|
|
ਜ਼ਿੰਦਾ ਰਹਿਣ ਲਈ ਹਰ ਇਕ ਇਨਸਾਨ ਨੂੰ ਹਵਾ, ਪਾਣੀ, ਖੁਰਾਕ ਆਦਿ ਦੀ ਲੋੜ ਪੈਂਦੀ ਹੈ।
ਇਸ ਲਈ ਸਾਨੂੰ ਇਹ ਲਗ ਸਕਦਾ ਹੈ ਕਿ ਜਦੋਂ ਹਵਾ, ਪਾਣੀ ਅਤੇ ਖੁਰਾਕ ਉਪਜਾਉਣ ਦੇ ਸਾਧਨ
(ਧਰਤੀ, ਸਮੁੰਦਰ ਆਦਿ) ਪ੍ਰਦੂਸ਼ਤ ਹੁੰਦੇ ਹਨ ਜਾਂ ਉਹਨਾਂ ਦਾ ਨੁਕਸਾਨ ਹੁੰਦਾ ਹੈ
(ਭਾਵ ਜਦੋਂ ਵਾਤਾਵਰਨ ਦਾ ਨੁਕਸਾਨ ਹੁੰਦਾ ਹੈ) ਤਾਂ ਇਸ ਕਾਰਨ ਸਾਰੇ ਇਨਸਾਨਾਂ
(ਅਮੀਰਾਂ ਅਤੇ ਗਰੀਬਾਂ) `ਤੇ ਇਕੋ ਜਿਹਾ ਅਸਰ ਪੈਂਦਾ ਹੈ। ਪਰ ਇਸ ਗੱਲ ਵਿੱਚ ਪੂਰੀ
ਸਚਾਈ ਨਹੀਂ। ਅਮੀਰ ਲੋਕਾਂ ਦੇ ਮੁਕਾਬਲੇ ਗਰੀਬ ਅਤੇ ਨਿਤਾਣੇ ਲੋਕਾਂ ਨੂੰ ਵਾਤਾਵਰਨ
ਦੇ ਨੁਕਸਾਨ ਦੀ ਮਾਰ ਵੱਧ ਝੱਲਣੀ ਪੈਂਦੀ ਹੈ। ਵਾਤਾਵਰਨ ਦੇ ਨੁਕਸਾਨ ਕਾਰਨ ਪੈਦਾ ਹੋ
ਰਹੀਆਂ ਸਥਿਤੀਆਂ ਗਰੀਬਾਂ ਦੀ ਪਹਿਲਾਂ ਹੀ ਮੁਸ਼ਕਿਲਾਂ ਭਰੀ ਜ਼ਿੰਦਗੀ ਨੂੰ ਹੋਰ ਦੁੱਭਰ
ਅਤੇ ਤਕਲੀਫਦੇਹ ਬਣਾ ਦਿੰਦੀਆਂ ਹਨ। ਇਸ ਦੇ ਨਾਲ ਹੀ ਉਹਨਾਂ ਕੋਲ ਅਮੀਰ ਅਤੇ
ਸਰਦੇ-ਪੁੱਜਦੇ ਲੋਕਾਂ ਦੇ ਮੁਕਾਬਲੇ ਇਹਨਾਂ ਅਸਰਾਂ ਦੀ ਮਾਰ ਨਾਲ ਨਿਪਟਣ ਦੇ ਵਸੀਲੇ
ਘੱਟ ਹੁੰਦੇ ਹਨ। ਨਤੀਜੇ ਵੱਜੋਂ ਉਹਨਾਂ ਨੂੰ ਵਾਤਾਵਰਨ ਦੇ ਨੁਕਸਾਨ ਕਾਰਨ ਪੈਣ ਵਾਲੇ
ਭੈੜੇ ਅਸਰਾਂ ਦੀ ਦੁਵੱਲੀ ਮਾਰ ਝੱਲਣੀ ਪੈਂਦੀ ਹੈ। ਇਸ ਸਚਾਈ ਨੂੰ ਸਮਝਣ ਅਤੇ ਰੀਕਾਰਡ
ਕਰਨ ਲਈ ਇਸ ਸਮੇਂ ਦੁਨੀਆ ਭਰ ਵਿੱਚ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦੇ ਵੱਖ ਵੱਖ
ਪਹਿਲੂਆਂ ਉੱਪਰ ਵਾਤਾਵਰਨ ਦੇ ਨੁਕਸਾਨ ਕਾਰਨ ਪੈ ਰਹੇ ਅਸਰਾਂ ਬਾਰੇ ਬਹੁਤ ਸਾਰੇ
ਅਧਿਐਨ ਅਤੇ ਖੋਜਾਂ ਹੋ ਰਹੀਆਂ ਹਨ। ਇਸ ਲੇਖ ਵਿੱਚ ਅਸੀਂ ਵਾਤਾਵਰਨ ਦੇ ਨੁਕਸਾਨ ਕਾਰਨ
ਲੋਕਾਂ ਦੇ ਰੁਜ਼ਗਾਰ ਅਤੇ ਸਿਹਤ ਉੱਪਰ ਪੈਣ ਵਾਲੇ ਅਸਰਾਂ ਅਤੇ ਘਰੋਂ ਬੇਘਰ ਹੋਣ ਦੇ
ਵਰਤਾਰੇ ਬਾਰੇ ਚਰਚਾ ਕਰਾਂਗੇ। ਇਸ ਚਰਚਾ ਵਿੱਚ ਪੇਸ਼ ਕੀਤੇ ਤੱਥਾਂ ਤੋਂ ਇਹ ਗੱਲ
ਸਪਸ਼ਟ ਹੋ ਜਾਏਗੀ ਕਿ ਵਾਤਾਵਰਨ ਦਾ ਨੁਕਸਾਨ ਅਮੀਰ ਲੋਕਾਂ ਦੇ ਮੁਕਾਬਲੇ ਗਰੀਬ ਲੋਕਾਂ
`ਤੇ ਵੱਧ ਅਸਰ ਪਾਉਂਦਾ ਹੈ। ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇਹ ਸਪਸ਼ਟ ਕਰ ਲੈਣੀ ਜ਼ਰੂਰੀ ਹੈ ਕਿ ਵਾਤਾਵਰਨ ਦੇ
ਨੁਕਸਾਨ ਤੋਂ ਸਾਡਾ ਕੀ ਮਤਲਬ ਹੈ ਅਤੇ ਧਰਤੀ `ਤੇ ਇਹ ਨੁਕਸਾਨ ਹੋਣ ਦਾ ਕਾਰਜ ਕਿਸ
ਤਰ੍ਹਾਂ ਵਾਪਰ ਰਿਹਾ ਹੈ। ਮੁੱਖ ਤੌਰ `ਤੇ ਜ਼ਮੀਨ, ਪਾਣੀ, ਹਵਾ, ਈਕੋਸਿਸਟਮ ਅਤੇ
ਪੌਦਿਆਂ ਅਤੇ ਜੀਵਾਂ ਦੀਆਂ ਜਾਤੀਆਂ (ਸਪੀਸਜ਼) ਦੇ ਨੁਕਸਾਨ ਨੂੰ ਵਾਤਾਵਰਨ ਦਾ
ਨੁਕਸਾਨ ਮੰਨਿਆ ਜਾਂਦਾ ਹੈ। ਇਸ ਨੁਕਸਾਨ ਦਾ ਮੁੱਖ ਕਾਰਨ ਧਰਤੀ ਉੱਤੇ ਮਨੁੱਖ ਵਲੋਂ
ਕੀਤੀਆਂ ਜਾਣ ਵਾਲੀਆਂ ਸਰਗਰਮੀਆਂ ਹਨ। ਬੇਸ਼ੱਕ ਵਾਤਾਵਰਨ ਦਾ ਨੁਕਸਾਨ ਕੁਦਰਤੀ ਤੌਰ
`ਤੇ ਵੀ ਹੁੰਦਾ ਹੈ ਪਰ ਉਹ ਮਨੁੱਖ ਵਲੋਂ ਕੀਤੇ ਜਾਣ ਵਾਲੇ ਨੁਕਸਾਨ ਦੇ ਮੁਕਾਬਲੇ
ਬਹੁਤ ਹੀ ਮਾਮੂਲੀ ਮੰਨਿਆ ਜਾਂਦਾ ਹੈ। [1] ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਦੇ
ਵਰਤਾਰੇ ਦੇ ਕਈ ਪੱਖਾਂ ਵਿੱਚੋਂ ਕੁਝ ਮਹੱਤਵਪੂਰਨ ਪੱਖ ਇਸ ਪ੍ਰਕਾਰ ਹਨ: ਵਾਤਾਵਰਨ
ਵਿੱਚ ਗਰੀਨ ਹਾਊਸ ਗੈਸਾਂ ਦੇ ਫੈਲਾਅ ਕਾਰਨ ਧਰਤੀ ਦੇ ਤਾਪਮਾਨ ਵਿੱਚ ਵਾਧਾ (ਗਲੋਬਲ
ਵਾਰਮਿੰਗ), ਮੌਸਮਾਂ ਵਿੱਚ ਨਾਟਕੀ ਪੱਧਰ ਦੀ ਤਬਦੀਲੀ (ਕਲਾਈਮੇਟ ਚੇਂਜ), ਸਮੁੰਦਰਾਂ
ਦਾ ਤੇਜ਼ਾਬੀਕਰਨ, ਓਜ਼ੋਨ ਦੀ ਤਹਿ ਵਿੱਚ ਕਮੀ, ਕਈ ਕਾਰਨਾਂ ਕਰਕੇ ਜ਼ਮੀਨ ਦੀ ਉਪਜਾਊ
ਸ਼ਕਤੀ ਵਿੱਚ ਕਮੀ ਆਉਣਾ ਜਾਂ ਜ਼ਮੀਨ ਦਾ ਖੇਤੀਯੋਗ ਨਾ ਰਹਿਣਾ, ਜੰਗਲਾਂ ਦਾ ਸਫਾਇਆ,
ਖੇਤੀਬਾੜੀ ਅਤੇ ਸਨਅਤ ਵਿੱਚ ਵਰਤੇ ਜਾਣ ਵਾਲੇ ਰਸਾਇਣਾਂ (ਕੈਮੀਕਲਾਂ) ਕਾਰਨ ਰਸਾਇਣਕ
ਪ੍ਰਦੂਸ਼ਣ, ਪ੍ਰਮਾਣੂ ਬਿਜਲੀ ਪੈਦਾ ਕਰਨ ਦੇ ਨਤੀਜੇ ਵੱਜੋਂ ਜ਼ਹਿਰੀਲੀ ਰਹਿੰਦ-ਖੂਹੰਦ
ਦਾ ਉਤਪਾਦਨ, ਅਤੇ ਖੇਤੀ ਅਤੇ ਸਨਅਤੀ ਵਰਤੋਂ ਕਾਰਨ ਤਾਜ਼ਾ ਪਾਣੀ ਦੀ ਥੁੜ ਅਤੇ
ਪ੍ਰਦੂਸ਼ਣ। [2] ਆਉ ਹੁਣ ਵਾਤਾਵਰਨ ਦੇ ਨੁਕਸਾਨ ਕਾਰਨ ਲੋਕਾਂ ਦੇ
ਰੁਜ਼ਗਾਰ ਅਤੇ ਸਿਹਤ ਉੱਪਰ ਪੈਣ ਵਾਲੇ ਅਸਰਾਂ ਅਤੇ ਘਰੋਂ ਬੇਘਰ ਹੋਣ ਦੇ ਵਰਤਾਰੇ
ਬਾਰੇ ਚਰਚਾ ਕਰੀਏ।
ਰੁਜ਼ਗਾਰ ਅਤੇ ਆਮਦਨ
ਸੰਨ 2011 ਵਿੱਚ ਛਪੀ ਯੂਨਾਇਟਡ ਨੇਸ਼ਨਜ਼ ਦੀ ਹਿਊਮਨ ਡਿਵੈਲਪਮੈਂਟ
ਰਿਪੋਰਟ ਅਨੁਸਾਰ ਦੁਨੀਆ ਭਰ ਵਿੱਚ 1.3 ਅਰਬ (ਬਿਲੀਅਨ) ਲੋਕ ਖੇਤੀਬਾੜੀ,
ਜੰਗਲਾਤ, ਮੱਛੀਆਂ ਫੜਨ ਨਾਲ ਸੰਬੰਧਤ ਕੰਮਾਂ ਅਤੇ ਹੰਟਿੰਗ ਅਤੇ ਗੈਦਰਿੰਗ
ਦੇ ਖੇਤਰ ਵਿੱਚ ਕੰਮ ਕਰਦੇ ਹਨ। [3] ਇਹਨਾਂ ਖੇਤਰਾਂ ਵਿੱਚ ਵਾਤਾਵਰਨ ਦੇ ਨੁਕਸਾਨ
ਕਾਰਨ ਪੈਣ ਵਾਲੇ ਭੈੜੇ ਅਸਰ ਇਹਨਾਂ ਲੋਕਾਂ ਦੇ ਰੁਜ਼ਗਾਰ ਅਤੇ ਆਮਦਨ ਨੂੰ ਬੁਰੀ
ਤਰ੍ਹਾਂ ਪ੍ਰਭਾਵਿਤ ਕਰ ਸਕਦੇ ਹਨ। ਇਸ ਲਈ ਇਹਨਾਂ ਖੇਤਰਾਂ ਵਿੱਚ ਵਾਤਾਵਰਨ ਦੇ ਹੋ
ਰਹੇ ਨੁਕਸਾਨ ਬਾਰੇ ਦੇਖਣਾ ਜ਼ਰੂਰੀ ਹੈ।
ਵਾਤਾਵਰਨ
ਦੇ ਨੁਕਸਾਨ ਕਾਰਨ ਜ਼ਮੀਨ ਦੀ ਉਪਜਾਊ ਉਪਰਲੀ ਤਹਿ (ਟਾਪਸੋਆਇਲ) ਦਾ
ਨੁਕਸਾਨ ਹੋ ਰਿਹਾ ਹੈ, ਪਾਣੀ ਦੀ ਕਿੱਲਤ ਪੈਦਾ ਹੋ ਰਹੀ ਹੈ, ਜ਼ਮੀਨ ਦਾ ਮਾਰੂਥਲੀਕਰਨ
(ਡੀਸਰਟੀਫਿਕੇਸ਼ਨ) ਹੋ ਰਿਹਾ ਹੈ, ਮੌਸਮਾਂ ਦੀ ਤਬਦੀਲੀ ਕਾਰਨ ਦੁਨੀਆ ਦੇ
ਕਈ ਖੇਤਰਾਂ ਵਿੱਚ ਵੱਧ ਰਹੇ ਸੋਕੇ ਕਾਰਨ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਰਹੀ ਹੈ,
ਫਸਲਾਂ ਦੇ ਝਾੜਾਂ ਵਿੱਚ ਕਮੀ ਆ ਰਹੀ ਹੈ ਅਤੇ ਕਈ ਥਾਂਵਾਂ `ਤੇ ਜ਼ਮੀਨ ਖੇਤੀ ਦੇ ਯੋਗ
ਨਹੀਂ ਰਹਿ ਰਹੀ। ਯੂਨਾਈਟਡ ਨੇਸ਼ਨਜ਼ ਦੇ ਇਨਵਾਇਰਮੈਂਟਲ ਪ੍ਰੋਗਰਾਮ ਵਲੋਂ
2009 ਵਿੱਚ ਛਾਪੀ ਗਈ ਇਕ ਰਿਪੋਰਟ “ਇਨਵਾਇਰਮੈਂਟਲ ਫੂਡ ਕਰਾਈਸਸ” ਵਿੱਚ ਦੱਸਿਆ ਗਿਆ
ਹੈ ਕਿ ਹਰ ਸਾਲ ਦੁਨੀਆ ਭਰ ਵਿੱਚ ਜ਼ਮੀਨ ਨੂੰ ਹੋਣ ਵਾਲੇ ਨੁਕਸਾਨ, ਖਾਸ ਕਰਕੇ ਮਿੱਟੀ
ਦੇ ਖੁਰਨ/ਉਡਣ (ਸੁਆਇਲ ਇਰੋਜ਼ਨ), ਕਾਰਨ 20,000- 50,000 ਵਰਗ
ਕਿਲੋਮੀਟਰ ਜ਼ਮੀਨ ਖੇਤੀਯੋਗ ਨਹੀਂ ਰਹਿੰਦੀ। ਜ਼ਮੀਨ ਨੂੰ ਹੋ ਰਿਹਾ ਇਸ ਤਰ੍ਹਾਂ ਦਾ
ਨੁਕਸਾਨ ਅਫਰੀਕਾ, ਲਾਤੀਨੀ ਅਮਰੀਕਾ ਅਤੇ ਏਸ਼ੀਆ ਵਿੱਚ ਯੁਰਪ ਅਤੇ ਉੱਤਰੀ ਅਮਰੀਕਾ
ਨਾਲੋਂ 2-6 ਗੁਣਾਂ ਵੱਧ ਹੈ। ਅਫਰੀਕਾ ਦੇ ਸਬ-ਸਹਾਰਾ ਖਿੱਤੇ ਵਿੱਚ ਜ਼ਮੀਨ ਦੇ ਤੱਤਾਂ
ਦੇ ਲਗਾਤਾਰ ਨਸ਼ਟ ਹੋਣ ਕਾਰਨ 9 ਲੱਖ 50 ਹਜ਼ਾਰ ਵਰਗ ਕਿਲੋਮੀਟਰ ਦੇ ਕਰੀਬ ਜ਼ਮੀਨ ਦਾ
ਪੱਕੇ ਤੌਰ `ਤੇ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਹੈ। ਏਸ਼ੀਆ ਵਿੱਚ ਪਿਛਲੇ ਕਈ
ਦਹਾਕਿਆਂ ਦੌਰਾਨ ਖੇਤੀਬਾੜੀ ਵਾਲੀ 20 ਫੀਸਦੀ ਧਰਤੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ
ਨੁਕਸਾਨ ਪਹੁੰਚਿਆਂ ਹੈ। ਸਿੰਜਾਈ ਅਤੇ ਖੇਤੀ ਉਤਪਾਦਨ ਦੇ ਨੁਕਸਦਾਰ ਢੰਗਾਂ ਕਾਰਨ
ਜ਼ਮੀਨ ਦੇ ਕੱਲਰ ਬਣਨ ਅਤੇ ਉਪਜਾਊ ਤੱਤਾਂ ਦੇ ਨਸ਼ਟ ਹੋਣ ਦੇ ਵਰਤਾਰੇ ਵਿੱਚ ਵੀ ਵਾਧਾ
ਹੋ ਰਿਹਾ ਹੈ। ਇਕ ਅੰਦਾਜ਼ੇ ਅਨੁਸਾਰ ਦੁਨੀਆ ਭਰ ਵਿੱਚ ਮਾਰੂ ਅਤੇ ਅਰਧ ਮਾਰੂ ਜ਼ਮੀਨੀ
ਇਲਾਕਿਆਂ ਵਿੱਚ 95 ਕ੍ਰੋੜ ਹੈਕਟੇਅਰ ਜ਼ਮੀਨ ਕੱਲਰਾਠੀ ਬਣ ਰਹੀ ਹੈ ਅਤੇ ਸਿੰਜਾਈ ਯੋਗ
ਜ਼ਮੀਨ ਦਾ 20 ਫੀਸਦੀ ਹਿੱਸਾ (4 ਲੱਖ 40 ਹਜ਼ਾਰ ਵਰਗ ਕਿਲੋਮੀਟਰ) ਜ਼ਮੀਨ ਵਿੱਚ ਵੱਧ
ਰਹੇ ਲੂਣੇਪਣ (ਕੱਲਰਾਠੇਪਣ) ਤੋਂ ਪ੍ਰਭਾਵਿਤ ਹੈ। [4]
ਮੌਸਮਾਂ ਵਿੱਚ ਹੋਣ ਵਾਲੀ ਤਬਦੀਲੀ (ਕਲਾਈਮੇਟ ਚੇਂਜ) ਕਾਰਨ ਫਸਲਾਂ ਦੇ
ਝਾੜ ਉੱਤੇ ਪੈਣ ਵਾਲੇ ਅਸਰਾਂ ਬਾਰੇ ਕਈ ਤਰ੍ਹਾਂ ਦੇ ਅਧਿਐਨ ਸਾਡੇ ਸਾਹਮਣੇ ਹਨ।
“ਇਨਵਾਇਰਮੈਂਟਲ ਫੂਡ ਕਰਾਈਸਸ” ਨਾਮੀ ਉਪ੍ਰੋਕਤ ਰਿਪੋਰਟ ਅਨੁਸਾਰ ਮੌਸਮਾਂ ਦੀ ਤਬਦੀਲੀ
(ਮੀਂਹ-ਚੱਕਰ ਵਿੱਚ ਤਬਦੀਲੀ, ਤਾਪਮਾਨ ਵਿੱਚ ਵਾਧਾ ਅਤੇ ਵਾਤਾਵਰਨ ਵਿੱਚ ਮੌਜੂਦ
ਕਾਰਬਨ ਵਿੱਚ ਤਬਦੀਲੀ) ਕਾਰਨ ਫਸਲਾਂ ਦੇ ਉਤਪਾਦਨ `ਤੇ ਵੱਖਰੇ ਵੱਖਰੇ ਅਸਰ ਪੈਣਗੇ।
ਇਸ ਰਿਪੋਰਟ ਵਿੱਚ ਬਹੁਤ ਸਾਰੇ ਅਧਿਐਨਾਂ ਅਤੇ ਮਾਡਲਾਂ ਦੇ ਆਧਾਰ `ਤੇ ਇਹ ਕਿਹਾ ਗਿਆ
ਹੈ ਕਿ ਨੇੜ ਭਵਿੱਖ ਵਿੱਚ (2050 ਤੋਂ ਪਹਿਲਾਂ) ਮੌਸਮਾਂ ਦੀ ਤਬਦੀਲੀ ਕਾਰਨ ਫਸਲਾਂ
ਦੇ ਝਾੜਾਂ ਵਿੱਚ ਵੱਖ ਵੱਖ ਖੇਤਰਾਂ ਅਤੇ ਵੱਖ ਵੱਖ ਫਸਲਾਂ `ਤੇ ਵੱਖਰੇ ਵੱਖਰੇ ਅਸਰ
ਪੈ ਸਕਦੇ ਹਨ। ਕੁੱਝ ਖੇਤਰਾਂ ਵਿੱਚ ਫਸਲਾਂ ਦੇ ਝਾੜ ਘੱਟ ਸਕਦੇ ਹਨ ਅਤੇ ਕੁਝ ਖੇਤਰਾਂ
ਵਿੱਚ ਵੱਧ ਸਕਦੇ ਹਨ। ਇਸ ਹੀ ਤਰ੍ਹਾਂ ਕੁਝ ਫਸਲਾਂ ਦੇ ਝਾੜ ਘੱਟ ਸਕਦੇ ਹਨ
ਅਤੇ ਕੁਝ ਫਸਲਾਂ ਦੇ ਝਾੜ ਵੱਧ ਸਕਦੇ ਹਨ। ਪਰ ਦੂਰ-ਭਵਿੱਖ ਵਿੱਚ (2050 ਤੋਂ ਬਾਅਦ)
ਬਹੁ-ਗਿਣਤੀ ਅਧਿਐਨਾਂ ਅਤੇ ਮਾਡਲਾਂ ਦੀ ਇਸ ਗੱਲ `ਤੇ ਸਹਿਮਤੀ ਹੈ ਕਿ ਮੌਸਮਾਂ ਦੀ
ਤਬਦੀਲੀ ਕਾਰਨ ਫਸਲਾਂ ਦੇ ਝਾੜ ਵਿੱਚ ਕਮੀ ਆਏਗੀ। ਇਸ ਰਿਪੋਰਟ ਵਿੱਚ ਪੇਸ਼ ਇਕ ਮਾਹਰ
ਦਾ ਦਾਅਵਾ ਹੈ ਕਿ 2080 ਤੱਕ ਵਿਸ਼ਵ ਪੱਧਰ `ਤੇ ਖੇਤੀਬਾੜੀ ਦੇ ਉਤਪਾਦਨ ਵਿੱਚ 6
ਫੀਸਦੀ ਤੋਂ 16 ਫੀਸਦੀ ਤੱਕ ਕਮੀ ਆ ਸਕਦੀ ਹੈ। [5] 2011 ਵਿੱਚ ਛਪੀ ਹਿਊਮਨ
ਡਿਵੈਲਪਮੈਂਟ ਰਿਪੋਰਟ ਅਨੁਸਾਰ ਸੰਸਾਰ ਪੱਧਰ `ਤੇ 1980 ਤੋਂ ਲੈ ਕੇ ਹੁਣ ਤੱਕ
ਮੌਸਮਾਂ ਦੀ ਤਬਦੀਲੀ ਕਾਰਨ ਮੱਕੀ ਦੇ ਉਤਪਾਦਨ ਵਿੱਚ 3.8 ਫੀਸਦੀ ਅਤੇ ਕਣਕ ਦੇ
ਉਤਪਾਦਨ ਵਿੱਚ 5.1 ਫੀਸਦੀ ਦੀ ਕਮੀ ਆਈ ਹੈ। [6]
|
ਹਿਮਕੂਟ (ਗਲੇਸ਼ੀਅਰ)
|
ਮੌਸਮਾਂ ਵਿੱਚ ਹੋਣ ਵਾਲੀ ਤਬਦੀਲੀ ਨਾਲ ਧਰਤੀ ਦੇ ਤਾਪਮਾਨ ਵਿੱਚ ਹੋ ਰਿਹਾ ਵਾਧਾ
ਦੁਨੀਆ ਦੇ ਕਈ ਗਲੇਸ਼ੀਅਰਾਂ ਦੇ ਪਿਘਲਨ ਦੀ ਰਫਤਾਰ ਵਿੱਚ ਤੇਜ਼ੀ ਕਰ
ਰਿਹਾ ਹੈ। ਇਸ ਵਰਤਾਰੇ ਕਾਰਨ ਨੇੜ ਭਵਿੱਖ ਵਿੱਚ ਇਕ ਅਸਰ ਇਹ ਹੋਏਗਾ ਕਿ ਫਸਲਾਂ ਦੀ
ਸਿੰਜਾਈ ਲਈ ਮਿਲਣ ਵਾਲੇ ਪਾਣੀ ਦੀ ਥੁੜ ਪੈਦਾ ਹੋ ਜਾਵੇਗੀ। ਇਨਵਾਇਰਮੈਂਟਲ ਫੂਡ
ਕਰਾਈਸਸ ਰਿਪੋਰਟ ਅਨੁਸਾਰ ਹਿਮਾਲਿਆ ਦੇ ਹਿੰਦੂ ਕੁਸ਼ ਖੇਤਰ ਵਿਚਲੇ
ਗਲੇਸ਼ੀਅਰਾਂ ਦੇ ਤੇਜ਼ੀ ਨਾਲ ਪਿਘਲਨ ਕਾਰਨ ਚੀਨ, ਭਾਰਤ ਅਤੇ ਪਾਕਿਸਤਾਨ
ਵਿੱਚ ਸਿੰਜਾਈ ਲਈ ਮਿਲਣ ਵਾਲੇ ਪਾਣੀ ਵਿੱਚ ਕਮੀ ਆਏਗੀ ਅਤੇ ਉਸ ਦਾ ਸਿੱਧਾ ਅਸਰ ਅਨਾਜ
ਉਤਪਾਦਨ `ਤੇ ਹੋਵੇਗਾ। [7] ਉਪ੍ਰੋਕਤ ਚਰਚਿਤ ਹਿਊਮਨ ਡਿਵੈਲਪਮੈਂਟ ਰਿਪੋਰਟ
ਅਨੁਸਾਰ 2025 ਤੱਕ ਪਾਣੀ ਦੀ ਥੁੜ 1.8 ਅਰਬ (ਬਿਲੀਅਨ) ਲੋਕਾਂ ਉੱਤੇ ਅਸਰ
ਪਾਏਗੀ। ਪਾਣੀ ਦੀ ਇਸ ਥੁੜ ਕਾਰਨ ਫਸਲਾਂ ਦੇ ਉਤਪਾਦਨ `ਤੇ ਪੈਣ ਵਾਲੇ ਨਾਂਹ-ਪੱਖੀ
ਅਸਰਾਂ ਦਾ ਜ਼ਿਆਦਾ ਬੁਰਾ ਪ੍ਰਭਾਵ ਗਰੀਬ ਕਿਸਾਨਾਂ `ਤੇ ਪਏਗਾ। ਰਿਪੋਰਟ ਵਿੱਚ
ਮੈਕਸੀਕੋ ਦੇ ਗਰੀਬ ਕਿਸਾਨਾਂ ਦੀ ਉਦਾਹਰਨ ਦੇ ਕੇ ਦੱਸਿਆ ਗਿਆ ਹੈ ਕਿ ਇਹ ਗਰੀਬ
ਕਿਸਾਨ ਧਰਤੀ ਹੇਠਲੇ ਪਾਣੀ ਦੀ ਨੀਵੀਂ ਹੋ ਰਹੀ ਪੱਧਰ ਨਾਲ ਨਜਿੱਠਣ ਲਈ ਨਾ ਤਾਂ ਸੋਕੇ
ਦੀ ਮਾਰ ਝੱਲ ਸਕਣ ਵਾਲੇ ਨਵੇਂ ਬੀਜ ਖ੍ਰੀਦਣ ਦੇ ਸਮਰੱਥ ਹਨ ਅਤੇ ਨਾ ਹੀ ਫਸਲਾਂ ਲਈ
ਲੋੜੀਂਦਾ ਪਾਣੀ ਖ੍ਰੀਦਣ ਦੇ ਸਮਰੱਥ।[8] ਇਹੋ ਜਿਹਾ ਵਰਤਾਰਾ ਅਸੀਂ ਪੰਜਾਬ
ਵਿੱਚ ਵੀ ਦੇਖ ਸਕਦੇ ਹਾਂ। ਪੰਜਾਬ ਵਿੱਚ ਪਿਛਲੇ ਕਈ ਸਾਲਾਂ ਦੌਰਾਨ ਧਰਤੀ ਹੇਠਲੇ
ਪਾਣੀ ਦਾ ਪੱਧਰ ਕਾਫੀ ਜਿ਼ਆਦਾ ਨੀਵਾਂ ਹੋਇਆ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ
ਪੰਜਾਬ ਦੇ ਕਿਸਾਨਾਂ `ਤੇ ਆਰਥਿਕ ਬੋਝ ਵਧਿਆ ਹੈ ਅਤੇ ਇਸ ਵੱਧੇ ਹੋਏ ਆਰਥਿਕ ਬੋਝ ਦਾ
ਅਸਰ ਅਮੀਰ ਕਿਸਾਨਾਂ ਦੇ ਮੁਕਾਬਲੇ ਗਰੀਬ ਕਿਸਾਨਾਂ `ਤੇ ਜ਼ਿਆਦਾ ਹੋਇਆ ਹੈ।
ਵਾਤਾਵਰਨ ਕਾਰਨ ਜ਼ਮੀਨ ਨੂੰ ਹੋ ਰਿਹਾ ਨੁਕਸਾਨ ਬਹੁਤ ਵੱਡੇ ਆਰਥਿਕ ਨੁਕਸਾਨ ਦਾ
ਕਾਰਨ ਬਣਦਾ ਹੈ। ਇਨਵਾਇਰਮੈਂਟਲ ਫੂਡ ਕਰਾਈਸਸ ਰਿਪੋਰਟ ਅਨੁਸਾਰ ਜ਼ਮੀਨ
ਦੇ ਕਲਰਾਠੇਪਣ ਦੇ ਕਾਰਨ ਦੱਖਣੀ ਏਸ਼ੀਆ ਦੇ ਖਿੱਤੇ ਵਿੱਚ ਹਰ ਸਾਲ 150 ਕ੍ਰੋੜ ਡਾਲਰ
ਦੇ ਬਰਾਬਰ ਦਾ ਆਰਥਿਕ ਨੁਕਸਾਨ ਹੁੰਦਾ ਹੈ। ਮਿੱਟੀ ਦੇ ਖੁਰਨ/ਉਡਣ (ਸੁਆਇਲ
ਇਰੋਜ਼ਨ) ਦੀ ਪ੍ਰਕ੍ਰਿਆ ਕਾਰਨ ਜ਼ਮੀਨ ਦੇ ਉਪਜਾਊ ਤੱਤਾਂ ਦੇ ਨਸ਼ਟ ਹੋਣ ਕਾਰਨ
ਦੱਖਣੀ ਏਸ਼ੀਆ ਵਿੱਚ ਸਾਲਾਨਾ 60 ਕ੍ਰੋੜ ਡਾਲਰ ਦਾ ਅਤੇ ਧਰਤੀ ਦੀ ਉਪਜਾਊ ਸ਼ਕਤੀ ਦੇ
ਨੁਕਸਾਨ ਕਾਰਨ ਸਾਲਾਨਾ 120 ਕ੍ਰੋੜ ਡਾਲਰ ਦਾ ਨੁਕਸਾਨ ਹੁੰਦਾ ਹੈ। ਸਬ-ਸਹਾਰਾ
ਅਫਰੀਕਾ ਦੇ ਕੁਝ ਦੇਸ਼ਾਂ ਵਿੱਚ ਮਿੱਟੀ ਦੇ ਖੁਰਨ/ਉਡਣ (ਸੁਆਇਲ ਇਰੋਜ਼ਨ)
ਦੇ ਅਮਲ ਕਾਰਨ ਵਾਹੀ-ਯੋਗ ਧਰਤੀ ਦੇ 40 ਫੀਸਦੀ ਹਿੱਸੇ ਵਿੱਚ ਫਸਲਾਂ ਦੇ ਉਤਪਾਦਨ
ਵਿੱਚ ਕਮੀ ਆਈ ਹੈ। [9]
ਦੁਨੀਆ ਦੇ ਜੰਗਲਾਂ ਦਾ ਵੱਡੀ ਪੱਧਰ ਤੇ ਹੋ ਰਿਹਾ
ਸਫਾਇਆ ਵਾਤਾਵਰਨ ਨੂੰ ਹੋ ਰਹੇ ਨੁਕਸਾਨ ਦਾ ਇਕ ਹੋਰ ਪੱਖ ਹੈ। ਜੰਗਲਾਂ ਦੇ ਹੋ ਰਹੇ
ਇਸ ਸਫਾਏ ਦੇ ਕਈ ਕਾਰਨਾਂ ਵਿੱਚੋਂ ਕੁਝ ਇਸ ਪ੍ਰਕਾਰ ਹਨ: ਜੰਗਲ ਖਤਮ ਕਰਕੇ ਕੈਸ਼ ਲਈ
ਉਗਾਈਆਂ ਜਾ ਰਹੀਆਂ ਫਸਲਾਂ ਦੀ ਖੇਤੀ ਲਈ ਜ਼ਮੀਨ ਤਿਆਰ ਕਰਨਾ, ਮੀਟ ਉਤਪਾਦਨ ਲਈ ਪਸ਼ੂ
ਪਾਲਣ ਲਈ ਜੰਗਲ ਵੱਢ ਕੇ ਚਾਰਗਾਹਾਂ ਬਣਾਉਣਾ, ਬਿਜਲੀ ਪੈਦਾ ਕਰਨ ਲਈ ਵੱਡੇ ਵੱਡੇ
ਡੈਮਾਂ ਦੀ ਉਸਾਰੀ ਕਰਨਾ, ਇਮਾਰਤ ਉਸਾਰੀ ਲਈ ਲੋੜੀਂਦੀ ਲੱਕੜ ਲਈ ਜੰਗਲਾਂ ਨੂੰ ਵੱਢਣਾ
ਆਦਿ। ਕਈ ਦੇਸ਼ਾਂ ਵਿੱਚ ਮੌਸਮਾਂ ਵਿੱਚ ਹੋ ਰਹੀ ਤਬਦੀਲੀ ਕਾਰਨ ਵੱਧ ਰਹੇ ਤਾਪਮਾਨ,
ਸੋਕੇ ਆਦਿ ਨਾਲ ਜੰਗਲਾਂ ਵਿੱਚ ਮਿਲਦੀ ਬਨਸਪਤੀ ਨਸ਼ਟ ਹੋ ਰਹੀ ਹੈ। ਇਸ ਦੇ ਨਾਲ ਨਾਲ
ਕਈ ਥਾਂਵਾਂ `ਤੇ ਵਾਤਾਵਰਨ ਨੂੰ ਹੋ ਰਹੇ ਨੁਕਸਾਨ ਕਾਰਨ ਵਾਹੀਯੋਗ ਜ਼ਮੀਨ ਦੇ
ਵਾਹੀਯੋਗ ਨਾ ਰਹਿਣ ਕਾਰਨ ਜੰਗਲਾਂ ਨੂੰ ਖਤਮ ਕਰਕੇ ਖੇਤੀਬਾੜੀ ਲਈ ਹੋਰ ਜ਼ਮੀਨ ਤਿਆਰ
ਕਰਨ ਲਈ ਜੰਗਲਾਂ ਨੂੰ ਕੱਟਣ ਲਈ ਦਬਾਅ ਵੱਧ ਰਿਹਾ ਹੈ।
ਜੰਗਲਾਂ ਦਾ ਹੋ ਰਿਹਾ ਇਹ ਸਫਾਇਆ ਦੁਨੀਆਂ ਵਿੱਚ ਕ੍ਰੋੜਾਂ ਲੋਕਾਂ ਦੇ ਰੁਜਗਾਰ
ਅਤੇ ਆਮਦਨ `ਤੇ ਨਾਂਹ-ਪੱਖੀ ਅਸਰ ਪਾ ਰਿਹਾ ਹੈ। 2011 ਦੀ ਹਿਊਮਨ ਡਿਵੈਲਪਮੈਂਟ
ਰਿਪੋਰਟ ਅਨੁਸਾਰ ਜੰਗਲਾਂ ਵਿੱਚ ਅਤੇ ਜੰਗਲਾਂ ਦੇ ਨੇੜੇ ਰਹਿਣ ਵਾਲੇ 35 ਕ੍ਰੋੜ
ਲੋਕ ਆਪਣੇ ਗੁਜ਼ਾਰੇ ਅਤੇ ਆਮਦਨ ਲਈ ਜ਼ੰਗਲਾਂ `ਤੇ ਨਿਰਭਰ ਹਨ। [10] ਅਫਰੀਕਨ
ਜਰਨਲ ਆਫ ਇਨਵਾਇਰਮੈਂਟਲ ਸਾਇੰਸ ਐਂਡ ਟੈਕਨੌਲੌਜੀ ਦੇ ਦਸੰਬਰ 2010 ਦੇ ਅੰਕ
ਵਿੱਚ ਛਪੇ ਇਕ ਲੇਖ ਅਨੁਸਾਰ ਅਫਰੀਕਾ ਦੇ 60 ਕ੍ਰੋੜ (600 ਮਿਲੀਅਨ) ਲੋਕਾਂ ਵਿੱਚੋਂ
2/3 ਤੋਂ ਵੱਧ ਲੋਕ ਆਪਣੇ ਗੁਜ਼ਾਰੇ ਲਈ ਸਿੱਧੇ ਜਾਂ ਅਸਿੱਧੇ ਤੌਰ `ਤੇ ਜੰਗਲਾਂ ਉੱਤੇ
ਨਿਰਭਰ ਕਰਦੇ ਹਨ। [11] ਲੋਕ ਜੰਗਲਾਂ ਵਿੱਚੋਂ ਬਾਲਣ ਅਤੇ ਹੋਰ ਲੋੜਾਂ ਲਈ ਲੱਕੜ,
ਖਾਣ ਲਈ ਭੋਜਨ, ਪਸ਼ੂਆਂ ਲਈ ਚਾਰਾ, ਬੀਮਾਰੀਆਂ ਦੇ ਇਲਾਜ ਲਈ ਜੜੀ ਬੂਟੀਆਂ ਆਦਿ
ਪ੍ਰਾਪਤ ਕਰਦੇ ਹਨ। ਆਮ ਕਰਕੇ ਗਰੀਬ ਅਤੇ ਸਮਾਜ ਦੇ ਨਿਤਾਣੇ ਵਰਗਾਂ ਨਾਲ ਸੰਬਧਤ ਲੋਕ
- ਜਿਵੇਂ ਔਰਤਾਂ ਅਤੇ ਆਦਿਵਾਸੀ- ਆਪਣੇ ਗੁਜ਼ਾਰੇ ਲਈ ਜੰਗਲਾਂ `ਤੇ ਜ਼ਿਆਦਾ ਨਿਰਭਰ
ਕਰਦੇ ਹਨ। ਕਈ ਕੇਸਾਂ ਵਿੱਚ ਹਾਲਾਤ ਇਹੋ ਜਿਹੇ ਹੁੰਦੇ ਹਨ ਕਿ ਜੇ ਇਹਨਾਂ ਲੋਕਾਂ ਨੂੰ
ਜੰਗਲਾਂ ਦਾ ਸਹਾਰਾ ਨਾ ਹੋਵੇ ਤਾਂ ਉਹਨਾਂ ਲਈ ਆਪਣੇ ਆਪ ਨੂੰ ਜ਼ਿੰਦਾ ਰੱਖਣਾ
ਮੁਸ਼ਕਿਲ ਹੋ ਜਾਵੇ। 2011 ਦੀ ਹਿਊਮਨ ਡਿਵੈਲਪਮੈਂਟ ਰਿਪੋਰਟ ਅਨੁਸਾਰ
ਪੇਂਡੂ ਖੇਤਰਾਂ ਵਿੱਚ ਜੰਗਲਾਂ ਵਿੱਚ ਅਤੇ ਜੰਗਲਾਂ ਦੇ ਨੇੜੇ ਰਹਿਣ ਵਾਲੇ ਗਰੀਬ ਲੋਕ
ਆਪਣੀ ਆਮਦਨ ਦਾ ਚੌਥਾ ਹਿੱਸਾ ਜੰਗਲਾਂ ਤੋਂ ਪ੍ਰਾਪਤ ਕਰਦੇ ਹਨ। ਹਿੰਦੁਸਤਾਨ ਦੇ
ਅਰੂਣਾਚਲ ਦੇ ਇਲਾਕੇ ਵਿੱਚ ਗਰੀਬ ਲੋਕ ਜ਼ਿੰਦਾ ਰਹਿਣ ਲਈ ਭਾਈਚਾਰੇ ਦੇ ਸਾਂਝੇ ਜੰਗਲਾਂ
`ਤੇ ਨਿਰਭਰ ਕਰਦੇ ਹਨ। ਜਿਹੜੇ ਘਰਾਂ ਕੋਲ ਜ਼ਮੀਨ ਘੱਟ ਹੈ ਅਤੇ ਜਿਹਨਾਂ ਘਰਾਂ ਵਿੱਚ
ਪੜ੍ਹੇ ਲਿਖੇ ਲੋਕ ਘੱਟ ਹਨ, ਉਹ ਲੋਕ ਜ਼ਿੰਦਾ ਰਹਿਣ ਲਈ ਜੰਗਲਾਂ `ਤੇ ਜ਼ਿਆਦਾ ਨਿਰਭਰ
ਹਨ। ਦੱਖਣੀ ਇਥੋਪੀਆ ਵਿੱਚ ਜੰਗਲਾਂ ਤੋਂ ਹੋਣ ਵਾਲੀ ਆਮਦਨ ਅਬਾਦੀ ਦੇ ਪੰਜਵੇਂ ਹਿੱਸੇ
ਨੂੰ ਗਰੀਬੀ ਰੇਖਾ ਤੋਂ ਉੱਪਰ ਰੱਖਣ ਵਿੱਚ ਭੂਮਿਕਾ ਨਿਭਾਉਂਦੀ ਹੈ। [12] ਅਫਰੀਕਾ
ਵਿੱਚ ਵੀ ਪੇਂਡੂ ਇਲਾਕਿਆਂ ਵਿੱਚ ਰਹਿਣ ਵਾਲੇ ਗਰੀਬ ਲੋਕ ਆਪਣੇ ਗੁਜ਼ਾਰੇ ਅਤੇ ਆਮਦਨ
ਲਈ ਜੰਗਲਾਂ `ਤੇ ਜ਼ਿਆਦਾ ਨਿਰਭਰ ਕਰਦੇ ਹਨ। [13]
ਮੌਸਮਾਂ ਵਿੱਚ ਤਬਦੀਲੀ ਅਤੇ ਵਾਤਾਵਰਨ ਵਿੱਚ ਵੱਧ ਰਹੀ ਕਾਰਬਨਡਾਇਔਕਸਾਈਡ (CO2)
ਦੀ ਮਾਤਰਾ ਕਾਰਨ ਸਮੁੰਦਰਾਂ ਦਾ ਤੇਜ਼ਾਬੀਕਰਨ ਵੱਧ ਰਿਹਾ ਹੈ। ਇਸ ਦੇ ਨਾਲ ਨਾਲ
ਸਮੁੰਦਰਾਂ ਦੇ ਕਿਨਾਰੇ ਵਸੀ ਅਬਾਦੀ ਦੀਆਂ ਸਰਗਰਮੀਆਂ ਕਈ ਤਰ੍ਹਾਂ ਨਾਲ ਸਮੁੰਦਰਾਂ
ਨੂੰ ਪ੍ਰਦੂਸ਼ਤ ਕਰ ਰਹੀਆਂ ਹਨ। ਸਮੁੰਦਰਾਂ ਦਾ ਇਹ ਤੇਜ਼ਾਬੀਕਰਨ ਅਤੇ ਪ੍ਰਦੂਸ਼ਨ
ਸਮੁੰਦਰਾਂ ਤੋਂ ਪ੍ਰਾਪਤ ਹੋਣ ਵਾਲੀਆਂ ਮੱਛੀਆਂ ਅਤੇ ਹੋਰ ਜੀਵ-ਜੰਤੂਆਂ ਦੀ ਗਿਣਤੀ
ਨੂੰ ਨਾਟਕੀ ਪੱਧਰ ਤੱਕ ਘਟਾ ਸਕਦੀ ਹੈ। ਕੈਨੇਡਾ ਦੀ ਯੂਨੀਵਰਸਟੀ ਆਫ ਬ੍ਰਿਟਿਸ਼
ਕੋਲੰਬੀਆ ਦੇ ਮਾਹਰਾਂ ਵਲੋਂ ਅਫਰੀਕਨ ਜਰਨਲ ਆਫ ਮੈਰੀਨ ਸਾਇੰਸ ਵਿੱਚ ਸੰਨ 2012
ਵਿੱਚ ਛਪੇ ਇਕ ਅਧਿਅਨ ਵਿੱਚ ਪੱਛਮੀ ਅਫਰੀਕਾ ਦੇ 14 ਦੇਸ਼ਾਂ ਵਿੱਚ ਮੌਸਮਾਂ ਦੀ
ਤਬਦੀਲੀ ਕਾਰਨ ਮੱਛੀ ਉਤਪਾਦਨ ਉੱਤੇ ਪੈਣ ਵਾਲੇ ਅਸਰਾਂ ਬਾਰੇ ਗੱਲਬਾਤ ਕੀਤੀ ਗਈ ਹੈ।
ਇਹਨਾਂ ਮਾਹਰਾਂ ਅਨੁਸਾਰ ਮੌਸਮਾਂ ਵਿੱਚ ਤਬਦੀਲੀ ਨਾਲ ਸਮੁੰਦਰਾਂ `ਚੋਂ ਫੜੀਆਂ ਜਾਣ
ਵਾਲੀਆਂ ਮੱਛੀਆਂ ਦੇ ਉਤਪਾਦਨ `ਤੇ ਕਾਫੀ ਵੱਡਾ ਅਸਰ ਪਾਏਗਾ। ਉਹਨਾਂ ਦਾ ਅੰਦਾਜ਼ਾ ਹੈ
ਕਿ 2050 ਤੱਕ ਹਾਲਤ ਇਸ ਤਰ੍ਹਾਂ ਦੇ ਹੋ ਜਾਣਗੇ ਕਿ ਫੜੀਆਂ ਜਾਣ ਵਾਲੀਆਂ ਮੱਛੀਆਂ ਦੀ
ਮਿਕਦਾਰ ਵਿੱਚ ਸਾਲਾਨਾ 21 ਫੀਸਦੀ ਦੀ ਕਮੀ ਆਏਗੀ ਅਤੇ ਮੱਛੀ ਸਨਅਤ ਨਾਲ ਸੰਬੰਧਤ
ਨੌਕਰੀਆਂ ਵਿੱਚ 50 ਫੀਸਦੀ ਦੀ ਕਮੀ ਆਏਗੀ ਅਤੇ ਸਮੁੱਚੇ ਪੱਛਮੀ ਅਫਰੀਕਾ ਦੀ ਆਰਥਿਕਤਾ
ਵਿੱਚ ਸਾਲਾਨਾ $31.1 ਕ੍ਰੋੜ ($311 ਮਿਲੀਅਨ) ਅਮਰੀਕਨ ਡਾਲਰ ($) ਦਾ
ਘਾਟਾ ਪਏਗਾ। ਸੰਨ 2000 ਵਿੱਚ ਪੱਛਮੀ ਅਫਰੀਕਾ ਦੇ ਦੇਸ਼ਾ ਵਿੱਚ ਮੱਛੀ ਸੈਕਟਰ ਵਿੱਚ
7 ਲੱਖ 60 ਹਜ਼ਾਰ ਲੋਕ ਕੰਮ ਕਰਦੇ ਸਨ। ਅਗਲੇ ਤਿੰਨ ਦਹਾਕਿਆਂ ਦੌਰਾਨ ਮੌਸਮਾਂ ਦੀ
ਤਬਦੀਲੀ ਕਾਰਨ ਇਹ ਨੌਕਰੀਆਂ ਦੀ ਗਿਣਤੀ ਅੱਧੀ ਰਹਿ ਜਾਵੇਗੀ। [14]
2011 ਦੀ ਹਿਊਮਨ ਡਿਵੈਲਪਮੈਂਟ ਰਿਪੋਰਟ ਅਨੁਸਾਰ ਦੁਨੀਆ ਭਰ ਵਿੱਚ
ਸਿੱਧੇ ਰੂਪ ਵਿੱਚ ਸਾਢੇ ਚਾਰ ਕ੍ਰੋੜ (45 ਮਿਲੀਅਨ) ਲੋਕ ਮੱਛੀਆਂ ਫੜਨ (ਫਿਸ਼ਰੀਜ਼)
ਅਤੇ ਮੱਛੀ ਫਾਰਮਾਂ (ਐਕੂਆਕਲਚਰ) ਦੇ ਕੰਮ ਵਿੱਚ ਲੱਗੇ ਹੋਏ ਹਨ। ਇਹਨਾਂ
ਵਿੱਚੋਂ 60 ਲੱਖ ਔਰਤਾਂ ਹਨ। ਛੋਟੀ ਪੱਧਰ `ਤੇ ਕੰਮ ਕਰਨ ਵਾਲੇ ਮਛੇਰਿਆਂ ਵਿੱਚੋਂ 95
ਫੀਸਦੀ ਵਿਕਾਸਸ਼ੀਲ ਦੇਸ਼ਾਂ ਵਿੱਚ ਰਹਿੰਦੇ ਹਨ ਅਤੇ ਉਹਨਾਂ ਦੇ ਰਹਿਣ ਅਤੇ ਕੰਮ ਕਰਨ
ਦੀਆਂ ਹਾਲਤਾਂ ਬਹੁਤ ਭੈੜੀਆਂ ਹਨ। ਦੁਨੀਆਂ ਦੇ ਗਰੀਬ ਮਛੇਰਿਆਂ ਵਿੱਚੋਂ 80 ਫੀਸਦੀ
ਦੱਖਣੀ ਏਸ਼ੀਆ ਅਤੇ ਦੱਖਣੀ ਪੂਰਬੀ ਏਸ਼ੀਆ ਵਿੱਚ ਰਹਿੰਦੇ ਹਨ। [15] ਇਸ ਲਈ ਮੌਸਮਾਂ
ਦੀ ਤਬਦੀਲੀ ਅਤੇ ਸਮੁੰਦਰਾਂ ਦੇ ਹੋਰ ਪ੍ਰਦੂਸ਼ਨ ਕਾਰਨ ਮੱਛੀ ਸਨਅਤ ਵਿੱਚ ਖੁੱਸਣ
ਵਾਲੀਆਂ ਨੌਕਰੀਆਂ ਦੀ ਮਾਰ ਹੇਠ ਆਉਣ ਵਾਲੇ ਜਿ਼ਆਦਾ ਲੋਕ ਵਿਕਾਸਸ਼ੀਲ ਦੇਸ਼ਾਂ ਦੇ
ਗਰੀਬ ਲੋਕ ਹੋਣਗੇ।
ਇੱਥੇ ਇਹ ਗੱਲ ਵੀ ਧਿਆਨ ਵਿੱਚ ਰੱਖਣ ਵਾਲੀ ਹੈ ਕਿ
ਉਪ੍ਰੋਕਤ ਦਿੱਤੀ ਸਾਢੇ ਚਾਰ ਕ੍ਰੋੜ ਨੌਕਰੀਆਂ ਦੀ ਗਿਣਤੀ ਸਿਰਫ ਉਹਨਾਂ ਲੋਕਾਂ ਦੀ ਹੈ
ਜੋ ਸਿੱਧੇ ਰੂਪ ਵਿੱਚ ਮੱਛੀਆਂ ਫੜਨ ਅਤੇ ਮੱਛੀ ਫਾਰਮਾਂ ਵਿੱਚ ਕੰਮ ਕਰਦੇ ਹਨ। ਪਰ
ਮੱਛੀਆਂ ਫੜਨ ਦੀ ਸਨਅਤ ਉੱਤੇ ਕਈ ਹੋਰ ਸਨਅਤਾਂ - ਜਿਵੇਂ ਬੇੜੀਆਂ ਬਣਾਉਣ, ਮੱਛੀਆਂ
ਨੂੰ ਪ੍ਰੋਸੈੱਸ ਕਰਨ, ਅੰਤਰਰਾਸ਼ਟਰੀ ਢੋਆ ਢੁਆਈ, ਪ੍ਰਚੂਨ ਪੱਧਰ `ਤੇ ਮੱਛੀਆਂ ਦੀ
ਵਿਕਰੀ, ਰੈਸਟੋਰੈਂਟ ਆਦਿ - ਨਿਰਭਰ ਕਰਦੀਆਂ ਹਨ। ਇਸ ਲਈ ਮੱਛੀ ਉਤਪਾਦਨ ਵਿੱਚ ਹੋਣ
ਵਾਲੀ ਕਮੀ ਇਹਨਾਂ ਸਨਅਤਾਂ ਵਿੱਚ ਮਿਲਣ ਵਾਲੀਆਂ ਨੌਕਰੀਆਂ ਦੀ ਗਿਣਤੀ ਵੀ ਘਟਾਏਗੀ।
ਪਿਛਲੇ ਕੁਝ ਸਮੇਂ ਦੌਰਾਨ ਮੰਗੋਲੀਆ ਵਿੱਚ ਗਲੋਬਲ ਵਾਰਮਿੰਗ ਦੇ
ਨਤੀਜੇ ਵਜੋਂ ਸੋਕਾ ਪੈਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਇਕ ਰਿਪੋਰਟ ਅਨੁਸਾਰ
ਮੰਗੋਲੀਆ ਦੇ ਤਾਪਮਾਨ ਵਿੱਚ ਵਿਸ਼ਵ-ਤਾਪਮਾਨ ਦੀ ਵਾਧੇ ਦੀ ਔਸਤ ਨਾਲੋਂ ਦੁੱਗਣਾ ਵਾਧਾ
ਹੋ ਰਿਹਾ ਹੈ। ਹਵਾ ਦੇ ਤਾਪਮਾਨ ਵਿੱਚ ਇਸ ਵਾਧੇ ਕਾਰਨ ਪੌਦਿਆਂ ਅਤੇ ਜ਼ਮੀਨ ਦੀ ਨਮੀ
ਉੱਤੇ ਨਾਂਹ-ਪੱਖੀ ਅਸਰ ਪੈ ਰਿਹਾ ਹੈ। ਸੰਨ 1999-2002 ਵਿਚਕਾਰ ਪੈਣ ਵਾਲੇ ਸੋਕਿਆਂ
ਨਾਲ ਦੇਸ਼ ਦਾ ਅੱਧੇ ਤੋਂ ਵੱਧ ਹਿੱਸਾ ਪ੍ਰਭਾਵਿਤ ਹੋਇਆ ਸੀ ਅਤੇ ਸਿੱਟੇ ਵਜੋਂ 680
ਦਰਿਆਵਾਂ ਅਤੇ 760 ਝੀਲਾਂ ਸਮੇਤ ਦੇਸ਼ ਦੇ 3000 ਪਾਣੀ ਦੇ ਸ੍ਰੋਤ ਸੁੱਕ ਗਏ ਸਨ ਅਤੇ
ਕ੍ਰੋੜਾਂ ਜਾਨਵਰ ਮਾਰੇ ਗਏ ਸਨ। [16] ਇਸ ਤਰ੍ਹਾਂ ਦੀਆਂ ਹਾਲਤਾਂ ਦਾ ਮੰਗੋਲੀਆ ਦੇ
ਕਿੰਨੇ ਲੋਕਾਂ ਦੇ ਰੁਜ਼ਗਾਰ `ਤੇ ਅਸਰ ਪਿਆ ਹੋਇਆ ਹੋਵੇਗਾ ਇਸ ਦਾ ਅੰਦਾਜ਼ਾ ਇਸ ਗੱਲ
ਤੋਂ ਲਾਇਆ ਜਾ ਸਕਦਾ ਹੈ ਕਿ ਮੰਗੋਲੀਆ ਦੀ ਅੱਧੀ ਵਸੋਂ ਪਸ਼ੂ ਪਾਲਣ ਦੇ ਕਿੱਤੇ ਵਿੱਚ
ਲੱਗੀ ਹੋਈ ਹੈ ਅਤੇ ਪਸ਼ੂ ਪਾਲਣ ਦਾ ਕਿੱਤਾ ਮੰਗੋਲੀਆ ਦੇ ਇਕ ਤਿਹਾਈ ਘਰਾਂ ਲਈ
ਰੁਜ਼ਗਾਰ ਦਾ ਸਾਧਨ ਹੈ। [17]
ਸਿਹਤ
ਵਾਤਾਵਰਨ
ਦੇ ਨੁਕਸਾਨ ਕਾਰਨ ਹਵਾ, ਪਾਣੀ ਅਤੇ ਜ਼ਮੀਨ ਦਾ ਪ੍ਰਦੂਸ਼ਣ ਦੁਨੀਆਂ ਭਰ ਵਿੱਚ ਲੋਕਾਂ
ਦੀ ਸਿਹਤ ਲਈ ਖਤਰਾ ਬਣ ਰਿਹਾ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ
ਵਲੋਂ 2006 ਵਿੱਚ ਛਾਪੀ ਗਈ ਰਿਪੋਰਟ ਪ੍ਰੀਵੈਂਟਿੰਗ ਡਿਸੀਜ਼ ਥਰੂ ਹੈਲਥੀ
ਇਨਵਾਇਰਮੈਂਟਸ ਅਨੁਸਾਰ ਦੁਨੀਆ ਭਰ ਵਿੱਚ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ
ਮੌਤਾਂ ਵਿੱਚੋਂ 23 ਫੀਸਦੀ ਮੌਤਾਂ ਦੇ ਕਾਰਨ ਵਾਤਾਵਾਰਨ ਨਾਲ ਸੰਬੰਧਤ ਕਹੇ ਜਾ ਸਕਦੇ
ਹਨ। 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਇਹ ਦਰ 36 ਫੀਸਦੀ ਦੇ ਨੇੜੇ ਪਹੁੰਚ
ਜਾਂਦੀ ਹੈ। [18]
ਮੋਟਰ-ਗੱਡੀਆਂ, ਕਾਰਖਾਨਿਆਂ ਅਤੇ ਬਿਜਲੀ ਪੈਦਾ ਕਰਨ ਲਈ ਲਗਾਏ ਥਰਮਲ ਪਲਾਂਟਾਂ
`ਚੋਂ ਨਿਕਲਦਾ ਧੂੰਆਂ ਘਰ ਤੋਂ ਬਾਹਰ ਦੀ ਹਵਾ ਨੂੰ ਪ੍ਰਦੂਸ਼ਤ ਕਰਨ ਵਿੱਚ ਅਹਿਮ
ਭੂਮਿਕਾ ਨਿਭਾਉਂਦਾ ਹੈ। ਇਸ ਧੂੰਏਂ ਰਾਹੀਂ ਫਾਈਨ ਪਾਰਟੀਕੁਲੇਟ ਮੈਟਰ (ਛੋਟੇ ਛੋਟੇ
ਕਣ), ਸਲਫਰ ਡਾਇਔਕਸਾਈਡ (SO2), ਨਾਈਟਰੋਜਨ
ਡਾਇਔਕਸਾਈਡ (NO2), ਕਾਰਬਨਮੌਨੌਔਕਸਾਈਡ (CO) ਅਤੇ ਕਈ ਹੋਰ
ਜ਼ਹਿਰੀਲੇ ਪਦਾਰਥ ਹਵਾ ਵਿੱਚ ਦਾਖਲ ਹੁੰਦੇ ਹਨ। [19] ਇਹ ਜ਼ਹਿਰੀਲੇ ਪਦਾਰਥ ਲੋਕਾਂ
ਵਿੱਚ ਕਈ ਤਰ੍ਹਾਂ ਦੀਆਂ ਸਾਹ ਦੀਆਂ ਬੀਮਾਰੀਆਂ, ਦਿਲ ਦੀਆਂ ਬੀਮਾਰੀਆਂ, ਕੈਂਸਰ,
ਡਾਇਬੀਟੀਜ਼, ਇਮਿਊਨ ਸਿਸਟਮ ਦੀ ਕਮਜ਼ੋਰੀ, ਬਲੱਡ ਪ੍ਰੈਸ਼ਰ ਆਦਿ ਲਾਉਣ ਦਾ ਕਾਰਨ
ਦੱਸੇ ਜਾਂਦੇ ਹਨ [20] ਅਤੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਦਾ ਕਾਰਨ ਬਣਦੇ ਹਨ।
ਸੰਨ 2007 ਵਿੱਚ ਕੌਰਨਲ ਯੂਨੀਵਰਸਿਟੀ ਵਲੋਂ ਕੀਤੇ ਇਕ ਅਧਿਐਨ ਅਨੁਸਾਰ ਹਰ ਸਾਲ
ਦੁਨੀਆਂ ਭਰ ਵਿੱਚ ਹਵਾ ਦੇ ਪ੍ਰਦੂਸ਼ਣ ਕਾਰਨ 30 ਲੱਖ ਮੌਤਾਂ ਹੁੰਦੀਆਂ ਹਨ। [21]
ਹਵਾ ਦੇ ਪ੍ਰਦੂਸ਼ਣ ਕਾਰਨ ਲੋਕਾਂ ਦੀ ਸਿਹਤ ਨੂੰ ਹੋਣ ਵਾਲੇ ਨੁਕਸਾਨ ਨਾਲ ਸੰਬੰਧਤ
ਕੁੱਝ ਦੇਸ਼ਾਂ ਦੇ ਅੰਕੜੇ ਪੇਸ਼ ਹਨ। ਚੀਨ ਦੇ ਪੰਜ ਸ਼ਹਿਰਾਂ ਵਿੱਚੋਂ ਇਕ ਸ਼ਹਿਰ
ਸਰਕਾਰ ਦੇ ਏਅਰ ਕੁਆਲਟੀ ਦੇ ਮਾਪਾਂ `ਤੇ ਪੂਰਾ ਨਹੀਂ ਉਤਰਦਾ। ਜੇ
ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਮਾਪ ਲਾਗੂ ਕੀਤੇ ਜਾਣ ਤਾਂ ਚੀਨ ਦੇ 20 ਫੀਸਦੀ
ਤੋਂ ਕਿਤੇ ਵੱਧ ਸ਼ਹਿਰਾਂ ਦੀ ਹਵਾ ਦੀ ਕੁਆਲਟੀ ਵਰਲਡ ਹੈਲਥ ਆਰਗੇਨਾਈਜੇਸ਼ਨ
ਵਲੋਂ ਮਿੱਥੀ ਸੁਰੱਖਿਅਤ ਕੁਆਲਟੀ ਤੋਂ ਮਾੜੀ ਹੈ । ਚੀਨ ਵਿੱਚ ਵਰਤੀ ਜਾਣ ਵਾਲੀ 70
ਫੀਸਦੀ ਬਿਜਲੀ ਕੋਲੇ ਦੇ ਥਰਮਲ ਪਲਾਂਟਾਂ ਵਿੱਚ ਪੈਦਾ ਕੀਤੀ ਜਾਂਦੀ ਹੈ। ਥਰਮਲ
ਪਲਾਂਟਾਂ ਵਿੱਚ ਬਾਲੇ ਜਾਂਦੇ ਕੋਲੇ ਤੋਂ ਪੈਦਾ ਹੋਣ ਵਾਲੀ ਸਲਫਰਡਾਇਔਕਸਾਈਡ
(SO2) ਧੁੰਦ ਅਤੇ ਤੇਜ਼ਾਬੀ ਮੀਂਹ (ਏਸਿਡ ਰੇਨ) ਨੂੰ
ਜਨਮ ਦਿੰਦੀ ਹੈ ਜਿਸ ਦੀ ਮਾਰ ਚੀਨ ਦੇ ਅੱਧੇ ਸ਼ਹਿਰਾਂ ਨੂੰ ਸਹਿਣੀ ਪੈਂਦੀ ਹੈ।
ਪਿਛਲੇ ਕੁਝ ਸਮੇਂ ਤੋਂ ਚੀਨ ਵਿੱਚ ਵਧ ਰਹੀ ਕਾਰਾਂ ਦੀ ਗਿਣਤੀ ਨੇ ਸ਼ਹਿਰੀ ਹਵਾ ਨੂੰ
ਵੱਡੀ ਪੱਧਰ `ਤੇ ਪ੍ਰਦੂਸ਼ਤ ਕਰਨਾ ਸ਼ੁਰੂ ਕਰ ਦਿੱਤਾ ਹੈ। ਚੀਨ ਦੀ
ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਅਨੁਸਾਰ ਹਵਾ ਵਿੱਚ ਮੌਜੂਦ 70 ਫੀਸਦੀ
ਗੰਧਕ (ਸਲਫਰ, S) ਦਾ ਕਾਰਨ ਗੱਡੀਆਂ `ਚੋਂ ਨਿਕਲਣ ਵਾਲਾ ਧੂੰਆ ਹੈ। ਹਵਾ
ਦੇ ਇਸ ਤਰ੍ਹਾਂ ਦੇ ਪ੍ਰਦੂਸ਼ਨ ਦੀ ਚੀਨ ਦੇ ਲੋਕਾਂ ਨੂੰ ਸਿਹਤ ਪੱਖੋਂ ਇਕ ਵੱਡੀ ਕੀਮਤ
ਤਾਰਨੀ ਪੈਂਦੀ ਹੈ। ਚੀਨ ਵਿੱਚ ਹਰ ਸਾਲ ਤਿੰਨ ਲੱਖ ਮੌਤਾਂ ਅਤੇ 2 ਕ੍ਰੋੜ ਲੋਕਾਂ ਨੂੰ
ਲੱਗਣ ਵਾਲੀਆਂ ਸਾਹ ਦੀਆਂ ਬੀਮਾਰੀਆਂ ਦਾ ਸੰਬੰਧ ਹਵਾ ਦੇ ਪ੍ਰਦੂਸ਼ਣ ਨਾਲ ਜੋੜਿਆ
ਜਾਂਦਾ ਹੈ। ਸੰਨ 1990 ਤੋਂ 2000 ਵਿਚਕਾਰ ਚੀਨ ਦੇ ਸ਼ਹਿਰੀ ਬੱਚਿਆਂ ਵਿੱਚ ਦਮੇ ਦੀ
ਬਿਮਾਰੀ ਲੱਗਣ ਵਿੱਚ 64 ਫੀਸਦੀ ਦਾ ਵਾਧਾ ਹੋਇਆ ਹੈ। ਕੁੱਲ ਬੱਚਿਆਂ ਵਿੱਚੋਂ 2
ਫੀਸਦੀ ਬੱਚੇ ਇਸ ਬੀਮਾਰੀ ਦੀ ਮਾਰ ਹੇਠ ਹਨ। ਕਈ ਸ਼ਹਿਰਾਂ ਵਿੱਚ ਇਹ ਦਰ 5 ਫੀਸਦੀ
ਤੱਕ ਹੈ। [22]
ਫਰਵਰੀ 2012 ਵਿਚ ਨਿਊ ਯੌਰਕ ਟਾਇਮਜ਼ ਵਿੱਚ ਛਪੇ ਇਕ ਆਰਟੀਕਲ ਵਿੱਚ ਕਿਹਾ ਗਿਆ
ਹੈ ਕਿ ਹਵਾ ਦੀ ਕੁਆਲਟੀ ਦੇ ਹਿਸਾਬ ਨਾਲ ਹਿੰਦੁਸਤਾਨ ਦੀ ਹਵਾ ਸਿਹਤ ਲਈ ਸਭ ਤੋਂ
ਨਿਕੰਮੀ ਹੈ। ਇਹ ਆਰਟੀਕਲ ਯੇਲ ਅਤੇ ਕੋਲੰਬੀਆ ਯੁਨੀਵਰਸਿਟੀਆਂ ਦੇ ਵਾਤਾਵਰਨ ਦੀ ਖੋਜ
ਨਾਲ ਸੰਬੰਧਤ ਸੈਂਟਰਾਂ ਵਲੋਂ ਛਾਪੀ ਗਈ ਇਕ ਰਿਪੋਰਟ `ਤੇ ਆਧਾਰਤ ਹੈ। ਇਸ ਰਿਪੋਰਟ
ਵਿੱਚ 132 ਦੇਸ਼ਾਂ ਦੀ ਹਵਾ ਦੀ ਕੁਆਲਟੀ ਨੂੰ ਮਾਪਿਆ ਗਿਆ ਸੀ ਅਤੇ ਹਵਾ ਦੀ
ਕੁਆਲਟੀ ਦੇ ਹਿਸਾਬ ਨਾਲ ਹਿੰਦੁਸਤਾਨ ਸਭ ਤੋਂ ਹੇਠਾਂ, 132ਵੇਂ ਨੰਬਰ ਆਇਆ ਸੀ।
ਰਿਪੋਰਟ ਅਨੁਸਾਰ ਹਿੰਦੁਸਤਾਨ ਦੀ ਹਵਾ ਵਿੱਚ ਛੋਟੇ ਛੋਟੇ ਕਣਾਂ (ਫਾਈਨ ਪਾਰਟੀਕਲ
ਮੈਟਰ) ਦੀ ਮਿਕਦਾਰ ਉਸ ਹੱਦ ਤੋਂ 5 ਗੁਣਾਂ ਜ਼ਿਆਦਾ ਸੀ, ਜਿਸ ਹੱਦ `ਤੇ ਜਾ ਕੇ
ਹਵਾ ਵਿੱਚ ਇਹਨਾਂ ਕਣਾਂ ਦੀ ਮਿਕਦਾਰ ਇਨਸਾਨਾਂ ਲਈ ਅਣਸੁਰੱਖਿਅਤ ਬਣ ਜਾਂਦੀ ਹੈ। ਹਵਾ
ਵਿੱਚ ਇਹਨਾਂ ਛੋਟੇ ਛੋਟੇ ਕਣਾਂ ਦੀ ਹੋਂਦ ਨੂੰ ਸਾਹ ਨਾਲੀਆਂ ਦੇ ਹੇਠਲੇ ਹਿੱਸੇ ਦੀ
ਇਨਫੈਕਸ਼ਨ, ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਦਾ ਇਕ ਵੱਡਾ ਕਾਰਨ ਮੰਨਿਆ ਜਾਂਦਾ
ਹੈ। ਆਰਟੀਕਲ ਵਿੱਚ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਹਵਾਲੇ ਨਾਲ ਦੱਸਿਆ
ਗਿਆ ਹੈ ਕਿ ਸਾਹ ਨਾਲੀਆਂ ਦੀ ਇਨਫੈਕਸ਼ਨ ਹਿੰਦੁਸਤਾਨ ਵਿੱਚ 5 ਸਾਲ ਤੋਂ ਛੋਟੀ
ਉਮਰ ਦੇ ਬੱਚਿਆਂ ਦੀ ਮੌਤ ਦੇ ਸਭ ਤੋਂ ਆਮ ਕਾਰਨਾਂ ਵਿੱਚੋਂ ਇਕ ਹੈ ਅਤੇ ਇਹ
ਹਿੰਦੁਸਤਾਨ ਦੇ ਹਸਪਤਾਲਾਂ ਵਿੱਚ ਬੱਚਿਆਂ ਦੇ ਵਾਰਡਾਂ ਵਿੱਚ ਹੋਣ ਵਾਲੀਆਂ ਮੌਤਾਂ
ਵਿੱਚੋਂ 13 ਫੀਸਦੀ ਮੌਤਾਂ ਵਿੱਚ ਆਪਣਾ ਹਿੱਸਾ ਪਾਉਂਦੀ ਹੈ। [23]
ਹਵਾ
ਦੇ ਪ੍ਰਦੂਸ਼ਣ ਕਾਰਨ ਲੋਕਾਂ ਦੀ ਸਿਹਤ `ਤੇ ਪੈਣ ਵਾਲੇ ਗੰਭੀਰ ਅਸਰ ਸਿਰਫ ਵਿਕਾਸਸ਼ੀਲ
ਦੇਸ਼ਾਂ ਤੱਕ ਹੀ ਸੀਮਤ ਨਹੀਂ ਹਨ। ਸਨਅਤੀ ਦੇਸ਼ਾਂ ਵਿੱਚ ਵੀ ਹਰ ਸਾਲ ਸਮੇਂ ਤੋਂ
ਪਹਿਲਾਂ ਹੋਣ ਵਾਲੀਆਂ ਲੱਖਾਂ ਮੌਤਾਂ ਹਵਾ ਦੇ ਪ੍ਰਦੂਸ਼ਣ ਕਾਰਨ ਹੁੰਦੀਆਂ ਹਨ।
ਉਦਾਹਰਨ ਲਈ, ਯੂ ਕੇ ਵਿੱਚ 20 ਤੋਂ ਵੱਧ ਅਜਿਹੇ ਸ਼ਹਿਰ ਅਤੇ ਕਸਬੇ ਹਨ ਜਿੱਥੇ ਹਵਾ
ਦੇ ਪ੍ਰਦੂਸ਼ਣ ਦੀ ਮਿਕਦਾਰ ਵਰਲਡ ਹੈਲਥ ਆਰਗੇਨਾਈਜੇਸ਼ਨ ਵਲੋਂ ਮਿੱਥੇ
ਮਿਆਰਾਂ ਤੋਂ ਦੁੱਗਣੀ ਹੈ। ਇਕ ਸਰਕਾਰੀ ਸਲਾਹਕਾਰ ਕਮੇਟੀ ਮੁਤਾਬਕ ਯੂ ਕੇ ਵਿੱਚ ਹਵਾ
ਦੇ ਪ੍ਰਦੂਸ਼ਣ ਕਾਰਨ ਹਰ ਸਾਲ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ 2
ਲੱਖ ਦੇ ਕਰੀਬ ਹੈ। [24] ਸਰਕਾਰੀ ਅੰਕੜਿਆਂ ਅਨੁਸਾਰ ਫਰਾਂਸ ਵਿੱਚ ਹਵਾ ਦੇ
ਪ੍ਰਦੂਸ਼ਣ ਨਾਲ ਪੈਦਾ ਹੋਈਆਂ ਬੀਮਾਰੀਆਂ ਕਾਰਨ ਹਰ ਸਾਲ 40,000 ਲੋਕਾਂ ਦੀਆਂ ਮੌਤਾਂ
ਹੁੰਦੀਆਂ ਹਨ। [25] ਯੁਰਪੀਅਨ ਟੌਪਿਕ ਸੈਂਟਰ ਆਨ ਏਅਰ ਅਤੇ ਕਲਾਈਮੇਟ
ਚੇਂਜ ਵਲੋਂ ਕੀਤੇ ਇਕ ਅਧਿਐਨ ਅਨੁਸਾਰ ਯੂਰਪੀਅਨ ਯੂਨੀਅਨ ਦੇ 27 ਦੇਸ਼ਾਂ ਵਿੱਚ
ਹਵਾ ਵਿਚਲੇ ਫਾਈਨ ਪਾਰਟੀਕਲਜ਼ ਦੇ ਪ੍ਰਦੂਸ਼ਣ ਕਾਰਨ ਹਰ ਸਾਲ 4 ਲੱਖ 55
ਹਜ਼ਾਰ ਤੋਂ ਵੱਧ ਮੌਤਾਂ ਹੁੰਦੀਆਂ ਹਨ। [26] ਅਮਰੀਕਾ ਦੇ ਸੂਬੇ ਕੈਲੇਫੋਰਨੀਆ ਵਿੱਚ
ਫਾਈਨ ਪਾਰਟੀਕਲ ਦੇ ਪ੍ਰਦੂਸ਼ਣ ਕਾਰਨ ਹਰ ਸਾਲ ਹੋਣ ਵਾਲੀਆਂ ਮੌਤਾਂ ਦੀ
ਗਿਣਤੀ 9000 ਦੇ ਕਰੀਬ ਹੈ। [27] ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ
2008 ਵਿੱਚ ਕੀਤੇ ਇਕ ਅਧਿਐਨ ਵਿੱਚ ਅੰਦਾਜ਼ਾ ਲਾਇਆ ਗਿਆ ਸੀ ਕਿ ਉਸ ਸਾਲ ਕੈਨੇਡਾ
ਵਿੱਚ 21,000 ਲੋਕਾਂ ਦੀ ਮੌਤ ਹਵਾ ਦੇ ਪ੍ਰਦੂਸ਼ਣ ਕਾਰਨ ਹੋਏਗੀ। [28]
ਮਨੁੱਖ ਦੇ ਜ਼ਿੰਦਾ ਰਹਿਣ ਲਈ ਪਾਣੀ ਦੀ ਮਹੱਤਤਾ ਤੋਂ ਅਸੀਂ ਸਾਰੇ ਜਾਣੂ ਹਾਂ। ਪਰ
ਅਫਸੋਸ ਵਾਲੀ ਗੱਲ ਇਹ ਹੈ ਕਿ ਦੁਨੀਆ ਭਰ ਵਿੱਚ 1.1 ਅਰਬ (ਬਿਲੀਅਨ)
ਲੋਕਾਂ ਨੂੰ, ਚੀਨ ਵਿੱਚ 30 ਕ੍ਰੋੜ ਤੋਂ ਵੱਧ ਲੋਕਾਂ ਨੂੰ ਅਤੇ ਹਿੰਦੁਸਤਾਨ ਵਿੱਚ
12.8 ਕ੍ਰੋੜ ਲੋਕਾਂ ਨੂੰ ਪੀਣ ਲਈ ਸਾਫ ਸੁਥਰਾ ਪਾਣੀ ਪ੍ਰਾਪਤ ਨਹੀਂ ਹੈ। [29] ਸੰਨ
2009 ਵਿੱਚ ਨਿਊਯੌਰਕ ਟਾਇਮਜ਼ ਵਿੱਚ ਛਪੀ ਇਕ ਰਿਪੋਰਟ ਅਨੁਸਾਰ ਅਮਰੀਕਾ ਦੀ ਦਸਵਾਂ
ਹਿੱਸਾ ਅਬਾਦੀ ਨੂੰ ਕਿਸੇ ਨਾ ਕਿਸੇ ਸਮੇਂ ਪੀਣ ਵਾਲਾ ਅਜਿਹਾ ਪਾਣੀ ਵਰਤਣਾ ਪਿਆ ਹੈ
ਜਿਸ ਵਿੱਚ ਖਤਰਨਾਕ ਰਸਾਇਣ (ਕੈਮੀਕਲ) ਘੁਲੇ ਹੋਏ ਸਨ ਜਾਂ ਜਿਹੜਾ ਪਾਣੀ
ਫੈਡਰਲ ਸਰਕਾਰ ਵਲੋਂ ਨਿਸ਼ਚਿਤ ਮਿਆਰਾਂ ਉੱਤੇ ਪੂਰਾ ਨਹੀਂ ਉਤਰਦਾ ਸੀ।
[30] ਪੀਣ ਵਾਲੇ ਸਾਫ ਪਾਣੀ ਦੀ ਅਣਹੋਂਦ ਕਾਰਨ ਲੋਕਾਂ ਨੂੰ ਆਪਣੀਆਂ ਲੋੜਾਂ ਲਈ
ਪ੍ਰਦੂਸ਼ਤ ਪਾਣੀ ਉੱਤੇ ਨਿਰਭਰ ਹੋਣਾ ਪੈਂਦਾ ਹੈ। ਨਤੀਜੇ ਵਜੋਂ ਉਹਨਾਂ ਨੂੰ ਕਈ
ਤਰ੍ਹਾਂ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ। ਪ੍ਰਦੂਸ਼ਤ ਪਾਣੀ ਕਾਰਨ ਲੱਗਣ ਵਾਲੀਆਂ
ਬੀਮਾਰੀਆਂ ਅਤੇ ਲੋਕਾਂ ਦੀ ਸਿਹਤ `ਤੇ ਪੈਣ ਵਾਲੇ ਹੋਰ ਅਸਰਾਂ ਬਾਰੇ ਗੱਲ ਕਰਨ ਤੋਂ
ਪਹਿਲਾਂ ਇਹ ਸਮਝਣਾ ਸਹਾਈ ਹੋ ਸਕਦਾ ਹੈ ਕਿ ਸਾਡੇ ਆਲੇ ਦੁਆਲੇ ਵਿੱਚ ਪਾਣੀ ਦੇ
ਪ੍ਰਦੂਸ਼ਤ ਹੋਣ ਦੇ ਕੀ ਢੰਗ ਹਨ।
ਮੁੱਖ ਤੌਰ `ਤੇ ਸੀਵਰੇਜ ਦਾ ਗੰਦਾ ਪਾਣੀ, ਕਾਰਖਾਨਿਆਂ ਅਤੇ ਖਾਣਾਂ ਵਿੱਚੋਂ
ਛੱਡਿਆ ਜਾਂਦਾ ਗੰਦਾ ਪਾਣੀ, ਖੇਤੀਬਾੜੀ ਵਿੱਚ ਵਰਤੇ ਜਾਂਦੇ ਰਸਾਇਣਕ ਪਦਾਰਥ (ਖਾਦਾਂ,
ਕੀਟਨਾਸ਼ਕ ਦਵਾਈਆਂ ਆਦਿ), ਪ੍ਰਮਾਣੂ ਬਿਜਲੀ ਪੈਦਾ ਕਰਨ ਵਾਲੇ ਪਲਾਂਟਾਂ ਦੁਆਰਾ ਪੈਦਾ
ਕੀਤੀ ਜਾਂਦੀ ਰੇਡੀਓ ਐਕਟਿਵ ਰਹਿੰਦ-ਖੂਹੰਦ, ਹਵਾ ਵਿੱਚਲੇ ਪ੍ਰਦੂਸ਼ਣ
ਵਾਲੇ ਮੀਂਹ ਦਾ ਪਾਣੀ, ਧਰਤੀ ਹੇਠ ਰਸਾਇਣਕ ਪਦਾਰਥਾਂ ਨੂੰ ਸਟੋਰ ਕਰਨ ਲਈ ਬਣੇ
ਟੈਂਕਾਂ `ਚੋਂ ਲੀਕ ਹੋਣ ਵਾਲੇ ਰਸਾਇਣਕ ਪਦਾਰਥ ਆਦਿ ਸਾਫ ਪਾਣੀ ਦੇ ਸ੍ਰੋਤਾਂ ਵਿੱਚ
ਮਿਲ ਕੇ ਉਸ ਨੂੰ ਪ੍ਰਦੂਸ਼ਤ ਕਰਨ ਦਾ ਕਾਰਨ ਬਣਦੇ ਹਨ। [31] ਇਸ ਤਰ੍ਹਾਂ ਪ੍ਰਦੂਸ਼ਤ
ਹੋਏ ਪਾਣੀ ਵਿੱਚ ਕਈ ਤਰ੍ਹਾਂ ਦੇ ਬੈਕਟੀਰੀਆ, ਰਸਾਇਣਕ ਪਦਾਰਥ, ਧਾਤਾਂ ਦੇ ਕਣ, ਅਤੇ
ਹੋਰ ਜ਼ਹਿਰੀਲੇ ਪਦਾਰਥ ਮਿਲ ਜਾਂਦੇ ਹਨ ਜੋ ਇਨਸਾਨਾਂ ਅਤੇ ਹੋਰ ਜੀਵਾਂ ਦੀ ਸਿਹਤ ਲਈ
ਹਾਨੀਕਾਰਕ ਹੁੰਦੇ ਹਨ। ਕਈ ਕੇਸਾਂ ਵਿੱਚ ਪ੍ਰਦੂਸ਼ਤ ਪਾਣੀ ਪੀਣ ਵਾਲਾ ਵਿਅਕਤੀ ਉਸ ਹੀ
ਸਮੇਂ ਬੀਮਾਰ ਹੋ ਜਾਂਦਾ ਹੈ ਪਰ ਬਹੁਤ ਵਾਰੀ ਪ੍ਰਦੂਸ਼ਤ ਪਾਣੀ ਵਿੱਚ ਘੁਲੇ ਹੋਏ
ਪਦਾਰਥ ਵਿਅਕਤੀ ਅੰਦਰ ਜਮ੍ਹਾਂ ਹੁੰਦੇ ਰਹਿੰਦੇ ਹਨ ਅਤੇ ਸਮਾਂ ਪਾ ਕੇ ਵਿਅਕਤੀ ਨੂੰ
ਬੀਮਾਰੀਆਂ ਲਾਉਣ ਦਾ ਕਾਰਨ ਬਣਦੇ ਹਨ। ਪ੍ਰਦੂਸ਼ਤ ਪਾਣੀ ਦੀ ਵਰਤੋਂ ਕਾਰਨ ਲੱਗਣ
ਵਾਲੀਆਂ ਬੀਮਾਰੀਆਂ ਵਿੱਚੋਂ ਕੁਝ ਇਸ ਪ੍ਰਕਾਰ ਹਨ:
- ਸੀਵਰੇਜ ਨਾਲ ਪ੍ਰਦੂਸ਼ਤ ਪਾਣੀ ਵਿਚ ਹੋਣ ਵਾਲੇ ਬੈਕਟੀਰੀਆ ਅਤੇ ਜਰਾਸੀਮ
ਹੈਜ਼ਾ, ਪੇਚਸ, ਟਾਈਫਾਈਡ ਆਦਿ ਬੀਮਾਰੀਆਂ ਦਾ ਕਾਰਨ ਬਣ ਸਕਦੇ ਹਨ।
- ਕਾਰਖਾਨਿਆਂ ਅਤੇ ਫੈਕਟਰੀਆਂ ਵਿੱਚੋਂ ਛੱਡੇ ਗਏ ਗੰਦੇ ਪਾਣੀ ਨਾਲ ਪ੍ਰਦੂਸ਼ਤ
ਪਾਣੀ ਵਿੱਚ ਕਈ ਤਰ੍ਹਾਂ ਦੀਆਂ ਭਾਰੀ ਧਾਤਾਂ ਦੇ ਤੱਤ ਹੁੰਦੇ ਹਨ, ਜੋ ਧੀਮੇ
ਵਿਕਾਸ, ਜਮਾਂਦਰੂ ਵਿਗਾੜਾਂ ਅਤੇ ਕੈਂਸਰ ਦਾ ਕਾਰਨ ਬਣ ਸਕਦੇ ਹਨ। ਕਾਰਖਾਨਿਆਂ
ਅਤੇ ਫੈਕਟਰੀਆਂ ਵਿੱਚੋਂ ਛੱਡੇ ਗੰਦੇ ਪਾਣੀ ਵਿੱਚ ਕਈ ਇਸ ਤਰ੍ਹਾਂ ਦੇ ਜ਼ਹਿਰੀਲੇ
ਪਦਾਰਥ ਹੁੰਦੇ ਹਨ ਜੋ ਮਨੁੱਖੀ ਸਰੀਰ ਦੇ ਬੀਮਾਰੀਆਂ ਨਾਲ ਲੜਨ ਵਾਲੇ ਪ੍ਰਬੰਧ
(ਇਮੀਊਨ ਸਿਸਟਮ) ਨੂੰ ਕਮਜ਼ੋਰ ਕਰ ਸਕਦੇ ਹਨ, ਜਣਨ ਸ਼ਕਤੀ ਨੂੰ ਢਾਹ ਲਾ ਸਕਦੇ
ਹਨ, ਗੁਰਦਿਆਂ ਅਤੇ ਜਿਗਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਸਰੀਰ ਵਿੱਚ ਕਈ
ਹੋਰ ਤਰ੍ਹਾਂ ਦੀ ਜ਼ਹਿਰ ਫੈਲਾ ਸਕਦੇ ਹਨ। [32]
- ਕੀਟ ਨਾਸ਼ਕ ਦਵਾਈਆਂ, ਪੈਟਰੋਲ ਵਿੱਚ ਮੌਜੂਦ ਬੈਨਜੀਨ (C6H6)
ਵਰਗੇ ਕੈਮੀਕਲ, ਸਿੱਕੇ, ਨਾਈਟ੍ਰੇਟ ਵਰਗੇ ਕੈਮੀਕਲਾਂ ਨਾਲ ਪ੍ਰਦੂਸ਼ਤ ਪਾਣੀ
ਕੈਂਸਰ ਦਾ ਕਾਰਨ ਬਣ ਸਕਦਾ ਹੈ ਅਤੇ ਜਣਨਸ਼ਕਤੀ ਨਾਲ ਸੰਬੰਧਤ ਰੋਗ ਲਾ ਸਕਦਾ
ਹੈ।[33]
2011
ਦੀ ਹਿਊਮਨ ਡਿਵੈਲਪਮੈਂਟ ਰਿਪੋਰਟ ਅਨੁਸਾਰ ਪ੍ਰਦੂਸ਼ਤ ਪਾਣੀ ਕਾਰਨ ਹਰ ਸਾਲ
ਦੁਨੀਆ ਵਿੱਚ 5 ਸਾਲ ਤੋਂ ਘੱਟ ਉਮਰ ਦੇ 20 ਲੱਖ ਬੱਚਿਆਂ ਦੀ ਪੇਚਿਸ ਦੀ ਬੀਮਾਰੀ ਨਾਲ
ਮੌਤ ਹੋ ਜਾਂਦੀ ਹੈ। [34] ਪੇਚਿਸ ਨਾਲ ਮਰਨ ਵਾਲੇ ਇਹਨਾਂ ਬੱਚਿਆਂ ਵਿੱਚੋਂ ਕਾਫੀ
ਵੱਡੀ ਗਿਣਤੀ ਹਿੰਦੁਸਤਾਨੀ ਬੱਚਿਆਂ ਦੀ ਹੈ। ਇਕ ਰਿਪੋਰਟ ਅਨੁਸਾਰ ਹਿੰਦੁਸਤਾਨ ਵਿੱਚ
ਹਰ ਰੋਜ਼ ਪੇਚਿਸ ਨਾਲ ਮਰਨ ਵਾਲੇ ਬੱਚਿਆਂ ਦੀ ਗਿਣਤੀ 1000 ਦੇ ਨੇੜੇ ਹੈ। [35]
ਅਮਰੀਕਾ ਵਿੱਚ ਪਰਜੀਵਾਂ (ਪੈਰਾਸਾਈਟਸ), ਬੈਕਟੀਰੀਆ ਜਾਂ ਵਾਇਰਸਾਂ ਨਾਲ
ਪ੍ਰਦੂਸ਼ਤ ਪਾਣੀ ਪੀਣ ਕਾਰਨ ਹਰ ਸਾਲ 1 ਕ੍ਰੋੜ 95 ਲੱਖ (19.5 ਮਿਲੀਅਨ)
ਲੋਕ ਬੀਮਾਰ ਹੁੰਦੇ ਹਨ। [36] ਪੰਜਾਬ ਵਿੱਚ ਪਾਣੀ ਦੇ ਪ੍ਰਦੂਸ਼ਨ ਅਤੇ ਉਸ ਕਾਰਨ
ਲੋਕਾਂ ਦੀ ਸਿਹਤ ਉੱਤੇ ਪੈਣ ਵਾਲੇ ਅਸਰਾਂ ਤੋਂ ਅਸੀਂ ਭਲੀ ਭਾਂਤ ਜਾਣੂ ਹੀ ਹਾਂ।
ਪਿਛਲੇ ਕੁਝ ਸਾਲਾਂ ਦੌਰਾਨ ਬਹੁਤ ਸਾਰੀਆਂ ਖੋਜਾਂ ਅਤੇ ਅਧਿਅਨ ਸਾਹਮਣੇ ਆਏ ਹਨ, ਜੋ
ਸਾਨੂੰ ਇਹ ਦਸਦੇ ਹਨ ਕਿ ਕਾਰਖਾਨਿਆਂ, ਥਰਮਲ ਪਲਾਂਟਾਂ ਅਤੇ ਖੇਤਾਂ ਵਿੱਚ ਵਰਤੀਆਂ
ਜਾਂਦੀਆਂ ਖਾਦਾਂ ਅਤੇ ਕੀੜੇਮਾਰ ਦਵਾਈਆਂ ਕਾਰਨ ਪੰਜਾਬ ਦਾ ਪਾਣੀ ਬੁਰੀ ਤਰ੍ਹਾਂ
ਪ੍ਰਦੂਸ਼ਤ ਹੋ ਚੁੱਕਾ ਹੈ ਅਤੇ ਇਸ ਪਾਣੀ ਨੂੰ ਪੀਣ/ਵਰਤਣ ਕਾਰਨ ਪੰਜਾਬ ਦੇ ਲੋਕਾਂ
ਵਿੱਚ ਕੈਂਸਰ ਅਤੇ ਹੋਰ ਕਈ ਤਰ੍ਹਾਂ ਦੀਆਂ ਨਾਮੁਰਾਦ ਬੀਮਾਰੀਆਂ ਦਾ ਭਿਆਨਕ ਹੱਦ ਤੱਕ
ਵਾਧਾ ਹੋਇਆ ਹੈ। ਉਦਾਹਰਨ ਲਈ, ਸੰਨ 2009 ਵਿੱਚ ਗਰੀਨਪੀਸ ਨੇ
ਪੰਜਾਬ ਦੇ ਤਿੰਨ ਜ਼ਿਲਿਆਂ - ਲੁਧਿਆਨਾ, ਮੁਕਤਸਰ ਅਤੇ ਬਠਿੰਡਾ- ਵਿੱਚ ਪੀਣ ਵਾਲੇ
ਪਾਣੀ ਦੇ ਟੈੱਸਟ ਕੀਤੇ ਸਨ। ਗਰੀਨਪੀਸ ਅਨੁਸਾਰ ਟੈੱਸਟ ਕੀਤੇ 20
ਫੀਸਦੀ ਨਲਕਿਆਂ ਦੇ ਪਾਣੀ ਵਿੱਚ ਅਤੇ ਸਰਵੇ ਕੀਤੇ ਗਏ 44 ਫੀਸਦੀ ਪਿੰਡਾਂ ਦੇ ਪਾਣੀ
ਵਿੱਚ ਨਾਈਟਰੇਟ (NO3-) ਦੀ ਮਿਕਦਾਰ ਵਰਲਡ
ਹੈਲਥ ਆਰਗੇਨਾਈਜੇਸ਼ਨ ਵਲੋਂ ਨਿਸ਼ਚਿਤ ਕੀਤੀ ਗਈ ਸੁਰੱਖਿਅਤ ਦਰ ਨਾਲੋਂ ਵੱਧ ਸੀ।
ਨਾਈਟਰੇਟ (NO3-) ਨਾਲ ਪ੍ਰਦੂਸ਼ਤ ਪਾਣੀ ਪੀਣ ਨਾਲ ਲੋਕਾਂ
ਦੀ ਸਿਹਤ `ਤੇ ਪੈਣ ਵਾਲੇ ਮੁੱਖ ਅਸਰ ਹਨ - ਬਲੂ ਬੇਬੀ ਸਿੰਡਰੋਮ ਅਤੇ
ਕੈਂਸਰ। ਬਲੂ ਬੇਬੀ ਸਿੰਡਰੋਮ ਤੋਂ ਭਾਵ ਹੈ ਕਿ ਨਾਈਟ੍ਰੇਟ (NO3-)
ਦੀ ਸੁਰੱਖਿਅਤ ਹੱਦ ਤੋਂ ਵੱਧ ਮਿਕਦਾਰ ਵਾਲਾ ਪਾਣੀ ਪੀਣ ਨਾਲ ਬੱਚਿਆਂ ਦਾ ਖੂਨ
ਆਕਸੀਜਨ ਢੋਣ ਦੀ ਆਪਣੀ ਸਮਰੱਥਾ ਗਵਾ ਬਹਿੰਦਾ ਹੈ। ਨਤੀਜੇ ਵਜੋਂ ਬੱਚਿਆਂ ਦੇ
ਟਿਸ਼ੂਆਂ ਅਤੇ ਅੰਗਾਂ ਨੂੰ ਲੋੜੀਂਦੀ ਆਕਸੀਜਨ ਨਹੀਂ ਪਹੁੰਚਦੀ ਅਤੇ ਅੰਤ ਬੱਚਿਆਂ ਦੀ
ਮੌਤ ਵਿੱਚ ਹੁੰਦਾ ਹੈ। [37]
ਸੰਨ 2009 ਵਿੱਚ ਹੀ ਲੰਡਨ ਤੋਂ ਛੱਪਦੇ ਅਖਬਾਰ ਉਬਜ਼ਰਬਰ ਵਿੱਚ ਬਾਬਾ ਫਰੀਦ
ਮੈਡੀਕਲ ਸੈਂਟਰ ਫਰੀਦਕੋਟ ਵਿੱਚ ਇਲਾਜ ਅਧੀਨ ਕਈ ਅਪੰਗ ਬੱਚਿਆਂ `ਤੇ ਆਧਾਰਿਤ ਇਕ
ਰਿਪੋਰਟ ਛਪੀ ਸੀ। ਰਿਪੋਰਟ ਅਨੁਸਾਰ ਇਹਨਾਂ ਬੱਚਿਆਂ ਵਿੱਚੋਂ ਕਈਆਂ ਦੇ ਸਿਰ ਬਹੁਤ
ਵੱਡੇ ਸਨ ਅਤੇ ਕਈਆਂ ਦੇ ਸਿਰ ਬਹੁਤ ਛੋਟੇ। ਕਈਆਂ ਦੇ ਦਿਮਾਗਾਂ ਦਾ ਬਿਲਕੁਲ ਵਿਕਾਸ
ਨਹੀਂ ਹੋਇਆ ਸੀ ਅਤੇ ਕਈ ਬੋਲਣ ਤੋਂ ਅਸਮਰੱਥ ਸਨ। ਰਿਪੋਰਟ ਵਿੱਚ ਇਹਨਾਂ ਬੱਚਿਆਂ ਦੀ
ਅਪੰਗਤਾ ਦਾ ਸੰਬੰਧ ਕੋਇਲੇ ਨਾਲ ਚੱਲਣ ਵਾਲੇ ਥਰਮਲ ਪਲਾਂਟਾਂ ਤੋਂ ਪੈਦਾ ਹੁੰਦੇ
ਪ੍ਰਦੂਸ਼ਣ ਨਾਲ ਜੋੜਿਆ ਗਿਆ ਸੀ। ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੋਇਲੇ
ਨਾਲ ਚੱਲਣ ਵਾਲੇ ਇਹਨਾਂ ਥਰਮਲ ਪਲਾਂਟਾਂ ਦੇ ਨੇੜਲੇ ਇਲਾਕਿਆਂ ਵਿੱਚ ਰਹਿੰਦੇ ਬੱਚਿਆਂ
ਦੇ ਖੂਨ ਵਿੱਚ ਯੂਰੇਨੀਅਮ ਦੀ ਮਾਤਰਾ ਵਰਲਡ ਹੈਲਥ ਆਰਗੇਨਾਈਜੇਸ਼ਨ ਵਲੋਂ
ਮਿੱਥੀ ਗਈ ਸੁਰੱਖਿਅਤ ਮਾਤਰਾ ਨਾਲੋਂ ਕਈ ਗੁਣਾਂ ਵੱਧ ਸੀ, ਕਈ ਕੇਸਾਂ ਵਿੱਚ 60
ਗੁਣਾਂ ਵੱਧ। ਇਹਨਾਂ ਇਲਾਕਿਆਂ ਵਿੱਚ ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ (U) ਦੀ
ਮਾਤਰਾ ਵਰਲਡ ਹੈਲਥ ਆਰਗੇਨਾਈਜੇਸ਼ਨ ਵਲੋਂ ਸੁਰੱਖਿਅਤ ਮਿੱਥੀ ਮਾਤਰਾ
ਨਾਲੋਂ 15 ਗੁਣਾਂ ਵੱਧ ਸੀ। ਇਹਨਾਂ ਬੱਚਿਆਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ
ਰਿਪੋਰਟ ਵਿੱਚ ਖਦਸ਼ਾ ਜ਼ਾਹਿਰ ਕੀਤਾ ਗਿਆ ਸੀ ਕਿ ਪਾਣੀ ਦਾ ਇਸ ਤਰ੍ਹਾਂ ਦਾ
ਪ੍ਰਦੂਸ਼ਣ ਪੰਜਾਬ ਦੇ ਲੱਖਾਂ ਲੋਕਾਂ ਲਈ ਖਤਰੇ ਦਾ ਸ੍ਰੋਤ ਬਣ ਸਕਦਾ ਹੈ। ਜਰਮਨੀ
ਵਿੱਚ ਇਹਨਾਂ ਬੱਚਿਆਂ ਦੇ ਖੂਨ ਦੇ ਟੈੱਸਟ ਕਰਾਉਣ ਵਾਲੀ ਦੱਖਣੀ ਅਫਰੀਕਾ ਦੀ ਡਾਕਟਰ
ਕੈਰਿਨ ਸਮਿੱਟ ਦੇ ਸ਼ਬਦਾਂ ਵਿੱਚ, “ਜੇ ਪ੍ਰਦੂਸ਼ਣ ਦਾ ਘੇਰਾ
ਉਨਾ ਵੱਡਾ ਹੈ ਜਿੰਨਾ ਕਿ ਇਹ ਦਿਸਦਾ ਹੈ - ਪੱਛਮ ਵਿੱਚ ਪਾਕਿਸਤਾਨ ਦੇ ਬਾਰਡਰ ਨੇੜਲੇ
ਸ਼ਹਿਰ ਮੁਕਤਸਰ ਤੋਂ ਲੈ ਕੇ ਪੂਰਬ ਵਿੱਚ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਤੱਕ -
ਤਾਂ ਲੱਖਾਂ ਲੋਕਾਂ ਨੂੰ (ਇਸ ਤੋਂ) ਖਤਰਾ ਹੈ ਅਤੇ ਇਸ ਨਾਲ ਪ੍ਰਦੂਸ਼ਤ ਹੋਈ ਹਰ ਮਾਂ
ਤੋਂ ਜੰਮਣ ਵਾਲੇ ਹਰ ਬੱਚੇ ਨੂੰ ਇਸ ਤੋਂ ਖਤਰਾ ਹੈ।” [38]
ਚੀਨ
ਦੇ ਪੇਂਡੂ ਖੇਤਰਾਂ ਵਿੱਚੋਂ ਵੀ ਪ੍ਰਦੂਸ਼ਤ ਪਾਣੀ ਕਾਰਨ ਲੋਕਾਂ ਵਿੱਚ ਕੈਂਸਰ ਦੀ
ਬੀਮਾਰੀ ਵਧਣ ਦੀਆਂ ਰਿਪੋਰਟਾਂ ਆ ਰਹੀਆਂ ਹਨ। ਅਰਥ ਪਾਲਸੀ ਇਨਸਟੀਚਿਊਟ ਦੇ ਸਾਈਟ `ਤੇ
25 ਮਈ 2011 ਨੂੰ ਛਪੀ ਇਕ ਰਿਪੋਰਟ ਵਿੱਚ ਪੂਰੇ ਚੀਨ ਵਿੱਚ 450 ਅਜਿਹੇ ਪਿੰਡਾਂ
ਬਾਰੇ ਗੱਲ ਕੀਤੀ ਗਈ ਹੈ ਜਿੱਥੋਂ ਦੇ ਲੋਕਾਂ ਨੂੰ ਵੱਡੀ ਪੱਧਰ ਉੱਤੇ ਕੈਂਸਰ ਦੀ ਮਾਰ
ਸਹਿਣੀ ਪੈ ਰਹੀ ਹੈ। ਰਿਪੋਰਟ ਅਨੁਸਾਰ ਇਹਨਾਂ ਪੇਂਡੂ ਇਲਾਕਿਆਂ ਵਿੱਚ ਜਿਗਰ,
ਫੇਫੜਿਆਂ ਅਤੇ ਪੇਟ ਦੀਆਂ ਕੈਂਸਰਾਂ ਇਕੱਲੀਆਂ ਇਕੱਲੀਆਂ ਕੈਂਸਰ ਨਾਲ ਹੋਣ ਵਾਲੀਆਂ
ਮੌਤਾਂ ਵਿੱਚੋਂ 20-20 ਫੀਸਦੀ ਮੌਤਾਂ ਲਈ ਜ਼ਿੰਮੇਵਾਰ ਹਨ। ਚੀਨ ਦੇ ਕਿਸਾਨਾਂ ਵਿੱਚ
ਦੁਨੀਆਂ ਦੇ ਆਮ ਨਾਗਰਿਕਾਂ ਦੇ ਮੁਕਾਬਲੇ ਜਿਗਰ ਦੀ ਕੈਂਸਰ ਹੋਣ ਦੇ ਤਿੰਨ ਗੁਣਾਂ ਵੱਧ
ਮੌਕੇ ਹਨ ਅਤੇ ਉਹਨਾਂ ਵਿੱਚ ਪੇਟ ਦੀ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ
ਦੁਨੀਆਂ ਦੀ ਦਰ ਨਾਲੋਂ ਦੁੱਗਣੀ ਹੈ। ਰਿਪੋਰਟ ਵਿੱਚ ਇਹਨਾਂ ਕੈਂਸਰਾਂ ਦਾ ਸੰਬੰਧ
ਰਸਾਇਣਕ ਪਦਾਰਥਾਂ ਅਤੇ ਸੀਵਰੇਜ ਨਾਲ ਪ੍ਰਦੂਸ਼ਤ ਪਾਣੀ ਨਾਲ ਜੋੜਿਆ ਗਿਆ ਹੈ। ਰਿਪੋਰਟ
ਅਨੁਸਾਰ ਕਾਰਖਾਨਿਆਂ, ਪਲਾਂਟਾਂ ਅਤੇ ਖਾਣਾ ਵਿੱਚੋਂ ਛੱਡੇ ਜਾਣ ਵਾਲੇ ਪ੍ਰਦੂਸ਼ਤ
ਪਦਾਰਥਾਂ ਕਾਰਨ ਚੀਨ ਦੇ ਦਰਿਆ, ਝੀਲਾਂ ਅਤੇ ਧਰਤੀ ਹੇਠਲਾ ਪਾਣੀ ਬੁਰੀ ਤਰ੍ਹਾਂ
ਪ੍ਰਦੂਸ਼ਤ ਹੋ ਰਿਹਾ ਹੈ। ਚੀਨ ਦੀ ਸਰਕਾਰ ਦੇ ਆਪਣੇ ਤੱਥ ਦਸਦੇ ਹਨ ਕਿ ਚੀਨ ਦੇ ਅੱਧੇ
ਦਰਿਆਵਾਂ, ਤਿੰਨ/ਚੁਥਾਈ ਤੋਂ ਵੱਧ ਝੀਲਾਂ ਅਤੇ ਹੋਰ ਪਾਣੀ ਦੇ ਭੰਡਾਰਾਂ ਦਾ ਪਾਣੀ
ਪੀਣ ਦੇ ਯੋਗ ਨਹੀਂ ਹੈ ਪਰ ਫਿਰ ਵੀ ਬਹੁਤ ਸਾਰੇ ਲੋਕ ਇਸ ਪ੍ਰਦੂਸ਼ਤ ਪਾਣੀ `ਤੇ
ਨਿਰਭਰ ਹਨ।
ਚੀਨ ਦੇ ਇਹਨਾਂ ਪਿੰਡਾਂ ਵਿੱਚ ਕੁਝ ਪਿੰਡ ਅਜਿਹੇ ਹਨ ਜਿੱਥੇ ਜੰਮਣ ਵਾਲਿਆਂ ਦੇ
ਮੁਕਾਬਲੇ ਮਰਨ ਵਾਲਿਆਂ ਦੀ ਗਿਣਤੀ ਵੱਧ ਹੈ। ਹੀਨਾਨ ਸੂਬੇ ਦੇ ਇਕ ਪਿੰਡ ਦੇ 80
ਫੀਸਦੀ ਨੌਜਵਾਨ ਗੰਭੀਰ ਤੌਰ `ਤੇ ਬੀਮਾਰ ਹਨ। ਇਕ ਇਕ ਸਾਲ ਦੀ ਉਮਰ ਦੇ ਬੱਚਿਆਂ ਵਿੱਚ
ਕੈਂਸਰ ਦੀ ਬੀਮਾਰੀ ਦੀ ਪਛਾਣ ਹੋ ਰਹੀ ਹੈ। ਇਸ ਪਿੰਡ ਵਿੱਚ ਸੰਨ 1994-2004 ਦੌਰਾਨ
ਹੋਣ ਵਾਲੀਆਂ ਮੌਤਾਂ ਵਿੱਚੋਂ ਅੱਧੀਆਂ ਮੌਤਾਂ ਜਿਗਰ, ਆਂਤੜੀਆਂ ਅਤੇ ਪੇਟ ਦੀ ਕੈਂਸਰ
ਨਾਲ ਹੋਈਆਂ ਸਨ। [39]
ਮੌਸਮਾਂ ਵਿੱਚ ਤਬਦੀਲੀ (ਕਲਾਈਮੇਟ ਚੇਂਜ) ਕਾਰਨ ਧਰਤੀ `ਤੇ ਤਾਪਮਾਨ
ਵਿੱਚ ਹੋਣ ਵਾਲੇ ਵਾਧੇ ਅਤੇ ਮੌਸਮਾਂ ਵਿੱਚ ਹੋਣ ਵਾਲੀਆਂ ਨਾਟਕੀ ਤਬਦੀਲੀਆਂ ਨਾਲ
ਲੋਕਾਂ ਦੀ ਸਿਹਤ `ਤੇ ਕਈ ਤਰ੍ਹਾਂ ਦੇ ਹਾਨੀਕਾਰਕ ਅਸਰ ਪੈ ਰਹੇ ਹਨ। ਸਭ ਤੋਂ ਪਹਿਲੀ
ਗੱਲ ਤਾਂ ਇਹ ਹੈ ਕਿ ਦੁਨੀਆ ਦੀਆਂ ਵੱਖ ਵੱਖ ਥਾਂਵਾਂ `ਤੇ ਗਰਮੀ ਦੀਆਂ ਲਹਿਰਾਂ (ਹੀਟ
ਵੇਵਜ਼) ਆਉਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪਿਛਲੇ 10 ਸਾਲਾਂ ਦੌਰਾਨ
ਦੁਨੀਆ ਦੇ ਬਹੁਗਿਣਤੀ ਖੇਤਰਾਂ ਨੂੰ ਇਕ ਜਾਂ ਵੱਧ ਵਾਰ ਗਰਮੀ ਦੀਆਂ ਲਹਿਰਾਂ ਦਾ
ਸਾਹਮਣਾ ਕਰਨਾ ਪਿਆ ਹੈ। [40] ਮੌਸਮਾਂ ਵਿੱਚ ਤਬਦੀਲੀ ਦੇ ਖੇਤਰ ਵਿੱਚ ਕੰਮ ਕਰਦੇ
ਬਹੁਤ ਸਾਰੇ ਵਿਗਿਆਨੀਆਂ ਦਾ ਇਹ ਵਿਚਾਰ ਹੈ ਕਿ ਗਰਮੀ ਦੀਆਂ ਇਹਨਾਂ ਲਹਿਰਾਂ ਦਾ ਕਾਰਨ
ਗਲੋਬਲ ਵਾਰਮਿੰਗ ( ਵਾਤਾਵਰਨ ਦੇ ਤਾਪਮਾਨ ਵਿੱਚ ਵਾਧਾ) ਹੈ। 5 ਅਗਸਤ
2012 ਨੂੰ ਗਲੋਬਲ ਵਾਰਮਿੰਗ ਦੀ ਖੋਜ ਦੇ ਖੇਤਰ ਵਿੱਚ ਗੌਡ ਫਾਦਰ
ਮੰਨੇ ਜਾਂਦੇ ਨਾਸਾ (NASA) ਦੇ ਵਿਗਿਆਨੀ, ਜੇਮਜ਼ ਹੈਨਸਨ
ਨੇ ਇਕ ਅਧਿਐਨ ਵਿੱਚ ਸਪਸ਼ਟ ਤੌਰ `ਤੇ ਕਿਹਾ ਹੈ ਕਿ ਸੰਨ 2011 ਵਿੱਚ ਅਮਰੀਕਾ ਦੇ
ਟੈਕਸਜ਼ ਅਤੇ ਓਕਲਾਹਮਾ ਵਿੱਚ ਪਏ ਸੋਕੇ, ਸੰਨ 2010 ਵਿੱਚ ਰੂਸ ਅਤੇ ਮੱਧ ਪੂਰਬ (ਮਿਡਲ
ਈਸਟ) ਦੇ ਦੇਸ਼ਾਂ ਵਿੱਚ ਆਈ ਗਰਮੀ ਦੀ ਲਹਿਰ (ਹੀਟ ਵੇਵ) ਅਤੇ ਸੰਨ
2003 ਵਿੱਚ ਯੂਰਪ ਦੇ ਦੇਸ਼ਾਂ ਵਿੱਚ ਆਈ ਗਰਮੀ ਦੀ ਲਹਿਰ ਦਾ ਕਾਰਨ ਗਲੋਬਲ
ਵਾਰਮਿੰਗ ਸੀ। [41] ਹੱਦੋਂ ਵੱਧ ਗਰਮੀ ਦੀਆਂ ਇਹ ਲਹਿਰਾਂ ਕਈ ਕੇਸਾਂ ਵਿੱਚ
ਵੱਡੀ ਪੱਧਰ `ਤੇ ਲੋਕਾਂ ਦੀ ਮੌਤ ਦਾ ਕਾਰਨ ਬਣੀਆਂ ਹਨ। ਉਦਾਹਰਨ ਲਈ ਅਗਸਤ 2003
ਵਿੱਚ ਯੂਰਪ ਵਿੱਚ ਆਈ ਗਰਮੀ ਦੀ ਲਹਿਰ ਬਾਰੇ ਮੁਢਲੀਆਂ ਰਿਪੋਰਟਾਂ ਵਿੱਚ ਇਸ ਲਹਿਰ
ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 35,000 ਦੱਸੀ ਗਈ ਸੀ। [42] ਪਰ ਕੁਝ ਸਾਲਾਂ
ਬਾਅਦ ਹੋਰ ਜਾਣਕਾਰੀ ਪ੍ਰਾਪਤ ਹੋਣ `ਤੇ ਇਸ ਗਿਣਤੀ ਵਿੱਚ ਸੋਧ ਕਰਕੇ ਇਹ ਗਿਣਤੀ
52,000 ਦੱਸੀ ਗਈ ਸੀ। [43] ਇਸ ਹੀ ਤਰ੍ਹਾਂ ਸੰਨ 2010 ਵਿੱਚ ਰੂਸ ਵਿੱਚ ਆਈ ਗਰਮੀ
ਦੀ ਲਹਿਰ ਕਾਰਨ 15,000 ਦੇ ਕਰੀਬ ਮੌਤਾਂ ਹੋਈਆਂ ਸਨ। [44]
ਧਰਤੀ ਦਾ ਤਾਪਮਾਨ ਵਧਣ ਨਾਲ ਸਿਹਤ ਦੇ ਸੰਬੰਧ ਵਿੱਚ ਇਕ ਹੋਰ ਅਸਰ ਇਹ ਪਏਗਾ ਕਿ
ਇਸ ਨਾਲ ਮੱਛਰਾਂ, ਚੂਹਿਆਂ ਅਤੇ ਰੋਗਾਣੂਆਂ ਨੂੰ ਲਿਜਾਣ ਵਾਲੇ ਇਸ ਤਰ੍ਹਾਂ ਦੇ ਹੋਰ
ਜੀਵਾਂ ਨਾਲ ਲੱਗਣ ਵਾਲੀਆਂ ਬੀਮਾਰੀਆਂ ਦੇ ਫੈਲਣ ਵਿੱਚ ਵਾਧਾ ਹੋਵੇਗਾ। ਵਰਲਡ
ਹੈਲਥ ਆਰਗੇਨਾਈਜੇਸ਼ਨ ਨੇ 1960 ਤੋਂ ਲੈਕੇ ਹੁਣ ਤੱਕ ਗਲੋਬਲ ਵਾਰਮਿੰਗ
ਨਾਲ ਸੰਬੰਧਤ 39 ਨਵੀਂਆਂ ਜਾਂ ਦੁਬਾਰਾ ਸਿਰ ਚੁੱਕਣ ਵਾਲੀਆਂ ਬੀਮਾਰੀਆਂ ਦੀ
ਸੂਚੀ ਤਿਆਰ ਕੀਤੀ ਹੈ। [45] ਇਕ ਹੋਰ ਰਿਪੋਰਟ ਅਨੁਸਾਰ ਆਉਣ ਵਾਲੇ ਸਮੇਂ ਦੌਰਾਨ
ਮਲੇਰੀਆ, ਡੇਂਗੂ ਬੁਖਾਰ ਅਤੇ ਇਸ ਤਰ੍ਹਾਂ ਦੀਆਂ ਹੋਰ ਬੀਮਾਰੀਆਂ ਦੀ ਮਾਰ ਹੇਠ ਆਉਣ
ਵਾਲੇ ਲੋਕਾਂ ਦੀ ਗਿਣਤੀ ਵਿੱਚ ਕ੍ਰੋੜਾਂ ਦਾ ਵਾਧਾ ਹੋਵੇਗਾ। ਸੰਨ 2080 ਤੱਕ 26 -
32 ਕ੍ਰੋੜ ਹੋਰ ਲੋਕ ਮਲੇਰੀਏ ਦਾ ਸ਼ਿਕਾਰ ਬਣਨਗੇ। [46] ਮਲੇਰੀਏ ਅਤੇ ਡੇਂਗੂ
ਬੁਖਾਰ ਦੀਆਂ ਬੀਮਾਰੀਆਂ ਦੀ ਸਮੱਸਿਆ ਵਿਕਾਸਸ਼ੀਲ ਦੇਸ਼ਾਂ ਤੱਕ ਹੀ ਸੀਮਤ ਨਹੀਂ ਹੈ,
ਸਗੋਂ ਇਹ ਬੀਮਾਰੀਆਂ ਦੇ ਕੇਸ ਅਮਰੀਕਾ ਵਿੱਚ ਪਾਏ ਜਾ ਰਹੇ ਹਨ।
ਧਰਤੀ ਦਾ ਤਾਪਮਾਨ ਵਧਣ ਕਾਰਨ ਪੈਣ ਵਾਲੇ ਸੋਕੇ, ਸਮੁੰਦਰਾਂ ਦੇ ਪਾਣੀ ਦਾ ਪੱਧਰ
ਉੱਚਾ ਹੋਣ ਅਤੇ ਮੌਸਮਾਂ ਵਿੱਚ ਨਾਟਕੀ ਤਬਦੀਲੀ ਕਾਰਨ ਥੋੜ੍ਹੇ ਸਮੇਂ ਵਿੱਚ ਹੀ ਹੋਣ
ਵਾਲੀ ਜ਼ਿਆਦਾ ਬਾਰਸ਼ ਕਾਰਨ ਆਉਣ ਵਾਲੇ ਹੜ੍ਹਾਂ, ਜੰਗਲਾਂ ਅਤੇ ਫਸਲਾਂ ਨੂੰ ਅੱਗਾਂ
ਲੱਗਣ ਦੀਆਂ ਘਟਨਾਵਾਂ ਵਿੱਚ ਵਾਧਾ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਅਨਾਜ ਦੀ
ਪੈਦਾਵਾਰ ਘਟਾਉਣ ਦਾ ਕਾਰਨ ਵੀ ਬਣਦਾ ਹੈ। ਉਦਾਹਰਨ ਲਈ ਸੰਨ 2010 ਵਿੱਚ ਗਰਮੀ ਦੀ
ਲਹਿਰ ਅਤੇ ਸੋਕੇ ਕਾਰਨ ਰੂਸ ਵਿੱਚ ਅਨਾਜ ਉਤਪਾਦਨ ਵਿੱਚ ਇਕ ਤਿਹਾਈ ਕਮੀ ਆਈ ਸੀ।
[47] ਸੰਨ 2010 ਵਿੱਚ ਪਾਕਿਸਤਾਨ ਦੀਆਂ 20 ਫੀਸਦੀ ਫਸਲਾਂ ਉਸ ਸਾਲ ਆਏ ਹੜ੍ਹਾਂ ਦੀ
ਮਾਰ ਵਿੱਚ ਆ ਗਈਆਂ ਸਨ। ਪਾਕਿਸਤਾਨ ਵਿੱਚ ਆਏ ਇਹਨਾਂ ਹੜ੍ਹਾਂ ਦੇ ਕਈ ਕਾਰਨਾਂ
ਵਿੱਚੋਂ ਇਕ ਕਾਰਨ ਇਹ ਵੀ ਸੀ ਕਿ ਮੌਸਮਾਂ ਦੀ ਤਬਦੀਲੀ ਕਾਰਨ ਪਾਕਿਸਤਾਨ ਦੀ 3 ਮਹੀਨੇ
ਲੰਮੀ ਮੌਨਸੂਨ ਰੁੱਤ ਵਿੱਚ ਹੋਣ ਵਾਲੀ ਕੁੱਲ ਵਰਖਾ ਦੇ ਅੱਧ ਤੋਂ ਜਿ਼ਆਦੀ ਵਰਖਾ ਸਿਰਫ
ਇਕ ਹਫਤੇ ਵਿੱਚ ਹੀ ਹੋ ਗਈ ਸੀ। [48] ਇਸ ਹੀ ਤਰ੍ਹਾਂ ਜਿਵੇਂ ਪਹਿਲਾ ਦੱਸਿਆ ਜਾ
ਚੁੱਕਾ ਹੈ ਕਿ 1999-2002 ਦੌਰਾਨ ਮੰਗੋਲੀਆ ਵਿੱਚ ਪੈਣ ਵਾਲੇ ਸੋਕਿਆਂ ਕਾਰਨ ਉੱਥੋਂ
ਦੇ ਕ੍ਰੋੜਾਂ ਜਾਨਵਰ ਮਾਰੇ ਗਏ ਸਨ। [48] ਅਨਾਜ ਅਤੇ ਪਸ਼ੂ ਸੰਪਤੀ ਵਿੱਚ ਆਉਣ ਵਾਲੀ
ਇਸ ਤਰ੍ਹਾਂ ਦੀ ਕਮੀ ਪ੍ਰਭਾਵਿਤ ਖੇਤਰਾਂ ਵਿੱਚ ਖੁਰਾਕ ਦੀ ਥੁੜ ਪੈਦਾ ਕਰਦੀ ਹੈ ਅਤੇ
ਵੱਡੀ ਗਿਣਤੀ ਵਿੱਚ ਲੋਕ ਪੂਰੀ ਖੁਰਾਕ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ।
2011 ਦੀ ਹਿਊਮਨ ਡਿਵੈਲਪਮੈਂਟ ਰਿਪੋਰਟ ਅਨੁਸਾਰ ਸੰਨ 2050 ਤੱਕ
ਸਮੁੰਦਰਾਂ ਦੇ ਪਾਣੀਆਂ ਦੀ ਪੱਧਰ ਵਿੱਚ ਹੋਣ ਵਾਲੇ ਵਾਧੇ, ਸੋਕਿਆਂ, ਗਰਮੀ ਦੀਆਂ
ਲਹਿਰਾਂ, ਹੜਾਂ ਅਤੇ ਹੋਣੀਆਂ ਵਾਲੀਆਂ ਬਾਰਸ਼ਾਂ ਵਿੱਚ ਬਦਲੀ ਕਾਰਨ ਪੂਰੀ ਖੁਰਾਕ ਨਾ
ਮਿਲਣ ਵਾਲੇ ਬੱਚਿਆਂ ਦੀ ਗਿਣਤੀ ਵਿੱਚ 2.5 ਕ੍ਰੋੜ (25 ਮਿਲੀਅਨ) ਦਾ
ਵਾਧਾ ਹੋ ਜਾਵੇਗਾ। [49] ਇਹ ਗੱਲ ਕਿਸੇ ਤੋਂ ਗੁੱਝੀ ਨਹੀਂ ਕਿ ਪੂਰੀ ਖੁਰਾਕ ਦਾ ਨਾ
ਮਿਲਣਾ ਲੋਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ `ਤੇ ਕਈ ਤਰ੍ਹਾਂ ਦੇ ਗੰਭੀਰ ਅਸਰ
ਪਾਉਂਦਾ ਹੈ।
ਘਰੋਂ ਬੇਘਰ ਹੋਣਾ
ਵਾਤਾਵਰਨ ਦਾ ਨੁਕਸਾਨ ਦੁਨੀਆ ਭਰ ਵਿੱਚ ਕਿੰਨੇ ਹੀ ਲੋਕਾਂ ਨੂੰ ਘਰੋਂ ਬੇਘਰ ਹੋਣ
ਲਈ ਮਜਬੂਰ ਕਰ ਰਿਹਾ ਹੈ ਅਤੇ ਆਉਣ ਵਾਲੇ ਭਵਿੱਖ ਵਿੱਚ ਇਸ ਵਰਤਾਰੇ ਵਿੱਚ ਹੋਰ ਤੇਜ਼ੀ
ਆਉਣ ਦੀਆਂ ਸੰਭਾਵਨਾਵਾਂ ਹਨ। ਸਮੁੰਦਰਾਂ ਦੇ ਪਾਣੀਆਂ ਦੀ ਪੱਧਰ ਵਿੱਚ ਵਾਧਾ,
ਤੂਫਾਨਾਂ ਅਤੇ ਹੜਾਂ ਵਰਗੀਆਂ ਕੁਦਰਤੀ ਆਫਤਾਂ, ਮਾਰੂਥਲਾਂ ਦਾ ਫੈਲਾਅ, ਸੋਕਾ ਅਤੇ
ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਡਿੱਗਣਾ, ਵੱਖ ਵੱਖ ਕਾਰਨਾਂ ਕਰਕੇ ਜ਼ਮੀਨ, ਪਾਣੀ
ਅਤੇ ਆਲੇ ਦੁਆਲੇ ਵਿੱਚ ਜ਼ਹਿਰੀਲੇ ਪਦਾਰਥਾਂ ਦੇ ਫੈਲਾਅ ਵਰਗੇ ਵਰਤਾਰਿਆਂ ਕਾਰਨ ਲੋਕ
ਆਪਣੇ ਘਰ-ਬਾਰ ਛੱਡ ਰਹੇ ਹਨ ਜਾਂ ਅਜਿਹੇ ਵਰਤਾਰਿਆਂ ਕਾਰਨ ਉਹਨਾਂ ਨੂੰ ਆਉਣ ਵਾਲੇ
ਸਮੇਂ ਵਿੱਚ ਆਪਣੇ ਘਰ-ਬਾਰ ਛੱਡਣੇ ਪੈ ਸਕਦੇ ਹਨ। ਘਰੋਂ ਬੇਘਰ ਹੋ ਰਹੇ ਇਹਨਾਂ ਲੋਕਾਂ
ਵਿੱਚੋਂ ਕਈਆਂ ਲਈ ਘਰ ਛੱਡਣ ਦੀ ਇਹ ਪ੍ਰਕ੍ਰਿਆ ਸਥਾਈ ਹੁੰਦੀ ਹੈ ਅਤੇ ਕਈਆਂ ਲਈ
ਆਰਜ਼ੀ। ਭਾਵ ਕਈ ਲੋਕ ਹਮੇਸ਼ਾਂ ਹਮੇਸ਼ਾਂ ਲਈ ਆਪਣੇ ਘਰ ਛੱਡ ਜਾਂਦੇ ਹਨ ਜਦੋਂ ਕਿ ਕਈ
ਹਾਲਤਾਂ ਦੇ ਸੁਧਰਨ ਕਾਰਨ ਕੁਝ ਸਮੇਂ ਬਾਅਦ ਆਪਣੇ ਘਰਾਂ ਨੂੰ ਵਾਪਸ ਆ ਜਾਂਦੇ ਹਨ।
ਯੂਨਾਈਟਿਡ
ਨੇਸ਼ਨਜ਼ ਪਾਪੂਲੇਸ਼ਨ ਫੰਡ ਵਲੋਂ 2009 ਵਿੱਚ ਛਾਪੀ ਗਈ ਸਟੇਟ ਆਫ ਵਰਲਡ
ਪਾਪੂਲੇਸ਼ਨ ਨਾਮੀ ਰਿਪੋਰਟ ਵਿੱਚ ਵਾਤਾਵਰਨ ਵਿੱਚ ਆਈ ਤਬਦੀਲੀ ਕਾਰਨ ਹੁਣ ਤੱਕ
ਘਰੋਂ ਬੇਘਰ ਹੋ ਗਏ ਲੋਕਾਂ ਦੀ ਗਿਣਤੀ ਬਾਰੇ ਕਈ ਅੰਦਾਜ਼ਿਆਂ ਦਾ ਜ਼ਿਕਰ ਕਰਨ ਤੋਂ
ਬਾਅਦ ਦੱਸਿਆ ਗਿਆ ਹੈ ਕਿ ਸਭ ਤੋਂ ਆਮ ਵਰਤੇ ਜਾਂਦੇ ਤੱਥਾਂ ਅਨੁਸਾਰ ਇਹ ਗਿਣਤੀ 2.5
ਕ੍ਰੋੜ ਹੈ। ਪਰ ਇਸ ਗਿਣਤੀ ਵਿੱਚ ਉਹ ਲੋਕ ਸ਼ਾਮਲ ਨਹੀਂ ਹਨ ਜੋ ਸੋਕੇ ਜਾਂ ਜ਼ਮੀਨ ਦੇ
ਖੁਰਨ ਵਰਗੀਆਂ ਵਾਤਾਵਰਨ ਵਿੱਚ ਹੌਲੀ ਹੌਲੀ ਹੋ ਰਹੀਆਂ ਤਬਦੀਲੀਆਂ ਕਾਰਨ ਘਰੋਂ ਬੇਘਰ
ਹੋਏ ਹਨ। ਮੌਸਮਾਂ ਵਿੱਚ ਆਉਣ ਵਾਲੀ ਤਬਦੀਲੀ ਕਾਰਨ ਭਵਿੱਖ ਵਿੱਚ ਕਿੰਨੇ ਲੋਕ ਘਰੋਂ
ਬੇਘਰ ਹੋਣਗੇ? ਉਪ੍ਰੋਕਤ ਰਿਪੋਰਟ ਅਨੁਸਾਰ ਇਸ ਬਾਰੇ ਵੀ ਵੱਖ ਵੱਖ ਅੰਦਾਜ਼ੇ ਹਨ,
ਜਿਹਨਾਂ ਵਿਚੋਂ ਕੁਝ ਅਧਿਐਨਾਂ ਦਾ ਮੰਨਣਾ ਹੈ ਕਿ 2050 ਤੱਕ ਵਾਤਾਵਰਨ ਵਿੱਚ ਆਉਣ
ਵਾਲੀਆਂ ਤਬਦੀਲੀਆਂ ਕਾਰਨ 5 ਕ੍ਰੋੜ (50 ਮਿਲੀਅਨ) ਲੋਕ ਘਰੋਂ ਬੇਘਰ
ਹੋਣਗੇ ਜਦੋਂ ਕੁਝ ਹੋਰ ਅਧਿਐਨਾਂ ਦਾ ਮੰਨਣਾ ਹੈ ਕਿ ਇਹ ਗਿਣਤੀ 1 ਅਰਬ (1
ਬਿਲੀਅਨ) ਦੇ ਬਰਾਬਰ ਹੋਵੇਗੀ। ਪਰ ਆਮ ਮੰਨੀ ਜਾਣ ਵਾਲੀ ਗਿਣਤੀ ਅਨੁਸਾਰ 2050
ਤੱਕ ਵਾਤਾਵਰਨ ਵਿੱਚ ਹੋਣ ਵਾਲੀਆਂ ਤਬਦੀਲੀਆਂ ਕਾਰਨ 20 ਕ੍ਰੋੜ (200 ਮਿਲੀਅਨ)
ਲੋਕ ਘਰੋਂ ਬੇਘਰ ਹੋ ਜਾਣਗੇ। [50]
ਤਾਪਮਾਨ ਵਿੱਚ ਵਾਧੇ ਕਾਰਨ ਹਿਮਕੂਟਾਂ (ਗਲੇਸ਼ੀਅਰਾਂ) ਦੇ ਪਿਘਲਨ ਅਤੇ
ਸਮੁੰਦਰਾਂ ਦੇ ਪਾਣੀਆਂ ਦੇ ਫੈਲਣ ਕਾਰਨ ਇੱਕੀਵੀਂ ਸਦੀ ਵਿੱਚ ਸਮੁੰਦਰਾਂ ਦੇ ਪਾਣੀਆਂ
ਦਾ ਪੱਧਰ 1 ਮੀਟਰ (3.28 ਫੁੱਟ) ਤੋਂ 2 ਮੀਟਰ (6.56 ਫੁੱਟ) ਤੱਕ ਉੱਚਾ ਹੋ
ਸਕਦਾ ਹੈ।[51] ਅਜਿਹਾ ਹੋਣ ਨਾਲ ਸਮੁੰਦਰਾਂ ਦੇ ਕੰਢਿਆਂ ਉੱਤੇ ਵਸਣ ਵਾਲੇ ਵੱਡੀ
ਗਿਣਤੀ ਲੋਕਾਂ ਨੂੰ ਆਪਣੇ ਘਰ ਬਾਰ ਛੱਡਣੇ ਪੈ ਸਕਦੇ ਹਨ। ਜੇ ਸਮੁੰਦਰਾਂ ਦੇ ਪਾਣੀ ਦੇ
ਪੱਧਰ ਵਿੱਚ 1 ਮੀਟਰ ਦਾ ਵਾਧਾ ਹੁੰਦਾ ਹੈ ਤਾਂ ਸੰਨ 2100 ਤੱਕ ਏਸ਼ੀਆ (ਮੁੱਖ ਰੂਪ
ਵਿੱਚ ਚੀਨ, ਬੰਗਲਾਦੇਸ਼ ਅਤੇ ਵੀਅਤਨਾਮ ਵਿੱਚ) ਵਿੱਚ 10 ਕ੍ਰੋੜ ਲੋਕਾਂ ਨੂੰ, ਯੂਰਪ
ਵਿੱਚ 1.4 ਕ੍ਰੋੜ ਲੋਕਾਂ ਨੂੰ ਅਫਰੀਕਾ ਅਤੇ ਦੱਖਣੀ ਅਮਰੀਕਾ ਵਿੱਚ 80 ਲੱਖ ਤੱਕ
ਲੋਕਾਂ ਨੂੰ ਘਰੋਂ ਬੇਘਰ ਹੋਣਾ ਪੈ ਸਕਦਾ ਹੈ। [52]
ਮਨੁੱਖੀ ਸਰਗਰਮੀਆਂ ਕਾਰਨ ਜ਼ਮੀਨ ਦਾ ਹੋ ਰਿਹਾ ਮਾਰੂਥਲੀਕਰਨ ਧਰਤੀ ਲਈ ਇਕ ਹੋਰ
ਵੱਡੀ ਸਮੱਸਿਆ ਬਣਕੇ ਸਾਹਮਣੇ ਆ ਰਿਹਾ ਹੈ। ਚਾਰਗਾਹਾਂ ਦੀ ਉਹਨਾਂ ਦੀ ਸਮਰੱਥਾ ਤੋਂ
ਵੱਧ ਵਰਤੋਂ, ਧਰਤੀ ਹੇਠਲੇ ਪਾਣੀ ਨੂੰ ਹੱਦੋਂ ਵੱਧ ਕੱਢਣਾ, ਦਰਿਆਵਾਂ ਆਦਿ ਦੇ
ਕੁਦਰਤੀ ਵਹਾਅ ਨੂੰ ਬਦਲ ਕੇ ਸ਼ਹਿਰਾਂ ਵੱਲ ਨੂੰ ਮੋੜਨਾ ਅਤੇ ਵਾਤਾਵਰਨ ਦੇ ਤਾਪਮਾਨ
ਵਿੱਚ ਹੋ ਰਿਹਾ ਵਾਧਾ ਜ਼ਮੀਨ ਦੇ ਮਾਰੂਥਲੀਕਰਨ ਦਾ ਕਾਰਨ ਬਣ ਰਿਹਾ ਹੈ। ਇਸ ਸਮੱਸਿਆ
ਦੀ ਵਿਆਪਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਸਮੇਂ ਦੁਨੀਆ ਦੀ
38 ਫੀਸਦੀ ਧਰਤੀ ਦੇ ਮਾਰੂਥਲ ਵਿੱਚ ਤਬਦੀਲ ਹੋਣ ਦਾ ਖਤਰਾ ਹੈ।[53] ਉਦਾਹਰਨ ਲਈ
ਅਫਰੀਕਾ ਦਾ ਸਹਾਰਾ ਮਾਰੂਥਲ ਹਰ ਸਾਲ ਚਾਰੇ ਪਾਸਿਆਂ ਨੂੰ ਫੈਲ ਰਿਹਾ ਹੈ,
ਬਰਾਜ਼ੀਲ ਵਿੱਚ 2.5 ਲੱਖ ਵਰਗ ਮੀਲ ਜ਼ਮੀਨ ਮਾਰੂਥਲੀਕਰਨ ਤੋਂ ਪ੍ਰਭਾਵਿਤ ਹੈ,
ਮੈਕਸੀਕੋ ਵਿੱਚ ਹਰ ਸਾਲ 400 ਵਰਗਮੀਲ ਖੇਤੀਯੋਗ ਜ਼ਮੀਨ ਮਾਰੂਥਲੀਕਰਨ ਕਾਰਨ ਖੇਤੀ ਦੇ
ਯੋਗ ਨਹੀਂ ਰਹਿ ਰਹੀ ਅਤੇ ਚੀਨ ਵਿੱਚ ਹਰ ਸਾਲ 1300 ਵਰਗ ਮੀਲ ਜ਼ਮੀਨ ਮਾਰੂਥਲ ਬਣ
ਰਹੀ ਹੈ। [54]
ਮਾਰੂਥਲੀਕਰਨ ਦੇ ਇਸ ਅਮਲ ਕਾਰਨ ਕ੍ਰੋੜਾਂ ਲੋਕਾਂ ਨੂੰ ਆਪਣੇ ਘਰ ਛੱਡਣੇ ਪੈ ਸਕਦੇ
ਹਨ ਅਤੇ ਪੈ ਰਹੇ ਹਨ। ਉਦਾਹਰਨ ਲਈ 2006 ਵਿੱਚ ਮਾਰੂਥਲੀਕਰਨ ਬਾਰੇ ਹੋਈ ਯੂਨਾਇਟਿਡ
ਨੇਸ਼ਨਜ਼ ਦੀ ਕਾਨਫਰੰਸ ਵਿੱਚ ਇਕ ਅੰਦਾਜ਼ਾ ਲਾਇਆ ਗਿਆ ਸੀ ਕਿ 2020 ਤੱਕ ਅਫਰੀਕਾ ਦੇ
ਸੱਬ-ਸਹਾਰਾ ਖੇਤਰ ਦੇ 6 ਕ੍ਰੋੜ ਲੋਕ ਆਪਣਾ ਘਰਬਾਰ ਛੱਡ ਕੇ ਉੱਤਰੀ ਅਫਰੀਕਾ ਅਤੇ
ਯੂਰਪ ਵੱਲ ਨੂੰ ਅਵਾਸ ਕਰ ਸਕਦੇ ਹਨ। ਪਿਛਲੇ 50 ਸਾਲਾਂ ਦੌਰਾਨ ਉੱਤਰੀ ਅਤੇ ਪੱਛਮੀ
ਚੀਨ ਵਿੱਚ ਮਾਰੂਥਲ ਦੇ ਫੈਲਾਅ ਕਾਰਨ 24,000 ਪਿੰਡ ਜਾਂ ਤਾਂ ਪੂਰੀ ਤਰ੍ਹਾਂ ਜਾਂ
ਅੱਧ ਪਚੱਧੇ ਰੂਪ ਵਿੱਚ ਖਾਲੀ ਕਰ ਦਿੱਤੇ ਗਏ ਹਨ। [55] ਸੀ ਐੱਨ ਐੱਨ ਦੇ ਟੈਕਨੌਲੌਜੀ
ਸੈਕਸ਼ਨ ਵਿੱਚ ਨਵੰਬਰ 2008 ਵਿੱਚ ਛਪੇ ਇਕ ਆਰਟੀਕਲ ਵਿੱਚ ਲਿਖਿਆ ਹੈ ਕਿ ਚੀਨ ਦੇ
ਉੱਤਰ ਵਿੱਚ ਪੂਰੇ ਦੇ ਪੂਰੇ ਪਿੰਡ ਮਾਰੂਥਲੀਕਰਨ ਕਾਰਨ ਰੇਤੇ ਦੇ ਹੇਠਾਂ ਦੱਬੇ ਗਏ
ਹਨ। ਉੱਥੋਂ ਦੀ ਸਟੇਟ ਫੌਰਸਟਰੀ ਐਡਮਿਨਸਟ੍ਰੇਸ਼ਨ ਦਾ ਅੰਦਾਜ਼ਾ ਹੈ ਕਿ ਮਾਰੂਥਲੀਕਰਨ
ਚੀਨ ਦੇ 40 ਕ੍ਰੋੜ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਇਹਨਾਂ ਵਿੱਚ ਬਹੁਤੇ
ਲੋਕ ਆਪਣੀ ਜ਼ਮੀਨ ਉੱਤੇ ਖੇਤੀ ਕਰਨ ਜਾਂ ਪਸ਼ੂ ਪਾਲਣ ਤੋਂ ਅਯੋਗ ਹੋ ਰਹੇ ਹਨ ਅਤੇ
ਨਤੀਜੇ ਵਜੋਂ ਵਾਤਾਵਰਨ ਕਾਰਨ ਪੈਦਾ ਹੋਏ ਸ਼ਰਨਾਰਥੀ ਬਣ ਕ੍ਰੋੜਾਂ ਦੀ ਗਿਣਤੀ ਵਿੱਚ
ਚੀਨ ਦੇ ਵੱਡੇ ਸ਼ਹਿਰਾਂ ਵਿੱਚ ਪਹੁੰਚ ਰਹੇ ਹਨ। [56]
ਖੇਤੀਬਾੜੀ, ਸਨਅਤ ਅਤੇ ਹੋਰ ਮਨੁੱਖੀ ਸਰਗਰਮੀਆਂ ਦੌਰਾਨ ਪਾਣੀ ਦੀ ਹੱਦੋਂ ਵੱਧ
ਵਰਤੋਂ ਅਤੇ ਮੌਸਮਾਂ ਵਿੱਚ ਆ ਰਹੀਆਂ ਨਾਟਕੀ ਤਬਦੀਲੀਆਂ ਦੁਨੀਆਂ ਦੇ ਬਹੁਤ ਸਾਰੇ
ਹਿੱਸਿਆਂ ਵਿੱਚ ਪਾਣੀ ਦੀ ਕਿੱਲਤ ਅਤੇ ਸੋਕੇ ਵਰਗੇ ਹਾਲਾਤ ਪੈਦਾ ਕਰ ਰਹੀਆਂ ਹਨ।
ਨਤੀਜੇ ਵਜੋਂ ਕਈ ਥਾਂਵਾਂ `ਤੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਆਪਣੇ ਘਰਬਾਰ ਛੱਡਣੇ
ਪੈ ਰਹੇ ਹਨ। ਸੰਨ 2001 ਵਿੱਚ ਛਪੀ ਇਕ ਰਿਪੋਰਟ ਵਿੱਚ ਅੰਦਾਜ਼ਾ ਲਾਇਆ ਗਿਆ ਸੀ ਕਿ
2025 ਤੱਕ ਦੁਨੀਆ ਭਰ ਵਿੱਚ ਤਿੰਨਾਂ ਵਿੱਚੋਂ ਦੋ ਵਿਅਕਤੀਆਂ ਨੂੰ ਪਾਣੀ ਦੀ ਕਿੱਲਤ
ਦਾ ਸਾਹਮਣਾ ਕਰਨਾ ਪਏਗਾ ਅਤੇ ਉਹਨਾਂ ਵਿੱਚੋਂ ਬਹੁਤੇ ਆਪਣਾ ਘਰਬਾਰ ਛੱਡਣ ਲਈ ਮਜਬੂਰ
ਹੋ ਜਾਣਗੇ। [57] ਇਕ ਹੋਰ ਰਿਪੋਰਟ ਅਨੁਸਾਰ ਪਾਣੀ ਦੀ ਕਮੀ ਕਾਰਨ ਸੀਰੀਆ ਵਿੱਚ 160
ਪਿੰਡ ਖਾਲੀ ਕਰਨੇ ਪਏ ਹਨ ਅਤੇ ਉੱਤਰੀ ਇਰਾਕ ਵਿੱਚ 1 ਲੱਖ ਤੋਂ ਵੱਧ ਲੋਕ ਪਾਣੀ ਦੀ
ਕਮੀ ਕਾਰਨ ਘਰੋਂ ਬੇਘਰ ਹੋਏ ਹਨ। ਉੱਤਰੀ ਅਤੇ ਪੱਛਮੀ ਚੀਨ, ਅਤੇ ਉੱਤਰੀ ਮੈਕਸੀਕੋ ਦੇ
ਪੇਂਡੂ ਖੇਤਰਾਂ ਵਿੱਚੋਂ ਲੱਖਾਂ ਲੋਕਾਂ ਨੂੰ ਪਾਣੀ ਦੀ ਕਮੀ ਕਾਰਨ ਆਪਣੇ ਘਰ ਛੱਡਣੇ
ਪੈ ਸਕਦੇ ਹਨ। ਇਸ ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪਾਣੀ ਦੀ ਕਿੱਲਤ
ਕਾਰਨ ਘਰੋਂ ਬੇਘਰ ਹੋਣ ਦੀ ਸਥਿਤੀ ਹੁਣ ਪੇਂਡੂ ਖੇਤਰਾਂ ਤੱਕ ਹੀ ਸੀਮਤ ਨਹੀਂ ਰਹੇਗੀ
ਸਗੋਂ ਅਜਿਹੀ ਸਥਿਤੀ ਕਈ ਵੱਡੇ ਸ਼ਹਿਰਾਂ ਨੂੰ ਵੀ ਆਪਣੇ ਪ੍ਰਭਾਵ ਹੇਠ ਲਏਗੀ। ਉਦਾਹਰਨ
ਲਈ ਆਉਣ ਵਾਲੇ ਸਮੇਂ ਵਿੱਚ ਪਾਣੀ ਦੀ ਕਿੱਲਤ ਕਾਰਨ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ
ਦੀ ਰਾਜਧਾਨੀ ਕੋਇਟੇ ਦੇ ਆਪਣੇ ਮੌਜੂਦਾ ਥਾਂ `ਤੇ ਵਸਦੇ ਰਸਦੇ ਰਹਿਣ `ਤੇ ਪ੍ਰਸ਼ਨ
ਚਿੰਨ ਲਾਇਆ ਜਾ ਰਿਹਾ ਹੈ। [58]
ਹੜ੍ਹਾਂ, ਝੱਖੜਾਂ ਅਤੇ ਤੂਫਾਨਾਂ ਵਰਗੀਆਂ ਕੁਦਰਤੀ ਆਫਤਾਂ ਵੀ ਲੋਕਾਂ ਦੀ ਜਾਨਮਾਲ
ਦਾ ਵੱਡਾ ਨੁਕਸਾਨ ਕਰਨ ਦੇ ਨਾਲ ਨਾਲ ਉਹਨਾਂ ਨੂੰ ਘਰੋਂ ਬੇਘਰ ਹੋਣ ਲਈ ਮਜ਼ਬੂਰ
ਕਰਦੀਆਂ ਹਨ। ਉਦਾਹਰਨ ਲਈ ਸੰਨ 2005 ਵਿੱਚ ਅਮਰੀਕਾ ਦੀ ਗਲਫ ਕੋਸਟ ਉੱਤੇ ਆਏ
ਸਮੁੰਦਰੀ ਤੂਫਾਨ ਕੈਟਰੀਨਾ ਕਾਰਨ ਨਿਊ ਔਰਲੀਨਜ਼ ਦੇ
10 ਲੱਖ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਸਨ। ਇਹਨਾਂ ਵਿੱਚੋਂ 7 ਲੱਖ ਲੋਕ ਤਾਂ
ਤੂਫਾਨ ਦੇ ਪ੍ਰਭਾਵ ਹਟਣ ਬਾਅਦ ਵਾਪਸ ਆਪਣੇ ਘਰਾਂ ਨੂੰ ਪਰਤ ਆਏ ਸਨ ਪਰ 3 ਲੱਖ ਲੋਕਾਂ
ਨੂੰ ਸਦਾ ਲਈ ਆਪਣੇ ਘਰ ਛੱਡ ਗਏ ਸਨ।[59] ਇਸ ਹੀ ਤਰ੍ਹਾਂ ਮਾਰਚ 2011 ਵਿੱਚ ਜਾਪਾਨ
ਦੇ ਸ਼ਹਿਰ ਫੂਕੂਸ਼ੀਮਾ ਵਿਖੇ ਪਰਮਾਣੂ ਬਿਜਲੀ ਦੇ ਪਲਾਂਟ ਵਿੱਚ ਹੋਈ ਦੁਰਘਟਨਾ ਤੋਂ
ਬਾਅਦ ਆਈ ਸੁਨਾਮੀ ਕਾਰਨ ਹਜ਼ਾਰਾਂ ਲੋਕ ਘਰੋਂ ਬੇਘਰ ਹੋ ਗਏ ਸਨ। ਉਹਨਾਂ ਵਿੱਚੋਂ
ਕਿੰਨੇ ਲੋਕ ਆਰਜ਼ੀ ਤੌਰ `ਤੇ ਘਰੋਂ ਬੇਘਰ ਹੋਏ ਹਨ ਅਤੇ ਕਿੰਨੇ ਪੱਕੇ ਤੌਰ `ਤੇ ਇਸ
ਬਾਰੇ ਅਜੇ ਪੱਕੀ ਤਰ੍ਹਾਂ ਕਹਿਣਾ ਮੁਸ਼ਕਿਲ ਹੈ। [60] ਇੱਥੇ ਇਹ ਗੱਲ ਵੀ ਨੋਟ ਕਰਨ
ਵਾਲੀ ਹੈ ਕਿ ਬੇਸ਼ੱਕ ਮਨੁੱਖਤਾ ਨੂੰ ਹਮੇਸ਼ਾਂ ਤੋਂ ਹੀ ਹੜ੍ਹਾਂ, ਝੱਖੜਾਂ ਅਤੇ
ਤੂਫਾਨਾਂ ਵਰਗੀਆਂ ਕੁਦਰਤੀ ਆਫਤਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ ਪਰ ਹੁਣ
ਇਹਨਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਨਤੀਜੇ ਵਜੋਂ ਇਹਨਾਂ ਆਫਤਾਂ ਦੀ ਮਾਰ
ਹੇਠ ਆ ਰਹੇ ਲੋਕਾਂ ਦੀ ਗਿਣਤੀ ਵੀ ਵੱਧ ਰਹੀ ਹੈ। ਸਟੇਟ ਆਫ ਦੀ ਵਰਲਡ
ਪਾਪੂਲੇਸ਼ਨ ਅਨੁਸਾਰ ਪਿਛਲੇ ਦੋ ਦਹਾਕਿਆਂ ਦੌਰਾਨ ਦੁਨੀਆ ਭਰ ਵਿੱਚ ਹਰ ਸਾਲ
ਆਉਣ ਵਾਲੀਆਂ ਕੁਦਰਤੀ ਆਫਤਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ - ਭਾਵ ਇਹ ਗਿਣਤੀ 200
ਪ੍ਰਤੀ ਸਾਲ ਤੋਂ ਵੱਧ ਕੇ 400 ਪ੍ਰਤੀ ਸਾਲ ਤੱਕ ਪਹੁੰਚ ਗਈ ਹੈ। ਰਿਪੋਰਟ ਵਿੱਚ ਇਹ
ਵੀ ਕਿਹਾ ਗਿਆ ਹੈ ਕਿ ਇਹਨਾਂ ਕੁਦਰਤੀ ਆਫਤਾਂ ਵਿੱਚੋਂ 70 ਫੀਸਦੀ ਆਫਤਾਂ ਦਾ ਸੰਬੰਧ
ਮੌਸਮਾਂ ਨਾਲ ਸੰਬੰਧਤ ਸੀ। ਪਿਛਲੇ ਦਹਾਕੇ ਦੌਰਾਨ ਇਹਨਾਂ ਕੁਦਰਤੀ ਆਫਤਾਂ ਤੋਂ
ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਤਿੰਨ ਗੁਣਾਂ ਵਾਧਾ ਹੋਇਆ ਹੈ ਅਤੇ
ਇਹਨਾਂ ਕਾਰਨ ਸਿੱਧੇ ਤੌਰ `ਤੇ ਹਰ ਸਾਲ ਔਸਤਨ 21.1 ਕ੍ਰੋੜ ਲੋਕ ਪ੍ਰਭਾਵਿਤ ਹੁੰਦੇ
ਹਨ। ਸੰਨ 1998 ਤੋਂ ਸੰਨ 2007 ਵਿਚਕਾਰ 2.8 ਅਰਬ (ਬਿਲੀਅਨ) ਲੋਕ
ਮੋਸਮਾਂ ਨਾਲ ਸੰਬੰਧਤ ਆਫਤਾਂ ਤੋਂ ਪ੍ਰਭਾਵਿਤ ਹੋਏ ਸਨ ਜਦੋਂ ਕਿ ਉਸ ਤੋਂ ਪਹਿਲੇ
ਦਸਾਂ ਸਾਲਾਂ ਦੌਰਾਨ ਇਹ ਗਿਣਤੀ 1.8 ਅਰਬ (ਬਿਲੀਅਨ) ਸੀ। [61]
ਅੰਤਿਕਾ
ਹੁਣ ਤੱਕ ਅਸੀਂ ਦੇਖਿਆ ਹੈ ਕਿ ਵਾਤਾਵਰਨ ਦਾ ਨੁਕਸਾਨ ਲੋਕਾਂ ਦੀਆਂ ਜ਼ਿੰਦਗੀਆਂ
`ਤੇ ਬਹੁਤ ਗੰਭੀਰ ਅਤੇ ਮਾਰੂ ਅਸਰ ਪਾਉਂਦਾ ਹੈ। ਹੁਣ ਅਸੀਂ ਸੰਖੇਪ ਵਿੱਚ ਇਸ ਮੁੱਦੇ
ਬਾਰੇ ਗੱਲ ਕਰਾਂਗੇ ਕਿ ਇਹਨਾਂ ਅਸਰਾਂ ਦੀ ਮਾਰ ਅਮੀਰ ਲੋਕਾਂ ਦੇ ਮੁਕਾਬਲੇ ਗਰੀਬ
ਲੋਕਾਂ `ਤੇ ਜ਼ਿਆਦਾ ਪੈਂਦੀ ਹੈ। 2011 ਦੀ ਹਿਊਮਨ ਡਿਵੈਲਪਮੈਂਟ ਰਿਪੋਰਟ ਦੇ
ਲੇਖਕਾਂ ਨੇ ਇਹ ਗੱਲ ਵਾਰ ਵਾਰ ਦੁਹਰਾਈ ਹੈ ਕਿ ਭਾਵੇਂ ਵਾਤਾਵਰਨ ਨੂੰ ਨੁਕਸਾਨ
ਪਹੰਚਾਉਣ ਵਿੱਚ ਅਮੀਰ ਲੋਕਾਂ ਦੇ ਮੁਕਾਬਲੇ ਗਰੀਬ ਲੋਕਾਂ ਦੀ ਭੂਮਿਕਾ ਘੱਟ ਹੈ ਪਰ ਇਸ
ਨੁਕਸਾਨ ਅਤੇ ਪ੍ਰਦੂਸ਼ਣ ਕਾਰਨ ਪੈਣ ਵਾਲੇ ਮਾਰੂ ਅਸਰਾਂ ਦੇ ਭਿਆਨਕ ਨਤੀਜੇ ਗਰੀਬ ਅਤੇ
ਨਿਤਾਣੇ ਲੋਕਾਂ ਨੂੰ ਜ਼ਿਆਦਾ ਝੱਲਣੇ ਪੈਂਦੇ ਹਨ। ਇਸ ਦਾ ਇਕ ਜ਼ਾਹਰਾ ਕਾਰਨ ਤਾਂ ਇਹ
ਹੈ ਕਿ ਗਰੀਬ ਅਤੇ ਨਿਤਾਣੇ ਲੋਕਾਂ ਕੋਲ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ
ਸਰਕਾਰੀ ਅਤੇ ਕਾਰਪੋਰੇਸ਼ਨਾਂ ਦੀਆਂ ਨੀਤੀਆਂ ਦਾ ਵਿਰੋਧ ਕਰਨ ਦੀ ਤਾਕਤ ਨਹੀਂ ਹੁੰਦੀ
ਅਤੇ ਨਾ ਹੀ ਉਹਨਾਂ ਕੋਲ ਵਾਤਾਵਰਨ ਦੇ ਨੁਕਸਾਨ ਕਾਰਨ ਪੈਣ ਵਾਲੇ ਮਾਰੂ ਅਸਰਾਂ ਨਾਲ
ਨਜਿੱਠਣ ਦੀ ਸਮਰੱਥਾ ਹੁੰਦੀ ਹੈ। 2011 ਦੀ ਹਿਊਮਨ ਡਿਵੈਲਪਮੈਂਟ ਰਿਪੋਰਟ ਅਨੁਸਾਰ :
- ਹਾਂਗਕਾਂਗ ਅਤੇ ਸੰਘਾਈ ਵਿੱਚ ਹਵਾ ਦੇ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ
ਮੌਤਾਂ ਦੀ ਦਰ ਗਰੀਬ ਅਤੇ ਘੱਟ ਪੜ੍ਹੇ ਲਿਖੇ ਲੋਕਾਂ ਵਿੱਚ ਜ਼ਿਆਦਾ ਹੈ।
ਇੰਗਲੈਂਡ ਵਿੱਚ ਮਿਊਂਸਪੈਲਟੀਆਂ ਦੇ ਰਹਿੰਦ ਖੂਹੰਦ ਨੂੰ ਸਾੜਨ ਵਾਲੇ ਪਲਾਂਟਾਂ
(ਇਨਸਿਨਰੇਟਰਜ਼) ਵਿੱਚੋਂ ਅੱਧੇ ਪਲਾਂਟ ਉਹਨਾਂ ਦਸਵਾਂ ਹਿੱਸਾ ਮਿਊਂਸਪੈਲਟੀਆਂ
ਵਿੱਚ ਹਨ ਜਿਹੜੀਆਂ ਸਭ ਤੋਂ ਗਰੀਬ ਹਨ। ਉੱਥੇ ਗਰੀਬ ਅਤੇ ਘੱਟਗਿਣਤੀਆਂ ਦੇ
ਲੋਕਾਂ ਦੇ ਰਹਿਣ ਵਾਲੇ ਇਲਾਕਿਆਂ ਦੀ ਹਵਾ ਜ਼ਿਆਦਾ ਪ੍ਰਦੂਸ਼ਤ ਹੈ ਜਦੋਂ ਕਿ
ਕਾਰਾਂ ਦੀ ਜ਼ਿਆਦਾ ਮਾਲਕੀ ਵਾਲੇ (ਅਮੀਰ) ਇਲਾਕਿਆਂ ਵਿੱਚ ਦੀ ਹਵਾ ਜ਼ਿਆਦਾ ਸਾਫ
ਹੈ। ਨੀਦਰਲੈਂਡ, ਅਤੇ ਜਰਮਨੀ ਵਿੱਚ ਵੀ ਹਵਾ ਉਨ੍ਹਾਂ ਇਲਾਕਿਆਂ ਵਿੱਚ
ਜ਼ਿਆਦਾ ਪ੍ਰਦੂਸ਼ਤ ਹੈ ਜਿਹਨਾਂ ਇਲਾਕਿਆਂ ਵਿੱਚ ਗਰੀਬ ਅਤੇ ਅਵਾਸੀ ਲੋਕ ਰਹਿੰਦੇ
ਹਨ। ਫਰਾਂਸ ਵਿੱਚ ਸਨਅਤੀ ਅਤੇ ਪਰਮਾਣੂ ਰਹਿੰਦ-ਖੂੰਹਦ ਨੂੰ ਭੰਡਾਰ ਕਰਨ ਵਾਲੀਆਂ
ਥਾਂਵਾਂ ਅਤੇ ਕੂੜੇ ਕਰਕਟ ਨੂੰ ਸਾੜਨ ਅਤੇ ਸਾਂਭਣ ਵਾਲੀਆਂ ਥਾਂਵਾਂ ਉਹਨਾਂ
ਇਲਾਕਿਆਂ ਵਿੱਚ ਜ਼ਿਆਦਾ ਹਨ ਜਿਹਨਾਂ ਇਲਾਕਿਆਂ ਵਿੱਚ ਅਵਾਸੀ ਲੋਕ ਰਹਿੰਦੇ ਹਨ।
- ਅਮਰੀਕਾ ਵਿੱਚ ਜ਼ਹਿਰੀਲੀ ਰਹਿੰਦ ਖੂੰਹਦ (ਵੇਸਟ) ਨਾਲ ਨਿਪਟਣ ਵਾਲੀਆਂ
ਥਾਂਵਾਂ (ਫੈਸਿਲਟੀਜ਼) ਜ਼ਿਆਦਾ ਤਰ ਉਹਨਾਂ ਇਲਾਕਿਆਂ ਵਿੱਚ ਹਨ ਜਿਹਨਾਂ ਇਲਾਕਿਆਂ
ਵਿੱਚ ਮਜ਼ਦੂਰ ਅਤੇ ਘੱਟ ਗਿਣਤੀਆਂ ਦੇ ਲੋਕ ਰਹਿੰਦੇ ਹਨ। ਸਾਬਕਾ ਸੋਵੀਅਤ
ਯੂਨੀਅਨ ਵਿੱਚ ਵੀ ਅਜਿਹੀਆਂ ਥਾਂਵਾਂ ਉਹਨਾਂ ਇਲਾਕਿਆਂ ਵਿੱਚ ਜ਼ਿਆਦਾ ਸਨ,
ਜਿਹਨਾਂ ਇਲਾਕਿਆਂ ਵਿੱਚ ਮੁਸਲਮਾਨ ਤਤਾਰ ਅਤੇ ਬਖਸ਼ੀਰ ਲੋਕ ਰਹਿੰਦੇ ਸਨ ਅਤੇ
ਸਟਾਲਿਨ ਦੇ ਰਾਜ ਦੌਰਾਨ ਸਰਕਾਰੀ ਜਬਰ ਦਾ ਸ਼ਿਕਾਰ ਹੋਏ ਅਤੇ ਜਲਾਵਤਨ ਕੀਤੇ ਗਏ
ਲੋਕਾਂ ਨਾਲ ਸੰਬੰਧਤ ਲੋਕ ਰਹਿੰਦੇ ਸਨ।
- ਕਈ ਹਾਲਤਾਂ ਵਿੱਚ ਵਾਤਾਵਰਨ ਦੇ ਨੁਕਸਾਨ ਕਾਰਨ ਪੈਦਾ ਹੋਈਆਂ ਸਥਿਤੀਆਂ ਨਾਲ
ਨਜਿੱਠਣ ਲਈ ਸਰਕਾਰਾਂ ਇਸ ਤਰ੍ਹਾਂ ਦੀ ਨੀਤੀਆਂ ਬਣਾਉਂਦੀਆਂ ਹਨ ਜੋ ਗਰੀਬਾਂ ਅਤੇ
ਨਿਤਾਣਿਆਂ ਉੱਪਰ ਬੋਝ ਹੋਰ ਵਧਾ ਦਿੰਦੀਆਂ ਹਨ। ਉਦਾਹਰਨ ਲਈ ਮੰਗੋਲੀਆ ਵਿੱਚ
ਪੇਂਡੂ ਇਲਾਕਿਆਂ ਦੇ ਲੋਕਾਂ ਅਤੇ ਛੋਟੇ ਵਪਾਰਾਂ ਨੂੰ ਸਾਫ ਪਾਣੀ ਲਈ ਵੱਡੀਆਂ
ਸਨਅਤਾਂ ਅਤੇ ਖਾਣਾਂ ਦੀਆਂ ਕੰਪਨੀਆਂ ਦੇ ਮੁਕਾਬਲੇ 84 ਗੁਣਾਂ ਵੱਧ ਕੀਮਤੀ
ਤਾਰਨੀ ਪੈਂਦੀ ਹੈ।
- ਪੇਂਡੂ ਖੇਤਰਾਂ ਵਿੱਚ ਜੰਗਲਾਂ ਵਿੱਚ ਅਤੇ ਜੰਗਲਾਂ ਦੇ ਨੇੜੇ ਰਹਿਣ ਵਾਲੇ
ਗਰੀਬ ਲੋਕ ਆਪਣੀ ਆਮਦਨ ਦਾ ਚੌਥਾ ਹਿੱਸਾ ਜੰਗਲਾਂ ਤੋਂ ਪ੍ਰਾਪਤ ਕਰਦੇ ਹਨ।
ਹਿੰਦੁਸਤਾਨ ਦੇ ਅਰੂਣਾਚਲ ਦੇ ਇਲਾਕੇ ਵਿੱਚ ਗਰੀਬ ਲੋਕ ਜ਼ਿੰਦਾ ਰਹਿਣ ਲਈ
ਭਾਈਚਾਰੇ ਦੇ ਸਾਂਝੇ ਜੰਗਲਾਂ `ਤੇ ਨਿਰਭਰ ਕਰਦੇ ਹਨ। ਜਿਹੜੇ ਘਰਾਂ ਕੋਲ ਜ਼ਮੀਨ
ਘੱਟ ਹੈ ਅਤੇ ਜਿਹਨਾਂ ਘਰਾਂ ਵਿੱਚ ਪੜ੍ਹੇ ਲਿਖੇ ਲੋਕ ਘੱਟ ਹਨ, ਉਹ ਲੋਕ ਜ਼ਿੰਦਾ
ਰਹਿਣ ਲਈ ਜੰਗਲਾਂ `ਤੇ ਜ਼ਿਆਦਾ ਨਿਰਭਰ ਹਨ। ਦੱਖਣੀ ਇਥੋਪੀਆ ਵਿੱਚ ਜੰਗਲਾਂ ਤੋਂ
ਹੋਣ ਵਾਲੀ ਆਮਦਨ ਅਬਾਦੀ ਦੇ ਪੰਜਵੇਂ ਹਿੱਸੇ ਨੂੰ ਗਰੀਬੀ ਰੇਖਾ ਤੋਂ ਉੱਪਰ ਰੱਖਣ
ਵਿੱਚ ਭੂਮਿਕਾ ਨਿਭਾਉਂਦੀ ਹੈ। ਦੱਖਣੀ ਏਸ਼ੀਆ ਦੇ ਕਈ ਇਲਾਕਿਆਂ ਵਿੱਚ ਜੰਗਲਾਤ
ਦਾ ਨੁਕਸਾਨ ਹੋਣ ਕਾਰਨ ਬਾਲਣ ਲਈ ਜੰਗਲਾਂ `ਤੇ ਨਿਰਭਰ ਕਰਨ ਵਾਲੇ ਲੋਕਾਂ ਨੂੰ
ਬਾਲਣ ਇਕੱਠਾ ਕਰਨ ਲਈ ਜ਼ਿਆਦਾ ਸਮਾਂ ਲਾਉਣਾ ਪੈਂਦਾ ਹੈ ਜਦੋਂ ਕਿ ਅਮੀਰ ਲੋਕ
ਬਾਲਣ ਦੇ ਦੂਸਰੇ ਢੰਗ ਵਰਤਣ ਲੱਗ ਪਏ ਹਨ। ਬਹੁਤੀ ਵਾਰ ਬਾਲਣ ਇਕੱਠਾ ਕਰਨ ਦੀ
ਜ਼ਿੰਮੇਵਾਰੀ ਔਰਤਾਂ ਦੀ ਹੁੰਦੀ ਹੈ, ਇਸ ਲਈ ਜੰਗਲਾਂ ਨੂੰ ਹੋਏ ਨੁਕਸਾਨ ਕਾਰਨ
ਪੈਦਾ ਹੋਣ ਵਾਲੀ ਇਹ ਸਥਿਤੀ ਉਹਨਾਂ `ਤੇ ਕੰਮ ਦਾ ਬੋਝ ਹੋਰ ਵਧਾ ਦਿੰਦੀ ਹੈ ਅਤੇ
ਕਈ ਹਾਲਤਾਂ ਵਿੱਚ ਛੋਟੀਆਂ ਬੱਚੀਆਂ ਨੂੰ ਸਕੂਲ ਭੇਜਣ ਦੀ ਥਾਂ ਬਾਲਣ ਇਕੱਠਾ ਕਰਨ
ਦੇ ਕੰਮ ਲਾ ਦਿੱਤਾ ਜਾਂਦਾ ਹੈ।
- ਹੜਾਂ, ਹਨ੍ਹੇਰੀਆਂ ਅਤੇ ਵੱਡੀਆਂ ਧਿਗਾਂ ਡਿਗਣ ਕਾਰਨ ਹੋਣ ਵਾਲੀਆਂ ਮੌਤਾਂ
ਵਿੱਚ ਬੱਚਿਆਂ, ਔਰਤਾਂ, ਬਜ਼ੁਰਗਾਂ ਖਾਸ ਕਰਕੇ ਗਰੀਬਾਂ ਦੀਆਂ ਮੌਤਾਂ ਹੋਣ ਦੀ
ਦਰ ਜ਼ਿਆਦਾ ਹੁੰਦੀ ਹੈ। ਬੰਗਲਾ ਦੇਸ਼ ਵਿੱਚ ਗਰੀਬ ਲੋਕ ਨਦੀਆਂ ਦੇ ਕੰਢਿਆਂ `ਤੇ
ਜ਼ਿਆਦਾ ਰਹਿੰਦੇ ਹਨ, ਇਸ ਲਈ ਹੜਾਂ ਦੀ ਮਾਰ ਹੇਠ ਆਉਣ ਦਾ ਖਤਰਾ ਉਨ੍ਹਾਂ ਨੂੰ
ਜ਼ਿਆਦਾ ਹੁੰਦਾ ਹੈ।
- ਹਿੰਦੁਸਤਾਨ ਦੇ ਕਈ ਇਲਾਕਿਆਂ ਵਿੱਚ ਸੋਕਿਆਂ ਦੌਰਾਨ ਮਰਨ ਵਾਲੇ ਬੱਚਿਆਂ
ਵਿੱਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਮੌਤ ਦਰ ਜ਼ਿਆਦਾ ਹੁੰਦੀ ਹੈ।
- ਸੰਨ 2005 ਵਿੱਚ ਅਮਰੀਕਾ ਦੇ ਸੂਬੇ ਨਿਊ ਔਰਲਿਨਜ਼ ਵਿੱਚ ਆਏ ਸਮੁੰਦਰੀ
ਤੂਫਾਨ ਦੀ ਮਾਰ ਵਿੱਚ ਆਉਣ ਵਾਲੇ ਲੋਕਾਂ ਵਿੱਚੋਂ ਤਿੰਨ ਚੌਥਾਈ ਲੋਕ ਕਾਲੇ ਸਨ।
- ਸੰਨ 2003 ਵਿੱਚ ਯੂਰਪ ਵਿੱਚ ਆਈ ਗਰਮੀ ਦੀ ਲਹਿਰ (ਹੀਟ ਵੇਵ) ਦੌਰਾਨ ਮਰਨ
ਵਾਲਿਆਂ ਵਿੱਚ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਜ਼ਿਆਦਾ ਸੀ। [62]
ਸਟੇਟ ਆਫ ਦੀ ਵਰਡਲ ਪਾਪੂਲੇਸ਼ਨ ਨਾਮੀ ਰਿਪੋਰਟ ਅਨੁਸਾਰ:
- ਸੰਨ 1991 ਵਿੱਚ ਬੰਗਲਾ ਦੇਸ਼ ਵਿੱਚ ਆਏ ਸਮੁੰਦਰੀ ਤੂਫਾਨ ਕਾਰਨ ਹੋਣ
ਵਾਲੀਆਂ ਮੌਤਾਂ ਵਿੱਚ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ 5 ਗੁਣਾਂ ਜ਼ਿਆਦਾ ਸੀ।
- ਲੈਨਸੈੱਟ ਮੈਡੀਕਲ ਜਰਨਲ ਦੇ ਮਈ 2009 ਦੇ ਅੰਕ ਅਨੁਸਾਰ ਦੁਨੀਆ ਦੇ ਸਭ ਤੋਂ
ਗਰੀਬ 1 ਅਰਬ ਲੋਕ ਵਾਤਾਵਰਨ ਵਿੱਚ ਛੱਡੀ ਜਾਂਦੀ ਕਾਰਬਨ ਦੇ ਸਿਰਫ 3 ਫੀਸਦੀ
ਹਿੱਸੇ ਲਈ ਹੀ ਹਿੱਸੇਦਾਰ ਹਨ, ਪਰ ਉਹ ਮੌਸਮਾਂ ਵਿੱਚ ਆਈ ਤਬਦੀਲੀ ਕਾਰਨ ਪੈ ਰਹੇ
ਅਸਰਾਂ ਦੀ ਮਾਰ ਵੱਡੀ ਪੱਧਰ `ਤੇ ਝੱਲਦੇ ਹਨ। ਜਰਨਲ `ਚ ਛਪੀ ਰਿਪੋਰਟ ਅਨੁਸਾਰ
ਯੂਰਪ ਦੀ ਵਸੋਂ ਦੇ ਮੁਕਾਬਲੇ ਅਫਰੀਕਾ ਦੀ ਗਰੀਬ ਵਸੋਂ ਵਿੱਚ ਵਿਸ਼ਵ ਪੱਧਰ ਉੱਤੇ
ਵਾਤਾਵਰਨ ਵਿੱਚ ਹੋ ਰਹੀਆਂ ਤਬਦੀਲੀਆਂ - ਮੌਸਮਾਂ ਵਿੱਚ ਤਬਦੀਲੀ ਸਮੇਤ- ਦੇ
ਕਾਰਨ ਸਿਹਤਮੰਦ ਜ਼ਿੰਦਗੀ ਜਿਉਣ ਦੇ ਸਾਲਾਂ ਵਿੱਚ ਹੋਣ ਵਾਲਾ ਘਾਟਾ (ਲੌਸ ਆਫ
ਹੈਲਥੀ ਲਾਈਫ ਯੀਅਰਜ਼) 500 ਗੁਣਾਂ ਜ਼ਿਆਦਾ ਹੋਵੇਗਾ। [63]
ਅਸੀਂ ਆਪਣੇ ਆਲੇ ਦੁਆਲੇ ਇਕ ਸਰਸਰੀ ਨਜ਼ਰ ਮਾਰ ਕੇ ਵੀ ਦੇਖ ਸਕਦੇ ਹਾਂ ਕਿ
ਵਾਤਾਵਰਨ ਦੇ ਭੈੜੇ ਅਸਰਾਂ ਦਾ ਅਮੀਰ ਲੋਕਾਂ ਦੇ ਮੁਕਾਬਲੇ ਗਰੀਬ ਲੋਕਾਂ `ਤੇ ਵੱਧ
ਅਸਰ ਹੁੰਦਾ ਹੈ। ਉਦਾਹਰਨ ਲਈ, ਪਾਣੀ ਦੇ ਪ੍ਰਦੂਸ਼ਤ ਹੋਣ ਦੀ ਸਥਿਤੀ ਵਿੱਚ ਅਮੀਰ ਲੋਕ
ਪੀਣ ਲਈ ਮੁੱਲ ਦਾ ਸਾਫ ਪਾਣੀ ਲੈਣ ਦੇ ਕਾਬਲ ਹੁੰਦੇ ਹਨ ਜਦੋਂ ਕਿ ਗਰੀਬ ਲੋਕ
ਪ੍ਰਦੂਸ਼ਤ ਪਾਣੀ ਪੀਣ ਲਈ ਹੀ ਮਜ਼ਬੂਰ ਹੁੰਦੇ ਹਨ। ਇਸ ਹੀ ਤਰ੍ਹਾਂ ਗਰਮੀ ਦੀਆਂ
ਲਹਿਰਾਂ ਦੌਰਾਨ ਅਮੀਰ ਲੋਕ ਤਾਂ ਏਅਰ ਕੰਡੀਨਸ਼ਨਡ ਮਕਾਨਾਂ ਅਤੇ ਕਾਰਾਂ ਵਿੱਚ ਆਪਣਾ
ਸਮਾਂ ਗੁਜ਼ਾਰ ਸਕਦੇ ਹਨ ਜਦੋਂ ਕਿ ਗਰੀਬ ਲੋਕਾਂ ਲਈ ਅਜਿਹੀਆਂ ਸਹੂਲਤਾਂ ਪ੍ਰਾਪਤ
ਕਰਨਾ ਸੰਭਵ ਨਹੀਂ ਹੁੰਦਾ। ਇਸ ਦੇ ਨਾਲ ਹੀ ਕੁੱਝ ਰਿਪੋਰਟਾਂ ਵਿੱਚ ਇਸ ਗੱਲ ਵੱਲ ਵੀ
ਧਿਆਨ ਦਿਵਾਇਆ ਗਿਆ ਹੈ ਕਿ ਕਈ ਹਾਲਤਾਂ ਵਿੱਚ ਵਾਤਾਵਰਨ ਦੇ ਨੁਕਸਾਨ ਕਾਰਨ ਅਮੀਰ
ਲੋਕਾਂ ਨੂੰ ਫਾਇਦਾ ਹੁੰਦਾ ਹੈ। ਉਦਾਹਰਨ ਲਈ ਜਦੋਂ ਵਾਤਾਵਰਨ ਦਾ ਨੁਕਸਾਨ ਕਰਕੇ
ਵੱਡੀਆਂ ਕਾਰਪੋਰੇਸ਼ਨਾਂ ਮੁਨਾਫਾ ਕਮਾਉਂਦੀਆਂ ਹਨ ਤਾਂ ਇਸ ਮੁਨਾਫੇ ਦਾ ਹਿੱਸਾ ਇਹਨਾਂ
ਕਾਰਪੋਰੇਸ਼ਨਾਂ ਦੇ ਅਮੀਰ ਹਿੱਸੇਦਾਰਾਂ (ਸ਼ੇਅਰਹੋਲਡਰਾਂ) ਨੂੰ ਮਿਲਦਾ ਹੈ।
ਇਹਨਾਂ ਤੱਥਾਂ ਤੋਂ ਇਹ ਗੱਲ ਸਾਫ ਹੋ ਜਾਂਦੀ ਹੈ ਕਿ ਵਾਤਾਵਰਨ ਦੇ ਨੁਕਸਾਨ ਕਾਰਨ
ਮਨੁੱਖੀ ਜ਼ਿੰਦਗੀ `ਤੇ ਪੈਣ ਵਾਲੇ ਅਸਰ ਅਮੀਰਾਂ ਦੇ ਮਕਾਬਲੇ ਗਰੀਬਾਂ ਨੂੰ ਜ਼ਿਆਦਾ
ਪ੍ਰਭਾਵਿਤ ਕਰਦੇ ਹਨ। ਬਹੁਤ ਸਾਰੀਆਂ ਹਾਲਤਾਂ ਵਿੱਚ ਵਾਤਾਵਰਨ ਦੇ ਨੁਕਸਾਨ ਕਾਰਨ
ਪੈਦਾ ਹੋਣ ਵਾਲੀਆਂ ਸਥਿਤੀਆਂ ਗਰੀਬ ਅਤੇ ਨਿਤਾਣੇ ਲੋਕਾਂ ਲਈ ਜ਼ਿੰਦਗੀ ਜਾਂ ਮੌਤ ਦਾ
ਮਸਲਾ ਖੜ੍ਹਾ ਕਰ ਦਿੰਦੀਆਂ ਹਨ। ਇਸ ਲਈ ਵਾਤਾਵਰਨ ਦੇ ਨੁਕਸਾਨ ਵਿਰੁੱਧ ਲੜਾਈ ਸਮਾਜ
ਵਿਚਲੇ ਗਰੀਬ ਅਤੇ ਨਿਤਾਣੇ ਲੋਕਾਂ ਦੇ ਹਿਤਾਂ ਦੀ ਲੜਾਈ ਹੈ ਅਤੇ ਉਹਨਾਂ ਦੀ ਆਰਥਿਕ
ਅਤੇ ਸਮਾਜਕ ਬਰਾਬਰੀ ਲਈ ਚਲਦੀ ਲੜਾਈ ਦਾ ਇਕ ਹਿੱਸਾ ਹੀ ਹੈ, ਉਸ ਤੋਂ ਕਿਸੇ ਵੀ
ਤਰ੍ਹਾਂ ਵੱਖਰੀ ਨਹੀਂ ਹੈ।
ਸੁਖਵੰਤ ਹੁੰਦਲ ਦੀਆਂ ਹੋਰ ਲਿਖਤਾਂ ਪੜ੍ਹਨ ਲਈ “ਉਸ ਦੇ ਬਲਾਗ”
(www.sukhwanthundalwordpress.com) `ਤੇ ਜਾਉ।
ਹਵਾਲੇ:
|