ਵਿਗਿਆਨ ਪ੍ਰਸਾਰ

7 ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ

ਅਜ ਮੈਂ ਇਕ ਬਹੁਤ ਹੀ ਨਾਜ਼ੁਕ ਪਰ ਅਹਿਮ ਵਿਸ਼ਾ ਛੋਹਣ ਲੱਗੀ ਹਾਂ। ਸ਼ਾਇਦ ਅਗਲੀਆਂ ਸਤਰਾਂ ਤੋਂ ਹੀ ਸਭ ਨੂੰ ਸਮਝ ਆ ਜਾਏ ਕਿ ਇਸ ਉਮਰ ਦੇ ਬੱਚਿਆਂ ਵਿਚ ਉਹ ਬੇਮਿਸਾਲ ਸ਼ਹਾਦਤ ਦੇਣ ਵਾਲੇ ਸਾਹਿਬਜ਼ਾਦੇ ਵੀ ਸ਼ਾਮਲ ਸਨ ਜਿਨਾਂ ਬਾਰੇ ਮੈਂ ਜ਼ਿਕਰ ਕਰਾਂਗੀ।

‘‘ ਬਾਜਾਂ ਵਾਲਿਆ ਤੇਰੇ ਹੌਂਸਲੇ ਸੀ
ਅੱਖਾਂ ਸਾਹਮਣੇ ਪੁੱਤ ਸ਼ਹੀਦ ਕਰਵਾ ਦਿੱਤੇ
ਲੋਕੀਂ ਲਭਦੇ ਨੇ ਲਾਲ ਪਥੱਰਾਂ ’ਚੋਂ
ਤੇ ਤੂੰ ਪਥੱਰਾਂ ’ਚ ਹੀ ਚਿਣਵਾ ਦਿੱਤੇ। ’’

ਜੀ ਬਿਲਕੁਲ, ਇਹੀ ਉਮਰ ਸੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਫੁੱਲਾਂ ਵਰਗੇ ਲਾਲਾਂ ਦੀ, ਜਿਨਾਂ ਨੇ ਲੁਕਣ ਮੀਟੀ ਖੇਡਣ ਦੀ ਉਮਰ ਵਿਚ ਕੌਮ ਦੇ ਖ਼ਾਤਰ ਕੰਧਾਂ ਵਿਚ ਚਿਣੇ ਜਾਣ ਨੂੰ ਤਰਜੀਹ ਦਿੱਤੀ ਸੀ।

ਜਦੋਂ ਵੀ ਕੋਈ ਸਤ ਤੋਂ ਗਿਆਰਾਂ ਸਾਲਾਂ ਦੇ ਬਾਲਾਂ ਦੀ ਸਰੀਰਕ, ਵਿਗਿਆਨਿਕ ਅਤੇ ਮਨੋਵਿਗਿਆਨਿਕ ਦਸ਼ਾ ਬਾਰੇ ਜਾਣ ਲਵੇਗਾ, ਤਾਂ ਉਹ ਆਪ ਨਿਰਣਾ ਲੈ ਸਕੇਗਾ ਕਿ ਉਨਾਂ ਨਿਕੜੇ ਬਾਲਾਂ ਦੀ ਸ਼ਹੀਦੀ ਬੇਮਿਸਾਲ ਕਿਉਂ ਸੀ? ਚੇਤੇ ਰਹੇ ਕਿ ਦੁਨੀਆ ਦੇ ਕਿਸੇ ਵੀ ਹੋਰ ਧਰਮ ਵਿਚ ਅਜਿਹੀ ਮਿਸਾਲ ਵੇਖਣ ਸੁਣਨ ਨੂੰ ਨਹੀਂ ਮਿਲਦੀ।

ਸਾਡੇ ਬੱਚੇ ਨੂੰ ਝਰੀਟ ਵੀ ਆ ਜਾਏ ਤਾਂ ਅਸੀਂ ਤੜਫ ਉਠਦੇ ਹਾਂ ਪਰ ਸਦਕੇ ਸਾਹਿਬਜ਼ਾਦਾ ਫਤਿਹ ਸਿੰਘ (ਉਮਰ ਸੱਤ ਸਾਲ) ਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ (ਉਮਰ ਨੌਂ ਸਾਲ ) ਦੇ, ਜਿਨਾਂ ਨੇ ਦੁੱਧ ਦੇ ਦੰਦ ਟੁੱਟਣ ਤੋਂ ਪਹਿਲਾਂ ਜੀਵਨ ਦੀ ਤੰਦ ਤੋੜਨ ਨੂੰ ਤਰਜੀਹ ਦਿੱਤੀ। ਆਖ਼ਰ ਕਿਹੋ ਜਿਹੀ ਗੁੜਤੀ ਮਿਲੀ ਹੋਵੇਗੀ ਇਨਾਂ ਅਲੌਕਿਕ ਬਾਲਾਂ ਨੂੰ?
ਜਿਸ ਘਰ ਵਿਚ ਉਨਾਂ ਦੇ ਦਾਦਾ ਜੀ ਨੇ ਦੂਸਰੇ ਧਰਮ ਦੇ ਲੋਕਾਂ ਨੂੰ ਬਚਾਉਣ ਲਈ ਜਾਨ ਕੁਰਬਾਨ ਕੀਤੀ ਹੋਵੇ ਤੇ ਪਿਤਾ ਵੱਲੋਂ ਨਾਮਕਰਣ ਹੀ ਅਜਿਹਾ ਹੋਵੇ - ਜ਼ੋਰ ਵਾਲਾ ਤੇ ਤਗੜਾ ਸ਼ੇਰ-ਯਾਨੀ ਜ਼ੋਰਾਵਰ ਸਿੰਘ ਅਤੇ ਉਹ ਸ਼ੇਰ ਜਿਹੜਾ ਜਿੱਤਦਾ ਹੀ ਰਹੇ ਤੇ ਕਿਸੇ ਤੋਂ ਨਾ ਹਾਰੇ - ਯਾਨੀ ਫਤਿਹ ਸਿੰਘ, ਉਹ ਬੱਚੇ ਅਲੌਕਿਕ ਤਾਂ ਹੋਣੇ ਹੀ ਸਨ !

ਸਰਬੰਸ ਵਾਰ ਦੇਣ ਵਾਲੇ ਪਿਓ ਨੇ ਉਨਾਂ ਨੂੰ ਕਿਹੋ ਜਿਹਾ ਜਿਗਰਾ ਦਿੱਤਾ ਹੋਵੇਗਾ ਕਿ ਮੌਤ ਸਾਹਮਣੇ ਵੇਖਦੇ ਹੋਏ ਤੇ ਨੰਗੀਆਂ ਤਲਵਾਰਾਂ ਦੀ ਛਾਂ ਹੇਠ ਵੀ ਕੋਈ ਖ਼ੌਫ ਉਨਾਂ ਦੇ ਚਿਹਰੇ ਉੱਤੇ ਨਹੀਂ ਸੀ ਬਲਕਿ ਫ਼ਖ਼ਰ ਨਾਲ ਸਿਰ ਬੁਲੰਦ ਕਰ ਕੇ ਉਨਾਂ ਸ਼ਹੀਦੀ ਪ੍ਰਾਪਤ ਕੀਤੀ।

ਇਹ ਜਾਣੀ ਬੁੱਝੀ ਗੱਲ ਹੈ ਕਿ ਸਤ ਅੱਠ ਵਰਿਆਂ ਦੇ ਬੱਚੇ ਮੌਤ ਬਾਰੇ ਪੂਰੀ ਸਮਝ ਰੱਖਣ ਲਗ ਪੈਂਦੇ ਹਨ ਤੇ ਹਨੇਰੇ ਤੋਂ ਵੀ ਤਹ੍ਰਿੰਦੇ ਹਨ। ਡਰਨਾ, ਤ੍ਰਭਕਣਾ ਵੀ ਇਸ ਉਮਰ ਦੇ ਬੱਚਿਆਂ ਵਿਚ ਆਮ ਹੀ ਵੇਖਣ ਵਿਚ ਆਉਂਦਾ ਹੈ।

ਕੁੱਝ ਹੋਰ ਚੰਗੀ ਤਰਾਂ ਸਮਝਾਉਣ ਲਈ ਮੈਂ ਸੱਤ ਤੋਂ ਗਿਆਰਾਂ ਸਾਲਾਂ ਦੇ ਬੱਚਿਆਂ ਦੀ ਮਨੋਦਸ਼ਾ ਤੇ ਉਨਾਂ ਦੇ ਦਿਮਾਗ਼ੀ ਅਤੇ ਸਰੀਰਕ ਬਦਲਾਓ ਬਾਰੇ ਵਿਸਤਾਰ ਨਾਲ ਗੱਲ ਕਰਨਾ ਚਾਹਾਂਗੀ।

ਇਸ ਉਮਰ ਨੂੰ ਬਚਪਨ ਅਤੇ ਜਵਾਨੀ ਦੇ ਵਿਚਕਾਰਲੀ ਉਮਰ ਮੰਨਿਆ ਗਿਆ ਹੈ। ਸੱਤ ਤੋਂ ਨੌਂ ਸਾਲ ਦੇ ਬੱਚੇ ਹਾਲੇ ਬਚਪਨ ਦੀ ਹਦ ਉੱਤੇ ਖੜੇ ਗਿਣੇ ਜਾਂਦੇ ਹਨ ਪਰ ਦਸ ਤੋਂ ਗਿਆਰਾਂ ਸਾਲ ਦੀ ਉਮਰ ਨੂੰ ਜਵਾਨੀ ਦੀ ਦਹਿਲੀਜ਼ ਵਲ ਪੁੱਟਿਆ ਪਹਿਲਾ ਕਦਮ ਗਿਣਿਆ ਜਾਂਦਾ ਹੈ। ਤੇਰਾਂ ਵਰਿਆਂ ਦੀ ਉਮਰ ਵਿਚ ਸਰੀਰ ਉੱਤੇ ਜਵਾਨੀ ਦੇ ਹਸਤਾਖ਼ਰ ਦਿਸਣੇ ਸ਼ੁਰੂ ਹੋ ਜਾਂਦੇ ਹਨ।

ਜਿੰਨੀ ਵੀ ਖੋਜ ਮਨੋਵਿਗਿਆਨੀਆਂ ਨੇ ਇਸ ਉਮਰ ਵਿਚਲੇ ਬੱਚਿਆਂ ਉੱਤੇ ਕੀਤੀ ਹੈ, ਉਸ ਸਦਕਾ ਇਹ ਤਾਂ ਪੱਕਾ ਹੋ ਚੁੱਕਿਆ ਹੈ ਕਿ ਇਸ ਉਮਰ ਦੇ ਬੱਚਿਆਂ ਦਾ ਦਿਮਾਗ਼ ਤੇਜ਼ੀ ਨਾਲ ਵਧਦਾ ਹੈ ਤੇ ਅੱਠ ਤੋਂ ਨੌਂ ਵਰਿਆਂ ਦੀ ਉਮਰ ਦੇ ਬੱਚਿਆਂ ਦੇ ਦਿਮਾਗ਼ ਦਾ ਆਕਾਰ ਲਗਭਗ ਵਡਿਆਂ ਦੇ ਦਿਮਾਗ਼ ਦੇ ਆਕਾਰ ਦੇ ਬਰਾਬਰ ਪਹੁੰਚ ਜਾਂਦਾ ਹੈ। ਇਸ ਉਮਰ ਵਿਚ ਦਿਮਾਗ਼ ਦਾ ਅਗਲਾ ਹਿੱਸਾ (ਫਰੰਟਲ ਲੋਬ) ਬਹੁਤ ਤੇਜ਼ੀ ਨਾਲ ਵਧਦਾ ਹੈ, ਜਿਸ ਨਾਲ ਕਿਸੇ ਗਲ ਨੂੰ ਸਮਝਣ ਤੇ ਉਸ ਬਾਰੇ ਘੋਖਣ ਦੀ ਚਾਹ ਤੀਬਰ ਹੋ ਜਾਂਦੀ ਹੈ। ਇਸ ਸਦਕਾ ਬੱਚੇ ਕੋਈ ਆਪਣਾ ਠੋਸ ਫੈਸਲਾ ਲੈਣ ਦੇ ਸਮਰਥ ਹੋ ਜਾਂਦੇ ਹਨ ਤੇ ਇਕ ਵਾਰ ਆਪਣਾ ਮਕਸਦ ਠਾਣ ਕੇ ਫਿਰ ਉਸਨੂੰ ਪੂਰਾ ਕਰਨ ਲਈ ਕਿਸੇ ਵੀ ਹਦ ਤਕ ਦੀ ਜ਼ਿੱਦ ਫੜ ਸਕਦੇ ਹਨ। ਫਰੰਟਲ ਲੋਬ ਦੇ ਅਗਲੇ ਸਿਰੇ ਦੇ ਹਿੱਸੇ (ਪਰੀਫਰੰਟਲ ਕੌਰਟੈਕਸ) ਵਿਚ ਕਿਸੇ ਦੀ ਸ਼ਖ਼ਸ਼ੀਅਤ ਨੂੰ ਉਘਾੜਨ ਦੀ ਸਮਰਥਾ ਹੁੰਦੀ ਹੈ।
ਫਰੰਟਲ ਲੋਬ ਵਾਲੇ ਹਿੱਸੇ ਵਿਚਲੀ ਕੋਈ ਸੱਟ ਕਾਰਣ ਜਾਂ ਬੀਮਾਰੀ ਕਾਰਣ ਬੱਚੇ ਦੀ ਸੋਚ ਵਿਚ ਵਿਗਾੜ ਪੈ ਸਕਦਾ ਹੈ ਤੇ ਉਹ ਇਕਦਮ ਰੋਣ ਜਾਂ ਉੱਚੀ ਉੱਚੀ ਹੱਸਣ ਜਾਂ ਘਬਰਾਹਟ ਵਰਗੇ ਲੱਛਣ ਵਿਖਾ ਸਕਦਾ ਹੈ।

ਜਿਵੇਂ ਜਿਵੇਂ ਦਿਮਾਗ਼ ਦਾ ਇਹ ਹਿੱਸਾ ਵਧਦਾ ਹੈ, ਬੱਚਾ ਔਖੇ ਤੋਂ ਔਖੇ ਮਸਲੇ ਦਾ ਹਲ ਕੱਢਣ ਦੇ ਸਮਰਥ ਹੋ ਜਾਂਦਾ ਹੈ। ਕਿਸੇ ਖਿਡੌਣੇ ਦੀ ਮੀਨ ਮੇਖ ਕੱਢਣੀ ਜਾਂ ਕਿਸੇ ਔਖੇ ਕੰਪਿਊਟਰ ਪ੍ਰੋਗਰਾਮ ਵਗੈਰਾਹ ਨੂੰ ਜਲਦੀ ਸਮਝਣ ਯੋਗ ਹੋ ਜਾਂਦਾ ਹੈ।

ਸੱਤ ਸਾਲ ਦੀ ਉਮਰ ਉੱਤੇ ਪਹੁੰਚਦੇ ਦਿਮਾਗ਼ ਦੇ ਦੋਵੇਂ ਹਿੱਸਿਆਂ (ਸੇਰੇਬਰਲ ਹੈਮਿਸਫੀਅਰ) ਨੂੰ ਜੋੜਨ ਵਾਲੀਆਂ ਤੰਦਾਂ (ਕੋਰਪਸ ਕੈਲੋਜ਼ਮ) ਕਾਫ਼ੀ ਵਧ ਜਾਂਦੀਆਂ ਹਨ ਜਿਨਾਂ ਨਾਲ ਸੁਣੇਹੇ ਵੀ ਛੇਤੀ ਦਿਮਾਗ਼ ਅੰਦਰ ਪਹੁੰਚਦੇ ਹਨ ਤੇ ਉਨਾਂ ਵੇਖੀਆਂ ਜਾਂ ਸੁਣੀਆਂ ਹੋਈਆਂ ਚੀਜ਼ਾਂ ਦਾ ਹਲ ਕੱਢਣਾ ਜਾਂ ਡੂੰਘੀ ਸੋਚ ਵਿਚਾਰ (ਬਾਲ- ਮਨਾਂ ਅਨੁਸਾਰ) ਕਰ ਸਕਣ ਦੀ ਸਮਰਥਾ ਵੀ ਆ ਜਾਂਦੀ ਹੈ।

ਸੌਖੇ ਤਰੀਕੇ ਸਮਝਣ ਲਈ ਏਨਾ ਹੀ ਬਹੁਤ ਹੈ ਕਿ ਇਸ ਉਮਰ ਤੋਂ ਪਹਿਲਾਂ ਬੱਚੇ ਦਾ ਸੰਸਾਰ ਸੀਮਤ ਹੁੰਦਾ ਹੈ ਪਰ ਦਿਮਾਗ਼ ਦੇ ਵਾਧੇ ਨਾਲ ਬੱਚੇ ਆਲੇ ਦੁਆਲੇ ਨੂੰ ਚੰਗੀ ਤਰਾਂ ਸਮਝਣ ਯੋਗ ਹੋ ਜਾਂਦਾ ਹੈ ਤੇ ਦੁਨਿਆਵੀ ਤਾਣੇ ਬਾਣੇ ਨੂੰ ਵਿਗਿਆਨਿਕ ਪੱਖੋਂ ਵੀ ਘੋਖਣ ਲਗ ਪੈਂਦਾ ਹੈ। ਮਸਲਨ ਚੰਨ ਤਕ ਪਰਾਂ ਨਾਲ ਉੱਡ ਕੇ ਜਾਂ ਚਿੜੀਆਂ ਉੱਤੇ ਬਹਿ ਕੇ ਨਹੀਂ ਪਹੁੰਚਿਆ ਜਾ ਸਕਦਾ ਤੇ ਉਸ ਉੱਤੇ ਪਰੀਆਂ ਨਹੀਂ ਰਹਿੰਦੀਆਂ ਬਲਕਿ ਚੰਨ ਤਾਂ ਆਪਣੀ ਲਿਸ਼ਕ ਵੀ ਸੂਰਜ ਤੋਂ ਉਧਾਰੀ ਲੈ ਕੇ ਬੈਠਾ ਹੈ ਤੇ ਸਿਰਫ਼ ਇਕ ਗ੍ਰਹਿ ਹੈ।

ਇਸ ਉਮਰ ਦਾ ਬੱਚਾ ਆਪ ਕੰਮ ਕਰਨਾ ਚਾਹੁੰਦਾ ਹੈ ਤੇ ਬਹੁਤ ਕੁੱਝ ਸਿੱਖਣ ਯੋਗ ਵੀ ਹੋ ਜਾਂਦਾ ਹੈ। ਨੱਚਣਾ, ਟੱਪਣਾ, ਦੌੜਨਾ, ਦਰਖ਼ਤ ਉੱਤੇ ਚੜਨਾ, ਖੇਡ ਵਿਚ ਬੌਲ ਕੈਚ ਕਰਨੀ, ਬੇਸ ਬੌਲ, ਸਾਈਕਲ, ਰੋਲਰ ਸਕੇਟ, ਜੂਡੋ-ਕਰਾਟੇ, ਬੈਲੇ ਡਾਂਸ, ਜਿਮਨਾਸਟਿਕਸ, ਤੀਰ ਕਮਾਨ, ਤਲਵਾਰ ਚਲਾਉਣੀ, ਆਦਿ ਸਭ ਕੁੱਝ ਸਿਖਾਇਆ ਜਾ ਸਕਦਾ ਹੈ, ਬਸ਼ਰਤੇ ਕਿ ਉਸ ਨੂੰ ਉਸਤਾਦ ਵਧੀਆ ਮਿਲ ਜਾਏ। ਇਸ ਉਮਰ ਦਾ ਸਿੱਖਿਆ ਬੱਚਾ ਵੱਡਾ ਹੋ ਕੇ ਵਿਸ਼ਵ ਪਧੱਰ ਦਾ ਖਿਡਾਰੀ ਸੌਖਿਆਂ ਹੀ ਬਣ ਸਕਦਾ ਹੈ।

ਇਸ ਉਮਰ ਦੇ ਬੱਚੇ ਆਪਣੇ ਹੱਥ ਦੇ ਕੰਮ ਵੀ ਕਾਫ਼ੀ ਸਫਾਈ ਨਾਲ ਕਰ ਸਕਦੇ ਹਨ ਅਤੇ ਉਨਾਂ ਨੂੰ ਹੱਥ ਨਾਲ ਬਰੀਕੀ ਦਾ ਕੰਮ ਕਰਨ ਦੀ ਸਮਝ ਵੀ ਆ ਜਾਂਦੀ ਹੈ, ਮਸਲਨ ਕਾਗਜ਼ ਕਟ ਕੇ ਸਫ਼ਾਈ ਨਾਲ ਚਿਪਕਾਉਣਾ, ਲਿਖਣਾ, ਚਿੱਤਰਕਾਰੀ ਕਰਨਾ, ਰੰਗ ਭਰਨੇ, ਤਸਮੇ ਬੰਨਣੇ, ਗੰਢਾਂ ਖੋਲਣੀਆਂ, ਦੰਦ ਸਾਫ਼ ਕਰਨੇ, ਵਾਲ ਵਾਹੁਣੇ, ਆਦਿ।

ਜੇ ਇਨਾਂ ਬੱਚਿਆਂ ਦੇ ਸਿੱਖਣ ਦੇ ਸ਼ੌਕ ਨੂੰ ਕੋਈ ਸਿਆਣਾ ਅਧਿਆਪਕ ਸਮਝ ਸਕੇ ਤਾਂ ਇਹ ਪਿਆਨੋ, ਬੰਸਰੀ, ਵਾਜਾ, ਤਬਲਾ ਆਦਿ ਵੀ ਬਹੁਤ ਵਧੀਆ ਵਜਾ ਸਕਦੇ ਹਨ। ਇਸ ਉਮਰ ਦੇ ਬੱਚਿਆਂ ਨੂੰ ਕਿਉਂਕਿ ਨਵੀਆਂ ਚੀਜ਼ਾਂ ਸਿੱਖਣ ਦਾ ਚਾਅ ਏਨਾ ਜ਼ਿਆਦਾ ਹੁੰਦਾ ਹੈ, ਇਸ ਲਈ ਜੇ ਰੀਝ ਨਾਲ ਸਿਖਾਇਆ ਜਾਏ ਤਾਂ ਇਹ ਬੱਚੇ ਆਪਣਾ ਪੂਰਾ ਟਿੱਲ ਲਾ ਕੇ ਬਹੁਤ ਵਧੀਆ ਪੇਸ਼ਕਾਰੀ ਕਰ ਜਾਂਦੇ ਹਨ ਅਤੇ ਕੋਈ ਊਣਤਾਈ ਛਡਦੇ ਹੀ ਨਹੀਂ।

ਜ਼ਿਆਦਾ ਸਿੱਖਣ ਤੇ ਜ਼ਿਆਦਾ ਯਾਦ ਕਰ ਸਕਣ ਦੀ ਸਮਰਥਾ ਸਦਕਾ ਹੀ ਇਸ ਉਮਰ ਦੇ ਬੱਚੇ ਸਕੂਲ ਵਿਚ ਕਾਫ਼ੀ ਸਾਰੇ ਵਿਸ਼ੇ ਇੱਕੋ ਵੇਲੇ ਪੜ ਕੇ ਯਾਦ ਵੀ ਕਰ ਲੈਂਦੇ ਹਨ ਤੇ ਪਿਛਲਾ ਯਾਦ ਕੀਤਾ ਵੀ ਇਕ ਵਾਰ ਦੁਹਰਾਉਣ ਉੱਤੇ ਝਟ ਯਾਦ ਕਰ ਲੈਂਦੇ ਹਨ ਤੇ ਯਾਦ ਵੀ ਦੇਰ ਤਕ ਰਖਦੇ ਹਨ। ਇਸ ਉਮਰ ਵਿਚ ਕਿਉਂਕਿ ਦਿਮਾਗ਼ ਦੇ ਸੈੱਲਾਂ ਦੇ ਜੋੜ ਤਾਜ਼ੇ ਬਣੇ ਹੁੰਦੇ ਹਨ ਤੇ ਵਧ ਵੀ ਰਹੇ ਹੁੰਦੇ ਹਨ, ਇਸ ਲਈ ਇਸ ਉਮਰ ਦੀਆਂ ਯਾਦਾਂ ਕਈ ਵਾਰ ਏਨੀਆਂ ਡੂੰਘੀਆਂ ਹੁੰਦੀਆਂ ਹਨ ਕਿ ਜ਼ਿੰਦਗੀ ਦੇ ਆਖ਼ਰੀ ਪੜਾਓ ਤਕ ਭੁਲਦੀਆਂ ਨਹੀਂ। ਜਿਵੇਂ, ਯਾਦ ਕੀਤੇ ਪਹਾੜੇ, ਏ, ਬੀ, ਸੀ ਜਾਂ ਪੈਂਤੀ ਆਖਰੀ ਆਦਿ।

ਇਸਤੋਂ ਇਲਾਵਾ ਇਸ ਉਮਰ ਵਿਚ ਸੁਣਾਈਆਂ ਗਈਆਂ ਸਾਖੀਆਂ ਜਾਂ ਬਹਾਦਰੀ ਦੇ ਕਿੱਸੇ ਵੀ ਅੱਗੋਂ ਬੱਚੇ ਦੀ ਸ਼ਖ਼ਸ਼ੀਅਤ ਉੱਤੇ ਤਗੜਾ ਪ੍ਰਭਾਵ ਛਡਦੇ ਹਨ। ਪਰਾ ਸਰੀਰਕ ਗੱਲਾਂ ਜਾਂ ਝੂਠ ਮੂਠ ਪਰਚਾਉਣ ਦੀ ਗੱਲ ਨੂੰ ਵੀ ਇਸ ਉਮਰ ਦੇ ਬੱਚੇ ਸਮਝਣ ਯੋਗ ਹੋ ਜਾਂਦੇ ਹਨ ਕਿ ਅਸਲ ਵਿਚ ਕੀ ਹੋਣ ਵਾਲਾ ਹੈ ਤੇ ਕੀ ਕੁੱਝ ਐਵੇਂ ਹੀ ਕਿਹਾ ਜਾ ਰਿਹਾ ਹੈ। ਏਸੇ ਲਈ ਇਹ ਬੱਚੇ ਛੇਤੀ ਭਰਮਾਏ ਨਹੀਂ ਜਾਂਦੇ ਜਿਵੇਂ ਇਸ ਉਮਰ ਤੋਂ ਛੋਟੇ ਬੱਚੇ ਭਰਮਾਏ ਜਾ ਸਕਦੇ ਹਨ।

ਦਸ ਤੋਂ ਗਿਆਰਾਂ ਸਾਲ ਦੇ ਬੱਚੇ ਹਿਸਾਬ ਤੇ ਸਾਇੰਸ ਵੀ ਬਹੁਤ ਵਧੀਆ ਤਰੀਕੇ ਸਮਝਣ ਯੋਗ ਹੋ ਜਾਂਦੇ ਹਨ ਤੇ ਔਖੇ ਹਲ ਵੀ ਕੱਢ ਲੈਂਦੇ ਹਨ, ਜਿਵੇਂ ਔਖੀ ਪਹੇਲੀ ਦਾ ਹਲ ਲੱਭਣਾ। ਇਸ ਦੇ ਨਾਲ ਨਾਲ ਬੱਚੇ ਨੂੰ ਔਰਤ ਅਤੇ ਮਰਦ ਵਿਚਕਾਰਲਾ ਫ਼ਰਕ ਵੀ ਪੂਰੀ ਤਰਾਂ ਸਮਝ ਆ ਜਾਂਦਾ ਹੈ ਤੇ ਕਿਸੇ ਔਰਤ ਦੇ ਮੂੰਹ ਉੱਤੇ ਨਕਲੀ ਦਾੜੀ ਮੁੱਛ ਲਾ ਕੇ ਜਾਂ ਮਰਦ ਨੂੰ ਸਾੜੀ ਪੁਆ ਕੇ ਅੱਗੋਂ ਲੰਘਾਓ ਤਾਂ ਬੱਚੇ ਝਟ ਪਛਾਣ ਲੈਂਦੇ ਹਨ।

ਏਸੇ ਹੀ ਤਰਾਂ ਸੱਤ ਸਾਲ ਦੇ ਬੱਚੇ ਨੂੰ ਮਿਕਤਾਰ ਜਾਂ ਨਾਪ ਤੋਲ ਦੀ ਸਮਝ ਵੀ ਆਉਣ ਲਗ ਪੈਂਦੀ ਹੈ ਅਤੇ ਭਾਰੀ ਜਾਂ ਹੌਲੀ ਚੀਜ਼ ਦੀ ਵੀ ਸਮਝ ਆ ਜਾਂਦੀ ਹੈ ਜਿਵੇਂ, ਕ੍ਰਿਕਟ ਦੀ ਬੌਲ ਜਾਂ ਟੇਬਲ ਟੈਨਿਸ ਦੀ ਬੌਲ ਦਾ ਫ਼ਰਕ ਆਦਿ।

ਜਿਵੇਂ ਜਿਵੇਂ ਇਸ ਉਮਰ ਦੇ ਬੱਚੇ ਦੀਆਂ ਤਾਂਘਾਂ ਅਤੇ ਲੋੜਾਂ ਵਧਦੀਆਂ ਰਹਿੰਦੀਆਂ ਹਨ, ਉਸੇ ਤਰਾਂ ਵਧਦੇ ਸਰੀਰ ਅੰਦਰ ਜ਼ੋਸ ਅਤੇ ਤਾਕਤ ਵੀ ਵਧਣ ਲਗ ਪੈਂਦੀ ਹੈ। ਇਹ ਬਦਲਾਓ ਇਕੋ ਰਾਤ ਵਿਚ ਨਹੀਂ ਆਉਂਦੇ ਬਲਕਿ ਸਹਿਜੇ ਸਹਿਜੇ ਜਵਾਨੀ ਤਕ ਵਧਦੇ ਹੀ ਰਹਿੰਦੇ ਹਨ।

ਘਰ ਵਿਚਲਾ ਮਾਹੌਲ ਤੇ ਆਲਾ ਦੁਆਲਾ ਇਸ ਉਮਰ ਵਿਚ ਕਾਫ਼ੀ ਜ਼ਿਆਦਾ ਅਸਰ ਪਾਉਂਦਾ ਹੈ ਕਿਉਂਕਿ ਬੱਚਾ ਸਕੂਲ ਜਾਂ ਸਾਥੀਆਂ ਵਿਚ ਵੀ ਵਿਚਰਦਾ ਹੈ ਤੇ ਘਰ ਵਿਚ ਵੱਡਿਆਂ ਨਾਲ ਜਾਂ ਮਾਪਿਆਂ ਨਾਲ ਵੀ ਜੁੜ ਬਹਿੰਦਾ ਹੈ। ਇਸ ਸਾਰੇ ਦਾ ਨਿਚੋੜ ਕੱਢ ਕੇ ਬੱਚਾ ਆਪਣੇ ਵਿਹਾਰ ਅਤੇ ਵਿਚਾਰ ਵਿਚ ਬਦਲਾਓ ਲਿਆਉਂਦਾ ਹੈ।

ਯਾਦਾਸ਼ਾਤ ਵਧਾਉਣ ਲਈ ਇਸ ਉਮਰ ਦੇ ਬੱਚੇ ਆਪਣੇ ਨੁਕਤੇ ਆਪ ਹੀ ਬਣਾਉਂਦੇ ਹਨ, ਜਿਵੇਂ, ਇਕ ਦੂਜੇ ਨੂੰ ਜਵਾਬ ਸੁਣਾ ਕੇ ਜਾਂ ਰਲ ਕੇ ਉੱਚੀ ਬੋਲ ਕੇ, ਜਾਂ ਫੇਰ ਸਵਾਲ ਦੇ ਜਵਾਬ ਨੂੰ ਤਿੰਨ ਹਿੱਸਿਆਂ ਵਿਚ ਵੰਡ ਕੇ ਤੇ ਜਾਂ ਉਸ ਜਵਾਬ ਨਾਲ ਕੋਈ ਆਪਣੇ ਖਿਡੌਣੇ ਦੀ ਯਾਦ ਜੋੜ ਕੇ। ਮਸਲਨ, ਜੇ ਜਵਾਬ ‘ ਬ ’ ਅਤੇ ‘ ਟ ’ ਤੋਂ ਸ਼ੁਰੂ ਹੋ ਰਿਹਾ ਹੈ ਤਾਂ ਬੱਚਾ ਆਪਣੇ ਖਿਡੌਣੇ ‘ ਬੈਨ ਟੈਨ ’ ਤੋਂ ਅੱਖਰ ਯਾਦ ਕਰ ਲੈਂਦਾ ਹੈ।

ਜੇ ਸਰੀਰਕ ਵਿਕਾਸ ਦੀ ਗੱਲ ਕਰੀਏ ਤਾਂ ਇਸ ਉਮਰ ਦੇ ਬੱਚੇ ਛੋਟੇ ਬੱਚਿਆਂ ਨਾਲੋਂ ਕੁੱਝ ਹੌਲੀ ਵਧਦੇ ਹਨ ਪਰ ਮੁੰਡੇ ਬਾਰਾਂ ਕੁ ਸਾਲ ’ਤੇ ਜਾ ਕੇ ਝਟ ਕੱਦ ਕੱਢਣ ਲਗ ਪੈਂਦੇ ਹਨ ਤੇ ਕੁੜੀਆਂ ਦਸ ਕੁ ਸਾਲ ’ਤੇ ਹੀ।

ਜੇ ਮਾਪਿਆਂ ਦੀ ਲੰਬਾਈ ਘਟ ਹੋਵੇ, ਖ਼ੁਰਾਕ ਘਟ ਜਾ ਰਹੀ ਹੋਵੇ, ਬੱਚਾ ਵਾਰ ਵਾਰ ਬੀਮਾਰ ਹੋ ਰਿਹਾ ਹੋਵੇ, ਤਾਂ ਕਈ ਵਾਰ ਬੱਚਾ ਆਪਣੇ ਹਾਣ ਦੇ ਬੱਚਿਆਂ ਤੋਂ ਗਿੱਠਾ ਜਾਪਣ ਲਗ ਪੈਂਦਾ ਹੈ।

ਸੱਤ ਤੋਂ ਦਸ ਸਾਲ ਦੀ ਉਮਰ ਦੇ ਬੱਚੇ ਦੋ ਤੋਂ ਤਿੰਨ ਇੰਚ ਹਰ ਸਾਲ ਵਧ ਜਾਂਦੇ ਹਨ ਤੇ ਲਗਭਗ ਤਿੰਨ ਕੁ ਕਿੱਲੋ ਹਰ ਸਾਲ ਉਨਾਂ ਦਾ ਭਾਰ ਵੀ ਵਧਦਾ ਰਹਿੰਦਾ ਹੈ। ਇਸ ਉਮਰ ਵਿਚ ਦੁੱਧ ਦੇ ਦੰਦ ਵੀ ਟੁਟਣੇ ਸ਼ੁਰੂ ਹੋ ਜਾਂਦੇ ਹਨ ਤੇ ਨਵੇਂ ਦੰਦ ਆਉਣ ਨਾਲ ਦੰਦਾਂ ਦੀ ਬੀੜ ਵੀ ਚੌੜੀ ਹੋਣ ਲਗ ਪੈਂਦੀ ਹੈ।

ਸਿਹਤ ਪੱਖੋਂ ਵੀ ਇਸ ਉਮਰ ਤਕ ਪਹੁੰਚਦੇ ਬੱਚੇ ਕੁੱਝ ਠੀਕ ਹੋ ਜਾਂਦੇ ਹਨ ਕਿਉਂਕਿ ਛੋਟੀ ਉਮਰ ਵਿਚ ਵਾਰ ਵਾਰ ਲਗਦਾ ਖੰਘ ਜ਼ੁਕਾਮ, ਢਿਡ ਪੀੜ, ਉਲਟੀਆਂ, ਟੱਟੀਆਂ ਆਦਿ ਕਾਫ਼ੀ ਘੱਟ ਜਾਂਦੇ ਹਨ। ਇਕ ਪਾਸੇ ਬੱਚਾ ਥੋੜੀ ਬਹੁਤ ਪੀੜ ਜਰਨ ਲਗ ਪੈਂਦਾ ਹੈ ਤੇ ਦੂਜੇ ਪਾਸੇ ਮਾਪੇ ਵੀ ਹੁਣ ਤਕ ਉਹੜ ਪੁਹੜ ਕਰਨਾ ਸਿਖ ਲੈਂਦੇ ਹਨ ਜਾਂ ਥੋੜੀਆਂ ਬਹੁਤ ਦਵਾਈਆਂ ਦੇ ਨਾਂ ਰਟ ਲੈਂਦੇ ਹਨ, ਸੋ ਡਾਕਟਰਾਂ ਵਲ ਗੇੜੇ ਵੀ ਘਟ ਜਾਂਦੇ ਹਨ। ਪਰ ਅਫ਼ਸੋਸ ਕਿ ਕੈਂਸਰ, ਨਿਮੋਨੀਆ, ਏਡਜ਼, ਫਲੂ, ਡੇਂਗੂ, ਮਲੇਰੀਆ, ਟਾਈਫਾਈਡ, ਮੋਟਾਪਾ ਵਰਗੇ ਰੋਗ ਇਸ ਉਮਰ ਨੂੰ ਵੀ ਨਹੀਂ ਛਡਦੇ।

ਇਸ ਤੋਂ ਇਲਾਵਾ ਸੱਟਾਂ ਫੇਟਾਂ ਵੀ ਇਸ ਉਮਰ ਦੇ ਬੱਚੇ ਬਥੇਰੀਆਂ ਖਾਂਦੇ ਰਹਿੰਦੇ ਹਨ ਤੇ ਐਕਸੀਡੈਂਟ ਦੇ ਵੀ ਸ਼ਿਕਾਰ ਹੋ ਜਾਂਦੇ ਹਨ। ਗਿਆਰਾਂ ਬਾਰਾਂ ਵਰਿਆਂ ਦਾ ਬੱਚਾ ਤਾਂ ਹਾਲਾਤ ਹੱਥੋਂ ਮਜਬੂਰ ਹੋ ਕੇ ਆਤਮਹੱਤਿਆ ਵਰਗਾ ਕਦਮ ਵੀ ਪੁਟ ਸਕਦਾ ਹੈ।

ਏਨਾ ਸਭ ਕੁੱਝ ਜਾਣ ਲੈਣ ਤੋਂ ਬਾਅਦ ਉਨਾਂ ਫੁੱਲਾਂ ਵਰਗੇ ਸਾਹਿਬਜ਼ਾਦਿਆਂ ਦਾ ਨਾਂ ਲਿਖਦਿਆਂ ਵੀ ਮੇਰੀ ਕਲਮ ਹੌਲੀ ਹੋ ਜਾਂਦੀ ਹੈ ਕਿ ਕਲਮ ਦੀ ਨੋਕ ਹੇਠਾਂ ਉਨਾਂ ਦੁਲਾਰਿਆਂ ਦਾ ਨਾਂ ਆਇਆ ਹੈ ਤੇ ਕਿਤੇ ਇਹ ਨੋਕ ਵੀ ਉਨਾਂ ਨੂੰ ਦਰਦ ਨਾ ਪਹੁੰਚਾਏ।

ਕਿਹੋ ਜਿਹੀ ਸੋਚ ਅਤੇ ਕਿੰਨਾ ਪਵਿੱਤਰ ਮਾਹੌਲ ਉਨਾਂ ਆਲੌਕਿਕ ਬਾਲਾਂ ਨੂੰ ਮਿਲਿਆ ਕਿ ਆਪਣੀਆਂ ਸਾਰੀਆਂ ਇਛਾਵਾਂ ਦਫਨ ਕਰ ਕੇ ਉਨਾਂ ਸਿਰਫ਼ ਕੌਮ ਦੇ ਭਲ ਵਾਸਤੇ ਹੀ ਮਨ ਅੰਦਰ ਥਾਂ ਰੱਖੀ।

ਜਿਹੜਾ ਵੀ ਠੰਡੇ ਬੁਰਜ ਵਿਚ ਦਸੰਬਰ ਦੀ ਰਾਤ ਨੂੰ ਦੋ ਘੰਟੇ ਖੜਾ ਹੋਵੇਗਾ, ਉਸਨੂੰ ਸਮਝ ਆ ਸਕਦੀ ਹੈ ਕਿ ਨਿੱਕੇ ਬਾਲਾਂ ਦਾ ਉੱਥੇ ਸਾਰੀ ਰਾਤ ਬਿਤਾਉਣਾ ਕੋਈ ਖ਼ਾਲਾ ਜੀ ਦਾ ਘਰ ਨਹੀਂ ਸੀ। ਉਨਾਂ ਅੰਦਰ ਤੂਸ ਤੂਸ ਕੇ ਭਰਿਆ ਹੌਸਲਾ ਹੀ ਉਨਾਂ ਨੂੰ ਗਰਮਾਹਟ ਦਿੰਦਾ ਰਿਹਾ ਤੇ ਉਸੇ ਸਦਕਾ ਅਗਾਊਂ ਆਉਂਦੀ ਮੌਤ ਦਾ ਭੈਅ ਵੀ ਉਨਾਂ ਦੇ ਨੇੜੇ ਫਟਕਿਆ ਨਹੀਂ। ਰੱਬ ਦੀ ਬਾਣੀ ਦਾ ਸਿਮਰਨ ਉਨਾਂ ਦੇ ਚਿਹਰਿਆ ਉੱਤੇ ਆਏ ਨੂਰ ਦਾ ਕਾਰਣ ਸੀ ਤੇ ਏਸੇ ਲਈ ਉਨਾਂ ਦਾ ਜਲੌ ਤੱਕਿਆ ਨਹੀਂ ਸੀ ਜਾਂਦਾ।

ਅਜਿਹੀਆਂ ਲਾਸਾਨੀ ਸ਼ਖਸ਼ੀਅਤਾਂ ਦੀਆਂ ਕੁਰਬਾਨੀਆਂ ਅਜਾਈਂ ਨਹੀਂ ਜਾਇਆ ਕਰਦੀਆਂ, ਬਲਕਿ ਉਨਾਂ ਦੇ ਅਣਖ ਨਾਲ ਉੱਠੇ ਸਿਰਾਂ ਨੇ, ਜਿਨਾਂ ਨੇ ਝੁਕਣਾ ਸਿੱਖਿਆ ਹੀ ਨਹੀਂ ਸੀ, ਸਾਡੇ ਅਜ ਨੂੰ ਰੁਸ਼ਨਾ ਦਿੱਤਾ ਹੈ। ਸਾਡੇ ਸਾਰਿਆਂ ਦੇ ਸਿਰ ਵੀ ਫ਼ਖ਼ਰ ਨਾਲ ਆਪਣੇ ਪਿਛੋਕਣ ਸਦਕਾ ਉੱਚੇ ਉੱਠੇ ਹੋਏ ਹਨ।

ਜੇ ਉਹ ਨਿਕੜੇ ਬਾਲ ਥਿੜਕ ਜਾਂਦੇ ਤਾਂ ਅਜ ਇਤਿਹਾਸ ਕੁੱਝ ਹੋਰ ਹੀ ਹੁੰਦਾ ਤੇ ਸਾਡੇ ਸਿਰਾਂ ਉੱਤੇ ਕੋਈ ਤਾਜ ਨਾ ਰਹਿੰਦਾ ।

ਬੁਲਬੁਲ ਦੇ ਪਿੰਜਰੇ ’ਚ ਕਦੇ ਬਾਜ਼ ਨਹੀਂ ਰਹਿੰਦੇ,
ਬੁਜ਼ਦਿਲਾਂ ਕੋਲ ਕਦੇ ਰਾਜ਼ ਨਹੀਂ ਰਹਿੰਦੇ।
ਝੁਕਾ ਕੇ ਸਿਰ ਜਿਹੜੀ ਕੌਮ ਨੂੰ ਚੱਲਣ ਦੀ ਆਦਤ ਹੋਵੇ,
ਉਸ ਕੌਮ ਦੇ ਸਿਰ ’ਤੇ ਕਦੇ ਤਾਜ ਨਹੀਂ ਰਹਿੰਦੇ!

ਧੰਨ ਅਜਿਹੇ ਬਾਲਕ ਜਿਹੜੇ ਆਪਣੇ ਮਾਪਿਆਂ ਦਾ ਹੀ ਨਹੀਂ ਪੂਰੀ ਕੌਮ ਦਾ ਨਾਂ ਰੌਸ਼ਨ ਕਰਦੇ ਹਨ।

ਅੱਜ ਦੇ ਦਿਨ ਜਿਹੜਾ ਕੋਈ ਇਨਸਾਨ ਆਪਣੇ ਨਾਂ ਅੱਗੇ ਗੁਰੂ ਲਾਉਂਦਾ ਹੈ ਤਾਂ ਉਸਨੂੰ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਬਣਨ ਲਈ ਸਰਬੰਸ ਵਾਰਨਾ ਪੈਂਦਾ ਹੈ ਤੇ ਉਸਦੇ ਬੱਚਿਆਂ ਨੂੰ ਕੁਰਬਾਨੀ ਦੀ ਇਕ ਮਿਸਾਲ ਬਣਨਾ ਪੈਂਦਾ ਹੈ! ਇਹ ਰੁਤਬਾ ਸਿਰਫ਼ ਨਾਂ ਅੱਗੇ ਗੁਰੂ ਜੋੜਨ ਨਾਲ ਹੀ ਹਾਸਲ ਨਹੀਂ ਹੋ ਜਾਂਦਾ!

ਅਗਲੀ ਵਾਰ ਜਦ ਫਤਿਹਗੜ ਸਾਹਿਬ ਵੱਲ ਗੇੜਾ ਲੱਗੇ ਤਾਂ ਕੋਸ਼ਿਸ਼ ਕਰ ਵੇਖਿਓ ਕਿ ਇਸ ਗੌਰਵਮਈ ਪਿਛੋਕੜ ਬਾਰੇ ਆਪਣੇ ਬੱਚਿਆਂ ਨੂੰ ਦਸ ਕੇ ਉਨਾਂ ਨੂੰ ਸੱਚ ਅਤੇ ਹੱਕ ਲਈ ਪਹਿਰਾ ਦੇਣ ਦੇ ਕਾਬਲ ਬਣਾ ਦੇਈਓ ਤਾਂ ਜੋ ਉਹ ਸਿਰਫ ਮੱਥੇ ਰਗੜ ਕੇ ਮੰਗਣ ਅਤੇ ਗਿੜਗਿੜਾਉਣ ਜੋਗੇ ਹੀ ਨਾ ਰਹਿ ਜਾਣ। ਇਹੀ ਉਨਾਂ ਅਲੌਕਿਕ ਸਾਬਿਜ਼ਾਦਿਆਂ ਲਈ ਇਕ ਸੱਚੀ ਸ਼ਰਧਾਜਲੀ ਮੰਨੀ ਜਾਵੇਗੀ।

ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783

12/12/2013

 


  7 ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਹਤਮੰਦ ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
iOS ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
PDF Download

ਬੱਚਿਆਂ ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਰੀਰਕ ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ
ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com