, ਇਹਨਾਂ ਇਲਾਕਿਆਂ ਵਿੱਚ ਝੋਨੇ ਦੀਆਂ ਫਸਲਾਂ ਉਗਾਉਣ ਵਿੱਚ ਮੁਸ਼ਕਿਲ ਆਉਂਦੀਆਂ ਰਹੀਆਂ ਕਿਉਂਕਿ ਡੂੰਘੇ ਟੋਇਆਂ ਵਿੱਚ ਝੋਨਾ ਉਗਾਉਣਾ ਮੁਸ਼ਕਿਲ ਸੀ ਅਤੇ ਟੋਇਆਂ ਵਾਲੇ ਇਲਾਕੇ ਵਿੱਚ ਘਾਹ ਦਾ ਬੋਲਬਾਲਾ ਹੋ ਗਿਆ ਅਤੇ ਜੰਗਲਾਂ ਦਾ ਦੁਬਾਰਾਂ ਉੱਗਣਾ ਮੁਸ਼ਕਿਲ ਹੋ ਬਣ ਗਿਆ।[56]

ਬੰਬਾਂ ਦੇ ਨਾਲ ਨਾਲ ਅਮਰੀਕਾ ਦੀਆਂ ਫੌਜਾਂ ਨੇ ਵੀਅਤਨਾਮ ਦੇ ਪੇਂਡੂ ਇਲਾਕਿਆਂ ਵਿੱਚ ਜੰਗਲਾਂ ਦਾ ਸਫਾਇਆ ਕਰਨ ਲਈ ਵੱਡੀ ਪੱਧਰ ਉੱਤੇ ਬੁਲਡੋਜ਼ਰਾਂ ਦੀ ਵੀ ਵਰਤੋਂ ਕੀਤੀ ਸੀ। ਅਜਿਹਾ ਇਸ ਲਈ ਕੀਤਾ ਗਿਆ ਸੀ ਤਾਂ ਕਿ ਵੀਅਤਨਾਮੀ ਫੌਜਾਂ ਅਮਰੀਕਨ ਫੌਜਾਂ ਉੱਪਰ ਜੰਗਲਾਂ ਵਿੱਚੋਂ ਘਾਤ ਲਾ ਕੇ ਹਮਲੇ ਨਾ ਕਰ ਸਕਣ ਅਤੇ ਉਹ ਜੰਗਲਾਂ ਵਿੱਚ ਲੁਕ ਨਾ ਸਕਣ। ਪਹਿਲਾਂ ਪਹਿਲ ਬੁਲਡੋਜਰਾਂ ਨਾਲ ਵੱਡੀਆਂ ਸੜਕਾਂ ਦੇ ਨਾਲ ਲੱਗਦੀਆਂ 100-300 ਮੀਟਰ ਤੱਕ ਦੀਆਂ ਪੱਟੀਆਂ ਵਿੱਚੋਂ ਜੰਗਲਾਂ ਦਾ ਸਫਾਇਆ ਕੀਤਾ ਗਿਆ। ਬਾਅਦ ਵਿੱਚ ਬੁਲਡੋਜਰਾਂ ਦੀਆਂ ਫੌਜੀ ਟੁਕੜੀਆਂ ਬਣਾ ਕੇ ਸੈਂਕੜੇ ਵਰਗ ਕਿਲੋਮੀਟਰਾਂ ਵਿੱਚੋਂ ਜੰਗਲਾਂ ਦਾ ਉੱਕਾ ਹੀ ਸਫਾਇਆ ਕਰ ਦਿੱਤਾ ਗਿਆ। ਕੁੱਲ ਮਿਲਾ ਕੇ ਦੱਖਣੀ ਵੀਅਤਨਾਮ ਵਿੱਚ ਬੁਲਡੋਜ਼ਰਾਂ ਨਾਲ 3250 ਵਰਗ ਕਿਲੋਮੀਟਰ ਜੰਗਲ ਖਤਮ ਕਰ ਦਿੱਤੇ ਗਏ। ਇਹ ਖੇਤਰਫਲ ਦੱਖਣੀ ਵੀਅਤਨਾਮ ਦੇ ਕੁੱਲ ਖੇਤਰਫਲ ਦੇ ਦੋ ਫੀਸਦੀ ਦੇ ਬਰਾਬਰ ਬਣਦਾ ਹੈ। [57] ਜੰਗਲਾਂ ਦੇ ਇਸ ਖਾਤਮੇ ਦੇ ਨਾਲ ਨਾਲ ਇਹਨਾਂ ਜੰਗਲਾਂ ਵਿੱਚ ਰਹਿੰਦੇ ਜੰਗਲੀ ਜਾਨਵਰਾਂ ਦਾ ਵੀ ਸਫਾਇਆ ਹੋ ਗਿਆ ਅਤੇ ਇਸ ਖੇਤਰ ਦੀ ਹੇਠਲੀ ਮਿੱਟੀ ਖੋਰੇ ਦੀ ਮਾਰ ਹੇਠ ਆ ਗਈ।

ਇਸ ਤੋਂ ਬਿਨਾਂ ਅਮਰੀਕੀ ਫੌਜਾਂ ਨੇ ਵੀਅਤਨਾਮ ਦੇ ਜੰਗਲਾਂ ਅਤੇ ਫਸਲਾਂ ਦਾ ਨੁਕਸਾਨ ਕਰਨ ਲਈ ਵੱਡੀ ਪੱਧਰ ਉੱਤੇ ਬੂਟੀਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ। ਅਜਿਹਾ ਦੋ ਕਾਰਨਾਂ ਕਰਕੇ ਕੀਤਾ ਗਿਆ। ਇਕ ਤਾਂ ਜੰਗਲਾਂ ਵਿੱਚ ਦਰਖਤਾਂ ਦੇ ਪੱਤੇ ਝਾੜਨ ਲਈ ਤਾਂ ਕਿ ਵੀਅਤਨਾਮੀ ਫੌਜਾਂ ਜੰਗਲਾਂ ਵਿੱਚ ਲੁਕ ਨਾ ਸਕਣ ਅਤੇ ਦੂਸਰਾ ਫਸਲਾਂ ਤਬਾਹ ਕਰਨ ਲਈ ਤਾਂਕਿ ਵੀਅਤਨਾਮ ਦੇ ਅਨਾਜ ਉਤਪਾਦਨ ਉੱਪਰ ਸੱਟ ਮਾਰੀ ਜਾ ਸਕੇ। ਬਰਾਇਰ ਏ. ਐੱਚ. ਵੈਸਟਿੰਗ ਦੇ ਹਵਾਲੇ ਨਾਲ ਲਿਖਦਾ ਹੈ ਕਿ ਸੰਨ 1962-71 ਵਿਚਕਾਰ ਅਮਰੀਕੀ ਫੌਜਾਂ ਵੱਲੋਂ ਦੱਖਣੀ ਵੀਅਤਨਾਮ ਦੇ 16,700 ਵਰਗ ਕਿਲੋਮੀਟਰ ਦੇ ਇਲਾਕੇ ਉੱਪਰ 7 ਕ੍ਰੋੜ 24 ਲੱਖ ਲੀਟਰ ਬੂਟੀਨਾਸ਼ਕ ਦਵਾਈਆਂ ਛਿੜਕਾਈਆਂ ਗਈਆਂ।[58] ਇਹਨਾਂ ਦਵਾਈਆਂ ਨਾਲ ਵੀਅਤਨਾਮ ਦੇ ਵਾਤਾਵਰਨ ਉੱਪਰ ਕਿਸ ਤਰ੍ਹਾਂ ਦਾ ਅਸਰ ਪਿਆ ਹੈ ਇਸ ਬਾਰੇ ਬਰਾਇਰ ਬਹੁਤ ਸਾਰੇ ਅਧਿਅਨਾਂ ਵਿੱਚੋਂ ਜਾਣਕਾਰੀ ਪੇਸ਼ ਕਰਦਾ ਹੈ। ਇਹ ਅਧਿਅਨ ਕਰਨ ਲਈ ਵਰਤੇ ਗਏ ਵੱਖ ਵੱਖ ਢੰਗਾਂ, ਵੱਖ ਵੱਖ ਜਾਣਕਾਰੀ ਦੇ ਸ੍ਰੋਤਾਂ ਆਦਿ ਕਾਰਨ ਇਹਨਾਂ ਵਿੱਚ ਵੀਅਤਨਾਮ ਵਿੱਚ ਹੋਏ ਵਾਤਾਵਰਨ ਦੇ ਨੁਕਸਾਨ ਬਾਰੇ ਵੱਖ ਵੱਖ ਅੰਦਾਜ਼ੇ ਲਗਾਏ ਗਏ ਹਨ। ਇਸ ਦੇ ਨਾਲ ਨਾਲ ਕਈ ਹੋਰ ਪੱਖ ਹਨ ਜੋ ਬੂਟੀਨਾਸ਼ਕ ਦਵਾਈਆਂ ਕਾਰਨ ਵੀਅਤਨਾਮ ਦੇ ਜੰਗਲਾਂ ਨੂੰ ਹੋਏ ਨੁਕਸਾਨ ਬਾਰੇ ਸਹੀ ਅੰਦਾਜ਼ਾ ਲਾਉਣ ਵਿੱਚ ਮੁਸ਼ਕਿਲ ਪੇਸ਼ ਕਰਦੇ ਹਨ। ਉਦਾਹਰਨ ਲਈ, ਜੰਗਲਾਂ ਦੇ ਦਰੱਖਤਾਂ ਉੱਤੇ ਪੱਤੇ ਝਾੜਨ ਲਈ ਛਿੜਕੀ ਦਵਾ ਕਾਰਨ ਦਰੱਖਤਾਂ ਨੂੰ ਹੋਇਆ ਨੁਕਸਾਨ ਸਿਰਫ ਇਕ ਸੀਜਨ ਲਈ ਹੀ ਰਿਹਾ ਸੀ ਜਾਂ ਇਸ ਕਾਰਨ ਪੱਕਾ ਜਾਂ ਲੰਮੇ ਚਿਰ ਤੱਕ ਰਹਿਣ ਵਾਲਾ ਨੁਕਸਾਨ ਵੀ ਹੋਇਆ ਸੀ। ਇਸ ਹੀ ਤਰ੍ਹਾਂ ਉਪਰਲੇ ਦਰੱਖਤਾਂ ਦੇ ਪੱਤੇ ਝੜਨ ਨਾਲ ਉਹਨਾਂ ਦੇ ਹੇਠਾਂ ਉੱਗੀਆਂ ਹੋਈਆਂ ਜੜ੍ਹੀਆਂ ਬੂਟੀਆਂ ਅਤੇ ਜੀਵ ਜੰਤੂਆਂ ਉੱਪਰ ਕਿਸ ਤਰ੍ਹਾਂ ਦਾ ਅਸਰ ਹੋਇਆ ਸੀ। ਇਹਨਾਂ ਅਤੇ ਇਸ ਤਰ੍ਹਾਂ ਦੀਆਂ ਹੋਰ ਮੁਸ਼ਕਿਲਾਂ ਕਾਰਨ ਬਰਾਇਰ ਦੱਖਣੀ ਵੀਅਤਨਾਮ ਵਿੱਚ ਏਨੀ ਵੱਡੀ ਮਾਤਰਾ ਵਿੱਚ ਵਰਤੀਆਂ ਗਈਆਂ ਬੂਟੀਨਾਸ਼ਕ ਦਵਾਈਆਂ ਕਾਰਨ ਵਾਤਾਵਰਨ ਨੂੰ ਹੋਏ ਨੁਕਸਾਨ ਬਾਰੇ ਠੋਸ ਨਤੀਜੇ ਕੱਢਣੋਂ ਝਿਜਕਦਾ ਹੈ। ਪਰ ਇਸ ਦੇ ਨਾਲ ਨਾਲ ਉਹ ਇਹ ਵੀ ਕਹਿੰਦਾ ਹੈ ਕਿ “ਬੰਬਾਂ ਕਾਰਨ ਦੱਖਣੀ ਵੀਅਤਨਾਮ ਦੀ 40 ਫੀਸਦੀ ਧਰਤੀ, ਬੁਲਡੋਜ਼ਰਾਂ ਕਾਰਨ 2 ਫੀਸਦੀ ਧਰਤੀ ਅਤੇ ਬੂਟੀਨਾਸ਼ਕ ਦਵਾਈਆਂ ਦੀ ਵਰਤੋਂ ਕਾਰਨ 10 ਫੀਸਦੀ ਧਰਤੀ ਪ੍ਰਭਾਵਿਤ ਹੋਈ। ਇਹ ਸਪੱਸ਼ਟ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਲਗਭਗ ਅੱਧੇ ਦੱਖਣੀ ਵੀਅਤਨਾਮ ਦੇ ਵਾਤਾਵਰਨ ਉੱਤੇ ਪ੍ਰਭਾਵ ਪਿਆ। ਬੇਸ਼ੱਕ, ਇਹ ਅਸਰ ਕਈ ਤਰ੍ਹਾਂ ਦੇ ਸਨ। ਉਹ ਗੰਭੀਰ ਵੀ ਸਨ ਅਤੇ ਇਕ ਤਰ੍ਹਾਂ ਨਾਲ ਲੰਮੇ ਸਮੇਂ ਤੱਕ ਰਹਿਣ ਵਾਲੇ ਵੀ। ਉਹ ਗੰਭੀਰ ਇਸ ਤਰ੍ਹਾਂ ਸਨ ਕਿ ਕ੍ਰੋੜਾਂ ਦਰੱਖਤ ਅਤੇ ਹੋਰ ਬਨਸਪਤੀ ਨੁਕਸਾਨੀ ਗਈ ਅਤੇ ਨਸ਼ਟ ਹੋ ਗਈ। ਬਨਸਪਤੀ ਦੇ ਨਸ਼ਟ ਹੋਣ ਨਾਲ ਜਾਨਵਰਾਂ ਦੀ ਖੁਰਾਕ ਅਤੇ ਪਨਾਹ ਵਾਲੀਆਂ ਥਾਂਵਾਂ ਵਿੱਚ ਕਮੀ ਆਉਂਦੀ ਹੈ। ਵਾਤਾਵਰਨ ਵਿੱਚ ਦੁਬਾਰਾ ਸੁਧਾਰ ਹੋਣ ਵਿੱਚ ਦਹਾਕੇ ਲੱਗਦੇ ਹਨ, ਇਸ ਲਈ ਇਹ ਅਸਰ ਲੰਮੇ ਸਮੇਂ ਤੱਕ ਰਹਿਣ ਵਾਲੇ ਸਨ (ਹਨ)।।।” [59]

ਅਫਗਾਨਿਸਤਾਨ ਪਿਛਲੇ ਤਿੰਨ ਦਹਾਕਿਆਂ ਤੋਂ ਜੰਗ ਦੀ ਮਾਰ ਹੇਠ ਹੈ। ਇਹਨਾਂ ਤਿੰਨਾਂ ਦਹਾਕਿਆਂ ਦੌਰਾਨ ਅਫਗਾਨਿਸਤਾਨ ਦੇ ਜੰਗਲਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ। ਇਸ ਨੁਕਸਾਨ ਕਰਨ ਵਿੱਚ ਜੰਗ ਨੇ ਕਈ ਢੰਗਾਂ ਨਾਲ ਆਪਣਾ ਅਸਰ ਪਾਇਆ ਹੈ। ਸਭ ਤੋਂ ਪਹਿਲਾਂ ਬੰਬਾਂ ਅਤੇ ਗੋਲੀਬਾਰੀ ਕਾਰਨ ਜੰਗਲਾਂ ਦਾ ਸਿੱਧਾ ਨੁਕਸਾਨ ਹੋਇਆ ਹੈ। ਕੁੱਝ ਇਕ ਰਿਪੋਰਟਾਂ ਵਿੱਚ ਅਫਗਾਨਿਸਤਾਨ ਵਿੱਚ ਸੋਵੀਅਤ ਯੂਨੀਅਨ ਦੀਆਂ ਫੌਜਾਂ ਦੇ ਦੌਰ ਸਮੇਂ ਲੜਾਈ ਦੌਰਾਨ ਜੰਗਲਾਂ ਨੂੰ ਅੱਗਾਂ ਲੱਗਣ ਦੀਆਂ ਰਿਪੋਰਟਾਂ ਹਨ। ਦੂਜੀ ਪੱਧਰ ਉੱਤੇ ਦੇਸ਼ ਵਿੱਚ ਏਨਾ ਸਮਾਂ ਲੜਾਈ ਰਹਿਣ ਕਾਰਨ ਦੇਸ਼ ਵਿੱਚ ਕੋਈ ਸਥਿਰ ਅਤੇ ਮਜ਼ਬੂਤ ਸਰਕਾਰ ਨਹੀਂ ਰਹੀ ਜਿਸਦੀ ਅਥਾਰਟੀ ਸਾਰੇ ਦੇਸ਼ ਉੱਤੇ ਲਾਗੂ ਹੁੰਦੀ ਹੋਵੇ ਅਤੇ ਜੋ ਦੇਸ਼ ਦੇ ਜੰਗਲਾਂ ਦੀ ਸੰਭਾਲ ਅਤੇ ਸੁਰੱਖਿਆ ਕਰਨ ਦੇ ਯੋਗ ਹੋਵੇ। ਨਤੀਜੇ ਵੱਜੋਂ ਅਫਗਾਨਿਸਤਾਨ ਵਿੱਚ ਇਕ ਟਿੰਬਰ ਮਾਫੀਆ ਪੈਦਾ ਹੋ ਗਿਆ ਹੈ ਜੋ ਅਫਗਾਨਿਸਤਾਨ ਦੇ ਜੰਗਲਾਂ ਨੂੰ ਕੱਟ ਕੱਟ ਕੇ ਪਾਕਿਸਤਾਨ ਨੂੰ ਸਮਗਲ ਕਰ ਰਿਹਾ ਹੈ। ਮਦਰ ਜੋਨਜ਼ ਮੈਗਜ਼ੀਨ ਵਿੱਚ ਛਪੇ ਇਕ ਆਰਟੀਕਲ ਵਿੱਚ ਮਾਈਕਲ ਕੈਂਬਰ ਲਿਖਦਾ ਹੈ ਕਿ ਤੁਸੀਂ ਅਫਗਾਨਿਸਤਾਨ/ਪਾਕਿਸਤਾਨ ਬਾਰਡਰ ਉੱਤੇ ਖੜ੍ਹੇ ਹੋ ਕੇ ਕੱਟੇ ਹੋਏ ਦਰੱਖਤਾਂ ਦੇ ਤਣਿਆਂ (ਲਾਗਾਂ) ਨਾਲ ਲੱਦੇ ਹੋਏ ਟਰੱਕ ਅਫਗਾਨਿਸਤਾਨ ਤੋਂ ਪਾਕਿਸਤਾਨ ਵਿੱਚ ਆਉਂਦੇ ਆਮ ਦੇਖ ਸਕਦੇ ਹੋ। ਅਫਗਾਨਿਸਤਾਨ ਵਿੱਚ ਟਿੰਬਰ ਦੀ ਇਹ ਸਮੱਗਲਿੰਗ ਵਪਾਰਕ ਫਾਇਦੇ ਲਈ ਵੀ ਕੀਤੀ ਜਾਂਦੀ ਹੈ ਅਤੇ ਤਾਲਿਬਨਾਂ ਵੱਲੋਂ ਆਪਣੀਆਂ ਫੌਜੀ ਕਾਰਵਾਈਆਂ ਲਈ ਧਨ ਇਕੱਤਰ ਕਰਨ ਲਈ ਵੀ ਕੀਤੀ ਜਾਂਦੀ ਹੈ। ਅਫਗਾਨਿਸਤਾਨ ਵਿੱਚ ਜੰਗਲਾਂ ਦੇ ਨੁਕਸਾਨ ਦੇ ਸੰਬੰਧ ਵਿੱਚ ਅਗਲੀ ਗੱਲ ਇਹ ਹੈ ਕਿ ਲੜਾਈ ਕਾਰਨ ਅਫਗਾਨਿਸਤਾਨ ਦਾ ਬੁਨਿਆਦੀ ਢਾਂਚਾ ਬੁਰੀ ਤਰ੍ਹਾਂ ਢਹਿ ਢੇਰੀ ਹੋ ਗਿਆ ਹੈ। ਬਿਜਲੀ ਪੈਦਾ ਕਰਨ ਵਾਲੇ ਕਈ ਪਲਾਂਟ ਅਤੇ ਬਿਜਲੀ ਲਿਆਉਣ ਵਾਲੀਆਂ ਲਾਈਨਾਂ ਢਹਿ ਢੇਰੀ ਹੋ ਗਈਆਂ। ਨਤੀਜੇ ਵੱਜੋਂ ਸ਼ਹਿਰਾਂ ਦੀ ਵਸੋਂ ਨੂੰ ਵੀ ਆਪਣੀਆਂ ਬਾਲਣ ਦੀਆਂ ਲੋੜਾਂ ਦੀ ਪੂਰਤੀ ਕਰਨ ਲਈ ਲੱਕੜ ਉੱਤੇ ਨਿਰਭਰ ਹੋਣਾ ਪੈ ਰਿਹਾ ਹੈ, ਜਿਸ ਨਾਲ ਅਫਗਾਨਿਸਤਾਨ ਦੇ ਜੰਗਲਾਂ ਨੂੰ ਕੱਟਣ ਦੀ ਦਰ ਵਿੱਚ ਹੋਰ ਵਾਧਾ ਹੋ ਰਿਹਾ ਹੈ।[60]

ਸੰਨ 2002 ਵਿੱਚ ਯੂਨਾਈਟਿਡ ਨੇਸ਼ਨਜ਼ ਇਨਵਾਇਰਮੈਂਟ ਪ੍ਰੋਗਰਾਮ ਦੀ ਇਕ ਟੀਮ ਅਫਗਾਨਿਸਤਾਨ ਵਿੱਚ ਵਾਤਾਵਰਨ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਗਈ ਤਾਂ ਉਸ ਨੇ ਆਪਣੀ ਰਿਪੋਰਟ “ਅਫਗਾਨਿਸਤਾਨ ਆਨ ਦੀ ਬਰਿੰਕ ਆਫ ਨੈਚੁਰਲ ਡਇਜ਼ੈਸਟਰ” ਵਿੱਚ ਲਿਖਿਆ ਕਿ ਬਾਦਘੀਸ ਅਤੇ ਤੱਖਰ ਸੂਬਿਆਂ ਦੇ ਕਈ ਇਲਾਕਿਆਂ ਵਿੱਚ ਇਕ ਵੀ ਦਰੱਖਤ ਨਹੀਂ ਬੱਚਿਆ, ਜਿਹਨਾਂ ਇਲਾਕਿਆਂ ਵਿੱਚ ਤਿੰਨ ਦਹਾਕੇ ਪਹਿਲਾਂ ਘਣੇ ਜੰਗਲ ਹੁੰਦੇ ਸਨ। [61] ਮਾਈਕਲ ਕੈਂਬਰ ਵੀ ਆਪਣੇ ਆਰਟੀਕਲ ਵਿੱਚ ਅਫਗਾਨਿਸਤਾਨ ਦੀ ਵਾਤਾਵਰਨ ਅਤੇ ਜੰਗਲਾਂ ਦੀ ਸਥਿਤੀ ਬਾਰੇ ਕੁੱਝ ਇਸ ਤਰ੍ਹਾਂ ਦੇ ਵਿਚਾਰ ਹੀ ਪੇਸ਼ ਕਰਦਾ ਹੈ। ਉਹ ਲਿਖਦਾ ਹੈ, “ਅਮਰੀਕਾ ਵਲੋਂ ਤਾਲਿਬਾਨ ਅਤੇ ਅਲਕਾਇਦਾ ਵਿਰੁੱਧ ਲੜੀ ਜਾ ਰਹੀ ਲੜਾਈ ਵਿੱਚ ਅਫਗਾਨਿਸਤਾਨ ਦੇ ਵਾਤਾਵਰਨ ਬਾਰੇ ਬਹੁਤ ਘੱਟ ਕਿਹਾ ਗਿਆ ਹੈ। ਇਹ ਇਕ ਬਹੁਤ ਵੱਡੀ ਭੁੱਲ ਹੈ ਕਿਉਂਕਿ ਢਾਈ ਕ੍ਰੋੜ ਵਸੋਂ ਵਾਲਾ, ਚਾਰੇ ਪਾਸਿਉਂ ਧਰਤੀ ਨਾਲ ਘਿਰਿਆ (ਲੈਂਡ ਲਾਕਡ) ਇਹ ਦੇਸ਼ ਵਾਤਾਵਰਨ ਨਾਲ ਸੰਬੰਧਤ ਮਾਰੂ ਤਬਾਹੀ ਦਾ ਸਾਹਮਣਾ ਕਰ ਰਿਹਾ ਹੈ, ਜਿਹੜੇ ਸੰਕਟ ਨੂੰ ਜੰਗ ਨੇ ਹੋਰ ਭਿਆਨਕ ਬਣਾ ਦਿੱਤਾ ਹੈ। ਇਸ ਸਮੇਂ ਖਾਨਾਜੰਗੀ ਦਾ ਇਕ ਹੋਰ ਗੇੜ ਦੇਸ਼ ਦੇ ਜੰਗਲਾਂ ਅਤੇ ਪਹਿਲਾਂ ਹੀ ਸੰਕਟਮਈ ਸਥਿਤੀ ਵਿੱਚ ਘਿਰੇ ਕਈ ਜੀਵ ਜੰਤੂਆਂ ਦਾ ਸਫਾਇਆ ਕਰ ਸਕਦਾ ਹੈ।” [62] ਕੈਂਬਰ ਆਪਣੇ ਆਰਟੀਕਲ ਵਿੱਚ ਅੱਗੇ ਲਿਖਦਾ ਹੈ ਕਿ ਵਾਤਾਵਰਨ ਨਾਲ ਸੰਬੰਧਤ ਸੰਸਥਾਂਵਾਂ ਸਿਫਾਰਿਸ਼ ਕਰ ਰਹੀਆਂ ਹਨ ਕਿ ਧਰਤੀ ਨੂੰ ਹੋ ਰਹੇ ਨੁਕਸਾਨ ਅਤੇ ਹਵਾ ਦੀ ਕੁਆਲਟੀ ਠੀਕ ਰੱਖਣ ਲਈ ਅਫਗਾਨਿਸਤਾਨ ਦੇ 15 ਫੀਸਦੀ ਖੇਤਰਫਲ ਵਿੱਚ ਜੰਗਲ ਹੋਣੇ ਚਾਹੀਦੇ ਹਨ ਜਦੋਂ ਕਿ ਅਸਲੀਅਤ ਇਹ ਹੈ ਕਿ ਹੁਣ ਅਫਗਾਨਿਸਤਾਨ ਦੀ ਧਰਤੀ ਦੇ ਸਿਰਫ 1 ਅਤੇ ਦੋ ਫੀਸਦੀ ਖੇਤਰ ਵਿੱਚ ਜੰਗਲ ਹਨ।

ਫੌਜ ਵਲੋਂ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਦੇ ਹੋਰ ਪੱਖ

ਹੁਣ ਤੱਕ ਅਸੀਂ ਫੌਜ ਵੱਲੋਂ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਦੇ ਕੁੱਝ ਇਕ ਪੱਖਾਂ ਬਾਰੇ ਵਿਸਥਾਰਪੂਰਬਕ ਗੱਲ ਕੀਤੀ ਹੈ। ਇਹਨਾਂ ਤੋਂ ਬਿਨਾਂ ਫੌਜ ਵਲੋਂ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਦੇ ਕਈ ਹੋਰ ਪੱਖ ਵੀ ਹਨ। ਉਦਾਹਰਨ ਲਈ ਫੌਜ ਦੀਆਂ ਸਿਖਲਾਈ ਦੀਆਂ ਮਸ਼ਕਾਂ, ਜੰਗਾਂ ਕਾਰਨ ਪੈਦਾ ਹੋਏ ਸ਼ਰਨਾਰਥੀ ਅਤੇ ਫੌਜੀ ਮਸ਼ੀਨਰੀ ਅਤੇ ਸਾਜ਼ੋ ਸਾਮਾਨ ਬਣਾਉਣ ਲਈ ਵਰਤੀ ਜਾਂਦੀ ਸਮੱਗਰੀ, ਊਰਜਾ, ਅਤੇ ਹੋਰ ਵਸੀਲੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ। ਲੇਖ ਲੰਮਾ ਹੋ ਜਾਣ ਕਾਰਨ ਇੱਥੇ ਇਹਨਾਂ ਸਾਰੇ ਪੱਖਾਂ ਬਾਰੇ ਵਿਸਥਾਰਪੂਰਬਕ ਗੱਲ ਨਹੀਂ ਕੀਤੀ ਜਾ ਸਕਦੀ। ਇਸ ਦੇ ਨਾਲ ਹੀ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਇਸ ਲੇਖ ਵਿੱਚ ਵਰਤੀਆਂ ਬਹੁਤੀਆਂ ਉਦਾਹਰਨਾਂ ਅਮਰੀਕਾ ਦੀ ਫੌਜ ਨਾਲ ਸੰਬੰਧਤ ਹਨ। ਅਜਿਹਾ ਇਸ ਕਰਕੇ ਵਾਪਰਿਆ ਹੈ ਕਿਉਂਕਿ ਇਸ ਲੇਖ ਬਾਰੇ ਖੋਜ ਕਰਦਿਆਂ ਲੇਖਕ ਨੂੰ ਅਮਰੀਕਾ ਬਾਰੇ ਜਿ਼ਆਦਾ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਦੇ ਨਾਲ ਹੀ ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਇਸ ਸਮੇਂ ਦੁਨੀਆ ਭਰ ਵਿੱਚ ਫੌਜਾਂ ਉੱਤੇ ਹੋਣ ਵਾਲੇ ਖਰਚਿਆਂ ਦੇ 43 ਫੀਸਦੀ ਦੇ ਬਰਾਬਰ ਖਰਚੇ ਅਮਰੀਕਾ ਵੱਲੋਂ ਕੀਤੇ ਜਾ ਰਹੇ ਹਨ। ਸਟਾਕਹੋਮ ਇੰਟਰਨੈਸ਼ਨਲ ਪੀਸ ਰੀਸਰਚ ਇੰਸਟੀਚਿਊਟ ਵੱਲੋਂ ਸੰਨ 2009 ਵਿੱਚ ਦੁਨੀਆ ਭਰ ਵਿੱਚ ਹੋਏ ਕੁੱਲ ਫੌਜੀ ਖਰਚਿਆਂ ਦਾ ਅੰਦਾਜ਼ਾਂ 15।31 ਖਰਬ (1.531 ਟ੍ਰਿਲੀਅਨ ਜਾਂ1531 ਬਿਲੀਅਨ) ਡਾਲਰ ਦੇ ਬਰਾਬਰ ਲਾਇਆ ਗਿਆ ਹੈ। ਇਹਨਾਂ ਖਰਚਿਆਂ ਵਿੱਚੋਂ 6.61 ਖਰਬ (661 ਬਿਲੀਅਨ) ਡਾਲਰ ਅਮਰੀਕਾ ਨੇ ਖਰਚੇ ਸਨ। [63] ਫਿਰ ਵੀ ਇਹ ਲੇਖ ਪੜ੍ਹ ਕੇ ਇਹ ਪ੍ਰਭਾਵ ਬਿਲਕੁਲ ਨਹੀਂ ਲੈਣਾ ਚਾਹੀਦਾ ਕਿ ਦੁਨੀਆ ਦੇ ਹੋਰ ਦੇਸ਼ਾਂ ਦੀਆਂ ਫੌਜਾਂ ਦੀ ਵਾਤਾਵਰਨ ਨੂੰ ਨੁਕਸਾਨ ਵਿੱਚ ਭੂਮਿਕਾ ਨਹੀਂ ਹੈ। ਹਰ ਦੇਸ਼ ਦੀਆਂ ਫੌਜਾਂ ਦੀ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਿੱਚ ਵੱਡੀ ਭੂਮਿਕਾ ਹੈ। ਉਦਾਹਰਨ ਲਈ, 15 ਜੁਲਾਈ 2010 ਨੂੰ ਡੈਮੋਕਰੇਸੀ ਨਾਉ ਨੂੰ ਦਿੱਤੀ ਇਕ ਇੰਟਰਵੀਊ ਦੌਰਾਨ ਸਿੱਕਮ ਦੇ ਗਲੇਸ਼ੀਅਰ ਅਤੇ ਕਲਾਈਮੇਟ ਚੇਂਜ ਕਮਿਸ਼ਨ ਦੇ ਪ੍ਰਧਾਨ ਸਈਦ ਇਕਬਾਲ ਹਸਨੈਨ ਨੇ ਕਿਹਾ ਕਿ ਹਿਮਾਲਿਆ ਖੇਤਰ ਵਿੱਚ ਮੌਜੂਦ ਚੀਨ, ਹਿੰਦੁਸਤਾਨ ਅਤੇ ਪਾਕਿਸਤਾਨ ਦੀਆਂ ਫੌਜਾਂ ਦੀਆਂ ਗੱਡੀਆਂ ਵਲੋਂ ਤੇਲ ਬਾਲਣ ਕਾਰਨ ਵਾਤਾਵਰਨ ਵਿੱਚ ਛੱਡੀਆਂ ਜਾ ਰਹੀਆਂ ਗਰੀਨ ਹਾਊਸ ਗੈਸਾਂ ਇਸ ਖੇਤਰ ਦੇ ਗਲੇਸ਼ੀਅਰਾਂ ਨੂੰ ਪਿਘਲਾਉਣ ਦਾ ਇਕ ਕਾਰਨ ਹੋ ਸਕਦੀਆਂ ਹਨ। [64]

ਸਿੱਟਾ:

ਉਪਰਲੀ ਜਾਣਕਾਰੀ ਦੇ ਆਧਾਰ ਉੱਪਰ ਸਭ ਤੋਂ ਪਹਿਲਾ ਸਿੱਟਾ ਤਾਂ ਇਹ ਕੱਢਿਆ ਜਾ ਸਕਦਾ ਹੈ ਕਿ ਫੌਜ ਅਤੇ ਉਸਦੀਆਂ ਕਾਰਵਾਈਆਂ ਦੀ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਿੱਚ ਵੱਡੀ ਭੂਮਿਕਾ ਹੈ। ਆਮ ਕਰਕੇ ਸਾਡੇ ਹੁਕਮਰਾਨਾਂ ਵੱਲੋਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਫੌਜ ਦੀ ਹੋਂਦ ਦੇਸ਼/ਦੇਸ਼ਾਂ ਦੀ ਸੁਰੱਖਿਆ ਲਈ ਜ਼ਰੂਰੀ ਹੈ। ਪਰ ਅਸਲੀਅਤ ਇਹ ਹੈ ਕਿ ਦੁਨੀਆਂ ਭਰ ਵਿੱਚ ਫੌਜ, ਉਸ ਵੱਲੋਂ ਲੜੀਆਂ ਜਾ ਰਹੀਆਂ ਜੰਗਾਂ ਅਤੇ ਉਸਦੀਆਂ ਹੋਰ ਕਾਰਵਾਈਆਂ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਕੇ ਧਰਤੀ ਦੀ ਹੋਂਦ ਲਈ ਅਤੇ ਨਤੀਜੇ ਵਜੋਂ ਸਾਡੀ ਸੁਰੱਖਿਆ ਲਈ ਖਤਰਾ ਬਣ ਰਹੀਆਂ ਹਨ। ਫੌਜ ਦੀਆਂ ਜੰਗੀ ਕਾਰਵਾਰੀਆਂ ਕਾਰਨ ਇਕੱਲੇ ਉਸ ਥਾਂ ਦੇ ਵਾਤਾਵਰਨ ਨੂੰ ਹੀ ਨੁਕਸਾਨ ਨਹੀਂ ਪਹੁੰਚਦਾ ਜਿੱਥੇ ਜੰਗ ਲੜੀ ਜਾ ਰਹੀ ਹੋਵੇ ਸਗੋਂ ਸਮੁੱਚੀ ਧਰਤੀ ਦੇ ਵਾਤਾਵਰਨ ਨੂੰ ਨੁਕਸਾਨ ਪਹੁੰਚਦਾ ਹੈ। ਨਤੀਜੇ ਵਜੋਂ ਜੰਗੀ ਕਾਰਵਾਈਆਂ ਕਾਰਨ ਉਹਨਾਂ ਲੋਕਾਂ ਦੀ ਹੋਂਦ ਵੀ ਖਤਰੇ ਵਿੱਚ ਪੈਂਦੀ ਹੈ ਜੋ ਜੰਗ ਦੇ ਇਲਾਕੇ ਤੋਂ ਦੂਰ ਹੋਣ।
ਇਸ ਲਈ ਜੇ ਅਸੀਂ ਸਹੀ ਅਰਥਾਂ ਵਿੱਚ ਵਾਤਾਵਰਨ ਨੂੰ ਬਚਾਉਣਾ ਹੈ ਤਾਂ ਸਾਡੇ ਵਲੋਂ ਸੰਸਾਰ ਭਰ ਵਿੱਚ ਲੜੀਆਂ ਜਾ ਰਹੀਆਂ ਜੰਗਾਂ ਦਾ ਵਿਰੋਧ ਕਰਨਾ ਜ਼ਰੂਰੀ ਹੈ।

ਪ੍ਰਚੱਲਿਤ ਮੀਡੀਏ ਵਿੱਚ ਆਮ ਤੌਰ ਉੱਤੇ ਵਾਤਾਵਰਨ ਦੀ ਸਮੱਸਿਆ ਦੇ ਕੁੱਝ ਇਸ ਤਰ੍ਹਾਂ ਦੇ ਹੱਲ ਪੇਸ਼ ਕੀਤੇ ਜਾਂਦੇ ਹਨ: ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਉਸ ਕਮਰੇ ਦੀ ਬੱਤੀ ਬੰਦ ਕਰ ਦੇਣੀ ਚਾਹੀਦੀ ਹੈ ਜਿਸ ਕਮਰੇ ਵਿੱਚ ਅਸੀਂ ਨਾ ਹੋਈਏ, ਸਾਨੂੰ ਅਜਿਹੇ ਬਲਬ ਵਰਤਣੇ ਚਾਹੀਦੇ ਹਨ ਜਿਹੜੇ ਬਿਜਲੀ ਦੀ ਖਪਤ ਘੱਟ ਕਰਦੇ ਹੋਣ, ਸਾਨੂੰ ਬਿਨਾਂ ਵਜ੍ਹਾ ਦੇ ਕਾਰ ਸਟਾਰਟ ਨਹੀਂ ਰੱਖਣੀ ਚਾਹੀਦੀ, ਸਾਨੂੰ ਵਸਤਾਂ ਰੀਸਾਈਕਲ ਕਰਨੀਆਂ ਚਾਹੀਦੀਆਂ ਹਨ, ਵਗੈਰਾ ਵਗੈਰਾ। ਜੇ ਅਸੀਂ ਇਹਨਾਂ ਹੱਲਾਂ ਨੂੰ ਉਪ੍ਰੋਕਤ ਜਾਣਕਾਰੀ ਦੇ ਮੱਦੇਨਜ਼ਰ ਦੇਖੀਏ ਤਾਂ ਇਹ ਗੱਲ ਸਾਫ ਹੋ ਜਾਂਦੀ ਹੈ ਕਿ ਇਹ ਹੱਲ ਵਾਤਾਵਰਨ ਦੀ ਸਮੱਸਿਆ ਨੂੰ ਸੁਲਝਾਉਣ ਲਈ ਕੋਈ ਅਸਰਦਾਇਕ ਭੂਮਿਕਾ ਨਹੀਂ ਨਿਭਾ ਸਕਦੇ। ਉਦਾਹਰਨ ਲਈ ਜਿੰਨਾ ਤੇਲ 1000 ਕਾਰਾਂ ਸਾਲ ਵਿੱਚ ਖਾਂਦੀਆਂ ਹਨ, ਉਨਾ ਤੇਲ ਐਬਰੈਮ ਟੈਂਕਾਂ ਦੀ ਇਕ ਡਿਵੀਜ਼ਨ ਇਕ ਦਿਨ ਵਿੱਚ ਖਾ ਜਾਂਦੀ ਹੈ ਜਾਂ ਜਿੰਨਾ ਤੇਲ ਇਕ ਪਰਿਵਾਰਕ ਕਾਰ ਤਿੰਨ ਸਾਲਾਂ ਵਿੱਚ ਖਾਂਦੀ ਹੈ, ਉਨਾ ਜਾਂ ਉਸ ਤੋਂ ਵੱਧ ਤੇਲ ਇਕ ਫਾਈਟਰ ਜਹਾਜ਼ ਇਕ ਘੰਟੇ ਵਿੱਚ ਖਾ ਜਾਂਦੇ ਹਨ। ਅਸੀਂ ਆਪਣੀਆਂ ਕਾਰਾਂ ਨੂੰ ਬਿਨ੍ਹਾਂ ਵਜ੍ਹਾ ਦੇ ਸਟਾਰਟ ਰੱਖਣ ਉੱਤੇ ਜਿੰਨੀ ਮਰਜ਼ੀ ਰੋਕ ਲਾ ਲਈਏ, ਅਸੀਂ ਵਾਤਾਵਰਨ ਵਿੱਚ ਫੈਲਣ ਵਾਲੀਆਂ ਗੈਸਾਂ ਦੀ ਮਾਤਰਾ ਉਨਾ ਚਿਰ ਨਹੀਂ ਘਟਾ ਸਕਾਂਗੇ ਜਿੰਨਾ ਚਿਰ ਤੱਕ ਫੌਜਾਂ ਦੇ ਇਕੱਲੇ ਇਕੱਲੇ ਫਾਈਟਰ ਜਹਾਜ਼ ਇਕ ਘੰਟੇ ਵਿੱਚ ਤੇਲ ਦੇ ਸੈਂਕੜੇ ਗੈਲਨਾਂ ਦੀ ਖਪਤ ਕਰਦੇ ਰਹਿਣਗੇ। ਇਸ ਲਈ ਵਾਤਾਵਰਨ ਵਿੱਚ ਗਰੀਨ ਹਾਊਸ ਗੈਸਾਂ ਦੇ ਫੈਲਾਅ ਨੂੰ ਰੋਕਣ ਲਈ ਜੰਗ ਅਤੇ ਫੌਜੀ ਕਾਰਵਾਈਆਂ ਦਾ ਵਿਰੋਧ ਕਰਨਾ ਜ਼ਰੂਰੀ ਹੈ।

ਅਖੀਰ ਵਿੱਚ ਸਾਡੇ ਲਈ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਦੁਨੀਆਂ ਵਿੱਚ ਲੜੀਆਂ ਜਾ ਰਹੀਆਂ ਇਹ ਜੰਗਾਂ, ਫੌਜਾਂ ਦੀ ਗਿਣਤੀ ਵਿੱਚ ਹੋ ਰਿਹਾ ਇਹ ਵਾਧਾ ਅਤੇ ਹਥਿਆਰਾਂ ਦਾ ਹੋ ਰਿਹਾ ਇਹ ਉਤਪਾਦਨ ਸੰਸਾਰ ਦੇ ਸਿਆਸੀ ਅਤੇ ਆਰਥਿਕ ਪ੍ਰਬੰਧ ਨਾਲ ਬੱਝਾ ਹੋਇਆ ਹੈ। ਇਸ ਸੰਸਾਰ-ਪ੍ਰਬੰਧ ਵਿੱਚ ਤਾਕਤਵਰ ਦੇਸ਼ਾਂ ਵੱਲੋਂ ਆਪਣੀਆਂ ਲੋੜਾਂ ਲਈ ਦੂਜੇ ਦੇਸ਼ਾਂ ਦੇ ਵਸੀਲਿਆਂ ਉੱਤੇ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕਾਬਜ਼ ਹੋਣ ਲਈ ਫੌਜ ਦੀ ਵਰਤੋਂ ਨੂੰ ਜਾਇਜ਼ ਮੰਨਿਆ ਜਾਂਦਾ ਹੈ। ਇਸ ਪ੍ਰਬੰਧ ਵਿੱਚ ਫੌਜ ਉੱਤੇ ਕੀਤੇ ਜਾ ਰਹੇ ਖਰਬਾਂ ਡਾਲਰਾਂ ਦੇ ਖਰਚਿਆਂ ਨੂੰ ਆਰਥਿਕਤਾ ਵਿੱਚ ਵਾਧੇ ਦਾ ਸਾਧਨ ਸਮਝਿਆ ਜਾਂਦਾ ਹੈ। ਇਸ ਪ੍ਰਬੰਧ ਵਿੱਚ ਹਰ ਉਸ ਚੀਜ਼ ਨੂੰ ਖਤਮ ਕਰਨਾ ਜਾਇਜ਼ ਸਮਝਿਆ ਜਾਂਦਾ ਹੈ ਜੋ ਇਸ ਦੇ ਰਾਹ ਵਿੱਚ ਰੋੜਾ ਬਣਦੀ ਹੋਵੇ। ਇਸ ਲਈ ਦੁਨੀਆਂ ਭਰ ਵਿੱਚ ਹੋ ਰਹੇ ਵਾਤਾਵਰਨ ਦੇ ਨੁਕਸਾਨ ਲਈ ਇਸ ਸੰਸਾਰ-ਪ੍ਰਬੰਧ ਦੀ ਖਾਸ ਭੂਮਿਕਾ ਹੈ। ਨਤੀਜੇ ਵੱਜੋਂ ਵਾਤਾਵਰਨ ਦੇ ਬਚਾਅ ਲਈ ਇਸ ਸੰਸਾਰ ਪ੍ਰਬੰਧ ਨੂੰ ਚੁਣੌਤੀ ਦੇਣੀ ਜ਼ਰੂਰੀ ਹੈ।

ਸੁਖਵੰਤ ਹੁੰਦਲ
sukhwanthundal123@gmail.com

ਹਵਾਲੇ:

1. EPA (February 2005). Emission Facts: Average Carbon Dioxide Emissions Resulting from Gasoline and Diesel Fuel (EPA420-F-05-001). Downloaded July 9/2010 from: http://www.epa.gov/oms/climate/420f05001.pdf  

2. Karbuz, Sohbet (February 2, 2007). US military oil pains  Energy bulletin . Downloaded July 9/2010 from: http://energybulletin.net/print/26194

3. Sanders, Barry (2009). The Green Zone:The Environmental Costs of Militarism Oakland: AK Press.

4. Sanders, Barry (2009)

5. Sanders, Barry (2009)

6. Sanders, Barry (2009)

7. Sanders, Barry (2009)

8. Sanders, Barry (2009)

9. Sanders, Barry (2009)

10. Sanders, Barry (2009)

11. NationMaster.com. Energy Statistics. Downloaded July 21, 2010 from http://www.nationmaster.com/red/graph/ene_oil_con-energy-oil-consumption&b_printable=1

12. Judson, Tim (Fall 1999) Depleted Uranium in War. Synthesis/Regeneration. Downloaded July 12, 2010 from: http://www.greens.org/s-r/20/20-12.html

13. Sanders, Barry (2009); Johnson, Larry (November 12, 2002) Iraqi cancers, birth defects blamed on U.S. depleted uranium. Seattle Post-Intelligencer. Downloaded July 12, 2010 from: http://www.seattlepi.com/national/95178_du12.shtml

14. Zudson, Tim (Fall 1999)

15. Jamail, Dahr (March 2010). The New ‘Forgotten’ War. Extra. Downloaded July 26, 2010 from: http://dahrjamailiraq.com/the-new-%E2%80%98forgotten-war

16. Sanders, Barry (2009)

17. Moret, Leuren (July 2010). Depleted Uranium: The Trojan Horse of Nuclear War. World Affairs - Journal of International Issues. Downloaded July, 2010 from: http://www.mindfully.org/Nucs/2004/DU-Trojan-Horse1jul04.htm

18. Quoted in Westerman, Doug (May 2006). Depleted Uranium - Far Worse Than 9/11. Global Research. Downloaded July 23, 2010 from: http://www.globalresearch.ca/index.php?context=va&aid=2374

19. Ghazi, Jalal (Feb. 2010). Cancer - Deadly legacy of the invasion of Iraq. Aljazeera.com. Downloaded July 27, 2010 from: http://aljazeera.com/news/articles/39/Cancer-Deadly-legacy-of-the-invasion-of-Iraq.html

20. Ghazi, Jalal (Feb. 2010).

21. Westerman, Doug (May 2006).

22. Ghazi, Jalal (Feb. 2010).

23. Campaign Against Depleted Uranium. Depleted Uranium: The facts. Downloaded July 19, 2010 from: http://www.cadu.org.uk/intro.htm

24. Berhe, A. A. (2007). The Contribution Of Landmines To Land Degradation. Land Degradation & Development. Downloaded on July 28, 2010 from: http://eps.berkeley.edu/~aaberhe/Berhe%202007-%20LM%20and%20LD.pdf

25. Berhe, A. A. (2007).

26. Beruden, Dascha van (2007). Landmines in Bosnia and Herzegovina. Friends of The Earth. Downloaded on July 26, 2010 from: http://www.motherearth.org/info/BHMAC_en.pdf

27. Sanders, Barry (2009)

28. Berhe, A. A. (2007).

29. Berhe, A. A. (2007).

30. Majeed, Abeer(2004). The Impact of Militarism On The Environment: An Overview Of Direct And Indirect Effects. Physicians for Global Survival (Canada).

31. International Peace Bureau (2002). The Military’s Impact On The Environment: A Neglected Aspect Of The Sustainable Development Debate. Downloaded July 8, 2010 from: http://www.ipb.org/i/pdf-files/The_Militarys_Impact_on_the_Environment.pdf

32. Miller, Judith (1999). Cold war leaves a deadly anthrax legacy. New York Times News Service. Downloaded on July 15, 2010 from: http://www.phaster.com/unpretentious/uzbekistan_anthrax.html

33. Majeed, Abeer(2004).

34. Majeed, Abeer(2004).

35. Majeed, Abeer(2004).

36. Majeed, Abeer(2004).

37. Ocean Dumping of Chemical Weapons. noblis. Downloaded on August 3, 2010 from: http://www.noblis.org/MissionAreas/nsi/BackgroundonChemicalWarfare/OceanDumpingofChemicalWeapons/Pages/default.aspx

38. Harigel, Gert G. (November 2001). Chemical and Biological Weapons: Use in Warfare, Impact on Society and Environment. Nuclear Age Peace Foundation. Downloaded on August 4, 2010 from: http://www.wagingpeace.org/articles/2001/11/00_harigel_cbw.htm

39. Majeed, Abeer(2004).

40. Newman, Joshua and Dawn Verdugo. Building awareness of sea-dumped chemical weapons. Downloaded on August 3, 2010 from: http://www.unidir.org/pdf/articles/pdf-art2963.pdf

41. Majeed, Abeer(2004).

42. http://en.wikipedia.org/wiki/Chemical_Weapons_Convention#cite_note-sixty-4

43. Majeed, Abeer(2004).

44. New Internationalist( June 2008). Nuclear Weapons: the Facts. New Internationalist. (8-9)

45. Majeed, Abeer(2004).

46. Crowley, Kevin and John F. Ahearne (November - December 2002). Managing the Environmental Legacy of U.S. Nuclear Weapons Production. American Scientist. Downloaded 4 August, 2010 from: http://www.americanscientist.org/issues/page2/managing-the-environmental-legacy-of-us-nuclear-weapons-production

47. http://en.wikipedia.org/wiki/Hanford_Site

48. Crowley, Kevin and John F. Ahearne (November - December 2002).

49. Women’s International League for Peace and Freedom. The Environment And the Nuclear Age. Downloaded on August 1, 2010 from http://www.reachingcriticalwill.org/technical/factsheets/environmental.html

50. Women’s International League for Peace and Freedom.

51. Majeed, Abeer(2004).

52. Majeed, Abeer(2004).

53. New Internationalist( June 2008).

54. Women’s International League for Peace and Freedom.

55. Brauer, Jurgen (2009). War and Nature: The Environmental Consequences of War in a Globalized World. Newyork: Altamira Press.

56. Brauer, Jurgen (2009).

57. Brauer, Jurgen (2009).

58. Brauer, Jurgen (2009).

59. Brauer, Jurgen (2009).

60. Kamber, Michael (March 2002). Afghanistan’s Environmental Casualies. Mother Jones. Downloaded on August 10, 2002 from: http://motherjones.com/environment/2002/03/afghanistans-environmental-casualties

61. Caas, Francis, Yoko Haglwara and David Jensen. Afghanistan on the brink of natural disaster. GRID-Arendal. Downloaded on August 12, 2010 from: http://www.grida.no/publications/et/ep3/page/2611.aspx

62. Kamber, Michael (March 2002).

63. Perlo-Freeman, Sam, Olawale Ismail and Carina Solmirano (2010). Chapter 5. Military Expenditure. In SIPRI Yearbook 2010: Armanents, Disarmaments and International Security.  Downloaded August 8, 2010 from: http://www.sipri.org/yearbook/2010/05

64. Democracy Now (July 2010). Himalayan Glaciers Melting Faster Than Anywhere Else in World. Downloaded on July 20, 2010 from: http://www.democracynow.org/2010/7/15/himalayan_glaciers_melting_faster_than_anywhere

੧੪/੦੮/੨੦੧੨

 


  ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com