ਜੇਕਰ
ਅਸੀਂ 'ਹੁਸ਼ਿਆਰ' ਨੂੰ ਫੁਰਤੀ ਜਾਂ ਰਫ਼ਤਾਰ ਵਜੋਂ ਲੈਂਦੇ ਹਾਂ ਤਾਂ ਨਿਸ਼ਚਿਤ ਹੀ
ਕੰਪਿਊਟਰ ਵਧੇਰੇ ਹੁਸ਼ਿਆਰ ਹੈ। ਇਨਸਾਨ ਸੌਖੀਆਂ ਤੇ ਛੋਟੀਆਂ ਗਣਨਾਵਾਂ
(Calculations) ਕਰਨ ਲਈ ਵੀ ਜਿਆਦਾ ਸਮਾਂ ਲਗਾ ਸਕਦਾ ਹੈ ਪਰ ਇਸ ਦੇ ਉਲਟ ਕੰਪਿਊਟਰ
ਅਨੇਕਾਂ ਗੁੰਝਲ ਤੇ ਔਖੀਆਂ ਗਣਨਾਵਾਂ ਫੁਰਤੀ ਨਾਲ ਹੱਲ ਕਰ ਦਿੰਦਾ ਹੈ।
ਮਨੁੱਖੀ ਸਰੀਰ ਅਨੇਕਾਂ ਟਿੱਸ਼ੂਆਂ, ਕੋਸ਼ਿਕਾਵਾਂ, ਸੈੱਲਾਂ, ਅੰਗਾਂ ਆਦਿ ਤੋਂ ਮਿਲ ਕੇ
ਬਣਿਆ ਹੋਣ ਕਾਰਨ ਲਗਾਤਾਰ ਕੰਮ ਕਰਨ ਮਗਰੋਂ ਅਕਾਵਟ ਤੇ ਥਕਾਵਟ ਮਹਿਸੂਸ ਕਰਦਾ ਹੈ।
ਦੂਜੇ ਪਾਸੇ ਕਿਉਂਕਿ ਕੰਪਿਊਟਰ ਇਕ ਮਸ਼ੀਨ ਹੈ ਤੇ ਇਹ ਹਜ਼ਾਰਾਂ-ਲੱਖਾਂ ਗੁੰਝਲਦਾਰ,
ਲੰਬੀਆਂ ਤੇ ਦੁਹਰਾਓ ਦੇ ਰੂਪ ਵਿੱਚ ਦਿੱਤੀਆਂ ਗਈਆਂ ਗਣਨਾਵਾਂ ਸਮੇਂ ਵੀ ਨਹੀਂ
ਥੱਕਦਾ।
ਕੰਮ
ਕਰਨ ਸਮੇਂ ਇਨਸਾਨ ਕੋਲੋਂ ਗਾਹੇ-ਬਗਾਹੇ ਗ਼ਲਤੀ ਹੋ ਜਾਂਦੀ ਹੈ। ਵੱਡੇ ਤੇ ਗੁੰਝਲਦਾਰ
ਕੰਮਾਂ ਵਿੱਚ ਅਸੀਂ ਅਕਸਰ ਹੀ ਗ਼ਲਤੀ ਕਰ ਬੈਠਦੇ ਹਾਂ। ਪਰ ਦੂਜੇ ਪਾਸੇ ਜੇਕਰ ਕੰਪਿਊਟਰ
ਦੀ ਗੱਲ ਕਰੀਏ ਤਾਂ ਇਸ ਵਿੱਚ ਗ਼ਲਤੀ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕਿਉਂਕਿ
ਇਕ ਮਸ਼ੀਨ ਕਦੇ ਵੀ ਗ਼ਲਤੀ ਨਹੀਂ ਕਰ ਸਕਦੀ। ਇਹ ਸਿਰਫ਼ ਦਿੱਤੇ ਗਏ ਅੰਕੜਿਆਂ ਤੇ
ਹਦਾਇਤਾਂ ਦੇ ਆਧਾਰ 'ਤੇ ਨਤੀਜੇ ਪੈਦਾ ਕਰਦੀ ਹੈ ਜਾਂ ਫਿਰ ਇੰਝ ਕਹਿ ਲਵੋ ਕਿ
ਕੰਪਿਊਟਰ ਸਿਰਫ਼ ਉਹੀ ਕੰਮ ਕਰ ਸਕਦਾ ਹੈ ਜੋ ਉਸ ਨੂੰ ਕਿਹਾ ਜਾਵੇ।
ਜੇਕਰ
ਸ਼ਬਦ 'ਹੁਸ਼ਿਆਰ' ਨੂੰ ਯਾਦਦਾਸ਼ਤ ਵਜੋਂ ਪਰਿਭਾਸ਼ਿਤ ਕਰੀਏ ਤਾਂ ਫਿਰ ਵੀ ਕੰਪਿਊਟਰ ਪਹਿਲੇ
ਸਥਾਨ 'ਤੇ ਆਵੇਗਾ। ਮਨੁੱਖ ਆਪਣੀਆਂ ਗ਼ਲਤੀਆਂ, ਨਵੀਆਂ ਖੋਜਾਂ ਅਤੇ ਜਿੰਦਗੀ ਦੇ
ਤਜ਼ਰਬਿਆਂ ਤੋਂ ਲਗਾਤਾਰ ਸਿੱਖਦਾ ਅਤੇ ਆਪਣੇ ਦਿਮਾਗ ਵਿੱਚ ਯਾਦ ਰੱਖਦਾ ਰਹਿੰਦਾ ਹੈ।
ਸਮਾਂ ਪਾ ਕੇ ਅਸੀਂ ਗ਼ੈਰ-ਜ਼ਰੂਰੀ ਅਤੇ ਪੁਰਾਣੀਆਂ ਸੂਚਨਾਵਾਂ ਅਕਸਰ ਭੁੱਲ ਜਾਂਦੇ ਹਾਂ।
ਬੁਢੇਪੇ ਸਮੇਂ ਤਾਂ ਵੈਸੇ ਵੀ ਇਨਸਾਨੀ ਯਾਦਦਾਸ਼ਤ ਘੱਟ ਜਾਂਦੀ ਹੈ। ਇਸ ਤੋਂ ਭਾਵ ਇਹ
ਹੋਇਆ ਕਿ ਇਨਸਾਨੀ ਯਾਦਦਾਸ਼ਤ ਸੁਰੱਖਿਅਤ ਨਹੀਂ ਤੇ ਨਾ ਹੀ ਇਸ ਵਿੱਚ ਜ਼ਿੰਦਗੀ ਦੀ ਹਰੇਕ
ਸੂਚਨਾ ਨੂੰ ਸਾਂਭ ਕੇ ਰੱਖਿਆ ਜਾ ਸਕਦਾ ਹੈ। ਦੂਸਰੇ ਪਾਸੇ ਕੰਪਿਊਟਰ ਯਾਦਦਾਸ਼ਤ
ਇਲੈਕਟ੍ਰੋਨਿਕ ਕਲ-ਪੁਰਜ਼ਿਆ ਦਾ ਸੁਮੇਲ ਹੈ। ਇਹ ਯਾਦਦਾਸ਼ਤ ਇੰਨੀ ਕੁ ਸਥਾਈ ਤੇ
ਸੁਰੱਖਿਅਤ ਹੈ ਕਿ ਇਸ ਵਿੱਚ ਸਾਂਭੀ ਇਕ-ਇਕ ਚੀਜ਼ ਨੂੰ ਹਜ਼ਾਰਾਂ ਸਾਲਾਂ ਬਾਅਦ ਵੀ
ਪੜ੍ਹਿਆ ਜਾ ਸਕਦਾ ਹੈ।
ਹਾਂ,
ਜੇਕਰ ਸ਼ਬਦ 'ਹੁਸ਼ਿਆਰ' ਨੂੰ ਬੁੱਧੀ ਵਜੋਂ ਪਰਿਭਾਸ਼ਿਤ ਕਰੀਏ ਤਾਂ ਨਿਸ਼ਚਿਤ ਹੀ ਮਨੁੱਖ
ਦਾ ਪਲੜਾ ਭਾਰੀ ਹੋਵੇਗਾ। ਅਸੀਂ ਭਲੀ ਭਾਂਤ ਜਾਣੂੰ ਹਾਂ ਕਿ ਕੰਪਿਊਟਰ ਇਨਸਾਨ ਦੀ
ਤਰ੍ਹਾਂ ਹੱਡ-ਮਾਸ ਦਾ ਨਹੀਂ ਸਗੋਂ ਇਹ ਵੱਖ-ਵੱਖ ਬਿਜਲਈ, ਯੰਤਰਿਕ, ਇਲੈਕਟ੍ਰੋਨਿਕ
ਆਦਿ ਭਾਗਾਂ ਤੋਂ ਮਿਲ ਕੇ ਬਣਿਆ ਹੋਇਆ ਹੈ। ਇਸ 'ਚ ਮਨੁੱਖ ਦੀ ਤਰ੍ਹਾਂ ਲਹੂ-ਵਹਿਣੀਆਂ
ਨਹੀਂ ਹੁੰਦੀਆਂ ਤੇ ਨਾ ਹੀ ਇਸ ਦੀਆਂ ਰਗਾਂ 'ਚ ਲਹੂ ਦੌੜਦਾ ਹੈ। ਇਸ ਵਿੱਚ
ਲਹੂ-ਵਹਿਣੀਆਂ ਦੀ ਥਾਂ 'ਤੇ ਤਾਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਲਹੂ ਦੀ ਥਾਂ
ਬਿਜਲਈ ਧਾਰਾ ਦੌੜਦੀ ਹੈ। ਮੁੱਕਦੀ ਗੱਲ ਇਹ ਹੈ ਕਿ ਕੰਪਿਊਟਰ ਦਾ ਇਕ-ਇਕ ਅੰਗ ਨਿਰੋਲ
ਮਸ਼ੀਨੀ ਹੈ ਜਿਸ ਕਾਰਨ ਇਸ ਕੋਲ ਆਪਣੇ-ਆਪ ਸੋਚਣ ਅਤੇ ਫ਼ੈਸਲੇ ਲੈਣ ਦੀ ਸਮਝ ਨਹੀਂ।
ਕੰਪਿਊਟਰ ਨੂੰ ਸੂਝਵਾਨ ਜਾਂ ਬੁੱਧੀਮਾਨ ਬਣਾਉਣ ਲਈ ਇਸ ਵਿੱਚ ਮਨੁੱਖ ਵੱਲੋਂ ਬਣਾਇਆ
ਸਾਫਟਵੇਅਰ ਪਾਇਆ ਜਾਂਦਾ ਹੈ। ਇਹ ਸਾਫਟਵੇਅਰ ਹੀ ਕੰਪਿਊਟਰ ਨੂੰ ਬੁੱਧੀ ਪ੍ਰਦਾਨ ਕਰਵਾ
ਸਕਦਾ ਹੈ। ਹੁਣ ਤੁਸੀਂ ਹੀ ਫ਼ੈਸਲਾ ਕਰੋ ਕਿ ਮਨੁੱਖੀ ਦਿਮਾਗ ਦੀ ਵਰਤੋਂ ਨਾਲ ਬਣੇ
ਸਾਫਟਵੇਅਰ ਦੇ ਸਹਾਰੇ ਚੱਲਣ ਵਾਲਾ ਕੰਪਿਊਟਰ ਮਨੁੱਖ ਤੋਂ ਕਿਵੇਂ ਬੁੱਧੀਮਾਨ ਹੋ ਸਕਦਾ
ਹੈ।
ਦਿਲਚਸਪ ਗੱਲ ਇਹ ਹੈ ਕਿ ਬਣਾਉਟੀ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਨਾਮਕ
ਵਿਗਿਆਨ ਦੇ ਇਕ ਨਿਵੇਕਲੇ ਖੇਤਰ ਵਿੱਚ ਹੋਈਆਂ ਖੋਜਾਂ ਰਾਹੀਂ ਕੰਪਿਊਟਰ ਵਿੱਚ ਨਕਲੀ
ਬੁੱਧੀ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੰਪਿਊਟਰ ਨੂੰ ਇਸ ਕੰਮ ਦੇ ਕਾਬਲ ਬਣਾਇਆ
ਜਾ ਰਿਹਾ ਹੈ ਕਿ ਉਹ ਹਾਲਾਤ ਮੁਤਾਬਿਕ ਆਪਣੇ ਆਪ ਫ਼ੈਸਲਾ ਕਰ ਸਕੇ। ਪਰ ਕੰਪਿਊਟਰ
ਦੁਆਰਾ ਇਸ ਤਰ੍ਹਾਂ ਅਨੁਭਵ ਕਰਨ ਤੇ ਆਪਣੇ ਫ਼ੈਸਲੇ ਆਪ ਲੈਣ ਦੀ ਗੱਲ ਨੂੰ ਸਿਧਾਂਤਕ
ਤੌਰ 'ਚ ਲਾਗੂ ਕਰਨਾ ਕਾਫ਼ੀ ਔਖਾ ਹੈ।
ਆਖਰ
ਇਹ ਕਹਿਣਾ ਕਿ ਕੰਪਿਊਟਰ ਇਨਸਾਨ ਨਾਲੋਂ ਹੁਸ਼ਿਆਰ ਹੈ, ਇਹ ਸਰਾਸਰ ਗ਼ਲਤ ਹੋਵੇਗਾ। ਇਹ
ਠੀਕ ਹੈ ਕਿ ਕੰਪਿਊਟਰ ਇਨਸਾਨ ਨਾਲੋਂ ਰਫ਼ਤਾਰ, ਸ਼ੁੱਧਤਾ ਅਤੇ ਯਾਦਦਾਸ਼ਤ ਪੱਖੋਂ ਹੁਸ਼ਿਆਰ
ਹੈ ਪਰ ਇਸ ਵਿੱਚ ਬੁੱਧੀ ਬਿਲਕੁਲ ਹੀ ਨਹੀਂ।
ਸੀ ਪੀ ਕੰਬੋਜ
ਪ੍ਰੋਗਰਾਮਰ, ਭਾਸ਼ਾ ਵਿਗਿਆਨ ਤੇ ਪੰਜਾਬੀ ਕੋਸ਼ਕਾਰੀ ਵਿਭਾਗ
ਪੰਜਾਬੀ ਯੂਨੀਵਰਸਿਟੀ ਪਟਿਆਲਾ
|