ਜਵਾਨ ਹੋ ਰਹੀਆਂ ਬੱਚੀਆਂ ਉੱਤੇ ਏਨੀਆਂ ਬੰਦਸ਼ਾਂ ਲਾਈਆਂ ਜਾਂਦੀਆਂ ਹਨ ਕਿ ਉਹ
ਆਪਣੇ ਸਰੀਰ ਵਿਚਲੇ ਬਦਲਾਓ ਬਾਰੇ ਸਿਵਾਏ ਆਪਣੀ ਮਾਂ ਨਾਲ, ਕਿਸੇ ਨਾਲ ਗੱਲ ਸਾਂਝੀ ਕਰ
ਹੀ ਨਹੀਂ ਸਕਦੀਆਂ। ਕੁੱਝ ਘਰਾਂ ਵਿਚ ਏਨੀ ਸਖ਼ਤਾਈ ਹੁੰਦੀ ਹੈ ਕਿ ਬੱਚੀ ਆਪਣੀਆਂ
ਸਹੇਲੀਆਂ ਤੋਂ ਹੀ ਅਧਪੱਕੀ ਸਲਾਹ ਲੈ ਕੇ ਚੁੱਪ ਕਰ ਜਾਂਦੀ ਹੈ। ਬਹੁਤ ਘੱਟ ਜਣੀਆਂ
ਨੂੰ ਪਤਾ ਹੁੰਦਾ ਹੈ ਕਿ ਮਾਹਵਾਰੀ ਦੌਰਾਨ ਲਗਭਗ 40 ਮਿਲੀਲਿਟਰ ਲਹੂ ਵਹਿ ਜਾਂਦਾ ਹੈ।
ਕੁੱਝ ਕੁੜੀਆਂ ਅੰਦਰੋਂ 25 ਤੇ ਕੁੱਝ ਵਿੱਚੋਂ 70 ਮਿਲੀਲਿਟਰ ਲਹੂ ਵਹਿੰਦਾ ਹੈ। ਆਮ
ਤੌਰ ਤੇ ਮਾਹਵਾਰੀ ਹਰ 28 ਦਿਨਾਂ ਬਾਅਦ ਆਉਂਦੀ ਹੈ ਪਰ 23 ਤੋਂ 39 ਦਿਨਾਂ ਬਾਅਦ
ਆਉਣੀ ਨਾਰਮਲ ਹੀ ਹੁੰਦੀ ਹੈ।
ਜਦੋਂ ਵੀ 80 ਮਿਲੀਲਿਟਰ ਤੋਂ ਵੱਧ ਲਹੂ ਵਗ ਜਾਏ ਤਾਂ ਬੱਚੀ ਵਿਚ ਲਹੂ ਦੀ ਕਮੀ
ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਅੰਦਾਜ਼ਾ ਲਗਾਉਣਾ ਬਹੁਤ ਔਖਾ ਹੈ ਕਿ ਕਿੰਨਾ ਲਹੂ
ਵਗਿਆ ਇਸੇ ਲਈ ਜੇ ਰਾਤ ਨੂੰ ਵੀ ਉਠ ਕੇ ਕਪੜੇ ਬਦਲਣੇ ਪੈਣ ਜਾਂ ਸਕੂਲ/ਕਾਲਜ ਤੋਂ
ਛੁੱਟੀ ਲੈਣੀ ਪੈ ਜਾਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਲਹੂ ਵੱਧ ਵਗ ਰਿਹਾ ਹੈ।
ਸਿਰਫ਼ ਦਿਨਾਂ ਦੀ ਗਿਣਤੀ ਤੋਂ ਇਸ ਚੀਜ਼ ਦਾ ਅੰਦਾਜ਼ਾ ਲਗਾਉਣਾ ਔਖਾ ਹੈ।
ਜੇ ਵੇਲੇ ਸਿਰ ਬੱਚੀ ਨੂੰ ਦਵਾਈ ਨਾ ਦਿੱਤੀ ਜਾਏ ਤਾਂ ਇੱਕ ਪਾਸੇ ਤਾਂ ਲਹੂ ਦੀ
ਕਮੀ ਦੇ ਮਾੜੇ ਸਿੱਟੇ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਹਨ, ਜਿਵੇਂ ਸਾਹ ਚੜ੍ਹਨਾ, ਛੇਤੀ
ਥਕਾਵਟ ਹੋਣੀ, ਚਿੜਚਿੜਾਪਨ, ਯਾਦਾਸ਼ਤ ਘਟਣੀ ਆਦਿ 'ਤੇ ਦੂਜੇ ਪਾਸੇ ਬੱਚੀ ਦੇ ਦਿਮਾਗ਼
ਤੇ ਇਹ ਛਪ ਜਾਂਦਾ ਹੈ ਕਿ ਮਾਹਵਾਰੀ ਠੀਕ ਨਾ ਆਉਣ ਕਰਕੇ ਸ਼ਾਇਦ ਉਸਦਾ ਵਿਆਹੁਤਾ ਜੀਵਨ
ਠੀਕ ਨਾ ਹੋਵੇ ਤੇ ਸ਼ਾਇਦ ਉਹ ਮਾਂ ਬਣਨ ਦੇ ਕਾਬਲ ਵੀ ਨਾ ਰਹੇ।
ਇਨ੍ਹਾਂ ਗਲਤ ਖਿਆਲਾਂ ਨਾਲ ਬੱਚੀ ਆਪਣਾ ਜੀਵਨ ਨਰਕ ਬਣਾ ਲੈਂਦੀ ਹੈ ਪਰ ਡਾਕਟਰ
ਤੋਂ ਠੀਕ ਸਲਾਹ ਲੈਣੀ ਨਾਮੁਮਕਿਨ ਹੋ ਜਾਂਦੀ ਹੈ ਕਿਉਂਕਿ ਬਹੁਤੇ ਮਾਪੇ ਅਣਵਿਆਹੀਆਂ
ਕੁੜੀਆਂ ਨੂੰ ਡਾਕਟਰ ਕੋਲ ਲਿਜਾਉਣ ਦੇ ਨਾਂ ਤੋਂ ਵੀ ਤ੍ਰਹਿੰਦੇ ਹਨ।
ਇਸੇ ਲਈ ਮੈਂ ਇਸ ਲੇਖ ਰਾਹੀਂ ਬੱਚੀਆਂ ਨੂੰ ਮਾਹਵਾਰੀ ਬਾਰੇ ਜਾਣਕਾਰੀ ਦੇਣਾ
ਚਾਹੁੰਦੀ ਹਾਂ। ਬਹੁਤ ਸਾਰੀਆਂ ਬੱਚੀਆਂ ਵਿਚ ਮਾਹਵਾਰੀ ਪਹਿਲੀ ਵਾਰ ਸ਼ੁਰੂ ਹੋਣ ਤੋਂ
ਦੋ ਤਿੰਨ ਸਾਲ ਬਾਅਦ ਤੱਕ 'ਓਵੀਊਲੇਟਰੀ' ਨਹੀਂ ਹੁੰਦੀ ਯਾਨੀ ਗਰਭ ਨਹੀਂ ਠਹਿਰ ਸਕਦਾ
ਕਿਉਂਕਿ ਹਾਰਮੋਨ ਪੂਰੇ ਨਹੀਂ ਹੁੰਦੇ। ਇਸੇ ਲਈ ਇਕੱਲਾ 'ਈਸਟਰੋਜਨ ਹਾਰਮੋਨ'
ਬੱਚੇਦਾਨੀ ਅੰਦਰਲੀ ਪਰਤ ਨੂੰ ਬਹੁਤ ਜ਼ਿਆਦਾ ਮੋਟਾ ਕਰ ਦਿੰਦਾ ਹੈ ਜਿਸ ਕਰਕੇ ਲਹੂ
ਜ਼ਿਆਦਾ ਪੈਣ ਲਗ ਪੈਂਦਾ ਹੈ।
ਜਿਸ ਬੱਚੀ ਦੀ ਮਾਹਵਾਰੀ 'ਓਵੀਊਲੇਟਰੀ' ਹੋਵੇ, ਉਸ ਵਿਚ ਮਾਹਵਾਰੀ ਪੂਰੇ ਵਕਤ ਤੇ
ਆਉਂਦੀ ਹੈ ਤੇ ਬਹੁਤੀ ਵਾਰ ਲਹੂ ਵੀ ਘੱਟ ਪੈਂਦਾ ਹੈ। ਅਜਿਹੀਆਂ ਬੱਚੀਆਂ ਦੀ ਗਿਣਤੀ
ਕੁੱਲ 15 ਪ੍ਰਤੀਸ਼ਤ ਹੀ ਹੁੰਦੀ ਹੈ। ਇਸਦਾ ਮਤਲਬ ਸਾਫ਼ ਹੈ ਕਿ 18 ਸਾਲ ਤੋਂ ਥੱਲੇ
ਮਾਹਵਾਰੀ ਦਾ ਪੂਰੇ ਸਮੇਂ ਉੱਤੇ ਆਉਣਾ ਬਹੁਤੀ ਆਮ ਗੱਲ ਨਹੀਂ ਹੁੰਦੀ। ਇਸੇ ਲਈ ਇਸ
ਗੱਲ ਵਾਸਤੇ ਡਾਕਟਰਾਂ ਦੇ ਗੇੜੇ ਲਾਉਣ ਦੀ ਲੋੜ ਨਹੀਂ ਹੈ।
ਮਾਵਾਂ ਨੂੰ ਮੈਂ ਹਦਾਇਤ ਦੇਣਾ ਚਾਹੁੰਦੀ ਹਾਂ ਕਿ ਬਿਨਾਂ ਲੋੜ ਦੇ ਆਪਣੀਆਂ ਜਵਾਨ
ਅਣਵਿਆਹੀਆਂ ਕੁੜੀਆਂ ਦੀ ਅੰਦਰੂਨੀ ਜਾਂਚ ਬਿਲਕੁਲ ਨਾ ਕਰਵਾਉਣ। ਜੇ ਕੋਈ ਨੁਕਸ ਹੋਵੇ
ਵੀ, ਤਾਂ ਉਹ 'ਅਲਟਰਾਸਾਊਂਡ' ਰਾਹੀਂ ਪਤਾ ਲਗ ਸਕਦਾ ਹੈ, ਜਿਵੇਂ ਅੰਡਕੋਸ਼ਾਂ ਦਾ
ਨੁਕਸ, ਆਦਿ।
ਹਰ ਜਵਾਨ ਹੋ ਰਹੀ ਬੱਚੀ ਦਾ 'ਹੀਮੋਗਲੋਬਿਨ' ਜ਼ਰੂਰ ਟੈਸਟ ਕਰਵਾਉਣਾ ਚਾਹੀਦਾ ਹੈ।
ਜੇ ਮਾਹਵਾਰੀ ਬਹੁਤ ਜ਼ਿਆਦਾ ਦੇਰ ਬਾਅਦ ਆ ਰਹੀ ਹੋਵੇ ਤੇ ਬਹੁਤ ਜ਼ਿਆਦਾ ਆ ਰਹੀ ਹੋਵੇ,
ਬੱਚੀ ਦਾ ਭਾਰ ਵਧ ਰਿਹਾ ਹੋਵੇ, ਚਮੜੀ ਖੁਰਦਰੀ ਹੋ ਰਹੀ ਹੋਵੇ, ਬੱਚੀ ਸੁਸਤ ਰਹਿ ਰਹੀ
ਹੋਵੇ ਤਾਂ 'ਥਾਇਰਾਇਡ' ਦੇ ਟੈਸਟ ਜ਼ਰੂਰ ਕਰਵਾ ਲੈਣੇ ਚਾਹੀਦੇ ਹਨ।
ਜੇ ਮਾਹਵਾਰੀ ਵਿਚ ਬਹੁਤ ਜ਼ਿਆਦਾ ਲਹੂ ਵਗਦਾ ਰਹੇ ਤੇ ਬੱਚੀ ਦੀ ਹਾਲਤ ਵਿਗੜ ਰਹੀ
ਹੋਵੇ ਤਾਂ ਸਿਆਣੇ ਡਾਕਟਰ ਦੀ ਸਲਾਹ ਨਾਲ ਦਵਾਈ ਸ਼ੁਰੂ ਕੀਤੀ ਜਾ ਸਕਦੀ ਹੈ, ਪਰ ਦਵਾਈ
6 ਮਹੀਨੇ ਜ਼ਰੂਰ ਖੁਆਉਣੀ ਚਾਹੀਦੀ ਹੈ।
ਕੁੱਝ ਬੱਚੀਆਂ ਦਾ ਮਾਹਵਾਰੀ ਦੌਰਾਨ ਬਹੁਤ ਜ਼ਿਆਦਾ ਲਹੂ ਵਗਣ ਕਾਰਣ 'ਹੀਮੋਗਲੋਬਿਨ'
ਸੱਤ ਗ੍ਰਾਮ ਹੀ ਰਹਿ ਜਾਂਦਾ ਹੈ ਅਤੇ ਬਹੁਤ ਜ਼ਿਆਦਾ ਕਮਜ਼ੋਰੀ ਕਾਰਣ ਬੱਚੀ ਮੰਜੇ ਤੇ ਹੀ
ਪੈ ਜਾਂਦੀ ਹੈ। ਅਜਿਹੀ ਹਾਲਤ ਵਿਚ ਖ਼ੂਨ ਚੜਾਉਣਾ ਪੈ ਸਕਦਾ ਹੈ। ਇਸਤੋਂ ਇਲਾਵਾ
'ਪੋ੍ਰਜੈਸਟੋਜੈਨ ਹਾਰਮੋਨ' ਵੀ ਦੇਣੇ ਪੈਂਦੇ ਹਨ। ਜੇ ਫੇਰ ਵੀ ਲਹੂ ਵਗਣਾ ਨਾ ਰੁਕੇ
ਤਾਂ ਹਸਪਤਾਲ ਦਾਖ਼ਲ ਹੋ ਕੇ ਤੇਜ਼ ਦਵਾਈਆਂ ਦੇਣੀਆਂ ਪੈਂਦੀਆਂ ਹਨ।
ਜੇ ਕਿਸੇ ਵੀ ਹਾਲਤ ਵਿਚ ਲਹੂ ਪੈਣਾ ਨਾ ਰੁਕੇ ਤਾਂ ਹੋਰ ਟੈਸਟ ਕਰਵਾਉਣੇ ਚਾਹੀਦੇ
ਹਨ ਕਿਉਂਕਿ ਕਈ ਕਿਸਮ ਦੀਆਂ ਲਹੂ ਦੀਆਂ ਬੀਮਾਰੀਆਂ ਜਾਂ ਕੈਂਸਰ ਵੀ ਇਸਦਾ ਕਾਰਣ ਹੋ
ਸਕਦਾ ਹੈ।
ਬਹੁਤ ਜ਼ਿਆਦਾ ਮੋਟਾਪਾ ਤੇ ਕੁੜੀਆਂ ਦੇ ਮੂੰਹ ਉੱਤੇ ਵਾਲ ਆਉਣੇ ਅੰਡਕੋਸ਼ਾਂ ਵਿਚਲੀ
ਸੋਜ਼ਿਸ਼ ਕਰਕੇ ਵੀ ਹੋ ਸਕਦੇ ਹਨ। ਇਸ ਨਾਲ ਮਾਹਵਾਰੀ ਕਾਫ਼ੀ ਲੇਟ ਆਉਣ ਲੱਗ ਪੈਂਦੀ ਹੈ
'ਤੇ 'ਓਵੂਲੇਟਰੀ' ਵੀ ਨਹੀਂ ਹੁੰਦੀ। ਇਸ ਹਾਲਤ ਵਿਚ ਭਾਰ ਘਟਾਉਣਾ ਬਹੁਤ ਜ਼ਰੂਰੀ
ਹੁੰਦਾ ਹੈ ਜਿਸ ਨਾਲ ਇਨ੍ਹਾਂ ਸਾਰੀਆਂ ਅਲਾਮਤਾਂ ਵਿਚ ਫਰਕ ਪੈਣਾ ਸ਼ੁਰੂ ਹੋ ਜਾਂਦਾ
ਹੈ। ਜੇ ਫਰਕ ਨਾ ਪੈ ਰਿਹਾ ਦਿਸੇ ਤਾਂ ‘ਮਾਲਾ ਡੀ’ ਵਰਗੀ ਹੀ ਹਰ ਮਹੀਨੇ ਗੋਲੀ ਦੇਣੀ
ਪੈਂਦੀ ਹੈ ਜਿਸ ਨਾਲ ਅੰਡਕੋਸ਼ਾਂ ਦੀ ਸੋਜ਼ਿਸ਼ ਤਾਂ ਠੀਕ ਹੁੰਦੀ ਹੀ ਹੈ, ਬੱਚੇਦਾਨੀ ਦੇ
ਕੈਂਸਰ ਦਾ ਖਤਰਾ ਵੀ ਘਟ ਜਾਂਦਾ ਹੈ।
ਸਿਆਣੇ ਕਹਿੰਦੇ ਨੇ ਕਿ ਭਾਵੇਂ ਰਿਸ਼ਤਾ ਹੋਵੇ ਤੇ ਭਾਵੇਂ ਜ਼ਖ਼ਮ, ਜੇ ਖੁੱਲਾ ਛੱਡ
ਦਿਓ ਤਾਂ ਖ਼ਰਾਬ ਹੋ ਜਾਂਦਾ ਹੈ। ਇਸੇ ਕਰਕੇ ਮੈਂ ਇਹੀ ਸਲਾਹ ਦੇਣੀ ਚਾਹਾਂਗੀ ਹਰ ਜਵਾਨ
ਹੋ ਰਹੀ ਬੱਚੀ ਦੇ ਮਾਪਿਆਂ ਨੂੰ ਕਿ ਆਪਣੀ ਬੱਚੀ ਦੀਆਂ ਮੁਸ਼ਕਲਾਂ ਘਰ ਵਿਚ ਹੀ
ਸੁਖਾਵਾਂ ਮਾਹੌਲ ਬਣਾ ਕੇ ਹੱਲ ਕਰੋ ਤੇ ਉਸਨੂੰ ਦਿਲ ਖ੍ਹੋਲਣ ਦੀ ਇਜਾਜ਼ਤ ਦਿਓ। ਜੇ
ਬੀਮਾਰੀ ਵਧਦੀ ਦਿਸੇ ਤਾਂ ਓਹੜ ਪੋਹੜ ਜਾਂ ਨੀਮ ਹਕੀਮਾਂ ਤੋਂ ਦਵਾਈ ਦੇਣ ਦੀ ਥਾਂ
ਕਿਸੇ ਸਿਆਣੇ ਡਾਕਟਰ ਦੀ ਸਲਾਹ ਜ਼ਰੂਰ ਲਵੋ ਤਾਂ ਜੋ ਤੁਹਾਡੀ ਕੋਮਲ ਬੱਚੀ ਇਕ ਖ਼ੂਬਸੂਰਤ
ਫੁੱਲ ਬਣ ਸਕੇ।
ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783 |