ਕੰਪਿਊਟਰ ਨੇ ਰੋਜ਼ਾਨਾ ਦੇ ਅਨੇਕਾਂ ਕੰਮਾਂ ਨੂੰ ਬੜਾ ਅਸਾਨ ਬਣਾ ਦਿੱਤਾ ਹੈ।
ਕੰਪਿਊਟਰ ਇੱਕ ਅਜਿਹਾ ਯੰਤਰ ਹੈ ਜਿਸ 'ਤੇ ਜੋੜ-ਘਟਾਓ ਆਦਿ ਗਣਨਾਵਾਂ ਕਰਵਾਉਣਾ ਬਹੁਤ
ਆਸਾਨ ਹੈ। ਇਸ ਉੱਤੇ ਅੰਕੜਿਆਂ ਨੂੰ ਪੱਕੇ ਤੌਰ 'ਤੇ ਸਟੋਰ ਕਰਨ ਦੀ ਸਮਰੱਥਾ ਹੁੰਦੀ
ਹੈ। ਇਹ ਇੱਕ ਤੇਜ਼ ਰਫ਼ਤਾਰ ਵਾਲੀ ਮਸ਼ੀਨ ਹੈ ਤੇ ਇਹ ਹਮੇਸ਼ਾ ਸਹੀ ਨਤੀਜੇ ਜਾਂ
ਆਉਟਪੁਟ ਦਿੰਦੀ ਹੈ। ਇਸ ਵਿਚ ਆਪਣੇ-ਆਪ ਕੰਮ ਕਰਨ ਦੀ ਸਮਰੱਥਾ ਹੁੰਦੀ
ਹੈ। ਕੰਪਿਊਟਰ ਵੱਖ-ਵੱਖ ਕੰਮ ਕਰਨ ਦੀ ਯੋਗਤਾ ਰੱਖਦਾ ਹੈ। ਕਿਸੇ ਸਮੇਂ ਇਹ
ਹਿਸਾਬ-ਕਿਤਾਬ ਕਰ ਰਿਹਾ ਹੁੰਦਾ ਹੈ। ਇਸੇ ਤਰ੍ਹਾਂ ਇਹ ਕਿਸੇ ਸਮੇਂ ਗੀਤ-ਸੰਗੀਤ ਨਾਲ
ਸਾਡਾ ਮਨ-ਪਰਚਾਵਾ ਕਰ ਰਿਹਾ ਹੁੰਦਾ ਹੈ, ਕਿਸੇ ਸਮੇਂ ਇਸ ਦੀ ਵਰਤੋਂ ਈ-ਮੇਲ ਸੰਦੇਸ਼
ਭੇਜਣ ਤੇ ਬਿਜਲੀ ਜਾਂ ਟੈਲੀਫ਼ੋਨ ਦੇ ਬਿੱਲ ਆਦਿ ਭਰਨ ਲਈ ਕੀਤੀ ਜਾਂਦੀ ਹੈ। ਇਨ੍ਹਾਂ
ਸਾਰੀਆਂ ਖ਼ੂਬੀਆਂ ਦੇ ਬਾਵਜੂਦ ਇਸ ਵਿਚ ਸਭ ਤੋਂ ਵੱਡੀ ਖ਼ਾਮੀ ਇਹ ਹੈ ਕਿ ਇਹ ਬੁੱਧੀਮਾਨ
ਨਹੀਂ। ਇੱਕ ਮਸ਼ੀਨ ਹੋਣ ਕਾਰਨ ਇਹ ਕੁੱਝ ਵੀ ਮਹਿਸੂਸ ਨਹੀਂ ਕਰ ਸਕਦਾ ਤੇ ਨਾਂ ਹੀ
ਆਪਣੇ-ਆਪ ਕੋਈ ਫ਼ੈਸਲਾ ਲੈ ਸਕਦਾ ਹੈ।
ਪਰਿਭਾਸ਼ਾ:
ਕੰਪਿਊਟਰ ਇੱਕ ਇਲੈਕਟ੍ਰੋਨਿਕ ਮਸ਼ੀਨ ਹੈ ਜੋ ਸਾਡੇ ਤੋਂ ਇਨਪੁਟ
ਲੈਂਦੀ ਹੈ ਉਸ 'ਤੇ ਪ੍ਰਕਿਰਿਆ ਕਰਦੀ ਹੈ ਤੇ ਸਾਨੂੰ ਨਤੀਜੇ ਜਾਂ ਆਉਟਪੁਟ
ਦਿੰਦੀ ਹੈ। ਇਸ ਦੀ ਵਿਸ਼ਾਲ ਸਟੋਰੇਜ ਸਮਰੱਥਾ ਹੁੰਦੀ ਹੈ।
ਵਰਤੋਂ:
ਬੈਂਕਾਂ, ਡਾਕਘਰਾਂ, ਸਕੂਲਾਂ, ਕਾਲਜਾਂ, ਦਫ਼ਤਰਾਂ, ਦੁਕਾਨਾਂ ਆਦਿ ਤੋਂ ਲੈ ਕੇ
ਵਿਗਿਆਨਿਕ ਕੰਮਾਂ, ਖੋਜ ਕਾਰਜਾਂ ਅਤੇ ਸੁਰੱਖਿਆ ਆਦਿ ਲਈ ਇਸ ਦੀ ਵਰਤੋਂ ਕੀਤੀ ਜਾ
ਰਹੀ ਹੈ। ਕੰਪਿਊਟਰ ਦੀ ਵਰਤੋਂ ਵਾਲੇ ਅਨੇਕਾਂ ਖੇਤਰ ਹਨ ਇਨ੍ਹਾਂ ਵਿੱਚੋਂ ਕੁੱਝ ਕੁ
ਹੇਠਾਂ ਦਿੱਤੇ ਗਏ ਹਨ:
-
ਈ-ਮੇਲ
ਰਾਹੀਂ ਅੰਕੜਿਆਂ ਅਤੇ ਸੂਚਨਾਵਾਂ ਦਾ ਅਦਾਨ-ਪ੍ਰਦਾਨ ਕਰਨ ਲਈ।
- ਵੱਡੀਆਂ ਇਮਾਰਤਾਂ ਤੇ ਪੁਲਾਂ ਦੇ ਨਿਰਮਾਣ ਕਾਰਜ ਅਤੇ ਨਕਸ਼ੇ ਬਣਾਉਣ ਲਈ।
- ਲੇਖਾ ਕਰਨ ਅਤੇ ਸਟੋਰ ਕੀਤੀਆਂ ਵਸਤੂਆਂ ਦਾ ਹਿਸਾਬ ਰੱਖਣ ਲਈ।
- ਵਿਆਜ ਆਦਿ ਦਾ ਪਰਿਕਲਨ ਕਰਨ ਲਈ।
- ਡਰਾਇੰਗ ਅਤੇ ਚਿੱਤਰਕਾਰੀ ਲਈ।
- ਕਿਸੇ ਭਾਸ਼ਾ ਦੀ ਆਨ-ਲਾਈਨ ਪੜ੍ਹਾਈ ਲਈ।
- ਵੈੱਬਸਾਈਟਾਂ ਰਾਹੀਂ ਕਿਸੇ ਜਾਣਕਾਰੀ ਨੂੰ ਪ੍ਰਾਪਤ ਕਰਨ ਲਈ।
- ਔਨਲਾਈਨ ਰੁਜ਼ਗਾਰ ਅਤੇ ਕਮਾਈ ਕਰਨ ਲਈ।
- ਵਸਤੂਆਂ ਦੀ ਔਨਲਾਈਨ ਖ਼ਰੀਦਦਾਰੀ ਕਰਨ ਲਈ।
- ਗੇਮਾਂ ਖੇਡਣ ਲਈ।
- ਅੰਕੜਿਆਂ (ਡਾਟੇ) ਨੂੰ ਸਟੋਰ ਕਰਨ ਤੇ ਦੁਬਾਰਾ ਵਰਤਣ ਲਈ।
- ਪਾਠ (Text) ਦੀ ਟਾਈਪਿੰਗ, ਪਰੂਫ ਰੀਡਿੰਗ ਅਤੇ ਸਜਾਵਟ ਲਈ।
- ਸੜਕ ਆਵਾਜਾਈ ਅਤੇ ਹਵਾਈ ਜਹਾਜਾਂ ਨੂੰ ਨਿਯੰਤਰਣ ਕਰਨ ਲਈ।
- ਹਵਾਈ ਜਹਾਜ਼ਾਂ ਅਤੇ ਰੇਲਵੇ ਦੀਆਂ ਸੀਟਾਂ ਰਾਖਵੀਂਆਂ ਕਰਨ ਲਈ।
- ਵਧੀਆ ਮਿਆਰ ਵਾਲੀ ਛਪਾਈ (ਪ੍ਰਿੰਟਿਗ) ਕਰਨ ਲਈ।
ਸੀ ਪੀ ਕੰਬੋਜ
ਪ੍ਰੋਗਰਾਮਰ, ਭਾਸ਼ਾ ਵਿਗਿਆਨ ਤੇ ਪੰਜਾਬੀ ਕੋਸ਼ਕਾਰੀ ਵਿਭਾਗ
ਪੰਜਾਬੀ ਯੂਨੀਵਰਸਿਟੀ ਪਟਿਆਲਾ
|