ਰਾਤ ਪੈਂਦਿਆਂ ਹੀ ਬੱਚਿਆਂ ਦੀ ਢਾਣੀ ਹਰਸ਼ ਮਾਸੀ ਦੇ ਦੁਆਲੇ ਹੋ ਗਈ। ਸਭ ਤੋਂ
ਅੱਗੇ ਹੈਰੀ ਸੀ। ਉਹ ਬੋਲਿਆ, ‘‘ ਮਾਸੀ ਜੀ, ਮੈਂ ਤਾਂ ਸਾਰੇ ਹਿਸਾਬ ਦੇ ਸੁਆਲ ਕਰ ਲਏ
ਨੇ। ਮਾਸੜ ਜੀ ਨੇ ਜਿਹੜੀਆਂ ਗਲਤੀਆਂ ਲੱਭੀਆਂ, ਉਹ ਦੁਬਾਰਾ ਵੀ ਠੀਕ ਕਰ ਲਈਆਂ। ਹੁਣ
ਤਾਂ ਕਹਾਣੀ ਸੁਣਾਓ। ’’
ਹਰਸ਼ ਮਾਸੀ ਨੇ ਪੁੱਛਿਆ, ‘‘ ਪਹਿਲਾਂ ਇਹ ਦੱਸੋ ਕਿ ਤੁਸੀਂ ਸਾਰੇ ਸ਼ਾਮ ਨੂੰ ਬਾਹਰ
ਖੇਡਣ ਗਏ ਸੀ ਕਿ ਨਈਂ? ’’
ਅਵੀ ਬੋਲਿਆ, ‘‘ ਹਾਂ ਮਾਸੀ ਜੀ ਅਸੀਂ ਸਾਰੇ ਗਏ ਸੀ। ਪਰ, ਉੱਥੇ ਕੁੱਝ ਸ਼ਰਾਰਤੀ ਬੱਚੇ
ਇਕ ਨਿੱਕੇ ਜਿਹੇ ਕਤੂਰੇ ਨੂੰ ਵੱਟੇ ਮਾਰ ਮਾਰ ਕੇ ਤੰਗ ਕਰ ਰਹੇ ਸੀ ਤੇ ਇਕ ਵੱਟਾ ਤਾਂ
ਵਿਚਾਰੇ ਦੇ ਪੈਰ ਉੱਤੇ ਏਨੀ ਜ਼ੋਰ ਦੀ ਵੱਜਿਆ ਕਿ ਉਹ ਚਉਂ ਚਉਂ ਕਰਦਾ ਲੰਗੜਾਉਂਦਾ
ਹੋਇਆ ਦੌੜ ਪਿਆ। ਵਿਚਾਰਾ ਏਨਾ ਰੋਂਦਾ ਪਿਆ ਸੀ ਪਰ ਉਹ ਬੱਚੇ ਉਸਨੂੰ ਛਡਦੇ ਈ ਨਈਂ ਪਏ
ਸੀ। ਫੇਰ ਜੀਵੇਸ਼ ਵੀਰ ਨੇ ਉਨਾਂ ਨੂੰ ਝਿੜਕ ਕੇ ਪਰਾਂ ਕੀਤਾ। ’’
ਹਰਸ਼ ਮਾਸੀ ਨੇ ਸੁਣਦਿਆਂ ਹੀ ਕਿਹਾ, ‘‘ ਇਹ ਤਾਂ ਤੂੰ ਜੀਵ ਬਹੁਤ ਚੰਗੀ ਗੱਲ
ਕੀਤੀ। ਉਸ ਬੇਜ਼ਬਾਨ ਨੂੰ ਮਾਰਨਾ ਮਾੜੀ ਗੱਲ ਸੀ। ਮੈਂ ਅੱਜ ਤੁਹਾਨੂੰ ਇਕ ਅਜਿਹੇ ਹੀ
ਨਿੱਕੇ ਜਿਹੇ ਕਤੂਰੇ ਦੀ ਗੱਲ ਸੁਣਾਉਂਦੀ ਆਂ। ’’
‘‘ ਕਹਾਣੀ ਕਿ ਗੱਲ, ’’ ਨਾਨੂ ਨੇ ਪੁੱਛਿਆ ?
‘‘ ਜੋ ਮਰਜ਼ੀ ਸਮਝ ਲਇਓ। ਪਤਾ ਜੇ ਕੀ ਹੋਇਆ। ਇਕ ਦੁਕਾਨ ਵਿਚ ਨਿੱਕੇ ਨਿੱਕੇ ਕਤੂਰੇ
ਵਿਕ ਰਹੇ ਸੀ। ਇਕ ਦਿਨ ਇਕ ਛੋਟਾ ਜਿਹਾ ਬੱਚਾ ਉੱਥੇ ਕਤੂਰਾ ਖਰੀਦਣ ਆਇਆ, ’’ ਹਰਸ਼
ਮਾਸੀ ਨੇ ਗੱਲ ਸੁਣਾਉਣੀ ਸ਼ੁਰੂ ਕੀਤੀ।
‘‘ ਮੈਂ ਵੀ ਕਤੂਰਾ ਲੈਣੈ, ’’ ਨਾਨੂ ਨੇ ਝਟ ਗੱਲ ਕਟ ਦਿੱਤੀ। ‘‘ ਚੰਗਾ ਆਪਣੇ ਪਾਪਾ
ਨੂੰ ਕਹੀਂ ਤੈਨੂੰ ਲੈ ਦੇਣਗੇ। ਹੁਣ ਮਾਸੀ ਤੋਂ ਕਹਾਣੀ ਤਾਂ ਸੁਣ ਲੈਣ ਦੇ, ’’ ਅਵੀ
ਨੇ ਟੋਕਿਆ।
‘‘ ਪਰ ਮੈਂ ਚਿੱਟਾ ਚਿੱਟਾ ਛੋਟਾ ਜਿਹਾ ਕਤੂਰਾ ਹੁਣੇ ਲੈਣੈ। ਮੈਂ ਉਹਦੀ ਪੂਛ ਨਾਲ
ਖੇਡਾਂਗਾ, ’’ ਨਾਨੂ ਨੇ ਫੇਰ ਜ਼ਿੱਦ ਕੀਤੀ।
‘‘ ਸੱਚੀਂ ਮਾਸੀ, ਲੈ ਦਿਓ ਨਾ। ਮੈਨੂੰ ਵੀ ਕਤੂਰੇ ਬਹੁਤ ਪਸੰਦ ਨੇ, ’’ ਸੁਖੀ ਵੀ
ਬੋਲ ਪਈ।
‘‘ ਐਸ ਵੇਲੇ ਤਾਂ ਕਹਾਣੀ ਸੁਣ ਲੈਣ ਦਿਓ। ਸਵੇਰੇ ਕਤੂਰਾ ਵੀ ਲੈ ਲਵਾਂਗੇ,’’ ਹਿੱਤੀ
ਤੇ ਜੀਵ ਇੱਕਠੇ ਹੀ ਬੋਲ ਪਏ।
ਹਰਸ਼ ਮਾਸੀ ਨੇ ਗੱਲ ਅੱਗੇ ਤੋਰੀ, ‘‘ ਦੁਕਾਨਦਾਰ ਨੇ ਉਸਨੂੰ ਢੇਰ ਸਾਰੇ ਨਿੱਕੇ
ਨਿੱਕੇ ਵਖੋ ਵਖਰੇ ਰੰਗਾਂ ਦੇ ਕਤੂਰੇ ਕਮਰੇ ’ਚੋਂ ਬਾਹਰ ਲਿਆ ਕੇ ਵਿਖਾਏ। ਅਖੀਰ ਵਿਚ
ਕਮਰੇ ਅੰਦਰ ਇੱਕੋ ਨਿਕਾ ਜਿਹਾ ਅੱਧਾ ਚਿੱਟਾ ਤੇ ਅੱਧਾ ਕਾਲਾ ਕਤੂਰਾ ਰਹਿ ਗਿਆ ਜਿਹੜਾ
ਚੁਪ ਕਰ ਕੇ ਬੈਠਾ ਰਿਹਾ ਤੇ ਬਾਕੀ ਸਾਰਿਆਂ ਦੇ ਬਾਹਰ ਜਾਣ ਬਾਅਦ ਉਹ ਵੀ ਹੌਲੀ ਹੌਲੀ
ਲੰਗੜਾਉਂਦਾ ਹੋਇਆ ਦਰਵਾਜ਼ੇ ਵੱਲ ਤੁਰ ਪਿਆ। ’’
‘‘ ਮਾਸੀ ਜੀ ਲੰਗੜਾ ਕੀ ਹੁੰਦੈ, ’’ ਨਾਨੂ ਨੇ ਪੁੱਛਿਆ ?
‘‘ ਬੱਚੇ, ਜਿਸਦੀ ਇਕ ਲਤ ਠੀਕ ਨਾ ਹੋਵੇ, ਉਹ ਪੂਰਾ ਭਾਰ ਦੋਵੇਂ ਪੈਰਾਂ ਉੱਤੇ ਨਹੀਂ
ਪਾ ਸਕਦਾ ਤੇ ਇਸੇ ਲਈ ਠੀਕ ਵੀ ਨਹੀਂ ਤੁਰ ਸਕਦਾ। ਉਹ ਟੇਢਾ ਹੋ ਕੇ ਤੁਰਦੈ। ਇਸੇ ਲਈ
ਇਸਤਰਾਂ ਦੇ ਬੰਦੇ ਜਾਂ ਕਿਸੇ ਵੀ ਤੁਰ ਸਕਣ ਵਾਲੇ ਨੂੰ ਲੰਗੜਾ ਈ ਕਹਿੰਦੇ ਨੇ, ’’
ਗੁਰਪਾਲ ਮਾਸੜ ਜੀ ਨੇ ਸਮਝਾਇਆ।
‘‘ ਮਾਸੀ ਜੀ ਕਹਾਣੀ ਤਾਂ ਅੱਗੇ ਸੁਣਾਓ, ’’ ਅਵੀ ਤੇ ਹਿੱਤੀ ਇੱਕਠੇ ਹੀ ਬੋਲ ਪਏ।
‘‘ ਬੱਚਿਓ, ਉਸ ਨਿੱਕੇ ਬੱਚੇ ਨੇ ਦੁਕਾਨਦਾਰ ਕੋਲੋਂ ਕਤੂਰਿਆਂ ਦੀ ਕੀਮਤ ਪੁੱਛੀ
ਤਾਂ ਦੁਕਾਨਦਾਰ ਨੇ ਦੱਸਿਆ ਕਿ ਇਕ ਕਤੂਰਾ 1500 ਤੋਂ 3000 ਰੁਪੈ ਤੱਕ ਦਾ ਐ। ਉਹ
ਬੱਚਾ ਵਿਚਾਰਾ ਮੂੰਹ ਲਟਕਾ ਕੇ ਬਹਿ ਗਿਆ ਕਿਉਂਕਿ ਉਸਦੀ ਜੇਬ ਵਿਚ ਸਿਰਫ 150 ਰੁਪੈ
ਸਨ। ਦੁਕਾਨਦਾਰ ਨੂੰ ਉਸਨੇ ਬੇਨਤੀ ਕੀਤੀ ਕਿ ਕੀ ਉਹ ਉਧਾਰ ਕਰ ਸਕਦੈ ਜਾਂ ਨਈਂ! ਉਹ
150 ਰੁਪੈ ਹੁਣੇ ਦੇ ਦੇਵੇਗਾ ਤੇ ਫੇਰ 150 ਰੁਪੈ ਹਰ ਮਹੀਨੇ ਦਿੰਦਾ ਰਏਗਾ।
ਦੁਕਾਨਦਾਰ ਕੁੱਝ ਸੋਚਣ ਲੱਗ ਪਿਆ ਤੇ ਫੇਰ ਉਸਨੇ ਬੱਚੇ ਨੂੰ ਪੁੱਛਿਆ ਕਿ ਉਹ ਕਿਹੜਾ
ਕੁੱਤਾ ਲੈਣਾ ਚਾਹੁੰਦੈ,’’ ਹਰਸ਼ ਮਾਸੀ ਨੇ ਕਹਾਣੀ ਸੁਣਾਉਂਦਿਆਂ ਕਿਹਾ।
ਸਾਰੇ ਜਣੇ ਸਾਹ ਰੋਕ ਕੇ ਕਹਾਣੀ ਸੁਣ ਰਹੇ ਸਨ ਪਰ ਇਕਦਮ ਹੈਰੀ ਬੋਲਿਆ, ‘‘ ਮੈਂ
ਹੁੰਦਾ ਤਾਂ ਅੱਧਾ ਚਿੱਟਾ ਤੇ ਅੱਧਾ ਕਾਲਾ ਕਤੂਰਾ ਲੈਣਾ ਸੀ ਜਿਹੜਾ ਸਭ ਤੋਂ ਜ਼ਿਆਦਾ
ਤੇਜ਼ ਭੱਜ ਸਕਦਾ। ’’
‘‘ ਯਾਰ ਤੂੰ ਕਹਾਣੀ ਦੇ ਵਿਚ ਨਾ ਟੋਕਿਆ ਕਰ। ਤੂੰ ਵਾਪਸ ਘਰ ਜਾ ਕੇ ਜਿਹੜਾ ਮਰਜ਼ੀ
ਲਈ ਜਾਈਂ। ਹੁਣ ਮਾਸੀ ਤੋਂ ਕਹਾਣੀ ਸੁਣਨ ਦੇ, ’’ ਅਵੀ ਨੇ ਟੋਕਿਆ।
ਏਨੇ ਨੂੰ ਨਾਨੂ ਬੋਲ ਪਿਆ, ‘‘ ਪਰ ਮੈਂ ਤਾਂ ਚਿੱਟਾ ਚਿੱਟਾ ਲੈਣੈ। ’’
‘‘ ਅੱਛਾ ਹੁਣ ਅੱਗੇ ਸੁਣੋ, ’’ ਹਰਸ਼ ਮਾਸੀ ਨੇ ਕਹਾਣੀ ਅੱਗੇ ਤੋਰੀ, ‘‘ ਉਸ ਬੱਚੇ
ਨੇ ਦੁਕਾਨਦਾਰ ਨੂੰ ਉਸ ਅਖੀਰ ’ਚ ਆ ਰਏ ਲੰਗੜੇ ਕਤੂਰੇ ਵਲ ਇਸ਼ਾਰਾ ਕਰ ਕੇ ਕਿਹਾ ਕਿ
ਉਹ ਵਾਲਾ ਚਾਹੀਦੈ। ਦੁਕਾਨਦਾਰ ਉਸ ਬੱਚੇ ਵਲ ਅਜੀਬ ਜਹੀਆਂ ਨਜ਼ਰਾਂ ਨਾਲ ਵੇਖ ਕੇ
ਬੋਲਿਆ ਕਿ ਇਹ ਕਿਉਂ ਲੈਣੈ ? ਇਹ ਤਾਂ ਤੇਰੇ ਨਾਲ ਖੇਡ ਵੀ ਨਈਂ ਸਕੇਗਾ ਤੇ ਤੇਰੇ ਨਾਲ
ਭਜ ਵੀ ਨਈਂ ਸਕਣ ਲੱਗਾ। ਇਹ ਤਾਂ ਵਿਕਣਾ ਵੀ ਨਈਂ। ਜੇ ਲੈਣਾ ਹੋਏ ਤਾਂ ਇਹ ਅੱਧ ਤੋਂ
ਵੀ ਘਟ ਕੀਮਤ ਤੇ ਹੀ ਮਿਲ ਜਾਏਗਾ। ਪਰ ਦਸ ਤਾਂ ਸਹੀ ਕਿ ਇਹ ਲੰਗੜਾ ਜਿਹਾ ਕਿਉਂ ਲੈਣੇ
? ’’
‘‘ ਉਹ ਬੱਚਾ ਲੰਗੜਾ ਕਤੂਰਾ ਕਿਉਂ ਲੈਣਾ ਚਾਹੁੰਦਾ ਸੀ ? ਕੀ ਪੈਸੇ ਘਟ ਹੋਣ
ਕਰਕੇ, ’’ ਸੁੱਖੀ ਨੇ ਪੁੱਛਿਆ?
‘‘ ਨਈਂ ਬੱਚਿਆ ਗੱਲ ਕੋਈ ਹੋਰ ਸੀ, ’’ ਹਰਸ਼ ਮਾਸੀ ਨੇ ਜਵਾਬ ਦਿੱਤਾ, ‘‘ ਹੁਣ ਅੱਗੇ
ਤਾਂ ਸੁਣੋ। ’’
ਇਕਦਮ ਜੀਵ ਬੋਲਿਆ, ‘‘ ਉਸਨੇ ਸੋਚਿਆ ਹੋਣੈ ਕਿ ਇਹ ਭੱਜ ਕੇ ਦੂਰ ਨਈਂ ਜਾ ਸਕੇਗਾ
ਤੇ ਮੇਰੇ ਕੋਲ ਈ ਬੈਠਾ ਰਏਗਾ ਤੇ ਫੇਰ ਇਹਦੇ ਨਾਲ ਜਿੰਨਾ ਮਰਜ਼ੀ ਖੇਡੀ ਜਾਓ। ’’
‘‘ ਨਈਂ ਇਹ ਗੱਲ ਨਈਂ। ਅੱਗੋਂ ਮਾਸੀ ਨੂੰ ਬੋਲਣ ਤਾਂ ਦਿਓ, ’’ ਗੁਰਪਾਲ ਮਾਸੜ ਜੀ
ਨੇ ਸਾਰਿਆਂ ਨੂੰ ਚੁੱਪ ਕਰਵਾਇਆ।
ਹਰਸ਼ ਮਾਸੀ ਨੇ ਗੱਲ ਜਾਰੀ ਰੱਖੀ, ‘‘ ਉਹ ਬੱਚਾ ਥੋੜਾ ਔਖਾ ਹੋ ਕੇ ਬੋਲਿਆ ਕਿ
ਲੰਗੜਾ ਐ ਤਾਂ ਕੀ ਹੋਇਆ? ਮੈਂ ਤਾਂ ਇਹੀ ਕਤੂਰਾ ਲੈਣੈ। ਪੈਸੇ ਵੀ ਮੈਂ ਘਟ ਨਈਂ
ਦੇਣੇ, ਪੂਰੇ ਦੇਵਾਂਗਾ। ਇਹ ਸੁਣ ਕੇ
ਦੁਕਾਨਦਾਰ ਬਹੁਤ ਹੈਰਾਨ ਹੋਇਆ। ਉਸਨੇ ਫੇਰ ਬੱਚੇ ਨੂੰ ਸਮਝਾਇਆ ਕਿ ਉਸਦੇ ਮਾਪੇ ਉਸ
ਨਾਲ ਗੁੱਸੇ ਹੋਣਗੇ। ਪਹਿਲਾਂ ਜਾ ਕੇ ਘਰ ਮਾਪਿਆਂ ਨਾਲ ਸਲਾਹ ਕਰ ਲਏ ਤੇ ਫੇਰ ਈ
ਕਤੂਰਾ ਖ਼ਰੀਦੇ ਕਿਉਂਕਿ ਬਾਅਦ ਵਿਚ ਇਹ ਵਾਪਸ ਨਈਂ ਹੋਣਾ। ਉਹ ਬੱਚਾ ਜ਼ਿੱਦ ਕਰ ਕੇ ਖੜਾ
ਰਿਹਾ ਕਿ ਇਹੀ ਲਵਾਂਗਾ ਤੇ ਲੈਣਾ ਵੀ ਪੂਰੀ ਕੀਮਤ ’ਤੇ ਐ। ’’
‘‘ ਪੂਰਾ ਬੇਵਕੂਫ਼ ਈ ਸੀ। ਜੇ ਸਸਤਾ ਮਿਲ ਰਿਆ ਸੀ ਤਾਂ ਲੈ ਲੈਂਦਾ। ਏਨੀ ਕੀ ਖ਼ਾਸ
ਗੱਲ ਸੀ ਉਸ ਲੰਗੜੇ ਕਤੂਰੇ ’ਚ, ’’ ਸੁੱਖੀ ਨੇ ਪੁੱਛਿਆ?
‘‘ ਤੂੰ ਸੁਣ ਤਾਂ ਸਹੀ ਮੇਰੀ ਪੂਰੀ ਗੱਲ, ’’ ਹਰਸ਼ ਮਾਸੀ ਨੇ ਸੁੱਖੀ ਨੂੰ ਚੁੱਪ ਹੋਣ
ਦਾ ਇਸ਼ਾਰਾ ਕਰਦਿਆਂ ਕਿਹਾ, ‘‘ ਉਹ ਬੱਚਾ ਜਦੋਂ ਨਾ ਈ ਮੰਨਿਆ ਤਾਂ ਅਖੀਰ ’ਚ
ਦੁਕਾਨਦਾਰ ਨੇ ਕਿਹਾ ਕਿ ਬੇਟਾ ਵੱਡਾ ਹੋ ਕੇ ਵੀ ਇਹ ਕਦੇ ਤੇਰੇ ਨਾਲ ਛਾਲਾਂ ਮਾਰ ਕੇ
ਨਈਂ ਖੇਡ ਸਕੇਗਾ। ਫੇਰ ਤੂੰ ਇਸਨੂੰ ਪਿਆਰ ਕਰਨਾ ਛੱਡ ਦੇਵੇਂਗਾ ਤੇ ਘਰੋਂ ਬਾਹਰ ਕੱਢ
ਦੇਵੇਂਗਾ। ਫਿਰ ਇਹ ਵਿਚਾਰਾ ਗਲੀਆਂ ’ਚ ਰੁਲੇਗਾ। ’’
‘‘ ਮੈਂ ਤਾਂ ਬਈ ਠੀਕ ਕਤੂਰਾ ਲਵਾਂਗਾ, ਬੀਮਾਰ ਵਾਲਾ ਨਈਂ ਜਿਸਨੂੰ ਦਵਾਈਆਂ
ਦਿੰਦੇ ਰਵਾਂ, ’’ ਹੈਰੀ ਨੇ ਟੋਕ ਕੇ ਕਿਹਾ।
‘‘ ਲਓ ਜੀ, ਹੁਣ ਕਹਾਣੀ ਦਾ ਅੰਤ ਨੇੜੇ ਐ ਤੇ ਤੁਸੀਂ ਗੱਲ ਨੂੰ ਟੋਕੀ ਜਾ ਰਏ ਓ, ’’
ਗੁਰਪਾਲ ਮਾਸੜ ਜੀ ਨੇ ਚੁੱਪ ਕਰਨ ਦਾ ਇਸ਼ਾਰਾ ਕਰਦਿਆਂ ਕਿਹਾ।
ਹਰਸ਼ ਮਾਸੀ ਨੇ ਫੇਰ ਕਹਾਣੀ ਜਾਰੀ ਰਖਦਿਆਂ ਦੱਸਿਆ, ‘‘ ਉਹ ਬੱਚਾ ਇਹ ਸਭ ਸੁਣ ਕੇ
ਕੁੱਝ ਚੁੱਪ ਜਿਹਾ ਕਰ ਗਿਆ ਤੇ ਉਸਨੇ ਆਪਣੀ ਸੱਜੀ ਲੱਤ ਉੱਤੋਂ ਪੈਂਟ ਉੱਚੀ ਚੁਕ ਕੇ
ਦੁਕਾਨਦਾਰ ਨੂੰ ਵਿਖਾਈ। ਉਸਦੀ ਸੱਜੀ ਲੱਤ ਕੱਟੀ ਪਈ ਸੀ ਤੇ ਉਸਦੀ ਥਾਂ ਨਕਲੀ ਲੱਤ
ਲੱਗੀ ਹੋਈ ਸੀ। ਉਹ ਦੁਕਾਨਦਾਰ ਨੂੰ ਆਪਣੀ ਲੱਤ ਵਿਖਾ ਕੇ ਕਹਿਣ ਲੱਗਾ - ਅੰਕਲ ਮੈਂ
ਵੀ ਭੱਜ ਦੌੜ ਨਈਂ ਸਕਦਾ ਤੇ ਮੇਰੇ ਮੰਮੀ ਪਾਪਾ ਆਪਣੇ ਕੰਮਾਂ ’ਚ ਬਹੁਤ ਰੁੱਝੇ ਹੋਏ
ਨੇ। ਇਸ ਲਈ ਅਸੀਂ ਦੋਵੇਂ ਇਕ ਦੂਜੇ ਦੇ ਦੋਸਤ ਬਣ ਕੇ ਰਹਾਂਗੇ ਤੇ ਨਾਲ ਨਾਲ ਈ ਵੱਡੇ
ਹੋਵਾਂਗੇ। ਮੈਂ ਇਸਦੀ ਪੂਰੀ ਕੀਮਤ ਤਾਂ ਈ ਦੇ ਰਿਹਾਂ ਕਿ ਸਭ ਨੂੰ ਸਮਝ ਆ ਜਾਏ ਕਿ
ਲੰਗੜੇ ਵੀ ਪੂਰੀ ਕੀਮਤ ’ਤੇ ਵਿਕ ਸਕਦੇ ਨੇ ਤੇ ਇਨਾਂ ਨੂੰ ਨਕਾਰਨਾ ਠੀਕ ਨਈਂ ਐ।
ਲੰਗੜੇ ਬੱਚਿਆਂ ਦਾ ਵੀ ਦਿਲ ਬਾਕੀਆਂ ਵਾਂਗ ਈ ਹੁੰਦੈ। ਉਹ ਵੀ ਅੱਗੇ ਵਧਣ ਦਾ ਸ਼ੌਕ
ਰਖਦੇ ਨੇ ਤੇ ਬਾਕੀਆਂ ਵਾਂਗ ਈ ਢੇਰ ਸਾਰਾ ਪਿਆਰ ਵੀ ਮੰਗਦੇ ਨੇ। ਮੇਰਾ ਕਤੂਰਾ ਮੇਰਾ
ਸਭ ਤੋਂ ਪਿਆਰਾ ਦੋਸਤ ਬਣੇਗਾ ਤੇ ਅਸੀਂ ਇਕ ਦੂਜੇ ਦੀ ਮਜਬੂਰੀ ਵੀ ਸਮਝ ਸਕਾਂਗੇ। ’’
ਹਰਸ਼ ਮਾਸੀ ਨੇ ਵੇਖਿਆ ਕਿ ਸਾਰੇ ਹੀ ਬੱਚਿਆਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ
ਤੁਰੇ ਸਨ।
ਗੁਰਪਾਲ ਮਾਸੜ ਜੀ ਨੇ ਮਾਹੌਲ ਠੀਕ ਕਰਨ ਲਈ ਬੱਚਿਆਂ ਨੂੰ ਪੁੱਛਿਆ, ‘‘ ਦੱਸੋ
ਬੱਚਿਓ ਤੁਹਾਨੂੰ ਇਸ ਕਹਾਣੀ ਤੋਂ ਕੀ ਸਮਝ ਲੱਗੀ? ’’
‘‘ ਸਾਨੂੰ ਕਦੇ ਕਿਸੇ ਲੰਗੜੇ ਦਾ ਮਜ਼ਾਕ ਨਈਂ ਉਡਾਉਣਾ ਚਾਹੀਦਾ ਤੇ ਸਾਰਿਆਂ ਨੂੰ
ਪਿਆਰ ਕਰਨਾ ਚਾਹੀਦੈ, ’’ ਸੁੱਖੀ ਝਟ ਬੋਲ ਪਈ।
ਨਾਨੂ ਵੀ ਅੱਖਾਂ ਪੂੰਝਦਾ ਹੋਇਆ ਬੋਲ ਪਿਆ, ‘‘ ਮਾਸੀ ਜੀ ਮੈਂ ਤਾਂ ਲੰਗੜਾ ਕਤੂਰਾ
ਈ ਪਾਲਾਂਗਾ ਤੇ ਉਸਨੂੰ ਬਹੁਤ ਪਿਆਰ ਵੀ ਕਰਾਂਗਾ। ’’
‘‘ ਚਲੋ ਬੱਚਿਓ ਹੁਣ ਸੌਂ ਜਾਓ। ਤੁਸੀਂ ਆਪੋ ਆਪਣੇ ਦੋਸਤਾਂ ਨੂੰ ਵੀ ਇਹ ਕਹਾਣੀ
ਸੁਣਾਇਓ ਤਾਂ ਜੋ ਸਾਰੇ ਇਕ ਦੂਜੇ ਨਾਲ ਰਲ ਮਿਲ ਕੇ ਰਹਿਣ, ’’ ਹਰਸ਼ ਮਾਸੀ ਨੇ ਉਠਦਿਆਂ
ਹੋਇਆਂ ਕਿਹਾ।
ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783 |