ਕੋਈ ਸਮਾਂ ਸੀ ਜਦੋਂ ਕੰਪਿਊਟਰ ਇੱਕ ਵੱਡੇ ਸਾਰੇ ਕਮਰੇ ਵਿੱਚ ਵੀ ਮਸਾਂ ਹੀ
ਸਮਾਉਂਦਾ ਸੀ। ਪਰ ਹੌਲੀ-ਹੌਲੀ ਸਮਾਂ ਪਾ ਕੇ ਇਹ ਘਰ ਦੇ ਮੇਜ ਤੇ ਰੱਖੇ ਜਾ ਸਕਣ
ਜਿੰਨ੍ਹਾ ਛੋਟਾ (ਡੈਸਕਟਾਪ) ਹੋ ਗਿਆ। ਉਸ ਤੋਂ ਵੀ ਅੱਗੇ ਇਹ ਛੋਟਾ ਹੁੰਦਾ
ਹੋਇਆ ਪਹਿਲਾਂ ਗੋਦੀ ਵਾਲੇ ਕੰਪਿਊਟਰ (ਲੈਪਟਾਪ) ਤੇ ਫਿਰ ਫੱਟੀ (ਟੈਬਲੈੱਟ)
ਰੂਪ ਵਿੱਚ ਵਿਚਰਨਾ ਸ਼ੁਰੂ ਹੋ ਗਿਆ। ਆਲਮ ਇਹ ਹੈ ਕਿ ਅੱਜ ਦੇ ਪਾਟਵਿਕ (ਸਮਾਰਟ)
ਫੋਨ ਵੀ ਇਸ ਕੰਪਿਊਟਰ ਦਾ ਸੁਧਰਿਆ ਹੋਇਆ ਛੋਟਾ ਰੂਪ ਹੀ ਹਨ।
ਸਮੇਂ ਦੇ ਨਾਲ ਇਸਦਾ ਅਕਾਰ ਤਾਂ ਭਾਵੇਂ ਛੋਟਾ ਹੁੰਦਾ ਗਿਆ ਪਰ ਇਸ ਦੀ ਸਮਰੱਥਾ
ਅਤੇ ਸ਼ਕਤੀ ਵਧਦੀ ਗਈ ਅਤੇ ਨਾਲ ਹੀ ਵੱਧਦਾ ਗਿਆ ਇਸਦੀ ਵਰਤੋਂ ਤੇ ਵਰਤੋਂਕਾਰਾਂ ਦਾ
ਘੇਰਾ। ਅੱਜ ਕੰਪਿਊਟਰ ਕਿਸੇ ਵੀ ਰੂਪ ਵਿੱਚ ਹੋਵੇ ਪਰ ਦੁਨੀਆ ਦਾ ਕੋਈ ਕੋਨਾ ਹੀ ਬਚਿਆ
ਹੋਵੇਗਾ ਜਿੱਥੇ ਅੱਜ ਇਸਦੀ ਵਰਤੋਂ ਨਾ ਹੋ ਰਹੀ ਹੋਵੇ।
ਕੀਅਬੋਰਡ (ਸੰਗਿਆਫਲਕ) ਮੁੱਖ ਤੌਰ ਤੇ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਸੌਖਾ ਤੇ
ਸਰਲ ਰੂਪ ਹੈ ਫੋਨੈਟਿਕ (ਧੁਨੀ ਉਚਾਰਣ ਤੇ ਅਧਾਰਿਤ) ਅਤੇ ਦੂਜਾ ਹੈ
ਇਨਸਕ੍ਰਿਪਟ (ਅੱਖਰਾਂ ਦੀ ਵਰਤੋਂ ਦੀ ਦਰ ਤੇ ਅਧਾਰਿਤ)। ਫੋਨੈਟਿਕ ਕੀਅਬੋਰਡ
ਵਰਤਣ ਵਿੱਚ ਸਰਲ ਹੈ ਅਤੇ ਜਿਆਦਾ ਜਾਣਿਆ ਪਛਾਣਿਆ ਜਾਂਦਾ ਹੈ।
ਕੰਪਿਊਟਰ ਦੀ ਵਰਤੋਂ ਵਿੱਚ ਇਸ ਗੱਲ ਦਾ ਕੋਈ ਬਹੁਤਾ ਫਰਕ ਨਹੀ ਪੈਂਦਾ ਪਰ ਜਦੋਂ
ਗੱਲ ਫੋਨ ਦੀ ਵਰਤੋਂ ਦੀ ਆਉਂਦੀ ਹੈ ਤਾਂ ਅਸਲੀ ਮੁਸ਼ਕਿਲ ਸ਼ੁਰੂ ਹੁੰਦੀ ਹੈ। ਸਕਰੀਨ
ਦਾ ਛੋਟਾ ਅਕਾਰ, ਵੱਖ ਵੱਖ ਓਪਰੇਟਿੰਗ ਸਿਸਟਮ, ਵੱਖੋ ਵੱਖਰੇ ਨਿਰਮਾਤਾਵਾਂ ਦੀ
ਮੌਜੂਦਗੀ ਦੇ ਕਰ ਕੇ ਅਪਣੀ ਮਰਜੀ ਅਨੁਸਾਰ ਹੀ ਕਈ ਕੀਅਬੋਰਡ ਬਣਾ ਕੇ ਪੇਸ਼ ਕਰ ਦਿੱਤੇ
ਗਏ।
ਅਜੇ ਤੱਕ ਐਪਲ ਨੇ ਨਾ ਤਾਂ ਪੰਜਾਬੀ ਕੀਅਬੋਰਡ ਆਪ ਬਣਾ ਕੇ ਪੇਸ਼ ਕੀਤਾ ਤੇ ਨਾ ਹੀ
ਕਿਸੇ ਬਾਹਰੀ ਕੀਅਬੋਰਡ ਨੂੰ ਫੋਨ ਤੇ ਇੰਸਟਾਲ ਕਰਨ ਦੀ ਛੋਟ ਦਿੱਤੀ ਜਿਸ ਕਰ ਕੇ ਤੀਜੀ
ਧਿਰ ਸਾਫਟਵੇਅਰ ਐਪਲੀਕੇਸ਼ਨਾਂ ਨੂੰ ਇੰਸਟਾਲ ਕਰ ਕੇ ਵਰਤੋਂਕਾਰ ਨੂੰ ਪਹਿਲਾਂ ਉਹਨਾਂ
ਵਿੱਚ ਲਿਖਣਾ ਪੈਂਦਾ ਸੀ ਤੇ ਫਿਰ ਉੱਥੋਂ ਕਾਪੀ ਕਰ ਕੇ ਆਪਣੇ ਮੰਤਵ ਵਾਲੀ ਜਗ੍ਹਾ ਤੇ
ਪੇਸਟ ਕਰਨਾ ਪੈਂਦਾ ਸੀ। ਇਸ ਸੱਭ ਦਾ ਸੱਭ ਤੋਂ ਵੱਡਾ ਝੰਝਟ ਉਦੋਂ ਹੁੰਦਾ ਸੀ ਜਦੋਂ
ਕੋਈ ਵਰਤੋਂਕਾਰ ਚੈਟਿੰਗ ਕਰਨਾ ਚਾਹੁੰਦਾ ਸੀ। ਵਾਰ ਵਾਰ ਤੀਜੀ ਧਿਰ ਐਪਲੀਕੇਸ਼ਨ ਵਿੱਚ
ਜਾ ਕੇ ਲਿਖ ਕੇ ਫਿਰ ਕਾਪੀ ਕਰ ਕੇ ਲਿਆਉਣਾ ਇੱਕ ਖਲ਼ਜਗਣ ਜਿਹਾ ਹੋ ਜਾਂਦਾ ਸੀ।
ਪਿੱਛੇ ਜਿਹੇ ਐਪਲ ਨੇ ਬਹੁਭਾਸ਼ਾਈ ਕੀਅਬੋਰਡ ਬਣਾ ਕੇ ਅਪਣੇ ਓਪਰੇਟਿੰਗ ਸਿਸਟਮ ਤੇ
ਇੰਸਟਾਲ ਕਰ ਸਕਣ ਦੀ ਖੁੱਲ੍ਹ ਦੇ ਦਿੱਤੀ ।
ਬਿਲਕੁਲ ਥੋੜ੍ਹਾ ਅਰਸਾ ਪਹਿਲਾਂ ਇੱਕ ਗੁਰਮੁਖੀ ਕੀਅਬੋਰਡ ਹੁਣੇ ਹੁਣੇ ਐਪ ਸਟੋਰ
ਤੇ ਆਇਆ ਹੈ। ਗੁਰਮੁਖੀ ਪੰਜਾਬੀ ਕੀਅਬੋਰਡ ਨਾਂ ਦਾ ਇਹ ਕੀਅਬੋਰਡ ਸਰੀ, ਕੈਨੇਡਾ ਸਥਿਤ
ਇੱਕ ਤਕਨੀਕੀ ਮਾਹਰ ਤੇ ਕੰਪਿਊਟਰ ਦੇ ਤਜ਼ਰਬੇਕਾਰ ਪੰਜਾਬੀ ਵਸਨੀਕ ਦੀ ਕੰਪਨੀ ਪਿੱਪਲ
ਲੈਬਜ਼ (Pippal Labs) ਵੱਲੋਂ ਪੇਸ਼ ਕੀਤਾ ਗਿਆ ਹੈ।
ਇੱਕ ਗੱਲ ਜੋ ਇਸ ਕੀਅਬੋਰਡ ਨੂੰ ਬਾਕੀਆਂ ਤੋਂ ਅਲੱਗ ਤੇ ਵਿਲੱਖਣ ਬਣਾਉਂਦੀ ਹੈ ਉਹ
ਹੈ ਕਿ ਇਸ ਵਿੱਚ ੴ,
☬, ਅਤੇ
₹
ਚਿੰਨ੍ਹ ਵੀ ਮੁਹੱਈਆ ਕਰਵਾਏ ਗਏ ਹਨ। ਇਹ ਸਹੂਲਤ ਇਸ ਕੀਅਬੋਰਡ ਨੂੰ ਭੀੜ
ਵਿੱਚੋਂ ਅਲੱਗ ਕਰ ਕੇ ਮੂਹਰਲੀ ਕਤਾਰ ਵਿੱਚ ਲਿਆ ਖੜਾ ਕਰਦੀ ਹੈ।
ਇਸ ਕੀਅਬੋਰਡ ਦੀ ਇੱਕ ਹੋਰ ਖ਼ਾਸੀਅਤ ਇਹ ਵੀ ਹੈ ਕਿ ਇਸ ਵਿੱਚ ਗੁਰਬਾਣੀ ਵਿੱਚ
ਵਰਤੇ ਜਾਣ ਵਾਲੇ ਯਕਸ਼, ਉੱਦਤ, ਅਤੇ ਵਿਸਰਗ ਚਿੰਨ੍ਹ ਵੀ ਉਪਲੱਬਧ ਕਰਵਾਏ ਗਏ ਹਨ। ਇਹ
ਤਿੰਨੇ ਕਿਸੇ ਵੀ ਹੋਰ ਮੋਬਾਇਲ ਕੀਅਬੋਰਡ ਵਿੱਚ ਅਜੇ ਤੱਕ ਨਹੀਂ ਆਏ। ਇਹਨਾਂ ਦੀ
ਮੌਜੂਦਗੀ ਨਾਲ ਹੁਣ ਗੁਰਬਾਣੀ ਦੀ ਕੋਈ ਵੀ ਤੁਕ ਜਿਹੜੀ ਇਹਨਾਂ ਚਿੰਨ੍ਹਾਂ ਨਾਲ ਲਿਖੀ
ਹੋਈ ਹੈ ਉਸ ਨੂੰ ਟਾਇਪ ਕਰਨਾ ਸੁਖ਼ਾਲਾ ਹੋ ਗਿਆ ਹੈ।
ਇਸ ਕੀਅਬੋਰਡ ਦੇ ਖ਼ਾਕੇ ਵਿੱਚ ਜਿੱਥੇ ਤਕਨੀਕੀ ਪੱਖਾਂ ਦਾ ਧਿਆਨ ਰੱਖਿਆ ਗਿਆ ਹੈ
ਉੱਥੇ ਭਾਰਤ ਸਰਕਾਰ ਦੇ ਮੌਜੂਦਾ ਇੰਨਸਕ੍ਰਿਪਟ ਮਿਆਰਾਂ ਅਤੇ ਐਪਲ
ਲੈਪਟਾਪ ਦੇ ਮੌਜੂਦਾ ਪੰਜਾਬੀ ਕੀਅਬੋਰਡ ਦੇ ਖ਼ਾਕੇ (ਲੇਆਊਟ) ਦੇ ਬਹੁਤ ਹੀ ਨਜ਼ਦੀਕ
ਰਹਿਣ ਦੀ ਸਫਲਤਾਪੂਰਣ ਕੋਸ਼ਿਸ਼ ਕੀਤੀ ਗਈ ਹੈ।
ਇਸ ਕੀਅਬੋਰਡ ਨੂੰ ਬਹੁਤ ਹੀ ਨਿਗੂਣੀ ਜਿਹੀ ਕੀਮਤ ਅਦਾ ਕਰ ਕੇ ਖਰੀਦਣਾ ਪਵੇਗਾ ਪਰ
ਇਸਦੀਆਂ ਖੂਬੀਆਂ ਅਤੇ ਵਰਤੋਂ ਦੇ ਮੂਹਰੇ ਇਹ ਕੀਮਤ ਕੁੱਝ ਵੀ ਨਹੀਂ।
ਇਹ ਕੀਅਬੋਰਡ ਹੁਣ ਤੱਕ ਦਾ ਗੁਰਮੁਖੀ ਦਾ ਸੱਭ ਤੋਂ ਸੰਪੂਰਣ ਕੀਅਬੋਰਡ ਹੈ। ਇਸ
ਨਾਲ ਆਈਫੋਨ ਤੇ ਪੰਜਾਬੀ ਟਾਇਪ ਕਰਨ ਵਾਲਿਆਂ ਨੂੰ ਬਹੁਤ ਮਦਦ ਮਿਲੇਗੀ। ਆਈਫੋਨ ਤੇ
ਪੰਜਾਬੀ ਲਿਖੇ ਜਾ ਸਕਣ ਦੀ ਸਹੂਲਤ ਹੋ ਜਾਣ ਨਾਲ ਹੁਣ ਉਮੀਦ ਹੈ ਕਿ ਪੰਜਾਬੀ ਹੋਰ
ਵਧੇਗੀ ਫੁੱਲੇਗੀ। ਇਸ ਕੀਬੋਅਰਡ ਬਾਰੇ ਜਾਨਣ ਤੇ iPhone ਤੇ ਪਾਉਣ ਲਈ ਤੁਸੀਂ
http://www.pippallabs.com/keyboard/ ਤੇ ਜਾ ਸਕਦੇ ਹੋ।
ਅੰਤ ਵਿੱਚ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ
ਸ਼ਾਲਾ! ਪੰਜਾਬੀਏ ਤੂੰ ਤਰੱਕੀਆਂ ਕਰਦੀ ਰਹੇਂ। |