ਸੰਨ 2015 ਦੇ ਵਿਚ ਤਿੰਨ ਜਣਿਆਂ ਵਿਚ ਵੰਡਿਆ ਜਾਣ ਵਾਲਾ ਨੋਬਲ ਪ੍ਰਾਈਜ਼ ਦੋ
ਦਵਾਈਆਂ ਉੱਤੇ ਆਧਾਰਿਤ ਹੈ।
ਪਹਿਲੀ-‘ਆਈਵਰਮੈਕਟਿਨ’ ਤੇ ਦੂਜੀ-‘ਆਰਟੀਮੈਸੀਨਿਨ।’’ ‘ਕੈਂਪਬੈੱਲ’ ਤੇ ‘ਓਮੂਰਾ’ ਨੇ
ਆਈਵਰਮੈਕਟਿਨ ਦੀ ਖੋਜ ਕੀਤੀ ਤੇ ‘ਯੂਯੂ ਟੂ’ ਨੇ ਆਰਟੀਮੈਸੀਨਿਨ ਦੀ।
ਇਨਾਂ ਦਵਾਈਆਂ ਦੀ ਖੋਜ ਮਨੁੱਖਤਾ ਲਈ ਵਰਦਾਨ ਸਾਬਤ ਹੋ ਗਈ ਹੈ। ਦੁਨੀਆਂ ਭਰ ਵਿਚ
ਕੀੜਿਆਂ ਰਾਹੀਂ ਹੋ ਰਹੀਆਂ ਬੀਮਾਰੀਆਂ ਨਾਲ ਕਰੋੜਾਂ ਲੋਕ ਪੀੜਤ ਹਨ। ਕੈਂਸਰ, ਸ਼ੂਗਰ,
ਦਿਲ ਦੀਆਂ ਬੀਮਾਰੀਆਂ ਤੇ ਬਲੱਡ ਪ੍ਰੈੱਸ਼ਰ ਤੋਂ ਵੀ ਵੱਧ ਲੋਕ ਮਲੇਰੀਆ ਨਾਲ ਮੌਤ ਦੇ
ਮੂੰਹ ਵਿਚ ਜਾ ਰਹੇ ਹਨ। ਇਸੇ ਲਈ ਇਹ ਖੋਜ ਬੜੀ ਮਹੱਤਵਪੂਰਨ ਸਾਬਤ ਹੋ ਗਈ ਹੈ।
‘ਰਿਵਰ ਬਲਾਈਂਡਨੈੱਸ’ ਬੀਮਾਰੀ ਤੇ ‘ਲਿੰਫੈਟਿਕ ਫਾਈਲੇਰੀਏਸਿਸ’ ਤੋਂ ਨਿਜਾਤ
ਦਵਾਉਣ ਲਈ ਆਈਵਰਮੈਕਟਿਨ ਦਾ ਕਮਾਲ ਦਾ ਅਸਰ ਵੇਖਿਆ ਗਿਆ ਹੈ। ਦੂਜੇ ਪਾਸੇ ਮਲੇਰੀਆ
ਨਾਲ ਹੋ ਰਹੀਆਂ ਮੌਤਾਂ ਆਰਟੀਮੈਸੀਨਿਨ ਦਵਾਈ ਸਦਕਾ ਬਹੁਤ ਜ਼ਿਆਦਾ ਘਟ ਹੋ ਗਈਆਂ ਹਨ।
ਉਂਕੋਸਰਕਾਇਸਿਸ ਜਾਂ ਰਿਵਰ ਬਲਾਈਂਡਨੈੱਸ ਬੀਮਾਰੀ ਵਿਚ ਉਂਕੋਸਰਕਾ ਕੀੜਾ, ਜੋ
ਦਰਿਆ ਨੇੜੇ ਰਹਿੰਦੀਆਂ ਮੱਖੀਆਂ ਦੇ ਵੱਢਣ ਨਾਲ ਇਨਸਾਨੀ ਸਰੀਰ ਅੰਦਰ ਚਲਾ ਜਾਂਦਾ ਹੈ,
ਪਹਿਲਾਂ ਚਮੜੀ ਵਿਚ ਤੇ ਫੇਰ ਅੱਖਾਂ ਅੰਦਰ ਪਹੁੰਚ ਕੇ ਅੱਖ ਦਾ ਹਰ ਹਿੱਸਾ ਤੇ ਦਿਮਾਗ਼
ਵੱਲੋਂ ਆਉਂਦੀ ਨਸ ਤਕ ਖ਼ਰਾਬ ਕਰ ਦਿੰਦਾ ਹੈ।
5 ਤੋਂ 15 ਸਾਲਾਂ ਦੇ ਬੱਚਿਆਂ ਵਿਚ ਇਸ ਕੀੜੇ ਕਾਰਨ ਦੌਰੇ ਵੀ ਪੈ ਜਾਂਦੇ ਹਨ।
ਸੰਨ 1948 ਵਿਚ ਉਂਕੋਸਰਕਾਇਸਿਸ ਦੀ ਬੀਮਾਰੀ ਲਈ ਵਰਤੀ ਜਾਂਦੀ ਦਵਾਈ ‘ਡਾਈਈਥਾਈਲ
ਕਾਰਬਾਮਾਜ਼ੀਨ’ ਨਾਲ ਮਰੀਜ਼ਾਂ ਨੂੰ ਜੋੜਾਂ ਦੀਆਂ ਦਰਦਾਂ, ਪੈਰਾਂ ਉੱਤੇ ਸੋਜਿਸ਼, ਬਲੱਡ
ਪ੍ਰੈੱਸ਼ਰ ਦਾ ਘਟਣਾ, ਢਿੱਡ ਪੀੜ ਆਦਿ ਬਹੁਤ ਕੁੱਝ ਵੇਖਣ ਨੂੰ ਮਿਲਦਾ ਸੀ।
ਲਗਭਗ 25 ਮਿਲੀਅਨ ਲੋਕ ਇਸ ਵੇਲੇ ਇਸ ਬੀਮਾਰੀ ਸਦਕਾ ਹਮੇਸ਼ਾ ਲਈ ਅੰਨੇ ਹੋ ਚੁੱਕੇ
ਹਨ ਤੇ ਇਕ ਮਿਲੀਅਨ ਦੇ ਨੇੜੇ ਤੇੜੇ ਦੀ ਬਹੁਤ ਘੱਟ ਨਜ਼ਰ ਰਹਿ ਚੁੱਕੀ ਹੈ। ਇਨਾਂ ਤੋਂ
ਇਲਾਵਾ ਲਗਭਗ 37 ਮਿਲੀਅਨ ਲੋਕਾਂ ਦੇ ਸਰੀਰ ਅੰਦਰ ਇਹ ਕੀੜਾ ਵੜਿਆ ਪਿਆ ਹੈ। ਦੋ ਸੌ
ਮਿਲੀਅਨ ਲੋਕ ਦੁਨੀਆਂ ਭਰ ਵਿਚ ਇਸ ਕੀੜੇ ਦੇ ਕਹਿਰ ਹੇਠ ਜੀਅ ਰਹੇ ਹਨ ਜਿਨਾਂ ਦੇ
ਸਰੀਰ ਅੰਦਰ ਕਿਸੇ ਵੀ ਵੇਲੇ ਇਹ ਕੀੜਾ ਵੜ ਸਕਦਾ ਹੈ।
ਆਈਵਰਮੈਕਟਿਨ ਦਵਾਈ ਦੇ ਈਜਾਦ ਹੋਣ ਨਾਲ ਸੰਨ 2002 ਤੋਂ ਬਾਅਦ ਇਕ ਵੀ ਮੌਤ ਇਸ
ਬੀਮਾਰੀ ਨਾਲ ਨਹੀਂ ਹੋਈ। ਕਰੋੜਾਂ ਲੋਕ ਅੰਨੇ ਹੋਣ ਤੋਂ ਬਚ ਗਏ। ਵਰਲਡ ਹੈਲਥ
ਆਰਗੇਨਾਈਜੇਸ਼ਨ ਅਨੁਸਾਰ ਇਹ ਬੀਮਾਰੀ ਜਿਸ ਵੀ ਬੰਦੇ ਨੂੰ ਹੋ ਜਾਏ, ਉਸ ਦੀ ਉਮਰ 13
ਸਾਲ ਘੱਟ ਕਰ ਦਿੰਦੀ ਹੈ।
ਸਪਸ਼ਟ ਹੈ ਕਿ ਮਨੁੱਖਤਾ ਦੇ ਭਲੇ ਵਾਸਤੇ ਲੱਭੀ ਇਸ ਦਵਾਈ ਦਾ ਸਿਹਰਾ ਜਿਨਾਂ
ਬੰਦਿਆਂ ਉੱਤੇ ਜਾਂਦਾ ਹੈ, ਉਨਾਂ ਨੂੰ ਨੋਬਲ ਪ੍ਰਾਈਜ਼ ਮਿਲਣਾ ਹੀ ਚਾਹੀਦਾ ਸੀ।
ਗੌਰਤਲਬ ਹੈ ਕਿ ਹਾਲੇ ਵੀ 10 ਲੱਖ ਦੇ ਕਰੀਬ ਲੋਕ ਹਨ, ਜਿਨਾਂ ਦੇ ਸਰੀਰ ਅੰਦਰੋਂ
ਕੀੜਾ ਭਾਵੇਂ ਮਰ ਗਿਆ ਹੈ, ਪਰ ਫਿਰ ਵੀ ਉਸ ਤੋਂ ਹੋ ਚੁੱਕੀਆਂ ਬੀਮਾਰੀਆਂ ਨਾਲ ਜੂਝ
ਰਹੇ ਹਨ। ਜ਼ਿਆਦਾਤਰ ਇਹ ਬੀਮਾਰੀ ਅਫ਼ਰੀਕਾ ਵਿਚ ਪਾਈ ਜਾਂਦੀ ਹੈ।
ਮਲੇਰੀਏ ਨਾਲ ਹੋ ਰਹੀਆਂ ਅਣਗਿਣਤ ਮੌਤਾਂ ਤੇ ਕੁਨੀਨ ਦੇ ਨਾਲ-ਨਾਲ ਕਲੋਰੋਕੁਇਨ
ਨਾਲ ਪੂਰੀ ਤਰਾਂ ਕਾਬੂ ਨਾ ਕਰ ਸਕਣ ਦੇ ਸਦਕਾ ਮੌਤਾਂ ਵਿਚ ਵਾਧਾ ਹੁੰਦਾ ਜਾ ਰਿਹਾ
ਸੀ। ਯੂਯੂ ਟੂ ਨੇ ਚੀਨ ਵਿਚ ‘ਆਰਟੀਮੀਸੀਆ ਬੂਟੇ’ ਵਿੱਚੋਂ ਦਵਾਈ ਕੱਢੀ ਜਿਸ ਨੂੰ
‘ਆਰਟੀਮੈਸੀਨਿਨ’ ਦਾ ਨਾਂ ਦਿੱਤਾ ਤੇ ਉਸ ਦੀ ਵਰਤੋਂ ਨਾਲ ਕਰੋੜਾਂ ਜਾਨਾਂ ਬਚਾਈਆਂ ਜਾ
ਸਕੀਆਂ ਤੇ ਹੁਣ ਵੀ ਬਚਾਈਆਂ ਜਾ ਰਹੀਆਂ ਹਨ। ਮਲੇਰੀਆ ਭਾਵੇਂ ਖ਼ਤਮ ਨਹੀਂ ਕੀਤਾ ਜਾ
ਸਕਿਆ ਪਰ ਹਰ ਸਾਲ 200 ਮਿਲੀਅਨ ਬੰਦੇ ਜੋ ਮਲੇਰੀਆ ਦੇ ਸ਼ਿਕਾਰ ਹੋ ਰਹੇ ਹਨ, ਉਨਾਂ
ਨੂੰ ਆਰਟੀਮੈਸੀਨਿਨ ਦਵਾਈ ਨਾਲ ਬਚਾਇਆ ਜਾ ਰਿਹਾ ਹੈ। ਬੱਚਿਆਂ ਵਿਚ 30 ਪ੍ਰਤੀਸ਼ਤ ਤੋਂ
ਵੱਧ ਤੇ ਵੱਡਿਆਂ ਵਿਚ 20 ਪ੍ਰਤੀਸ਼ਤ ਤੋਂ ਵੱਧ ਮਲੇਰੀਏ ਦੇ ਮਰੀਜ਼ ਬਚ ਰਹੇ ਹਨ।
ਇਕੱਲੇ ਅਫ਼ਰੀਕਾ ਵਿਚ ਹਰ ਸਾਲ ਇਕ ਲੱਖ ਮਲੇਰੀਏ ਦੇ ਮਰੀਜ਼ ਆਰਟੀਮੈਸੀਨਿਨ ਵਰਤਣ
ਨਾਲ ਬਚ ਰਹੇ ਹਨ।
ਮਨੁੱਖਤਾ ਦੀ ਭਲਾਈ ਦੇ ਇਸ ਕਾਰਜ ਲਈ ਯਕੀਨਨ ਯੂਯੂ ਟੂ ਨੋਬਲ ਪ੍ਰਾਈਜ਼ ਦੀ ਹੱਕਦਾਰ ਬਣ
ਜਾਂਦੀ ਹੈ।
ਆਓ ਹੁਣ ਇਨਾਂ ਨੋਬਲ ਪ੍ਰਾਈਜ਼ ਲੈਣ ਵਾਲਿਆਂ ਬਾਰੇ ਵੀ ਕੁੱਝ ਜਾਣੀਏ।
ਵਿਲੀਅਮ ਕੈਂਪਬੈੱਲ : ਸੰਨ 1930 ਵਿਚ ਆਇਰਲੈਂਡ ਵਿਚ ਜੰਮਿਆ ਕੈਂਪਬੈੱਲ,
ਯੂਨੀਵਰਸਿਟੀ ਆਫ਼ ਡੁਬਲਿਨ ਤੋਂ ਬੀ.ਏ ਕਰਨ ਬਾਅਦ ਅਮਰੀਕਾ ਦੀ ਯੂਨੀਵਰਸਿਟੀ ਆਫ਼
ਵਿਨਕੌਸਿਨ ਤੋਂ ਪੀ.ਐੱਚ.ਡੀ ਕਰਨ ਲਈ ਗਿਆ। ਸੰਨ 1957 ਤੋਂ 1990 ਤੱਕ ਉਹ ਮਰਕ
ਇੰਸਟੀਚਿਊਟ ਫਾਰ ਥੈਰਾਪਿਊਟਿਕ ਰੀਸਰਚ ਵਿਚ ਖੋਜ ਕਰਦਾ ਰਿਹਾ। ਹੁਣ ਅਮਰੀਕਾ ਦੀ ਡਰਿਊ
ਯੂਨੀਵਰਸਿਟੀ ਵਿਚ ਫੈਲੋ ਐਮਰੀਟਸ ਵਜੋਂ ਕੰਮ ਕਰ ਰਿਹਾ ਹੈ।
ਸਾਤੋਸ਼ੀ ਓਮੂਰਾ : ਸੰਨ 1935 ਵਿਚ ਜਪਾਨ ਵਿਚ ਜੰਮਿਆ ਓਮੂਰਾ,
ਯੂਨੀਵਰਸਿਟੀ ਆਫ਼ ਟੋਕਿਓ ਵਿੱਚੋਂ 1968 ਵਿਚ ਪੀ.ਐੱਚ.ਡੀ ਕਰ ਕੇ, ਦੂਜੀ ਪੀ.ਐੱਚ.ਡੀ
ਯੂਨੀਵਰਸਿਟੀ ਆਫ਼ ਸਾਇੰਸ ਵਿਚ ਕਰਨ ਗਿਆ। ਕਿਟਾਸਾਟੋ ਯੂਨੀਵਰਸਿਟੀ ਵਿਚ 1975 ਤੋਂ
2007 ਤਕ ਪ੍ਰੋਫੈੱਸਰ ਵਜੋਂ ਕੰਮ ਕਰ ਕੇ, ਹੁਣ ਉੱਥੇ ਹੀ ਪ੍ਰੋਫੈੱਸਰ ਐਮਰੀਟਸ ਵਜੋਂ
ਸੇਵਾ ਨਿਭਾਅ ਰਿਹਾ ਹੈ।
ਯੂਯੂ ਟੂ : ਚੀਨ ਵਿਚ ਸੰਨ 1930 ਵਿਚ ਜੰਮੀ ਯੂਯੂ ਨੇ 1955 ਵਿਚ
ਬੀਜਿੰਗ ਮੈਡੀਕਲ ਯੂਨੀਵਰਸਿਟੀ ਤੋਂ ਪੜ ਕੇ ਸੰਨ 1979 ਤੋਂ 1984 ਤਕ ਬਤੌਰ ਸਹਾਇਕ
ਪ੍ਰੋਫੈੱਸਰ ਵਜੋਂ ਨੌਕਰੀ ਕੀਤੀ ਤੇ ਫੇਰ ਸੰਨ 1985 ਤੋਂ ਬਤੌਰ ਪ੍ਰੋਫੈੱਸਰ। ਸੰਨ
2000 ਤੋਂ ਬਤੌਰ ਚੀਫ਼ ਪ੍ਰੋਫੈੱਸਰ, ਚਾਈਨਾ ਅਕਾਦਮੀ ਆਫ਼ ਟਰਾਡੀਸ਼ਨਲ ਚਾਈਨੀਜ਼ ਮੈਡੀਸਨ
ਵਿਖੇ ਕੰਮ ਕਰ ਰਹੀ ਹੈ।
ਇਨਾਂ ਨੋਬਲ ਪੁਰਸਕਾਰ ਜੇਤੂਆਂ ਨੂੰ ਸਮੂਹ ਮਨੁੱਖਤਾ ਵੱਲੋਂ ਸਲਾਮ !!
ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783 |