ਵਿਗਿਆਨ ਪ੍ਰਸਾਰ

ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ
ਪ੍ਰੋਫ਼ੈਸਰ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ

 

ਅੰਗਰੇਜ਼ਾਂ ਦੇ ਭਾਰਤ ਛੱਡਣ ਤੋਂ 65 ਸਾਲ ਬਾਅਦ ਵੀ ਭਾਰਤ ਵਿੱਚ ਹਾਲੇ ਉਹਨਾਂ ਮੁੱਦਿਆਂ ’ਤੇ ਬਹਿਸ ਕਰਨੀ ਪੈ ਰਹੀ ਹੈ ਜਿਹੜੇ ਮੁੱਦੇ ਸੁਤੰਤਰਤਾ ਅੰਦੋਲਨ ਦੇ ਆਗੂ ਅਜ਼ਾਦੀ ਤੋਂ ਪਹਿਲਾਂ ਹੀ ਨਜਿੱਠ ਚੁੱਕੇ ਸਨ ਅਤੇ ਉਹਨਾਂ ’ਤੇ ਸਪਸ਼ਟ ਨੀਤੀਆਂ ਦਾ ਐਲਾਨ ਕਰ ਚੁੱਕੇ ਸਨ। ਇਹਨਾਂ ਨੀਤੀਆਂ ਵਿਚੋਂ ਇੱਕ ਖੇਤਰ ਭਾਸ਼ਾ ਨੀਤੀ ਦਾ ਸੀ।

ਕਾਂਗਰਸ ਪਾਰਟੀ ਨੇ 1929 ਵਿੱਚ ਆਪਣੇ ਲਾਹੌਰ ਸੈਸ਼ਨ ਵਿੱਚ ਹੀ ਇਸ ਬਾਰੇ ਸਪਸ਼ਟ ਐਲਾਨ ਕੀਤਾ ਸੀ ਕਿ ਅਜ਼ਾਦੀ ਤੋਂ ਬਾਅਦ ਭਾਰਤ ਵਿੱਚ ਮਾਤ ਭਾਸ਼ਾਵਾਂ ਨੂੰ ਸਿੱਖਿਆ ਅਤੇ ਪ੍ਰਸ਼ਾਸਨ ਦਾ ਅਧਾਰ ਬਣਾਇਆ ਜਾਵੇਗਾ ਅਤੇ ਭਾਰਤੀ ਭਾਸ਼ਾਵਾਂ ਨੂੰ ਉਚੇਰੇ ਤੋਂ ਉਚੇਰੇ ਕਾਰਜਾਂ ਦੇ ਸਮਰੱਥ ਬਨਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ। ਸ਼ਹੀਦ ਭਗਤ ਸਿੰਘ ਤਾਂ 15 ਸਾਲ ਦੀ ਉਮਰ ਵਿੱਚ ਹੀ ਇਹ ਸਮਝ ਪ੍ਰਾਪਤ ਕਰ ਚੁੱਕੇ ਸਨ ਅਤੇ ਲਿਖ ਚੁੱਕੇ ਸਨ ਕਿ ‘ਪੰਜਾਬ ਵਿੱਚ ਪੰਜਾਬੀ ਭਾਸ਼ਾ ਤੋਂ ਬਿਨਾਂ ਅੱਗੇ ਨਹੀਂ ਵਧਿਆ ਜਾ ਸਕਦਾ’। ਗਾਂਧੀ ਜੀ ਨੇ ਤਾਂ 1938 ਵਿਚ ਹੀ ਸਪਸ਼ਟ ਕਿਹਾ ਸੀ ਕਿ ‘‘ਖੇਤਰੀ ਭਾਸ਼ਾਵਾਂ ਨੂੰ ਉਹਨਾਂ ਦੀ ਹੱਕੀ ਥਾਂ ਦੇਂਦੇ ਹੋਏ ਸਿੱਖਿਆ ਦਾ ਮਾਧਿਅਮ ਹਰ ਹਾਲਤ ਵਿਚ ਤੁਰੰਤ ਬਦਲਿਆ ਜਾਣਾ ਚਾਹੀਦਾ ਹੈ।’’ ਇਕ ਹੋਰ ਮੌਕੇ ਉਹਨਾਂ ਕਿਹਾ ਸੀ ਕਿ ਅੰਗਰੇਜ਼ੀ ਭਾਸ਼ਾ ਦੇ ਹੇਜ ਤੋਂ ਨਿਜਾਤ ਪਾਉਣਾ ਸਵਰਾਜ ਦੇ ਸਭ ਤੋਂ ਜ਼ਰੂਰੀ ਉਦੇਸ਼ਾਂ ਵਿਚੋਂ ਇਕ ਹੈ।’’

ਅਜ਼ਾਦੀ ਤੋਂ ਬਾਅਦ ਕੁਝ ਭਾਰਤੀ ਭਾਸ਼ਾਵਾਂ ਦੇ ਵਿਕਾਸ ਲਈ ਕੁਝ ਜਤਨ ਵੀ ਹੋਏ ਤੇ ਇਸ ਦੇ ਸਿੱਖਿਆ ਆਦਿ ਵਿੱਚ ਚੰਗੇ ਨਤੀਜੇ ਵੀ ਪ੍ਰਾਪਤ ਹੋਏ। ਪਰ 1980ਵਿਆਂ ਦੇ ਆਸ-ਪਾਸ ਇਸ ਸਾਰੇ ਰੁਝਾਨ ਨੂੰ ਪੁੱਠਾ ਮੋੜਾ ਦਿੱਤਾ ਜਾਣ ਲੱਗਾ। 1990 ਤੋਂ ਬਾਅਦ ਤੋਂ ਤਾਂ ਅੰਗਰੇਜ਼ੀ ਭਾਸ਼ਾ ਨੇ ਭਾਰਤੀ ਮਾਤ ਭਾਸ਼ਾਵਾਂ ਨੂੰ ਸਿੱਖਿਆ ‘ਚੋਂ ਬਾਹਰ ਹੀ ਕੱਢਣਾ ਸ਼ੁਰੂ ਕਰ ਦਿੱਤਾ ਹੈ। ਪਿਛਲੀ ਸਦੀ ਦੇ ਖਤਮ ਹੁੰਦਿਆਂ ਹੀ ਅਜਿਹੀਆਂ ਸਥਿਤੀਆਂ ਪੈਦਾ ਹੋ ਗਈਆਂ ਕਿ ਪੰਜਾਬੀ ਵਰਗੀ ਪੁਰਾਤਨ ਤੇ ਵਿਕਸਤ ਭਾਸ਼ਾ ਦੀ ਹੋਂਦ ਖਤਰੇ ਵਿਚ ਪੈਣ ਬਾਰੇ ਵੀ ਚਿੰਤਾ ਭਰੇ ਬਿਆਨ ਸਾਹਮਣੇ ਆਉਣ ਲੱਗੇ। 21ਵੀਂ ਸਦੀ ਦੇ ਪਹਿਲੇ ਦਹਾਕੇ ਦੇ ਅੱਧ ਕੁ ’ਚ ਅਖ਼ਬਾਰਾਂ ਵਿੱਚ ਅਜਿਹੇ ਬਿਆਨ ਛਪਣ ਲੱਗੇ ਕਿ ਸੰਜੁਗਤ ਰਾਸ਼ਟਰ ਸੰਘ ਦੀ ਸਿੱਖਿਆ, ਸੱਭਿਆਚਾਰ ਅਤੇ ਸਮਾਜੀ ਮਾਮਲਿਆਂ ਬਾਰੇ ਅਜੰਸੀ ਯੂਨੈਸਕੋ (UNESCO) ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਪੰਜਾਬੀ 50 ਸਾਲਾਂ ਵਿੱਚ ਲੋਪ ਹੋ ਜਾਣ ਵਾਲੀ ਹੈ।

ਯੂਨੈਸਕੋ ਨੇ ਪੰਜਾਬੀ ਬਾਰੇ ਤਾਂ ਅਜਿਹਾ ਕੋਈ ਬਿਆਨ ਨਹੀਂ ਸੀ ਦਿੱਤਾ, ਪਰ ਯੂਨੈਸਕੋ ਨੇ ਕੁਝ ਅਜਿਹੀਆਂ ਕਸੌਟੀਆਂ ਨਿਸਚਤ ਕੀਤੀਆਂ ਸਨ ਜਿਨਾਂ ਦੇ ਅਧਾਰ ’ਤੇ ਕਿਸੇ ਭਾਸ਼ਾ ਨੂੰ ਦਰਪੇਸ਼ ਖਤਰਿਆਂ ਬਾਰੇ ਵਿਗਿਆਨਕ ਢੰਗ ਨਾਲ ਨਿਰਣਾ ਕੀਤਾ ਜਾ ਸਕਦਾ ਹੈ। [1] ਇਹਨਾਂ ਕਸੌਟੀਆਂ ਦੇ ਅਧਾਰ ’ਤੇ ਹੀ ਸ਼ਾਇਦ ਇਹ ਪ੍ਰਭਾਵ ਬਣਿਆ ਸੀ ਕਿ ਪੰਜਾਬੀ ਭਾਸ਼ਾ ਦਾ ਭਵਿੱਖ ਚੰਗਾ ਨਹੀਂ। ਅਜਿਹੇ ਪ੍ਰਭਾਵ ਚੋਂ ਪੈਦਾ ਹੋਏ ਬਿਆਨਾਂ ਦੇ ਸਾਹਮਣੇ ਆਉਣ ਦੇ ਸਮੇਂ ਤੋਂ ਪੰਜਾਬੀ ਬਾਰੇ ਇਹ ਚਰਚਾ ਲਗਾਤਾਰ ਚੱਲ ਰਹੀ ਹੈ ਕਿ ਪੰਜਾਬੀ ਭਾਸ਼ਾ ਦਾ ਭਵਿੱਖ ਕੀ ਹੈ।

ਭਾਵੇਂ ਕਿ ਯੂਨੈਸਕੋ ਨੇ ਪੰਜਾਬੀ ਬਾਰੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਪਰ ਇਹ ਤੱਥ ਆਪਣੇ-ਆਪ ਵਿੱਚ ਬੜਾ ਮਹੱਤਵਪੂਰਨ ਹੈ ਕਿ ਪੰਜਾਬੀ ਬਾਰੇ ਅਜਿਹਾ ਪ੍ਰਭਾਵ ਬਣ ਸਕਦਾ ਹੈ ਕਿ ਪੰਜਾਬੀ ਨੂੰ ਵੀ ਯੂਨੈਸਕੋ ਦੀ ਭਾਸ਼ਾਵਾਂ ਦੇ ਲੋਪ ਹੋਣ ਬਾਰੇ ਸੂਚੀ ਨਾਲ ਜੋੜਿਆ ਜਾ ਸਕਦਾ ਹੋਵੇ।

ਸੋ, ਅਜਿਹੀ ਸਥਿਤੀ ਵਿੱਚ ਇਹ ਪੰਜਾਬੀ ਪਾਠਕਾਂ ਸਾਹਮਣੇ ਲਿਆਉਣਾ ਜ਼ਰੂਰੀ ਹੋ ਜਾਂਦਾ ਹੈ ਕਿ ਕਿਸੇ ਭਾਸ਼ਾ ਦੀ ਸਥਿਤੀ ਬਾਰੇ ਨਿਰਣਾ ਕਰਨ ਲਈ ਕੀ ਕਸੌਟੀਆਂ ਹਨ ਅਤੇ ਇਹਨਾਂ ਕਸੌਟੀਆਂ ਦੇ ਅਧਾਰ ’ਤੇ ਪੰਜਾਬੀ ਭਾਸ਼ਾ ਦੀ ਕੀ ਸਥਿਤੀ ਹੈ। [2]

ਕਿਸੇ ਭਾਸ਼ਾ ਦੇ ਤਕੜੀ ਜਾਂ ਕਮਜ਼ੋਰ ਅਵਸਥਾ ਦਾ ਪਤਾ ਲਾਉਣ ਲਈ ਯੂਨੈਸਕੋ ਦੇ 2003 ਵਿੱਚ ਛਾਪੇ ਦਸਤਾਵੇਜ਼ (ਭਾਸ਼ਾਈ ਪ੍ਰਾਣਸ਼ਕਤੀ ਅਤੇ ਖਤਰੇ ਦੀ ਅਵਸਥਾ) ਵਿੱਚ ਹੇਠਲੇ 9 ਕਾਰਕ ਦਿੱਤੇ ਗਏ ਹਨ, ਜਿਨਾਂ ਦੇ ਅਧਾਰ ’ਤੇ ਕਿਸੇ ਭਾਸ਼ਾ ਦੀ ਤਾਕਤ ਜਾਂ ਉਸ ’ਤੇ ਛਾਏ ਸੰਕਟ ਨੂੰ ਆਂਕਿਆ ਜਾ ਸਕਦਾ ਹੈ। [3]

ਕਾਰਕ #

ਵਰਣਨ

1 ਪੀੜੀ-ਦਰ-ਪੀੜੀ ਸੰਚਾਰ
2 ਬੁਲਾਰਿਆਂ ਦੀ ਗਿਣਤੀ
3 ਕੁੱਲ ਅਬਾਦੀ ਵਿੱਚ ਬੁਲਾਰਿਆਂ ਦਾ ਅਨੁਪਾਤ
4 ਭਾਸ਼ਾਈ ਵਰਤੋਂ ਦੇ ਖੇਤਰਾਂ ਵਿੱਚ ਪਰਚਲਨ
5 ਨਵੇਂ ਖੇਤਰਾਂ ਅਤੇ ਸੰਚਾਰ ਮਾਧਿਅਮਾਂ ਨੂੰ ਹੁੰਗਾਰਾ
6 ਭਾਸ਼ਾਈ ਸਿੱਖਿਆ ਅਤੇ ਸਾਖਰਤਾ ਲਈ ਸਮੱਗਰੀ ਹਾਸਲ ਹੋਣਾ
7 ਸਰਕਾਰਾਂ ਅਤੇ ਸੰਸਥਾਵਾਂ ਦਾ ਭਾਸ਼ਾ ਵੱਲ ਵਤੀਰਾ ਅਤੇ ਨੀਤੀਆਂ (ਸਰਕਾਰੀ ਰੁਤਬੇ ਅਤੇ ਵਰਤੋਂ ਸਮੇਤ)
8 ਭਾਸ਼ਾਈ ਸਮੂਹ ਵੱਲੋਂ ਆਪਣੀ ਭਾਸ਼ਾ ਵੱਲ ਵਤੀਰਾ
9 ਭੰਡਾਰੀਕਰਣ (Documentation) ਦੀ ਕਿਸਮ ਤੇ ਗੁਣਵੱਤਾ।

ਯੂਨੈਸਕੋ ਦੀ ਸਬੰਧਤ ਰਿਪੋਰਟ ਅਨੁਸਾਰ ਕਿਸੇ ਵੀ ਭਾਸ਼ਾ ’ਤੇ ਖਤਰੇ ਨੂੰ ਉਪਰਲੇ ਨੌਂ ਕਾਰਕਾਂ ਦੇ ਅਧਾਰ ਤੇ ਹੇਠਲੇ ਛੇ ਦਰਜਿਆਂ ਵਿੱਚ ਵੰਡਿਆ ਜਾ ਸਕਦਾ ਹੈ (ਵੇਖੋ, ਯੂਨੈਸਕੋ 2003:8):

  1. ਲੋਪ ਹੋਣ ਦਾ ਕੋਈ ਖਤਰਾ ਨਹੀਂ।
  2. ਲੋਪ ਹੋਣ ਦਾ ਖਤਰਾ ਹੈ।
  3. ਲੋਪ ਹੋਣ ਦਾ ਗੰਭੀਰ ਖਤਰਾ ਹੈ।
  4. ਲੋਪ ਹੋਣ ਦਾ ਬਹੁਤ ਗੰਭੀਰ ਖਤਰਾ ਹੈ।
  5. ਲੋਪ ਹੋਣ ਵਾਲੀ ਹੈ।
  6. ਲੋਪ ਹੋ ਚੁੱਕੀ ਹੈ।

ਯੂਨੈਸਕੋ ਦੀ ਸਬੰਧਤ ਰਿਪੋਰਟ ਅਨੁਸਾਰ ਕਿਸੇ ਵੀ ਭਾਸ਼ਾ ਨੂੰ ਪਿੱਛੇ ਦਿੱਤੇ ਨੌਂ ਕਾਰਕਾਂ ’ਚੋਂ ਹਰ ਕਾਰਕ ਦੇ ਅਧਾਰ ’ਤੇ ਉਪਰਲੀਆਂ ਛੇ ਅਵਸਥਾਵਾਂ ਵਿਚੋਂ ਇੱਕ ਵਿੱਚ ਰੱਖਿਆ ਜਾ ਸਕਦਾ ਹੈ। ਸਬੰਧਤ ਕਾਰਕਾਂ ਅਤੇ ਸਬੰਧਤ ਅਵਸਥਾਵਾਂ ਦੀ ਅਨੁਸਾਰਤਾ ਦਾ ਵੇਰਵਾ ਅੱਗੇ ਦਿੱਤਾ ਗਿਆ ਹੈ ਅਤੇ ਇਹਨਾਂ ਅਧਾਰਾਂ ’ਤੇ ਪੰਜਾਬੀ ਭਾਸ਼ਾ ਦੀ ਸਥਿਤੀ ਨੂੰ ਆਂਕਿਆ ਗਿਆ ਹੈ।

ਕਾਰਕ #1 : ਪੀੜੀ ਦਰ ਪੀੜੀ ਸੰਚਾਰ ਅਤੇ ਪੰਜਾਬੀ ਭਾਸ਼ਾ

ਯੂਨੈਸਕੋ ਦੀ ਰਿਪੋਰਟ (2003:7-8) ਪੀੜੀ-ਦਰ-ਪੀੜੀ ਸੰਚਾਰ ਕਾਰਕ ਦੇ ਅਧਾਰ ’ਤੇ ਕਿਸੇ ਭਾਸ਼ਾ ਦੀ ਅਵਸਥਾ ਨੂੰ ਹੇਠਲੀਆਂ ਛੇਆਂ ਵਿਚੋਂ ਇੱਕ ਨਿਸਚਤ ਕਰਦੀ ਹੈ (ਯੂਨੈਸਕੋ 2003:7-8):

ਕ੍ਰਮ ਅੰਕ ਖਤਰੇ ਦਾ ਪੱਧਰ  ਦਰਜਾ ਸੰਚਾਰ ਦੀ ਸਥਿਤੀ
1.1 ਲੋਪ ਹੋਣ ਦਾ ਕੋਈ ਖਤਰਾ ਨਹੀਂ 5 ਕੋਈ ਵੀ ਭਾਸ਼ਾ ਖਤਰੇ ਤੋਂ ਬਾਹਰ ਹੈ ‘‘ਜੇ ਸਾਰੀਆਂ ਪੀੜੀਆਂ ਉਸ ਦੀ ਵਰਤੋਂ ਕਰ ਰਹੀਆਂ ਹਨ ਅਤੇ ਕਿਸੇ ਹੋਰ ਭਾਸ਼ਾ ਦਾ ਦਖਲ ਨਹੀਂ ਹੈ।’’
1.1.1 ਸਥਿਰ ਪਰ ਭਾਰੀ ਦਬਾਅ ਹੇਠ 4.5 ਇਹ ਉਹ ਅਵਸਥਾ ਹੈ ਜਦੋਂ ਸਾਰੀਆਂ ਪੀੜੀਆਂ ਸਾਰੇ ਖੇਤਰਾਂ ਵਿੱਚ ਸਬੰਧਤ ਭਾਸ਼ਾ ਦੀ ਵਰਤੋਂ ਕਰਦੀਆਂ ਹਨ ਪਰ ‘‘ਕੋਈ ਹੋਰ ਭਾਸ਼ਾ ਕੁਝ ਵਿਸ਼ੇਸ਼ ਖੇਤਰਾਂ ਨੂੰ ਹਥਿਆ ਚੁੱਕੀ ਹੈ।’’
1.2 ਲੋਪ ਹੋਣ ਦਾ ਖਤਰਾ ਹੈ 4 ‘‘ਸਮੂਹ ਦੇ ਬਹੁਤੇ ਬੱਚੇ ਜਾਂ ਪਰਿਵਾਰ ਸਬੰਧਤ ਭਾਸ਼ਾ ਪਹਿਲੀ ਭਾਸ਼ਾ ਵੱਜੋਂ ਬੋਲਦੇ ਹਨ ਤੇ ਕੁਝ ਨਹੀਂ ਬੋਲਦੇ, ਪਰ ਇਹ ਵਰਤੋਂ ਕੁਝ ਵਿਸ਼ੇਸ਼ ਸਮਾਜੀ ਘੇਰਿਆਂ ਤੱਕ ਸੀਮਤ ਹੋ ਜਾਂਦੀ ਹੈ (ਜਿਵੇਂ ਕਿ ਪਰਿਵਾਰ ਵਿੱਚ)।’’
1.3 ਲੋਪ ਹੋਣ ਦਾ ਗੰਭੀਰ ਖਤਰਾ 3 ‘‘ਬੱਚੇ ਘਰ ਵਿੱਚ ਆਪਣੀ ਭਾਸ਼ਾ ਸਿੱਖਣਾ ਬੰਦ ਕਰ ਚੁੱਕੇ ਹਨ। ਸਿਰਫ ਮਾਪੇ ਹੀ ਆਪਣੀ ਭਾਸ਼ਾ ਬੋਲਦੇ ਹਨ ਪਰ ਜ਼ਰੂਰੀ ਨਹੀਂ ਕਿ ਬੱਚੇ ਆਪਣੀ ਭਾਸ਼ਾ ਵਿੱਚ ਹੀ ਜਵਾਬ ਦੇਣ।’’
1.4 ਲੋਪ ਹੋਣ ਦਾ ਬਹੁਤ ਗੰਭੀਰ ਖਤਰਾ 2 ‘‘ਦਾਦੇ-ਦਾਦੀਆਂ ਅਤੇ ਬਜ਼ੁਰਗ ਪੀੜੀ ਹੀ ਭਾਸ਼ਾ ਬੋਲਦੀ ਹੈ। ਮਾਂ-ਪਿਉ ਦੀ ਪੀੜੀ ਆਪਣੀ ਭਾਸ਼ਾ ਸਮਝਦੀ ਤਾਂ ਹੈ ਪਰ ਬੱਚਿਆਂ ਨਾਲ ਇਸ ਵਿੱਚ ਗੱਲ ਨਹੀਂ ਕਰਦੀ।’’
1.5 ਲੋਪ ਹੋਣ ਵਾਲੀ ਹੈ 1 ‘‘ਆਪਣੀ ਭਾਸ਼ਾ ਦੇ ਸਭ ਤੋਂ ਛੋਟੀ ਉਮਰ ਦੇ ਵਿਅਕਤੀ ਪੜਦਾਦੇ-ਪੜਦਾਦੀਆਂ ਹੀ ਹਨ। ਉਹਨਾਂ ਨੂੰ ਆਪਣੀ ਭਾਸ਼ਾ ਕੁਝ ਯਾਦ ਤਾਂ ਹੈ ਪਰ ਇਸ ਦੀ ਵਰਤੋਂ ਨਹੀਂ ਕਰਦੇ ਕਿਉਂਕਿ ਕੋਈ ਹੈ ਹੀ ਨਹੀਂ ਜਿਸ ਨਾਲ ਉਹ ਬੋਲ ਸਕਣ।’’
1.6 ਲੋਪ ਹੋ ਚੁੱਕੀ ਹੈ 0 ‘‘ਇੱਕ ਵੀ ਵਿਅਕਤੀ ਨਹੀਂ ਹੈ ਜੋ ਆਪਣੀ ਭਾਸ਼ਾ ਬੋਲ ਜਾਂ ਸਮਝ ਸਕਦਾ ਹੈ।’’

ਵੱਖ-ਵੱਖ ਭੁਗੋਲਿਕ ਭਾਸ਼ਾਈ ਪਰਸੰਗਾਂ ਵਿੱਚ ਰਹਿ ਰਹੇ ਪੰਜਾਬੀਆਂ ਨੂੰ ਮੋਟੇ ਤੌਰ ’ਤੇ ਹੇਠਲੇ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ।

  1. ਭਾਰਤੀ ਪੰਜਾਬ ਵਿੱਚ ਰਹਿ ਰਹੇ ਪੰਜਾਬੀ।
  2. ਪਾਕਿਸਤਾਨੀ ਪੰਜਾਬ ਵਿੱਚ ਰਹਿ ਰਹੇ ਪੰਜਾਬੀ।
  3. ਦੋਹਾਂ ਪੰਜਾਬਾਂ ਤੋਂ ਬਾਹਰਲੇ ਭਾਰਤੀ ਤੇ ਪਾਕਿਸਤਾਨੀ ਸੂਬਿਆਂ ਵਿੱਚ ਰਹਿ ਰਹੇ ਪੰਜਾਬੀ।
  4. ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ। (ਵਿਦੇਸ਼ਾਂ ਤੋਂ ਭਾਵ ਕਨੇਡਾ, ਇੰਗਲੈਂਡ, ਅਮਰੀਕਾ, ਮਲੇਸ਼ੀਆ ਜਿਹੇ ਦੇਸ਼ਾਂ ਤੋਂ ਹੈ ਜਿੱਥੇ ਪੰਜਾਬੀ ਅਬਾਦੀ ਜ਼ਿਕਰਯੋਗ ਗਿਣਤੀ ਵਿੱਚ ਹੈ)।

ਪਰ ਇੱਕ ਗੱਲ ਇਹਨਾਂ ਚਾਰਾਂ ਵਰਗਾਂ ਦੇ ਪੰਜਾਬੀਆਂ ਵਿੱਚ ਸਾਂਝੀ ਹੈ ਕਿ ਇਨਾਂ ਚਹੂੰਆਂ ਹੀ ਵਰਗਾਂ ਦੇ ਬੱਚਿਆਂ ਦੇ ਜੀਵਨ ਵਿੱਚ ਕੋਈ ਹੋਰ ਭਾਰੂ ਭਾਸ਼ਾ ਮਿਕਦਾਰ ਦੇ ਵਾਧੇ-ਘਾਟੇ ਨਾਲ ਦਖਲ਼ ਦੇ ਚੁੱਕੀ ਹੈ।

ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੇ ਬੱਚੇ, ਪੰਜਾਬੀ ਦੀ ਵਰਤੋਂ ਲਗਭਗ ਬੱਸ ਗੈਰ-ਰਸਮੀ ਖੇਤਰਾਂ (domains) ਵਿੱਚ (ਪਰਿਵਾਰ ਅਤੇ ਸਮਾਜਿਕ ਇਕੱਠਾਂ ਵੇਲੇ) ਹੀ ਕਰਦੇ ਹਨ। ਵਿਦੇਸ਼ੀ ਪੰਜਾਬੀਆਂ ਦੇ ਬਹੁਤ ਬੱਚੇ ਤਾਂ ਪੰਜਾਬੀ ਦੀ ਘੱਟ ਮੁਹਾਰਤ ਕਰਕੇ ਗੈਰ-ਰਸਮੀ ਖੇਤਰਾਂ ਵਿੱਚ ਵੀ ਪੰਜਾਬੀ ਦੀ ਵਰਤੋਂ ਛੱਡਦੇ ਜਾ ਰਹੇ ਹਨ। ਕਨੇਡਾ ਅਤੇ ਇੰਗਲੈਂਡ ਵਿੱਚ ਰੇਡੀਓ, ਅਖ਼ਬਾਰਾਂ ਅਤੇ ਸਾਹਿਤ ਦੇ ਖੇਤਰਾਂ ਵਿੱਚ ਪੰਜਾਬੀ ਦੀ ਕੁਝ ਵਰਤੋਂ ਹੋ ਰਹੀ ਹੈ ਪਰ ਇਹਨਾਂ ਦੇਸਾਂ ਵਿੱਚ ਵੀ ਨੌਜੁਆਨ ਪੀੜੀ ਇਹਨਾਂ ਰਸਮੀ ਖੇਤਰਾਂ ਨਾਲ ਕੋਈ ਜ਼ਿਆਦਾ ਜੁੜੀ ਹੋਈ ਨਹੀਂ ਲੱਗਦੀ। ਇਹਨਾਂ ਭੂਗੋਲਿਕ ਖੇਤਰਾਂ ਵਿੱਚ ਸਿੱਖਿਆ ਵਿੱਚ ਵੀ ਪੰਜਾਬੀ ਇੱਕ ਵਿਸ਼ੇ ਵੱਜੋਂ ਕਿਧਰੇ-ਕਿਧਰੇ ਪੜਾਈ ਜਾ ਰਹੀ ਹੈ।

ਭਾਵੇਂ ਭਾਸ਼ਾਈ ਮਸਲੇ ਦਾ ਗਣਿਤਕ ਰੂਪ ਵਿੱਚ ਅੰਕਣ ਸੰਭਵ ਨਹੀਂ ਹੁੰਦਾ, ਪਰ ਫਿਰ ਵੀ ਮੋਟੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀਆਂ ਵਿੱਚ ਪੰਜਾਬੀ ਭਾਸ਼ਾ ਦੇ ਅਗਲੀ ਪੀੜੀ ਤੱਕ ਸੰਚਾਰ ਵਿੱਚ ਗੰਭੀਰ ਕਠਿਨਾਈਆਂ ਪੇਸ਼ ਹਨ। ਇਸ ਲਈ ਜਿੱਥੋਂ ਤੱਕ ਪੀੜੀਓ-ਪੀੜੀ ਸੰਚਾਰ ਦਾ ਸਵਾਲ ਹੈ, ਵਿਦੇਸ਼ੀ ਪੰਜਾਬੀਆਂ ਵਿੱਚ ਪੰਜਾਬੀ ਖਤਰੇ ਦੇ 2ਜੇ ਦਰਜੇ (ਖਤਮ ਹੋਣ ਦਾ ਖਤਰਾ) ਦੇ ਨੇੜੇ-ਤੇੜੇ ਰੱਖੀ ਜਾ ਸਕਦੀ ਹੈ।

ਪੰਜਾਬਾਂ ਤੋਂ ਬਾਹਰਲੇ ਭਾਰਤੀ ਅਤੇ ਪਾਕਿਸਤਾਨੀ ਸੂਬਿਆਂ ਵਿੱਚ ਪੰਜਾਬੀ ਦੀ ਸਥਿਤੀ ਵਿਦੇਸ਼ਾਂ ਨਾਲੋਂ ਬਹੁਤੀ ਵੱਖਰੀ ਨਹੀਂ ਲੱਗਦੀ। ਯਾਨੀ ਕਿ, ਨੌਜੁਆਨ ਪੀੜੀ ਵਿੱਚ ਪੰਜਾਬੀ ਦੀ ਵਰਤੋਂ ਲਗਭਗ ਗੈਰ-ਰਸਮੀ ਖੇਤਰਾਂ ਤੱਕ ਹੀ ਸੀਮਤ ਹੈ। ਭਾਰਤ ਦੇ ਹਰਿਆਣਾ ਅਤੇ ਦਿੱਲੀ ਸੂਬਿਆਂ ਵਿੱਚ ਪੰਜਾਬੀ ਅੱਧੇ-ਅਧੂਰੇ ਢੰਗ ਨਾਲ ਕਿਧਰੇ-ਕਿਧਰੇ ਸਕੂਲਾਂ ਵਿੱਚ ਵਿਸ਼ੇ ਵਜੋਂ ਪੜਾਈ ਜਾ ਰਹੀ ਹੈ। ਦੂਜੇ ਭਾਰਤੀ ਸੂਬਿਆਂ ਵਿੱਚ ਸਿੱਖ ਧਾਰਮਿਕ ਹਲਕਿਆਂ ਦੇ ਨਿੱਜੀ ਜਤਨਾਂ ਨਾਲ ਪੰਜਾਬੀ ਦੀ ਥੋੜੀ ਬੁਹਤ ਸਿੱਖਿਆ ਦਿੱਤੀ ਜਾ ਰਹੀ ਹੈ। ਲੇਖਕ ਨੂੰ ਅਜਿਹੀ ਕੋਈ ਜਾਣਕਾਰੀ ਨਹੀਂ ਕਿ ਪਾਕਿਸਤਾਨ ਦੇ ਪੰਜਾਬੋਂ ਬਾਹਰਲੇ ਸੂਬਿਆਂ ਵਿੱਚ ਪੰਜਾਬੀ ਕਿਧਰੇ ਰਸਮੀ ਜਾਂ ਗੈਰ-ਰਸਮੀ ਤੌਰ ’ਤੇ ਪੜਾਈ ਜਾ ਰਹੀ ਹੋਵੇ। ਕਈ ਮਾਅਨਿਆਂ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਪੰਜਾਬੋਂ ਬਾਹਰਲੇ ਸੂਬਿਆਂ ਵਿੱਚ (ਦਿੱਲੀ ਅਤੇ ਹਰਿਆਣਾ ਨੂੰ ਛੱਡ ਕੇ) ਪੰਜਾਬੀ ਦੀ ਹਾਲਤ ਵਿਦੇਸ਼ਾਂ ਨਾਲੋਂ ਵੀ ਮਾੜੀ ਹੈ। ਵਿਦੇਸ਼ਾਂ ਵਿੱਚ ਪੰਜਾਬੀ ਨੂੰ ਇਹਨਾਂ ਸੂਬਿਆਂ ਨਾਲੋਂ ਵਧੇਰੇ ਸਰਕਾਰੀ ਸਰਪ੍ਰਸਤੀ ਵੀ ਪ੍ਰਾਪਤ ਹੈ ਅਤੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਚੇਤਨਤਾ ਦਾ ਪੱਧਰ ਅਤੇ ਜਤਨ ਵੀ ਕੁਝ ਹਲਕਿਆਂ ਵਿੱਚ ਬਿਹਤਰ ਲੱਗਦੇ ਹਨ। ਸੋ, ਪੀੜੀਓ-ਪੀੜੀ ਸੰਚਾਰ ਦੇ ਨਜ਼ਰੀਏ ਤੋਂ ਇਹ ਕਹਿਣਾ ਅਤਿਕਥਨੀ ਨਹੀਂ ਹੋਏਗਾ ਕਿ ਭਾਰਤ ਅਤੇ ਪਾਕਿਸਤਾਨ ਦੇ ਪੰਜਾਬੋਂ ਬਾਹਰਲੇ ਸੂਬਿਆਂ ਵਿੱਚ ਵੀ ਪੰਜਾਬੀ ਨੂੰ ਖਤਰੇ ਦਾ ਦਰਜਾ ਵਿਦੇਸ਼ਾਂ ਵਾਲਾ ਹੀ ਹੈ (2ਜਾ ਦਰਜਾ- ਖਤਮ ਹੋਣ ਦਾ ਖਤਰਾ)।

ਪੀੜੀਓ-ਪੀੜੀ ਸੰਚਾਰ ਦੇ ਪਰਸੰਗ ਤੋਂ ਭਾਰਤੀ ਅਤੇ ਪਾਕਿਸਤਾਨੀ ਪੰਜਾਬਾਂ ਵਿੱਚ ਪੰਜਾਬੀ ਦੀ ਸਥਿਤੀ ਦੂਜੇ ਸੂਬਿਆਂ ਨਾਲੋਂ ਅਤੇ ਵਿਦੇਸ਼ਾਂ ਨਾਲੋਂ ਬਹੁਤ ਬਿਹਤਰ ਹੈ। ਪਰ ਇਥੇ ਵੀ ਨੌਜੁਆਨ ਪੀੜੀ ਦੇ ਜੀਵਨ ਵਿੱਚ ਹੋਰ ਭਾਸ਼ਾਵਾਂ ਦਾ ਦਖਲ ਵਧਦਾ ਜਾ ਰਿਹਾ ਹੈ।

ਪਾਕਿਸਤਾਨੀ ਪੰਜਾਬ ਵਿੱਚ ਸਿੱਖਿਆ ਵਿੱਚ ਪੰਜਾਬੀ ਦੀ ਥਾਂ ਲਗਭਗ ਸਿਫ਼ਰ ਦੇ ਬਰਾਬਰ ਹੈ ਅਤੇ ਸਿੱਖਿਆ ਪੂਰੀ ਤਰਾਂ ਉਰਦੂ ਜਾਂ ਅੰਗਰੇਜ਼ੀ ਅਧਾਰਤ ਹੈ। ਰਸਮੀ ਖੇਤਰਾਂ ਵਿੱਚ ਪੰਜਾਬੀ ਕੇਵਲ ਟੈਲੀਵਿਜ਼ਨ ਅਤੇ ਰਸਾਲਿਆਂ ਵਿੱਚ ਪਰਚਲਨ ਵਿੱਚ ਹੈ, ਪਰ ਉਥੇ ਵੀ ਇਜ਼ਾਰੇਦਾਰੀ ਉਰਦੂ ਦੀ ਹੀ ਹੈ। ਅਜਿਹੀਆਂ ਰਿਪੋਰਟਾਂ ਵੀ ਹਨ ਕਿ ਗੈਰ ਰਸਮੀ ਖੇਤਰਾਂ ਵਿੱਚ ਵੀ ਉਰਦੂ ਦਾ ਦਖਲ ਵੱਡੀ ਪੱਧਰ ’ਤੇ ਹੋ ਰਿਹਾ ਹੈ। ਇੰਜ ਪਾਕਿਸਤਾਨੀ ਪੰਜਾਬ ਦੀ ਨੌਜੁਆਨ ਪੀੜੀ ਵਿੱਚ ਪੰਜਾਬੀ ਦਾ ਸੰਚਾਰ ਕੁਝ ਭਾਸ਼ਾਈ ਸੀਮਾਵਾਂ ਦੇ ਅੰਦਰ-ਅੰਦਰ ਹੀ ਹੋ ਰਿਹਾ ਹੈ। ਸੋ, 3ਜੇ ਪੜਾਅ (ਲੋਪ ਹੋਣ ਦਾ ਖਤਰਾ) ਤੋਂ ਬਹੁਤੀ ਦੂਰ ਨਹੀਂ ਲੱਗਦੀ।

ਭਾਰਤੀ ਪੰਜਾਬ ਵਿੱਚ ਪੰਜਾਬੀ ਦਾ ਪੀੜੀਓ-ਪੀੜੀ ਸੰਚਾਰ ਚੰਗਾ ਜ਼ਰੂਰ ਹੈ ਪਰ ਆਦਰਸ਼ਕ ਰੂਪ ਵਿੱਚ ਇੱਥੇ ਵੀ ਨਹੀਂ। ਬਹੁਤ ਖੇਤਰ ਹਨ ਜਿੱਥੇ ਪੰਜਾਬੀ ਦੀ ਵਰਤੋਂ ਨਹੀਂ ਹੋ ਰਹੀ ਜਾਂ ਘਟ ਰਹੀ ਹੈ। ਇਹਨਾਂ ਵਿੱਚੋਂ ਸਭ ਤੋਂ ਵੱਡਾ ਖੇਤਰ ਸਕੂਲੀ ਸਿੱਖਿਆ ਦਾ ਹੈ। ਭਾਰੂ ਵਰਗ ਦੇ ਲਗਭਗ ਸਾਰੇ ਬੱਚੇ ਅਰੰਭਕ ਪੱਧਰ ਤੋਂ ਹੀ ਅੰਗਰੇਜ਼ੀ ਮਾਧਿਅਮ ਸਕੂਲਾਂ ਵਿੱਚ ਜਾ ਰਹੇ ਹਨ। ਇਹਨਾਂ ਸਕੂਲਾਂ ਵਿੱਚ ਪੰਜਾਬੀ ਵਿਸ਼ੇ ਵੱਜੋਂ ਅਧੂਰੇ ਜਿਹੇ ਢੰਗ ਨਾਲ ਹੀ ਪੜਾਈ ਜਾ ਰਹੀ ਹੈ। ਜਿਵੇਂ ਕਿ ਲੇਖਕ ਪਹਿਲਾਂ ਹੀ ਆਪਣੇ ਇਕ ਲੇਖ ਵਿੱਚ ਦਰਜ ਕਰ ਚੁੱਕਾ ਹੈ, ਇਹਨਾਂ ਸਕੂਲਾਂ ’ਚੋਂ ਨਿਕਲ ਰਹੇ ਬੱਚਿਆਂ ਨੂੰ ਪੰਜਾਬੀ ਮਾਤ ਭਾਸ਼ੀ ਬੱਚੇ ਕਹਿਣਾ ਵੀ ਠੀਕ ਨਹੀਂ ਹੈ ਕਿਉਂਕਿ ਸਕੂਲੀ ਪੜਾਈ ਖਤਮ ਕਰਨ ਤੋਂ ਬਾਅਦ ਇਹਨਾਂ ਬੱਚਿਆਂ ਦੀ ਭਾਸ਼ਾਈ ਸਮਰੱਥਾ ਪੰਜਾਬੀ ਭਾਸ਼ਾ ਨਾਲੋਂ ਅੰਗਰੇਜ਼ੀ ਭਾਸ਼ਾ ਵਿੱਚ ਬਿਹਤਰ ਹੁੰਦੀ ਹੈ (ਇਹ ਵੱਖਰੀ ਗੱਲ ਹੈ ਕਿ ਹੈ ਉਹ ਵੀ ਸੀਮਤ ਜਿਹੀ ਹੀ)।

ਸੋ, ਭਾਰਤੀ ਪੰਜਾਬ ਵਿੱਚ ਵੀ ਅਗਲੀ ਪੀੜੀ ਵਿੱਚ ਪੰਜਾਬੀ ਭਾਸ਼ਾ ਦਾ ਸਫਲ ਸੰਚਾਰ ਵੱਡੇ ਦਬਾਵਾਂ ਹੇਠ ਹੈ। [4]

ਕਾਰਕ #2 : ਬੁਲਾਰਿਆਂ ਦੀ ਗਿਣਤੀ

ਅਜਿਹੀ ਕੋਈ ਨਿਸਚਤ ਗਿਣਤੀ ਨਹੀਂ ਹੈ ਜਿਸ ਦੇ ਅਧਾਰ ’ਤੇ ਕਿਸੇ ਭਾਸ਼ਾ ਨੂੰ ਖ਼ਤਮ ਹੋਣ ਦੇ ਖਤਰੇ ਤੋਂ ਖਾਲੀ ਸਮਝ ਲਿਆ ਜਾਵੇ। ਇਹ ਜ਼ਰੂਰ ਹੈ ਕਿ ਬੁਲਾਰਿਆਂ ਦੀ ਵੱਡੀ ਗਿਣਤੀ ਕਿਸੇ ਭਾਸ਼ਾ ਦੇ ਜੀਵਨ ਨੂੰ ਖਤਰਿਆਂ ਤੋਂ ਘਟਾਉਂਦੀ ਹੈ। ਗਿਣਤੀ ਦੇ ਪਰਸੰਗ ਤੋਂ ਵੇਖਿਆ ਜਾਵੇ ਤਾਂ ਪੰਜਾਬੀ ਦੁਨੀਆਂ ਦੀਆਂ ਵੱਡੀਆਂ ਭਾਸ਼ਾਵਾਂ ਵਿਚੋਂ ਹੈ। ਪੰਜਾਬੀ ਦੇ ਬੁਲਾਰਿਆਂ ਦੀ ਅਸਲੀ ਗਿਣਤੀ 13 ਕਰੋੜ ਦੇ ਲਗਭਗ ਹੈ। ਇੰਜ ਪੰਜਾਬੀ ਦੁਨੀਆਂ ਦੀ 10ਵੇਂ ਨੰਬਰ ਦੀ ਭਾਸ਼ਾ ਹੈ। ਸੋ, ਬੁਲਾਰਿਆਂ ਦੀ ਗਿਣਤੀ ਪੰਜਾਬੀ ਭਾਸ਼ਾ ਦੀ ਵੱਡੀ ਤਾਕਤ ਹੈ।

ਕਾਰਕ  #3 : ਕੁੱਲ ਭਾਸ਼ਾਈ ਅਬਾਦੀ ਵਿੱਚ ਬੁਲਾਰਿਆਂ ਦੀ ਗਿਣਤੀ ਦਾ ਅਨੁਪਾਤ

ਕਿਸੇ ਸਮੂਹ ਦੀ ਕੁੱਲ ਅਬਾਦੀ ਵਿਚੋਂ ਕਿੰਨੇ ਲੋਕ ਆਪਣੀ ਭਾਸ਼ਾ ਬੋਲਦੇ ਹਨ ਇਹ ਕਿਸੇ ਭਾਸ਼ਾ ਦੀ ਪ੍ਰਾਣਸ਼ਕਤੀ ਦਾ ਵੱਡਾ ਸੰਕੇਤ ਦੇਂਦਾ ਹੈ। ਪੰਜਾਬੀ ਦੇ ਪਰਸੰਗ ਵਿੱਚ ਕੁੱਲ ਅਬਾਦੀ ਨੂੰ ਦੋ ਤਰਾਂ ਵੇਖਿਆ ਜਾ ਸਕਦਾ ਹੈ। ਇੱਕ ਤਾਂ ਭੂਗੋਲਿਕ ਖੇਤਰ (ਸੂਬੇ ਜਾਂ ਦੇਸ) ਦੀ ਕੁੱਲ ਅਬਾਦੀ ਅਤੇ ਦੂਜੇ ਉਸ ਭੂਗੋਲਿਕ ਖੇਤਰ ਦੀ ਕੁੱਲ ਪੰਜਾਬੀ ਅਬਾਦੀ। ਇੱਥੇ ਕੁੱਲ ਪੰਜਾਬੀ ਅਬਾਦੀ ਦਾ ਭਾਵ ਲਿਆ ਗਿਆ ਹੈ। ਯੂਨੈਸਕੋ ਦੀ ਰਿਪੋਰਟ ਇਸ ਪਰਸੰਗ ਵਿੱਚ ਹੇਠਲਾ ਪੈਮਾਨਾ ਵਰਤਣ ਦਾ ਨਿਰਦੇਸ਼ ਦਿੰਦੀ ਹੈ (ਯੂਨੈਸਕੋ 2003:9):

ਖਤਰੇ ਦਾ ਪੱਧਰ ਦਰਜਾ ਕੁੱਲ ਸਬੰਧਤ ਅਬਾਦੀ ਵਿੱਚ ਬੁਲਾਰਿਆਂ ਦਾ ਅਨੁਪਾਤ
ਕੋਈ ਖਤਰਾ ਨਹੀਂ 5 ਸਾਰੇ (all) ਆਪਣੀ ਭਾਸ਼ਾ ਬੋਲਦੇ ਹਨ।
ਖਤਰਾ ਹੈ 4 ਲਗਭਗ ਸਾਰੇ (nearly all) ਆਪਣੀ ਭਾਸ਼ਾ ਬੋਲਦੇ ਹਨ।
ਗੰਭੀਰ ਖਤਰਾ ਹੈ 3 ਬਹੁਮਤ (a majority) ਆਪਣੀ ਭਾਸ਼ਾ ਬੋਲਦਾ ਹੈ।
ਬਹੁਤ ਗੰਭੀਰ ਖਤਰਾ ਹੈ 2 ਘੱਟ ਗਿਣਤੀ (a minority) ਆਪਣੀ ਭਾਸ਼ਾ ਬੋਲਦੀ ਹੈ।
ਲੋਪ ਹੋਣ ਵਾਲੀ ਹੈ 1 ਬਹੁਤ ਥੋੜੇ (very few) ਆਪਣੀ ਭਾਸ਼ਾ ਬੋਲਦੇ ਹਨ।
ਲੋਪ ਹੋ ਚੁੱਕੀ ਹੈ 0 ਬੋਲਣ ਵਾਲਾ ਕੋਈ ਵੀ ਨਹੀਂ ਰਿਹਾ।

ਉਪਰੋਕਤ ਪੈਮਾਨੇ ’ਤੇ ਪੰਜਾਬੀ ਭਾਸ਼ਾ ਦਾ ਦਰਜਾ ਨਿਸਚਤ ਰੂਪ ਵਿੱਚ ਤਾਂ ਇੱਕ ਵਿਗਿਅਨਕ ਸਰਵੇਖਣ ਤੋਂ ਬਾਅਦ ਹੀ ਅੰਕਿਤ ਕੀਤਾ ਜਾ ਸਕਦਾ ਹੈ ਪਰ ਪਰਭਾਵੀ ਤੌਰ ’ਤੇ ਪੰਜਾਬੀ ਦੀ ਸਥਿਤੀ 4ਥੀ ਤੇ 3ਜੀ ਸਥਿਤੀ ਦੇ ਦਰਮਿਆਨ ਵਾਲੀ ਭਾਸਦੀ ਹੈ।

ਕਾਰਕ #4 : ਭਾਸ਼ਾਈ ਵਰਤੋਂ ਦੇ ਖੇਤਰਾਂ ਵਿੱਚ ਪਰਚਲਨ

ਯੂਨੈਸਕੋ ਦੀ ਰਿਪੋਰਟ ਅਨੁਸਾਰ ਇਹ ਸਥਿਤੀਆਂ ਹੇਠ ਤਰਾਂ ਦੀਆਂ ਹੋ ਸਕਦੀਆਂ ਹਨ (ਯੂਨੈਸਕੋ 2003:10):

ਖਤਰੇ ਦਾ ਪੱਧਰ ਦਰਜਾ

ਭਾਸ਼ਾਈ ਖੇਤਰ ਅਤੇ ਭਾਸ਼ਾਈ ਕਾਰਜ

ਸਰਬਵਿਆਪਕ ਵਰਤੋਂ 5 ਭਾਸ਼ਾ ਦੀ ਵਰਤੋਂ ਸਭ ਖੇਤਰਾਂ (domains) ਅਤੇ ਸਭ ਕਾਰਜਾਂ (functions) ਲਈ ਹੁੰਦੀ ਹੈ।
ਬਹੁਭਾਸ਼ਾਈ ਸਮਾਨਤਾ 4 ਬਹੁਤੇ (most) ਸਮਾਜੀ ਖੇਤਰਾਂ ਅਤੇ ਬਹੁਤੇ ਕਾਰਜਾਂ ਲਈ ਇੱਕ ਤੋਂ ਵੱਧ ਭਾਸ਼ਾਵਾਂ ਦੀ ਵਰਤੋਂ ਹੁੰਦੀ ਹੈ।
ਖੁਰ ਰਹੇ ਖੇਤਰ 3 ਭਾਸ਼ਾ ਦੀ ਵਰਤੋਂ ਪਰਿਵਾਰਕ ਖੇਤਰਾਂ ਅਤੇ ਬਹੁਤ (many) ਕਾਰਜਾਂ ਲਈ ਹੁੰਦੀ ਹੈ ਪਰ ਭਾਰੂ ਭਾਸ਼ਾ ਪਰਿਵਾਰਕ ਖੇਤਰਾਂ ਵਿੱਚ ਵੀ ਦਖਲ ਦੇਣ ਲੱਗੀ ਹੈ।
ਸੀਮਤ ਅਤੇ ਰਸਮੀ ਖੇਤਰ 2 ਭਾਸ਼ਾ ਦੀ ਵਰਤੋਂ ਬਹੁਤ ਹੀ ਸੀਮਤ ਸਮਾਜੀ ਖੇਤਰਾਂ ਅਤੇ ਕਈ (several) ਕਾਰਜਾਂ ਵਾਸਤੇ ਹੁੰਦੀ ਹੈ।
ਬਹੁਤ ਹੀ ਸੀਮਤ ਖੇਤਰ 1 ਭਾਸ਼ਾ ਦੀ ਵਰਤੋਂ ਬਹੁਤ ਹੀ ਸੀਮਤ ਖੇਤਰਾਂ ਵਿੰਚ ਅਤੇ ਕੁਝ ਕੁ (ਵੲਰੇ ਡੲਾ) ਕਾਰਜਾਂ ਲਈ ਹੀ ਹੁੰਦੀ ਹੈ।
ਖਤਮ ਹੋ ਚੁੱਕੀ 0 ਭਾਸ਼ਾ ਦੀ ਵਰਤੋਂ ਕਿਸੇ ਵੀ ਖੇਤਰ ਵਿੱਚ ਅਤੇ ਕਿਸੇ ਵੀ ਕਾਰਜ ਲਈ ਨਹੀਂ ਹੁੰਦੀ।

ਬਹੁਤੇ ਵਿਸਤਾਰ ਵਿੱਚ ਜਾਣ ਤੋਂ ਬਿਨਾਂ ਹੀ ਕਿਹਾ ਜਾ ਸਕਦਾ ਹੈ ਕਿ ਭਾਸ਼ਾਈ ਵਰਤੋਂ ਦੇ ਸਾਰੇ ਖੇਤਰਾਂ ਵਿੱਚ ਪੰਜਾਬੀ ਦੇ ਪਰਚਲਨ ਦੇ ਅਧਾਰ ’ਤੇ ਪੰਜਾਬੀ 3ਜੇ ਦਰਜੇ ’ਤੇ ਆ ਖਲੋਤੀ ਹੈ, ਕਿਉਂਕਿ ਭਾਰਤੀ ਪੰਜਾਬ ਵਿੱਚ ਵੀ ਪਰਿਵਾਰਕ ਹਲਕਿਆਂ ਵਿੱਚ ਹਿੰਦੀ ਅਤੇ ਅੰਗਰੇਜ਼ੀ ਦਾ ਦਖਲ ਵਧ ਰਿਹਾ ਹੈ। ਜੇ ਭਾਰਤੀ ਪੰਜਾਬ ਦੀ ਇਹ ਹਾਲਤ ਹੈ ਜਿੱਥੇ ਪੰਜਾਬੀ ਭਾਸ਼ਾ ਬਾਕੀ ਭੂਗੋਲਿਕ ਖੇਤਰਾਂ ਦੇ ਮੁਕਾਬਲੇ ਬਿਹਤਰ ਸਥਿਤੀ ਵਿੱਚ ਹੈ ਤਾਂ ਦੂਜੇ ਭੁਗੋਲਿਕ ਖੇਤਰਾਂ ਬਾਰੇ ਤਾਂ ਸਥਿਤੀ ਹੋਰ ਵੀ ਚਿੰਤਾਤੁਰ ਹੋਵੇਗੀ।

ਕਾਰਕ #5 : ਨਵੇਂ ਖੇਤਰਾਂ ਅਤੇ ਸੰਚਾਰ ਮਾਧਿਅਮਾਂ ਨੂੰ ਹੰਗਾਰਾ

ਹੇਠਲੀ ਸਾਰਣੀ ਯੂਨੈਸਕੋ ਦੀ ਰਿਪੋਰਟ ਨੂੰ ਰੂਪਮਾਨ ਕਰਦੀ ਹੈ (ਯੂਨੈਸਕੋ 2003:11)। ਨਵੇਂ ਖੇਤਰਾਂ ਤੋਂ ਭਾਵ ਟੈਲੀਵਿਜ਼ਨ, ਇੰਟਰਨੈੱਟ ਆਦਿ ਤੋਂ ਹੈ।

ਖਤਰੇ ਦਾ ਪੱਧਰ ਦਰਜਾ ਨਵੇਂ ਖੇਤਰਾਂ ਅਤੇ ਸੰਚਾਰ ਮਾਧਿਅਮਾਂ ਵਿਚ ਵਰਤੋਂ
ਵਿਕਾਸਸ਼ੀਲ (dynamic) 5 ਭਾਸ਼ਾਈ ਵਰਤੋਂ ਸਾਰੇ ਨਵੇਂ ਖੇਤਰਾਂ ਵਿੱਚ ਹੁੰਦੀ ਹੈ।
ਤਾਕਤਵਰ/ਸਰਗਰਮ (rubust/active) 4 ਭਾਸ਼ਾਈ ਵਰਤੋਂ ਬਹੁਤੇ ਨਵੇਂ ਖੇਤਰਾਂ ਵਿੱਚ ਹੁੰਦੀ ਹੈ।
ਗ੍ਰਹਿਣਸ਼ੀਲ (receptive) 3 ਭਾਸ਼ਾਈ ਵਰਤੋਂ ਬਹੁਤ ਨਵੇਂ ਖੇਤਰਾਂ ਵਿੱਚ ਹੁੰਦੀ ਹੈ।
ਨਜਿੱਠ ਰਹੀ ਹੈ (coping) 2 ਭਾਸ਼ਾ ਦੀ ਵਰਤੋਂ ਕੁਝ ਨਵੇਂ ਖੇਤਰਾਂ ਵਿੱਚ ਹੁੰਦੀ ਹੈ।
ਅਤਿਅੰਤ ਘੱਟ (minimal) 1 ਭਾਸ਼ਾ ਦੀ ਵਰਤੋਂ ਕੇਵਲ ਕੁਝ ਨਵੇਂ ਖੇਤਰਾਂ ਵਿਚ ਹੁੰਦੀ ਹੈ।
ਕਿਰਿਆਹੀਣ (inactive) 0 ਭਾਸ਼ਾ ਦੀ ਵਰਤੋਂ ਕਿਸੇ ਵੀ ਨਵੇਂ ਖੇਤਰ ਵਿੱਚ ਨਹੀਂ ਹੁੰਦੀ।

ਇਹ ਸਹੀ ਹੈ ਕਿ ਪੰਜਾਬੀ ਭਾਸ਼ਾ ਦੀ ਵਰਤੋਂ ਹਰ ਨਵੇਂ ਖੇਤਰ ਵਿੱਚ ਹੋ ਰਹੀ ਹੈ, ਪਰ ਇਥੇ ਵੀ ਹਾਲੇ ਦੂਜੀਆਂ ਭਾਸ਼ਾਵਾਂ, ਅੰਗਰੇਜ਼ੀ ਅਤੇ ਹਿੰਦੀ, ਸਮੁੱਚੇ ਤੌਰ ’ਤੇ ਪੰਜਾਬੀ ਨਾਲੋਂ ਹਾਲੇ ਵਧੇਰੇ ਵਰਤੋਂ ਵਿੱਚ ਹਨ। ਇਸ ਲਈ ਸਥਿਤੀ ਇੱਥੇ ਵੀ ਆਦਰਸ਼ ਨਹੀਂ ਹੈ।

ਕਾਰਕ #6 : ਭਾਸ਼ਾਈ ਸਿੱਖਿਆ ਅਤੇ ਸਾਖਰਤਾ ਲਈ ਸਮੱਗਰੀ

ਸਬੰਧਤ ਰਿਪੋਰਟ ਅਨੁਸਾਰ ਭਾਸ਼ਾਈ ਪ੍ਰਾਣਸ਼ਕਤੀ ਲਈ ਉਸ ਭਾਸ਼ਾ ਰਾਹੀਂ ਸਿੱਖਿਆ ਦਾ ਹੋਣਾ ਅਵੱਸ਼ਕ ਹੈ।’ (ਪੰਨਾ 12)  ਭਾਸ਼ਾਈ ਸਿੱਖਿਆ ਅਤੇ ਸਾਖਰਤਾ ਦੇ ਕਾਰਕ ਦੇ ਅਧਾਰ ’ਤੇ ਯੂਨੈਸਕੋ ਦੀ ਰਿਪੋਰਟ ਕਿਸੇ ਭਾਸ਼ਾ ਦੀ ਤਾਕਤ ਨੂੰ ਅੰਕਣ ਲਈ ਹੇਠਲੀ ਸਾਰਣੀ ਦੇਂਦੀ ਹੈ:

ਦਰਜਾ ਲਿਖਤੀ ਸਮੱਗਰੀ ਦੀ ਹੋਂਦ
5 ਭਾਸ਼ਾ ਦੀ ਕੋਈ ਸਥਾਪਤ ਲਿਪੀ ਅਤੇ ਸਾਹਿਤਕ ਪਰੰਪਰਾ ਹੈ ਅਤੇ ਵਿਆਕਰਣਾਂ, ਸ਼ਬਦ ਕੋਸ਼, ਪੁਸਤਕਾਂ, ਸਾਹਿਤ ਅਤੇ ਰੋਜ਼ਾਨਾ ਸੰਚਾਰ ਮਾਧਿਅਮ ਦੇ ਸਰੋਤ ਹਾਸਲ ਹਨ। ਭਾਸ਼ਾਈ ਲਿਖਤਾਂ ਦੀ ਪ੍ਰਸ਼ਾਸਨ ਅਤੇ ਸਿੱਖਿਆ ਵਿੱਚ ਵਰਤੋਂ ਹੋ ਰਹੀ ਹੈ।
4 ਲਿਖਤੀ ਸਮੱਗਰੀ ਹਾਸਲ ਹੈ ਅਤੇ ਬੱਚੇ ਸਕੂਲਾਂ ਵਿੱਚ ਭਾਸ਼ਾ ਵਿੱਚ ਸਾਖਰਤਾ ਹਾਸਲ ਕਰ ਰਹੇ ਹਨ। ਪ੍ਰਸ਼ਾਸਨ ਵਿੱਚ ਭਾਸ਼ਾ ਦੀ ਵਰਤੋਂ ਨਹੀਂ ਹੁੰਦੀ।
3 ਲਿਖਤੀ ਸਮੱਗਰੀ ਦੀ ਹੋਂਦ ਹੈ ਅਤੇ ਹੋ ਸਕਦਾ ਹੈ ਕਿ ਬੱਚੇ ਸਕੂਲ ਵਿੱਚ ਭਾਸ਼ਾ ਸਾਖਰਤਾ ਹਾਸਲ ਕਰ ਰਹੇ ਹਨ। ਪ੍ਰਕਾਸ਼ਤ ਮਾਧਿਅਮ ਰਾਹੀਂ ਸਾਖਰਤਾ ਦਾ ਵਿਕਾਸ ਨਹੀਂ ਕੀਤਾ ਜਾ ਰਿਹਾ।
2 ਲਿਖਤੀ ਸਮੱਗਰੀ ਦੀ ਹੋਂਦ ਹੈ ਪਰ ਸਮੂਹ ਦੇ ਕੁਝ ਮੈਂਬਰਾਂ ਲਈ ਇਹ ਵਰਤੋਂਯੋਗ ਨਹੀਂ ਹੈ, ਦੂਜਿਆਂ ਲਈ ਇਸ ਦੀ ਹੋਂਦ ਪ੍ਰਤੀਕ ਮਾਤਰ ਹੈ। ਸਬੰਧਤ ਭਾਸ਼ਾ ਵਿੱਚ ਸਾਖਰਤਾ ਸਿੱਖਿਆ ਸਕੂਲ ਦਾ ਹਿੱਸਾ ਨਹੀਂ ਹੈ।
1 ਕੰਮ ਚਲਾਊ ਲਿਪੀ ਹਾਸਲ ਹੈ ਅਤੇ ਕੁਝ ਸਮੱਗਰੀ ਵੀ ਲਿਖੀ ਜਾ ਰਹੀ ਹੈ।
0 ਲਿਪੀ ਦੀ ਹੋਂਦ ਹੀ ਨਹੀਂ ਹੈ।

ਜਿਵੇਂ ਕਿ ਲੇਖ ਦੇ ਸ਼ੁਰੂ ਵਿੱਚ ਕਿਹਾ ਗਿਆ ਹੈ, ਪੰਜਾਬੀ ਦੀ ਸਥਿਤੀ ਦਾ ਮੁਲੰਕਣ ਵੱਖ-ਵੱਖ ਭੂਗੋਲਿਕ ਖੇਤਰਾਂ ਲਈ ਵੱਖਰਾ-ਵੱਖਰਾ ਹੀ ਕੀਤਾ ਜਾ ਸਕਦਾ ਹੈ।

ਵਿਦੇਸ਼ਾਂ ਅਤੇ ਭਾਰਤੀ ਪਾਕਿਸਤਾਨੀ ਪੰਜਾਬਾਂ ਤੋਂ ਬਾਹਰਲੇ ਸੂਬਿਆਂ ਵਿੱਚ (ਦਿੱਲੀ ਅਤੇ ਹਰਿਆਣਾ ਨੂੰ ਛੱਡ ਕੇ) ਪੰਜਾਬੀ ਦੀ ਸਥਿਤੀ 1ਲੇ ਦਰਜੇ ’ਤੇ ਰੱਖੀ ਜਾ ਸਕਦੀ ਹੈ। ਦਿੱਲੀ ਅਤੇ ਹਰਿਆਣੇ ਦੀ ਸਥਿਤੀ 3ਜੇ ਅਤੇ 2ਜੇ ਦਰਜੇ ਦੇ ਵਿਚਕਾਰ ਵਾਲੀ ਹੈ। ਪਾਕਿਸਤਾਨੀ ਪੰਜਾਬ ਵਿੱਚ ਵੀ ਸਥਿਤੀ 1ਲੇ ਦਰਜੇ ’ਤੇ ਹੀ ਹੈ।

ਭਾਰਤੀ ਪੰਜਾਬ ਵਿੱਚ ਸਥਿਤੀ 5ਵੇਂ ਅਤੇ 4ਥੇ ਦਰਜੇ ਦੇ ਵਿਚਕਾਰ ਦੀ ਹੈ ਕਿਉਂਕਿ ਪੰਜਾਬੀ ਨਾਂ ਤਾਂ ਸਾਰੇ ਸਕੂਲਾਂ ਵਿੱਚ ਸਿੱਖਿਆ ਦਾ ਮਾਧਿਅਮ ਹੈ ਅਤੇ ਨਾ ਹੀ ਪ੍ਰਸ਼ਾਸਨ ਵਿੱਚ ਮੁਕੰਮਲ ਤੌਰ ’ਤੇ ਇਸ ਦੀ ਵਰਤੋਂ ਹੋ ਰਹੀ ਹੈ।

ਕਾਰਕ #7 : ਸਰਕਾਰਾਂ ਅਤੇ ਸੰਸਥਾਵਾਂ ਦਾ ਭਾਸ਼ਾ ਵੱਲ ਵਤੀਰਾ ਅਤੇ ਨੀਤੀਆਂ, ਸਰਕਾਰੀ ਰੁਤਬੇ ਅਤੇ ਵਰਤੋਂ ਸਮੇਤ

ਸਰਕਾਰੀ ਅਤੇ ਸੰਸਥਾਈ ਵਤੀਰੇ ਅਤੇ ਨੀਤੀਆਂ ਦੇ ਅਧਾਰ ’ਤੇ ਹੇਠਲੀ ਸਾਰਣੀ ਕਿਸੇ ਭਾਸ਼ਾ ਦੀ ਜੀਵਨ ਸ਼ਕਤੀ ਦਾ ਅਕਸ ਪੇਸ਼ ਕਰਦੀ ਹੈ:

ਸਰਪ੍ਰਸਤੀ ਦਾ ਪੱਧਰ

ਦਰਜਾ

ਭਾਸ਼ਾ ਵੱਲ ਸਰਕਾਰੀ ਵਤੀਰਾ।

ਸਭ ਭਾਸ਼ਾਵਾਂ ਨੂੰ ਬਰਾਬਰ ਸਰਪ੍ਰਸਤੀ 5 ਸਭ ਭਾਸ਼ਾਵਾਂ ਨੂੰ ਸੁਰੱਖਿਆ ਹਾਸਲ ਹੈ।
ਸਰਪ੍ਰਸਤੀ ਬਰਾਬਰ ਨਹੀਂ 4 ਘੱਟ ਗਿਣਤੀ ਭਾਸ਼ਾਵਾਂ ਦੀ ਗੈਰ-ਰਸਮੀ ਖੇਤਰਾਂ ਵਿੰਚ ਹੀ ਰਾਖੀ ਹੋ ਰਹੀ ਹੈ। ਸਬੰਧਤ ਭਾਸ਼ਾ ਦੀ ਵਰਤੋਂ ਨੂੰ ਵਕਾਰ ਹਾਸਲ ਹੈ।
ਚੁਪ-ਚਾਪ ਆਤਮਸਾਤ 3 ਘੱਟ ਗਿਣਤੀ ਭਾਸ਼ਾਵਾਂ ਲਈ ਪ੍ਰਤੱਖ ਨੀਤੀ ਦੀ ਅਣਹੋਂਦ ਹੈ। ਰਸਮੀ ਖੇਤਰਾਂ ਵਿੱਚ ਭਾਰੂ ਭਾਸ਼ਾ ਦਾ ਕਬਜਾ।
ਸਰਗਰਮ ਆਤਮਸਾਤ 2 ਸਰਕਾਰ ਵੱਲੋਂ ਭਾਸ਼ਾ ਦੇ ਭਾਰੂ ਭਾਸ਼ਾ ਵਿੱਚ ਆਤਮਸਾਤ ਹੋਣ ਨੂੰ ਉਤਸਾਹਿਤ ਕੀਤਾ ਜਾਂਦਾ ਹੈ। ਘੱਟ ਗਿਣਤੀ ਭਾਸ਼ਾਵਾਂ ਲਈ ਕੋਈ ਸੁਰੱਖਿਆ ਨਹੀਂ ਹੈ।
ਜਬਰੀ ਆਤਮਸਾਤ 1 ਭਾਰੂ ਭਾਸ਼ਾ ਇਕੱਲੀ ਹੀ ਸਰਕਾਰੀ ਭਾਸ਼ਾ ਹੈ, ਜਦਕਿ ਗੈਰ ਸਰਕਾਰੀ ਭਾਸ਼ਾਵਾਂ ਨੂੰ ਨਾ ਮਾਣਤਾ ਹੈ ਅਤੇ ਨਾ ਹੀ ਸੁਰੱਖਿਆ।
ਮਨਾਹੀ 0 ਘੱਟ ਗਿਣਤੀ ਭਾਸ਼ਾਵਾਂ ਦੀ ਮਨਾਹੀ ਹੈ।

ਸਰਕਾਰੀ ਵਤੀਰੇ ਅਤੇ ਨੀਤੀਆਂ ਦੇ ਅਧਾਰ ’ਤੇ ਪੰਜਾਬੀ ਵੱਖ-ਵੱਖ ਭੂਗੋਲਿਕ ਖੇਤਰਾਂ ਵਿੱਚ ਵੱਖ-ਵੱਖ ਅਵਸਥਾਵਾਂ ਵਿੱਚ ਹੈ। ਵਿਦੇਸ਼ਾਂ ਵਿੱਚ ਜਿੱਥੇ ਵੀ ਗਿਣਨਯੋਗ ਪੰਜਾਬੀ ਅਬਾਦੀ ਹੈ ਉਥੇ ਹੀ ਪੰਜਾਬੀ ਭਾਸ਼ਾ ਨੂੰ ਸਰਕਾਰੀ ਜਾਂ ਸੰਸਥਾਈ ਰੂਪ ਵਿੱਚ ਕੁਝ ਨਾ ਕੁਝ ਸਰਪ੍ਰਸਤੀ ਹਾਸਲ ਹੈ। ਕਨੇਡਾ ਵਿੱਚ ਤਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਦੀ ਵਰਤੋਂ ਨੂੰ ਵਕਾਰ ਵੀ ਹਾਸਲ ਹੈ। ਜਿੱਥੇ-ਜਿੱਥੇ ਪੰਜਾਬੀ ਵੱਡੀ ਗਿਣਤੀ ਵਿੱਚ ਹਨ ਉਹਨਾ ਵਿੱਚੋਂ ਬਹੁਤੇ ਦੇਸ਼ਾਂ ਵਿੱਚ ਭਾਸ਼ਾ ਨੀਤੀਆਂ ਮਾਹਿਰਾਂ ਦੀਆਂ ਪੜਚੋਲਾਂ ਅਤੇ ਰਇਆਂ ’ਤੇ ਅਧਾਰਤ ਹੋਣ ਕਰਕੇ ਸਰਕਾਰੀ ਪੱਧਰ ’ਤੇ ਥੋੜੀ ਜਾਂ ਬਹੁਤੀ ਸਰਪ੍ਰਸਤੀ ਹਾਸਲ ਕੀਤੀ ਜਾ ਸਕਦੀ ਹੈ। ਇੰਜ, ਜਿੱਥੋਂ ਤੱਕ ਸਰਕਾਰੀ ਨੀਤੀਆਂ ਦਾ ਸਵਾਲ ਹੈ, ਵਿਦੇਸ਼ਾਂ ਵਿੱਚ ਪੰਜਾਬੀ ਦੀ ਅਵਸਥਾ 4ਥੇ ਕੁ ਦਰਜੇ ’ਤੇ ਰੱਖੀ ਜਾ ਸਕਦੀ ਹੈ।

ਭਾਰਤ ਅਤੇ ਪਾਕਿਸਤਾਨ ਵਿਚਲੇ ਪੰਜਾਬਾਂ ਤੋਂ ਬਾਹਰਲੇ ਸੂਬਿਆਂ ਵਿੱਚ (ਦੋ-ਤਿੰਨ ਭਾਰਤੀ ਸੂਬਿਆਂ ਨੂੰ ਛੱਡ ਕੇ) ਕਿਸੇ ਵੀ ਸੂਬੇ ਵਿੱਚ ਘੱਟ ਗਿਣਤੀ ਭਾਸ਼ਾਵਾਂ ਲਈ ਕੋਈ ਪ੍ਰਤੱਖ ਸਰਕਾਰੀ ਜਤਨ ਨਜਰ ਨਹੀਂ ਆਉਂਦਾ। ਇੰਜ ਇਹਨਾਂ ਥਾਵਾਂ ’ਤੇ ਪੰਜਾਬੀ ਦੀ ਅਵਸਥਾ ਨੂੰ 2ਜੇ ਦਰਜੇ ’ਤੇ ਸਮਝਣਾ ਹੀ ਠੀਕ ਹੋਵੇਗਾ, ਯਾਨੀ ਕਿ ਵਿਦੇਸ਼ਾਂ ਵਿਚਲੀ ਅਵਸਥਾ ਤੋਂ ਵੀ ਹੇਠਾਂ। ਸਰਕਾਰੀ ਵਤੀਰੇ ਅਤੇ ਨੀਤੀਆਂ ਦੇ ਹਿਸਾਬ ਨਾਲ ਪਾਕਿਸਤਾਨੀ ਪੰਜਾਬ ਵਿੱਚ ਵੀ ਪੰਜਾਬੀ ਦੀ ਅਵਸਥਾ ਵਿਦੇਸ਼ਾਂ ਨਾਲੋਂ ਵੀ ਮਾੜੀ ਹੈ। ਭਾਰੂ ਭਾਸ਼ਾ (ਉਰਦੂ) ਹੀ ਸਰਕਾਰੀ ਕੰਮ ਕਾਜ ਦੀ ਭਾਸ਼ਾ ਹੈ। ਪੰਜਾਬੀ ਨੂੰ ਨਾ ਕੋਈ ਵਿਸ਼ੇਸ਼ ਮਾਣਤਾ ਪ੍ਰਾਪਤ ਹੈ ਅਤੇ ਨਾ ਹੀ ਸੁਰੱਖਿਆ। ਬਲਕਿ ਪੰਜਾਬੀ ਦੀ ਸਰਕਾਰੀ ਖੇਤਰਾਂ ਵਿੱਚ ਵਰਤੋਂ ਦੀ ਮਨਾਹੀ ਹੈ। ਇੰਜ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਵੱਲ ਸਰਕਾਰੀ ਵਤੀਰੇ ਅਤੇ ਨੀਤੀਆਂ ਨੂੰ 1 ਅੰਕ ਤੋਂ ਵੱਧ ਨਹੀਂ ਦਿੱਤਾ ਜਾ ਸਕਦਾ।

ਭਾਰਤੀ ਪੰਜਾਬ ਵਿੱਚ ਵੀ ਪੰਜਾਬੀ ਵੱਲ ਸਰਕਾਰੀ ਖੇਤਰਾਂ ਦਾ ਵਤੀਰਾ ਕੋਈ ਉਤਸਾਹਜਨਕ ਨਹੀਂ ਹੈ। ਸਰਕਾਰੀ ਦਫ਼ਤਰਾਂ ਅਤੇ ਅਦਾਰਿਆਂ ਵਿੱਚ ਪੰਜਾਬੀ ਦੀ ਵਰਤੋਂ ਲਈ ਕਨੂੰਨ ਬਣ ਜਾਣ ਦੇ ਬਾਵਜੂਦ ਵੀ ਇਸ ਨੂੰ ਇਮਾਨਦਾਰੀ ਨਾਲ ਲਾਗੂ ਕਰਾਉਣ ਦੇ ਕੋਈ ਜਤਨ ਨਹੀਂ ਕੀਤੇ ਜਾ ਰਹੇ। ਜੇ ਕੋਈ ਹਿਲਜੁਲ ਹੁੰਦੀ ਵੀ ਹੈ ਤਾਂ ਬੱਸ ਜਨਤਕ ਦਬਾਅ ਹੇਠ।

ਇੱਥੇ ਪਿਛਲੇ ਦਿਨੀ ਵਾਪਰੀ ਇੱਕ ਘਿਰਣਾਯੋਗ ਘਟਨਾ (ਜਿਸਦਾ ਅਖ਼ਬਾਰਾਂ ਵਿੱਚ ਵੇਰਵਾ ਦਿੱਤਾ ਗਿਆ ਸੀ) ਦਾ ਜ਼ਿਕਰ ਹਾਲਤ ਨੂੰ ਸਮਝਣ ਵਿੱਚ ਸਹਾਈ ਹੋਵੇਗਾ।

ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ (ਕਾਂਗਰਸ ਪਾਰਟੀ) ਦੇ ਨੇਤਾ ਸੁਨੀਲ ਜਾਖੜ ਜੀ ਨੇ ਅੰਗਰੇਜ਼ੀ ਵਿੱਚ ਬੋਲਣਾ ਸ਼ੁਰੂ ਕੀਤਾ ਤਾਂ ਇੱਕ ਮਾਣਯੋਗ ਮੈਂਬਰ ਨੇ ਉਹਨਾਂ ਨੂੰ ਪੰਜਾਬੀ ਵਿੱਚ ਬੋਲਣ ਦੀ ਤਾਕੀਦ ਕੀਤੀ। ਸ੍ਰੀ ਸੁਨੀਲ ਜਾਖੜ ਜੀ ਦਾ ਜਵਾਬ ਸੀ ਕਿ ‘ਵਿਧਾਨ ਸਭਾ ’ਚ ਬੈਠੇ ਮੈਂਬਰ ਅੰਗਰੇਜ਼ੀ ਸਮਝ ਸਕਦੇ ਹਨ।’ ਪੰਜਾਬ ਵਿਧਾਨ ਸਭਾ ਦੇ ਸਾਰੇ ਮੈਂਬਰਾਂ ਦੀ ਅੰਗਰੇਜ਼ੀ ਭਾਸ਼ਾ ਵਿੱਚ ਸਮਰੱਥਾ ਕਿੰਨੀ ਕੁ ਹੈ ਇਸ ਸਵਾਲ ’ਚ ਜਾਣ ਦੀ ਤਾਂ ਸਾਨੂੰ ਲੋੜ ਨਹੀਂ ਹੈ, ਪਰ ਸ੍ਰੀ ਸੁਨੀਲ ਜਾਖੜ ਜੀ ਨੂੰ ਇਹ ਪੁੱਛਣਾ ਬਣਦਾ ਹੈ ਕਿ ਪੰਜਾਬ ਵਿਧਾਨ ਸਭਾ ਦੀ ਬੈਠਕ ਵਿੱਚ ਗੱਲ ਪੰਜਾਬੀ ਵਿੱਚ ਬਿਹਤਰ ਸਮਝਾਈ ਜਾ ਸਕਦੀ ਹੈ ਜਾਂ ਅੰਗਰੇਜ਼ੀ ਵਿੱਚ। (ਲੱਗਦਾ ਹੈ ਕਿ ਸੁਨੀਲ ਜਾਖੜ ਜੀ ਸਮਝ ਅਤੇ ਰਾਸ਼ਟਰੀ ਸਵੈਮਾਨ ਦਾ ਸੰਸਕਾਰ ਕਰਕੇ ਪੰਜਾਬ ਵਿਧਾਨ ਸਭਾ ਦੇ ਉਸ ਸਮਾਗਮ ਵਿੱਚ ਦਾਖਲ ਹੋਏ ਸਨ।) ਖੈਰ ! ਇਹ ਘਟਨਾ ਪੰਜਾਬ ਵਿੱਚ ਪੰਜਾਬੀ ਵੱਲ ਪੂਰੇ ਰਾਜਨੀਤਕ ਅਤੇ ਸਰਕਾਰੀ ਵਤੀਰੇ ਦਾ ਸਬੂਤ ਹੈ।

ਜਿੱਥੋਂ ਤੱਕ ਸਰਕਾਰੀ ਨੀਤੀਆ ਦਾ ਸਵਾਲ ਹੈ, ਪੰਜਾਬੀ ਭਾਸ਼ਾ ਪੰਜਾਬ ਦੀ ਰਾਜ ਭਾਸ਼ਾ ਹੈ। ਪਰ ਸਿੱਖਿਆ, ਪ੍ਰਸ਼ਾਸਨ ਅਤੇ ਹੋਰ ਸਰਕਾਰੀ ਖੇਤਰਾਂ ਵਿੱਚ ਅੰਗਰੇਜ਼ੀ ਭਾਸ਼ਾ ਦਾ ਦਖਲ ਮਾਰੂ ਢੰਗ ਨਾਲ ਜਾਰੀ ਹੈ। ਭਾਰੂ ਵਰਗ ਦੇ ਸਭ ਨਿਆਣੇ ਅੰਗਰੇਜ਼ੀ ਮਾਧਿਅਮ ਸਕੂਲਾਂ ਵਿੱਚ ਜਾ ਰਹੇ ਹਨ ਅਤੇ ਸਰਕਾਰੀ ਸਕੂਲਾਂ ਵਿੱਚ ਪੜਾਈ ਦਾ ਭੋਗ ਪੈ ਚੁੱਕਾ ਹੈ। ਇੰਜ, ਨਿਸਚਤ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੀ ਜ਼ਿਕਰਯੋਗ ਸਿਖਲਾਈ ਦਾ ਭੋਗ ਪੈ ਚੁੱਕਾ ਹੈ। ਇਸ ਅਮਲ ਦੇ ਸਿੱਟੇ ਲਗਭਗ ਸਾਹਮਣੇ ਹਨ। ਪੰਜਾਬੀ ਦੀ ਵਰਤਮਾਨ ਨੌਜੁਆਨ ਪੀੜੀ ਵਿਚੋਂ ਪੰਜਾਬੀ ਭਾਸ਼ਾ ਦੀ ਜ਼ਿਕਰਯੋਗ ਮੁਹਾਰਤ ਲਗਭਗ ਖਤਮ ਹੋ ਚੁੱਕੀ ਹੈ। ਇਸ ਦੇ ਸਿੱਖਿਆ, ਗਿਆਨ, ਸਭਿਆਚਾਰ, ਸਾਹਿਤ, ਸੰਚਾਰ ਅਤੇ ਹੋਰ ਖੇਤਰਾਂ ਲਈ ਭਿਆਨਕ ਸਿੱਟੇ ਉਹਨਾਂ ਨੂੰ ਨਜਰ ਆ ਰਹੇ ਹਨ ਜੋ ਵੇਖ ਸਕਦੇ ਹਨ, ਅਤੇ ਉਹ ਕੁਰਲਾ ਵੀ ਰਹੇ ਹਨ।

ਕਿਉਂਕਿ ਮਾਤ ਭਾਸ਼ਾ ਦੀ ਚੰਗੀ ਸਿਖਲਾਈ ਅਤੇ ਮੁਹਾਰਤ ਤੋਂ ਬਿਨਾਂ ਦੂਜੀ ਜਾਂ ਵਿਦੇਸ਼ੀ ਭਾਸ਼ਾ ਵੀ ਸਫ਼ਲਤਾ ਨਾਲ ਨਹੀਂ ਸਿੱਖੀ ਜਾ ਸਕਦੀ, ਇਸ ਲਈ ਇਹ ਕਹਿਣ ਵਿੱਚ ਕੋਈ ਸੰਕੋਚ ਨਹੀਂ ਹੋਣਾ ਚਾਹੀਦਾ ਕਿ ਵਰਤਮਾਨ ਵਿੱਚ ਤਿਆਰ ਕੀਤੀ ਜਾ ਰਹੀ ਪੰਜਾਬੀ ਪੀੜੀ ਭਾਸ਼ਾਈ ਅਪੰਗਾਂ ਦੀ ਪੀੜੀ ਅਖਵਾਏਗੀ ਕਿਉਂਕਿ ਇਸ ਨੂੰ ਕਿਸੇ ਭਾਸ਼ਾ ਵਿੱਚ ਵੀ ਜ਼ਿਕਰਯੋਗ ਮੁਹਾਰਤ ਹਾਸਲ ਨਹੀਂ ਹੋਵੇਗੀ।

ਜਿੱਥੋਂ ਤੱਕ ਸਰਕਾਰੀ ਵਤੀਰੇ ਅਤੇ ਨੀਤੀਆਂ ਨੂੰ ਅੰਕ ਦੇਣ ਦਾ ਸਵਾਲ ਹੈ, ਇਹ ਕਹਿਣਾ ਬਣਦਾ ਹੈ ਕਿ ਸਰਕਾਰੀ ਨੀਤੀਆਂ ਵਿੱਚ ਪੰਜਾਬੀ ਨੂੰ ਸੁਰੱਖਿਆ ਆਦਰਸ਼ ਰੂਪ ਵਿੱਚ ਭਾਵੇਂ ਨਹੀਂ ਪਰ ਹਾਸਲ ਤਾਂ ਹੈ, ਪਰ ਸਰਕਾਰੀ ਵਤੀਰੇ ਕਰਕੇ ਇਹ ਨੀਤੀਆਂ ਠੀਕ ਤਰਾਂ ਅਮਲ ਵਿੱਚ ਨਹੀਂ ਆ ਰਹੀਆਂ। ਇੰਜ, ਭਾਰਤੀ ਪੰਜਾਬ ਵਿੱਚ ਵੀ ਪੰਜਾਬੀ ਦੀ ਸਥਿਤੀ 3 ਤੇ 4 ਅੰਕਾਂ ਦੇ ਵਿਚਕਾਰ ਜਿਹੀ ਹੀ ਹੈ। ਇਥੇ ਇਹ ਵੀ ਗੱਲ ਯਾਦ ਰੱਖਣ ਵਾਲੀ ਹੈ ਕਿ ਉਚੇਰੀ ਸਿੱਖਿਆ ਵਿੱਚ ਵਿਗਿਆਨਾਂ, ਤਕਨੀਕੀ ਵਿਸ਼ਿਆਂ ਅਤੇ ਪੇਸ਼ੇਵਰ ਕੋਰਸਾਂ ਵਿੱਚੋਂ ਪੰਜਾਬ ਵਿੱਚ ਵੀ ਪੰਜਾਬੀ ਦੀ ਮਾਧਿਅਮ ਵੱਜੋਂ ਅਣਹੋਂਦ ਹੈ।

ਕਾਰਕ #8 : ਭਾਸ਼ਾ ਸਮੂਹ ਦਾ ਭਾਸ਼ਾ ਵੱਲ ਵਤੀਰਾ

ਭਾਸ਼ਾ ਕਿਉਂਕਿ ਇਕ ਮਨੁੱਖੀ ਅਮਲ ਹੈ, ਇਸ ਲਈ ਕਿਸੇ ਭਾਸ਼ਾ ਸਮੂਹ ਦਾ ਆਪਣੀ ਭਾਸ਼ਾ ਪ੍ਰਤੀ ਵਤੀਰਾ ਅਤੇ ਜਤਨ ਉਸ ਭਾਸ਼ਾ ਦੇ ਜੀਵਨ, ਸਮਰੱਥਾ, ਤਾਕਤ, ਪਸਾਰ ਅਤੇ ਵਿਕਾਸ ਵਿੱਚ ਨਿਰਣਾਇਕ ਰੋਲ ਅਦਾ ਕਰਦੇ ਹਨ। ਇਹ ਕਹਿਣਾ ਸੱਚਾਈ ਤੋਂ ਦੂਰ ਨਹੀਂ ਕਿ ਕਿਸੇ ਭਾਸ਼ਾ ਦੀ ਬਾਕੀ ਖੇਤਰਾਂ ਵਿੱਚ ਸਥਿਤੀ ਲਈ ਉਸ ਭਾਸ਼ਾ ਸਮੂਹ ਦਾ ਆਪਣੀ ਭਾਸ਼ਾ ਵੱਲ ਵਤੀਰਾ ਫੈਸਲਾਕੁਨ ਰੋਲ ਅਦਾ ਕਰਦਾ ਹੈ। ਕਿਸੇ ਭਾਸ਼ਾ ਸਮੂਹ ਦੇ ਵਤੀਰੇ ਨੂੰ ਯੂਨੈਸਕੋ ਦੀ ਰਿਪੋਰਟ ਹੇਠਲੇ ਵਰਗਾਂ ਵਿੱਚ ਵੰਡਦੀ ਹੈ (ਯੂਨੈਸਕੋ 2003:15):

ਦਰਜਾ

ਭਾਸ਼ਾ ਸਮੂਹ ਦਾ ਭਾਸ਼ਾ ਵੱਲ ਵਤੀਰਾ

5 ਸਾਰੇ ਵਿਅਕਤੀ ਆਪਣੀ ਭਾਸ਼ਾ ਦੀ ਕਦਰ ਕਰਦੇ ਹਨ ਅਤੇ ਇਸ ਦੀ ਤਰੱਕੀ ਵੇਖਣਾ ਚਾਹੁੰਦੇ ਹਨ।
4 ਬਹੁਤੇ ਵਿਅਕਤੀ ਆਪਣੀ ਭਾਸ਼ਾ ਬਰਕਰਾਰ ਰੱਖਣ ਦੀ ਹਮਾਇਤ ਕਰਦੇ ਹਨ।
3 ਬਹੁਤ ਵਿਅਕਤੀ ਆਪਣੀ ਭਾਸ਼ਾ ਬਰਕਰਾਰ ਰੱਖਣ ਦੀ ਹਮਾਇਤ ਕਰਦੇ ਹਨ; ਬਾਕੀ ਜਾਂ ਬੇਪਰਵਾਹ ਹਨ ਜਾਂ ਆਪਣੀ ਭਾਸ਼ਾ ਦੇ ਖਾਤਮੇ ਤੱਕ ਦੀ ਹਮਾਇਤ ਕਰ ਸਕਦੇ ਹਨ।
2 ਕੁਝ ਵਿਅਕਤੀ ਆਪਣੀ ਭਾਸ਼ਾ ਬਰਕਰਾਰ ਰੱਖਣ ਦੀ ਹਮਾਇਤ ਕਰਦੇ ਹਨ; ਬਾਕੀ ਜਾਂ ਬੇਪਰਵਾਹ ਹਨ ਜਾਂ ਆਪਣੀ ਭਾਸ਼ਾ ਦੇ ਖਾਤਮੇ ਤੱਕ ਦੀ ਹਮਾਇਤ ਕਰ ਸਕਦੇ ਹਨ।
1 ਕੇਵਲ ਕੁਝ ਕੁ ਵਿਅਕਤੀ ਆਪਣੀ ਭਾਸ਼ਾ ਬਰਕਰਾਰ ਰੱਖਣ ਦੀ ਹਮਾਇਤ ਕਰਦੇ ਹਨ; ਬਾਕੀ ਜਾਂ ਬੇਪਰਵਾਹ ਹਨ ਜਾਂ ਆਪਣੀ ਭਾਸ਼ਾ ਦੇ ਖਾਤਮੇ ਤੱਕ ਹੀ ਹਮਾਇਤ ਕਰ ਸਕਦੇ ਹਨ।
0 ਕੋਈ ਵੀ ਆਪਣੀ ਭਾਸ਼ਾ ਦੇ ਖਤਮ ਹੋਣ ਦੀ ਪਰਵਾਹ ਨਹੀਂ ਕਰਦਾ; ਸਾਰੇ ਭਾਰੂ ਭਾਸ਼ਾ ਵਰਤਣ ਨੂੰ ਪਹਿਲ ਦੇਂਦੇ ਹਨ।

ਇਹ ਬੜੇ ਫਿਕਰ ਵਾਲੀ ਗੱਲ ਹੈ ਕਿ ਉਪਰੋਕਤ ਕਾਰਕ, ਜਿਹੜਾ ਕਾਰਕ ਭਾਸ਼ਾ ਦੇ ਜੀਵਨ ਅਤੇ ਵਿਕਾਸ ਲਈ ਸਭ ਤੋਂ ਮਹੱਤਵਪੂਰਨ ਹੈ, ਉਸ ਪੱਖੋਂ ਵੀ ਪੰਜਾਬੀ ਦੀ ਅਵਸਥਾ ਉਤਸਾਹ ਪੈਦਾ ਕਰਨ ਵਾਲੀ ਨਹੀਂ ਹੈ।

ਵਿਦੇਸ਼ਾਂ ਵਿੱਚ ਪੰਜਾਬੀਆਂ ਵਿੱਚ ਆਪਣੀ ਭਾਸ਼ਾ ਦੀ ਫਿਕਰਮੰਦੀ ਦਾ ਅਹਿਸਾਸ ਜ਼ਰੂਰ ਨਜ਼ਰ ਆਉਂਦਾ ਹੈ ਅਤੇ ਉਹ ਇਸ ਨੂੰ ਬਰਕਰਾਰ ਰੱਖਣ ਲਈ ਜਤਨਸ਼ੀਲ ਵੀ ਨਜ਼ਰ ਆਉਂਦੇ ਹਨ। ਪਰ ਇਹ ਗੱਲ ਵਿਦੇਸ਼ਾਂ ਵਿੱਚ ਜੰਮੀ-ਪਲੀ ਨਵੀਂ ਪੀੜੀ ਬਾਰੇ ਕਹਿਣੀ ਔਖੀ ਹੈ।

ਭਾਰਤ ਅਤੇ ਪਾਕਿਸਤਾਨ ਵਿੱਚ ਪੰਜਾਬਾਂ ਤੋਂ ਬਾਹਰਲੇ ਸੂਬਿਆਂ ਵਿੱਚ ਪੰਜਾਬੀਆਂ ਵਿੱਚ ਆਪਣੀ ਭਾਸ਼ਾ ਨੂੰ ਬਰਕਰਾਰ ਰੱਖਣ ਦੀ ਇੱਛਾ ਸਾਰੇ ਭਾਸ਼ਾ ਸਮੂਹ ਵਿੱਚ ਇਕਸਾਰ ਨਜ਼ਰ ਨਹੀਂ ਆਉਂਦੀ।

ਸਿੱਖ ਧਾਰਮਿਕ ਹਲਕੇ ਧਾਰਮਿਕ ਕਾਰਣਾਂ ਕਰਕੇ ਪੰਜਾਬੀ ਭਾਸ਼ਾ ਨੂੰ ਬਰਕਰਾਰ ਰੱਖਣ ਲਈ ਹਮਾਇਤ ਕਰਦੇ ਹਨ। ਦੂਜੇ ਹਲਕਿਆਂ ਵਿਚੋਂ ਕੁਝ ਵਿਅਕਤੀ ਹੀ ਹਮਾਇਤੀ ਕਾਰਵਾਈਆਂ ਵਿੱਚ ਲੱਗੇ ਨਜ਼ਰ ਆਉਂਦੇ ਹਨ ਅਤੇ ਸਮੂਹਿਕ ਸਰਗਰਮੀਆਂ ਦੀ ਲਗਭਗ ਅਣਹੋਂਦ ਹੀ ਹੈ।

ਕੁਝ ਸੂਬਿਆਂ ਵਿੱਚ (ਜਿੱਥੇ ਪੰਜਾਬੀ ਦੂਜੀ ਵੱਡੀ ਵਿਣਤੀ ਵਿੱਚ ਮੌਜੂਦ ਹਨ ਜਿਵੇਂ ਦਿੱਲੀ ਅਤੇ ਹਰਿਆਣਾ) ਪੰਜਾਬੀ ਭਾਸ਼ਾ ਲਈ ਕੁਝ ਸਮੂਹਿਕ ਹਮਾਇਤੀ ਕਾਰਵਾਈਆਂ ਵੇਖਣ ਨੂੰ ਮਿਲਦੀਆਂ ਹਨ।

ਪਾਕਿਸਤਾਨੀ ਪੰਜਾਬ ਵਿੱਚ ਵੀ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਸਮੂਹਿਕ ਹਮਾਇਤੀ ਕਾਰਵਾਈਆਂ ਬਹੁਤ ਨਿਗੂਣੀਆਂ ਹਨ ਅਤੇ ਜੋ ਹਨ ਉਹ ਵੀ ਬਹੁਤੀਆਂ ਸਾਹਿਤਕ ਹਲਕਿਆਂ ਤੱਕ ਹੀ ਸੀਮਤ ਲੱਗਦੀਆਂ ਹਨ।

ਇੰਜ, ਭਾਰਤ ਅਤੇ ਪਾਕਿਸਤਾਨ ਵਿੱਚ ਪੰਜਾਬੋਂ ਬਾਹਰਲੇ ਸੂਬਿਆਂ ਵਿੱਚ ਅਤੇ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਦੀ ਅਵਸਥਾ 2 ਅੰਕਾਂ ਵਾਲੀ ਹੀ ਲੱਗਦੀ ਹੈ।

ਭਾਰਤੀ ਪੰਜਾਬ ਦੇ ਪੰਜਾਬੀਆਂ ਦਾ ਪੰਜਾਬੀ ਪ੍ਰਤੀ ਵਤੀਰਾ ਬਿਹਤਰ ਹੈ ਪਰ ਇਥੇ ਲਈ ਵੀ ਚਿੰਤਾ ਤੇ ਕਾਰਣ ਹਨ। ਸੱਤਾ, ਸਮਾਜ ਤੇ ਅਰਥਚਾਰੇ ਵਿੱਚ ਭਾਰੂ ਵਰਗ ਦੀ ਭਾਸ਼ਾ ਹੀ ਭਾਰੂ ਭਾਸ਼ਾ ਹੁੰਦੀ ਹੈ ਅਤੇ ਜਨਸਧਾਰਣ ਉਸੇ ਭਾਸ਼ਾ ਨੂੰ ਵਕਾਰੀ ਭਾਸ਼ਾ ਸਮਝਦਾ ਹੈ। ਪੰਜਾਬ ਦਾ ਭਾਰੂ ਵਰਗ ਵਧੇਰੇ ਤੋਂ ਵਧੇਰੇ ਅੰਗਰੇਜ਼ੀ ਅਤੇ ਕਿਸੇ ਹੱਦ ਤੱਕ ਹਿੰਦੀ ਵੱਲ ਖਿੱਚਿਆ ਜਾ ਰਿਹਾ ਹੈ। ਅੰਗਰੇਜ਼ੀ ਵੱਲ ਖਿੱਚੇ ਜਾਣ ਦਾ ਵੱਡਾ ਕਾਰਣ ਭਾਰੂ ਵਰਗ ਦਾ ਸੁਆਰਥ ਹੈ ਜੋ ਅੰਗਰੇਜ਼ੀ ਭਾਸ਼ਾ ਰਾਹੀਂ ਸਿੱਖਿਆ, ਸੱਤਾ ਅਤੇ ਆਰਥਿਕ ਸਰਗਰਮੀ ਦੇ ਖੇਤਰਾਂ ਵਿੱਚ ਆਪਣੀ ਧੌਂਸ ਕਾਇਮ ਰੱਖਣੀ ਚਾਹੁੰਦਾ ਹੈ। ਚੇਤਨਾ ਦੀ ਘਾਟ ਕਾਰਣ ਜਨਸਧਾਰਣ ਭਾਰੂ ਵਰਗ ਦੀ ਸੱਤਾ ਅਤੇ ਖੁਸ਼ਹਾਲੀ ਦਾ ਇੱਕ ਕਾਰਨ ਅੰਗਰੇਜ਼ੀ ਭਾਸ਼ਾ ਨੂੰ ਸਮਝੀ ਬੈਠਾ ਹੈ। ਭਾਰੂ ਵਰਗ ਦੇ ਸੁਆਰਥ ਦੇ ਨਾਲ-ਨਾਲ ਰਾਜਸੀ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਭਾਸ਼ਾ ਨੀਤੀ ਪ੍ਰਤੀ ਅਗਿਆਨਤਾ ਵੀ ਪੋਹ ਮਹੀਨੇ ਦੀ ਮੱਸਿਆ ਦੀ ਅੱਧੀ ਰਾਤ ਦੇ ਹਨੇਰੇ ਵਾਂਗ ਪੱਸਰੀ ਹੋਈ ਹੈ। ਨਤੀਜੇ ਵੱਜੋਂ ਭਾਰਤੀ ਪੰਜਾਬ ਵਿੱਚ ਵੀ ਪੰਜਾਬੀ ਭਾਸ਼ਾ ਪ੍ਰਤੀ ਵਤੀਰਾ, ਕੁਝ ਕੁ ਚੇਤੰਨ ਹਲਕਿਆਂ ਨੂੰ ਛੱਡ ਕੇ, ਨਿਰਾਸ਼ਾ ਪੈਦਾ ਕਰਨ ਵਾਲਾ ਹੀ ਹੈ।

ਸੋ, ਪੰਜਾਬੀ ਭਾਸ਼ਾ ਦੀ ਤਰੱਕੀ ਦੀ ਇੱਛਾ ਰੱਖਦਿਆਂ ਹੋਇਆਂ ਵੀ, ਭਾਰਤੀ ਪੰਜਾਬ ਦੀ ਅਬਾਦੀ ਪੰਜਾਬੀ ਭਾਸ਼ਾ ਦੇ ਜੀਵਨ ਅਤੇ ਵਿਕਾਸ ਲਈ ਹਮਾਇਤੀ ਸਰਗਰਮੀਆਂ ਵਿੱਚ ਬਹੁਤਾ ਹਿੱਸਾ ਨਹੀਂ ਲੈਂਦੀ। ਇਸ ਤੋਂ ਵੀ ਚਿੰਤਾ ਵਾਲੀ ਗੱਲ ਇਹ ਹੈ ਕਿ ਪੰਜਾਬ ਦਾ ਜਨਸਧਾਰਣ ਵੀ ਅੰਗਰੇਜ਼ੀ ਅਤੇ ਹਿੰਦੀ ਨੂੰ ਪੰਜਾਬੀ ਭਾਸ਼ਾ ਨਾਲੋਂ ਵਕਾਰੀ ਭਾਸ਼ਾਵਾਂ ਕਿਆਸ ਕਰੀ ਬੈਠਾ ਹੈ ਅਤੇ ਪੰਜਾਬ ਵਿੱਚ ਵੀ ਪੰਜਾਬੀ ਪਰਿਵਾਰਾਂ ਵਿੱਚ ਘਰ ਵਿੱਚ ਅੰਗਰੇਜ਼ੀ ਅਤੇ ਹਿੰਦੀ ਬੋਲਣ ਦਾ ਰਿਵਾਜ ਵਾਧੇ ਦੀ ਦਿਸ਼ਾ ਵਿੱਚ ਹੈ। ਅੰਗਰੇਜ਼ੀ ਭਾਸ਼ੀ ਸਕੂਲਾਂ ਵਿੱਚ ਬੱਚਿਆਂ ਨੂੰ ਪੰਜਾਬੀ ਬੋਲਣ ਦੀ ਇਜਾਜ਼ਤ ਨਾ ਹੋਣ ਦਾ ਤੱਥ ਤਾਂ ਹਰ ਕੋਈ ਜਾਣਦਾ ਹੀ ਹੈ।

ਸੋ, ਭਾਰਤੀ ਪੰਜਾਬ ਵਿੱਚ ਵੀ ਪੰਜਾਬੀ ਭਾਸ਼ੀਆਂ ਦਾ ਪੰਜਾਬੀ ਵੱਲ ਵਤੀਰਾ 3-4 ਅੰਕਾਂ ਦੇ ਵਿਚਕਾਰਲੀ ਸਥਿਤੀ ਵਿੱਚ ਹੀ ਹੈ।

ਕਾਰਕ #9 : ਭੰਡਾਰੀਕਰਣ ਦੀ ਕਿਸਮ ਅਤੇ ਗੁਣਵੱਤਾ

ਭਾਸ਼ਾ ਦੇ ਜੀਵਨ ਅਤੇ ਵਿਕਾਸ ਲਈ ਲਿਖਤੀ ਸਮੱਗਰੀ ਦੀ ਮਿਕਦਾਰ, ਕਿਸਮ ਅਤੇ ਗੁਣਵੱਤਾ ਬਹੁਤ ਮਹੱਤਵਪੂਰਨ ਹੈ। ਇਸ ਅਧਾਰ ’ਤੇ ਯੂਨੈਸਕੋ ਦੀ ਰਿਪੋਰਟ ਭਾਸ਼ਾਵਾਂ ਦੀ ਅਵਸਥਾ ਨੂੰ ਹੇਠਲੇ ਪੰਜ ਵਰਗਾਂ ਵਿੱਚ ਵੰਡਦੀ ਹੈ (ਯੂਨੈਸਕੋ 2003:16):

ਭੰਡਾਰੀਕਰਣ ਦਾ ਪੱਧਰ

ਦਰਜਾ

ਭਾਸ਼ਾ ਭੰਡਾਰੀਕਰਣ

ਉੱਤਮ 5 ਵੱਡੇ ਕੋਸ਼ ਅਤੇ ਵਿਆਕਰਣਾਂ ਅਤੇ ਵਿਸਤਰਿਤ ਪਾਠ ਸਮੱਗਰੀ ਹਾਸਲ ਹੈ ਅਤੇ ਭਾਸ਼ਾ ਸਮੱਗਰੀ ਲਗਾਤਾਰ ਪੈਦਾ ਹੋ ਰਹੀ ਹੈ। ਉ¤ਚ ਦਰਜੇ ਦੇ ਅਤੇ ਵੱਡੀ ਪੱਧਰ ’ਤੇ ਸਰਵਣੀ ਅਤੇ ਦਰਸ਼ਨੀ ਸਰੋਤ ਵੇਰਵਿਆਂ ਸਹਿਤ ਹਾਸਲ ਹਨ।
ਚੰਗਾ 4 ਇਕ ਚੰਗਾ ਵਿਆਕਰਣ ਹਾਸਲ ਹੈ; ਲੋੜਯੋਗ ਵਿਆਕਰਣਾਂ, ਕੋਸ਼, ਪਾਠ-ਸਮੱਗਰੀ ਅਤੇ ਸਾਹਿਤ ਹਾਸਲ ਹੈ; ਰੋਜ਼ਾਨਾ ਸੰਚਾਰ ਮਾਧਿਅਮ ਦੇ ਸਾਧਨ ਮੌਜੂਦ ਹਨ, ਅਤੇ ਉ¤ਚੇ ਦਰਜੇ ਦੇ ਅਤੇ ਵੱਡੀ ਪੱਧਰ ’ਤੇ ਸਰਵਣੀ ਅਤੇ ਦਰਸ਼ਨੀ ਸਰੋਤ ਵੇਰਵਿਆਂ ਸਹਿਤ ਹਾਸਲ ਹਨ।
ਸੰਤੋਸ਼ਜਨਕ 3 ਇਕ ਲੋੜਯੋਗ ਜਾਂ ਕਈ ਆਮ ਵਿਆਕਰਣ, ਕੋਸ਼ ਅਤੇ ਪਾਠ ਸਮੱਗਰੀ ਹਾਸਲ ਹੈ ਪਰ ਰੋਜ਼ਾਨਾ ਸੰਚਾਰ-ਮਾਧਿਅਮ ਹਾਸਲ ਨਹੀਂ ਹਨ; ਘੱਟ-ਵੱਧ ਗੁਣਵੱਤਾ ਵਾਲੇ ਅਤੇ ਘੱਟ-ਵੱਧ ਵੇਰਵਿਆਂ ਸਹਿਤ ਸਰਵਣੀ ਅਤੇ ਦਰਸ਼ਨੀ ਸਰੋਤ ਹਾਸਲ ਹੋ ਸਕਦੇ ਹਨ।
ਮਾਮੂਲੀ 2 ਕੁਝ ਵਿਆਕਰਣਕ ਰੂਪ-ਰੇਖਾਵਾਂ, ਸ਼ਬਦ-ਸੂਚੀਆਂ ਅਤੇ ਪਾਠ ਸਮੱਗਰੀ ਹਾਸਲ ਹਨ ਜੋ ਸੀਮਿਤ ਜਿਹੀ ਭਾਸ਼ਾ ਵਿਗਿਆਨਕ ਖੋਜ ਲਈ ਕੰਮ ਸਾਰ ਸਕਦੀਆਂ ਹਨ ਪਰ ਇਹਨਾਂ ਦਾ ਘੇਰਾ ਸੀਮਤ ਜਿਹਾ ਹੈ। ਘੱਟ-ਵੱਧ ਗੁਣਵੱਤਾ ਵਾਲੇ (ਵੇਰਵਿਆਂ ਸਹਿਤ ਜਾਂ ਵੇਰਵਿਆਂ ਤੋਂ ਬਿਨਾਂ) ਸਰਵਣੀ ਅਤੇ ਦਰਸ਼ਨੀ ਸਰੋਤ ਹਾਸਲ ਹਨ।
ਨਾਕਾਫੀ 1 ਕੇਵਲ ਕੁਝ ਕੁ ਵਿਆਕਰਣਕ ਰੂਪ-ਰੇਖਾਵਾਂ, ਸੰਖੇਪ ਸ਼ਬਦ-ਸੂਚੀਆਂ ਅਤੇ ਟੁੱਟੀ-ਫੁੱਟੀ ਪਾਠ ਸਮੱਗਰੀ ਹਾਸਲ ਹੈ। ਸਰਵਣੀ ਅਤੇ ਦਰਸ਼ਨੀ ਸਰੋਤ ਜਾਂ ਹਾਸਲ ਨਹੀਂ ਜਾਂ ਵਰਤੋਂਯੋਗ ਨਹੀਂ ਜਾਂ ਕੋਈ ਵੇਰਵੇ ਨਹੀਂ ਦਿੱਤੇ ਗਏ।
ਕੋਈ ਭੰਡਾਰੀਕਰਣ ਨਹੀਂ 0 ਕਿਸੇ ਸਮੱਗਰੀ ਦੀ ਹੋਂਦ ਨਹੀਂ ਹੈ।

ਹੋਰ ਕਾਰਕਾਂ ਦੇ ਮੁਕਾਬਲੇ ਭੰਡਾਰੀਕਰਣ ਦੇ ਨਜ਼ਰੀਏ ਤੋਂ ਪੰਜਾਬੀ ਭਾਸ਼ਾ ਦੀ ਅਵਸਥਾ ਭਾਰਤ ਵਾਲੇ ਪਾਸੇ ਉਤਸਾਹ ਦੇਣ ਵਾਲੀ ਹੈ। ਪੰਜਾਬੀ ਭਾਸ਼ਾ ਵਿੱਚ ਵੱਡੀ ਮਾਤਰਾ ਵਿੱਚ ਹਵਾਲਾ ਸਮੱਗਰੀ, ਪਾਠ-ਸਮੱਗਰੀ ਅਤੇ ਕਲਾ ਸਮੱਗਰੀ ਹਾਸਲ ਹੈ। ਇਹਨਾਂ ਦੀ ਪੱਧਰ ਭਾਵੇਂ ਦੁਨੀਆਂ ਦੀਆਂ ਵਧੇਰੇ ਪਰਚਲਤ ਭਾਸ਼ਾਵਾਂ ਅੰਗਰੇਜ਼ੀ, ਫਾਰਾਂਸੀਸੀ, ਜਰਮਨ ਆਦਿ ਦੇ ਪੱਧਰ ਦੀ ਤਾਂ ਭਾਵੇਂ ਨਹੀਂ ਹੈ, ਪਰ ਇਹ ਸਮੱਗਰੀ ਪੰਜਾਬੀ ਭਾਸ਼ਾ ਦੀ ਵਰਤੋਂ ਦੀਆਂ ਲੋੜਾਂ ਪੂਰੀਆਂ ਕਰ ਸਕਦੀ ਹੈ। ਵਿਗਿਆਨ ਅਤੇ ਤਕਨਾਲੋਜੀ ਆਦਿ ਦੀ ਉੱਚ ਸਿੱਖਿਆ ਲਈ ਸਮੱਗਰੀ ਦੀ ਘਾਟ ਜ਼ਰੂਰ ਹੈ ਪਰ ਇਹ ਸਮੱਗਰੀ ਥੋੜੇ ਜਤਨ ਨਾਲ ਪੈਦਾ ਕੀਤੀ ਜਾ ਸਕਦੀ ਹੈ ਅਤੇ ਇਸ ਲਈ ਅਧਾਰ ਮੌਜੂਦ ਹੈ।

ਇਹ ਜ਼ਰੂਰ ਚਿੰਤਾ ਵਾਲੀ ਗੱਲ ਹੈ ਕਿ ਸ਼ਬਦਾਵਲੀ ਦੀ ਪੱਧਰ ਤੇ ਭਾਰਤੀ ਪੰਜਾਬੀ ਅਤੇ ਪਾਕਿਸਤਾਨੀ ਪੰਜਾਬੀ ਕਾਫ਼ੀ ਦੂਰ ਹੋ ਗਈਆਂ ਹਨ ਅਤੇ ਇਕ ਪਾਸੇ ਦੀ ਤਕਨੀਕੀ ਸਮੱਗਰੀ ਦੂਜੇ ਪਾਸੇ ਵਰਤਣੀ ਔਖੀ ਹੈ। ਪਾਕਿਸਤਾਨ ਵਾਲੇ ਪਾਸੇ ਪੰਜਾਬੀ ਸਮੱਗਰੀ ਬਹੁਤ ਸੀਮਤ ਮਾਤਰਾ ਵਿੱਚ ਮਿਲਦੀ ਹੈ ਅਤੇ ਉਹ ਵੀ ਵਧੇਰੇ ਸਾਹਿਤਕ ਕਿਸਮ ਦੀ ਹੈ। ਵਿਗਿਆਨ, ਤਕਨਾਲੋਜੀ ਅਤੇ ਸਿੱਖਿਆ ਲਈ ਲੋੜੀਂਦੀ ਸਮੱਗਰੀ ਪਾਕਿਸਤਾਨ ਵਿੱਚ ਵਰਤਮਾਨ ਵਿੱਚ ਬਿਲਕੁਲ ਹੀ ਤਿਆਰ ਨਹੀਂ ਕੀਤੀ ਗਈ।

ਇੰਜ, ਸਮੱਗਰੀ ਦੀ ਹੋਂਦ ਦੇ ਅਧਾਰ ’ਤੇ ਪਾਕਿਸਤਾਨ ਵਿੱਚ ਪੰਜਾਬੀ ਦੀ ਅਵਸਥਾ 2 ਅੰਕਾਂ ਤੋਂ ਵੱਧ ਵਾਲੀ ਨਹੀਂ ਲੱਗਦੀ।
ਭਾਰਤ ਵਿੱਚ ਸਮੱਗਰੀ ਦੀ ਹੋਦ ਦੇ ਅਧਾਰ ’ਤੇ ਪੰਜਾਬੀ ਦੀ ਅਵਸਥਾ 4 ਅਤੇ 5 ਅੰਕਾਂ ਦਰਮਿਆਨ ਰੱਖੀ ਜਾ ਸਕਦੀ ਹੈ।

ਨਿਚੋੜ

ਭਾਸ਼ਾ ਕਿਉਂਕਿ ਸਮਾਜਿਕ ਵਰਤਾਰਾ ਹੈ, ਇਸ ਲਈ ਭਾਸ਼ਾਈ ਮਸਲਿਆਂ ਨੂੰ ਗਣਿਤਕ ਰੂਪ ਵਿੱਚ ਪੇਸ਼ ਕਰਨਾ ਕਠਿਨ ਹੈ। ਪਰ ਹੇਠਲੀ ਸਾਰਣੀ ਪੰਜਾਬੀ ਭਾਸ਼ਾ ਦੀ ਅਵਸਥਾ ਨੂੰ ਸਮਝਣ ਵਿੱਚ ਜ਼ਰੂਰ ਮਦਦ ਕਰ ਸਕਦੀ ਹੈ (ਸਾਰੇ ਅੰਕ ਕੁੱਲ 5 ਅੰਕਾਂ ਵਿੱਚੋਂ ਹਨ):

ਕਾਰਕ ਅੰਕ

ਕਾਰਕ ਦਾ ਨਾਂ

ਭਾਰਤੀ ਪੰਜਾਬ ਪਾਕਿਸਤਾਨੀ ਪੰਜਾਬ

ਭਾਰਤ-ਪਾਕਿ ਦੇ ਹੋਰ ਸੂਬੇ

ਵਿਦੇਸ਼
1 ਪੀੜੀ-ਦਰ-ਪੀੜੀ ਸੰਚਾਰ 4 3 2 2
2 ਬੁਲਾਰਿਆਂ ਦੀ ਗਿਣਤੀ 5 5 3 2
3 ਕੁੱਲ ਅਬਾਦੀ ਵਿਚ ਬੁਲਾਰਿਆਂ ਦਾ ਅਨੁਪਾਤ 4 3 2 2
4 ਭਾਸ਼ਾਈ ਵਰਤੋਂ ਦੇ ਖੇਤਰਾਂ ਵਿੱਚ ਪਰਚਲਨ 3 2 ਭਾਰਤ-2
ਪਾਕਿ-1
1
5 ਨਵੇਂ ਖੇਤਰਾਂ ਅਤੇ ਸੰਚਾਰ ਮਾਧਿਅਮਾਂ ਨੂੰ ਹੰਗਾਰਾ 3.5 1 ਭਾਰਤ-2
ਪਾਕਿ-1
2
6 ਭਾਸ਼ਾਈ ਸਿੱਖਿਆ ਅਤੇ ਸਾਖਰਤਾ ਲਈ ਹਾਸਲ ਸਮੱਗਰੀ 1 1 ਭਾਰਤ-2
ਪਾਕਿ-1
2
7 ਸਰਕਾਰ ਅਤੇ ਸੰਸਥਾਵਾਂ ਦਾ ਭਾਸ਼ਾਈ ਵਤੀਰਾ ਅਤੇ ਨੀਤੀਆਂ 3.5 1 ਭਾਰਤ-2
ਪਾਕਿ-1
4
8 ਭਾਸ਼ਾਈ ਸਮੂਹ ਦਾ ਭਾਸ਼ਾਈ ਵਤੀਰਾ 3.5 2 ਭਾਰਤ-2
ਪਾਕਿ-1
1
9 ਭੰਡਾਰੀਕਰਣ ਦੀ ਕਿਸਮ ਅਤੇ ਗੁਣਵੱਤਾ 4.5 2 ਭਾਰਤ-3
ਪਾਕਿ-1
2
  ਜੋੜ 9×5=45 ਵਿੱਚੋਂ 35.5 20 ਭਾਰਤ-20
ਪਾਕਿ-13
18

ਪੰਜਾਬੀ ਭਾਸ਼ਾ ਦਾ ਭਵਿੱਖ

ਪੰਜਾਬੀ ਭਾਸ਼ਾ ਨੂੰ ਮੋਹ ਕਰਨ ਵਾਲੇ ਕਿਸੇ ਵੀ ਵਿਅਕਤੀ ਲਈ ਇਹ ਅੰਕੜੇ ਬੜਾ ਡਰ ਪੈਦਾ ਕਰਨ ਵਾਲੇ ਹਨ ਕਿਉਂਕਿ ਪੂਰੀ ਤਰਾਂ ਸੁਰੱਖਿਅਤ ਉਹ ਭਾਸ਼ਾ ਹੀ ਕਹੀ ਜਾ ਸਕਦੀ ਹੈ ਜੋ 45ਆਂ ਵਿਚੋਂ 45 ਅੰਕ ਹੀ ਪ੍ਰਾਪਤ ਕਰਦੀ ਹੋਵੇ, ਜਾਂ ਇਸ ਅੰਕੜੇ ਦੇ ਕਰੀਬ ਹੋਵੇ। ਪਾਕਿਸਤਾਨ ਵਿਚ ਪੰਜਾਬੀ ਬੁਲਾਰਿਆਂ ਦੀ ਦੋ-ਤਿਹਾਈ ਗਿਣਤੀ ਵੱਸਦੀ ਹੈ, ਪਰ ਪਾਕਿਸਤਾਨ ਵਿਚ ਪੰਜਾਬੀ ਦੀ ਦਸ਼ਾ ਵਿਦੇਸ਼ਾਂ ਤੋਂ ਵੀ ਮਾੜੀ ਹੈ। ਸੋ, ਜੇ ਪਾਕਿਸਤਾਨ ਵਿਚ ਮੌਜੂਦਾ ਰੁਝਾਨ ਜਾਰੀ ਰਹਿੰਦਾ ਹੈ ਤਾਂ ਉਥੇ ਪੰਜਾਬੀ ਬਹੁਤ ਜ਼ਿਆਦਾ ਦਹਾਕਿਆਂ ਦੀ ਪ੍ਰਾਹੁਣੀ ਨਹੀਂ ਹੈ ਤੇ ਭਾਰਤ ਵਿਚ ਵੀ ਪੰਜਾਬੀ ਨੂੰ ਖਤਰੇ ਤੋਂ ਬਾਹਰ ਨਹੀਂ ਕਿਹਾ ਜਾ ਸਕਦਾ।

ਇਥੇ ਇਹ ਸਵਾਲ ਕੀਤਾ ਜਾ ਸਕਦਾ ਹੈ ਕਿ ਜੇ ਪੰਜਾਬੀ ਸਦੀਆਂ ਤੋਂ ਕਾਇਮ ਹੈ ਤਾਂ ਭਵਿੱਖ ਵਿਚ ਪੰਜਾਬੀ ਨੂੰ ਏਡਾ ਵੱਡਾ ਖਤਰਾ ਕਿਉਂ ਹੈ?

ਅਜਿਹੇ ਸਵਾਲ ਦਾ ਜਵਾਬ ਇਹਨਾਂ ਸਤਰਾਂ ਦਾ ਲੇਖਕ ਆਪਣੇ ਇਕ ਲੇਖ ਵਿਚ ਪਹਿਲਾਂ ਵੀ ਦੇ ਚੁੱਕਾ ਹੈ। ਇਥੇ ਉਹ ਜਵਾਬ ਹੀ ਦੁਹਰਾਇਆ ਜਾ ਰਿਹਾ ਹੈ।

ਭਾਰਤੀ ਉਪ-ਮਹਾਂਦੀਪ ਦੀ ਅਜ਼ਾਦੀ ਤੋਂ ਬਾਅਦ ਦੀ ਭਾਸ਼ਾਈ ਸਥਿਤੀ ਪਹਿਲੇ ਸਮੇਂ ਨਾਲੋ ਬਦਲ ਗਈ ਹੈ। ਸਿੱਖਿਆ, ਪ੍ਰਸ਼ਾਸਨ ਅਤੇ ਸੰਚਾਰ ਮਾਧਿਅਮਾਂ ਦੇ ਸੀਮਤ ਪਸਾਰ ਕਰਕੇ ਅਜ਼ਾਦੀ ਤੋਂ ਪਹਿਲਾ ਭਾਰਤੀ ਉਪਮਹਾਂਦੀਪ ਦੀ ਲਗਭਗ ਸਮੂਹ ਅਬਾਦੀ ਆਪਣੀਆਂ ਮਾਤ ਭਾਸ਼ਾਵਾਂ ਦੇ ਭਾਸ਼ਾਈ ਪਰਸੰਗ ਵਿਚ ਹੀ ਵਿਚਰਦੀ ਸੀ। ਪਰ ਅਜ਼ਾਦੀ ਤੋਂ ਬਾਅਦ ਸਕੂਲੀ ਸਿੱਖਿਆ, ਪ੍ਰਸ਼ਾਸਨ ਅਤੇ ਸੰਚਾਰ ਮਾਧਿਅਮਾਂ ਦਾ ਵੱਡਾ ਪਸਾਰ ਹੋਇਆ ਹੈ (ਭਾਵੇਂ ਪਾਕਿਸਤਾਨ ਵਿਚ ਹਾਲਤ ਮਾੜੀ ਹੀ ਹੈ) ਅਤੇ ਇਸ ਪਸਾਰ ਰਹੀਂ ਪੰਜਾਬੀ ਅਬਾਦੀ ਦਾ ਗੈਰ-ਪੰਜਾਬੀ ਭਾਸ਼ਾਵਾਂ ਨਾਲ ਬਹੁਤ ਵੱਡੇ ਪੱਧਰ ’ਤੇ ਵਾਹ ਪਿਆ ਹੈ। ਅਤੇ, ਮੰਦੇ ਭਾਗੀ ਇਹਨਾਂ ਦੂਜੀਆਂ ਭਾਸ਼ਾਵਾਂ ਨੂੰ ਸਰਕਾਰੇ ਦਰਬਾਰੇ ਮਾਤ-ਭਾਸ਼ਾਵਾਂ ਨਾਲੋਂ ਕਿਧਰੇ ਵੱਡਾ ਰੁਤਬਾ ਹਾਸਲ ਹੈ।

ਪਾਕਿਸਤਾਨ ਦੇ ਜਨਮ ਦਿਨ ਤੋਂ ਹੀ ਪਾਕਿਸਤਾਨ ਨੇ ਤਾਂ ਸਿੱਖਿਆ ਦਾ ਮਾਧਿਅਮ ਕੇਵਲ ਉਰਦੂ ਅਤੇ ਅੰਗਰੇਜ਼ੀ ਨੂੰ ਹੀ ਬਣਾਇਆ ਹੋਇਆ ਹੈ। ਭਾਰਤ ਵਿਚ 80ਵਿਆਂ ਤੱਕ ਹਾਲਤ ਕੁਝ ਠੀਕ ਸੀ ਪਰ 80ਵਿਆਂ ਤੋਂ ਬਾਅਦ ਰਾਜਸੀ ਅਤੇ ਭਾਰੂ ਵਰਗ ਦੀ ਅਕਲ (ਅਤੇ ਨੀਯਤ) ਨੂੰ ਪੁੱਠਾ ਗੇੜਾ ਆ ਗਿਆ ਹੈ। ਮਾਤ ਭਾਸ਼ਾ ਅਤੇ ਸਿੱਖਿਆ ਬਾਰੇ ਦੁਨੀਆਂ ਦੇ ਕਿਸੇ ਵੀ ਸਿਆਣੇ ਦਾ ਇੱਕ ਵੀ ਸ਼ਬਦ ਆਪਣੇ ਕੰਨੀਂ ਅਤੇ ਅੱਖੀਂ ਨਾਂ ਪੈਣ ਦੇਣ ਦੀ ਇਸ ਨੇ ਪੱਕੀ ਸਹੂੰ ਖਾਧੀ ਹੋਈ ਲੱਗਦੀ ਹੈ। ਨਤੀਜੇ ਵੱਜੋਂ ਭਾਰਤ ਵਿੱਚ ਵੀ ਮਾਤ ਭਾਸ਼ਾਵਾਂ ਨੂੰ ਸਿੱਖਿਆ, ਪ੍ਰਸ਼ਾਸਨ, ਆਰਥਿਕ, ਸਮਾਜਿਕ ਅਤੇ ਹੋਰ ਖੇਤਰਾਂ ਵਿੱਚੋਂ ਬਾਹਰ ਕੱਢ ਸੁੱਟਣ ਲਈ ਇਹ ਵਰਗ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਇਹ ਗੱਲ ਮਾੜੀ ਲੱਗ ਸਕਦੀ ਹੈ, ਪਰ ਹੈ ਸੱਚ ਕਿ ਭਾਰਤੀ ਉਪਮਹਾਂਦੀਪ ਦੀਆਂ ਮੌਜੂਦਾ ਮਾਤ ਭਾਸ਼ਾਵਾਂ ਨੂੰ ਜੋ ਮਾਰ ਅਜ਼ਾਦੀ ਤੋਂ ਬਾਅਦ ਪਈ ਹੈ ਉਹ ਪਹਿਲਾਂ ਕਦੇ ਵੀ ਨਹੀਂ ਪਈ। ਗੈਰ ਮਾਤ ਭਾਸ਼ਾਵਾਂ ਨੂੰ ਹਰ ਖੇਤਰ ਵਿਚ ਸਰਦਾਰੀ ਬਖ਼ਸ਼ ਦਿੱਤੀ ਜਾਣ ਕਰਕੇ ਜਨਸਧਾਰਣ ਨੂੰ ਆਪਣੀਆਂ ਭਾਸ਼ਾਵਾਂ ਦੀ ਸ਼ਕਤੀ ’ਤੇ ਵੀ ਸ਼ੱਕ ਹੋਣ ਲੱਗਾ ਹੈ ਅਤੇ ਦਿਮਾਗੀ ਗੁਲਾਮੀ ਅਜ਼ਾਦੀ ਤੋਂ ਪਹਿਲਾਂ ਨਾਲੋਂ ਵੀ ਡੂੰਘੀ ਹੋ ਗਈ ਹੈ। ਜਨਸਧਾਰਣ ਬਹੁਤੇ ਭਾਰੂ ਵਰਗ ਦਾ ਹੀ ਪਿਛਲੱਗ ਹੁੰਦਾ ਹੈ ਅਤੇ ਭਾਰੂ ਵਰਗ ਦਾ ਇਹ ਹਾਲ ਹੈ ਕਿ ਜੇ ਇਸਦਾ ਵੱਸ ਚੱਲੇ ਤਾਂ ਇਹ ਸ਼ਾਇਦ ਆਪਣੇ ਪਿਤਰਾਂ ਦੇ ਨਾਂ ਵੀ ਇੰਜ ਬਦਲ ਲਵੇ ਕਿ ਉਹ ਅੰਗਰੇਜ਼ ਲੱਗਣ ਲੱਗ ਪੈਣ। ਇਹਨਾਂ ਬਦਲੀਆਂ ਹਾਲਤਾਂ ਕਾਰਣ ਹੀ ਹੈ ਕਿ ਭਾਰਤੀ ਉਪਮਹਾਂਦੀਪ ਦੀਆਂ ਵਰਤਮਾਨ ਮਾਤ ਭਾਸ਼ਾਵਾਂ ਪਹਿਲਾਂ ਤਾਂ ਸਦੀਆਂ ਤੋਂ ਜਿਉਂਦੀਆਂ ਅਤੇ ਵਿਗਸਦੀਆਂ ਆ ਰਹੀਆਂ ਹਨ, ਪਰ ਹੁਣ ਉਹਨਾਂ ਨੂੰ ਅੰਗਰੇਜ਼ੀ ਅਤੇ ਹਿੰਦੀ ਗੈਸ ਚੈਂਬਰਾਂ ਵਿਚ ਪਾ ਦਿੱਤਾ ਗਿਆ ਹੈ ਅਤੇ ਇਹਨਾਂ ਦੇ ਲੋਪ ਹੋ ਜਾਣ ਦਾ ਖਤਰਾ ਹਕੀਕਤ ਬਣ ਗਿਆ ਹੈ। ਪਿਆਰੇ ਭਾਰਤੀ ਭਰਾਵੋ ! ਕੀ ਅਜ਼ਾਦੀ ਇਸ ਲਈ ਸੀ ?

ਇਹ ਵੀ ਕਈ ਵਾਰ ਸੁਣਨ ਨੂੰ ਮਿਲਦਾ ਹੈ ਕਿ ਜਿਸ ਭਾਸ਼ਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੀ ਮਹਾਨ ਰਚਨਾ ਵਿਦਮਾਨ ਹੋਵੇ ਜਾਂ ਜਿਸ ਵਿਚ ਸੂਫੀਆਂ ਦਾ ਸੰਦੇਸ਼ ਦਰਜ ਹੋਵੇ ਉਹ ਭਾਸ਼ਾ ਕਦੇ ਨਹੀਂ ਮਰ ਸਕਦੀ। ਇਹ ਆਸ ਚੰਗੀ ਹੈ, ਅਤੇ ਆਸਰਾ ਵੱਡਾ ਹੈ, ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਵੇਦ, ਉਪਨਿਸ਼ਦ ਤੇ ਪੁਰਾਣ ਸੰਸਕ੍ਰਿਤ ਵਿਚ ਰਚੇ ਗਏ ਸਨ। ਪਰ ਫਿਰ ਵੀ ਸੰਸਕ੍ਰਿਤ ਕੇਵਲ ਕਿਤਾਬਾਂ ਵਿਚ ਹੀ ਧਰੀ ਮਿਲਦੀ ਹੈ, ਜਿਨਾਂ ਨੂੰ ਪੜ ਵੀ ਨਿਗੂਣੇ ਵਿਅਕਤੀ ਹੀ ਸਕਦੇ ਹਨ।

ਕੋਈ ਵਿਕਾਸ ਦਰਾਂ ਦਾ ਮੁਦੱਈ ਇਹ ਸਵਾਲ ਵੀ ਕਰ ਸਕਦਾ ਹੈ ਕਿ ਆਖਰ ਮਾਤ ਭਾਸ਼ਾਵਾਂ ਨੂੰ ਬਚਾਉਣ ਦਾ ਲਾਭ ਹੀ ਕੀ ਹੈ? ਵੈਸੇ ਤਾਂ ਇਹ ਸਵਾਲ ਇਹੋ ਜਿਹਾ ਹੀ ਹੈ ਜਿਵੇਂ ਕਿਸੇ ਦੀ ਵਡੇਰੀ ਮਾਂ ਬਿਮਾਰ ਪਈ ਹੋਵੇ ਤੇ ਪੁਛਿੱਆ ਜਾਵੇ ਕਿ ਆਖਰ ਇਸ ਬੁੱਢੀ ਮਾਂ ਨੂੰ ਬਚਾਉਣ ਦਾ ਕੀ ਲਾਭ ਹੈ। ਪਰ ਫਿਰ ਵੀ ਸਵਾਲ ਤਾਂ ਸਵਾਲ ਹੀ ਹੈ ਭਾਵੇਂ ਕਿੰਨਾ ਵੀ ਬੇਹੂਦਾ ਕਿਉਂ ਨਾ ਹੋਵੇ। ਸੋ, ਜਵਾਬ ਦੇਣਾ ਬਣਦਾ ਹੈ। ਜਵਾਬ ਬੜਾ ਸਰਲ ਵੀ ਹੈ। ਅਜਿਹੇ ਪ੍ਰਸ਼ਨਕਰਤਾ ਨੂੰ ਬੱਸ ਸਨਿਮਰ ਬੇਨਤੀ ਹੈ ਕਿ ਆਪਣੀਆਂ ਅੱਖਾਂ ਖੋਲਣ ਦੀ ਕਿਰਪਾਲਤਾ ਕਰਕੇ ਸਾਰੇ ਦੇਸਾਂ ’ਤੇ ਝਾਤੀ ਮਾਰੇ ਕਿ ਮਾਤ ਭਾਸ਼ਾਵਾਂ ਨੂੰ ਮਾਂ ਮੰਨਣ ਵਾਲੇ ਦੇਸ ਦੂਜੀ ਤਰਾਂ ਵਾਲਿਆਂ ਦੇ ਮੁਕਾਬਲੇ ਅੱਗੇ ਹਨ ਜਾਂ ਪਿੱਛੇ। ਜੇ ਸੱਚ-ਮੁੱਚ ਹਿਸਾਬ ਨਾ ਲੱਗਾ ਸੱਕੇ ਤਾਂ ਭਾਸ਼ਾ ਨੀਤੀ ਅਤੇ ਸਿੱਖਿਆ ਦੇ ਕਿਸੇ ਮਾਹਿਰ ਦੇ ਚਾਰ ਸ਼ਬਦ ਵਾਚਣ ਦੀ ਕਿਰਪਾਲਤਾ ਕਰੇ। ਜੇ ਫਿਰ ਵੀ ਸੰਤੁਸ਼ਟੀ ਨਾ ਹੋਵੇ ਤਾਂ ਭਾਰਤ ਵਿਚ ਅੰਗਰੇਜ਼ੀ ਪੜਾਉਣ ਲਈ ਇਗਲੈਂਡ ਦੀ ਸੰਸਥਾ ਬ੍ਰਿਟਿਸ਼ ਕੋਂਸਿਲ ਦੇ ਕਿਸੇ ਦਫ਼ਤਰ ਜਾਵੇ ਅਤੇ ਉਹਨਾਂ ਦੇ ਭਾਸ਼ਾ ਮਾਹਿਰ ਤੋਂ ਪੁੱਛੇ ਕਿ ਵਿਦੇਸ਼ੀ ਭਾਸ਼ਾ (ਇਥੇ ਅੰਗਰੇਜ਼ੀ) ਪਹਿਲਾਂ ਕੁਝ ਸਾਲ ਮਾਤ ਭਾਸ਼ਾ ਮਾਧਿਅਮ ਵਿਚ ਪੜਾਕੇ ਚੰਗੀ ਆਉਂਦੀ ਹੈ ਜਾਂ ਸਿੱਧੇ ਹੀ ਵਿਦੇਸ਼ੀ ਭਾਸ਼ਾ ਦੇ ਖੂਹ ਵਿੱਚ ਸੁੱਟ ਕੇ। ਜੇ ਫੇਰ ਵੀ ਮਨ ਨਾ ਮੰਨੇ (‘ਮੈਂ ਨਾਂ ਮਾਨੂੰ’ ਵਾਲੇ ਦੇ ਮਨ ਨੂੰ ਮਨਾ ਵੀ ਕੌਣ ਸਕਦਾ ਹੈ) ਤਾਂ ਪੰਜਾਬ ਵਿਚ ਥਾਂ-ਥਾਂ ’ਤੇ ਰਾਹਾਂ ਵਿਚ ਭਾਖੜਾ ਆਉਂਦੀ ਹੈ, ਉਥੇ ਪਹੁੰਚ ਜਾਏ। ਉਸ ਵਿਚ ਮਰਨਾ ਬੜਾ ਸੌਖਾ ਹੈ। ਨਾਲੇ, ਧਰਤੀ ਮਾਂ ਦਾ ਕੁਝ ਭਾਰ ਤਾਂ ਹੌਲਾ ਹੋਵੇਗਾ। ਹਾਂ, ਇਹ ਗਰੰਟੀ ਨਹੀਂ ਦਿੱਤੀ ਜਾ ਸਕਦੀ ਕਿ ਪ੍ਰਸ਼ਨਕਰਤਾ ਦੇ ਨਿਆਣੇ ਅੰਗਰੇਜ਼ੀ ਵਿਚ ਧਾਹਾਂ ਮਾਰਨਗੇ।

ਜਾਂਦੇ-ਜਾਂਦੇ ਕੁਝ ਨੁਕਤੇ ਹੋਰ। ਇਸ ਲੇਖ ਵਿਚ ਯੂਨੈਸਕੋ ਦੀ ਅਜਿਹੀ ਰਿਪੋਰਟ ਨੂੰ ਪੜਚੋਲ ਦਾ ਅਧਾਰ ਬਣਾਇਆ ਗਿਆ ਹੈ ਜੋ ਭਾਸ਼ਾਵਾਂ ਦੇ ਲੋਪ ਹੋਣ ਦੇ ਖਤਰੇ ਦੇ ਲੱਛਣਾਂ ਦਾ ਲੇਖਾ-ਜੋਖਾ ਕਰਦੀ ਹੈ। ਪੰਜਾਬੀ ਜਿਹੀ ਵੱਡੀ ਭਾਸ਼ਾ ਦੇ ਵਾਰਸਾਂ ਨੂੰ ਤਾਂ ਇਸ ਸਵਾਲ ’ਤੇ ਚਰਚਾ ਕਰਨ ਦੀ ਲੋੜ ਪੈ ਜਾਣ ’ਤੇ ਵੀ ਉਦਾਸੀ ਹੋਣੀ ਚਾਹੀਦੀ ਹੈ। ਪੰਜਾਬੀ ਭਾਸ਼ਾਈਆਂ ਲਈ ਤਾਂ ਲੋੜ ਇਸ ਸਵਾਲ ’ਤੇ ਚਰਚਾ ਕਰਨ ਦੀ ਹੋਣੀ ਚਾਹੀਦੀ ਹੈ ਕਿ ਪੰਜਾਬੀ ਨੂੰ ਅੰਗਰੇਜ਼ੀ ਫਰਾਂਸੀਸੀ, ਜਰਮਨ, ਚੀਨੀ, ਅਰਬੀ, ਸਪੇਨੀ ਜਿਹੀਆਂ ਵਧੇਰੇ ਚਰਚਿਤ ਭਾਸ਼ਾਵਾਂ ਦੇ ਹਾਣ ਦਾ ਵਰਤਮਾਨ ਵਿਚ ਕਿਵੇਂ ਬਣਾਇਆ ਜਾਵੇ। ਇਹ ਬੜੇ ਥੋੜੇ ਸਾਂਝੇ ਜਤਨਾਂ ਨਾਲ ਸੰਭਵ ਹੈ। ਲੋੜ ਬੱਸ ਇਸ ਲਈ ਕਾਇਲ ਹੋਣ ਦੀ ਹੈ। ਇੰਟਰਨੈੱਟ ਅਤੇ ਕੰਪਿਊਟਰ ਤਕਨਾਲੋਜੀ ਨੇ ਹਰ ਭਾਸ਼ਾ ਦੇ ਬੁਲਾਰਿਆਂ ਦੇ ਹੱਥ ਵਿਚ ਅਜਿਹਾ ਸ਼ਸਤਰ ਦੇ ਦਿੱਤਾ ਹੈ ਕਿ ਕਿਸੇ ਵੀ ਭਾਸ਼ਾ ਨੂੰ ਪਹਿਲਾਂ ਨਾਲੋਂ ਕਿਧਰੇ ਥੋੜੇ ਜਤਨਾਂ ਨਾਲ ਉਚਾਣਾਂ ਤੇ ਪਹੁੰਚਾਇਆ ਜਾ ਸਕਦਾ ਹੈ। ਇਥੇ ਹਿਬਰਿਊ ਭਾਸ਼ਾ ਦੀ ਮਿਸਾਲ ਉਤਸਾਹ ਦੇਣ ਵਾਲੀ ਹੈ। ਬਾਈਬਲ ਦੀ ਭਾਸ਼ਾ ਹਿਬਰਿਊ ਬੋਲ-ਚਾਲ ਚੋਂ ਲੋਪ ਹੋ ਚੁੱਕੀ ਭਾਸ਼ਾ ਸੀ। ਪਰ ਯਹੂਦੀ ਸਮੂਹ ਨੇ ਸਕੂਲਾਂ ਵਿੱਚ ਆਪਣੇ ਸਧਾਰਣ ਜਿਹੇ ਜਤਨਾਂ ਨਾਲ ਇਸ ਨੂੰ ਜਿਉਂਦੀ ਜਾਗਦੀ ਭਾਸ਼ਾ ਬਣਾ ਦਿੱਤਾ ਹੈ। ਇਵੇਂ ਹੀ ਯੂਨੈਸਕੋ ਨੇ ਆਪਣੇ ਜਤਨਾਂ ਨਾਲ ਕਈ ਹੋਰ ਭਾਸ਼ਾਵਾਂ ਨੂੰ ਲੋਪ ਹੋਣ ਤੋਂ ਬਚਾਕੇ ਵਿਕਾਸ ਦੇ ਰਾਹ ਪਾ ਦਿੱਤਾ ਹੈ। ਮੇਘਾਲਿਆ ਦੀ ਇੱਕ ਭਾਸ਼ਾ ਖਾਸੀ ਜੋ ਇੱਕ ਵੇਲੇ ਯੂਨੈਸਕੋ ਦੀ ‘ਖਤਰੇ ਹੇਠਲੀਆਂ ਭਾਸ਼ਾਵਾਂ ਦੀ ਸੂਚੀ’ ਵਿੱਚ ਸ਼ਾਮਲ ਸੀ ਹੁਣ ਉਸ ਸੂਚੀ ਚੋਂ ਕੱਢ ਲਈ ਗਈ ਹੈ। ਇਸ ਦਾ ਵੱਡਾ ਕਾਰਣ ਮੇਘਾਲਿਆ ਸਰਕਾਰ ਵੱਲੋਂ ਖਾਸੀ ਨੂੰ ਸਰਕਾਰੀ ਕੰਮ ਕਾਜ ਦੀਆਂ ਭਾਸ਼ਾਵਾਂ ਵਿੱਚ ਸ਼ਾਮਲ ਕਰਨ ਕਰਕੇ ਹੋਇਆ ਹੈ। ਇਸ ਦੇ ਨਤੀਜੇ ਵੱਜੋਂ ਖਾਸੀ ਦੀ ਵਰਤੋਂ ਭਿੰਨ-ਭਿੰਨ ਖੇਤਰਾਂ (ਜਿਵੇਂ ਸਕੂਲੀ ਸਿੱਖਿਆ, ਰੇਡੀਓ, ਟੈਲੀਵਿਜ਼ਨ ਆਦਿ) ਵਿੱਚ ਹੋਣ ਲੱਗੀ ਹੈ ਅਤੇ ਇਹ ਜੀਵੰਤ ਭਾਸ਼ਾ ਬਣ ਗਈ ਹੈ।

ਇਹ ਵੀ ਬੇਨਤੀ ਹੈ ਕਿ ਯੂਨੈਸਕੋ ਦੀ ਰਿਪੋਰਟ ਦੀ ਦੁਹਾਈ ਨੂੰ ਸ਼ੇਰ-ਸ਼ੇਰ ਹੀ ਨਾ ਸਮਝ ਲਿਆ ਜਾਵੇ। ਮੇਰੀ ਜਾਚੇ ਜੇ ਇਸ ਰਿਪੋਰਟ ਦੇ ਅਧਾਰਾਂ ’ਤੇ ਪੰਜਾਬੀ ਦੀ ਕੋਈ ਚਾਰ ਦਹਾਕੇ ਪਹਿਲਾਂ ਦੀ ਅਵਸਥਾ ਨੂੰ ਆਂਕਿਆ ਜਾਵੇ ਤਾਂ ਪੰਜਾਬੀ ਅੱਜ ਦੇ ਮੁਲੰਕਣ ਨਾਲੋਂ ਵਧੇਰੇ ਅੰਕ ਪ੍ਰਾਪਤ ਕਰੇਗੀ। ਇਹ ਸਬੂਤ ਹੀ ਇਹ ਜਾਣਨ ਲਈ ਕਾਫੀ ਹੈ ਕਿ ਪੰਜਾਬੀ ਭਾਸ਼ਾ ਦੀ ਦਿਸ਼ਾ ਕਿੱਧਰ ਨੂੰ ਹੈ, ਵਿਨਾਸ਼ ਵੱਲ ਜਾਂ ਵਿਕਾਸ ਵੱਲ। ਪੰਜਾਬੀ ਦੇ ਲੋਪ ਹੋ ਜਾਣ ਦੇ ਡਰ ਦਾ ਜ਼ਿਕਰ ਹੀ ਆਪਣੇ ਆਪ ਵਿਚ ਸਬੂਤ ਹੈ ਕਿ ਡਰ ਪੈਦਾ ਕਰਨ ਵਾਲੇ ਸੰਕੇਤ ਮੌਜੂਦ ਹਨ। ਧਿਆਨ ਵਿਚ ਰੱਖਣ ਵਾਲੀ ਸਚਾਈ ਇਹ ਹੈ ਕਿ ਯੂਨੈਸਕੋ ਵੱਲੋਂ ਦੱਸੇ 9 ਕਾਰਕਾਂ ਵਿਚੋਂ ਕੇਵਲ ਇੱਕ ਕਾਰਕ (ਬੁਲਾਰਿਆਂ ਦੀ ਗਿਣਤੀ) ਹੀ ਅਜਿਹਾ ਕਾਰਕ ਹੈ ਜਿਸ ਦੇ ਅਧਾਰ ’ਤੇ ਪੰਜਾਬੀ ਖਤਰੇ ਤੋਂ ਬਾਹਰ ਕਹੀ ਜਾ ਸਕਦੀ ਹੈ। ਪਰ ਮੁਕੰਮਲ ਮੁਲੰਕਣ ਕੇਵਲ ਇੱਕ ਕਾਰਕ ਤੇ ਅਧਾਰ ’ਤੇ ਨਹੀਂ ਕੀਤਾ ਜਾ ਸਕਦਾ।

ਇਸ ਲੇਖ ਦਾ ਮਕਸਦ ਕੋਈ ਅਕੱਟ ਨਿਰਣੇ ਦੇਣਾ ਵੀ ਨਹੀਂ ਹੈ। ਭਾਸ਼ਾ ਇਕ ਸਮਾਜਿਕ ਵਰਤਾਰਾ ਹੈ ਅਤੇ ਇਸ ਬਾਰੇ ਅੰਦਾਜਿਆਂ ਵਿਚ ਅੰਤਰਮੁਖਤਾ ਦੇ ਕੁਝ ਤੱਤ ਸ਼ਾਮਲ ਹੋਣਾ ਸੁਭਾਵਕ ਹੈ। ਇਸ ਲੇਖ ਵਿਚਲੇ ਅੰਦਾਜੇ ਉਹਨਾਂ ਸਥਿਤੀਆਂ ਬਾਰੇ ਵੀ ਹਨ ਜਿਨਾਂ ਤੱਕ ਸਿੱਧੀ ਪਹੁੰਚ ਜਾਂ ਜਾਣਕਾਰੀ ਹਾਸਲ ਨਹੀਂ ਹੈ (ਮਿਸਾਲ ਲਈ ਪਾਕਿਸਤਾਨ ਦੇ ਵੱਖ-ਵੱਖ ਖੇਤਰਾਂ ਵਿੱਚ ਪੰਜਾਬੀ ਦੀ ਸਥਿਤੀ)। ਇਸ ਲਈ ਲੋੜ ਹੈ ਕਿ ਯੂਨੈਸਕੋ ਵਲੋਂ ਪੇਸ਼ ਕਾਰਨਾਂ ਦੇ ਅਧਾਰ ’ਤੇ ਪੰਜਾਬੀ ਭਾਸ਼ਾ ਦੀ ਅਵਸਥਾ ਦਾ ਹੋਰ ਗਹਿਨ ਅਤੇ ਵਿਸਤਾਰ ਸਹਿਤ ਮੁਲੰਕਣ ਕੀਤਾ ਜਾਵੇ। ਇਹ ਸੁਝਾਅ ਵੀ ਠੀਕ ਹੋਵੇਗਾ ਕਿ ਭਾਸ਼ਾ ਮਾਹਿਰ ਅਤੇ ਪੰਜਾਬੀ ਭਾਸ਼ਾ ਦੇ ਮਾਹਿਰ ਜੁੜ ਬਹਿ ਕੇ ਸਬੰਧਤ ਮੁੱਦਿਆਂ ’ਤੇ ਡੂੰਘੀ ਵਿਚਾਰ-ਚਰਚਾ ਕਰਕੇ ਰਾਇ ਬਣਾਉਣ, ਜੋ ਪੰਜਾਬੀਆਂ ਨੂੰ ਇਹਨਾਂ ਸਵਾਲਾਂ ਬਾਰੇ ਸਪਸ਼ਟਤਾ ਪ੍ਰਦਾਨ ਕਰੇ। ਇਹ ਸਪਸ਼ਟਤਾ ਪੰਜਾਬੀ ਭਾਸ਼ਾ ਲਈ ਲੋੜੀਂਦੇ ਹੀਲਿਆਂ ਦਾ ਮੁੱਢ ਬੰਨਣ ਵਿੱਚ ਸਹਾਈ ਹੋਵੇਗੀ। ਇਹ ਇੱਕ ਸਚਾਈ ਹੈ ਕਿ ਪੰਜਾਬੀ ਨੂੰ ਦਿਨੋ-ਦਿਨ ਵੱਡਾ ਖੋਰਾ ਲੱਗ ਰਿਹਾ ਹੈ। ਭਾਸ਼ਾ ਦਾ ਇਤਿਹਾਸ ਇਹ ਦੱਸਦਾ ਹੈ ਕਿ ਜੇ ਕਿਸੇ ਭਾਸ਼ਾ ਨੂੰ ਖੋਰਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਉਹ ਉਸੇ ਦਿਨ ਤੋਂ ਹੀ ਲੋਪ ਹੋਣ ਦੇ ਖਤਰੇ ਦੀ ਸੀਮਾ ਵਿਚ ਦਾਖਲ ਹੋ ਜਾਂਦੀ ਹੈ, ਇਸ ਲੋਪ ਹੋਣ ਦੀ ਪਰਕਿਰਿਆ ਵਿਚ ਸਮਾਂ ਭਾਵੇਂ ਕਿਨਾਂ ਵੀ ਲੱਗ ਜਾਵੇ। ਪਰ ਸਾਡਾ ਟੀਚਾ ਪੰਜਾਬੀ ਨੂੰ ਕੇਵਲ ਲੋਪ ਹੋਣ ਤੋਂ ਬਚਾਉਣ ਦਾ ਨਹੀਂ ਹੋਣਾ ਚਾਹੀਦਾ। ਸਾਡਾ ਟੀਚਾ ਪੰਜਾਬੀ ਨੂੰ ਏਨਾ ਵਿਕਸਤ ਕਰਨ ਦਾ ਹੋਣਾ ਚਾਹੀਦਾ ਹੈ ਜਿੰਨਾ ਕਿਸੇ ਭਾਸ਼ਾ ਦਾ ਵਿਕਾਸ ਕਿਸੇ ਭਾਸ਼ਾ ਸਮੂਹ ਦੀ ਸਮਾਜਕ, ਆਰਥਕ, ਮਾਨਸਕ ਅਤੇ ਸੱਭਚਿਆਚਾਰਕ ਆਦਿ ਵਿਕਾਸ ਲਈ ਅਵੱਸ਼ ਹੈ। ਅਤੇ, ਇਹਨਾਂ ਖੇਤਰਾਂ ਵਿਚ ਮਾਤ ਭਾਸ਼ਾ ਨੂੰ ਅਧਾਰ ਬਣਾਏ ਬਗੈਰ ਚੰਗਾ ਵਿਕਾਸ ਨਹੀਂ ਹੋ ਸਕਦਾ। ਇਸ ਲਈ ਆਓ ਹਰ ਇੱਕ ਪੰਜਾਬੀ ਇਸ ਸੋਚ ਦਾ ਧਾਰਣੀ ਬਣੀਏਂ ਅਤੇ ਪੰਜਾਬੀ ਨੂੰ ਵਿਕਸਤ ਤੋਂ ਵਿਕਸਤ ਭਾਸ਼ਾ ਦੇ ਹਾਣ ਦਾ ਬਣਾਉਣ ਲਈ ਬਣਦਾ ਯੋਗਦਾਨ ਪਾਈਏ। ਜੈ ਮਾਂ ਬੋਲੀ !

ਜੋਗਾ ਸਿੰਘ, ਐਮ.ਏ., ਐਮ.ਫਿਲ., ਪੀ-ਐਚ.ਡੀ. (ਯੌਰਕ, ਯੂ.ਕੇ)
ਪ੍ਰੋਫੈਸਰ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ
ਡਾਇਰੈਕਟਰ, ਸੈਂਟਰ ਫਾਰ ਡਾਇਸਪੋਰਾ ਸਟੱਡੀਜ਼
ਪੰਜਾਬੀ ਯੂਨੀਵਰਸਿਟੀ, ਪਟਿਆਲਾ - 147 002 (ਪੰਜਾਬ) - ਭਾਰਤ।
ਕਾਮਨਵੈਲਥ ਵਜੀਫਾ ਪ੍ਰਾਪਤ (1990-1993)

ਜੇਬੀ: +91-9915709582  ਘਰ: +91-175-2281582  ਦਫ: +91-175-304-6511/6241
ਬਿਜ-ਡਾਕ: jogasinghvirk@yahoo.co.in

ਹਵਾਲੇ ਅਤੇ ਟਿੱਪਣੀਆਂ
1. Unesco. 2003. Language Vitality and Endangerment. Paris.
2. ਇਸ ਸਬੰਧੀ ਹੋਰ ਵੇਖੋ:
ੳ) ਸੁਖਵਿੰਦਰ ਸਿੰਘ ਸੰਘਾ. 2008. ਪੰਜਾਬੀ ਭਾਸ਼ਾ ਅਤੇ ਭਾਸ਼ਾ ਸੰਕਟ. ਆਲੋਚਨਾ 54-63.
ਅ) ਜੋਗਾ ਸਿੰਘ (ਸੰਪਾ). 2008. ਆਲੋਚਨਾ (ਭਾਸ਼ਾ ਨੀਤੀ ਵਿਸ਼ੇਸ਼ ਅੰਕ). ਲੁਧਿਆਣਾ: ਪੰਜਾਬੀ ਸਾਹਿਤ ਅਕਾਡਮੀ
3. ਇਸ ਲੇਖ ਵਿਚ ਯੂਨੈਸਕੋ ਦੀ ਉਪਰੋਕਤ ਪੁਸਤਕ ਵਿਚੋਂ ਵੱਡੇ ਪੱਧਰ ’ਤੇ ਮਦਦ ਅਤੇ ਟੂਕਾਂ ਲਈਆਂ ਗਈਆਂ ਹਨ। ਸਾਰੀਆਂ ਸਾਰਣੀਆਂ ਯੂਨੈਸਕੋ ਦੀ ਰਿਪੋਰਟ ਵਿਚੋਂ ਹੀ ਹਨ। ਲੇਖਕ ਇਸ ਲਈ ਯੂਨੈਸਕੋ ਦਾ ਧੰਨਵਾਦ ਕਰਦਾ ਹੈ।
4.  ਵੱਖ ਵੱਖ ਕਾਰਕਾਂ ਦੇ ਅਧਾਰ ’ਤੇ ਪੰਜਾਬੀ ਦੇ ਸਮੁਚੇ ਅੰਕਗਣਿਤ ਮੁਲੰਕਣ ਲਈ ਇਸ ਲੇਖ ਦਾ ਨਿਚੋੜ ਭਾਗ  (ਪੰਨਾ 23) ਵੇਖੋ.
੦੫/੦੪/੨੦੧੩

  ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2013, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2013, 5abi.com