ਕਿਸੇ ਡਾਕਟਰ ਲਈ ਮਰੀਜ਼ ਸਿਰਫ਼ ਮਰੀਜ਼ ਹੁੰਦਾ ਹੈ। ਹਿੰਦੂ, ਸਿੱਖ, ਮੁਸਲਮਾਨ ਜਾਂ
ਈਸਾਈ ਨਹੀਂ। ਬਿਲਕੁਲ ਇੰਜ ਹੀ ਕਿਸੇ ਬਾਬੇ ਜਾਂ ਸੰਤ ਨੂੰ ਮੰਨਣ ਵਾਲੇ ਵੀ ਡਾਕਟਰ ਲਈ
ਸਿਰਫ਼ ਮਰੀਜ਼ ਹੀ ਹੁੰਦੇ ਹਨ। ਉਨਾਂ ਦੇ ਵਿਅਕਤੀਗਤ ਮਸਲਿਆਂ ਬਾਰੇ ਡਾਕਟਰਾਂ ਦਾ ਕੋਈ
ਲੈਣਾ ਦੇਣਾ ਨਹੀਂ ਹੁੰਦਾ।
ਜਦੋਂ ਕਿਸੇ ਵਹਿਮ ਭਰਮ ਨਾਲ ਜਾਂ ਆਪੇ ਲਈਆਂ ਗ਼ਲਤ ਦਵਾਈਆਂ ਦੇ ਸੇਵਨ ਨਾਲ ਮਰੀਜ਼
ਦੀ ਜਾਨ ਨੂੰ ਖ਼ਤਰਾ ਪੈਦਾ ਹੋ ਜਾਵੇ ਜਾਂ ਕਿਸੇ ਨੀਮ ਹਕੀਮ ਦੇ ਚੱਕਰ ਵਿਚ ਕੋਈ ਆਪਣੀ
ਉਮਰ ਦੇ ਵੀਹ ਸਾਲ ਛੋਟੇ ਕਰ ਲਵੇ ਤਾਂ ਡਾਕਟਰ ਉਸ ਮਰੀਜ਼ ਨੂੰ ਉਸੇ ਤਰਾਂ ਹੀ
ਸਮਝਾਉਂਦਾ ਜਾਂ ਝਿੜਕਦਾ ਹੈ ਜਿਵੇਂ ਅਧਿਆਪਕ ਆਪਣੇ ਵਿਦਿਆਰਥੀ ਨੂੰ ਸਹੀ ਸੇਧ ਦੇਣ
ਸਮੇਂ ਕਰਦਾ ਹੈ ਜਾਂ ਫੇਰ ਮਾਲੀ ਕਿਸੇ ਬੂਟੇ ਨੂੰ ਸਿੱਧਾ ਉਗਾਉਣ ਲਈ ਉਸ ਦੀਆਂ
ਟਾਹਣੀਆਂ ਛਾਂਗਦਾ ਹੈ।
ਕੁੱਝ ਇਸੇ ਹੀ ਤਰਾਂ ਦੇ ਵਿਚਾਰ ਅਧੀਨ ਮੈਂ ਹਸਪਤਾਲ ਵਿਚ ਚੈਕਅੱਪ ਕਰਵਾਉਣ ਪੁੱਜੀ
ਇਕ 16 ਵਰਿਆਂ ਦੀ ਬੱਚੀ ਨਾਲ ਗ਼ੱਲ ਸ਼ੁਰੂ ਕੀਤੀ ਜਿਸ ਦੇ ਗਲੇ ਦੁਆਲੇ ਇਕ ਬਾਬੇ ਦੀ
ਤਸਵੀਰ ਪਾਈ ਹੋਈ ਸੀ।
ਮੈਂ ਜਦੋਂ ਉਸਨੂੰ ਪੁੱਛਿਆ ਕਿ ਉਹ ਕਿਵੇਂ ਉਸ ਦੇ ਲੜ ਲੱਗੀ ਤਾਂ ਉਸ ਦੇ ਜਵਾਬ ਨੇ
ਮੈਨੂੰ ਬਹੁਤ ਕੁੱਝ ਸੋਚਣ ਉੱਤੇ ਮਜਬੂਰ ਕਰ ਦਿੱਤਾ। ਉਸ ਦੱਸਿਆ, ‘‘ਮੈਂ ਦੋ ਸਾਲ ਨਰਕ
ਭੋਗਿਆ ਸੀ। ਜਦੋਂ ਮੈਨੂੰ ਮਾਹਵਾਰੀ ਆਉਂਦੀ ਸੀ ਤਾਂ ਘਰੋਂ ਬਾਹਰ ਖੇਤ ’ਚ ਡੰਗਰਾਂ ਦੇ
ਨਾਲ ਮੈਨੂੰ ਸੁੱਟ ਦਿੱਤਾ ਜਾਂਦਾ ਸੀ। ਆਪੇ ਰੋਟੀ ਬਣਾਓ, ਆਪੇ ਖਾਓ ਤੇ ਖੇਤ ’ਚ ਕੰਮ
ਵੀ ਕਰੋ। ਨਾ ਕੋਈ ਚੱਜ ਦਾ ਕਪੜਾ, ਨਾ ਕੋਈ ਮੇਰੀ ਵਾਤ ਪੁੱਛਣ ਵਾਲਾ। ਮੈਨੂੰ ਇੰਜ
ਪਰਾਂ ਸੁੱਟਿਆ ਜਾਂਦਾ ਸੀ ਜਿਵੇਂ ਮੈਂ ਕੂੜਾ ਕਰਕਟ ਜਾਂ ਅਸ਼ੁੱਧ ਹੋਵਾਂ।
‘‘ਜਦੋਂ ਦੋ ਸਾਲਾਂ ਬਾਅਦ ਮੈਨੂੰ ਬਾਬਾ ਜੀ ਦੇ ਆਸ਼ਰਮ ਲੈ ਕੇ ਗਏ ਤਾਂ ਮੈਂ ਆਪਣੀ
ਤਕਲੀਫ਼ ਸੁਣਾਈ। ਉਨਾਂ ਦੇ ਕਹੇ ਅਨੁਸਾਰ ਹੁਣ ਮੈਨੂੰ ਮਾਹਵਾਰੀ ਵੇਲੇ ਵੀ ਘਰ ਅੰਦਰ
ਰੱਖਿਆ ਜਾਂਦਾ ਹੈ ਤੇ ਮੈਂ ਹੁਣ ਆਪਣੇ ਆਪ ਨੂੰ ਕੂੜਾ ਕਰਕਟ ਜਾਂ ਅਸ਼ੁੱਧ ਨਹੀਂ
ਮੰਨਦੀ। ਮੈਂ ਆਪਣੇ ਆਪ ਨੂੰ ਇਨਸਾਨ ਸਮਝਣ ਲੱਗ ਗਈ ਹਾਂ।’’
ਉਸ ਦੇ ਬੋਲਣ ਦੇ ਲਹਿਜੇ ਵਿਚ ਤਲਖ਼ੀ ਸੀ। ਸਮਾਜ ਪ੍ਰਤੀ ਗੁੱਸਾ, ਆਪਹੁਦਰਾਪਨ,
ਅਣਖ, ਜੋਸ਼ ਤੇ ਸਵੈ-ਵਿਸ਼ਵਾਸ ਡੁੱਲ-ਡੁੱਲ ਬਾਹਰ ਆ ਰਿਹਾ ਸੀ।
ਇਕ ਹੋਰ ਅਜਿਹੇ ਹੀ ਮਰੀਜ਼ ਨਾਲ ਜਦੋਂ ਗੱਲ ਕੀਤੀ ਤਾਂ ਉਸ ਦਾ ਜਵਾਬ ਸੀ, ‘‘ਸਾਨੂੰ
ਇਸ ਸਮਾਜ ਕੋਲੋਂ ਸਿਰਫ਼ ਤਿਰਸਕਾਰ ਮਿਲਿਆ ਹੈ। ਨੀਵੀਂ ਜਾਤ ਹੋਣ ਕਾਰਨ ਇਕ ਸੜਕ
ਕਿਨਾਰੇ ਰੁਲਦੇ ਪੱਥਰ ਤੋਂ ਵੱਧ ਕਦੇ ਵੁਅਕਤ ਨਹੀਂ ਪਈ। ਬਾਬਾ ਜੀ ਨੇ ਸਾਨੂੰ ਸਭ ਨੂੰ
ਇੱਜ਼ਤ ਦਿੱਤੀ ਹੈ ਤੇ ਇਨਸਾਨ ਹੋਣ ਦਾ ਇਹਸਾਸ ਦਵਾਇਆ ਹੈ। ਡਾਕਟਰ ਸਾਹਿਬਾ, ਧਿਆਨ ਨਾਲ
ਖ਼ਬਰਾਂ ਪੜਿਆ ਕਰੋ। ਚਾਰ ਕੁ ਦਿਨ ਪਹਿਲਾਂ ਦੀ ਖ਼ਬਰ ਹੈ ਕਿ ਇਕ ਮੁਟਿਆਰ ਸਕੂਲੀ
ਵਿਦਿਆਰਥਣ ਪਿੰਡ ਦੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਤਾਂ ਗੁਰਦੁਆਰੇ ਦੇ ਗ੍ਰੰਥੀ
ਨੇ ਉਸ ਦਾ ਸਤਭੰਗ ਕੀਤਾ। ਬਥੇਰੇ ਧਰਮ ਪ੍ਰਚਾਰਕਾਂ ਤੇ ਮੁਲਾਜ਼ਮਾਂ ਕੋਲੋਂ ਨਸ਼ਿਆਂ ਦੀ
ਖੇਪ ਫੜੀ ਜਾ ਚੁੱਕੀ ਹੈ। ਇਨਾਂ ਦੀਆਂ ਰੰਗਰਲੀਆਂ ਕਿਹੜੀ ਨੈਤਿਕਤਾ ਦਾ ਪ੍ਰਗਟਾਵਾ
ਕਰਦੀਆਂ ਹਨ? ਇਹ ਸਾਰੇ ਤਾਂ ਸਿਆਸਤਦਾਨਾਂ ਦੇ ਪੈਰਾਂ ਥੱਲੇ ਵਿਛੇ ਪਏ ਹਨ। ਧਰਮ ਦਾ
ਤਾਂ ਇਨਾਂ ਅਖੌਤੀ ਠੇਕੇਦਾਰਾਂ ਨੇ ਮਜ਼ਾਕ ਬਣਾ ਦਿੱਤਾ ਹੋਇਐ। ਸਾਨੂੰ ਨੀਵੀਂ ਜਾਤ
ਵਾਲਿਆਂ ਨੂੰ ਤਾਂ ਇਨਾਂ ਨੇ ਛੇਕਿਆ ਪਿਐ। ਬਾਬਾ ਜੀ ਨੇ ਸਾਨੂੰ ਘੱਟੋ-ਘੱਟ ਇੱਜ਼ਤ ਤਾਂ
ਦੁਆਈ ਹੈ। ਅਸੀਂ ਤਾਂ ਇੱਥੇ ਹੀ ਠੀਕ ਹਾਂ।’’
ਇਹ ਦੋਵੇਂ ਜਵਾਬ ਸਮਾਜ ਲਈ ਸ਼ੀਸ਼ਾ ਹਨ ਕਿ ਕਿਉਂ ਢੇਰਾਂ ਦੇ ਢੇਰ ਸਮਰਥਕ ਬਾਬਿਆਂ
ਜਾਂ ਸੰਤਾਂ ਕੋਲ ਜਾਂਦੇ ਹਨ। ਬੀਮਾਰੀ ਨਾਲ ਜੁੜੀ ਮਾਨਸਿਕ ਪ੍ਰੇਸ਼ਾਨੀ ਜਦੋਂ ਪਿਆਰ
ਨਾਲ ਦੂਰ ਕਰ ਦਿੱਤੀ ਜਾਵੇ ਜਾਂ ਪੈਸੇ ਦੀ ਤੰਗੀ ਦੌਰਾਨ ਸਹਾਇਤਾ ਮਿਲ ਜਾਏ, ਢਿੱਡ
ਭਰਨ ਨੂੰ ਅੰਨ ਮਿਲ ਜਾਏ, ਆਪਣੇ ਅੰਦਰਲੀ ‘ਮੈਂ’ ਸਹਿਲਾ ਦਿੱਤੀ ਜਾਏ ਤਾਂ ਅਜਿਹੇ ਲੋਕ
ਅੰਨੀ ਸ਼ਰਧਾ ਪਾਲ ਲੈਂਦੇ ਹਨ। ਉਹ ਵੇਖਦੇ ਹਨ ਕਿ ਉਹ ਨੀਵੀਂ ਜ਼ਾਤ ਦੇ ਵੀ ਹਨ ਤੇ ਗ਼ਰੀਬ
ਵੀ ਹਨ, ਪਰ ਲੋੜ ਪੈਣ ਉੱਤੇ ਜਿਸ ਬਾਬੇ ਨਾਲ ਉਹ ਜੁੜੇ ਹਨ, ਉਸੇ ਹੀ ਬਾਬੇ ਜਾਂ ਸੰਤ
ਅੱਗੇ ਮੁਲਕ ਦੀ ਉੱਚੀ ਤੋਂ ਉੱਚੀ ਪਦਵੀ ਉੱਤੇ ਬੈਠੇ ਸਿਆਸਤਦਾਨ, ਸਰਕਾਰੀ ਮੁਲਾਜ਼ਮ,
ਫਿਲਮੀ ਸਿਤਾਰੇ, ਗੱਲ ਕੀ ਹਰ ਅਮੀਰ ਤੋਂ ਅਮੀਰ ਬੰਦਾ ਵੀ ਸੀਸ ਝੁਕਾਉਣ ਪਹੁੰਚ ਰਿਹਾ
ਹੈ ਤਾਂ ਉਨਾਂ ਦੇ ਮਨ ਅੰਦਰਲੀ ਸੋਚ ਪਕਿਆਈ ਫੜ ਲੈਂਦੀ ਹੈ ਕਿ ਉਹ ਦੁਨੀਆ ਦੇ ਸਭ ਤੋਂ
ਵੱਧ ਤਾਕਤਵਰ ਦੀ ਸ਼ਰਨ ਵਿਚ ਬੈਠੇ ਹਨ।
ਦੁਨੀਆ ਭਰ ਵਿਚ ਕ੍ਰਾਂਤੀ ਲਿਆਉਣ ਵਾਲੇ ਗ਼ਰੀਬ ਲੋਕ ਹੀ ਸਨ। ਇਨਾਂ ਵਿਚ ਹੀ
ਤਬਦੀਲੀ ਲਿਆਉਣ ਦੀ ਤਾਕਤ ਹੁੰਦੀ ਹੈ। ਅਮੀਰੀ ਗ਼ਰੀਬੀ ਦੇ ਨਿਤ ਵਧਦੇ ਜਾਂਦੇ ਪਾੜ
ਸਦਕਾ ਭਰੀ ਕੌੜ ਹੀ ਗੁੱਸਾ, ਤਣਾਓ ਤੇ ਢਹਿੰਦੀ ਕਲਾ ਨੂੰ ਜਨਮ ਦਿੰਦੀ ਹੈ।
ਜਿਸ ਕਿਸੇ ਨੂੰ ਅਜਿਹੇ ਲੋਕਾਂ ਦੇ ਮਨਾਂ ਨੂੰ ਵਸ ਕਰਨ ਦਾ ਢੰਗ ਆ ਜਾਏ, ਉਹ ਉਨਾਂ
ਲਈ ਰਾਹ ਦਸੇਰਾ ਜਾਂ ਰਬ ਬਣ ਜਾਂਦਾ ਹੈ ਤੇ ਸਾਰੇ ਮੰਤਰਮੁਗਧ ਹੋ ਕੇ ਉਸ ਦੇ ਪਿੱਛੇ
ਲੱਗ ਜਾਂਦੇ ਹਨ। ਫੇਰ ਉਨਾਂ ਨੂੰ ਆਪਣੇ ਰੱਬ ਵਿਚ ਖ਼ਾਮੀਆਂ ਵੀ ਦਿਸਣੀਆਂ ਬੰਦ ਹੋ
ਜਾਂਦੀਆਂ ਹਨ ਕਿਉਂਕਿ ਉਨਾਂ ਨੂੰ ਆਪਣੇ ਰਬ ਦੇ ਖੁੱਸਣ ਦਾ ਡਰ ਹੁੰਦਾ ਹੈ ਕਿ ਕਿਤੇ
ਫੇਰ ਵਾਪਸ ਹਨੇਰੀ ਜ਼ਿੰਦਗੀ ਵੱਲ ਨਾ ਧੱਕੇ ਜਾਣ!
ਭਾਰਤ ਵਿਚ ਸਿਰਫ਼ ਵਹਿਮ ਭਰਮ ਹੀ ਨਹੀਂ ਬਲਕਿ ਤਿਰਸਕਾਰ, ਊਚ-ਨੀਚ, ਜਾਤ-ਪਾਤ,
ਅਮੀਰੀ-ਗਰੀਬੀ ਦਾ ਏਨਾ ਜ਼ਿਆਦਾ ਪਾੜ ਹੈ ਤੇ ਮਾਨਸਿਕ ਪ੍ਰੇਸ਼ਾਨੀਆਂ ਏਨੀਆਂ ਵੱਧ ਕਿ ਹਰ
ਜਣਾ ਆਪਣਾ ‘ਰਬ’ ਭਾਲਦਾ ਫਿਰਦਾ ਹੈ ਜੋ ਸਾਰੀਆਂ ਮੁਸ਼ਕਲਾਂ ਸਾਹਮਣੇ ਬਹਿ ਕੇ ਸੁਣ ਲਵੇ
ਤੇ ਫੇਰ ਕਿਸੇ ਜਾਦੂਈ ਢੰਗ ਨਾਲ ਸਭ ਕੁੱਝ ਝਟਪਟ ਠੀਕ ਕਰ ਦੇਵੇ। ਜੇ ਅਜਿਹੀ ਕੋਈ
ਬਾਂਹ ਜਾਂ ਸਹਾਰਾ ਨਾ ਮਿਲੇ ਤਾਂ ਕਈ ਜਣਿਆਂ ਦਾ ਨਸ਼ਿਆਂ ਵਲ ਝੁਕਾਓ ਹੋ ਜਾਂਦਾ ਹੈ।
ਔਰਤਾਂ ਹਮੇਸ਼ਾ ਤੋਂ ਹੀ ਦੱਬੀਆਂ-ਕੁਚਲੀਆਂ, ਹੇਠਲੇ ਦਰਜੇ ਦੀਆਂ ਮੰਨ ਕੇ ਤਿਰਸਕਾਰ
ਦਾ ਸ਼ਿਕਾਰ ਹੁੰਦੀਆਂ ਰਹਿੰਦੀਆਂ ਹਨ। ਜੇ ਗਰੀਬ ਦੀ ਧੀ ਭੈਣ ਹੋਵੇ, ਫੇਰ ਤਾਂ ਸਾਂਝੀ
ਜਾਇਦਾਦ ਮੰਨ ਕੇ ਵਰਤੀਆਂ ਜਾਂਦੀਆਂ ਹਨ। ਆਖ਼ਰੀ ਸਾਹ ਤਕ ਨਰਕ ਭੋਗਦੀਆਂ ਇਹ ਬੱਚੀਆਂ
ਤੇ ਔਰਤਾਂ ਜੇ ਕਿਤੋਂ ਪਿਆਰ, ਸਹਾਰਾ ਜਾਂ ਆਸਰਾ ਮਿਲਦਾ ਦਿਸੇ ਤਾਂ ਉਸੇ ਦੇ ਲੜ ਲੱਗ
ਜਾਂਦੀਆਂ ਹਨ।
ਤਿਰਸਕਾਰ ਦੀਆਂ ਸ਼ਿਕਾਰ ਅਜਿਹੀਆਂ ਔਰਤਾਂ ਬਾਬਿਆਂ ਦੀਆਂ ਜ਼ਿਆਦਾ ਭਗਤ ਬਣ ਜਾਂਦੀਆਂ
ਹਨ ਕਿਉਂਕਿ ਉੱਥੋਂ ਉਨਾਂ ਨੂੰ ਦੋ ਬੋਲ ਪਿਆਰ ਦੇ ਸੁਣ ਜਾਂਦੇ ਹਨ। ਬਾਬੇ ਇਸ ਦਾ ਰੱਜ
ਕੇ ਨਾਜਾਇਜ਼ ਫ਼ਾਇਦਾ ਉਠਾਉਂਦੇ ਹਨ।
ਸੱਚਾਈ ਇਹ ਹੈ ਕਿ ਭਾਵੇਂ ਕਿੰਨੇ ਹੀ ਬਾਬੇ ਜੇਲਾਂ ਅੰਦਰ ਸੁੱਟ ਦਿੱਤੇ ਜਾਣ ਜਾਂ
ਫਾਹੇ ਟੰਗ ਦਿੱਤੇ ਜਾਣ, ਜਦ ਤਕ ਲੋਕਾਂ ਦੀ ਮਾਨਸਿਕਤਾ ਨਹੀਂ ਸਮਝੀ ਜਾਂਦੀ, ਉਹ
ਦੁਬਾਰਾ ਕਿਸੇ ਹੋਰ ਬਾਬੇ ਦੇ ਲੜ ਲੱਗਣ ਨੂੰ ਤਿਆਰ ਹੋਣਗੇ।
ਸਾਡਾ ਸਮਾਜ ਨਾ ਗ਼ਰੀਬਾਂ ਨੂੰ ਤੇ ਨਾ ਹੀ ਨੀਵੀਂ ਜਾਤ ਵਾਲਿਆਂ ਨੂੰ ਇੱਜ਼ਤ ਦੇ
ਸਕਿਆ ਹੈ। ਉਨਾਂ ਨੂੰ ਵਰਤ ਕੇ ਸੁੱਟ ਦੇਣ ਦੀ ਸੋਚ ਜਦ ਤਕ ਪਨਪਦੀ ਰਹੇਗੀ, ਬਾਬੇ ਖ਼ਤਮ
ਨਹੀਂ ਕੀਤੇ ਜਾ ਸਕਦੇ।
ਔਰਤ ਅੰਦਰ ਹੀਣ ਭਾਵਨਾ ਭਰ ਕੇ, ਉਸ ਦਾ ਜਿਸਮਾਨੀ ਸ਼ੋਸ਼ਣ ਕਰ ਕੇ, ਉਸ ਕੋਲੋਂ ਆਵਾਜ਼
ਕੱਢਣ ਦਾ ਹੱਕ ਖੋਹ ਕੇ ਜਦ ਤਕ ਉਸ ਨੂੰ ਦੋਇਮ ਨਾਗਰਿਕ ਹੋਣ ਦਾ ਇਹਸਾਸ ਦਵਾਇਆ
ਜਾਏਗਾ, ਉਹ ਹਮੇਸ਼ਾ ਪਿਆਰ ਤੇ ਇੱਜ਼ਤ ਦੀ ਭਾਲ ਕਰਦੀ, ਆਪਣੇ ਆਪ ਲਈ ਇਨਸਾਨ ਦਾ ਦਰਜਾ
ਮੰਗਦੀ, ਵਹਿਸ਼ੀ ਤੇ ਪਸ਼ੂਆਂ ਵਾਲੇ ਵਿਹਾਰ ਤੋਂ ਬਚਦੀ ਕਿਸੇ ਬਾਬੇ ਦੀ ਭਾਲ ਕਰਦੀ
ਰਹੇਗੀ।
ਜਦੋਂ ਤਕ ਸਾਡੇ ਸਿਆਸਤਦਾਨ ਵੋਟਾਂ ਲਈ ਬਾਬਿਆਂ ਅੱਗੇ ਮੱਥੇ ਰਗੜਦੇ ਰਹਿਣਗੇ, ਧਰਮ
ਦੇ ਉੱਚ ਅਸਥਾਨਾਂ ਨੂੰ ਜੱਫਾ ਮਾਰ ਕੇ ਬਹਿਣ ਵਾਲੇ ਲੋਕ ਸਿਆਸਤਦਾਨਾਂ ਦੇ ਤਲਵੇ
ਚੱਟਦੇ ਰਹਿਣਗੇ, ਗਰੀਬਾਂ ਨੂੰ ਮਿੱਝਣ ਵਾਲੀ ਸੋਚ ਪਨਪਦੀ ਰਹੇਗੀ, ਲੋੜਵੰਦਾਂ ਨੂੰ
ਵਰਤ ਕੇ ਸੁੱਟਣ ਵਾਲੀ ਪ੍ਰਥਾ ਜਾਰੀ ਰਹੇਗੀ, ਬਾਬੇ ਪੈਦਾ ਹੁੰਦੇ ਰਹਿਣਗੇ ਤੇ ਉਨਾਂ
ਲਈ ਜਾਨ ਵਾਰਨ ਵਾਲੇ ਵੀ ਪੈਦਾ ਹੁੰਦੇ ਰਹਿਣਗੇ।
ਹੁਣ ਸਵਾਲ ਉਠਦਾ ਹੈ ਕਿ ਅਮੀਰਾਂ ਨੂੰ ਬਾਬਿਆਂ ਦੀ ਲੋੜ ਕਿਉਂ ਪੈਂਦੀ ਹੈ?
‘‘ਬਈ ਗ਼ਰੀਬਾਂ ਨੂੰ ਬੱਚੇ ਜੰਮਣ ਦੀ ਲੋੜ ਕੀ ਹੈ। ਇਕ ਹੋਰ ਗ਼ਰੀਬ ਪੈਦਾ ਕਰ ਕੇ
ਧਰਤੀ ਉੱਤੇ ਭਾਰ ਹੀ ਜਮਾਂ ਕਰ ਰਹੇ ਹਨ,’’ ‘‘ਉਹ ਗ਼ਰੀਬ ਆਪਣੇ ਪਿਛਲੇ ਜਨਮਾਂ ਦੇ
ਕਰਮਾਂ ਕਰ ਕੇ ਹਨ,’’ ਆਦਿ ਕਹਿਣ ਵਾਲੇ ਅਮੀਰ ਸ਼ਾਇਦ ਗ਼ਰੀਬਾਂ ਦੀ ਦੋ ਵੇਲੇ ਦੀ ਰੋਟੀ
ਦੇ ਫ਼ਿਕਰ ਤੋਂ ਕਿਤੇ ਵੱਧ ਫ਼ਿਕਰ ਪਾਲਦੇ ਹਨ। ਬੱਚਿਆਂ ਦਾ ਆਪਹੁਦਰੇ ਹੋਣਾ, ਪਤਨੀ ਦਾ
ਹੋਰ ਪਾਸੇ ਵੱਲ ਵੱਧ ਰੁਝਾਣ ਹੋਣਾ, ਕੰਮਕਾਰ ਵਿਚ ਘਾਟਾ, ਵਾਧੂ ਆਮਦਨ ਸਾਂਭਣੀ,
ਇਕੱਲਾਪਨ, ਬੀਮਾਰੀ, ਸੱਚਾ ਦੋਸਤ ਨਾ ਹੋਣਾ, ਮਾਨਸਿਕ ਤਣਾਓ, ਮਾਨਸਿਕ ਨਿਤਾਣਾਪਨ,
ਕਿਸੇ ਹੋਰ ਦਾ ਆਪਣੇ ਤੋਂ ਅਗਾਂਹ ਵਧਣਾ, ਅੰਧ ਵਿਸ਼ਵਾਸ਼ ਵਿਚ ਪੈ ਕੇ ਮੁੰਦਰੀਆਂ,
ਬੂਟੇ, ਗਮਲੇ, ਫੁੱਲ, ਕਪੜਿਆਂ ਦੇ ਰੰਗ ਚੁਣਨੇ, ਦੁਸ਼ਮਨਾਂ ’ਚ ਵਾਧਾ, ਆਦਿ ਅਨੇਕ
ਕਾਰਨਾਂ ਕਰਕੇ ਅਮੀਰਾਂ ਨੂੰ ਵੀ ਕਿਸੇ ਰਬ ਦੀ ਲੋੜ ਹੁੰਦੀ ਹੈ ਜੋ ਉਨਾਂ ਦੀਆਂ
ਮਾਨਸਿਕ ਪ੍ਰੇਸ਼ਾਨੀਆਂ ਘਟਾ ਕੇ ਉਨਾਂ ਦੇ ਨਿਤਾਣੇਪਨ ਦਾ ਸਮਾਂ ਕਢਾ ਦੇਵੇ ਤੇ ਕੁੱਝ
ਪਲ ਮਾਨਸਿਤ ਸ਼ਾਂਤੀ ਪ੍ਰਦਾਨ ਕਰ ਦੇਵੇ।
ਯਾਨੀ ਜਿਨਾਂ ਕੋਲ ਕੁੱਝ ਨਹੀਂ, ਉਨਾਂ ਨੂੰ ਵੀ, ਤੇ ਜਿਨਾਂ ਕੋਲ ਸਭ ਕੁੱਝ ਹੈ,
ਉਨਾਂ ਨੂੰ ਵੀ ਬੇਚੈਨੀ ਤੇ ਅਸੰਤੁਸ਼ਟੀ ਤੋਂ ਬਚਣ ਲਈ ਕਿਸੇ ਨਾ ਕਿਸੇ ਆਸਰੇ ਦੇਣ ਵਾਲੇ
‘ਰਬ’ ਦੀ ਲੋੜ ਮਹਿਸੂਸ ਹੁੰਦੀ ਹੈ।
ਗ਼ਰੀਬਾਂ ਲਈ ‘ਪ੍ਰਵਚਨ’ ਤੇ ਅਮੀਰਾਂ ਲਈ ‘ਮੈਡੀਟੇਸ਼ਨ’ ਵਾਲੇ ਬਾਬੇ ਉਦੋਂ ਤਕ
ਲੋੜੀਂਦੇ ਹਨ ਜਦੋਂ ਤਕ ਇਨਸਾਨ ਦੀ ‘ਭੁੱਖ’ ਕਾਇਮ ਹੈ। ਇਹ ਭੁੱਖ ਮਾਨਸਿਕ, ਸਰੀਰਕ
ਜਾਂ ਢਿੱਡ ਦੀ ਹੋ ਸਕਦੀ ਹੈ। ਜਿੱਥੇ ਪੂਰਤੀ ਹੁੰਦੀ ਦਿਸੇ, ਉਸੇ ਨੂੰ ਆਪਣਾ ਰਬ ਬਣਾ
ਕੇ ਲੋਕ ਹਮੇਸ਼ਾ ਤੋਂ ਆਪਣਾ ਦਿਲ ਹਲਕਾ ਕਰਨ ਲਈ ਪੂਜਦੇ ਆਏ ਹਨ ਤੇ ਅਜਿਹੀ ਅੰਨੀ ਭਗਤੀ
‘ਰਬ’ ਬਣੇ ਬੰਦਿਆਂ ਨੂੰ ਰਾਸ ਆਉਂਦੀ ਹੈ ਕਿਉਂਕਿ ਉਨਾਂ ਨੇ ਆਪਣੇ ਐਸ਼ੋ ਆਰਾਮ ਇਸੇ
ਜ਼ਿੰਦਗੀ ਵਿਚ ਪੂਰੇ ਕਰਨੇ ਹੁੰਦੇ ਹਨ।
ਦੁਨੀਆ ਭਰ ਦੇ ਮਨੋਵਿਗਿਆਨੀਆਂ ਅਨੁਸਾਰ ਮੌਤ ਦਾ ਭੈਅ, ਗੁਣਾਹਾਂ ਦਾ ਇਹਸਾਸ ਤੇ
ਅਨਹੋਣੀ ਦਾ ਫਿਕਰ ਹੀ ਲੱਖਾਂ ਸਾਲਾਂ ਤੋਂ ਇਨਸਾਨ ਨੂੰ ਕਿਸੇ ਓਪਰੀ ਤਾਕਤ ਦੀ ਹੋਂਦ
ਦਾ ਇਹਸਾਸ ਕਰਵਾਉਂਦੇ ਰਹੇ ਹਨ। ਅੱਜ ਦੇ ਦਿਨ ਵੀ ਦੁਨੀਆ ਭਰ ਦੇ 85 ਫੀਸਦੀ ਲੋਕ
ਗ਼ੈਬੀ ਤਾਕਤ ਜਾਂ ਰਬ ਦੀ ਹੋਂਦ ਮੰਨਦੇ ਹਨ।
ਜਿਵੇਂ ਜਿਵੇਂ ਭੈਅ ਵਧਦਾ ਹੈ, ਉਵੇਂ ਹੀ ਅਜਿਹੀ ਗ਼ੈਬੀ ਤਾਕਤ ਵੱਲ ਉਲਾਰ ਵਧਦਾ
ਹੈ। ਏਸੇ ਉਲਾਰ ਦੇ ਸਮੇਂ ਹੀ ਗ਼ੈਬੀ ਤਾਕਤ ਨਾਲ ਰਾਬਤਾ ਜੋੜਨ ਵਾਲੇ ਦੀ ਭਾਲ ਸ਼ੁਰੂ ਹੋ
ਜਾਂਦੀ ਹੈ। ਕਿਸੇ ਲਈ ਇਹ ਰਾਬਤਾ ਪੱਥਰ ਹੋ ਸਕਦਾ ਹੈ, ਕਿਸੇ ਲਈ ਦਰਖ਼ਤ ਤੇ ਕਿਸੇ ਲਈ
ਜੀਊਂਦਾ ਜਾਗਦਾ ਇਨਸਾਨ ਜੋ ਸਾਰੀ ਤਕਲੀਫ਼ ਸੁਣ ਕੇ ਸਿਫਰ ਏਨਾ ਹੌਸਲਾ ਦੇ ਦੇਵੇ ਕਿ
‘ਸਭ ਕੁੱਝ ਠੀਕ ਹੋ ਜਾਵੇਗਾ’।
ਇਨਸਾਨੀ ਮਨ ਸਿਰਫ਼ ‘ਸਭ ਕੁੱਝ ਠੀਕ ਹੋ ਜਾਵੇਗਾ’ ਸੁਣ ਕੇ ਹੀ ਆਪਣਾ ਰਿਵਾਰਡ
ਸਿਸਟਮ ਦਾ ਚੱਕਰਵਿਊ ਸ਼ੁਰੂ ਕਰ ਦਿੰਦਾ ਹੈ ਤੇ ਬੰਦਾ ਬਦੋਬਦੀ ਅਜਿਹਾ ਕਹਿਣ ਵਾਲੇ ਦਾ
ਮੁਰੀਦ ਬਣ ਜਾਂਦਾ ਹੈ। ਜੇ ਡਾਕਟਰ ਅਜਿਹਾ ਕਹਿ ਦੇਵੇ ਤਾਂ ਡਾਕਟਰ ਹੀ ਉਸ ਸਮੇਂ ਰਬ
ਦਾ ਰੂਪ ਜਾਪਣ ਲੱਗ ਪੈਂਦਾ ਹੈ। ਪਰ ਜੇ ਘਰੇਲੂ ਕਾਰਨਾਂ ਕਰ ਕੇ ਚਿੰਤਾ ਜਕੜੀ ਬੈਠੀ
ਹੋਵੇ ਤਾਂ ‘ਬਾਬੇ’ ਦਾ ਗੋਡਾ ਫੜ ਕੇ ਇਹੀ ਇਹਸਾਸ ਹੋਣ ਲੱਗ ਪੈਂਦਾ ਹੈ। ਸਪਸ਼ਟ ਹੈ ਕਿ
ਤਕਲੀਫ਼ ਨਹੀਂ ਘਟਦੀ, ਓਨੀ ਹੀ ਰਹਿੰਦੀ ਹੈ, ਪਰ ਦਿਮਾਗ਼ ਦੇ ਰਿਵਾਰਡ ਸਿਸਟਮ ਦੇ ਰਵਾਂ
ਹੋਣ ਨਾਲ ਉਸਨੂੰ ਜਰ ਜਾਣ ਦਾ ਇਹਸਾਸ ਪੈਦਾ ਹੋ ਜਾਂਦਾ ਹੈ। ਇਸ ਇਕ ਨੁਕਤੇ ਉੱਤੇ
ਸਾਰੇ ਸੰਤਾਂ ਤੇ ਬਾਬਿਆਂ ਦੀ ਹੋਂਦ ਟਿਕੀ ਹੈ।
ਜਿਉਂ ਜਿਉਂ ਭੈਅ ਹੋਰ ਵਧਾ ਦਿੱਤਾ ਜਾਵੇ, ਆਸਥਾ ਵੱਧ ਮਜ਼ਬੂਤ ਹੁੰਦੀ ਜਾਂਦੀ ਹੈ।
ਜੇ ਕੰਮ ਸਿਰੇ ਲੱਗ ਗਿਆ ਤਾਂ ਬਾਬੇ ਦੀ ਫੁੱਲ ਕਿਰਪਾ। ਜੇ ਨਾ ਲੱਗਿਆ ਤਾਂ ਸਾਡੀ
ਆਪਣੀ ਸ਼ਰਧਾ ਵਿਚ ਖੋਟ!
ਕਿਸੇ ਵੀ ਗ਼ਲਤ ਕੰਮ ਦਾ ਇਹਸਾਸ ਮਨ ਵਿਚ ਗੁਣਾਹ ਹੋ ਜਾਣ ਦਾ ਡਰ ਪੈਦਾ ਕਰਦਾ ਹੈ।
ਇਸ ਡਰ ਤੋਂ ਨਿਜਾਤ ਪਾਉਣ ਲਈ ਵੱਖੋ-ਵੱਖ ਧਰਮਾਂ ਵਿਚ ਵੱਖ-ਵੱਖ ਤਰੀਕਿਆਂ ਨਾਲ ਗ਼ੈਬੀ
ਤਾਕਤ ਤੋਂ ਖਿਮਾਂ ਮੰਗ ਕੇ ਗੁਣਾਹ ਦੇ ਇਹਸਾਸ ਤੋਂ ਮੁਕਤੀ ਪਾਈ ਜਾਂਦੀ ਹੈ, ਜੋ ਮਨ
ਦੇ ਨਾਰਮਲ ਕੰਮ ਕਾਰ ਲਈ ਜ਼ਰੂਰੀ ਹੁੰਦਾ ਹੈ। ਇਸਨੂੰ ‘ਅਡੈਪਟਿਵ ਮੈੱਥਡ ਔਫ ਸਰਵਾਈਵਲ’
ਕਿਹਾ ਜਾਂਦਾ ਹੈ।
ਇਹੀ ਕਿਸੇ ਵੀ ਪੜੇ ਲਿਖੇ ਤਰਕਸ਼ੀਲ ਇਨਸਾਨ ਨੂੰ ਵੀ ਕਦੇ ਕਦਾਈਂ ਅਕਲੋਂ ਅੰਨਾ ਕਰ
ਕੇ ਮਨ ਅੰਦਰਲਾ ਜੰਮਿਆ ਭਾਰ ਕੱਢਣ ਵੇਲੇ ‘ਰਬ’ ਅੱਗੇ ਬਦੋਬਦੀ ਮੱਥਾ ਝੁਕਾਉਣ ਜਾਂ
ਰਗੜਨ, ਮੁੰਦਰੀਆਂ ਪਾਉਣ, ਮਹੂਰਤ ਕਢਵਾਉਣ, ਟੇਵੇ ਬਣਾਉਣ, ਧਾਗੇ ਬੰਨਣ, ਦੀਵੇ ਬਾਲਣ,
ਸੁੱਖਾਂ ਸੁੱਖਣ ਆਦਿ ਉੱਤੇ ਮਜਬੂਰ ਕਰ ਦਿੰਦਾ ਹੈ। ਜਦੋਂ ਮੌਤ ਸਾਹਮਣੇ ਦਿਸੇ, ਉਸ
ਸਮੇਂ ਇਹ ਡਰ ਚਰਮ ਸੀਮਾ ਉੱਤੇ ਹੁੰਦਾ ਹੈ। ਉਹ ਸਮਾਂ ਟਲ ਜਾਣ ਉੱਤੇ ਫਿਰ ਉਹੀ
ਚੱਕਰਵਿਊ ਸ਼ੁਰੂ ਹੋ ਜਾਂਦਾ ਹੈ।
ਜਿਸ ਕਿਸੇ ਨੂੰ ਸੰਤੁਸ਼ਟੀ ਕਰਨੀ ਆ ਗਈ, ਉਸ ਨੂੰ ਕਿਸੇ ਬਾਬੇ ਜਾਂ ਸੰਤ ਦੀ ਲੋੜ
ਨਹੀਂ ਰਹਿੰਦੀ। ਪਰ ਅਫ਼ਸੋਸ, ਸੰਤੁਸ਼ਟੀ ਹੁੰਦੀ ਬੜੇ ਥੋੜਿਆਂ ਨੂੰ ਹੈ!
ਗੁਰੂ ਸਾਹਿਬ ਨੇ ਬਹੁਤ ਖ਼ੂਬਸੂਰਤ ਤਰੀਕੇ ਸਮਝਾਇਆ ਹੈ ਕਿ ਜਿਸ ਨੂੰ ਹਰ ਹਾਲ ਵਿਚ
ਖ਼ੁਸ਼ ਰਹਿਣਾ ਆ ਜਾਏ ਅਤੇ ਜੋ ਈਰਖਾ, ਕ੍ਰੋਧ, ਲੋਭ, ਮੋਹ ਤੇ ਹੰਕਾਰ ਛੰਡ ਸਕੇ ਤੇ ਜਿਸ
ਨੂੰ ਸ਼ੁਕਰਾਨਾ ਕਰਨ ਦੀ ਜਾਚ ਆ ਜਾਏ, ਉਸ ਨੂੰ ਕਿਸੇ ‘ਏਜੰਟ’ ਜਾਂ ਦੇਹਧਾਰੀ ਗੁਰੂ ਦੀ
ਕਦੇ ਲੋੜ ਨਹੀਂ ਰਹਿੰਦੀ।
ਸੋ, ਬਾਬਿਆਂ ਤੇ ਸੰਤਾਂ ਦੇ ਚੱਕਰਾਂ ਵਿੱਚ ਪਇਆਂ ਦਾ ‘ਰਬ’ ਹੀ ਰਾਖਾ!!
ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783 |