ਇੰਟਰਨੈੱਟ ਦੀ ਆਮਦ ਨੇ ਜਾਣਕਾਰੀ ਦੇ ਸੰਚਾਰ ਅਤੇ ਸੰਭਾਲ ਦੇ ਖੇਤਰ ਵਿੱਚ ਇਕ
ਇਨਕਲਾਬੀ ਤਬਦੀਲੀ ਲਿਆਂਦੀ ਹੈ। ਇਸ ਤਬਦੀਲੀ ਵਿੱਚ ਹਿੱਸਾ ਪਾਉਣ ਲਈ ਇੰਟਰਨੈੱਟ ‘ਤੇ
ਕਈ ਤਰ੍ਹਾਂ ਦੇ ਤਕਨੀਕੀ ਸਾਧਨ/ਪਲੇਟਫਾਰਮ/ਵਰਤਾਰੇ ਹੋਂਦ ਵਿੱਚ ਆਏ ਹਨ ਜਿਹਨਾਂ
ਵਿੱਚੋਂ ਕੁੱਝ ਇਸ ਪ੍ਰਕਾਰ ਹਨ: ਵਲਡ ਵਾਈਡ ਵੈੱਬ ਜਾਂ ਵੈੱਬ ਸਾਈਟ, ਗੂਗਲ, ਯਾਹੂ,
ਅਤੇ ਉਹਨਾਂ ਵਰਗੇ ਹੋਰ ਸਰਚ ਇੰਜਨ, ਯੂ ਟਿਊਬ, ਫੇਸਬੁੱਕ ਅਤੇ ਸੋਸ਼ਲ ਮੀਡੀਏ ਨਾਲ
ਸੰਬੰਧਤ ਹੋਰ ਸਾਧਨ, ਬਲਾਗ, ਵਿਕੀਪੀਡੀਆ ਆਦਿ। ਇਹਨਾਂ ਸਾਧਨਾਂ/ਵਰਤਾਰਿਆਂ ਵਿੱਚੋਂ
ਜਿੱਥੇ ਬਹੁਤੇ ਵਪਾਰ ਅਤੇ ਮੁਨਾਫਾ ਕਮਾਉਣ ਲਈ ਕੰਮ ਕਰ ਰਹੇ ਹਨ ਅਤੇ ਵੱਡੀਆਂ
ਕਾਰਪੋਰੇਸ਼ਨਾਂ ਵਲੋਂ ਚਲਾਏ ਜਾ ਰਹੇ ਹਨ, ਉੱਥੇ ਵਿਕੀਪੀਡੀਆ ਮੁਨਾਫੇ ਦੇ ਮਕਸਦ ਤੋਂ
ਬਿਨਾਂ ਵੱਧ ਤੋਂ ਵੱਧ ਲੋਕਾਂ ਤੱਕ ਗਿਆਨ ਪਹੁੰਚਾਉਣ ਦੇ ਮਕਸਦ ਲਈ ਕੰਮ ਕਰ ਰਿਹਾ ਹੈ
ਅਤੇ ਇਕ ਗੈਰ-ਮੁਨਾਫੇਦਾਰ (ਨਾਨ-ਪਰਾਫਿਟ) ਫਾਊਂਡੇਸ਼ਨ ਵਲੋਂ ਚਲਾਇਆ ਜਾ ਰਿਹਾ ਹੈ।
ਵਿਕੀਪੀਡੀਏ ਉੱਪਰ ਜਾਣਕਾਰੀ ਅਤੇ ਗਿਆਨ ਦੀ ਸੰਭਾਲ ਦਾ ਕੰਮ ਦੁਨੀਆਂ ਭਰ ਵਿੱਚ ਫੈਲੇ
ਅਣਗਿਣਤ ਵਲੰਟੀਅਰ ਲੋਕਾਂ ਵਲੋਂ ਕੀਤਾ ਜਾ ਰਿਹਾ ਹੈ। 6 ਜੂਨ 2015 ਦੀ ਗਿਣਤੀ
ਅਨੁਸਾਰ ਅੰਗਰੇਜ਼ੀ ਵਿਕੀਪੀਡੀਏ ਉੱਪਰ 48 ਲੱਖ 86 ਹਜ਼ਾਰ 49 ਲੇਖ ਹਨ। [1]
ਅੰਗਰੇਜ਼ੀ ਵਿਕੀਪੀਡੀਏ ਦਾ ਸਾਈਟ ਸਭ ਤੋਂ ਵੱਧ ਦੇਖੇ ਜਾਣ ਵਾਲੇ ਸਿਖਰ ਦੇ 10
ਵੈੱਬਸਾਈਟਾਂ ਵਿੱਚੋਂ ਇਕ ਹੈ। ਅੰਗਰੇਜ਼ੀ ਸਮੇਤ ਵਿਕੀਪੀਡੀਆ ਦੁਨੀਆ ਦੀਆਂ 288
ਬੋਲੀਆਂ ਵਿੱਚ ਛਪਦਾ ਹੈ। ਇਹਨਾਂ ਵਿੱਚੋਂ 12 ਬੋਲੀਆਂ ਅਜਿਹੀਆਂ ਹਨ ਜਿਹਨਾਂ ਵਿੱਚ
ਵਿਕੀਪੀਡੀਏ ‘ਤੇ ਛਪਣ ਵਾਲੇ ਲੇਖਾਂ ਦੀ ਗਿਣਤੀ 10 - 10 ਲੱਖ ਤੋਂ ਵੱਧ ਹੈ। 40
ਬੋਲੀਆਂ ਅਜਿਹੀਆਂ ਹਨ ਜਿਹਨਾਂ ਵਿੱਚ ਵਿਕੀਪੀਡੀਏ ‘ਤੇ ਛਪਣ ਵਾਲੇ ਲੇਖਾਂ ਦੀ ਗਿਣਤੀ
1-1 ਲੱਖ ਤੋਂ ਵੱਧ ਹੈ। ਛੇ ਜੂਨ 2015 ਦੀ ਗਿਣਤੀ ਅਨੁਸਾਰ ਸਾਰੀਆਂ 288 ਬੋਲੀਆਂ
ਵਿੱਚ ਵਿਕੀਪੀਡੀਏ ‘ਤੇ ਛਪਣ ਵਾਲੇ ਲੇਖਾਂ ਦੀ ਗਿਣਤੀ 3 ਕਰੋੜ 52 ਲੱਖ 56 ਹਜ਼ਾਰ 4
ਸੌ 99 ਹੈ।[2] ਇਸ ਤਰ੍ਹਾਂ ਵਿਕੀਪੀਡੀਆ ਦੁਨੀਆ ਵਿੱਚ ਗਿਆਨ ਦਾ ਇਕ ਵੱਡਾ ਸ੍ਰੋਤ ਬਣ
ਗਿਆ ਹੈ। ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਬਹੁਗਿਣਤੀ ਲੋਕ ਗਾਹੇ ਬਗਾਹੇ ਇਸ ਦੀ
ਵਰਤੋਂ ਕਰਦੇ ਰਹਿੰਦੇ ਹਨ। ਇਸ ਲਈ ਇਸ ਸਾਧਨ/ਵਰਤਾਰੇ/ਪਲੇਟਫਾਰਮ ਦਾ ਨੋਟਿਸ ਲੈਣਾ,
ਇਸ ਨੂੰ ਸਮਝਣਾ ਅਤੇ ਇਸ ਵਿੱਚ ਸ਼ਾਮਲ ਹੋਣਾ ਅੱਜ ਦੇ ਸਮੇਂ ਦੀ ਲੋੜ ਹੈ। ਇਸ ਮਕਸਦ
ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਸ ਲੇਖ ਵਿੱਚ ਵਿਕੀਪੀਡੀਏ ਦੇ ਸੰਕਲਪ, ਇਸ ਦੇ
ਅੰਗਰੇਜ਼ੀ ਵਿੱਚ ਹੋਏ ਵਿਕਾਸ, ਅੰਗਰੇਜ਼ੀ ਤੋਂ ਬਾਅਦ ਦੂਜੀਆਂ ਭਾਸ਼ਾਵਾਂ ਵਿੱਚ ਹੋ
ਰਹੇ ਕੰਮ ਅਤੇ ਫਿਰ ਪੰਜਾਬੀ ਵਿੱਚ ਹੋ ਰਹੇ ਯਤਨਾਂ ਬਾਰੇ ਗੱਲ ਕਰਾਂਗੇ। ਅੰਤ ਵਿੱਚ
ਪੰਜਾਬੀ ਵਿੱਚ ਹੋ ਰਹੇ ਯਤਨਾਂ ਦਾ ਅੰਗਰੇਜ਼ੀ ਅਤੇ ਦੂਜੀਆਂ ਭਾਸ਼ਾਂਵਾਂ ਵਿੱਚ ਹੋ
ਰਹੇ ਕੰਮ ਨਾਲ ਮੁਕਾਬਲਾ ਕਰ ਕੇ ਇਹ ਦੇਖਣ ਦੀ ਕੋਸਿ਼ਸ਼ ਕਰਾਂਗੇ ਕਿ ਕੀ ਪੰਜਾਬੀ
ਵਿਕੀਪੀਡੀਏ ਦੇ ਵਿਕਾਸ ਦੀ ਦਰ ਤਸੱਲੀਬਖਸ਼ ਹੈ? ਕੀ ਇਸ ਨੂੰ ਹੋਰ ਤੇਜ਼ ਕਰਨ ਦੀ ਲੋੜ
ਹੈ? ਜੇ ਅਜਿਹਾ ਹੈ ਤਾਂ ਇਸ ਨੂੰ ਤੇਜ਼ ਕਿਵੇਂ ਕੀਤਾ ਜਾ ਸਕਦਾ ਹੈ?
ਵਿਕੀਪੀਡੀਆ ਕੀ ਹੈ?
ਵਿਕੀਪੀਡੀਏ ਦੇ ਆਪਣੇ ਸਾਈਟ ‘ਤੇ ਲਿਖੇ ਸ਼ਬਦਾਂ ਅਨੁਸਾਰ ਇਹ ਇਕ “ਆਜ਼ਾਦ
ਵਿਸ਼ਵਗਿਆਨਕੋਸ਼” ਹੈ, ਜਿਸ ਵਿੱਚ ਵੱਖ ਵੱਖ ਵਿਸ਼ਿਆਂ ਬਾਰੇ ਸਾਢੇ ਤਿੰਨ ਕਰੋੜ ਦੇ
ਲਗਭਗ ਲੇਖ ਹਨ ਅਤੇ ਇਹ ਗਿਣਤੀ ਹਰ ਰੋਜ਼ ਵੱਧ ਰਹੀ ਹੈ। ਕੰਪਿਊਟਰ ਅਤੇ ਇੰਟਰਨੈੱਟ
ਰੱਖਣ ਵਾਲਾ ਦੁਨੀਆ ਦਾ ਹਰ ਇਕ ਵਿਅਕਤੀ ਇਹਨਾਂ ਲੇਖਾਂ ਤੱਕ ਮੁਫਤ ਪਹੁੰਚ ਕਰ ਸਕਦਾ
ਹੈ। ਵਿਕੀਪੀਡੀਏ ਬਾਰੇ ਗੱਲ ਕਰਦਿਆਂ, ਇਸ ਦਾ ਬਾਨੀ ਜਿੰਮੀ ਵੇਲਜ਼ ਕਹਿੰਦਾ ਹੈ, “ਇਕ
ਅਜਿਹੇ ਸੰਸਾਰ ਦੀ ਕਲਪਨਾ ਕਰੋ, ਜਿਸ ਵਿੱਚ ਹਰ ਇਕ ਇਨਸਾਨ ਦੀ ਸਾਰੀ ਮਨੁੱਖਤਾ ਦੇ
ਗਿਆਨ ਤੱਕ ਮੁਫਤ ਪਹੁੰਚ ਹੋਵੇ। ਅਸੀਂ ਇਹ ਕਰ ਰਹੇ ਹਾਂ।”[3] ਬੇਸ਼ੱਕ ਇਸ ਸਮੇਂ
ਦੁਨੀਆ ਵਿੱਚ ਕਾਫੀ ਗਿਣਤੀ ਵਿੱਚ ਲੋਕ ਕੰਪਿਊਟਰ ਅਤੇ ਇੰਟਰਨੈੱਟ ਤੱਕ ਪਹੁੰਚ ਦੀ
ਅਣਹੋਂਦ ਕਾਰਨ ਵਿਕੀਪੀਡੀਏ ਤੱਕ ਪਹੁੰਚ ਨਹੀਂ ਕਰ ਸਕਦੇ, ਪਰ ਜਿਹਨਾਂ ਲੋਕਾਂ ਕੋਲ
ਕੰਪਿਊਟਰ ਅਤੇ ਇੰਟਰਨੈੱਟ ਤੱਕ ਪਹੁੰਚ ਹੈ, ਉਹ ਇਸ ਸਾਈਟ ‘ਤੇ ਮੌਜੂਦ ਜਾਣਕਾਰੀ ਅਤੇ
ਗਿਆਨ ਦੇ ਭੰਡਾਰ ਦੀ ਮੁਫਤ ਵਰਤੋਂ ਕਰ ਸਕਦੇ ਹਨ। ਵਿਕੀਪੀਡੀਏ ਦੇ ਸੰਬੰਧ ਵਿੱਚ ਸਮਝਣ
ਵਾਲੀ ਅਗਲੀ ਗੱਲ ਇਹ ਹੈ ਕਿ ਇਸ ਸਾਈਟ ਨੂੰ ਹਰ ਕੋਈ, ਬਿਨਾਂ ਕਿਸੇ ਰੁਕਾਵਟ ਦੇ,
ਬਹੁਤ ਹੀ ਸੁਖਾਲੇ ਢੰਗ ਨਾਲ ਐਡਿਟ ਕਰ ਸਕਦਾ ਹੈ। ਭਾਵ ਇਸ ਜਾਣਕਾਰੀ ਅਤੇ ਗਿਆਨ ਦੇ
ਭੰਡਾਰ ਨੂੰ ਵਰਤਣ ਦੇ ਨਾਲ ਨਾਲ ਇਸ ਨੂੰ ਸੋਧ ਸਕਦਾ ਹੈ ਅਤੇ ਇਸ ਵਿੱਚ ਹੋਰ ਵਾਧਾ ਕਰ
ਸਕਦਾ ਹੈ। ਇਸ ਲਈ ਦੁਨੀਆ ਭਰ ਦੇ ਲੋਕ ਇਸ ਨੂੰ ਤਿਆਰ ਕਰਨ ਲਈ ਮਿਲ ਕੇ ਕੰਮ ਕਰ ਸਕਦੇ
ਹਨ ਅਤੇ ਕਰ ਰਹੇ ਹਨ। ਇਹਨਾਂ ਗੱਲਾਂ ਦੇ ਆਧਾਰ ‘ਤੇ ਅਸੀਂ ਇਸ ਸਾਧਨ/ਵਰਤਾਰੇ ਨੂੰ ਇਕ
ਤਕਨੀਕੀ ਅਤੇ ਸਮਾਜਕ ਵਰਤਾਰੇ ਵਜੋਂ ਦੇਖ ਸਕਦੇ ਹਾਂ।
ਤਕਨੀਕੀ ਪੱਖ ਤੋਂ ਵਿਕੀਪੀਡੀਏ ਦੀ ਹੋਂਦ ਲਈ ਲੋੜੀਂਦੀਆਂ ਲੋੜਾਂ ਬਹੁਤ ਸਾਧਾਰਣ
ਹਨ। ਇਸ ਦੀ ਹੋਂਦ ਲਈ ਇਕ ਡੈਟਾਬੇਸ, ਵੈੱਬ ਸਰਵਰ, ਵੈੱਬ ਬਰਾਉਜ਼ਰ ਅਤੇ ਵਿੱਕੀ
ਸੌਫਟਵੇਅਰ ਪ੍ਰੋਗਰਾਮ ਦੀ ਲੋੜ ਹੈ।[4] ਦੂਸਰੇ ਪਾਸੇ ਸਮਾਜਕ ਪੱਧਰ ‘ਤੇ
ਵਿਕੀਪੀਡੀਏ ਲਈ ਸਮੱਗਰੀ ਤਿਆਰ ਕਰਨ ਲਈ ਲੱਖਾਂ ਵਲੰਟੀਅਰਾਂ ਦੀ ਲੋੜ ਹੈ, ਜੋ ਇਸ ਕੰਮ
ਲਈ ਆਪਣਾ ਸਮਾਂ, ਗਿਆਨ ਅਤੇ ਹੁਨਰ ਦਾਨ ਕਰਨ ਲਈ ਤਿਆਰ ਹੋਣ। ਇਹਨਾਂ ਲੱਖਾਂ
ਵਲੰਟੀਅਰਾਂ ਦੇ ਭਾਈਚਾਰੇ ਵਲੋਂ ਮਿਲ ਕੇ ਕੰਮ ਕਰਨ ਲਈ ਨਿਯਮਾਂ ਅਤੇ ਪ੍ਰਬੰਧਕੀ
ਢਾਂਚੇ ਦੀ ਲੋੜ ਹੈ। ਵਿਕੀਪੀਡੀਏ ਦੇ ਤਜਰਬੇ ਵਿੱਚ ਇਹ ਨਿਯਮ ਅਤੇ ਪ੍ਰਬੰਧਕੀ ਢਾਂਚਾ
ਬਣਾਉਣ ਦਾ ਕੰਮ ਵੀ ਇਹ ਲੱਖਾਂ ਵਾਲੰਟੀਅਰ ਆਪ ਹੀ ਕਰਦੇ ਹਨ।
ਅੰਗਰੇਜ਼ੀ ਵਿਕੀਪੀਡੀਏ ਦੀ ਸ਼ੁਰੂਆਤ ਅਤੇ ਵਿਕਾਸ
ਅੰਗਰੇਜ਼ੀ ਵਿਕੀਪੀਡੀਆ 15 ਜਨਵਰੀ 2001 ਨੂੰ ਵਿਕੀਪੀਡੀਆ ਡਾਟ ਕਾਮ
(Wikipedia.com) ਸਾਈਟ ਵਜੋਂ ਸ਼ੁਰੂ ਹੋਇਆ। ਇਸ ਦਾ ਮਕਸਦ ਦੁਨੀਆਂ ਦੇ ਸਾਰੇ ਗਿਆਨ
ਨੂੰ ਇਕ ਥਾਂ ‘ਤੇ ਇਕੱਤਰ ਕਰਨਾ ਸੀ ਤਾਂ ਕਿ ਲੋਕ ਇਸ ਤੱਕ ਮੁਫਤ ਪਹੁੰਚ ਕਰ ਸਕਣ।
ਆਨਲਾਈਨ ਗਿਆਨਕੋਸ਼ (ਇਨਸਾਈਕਲੋਪੀਡੀਆ) ਬਣਾਉਣ ਦਾ ਇਹ ਸੰਕਲਪ ਉਸ ਸਮੇਂ ਆਨਲਾਈਨ ‘ਤੇ
ਉਪਲਬਧ ਦੂਸਰੇ ਗਿਆਨ ਕੋਸ਼ਾਂ - ਇਨਸਾਈਕਲੋਪੀਡੀਆ ਬ੍ਰਿਟੈਨਿਕਾ ਅਤੇ ਮਾਈਕਰੋਸੌਫਟ ਦੇ
ਇਨਕਾਰਤਾ- ਤੋਂ ਵੱਖਰਾ ਸੀ। ਇਹ ਦੋਵੇਂ ਆਨਲਾਈਨ ਗਿਆਨਕੋਸ਼ਾਂ ਦਾ ਮਕਸਦ ਮੁਨਾਫਾ
ਕਮਾਉਣਾ ਸੀ। ਇਹਨਾਂ ਤੱਕ ਪਹੁੰਚ ਕਰਨ ਲਈ ਵਰਤੋਂਕਾਰ ਨੂੰ ਪੈਸੇ ਦੇਣੇ ਪੈਂਦੇ ਸਨ
ਅਤੇ ਉਹਨਾਂ ਸਾਈਟਾਂ ‘ਤੇ ਉਪਲਬਧ ਜਾਣਕਾਰੀ ਪੜ੍ਹਨ ਲਈ ਲਾਗ-ਇਨ ਕਰਨ ਲਈ ਪਾਸਵਰਡ ਦੀ
ਜ਼ਰੂਰਤ ਸੀ। ਇਸ ਲਈ ਉਹਨਾਂ ਦੀ ਜਾਣਕਾਰੀ ਸਿਰਫ ਉਨ੍ਹਾਂ ਲੋਕਾਂ ਨੂੰ ਮਿਲ ਸਕਦੀ ਸੀ
ਜੋ ਉਹਨਾਂ ਦੀ ਫੀਸ ਤਾਰਨ ਦੀ ਸਮਰੱਥਾ ਰੱਖਦੇ ਹੋਣ। ਪਰ ਵਿਕੀਪੀਡੀਏ ਦੇ ਬਾਨੀਆਂ ਦੀ
ਸੋਚ ਅਨੁਸਾਰ ਵਿਕੀਪੀਡੀਏ ‘ਤੇ ਅਜਿਹੀ ਕੋਈ ਬੰਦਸ਼ ਨਹੀਂ ਸੀ। ਕੰਪਿਊਟਰ ਅਤੇ
ਇੰਟਰਨੈੱਟ ਤੱਕ ਪਹੁੰਚ ਰੱਖਣ ਵਾਲਾ ਕੋਈ ਵੀ ਵਿਅਕਤੀ ਬਿਨਾਂ ਕਿਸੇ ਪਾਸਵਰਡ ਅਤੇ ਲਾਗ
ਇਨ ਖਾਤੇ ਦੇ ਇਹ ਜਾਣਕਾਰੀ ਪੜ੍ਹ ਸਕਦਾ ਸੀ।[5]
|
ਵਿਕੀਪੀਡੀਏ ਦੇ ਬਾਨੀ ਜਿੰਮੀ
ਵੇਲਜ਼ |
ਵਿਕੀਪੀਡੀਏ ਨਾਲ ਸੰਬੰਧਤ ਦੂਸਰੀ ਵੱਖਰੀ ਗੱਲ ਇਹ ਸੀ/ਹੈ ਕਿ ਇਸ ਨੂੰ ਪੜ੍ਹਨ ਦੇ
ਨਾਲ ਨਾਲ ਕੋਈ ਵੀ ਵਿਅਕਤੀ ਇਸ ਵਿੱਚ ਜਾਣਕਾਰੀ ਜੋੜ ਸਕਦਾ ਸੀ/ਹੈ ਅਤੇ ਇਸ ਦੇ ਸਫਿਆਂ
ਨੂੰ ਸੋਧ (ਐਡਿਟ ਕਰ) ਸਕਦਾ ਸੀ/ਹੈ। ਇਸ ‘ਤੇ ਕੀਤੀ ਜਾਣ ਵਾਲੀ ਹਰ ਇਕ ਤਬਦੀਲੀ ਦਾ
ਰਿਕਾਰਡ ਰੱਖਿਆ ਜਾਣਾ ਸੀ/ਜਾਂਦਾ ਹੈ। ਇਸ ‘ਤੇ ਜਾਣਕਾਰੀ ਜੋੜਨ ਅਤੇ ਸਫਿਆਂ ਨੂੰ
ਸੋਧਣ ਲਈ ਵਿਅਕਤੀ ਨੂੰ ਕੋਈ ਖਾਤਾ ਖੁਲ੍ਹਾਉਣ ਅਤੇ ਪਾਸਵਰਡ ਬਣਾਉਣ ਦੀ ਲੋੜ ਨਹੀਂ
ਸੀ/ਹੈ। ਪਰ ਜੇ ਵਿਅਕਤੀ ਚਾਹੇ ਤਾਂ ਆਪਣਾ ਖਾਤਾ ਵੀ ਖੋਲ੍ਹ ਸਕਦਾ ਸੀ/ਹੈ। ਖਾਤੇ
ਖੋਲ੍ਹੇ ਤੋਂ ਬਿਨਾਂ ਤਬਦੀਲੀ ਕਰਨ ਖਾਤਾ ਖੋਲ੍ਹ ਕੇ ਆਪਣੇ ਵਰਤੋਂਕਾਰ ਨਾਂ ਹੇਠ
ਤਬਦੀਲੀ ਕਰਨ ਵਿੱਚ ਸਿਰਫ ਏਨਾ ਫਰਕ ਹੈ ਕਿ ਜੇ ਤੁਸੀਂ ਖਾਤੇ ਖੋਲ੍ਹੇ ਤੋਂ ਬਿਨਾਂ
ਕੋਈ ਜਾਣਕਾਰੀ ਪਾਉਂਦੇ ਹੋ ਜਾਂ ਕਿਸੇ ਜਾਣਕਾਰੀ ਨੂੰ ਸੋਧਦੇ ਹੋ ਤਾਂ ਰਿਕਾਰਡ ਵਿੱਚ
ਤੁਹਾਡੇ ਕੰਪਿਊਟਰ ਦਾ ਆਈ ਪੀ ਨੰਬਰ ਆਉਂਦਾ ਹੈ ਅਤੇ ਜੇ ਤੁਸੀਂ ਖਾਤਾ ਖੁਲ੍ਹਵਾ ਕੇ
ਇਸ ‘ਤੇ ਜਾਣਕਾਰੀ ਪਾਉਂਦੇ ਹੋ ਜਾਂ ਇਸ ਦੀ ਜਾਣਕਾਰੀ ਸੋਧਦੇ ਹੋ ਤਾਂ ਸਿਰਫ ਤੁਹਾਡਾ
ਵਰਤੋਂਕਾਰ ਵਜੋਂ ਰੱਖਿਆ ਨਾਂ ਹੀ ਰਿਕਾਰਡ ਵਿੱਚ ਆਉਂਦਾ ਹੈ। ਵਰਤੋਂਕਾਰ ਵਜੋਂ ਰੱਖੇ
ਨਾਂ ਦੇ ਮੁਕਾਬਲੇ ਤੁਹਾਡਾ ਆਈ ਪੀ ਨੰਬਰ ਆਮ ਪਾਠਕਾਂ ਸਾਹਮਣੇ ਤੁਹਾਡੇ ਬਾਰੇ ਜ਼ਿਆਦਾ
ਜਾਣਕਾਰੀ ਦਿਖਾਉਂਦਾ ਹੈ, ਇਸ ਲਈ ਬਹੁਤੇ ਲੋਕ ਖਾਤਾ ਖੋਲ੍ਹ ਕੇ ਇਸ ਵਿੱਚ ਜਾਣਕਾਰੀ
ਪਾਉਂਦੇ ਹਨ। ਵਿਕੀਪੀਡੀਏ ‘ਤੇ ਕਿਸੇ ਵੀ ਵਿਅਕਤੀ ਵਲੋਂ ਜਾਣਕਾਰੀ ਪਾਉਣ ਜਾਂ ਸੋਧ ਕਰ
ਸਕਣ ਦੀ ਸੁਵਿਧਾ ਦਾ ਹੋਣਾ ਵਾਰਡ ਕਨਿੰਘਮ ਵਲੋਂ ਤਿਆਰ ਕੀਤੇ ਵਿੱਕੀ ਸਾਫਟਵੇਅਰ ਦੇ
ਕਾਰਨ ਸੰਭਵ ਹੋ ਸਕਿਆ ਹੈ।
ਵਿਕੀਪੀਡੀਏ ‘ਤੇ ਕਿਸੇ ਵੀ ਵਿਅਕਤੀ ਵਲੋਂ ਜਾਣਕਾਰੀ ਪਾ ਸਕਣ ਅਤੇ ਸੋਧ ਸਕਣ ਦੀ
ਸੁਵਿਧਾ ਦਾ ਮਤਲਬ ਇਹ ਸੀ ਕਿ ਵਿਕੀਪੀਡੀਏ ਨੂੰ ਦੁਨੀਆ ਭਰ ਦੇ ਲੱਖਾਂ ਵਾਲੰਟੀਅਰਾਂ
ਵਲੋਂ ਲਿਖਿਆ ਜਾਣਾ ਸੀ। ਵਾਲੰਟੀਅਰਾਂ ਵਲੋਂ ਲਿਖੇ ਜਾਣ ਦਾ ਨਤੀਜਾ ਇਹ ਹੋਇਆ ਕਿ
ਸ਼ੁਰੂ ਤੋਂ ਹੀ ਵਿਕੀਪੀਡੀਏ ‘ਤੇ ਲਿਖੇ ਜਾਣ ਵਾਲੇ ਆਰਟੀਕਲਾਂ ਦੀ ਗਿਣਤੀ ਵਿੱਚ ਬਹੁਤ
ਤੇਜ਼ੀ ਨਾਲ ਵਾਧਾ ਹੋਣਾ ਸ਼ੁਰੂ ਹੋ ਗਿਆ। ਇਸ ਦੇ ਵਿਕਾਸ ਬਾਰੇ ਐਂਡਰਿਊ ਲੀਹ ਦੀ
ਕਿਤਾਬ ਵਿਕੀਪੀਡੀਆ ਰੈਵੂਲੂਸ਼ਨ ਵਿੱਚੋਂ ਕੁੱਝ ਅੰਕੜੇ ਪੇਸ਼ ਹਨ। ਜਨਵਰੀ 2001 ਦੇ
ਅਖੀਰ ‘ਤੇ ਵਿਕੀਪੀਡੀਏ ਉੱਤੇ 600 ਦੇ ਕਰੀਬ ਆਰਟੀਕਲ ਹੋ ਗਏ ਅਤੇ 12 ਫਰਵਰੀ 2001
‘ਚ ਇਹ ਗਿਣਤੀ 1000 ਤੱਕ ਪਹੁੰਚ ਗਈ। ਇਕ ਸਾਲ ਬਾਅਦ ਜਨਵਰੀ 2002 ਵਿੱਚ ਇਸ ਉੱਤੇ
ਮੌਜੂਦ ਆਰਟੀਕਲਾਂ ਦੀ ਗਿਣਤੀ 20,000 ਹੋ ਗਈ। ਪ੍ਰੰਬਧਕਾਂ ਅਨੁਸਾਰ ਇਸ ਸਮੇਂ
ਵਿਕੀਪੀਡੀਏ ਉੱਤੇ ਹਰ ਰੋਜ਼ 200 ਲੋਕ ਕੰਮ ਕਰਦੇ ਸਨ, ਅਤੇ ਸਮੁੱਚੇ ਰੂਪ ਵਿੱਚ ਇਸ
ਵਿੱਚ ਯੋਗਦਾਨ ਪਾਉਣ ਵਾਲੇ 1000 ਦੇ ਕਰੀਬ ਸਨ। ਮਾਰਚ 2003 ਵਿੱਚ ਵਿਕੀਪੀਡੀਏ ‘ਤੇ
ਮੌਜੂਦ ਆਰਟੀਕਲਾਂ ਦੀ ਗਿਣਤੀ 1 ਲੱਖ ਤੋਂ ਵੱਧ ਹੋ ਗਈ ਅਤੇ ਵਿਕੀਪੀਡੀਆ ਵਪਾਰਕ
ਆਨਲਾਈਨ ਗਿਆਨਕੋਸ਼ਾਂ ਦੇ ਬਰਾਬਰ ਆ ਖੜ੍ਹਾ ਹੋਇਆ। ਮਾਰਚ 2005 ਵਿੱਚ ਵਿਕੀਪੀਡੀਏ
‘ਤੇ 5 ਲੱਖ ਆਰਟੀਕਲ ਹੋ ਗਏ ਅਤੇ 2007 ਵਿੱਚ 20 ਲੱਖ ਤੋਂ ਵੱਧ।[6] ਅੱਜ ਇਹਨਾਂ
ਆਰਟੀਕਲਾਂ ਦੀ ਗਿਣਤੀ 48 ਲੱਖ ਤੋਂ ਵੱਧ ਹੈ।
48 ਲੱਖ ਤੋਂ ਵੱਧ ਆਰਟੀਕਲਾਂ ਦਾ ਇਹ ਗਿਆਨ ਭੰਡਾਰ ਕਿੰਨਾ ਕੁ ਵੱਡਾ ਹੈ, ਇਸ ਗੱਲ
ਦਾ ਤਸੱਵਰ ਕਰਨ ਲਈ ਅਸੀਂ ਇਹ ਸਵਾਲ ਪੁੱਛ ਸਕਦੇ ਹਾਂ ਕਿ ਜੇ ਇੰਨੀ ਸਮੱਗਰੀ ਨੂੰ
ਕਿਤਾਬੀ ਰੂਪ ਵਿੱਚ ਛਾਪਣਾ ਹੋਵੇ ਤਾਂ ਇਸ ਦੀਆਂ ਕਿੰਨੀਆਂ ਕਿਤਾਬਾਂ ਬਣਨਗੀਆਂ?
ਫਰਵਰੀ 2014 ਵਿੱਚ ਲਾਏ ਇਕ ਅੰਦਾਜ਼ੇ ਮੁਤਾਬਕ ਉਸ ਸਮੇਂ ਤੱਕ ਵਿਕੀਪੀਡੀਏ ‘ਤੇ ਛਪੀ
ਸਮੱਗਰੀ ਨੂੰ ਕਿਤਾਬੀ ਰੂਪ ਵਿੱਚ ਛਾਪਣ ਲਈ ਬਾਰ੍ਹਾਂ ਬਾਰ੍ਹਾਂ ਸੌ ਸਫੇ ਦੀਆਂ 1000
ਕਿਤਾਬਾਂ ਛਾਪਣ ਦੀ ਲੋੜ ਪੈਣੀ ਸੀ।[7] ਇਸ ਤੱਥ ਤੋਂ ਅਸੀਂ ਸਮਝ ਸਕਦੇ ਹਾਂ ਕਿ
ਵਿਕੀਪੀਡੀਏ ‘ਤੇ ਇਕੱਤਰ ਕੀਤਾ ਗਿਆ ਗਿਆਨ ਭੰਡਾਰ ਕਿੰਨਾ ਵਿਆਪਕ ਹੈ।
ਇਹਨਾਂ ਆਰਟੀਕਲਾਂ ਨੂੰ ਲਿਖਣ ਵਾਲੇ ਵਾਲੰਟੀਅਰਾਂ ਦੀ ਗਿਣਤੀ ਵਿੱਚ ਵੀ ਸ਼ੁਰੂਆਤ
ਤੋਂ ਲੈ ਕੇ ਹੁਣ ਤੱਕ ਵੱਡਾ ਵਾਧਾ ਹੋਇਆ ਹੈ। ਇਹਨਾਂ ਵਾਲੰਟੀਅਰਾਂ ਦੀ ਗਿਣਤੀ ਦਾ
ਰਿਕਾਰਡ ਰੱਖਣ ਲਈ ਇਹਨਾਂ ਨੂੰ ਵੱਖ ਵੱਖ ਸ਼੍ਰੇਰੇਣੀਆਂ ਵਿੱਚ ਵੰਡਿਆ ਗਿਆ ਹੈ। ਇਸ ਲਈ
ਵਿਕੀਪੀਡੀਏ ‘ਤੇ ਆਰਟੀਕਲ ਲਿਖਣ ਵਾਲੇ ਵਾਲੰਟੀਅਰਾਂ ਦੇ ਯੋਗਦਾਨ ਨੂੰ ਸਮਝਣ ਲਈ
ਉਹਨਾਂ ਦੀਆਂ ਵੱਖ ਵੱਖ ਸ੍ਰੇਣੀਆਂ ਬਾਰੇ ਸਮਝਣਾ ਜ਼ਰੂਰੀ ਹੈ। ਉਦਾਹਰਨ ਲਈ ਜਿਹੜਾ
ਵਿਅਕਤੀ ਵਿਕੀਪੀਡੀਏ ‘ਤੇ ਆਪਣਾ ਖਾਤਾ ਖੁਲ੍ਹਵਾਉਣ ਤੋਂ ਬਾਅਦ ਵਿਕੀਪੀਡੀਏ ‘ਤੇ 10
ਸੋਧਾਂ ਕਰ ਦਿੰਦਾ ਹੈ ਉਸ ਨੂੰ ਕੰਟਰੀਬਿਊਟਰ (ਯੋਗਦਾਨ ਪਾਉਣ ਵਾਲੇ) ਦੀ ਸ਼੍ਰੇਣੀ
ਵਿੱਚ ਰੱਖਿਆ ਜਾਂਦਾ ਹੈ ਅਤੇ ਉਹਨੂੰ ਸਦਾ ਇਕ ਕੰਟਰੀਬਿਊਟਰ ਵਜੋਂ ਗਿਣਿਆ ਜਾਂਦਾ ਹੈ।
ਜਿਹੜਾ ਵਿਅਕਤੀ ਕਿਸੇ ਵੀ ਇਕ ਮਹੀਨੇ ਵਿੱਚ ਵਿਕੀਪੀਡੀਏ ‘ਤੇ ਘੱਟੋ-ਘੱਟ 5 ਸੋਧਾਂ
ਕਰਦਾ ਹੈ, ਉਸ ਨੂੰ ਉਸ ਮਹੀਨੇ ਦੌਰਾਨ ਐਕਟਿਵ ਐਡੀਟਰ ਜਾਂ ਯੂਜ਼ਰ (ਸਰਗਰਮ
ਵਰਤੋਂਕਾਰ) ਦੀ ਸ੍ਰੇਣੀ ਵਿੱਚ ਰੱਖਿਆ ਜਾਂਦਾ ਹੈ ਅਤੇ ਜਿਹੜਾ ਵਿਅਕਤੀ ਇਕ ਮਹੀਨੇ
ਵਿੱਚ ਘੱਟੋ-ਘੱਟ 100 ਸੋਧਾਂ ਕਰਦਾ ਹੈ, ਉਸ ਨੂੰ ਵੈਰੀ ਐਕਟਿਵ ਐਡੀਟਰ ਜਾਂ ਯੂਜ਼ਰ
(ਬਹੁਤ ਸਰਗਰਮ ਵਰਤੋਂਕਾਰ) ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ।[8] ਇਹਨਾਂ
ਸ੍ਰੇਣੀਆਂ ਦੇ ਆਧਾਰ ‘ਤੇ ਅੰਗਰੇਜ਼ੀ ਵਿਕੀਪੀਡੀਏ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ
ਇਸ ਲਈ ਆਰਟੀਕਲ ਲਿਖਣ ਵਾਲੇ ਵਾਲੰਟੀਅਰਾਂ ਦੇ ਕਾਫਲੇ ਵਿੱਚ ਲੋਕ ਵੱਡੀ ਗਿਣਤੀ ਵਿੱਚ
ਸ਼ਾਮਲ ਹੁੰਦੇ ਆ ਰਹੇ ਹਨ। ਉਦਾਹਰਨ ਲਈ, ਸ਼ੁਰੂਆਤ ਤੋਂ ਇਕ ਸਾਲ ਬਾਅਦ ਜਨਵਰੀ 2002
ਨੂੰ ਵਿਕੀਪੀਡੀਏ ‘ਤੇ ਆਰਟੀਕਲ ਲਿਖਣ ਵਾਲਿਆਂ ਦੀ ਗਿਣਤੀ ਇਸ ਪ੍ਰਕਾਰ ਸੀ: 338
ਕੰਟਰੀਬਿਊਟਰ, 151 ਐਕਟਿਵ ਐਡੀਟਰ ਅਤੇ 22 ਬਹੁਤ ਐਕਟਿਵ ਐਡੀਟਰ। ਜਨਵਰੀ 2003 ਵਿੱਚ
ਇਹ ਗਿਣਤੀ ਹੋ ਗਈ: 1168 ਕੰਟਰੀਬਿਊਟਰ, 486 ਐਕਟਿਵ ਐਡੀਟਰ ਅਤੇ 113 ਬਹੁਤ ਸਰਗਰਮ
ਐਡੀਟਰ। ਸਮਾਂ ਪੈਣ ਨਾਲ ਇਸ ਗਿਣਤੀ ਵਿੱਚ ਵਾਧਾ ਹੁੰਦਾ ਰਿਹਾ। ਸ਼ੁਰੂਆਤ ਤੋਂ 5 ਸਾਲ
ਬਾਅਦ ਜਨਵਰੀ 2006 ਵਿੱਚ ਵਿਕੀਪੀਡੀਏ ਲਈ ਲਿਖਣ ਵਾਲਿਆਂ ਵਿੱਚ ਸਨ: 58011
ਕੰਟਰੀਬਿਊਟਰ, 23786 ਐਕਟਿਵ ਐਡੀਟਰ, ਅਤੇ 3047 ਬਹੁਤ ਐਕਟਿਵ ਐਡੀਟਰ। ਇਸ ਸਮੇਂ
(ਮਾਰਚ 2015) ਵਿੱਚ ਇਹ ਗਿਣਤੀ ਹੈ: 967200 ਕੰਟਰੀਬਿਊਟਰ, 34243 ਐਕਟਿਵ ਐਡੀਟਰ,
ਅਤੇ 3310 ਬਹੁਤ ਐਕਟਿਵ ਐਡੀਟਰ।[9]
ਵਿਕੀਪੀਡੀਏ ‘ਤੇ ਕੰਮ ਕਰਨ ਵਾਲਿਆਂ ਅਤੇ ਮੌਜੂਦ ਆਰਟੀਕਲਾਂ ਦੀ ਗਿਣਤੀ ਦੇ ਵਾਧੇ
ਦੇ ਨਾਲ ਨਾਲ ਇਸ ਸਾਈਟ ਨੂੰ ਦੇਖਣ ਪੜ੍ਹਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਵੀ ਲਗਾਤਾਰ
ਵਾਧਾ ਹੁੰਦਾ ਰਿਹਾ ਹੈ। ਨਤੀਜੇ ਵਜੋਂ ਆਪਣੀ ਸ਼ੁਰੂਆਤ ਦੇ ਸਾਢੇ ਚਾਰ ਸਾਲਾਂ ਬਾਅਦ
ਅਗਸਤ 2005 ਵਿੱਚ ਵਿਕੀਪੀਡੀਆ ਦੁਨੀਆ ਭਰ ਵਿੱਚ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ
ਸਿਖਰ ਦੇ 50 ਵੈੱਬਸਾਈਟਾਂ ਦੀ ਲਿਸਟ ਵਿੱਚ ਸ਼ਾਮਲ ਹੋ ਗਿਆ ਅਤੇ 2005 ਦੇ ਅਖੀਰ
ਵਿੱਚ ਇਸ ਦਾ ਨਾਂ ਦੁਨੀਆ ਦੇ ਸਿਖਰ ਦੇ 30 ਸਾਈਟਾਂ ਵਿੱਚ ਆ ਗਿਆ। ਸੰਨ 2006 ਵਿੱਚ
ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਵੈੱਬਸਾਈਟਾਂ ਦੀ ਦਰਜਾਬੰਦੀ ਵਿੱਚ ਵਿਕੀਪੀਡੀਆ ਦਾ
ਸਥਾਨ ਸਿਖਰ ਦੇ 10 ਵੈੱਬਸਾਈਟਾਂ ਵਿੱਚ ਹੋ ਗਿਆ [10] ਅਤੇ ਮਾਰਚ 2015 ਦੇ ਅੰਕੜਿਆਂ
ਅਨੁਸਾਰ ਇਹ ਦੁਨੀਆ ‘ਚ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਸਾਈਟਾਂ ਵਿੱਚੋਂ ਛੇਵੇਂ
ਨੰਬਰ ‘ਤੇ ਆਉਂਦਾ ਹੈ।[11] ਇੱਥੇ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਇਸ ਤੋਂ ਉੱਪਰ
ਆਉਣ ਵਾਲੇ ਵੈੱਬਸਾਈਟਾਂ ਵਿੱਚ ਗੂਗਲ, ਫੇਸਬੁੱਕ, ਯੂ ਟਿਊਬ, ਯਾਹੂ, ਬਾਇਦੂ ਅਤੇ
ਐਮਾਜ਼ੋਨ.ਕਾਮ ਹਨ [12] ਜਿਹਨਾਂ ਦਾ ਸਾਲਾਨਾ ਬੱਜਟ ਕਈ ਕਈ ਅਰਬ ਡਾਲਰ ਹੈ ਅਤੇ
ਉਹਨਾਂ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਕਰਮਚਾਰੀ ਹਨ। ਉਹਨਾਂ ਦੇ ਮੁਕਾਬਲੇ
ਵਿਕੀਪੀਡੀਆ ਦਾ ਸਾਲਾਨਾ ਬੱਜਟ ਕਈ ਗੁਣਾਂ ਘੱਟ ਹੈ। ਵਿੱਕੀਮੀਡੀਆ ਫਾਊਂਡੇਸ਼ਨ ਤੋਂ
ਮਈ 2015 ਵਿੱਚ ਪ੍ਰਾਪਤ ਅੰਕੜਿਆਂ ਅਨੁਸਾਰ ਵਿਕੀਪੀਡੀਏ ਦੀ ਸਾਲਾਨਾ ਆਮਦਨ 5 ਕ੍ਰੋੜ
ਅਮਰੀਕਨ ਡਾਲਰ ਹੈ ਅਤੇ ਇਸ ਦੇ ਨਾਲ ਕੰਮ ਕਰਦੇ ਕਰਮਚਾਰੀਆਂ ਦੀ ਗਿਣਤੀ 250 ਦੇ ਕਰੀਬ
ਹੈ।[13]
ਵਿਕੀਪੀਡੀਏ ਨੂੰ ਦੇਖਣ/ਪੜ੍ਹਨ ਵਾਲਿਆਂ ਦੀ ਗਿਣਤੀ ਵਿੱਚ ਹੋਏ ਇਸ ਤਰ੍ਹਾਂ ਦੇ
ਵੱਡੇ ਵਾਧੇ ਨੂੰ ਦੇਖਦੇ ਹੋਏ ਅਸੀਂ ਇਹ ਕਹਿ ਸਕਦੇ ਹਾਂ ਕਿ ਅੱਜ ਵਿਕੀਪੀਡੀਆ ਲੋਕਾਂ
ਵਲੋਂ ਜਾਣਕਾਰੀ ਪ੍ਰਾਪਤ ਕਰਨ ਦਾ ਇਕ ਬਹੁਤ ਹੀ ਮਹੱਤਵਪੂਰਨ ਸ੍ਰੋਤ ਬਣ ਚੁੱਕਾ ਹੈ।
ਜਦੋਂ ਵੀ ਇੰਟਰਨੈੱਟ ਤੱਕ ਪਹੁੰਚ ਰੱਖਣ ਵਾਲੇ ਕਿਸੇ ਵਿਅਕਤੀ ਨੇ ਕਿਸੇ ਵਿਸ਼ੇ ਜਾਂ
ਗੱਲ ਬਾਰੇ ਜਾਣਕਾਰੀ ਲੈਣੀ ਹੁੰਦੀ ਹੈ ਤਾਂ ਉਹ ਇਸ ਲਈ ਸਭ ਤੋਂ ਪਹਿਲਾਂ ਵਿਕੀਪੀਡੀਏ
ਨੂੰ ਦੇਖਦਾ ਹੈ। ਜੇ ਤੁਸੀਂ ਇੰਟਰਨੈੱਟ ‘ਤੇ ਕਿਸੇ ਵੀ ਵਿਸ਼ੇ ਬਾਰੇ ਖੋਜ ਕਰੋ ਤਾਂ
ਬਹੁਤੇ ਕੇਸਾਂ ਵਿੱਚ ਇਹ ਸੰਭਵ ਨਹੀਂ ਹੈ ਕਿ ਉਸ ਖੋਜ ਬਾਰੇ ਆਉਣ ਵਾਲੇ ਪਹਿਲੇ ਪੰਜ
ਨਤੀਜਿਆਂ ਵਿੱਚ ਇਕ ਨਤੀਜਾ ਵਿਕੀਪੀਡੀਏ ‘ਤੇ ਛਪਿਆ ਆਰਟੀਕਲ ਨਾ ਹੋਵੇ।[14] ਇਕ
ਅੰਦਾਜ਼ੇ ਮੁਤਾਬਕ ਦੁਨੀਆ ਭਰ ਵਿੱਚ ਹਰ ਮਹੀਨੇ 50 ਕ੍ਰੋੜ (500 ਮਿਲੀਅਨ) ਤੋਂ ਵੱਧ
ਲੋਕ ਵਿਕੀਪੀਡੀਏ ਦੀ ਵਰਤੋਂ ਕਰਦੇ ਹਨ।[15] ਅੱਗੇ ਦਿੱਤੇ ਅੰਕੜੇ ਵਿਕੀਪੀਡੀਏ ਦੀ
ਵਰਤੋਂ ਅਤੇ ਪਹੁੰਚ ਦੀ ਵਿਆਪਕਤਾ ਨੂੰ ਉਜਾਗਰ ਕਰਨ ਲਈ ਹੋਰ ਸਹਾਈ ਹੋ ਸਕਦੇ ਹਨ।
ਅਮਰੀਕਾ ਦੀਆਂ 7 ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਬਾਰੇ ਕੀਤੇ ਇਕ ਅਧਿਅਨ ਅਨੁਸਾਰ
75 ਫੀਸਦੀ ਵਿਦਿਆਰਥੀ ਆਪਣੀਆਂ ਅਸਾਇਨਮੈਂਟਾਂ ਪੂਰੀਆਂ ਕਰਨ ਲਈ ਵਿਕੀਪੀਡੀਏ ਦੀ
ਵਰਤੋਂ ਕਰਦੇ ਹਨ।[16] ਅਮਰੀਕਾ ਵਿੱਚ ਡਾਕਟਰੀ ਦੇ ਖੇਤਰ ਵਿੱਚ ਕੀਤੇ ਅਧਿਅਨਾਂ ਨੇ
ਦਰਸਾਇਆ ਹੈ ਕਿ ਵਿਕੀਪੀਡੀਆ ਇਸ ਖੇਤਰ ਵਿੱਚ ਕੰਮ ਕਰਦੇ ਲੋਕਾਂ ਲਈ ਜਾਣਕਾਰੀ ਦਾ
ਪ੍ਰਮੁੱਖ ਸ੍ਰੋਤ ਬਣ ਚੁੱਕਾ ਹੈ। ਅਮਰੀਕਾ ਵਿੱਚ ਆਨਲਾਈਨ ਜਾ ਕੇ ਜਾਣਕਾਰੀ ਲੱਭਣ
ਵਾਲੇ ਡਾਕਟਰਾਂ ਵਿੱਚੋਂ 50 ਫੀਸਦੀ ਡਾਕਟਰ ਜਾਣਕਾਰੀ ਲੱਭਣ ਲਈ ਵਿਕੀਪੀਡੀਏ ਦੀ
ਵਰਤੋਂ ਕਰਦੇ ਹਨ।[17] ਇੰਗਲੈਂਡ ਵਿੱਚ ਡਾਕਟਰੀ ਖੇਤਰ ਵਿੱਚ ਕੀਤੇ ਗਏ ਅਧਿਅਨਾਂ ਤੋਂ
ਪਤਾ ਲੱਗਾ ਹੈ ਕਿ 47 ਫੀਸਦੀ ਅਤੇ 70 ਫੀਸਦੀ ਵਿਚਕਾਰ ਡਾਕਟਰ ਅਤੇ ਡਾਕਟਰੀ ਦੇ
ਵਿਦਿਆਰਥੀ ਜਾਣਕਾਰੀ ਲੈਣ ਲਈ ਵਿਕੀਪੀਡੀਏ ਨੂੰ ਦੇਖਦੇ ਹਨ।[18] ਗੂਗਲ ਵਰਗੇ ਸਰਚ
ਇੰਜਨ ਵਰਤੋਂਕਾਰਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜੁਆਬ ਦੇਣ ਲਈ ਵਿਕੀਪੀਡੀਏ ਉੱਤੇ
ਪ੍ਰਕਾਸ਼ਤ ਸਮੱਗਰੀ ਨੂੰ ਵਰਤਦੇ ਹਨ।[19] ਵਿਕੀਪੀਡੀਏ ਦੀ ਇਸ ਤਰ੍ਹਾਂ ਦੀ ਵਿਆਪਕ
ਪਹੁੰਚ ਨੂੰ ਦੇਖਦੇ ਹੋਏ ਹੀ ਸ਼ਾਇਦ ਕਈ ਲੋਕ, ਖਾਸ ਕਰਕੇ ਨੌਜਵਾਨ ਪੀੜ੍ਹੀ ਦੇ ਲੋਕ,
ਇਹ ਮਹਿਸੂਸ ਕਰਨ ਲੱਗ ਪਏ ਹਨ ਕਿ ਜੇ ਕੋਈ ਜਾਣਕਾਰੀ ਵਿਕੀਪੀਡੀਏ ‘ਤੇ ਨਹੀਂ ਹੈ ਤਾਂ
ਉਹ ਜਾਣਕਾਰੀ ਹੈ ਹੀ ਨਹੀਂ।[20]
ਪਿਛਲੇ ਡੇਢ ਦਹਾਕੇ ਦੌਰਾਨ ਹੋਏ ਇਸ ਤੇਜ਼ ਵਿਕਾਸ ਦੌਰਾਨ ਵਿਕੀਪੀਡੀਏ ਨੂੰ ਕਈ
ਤਰ੍ਹਾਂ ਦੇ ਸਵਾਲਾਂ/ਚਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਬੇਸ਼ੱਕ ਇਸ ਲੇਖ
ਵਿੱਚ ਇਹਨਾਂ ਸਾਰੇ ਸਵਾਲਾਂ/ਚੁਣੌਤੀਆਂ ਬਾਰੇ ਵਿਸਥਾਰ ਨਾਲ ਗੱਲ ਕਰ ਸਕਣਾ ਸੰਭਵ
ਨਹੀਂ ਹੈ, ਫਿਰ ਵੀ ਅਸੀਂ ਇੱਥੇ ਉਹਨਾਂ ਤਿੰਨ ਪ੍ਰਮੁੱਖ ਸਵਾਲਾਂ ਬਾਰੇ ਗੱਲਬਾਤ
ਕਰਾਂਗੇ ਜਿਹੜੇ ਸਵਾਲ ਵਿਕੀਪੀਡੀਏ ਦੀ ਪ੍ਰਮਾਣਿਕਤਾ ਬਾਰੇ ਸ਼ੱਕ ਪੈਦਾ ਕਰਦੇ ਹਨ।
ਸਭ ਤੋਂ ਪਹਿਲਾ ਸਵਾਲ ਤਾਂ ਇਹ ਉੱਠਦਾ ਹੈ ਕਿ ਕੀ ਵਿਕੀਪੀਡੀਏ ਵਿੱਚ ਦਿੱਤੀ
ਜਾਣਕਾਰੀ ‘ਤੇ ਭਰੋਸਾ ਕੀਤਾ ਜਾ ਸਕਦਾ ਹੈ? ਵਿਕੀਪੀਡੀਏ ਦੇ ਜਨਮ ਤੋਂ ਬਾਅਦ ਇਹ ਸਵਾਲ
ਵਾਰ ਵਾਰ ਉੱਠਦਾ ਆ ਰਿਹਾ ਹੈ। ਇਹ ਸਵਾਲ ਉੱਠਣ ਦਾ ਮੁੱਖ ਕਾਰਨ ਵਿਕੀਪੀਡੀਏ ਲਈ
ਜਾਣਕਾਰੀ ਇਕੱਤਰ ਕਰਨ ਲਈ ਵਰਤੀ ਜਾਂਦੀ ਪਹੁੰਚ ਹੈ ਜੋ ਇਸ ਤੋਂ ਪਹਿਲਾਂ ਦੇ
ਗਿਆਨਕੋਸ਼ਾਂ ਨੂੰ ਤਿਆਰ ਕਰਨ ਲਈ ਵਰਤੀ ਜਾਂਦੀ ਪਹੁੰਚ ਤੋਂ ਵੱਖਰੀ ਜਾਪਦੀ ਹੈ। ਇਸ
ਤੋਂ ਪਹਿਲਾਂ ਤਿਆਰ ਕੀਤੇ ਜਾਂਦੇ ਗਿਆਨਕੋਸ਼ਾਂ ਵਿੱਚ ਛਪਣ ਵਾਲਾ ਇਕ ਲੇਖ ਛਪਣ ਤੋਂ
ਪਹਿਲਾਂ ਇਕ ਬਹੁਤ ਹੀ ਵਿਸਤ੍ਰਿਤ ਅਤੇ ਸਖਤ ਅਮਲ ਵਿੱਚ ਦੀ ਲੰਘਦਾ ਸੀ। ਉਦਾਹਰਨ ਲਈ
ਬ੍ਰਿਟੈਨਿਕਾ ਇਨਸਾਈਕਲੋਪੀਡੀਏ ਅਨੁਸਾਰ ਇਸ ਵਿੱਚ ਛਪਣ ਵਾਲੇ ਆਰਟੀਕਲਾਂ ਨੂੰ ਅੱਗੇ
ਦਿੱਤੇ ਕੁਝ ਇਸ ਤਰ੍ਹਾਂ ਦੇ ਅਮਲ ਵਿੱਚੋਂ ਦੀ ਲੰਘਣਾ ਪੈਂਦਾ ਹੈ। ਸਭ ਤੋਂ ਪਹਿਲਾਂ
ਲਿਖਣ ਵਾਲਾ ਕਿਸੇ ਵਿਸ਼ੇ ‘ਤੇ ਆਰਟੀਕਲ ਲਿਖਦਾ ਜਾਂ ਸੋਧਦਾ ਹੈ, ਅਤੇ ਉਹਨਾਂ ਲਿਖਤਾਂ
ਨੂੰ ਰਿਕਾਰਡ ਕਰਦਾ ਹੈ ਜਿਹਨਾਂ ਦੇ ਆਧਾਰ ‘ਤੇ ਉਹ ਆਰਟੀਕਲ ਲਿਖਿਆ ਗਿਆ ਹੋਵੇ। ਫਿਰ
ਤੱਥਾਂ ਦੀ ਜਾਂਚ ਕਰਨ ਵਾਲੇ ਉਸ ਆਰਟੀਕਲ ਵਿੱਚ ਛਪੇ ਤੱਥਾਂ ਦਾ ਨਿਰੀਖਣ ਕਰਦੇ ਹਨ
ਅਤੇ ਸਬਜੈਕਟ ਐਡੀਟਰ (ਜਿਹਨਾਂ ਵਿੱਚੋਂ ਕਈਆਂ ਕੋਲ ਪੀ ਐੱਚ ਡੀ ਦੀ ਡਿਗਰੀ ਹੁੰਦੀ
ਹੈ) ਇਹ ਦੇਖਦੇ ਹਨ ਕਿ ਕੀ ਆਰਟੀਕਲ ਬ੍ਰਿਟੈਨੀਕਾ ਵਲੋਂ ਸਪਸ਼ਟਤਾ, ਦਰੁੱਸਤੀ,
ਯਥਾਰਥਕਤਾ ਅਤੇ ਨਿਰਪੱਖਤਾ ਬਾਰੇ ਨਿਸ਼ਚਿਤ ਕੀਤੇ ਮਿਆਰਾਂ ‘ਤੇ ਉੱਤਰਦਾ ਹੈ। ਫਿਰ
ਨਿਗਰਾਨ ਐਡੀਟਰ ਆਰਟੀਕਲ ‘ਤੇ ਨਿਗ੍ਹਾ ਮਾਰਦਾ ਹੈ ਅਤੇ ਕਾਪੀ ਐਡੀਟਰ ਇਸ ਆਰਟੀਕਲ ਨੂੰ
ਵਿਆਕਰਨ, ਸ਼ੈਲੀ (ਸਟਾਇਲ) ਅਤੇ ਇਕਸੁਰਤਾ (ਕਨਸਿਸਟੈਂਸੀ) ਲਈ ਦੇਖਦਾ ਹੈ। ਫਿਰ
ਆਰਟੀਕਲ ਲਿਖਣ ਵਾਲੇ ਨੂੰ ਵਾਪਸ ਭੇਜਿਆ ਜਾਂਦਾ ਹੈ ਅਤੇ ਲਿਖਣ ਵਾਲਾ ਪਹਿਲਾਂ ਦੱਸੇ
ਵਿਅਕਤੀਆਂ ਵਲੋਂ ਉਠਾਏ ਸਵਾਲਾਂ/ਸਰੋਕਾਰਾਂ ਦਾ ਪ੍ਰਤੀਕਰਮ ਭੇਜਦਾ ਹੈ। ਫਿਰ ਸਬਜੈਕਟ
ਐਡੀਟਰ (ਵਿਸ਼ਾ ਸੰਪਾਦਕ) ਲਿਖਣ ਵਾਲੇ ਵਲੋਂ ਆਏ ਪ੍ਰਤੀਕਰਮ ਨੂੰ ਆਰਟੀਕਲ ਵਿੱਚ
ਸ਼ਾਮਲ ਕਰਦਾ ਹੈ। ਉਸ ਤੋਂ ਬਾਅਦ ਕੌਪੀ ਐਡੀਟਰ ਇਕ ਫਾਈਨਲ ਰੀਡਿੰਗ ਕਰਦਾ ਹੈ ਅਤੇ
ਫਿਰ ਆਰਟੀਕਲ ਨੂੰ ਇਨਫੌਰਮੇਸ਼ਨ ਮੈਨੇਜਮੈਂਟ ਟੀਮ ਕੋਲ ਆਖਰੀ ਪ੍ਰਵਾਨਗੀ ਲਈ ਭੇਜਦਾ
ਹੈ।[21] ਇਸ ਦੇ ਉਲਟ ਵਿਕੀਪੀਡੀਏ ‘ਤੇ ਇਸ ਵਿਚਲੀ ਜਾਣਕਾਰੀ ਨੂੰ ਹਰ ਜਣਾ-ਖਣਾ,
ਜਦੋਂ ਚਾਹੇ ਉਦੋਂ ਸੋਧ ਸਕਦਾ ਹੈ। ਇਸ ਲਈ ਇਹ ਸਵਾਲ ਉੱਠਣਾ ਜਾਇਜ਼ ਹੈ ਕਿ ਕੀ
ਵਿਕੀਪੀਡੀਏ ‘ਤੇ ਮੌਜੂਦ ਜਾਣਕਾਰੀ ਨੂੰ ਸਹੀ ਮੰਨਿਆ ਜਾ ਸਕਦਾ ਹੈ ਜਾਂ ਨਹੀਂ ‘ਤੇ
ਅਤੇ ਉਸ ਉੱਪਰਲੀ ਜਾਣਕਾਰੀ ਦੀ ਪ੍ਰਮਾਣਿਕਤਾ ‘ਤੇ ਭਰੋਸਾ ਕੀਤਾ ਜਾ ਸਕਦਾ ਹੈ ਜਾਂ
ਨਹੀਂ? ਸਰਸਰੀ ਪੱਧਰ ‘ਤੇ ਸੋਚਦਿਆਂ ਸ਼ਾਇਦ ਇਸ ਸਵਾਲ ਦਾ ਜੁਆਬ ਇਹ ਹੀ ਹੋਵੇ ਕਿ
ਨਹੀਂ ਵਿਕੀਪੀਡੀਏ ਦੀ ਜਾਣਕਾਰੀ ਨੂੰ ਸਹੀ ਅਤੇ ਪ੍ਰਮਾਣਿਕ ਨਹੀਂ ਮੰਨਿਆ ਜਾ ਸਕਦਾ।
ਪਰ ਜੇ ਵਿਕੀਪੀਡੀਏ ਦੇ ਤਜਰਬੇ ਉੱਪਰ ਗੌਰ ਕਰਕੇ ਇਸ ਸੁਆਲ ਦਾ ਜੁਆਬ ਦੇਣਾ ਹੋਵੇ ਤਾਂ
ਇਸ ਦਾ ਜੁਆਬ ਹੋਵੇਗਾ ਹਾਂ, ਇਸ ਉੱਪਰਲੀ ਜਾਣਕਾਰੀ ਨੂੰ ਸਹੀ ਅਤੇ ਭਰੋਸੇਯੋਗ ਮੰਨਿਆ
ਜਾ ਸਕਦਾ ਹੈ।
ਇਸ ਸਵਾਲ ਦਾ ਸਹੀ ਜਵਾਬ ਲੱਭਣ ਲਈ ਸਭ ਤੋਂ ਪਹਿਲਾਂ ਆਪਾਂ ਵਿਕੀਪੀਡੀਏ ‘ਤੇ ਛਪਣ
ਵਾਲੀ ਸਮੱਗਰੀ ਲਈ ਬਣਾਏ ਨਿਯਮਾਂ ਨੂੰ ਦੇਖਦੇ ਹਾਂ। ਵਿਕੀਪੀਡੀਏ ‘ਤੇ ਛਪਣ ਵਾਲੀ
ਸਮੱਗਰੀ ਲਈ ਤਿੰਨ ਸ਼ਰਤਾਂ ਹਨ। ਪਹਿਲੀ ਗੱਲ ਵਿਕੀਪੀਡੀਏ ਲਈ ਲਿਖੀ ਗਈ ਸਮੱਗਰੀ ਦਾ
ਨਜ਼ਰੀਆ ਨਿਰਪੱਖ ਹੋਵੇ, ਨੰਬਰ ਦੋ ਲਿਖਤ ਪੁਸ਼ਟੀ ਕਰਨ ਯੋਗ ਸ੍ਰੋਤਾਂ ਦੇ ਆਧਾਰ ‘ਤੇ
ਲਿਖੀ ਗਈ ਹੋਵੇ ਅਤੇ ਇਹਨਾਂ ਸ੍ਰੋਤਾਂ ਬਾਰੇ ਸਪਸ਼ਟ ਰੂਪ ਵਿੱਚ ਦੱਸਿਆ ਗਿਆ ਹੋਵੇ
ਅਤੇ ਨੰਬਰ ਤਿੰਨ ਲਿਖਤ ਮੌਲਿਕ ਖੋਜ ਨਾ ਹੋਵੇ। ਬੇਸ਼ੱਕ ਕਿਸੇ ਵੀ ਲਿਖਤ ਦਾ ਨਜ਼ਰੀਆ
ਨਿਰਪੱਖ ਹੋਣਾ ਬਹੁਤ ਮੁਸ਼ਕਿਲ ਹੈ, ਫਿਰ ਵੀ ਵਿਕੀਪੀਡੀਏ ਲਈ ਲਿਖਣ ਵਾਲੇ/ਵਾਲਿਆਂ ਦੀ
ਕੋਸਿ਼ਸ਼ ਹੋਣੀ ਚਾਹੀਦੀ ਹੈ ਕਿ ਲਿਖਤ ਵੱਧ ਤੋਂ ਵੱਧ ਨਿਰਪੱਖ ਹੋਵੇ। ਜੇ ਕਿਸੇ
ਵਿਵਾਦੀ ਵਿਸ਼ੇ ਬਾਰੇ ਇਕ ਤੋਂ ਵੱਧ ਨਜ਼ਰੀਏ ਹੋਣ ਤਾਂ ਲਿਖਤ ਵਿੱਚ ਇਹ ਜ਼ਿਕਰ ਹੋਣਾ
ਚਾਹੀਦਾ ਹੈ ਕਿ ਉਸ ਵਿਸ਼ੇ ਬਾਰੇ ਵੱਖ ਵੱਖ ਨਜ਼ਰੀਏ ਮੌਜੂਦ ਹਨ। ਪੁਸ਼ਟੀ ਕਰਨ ਯੋਗ
ਸ੍ਰੋਤਾਂ ਤੋਂ ਭਾਵ ਹੈ ਕਿ ਲਿਖਤ ਪਹਿਲਾਂ ਹੀ ਛਪ ਚੁੱਕੇ ਅਤੇ ਭਰੋਸੇਯੋਗ ਸ੍ਰੋਤਾਂ
‘ਤੇ ਆਧਾਰਤ ਹੋਵੇ ਤਾਂ ਕਿ ਪਾਠਕ ਦੇਖ ਸਕਣ ਕਿ ਲਿਖਤ ਵਿਚਲੀ ਜਾਣਕਾਰੀ ਦਾ ਆਧਾਰ ਕੀ
ਹੈ। ਲਿਖਤ ਦੇ ਮੌਲਿਕ ਨਾ ਹੋਣ ਦਾ ਨਿਯਮ ਇਹ ਪੱਕਾ ਕਰਨ ਲਈ ਬਣਾਇਆ ਗਿਆ ਹੈ ਕਿ ਲਿਖਤ
ਪਹਿਲਾਂ ਪ੍ਰਮਾਣਿਕ ਹੋ ਚੁੱਕੀ ਖੋਜ ਅਤੇ ਗਿਆਨ ‘ਤੇ ਆਧਾਰ ਉੱਤੇ ਹੋਣੀ ਚਾਹੀਦੀ ਹੈ
ਅਤੇ ਇਸ ਵਿੱਚ ਕੋਈ ਨਵੀਂ ਰਾਇ ਜਾਂ ਵਿਸ਼ਲੇਸ਼ਣ ਨਹੀਂ ਹੋਣਾ ਚਾਹੀਦਾ। ਇਹ ਤਿੰਨੇ
ਨਿਯਮ ਰਵਾਇਤੀ ਗਿਆਨਕੋਸ਼ਾਂ ਦੇ ਨਿਯਮਾਂ ਨਾਲ ਮੇਲ ਖਾਂਦੇ ਹਨ ਅਤੇ ਲਿਖਤ ਦੀ
ਭਰੋਸੇਯੋਗਤਾ ਵਿੱਚ ਵਾਧਾ ਕਰਦੇ ਹਨ।
ਇਸ ਦੇ ਨਾਲ ਹੀ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਜਦੋਂ ਹੀ ਕੋਈ ਲਿਖਤ
ਵਿਕੀਪੀਡੀਏ ‘ਤੇ ਛਪਦੀ ਹੈ ਤਾਂ ਉਦੋਂ ਹੀ ਉਹ ਇਕੱਲੇ ਲਿਖਣ ਵਾਲੇ ਦੀ ਨਹੀਂ ਰਹਿੰਦੀ
ਸਗੋਂ ਸਾਰੇ ਲੋਕਾਂ ਦੀ ਸਾਂਝੀ ਬਣ ਜਾਂਦੀ ਹੈ। ਜੇ ਲਿਖਤ ਵਿੱਚ ਕੋਈ ਗਲਤੀ ਹੋਵੇ ਜਾਂ
ਕਮੀ ਹੋਵੇ ਤਾਂ ਵਿਕੀਪੀਡੀਏ ਲਈ ਲਿਖਣ ਵਾਲੇ ਹਜ਼ਾਰਾਂ ਐਡੀਟਰਾਂ ਕੋਲ ਉਸ ਲਿਖਤ ਨੂੰ
ਸੋਧਣ ਅਤੇ ਮੁਕੰਮਲ ਕਰਨ ਦਾ ਮੌਕਾ ਹੁੰਦਾ ਹੈ ਅਤੇ ਉਹ ਇਸ ਮੌਕੇ ਦਾ ਫਾਇਦੇ ਉਠਾਉਂਦੇ
ਹਨ ਅਤੇ ਲਿਖਤ ਨੂੰ ਦਰੁੱਸਤ ਅਤੇ ਮੁਕੰਮਲ ਬਣਾਉਂਦੇ ਹਨ। ਇਸ ਤਰ੍ਹਾਂ ਵਿਕੀਪੀਡੀਏ
‘ਤੇ ਲਿਖਤ ਛਪਣ ਅਤੇ ਉਸ ਵਿੱਚ ਸੋਧ ਕਰਨ ਦਾ ਅਮਲ ਵੀ ਵਿਕੀਪੀਡੀਏ ਦੀਆਂ ਲਿਖਤਾਂ ਦੀ
ਭਰੋਸੇਯੋਗਤਾ ਵਿੱਚ ਵਾਧਾ ਕਰਦਾ ਹੈ।
ਵਿਕੀਪੀਡੀਏ ਦੀ ਸਮੱਗਰੀ ਦੀ ਦਰੁੱਸਤੀ ਬਾਰੇ ਕੀਤੇ ਅਧਿਅਨ ਵੀ ਇਸ ਗੱਲ ਦੀ
ਪੁਸ਼ਟੀ ਕਰਦੇ ਹਨ। ਉਦਾਹਰਨ ਲਈ ਅੰਤਰਰਾਸ਼ਟਰੀ ਪੱਧਰ ‘ਤੇ ਜਾਣੇ ਜਾਂਦੇ ਸਾਇੰਸ ਦੇ
ਜਰਨਲ ਨੇਚਰ ਨੇ ਦਸੰਬਰ 2005 ਵਿੱਚ ਵਿਕੀਪੀਡੀਏ ਅਤੇ ਇਨਸਾਇਕਲੋਪੀਡੀਆ ਬ੍ਰਿਟੈਨਕਾ
ਵਿੱਚ ਛਪੀ ਸਮੱਗਰੀ ਦੀ ਤੁਲਨਾ ਕਰਨ ਲਈ ਕੀਤੇ ਇਕ ਅਧਿਐਨ ਦੇ ਆਧਾਰ ‘ਤੇ ਇਹ ਨਤੀਜਾ
ਕੱਢਿਆ ਸੀ ਕਿ ਵਿਕੀਪੀਡੀਏ ਵਿੱਚਲੀ ਜਾਣਕਾਰੀ ਉਨੀ ਹੀ ਦਰੁੱਸਤ ਹੈ ਜਿੰਨੀ
ਇਨਸਾਈਕਲੋਪੀਡੀਆ ਬ੍ਰਿਟੈਨਿਕਾ ਵਿੱਚ ਛਪੀ ਸਮੱਗਰੀ। ਸਮੁੱਚੇ ਰੂਪ ਵਿੱਚ ਦੋਹਾਂ
ਗਿਆਨਕੋਸ਼ਾਂ ਵਿੱਚ ਛਪੀ ਸਮੱਗਰੀ ਦਰੁੱਸਤ ਸੀ ਬੇਸ਼ੱਕ ਦੋਵੇਂ ਗਿਆਨਕੋਸ਼ਾਂ ਵਿੱਚ
ਕੁੱਝ ਗਲਤੀਆਂ ਵੀ ਸਨ। ਬ੍ਰਿਟੈਨਿਕਾ ਵਿੱਚ ਇਕ ਆਰਟੀਕਲ ਮਗਰ ਗਲਤੀਆਂ ਦੀ ਦਰ 2.92
ਸੀ ਜਦੋਂ ਕਿ ਵਿਕੀਪੀਡੀਆ ਵਿੱਚ ਇਹ ਦਰ 3.86 ਸੀ।[22]
ਵਿਕੀਪੀਡੀਆ ਫਾਊਂਡੇਸ਼ਨ ਵਲੋਂ ਵਿਕੀਪੀਡੀਏ ਉਤਲੀ ਸਮੱਗਰੀ ਨੂੰ ਹੋਰ ਦਰੁੱਸਤ ਅਤੇ
ਭਰੋਸੇਯੋਗ ਬਣਾਉਣ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ। ਇਹਨਾਂ ਯਤਨਾਂ
ਵਿੱਚੋਂ ਇਕ ਹੈ ਵਿਦਵਾਨਾਂ, ਬੁੱਧੀਜੀਵੀਆਂ, ਮਾਹਰਾਂ, ਵਿਗਿਆਨੀਆਂ ਆਦਿ ਨੂੰ
ਵਿਕੀਪੀਡੀਏ ਲਈ ਲਿਖਣ ਲਈ ਪ੍ਰੇਰਿਤ ਕਰਨਾ। ਅਜਿਹਾ ਕਰਨ ਲਈ ਵਿਕੀਪੀਡੀਆ ਫਾਊਂਡੇਸ਼ਨ
ਵਲੋਂ ਵਿਕੀਪੀਡੀਏ ਲਈ ਨਵੇਂ ਆਰਟੀਕਲ ਲਿਖਣ ਜਾਂ ਪਹਿਲਾਂ ਲਿਖੇ ਆਰਟੀਕਲਾਂ ਵਿੱਚ ਸੋਧ
ਕਰਨ ਲਈ ਹਿੱਸਾ ਪਾਉਣ ਲਈ ਵੱਖ ਵੱਖ ਖੇਤਰਾਂ ਅਤੇ ਸੰਸਥਾਂਵਾਂ ਵਿੱਚ ਕੰਮ ਕਰਦੇ
ਮਾਹਰਾਂ ਤੱਕ ਪਹੁੰਚ ਕਰਨ ਦੇ ਯਤਨ ਕੀਤੇ ਜਾ ਰਹੇ ਹਨ।[23] ਇਹਨਾਂ ਯਤਨਾਂ ਅਤੇ
ਵਿਕੀਪੀਡੀਏ ਦੀ ਆਮ ਲੋਕਪ੍ਰੀਅਤਾ ਨੂੰ ਦੇਖਦਿਆਂ ਕੁੱਝ ਹੱਦ ਤੱਕ ਵੱਖ ਵੱਖ ਵਿਸ਼ਿਆਂ
ਦੇ ਮਾਹਰ ਵਿਕੀਪੀਡੀਏ ਲਈ ਲਿਖਣ ਜਾਂ ਪਹਿਲੇ ਲਿਖੇ ਆਰਟੀਕਲਾਂ ਨੂੰ ਸੋਧਣ ਵਿੱਚ
ਦਿਲਚਸਪੀ ਲੈਣ ਲੱਗੇ ਹਨ। ਪਿਛਲੇ ਸਾਲਾਂ ਦੌਰਾਨ ਕਈ ਅਜਾਇਬ ਘਰਾਂ, ਕਲਾ ਸੰਸਥਾਂਵਾਂ,
ਲਾਇਬ੍ਰੇਰੀਆਂ, ਬੁੱਧੀਜੀਵੀਆਂ ਦੀਆਂ ਸੰਸਥਾਂਵਾਂ, ਯੂਨੀਵਰਸਿਟੀਆਂ, ਕਾਲਜਾਂ ਆਦਿ
ਵਲੋਂ ਵਿਕੀਪੀਡੀਏ ਲਈ ਆਰਟੀਕਲ ਲਿਖਣ ਲਈ ਸਮਾਗਮ (ਐਡਿਟ-ਏ- ਥੋਨਜ਼) ਕਰਵਾਏ ਜਾ ਰਹੇ
ਹਨ। ਕਈ ਵਿਦਿਅਕ ਸੰਸਥਾਂਵਾਂ ਵਲੋਂ ਵਿਕੀਪੀਡੀਏ ਲਈ ਆਰਟੀਕਲ ਲਿਖਣ ਦੇ ਕਾਰਜ ਨੂੰ
ਪਾਠਕ੍ਰਮ ਦਾ ਹਿੱਸਾ ਬਣਾਇਆ ਜਾ ਰਿਹਾ ਹੈ। ਉਦਾਹਰਨ ਲਈ, ਅਮਰੀਕਨ ਯੂਨੀਵਰਸਿਟੀ ਵਿਖੇ
“ਵਿਕੀਪੀਡੀਆ ਅਤੇ ਪਬਲਿਕ ਨਾਲਜ” ਨਾਂ ਦਾ ਪੱਤਰਕਾਰੀ ਨਾਲ ਸੰਬੰਧਤ ਕੋਰਸ ਸ਼ੁਰੂ
ਕੀਤਾ ਗਿਆ ਸੀ। ਯੂਨੀਵਰਸਿਟੀ ਵਲੋਂ ਇਹ ਕੋਰਸ ਨੈਸ਼ਨਲ ਆਰਕਾਈਵਜ਼ ਅਤੇ ਨੈਸ਼ਨਲ
ਮਿਊਜਿ਼ਅਮ ਆਫ ਅਮਰੀਕਨ ਇੰਡੀਅਨ ਵਰਗੀਆਂ ਸੰਸਥਾਵਾਂ ਨਾਲ ਮਿਲ ਕੇ ਚਲਾਇਆ ਗਿਆ ਸੀ।
ਇਸ ਕੋਰਸ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦਾ ਕੰਮ ਆਪਣੇ ਪ੍ਰੋਫੈਸਰ ਦੀ
ਨਿਗਰਾਨੀ ਹੇਠ ਨੈਸ਼ਨਲ ਆਰਕਾਈਵਜ਼, ਨੈਸ਼ਨਲ ਮਿਊਜਿ਼ਅਮ ਆਫ ਅਮਰੀਕਨ ਇੰਡੀਅਨ ਵਰਗੀਆਂ
ਸੰਸਥਾਵਾਂ ਵਿੱਚ ਮੌਜੂਦ ਜਾਣਕਾਰੀ ਦੇ ਆਧਾਰ ‘ਤੇ ਵਿਕੀਪੀਡੀਏ ਲਈ ਨਵੇਂ ਆਰਟੀਕਲ
ਲਿਖਣਾ ਜਾਂ ਪਹਿਲਾਂ ਲਿਖੇ ਗਏ ਆਰਟੀਕਲਾਂ ਵਿੱਚ ਸੋਧ ਕਰਨਾ ਅਤੇ ਦਸਤਾਵੇਜ਼ਾਂ ਜਾਂ
ਤਸਵੀਰਾਂ ਨੂੰ ਸਕੈਨ ਕਰਕੇ ਵਿਕੀਪੀਡੀਏ ‘ਤੇ ਪਾਉਣਾ ਅਤੇ ਉਹਨਾਂ ਬਾਰੇ ਵੇਰਵਾ ਲਿਖਣਾ
ਸੀ।[24] ਇਸ ਹੀ ਤਰ੍ਹਾਂ ਸੰਨ 2013 ਵਿੱਚ ਸਾਨਫਰਾਂਸਿਸਕੋ ਦੀ ਯੂਨੀਵਰਸਟੀ ਆਫ
ਕੈਲੇਫੋਰਨੀਆ ਦੇ ਮੈਡੀਕਲ ਸਕੂਲ ਨੇ ਇਕ ਕਲਾਸ ਸ਼ੁਰੂ ਕੀਤੀ ਸੀ ਜਿਸ ਵਿੱਚ ਮੈਡੀਕਲ
ਸਕੂਲ ਦੇ ਚੌਥੇ ਸਾਲ ਦੇ ਵਿਦਿਆਰਥੀ ਵਿਕੀਪੀਡੀਏ ਲਈ ਲਿਖ ਕੇ ਆਪਣੀ ਪੜ੍ਹਾਈ ਲਈ
ਕਰੈਡਿਟ ਲੈ ਸਕਦੇ ਸੀ। ਇਸ ਕੋਰਸ ਵਿੱਚ ਸ਼ਾਮਲ ਵਿਦਿਆਰਥੀਆਂ ਦਾ ਕੰਮ, ਆਰਟੀਕਲ
ਲਿਖਣਾ, ਆਰਟੀਕਲਾਂ ਨੂੰ ਸੋਧਣਾ, ਤਸਵੀਰਾਂ ਪਾਉਣਾ, ਨਵੀਂਆਂ ਕੀਤੀਆਂ ਸੋਧਾਂ ‘ਤੇ
ਨਜ਼ਰਸਾਨੀ ਕਰਨਾ, ਲਿਖੇ ਗਏ ਉਹਨਾਂ ਬਿਆਨਾਂ ਲਈ ਹਵਾਲੇ ਦੇਣਾ ਜਿਹਨਾਂ ਬਿਆਨਾਂ ਲਈ
ਹਵਾਲੇ ਨਹੀਂ ਦਿੱਤੇ ਗਏ ਸਨ ਪਰ ਦੇਣ ਦੀ ਲੋੜ ਸੀ ਅਤੇ ਲਿਖੀਆਂ ਲਿਖਤਾਂ ਲਈ ‘ਪੀਅਰ
ਰਿਵੀਊ’ ਪ੍ਰਦਾਨ ਕਰਨਾ ਸੀ। ਇਸ ਕਲਾਸ ਦੇ ਪ੍ਰੋਫੈਸਰ ਅਮੀਨ ਅਜ਼ਾਮ ਦਾ ਕਹਿਣਾ ਸੀ,
“ਵਿਕੀਪੀਡੀਏ ‘ਤੇ ਹਰ ਮਹੀਨੇ 5 ਕ੍ਰੋੜ 30 ਲੱਖ (53 ਮਿਲੀਅਨ) ਵਾਰ ਮੈਡੀਕਲ ਨਾਲ
ਸੰਬੰਧਤ ਆਰਟੀਕਲ ਦੇਖੇ ਜਾਂਦੇ ਹਨ ਅਤੇ ਜੂਨੀਅਰ ਡਾਕਟਰਾਂ ਵਲੋਂ ਵਰਤੇ ਜਾਣ ਵਾਲੇ
ਜਾਣਕਾਰੀ ਦੇ ਸ੍ਰੋਤ ਦੇ ਤੌਰ ‘ਤੇ (ਵਿਕੀਪੀਡੀਆ) ਗੂਗਲ ਤੋਂ ਬਾਅਦ ਦੂਜੇ ਨੰਬਰ ‘ਤੇ
ਆਉਂਦਾ ਹੈ। ਅਸੀਂ ਸੰਸਾਰ ਭਰ ਵਿੱਚ ਮਰੀਜ਼ਾਂ ਅਤੇ ਸਿਹਤ ਸੰਭਾਲ ਦੇਣ ਵਾਲਿਆਂ ਨੂੰ
ਸਿੱਖਿਅਤ ਕਰਨ ਲਈ ਵਿਕੀਪੀਡੀਏ ਦੇ ਪ੍ਰਭਾਵ ਨੂੰ ਮੰਨਦੇ ਹਾਂ ਅਤੇ ਚਾਹੁੰਦੇ ਹਾਂ ਕਿ
(ਵਿਕੀਪੀਡੀਆ) ਵਰਤਣ ਵਾਲਿਆਂ ਨੂੰ ਜਨਤਕ ਪੱਧਰ ‘ਤੇ ਉਪਲਬਧ ਵੱਧ ਤੋਂ ਵੱਧ ਸਹੀ
ਜਾਣਕਾਰੀ ਪ੍ਰਾਪਤ ਹੋਵੇ।” [25]
ਕਿਉਂਕਿ ਵਿਕੀਪੀਡੀਏ ਦੀ ਜਾਣਕਾਰੀ ਵਿੱਚ ਕੋਈ ਵੀ ਵਿਅਕਤੀ ਬਹੁਤ ਹੀ ਅਸਾਨੀ ਨਾਲ
ਤਬਦੀਲੀ ਕਰ ਸਕਦਾ ਹੈ, ਇਸ ਲਈ ਵਿਕੀਪੀਡੀਏ ਨੂੰ ਜਿਸ ਇਕ ਹੋਰ ਵੱਡੇ ਸਵਾਲ ਜਾਂ
ਚੁਣੌਤੀ ਦਾ ਸਾਹਮਣਾ ਕਰਨਾ ਪਿਆ, ਉਹ ਹੈ ਇਸ ਉੱਪਰਲੀ ਸਮੱਗਰੀ ਵਿੱਚ ਕਿਸੇ ਵਲੋਂ
ਜਾਣਬੁੱਝ ਕੇ ਗਲਤ ਜਾਣਕਾਰੀ ਪਾਉਣਾ ਜਾਂ ਇਸ ਉੱਪਰਲੀ ਜਾਣਕਾਰੀ ਨੂੰ ਜਾਣਬੁੱਝ ਕੇ
ਗਲਤ ਢੰਗ ਨਾਲ ਤੋੜਨਾ ਮਰੋੜਨਾ। ਇਸ ਕਾਰਜ ਵਿੱਚ ਕੋਈ ਛੋਟੀ-ਮੋਟੀ ਗਲਤ ਬਿਆਨੀ ਵੀ ਹੋ
ਸਕਦੀ ਹੈ ਜਾਂ ਤੱਥਾਂ ਨਾਲ ਛੇੜਖਾਨੀ ਕਾਰਨ ਕੋਈ ਮਹਾਂ-ਗਲਤੀ ਵੀ ਹੋ ਸਕਦੀ ਹੈ।
ਉਦਾਹਰਨ ਲਈ ਕੋਈ ਵੀ ਵਿਅਕਤੀ ਵਿਕੀਪੀਡੀਏ ਵਿੱਚਲੀ ਜਾਣਕਾਰੀ ਵਿੱਚ ਕੋਈ ਅਸ਼ਲੀਲ ਜਾਂ
ਗਲਤ ਸ਼ਬਦ ਪਾ ਸਕਦਾ ਹੈ, ਵਿਕੀਪੀਡੀਏ ਵਿੱਚ ਛਪੀ ਕਿਸੇ ਤਰੀਕ ਵਿੱਚ ਤਬਦੀਲੀ ਕਰ
ਸਕਦਾ ਹੈ ਜਾਂ ਕਿਸੇ ਮਸ਼ਹੂਰ ਹਸਤੀ ਦੇ ਜੀਵਨ ਵੇਰਵੇ ਵਿੱਚ ਅਜਿਹੀ ਜਾਣਕਾਰੀ ਦਰਜ ਕਰ
ਸਕਦਾ ਹੈ ਜੋ ਲਿਖਤ ਨੂੰ ਮਾਣ-ਹਾਨੀ ਦੇ ਘੇਰੇ ਵਿੱਚ ਲੈ ਆਵੇ। ਸੰਨ 2005 ਵਿੱਚ
ਵਿਕੀਪੀਡੀਏ ਵਿਚਲੀ ਜਾਣਕਾਰੀ ਦੀ ਦਰੁੱਸਤੀ ਬਾਰੇ ਉਸ ਸਮੇਂ ਵੱਡਾ ਹੰਗਾਮਾ ਖੜ੍ਹਾ ਹੋ
ਗਿਆ ਸੀ ਜਦੋਂ ਅਮਰੀਕਾ ਦੇ ਮਸ਼ਹੂਰ ਪੱਤਰਕਾਰ ਜੌਹਨ ਸੇਜਨਹਾਲਰ ਨੇ 29 ਨਵੰਬਰ ਨੂੰ
ਇਕ ਆਰਟੀਕਲ ਵਿੱਚ ਇਹ ਪ੍ਰਗਟਾਵਾ ਕੀਤਾ ਸੀ ਕਿ ਵਿਕੀਪੀਡੀਏ ਵਿੱਚ ਛਪੇ ਉਸ ਦੇ ਜੀਵਨ
ਬਿਉਰੇ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਕੁਝ ਸਮੇਂ ਲਈ ਉਸ ਉੱਤੇ ਪ੍ਰੈਜ਼ੀਡੈਂਟ
ਜੌਹਨ ਐਫ ਕੈਨੇਡੀ ਅਤੇ ਬਾਬ ਕੈਨੇਡੀ ਦੇ ਕਤਲ ਵਿੱਚ ਸ਼ਾਮਲ ਹੋਣ ਦਾ ਸ਼ੱਕ ਕੀਤਾ
ਜਾਂਦਾ ਰਿਹਾ ਸੀ। ਸੇਜਨਹਾਲਰ ਬਾਰੇ ਇਹ ਜਾਣਕਾਰੀ ਵਿਕੀਪੀਡੀਏ ਉੱਪਰ 132 ਦਿਨ ਰਹੀ।
ਅਸਲੀਅਤ ਵਿੱਚ ਇਹ ਗੱਲ ਸਚਾਈ ਤੋਂ ਕੋਹਾਂ ਦੂਰ ਸੀ।[26] ਇਹ ਗੱਲ ਸਾਹਮਣੇ ਆਉਣ ਨਾਲ
ਵਿਕੀਪੀਡੀਏ ਦੀ ਸ਼ਾਖ ਨੂੰ ਕਾਫੀ ਧੱਕਾ ਲੱਗਾ ਸੀ।
ਵਿਕੀਪੀਡੀਏ ‘ਤੇ ਅਜਿਹੀਆਂ ਘਟਨਾਵਾਂ ਹੋਈਆਂ ਹਨ ਅਤੇ ਅਜਿਹੀਆਂ ਘਟਨਾਵਾਂ ਹੋਣ ਦੀ
ਸੰਭਾਵਨਾ ਸਦਾ ਬਣੀ ਰਹੇਗੀ। ਪਰ ਵਿਕੀਪੀਡੀਏ ‘ਤੇ ਜਾਣਕਾਰੀ ਪਾਉਣ ਦਾ ਅਮਲ, ਇਸ ਦੀ
ਤਕਨੀਕ, ਵਿਕੀਪੀਡੀਏ ਵਲੋਂ ਜਾਣਕਾਰੀ ਦੀ ਅਜਿਹੀ ਤੋੜ-ਮਰੋੜ ਨੂੰ ਰੋਕਣ ਲਈ ਚੁੱਕੇ ਗਏ
ਕਦਮ ਇਸ ਤਰ੍ਹਾ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਫਲਤਾ ਨਾਲ ਕੰਮ ਕਰ ਰਹੇ ਹਨ। ਇੱਥੇ
ਅਸੀਂ ਇਨ੍ਹਾਂ ਵਿੱਚੋਂ ਕੁਝ ਇਕ ਦਾ ਜਿ਼ਕਰ ਕਰਾਂਗੇ। ਸਭ ਤੋਂ ਪਹਿਲੀ ਗੱਲ ਤਾਂ ਇਹ
ਹੈ ਕਿ ਜਦੋਂ ਕੋਈ ਜਾਣਕਾਰੀ ਜਾਂ ਆਰਟੀਕਲ ਵਿਕੀਪੀਡੀਏ ‘ਤੇ ਪੈਂਦੀ ਹੈ ਤਾਂ ਇਹ ਉਸ
ਹੀ ਵਕਤ ਸਾਰੇ ਲੋਕਾਂ ਦੀ ਸਾਂਝੀ ਲਿਖਤ ਬਣ ਜਾਂਦੀ ਹੈ। ਜਿੱਥੇ ਇਹ ਗੱਲ ਸੱਚ ਹੈ ਕਿ
ਵਿਕੀਪੀਡੀਏ ਦੀ ਜਾਣਕਾਰੀ ਵਿੱਚ ਸ਼ਰਾਰਤ ਨਾਲ ਤੋੜ ਮਰੋੜ ਕਰਨ ਵਾਲੇ ਕੁਝ ਕੁ ਲੋਕ
ਮੌਜੂਦ ਹਨ, ਉੱਥੇ ਇਹ ਵੀ ਸੱਚ ਹੈ ਕਿ ਵਿਕੀਪੀਡੀਏ ‘ਤੇ ਛਪੀ ਜਾਣਕਾਰੀ ਦੀ ਸੁਰੱਖਿਆ
ਕਰਨ ਵਾਲੇ ਵੀ ਹਜ਼ਾਰਾਂ ਵਾਲੰਟੀਅਰ ਮੌਜੂਦ ਹਨ। ਉਹ ਵਿਕੀਪੀਡੀਏ ‘ਤੇ ਛਪੀ ਜਾਣਕਾਰੀ
‘ਤੇ ਲਗਾਤਾਰ ਨਿਗ੍ਹਾ ਰੱਖਦੇ ਹਨ ਅਤੇ ਜਾਣਕਾਰੀ ਵਿੱਚ ਕੀਤੀ ਗਈ ਤੋੜ-ਮਰੋੜ ਨੂੰ
ਦਰੁੱਸਤ ਕਰਦੇ ਰਹਿੰਦੇ ਹਨ। ਵਿਕੀਪੀਡੀਏ ‘ਤੇ ਕਿਸੇ ਵੀ ਜਾਣਕਾਰੀ ਨੂੰ ਮੇਟਣ ਵਾਲਾ
“ਅਨ-ਡੂ” ਨਾਮੀ ਬਟਨ, ਉਹਨਾਂ ਦੀ ਅਜਿਹਾ ਕਰਨ ਵਿੱਚ ਮਦਦ ਕਰਦਾ ਹੈ। ਕੰਪਿਊਟਰ ਦੇ
ਮਾਊਸ ਨਾਲ ਇਸ ਬਟਨ ‘ਤੇ ਮਾਰਿਆ ਗਿਆ ਇਕ ਕਲਿੱਕ, ਉਸ ਜਾਣਕਾਰੀ ਨੂੰ ਮੇਟ ਕੇ ਉਹਦੀ
ਥਾਂ ਉਸ ਤੋਂ ਪਹਿਲਾਂ ਵਾਲੀ ਜਾਣਕਾਰੀ ਬਹਾਲ ਕਰ ਦਿੰਦਾ ਹੈ। ਇਸ ਸੰਬੰਧ ਵਿੱਚ
ਐਂਡਰਿਊ ਲੀਹ ਦੀ ਕਿਤਾਬ, “ਵਿਕੀਪੀਡੀਆ ਰੈਵੂਲੂਸ਼ਨ” ਵਿੱਚੋਂ ਇਕ ਉਦਾਹਰਨ ਪੇਸ਼ ਹੈ।
31 ਜੁਲਾਈ 2006 ਨੂੰ ਅਮਰੀਕਾ ਦੇ ਇਕ ਕਾਮੇਡੀ ਸ਼ੋਅ ਦੇ ਹੋਸਟ ਸਟੀਫਨ ਕੋਲਬਰਟ ਨੇ
ਆਪਣੇ ਸ਼ੋਅ ਵਿੱਚ ਆਪਣੇ ਦਰਸ਼ਕਾਂ ਨੂੰ ਸੁਝਾਅ ਦਿੱਤਾ ਸੀ ਕਿ ਉਹ ਵਿਕੀਪੀਡੀਏ ‘ਤੇ
ਹਾਥੀਆਂ ਬਾਰੇ ਜਾਣਕਾਰੀ ਦਿੰਦੇ ਸਫੇ “ਐਲੀਫੈਂਟ” ‘ਤੇ ਜਾਣ ਅਤੇ ਉਸ ਵਿੱਚ ਇਹ ਗਲਤ
ਜਾਣਕਾਰੀ ਪਾਉਣ ਕਿ ਪਿਛਲੇ 6 ਮਹੀਨਿਆਂ ਵਿੱਚ ਹਾਥੀਆਂ ਦੀ ਅਬਾਦੀ ਵਿੱਚ ਤਿੰਨ ਗੁਣਾਂ
ਵਾਧਾ ਹੋਇਆ ਹੈ। ਕੋਲਬਰਟ ਦਾ ਸ਼ੋਅ ਰਾਤ ਦੇ ਸਾਢੇ ਗਿਆਰਾਂ ਵਜੇ ਬ੍ਰਾਡਕਾਸਟ ਹੁੰਦਾ
ਹੈ। ਗਿਆਰਾਂ ਵੱਜ ਕੇ ਉਨਤਾਲੀ ਮਿੰਟ ‘ਤੇ ਇਕ ਵਿਅਕਤੀ ਵਿਕੀਪੀਡੀਏ ‘ਤੇ ਇਹ ਜਾਣਕਾਰੀ
ਪਾਉਣ ਵਿੱਚ ਕਾਮਯਾਬ ਹੋ ਗਿਆ। ਗਿਆਰਾਂ ਵੱਜ ਕੇ ਚਾਲੀ ਮਿਨਟ ‘ਤੇ ਇਕ ਹੋਰ ਵਿਅਕਤੀ
ਨੇ ਇਹ ਜਾਣਕਾਰੀ ਦਰੁੱਸਤ ਕਰ ਦਿੱਤੀ ਅਤੇ ਵਿਕੀਪੀਡੀਏ ਦੇ ਕਿਸੇ ਐਡਮਿਨਸਟ੍ਰੇਟਰ ਨੇ
ਸਫੇ ਨੂੰ ‘ਲਾਕ’ ਕਰ ਦਿੱਤਾ ਤਾਂ ਕਿ ਉਸ ਵਿੱਚ ਹੋਰ ਤਬਦੀਲੀ ਨਾ ਕੀਤੀ ਜਾ ਸਕੇ।[27]
ਵਿਕੀਪੀਡੀਏ ਦੇ ਆਪਣੇ ਅੰਕੜਿਆਂ ਅਨੁਸਾਰ ਇਸ ‘ਤੇ ਇਕ ਸਕਿੰਟ ਵਿੱਚ 10 ਜਾਂ ਇਕ
ਮਿੰਟ ਵਿੱਚ 600 ਸੋਧਾਂ ਹੁੰਦੀਆਂ ਹਨ।[28] ਤੇਜ਼ੀ ਨਾਲ ਹੋ ਰਹੀਆਂ ਇਹਨਾਂ ਸੋਧਾਂ
‘ਤੇ ਹਜ਼ਾਰਾਂ ਐਡੀਟਰਾਂ ਵਲੋਂ ਨਿੱਜੀ ਤੌਰ ‘ਤੇ ਨਿਗ੍ਹਾ ਰੱਖਣਾ ਜੇ ਅਸੰਭਵ ਨਹੀਂ
ਤਾਂ ਮੁਸ਼ਕਿਲ ਜ਼ਰੂਰ ਹੈ। ਇਸ ਸਮੱਸਿਆ ਨਾਲ ਨਿਪਟਣ ਲਈ ਕੰਪਿਊਟਰ ਸਾਫਟਵੇਅਰ ਦਾ
ਗਿਆਨ ਰੱਖਣ ਵਾਲੇ ਕੁਝ ਐਡੀਟਰਾਂ ਨੇ ਅਜਿਹੇ ਸੌਫਟਵੇਅਰ ਪ੍ਰੋਗਰਾਮ ਤਿਆਰ ਕੀਤੇ ਹਨ
ਜਿਹੜੇ ਆਪਣੇ ਆਪ ਵਿਕੀਪੀਡੀਏ ‘ਤੇ ਪਈ ਜਾਣਕਾਰੀ ਦੀ ਨਿਗਰਾਨੀ ਕਰਦੇ ਰਹਿੰਦੇ ਹਨ ਅਤੇ
ਸ਼ਰਾਰਤੀ ਅਨਸਰਾਂ ਵਲੋਂ ਇਸ ਜਾਣਕਾਰੀ ਨਾਲ ਕੀਤੀ ਛੇੜਛਾੜ ਨੂੰ ਦਰੁੱਸਤ ਕਰਦੇ
ਰਹਿੰਦੇ ਹਨ। ਇਹ ਸੌਫਟਵੇਅਰ ਪ੍ਰੋਗਰਾਮ ਰੌਬੌਟਾਂ ਵਾਂਗ ਕੰਮ ਕਰਦੇ ਹਨ, ਇਸ ਲਈ
ਇਹਨਾਂ ਨੂੰ “ਬੌਟਸ” ਕਿਹਾ ਜਾਂਦਾ ਹੈ। ਇਕ ਅੰਦਾਜ਼ੇ ਅਨੁਸਾਰ ‘ਬੌਟਸ’ 50 ਫੀਸਦੀ
ਤੋਂ ਵੱਧ ਗਲਤੀਆਂ ਫੜ੍ਹਨ ਵਿੱਚ ਕਾਮਯਾਬ ਹੋਏ ਹਨ।[29]
ਇਸ ਦੇ ਨਾਲ ਨਾਲ ਵਿਕੀਪੀਡੀਏ ਦਾ ਸੌਫਟਵੇਅਰ ਇਸ ਗੱਲ ਦੀ ਇਜਾਜ਼ਤ ਵੀ ਦਿੰਦਾ ਹੈ
ਕਿ ਜੇ ਲੋੜ ਜਾਪੇ ਤਾਂ ਵਿਕੀਪੀਡੀਏ ਦੇ ਸਫਿਆਂ ਨੂੰ ਲਾਕ ਕੀਤਾ ਜਾ ਸਕਦਾ ਹੈ ਤਾਂ ਕਿ
ਉਹਨਾਂ ਵਿੱਚ ਹੋਰ ਜਾਣਕਾਰੀ ਨਾ ਪਾਈ ਜਾ ਸਕੇ। ਇਸ ਤਕਨੀਕ ਨੂੰ ਵਰਤਕੇ ਵਿਕੀਪੀਡੀਏ
ਦੇ ਐਡਮਿਨਸਟ੍ਰੇਟਰ ਉਨ੍ਹਾਂ ਸਫਿਆਂ ਨੂੰ ਲਾਕ ਕਰ ਦਿੰਦੇ ਹਨ, ਜਿਨ੍ਹਾਂ ਸਫਿਆਂ ਵਿੱਚ
ਜਾਣਕਾਰੀ ਨਾਲ ਗਲਤ ਛੇੜਛਾੜ ਕਰਨ ਦੀਆਂ ਗਤੀਵਿਧੀਆਂ ਦਾ ਖਤਰਾ ਹੋਵੇ। ਵਿਕੀਪੀਡੀਏ ਦੇ
ਐਡਮਿਨਸਟ੍ਰੇਟਰਾਂ ਕੋਲ ਇਹ ਤਾਕਤ ਵੀ ਹੁੰਦੀ ਹੈ ਕਿ ਉਹ ਉਹਨਾਂ ਐਡੀਟਰਾਂ ਜਾਂ
ਵਰਤੋਂਕਾਰਾਂ ਨੂੰ ਕੁਝ ਘੰਟਿਆਂ, ਕੁਝ ਦਿਨਾਂ, ਕੁਝ ਹਫਤਿਆਂ ਜਾਂ ਸਦਾ ਲਈ ਬੈਨ ਕਰ
ਸਕਦੇ ਹਨ ਜਿਹੜੇ ਵਿਕੀਪੀਡੀਏ ਦੀ ਜਾਣਕਾਰੀ ਨਾਲ ਗਲਤ ਛੇੜਛਾੜ ਕਰ ਰਹੇ ਹੋਣ।
ਵਿਕੀਪੀਡੀਏ ਵਲੋਂ ਚੁੱਕੇ ਗਏ ਇਸ ਤਰ੍ਹਾਂ ਦੇ ਕਦਮ ਵਿਕੀਪੀਡੀਏ ਉੱਤੇ ਜਾਣਕਾਰੀ
ਨਾਲ ਜਾਣਬੁੱਝ ਕੇ ਕੀਤੀ ਜਾਣ ਵਾਲੀ ਗਲਤ ਛੇੜਛਾੜ ਦੀ ਸਮੱਸਿਆ ਨੂੰ ਰੋਕਣ ਵਿੱਚ
ਕਾਮਯਾਬ ਹੋਏ ਹਨ। ਇਸ ਸੰਬੰਧ ਵਿੱਚ ਅਸੀਂ ਉੱਪਰ ਬਿਆਨੀ ਗੱਲ ਇਕ ਵਾਰ ਫਿਰ ਦੁਹਰਾਉਣਾ
ਚਾਹਾਂਗੇ ਕਿ ਜੇ ਦੁਨੀਆ ਵਿੱਚ ਕੁਝ ਕੁ ਅਜਿਹੇ ਲੋਕ ਮੌਜੂਦ ਹਨ ਜੋ ਜਾਣਬੁੱਝ ਕੇ
ਵਿਕੀਪੀਡੀਏ ਦੀ ਜਾਣਕਾਰੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹਨਾਂ
ਲੋਕਾਂ ਨਾਲੋਂ ਕਈ ਗੁਣਾਂ ਜ਼ਿਆਦਾ ਅਜਿਹੇ ਲੋਕ ਹਨ ਜੋ ਵਿਕੀਪੀਡੀਏ ਉਪਰਲੀ ਜਾਣਕਾਰੀ
ਦੀ ਸੁਰੱਖਿਆ ਕਰਨ ਲਈ ਆਪਣਾ ਸਮਾਂ ਲਾਉਣ ਲਈ ਤਿਆਰ ਹਨ ਅਤੇ ਆਪਣੇ ਕੀਤੇ ਕੰਮ ਉੱਤੇ
ਮਾਣ ਕਰਦੇ ਹਨ। ਵਿਕੀਪੀਡੀਏ ਦਾ ਪਿਛਲੇ 14 ਸਾਲਾਂ ਦਾ ਤਜਰਬਾ ਇਸ ਗੱਲ ਦੀ
ਸ਼ਕਤੀਸ਼ਾਲੀ ਢੰਗ ਨਾਲ ਪੁਸ਼ਟੀ ਕਰਦਾ ਹੈ।
ਇਕ ਹੋਰ ਵੱਡੀ ਚੁਣੌਤੀ ਜਿਸ ਦਾ ਵਿਕੀਪੀਡੀਏ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ,
ਉਹ ਹੈ ਇਸ ਲਈ ਜਾਣਕਾਰੀ ਤਿਆਰ ਕਰਨ ਵਾਲਿਆਂ ਵਿਚਲੀ ਵੰਨਸੁਵੰਨਤਾ ਦੁਨੀਆ ਦੀ ਅਸਲੀ
ਵੰਨਸੁਵੰਨਤਾ ਦੀ ਨੁਮਾਇੰਦਗੀ ਨਹੀਂ ਕਰਦੀ। ਇਸ ਦੇ ਨਤੀਜੇ ਵਜੋਂ ਵਿਕੀਪੀਡੀਏ ‘ਤੇ
ਮੌਜੂਦ ਜਾਣਕਾਰੀ ਵਿੱਚ ਕਈ ਤਰ੍ਹਾਂ ਦੀਆਂ ਅਸਮਾਨਤਾਵਾਂ ਪੈਦਾ ਹੋ ਰਹੀਆਂ ਹਨ।
ਉਦਾਹਰਨ ਲਈ ਵਿਕੀਪੀਡੀਏ ਲਈ ਜਾਣਕਾਰੀ ਤਿਆਰ ਕਰਨ ਵਾਲੇ ਐਡੀਟਰਾਂ ਵਿੱਚੋਂ 85-90
ਫੀਸਦੀ ਮਰਦ ਹਨ।[30] ਨਤੀਜੇ ਵੱਜੋਂ ਵਿਕੀਪੀਡੀਏ ਉੱਪਰਲੀ ਜਾਣਕਾਰੀ ਵਿੱਚ ਔਰਤਾਂ ਦੇ
ਪੱਖ ਤੋਂ ਕਈ ਤਰ੍ਹਾਂ ਦੀਆਂ ਕਮੀਆਂ ਦੇਖਣ ਨੂੰ ਮਿਲਦੀਆਂ ਹਨ। ਉਦਾਹਰਨ ਲਈ ਕੁੱਝ
ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਵਿਕੀਪੀਡੀਏ ‘ਤੇ ਕਲਾ, ਵਿਗਿਆਨ, ਸਾਹਿਤ ਆਦਿ
ਖੇਤਰਾਂ ਵਿੱਚ ਨਾਮਣਾ ਖੱਟ ਚੁੱਕੀਆਂ ਔਰਤਾਂ ਬਾਰੇ ਆਰਟੀਕਲਾਂ ਦੀ ਗਿਣਤੀ ਘੱਟ ਹੈ।
ਇਸ ਤਰ੍ਹਾਂ ਮਰਦਾਂ ਦੀ ਦਿਲਚਸਪੀ ਵਾਲੇ ਵਿਸ਼ਿਆਂ ਜਿਵੇਂ ਮਿਲਟਰੀ ਆਦਿ ਬਾਰੇ ਆਰਟੀਕਲ
ਜ਼ਿਆਦਾ ਮਿਲਦੇ ਹਨ ਅਤੇ ਔਰਤਾਂ ਦੀ ਦਿਲਚਸਪੀ ਵਾਲੇ ਵਿਸ਼ਿਆਂ ਜਿਵੇਂ ਟੈਕਸਟਾਇਲ ਆਰਟਸ
ਆਦਿ ਬਾਰੇ ਆਰਟੀਕਲਾਂ ਦੀ ਗਿਣਤੀ ਘੱਟ ਹੈ।[31] ਜੇ ਅਸੀਂ ਅੰਗਰੇਜ਼ੀ ਵਿਕੀਪੀਡੀਏ ਲਈ
ਲਿਖਣ ਵਾਲੇ ਐਡੀਟਰਾਂ ਦੀ ਗਿਣਤੀ ਨੂੰ ਦੁਨੀਆ ਦੇ ਭੂਗੋਲਿਕ ਖਿੱਤਿਆਂ ਦੇ ਆਧਾਰ ‘ਤੇ
ਵੰਡ ਕੇ ਦੇਖੀਏ ਤਾਂ ਵੀ ਸਾਨੂੰ ਇਸ ਵਿੱਚ ਵੱਡੀਆਂ ਅਸਮਾਨਤਵਾਂ ਨਜ਼ਰ ਆਉਂਦੀਆਂ ਹਨ।
ਉਦਾਹਰਨ ਲਈ ਅੰਗਰੇਜ਼ੀ ਵਿਕੀਪੀਡੀਏ ਦੀ 20 ਫੀਸਦੀ ਸਮੱਗਰੀ ਯੂ ਕੇ ਨਾਲ ਸੰਬੰਧਤ
ਐਡੀਟਰਾਂ ਅਤੇ 25 ਫੀਸਦੀ ਸਮੱਗਰੀ ਅਮਰੀਕਾ ਨਾਲ ਸੰਬੰਧਤ ਐਡੀਟਰਾਂ ਵਲੋਂ ਲਿਖੀ
ਜਾਂਦੀ ਹੈ।[32] ਇਸ ਤਰ੍ਹਾਂ ਦੀਆਂ ਅਸਮਾਨਤਵਾਂ ਦਾ ਹੀ ਨਤੀਜਾ ਹੈ ਕਿ ਵਿਕੀਪੀਡੀਏ
‘ਚ ਛਪੇ ਆਰਟੀਕਲਾਂ ਵਿੱਚੋਂ ਬਹੁਤ ਜ਼ਿਆਦਾ ਗਿਣਤੀ ਵਿੱਚ ਆਰਟੀਕਲ ਯੂਰਪ ਅਤੇ ਉੱਤਰੀ
ਅਮਰੀਕਾ ਬਾਰੇ ਹਨ ਅਤੇ ਅਫਰੀਕਾ, ਏਸ਼ੀਆ ਅਤੇ ਦੱਖਣੀ ਅਮਰੀਕਾ ਬਾਰੇ ਆਰਟੀਕਲਾਂ ਦੀ
ਗਿਣਤੀ ਘੱਟ ਹੈ।[33] ਇਸ ਦਾ ਭਾਵ ਇਹ ਹੈ ਕਿ ਗਿਆਨ ਦੇ ਸੰਬੰਧ ਵਿੱਚ ਜਿਸ ਤਰ੍ਹਾਂ
ਦੀਆਂ ਅਸਮਾਨਤਾਵਾਂ ਦੁਨੀਆ ਵਿੱਚ ਮੌਜੂਦ ਹਨ, ਉਹ ਵਿਕੀਪੀਡੀਏ ਵਿੱਚ ਉਜਾਗਰ ਹੋ
ਰਹੀਆਂ ਹਨ।
ਇਸ ਤਰ੍ਹਾਂ ਦੀਆਂ ਅਸਮਾਨਤਾਵਾਂ, ਖਾਸ ਕਰਕੇ ਲਿੰਗ ਆਧਾਰਿਤ ਅਸਮਾਨਤਾ, ਨੂੰ
ਘਟਾਉਣ ਲਈ ਵਿਕੀਪੀਡੀਏ ਵਲੋਂ ਖਾਸ ਯਤਨ ਕੀਤੇ ਜਾ ਰਹੇ ਹਨ। ਉਦਾਹਰਨ ਲਈ ਪਿਛਲੇ ਕੁਝ
ਸਾਲਾਂ ਦੌਰਾਨ ਵਿਕੀਪੀਡੀਏ ਨੇ ਔਰਤਾਂ ਐਡੀਟਰਾਂ ਦੀ ਗਿਣਤੀ ਵਧਾਉਣ, ਔਰਤਾਂ ਬਾਰੇ
ਲਿਖੇ ਆਰਟੀਕਲਾਂ ਵਿੱਚ ਸੋਧ ਕਰਨ ਅਤੇ ਉਹਨਾਂ ਦੀ ਗਿਣਤੀ ਵਧਾਉਣ ਲਈ ਕਾਲਜਾਂ,
ਯੂਨੀਵਰਸਿਟੀਆਂ, ਲਾਇਬ੍ਰੇਰੀਆਂ, ਅਜਾਇਬ ਘਰਾਂ ਅਤੇ ਇਸ ਤਰ੍ਹਾਂ ਦੀਆਂ ਹੋਰ
ਸੰਸਥਾਂਵਾਂ ਨਾਲ ਮਿਲ ਕੇ ਵਰਕਸ਼ਾਪਾਂ ਅਤੇ ਸਮਾਗਮਾਂ (ਐਡਿਟ-ਥਾਨਜ਼) ਲਾਉਣ ਦਾ
ਪ੍ਰਬੰਧ ਕੀਤਾ ਹੈ। ਉਦਾਹਰਨ ਲਈ, ਸਾਇੰਸ ਵਿੱਚ ਉੱਤਮਤਾ (ਐਕਸੇਲੈਂਸ) ਨੂੰ ਪ੍ਰਫੁੱਲਤ
ਕਰਨ ਲਈ ਸੰਨ 1660 ਵਿੱਚ ਹੋਂਦ ਵਿੱਚ ਆਈ ਰੌਇਲ ਸੁਸਾਇਟੀ ਵਿਕੀਪੀਡੀਏ ਵਿੱਚ ਔਰਤਾਂ
ਵਲੋਂ ਸਾਇੰਸ ਵਿੱਚ ਪਾਏ ਯੋਗਦਾਨ ਪਾਉਣ ਬਾਰੇ ਆਰਟੀਕਲਾਂ ਦੀ ਗਿਣਤੀ ਵਿੱਚ ਸੁਧਾਰ
ਕਰਨ ਅਤੇ ਵਿਕੀਪੀਡੀਏ ਲਈ ਔਰਤ ਐਡੀਟਰਾਂ ਦੀ ਗਿਣਤੀ ਵਧਾਉਣ ਲਈ ਸੰਨ 2012 ਤੋਂ
ਸ਼ੁਰੂ ਕਰ ਕੇ ਹਰ ਸਾਲ ਇਕ ਸਮਾਗਮ (ਐਡਿਟ ਏ ਥੌਨ) ਦਾ ਪ੍ਰਬੰਧ ਕਰਦੀ ਹੈ।[34] ਆਪਣੀ
ਪਹਿਲੀ ਵਰਕਸ਼ਾਪ ਪਿੱਛੇ ਕੰਮ ਕਰਦੀ ਪ੍ਰੇਰਨਾ ਬਾਰੇ ਗੱਲ ਕਰਦਿਆਂ, ਵਰਕਸ਼ਾਪ ਦੀ
ਪ੍ਰਬੰਧਕ ਪ੍ਰੌਫੈਸਰ ਊਟਾ ਫਰਿਥ ਦਾ ਕਹਿਣਾ ਸੀ, “ਵਿਕੀਪੀਡੀਆ ਪਹਿਲੀ ਥਾਂ ਹੈ ਜਿੱਥੇ
ਬਹੁਤੇ ਲੋਕ ਜਾਣਕਾਰੀ ਲੈਣ ਲਈ ਜਾਂਦੇ ਹਨ, ਪਰ ਜੇ ਇਹ ਜਾਣਕਾਰੀ ਉੱਥੇ ਨਹੀਂ
ਹੋਵੇਗੀ, ਤਾਂ ਅਸੀਂ ਸਾਇੰਸ ਵਿਚਲੀਆਂ ਆਪਣੀਆਂ ਹੀਰੋਈਨਾਂ ਬਾਰੇ ਕਿਵੇਂ
ਜਾਣਾਂਗੇ”।[35] ਇਸ ਹੀ ਤਰ੍ਹਾਂ ਫਰਵਰੀ 2014 ਵਿੱਚ ਪੈਨਸਿਲਵੇਨੀਆ ਦੀ ਪੈਨ ਸਟੇਟ
ਯੂਨੀਵਰਸਿਟੀ ਵਿੱਚ ਕਾਲਜ ਆਫ ਆਰਟਸ ਐਂਡ ਆਰਕੀਟੈਕਚਰ ਵਿਖੇ ਆਰਟਸ+ਫੈਮੀਨਿਜ਼ਮ ਨਾਂ
ਹੇਠ ਵਿਕੀਪੀਡੀਏ ਵਿੱਚ ਔਰਤ ਐਡੀਟਰਾਂ ਦੀ ਸ਼ਮੂਲੀਅਤ ਵਧਾਉਣ ਲਈ ਲਾਈ ਇਕ ਰੋਜ਼ਾ
ਵਰਕਸ਼ਾਪ ਵਿੱਚ 600 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਸੀ। ਇਸ ਵਰਕਸ਼ਾਪ ਵਿੱਚ
ਔਰਤਾਂ ਬਾਰੇ 101 ਨਵੇਂ ਆਰਟੀਕਲ ਲਿਖੇ ਗਏ ਸਨ ਅਤੇ 90 ਦੇ ਕਰੀਬ ਆਰਟੀਕਲਾਂ ਵਿੱਚ
ਸੋਧ ਕੀਤੀ ਗਈ ਸੀ।[36] ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਵਿਕੀਪੀਡੀਏ ਵਿੱਚ ਔਰਤਾਂ
ਦੀ ਸ਼ਮੂਲੀਅਤ ਵਧਾਉਣ ਲਈ ਹਰ ਸਾਲ ਦੁਨੀਆ ਭਰ ਵਿੱਚ ਵਰਕਸ਼ਾਪਾਂ ਦਾ ਪ੍ਰਬੰਧ ਕਰਦੀਆਂ
ਹਨ। ਇਹਨਾਂ ਵਿੱਚੋਂ ਕਈ ਸੰਸਥਾਂਵਾਂ ਹਰ ਸਾਲ 8 ਮਾਰਚ ਨੂੰ ਆਉਣ ਵਾਲਾ ਅੰਤਰਰਾਸ਼ਟਰੀ
ਮਹਿਲਾ ਦਿਵਸ ਵਿਕੀਪੀਡੀਏ ਬਾਰੇ ਵਰਕਸ਼ਾਪਾਂ ਦਾ ਪ੍ਰਬੰਧ ਕਰ ਕੇ ਮਨਾਉਂਦੀਆਂ ਹਨ। ਇਹ
ਬਹੁਤ ਮਹੱਤਵਪੂਰਨ ਹੈ। ਇਸ ਗੱਲ ਦੀ ਮਹੱਤਤਾ ਸਪਸ਼ਟ ਕਰਨ ਲਈ ਵਿਕੀਪੀਡੀਏ ਵਿੱਚ
ਔਰਤਾਂ ਦੀ ਵੱਧ ਸ਼ਮੂਲੀਅਤ ਦੀ ਵਕਾਲਤ ਕਰਨ ਵਾਲੀ ਇਕ ਬੁੱਧੀਜੀਵੀ ਐਡਰਿਆਨੇ
ਵਾਡਵਿਟਜ਼ ਕਹਿੰਦੀ ਹੈ, “ਜੋ ਕੁਝ ਵਿਕੀਪੀਡੀਏ ‘ਤੇ ਸ਼ਾਮਲ ਕੀਤਾ ਜਾਂਦਾ ਹੈ, ਉਹ ਇਹ
ਨਿਸ਼ਚਿਤ ਕਰ ਰਿਹਾ ਹੈ ਕਿ ਅਸੀਂ ਆਪਣੇ ਸਭਿਆਚਾਰ ਬਾਰੇ ਕੀ ਯਾਦ ਰੱਖਦੇ ਹਾਂ ਅਤੇ
ਕਿਸ ਚੀਜ਼ ਨੂੰ ਅਹਿਮੀਅਤ ਦਿੰਦੇ ਹਾਂ। (ਇਸ ਲਈ) ਇਹ ਮਹੱਤਵਪੂਰਨ ਹੈ ਕਿ ਅਕਾਦਮਿਕਾਂ
ਦੇ ਤੌਰ ‘ਤੇ ਅਸੀਂ ਇਸ ਬਹਿਸ ਵਿੱਚੋਂ ਗੈਰ-ਹਾਜ਼ਰ ਨਾ ਹੋਈਏ”।[37]
ਦੂਜੀਆਂ ਭਾਸ਼ਾਵਾਂ ਵਿੱਚ ਵਿਕੀਪੀਡੀਆ
ਅੰਗਰੇਜ਼ੀ ਵਿਕੀਪੀਡੀਏ ਦੀ ਸ਼ੁਰੂਆਤ ਤੋਂ ਛੇਤੀਂ ਬਾਅਦ ਹੀ ਵਿਕੀਪੀਡੀਏ ਦੇ ਬਾਨੀਆਂ
ਨੇ ਇਸ ਨੂੰ ਹੋਰ ਭਾਸ਼ਾਵਾਂ ਵਿੱਚ ਪ੍ਰਕਾਸ਼ਤ ਕਰਨ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ
ਸੀ। ਉਦਾਹਰਨ ਲਈ ਵਿਕੀਪੀਡੀਏ ਦੇ ਬਾਨੀ ਜਿੰਮੀ ਵੇਲਜ਼ ਨੇ 15 ਮਾਰਚ 2001 ਨੂੰ
ਫਰਾਂਸੀਸੀ, ਜਰਮਨ ਅਤੇ ਸਪੇਨੀ ਜ਼ਬਾਨਾਂ ਵਿੱਚ ਵਿਕੀਪੀਡੀਏ ਦੇ ਡੁਮੇਨ ਨਾਂ ਲੈ ਲਏ
ਸਨ। ਉਸ ਤੋਂ ਅਗਲੇ ਦਿਨ ਹੀ ਜਰਮਨ ਭਾਸ਼ਾ ਦੇ ਵਿਕੀਪੀਡੀਏ ਦੀ ਸ਼ੁਰੂਆਤ ਹੋ ਗਈ ਅਤੇ
ਉਸ ਤੋਂ ਇਕ ਹਫਤਾ ਬਾਅਦ ਫਰਾਂਸੀਸੀ ਵਿਕੀਪੀਡੀਏ ਨੇ ਜਨਮ ਲੈ ਲਿਆ।[38] ਸੰਨ 2001
ਵਿੱਚ ਹੀ ਸ਼ੁਰੂ ਹੋਣ ਵਾਲੇ ਕੁਝ ਹੋਰ ਵਿਕੀਪੀਡੀਏ ਇਸ ਪ੍ਰਕਾਰ ਸਨ: ਜਾਪਾਨੀ (ਮਾਰਚ
2001), ਇਟਾਲੀਅਨ, ਸਵੀਡਸ਼, ਸਪੇਨੀ ਅਤੇ ਰੂਸੀ (ਮਈ 2001), ਡੱਚ (ਜੂਨ 2001),
ਪੁਰਤਗਾਲੀ (ਜੂਨ 2001) ਅਤੇ ਪੋਲਿਸ਼ (ਸਤੰਬਰ 2001)।[39] ਹੌਲੀ ਹੌਲੀ ਵਿਕੀਪੀਡੀਏ
ਦੀਆਂ ਭਾਸ਼ਾਵਾਂ ਦੀ ਗਿਣਤੀ ਵੱਧਦੀ ਰਹੀ ਅਤੇ ਅੱਜ (ਮਈ 2015) ਵਿੱਚ ਇਹ 288
ਭਾਸ਼ਾਵਾਂ ਵਿੱਚ ਛੱਪਦਾ ਹੈ।[40]
ਹਰ ਭਾਸ਼ਾ ਦਾ ਵਿਕੀਪੀਡੀਆ ਬਹੁਤ ਹੱਦ ਤੱਕ ਇਕ ਅਜ਼ਾਦ ਯੂਨਿਟ ਵਜੋਂ ਕੰਮ ਕਰਦਾ
ਹੈ। ਉਦਾਹਰਨ ਲਈ ਹਰ ਭਾਸ਼ਾ ਦੇ ਵਾਲੰਟੀਅਰ ਐਡੀਟਰ ਆਪ ਫੈਸਲਾ ਕਰਦੇ ਹਨ ਕਿ
ਆਰਟੀਕਲਾਂ ਲਈ ਨਿਰਪੱਖ ਨਜ਼ਰੀਏ ਦੇ ਕੀ ਮਿਆਰ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ,
ਕਿਉਂਕਿ ਹਰ ਭਾਸ਼ਾ ਦਾ ਆਪਣਾ ਵੱਖਰਾ ਸਭਿਆਚਾਰਕ ਨਜ਼ਰੀਆ ਹੁੰਦਾ ਹੈ, ਇਸ ਲਈ ਇੱਕੋ
ਹੀ ਵਿਸ਼ੇ ‘ਤੇ ਵੱਖ ਵੱਖ ਭਾਸ਼ਾਵਾਂ ਵਿੱਚ ਲਿਖੇ ਗਏ ਆਰਟੀਕਲਾਂ ਵਿੱਚ ਵੱਖਰੀ ਵੱਖਰੀ
ਸਭਿਆਚਾਰਕ ਰੰਗਤ ਅਤੇ ਨਜ਼ਰੀਆ ਦੇਖਣ ਨੂੰ ਮਿਲਦਾ ਹੈ। [41] ਐਲਿਸ ਸੂ, ਅਰਬੀ ਭਾਸ਼ਾ
ਦੇ ਵਿਕੀਪੀਡੀਏ ਬਾਰੇ ਲਿਖੇ ਆਪਣੇ ਲੇਖ ਵਿੱਚ ਇਸ ਬਾਰੇ ਇਕ ਦਿਲਚਸਪ ਉਦਾਹਰਨ ਦਿੰਦੀ
ਹੈ। ਉਹ ਜੈਰੋਸਲਮ ਸ਼ਹਿਰ ਬਾਰੇ ਅੰਗਰੇਜ਼ੀ, ਅਰਬੀ ਅਤੇ ਹੀਬਰਿਊ ਭਾਸ਼ਾ ਵਿੱਚ ਲਿਖੇ
ਗਏ ਆਰਟੀਕਲਾਂ ਦੇ ਪਹਿਲੇ ਵਾਕ ਦਾ ਮੁਕਾਬਲਾ ਕਰਦੀ ਹੈ। ਅੰਗਰੇਜ਼ੀ ਦੇ ਆਰਟੀਕਲ ਦਾ
ਪਹਿਲਾ ਵਾਕ ਹੈ, “ਮੈਡੀਟਰੇਨੀਅਨ ਸੀਅ ਅਤੇ ਡੈੱਡ ਸੀਅ ਵਿਚਕਾਰ ਜੂਡੀਅਨ ਪਹਾੜੀਆਂ
ਵਿੱਚ ਪਠਾਰ ‘ਤੇ ਸਥਿਤ ਸ਼ਹਿਰ ਜੈਰੋਸਲਮ, ਸੰਸਾਰ ਦੇ ਪੁਰਾਣੇ ਸ਼ਹਿਰਾਂ ਵਿੱਚੋਂ ਇਕ
ਹੈ।” ਅਰਬੀ ਵਿਕੀਪੀਡੀਏ ‘ਤੇ ਜੈਰੋਸਲਮ ਬਾਰੇ ਛਪੇ ਆਰਟੀਕਲ ਦਾ ਪਹਿਲਾ ਵਾਕ ਹੈ,
“ਇਲਾਕੇ, ਵਸੋਂ, ਧਾਰਮਿਕ ਅਤੇ ਆਰਥਿਕ ਮਹੱਤਤਾ ਦੇ ਆਧਾਰ ‘ਤੇ ਜੈਰੋਸਲਮ ਇਤਿਹਾਸਕ
ਫਲਸਤੀਨ ਦਾ ਸਭ ਤੋਂ ਵੱਡਾ ਸ਼ਹਿਰ ਹੈ।” ਹੀਬਰਿਊ ਵਿੱਚ ਲਿਖੇ ਆਰਟੀਕਲ ਦਾ ਪਹਿਲਾ
ਵਾਕ ਹੈ, “8 ਲੱਖ ਵਸੋਂ ਵਾਲਾ ਸ਼ਹਿਰ ਜੈਰੋਸਲਮ ਇਜ਼ਰਾਇਲ ਦੀ ਰਾਜਧਾਨੀ ਅਤੇ
ਇਜ਼ਰਾਇਲ ਦਾ ਸਭ ਤੋਂ ਵੱਡਾ ਸ਼ਹਿਰ ਹੈ।” ਇਸ ਤਰ੍ਹਾਂ ਅਜ਼ਾਦ ਯੂਨਿਟਾਂ ਵਜੋਂ
ਵਿਚਰਦੇ ਵੱਖ ਵੱਖ ਭਾਸ਼ਾਵਾਂ ਦੇ ਵਿਕੀਪੀਡੀਏ ਦੁਨੀਆ ਦੇ ਗਿਆਨਾਂ ਦੀ ਵੰਨ-ਸੁਵੰਨਤਾ
ਸੰਭਾਲਣ ਦਾ ਇਕ ਸਾਧਨ ਬਣ ਰਹੇ ਹਨ।[42]
ਆਪਣੇ ਅਕਾਰ ਅਤੇ ਵਰਤੋਂਕਾਰਾਂ ਦੀ ਗਿਣਤੀ ਦੇ ਕਾਰਨ ਹਰ ਵੱਖਰੇ ਭਾਸ਼ਾਈ
ਵਿਕੀਪੀਡੀਏ ਦਾ ਆਪਣੇ ਭਾਸ਼ਾਈ ਖੇਤਰ ਦੇ ਗਿਆਨ ਸ੍ਰੋਤਾਂ ਦੇ ਘੇਰੇ ਵਿੱਚ ਵੱਖਰਾ
ਵੱਖਰਾ ਸਥਾਨ ਹੈ। ਕੁਝ ਵਿਕੀਪੀਡੀਏ ਆਪਣੇ ਭਾਸ਼ਾਈ ਖੇਤਰ ਵਿੱਚ ਗਿਆਨ ਦੇ ਸ੍ਰੋਤਾਂ
ਵਜੋਂ ਪ੍ਰਮੁੱਖਤਾ ਹਾਸਲ ਕਰ ਚੁੱਕੇ ਹਨ ਅਤੇ ਕਈ ਹੋਰ ਵਿਕੀਪੀਡੀਏ ਅਜੇ ਆਪਣੇ ਭਾਸ਼ਾਈ
ਖੇਤਰ ਵਿੱਚ ਜ਼ਿਕਰਯੋਗ ਥਾਂ ਨਹੀਂ ਬਣਾ ਸਕੇ। ਉਦਾਹਰਨ ਲਈ ਜਰਮਨੀ ਅਤੇ ਨੀਦਰਲੈਂਡ
ਵਿੱਚ ਲੋਕ ਆਪਣੇ ਆਪਣੇ ਮੁਲਕ ਦੀਆਂ ਖਬਰਾਂ ਦੇਣ ਵਾਲੀਆਂ ਸੰਸਥਾਂਵਾਂ ਦੇ
ਵੈੱਬਸਾਈਟਾਂ ਦੇ ਮੁਕਾਬਲੇ ਆਪਣੀਆਂ ਆਪਣੀਆਂ ਜ਼ਬਾਨਾਂ ਦੇ ਵਿਕੀਪੀਡੀਏ ਦੇ ਸਾਈਟਾਂ
ਨੂੰ ਵੱਧ ਗਿਣਤੀ ਵਿੱਚ ਦੇਖਦੇ ਹਨ।[43]
ਕਈ ਅਜਿਹੀਆਂ ਭਾਸ਼ਾਵਾਂ ਹਨ ਜਿਹਨਾਂ ਵਿੱਚ ਵਿਕੀਪੀਡੀਏ ਤੋਂ ਪਹਿਲਾਂ ਉਹਨਾਂ
ਭਾਸ਼ਾਵਾਂ ਵਿੱਚ ਗਿਆਨਕੋਸ਼ ਬਣਾਉਣ ਦੇ ਕੋਈ ਯਤਨ ਨਹੀਂ ਹੋਏ ਹਨ।[44] ਇਸ ਤਰ੍ਹਾਂ
ਵਿਕੀਪੀਡੀਆ ਇਹਨਾਂ ਭਾਸ਼ਾਵਾਂ ਦੇ ਲੋਕਾਂ ਨੂੰ ਆਪਣਾ ਗਿਆਨ ਸੰਭਾਲਣ ਅਤੇ ਸੰਚਾਰ ਕਰਨ
ਦੇ ਨਵੇਂ ਮੌਕੇ ਪ੍ਰਦਾਨ ਕਰ ਰਿਹਾ ਹੈ।
ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ, ਕਿ ਵਿਕੀਪੀਡੀਆ ਇਕ ਕਾਮਯਾਬ ਉੱਦਮ ਹੈ।
ਇੰਟਰਨੈੱਟ‘ਤੇ ਕੋਈ ਵੀ ਹੋਰ ਅਜਿਹਾ ਪ੍ਰੋਜੈਕਟ ਨਹੀਂ ਮਿਲਦਾ ਜਿਸ ਨੇ 14-15 ਸਾਲ ਦੇ
ਸਮੇਂ ਦੌਰਾਨ ਸੰਸਾਰ ਦੀਆਂ ਏਨੀਆਂ ਭਾਸ਼ਾਵਾਂ, ਅਤੇ ਸਭਿਆਚਾਰਕ ਪਿਛੋਕੜਾਂ ਦੇ ਲੋਕਾਂ
ਨੂੰ ਆਪਣੇ ਕਲਾਵੇ ਵਿੱਚ ਲਿਆ ਹੋਵੇ। ਇਸ ਦੇ ਨਾਲ ਵੱਡੀ ਗੱਲ ਇਹ ਹੈ ਕਿ ਏਨੇ ਵੱਖ
ਵੱਖ ਪਿਛੋਕੜਾਂ ਦੇ ਲੋਕ ਮਿਲਵਰਤਣ ਦੀ ਭਾਵਨਾ ਨਾਲ, ਕਿਸੇ ਮੁਨਾਫੇ ਜਾਂ ਫਾਇਦੇ ਦੀ
ਆਸ ਰੱਖਣ ਤੋਂ ਬਿਨਾਂ ਮਿਲ ਕੇ ਕੰਮ ਕਰ ਰਹੇ ਹਨ। ਉਹਨਾਂ ਦਾ ਸਿਰਫ ਇਕ ਹੀ ਸੁਫਨਾ ਹੈ
ਕਿ “ਮਨੁੱਖਤਾ ਦੇ ਸਾਰੇ ਗਿਆਨ ਤੱਕ ਹਰ ਇਕ ਮਨੁੱਖ ਦੀ ਪਹੁੰਚ ਹੋਵੇ।”
|
ਗੁਰਦੀਪ ਸਿੰਘ ਗੁਗਲਾਨੀ, 18 ਅਗਸਤ
2012 |
ਪੰਜਾਬੀ ਵਿਕੀਪੀਡੀਆ
ਪੰਜਾਬੀ ਵਿੱਚ ਦੋ ਵਿਕੀਪੀਡੀਏ ਹਨ। ਇਕ ਗੁਰਮੁਖੀ ਵਿੱਚ ਅਤੇ ਦੂਸਰਾ ਸ਼ਾਹਮੁਖੀ
ਵਿੱਚ। ਇਸ ਲੇਖ ਵਿੱਚ ਅਸੀਂ ਗੁਰਮੁਖੀ ਵਿੱਚ ਲਿਖੇ ਜਾਂਦੇ ਪੰਜਾਬੀ ਵਿਕੀਪੀਡੀਏ ਬਾਰੇ
ਜ਼ਿਕਰ ਕਰਾਂਗੇ ਅਤੇ ਲੇਖ ਦੇ ਅਗਲੇ ਹਿੱਸੇ ਵਿੱਚ ਪੰਜਾਬੀ ਵਿਕੀਪੀਡੀਏ ਦਾ ਭਾਵ
ਗੁਰਮੁਖੀ ਵਿੱਚ ਲਿਖਿਆ ਜਾ ਰਿਹਾ ਪੰਜਾਬੀ ਵਿਕੀਪੀਡੀਆ ਹੋਵੇਗਾ। ਇਸ ਵਿਕੀਪੀਡੀਏ ਦੀ
ਸ਼ੁਰੂਆਤ ਜੂਨ 2002 ਵਿੱਚ ਹੋਈ ਜਿਸ ਮਹੀਨੇ ਇਸ ‘ਤੇ ਪਹਿਲਾ ਆਰਟੀਕਲ ਲਿਖਿਆ ਗਿਆ।
ਪਰ ਅਗਲੇ ਦੋ ਸਾਲਾਂ ਤੱਕ ਇਸ ਵਿੱਚ ਕੋਈ ਤਬਦੀਲੀ ਨਹੀਂ ਹੋਈ ਭਾਵ ਜਨਵਰੀ 2005 ਤੱਕ
ਪੰਜਾਬੀ ਵਿਕੀਪੀਡੀਏ ‘ਤੇ ਮੌਜੂਦ ਆਰਟੀਕਲਾਂ ਦੀ ਗਿਣਤੀ ਇਕ ‘ਤੇ ਹੀ ਟਿਕੀ ਰਹੀ।
ਫਰਵਰੀ 2005 ਵਿੱਚ ਇਕ ਹੋਰ ਆਰਟੀਕਲ ਲਿਖਿਆ ਗਿਆ ਅਤੇ ਲਿਖੇ ਆਰਟੀਕਲਾਂ ਦੀ ਗਿਣਤੀ
ਦੋ ਹੋ ਗਈ। ਪਰ ਉਸ ਤੋਂ ਬਾਅਦ ਵੀ ਪੰਜਾਬੀ ਵਿਕੀਪੀਡੀਏ ‘ਤੇ ਆਰਟੀਕਲ ਲਿਖਣ ਦੇ ਕਾਰਜ
ਵਿੱਚ ਕੋਈ ਵੱਡੀ ਹਿਲਜੁਲ ਨਹੀਂ ਹੋਈ। ਸ਼ੁਰੂਆਤ ਤੋਂ 4 ਸਾਲ ਬਾਅਦ ਜੂਨ 2006 ਵਿੱਚ,
ਇਸ ਉਤਲੇ ਆਰਟੀਕਲਾਂ ਦੀ ਗਿਣਤੀ 39 ਹੋ ਗਈ ਅਤੇ ਸ਼ੁਰੂਆਤ ਤੋਂ 5 ਸਾਲ ਬਾਅਦ ਜੂਨ
2007 ਵਿੱਚ ਇਹ ਗਿਣਤੀ 191 ਤੱਕ ਪਹੁੰਚ ਗਈ। ਇਸ ਤੋਂ ਬਾਅਦ ਵੀ ਆਰਟੀਕਲ ਲਿਖੇ ਜਾਣ
ਦੀ ਰਫਤਾਰ ਬਹੁਤ ਹੀ ਧੀਮੀ ਰਹੀ ਪਰ ਫਿਰ ਵੀ ਗਿਣਤੀ ਵਿੱਚ ਥੋੜ੍ਹਾ ਥੋੜ੍ਹਾ ਵਾਧਾ
ਹੁੰਦਾ ਰਿਹਾ। ਅਪ੍ਰੈਲ 2009 ਵਿੱਚ, ਸ਼ੁਰੂਆਤ ਤੋਂ ਤਕਰੀਬਨ 7 ਸਾਲ ਬਾਅਦ ਪੰਜਾਬੀ
ਵਿਕੀਪੀਡੀਏ ‘ਤੇ ਛਪੇ ਆਰਟੀਕਲਾਂ ਦੀ ਗਿਣਤੀ 1000 ਦੀ ਹੱਦ ਟੱਪ ਗਈ ਅਤੇ ਜੂਨ 2012
ਵਿੱਚ, ਸ਼ੁਰੂਆਤ ਤੋਂ 10 ਸਾਲ ਬਾਅਦ ਇਹ ਗਿਣਤੀ 3400 ਤੱਕ ਪਹੁੰਚ ਗਈ।[45ਏ
ਜੁਲਾਈ/ਅਗਸਤ 2012 ਵਿੱਚ ਵਿਕੀਪੀਡੀਆ ਫਾਊਂਡੇਸ਼ਨ ਵਲੋਂ 27 ਜੁਲਾਈ ਨੂੰ
ਲੁਧਿਆਣਾ ਵਿਖੇ, 16 ਅਗਸਤ ਨੂੰ ਪਟਿਆਲਾ ਵਿਖੇ ਅਤੇ 17 ਅਗਸਤ ਨੂੰ ਅੰਮ੍ਰਿਤਸਰ ਵਿਖੇ
ਵਿਕੀਪੀਡੀਏ ਬਾਰੇ ਮੁਢਲੀ ਜਾਣਕਾਰੀ ਦੇਣ ਲਈ ਵਰਕਸ਼ਾਪਾਂ ਲਾਈਆਂ ਗਈਆਂ। ਇਹ
ਵਰਕਸ਼ਾਪਾਂ ਲਾਉਣ ਵਾਲੀ ਟੀਮ ਦੇ ਮੈਂਬਰ ਸਨ: ਸ਼ੁਭਅਸ਼ੀਸ਼, ਸ਼ੀਜੂ ਐਲਿਕਸ ਅਤੇ
ਗੁਰਦੀਪ ਸਿੰਘ (ਜੀ ਐੱਸ) ਗੁਗਲਾਨੀ। ਸ਼ੁਭਅਸ਼ੀਸ਼ ਅਤੇ ਸ਼ੀਜੂ ਵਿਕੀਪੀਡੀਆ
ਫਾਊਂਡੇਸ਼ਨ ਨਾਲ ਸੰਬੰਧਤ ਸਨ ਅਤੇ ਗੁਰਦੀਪ ਸਿੰਘ ਗੁਗਲਾਨੀ ਪੰਜਾਬੀ ਵਿਕੀਪੀਡੀਏ
ਉੱਤੇ ਲਿਖਣ ਵਾਲਿਆਂ ਵਿੱਚੋਂ ਇਕ ਸਰਗਰਮ ਐਡੀਟਰ ਸਨ, ਜਿਹੜੇ ਉਸ ਸਮੇਂ ਤੱਕ ਪੰਜਾਬੀ
ਵਿਕੀਪੀਡੀਏ ਲਈ 250 ਆਰਟੀਕਲ ਲਿਖ ਕੇ ਆਪਣਾ ਯੋਗਦਾਨ ਪਾ ਚੁੱਕੇ ਸਨ। ਇਸ ਲਈ ਇਹਨਾਂ
ਵਰਕਸ਼ਾਪਾਂ ਵਿੱਚ ਆਏ ਸ੍ਰੋਤਿਆਂ ਨੂੰ ਵਿਕੀਪੀਡੀਏ ਦੀ ਕਾਰਗੁਜ਼ਾਰੀ ਸਮਝਾਉਣ ਦਾ ਕੰਮ
ਗੁਰਦੀਪ ਸਿੰਘ ਗੁਗਲਾਨੀ ਨੇ ਕੀਤਾ।[46] ਇਸ ਸਮੇਂ ਤੋਂ ਬਾਅਦ ਪੰਜਾਬੀ ਵਿਕੀਪੀਡੀਏ
‘ਤੇ ਆਰਟੀਕਲਾਂ ਦੀ ਗਿਣਤੀ ਵਧਣ ਦੀ ਰਫਤਾਰ ਵਿੱਚ ਥੋੜ੍ਹੀ ਜਿਹੀ ਤੇਜ਼ੀ ਆਈ ਜਾਪਦੀ
ਹੈ। ਉਦਾਹਰਨ ਲਈ ਜੂਨ 2013 ਵਿੱਚ ਵਿਕੀਪੀਡੀਏ ‘ਤੇ ਛਪੇ ਪੰਜਾਬੀ ਆਰਟੀਕਲਾਂ ਦੀ
ਗਿਣਤੀ 6600 ਹੋ ਗਈ, ਅਪ੍ਰੈਲ 2014 ਇਹ ਗਿਣਤੀ 10,000 ‘ਤੇ ਪਹੁੰਚ ਗਈ ਅਤੇ ਇਸ
ਸਮੇਂ 28 ਮਈ 2015 ਨੂੰ ਪੰਜਾਬੀ ਵਿਕੀਪੀਡੀਏ ‘ਤੇ ਛਪੇ ਆਰਟੀਕਲਾਂ ਦੀ ਗਿਣਤੀ 16
ਹਜ਼ਾਰ 988 ਹੈ [47] ਅਤੇ ਵੱਖ ਵੱਖ ਭਾਸ਼ਾਵਾਂ ਦੇ ਵਿਕੀਪੀਡੀਆਵਾਂ ਉੱਤੇ ਛਪੇ
ਆਰਟੀਕਲਾਂ ਦੀ ਗਿਣਤੀ ਦੇ ਹਿਸਾਬ ਨਾਲ 288 ਭਾਸ਼ਾਵਾਂ ਦੇ ਵਿਕੀਪੀਡੀਆਵਾਂ ਵਿੱਚੋਂ
ਪੰਜਾਬੀ ਵਿਕੀਪੀਡੀਏ ਦੀ ਥਾਂ ਇਕ ਸੌ ਛੇਵੇਂ (106ਵੇਂ) ਨੰਬਰ ‘ਤੇ ਹੈ।[48]
ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਵਿਕੀਪੀਡੀਏ ਵਿੱਚ ਲਿਖਣ ਦਾ ਯੋਗਦਾਨ
ਪਾਉਣ ਵਾਲਿਆਂ ਦਾ ਰਿਕਾਰਡ ਰੱਖਣ ਲਈ ਲਿਖਣ ਵਾਲੇ ਲੋਕਾਂ ਨੂੰ ਵੱਖ ਵੱਖ ਸ਼੍ਰੇਣੀਆਂ
ਵਿੱਚ ਰੱਖਿਆ ਗਿਆ ਹੈ। ਜਿਹੜਾ ਵਿਅਕਤੀ ਵਿਕੀਪੀਡੀਏ ‘ਤੇ ਆਪਣਾ ਖਾਤਾ ਖੁਲ੍ਹਵਾਉਣ
ਤੋਂ ਬਾਅਦ 10 ਸੋਧਾਂ ਕਰ ਦਿੰਦਾ ਹੈ ਉਸ ਨੂੰ ਕੰਟਰੀਬਿਊਟਰ (ਯੋਗਦਾਨ ਪਾਉਣ ਵਾਲੇ)
ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ ਅਤੇ ਉਹਨੂੰ ਸਦਾ ਇਕ ਕੰਟਰੀਬਿਊਟਰ ਵਜੋਂ
ਗਿਣਿਆ ਜਾਂਦਾ ਹੈ । ਜਿਹੜਾ ਵਿਅਕਤੀ ਕਿਸੇ ਵੀ ਇਕ ਮਹੀਨੇ ਵਿੱਚ ਵਿਕੀਪੀਡੀਏ ‘ਤੇ
ਘੱਟੋ-ਘੱਟ 5 ਸੋਧਾਂ ਕਰਦਾ ਹੈ, ਉਸ ਨੂੰ ਉਸ ਮਹੀਨੇ ਦੌਰਾਨ ਐਕਟਿਵ ਐਡੀਟਰ ਜਾਂ
ਯੂਜ਼ਰ (ਸਰਗਰਮ ਵਰਤੋਂਕਾਰ) ਦੀ ਸ੍ਰੇਣੀ ਵਿੱਚ ਰੱਖਿਆ ਜਾਂਦਾ ਹੈ ਅਤੇ ਜਿਹੜਾ
ਵਿਅਕਤੀ ਇਕ ਮਹੀਨੇ ਵਿੱਚ ਘੱਟੋ-ਘੱਟ 100 ਸੋਧਾਂ ਕਰਦਾ ਹੈ, ਉਸ ਨੂੰ ਵੈਰੀ ਐਕਟਿਵ
ਐਡੀਟਰ ਜਾਂ ਯੂਜ਼ਰ (ਬਹੁਤ ਸਰਗਰਮ ਵਰਤੋਂਕਾਰ) ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ
ਹੈ। ਮਾਰਚ 2015 ਦੇ ਅੰਕੜਿਆਂ ਅਨੁਸਾਰ, ਇਹਨਾਂ ਮਿਆਰਾਂ ਦੇ ਹਿਸਾਬ ਨਾਲ ਪੰਜਾਬੀ
ਵਿਕੀਪੀਡੀਏ ‘ਤੇ ਖਾਤਾ ਖੁਲ੍ਹਵਾ ਕੇ 10 ਸੋਧਾਂ ਕਰਨ ਵਾਲੇ ਕੁੱਲ 154 ਵਰਤੋਂਕਾਰ
ਸਨ। ਇਸ ਮਹੀਨੇ ਦੌਰਾਨ ਘੱਟੋ ਘੱਟ 5 ਸੋਧਾਂ ਕਰਨ ਵਾਲੇ 34 ਐਡੀਟਰ ਸਨ। ਪਰ ਇਸ
ਮਹੀਨੇ ਵਿੱਚ 100 ਤੋਂ ਵੱਧ ਸੋਧਾਂ ਕਰਨ ਵਾਲੇ ਸਿਰਫ 7 ਐਡੀਟਰ ਸਨ, ਜਿਹਨਾਂ ਨੂੰ
ਬਹੁਤ ਸਰਗਰਮ ਐਡੀਟਰ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਅਸਲ ਵਿੱਚ ਇਹ ਸਰਗਰਮ
ਐਡੀਟਰ ਹੀ ਹੁੰਦੇ ਹਨ ਜਿਹਨਾਂ ਕਰਕੇ ਕਿਸੇ ਵੀ ਭਾਸ਼ਾ ਦੇ ਵਿਕੀਪੀਡੀਏ ਦੀ ਨਿਰੰਤਰਤਾ
ਅਤੇ ਵਿਕਾਸ ਕਾਇਮ ਰਹਿੰਦਾ ਹੈ। ਪੰਜਾਬੀ ਵਿਕੀਪੀਡੀਏ ਦੇ ਸੰਬੰਧ ਵਿੱਚ ਜੂਨ 2001
ਤੋਂ ਲੈ ਕੇ ਮਾਰਚ 2015 ਤੱਕ ਬਹੁਤ ਸਰਗਰਮ ਐਡੀਟਰਾਂ ਦੀ ਗਿਣਤੀ ਕਦੇ ਵੀ 8 ਤੋਂ
ਨਹੀਂ ਵਧੀ। ਅੱਠ ਤੱਕ ਵੀ ਇਹ ਗਿਣਤੀ ਇਕ ਦੋ ਮਹੀਨਿਆਂ ਦੌਰਾਨ ਹੀ ਹੋਈ ਹੈ। ਬਹੁਤੇ
ਮਹੀਨਿਆਂ ਦੌਰਾਨ ਇਹ ਗਿਣਤੀ 5 ਤੋਂ ਹੇਠਾਂ ਹੇਠਾਂ ਹੀ ਰਹੀ ਹੈ। ਅੰਕੜਿਆਂ ਦੀਆਂ
ਰਿਪੋਰਟਾਂ ਅਨੁਸਾਰ ਅੱਗੇ ਦਿੱਤੇ 6 ਵਿਅਕਤੀਆਂ ਨੇ ਹੁਣ ਤੱਕ ਪੰਜਾਬੀ ਵਿਕੀਪੀਡੀਏ ਤੇ
ਬਹੁਤ ਸਰਗਰਮ ਐਡੀਟਰਾਂ ਵਜੋਂ ਕੰਮ ਕੀਤਾ ਹੈ: ਚਰਨ ਗਿੱਲ, ਬਬਨ ਵਾਲੀਆ, ਸਤਦੀਪ
ਗਿੱਲ, ਸੁਸ਼ੀਲ ਮਿਸ਼ਰਾ, ਪਰਵੀਰ ਗਰੇਵਾਲ ਅਤੇ ਗੁਗਲਾਨੀ। ਇਹਨਾਂ ਸਾਰਿਆਂ ਨੇ ਮਾਰਚ
2015 ਤੱਕ ਇਕ ਇਕ ਹਜ਼ਾਰ ਤੋਂ ਵੱਧ ਸੋਧਾਂ ਕੀਤੀਆਂ ਹਨ। ਜੇ ਸੋਧਾਂ ਦਾ ਪੱਕਾ ਵੇਰਵਾ
ਦੇਣਾ ਹੋਵੇ ਤਾਂ ਮਾਰਚ 2015 ਤੱਕ ਚਰਨ ਗਿੱਲ ਨੇ 31014, ਬਬਨ ਵਾਲੀਆ ਨੇ 10467,
ਸਤਦੀਪ ਗਿੱਲ ਨੇ 9117, ਸੁਸ਼ੀਲ ਮਿਸ਼ਰਾ ਨੇ 2179, ਪਰਵੀਰ ਗਰੇਵਾਲ ਨੇ 1875 ਅਤੇ
ਗੁਗਲਾਨੀ ਨੇ 1133 ਸੋਧਾਂ ਕੀਤੀਆਂ ਹਨ। ਵਿਕੀਪੀਡੀਏ ‘ਚ ਛਪੇ ਆਰਟੀਕਲਾਂ ਦੇ ਅਨੁਸਾਰ
ਵੀ ਇਹਨਾਂ ਸਾਰਿਆਂ ਦਾ ਯੋਗਦਾਨ ਜ਼ਿਕਰਯੋਗ ਹੈ। ਮਾਰਚ 2015 ਤੱਕ ਚਰਨ ਗਿੱਲ ਨੇ 6440
ਆਰਟੀਕਲ, ਬਬਨਵਾਲੀਆ ਨੇ 1852, ਸਤਦੀਪ ਗਿੱਲ ਨੇ 958, ਪਰਵੀਰ ਗਰੇਵਾਲ ਨੇ 625,
ਸੁਸ਼ੀਲ ਮਿਸ਼ਰਾ ਨੇ 225 ਅਤੇ ਗੁਗਲਾਨੀ ਨੇ 125 ਆਰਟੀਕਲ ਬਣਾਏ ਹਨ।[49] ਇੱਥੇ ਇਹ
ਗੱਲ ਨੋਟ ਕਰਨ ਵਾਲੀ ਹੈ ਕਿ ਪੰਜਾਬੀ ਵਿਕੀਪੀਡੀਏ ਦੇ ਇਹਨਾਂ 6 ਬਹੁਤ ਸਰਗਰਮ
ਐਡੀਟਰਾਂ ਵਿੱਚ ਬਹੁਗਿਣਤੀ ਪਟਿਆਲੇ ਦੇ ਆਲੇ ਦੁਆਲੇ ਦੀ ਹੈ। ਪੰਜਾਬੀ ਵਿਕੀਪੀਡੀਏ ਦੇ
ਚਾਰ ਪ੍ਰਸ਼ਾਸਕ ਹਨ ਜਿਨ੍ਹਾਂ ਦੇ ਨਾਂ ਹਨ: ਸਤਦੀਪ ਗਿੱਲ, ਚਰਨ ਗਿੱਲ, ਬਬਨ ਵਾਲੀਆ
ਅਤੇ ਪਰਵੀਰ ਗਰੇਵਾਲ। ਇਹਨਾਂ ਵਿੱਚੋਂ ਤਿੰਨ ਪਟਿਆਲੇ ਦੇ ਰਹਿਣ ਵਾਲੇ ਹਨ ਅਤੇ ਇਕ
ਲੁਧਿਆਣਾ ਤੋਂ ਹੈ।[50]
ਇਹ ਗੱਲ ਸੱਚ ਹੈ ਕਿ ਇਸ ਵੇਲੇ ਤੱਕ ਪੰਜਾਬੀ ਵਿਕੀਪੀਡੀਆ ਜਾਣਕਾਰੀ ਪ੍ਰਾਪਤ ਕਰਨ
ਵਾਲੇ ਪੰਜਾਬੀਆਂ ਲਈ ਜਾਣਕਾਰੀ ਦਾ ਅਹਿਮ ਸ੍ਰੋਤ ਨਹੀਂ ਬਣ ਸਕਿਆ। ਅਜਿਹਾ ਸ਼ਾਇਦ ਨਾ
ਹੋਵੇ ਕਿ ਇੰਟਰਨੈੱਟ ‘ਤੇ ਜਾਣਕਾਰੀ ਪ੍ਰਾਪਤ ਕਰਨ ਵਾਲੇ ਪੰਜਾਬੀ ਲਈ ਜਾਣਕਾਰੀ ਦਾ
ਪਹਿਲਾ ਸ੍ਰੋਤ ਪੰਜਾਬੀ ਵਿਕੀਪੀਡੀਆ ਹੋਵੇ। ਹੋ ਸਕਦਾ ਹੈ ਕਿ ਉਹ ਅੰਗਰੇਜ਼ੀ
ਵਿਕੀਪੀਡੀਏ ਵੱਲ ਨੂੰ ਜਾਂਦਾ ਹੋਵੇ। ਫਿਰ ਵੀ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ
ਹੌਲੀ ਹੌਲੀ ਪੰਜਾਬੀ ਵਿਕੀਪੀਡੀਏ ਨੂੰ ਪੜ੍ਹਨ/ਦੇਖਣ ਵਾਲਿਆਂ ਦੀ ਗਿਣਤੀ ਵੱਧ ਰਹੀ
ਹੈ। ਉਦਾਹਰਨ ਲਈ, ਜੂਨ 2012 ਦੀ ਇਕ ਰਿਪੋਰਟ ਮੁਤਾਬਕ ਪੰਜਾਬੀ ਵਿਕੀਪੀਡੀਏ ਦੇ
ਸਫਿਆਂ ਨੂੰ ਇਕ ਮਹੀਨੇ ਵਿੱਚ 3 ਲੱਖ 69 ਹਜ਼ਾਰ ਵਾਰੀ ਦੇਖਿਆ ਜਾਂਦਾ ਸੀ [51] ਅਤੇ
ਮਈ 2015 ਵਿੱਚ ਇਹ ਗਿਣਤੀ 11 ਲੱਖ 72 ਹਜ਼ਾਰ 9 ਸੌ 6 ਤੱਕ ਪਹੁੰਚ ਗਈ ਹੈ।[52]
ਇਹ ਹੈ ਪੰਜਾਬੀ ਵਿਕੀਪੀਡੀਏ ਦੀ ਸ਼ੁਰੂਆਤ ਅਤੇ ਵਿਕਾਸ ਬਾਰੇ ਸੰਖੇਪ ਵੇਰਵਾ। ਹੁਣ
ਸਵਾਲ ਉੱਠਦਾ ਹੈ ਕਿ ਕੀ ਪੰਜਾਬੀ ਵਿਕੀਪੀਡੀਏ ਦੇ ਵਿਕਾਸ ਦੀ ਇਹ ਰਫਤਾਰ ਤਸੱਲੀਬਖਸ਼
ਹੈ? ਇਸ ਸਵਾਲ ਦਾ ਜੁਆਬ ਹੈ ਹਾਂ ਅਤੇ ਨਾਂਹ। ਜੇ ਅਸੀਂ ਪੰਜਾਬੀ ਵਿਕੀਪੀਡੀਏ ਲਈ
ਲਿਖਣ ਵਾਲੇ ਮੁੱਠੀ ਭਰ ਬਹੁਤ ਹੀ ਸਰਗਰਮ ਐਡੀਟਰਾਂ ਦੀ ਲਗਨ, ਮਿਹਨਤ ਅਤੇ ਸਿਰੜ ਨੂੰ
ਧਿਆਨ ਵਿੱਚ ਰੱਖਦਿਆਂ ਇਸ ਸਵਾਲ ਦਾ ਜੁਆਬ ਦੇਣਾ ਹੋਵੇ ਤਾਂ ਇਸ ਦਾ ਜੁਆਬ ਹੋਵੇਗਾ
ਹਾਂ। ਜਿਸ ਤਰ੍ਹਾਂ ਦੀ ਪ੍ਰਤੀਬੱਧਤਾ ਨਾਲ ਇਹ ਥੋੜ੍ਹੇ ਜਿਹੇ ਵਿਅਕਤੀ ਪੰਜਾਬੀ
ਵਿਕੀਪੀਡੀਏ ਦੀ ਜੋਤ ਨੂੰ ਬਲਦੀ ਰੱਖ ਰਹੇ ਹਨ, ਉਸ ਪ੍ਰਤੀਬੱਧਤਾ ਨੂੰ ਸਲਾਮ ਕਰਨਾ
ਚਾਹੀਦਾ ਹੈ।
ਪਰ ਜੇ ਪੰਜਾਬੀ ਵਿਕੀਪੀਡੀਏ ਦੇ ਵਿਕਾਸ ਦੀ ਰਫਤਾਰ ਵਿਕੀਪੀਡੀਏ ਦੇ ਸਮੁੱਚੇ
ਵਰਤਾਰੇ ਦੇ ਸੰਦਰਭ ਵਿੱਚ ਰੱਖ ਕੇ ਇਸ ਸਵਾਲ ਦਾ ਜੁਆਬ ਦੇਣਾ ਹੋਵੇ ਤਾਂ ਇਸ ਦਾ ਜੁਆਬ
ਬਹੁਤ ਹੀ ਨਿਰਾਸ਼ਾਮਈ ਨਾਂਹ ਵਿੱਚ ਹੋਵੇਗਾ। ਇਸ ਸਮੇਂ ਬੋਲਣ ਵਾਲਿਆਂ ਦੀ ਗਿਣਤੀ ਦੇ
ਹਿਸਾਬ ਨਾਲ ਦੁਨੀਆ ਭਰ ਵਿੱਚ ਪੰਜਾਬੀ ਬੋਲੀ ਦਾ ਸਥਾਨ 11ਵੇਂ ਨੰਬਰ ‘ਤੇ ਆਉਂਦਾ ਹੈ,
ਪਰ ਵਿਕੀਪੀਡੀਏ ਦੇ ਆਰਟੀਕਲਾਂ ਦੀ ਗਿਣਤੀ ਦੇ ਹਿਸਾਬ ਨਾਲ ਮਾਰਚ 2015 ਦੇ ਅੰਕੜਿਆਂ
ਦੇ ਮੁਤਾਬਕ ਪੰਜਾਬੀ ਵਿਕੀਪੀਡੀਏ ਦਾ ਸਥਾਨ 106ਵੇਂ ਨੰਬਰ ‘ਤੇ ਹੈ। ਪਿਛਲੇ ਤੇਰਾਂ
ਸਾਲਾਂ ਦੇ ਸਫਰ ਦੌਰਾਨ ਪੰਜਾਬੀ ਵਿਕੀਪੀਡੀਏ ਲਈ ਲਿਖਣ ਲਈ ਸਿਰਫ ਅੱਧੀ ਦਰਜਨ ਦੇ
ਕਰੀਬ ਬਹੁਤ ਸਰਗਰਮ ਐਡੀਟਰ ਹੀ ਪੈਦਾ ਹੋ ਸਕੇ ਹਨ, ਅਤੇ 17 ਹਜ਼ਾਰ ਦੇ ਕਰੀਬ ਆਰਟੀਕਲ
ਹੀ ਲਿਖੇ ਜਾ ਸਕੇ ਹਨ। ਇਸ ਦੇ ਕੀ ਕਾਰਨ ਹਨ, ਸਾਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣ
ਦੀ ਲੋੜ ਹੈ।
ਕੁੱਝ ਹੱਦ ਤੱਕ ਵਿਕੀਪੀਡੀਏ ਜਾਂ ਸਮੁੱਚੇ ਇੰਟਰਨੈੱਟ ਨਾਲ ਸੰਬੰਧਤ ਕੁਝ ਢਾਂਚਾਗਤ
ਕਾਰਨ ਪੰਜਾਬੀ ਵਿਕੀਪੀਡੀਏ ਦੇ ਧੀਮੇ ਵਿਕਾਸ ਲਈ ਜ਼ਿੰਮੇਵਾਰ ਹੋ ਸਕਦੇ ਹਨ। ਇਹਨਾਂ
ਕਾਰਨਾਂ ਵਿੱਚੋਂ ਇਕ ਹੈ ਪੰਜਾਬ ਦੀ ਕੁੱਲ ਵਸੋਂ ਦੇ ਇਕ ਛੋਟੇ ਜਿਹੇ ਹਿੱਸੇ ਦੀ ਹੀ
ਇੰਟਰਨੈੱਟ ਤੱਕ ਪਹੁੰਚ ਹੈ। ਦੁਨੀਆ ਭਰ ਵਿੱਚ ਇੰਟਰਨੈੱਟ ਵਰਤੋਂਕਾਰਾਂ ਬਾਰੇ ਮਿਲਦੇ
ਅੰਕੜਿਆਂ ਅਨੁਸਾਰ ਸੰਨ 2014 ਵਿੱਚ ਹਿੰਦੁਸਤਾਨ ਦੀ ਕੁੱਲ ਵਸੋਂ ਦੇ ਸਿਰਫ 19.19
ਫੀਸਦੀ ਹਿੱਸੇ ਦੀ ਹੀ ਇੰਟਰਨੈੱਟ ਤੱਕ ਪਹੁੰਚ ਸੀ।[53] ਪੰਜਾਬ ਬਾਰੇ ਸੰਨ 2014 ਦੇ
ਅੰਕੜੇ ਪ੍ਰਾਪਤ ਨਹੀਂ ਹੋ ਸਕੇ ਪਰ ਸੰਨ 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਪੰਜਾਬ
ਵਿੱਚ 5.4 ਫੀਸਦੀ ਘਰਾਂ (ਹਾਊਸਹੋਲਡਜ਼) ਵਿੱਚ ਇੰਟਰਨੈੱਟ ਦੀ ਸਹੂਲਤ ਸੀ।[54] ਇਸ
ਤੋਂ ਪਹਿਲੇ ਸਾਲਾਂ ਦੌਰਾਨ ਪੰਜਾਬੀਆਂ ਦੀ ਇੰਟਰਨੈੱਟ ਤੱਕ ਪਹੁੰਚ ਇਸ ਤੋਂ ਹੋਰ ਵੀ
ਘੱਟ ਹੋਵੇਗੀ। ਇਸ ਲਈ ਪੰਜਾਬੀ ਵਿਕੀਪੀਡੀਏ ਦੀ ਹੋਂਦ ਦੇ ਸ਼ੁਰੂ ਦੇ ਸਾਲਾਂ ਵਿੱਚ
ਪੰਜਾਬੀਆਂ ਦੀ ਬਹੁਤ ਘੱਟ ਵਸੋਂ ਦੀ ਇੰਟਰਨੈੱਟ ਤੱਕ ਪਹੁੰਚ ਸੀ ਜਿਸ ਨੇ ਇਸ ਦੇ
ਵਿਕਾਸ ਨੂੰ ਧੀਮਾ ਰੱਖਣ ਵਿੱਚ ਜ਼ਰੂਰ ਆਪਣਾ ਰੋਲ ਨਿਭਾਇਆ ਹੋਵੇਗਾ।
ਇਸ ਸੰਬੰਧ ਵਿੱਚ ਦੂਜੀ ਸਮੱਸਿਆ ਪੰਜਾਬੀ ਵਿਕੀਪੀਡੀਏ ‘ਤੇ ਪੰਜਾਬੀ ਲਿਖਣ ਵਾਲੇ
ਢੰਗ ਦੀ ਸੀ। ਬੇਸ਼ੱਕ ਇਸ ਸਮੇਂ ਪੰਜਾਬੀ ਵਿਕੀਪੀਡੀਏ ‘ਤੇ ਲਿਖਣ ਵਾਲਾ ਢੰਗ ਕਾਫੀ
ਸਰਲ ਹੈ। ਕੋਈ ਵੀ ਵਿਅਕਤੀ ਜਿਸ ਕੋਲ ਪੰਜਾਬੀ ਨੂੰ ਯੂਨੀਕੋਡ ਵਿੱਚ ਲਿਖਣ ਦੀ ਸਮਰੱਥਾ
ਹੈ, ਉਹ ਆਪਣੀ ਆਫ ਲਾਈਨ ਯੂਨੀਕੋਡ ਵਿੱਚ ਲਿਖੀ ਹੋਈ ਲਿਖਤ ਨੂੰ ਪੰਜਾਬੀ ਵਿਕੀਪੀਡੀਏ
‘ਤੇ ਪਾ ਸਕਦਾ ਹੈ। ਇਸ ਤੋਂ ਬਿਨਾਂ ਪੰਜਾਬੀ ਵਿਕੀਪੀਡੀਏ ਦੇ ਸਾਈਟ ਉੱਪਰ ਵੀ ਪੰਜਾਬੀ
ਵਿਕੀਪੀਡੀਏ ‘ਤੇ ਪੰਜਾਬੀ ਵਿੱਚ ਲਿਖਣ ਲਈ ਦੋ -ਤਿੰਨ ਵੱਖਰੇ ਵੱਖਰੇ ਢੰਗ ਦਿੱਤੇ ਹੋਏ
ਹਨ। ਤੁਸੀਂ ਉਹਨਾਂ ਵਿੱਚੋਂ ਆਪਣੀ ਪਸੰਦ ਦਾ ਕੋਈ ਵੀ ਢੰਗ ਚੁਣ ਸਕਦੇ ਹੋ। ਪਰ ਨਵੰਬਰ
2011 ਤੋਂ ਪਹਿਲਾਂ ਪੰਜਾਬੀ ਵਿਕੀਪੀਡੀਏ ‘ਤੇ ਪੰਜਾਬੀ ਵਿੱਚ ਲਿਖ ਕੇ ਪਾਉਣ ਦਾ ਢੰਗ
ਗੁੰਝਲਦਾਰ ਸੀ ਜਾਂ ਏਨਾ ਸੌਖਾ ਨਹੀਂ ਸੀ। ਇਹ ਗੱਲ ਵੀ ਪੰਜਾਬੀ ਵਿਕੀਪੀਡੀਏ ਦੇ ਧੀਮੇ
ਵਿਕਾਸ ਦਾ ਕਾਰਨ ਹੋ ਸਕਦੀ ਹੈ।
ਉਪ੍ਰੋਕਤ ਕਾਰਨ ਪੰਜਾਬੀ ਵਿਕੀਪੀਡੀਏ ਦੇ ਧੀਮੇ ਵਿਕਾਸ ਲਈ ਕੁੱਝ ਹੱਦ ਤੱਕ ਤਾਂ
ਜ਼ਿੰਮੇਵਾਰ ਹੋ ਸਕਦੇ ਹਨ, ਪਰ ਇਹ ਕਾਰਨ ਇਸ ਗੱਲ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਨਹੀਂ
ਹਨ। ਇਹ ਸੱਚ ਹੈ ਕਿ ਪੰਜਾਬ ਵਿੱਚ ਬਹੁਤ ਥੋੜ੍ਹੀ ਵਸੋਂ ਦੀ ਇੰਟਰਨੈੱਟ ਤੱਕ ਪਹੁੰਚ
ਹੈ। ਪਰ ਅੱਜ ਪੰਜਾਬੀ ਇਕੱਲੇ ਪੰਜਾਬ ਵਿੱਚ ਨਹੀਂ ਰਹਿੰਦੇ ਸਗੋਂ ਬਹੁਤ ਵੱਡੀ ਗਿਣਤੀ
ਵਿੱਚ ਇੰਗਲੈਂਡ, ਕੈਨੇਡਾ, ਅਮਰੀਕਾ, ਜਰਮਨੀ, ਅਸਟ੍ਰੇਲੀਆ ਆਦਿ ਮੁਲਕਾਂ ਵਿੱਚ ਵੀ
ਰਹਿ ਰਹੇ ਹਨ। ਇਹਨਾਂ ਮੁਲਕਾਂ ਵਿੱਚ ਰਹਿੰਦੇ 86%-93% ਤੱਕ ਲੋਕਾਂ ਦੀ ਇੰਟਰਨੈੱਟ
ਤੱਕ ਪਹੁੰਚ ਹੈ।[55] ਇਹਨਾਂ ਮੁਲਕਾਂ ਵਿੱਚ ਵਸਦੇ ਬਹੁਗਿਣਤੀ ਪੰਜਾਬੀਆਂ ਦੀ ਵੀ
ਇੰਟਰਨੈੱਟ ਤੱਕ ਪਹੁੰਚ ਹੈ। ਪਰ ਬਾਹਰਲੇ ਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਵਿੱਚੋਂ
ਪੰਜਾਬੀ ਵਿਕੀਪੀਡੀਏ ਵਿੱਚ ਇਕ ਸਰਗਰਮ ਐਡੀਟਰ (ਵਰਤੋਂਕਾਰ) ਦੇ ਤੌਰ ‘ਤੇ ਯੋਗਦਾਨ
ਪਾਉਣ ਵਾਲਾ ਸ਼ਾਇਦ ਇਕ ਅੱਧ ਪੰਜਾਬੀ ਹੀ ਹੋਵੇ। ਇਹਨਾਂ ਤੱਥਾਂ ਨੂੰ ਦੇਖਦਿਆਂ ਅਸੀਂ
ਇਹ ਕਹਿ ਸਕਦੇ ਹਾਂ ਕਿ ਪੰਜਾਬੀਆਂ ਦੀ ਇੰਟਰਨੈੱਟ ਤੱਕ ਘੱਟ ਪਹੁੰਚ ਪੰਜਾਬੀ
ਵਿਕੀਪੀਡੀਏ ਦੇ ਧੀਮੇ ਵਿਕਾਸ ਦੀ ਸਥਿਤੀ ਦੀ ਪੂਰੀ ਤਰ੍ਹਾਂ ਵਿਆਖਿਆ ਨਹੀਂ ਕਰਦੀ। ਇਸ
ਧੀਮੇ ਵਿਕਾਸ ਲਈ ਇਸ ਸਥਿਤੀ ਤੋਂ ਬਿਨਾਂ ਵੀ ਕੋਈ ਹੋਰ ਕਾਰਨ ਹੋਵੇਗਾ।
ਮੇਰੇ ਖਿਆਲ ਵਿੱਚ ਇਸ ਸਥਿਤੀ ਲਈ ਪੰਜਾਬੀ ਸਮਾਜ ਦੀ ਉਹ ਸੋਚ ਵੀ ਜ਼ਿੰਵਾਰ ਹੈ ਜਿਸ
ਨੂੰ ਆਮ ਤੌਰ ‘ਤੇ ਇਹਨਾਂ ਸ਼ਬਦਾਂ ਵਿੱਚ ਪ੍ਰਗਟ ਕੀਤਾ ਜਾਂਦਾ ਹੈ, ‘ਪੰਜਾਬੀ ਇਤਿਹਾਸ
ਬਣਾ ਤਾਂ ਸਕਦੇ ਹਨ, ਪਰ ਸੰਭਾਲ ਨਹੀਂ ਸਕਦੇ’। ਭਾਵ ਕਿ ਅਜੋਕੇ ਪੰਜਾਬੀਆਂ ਦੀ
ਲਿਖਣ-ਪੜ੍ਹਨ, ਖੋਜਣ-ਸਮਝਣ, ਗਿਆਨ ਇਕੱਤਰ ਕਰਨ/ਸੰਭਾਲਣ ਆਦਿ ਵਿੱਚ ਕੋਈ ਦਿਲਚਸਪੀ
ਨਹੀਂ ਜਾਂ ਇਹ ਗੱਲ ਪੰਜਾਬੀਆਂ ਦੀਆਂ ਪਹਿਲੀਆਂ ਤਰਜੀਹਾਂ ਵਿੱਚ ਨਹੀਂ ਆਉਂਦੀ।
ਹੱਸਣ/ਖੇਡਣ, ਨੱਚਣ/ਟੱਪਣ, ਖਾਣ/ਪੀਣ, ਲੜਨ/ਭਿੜਨ ਆਦਿ ਨਾਲ ਸੰਬੰਧਤ ਸਰਗਰਮੀਆਂ
ਪੰਜਾਬੀਆਂ ਦੀਆਂ ਪਹਿਲੀਆਂ ਤਰਜੀਹਾਂ ਹਨ। ਇਸ ਗੱਲ ਨੂੰ ਸਪਸ਼ਟ ਕਰਨ ਲਈ ਇਕ ਉਦਾਹਰਨ
ਪੇਸ਼ ਹੈ। ਪਿਛਲੇ ਦਹਾਕੇ ਦੇ ਦੌਰਾਨ ਪੰਜਾਬੀਆਂ (ਪੰਜਾਬ ਦੀ ਸਰਕਾਰ ਨੇ ਵੀ ਅਤੇ
ਨਿੱਜੀ ਪੱਧਰ ‘ਤੇ ਵੀ) ਨੇ ਕਬੱਡੀ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਸਥਾਪਤ ਕਰਨ ਲਈ
ਕ੍ਰੋੜਾਂ ਰੁਪਏ ਖਰਚੇ ਹਨ ਅਤੇ ਹੋਰ ਵੀ ਕਈ ਤਰ੍ਹਾਂ ਦੀ ਸ਼ਕਤੀ ਲਾਈ ਹੈ। ਪੰਜਾਬੀ
ਮੀਡੀਏ ਅਤੇ ਪ੍ਰਚਾਰ ਦੇ ਹੋਰ ਸਾਧਨਾਂ ਵਿੱਚ ਇਹ ਮਸਲਾ ਕਾਫੀ ਚਰਚਿਤ ਰਿਹਾ ਹੈ।
ਪੰਜਾਬੀ ਵਿਕੀਪੀਡੀਆ ਅਤੇ ਅਜੋਕੇ ਜਾਣਕਾਰੀ ਯੁੱਗ ਦਾ ਵਰਤਾਰਾ ਵੀ ਇਸ ਹੀ ਸਮੇਂ
ਦੌਰਾਨ (ਪਿਛਲੇ ਡੇਢ ਦੋ ਦਹਾਕਿਆਂ) ਹੋਂਦ ਵਿੱਚ ਆਇਆ ਹੈ। ਇਸ ਬਾਰੇ ਪੰਜਾਬੀਆਂ ਨੇ
ਕਿੰਨਾ ਕੁ ਪੈਸਾ ਜਾਂ ਸਾਧਨ ਲਾਏ ਹਨ, ਇਸ ਬਾਰੇ ਕਿੰਨੀ ਕੁ ਗੱਲ ਕੀਤੀ ਹੈ, ਇਸ ਬਾਰੇ
ਕੋਈ ਬਹੁਤਾ ਕੁਝ ਨਹੀਂ ਕਿਹਾ ਜਾ ਸਕਦਾ। ਇੱਥੇ ਮੈਂ ਇਹ ਗੱਲ ਸਪਸ਼ਟ ਕਰ ਦੇਣੀ
ਚਾਹੁੰਦਾ ਹਾਂ ਕਿ ਮੈਂ ਕਬੱਡੀ ਦੇ ਵਿਕਾਸ ਦਾ ਵਿਰੋਧੀ ਨਹੀਂ ਹਾਂ। ਕਬੱਡੀ ਦੀ ਗੱਲ
ਮੈਂ ਸਿਰਫ ਇਹ ਦਿਖਾਉਣ ਲਈ ਕੀਤੀ ਹੈ ਕਿ ਪੰਜਾਬੀ ਸਮਾਜ ਦੀਆਂ ਤਰਜੀਹਾਂ ਕੀ ਹਨ।
ਮੈਂ ਸਮਝਦਾ ਹਾਂ ਕਿ ਪੰਜਾਬੀ ਵਿਕੀਪੀਡੀਏ ਦੇ ਵਿਕਾਸ ਦੀ ਧੀਮੀ ਰਫਤਾਰ ਉਹਨਾਂ
ਸਾਰੇ ਪੰਜਾਬੀਆਂ ਲਈ ਇਕ ਨਮੋਸ਼ੀ ਵਾਲੀ ਗੱਲ ਹੋਣੀ ਚਾਹੀਦੀ ਹੈ, ਜੋ ਹਰ ਵੇਲੇ
“ਪੰਜਾਬੀਆਂ ਦੀ ਬੱਲੇ ਬੱਲੇ” ਦਾ ਗੀਤ ਗਾਉਂਦੇ ਨਹੀਂ ਥੱਕਦੇ। ਜਾਣਕਾਰੀ ਯੁੱਗ ਦੇ
ਮਹੱਤਵਪੂਰਨ ਵਰਤਾਰੇ ਵਿਕੀਪੀਡੀਏ ਵਿੱਚ ਪੰਜਾਬੀਆਂ ਦੀ ਇਹ ‘ਬੱਲੇ ਬੱਲੇ’ ਕਿਤੇ
ਦਿਖਾਈ ਨਹੀਂ ਦਿੰਦੀ। ਉਹ ਵਰਤਾਰਾ ਜੋ ਦੁਨੀਆ ਵਿੱਚ ਗਿਆਨ ਹਾਸਲ ਕਰਨ, ਗਿਆਨ ਇਕੱਤਰ
ਕਰਨ, ਗਿਆਨ ਦਾ ਸੰਚਾਰ ਕਰਨ ਅਤੇ ਦੁਨੀਆਂ ਨੂੰ ਦੇਖਣ/ਸਮਝਣ ਦੇ ਖੇਤਰ ਵਿੱਚ ਇਕ
ਇਨਕਲਾਬੀ ਤਬਦੀਲੀ ਲਿਆ ਰਿਹਾ ਹੈ ਅਤੇ ਉਸ ਵਿੱਚ ਹਰ ਵੇਲੇ ਆਪਣੀ ‘ਬੱਲੇ ਬੱਲੇ’ ਦਾ
ਗਾਇਨ ਕਰਨ ਵਾਲੇ ਪੰਜਾਬੀਆਂ ਦੀ ਸ਼ਮੂਲੀਅਤ ਦਾ ਸਥਾਨ 106ਵੇਂ ਨੰਬਰ ‘ਤੇ ਹੈ। ਇਸ
ਸਚਾਈ ਬਾਰੇ ਸਾਨੂੰ ਸਾਰਿਆਂ ਨੂੰ ਫਿਕਰਮੰਦ ਹੋਣ ਦੀ ਲੋੜ ਹੈ ਅਤੇ ਇਸ ਸਚਾਈ ਨੂੰ
ਬਦਲਣ ਲਈ ਗੰਭੀਰ ਉਪਰਾਲੇ ਕਰਨ ਦੀ ਲੋੜ ਹੈ।
ਹੁਣ ਸਵਾਲ ਉੱਠਦਾ ਹੈ ਕਿ ਇਹ ਉਪਰਾਲੇ ਕੀ ਹੋਣ? ਪੰਜਾਬੀ ਵਿਕੀਪੀਡੀਏ ‘ਤੇ ਪਾਈ
ਜਾ ਰਹੀ ਸਮੱਗਰੀ ਦੀ ਰਫਤਾਰ ਵਿੱਚ ਤੇਜ਼ੀ ਲਿਆਉਣ ਲਈ ਕਰਨ ਵਾਲਿਆਂ ਯਤਨਾਂ ਬਾਰੇ ਗੱਲ
ਕਰਨ ਤੋਂ ਪਹਿਲਾਂ, ਮੈਂ ਵਿਕੀਪੀਡੀਆ ਦੇ ਬਾਨੀ ਜਿੰਮੀ ਵੇਲਜ਼ ਦੇ ਸ਼ਬਦਾਂ ਨੂੰ
ਥੋੜ੍ਹੀ ਜਿਹੀ ਤਬਦੀਲੀ ਕਰਕੇ ਦੁਹਰਾਉਣਾ ਚਾਹੁੰਦਾ ਹਾਂ। ਕਲਪਨਾ ਕਰੋ ਕਿ ‘ਦੁਨੀਆ ਦਾ
ਸਾਰਾ ਗਿਆਨ ਪੰਜਾਬੀ ਵਿੱਚ ਉਪਲਬਧ ਹੋਵੇ ਅਤੇ ਇਸ ਗਿਆਨ ਤੱਕ ਹਰ ਇਕ ਪੰਜਾਬੀ ਦੀ
ਪਹੁੰਚ ਹੋਵੇ।’ ਜਿਸ ਦਿਨ ਅਜਿਹਾ ਹੋਵੇਗਾ, ਉਹ ਦਿਨ ਪੰਜਾਬੀ ਲੋਕਾਂ, ਪੰਜਾਬੀ ਬੋਲੀ,
ਅਤੇ ਪੰਜਾਬੀ ਸਭਿਆਚਾਰ ਲਈ ਇਕ ਮਾਣਮੱਤਾ ਦਿਨ ਹੋਵੇਗਾ। ਪੰਜਾਬੀ ਪੜ੍ਹ ਸਕਣ ਵਾਲਾ ਹਰ
ਵਿਅਕਤੀ ਦੁਨੀਆ ਦੇ ਵਿਸ਼ਾਲ ਗਿਆਨ ਤੱਕ ਆਪਣੀ ਮਾਂ ਬੋਲੀ ਵਿੱਚ ਪਹੁੰਚ ਕਰ ਸਕੇਗਾ।
ਆਮ ਪੰਜਾਬੀ ਬੰਦੇ ਕੋਲ ਉਨ੍ਹਾਂ ਲੋਕਾਂ ਨੂੰ ਚੁਣੌਤੀ ਦੇਣ ਲਈ ਇਕ ਸਾਧਨ ਹੋਵੇਗਾ
ਜਿਹੜੇ ਲੋਕ ਗਿਆਨ ਨੂੰ ਮੁੱਠੀ ਭਰ ਲੋਕਾਂ ਦੀ ਮਲਕੀਅਤ ਰੱਖਣਾ ਚਾਹੁੰਦੇ ਹਨ। ਹਰ ਇਕ
ਪੰਜਾਬੀ ਆਪਣੀ ਮਾਂ ਬੋਲੀ ਦੀ ਵਰਤੋਂ ਕਰਦਿਆਂ ਆਪਣੇ ਵਿਰਸੇ, ਆਪਣੇ ਇਤਿਹਾਸ ਅਤੇ
ਪਿਛੋਕੜ ਨਾਲ ਜੁੜਣ ਦੇ ਨਾਲ ਨਾਲ ਦੁਨੀਆ ਦੇ ਗਿਆਨ ਨਾਲ ਜੁੜ ਸਕੇਗਾ ਅਤੇ ਉਸ ਲਈ
ਦੁਨੀਆ ਨੂੰ ਵਿਸ਼ਵ ਨਜ਼ਰੀਏ ਨਾਲ ਦੇਖ ਸਕਣ ਦੀਆਂ ਸੰਭਾਵਨਾ ਪੈਦਾ ਹੋਣਗੀਆਂ।
ਪੰਜਾਬੀਆਂ ਲਈ ਅਜਿਹਾ ਦਿਨ ਲਿਆਉਣ ਲਈ ਪੰਜਾਬੀ ਵਿਕੀਪੀਡੀਆ ਆਪਣਾ ਯੋਗਦਾਨ ਪਾ
ਸਕਦਾ ਹੈ। ਇੱਥੇ ਮੈਂ ਇਹ ਗੱਲ ਵੀ ਸਾਫ ਕਰ ਦੇਣੀ ਚਾਹੁੰਦਾ ਹਾਂ ਕਿ ਜੇ ਮੈਂ ਇਹ
ਦਾਅਵਾਂ ਕਰਾਂ ਕਿ ਇਕੱਲਾ ਪੰਜਾਬੀ ਵਿਕੀਪੀਡੀਆ ਪੰਜਾਬੀਆਂ ਲਈ ਇਸ ਤਰ੍ਹਾਂ ਦੀ ਸਥਿਤੀ
ਪੈਦਾ ਕਰ ਦੇਵੇਗਾ ਤਾਂ ਉਹ ਦਾਅਵਾ ‘ਮੂਰਖਾਂ ਦੇ ਸਵਰਗ’ ਵਿੱਚ ਰਹਿਣ ਵਾਲੀ ਗੱਲ
ਹੋਵੇਗੀ। ਮੈਂ ਚੰਗੀ ਤਰ੍ਹਾਂ ਸਮਝਦਾ ਹਾਂ ਕਿ ਪੰਜਾਬੀਆਂ ਲਈ ਦੁਨੀਆ ਦੇ ਗਿਆਨ ਤੱਕ
ਪਹੁੰਚ ਦੀ ਸਥਿਤੀ ਪੈਦਾ ਕਰਨ ਲਈ ਬਹੁਤ ਕੁਝ ਹੋਰ ਕਰਨਾ ਪਏਗਾ ਅਤੇ ਬਹੁਤ ਸਾਰੀਆਂ
ਚੁਣੌਤੀਆਂ ਨਾਲ ਨਜਿੱਠਣਾ ਪਏਗਾ। ਇੱਥੇ ਮੇਰਾ ਦਾਅਵਾ ਏਨਾ ਹੀ ਹੈ ਕਿ ਪੰਜਾਬੀਆਂ ਲਈ
ਇਸ ਤਰ੍ਹਾਂ ਦੀ ਸਥਿਤੀ ਪੈਦਾ ਕਰਨ ਲਈ ਪੰਜਾਬੀ ਵਿਕੀਪੀਡੀਆ ਇਕ ਮਹੱਤਵਪੂਰਨ ਸਾਧਨ
ਜ਼ਰੂਰ ਬਣ ਸਕਦਾ ਹੈ। ਇਸ ਲਈ ਇਸ ਨੂੰ ਵਿਕਸਤ ਕਰਨ ਲਈ ਸਾਨੂੰ ਯਤਨ ਕਰਨੇ ਚਾਹੀਦੇ
ਹਨ।
ਜਿਵੇਂ ਲੇਖ ਵਿੱਚ ਪਹਿਲਾਂ ਦੱਸਿਆ ਗਿਆ ਹੈ ਕਿ ਵਿਕੀਪੀਡੀਆ ਇਕ ਤਕਨੀਕੀ ਅਤੇ
ਸਮਾਜਕ ਵਰਤਾਰਾ ਹੈ। ਪੰਜਾਬੀ ਵਿਕੀਪੀਡੀਏ ਲਈ ਸਾਨੂੰ ਤਕਨੀਕੀ ਪੱਖ ਤੋਂ ਬਹੁਤਾ ਕੁਝ
ਕਰਨ ਦੀ ਲੋੜ ਨਹੀਂ। ਇਸ ਨੂੰ ਤਿਆਰ ਕਰਨ ਲਈ ਤਕਨੀਕੀ ਤੌਰ ‘ਤੇ ਜੋ ਕੁਝ ਚਾਹੀਦਾ ਹੈ
ਉਹ ਪਹਿਲਾਂ ਹੀ ਮੌਜੂਦ ਹੈ। ਪਰ ਸਮਾਜਕ ਪੱਧਰ ‘ਤੇ ਇਸ ਬਾਰੇ ਬਹੁਤ ਕੁਝ ਕਰਨ ਦੀ ਲੋੜ
ਹੈ। ਇਸ ਲਈ ਸਾਨੂੰ ਵਿਸ਼ਵ ਪੱਧਰ ‘ਤੇ ਪੰਜਾਬੀ ਵਿਕੀਪੀਡੀਏ ਲਈ ਕੰਮ ਕਰਨ ਵਾਲੇ
ਵਾਲੰਟੀਅਰਾਂ ਦਾ ਇਕ ਵੱਡਾ ਭਾਈਚਾਰਾ ਵਿਕਸਤ ਕਰਨ ਦੀ ਲੋੜ ਹੈ, ਜਿਸ ਵਿੱਚ ਜੇ
ਹਜ਼ਾਰਾਂ ਨਹੀਂ ਤਾਂ ਸੈਂਕੜੇ ਬਹੁਤ ਸਰਗਰਮ ਐਡੀਟਰ (ਮਹੀਨੇ ਵਿੱਚ 100 ਤੋਂ ਵੱਧ
ਸੋਧਾਂ ਕਰਨ ਵਾਲੇ) ਹੋਣ ਅਤੇ ਜੇ ਲੱਖਾਂ ਨਹੀਂ ਤਾਂ ਹਜ਼ਾਰਾਂ ਸਰਗਰਮ ਐਡੀਟਰ (ਮਹੀਨੇ
ਵਿੱਚ 10 ਤੋਂ ਵੱਧ ਸੋਧਾਂ ਕਰਨ ਵਾਲੇ) ਹੋਣ। ਵਾਲੰਟੀਅਰਾਂ ਦਾ ਇਹ ਵੱਡਾ ਭਾਈਚਾਰਾ
ਵਿਕਸਤ ਕਰਨ ਵਿੱਚ ਲੇਖਕ ਸਭਾਵਾਂ, ਸਾਹਿਤਕ ਸੰਸਥਾਵਾਂ, ਕਾਲਜ, ਯੂਨੀਵਰਸਿਟੀਆਂ,
ਪ੍ਰੋਫੈਸ਼ਨਲ ਲੋਕਾਂ - ਡਾਕਟਰਾਂ, ਵਕੀਲਾਂ, ਇੰਜਨੀਅਰਾਂ ਆਦਿ- ਦੀਆਂ ਸੰਸਥਾਂਵਾਂ,
ਔਰਤਾਂ ਦੀਆਂ ਜਥੇਬੰਦੀਆਂ, ਅਧਿਆਪਕ ਜਥੇਬੰਦੀਆਂ, ਪੱਤਰਕਾਰਾਂ ਦੀਆਂ ਸੰਸਥਾਂਵਾਂ,
ਤਰਕਸ਼ੀਲ ਸੁਸਾਇਟੀਆਂ ਅਤੇ ਇਸ ਤਰ੍ਹਾਂ ਦੀਆਂ ਹੋਰ ਸੰਸਥਾਂਵਾਂ ਬਹੁਤ ਵੱਡਾ ਰੋਲ ਅਦਾ
ਕਰ ਸਕਦੀਆਂ ਹਨ।
ਸੰਸਥਾਂਵਾਂ ਦੇ ਪੱਧਰ ‘ਤੇ ਇਸ ਕੰਮ ਵਿੱਚ ਯੋਗਦਾਨ ਪਾਉਣਾ ਸ਼ੁਰੂ ਕਰਨ ਲਈ ਸਭ
ਤੋਂ ਪਹਿਲਾਂ ਸੰਸਥਾਂਵਾਂ ਅਤੇ ਉਹਨਾਂ ਦੇ ਮੈਂਬਰਾਂ ਨੂੰ ਅਜੋਕੇ ਜਾਣਕਾਰੀ ਯੁੱਗ
ਵਿੱਚ ਪੰਜਾਬੀ ਵਿਕੀਪੀਡੀਏ ਦੇ ਸਥਾਨ ਅਤੇ ਅਹਿਮੀਅਤ ਬਾਰੇ ਸਮਝਣ ਦੀ ਲੋੜ ਹੈ।
ਸੰਸਥਾਂਵਾਂ ਦੇ ਮੈਂਬਰ ਅਜਿਹਾ ਕਰਨ ਦੀ ਸ਼ੁਰੂਆਤ ਪੰਜਾਬੀ ਵਿਕੀਪੀਡੀਏ ਬਾਰੇ ਆਪਸ
ਵਿੱਚ ਵਿਚਾਰ ਵਟਾਂਦਰਾ ਕਰਕੇ ਕਰ ਸਕਦੇ ਹਨ। ਸੰਸਥਾਂਵਾਂ ਦੇ ਉਹ ਮੈਂਬਰ ਜੋ ਕੰਪਿਊਟਰ
ਅਤੇ ਇੰਟਰਨੈੱਟ ਦੀ ਵਰਤੋਂ ਕਰਦੇ ਹਨ ਅਤੇ ਇਹਨਾਂ ਦੀ ਵਰਤੋਂ ਨੂੰ ਚੰਗੀ ਤਰ੍ਹਾਂ
ਸਮਝਦੇ ਹਨ, ਪੰਜਾਬੀ ਵਿਕੀਪੀਡੀਏ ਦੇ ਸਾਈਟ ‘ਤੇ ਜਾ ਕੇ ਇਸ ਦੇ ਕੰਮ ਕਰਨ ਦੇ ਢੰਗ
ਨੂੰ ਸਮਝ ਸਕਦੇ ਹਨ ਅਤੇ ਫਿਰ ਦੂਸਰੇ ਮੈਂਬਰਾਂ ਨੂੰ ਸਮਝਾ ਸਕਦੇ ਹਨ। ਜੇ ਲੋੜ ਹੋਵੇ
ਤਾਂ ਪੰਜਾਬੀ ਵਿਕੀਪੀਡੀਏ ਉੱਤੇ ਕੰਮ ਕਰਨਾ ਜਾਣਨ ਵਾਲੇ ਲੋਕਾਂ ਨੂੰ ਸੱਦ ਕੇ ਉਹਨਾਂ
ਤੋਂ ਇਸ ਬਾਰੇ ਵਰਕਸ਼ਾਪਾਂ ਵਗੈਰਾ ਵੀ ਲਵਾਈਆਂ ਜਾ ਸਕਦੀਆਂ ਹਨ। ਇਹਨਾਂ ਵਰਕਸ਼ਾਪਾਂ
ਵਿੱਚ ਆਪਣੇ ਮੈਂਬਰਾਂ ਤੋਂ ਬਿਨਾਂ ਭਾਈਚਾਰੇ ਦੇ ਹੋਰ ਲੋਕਾਂ ਨੂੰ ਵੀ ਸੱਦਿਆ ਜਾ
ਸਕਦਾ ਹੈ ਤਾਂ ਕਿ ਪੰਜਾਬੀ ਵਿਕੀਪੀਡੀਏ ‘ਤੇ ਕੰਮ ਕਰਨ ਦੀ ਜਾਚ ਵੱਧ ਤੋਂ ਵੱਧ ਲੋਕਾਂ
ਤੱਕ ਪਹੁੰਚਾਈ ਜਾ ਸਕੇ।
ਪੰਜਾਬੀ ਵਿਕੀਪੀਡੀਏ ‘ਤੇ ਆਪ ਸਰਗਰਮ ਹੋਣ ਤੋਂ ਬਾਅਦ ਹੋਰ ਲੋਕਾਂ ਨੂੰ ਇਸ ਕਾਰਜ
ਲਈ ਸਰਗਰਮ ਕਰਨ ਲਈ ਪੰਜਾਬੀ ਵਿਕੀਪੀਡੀਏ ‘ਤੇ ਜਾਣਕਾਰੀ ਪਾਉਣ ਲਈ ਜਨਤਕ ਸਮਾਗਮਾਂ
(ਐਡਿਟ -ਥਾਨਜ਼) ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਸ ਗੱਲ ਦੀ ਮਹੱਤਤਾ ਨੂੰ ਦਰਸਾਉਣ
ਲਈ ਮੈਂ ਕੁਝ ਉਦਾਹਰਨਾਂ ਦੇਣੀਆਂ ਚਾਹਾਂਗਾ। ਪੰਜਾਬੀ ਸਾਹਿਤ ਅਤੇ ਬੋਲੀ ਦੀ ਤਰੱਕੀ
ਲਈ ਹੁਣ ਤੱਕ ਪੰਜਾਬੀ ਸਾਹਿਤ ਸਭਾਵਾਂ ਅਤੇ ਲੇਖਕਾਂ ਦੀਆਂ ਸੰਸਥਾਂਵਾਂ ਦਾ ਇਕ ਖਾਸ
ਯੋਗਦਾਨ ਰਿਹਾ ਹੈ। ਹੁਣ ਮੰਨ ਲਉ ਕਿ ਪੰਜਾਬੀ ਸਾਹਿਤ ਨਾਲ ਸੰਬੰਧਤ ਹਰ ਇਕ
ਸਾਹਿਤ/ਲੇਖਕ ਸਭਾ ਜੇ ਹਰ ਸਾਲ ਪੰਜਾਬੀ ਵਿਕੀਪੀਡੀਏ ‘ਤੇ ਸਾਹਿਤ ਨਾਲ ਸੰਬੰਧਤ
ਵਿਸ਼ਿਆਂ ਬਾਰੇ ਜਾਣਕਾਰੀ ਪਾਉਣ ਦਾ ਇਕ ਇਕ ਸਮਾਗਮ ਵੀ ਕਰੇ, ਤਾਂ ਅਸੀਂ ਇਕ ਜਾਂ ਦੋ
ਸਾਲਾਂ ਵਿੱਚ ਪੰਜਾਬੀ ਸਾਹਿਤ ਨਾਲ ਸੰਬੰਧਤ ਤਕਰੀਬਨ ਸਾਰੀ ਦੀ ਸਾਰੀ ਜਾਣਕਾਰੀ
ਪੰਜਾਬੀ ਵਿਕੀਪੀਡੀਏ ‘ਤੇ ਇਕੱਤਰ ਕਰ ਸਕਾਂਗੇ। ਇਸ ਹੀ ਤਰ੍ਹਾਂ ਹਰ ਸਾਲ ਹਜ਼ਾਰਾਂ
ਨਹੀਂ ਤਾਂ ਸੈਂਕੜੇ ਜਥੇਬੰਦੀਆਂ ਭਗਤ ਸਿੰਘ ਦਾ ਸ਼ਹੀਦੀ ਦਿਨ ਜਾਂ ਜਨਮ ਦਿਨ ਮਨਾਉਣ
ਲਈ ਸਮਾਗਮ ਕਰਦੀਆਂ ਹਨ। ਜੇ ਇਹ ਜਥੇਬੰਦੀਆਂ ਭਾਰਤ ਦੀ ਅਜ਼ਾਦੀ ਲਹਿਰ ਵਿੱਚ ਯੋਗਦਾਨ
ਪਾਉਣ ਵਾਲੇ ਵਿਅਕਤੀਆਂ ਬਾਰੇ ਪੰਜਾਬੀ ਵਿਕੀਪੀਡੀਏ ‘ਤੇ ਸੰਖੇਪ ਵੇਰਵਾ ਪਾਉਣ ਦੇ
ਕਾਰਜ ਨੂੰ ਆਪਣੇ ਇਹਨਾਂ ਸਮਾਗਮਾਂ ਦਾ ਹਿੱਸਾ ਬਣਾ ਲੈਣ ਤਾਂ ਅਸੀਂ ਇਕ ਅੱਧੇ ਸਾਲ
ਵਿੱਚ ਭਾਰਤ ਦੀ ਅਜ਼ਾਦੀ ਲਹਿਰ ਵਿੱਚ ਹਿੱਸਾ ਲੈਣ ਵਾਲੇ ਵਿਅਕਤੀਆਂ ਬਾਰੇ ਮੁਢਲੀ
ਜਾਣਕਾਰੀ ਪੰਜਾਬੀ ਵਿਕੀਪੀਡੀਏ ‘ਤੇ ਇਕੱਤਰ ਕਰ ਸਕਾਂਗੇ। ਇਸ ਹੀ ਲੜੀ ਵਿੱਚ ਔਰਤਾਂ
ਦੀਆਂ ਜਥੇਬੰਦੀਆਂ ਹਰ ਸਾਲ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਪੰਜਾਬੀ ਵਿਕੀਪੀਡੀਏ
‘ਤੇ ਔਰਤਾਂ ਦੀਆਂ ਸਮੱਸਿਆਵਾਂ, ਔਰਤਾਂ ਦੇ ਸੰਘਰਸ਼ਾਂ, ਔਰਤਾਂ ਦੇ ਹੱਕਾਂ ਲਈ ਲੜਨ
ਵਾਲੀਆਂ ਨਾਇਕਾਵਾਂ, ਸਮਾਜ ਦੇ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟ ਚੁੱਕੀਆਂ ਔਰਤਾਂ
ਦੇ ਜੀਵਨ ਵਰਗੇ ਵਿਸ਼ਿਆਂ ‘ਤੇ ਜਾਣਕਾਰੀ ਇਕੱਤਰ ਕਰਕੇ ਪੰਜਾਬੀ ਵਿਕੀਪੀਡੀਏ ‘ਤੇ ਪਾਉਣ
ਲਈ ਸਮਾਗਮਾਂ ਦਾ ਪ੍ਰਬੰਧ ਕਰ ਸਕਦੀਆਂ ਹਨ। ਪਿਛਲੇ 2-3 ਦਹਾਕਿਆਂ ਦੌਰਾਨ ਪੰਜਾਬੀ
ਸਮਾਜ ਵਿੱਚ ਵਿਗਿਆਨਕ ਸੋਚ ਦਾ ਪਸਾਰ ਕਰਨ ਲਈ ਤਰਕਸ਼ੀਲ ਸੁਸਾਇਟੀਆਂ/ਸਭਾਵਾਂ ਨੇ
ਜ਼ਿਕਰਯੋਗ ਯੋਗਦਾਨ ਪਾਇਆ ਹੈ। ਜੇ ਪੰਜਾਬੀ ਜਗਤ ਵਿੱਚ ਕੰਮ ਕਰ ਰਹੀਆਂ ਤਰਕਸ਼ੀਲ
ਸੁਸਾਇਟੀਆਂ/ਸਭਾਵਾਂ ਹਰ ਸਾਲ ਇਕ ਇਕ ਸਮਾਗਮ ਪੰਜਾਬੀ ਵਿਕੀਪੀਡੀਏ ‘ਤੇ ਵਿਗਿਆਨ ਅਤੇ
ਇਸ ਨਾਲ ਸੰਬੰਧਤ ਵਿਸ਼ਿਆਂ ਬਾਰੇ ਜਾਣਕਾਰੀ ਪਾਉਣ ਲਈ ਉਲੀਕਣ ਤਾਂ ਅਸੀਂ ਬਹੁਤ ਛੇਤੀ
ਵਿਗਿਆਨ ਦੇ ਖੇਤਰ ਬਾਰੇ ਕਾਫੀ ਮਹੱਤਵਪੂਰਨ ਜਾਣਕਾਰੀ ਪੰਜਾਬੀ ਵਿਕੀਪੀਡੀਏ ‘ਤੇ
ਇਕੱਤਰ ਕਰਨ ਦੇ ਕਾਬਲ ਹੋ ਸਕਾਂਗੇ। ਪੰਜਾਬੀ ਸਮਾਜ ਵਿੱਚ ਸਰਸਰੀ ਨਜ਼ਰ ਮਾਰ ਕੇ ਇਸ
ਤਰ੍ਹਾਂ ਦੀਆਂ ਕਈ ਹੋਰ ਸੰਸਥਾਂਵਾਂ/ਜਥੇਬੰਦੀਆਂ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ
ਹੈ, ਜਿਹਨਾਂ ਲਈ ਇਸ ਤਰ੍ਹਾਂ ਦੇ ਸਮਾਗਮਾਂ ਦਾ ਪ੍ਰਬੰਧ ਕਰਨਾ ਉਹਨਾਂ ਦੇ ਕਾਰਜ ਦਾ
ਇਕ ਮਹੱਤਵਪੂਰਨ ਅੰਗ ਬਣ ਸਕਦਾ ਹੈ।
ਪੰਜਾਬੀ ਵਿਕੀਪੀਡੀਏ ਦੇ ਵਿਕਾਸ ਲਈ ਕਾਲਜਾਂ/ਯੂਨੀਵਰਸਿਟੀਆਂ ਦੇ ਅਧਿਆਪਕ ਅਤੇ
ਵਿਦਿਆਰਥੀ ਵੱਡਾ ਹਿੱਸਾ ਪਾ ਸਕਦੇ ਹਨ। ਇਸ ਲਈ ਕਾਲਜਾਂ ਯੂਨੀਵਰਸਿਟੀਆਂ ਦੇ
ਅਧਿਆਪਕਾਂ ਨੂੰ ਇਸ ਕਾਰਜ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਆਪਣੇ ਵਿਦਿਆਰਥੀਆਂ
ਨੂੰ ਇਸ ਕਾਰਜ ਵਿੱਚ ਹਿੱਸਾ ਲੈਣ ਲਈ ਪ੍ਰੇਰਣਾ ਚਾਹੀਦਾ ਹੈ। ਜਿਹਨਾਂ ਵਿਦਿਅਕ
ਅਦਾਰਿਆਂ ਵਿੱਚ ਕੋਈ ਅਧਿਆਪਕ ਇਸ ਕਾਰਜ ਦੀ ਅਗਵਾਈ ਕਰਨ ਲਈ ਅੱਗੇ ਨਾ ਆਵੇ ਤਾਂ ਉੱਥੇ
ਇਹਨਾਂ ਅਦਾਰਿਆਂ ਦੇ ਸੀਨੀਅਰ ਵਿਦਿਆਰਥੀਆਂ ਨੂੰ ਅੱਗੇ ਹੋ ਕੇ ਇਸ ਉੱਦਮ ਦੀ ਅਗਵਾਈ
ਕਰਨੀ ਚਾਹੀਦੀ ਹੈ। ਕਾਲਜਾਂ/ਯੂਨੀਅਵਰਸਿਟੀਆਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ
ਸ਼ਮੂਲੀਅਤ ਨਾਲ ਅਸੀਂ ਪੰਜਾਬੀ ਵਿਕੀਪੀਡੀਏ ‘ਤੇ ਪਾਉਣ ਲਈ ਹਰ ਤਰ੍ਹਾਂ ਦੇ ਵਿਸ਼ਿਆਂ
ਬਾਰੇ ਵੱਡਮੁੱਲੀ ਜਾਣਕਾਰੀ ਇਕੱਤਰ ਕਰ ਸਕਦੇ ਹਾਂ ਅਤੇ ਪਾ ਸਕਦੇ ਹਾਂ। ਉਦਾਹਰਨ ਲਈ
ਜੇ ਡਾਕਟਰੀ ਦੀ ਪੜ੍ਹਾਈ ਦੇ ਅਖੀਰਲੇ ਸਾਲਾਂ ‘ਚ ਪੜ੍ਹ ਰਹੇ ਵਿਦਿਆਰਥੀ ਆਪਣੇ
ਅਧਿਆਪਕਾਂ ਦੀ ਨਿਗਰਾਨੀ ਵਿੱਚ ਡਾਕਟਰੀ ਦੇ ਵੱਖ ਵੱਖ ਵਿਸ਼ਿਆਂ ਬਾਰੇ ਜਾਣਕਾਰੀ ਲਿਖ
ਕੇ ਪੰਜਾਬੀ ਵਿਕੀਪੀਡੀਏ ‘ਤੇ ਪਾਉਣ ਵਿੱਚ ਸਰਗਰਮ ਹੋ ਜਾਣ ਤਾਂ ਅਸੀਂ ਬਹੁਤ ਜਲਦੀ ਇਸ
ਖੇਤਰ ਬਾਰੇ ਬਹੁਤ ਸਾਰੀ ਜਾਣਕਾਰੀ ਪੰਜਾਬੀ ਵਿਕੀਪੀਡੀਏ ‘ਤੇ ਪਾਉਣ ਵਿੱਚ ਕਾਮਯਾਬੀ
ਹਾਸਲ ਕਰ ਸਕਾਂਗੇ। ਇਸ ਹੀ ਤਰ੍ਹਾਂ ਜੇ ਵਕਾਲਤ ਦੀ ਪੜ੍ਹਾਈ ਦੇ ਅਖੀਰਲੇ ਸਾਲਾਂ ਵਿੱਚ
ਪੜ੍ਹਾਈ ਕਰ ਰਹੇ ਵਿਦਿਆਰਥੀ ਕਾਨੂੰਨ ਦੇ ਵੱਖ ਵੱਖ ਸ਼ਬਦਾਂ, ਸੰਕਲਪਾਂ, ਅਤੇ ਕਾਨੂੰਨ
ਨਾਲ ਸੰਬੰਧਤ ਹੋਰ ਮੁੱਦਿਆਂ ਬਾਰੇ ਸੰਖੇਪ ਜਾਣਕਾਰੀ ਪੰਜਾਬੀ ਵਿਕੀਪੀਡੀਏ ‘ਤੇ ਪਾਉਣੀ
ਸ਼ੁਰੂ ਕਰ ਦੇਣ ਤਾਂ ਬਹੁਤ ਛੇਤੀ ਪੰਜਾਬੀ ਵਿਕੀਪੀਡੀਆ ਇਸ ਖੇਤਰ ਬਾਰੇ ਜਾਣਕਾਰੀ ਦਾ
ਇਕ ਮਹੱਤਵਪੂਰਨ ਸ੍ਰੋਤ ਬਣ ਸਕਦਾ ਹੈ। ਇਹ ਸਾਰੀਆਂ ਗੱਲਾਂ ਕਾਲਜਾਂ/ਯੂਨੀਵਰਸਿਟੀਆਂ
ਵਿੱਚ ਪੜ੍ਹਾਏ ਜਾਂਦੇ ਹਰ ਵਿਸ਼ੇ ਬਾਰੇ ਕਹੀਆਂ ਜਾ ਸਕਦੀਆਂ ਹਨ।
ਹੁਣ ਤੱਕ ਮੈਂ ਸੰਸਥਾਂਵਾਂ/ਅਦਾਰਿਆਂ ਆਦਿ ਵਲੋਂ ਪਾਏ ਜਾ ਸਕਣ ਵਾਲੇ ਸਹਿਯੋਗ ਦੀ
ਹੀ ਗੱਲ ਕੀਤੀ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਸੰਸਥਾਂਵਾਂ/ਅਦਾਰਿਆਂ ਕੋਲ
ਮੀਟਿੰਗਾਂ/ਵਰਕਸ਼ਾਪਾਂ ਦਾ ਪ੍ਰਬੰਧ ਕਰਨ ਲਈ ਬੁਨਿਆਦੀ ਵਸੀਲੇ ਹੁੰਦੇ ਹਨ। ਇਸ ਦਾ ਇਹ
ਮਤਲਬ ਨਹੀਂ ਕੱਢਣਾ ਚਾਹੀਦਾ ਕਿ ਮੈਂ ਇਕੱਲੇ ਇਕੱਲੇ ਵਿਅਕਤੀਆਂ ਵਲੋਂ ਵਿਅਕਤੀਗਤ
ਪੱਧਰ ਉੱਤੇ ਪਾਏ ਜਾ ਸਕਣ ਵਾਲੇ ਸਹਿਯੋਗ ਨੂੰ ਘਟਾ ਕੇ ਦੇਖ ਰਿਹਾ ਹਾਂ। ਪੰਜਾਬੀ
ਵਿਕੀਪੀਡੀਏ ਦੀ ਸ਼ੁਰੂਆਤ ਅਤੇ ਹੁਣ ਤੱਕ ਦੇ ਵਿਕਾਸ ਦਾ ਤਜਰਬਾ ਇਹ ਦੱਸਦਾ ਹੈ ਕਿ
ਲੋਕ ਵਿਅਕਤੀਗਤ ਪੱਧਰ ‘ਤੇ ਪੰਜਾਬੀ ਵਿਕੀਪੀਡੀਏ ਦੇ ਵਿਕਾਸ ਵਿੱਚ ਬਹੁਤ ਵੱਡਾ ਹਿੱਸਾ
ਪਾ ਸਕਦੇ ਹਨ। ਜਿਵੇਂ ਅਸੀਂ ਦੇਖਿਆ ਹੈ ਕਿ ਪਿਛਲੇ ਕਈ ਸਾਲਾਂ ਤੋਂ ਮੁੱਠੀ ਭਰ ਲੋਕਾਂ
ਨੇ ਵਿਅਕਤੀਗਤ ਪੱਧਰ ‘ਤੇ ਯੋਗਦਾਨ ਪਾ ਕੇ ਪੰਜਾਬੀ ਵਿਕੀਪੀਡੀਏ ਦੀ ਜੋਤ ਨੂੰ ਬਲਦਾ
ਰੱਖਿਆ ਹੈ ਅਤੇ ਇਸ ਨੂੰ ਬਲਦਾ ਰੱਖ ਰਹੇ ਹਨ। ਇਸ ਲਈ ਵੱਖ ਵੱਖ ਵਿਸ਼ਿਆਂ ਬਾਰੇ ਯੋਗਤਾ
ਅਤੇ ਰੁਚੀ ਰੱਖਣ ਵਾਲੇ ਪੰਜਾਬੀਆਂ ਨੂੰ ਵਿਅਕਤੀਗਤ ਪੱਧਰ ‘ਤੇ ਵੀ ਪੰਜਾਬੀ
ਵਿਕੀਪੀਡੀਏ ਦੇ ਗਿਆਨ ਭੰਡਾਰ ਵਿੱਚ ਵਾਧਾ ਕਰਨ ਵਿੱਚ ਹਿੱਸਾ ਲੈਣ ਲਈ ਅੱਗੇ ਆਉਣਾ
ਚਾਹੀਦਾ ਹੈ।
ਇਸ ਸੰਬੰਧ ਵਿੱਚ ਅਖੀਰ ‘ਤੇ ਮੈਂ ਇਹ ਕਹਿਣਾ ਚਾਹੁੰਦਾ ਹਾਂ, ਕਿ ਵਿਦੇਸ਼ਾਂ, ਖਾਸ
ਕਰਕੇ ਇੰਗਲੈਂਡ, ਕੈਨੇਡਾ, ਅਮਰੀਕਾ, ਅਸਟ੍ਰੇਲੀਆ, ਜਰਮਨੀ ਆਦਿ ਵਰਗੇ ਦੇਸ਼ਾਂ ‘ਚ
ਵਸਦੇ ਪੰਜਾਬੀ, ਪੰਜਾਬੀ ਵਿਕੀਪੀਡੀਏ ਦੇ ਵਿਕਾਸ ਲਈ ਵੱਡਾ ਹਿੱਸਾ ਪਾ ਸਕਦੇ ਹਨ।
ਇਹਨਾਂ ਦੇਸ਼ਾਂ ਵਿੱਚ ਰਹਿ ਰਹੇ ਪੰਜਾਬੀਆਂ ਦੀ ਇੰਟਰਨੈੱਟ ਤੱਕ ਪਹੁੰਚ ਪੰਜਾਬ ਦੇ
ਪੰਜਾਬੀਆਂ ਦੇ ਮੁਕਾਬਲੇ ਵੱਧ ਹੈ। ਇਸ ਦੇ ਨਾਲ ਹੀ ਗਿਆਨ ਨਾਲ ਸੰਬੰਧਤ ਬੁਨਿਆਦੀ
ਢਾਂਚਾ - ਜਿਵੇਂ ਲਾਇਬ੍ਰੇਰੀਆਂ, ਅਜਾਇਬ ਘਰ, ਆਰਕਾਈਵਜ਼ ਅਤੇ ਇਸ ਤਰ੍ਹਾਂ ਦੀਆਂ ਹੋਰ
ਸੰਸਥਾਂਵਾਂ- ਵੀ ਇਹਨਾਂ ਮੁਲਕਾਂ ਵਿੱਚ ਪੰਜਾਬ ਨਾਲੋਂ ਜਿ਼ਆਦਾ ਵਿਕਸਤ ਹਨ। ਇਸ ਲਈ
ਵਿਦੇਸ਼ਾਂ ‘ਚ ਵਸਦੇ ਪੰਜਾਬੀ ਇਹਨਾਂ ਚੀਜ਼ਾਂ ਦਾ ਫਾਇਦਾ ਲੈ ਕੇ ਪੰਜਾਬੀ ਵਿਕੀਪੀਡੀਏ
ਦੇ ਵਿਕਾਸ ਵਿੱਚ ਇਕ ਮਹੱਤਵਪੂਰਨ ਹਿੱਸਾ ਪਾ ਸਕਦੇ ਹਨ।
ਅੰਤਿਕਾ
ਇੰਟਰਨੈੱਟ ਅਤੇ ਜਾਣਕਾਰੀ ਦੇ ਇਸ ਯੁੱਗ ਦੇ ਪਿਛਲੇ ਡੇਢ ਦਹਾਕੇ ਦੌਰਾਨ
ਵਿਕੀਪੀਡੀਆ ਇਕ ਮਹੱਤਵਪੂਰਨ ਵਰਤਾਰੇ ਵਜੋਂ ਸਾਹਮਣੇ ਆਇਆ ਹੈ। ਇਸ ਵਰਤਾਰੇ ਕਾਰਨ
ਦੁਨੀਆ ਦਾ ਸਾਰਾ ਗਿਆਨ ਇਕ ਥਾਂ ਇਕੱਤਰ ਕਰਨ ਅਤੇ ਇਸ ਗਿਆਨ ਤੱਕ ਦੁਨੀਆ ਦੇ ਹਰ ਇਕ
ਇਨਸਾਨ ਦੀ ਮੁਫਤ ਪਹੁੰਚ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੋਈਆਂ ਹਨ। ਅਜਿਹੀਆਂ
ਸੰਭਾਵਨਾਵਾਂ ਪੈਦਾ ਹੋਣ ਦਾ ਇਹ ਮੌਕਾ ਮੰਡੀ ਵਿੱਚ ਵੱਧ ਤੋਂ ਵੱਧ ਮੁਨਾਫਾ ਕਮਾਉਣ ਲਈ
ਵਿਅਕਤੀਗਤ ਪੱਧਰ ਦੇ ਕਰੂਰ ਮੁਕਾਬਲੇ ਜਾਂ ਕੁਝ ਕੁ ਕਾਰਪੋਰੇਸ਼ਨਾਂ ਵਲੋਂ ਗਿਆਨ ਦੇ
ਖੇਤਰ ਵਿੱਚ ਆਪਣੀ ਅਜਾਰੇਦਾਰੀ ਕਾਇਮ ਕਰਨ ਦੇ ਅਮਲ ਵਿੱਚੋਂ ਪੈਦਾ ਨਹੀਂ ਹੋਇਆ ਸਗੋਂ
ਦੁਨੀਆ ਭਰ ਦੇ ਲੱਖਾਂ ਲੋਕਾਂ ਵਲੋਂ ਵਾਲੰਟੀਅਰ ਪੱਧਰ ‘ਤੇ ਮਿਲ ਕੇ ਕੰਮ ਕਰਨ ਦੇ ਅਮਲ
ਵਿੱਚੋਂ ਪੈਦਾ ਹੋਇਆ ਹੈ। ਇਸ ਲਈ ਇਹ ਵਰਤਾਰਾ ਜਿੱਥੇ ਦੁਨੀਆ ਦੇ ਸਾਰੇ ਲੋਕਾਂ ਲਈ
ਗਿਆਨ ਤੱਕ ਮੁਫਤ ਪਹੁੰਚ ਦੇ ਮੌਕੇ ਪੈਦਾ ਕਰਨ ਦਾ ਸਬੱਬ ਬਣ ਰਿਹਾ ਹੈ, ਉੱਥੇ ਇਹ
ਮੰਡੀ ਦੀ ਮੁਕਾਬਲਾਕਾਰੀ ਸੋਚ ਦੇ ਸਹੀ ਹੋਣ ਦੀ ਧਾਰਨਾ ਨੂੰ ਵੀ ਚੁਣੌਤੀ ਦੇ ਰਿਹਾ
ਹੈ। ਇਸ ਲਈ ਇਸ ਵਰਤਾਰੇ ਵੱਲ ਧਿਆਨ ਦੇਣਾ, ਇਸ ਨੂੰ ਸਮਝਣਾ ਅਤੇ ਇਸ ਵਿੱਚ ਹਿੱਸਾ
ਲੈਣਾ ਮਹੱਤਵਪੂਰਨ ਹੈ।
ਵਿਕੀਪੀਡੀਏ ਦੀ ਸ਼ੁਰੂਆਤ ਤੋਂ ਇਕ ਸਾਲ ਬਾਅਦ ਹੀ ਪੰਜਾਬੀ ਵਿਕੀਪੀਡੀਆ ਤਿਆਰ ਕਰਨ
ਦੇ ਯਤਨ ਸ਼ੁਰੂ ਹੋ ਗਏ ਸਨ। ਇਹਨਾਂ ਯਤਨਾਂ ਦਾ ਮੁੱਲਾਂਕਣ ਕਰਦਿਆਂ ਜਿੱਥੇ ਇਸ
ਪ੍ਰੋਜੈਕਟ ਨੂੰ ਹੁਣ ਤੱਕ ਚਾਲੂ ਰੱਖਣ ਵਾਲੇ ਮੁੱਠੀ ਭਰ ਲੋਕਾਂ ਦੇ ਕੰਮ ਦੀ ਸ਼ਲਾਘਾ
ਕਰਨੀ ਚਾਹੀਦੀ ਹੈ, ਉੱਥੇ ਇਹ ਵੀ ਸਵੀਕਾਰ ਕਰਨਾ ਚਾਹੀਦਾ ਹੈ ਕਿ ਪੰਜਾਬੀ ਵਿਕੀਪੀਡੀਏ
ਦੇ ਵਿਕਾਸ ਦੀ ਰਫਤਾਰ ਤਸੱਲੀਬਖਸ਼ ਨਹੀਂ ਹੈ। ਇਸ ਰਫਤਾਰ ਨੂੰ ਤੇਜ਼ ਕਰਨ ਲਈ ਹੋਰ
ਪੰਜਾਬੀਆਂ ਨੂੰ ਇਸ ਕਾਰਜ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਕਿ ਜਾਣਕਾਰੀ ਯੁੱਗ
ਦੀਆਂ ਨਵੀਂਆਂ ਤਕਨੀਕਾਂ ਦੀ ਵਿਅਕਤੀਗਤ ਪੱਧਰ ‘ਤੇ ਵਰਤੋਂ ਕਰਨ ਦੇ ਨਾਲ ਨਾਲ ਅਸੀਂ
ਸਮੂਹਿਕ ਤੌਰ ‘ਤੇ ਸਮਾਜ ਦੀ ਭਲਾਈ ਲਈ ਉਹ ਕੁਝ ਸਿਰਜਣ ਵਿੱਚ ਕਾਮਯਾਬ ਹੋ ਸਕੀਏ ਜੋ
ਕੁੱਝ ਸਿਰਜਣ ਦੀਆਂ ਸੰਭਾਵਨਾਵਾਂ ਇਹਨਾਂ ਨਵੀਂਆਂ ਤਕਨੀਕਾਂ ਕਾਰਨ ਪੈਦਾ ਹੋ ਰਹੀਆਂ
ਹਨ।
ਹਵਾਲੇ:
Analytic/Metric
Definitions, downloaded on May 21, 2015 from
http://www.mediawiki.org/wiki/Analytics/Metric_definitions
|