ਟਾਟਾ ਮੈਮੋਰੀਅਲ ਹਸਪਤਾਲ ਮੁੰਬਈ ਵਿਖੇ ਕੈਂਸਰ ਪੀੜਤ ਬੱਚਿਆਂ ਬਾਰੇ ਲਗਾਤਾਰ ਖੋਜ
ਚਲਦੀ ਰਹਿੰਦੀ ਹੈ। ਉਨਾਂ ਨੇ ਪੰਜ ਅਜਿਹੇ ਕੈਂਸਰ ਪੀੜਤ ਬੱਚਿਆਂ ਬਾਰੇ ਪੂਰੇ ਭਾਰਤ
ਦੇ ਡਾਕਟਰਾਂ ਤੇ ਮਾਪਿਆਂ ਨੂੰ ਦੱਸਣਾ ਚਾਹਿਆ ਹੈ ਤਾਂ ਜੋ ਕੈਂਸਰ ਪੀੜਤ ਬੱਚਿਆਂ,
ਖ਼ਾਸ ਕਰ ਉਹ ਬੱਚੇ ਜਿਨਾਂ ਕੋਲ ਥੋੜੇ ਜਿਹੇ ਸਾਹ ਬਚੇ ਹਨ, ਉਨਾਂ ਦੀ ਮਾਨਸਿਕ ਦਸ਼ਾ
ਸਮਝ ਕੇ ਉਸੇ ਮੁਤਾਬਕ ਉਨਾਂ ਦੀ ਮਦਦ ਕੀਤੀ ਜਾ ਸਕੇ।
ਪਹਿਲਾ ਕੇਸ ਦੋ ਸਾਲਾਂ ਦੀ ਬੱਚੀ ਦਾ ਹੈ। ਉਸ ਨੂੰ ਗੁਰਦੇ ਦਾ ਕੈਂਸਰ ਸੀ। ਉਸਦਾ
ਇਲਾਜ ਚੱਲਿਆ ਤੇ ਕੁੱਝ ਚਿਰ ਲਈ ਉਹ ਸਿਹਤਮੰਦ ਹੋ ਕੇ ਹੱਸਣ ਖੇਡਣ ਵੀ ਲੱਗ ਪਈ। ਫੇਰ
ਦੱਬੇ ਪਏ ਕੈਂਸਰ ਦੀਆਂ ਜੜਾਂ ਫੈਲ ਗਈਆਂ ਤੇ ਇਸ ਦੂਸਰੇ ਹਮਲੇ ਤੋਂ ਬਚਣ ਦੀ ਉਮੀਦ
ਨਹੀਂ ਸੀ। ਉਸ ਬੱਚੀ ਦਾ ਦਾਦਾ ਤੇ ਮਾਂ ਡਾਕਟਰ ਕੋਲ ਉਸ ਬਾਰੇ ਗੱਲ ਕਰਨ ਆਏ। ਮਰਦ
ਪ੍ਰਧਾਨ ਸਮਾਜ ਜੁ ਹੋਇਆ, ਨਾ ਉਸ ਨਿੱਕੀ ਬੱਚੀ ਨੂੰ ਤੇ ਨਾ ਹੀ ਉਸਦੀ ਮਾਂ ਕੁਸਕਣ
ਦਿੱਤਾ ਗਿਆ।
ਡਾਕਟਰ ਦੇ ਕਈ ਵਾਰ ਪੁੱਛਣ ਦੇ ਬਾਵਜੂਦ ਸਿਰਫ ਦਾਦਾ ਹੀ ਜਵਾਬ ਦਿੰਦਾ ਰਿਹਾ। ਮਾਂ
ਦੀਆਂ ਅੱਖਾਂ ਦੇ ਹੰਝੂ ਉਸਦਾ ਦਰਦ ਬਿਆਨ ਕਰ ਰਹੇ ਸਨ ਤੇ ਬੱਚੀ ਦਾ ਅਸਹਿ ਦਰਦ ਹੂੰਗਰ
ਵਾਂਗ ਉਸਦੇ ਮੂੰਹੋਂ ਨਿਕਲ ਰਿਹਾ ਸੀ। ਜਦੋਂ ਹੀ ਡਾਕਟਰ ਤੋਂ ਉਸਦੇ ਕੁੱਝ ਦਿਨਾਂ ਦੀ
ਜ਼ਿੰਦਗੀ ਬਾਰੇ ਪਤਾ ਲੱਗਿਆ ਤਾਂ ਦਾਦਾ ਹੱਥ ਜੋੜ ਕੇ ਕਹਿਣ ਲੱਗਿਆ, ‘‘ ਚਲੋ ਜੋ ਰਬ
ਨੂੰ ਮੰਜ਼ੂਰ! ਬਸ ਏਨਾ ਕਰ ਦਿਓ ਕਿ ਇਸਨੂੰ ਦਰਦ ਨਾ ਹੋਵੇ। ਭਾਵੇਂ ਨਸ਼ੇ ਵਿਚ ਹੀ ਆਖ਼ਰੀ
ਸਾਹ ਲਵੇ ਪਰ ਇਹ ਹੂੰਗਰ ਬੰਦ ਕਰ ਦਿਓ। ’’ ਇਸ ਵਿਚ ਬੱਚੀ ਦੀ ਮਰਜ਼ੀ ਦਾ ਤਾਂ ਸਵਾਲ
ਹੀ ਨਹੀਂ ਸੀ ਉਠਦਾ, ਪਰ ਮਾਂ ਕੋਲੋਂ ਵੀ ਕੁੱਝ ਪੁੱਛਣਾ ਮੁਨਾਸਿਬ ਨਹੀਂ ਸਮਝਿਆ ਗਿਆ।
ਦੂਜਾ ਕੇਸ ਛੇ ਸਾਲਾਂ ਦੀ ਬੱਚੀ ਦਾ ਹੈ। ਉਸਦੀ ਕੀਮੋ ਤੇ ਰੇਡੀਓਥੈਰਪੀ ਹੋ ਚੁੱਕੀ
ਸੀ ਤੇ ਉਸਦੇ ਸਾਰੇ ਵਾਲ ਝੜ ਚੁੱਕੇ ਸਨ। ਉਹ ਜਦੋਂ ਡਾਕਟਰ ਕੋਲ ਲਿਆਈ ਗਈ ਤਾਂ ਲਗਾਤਰ
ਰਬ ਨੂੰ ਕੋਸਦੀ ਰਹੀ ਕਿ ਰਬ ਬਹੁਤਾ ਗੰਦਾ ਹੈ ਕਿਉਂਕਿ ਉਸਨੇ ਮੈਨੂੰ ਏਨੀ ਪੀੜ ਦਿੱਤੀ
ਹੈ ਤੇ ਮੈਨੂੰ ਏਨਾ ਗੰਦਾ ਬਣਾ ਛੱਡਿਆ ਹੈ। ਡਾਕਟਰ ਨੂੰ ਵੀ ਬੱਚੀ ਲਗਾਤਾਰ ਪੁੱਛਦੀ
ਰਹੀ ਕਿ ਰਬ ਨੇ ਮੈਨੂੰ ਹੀ ਕਿਉਂ ਇਹ ਸਜ਼ਾ ਦਿੱਤੀ। ਜਦੋਂ ਉਹ ਬੱਚੀ ਹਿੱਲਣ ਜੁੱਲਣ
ਜੋਗੀ ਵੀ ਨਾ ਰਹੀ ਤੇ ਸਿਰਫ ਮੰਜੇ ਉੱਤੇ ਪਈ ਤੜਫ਼ ਰਹੀ ਸੀ, ਓਦੋਂ ਵੀ ਉਹ ਬੱਚੀ ਆਪਣੇ
ਭੈਣ ਭਰਾਵਾਂ ਨੂੰ ਹੱਸਦੇ, ਖੇਡਦੇ, ਭੱਜਦੇ ਵੇਖ ਉਨਾਂ ਨਾਲ ਮੰਜੇ ਉੱਤੇ ਪਈ ਲੜਦੀ
ਰਹਿੰਦੀ।
ਉਸ ਬੱਚੀ ਦੇ ਭੈਣ ਭਰਾ ਵੀ ਕਦੇ ਤਾਂ ਮਾਂ ਨਾਲ ਲਗਾਤਾਰ ਉਸ ਵਲ ਧਿਆਨ ਦੇਣ ਸਦਕਾ
ਲੜਦੇ ਝਗੜਦੇ ਤੇ ਕਦੇ ਤਰਸ ਖਾ ਕੇ ਪਰਾਂ ਹੋ ਕੇ ਬਹਿ ਜਾਂਦੇ। ਉਸ ਬੱਚੀ ਨੂੰ ਦਰਦ
ਤੋਂ ਡਰ ਲੱਗਦਾ ਰਹਿੰਦਾ ਕਿ ਹੁਣੇ ਤਿੱਖੀ ਪੀੜ ਉੱਠੇਗੀ ਤੇ ਉਹ ਸਹਿਨ ਨਹੀਂ ਕਰ
ਸਕੇਗੀ। ਇਸ ਬੱਚੀ ਨੇ ਮਾਪਿਆਂ ਕੋਲੋਂ ਜਿੰਨੇ ਵੀ ਮੌਤ ਬਾਰੇ ਸਵਾਲ ਪੁੱਛੇ, ਉਸਦਾ
ਜਵਾਬ ਮਾਪੇ ਸਿਰਫ਼ ਹੰਝੂ ਵਹਾ ਕੇ, ਮੂੰਹ ਦੱਬ ਕੇ ਦਿੰਦੇ ਰਹੇ। ਅਖ਼ੀਰ ਉਸ ਬੱਚੀ ਨੇ
ਇਕ ਤਸਵੀਰ ਬਣਾਈ ਜਿਸ ਵਿਚ ਉਸਨੇ ਜੰਗਲੇ ਅੰਦਰ ਕੈਦ ਇਕ ਬੱਚੀ ਦਿਖਾਈ ਜਿਸਦੀਆਂ
ਬਾਹਵਾਂ ਤੇ ਲੱਤਾਂ ਵਿਚ ਬੇੜੀਆਂ ਪਾ ਕੇ ਬੰਨਿਆ ਪਿਆ ਸੀ ਤੇ ਉਸ ਦੀਆਂ ਅੱਖਾਂ
ਵਿੱਚੋਂ ਹੰਝੂ ਡਿੱਗ ਰਹੇ ਸਨ ਅਤੇ ਸਿਰ ਉੱਤੇ ਵਾਲ ਬਿਲਕੁਲ ਨਹੀਂ ਸਨ। ਉਸ ਜੰਗਲੇ ਦੇ
ਬਾਹਰ ਬੱਚੇ ਖੇਡਦੇ ਵਿਖਾਏ ਜਿਹੜੇ ਆਈਸਕ੍ਰੀਮ ਖਾ ਰਹੇ ਸਨ।
ਇਸ ਤਸਵੀਰ ਨੂੰ ਬਣਾਉਣ ਤੋਂ ਪੰਜ ਦਿਨਾਂ ਬਾਅਦ ਬੱਚੀ ਚਲ ਵੱਸੀ। ਆਪਣੇ ਆਪ ਨੂੰ
ਗੁਣਾਹਗਾਰ ਮੰਨਦੀ ਹੋਈ ਮਾਂ ਵੀ ਕਾਫੀ ਢਹਿੰਦੀ ਕਲਾ ਵਿਚ ਚਲੀ ਗਈ ਤੇ ਉਸਦਾ ਵੀ ਇਲਾਜ
ਕਰਵਾਉਣਾ ਪਿਆ। ਪਰ ਇਸ ਤਸਵੀਰ ਨੂੰ ਬਣਾ ਕੇ ਬੱਚੀ ਦਾ ਮਨ ਕੁੱਝ ਸ਼ਾਂਤ ਹੋ ਗਿਆ
ਕਿਉਂਕਿ ਉਸਨੇ ਆਪਣੀ ਵੇਦਨਾ ਦਰਸਾ ਦਿੱਤੀ।
ਤੀਜਾ
ਕੇਸ ਦਸ ਸਾਲ ਦੇ ਮੁੰਡੇ ਦਾ ਹੈ ਜਿਸਦਾ ਪੂਰਾ ਇਲਾਜ ਕਰਨ ਦੇ ਬਾਅਦ ਫਿਰ ਕੈਂਸਰ ਨੇ
ਉਸਦੇ ਸਰੀਰ ਅੰਦਰ ਆਪਣੀਆਂ ਜੜਾਂ ਫੈਲਾ ਦਿੱਤੀਆਂ। ਉਹ ਆਪਣੇ ਇਲਾਜ ਨਾਲ ਉੱਪਰੋਂ
ਬਹੁਤ ਖ਼ੁਸ਼ ਦਿਸਦਾ ਸੀ। ਉਸਦੇ ਹਾਵ ਭਾਵ ਉਸਦੇ ਮਨ ਅੰਦਰ ਚਲ ਰਹੀ ਖਿੱਚੋਤਾਣ ਨੂੰ
ਦਰਸਾਉਂਦੇ ਸਨ। ਉਹ ਹਮੇਸ਼ਾ ਆਪਣੀ ਮਾਂ ਨਾਲ ਡਾਕਟਰ ਕੋਲ ਵਿਖਾਉਣ ਆਉਂਦਾ ਸੀ ਤੇ ਉਸਦੀ
ਮਾਂ ਨੂੰ ਪਤਾ ਸੀ ਕਿ ਬੱਚੇ ਕੋਲ ਬਹੁਤ ਥੋੜਾ ਸਮਾਂ ਬਚਿਆ ਹੈ ਤੇ ਉਸਦੇ ਗਿਣੇ ਚੁਣੇ
ਹੀ ਸਾਹ ਹਨ। ਇਹ ਸਭ ਬੱਚੇ ਤੋਂ ਉੱਕਾ ਹੀ ਲੁਕਾ ਲਿਆ ਹੋਇਆ ਸੀ। ਇਕ ਦਿਨ ਵਾਰੀ ਵਿਚ
ਖੜਾ ਬੱਚਾ ਛੱਡ ਕੇ ਮਾਂ ਲਹੂ ਦੀ ਰਿਪੋਰਟ ਲੈਣ ਚਲੀ ਗਈ ਤਾਂ ਬੱਚਾ ਕਿਸੇ ਤਰਾਂ
ਇੱਕਲਾ ਹੀ ਡਾਕਟਰ ਦੇ ਕਮਰੇ ਵਿਚ ਆਪਣੀ ਪੁਰਾਣੀ ਪੈੱਟ ਸਕੈਨ ਰਿਪੋਰਟ ਲੈ ਕੇ ਵੜ
ਗਿਆ।
ਉਸਨੇ ਉਹ ਰਿਪੋਰਟ ਬੱਚਿਆਂ ਦੇ ਡਾਕਟਰ ਨੂੰ ਵਿਖਾਈ ਤੇ ਪੁੱਛਿਆ ਕਿ ਇਸ ਰਿਪੋਰਟ
ਵਿਚ ਕੀ ਲਿਖਿਆ ਹੈ? ਡਾਕਟਰ ਨੇ ਪਹਿਲਾਂ ਉਸਦੀ ਮਾਂ ਬਾਰੇ ਪੁੱਛਿਆ ਕਿ ਉਹ ਕਿੱਥੇ ਹੈ
ਤੇ ਫੇਰ ਬੱਚੇ ਨੂੰ ਪੁੱਛਿਆ ਕਿ ਉਸਨੂੰ ਕੀ ਲੱਗਦਾ ਹੈ? ਬੱਚੇ ਨੇ ਦੱਸਿਆ ਕਿ ਮੈਨੂੰ
ਲੱਗਦਾ ਹੈ ਇਹ ਗੋਲੇ ਪਹਿਲਾਂ ਨਾਲੋਂ ਵਧ ਗਏ ਹਨ। ਡਾਕਟਰ ਨੇ ਫੇਰ ਪੁੱਛਿਆ ਕਿ ਇਸਦਾ
ਉਹ ਕੀ ਮਤਲਬ ਸਮਝਦਾ ਹੈ? ਬੱਚੇ ਨੇ ਕਿਹਾ ਕਿ ਬੀਮਾਰੀ ਪਹਿਲਾਂ ਨਾਲੋਂ ਵਧ ਗਈ ਹੋਈ
ਹੈ। ਡਾਕਟਰ ਨੇ ‘ ਹਾਂ ’ ਵਿਚ ਸਿਰ ਹਿਲਾਇਆ ਤੇ ਬੱਚਾ ਬਿਨਾਂ ਕੁੱਝ ਬੋਲੇ ਝੱਟ
ਰਿਪੋਰਟ ਲੈ ਕੇ ਕਮਰੇ ’ਚੋਂ ਬਾਹਰ ਨਿਕਲ ਆਇਆ।
ਫਿਰ ਅਸਲੀ ਵਾਰੀ ’ਤੇ ਮਾਂ ਨਾਲ ਉਹ ਬੱਚਾ ਦੁਬਾਰਾ ਡਾਕਟਰ ਦੇ ਕਮਰੇ ਵਿਚ ਆਇਆ ਤੇ
ਬਿਲਕੁਲ ਕੋਈ ਵੀ ਸਵਾਲ ਕੀਤੇ ਬਗ਼ੈਰ ਸਿਰਫ ਉਸਨੇ ਏਨਾ ਕਿਹਾ, ‘‘ ਮੈਂ ਹੁਣ ਅੱਜ ਤੋਂ
ਪਿੰਡ ਵਿਚ ਆਪਣੇ ਦਾਦਕੇ ਘਰ ਜਾ ਕੇ ਰਹਿਣਾ ਹੈ ਜਿੱਥੇ ਨਾ ਸਕੂਲ ਹੋਵੇ ਤੇ ਨਾ ਉਹ
ਦੋਸਤ ਜੋ ਹਰ ਘੜੀ ਮੇਰੀ ਬੀਮਾਰੀ ਬਾਰੇ ਪੁੱਛਦੇ ਰਹਿੰਦੇ ਹਨ। ਬਸ ਏਨਾ ਕੁ ਮੇਰੀ ਮਾਂ
ਨੂੰ ਸਮਝਾ ਦਿਓ। ’’ ਪਿੰਡ ਵਿਚ ਜਾ ਕੇ ਉਹ ਬੱਚਾ ਮਸਾਂ ਚਾਰ ਕੁ ਹਫ਼ਤੇ ਹੀ ਜੀਅ
ਸਕਿਆ।
ਸਪਸ਼ਟ ਹੋ ਗਿਆ ਕਿ ਇਸ ਉਮਰ ਦੇ ਬੱਚੇ ਆਪਣੀ ਬੀਮਾਰੀ ਬਾਰੇ ਹੋਰਨਾਂ ਤੋਂ ਲੁਕਾ
ਮੰਗਦੇ ਹਨ।
ਕੇਸ ਨੰਬਰ ਚਾਰ ਵਿਚਲੀ ਕੁੜੀ 17 ਸਾਲਾਂ ਦੀ ਸੀ। ਉਸਨੂੰ ਲੱਤ ਦੀ ਹੱਡੀ ਦਾ
ਕੈਂਸਰ ਸੀ ਜੋ ਫੈਲ ਚੁੱਕਿਆ ਹੋਇਆ ਸੀ। ਉਸਦੀ ਮਾਂ ਕਾਫੀ ਚਿਰ ਪਹਿਲਾਂ ਹੀ ਮਰ ਚੁੱਕੀ
ਹੋਈ ਸੀ ਤੇ ਉਸਦਾ ਪਿਓ ਉਸਨੂੰ ਟਾਟਾ ਮੈਮੋਰੀਅਲ ਹਸਪਤਾਲ ਮੁੰਬਈ ਵਿਖੇ ਇਲਾਜ ਕਰਨ ਲਈ
ਲਿਆ ਰਿਹਾ ਸੀ। ਉਸਦੇ ਦੋ ਛੋਟੇ ਭੈਣ ਭਰਾ ਇੱਕਲੇ ਹੀ ਗਵਾਂਢੀਆਂ ਦੇ ਸਿਰ ’ਤੇ ਪਿੱਛੇ
ਪਿੰਡ ਵਿਚ ਛੱਡੇ ਹੋਏ ਸਨ। ਇਸ ਕੁੜੀ ਨੂੰ ਉੱਕਾ ਹੀ ਪਤਾ ਨਹੀਂ ਸੀ ਕਿ ਉਸਦੀ ਬੀਮਾਰੀ
ਸਿਰਫ ਲਾਇਲਾਜ ਹੀ ਨਹੀਂ ਬਲਕਿ ਉਸ ਕੋਲ ਜ਼ਿੰਦਗੀ ਦਾ ਸ਼ਾਇਦ ਪੂਰਾ ਇਕ ਮਹੀਨਾ ਵੀ ਨਹੀਂ
ਬਚਿਆ ਹੋਇਆ।
ਉਸ ਕੁੜੀ ਨੇ ਬੜੇ ਸੋਹਣੇ ਤਰੀਕੇ ਪੀੜ ਨੂੰ ਜਰ ਲਿਆ ਹੋਇਆ ਸੀ ਤੇ ਉਹ ਬੜੀ ਖ਼ੁਸ਼ੀ
ਖ਼ੁਸ਼ੀ ਡਾਕਟਰ ਨੂੰ ਮਿਲੀ। ਉਸ ਨੂੰ ਆਪਣੀ ਬੀਮਾਰੀ ਕਾਰਣ ਰਬ ਨਾਲ ਵੀ ਕੋਈ ਗਿਲਾ ਨਹੀਂ
ਸੀ। ਉਹ ਡਾਕਟਰ ਨੂੰ ਕਹਿਣ ਲੱਗੀ, ‘‘ ਮੈਂ ਠੀਕ ਹੋ ਕੇ ਟੀਚਰ ਬਣਾਂਗੀ ਤੇ ਆਪਣੇ
ਪਿੰਡ ਦੇ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਪੜਾਵਾਂਗੀ ਅਤੇ ਆਪਣੇ ਛੋਟੇ ਭੈਣ ਭਰਾਵਾਂ
ਲਈ ਵਧੀਆ ਮਾਂ ਵੀ ਬਣ ਕੇ ਵਿਖਾਵਾਂਗੀ। ’’
ਕੈਂਸਰ ਉਸ ਬੱਚੀ ਦੇ ਫੇਫੜਿਆਂ ਵਿਚ ਵੀ ਫੈਲ ਚੁੱਕਿਆ ਸੀ। ਉਸ ਬੱਚੀ ਦਾ ਪਿਓ
ਪੂਰੇ ਜ਼ੋਰ ਸ਼ੋਰ ਨਾਲ ਡਾਕਟਰਾਂ ਨੂੰ ਕਹਿ ਰਿਹਾ ਸੀ ਕਿ ਉਸ ਬੱਚੀ ਨੂੰ ਉਸਦੀ ਸਾਹਮਣੇ
ਦਿਸ ਰਹੀ ਮੌਤ ਬਾਰੇ ਦੱਸਣ ਕਿਉਂਕਿ ਉਸ ਵਿਚ ਆਪ ਇਹ ਦੱਸਣ ਦੀ ਹਿੰਮਤ ਨਹੀਂ ਸੀ।
ਹਾਲੇ ਡਾਕਟਰ ਨੇ ਕੁੱਝ ਵੀ ਨਹੀਂ ਦੱਸਿਆ ਸੀ ਪਰ ਫਿਰ ਵੀ ਆਪਣੇ ਪਿਓ ਦੇ ਲਗਾਤਾਰ
ਵਗਦੇ ਹੰਝੂ ਤੇ ਹਉਕੇ ਭਰ ਭਰ ਕੇ ਰੋਂਦੇ ਹੋਏ ਨੂੰ ਵੇਖ ਕੇ ਬੱਚੀ ਨੇ ਆਪ ਹੀ ਅੰਦਾਜ਼ਾ
ਲਾ ਲਿਆ ਕਿ ਬਹੁਤ ਮਾੜਾ ਵਾਪਰਨ ਵਾਲਾ ਹੈ। ਉਹ ਵਾਪਸ ਅੰਦਰ ਡਾਕਟਰ ਦੇ ਕਮਰੇ ਵਿਚ ਗਈ
ਤੇ ਪੂਰੀ ਹਿੰਮਤ ਰਖਦਿਆਂ ਹੋਇਆ ਬੋਲੀ, ‘‘ ਮੈਨੂੰ ਆਪਣਾ ਫ਼ਿਕਰ ਨਹੀਂ ਹੈ। ਮੇਰੀ
ਜ਼ਿੰਦਗੀ ਭਾਵੇਂ ਥੋੜੀ ਹੈ ਪਰ ਅਸਲ ਨੁਕਸਾਨ ਮੇਰੇ ਪਿੱਛੇ ਬੈਠੇ ਨਿੱਕੇ ਭੈਣ ਭਰਾਵਾਂ
ਦਾ ਹੋਇਆ ਹੈ ਜੋ ਦੂਜੀ ਵਾਰ ਮਾਂ ਦੇ ਪਿਆਰ ਤੋਂ ਵਾਂਝੇ ਹੋ ਜਾਣਗੇ। ’’ ਏਨਾ ਕਹਿ ਕੇ
ਉਹ ਬਹੁਤ ਫੁੱਟ ਫੁੱਟ ਕੇ ਰੋਈ। ਫਿਰ ਡਾਕਟਰ ਵੱਲੋਂ ਪੁੱਛੇ ਜਾਣ ਉੱਤੇ ਉਸਨੇ ਦੱਸਿਆ
ਕਿ ਛੋਟੇ ਭੈਣ ਭਰਾ ਦੇ ਜੰਮਦੇ ਹੀ ਉਸਦੀ ਮਾਂ ਮਰ ਗਈ ਸੀ। ਉਸਦੇ ਪਿਓ ਨੇ ਦੂਜਾ ਵਿਆਹ
ਨਹੀਂ ਕਰਵਾਇਆ ਕਿਉਂਕਿ ਉਸਨੂੰ ਡਰ ਸੀ ਕਿ ਕਿਤੇ ਮਤਰੇਈ ਮਾਂ ਉਨਾਂ ਬੱਚਿਆਂ ਨਾਲ
ਮਾੜਾ ਵਿਹਾਰ ਨਾ ਕਰੇ।
ਇਸੇ ਲਈ ਗਿਆਰਾਂ ਸਾਲਾਂ ਦੀ ਉਮਰ ਵਿਚ ਹੀ ਉਹ ਆਪਣੇ ਨਿੱਕੇ ਭੈਣ ਭਰਾਵਾਂ ਦੀ
‘ਮਾਂ’ ਬਣ ਗਈ ਤੇ ਆਪਣੇ ਪਿਓ ਦੀ ਵੀ! ਜਦੋਂ ਸਾਰਾ ਟੱਬਰ ਸਭ ਕੁੱਝ ਸਹਿ ਗਿਆ ਤਾਂ ਇਸ
ਬੱਚੀ ਨੂੰ ਕੈਂਸਰ ਹੋ ਗਿਆ।
ਪੰਜਵਾਂ ਕੇਸ 19 ਸਾਲਾਂ ਦੇ ਮੁੰਡੇ ਦਾ ਹੈ ਜਿਸਨੂੰ ਲਹੂ ਦਾ ਕੈਂਸਰ ਹੋ ਗਿਆ ਸੀ
ਤੇ ਪੂਰਾ ਇਲਾਜ ਹੋਣ ਬਾਅਦ ਕੈਂਸਰ ਨੇ ਦੁਬਾਰਾ ਹਮਲਾ ਬੋਲਿਆ ਤੇ ਪੂਰੇ ਸਰੀਰ ਉੱਤੇ
ਕਾਬਜ਼ ਹੋ ਗਿਆ। ਇਸ ਬੱਚੇ ਨਾਲ ਉਸਦੀ ਅਣਵਿਆਹੀ ਨਿੱਕੀ ਭੈਣ, ਵਿਧਵਾ ਮਾਂ ਤੇ ਦਾਦੀ
ਸੀ। ਪਹਿਲੀ ਵਾਰ ਜਦੋਂ ਉਹ ਡਾਕਟਰ ਕੋਲ ਆਇਆ ਤਾਂ ਉਸਨੂੰ ਆਪਣੀ ਥੋੜੀ ਉਮਰ ਦਾ
ਅੰਦਾਜ਼ਾ ਵੀ ਨਹੀਂ ਸੀ। ਉਹ ਆਪਣੀ ਭੈਣ, ਵਿਧਵਾ ਮਾਂ ਤੇ ਦਾਦੀ ਦਾ ਇਕਲੌਤਾ ਸਹਾਰਾ
ਹੋਣ ਸਦਕਾ ਥੰਮ ਵਾਂਗ ਉਨਾਂ ਨਾਲ ਸਾਰੀ ਉਮਰ ਖੜੇ ਹੋਣ ਦਾ ਦਾਅਵਾ ਕਰਦਾ ਰਿਹਾ। ਜਦੋਂ
ਟੈਸਟ ਕਰਵਾਉਣ ਉਹ ਮੁੰਡਾ ਗਿਆ ਤਾਂ ਪਿੱਛੋਂ ਉਸਦੀ ਮਾਂ ਨੇ ਡਾਕਟਰ ਨੂੰ ਕਿਹਾ, ‘‘
ਮੇਰਾ ਮੁੰਡਾ ਬਹੁਤ ਜ਼ਿਆਦਾ ਸਮਝਦਾਰ ਹੈ ਤੇ ਉਸਨੂੰ ਸਭ ਕੁੱਝ ਪਤਾ ਹੈ। ਉਹ ਆਪਣਾ
ਇਲਾਜ ਵੀ ਇੱਕਲਾ ਹੀ ਹਸਪਤਾਲ ਵਿਚ ਦਾਖਲ ਹੋ ਕੇ ਕਰਵਾਉਂਦਾ ਰਿਹਾ ਹੈ। ਨਾਲੋ ਨਾਲ ਉਹ
ਕਾਲਜ ਵਿਚ ਆਪਣੀ ਪੜਾਈ ਵੀ ਜਾਰੀ ਰਖ ਰਿਹਾ ਹੈ। ’’ ਉਸਦੀ ਮਾਂ ਦਿਹਾੜੀ ਕਰ ਕੇ
ਸਾਰਿਆਂ ਨੂੰ ਪਾਲ ਰਹੀ ਸੀ।
ਇਸੇ ਸੋਚ ਤਹਿਤ, ਕਿ ਮੁੰਡੇ ਨੂੰ ਸਭ ਪਤਾ ਹੈ, ਡਾਕਟਰ ਨੇ ਉਸ ਨਾਲ ਮੌਤ ਬਾਰੇ
ਗੱਲ ਛੇੜੀ ਤਾਂ ਮੁੰਡੇ ਨੂੰ ਏਨਾ ਸਖ਼ਤ ਧੱਕਾ ਲੱਗਿਆ ਕਿ ਉਹ ਵੀਹ ਪੰਝੀ ਮਿੰਟ ਸੁੰਨ
ਹੋ ਕੇ ਰਹਿ ਗਿਆ। ਫੇਰ ਰਤਾ ਕੁ ਹੋਸ਼ ਆਉਣ ਉੱਤੇ ਉਹ ਫੁੱਟ ਫੁੱਟ ਕੇ ਰੋਇਆ।
ਉਸ ਲਈ ਇਹ ਅਸਹਿ ਧੱਕਾ ਸਾਬਤ ਹੋਇਆ ਤੇ ਉਸਦੇ ਹਾਵ ਭਾਵ ਤੋਂ ਇੰਜ ਲੱਗਿਆ ਕਿ
ਕਿਤੇ ਉਹ ਆਤਮਹੱਤਿਆ ਹੀ ਨਾ ਕਰ ਲਵੇ। ਇਸੇ ਲਈ ਡਾਕਟਰ ਨੇ ਉਸਨੂੰ ਅਜਿਹਾ ਨਾ ਕਰਨ ਲਈ
ਸਮਝਾਇਆ ਤਾਂ ਉਹ ਸੰਭਲ ਕੇ ਬੋਲਿਆ, ‘‘ ਮੇਰੀ ਮਾਂ ਮੇਰੇ ਤੋਂ ਵੱਧ ਮਾਨਸਿਕ ਤਸ਼ੱਦਦ
ਸਹਾਰ ਰਹੀ ਹੈ। ਇਸੇ ਲਈ ਹੁਣ ਮੈਂ ਮਾਂ ਨੂੰ ਹੋਰ ਦੁਖ ਨਹੀਂ ਦੇਵਾਂਗਾ। ’’ ਡਾਕਟਰ
ਨੂੰ ਪੂਰੀ ਤਸੱਲੀ ਦੇਣ ਦੇ ਬਾਅਦ ਉਹ ਫਿਰ ਦੁਬਾਰਾ ਚੈਕਅੱਪ ਲਈ ਨਹੀਂ ਆਇਆ। ਸ਼ਹਿਰ
ਛੱਡ ਕੇ ਉਹ ਵਾਪਸ ਪਿੰਡ ਚਲਾ ਗਿਆ ਪਰ ਕੁੱਝ ਦਿਨਾਂ ਵਿਚ ਹੀ ਉਸਦੀ ਮੌਤ ਹੋ ਗਈ।
ਇਨਾਂ ਸਾਰੇ ਕੇਸਾਂ ਨੂੰ ਪੜਨ ਬਾਅਦ ਆਓ ਹੁਣ ਹਰ ਕੇਸ ਦੇ ਵੱਖ ਵੱਖ ਪਹਿਲੂ ਵੇਖੀਏ
ਕਿ ਅਜਿਹੇ ਕੇਸ ਕਿਵੇਂ ਨਜਿੱਠਣ ਦੀ ਲੋੜ ਹੈ। ਹਰ ਕੇਸ ਵੱਖੋ ਵੱਖਰੀ ਉਮਰ ਦੇ ਬੱਚੇ
ਦਾ ਹੈ ਤੇ ਉਨਾਂ ਦੀ ਵੱਖੋ ਵੱਖ ਮਾਨਸਿਕ ਦਸ਼ਾ ਦਰਸਾਉਂਦਾ ਹੈ।
ਬੱਚਿਆਂ ਅੰਦਰਲੀ ਅਥਾਹ ਤਾਕਤ ਉਨਾਂ ਨੂੰ ਪੂਰੀ ਤਰਾਂ ਢਹਿ ਢੇਰੀ ਹੋ ਜਾਣ ਉੱਤੇ
ਮਾਨਸਿਕ ਪੱਖੋਂ ਇੰਜ ਤਾਰ ਤਾਰ ਕਰ ਦਿੰਦੀ ਹੈ ਕਿ ਉਨਾਂ ਨੂੰ ਕੋਈ ਰਾਹ ਦਿਸਣਾ ਹੀ
ਬੰਦ ਹੋ ਜਾਂਦਾ ਹੈ। ਉਨਾਂ ਦੀ ਵੱਡਿਆਂ ਵਾਂਗ ਝੱਲ ਸਕਣ ਵਾਲੀ ਮਾਨਸਿਕ ਸਥਿਤੀ ਹਾਲੇ
ਬਣੀ ਨਹੀਂ ਹੁੰਦੀ। ਏਸੇ ਲਈ ਬਗ਼ਾਵਤ, ਮੇਰੇ ਨਾਲ ਹੀ ਇੰਜ ਕਿਉਂ, ਦੋਸਤਾਂ ਮਿਤਰਾਂ ਦੇ
ਠੀਕ ਠਾਕ ਫਿਰਦੇ ਹੋਣ ਉੱਤੇ ਅਫਸੋਸ ਕਰਨਾ, ਆਦਿ ਵਰਗੀਆਂ ਸੋਚਾਂ ਮਨ ਅੰਦਰ ਪੁੰਗਰ
ਜਾਂਦੀਆਂ ਹਨ।
ਇਥੇ ਹੀ ਬਸ ਨਹੀਂ, ਹਰ ਉਮਰ ਵਿਚ ਸੋਚ ਵੱਖਰੀ ਹੁੰਦੀ ਹੈ। ਦੋ ਵਰਿਆਂ ਦੀ ਉਮਰ ਦਾ
ਬੱਚਾ ਆਪਣੀ ਮਾਂ ਦੇ ਚਿਹਰੇ ਉੱਪਰਲੇ ਹਾਵ ਭਾਵ ਅਤੇ ਉਸਦੇ ਹੰਝੂਆਂ ਤੋਂ ਅੰਦਾਜ਼ਾ
ਲਾਉਂਦਾ ਹੈ ਕਿ ਕੁੱਝ ਬਹੁਤ ਮਾੜਾ ਹੋ ਗਿਆ ਹੈ, ਭਾਵੇਂ ਉਸ ਨੂੰ ਇਹ ਨਹੀਂ ਪਤਾ
ਹੁੰਦਾ ਕਿ ਉਸੇ ਨਾਲ ਕੁੱਝ ਮਾੜਾ ਵਾਪਰਨ ਵਾਲਾ ਹੈ। ਦੋ ਵਰਿਆਂ ਦਾ ਬੱਚਾ ਸਿਰਫ ਇਹ
ਸਮਝਦਾ ਹੈ ਕਿ ਜ਼ਿੰਦਗੀ ਤੇ ਮੌਤ, ਜਾਗਣ ਤੇ ਸੌਣ ਵਾਂਗ ਹਨ ਤੇ ਮਰਨ ਵਾਲਾ ਬੰਦਾ ਹੁਣੇ
ਐਕਟਿੰਗ ਕਰ ਕੇ ਉਠ ਖੜਾ ਹੋਵੇਗਾ ਤੇ ‘ਝਾਤ’ ਕਹਿ ਕੇ ਹਸਾ ਦੇਵੇਗਾ। ਇਸੇ ਲਈ ਇਕ ਤੋਂ
ਤਿੰਨ ਵਰਿਆਂ ਦੇ ਕੈਂਸਰ ਦੇ ਮਰੀਜ਼ ਬੱਚਿਆਂ ਦੇ ਮਾਪਿਆਂ, ਖ਼ਾਸ ਕਰ ਮਾਵਾਂ ਨਾਲ
ਡਾਕਟਰਾਂ ਨੂੰ ਜ਼ਰੂਰ ਸਮਾਂ ਲਾ ਕੇ ਸਮਝਾਉਣਾ ਚਾਹੀਦਾ ਹੈ ਅਤੇ ਉਨਾਂ ਦੀ ਮਾਨਸਿਕ ਉਥਲ
ਪੁਥਲ ਨੂੰ ਸ਼ਾਂਤ ਕਰਨਾ ਚਾਹੀਦਾ ਹੈ ਤਾਂ ਜੋ ਬੱਚਾ ਉਨਾਂ ਦੇ ਮੂੰਹ ਉੱਤੇ ਆਏ ਹਾਵ
ਭਾਵ ਵੇਖ ਕੇ ਹੋਰ ਪਰੇਸ਼ਾਨ ਨਾ ਹੋ ਜਾਵੇ। ਬੱਚਾ ਦਰਦ ਨਾਲ ਚੀਕਦਾ, ਤੜਫਦਾ ਮਾਂ ਦੀ
ਗੋਦ ਵਿਚ ਸ਼ਾਂਤ ਹੋਣ ਲਈ ਵੜਦਾ ਹੈ। ਉਸ ਸਮੇਂ ਜੇ ਮਾਂ ਵੀ ਹੰਝੂ ਵਹਾ ਕੇ ਰੋਂਦੀ ਰਹੇ
ਤਾਂ ਬੱਚਾ ਹੱਦੋਂ ਵੱਧ ਬੇਚੈਨ ਹੋ ਜਾਂਦਾ ਹੈ। ਜ਼ਾਹਰ ਹੈ ਸਮਝਾਉਣ ਤੇ ਸਹਿ ਜਾਣ ਵਿਚ
ਬਹੁਤ ਫ਼ਰਕ ਹੈ। ਜਿਸ ਦੇ ਵਿਆਹ ਤੋਂ ਪੰਦਰਾਂ ਸਾਲਾਂ ਬਾਅਦ ਹੋਇਆ ਇਕਲੌਤਾ ਬੱਚਾ
ਹਮੇਸ਼ਾ ਲਈ ਦੁਨੀਆ ਛੱਡ ਕੇ ਤੁਰ ਚੱਲਿਆ ਹੋਵੇ ਤੇ ਉਹ ਵੀ ਦਰਦ ਵਿਚ ਬੇਹਾਲ ਹੋ ਕੇ,
ਤਾਂ ਉਹ ਕਿਸ ਤਰਾਂ ਦੇ ਸਮਝਾਉਣ ਨਾਲ ਆਪਣਾ ਮਨ ਸ਼ਾਂਤ ਕਰ ਸਕਦੀ ਹੈ! ਪਰ, ਫਿਰ ਵੀ
ਬੱਚੇ ਖ਼ਾਤਰ ਹਿੰਮਤ ਤਾਂ ਵਿਖਾਉਣੀ ਹੀ ਪੈਣੀ ਹੈ।
ਚਾਰ ਤੋਂ ਪੰਜ ਸਾਲ ਦੇ ਬੱਚੇ ਨੂੰ ਵੀ ਮੌਤ ਬਾਰੇ ਪੂਰੀ ਸਮਝ ਨਹੀਂ ਹੁੰਦੀ ਤੇ ਉਸ
ਲਈ ਮਰਨ ਦਾ ਮਤਲਬ ਸਜ਼ਾ ਹੁੰਦਾ ਹੈ। ਏਨੇ ਛੋਟੇ ਬੱਚੇ ਦਾ ਮਨ ਇਹ ਕਿਆਸ ਲਾ ਲੈਂਦਾ ਹੈ
ਕਿ ਮੌਤ ਜਾਦੂ ਟੂਣਾ ਹੈ ਤੇ ਕੁੱਝ ਚਿਰ ਮਰ ਕੇ ਫੇਰ ਜੀਊਂਦੇ ਹੋ ਕੇ ਉਠ ਜਾਈਦਾ ਹੈ।
ਛੇ ਤੋਂ ਨੌਂ ਸਾਲ ਦਾ ਬੱਚਾ ਏਨਾ ਹੀ ਸਮਝ ਸਕਦਾ ਹੈ ਕਿ ਮੌਤ ਸਦੀਵੀ ਹੈ ਤੇ ਇਸਦਾ
ਮਤਲਬ ਹੈ ਨਾ ਦਿਲ ਧੜਕਦਾ ਹੈ, ਨਾ ਸਾਹ ਆਉਂਦਾ ਹੈ ਤੇ ਨਾ ਹੀ ਬੰਦਾ ਫੇਰ ਕਦੇ ਬੋਲਦਾ
ਹੈ। ਇਸ ਉਮਰ ਦੇ ਬੱਚੇ ਦੇ ਮਨ ਅੰਦਰ ਇਹ ਸਵਾਲ ਉਠਦੇ ਰਹਿੰਦੇ ਹਨ ਕਿ ਕੀ ਮਰਨ ਵੇਲੇ
ਸਾਹ ਘੁਟਦਾ ਹੈ ਜਾਂ ਬਹੁਤ ਜ਼ਿਆਦਾ ਪੀੜ ਹੁੰਦੀ ਹੈ? ਮਰਨ ਤੋਂ ਬਾਅਦ ਕਿੱਥੇ ਜਾਈਦਾ
ਹੈ? ਕੀ ਇਹ ਰਬ ਵੱਲੋਂ ਦਿੱਤੀ ਕਿਸੇ ਗ਼ਲਤੀ ਦੀ ਕੋਈ ਸਜ਼ਾ ਹੁੰਦੀ ਹੈ? ਕੀ ਮਰਨ ਵੇਲੇ
ਕਿਤੇ ਲੁਕ ਜਾਈਦਾ ਹੈ ਤਾਂ ਜੋ ਮਰਦੇ ਹੋਏ ਕੋਈ ਵੇਖੇ ਨਾ?
ਪੰਜ ਛੇ ਸਾਲ ਦਾ ਬੱਚਾ ਤਾਂ ਆਪਣੀ ਬੀਮਾਰੀ ਬਾਰੇ ਸੁਣ ਕੇ ਇੱਕਲਾ ਡਰਨ ਲੱਗ
ਪੈਂਦਾ ਹੈ। ਉਹ ਹਾਲੇ ਆਪਣੀ ਦਰਦ ਦੀ ਗਹਿਰਾਈ ਨੂੰ ਲਫ਼ਜ਼ਾਂ ਰਾਹੀਂ ਸਮਝਾਉਣ ਦੇ ਕਾਬਲ
ਨਹੀਂ ਹੋਇਆ ਹੁੰਦਾ। ਜੇ ਦੂਜੇ ਕੇਸ ਵੱਲ ਝਾਤ ਮਾਰੀਏ ਤਾਂ ਉਸ ਬੱਚੀ ਨੇ ਆਪਣੇ ਆਪ
ਨੂੰ ਗੁਣਾਹਗਾਰ ਮੰਨਿਆ ਤੇ ਆਪਣਾ ਦਰਦ ਚਿੱਤਰਕਾਰੀ ਰਾਹੀਂ ਉਜਾਗਰ ਕੀਤਾ। ਉਸਨੇ ਸਪਸ਼ਟ
ਕੀਤਾ ਕਿ ਉਹ ਅੰਦਰੋਂ ਅੰਦਰੀ ਕਿੰਨਾ ਤੜਫ਼ ਰਹੀ ਹੈ।
ਦਰਅਸਲ ਮਰਦ ਪ੍ਰਧਾਨ ਸਮਾਜ ਵਿਚ ਮਾਂ ਨੂੰ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਦੀ
ਖੁੱਲ ਹੀ ਨਹੀਂ ਦਿੱਤੀ ਜਾਂਦੀ ਤੇ ਉਹ ਆਪਣੇ ਹੰਝੂ ਤੇ ਹਉਕੇ ਪਰਦੇ ਉਹਲੇ ਜਾਂ ਬੱਚੇ
ਸਾਹਮਣੇ ਦੀ ਜ਼ਾਹਰ ਕਰ ਸਕਦੀ ਹੈ। ਇਸੇ ਲਈ ਜਿੱਥੇ ਬੱਚੇ ਦੀ ਮਾਨਸਿਕ ਸਥਿਤੀ ਕਮਜ਼ੋਰ
ਹੋ ਜਾਂਦੀ ਹੈ ਉੱਥੇ ਮਾਂ ਵੀ ਨਾਲ ਹੀ ਢਹਿ ਢੇਰੀ ਹੋ ਜਾਂਦੀ ਹੈ।
ਜੇ ਦੋਹਾਂ ਦਾ ਦਰਦ ਘੱਟ ਕਰਨਾ ਹੋਵੇ ਤਾਂ ਮਾਂ ਤੇ ਬੱਚੇ ਦਾ ਰਿਸ਼ਤਾ ਨਿੱਘਾ ਕਰਨ
ਦੀ ਲੋੜ ਹੈ ਜਿੱਥੇ ਆਪਣੇ ਮਨ ਦੇ ਵਲਵਲੇ ਸ਼ਾਂਤ ਕਰ ਕੇ, ਬੱਚੇ ਨਾਲ ਵਧੀਆ ਸਮਾਂ ਬਿਤਾ
ਕੇ, ਉਸ ਦੀਆਂ ਤਸਵੀਰਾਂ ਖਿੱਚ ਕੇ ਕੁੱਝ ਸਦੀਵੀ ਯਾਦਾਂ ਸਾਂਭਣ ਦਾ ਜਤਨ ਕਰ ਸਕਦੀ
ਹੈ।
ਦਸ
ਤੋਂ ਤੇਰਾਂ ਸਾਲ ਦਾ ਬੱਚਾ ਏਨਾ ਸਮਝਣ ਯੋਗ ਹੁੰਦਾ ਹੈ ਕਿ ਮੌਤ ਕੀ ਹੈ ਤੇ ਇਹ ਹਰ
ਕਿਸੇ ਉੱਤੇ ਆਉਣੀ ਹੈ। ਉਸਨੂੰ ਇਹ ਵੀ ਸਮਝ ਆ ਜਾਂਦੀ ਹੈ ਕਿ ਇਹ ਕਦੇ ਵੀ ਕਿਸੇ ਵੀ
ਸਮੇਂ ਆ ਸਕਦੀ ਹੈ। ਸਭ ਤੋਂ ਜ਼ਰੂਰੀ ਗੱਲ ਇਹ ਕਿ ਇਸ ਉਮਰ ਦੇ ਬੱਚੇ ਦੇ ਮਨ ਵਿਚ ਇਹ
ਡਰ ਵੀ ਹੁੰਦਾ ਹੈ ਕਿ ਉਸਦੀ ਤਕਲੀਫ਼ ਕਾਰਣ ਉਸਦੀ ਮਾਂ ਕਿਤੇ ਰੋਂਦੀ ਨਾ ਰਹਿ ਜਾਏ,
ਇਸੇ ਲਈ ਆਪਣੀ ਮਾਂ ਸਾਹਮਣੇ ਆਪਣਾ ਦਰਦ ਲੁਕਾ ਕੇ ਖ਼ੁਸ਼ ਦਿਸਣ ਦੀ ਕੋਸ਼ਿਸ਼ ਵੀ ਕਰਦਾ
ਹੈ।
ਤੀਜਾ ਕੇਸ ਜੋ ਦੱਸਿਆ ਗਿਆ, ਉਸ ਵਿਚ ਵੀ ਬੱਚਾ ਆਪਣੀ ਮਾਂ ਤੋਂ ਲੁਕਾ ਰੱਖਦੇ ਹੋਏ
ਸਭ ਕੁੱਝ ਜਾਣਦੇ ਹੋਏ ਵੀ ਪਰਾਂ ਰਹਿਣ ਨੂੰ ਤਰਜੀਹ ਦੇ ਰਿਹਾ ਸੀ ਕਿਉਂਕਿ ਉਸਨੂੰ ਡਰ
ਸੀ ਕਿ ਆਪਣੀ ਤਕਲੀਫ਼ ਸਦਕਾ ਉਹ ਸਭਨਾਂ ਵਿਚ ਮਜ਼ਾਕ ਜਾਂ ਤਰਸ ਦਾ ਪਾਤਰ ਨਾ ਬਣ ਜਾਏ।
ਇਸ ਉਮਰ ਦੇ ਬੱਚੇ ਨੂੰ ਉਸਦੇ ਅੰਤ ਬਾਰੇ ਦੱਸਣਾ ਚਾਹੀਦਾ ਹੈ ਜਾਂ ਨਹੀਂ, ਇਹ ਹਾਲੇ
ਵਿਚਾਰ ਅਧੀਨ ਹੈ। ਕੁੱਝ ਮਾਪੇ ਇਹ ਜ਼ਿੰਮੇਵਾਰੀ ਡਾਕਟਰ ਉੱਤੇ ਸੁੱਟ ਦਿੰਦੇ ਹਨ ਤੇ
ਕੁੱਝ ਸਭ ਕੁੱਝ ਲੁਕਾਉਣਾ ਚਾਹੁੰਦੇ ਹਨ ਕਿਉਂਕਿ ਉਹ ਆਪ ਵੀ ਇਹ ਸਭ ਹਾਲੇ ਯਕੀਨ ਕਰਨ
ਦੀ ਹਾਲਤ ਵਿਚ ਨਹੀਂ ਹੁੰਦੇ।
ਜੇ ਚੌਥੇ ਜਾਂ ਪੰਜਵੇਂ ਕੇਸ ਦੀ ਗੱਲ ਕਰੀਏ ਤਾਂ 14 ਤੋਂ 18 ਸਾਲ ਦੀ ਉਮਰ ਵਿਚ
ਮੌਤ ਦੀ ਪੂਰੀ ਸਮਝ ਹੋਣ ਦੇ ਬਾਵਜੂਦ ਮੌਤ ਨੂੰ ਇਕ ਚੁਣੌਤੀ ਵਾਂਗ ਲਿਆ ਜਾਂਦਾ ਹੈ ਤੇ
ਬੱਚੇ ਮੌਤ ਨੇੜੇ ਵੇਖ ਕੇ ਆਪਣੀ ਹਾਰ ਦਾ ਇਹਸਾਸ ਕਰਨ ਲੱਗ ਪੈਂਦੇ ਹਨ। ਉਨਾਂ ਦੇ
ਮਨਾਂ ਨੂੰ ਹਰ ਵੇਲੇ ਇਹ ਸਵਾਲ ਕਚੋਟਦਾ ਹੈ ਕਿ ਉਨਾਂ ਦੇ ਸੁਫ਼ਨੇ ਕਿਉਂ ਅਧੂਰੇ ਰਹੇ?
ਕਿਸ ਸਜ਼ਾ ਦੇ ਅਧੀਨ ਉਨਾਂ ਨੂੰ ਵਕਤ ਤੋਂ ਪਹਿਲਾਂ ਜਾਣਾ ਪੈ ਰਿਹਾ ਹੈ? ਦੂਜਿਆਂ ਦੇ
ਸਵਾਲਾਂ ਤੋਂ ਬਚਣ ਲਈ ਅਤੇ ਦੋਸਤਾਂ ਤੋਂ ਓਹਲਾ ਭਾਲਦੇ ਕੁੱਝ ਬੱਚੇ ਖ਼ੁਦਕੁਸ਼ੀ ਤਕ ਕਰ
ਜਾਂਦੇ ਹਨ ਤੇ ਬਾਕੀ ਚੁੱਪਚਾਪ ਕਿਸੇ ਅਲੱਗ ਥਾਂ ਰਹਿ ਕੇ ਆਪਣੀ ਪੀੜ ਨੂੰ ਬਾਕੀਆਂ
ਤੋਂ ਲੁਕਾ ਕੇ ਰਖਣ ਦੀ ਕੋਸ਼ਿਸ਼ ਕਰਦੇ ਹਨ ਕਿ ਸ਼ਾਇਦ ਉਨਾਂ ਨੂੰ ਮਨ ਵਿਚ ਉਪਜ ਰਹੇ
ਸਵਾਲਾਂ ਦਾ ਜਵਾਬ ਮਿਲ ਜਾਏ।
ਸਿਰਫ਼ ਇਹ ਹੀ ਨਹੀਂ, ਆਪਣੀ ਸੋਹਣੀ ਦਿਖ ਵਿਚ ਆਉਂਦੇ ਵਿਗਾੜ, ਜਿਵੇਂ ਵਾਲਾਂ ਦਾ
ਝੜਨਾ, ਪੜਾਈ ਛੁਟਣੀ, ਮੋਟਾਪਾ, ਲਗਾਤਾਰ ਹਸਪਤਾਲ ਦੇ ਗੇੜੇ ਵੀ ਬੱਚੇ ਨੂੰ ਆਪਣੇ ਆਪ
ਵਿਚ ਸਿਮਟ ਜਾਣ ਲਈ ਮਜਬੂਰ ਕਰ ਦਿੰਦੇ ਹਨ। ਜੇ ਕੁੜੀਆਂ ਦੀ ਗੱਲ ਕਰੀਏ ਤਾਂ ਬਹੁਤੇ
ਘਰਾਂ ਵਿਚ ਕੇਸ ਚਾਰ ਵਾਂਗ ਬੱਚੀਆਂ ਆਪਣੇ ਤੋਂ ਛੋਟੇ ਬੱਚਿਆਂ ਦੀ ਜ਼ਿੰਮੇਵਾਰੀ
ਸਾਂਭਦੀਆਂ ਰਹਿੰਦੀਆਂ ਹਨ ਤੇ ਉਹ ਜ਼ਿੰਦਗੀ ਨੂੰ ਰੱਜ ਕੇ ਜੀਅ ਹੀ ਨਹੀਂ ਸਕੀਆਂ
ਹੁੰਦੀਆਂ। ਉਨਾਂ ਦਾ ਬਚਪਨ ਤਾਂ ਕਦੋਂ ਦਾ ਘਰ ਦੇ ਕੰਮਾਂ ਦੀ ਭੇਂਟ ਚੜ ਚੁੱਕਿਆ
ਹੁੰਦਾ ਹੈ।
ਉਮਰ ਦੇ ਇਸ ਮੋੜ ਉੱਤੇ ਜੇ ਬੱਚਿਆਂ ਨੂੰ ਸਹੀ ਸੇਧ ਨਾ ਮਿਲੇ ਤਾਂ ਬਹੁਤੀ ਵਾਰ ਇਹ
ਖ਼ੁਦਕੁਸ਼ੀ ਕਰ ਜਾਂਦੇ ਹਨ ਤਾਂ ਜੋ ਏਨੀ ਜ਼ਿਆਦਾ ਬਰਦਾਸ਼ਤ ਨਾ ਕਰ ਸਕਣ ਵਾਲੀ ਪੀੜ ਤੋਂ
ਬਚ ਜਾਣ ਤੇ ਕਈਆਂ ਨੂੰ ਤਾਂ ਢਹਿੰਦੀ ਕਲਾ ਵੀ ਇਸ ਪਾਸੇ ਧੱਕ ਸਕਦੀ ਹੈ।
ਮੌਤ ਦੇ ਸਦੀਵੀ ਵਿਛੋੜੇ ਬਾਰੇ ਕਿਸੇ ਨੂੰ ਪਤਾ ਨਹੀਂ ਕਿ ਕਦੋਂ ਉਸਨੇ ਸਾਨੂੰ
ਦਬੋਚ ਲੈਣਾ ਹੈ। ਪਰ ਇਹ ਹਕੀਕਤ ਹੈ ਕਿ ਅਜ ਦੇ ਦਿਨ ਫੈਲੇ ਹੋਏ ਕੈਂਸਰ ਦਾ ਇਲਾਜ
ਨਹੀਂ ਹੈ ਤੇ ਇਹ ਮਰੀਜ਼ ਨੂੰ ਤਿਲ ਤਿਲ ਮਰਨ ਉੱਤੇ ਮਜਬੂਰ ਕਰ ਦਿੰਦਾ ਹੈ। ਇਸੇ ਲਈ
ਬੱਚਿਆਂ ਦੇ ਵੱਖੋ ਵੱਖਰੀ ਉਮਰ ਦੇ ਹਿਸਾਬ ਨਾਲ, ਅਜਿਹੀ ਭੈੜੀ ਮੌਤ ਨੂੰ ਉਡੀਕਦੇ
ਹੋਏ, ਜੋ ਉਨਾਂ ਦੀਆਂ ਮਾਨਸਿਕ ਲੋੜਾਂ ਹਨ, ਉਹ ਮਾਪਿਆਂ ਤੇ ਡਾਕਟਰਾਂ,ਦੋਵਾਂ ਨੂੰ ਹੀ
ਪੂਰੀਆਂ ਕਰਨੀਆਂ ਚਾਹੀਦੀਆਂ ਹਨ।
ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਜਵਾਨੀ ਵਿਚ ਪੈਰ ਧਰ ਚੁੱਕੇ ਬੱਚੇ ਨੂੰ ਜ਼ਰੂਰ
ਉਸਦੀ ਆਖ਼ਰੀ ਇੱਛਾ ਅਨੁਸਾਰ ਰਹਿਣ ਦੀ ਥਾਂ ਦੀ ਚੋਣ ਕਰਨ ਦੇਣੀ ਚਾਹੀਦੀ ਹੈ ਤਾਂ ਜੋ
ਉਹ ਆਪਣੀ ਪ੍ਰਾਈਵੇਸੀ ਰੱਖ ਸਕੇ। ਇਸਦੇ ਉਲਟ ਛੋਟੇ ਬੱਚੇ ਨੂੰ ਵੱਧ ਤੋਂ ਵੱਘ ਨੇੜ
ਮਿਲਣੀ ਚਾਹੀਦੀ ਹੈ ਤਾਂ ਜੋ ਉਹ ਵਿਛੋੜੇ ਦੀ ਦਰਦ ਘੱਟ ਮਹਿਸੂਸ ਕਰੇ।
ਮੈਂ ਇਸ ਵਾਰ ਬਹੁਤ ਨਾਜ਼ਕ ਵਿਸ਼ਾ ਛੋਹਿਆ ਹੈ ਤਾਂ ਜੋ ਉਮਰ ਦੇ ਆਖ਼ਰੀ ਪੜਾਅ ਉੱਤੇ
ਪਹੁੰਚੇ ਬੱਚੇ ਦੀ ਮਨੋਦਸ਼ਾ ਸਮਝ ਕੇ, ਦਿਲ ਉੱਤੇ ਪੱਥਰ ਰਖ ਕੇ ਉਸਨੂੰ ਅਰਾਮ ਨਾਲ
ਵਿਦਾ ਕੀਤਾ ਜਾਵੇ ਤੇ ਉਸਦੀਆਂ ਢੇਰ ਸਾਰੀਆਂ ਯਾਦਾਂ ਜ਼ਰੂਰ ਸਮੋ ਲਈਆਂ ਜਾਣ, ਜੋ ਬੱਚੇ
ਦੇ ਤੁਰ ਜਾਣ ਬਾਅਦ ਮਾਪਿਆਂ ਲਈ ਜੀਣ ਦਾ ਸਹਾਰਾ ਬਣ ਜਾਂਦੀਆਂ ਹਨ। ਮੇਰੀ ਤਾਂ
ਬੱਚਿਆਂ ਦੀ ਡਾਕਟਰ ਹੋਣ ਦੇ ਨਾਤੇ ਇਹੋ ਦੁਆ ਹੈ ਕਿ ਕਿਸੇ ਦੇ ਬੱਚੇ ਨੂੰ ਅਜਿਹੀ
ਭਿਆਨਕ ਮੌਤ ਨਾ ਮਰਨਾ ਪਵੇ ਪਰ ਇਸ ਲਈ ਸਾਨੂੰ ਸਾਰਿਆਂ ਨੂੰ ਕੈਂਸਰ ਦੀ ਰੋਕਥਾਮ ਲਈ
ਸਾਂਝੇ ਜਤਨ ਕਰਨ ਦੀ ਲੋੜ ਹੈ।
ਵਤਨੋਂ ਪਾਰ ਕੁੱਝ ਆਰਗੇਨਾਈਜ਼ੇਸ਼ਨਾਂ ਇਸ ਪਾਸੇ ਜੁਟੀਆਂ ਹਨ ਕਿ ਕੈਂਸਰ ਪੀੜਤ
ਬੱਚਿਆਂ ਦੀ ਆਖ਼ਰੀ ਖ਼ਾਹਿਸ਼ ਹਰ ਹਾਲ ਪੂਰੀ ਕੀਤੀ ਜਾਵੇ। ਉਹ ਭਾਵੇਂ ਕਿਸੇ ਹੀਰੋ
ਹੀਰੋਇਨ ਨੂੰ ਮਿਲਣਾ ਹੋਵੇ ਜਾਂ ਡਿਜ਼ਨੀਲੈਂਡ ਘੁੰਮਣਾ, ਨਵੀਂ ਮਹਿੰਗੀ ਪੌਸ਼ਾਕ ਲੈਣੀ,
ਹਵਾਈ ਜ਼ਹਾਜ਼ ਦੀ ਸੈਰ, ਮਹਿੰਗਾ ਖਿਡੌਣਾ ਜਾਂ ਕੁੱਝ ਵੀ ਪੂਰੀ ਹੋ ਸਕਣ ਵਾਲੀ ਮੰਗ ਨੂੰ
ਪੂਰਾ ਜ਼ੋਰ ਲਾ ਕੇ ਪੂਰ ਚੜਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਵੇਖੀਏ ਸਾਡੇ ਦੇਸ ਵਿਚ
ਸੁਹਿਰਦ ਸੱਜਣ ਰਲ ਮਿਲ ਕੇ ਕਦੋਂ ਇਸ ਪੱਖ ਵੱਲ ਧਿਆਨ ਦਿੰਦੇ ਹਨ।
ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783 |