ਇਕ ਵਾਰ ਇਹ ਸਵਾਲ ਪੁੱਛਿਆ ਗਿਆ ਕਿ ‘ ਪਸੰਦ ’ ਤੇ ‘ ਪਿਆਰ ’ ਵਿਚ ਕੀ ਫ਼ਰਕ ਹੈ?
ਇਸਦਾ ਜਵਾਬ ਮਿਲਿਆ, ‘‘ ਜਦੋਂ ਫੁੱਲ ਪਸੰਦ ਆ ਜਾਏ ਤਾਂ ਤੋੜ ਲਿਆ ਜਾਂਦਾ ਹੈ। ਪਰ,
ਜੇ ਫੁੱਲ ਪਿਆਰਾ ਲੱਗੇ ਤਾਂ ਉਸਨੂੰ ਰੋਜ਼ ਪਾਣੀ ਦਿੱਤਾ ਜਾਂਦਾ ਹੈ ਤਾਂ ਜੋ ਉਹ ਵਧਦਾ
ਫੁੱਲਦਾ ਰਹੇ। ’’
ਇਹੀ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਵਿਚ ਵਾਪਰ ਰਿਹਾ ਹੈ। ਪਸੰਦ ਨੂੰ ਪਿਆਰ ਦਾ ਨਾਂ
ਦੇ ਕੇ ਹਰ ਪਸੰਦ ਆਈ ਚੀਜ਼ ਨੂੰ ਅਸੀਂ ਕਿਸੇ ਵੀ ਹਾਲ ਵਿਚ ਹਾਸਲ ਕਰਨ ਲਈ ਜੁਟ ਜਾਂਦੇ
ਹਾਂ ਭਾਵੇਂ ਤਣਾਓ ਨਾਲ ਸਰੀਰ ਨੂੰ ਰੋਗੀ ਬਣਾ ਲਈਏ। ਏਥੇ ਹੀ ਬਸ ਨਹੀਂ। ਜੇ ਪਸੰਦ ਆਈ
ਚੀਜ਼ ਹਾਸਲ ਨਾ ਹੋ ਸਕੇ ਤਾਂ ਉਸਨੂੰ ਨਸ਼ਟ ਕਰ ਦੇਣ ਬਾਰੇ ਸੋਚਦੇ ਹਾਂ ਕਿ ਇਹ ਕਿਸੇ
ਹੋਰ ਨੂੰ ਵੀ ਨਾ ਮਿਲ ਸਕੇ। ਇਸਦੇ ਉਲਟ ਪਿਆਰੀ ਲੱਗੀ ਚੀਜ਼ ਨੂੰ ਅਸੀਂ ਪਾਉਣ ਦੀ ਚਾਹ
ਛੱਡ ਕੇ ਉਸਨੂੰ ਵੇਖ ਕੇ ਖ਼ੁਸ਼ ਹੁੰਦੇ ਰਹਿੰਦੇ ਹਾਂ ਤੇ ਉਹ ਸਾਨੂੰ ਸ਼ਾਂਤੀ ਮਹਿਸੂਸ
ਕਰਵਾ ਕੇ ਰੋਗ-ਮੁਕਤ ਕਰਨ ਵਿਚ ਸਹਾਈ ਹੁੰਦੀ ਹੈ।
ਹੁਣ ਦਿਲ ਦੇ ਮਾਮਲੇ ਨੂੰ ਹੀ ਲਵੋ। ਸਭ ਜਾਣਦੇ ਹਨ ਕਿ ਖ਼ੁਸ਼ੀ ਇਸਨੂੰ ਲੰਬੀ ਉਮਰ
ਜੀਅ ਲੈਣ ਵਿਚ ਮਦਦ ਕਰਦੀ ਹੈ ਪਰ ਤਣਾਓ ਇਸਦਾ ਨਾਸ ਮਾਰ ਦਿੰਦਾ ਹੈ। ਫਿਰ ਵੀ ਹਰ ਚੀਜ਼
ਆਪਣੀ ਬਣਾ ਲੈਣ, ਖੋਹ ਲੈਣ ਜਾਂ ਹਾਸਲ ਕਰਨ ਵਿਚ ਲੱਗਿਆ ਸਾਡਾ ਦਿਮਾਗ਼ ਇਸ ਵੱਲ ਬਹੁਤਾ
ਧਿਆਨ ਨਹੀਂ ਦਿੰਦਾ।
ਮਨੋਵਿਗਿਆਨੀ
ਸਲਾਹ ਦਿੰਦੇ ਹਨ ਕਿ ਇਹੋ ਜਿਹੇ ਹਾਲਾਤ ਵਿਚ ਜਿਵੇਂ ਅਸੀਂ ਆਪ ਥੱਕ ਕੇ ਆਰਾਮ ਭਾਲਦੇ
ਹਾਂ ਉਜੰ ਹੀ ਦਿਲ ਨੂੰ ਵੀ ਆਰਾਮ ਚਾਹੀਦਾ ਹੁੰਦਾ ਹੈ। ਦਿਲ ਨੂੰ ਆਰਾਮ ਦੇਣ ਲਈ ਇਕ
ਸੁਰੱਖਿਅਤ ਥਾਂ ਚਾਹੀਦੀ ਹੁੰਦੀ ਹੈ। ਇਹ ‘ਸੁਰੱਖਿਅਤ ਥਾਂ’, ਘਰ, ਦੋਸਤਾਂ ਵਿਚ,
ਸਮੁੰਦਰ ਕਿਨਾਰਾ, ਸੰਗੀਤ ਸੁਣਨ, ਚਿੱਤਰਕਾਰੀ ਕਰਨ, ਬਗ਼ੀਚੇ ਵਿਚ, ਆਪਣੇ ਪਿਆਰੇ
ਪਾਲਤੂ ਜਾਨਵਰ ਨਾਲ ਜਾਂ ਕਿਸੇ ਵੀ ਅਜਿਹੀ ਥਾਂ ਹੋ ਸਕਦੀ ਹੈ ਜਿੱਥੇ ਇੰਜ ਜਾਪੇ ਕਿ
ਕੁੱਝ ਪਲਾਂ ਲਈ ਸਾਰੇ ਫ਼ਿਕਰ ਫ਼ਾਕੇ ਉੱਡ ਪੁੱਡ ਗਏ ਹਨ।
ਅਜਿਹੀ ਥਾਂ ਜਾਂ ਮਾਹੌਲ ਵਿਚ ਚੌਵੀ ਘੰਟਿਆਂ ਵਿਚ ਇਕ ਵਾਰ ਜ਼ਰੂਰ ਜਾਣਾ ਚਾਹੀਦਾ
ਹੈ। ਕਈ ਲੋਕ ਸਮਝਦੇ ਹਨ ਕਿ ਉਹ ਵਧੀਆ ਸੀਮਤ ਖ਼ੁਰਾਕ ਲੈ ਰਹੇ ਹਨ ਤੇ ਰੋਜ਼ਾਨਾ ਕਸਰਤ
ਕਰ ਰਹੇ ਹਨ, ਇਸ ਲਈ ਉਨਾਂ ਦੇ ਦਿਲ ਨੂੰ ਕੁੱਝ ਹੋ ਹੀ ਨਹੀਂ ਸਕਦਾ। ਉਹ ਭੁੱਲ ਜਾਂਦੇ
ਹਨ ਕਿ ਤਣਾਓ ਤਗੜੇ ਤੋਂ ਤਗੜੇ ਦਿਲ ਨੂੰ ਸਿਉਂਕ ਦੇ ਖਾਧੇ ਵਾਂਗ ਖੋਖਲਾ ਕਰ ਦਿੰਦਾ
ਹੈ!
ਇਕ ਘਰ ਵਿਚ ਸੁਖਾਵਾਂ ਮਾਹੌਲ ਸਿਰਜਣ ਲਈ ਜ਼ਰੂਰੀ ਹੁੰਦਾ ਹੈ ਕਿ ਹਰ ਕਿਸੇ ਨੂੰ
‘ਬਰੀਦਿੰਗ ਸਪੇਸ’ ਮਿਲੇ ਯਾਨੀ ਵੱਖ ਸਾਹ ਲੈਣ ਦੀ ਥਾਂ ਜਿਸ ਵਿਚ ਉਹ ਇੱਕਲਾ
ਆਪਣੀ ਮਰਜ਼ੀ ਅਨੁਸਾਰ ਸਮਾਂ ਬਿਤਾ ਕੇ ਆਤਮ ਪੜਚੋਲ ਕਰ ਸਕੇ। ਉਜੰ ਹੀ ਦਿਲ ਦਾ ਵੀ
ਸਾਰਾ ਦਿਨ ਰਾਤ ਧੜਕਨ ਤੇ ਸਾਰੇ ਦਿਨ ਦੇ ਕੰਮ ਕਾਰ, ਤਣਾਓ ਤੇ ਥਕਾਵਟ ਦੇ ਅਸਰ ਤੋਂ
ਬਾਅਦ ਕੁੱਝ ਪਲ ਸਰੀਰ ਅੰਦਰਲੇ ਵਧੀਆ ਹਾਰਮੋਨਾਂ ਦੇ ਅਸਰ ਹੇਠ ਕੰਮ ਕਰਨ ਨੂੰ ਜੀਅ
ਕਰਦਾ ਹੈ ਤਾਂ ਜੋ ਉਹ ਚੁਸਤ ਦਰੁਸਤ ਰਹਿ ਸਕੇ। ਅਜਿਹੇ ਵਧੀਆ ਹਾਰਮੋਨ ਸਰੀਰ ਅੰਦਰ ਉਸ
ਸਮੇਂ ਹੀ ਨਿਕਲਦੇ ਹਨ ਜਦੋਂ ਸਰੀਰ ਅਤੇ ਮਨ ਦੋਵੇਂ ਹੀ ਸਹਿਜ ਅਵਸਥਾ ਵਿਚ ਹੋਣ।
ਜਦੋਂ ਕੋਈ ਗੱਲ ਦਿਲ ਅੰਦਰ ਲਗਾਤਾਰ ਚੁਭ ਰਹੀ ਹੋਵੇ ਤੇ ਮਨ ਨੂੰ ਬੇਚੈਨ ਕਰ ਰਹੀ
ਹੋਵੇ ਤਾਂ ਉਸਨੂੰ ਬਾਹਰ ਨਿਕਲ ਜਾਣ ਦਾ ਰਸਤਾ ਵਿਖਾਉਣਾ ਜ਼ਰੂਰੀ ਹੁੰਦਾ ਹੈ। ਮਸਲਨ
ਕਿਸੇ ਨੇ ਕੋਈ ਮਾੜਾ ਸ਼ਬਦ ਬੋਲਿਆ ਹੋਵੇ ਜਿਸ ਨਾਲ ਮਨ ਅਸਹਿਜ ਹੋ ਗਿਆ ਹੋਵੇ ਤਾਂ ਇਹ
ਅਵਸਥਾ ਹੌਲੀ ਹੌਲੀ ਧੁਖਦੀ ਲਕੜ ਵਾਂਗ ਦਿਮਾਗ਼ ਨੂੰ ਬੀਮਾਰ ਕਰ ਦਿੰਦੀ ਹੈ। ਇਸੇ ਲਈ
ਅਜਿਹੀ ਗੱਲ ਨੂੰ ਨਿਊਟਰਲਾਈਜ਼ ਜਾਂ ਸਮਤੋਲ ਕਰਨ ਲਈ ਓਨਾ ਹੀ ਅਸਰਦਾਰ
ਕੋਈ ਹੋਰ ਕੰਮ ਕਰਨ ਦੀ ਲੋੜ ਹੁੰਦੀ ਹੈ ਜਿਸ ਨਾਲ ਸ਼ਾਬਾਸ਼ੀ ਮਿਲੇ।
ਅਜਿਹਾ
ਅਸਰਦਾਰ ਕੰਮ ਜ਼ਰੂਰੀ ਨਹੀਂ ਕਿ ਹਿਮਾਲਿਆ ਪਹਾੜ ਚੜਨਾ ਹੋਵੇ, ਬਲਕਿ ਕੋਈ ਚੰਗਾ ਕੰਮ,
ਜਿਵੇਂ ਕਿਸੇ ਦੀ ਮਦਦ ਕਰ ਦੇਣੀ ਜਾਂ ਰੱਜ ਕੇ ਪਿਆਰ ਕਰਨਾ ਵੀ ਓਨੀ ਹੀ ਪਾਜ਼ਿਟਿਵ
ਐਨਰਜੀ ਜਮਾਂ ਕਰ ਦਿੰਦਾ ਹੈ।
ਕਮਾਲ ਵੇਖੋ ਕਿ ਸਿਰਫ ਮਧੁਰ ਸੰਗੀਤ ਸੁਣਨਾ ਹੀ ਨਹੀਂ ਬਲਕਿ ਆਪਣਾ ਮਨਪਸੰਦ ਗਾਣਾ
ਜਾਂ ਭਜਨ ਗਾਉਣ, ਭਾਵੇਂ ਗੁਸਲਖ਼ਾਨੇ ਅੰਦਰ ਹੀ ਸਹੀ, ਨਾਲ ਵੀ ਧੜਕਦੇ ਦਿਲ ਨੂੰ ਫ਼ਾਇਦਾ
ਪਹੁੰਚਦਾ ਹੈ।
ਇਕ ਗੱਲ ਧਿਆਨ ਰੱਖਣ ਦੀ ਲੋੜ ਹੈ ਕਿ ਤਣਾਓ ਜਾਨਲੇਵਾ ਨਹੀਂ ਹੁੰਦਾ ਬਲਕਿ ਤਣਾਓ
ਨੂੰ ਨਜਿੱਠਣ ਦਾ ਤਰੀਕਾ ਜਾਨਲੇਵਾ ਹੋ ਸਕਦਾ ਹੈ। ਮਸਲਨ ਦੁਖ ਜਾਂ ਤਕਲੀਫ਼ ਨੂੰ ਸਹਿ
ਨਾ ਸਕਣ ਕਾਰਣ ਸ਼ਰਾਬ ਜਾਂ ਨਸ਼ੇ ਦਾ ਸਹਾਰਾ ਲੈਣਾ ਜਾਂ ਜੁਰਮ ਵੱਲ ਧੱਕੇ ਜਾਣਾ, ਦੀ
ਥਾਂ ਉਸ ਨੂੰ ਜਰ ਸਕਣ ਦੀ ਹਿੰਮਤ ਆਪਣੇ ਅੰਦਰੋਂ ਪੈਦਾ ਕਰਨੀ, ਕਿ ‘ਅੱਗੇ ਵੀ ਕੋਈ
ਔਖੇ ਸਮੇਂ ਆਏ ਪਰ ਲੰਘ ਗਏ’, ‘ਪਹਿਲਾਂ ਵਾਂਗ ਹੁਣ ਵੀ ਚੰਗਾ ਸਮਾਂ ਜ਼ਰੂਰ ਆਏਗਾ,’
‘ਕਿਸੇ ਦੀ ਜ਼ਿੰਦਗੀ ਵਿਚ ਸਮਾਨਤਾ ਨਹੀਂ ਹੁੰਦੀ, ਹਰ ਜਣਾ ਉਤਾਰ ਚੜਾਅ ਵੇਖਦਾ ਹੈ
ਜਿਵੇਂ ਸੂਰਜ ਵੀ ਰੋਜ਼ ਚੜ ਕੇ ਡੁੱਬਦਾ ਹੈ,’ ਆਦਿ ਨਾਲ ਮਨ ਠਹਿਰਾਓ ਵਿਚ ਚਲਾ ਜਾਂਦਾ
ਹੈ ਅਤੇ ਸਰੀਰ ਅੰਦਰ ‘ਪਾਜ਼ਿਟਿਵ ਐਨਰਜੀ’ ਉਪਜਣੀ ਸ਼ੁਰੂ ਹੋ ਜਾਂਦੀ ਹੈ।
ਜੇ ਗੱਲ ਊਰਜਾ ਦੀ ਉੱਠੀ ਹੈ ਤਾਂ ਦੱਸ ਦਿਆਂ ਕਿ ਦਿਲ ਦੀ ਧੜਕਨ ਨਾਲ ਸਰੀਰ ਅੰਦਰ
ਏਨੀ ਊਰਜਾ ਉਪਜਦੀ ਹੈ ਕਿ ਓਨੇ ਨਾਲ ਇਕ ਟਰੱਕ 32 ਕਿਲੋਮੀਟਰ ਰੋਜ਼ ਚਲਾਇਆ ਜਾ ਸਕਦਾ
ਹੈ। ਦਿਲ ਦੇ ਪੂਰੀ ਉਮਰ ਧੜਕਨ ਨਾਲ ਉਪਜੀ ਊਰਜਾ ਸਦਕਾ ਜ਼ਿੰਦਗੀ ਵਿਚ ਇਕ ਵਾਰ ਚੰਨ ਤਕ
ਸਫਰ ਕਰ ਕੇ ਵਾਪਸ ਆਇਆ ਜਾ ਸਕਦਾ ਹੈ।
ਇਹ ਗੱਲ ਮਜ਼ਾਕ ਭਾਵੇਂ ਜਾਪੇ ਪਰ ਮਾਂ ਦੇ ਢਿੱਡ ਅੰਦਰੋਂ 4 ਮਹੀਨੇ ਦੇ ਭਰੂਣ ਵਿਚ
ਦਿਲ ਧੜਕਣਾ ਸ਼ੁਰੂ ਕਰ ਦਿੰਦਾ ਹੈ ਤੇ ਪੂਰੀ ਉਮਰ ਧੜਕਦਾ ਰਹਿੰਦਾ ਹੈ। ਲਗਭਗ 72 ਵਾਰ
ਇਕ ਮਿੰਟ ਵਿਚ ਧੜਕਦਾ ਇਹ ਦਿਲ ਸਾਲ ਵਿਚ 35 ਮਿਲੀਅਨ ( 35,000,000) ਵਾਰ ਬਿਨਾਂ
ਰੁਕੇ ਧੜਕਦਾ ਹੈ ਤੇ ਸੁੱਤੇ ਹੋਏ ਬੰਦੇ ਵਿਚ ਵੀ ਦਿਲ ਦੇ ਪੱਠੇ ਏਨਾ ਜ਼ਿਆਦਾ ਕੰਮ
ਕਰਦੇ ਹਨ ਜਿੰਨਾ ਇਕ ਭੱਜਦੇ ਹੋਏ ਬੰਦੇ ਦੇ ਲੱਤਾਂ ਦੇ ਪੱਠੇ ਕੰਮ ਕਰਦੇ ਹਨ।
ਏਨਾ ਤਗੜਾ ਤੇ ਕਠੋਰ ਜਾਪਦਾ ਦਿਲ, ਕਿਸੇ ਆਪਣੇ ਦੀ ਮੌਤ ਜਾਂ ਪਿਆਰੇ ਦੇ ਖੁੱਸ
ਜਾਣ ਨਾਲ ਹੀ ਢਹਿ ਢੇਰੀ ਹੋ ਕੇ ਹਾਰਟ ਅਟੈਕ ਕਰਵਾ ਬਹਿੰਦਾ ਹੈ ਕਿਉਂਕਿ ਹੋਰ
ਸਭ ਕੁੱਝ ਸਹਾਰ ਸਕਣ ਵਾਲਾ ਇਹ ਦਿਲ ਤਣਾਓ ਵਿੱਚੋਂ ਉਪਜੇ ਮਾੜੇ ਹਾਰਮੋਨਾਂ ਅੱਗੇ
ਹਥਿਆਰ ਸੁਟ ਦਿੰਦਾ ਹੈ।
ਦਰਅਸਲ ਤਣਾਓ ਦੇ ਅਧੀਨ ਸਰੀਰ ਅੰਦਰ ਐਡਰੀਨਾਲੀਨ ਤੇ ਕੋਰਟੀਸੌਲ
ਨਿਕਲ ਪੈਂਦੇ ਹਨ ਜਿਨਾਂ ਨਾਲ ਦਿਲ ਦੀਆਂ ਨਾੜਾਂ ਸੁੰਗੜ ਜਾਂਦੀਆਂ ਹਨ, ਉਨਾਂ ਦੀ
ਅੰਦਰਲੀ ਪਰਤ ਉੱਤੇ ਪਲੇਟਲੈਟ ਸੈੱਲ ਚਿਪਕਣ ਲੱਗ ਪੈਂਦੇ ਹਨ ਤੇ ਲਹੂ
ਦਾ ਰਾਹ ਰੋਕ ਦਿੰਦੇ ਹਨ, ਪਹਿਲਾਂ ਦੇ ਜੰਮੇ ਐਥਰੋਮਾ ਭੁਰ ਸਕਦੇ ਹਨ ਜਿਨਾਂ
ਕਾਰਣ ਉੱਥੇ ਲਹੂ ਨਿਕਲ ਕੇ ਜੰਮ ਸਕਦਾ ਹੈ ਤੇ ਨਾੜੀ ਦਾ ਰਾਹ ਰੋਕ ਦਿੰਦਾ ਹੈ ਜਿਸ
ਨਾਲ ਹਾਰਟ ਅਟੈਕ ਹੋ ਜਾਂਦਾ ਹੈ।
ਪਹਿਲਾਂ ਇਹ ਸੋਚਿਆ ਜਾਂਦਾ ਸੀ ਕਿ ਔਰਤਾਂ ਨੂੰ ਮਾਹਵਾਰੀ ਬੰਦ ਹੋਣ ਤਕ ਹਾਰਟ
ਅਟੈਕ ਹੋਣ ਦਾ ਖ਼ਤਰਾ ਨਹੀਂ ਹੁੰਦਾ। ਹੁਣ ਕੰਮਕਾਜੀ ਔਰਤਾਂ ਉੱਤੇ ਘਰ ਦੇ
ਕੰਮ ਦਾ ਬੋਝ ਵੀ ਨਾਲੋ ਨਾਲ ਪੈਣ ਸਦਕਾ ਔਰਤਾਂ ਵੀ ਸੁਰੱਖਿਅਤ ਨਹੀਂ ਤੇ ਭਰ ਜਵਾਨੀ
ਵਿਚ ਹੀ ਉਨਾਂ ਵਿਚ ਵੀ ਹਾਰਟ ਅਟੈਕ ਵੇਖਣ ਨੂੰ ਮਿਲ ਰਿਹਾ ਹੈ।
ਟਾਈਪ ਏ ਪਰਸਨੈਲਿਟੀ ਵਾਲੇ ਲੋਕ ਵੀ ਹਮੇਸ਼ਾ ਅਗਾਂਹ ਲੰਘਣ ਦੇ
ਚੱਕਰ ਵਿਚ ਦਿਲ ਨੂੰ ਰੋਗੀ ਕਰ ਬਹਿੰਦੇ ਹਨ। ਇਸੇ ਲਈ ਮੈਂ ਸ਼ੁਰੂ ਵਿਚ ਹੀ ਗੱਲ ਕੀਤੀ
ਸੀ ਕਿ ਹਰ ਚੀਜ਼ ਨੂੰ ਹਾਸਲ ਕਰਨ ਜਾਂ ਆਪਣੀ ਬਣਾ ਲੈਣ ਨਾਲੋਂ ਉਸਨੂੰ ਪਿਆਰ ਕਰਨਾ ਹੀ
ਬਿਹਤਰ ਹੈ।
ਮੈਡੀਕਲ
ਖੇਤਰ ਵਿਚ ਹੋਈਆਂ ਖੋਜਾਂ, ਜਿਨਾਂ ਵਿਚ ਕੋਲੰਬੀਆ ਯੂਨੀਵਰਿਸਟੀ ਮੈਡੀਕਲ ਸੈਂਟਰ ਵਿਚ
ਹੋਈ ਖੋਜ ਸ਼ਾਮਲ ਹੈ, ਵੀ ਇਹ ਸਾਬਤ ਕਰ ਰਹੀਆਂ ਹਨ, ਕਿ ਖ਼ੁਸ਼ ਤੇ ਲਾਪਰਵਾਹ ਰਹਿਣ ਵਾਲੇ
ਲੋਕਾਂ ਦੇ ਦਿਲ ਤੰਦਰੁਸਤ ਰਹਿੰਦੇ ਹਨ। ਨਿੱਕੀ ਨਿੱਕੀ ਗੱਲ ਦਿਲ ਨੂੰ ਲਾ ਲੈਣ ਵਾਲੇ
ਆਪਣੇ ਦਿਲ ਨੂੰ ਛੇਤੀ ਰੋਗੀ ਬਣਾ ਲੈਂਦੇ ਹਨ।
ਇਸਦਾ ਕਾਰਣ ਇਹ ਹੈ ਕਿ ਖ਼ੁਸ਼ ਰਹਿਣ ਵਾਲੇ ਲੋਕ ਜਾਂ ਦੁਖ ਨੂੰ ਜਰ ਜਾਣ ਵਾਲੇ ਲੋਕ
ਆਪਣੇ ਸਰੀਰ ਅੰਦਰ ਮਾੜੇ ਹਾਰਮੋਨਾਂ ਨੂੰ ਜ਼ਿਆਦਾ ਦੇਰ ਤਕ ਟਿਕ ਕੇ ਅਸਰ ਕਰਨ ਦਾ ਵਕਤ
ਨਹੀਂ ਦਿੰਦੇ ਅਤੇ ਉਨਾਂ ਦਾ ਦਿਮਾਗ਼ ਵੀ ਹਲਕਾ ਫੁੱਲ ਜਿਹਾ ਰਹਿੰਦਾ ਹੈ। ਅਜਿਹੇ ਲੋਕ
ਹਰ ਔਖੇ ਸਮੇਂ ਵਿੱਚੋਂ ਵੀ ਹਾਸਾ ਠੱਠਾ ਕੱਢ ਲੈਂਦੇ ਹਨ ਜਾਂ ਅਜਿਹੇ ਸਮੇਂ ਪਿਛਲਾ
ਖੁਸ਼ਹਾਲ ਵੇਲਾ ਯਾਦ ਕਰ ਕੇ ਆਪਣੇ ਆਪ ਨੂੰ ਝੱਟ ਸਹਿਜ ਕਰ ਲੈਂਦੇ ਹਨ।
ਸੋ ਗੱਲ ਏਥੇ ਨਿਬੜੀ ਕਿ ਯਕੀਨ ਰੱਖੋ, ਸਭ ਠੀਕ ਠਾਕ ਹੋ ਜਾਵੇਗਾ। ਆਪਣੇ ਆਪ ਨਾਲ
ਰੱਜ ਕੇ ਪਿਆਰ ਕਰੋ। ਹਰ ਚੀਜ਼ ਪਾ ਲੈਣ ਦੀ ਇੱਛਾ ਤਿਆਗ ਕੇ, ਪੁਰਾਣੀ ਕਹਾਵਤ ‘ਅੰਗੂਰ
ਖੱਟੇ ਹਨ’ ਦੇ ਤਹਿਤ ਜਿਹੜੀ ਚੀਜ਼ ਹਾਸਲ ਨਹੀਂ ਹੋ ਰਹੀ, ਉਸ ਨੂੰ ਛੱਡ ਕੇ ਆਪਣੇ ਅੱਜ
ਨੂੰ ਚੰਗਾ ਬਣਾਉਣ ਤੇ ਅੱਗਾ ਸੰਵਾਰਨ ਵੱਲ ਧਿਆਨ ਦੇਈਏ। ਇੰਜ ਦਿਲ ਆਪੇ ਹੀ ਸਿਹਤਮੰਦ
ਰਹੇਗਾ ਤੇ ਲੰਮੀ ਉਮਰ ਵੀ ਭੋਗਣ ਨੂੰ ਮਿਲ ਜਾਏਗੀ!
ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783 |