ਜ਼ਿੰਦਗੀ ਵੀ ਅਜੀਬ ਹੀ ਰੰਗਾਂ ਵਿਚ ਰੰਗੀ ਪਈ ਹੈ। ਕਿਤੇ ਪਤੀ ਪਤਨੀ ਦਾ ਤੇ ਕਿਤੇ
ਪਤਨੀ ਪਤੀ ਦਾ ਕਤਲ ਕਰਦੀ ਪਈ ਹੈ ਤੇ ਕਿਤੇ ਸੱਸ ਨੂੰਹ ਨੂੰ ਜਾਨੋਂ ਮਾਰਨ ਲਈ ਤਿਆਰ
ਖੜੀ ਹੈ। ਦੂਜੇ ਪਾਸੇ ਪਿਆਰ ਤੇ ਬਲਿਦਾਨ ਦੀਆਂ ਐਸੀਆਂ ਐਸੀਆਂ ਮਿਸਾਲਾਂ ਹਨ ਕਿ ਯਕੀਨ
ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਇਹ ਸੱਚ ਹੈ ਜਾਂ ਝੂਠ! ਡਾਕਟਰਾਂ ਕੋਲ ਦੁਖ਼ ਤਕਲੀਫ
ਵੇਲੇ ਪਹੁੰਚਦੇ ਮਰੀਜ਼ ਕਈ ਅਜਿਹੀਆਂ ਕਹਾਣੀਆਂ ਸਾਹਮਣੇ ਲਿਆ ਧਰਦੇ ਹਨ ਕਿ ਹਕੀਕਤ ਬੜੀ
ਕੋਝੀ ਜਾਪਣ ਲੱਗ ਪੈਂਦੀ ਹੈ।
ਅੱਜ ਜਿਸ ਮਰੀਜ਼ ਦੀ ਮੈਂ ਗੱਲ ਕਰਨ ਲੱਗੀ ਹਾਂ, ਉਸਤੋਂ ਪਹਿਲਾਂ ਇਕ ਹੋਰ ਗੱਲ
ਸਾਂਝੀ ਕਰਨੀ ਜ਼ਰੂਰੀ ਹੈ। ਆਪਣੇ ਮਰੀਜ਼ ਬਾਰੇ ਡਾਕਟਰ ਨੇ ਕੁੱਝ ਦਸਣਾ ਨਹੀਂ ਹੁੰਦਾ ਪਰ
ਕਈ ਵਾਰ ਹਾਲਾਤ ਮਜਬੂਰ ਕਰ ਦਿੰਦੇ ਹਨ। ਮੈਂ ਮਰੀਜ਼ ਦਾ ਨਾਂ ਪਤਾ ਨਹੀਂ ਦੱਸਣ ਲੱਗੀ
ਪਰ ਉਹ ਮੇਰੇ ਪਤੀ, ਡਾ. ਗੁਰਪਾਲ ਸਿੰਘ ਕੋਲੋਂ ਆਪਣੀ ਪਤਨੀ ਦਾ ਇਲਾਜ ਕਰਵਾਉਣ ਆਉਂਦੇ
ਰਹਿੰਦੇ ਸਨ। ਮੈਨੂੰ ਇੱਕ ਵਾਰ ਮੇਰੇ ਪਤੀ ਨੇ ਹੀ ਕਿਹਾ ਕਿ ਉਸ ਦੰਪਤੀ ਨੂੰ ਜ਼ਰੂਰ
ਮਿਲਾਂ ਕਿਉਂਕਿ ਉਨਾਂ ਦਾ ਆਪਸੀ ਪਿਆਰ ਇਕ ਵੱਖਰੀ ਹੀ ਕਿਸਮ ਦੀ ਮਿਸਾਲ ਹੈ।
ਮੈਂ ਜਦੋਂ ਉਨਾਂ ਨੂੰ ਮਿਲੀ ਤਾਂ ਉਹ ਬਜ਼ੁਰਗ ਸੱਜਣ ਹਸਪਤਾਲ ਵਿਚ ਆਪਣੀ ਪਤਨੀ ਨੂੰ
ਵੀਲ ਚੇਅਰ ਉੱਤੇ ਬਿਠਾ ਕੇ ਲਿਆਏ ਸਨ। ਜਦੋਂ ਮੇਰੇ ਪਤੀ ਨੇ ਉਨਾਂ ਨੂੰ ਮੇਰੇ ਬਾਰੇ
ਦੱਸਿਆ ਤਾਂ ਉਨਾਂ ਕਿਹਾ ਕਿ ਉਨਾਂ ਮੈਨੂੰ ਟੀ.ਵੀ. ਉੱਤੇ ਵੇਖਿਆ ਹੋਇਆ ਹੈ।
ਮੇਰੇ ਪਤੀ ਨੇ ਮੈਨੂੰ ਦੱਸਿਆ ਕਿ ਕਿਵੇਂ ਇਹ ਸੱਜਣ, ਆਪਣੀ ਪਤਨੀ, ਜੋ ਪਾਰਕਿਨਸਨ
ਦੀ ਮਰੀਜ਼ ਹੈ, ਤੇ ਆਪਣਾ ਕੁੱਝ ਵੀ ਨਹੀਂ ਸਾਂਭ ਸਕਣ ਜੋਗੀ ਰਹੀ, ਨੂੰ ਖਾਣਾ ਖੁਆਉਣ,
ਨੁਹਾਉਣ ਤੋਂ ਲੈ ਕੇ ਉਸਦਾ ਟੱਟੀ ਪਿਸ਼ਾਬ ਤਕ ਆਪ ਸਾਫ਼ ਕਰਦੇ ਹਨ। ਮੈਂ ਪੁੱਛਿਆ ਕਿ
ਇਨਾਂ ਦੇ ਬੱਚੇ ਨਹੀਂ ਹਨ, ਤਾਂ ਉਹ ਸੱਜਣ ਬੋਲੇ, ‘‘ ਨਹੀਂ ਨਹੀਂ ਬੱਚੀਏ, ਸੁਖ ਨਾਲ
ਤਿੰਨ ਨੇ, ਪਰ ਉਨਾਂ ਦੇ ਆਪਣੇ ਕੰਮ ਕਾਰ ਤੇ ਟੱਬਰ ਦੇ ਕੰਮ ਕਾਰ ਏਨੇ ਨੇ ਹੁਣ ਉਹ
ਆਪਣਾ ਕੰਮ ਵੇਖਣ ਕਿ ਸਾਨੂੰ ਬੁੱਢਿਆਂ ਨੂੰ ਸਾਂਭਦੇ ਰਹਿਣ! ਇਕ ਪੁੱਤਰ ਨੂੰਹ ਵਿਦੇਸ਼
ਵਿਚ ਨੇ, ਇਕ ਕਲੱਕਤੇ ਵਿਚ ਤੇ ਤੀਜਾ ਆਪਣੇ ਟੱਬਰ ਨਾਲ ਦਿੱਲੀ ਵਿਚ!
ਮੇਰੇ ਪਤੀ ਨੇ ਹੀ ਬਾਅਦ ਵਿਚ ਦੱਸਿਆ ਕਿ ਉਹ ਸਾਰੇ ਇਨਾਂ ਨੂੰ ਭਾਰ ਸਮਝ ਕੇ ਛੱਡ
ਗਏ ਹੋਏ ਸਨ!
ਹੁਣ ਉਸ ਸੱਜਣ ਦਾ ਇੱਕੋ ਇਕ ਸਾਥ ਵੀ ਲਗਭਗ ਨਕਾਰਾ ਸੀ ਪਰ ਉਸਨੂੰ ਆਹਰੇ ਲਾਉਣ ਲਈ
ਬਥੇਰਾ ਸੀ ਅਤੇ ਇਹੀ ਸਾਰੇ ਦਿਨ ਦੀ ਸਾਂਭ ਸੰਭਾਲ ਉਸ ਨੂੰ ਮਾੜੀ ਔਲਾਦ ਨੂੰ ਵਿਸਾਰ
ਦੇਣ ਲਈ ਅਸਰਦਾਰ ਸਾਬਤ ਹੋ ਰਹੀ ਹੈ।
ਸਰਕਾਰੀ ਨੌਕਰੀ ਤੋਂ ਰਿਟਾਇਰ ਹੋਣ ਬਾਅਦ ਪੈਨਸ਼ਨ ਉੱਤੇ ਗੁਜ਼ਾਰਾ ਕਰਨ ਵਾਲੇ ਉਸ
ਸੱਜਣ ਨੇ ਆਪਣੀਆਂ ਲੋੜਾਂ ਸੀਮਤ ਕਰ ਲਈਆਂ ਹੋਈਆਂ ਸਨ। ਰੋਜ਼ ਸਵੇਰੇ ਆਪਣੀ ਜੀਵਨ ਸਾਥਣ
ਨੂੰ ਵੀਲ ਚੇਅਰ ਉੱਤੇ ਗੁਰਦੁਆਰੇ ਲੈ ਜਾਣਾ ਤੇ ਵਾਪਸੀ ਉੱਤੇ ਰਸਤੇ ਵਿੱਚੋਂ ਸਬਜ਼ੀ
ਜਾਂ ਹੋਰ ਘਰ ਦੀ ਲੋੜ ਦਾ ਸਮਾਨ ਲੈ ਆਉਣਾ। ਆਪੇ ਹੀ ਪਤਨੀ ਲਈ ਖਾਣਾ ਬਣਾਉਣਾ ਤੇ ਫੇਰ
ਮਾਲਸ਼ ਕਰ ਕੇ ਨੁਹਾ ਕੇ ਬਿਸਤਰੇ ਉੱਤੇ ਲਿਟਾ ਦੇਣਾ!
ਵਿਹਲੇ ਹੋ ਕੇ ਦੁਪਹਿਰ ਦਾ ਖਾਣਾ ਬਣਾਉਣਾ, ਕਪੜੇ ਧੋਣੇ, ਸ਼ਾਮ ਨੂੰ ਫੇਰ ਸੈਰ
ਕਰਵਾਉਣੀ ਤੇ ਰਾਤ ਉਸ ਨੂੰ ਖਾਣਾ ਖੁਆ ਕੇ, ਲੱਤਾਂ ਘੁੱਟ ਕੇ ਸੁਆ ਦੇਣਾ! ਵੇਖੋ, ਆਪੋ
ਆਪਣੀ ਸੋਚ ਹੈ! ਕੋਈ ਸਮਝਦਾ ਹੈ ਕਿ ਗੁਲਾਬ ਦਾ ਫੁੱਲ ਭੇਂਟ ਕਰਨਾ ਹੀ ਸਭ ਤੋਂ ਵਧੀਆ
ਤਰੀਕਾ ਹੈ ਪਿਆਰ ਦਾ ਇਜ਼ਹਾਰ ਕਰਨ ਦਾ ਤੇ ਕੋਈ ‘ਆਈ ਲਵ ਯੂ’ ਕਹਿ ਕੇ ਸਾਰ
ਲੈਂਦਾ ਹੈ, ਕੋਈ ਕਾਰਡ ਰਾਹੀਂ ਤੇ ਕੋਈ ਰਾਤ ਦੇ ਖਾਣੇ ਦੀ ‘ਡੇਟ’ ਉੱਤੇ ਜਾਣ ਨੂੰ ਹੀ
ਪਿਆਰ ਮੰਨਦਾ ਹੈ।
ਕਈ ਘਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਮਾਈ ਕਰ ਕੇ ਘਰ ਪੈਸਾ ਪਹੁੰਚਾਉਣ ਨੂੰ
ਹੀ ਆਪਣਾ ਫਰਜ਼ ਪੂਰਾ ਹੋਇਆ ਮੰਨ ਲੈਂਦੇ ਹਨ।
ਵੱਡੇ ਵੱਡੇ ਪੀਰ ਪੈਗੰਬਰ ਤਾਂ ਇਹੀ ਕਹਿੰਦੇ ਰਹੇ ਹਨ ਕਿ ਪਿਆਰ ਵਿਚ ਆਪਾ ਗੁਆਉਣਾ
ਹੰਦਾ ਹੈ ਤੇ ਦੂਜੇ ਲਈ ਜਾਨ ਵਾਰਨ ਲਈ ਵੀ ਗੁਰੇਜ਼ ਨਹੀਂ ਕਰਨੀ ਚਾਹੀਦੀ। ਇਸਤਰਾਂ ਜੋ
ਮਨ ਨੂੰ ਸੰਤੁਸ਼ਟੀ ਮਿਲਦੀ ਹੈ, ਉਹੀ ਅਸਲ ਪਿਆਰ ਦੀ ਰੂਹ ਹੁੰਦੀ ਹੈ। ਵਾਪਸ ਕੁੱਝ ਵੀ
ਲੈਣਾ ਤਾਂ ਪਿਆਰ ਨਹੀਂ, ਸੌਦਾ ਹੀ ਬਣ ਜਾਂਦਾ ਹੈ।
ਇਸ ਮਰਦ ਪ੍ਰਧਾਨ ਸਮਾਜ ਵਿਚ, ਜਿੱਥੇ ਬਥੇਰਿਆਂ ਨੂੰ ਚਾਹ ਬਣਾਉਣੀ ਵੀ ਨਹੀਂ
ਆਉਂਦੀ ਤੇ ਕਈ ਤਾਂ ਰਸੋਈ ਦੇ ਭਾਂਡੇ ਨੂੰ ਹੱਥ ਲਾਉਣਾ ਵੀ ਹੇਠੀ ਸਮਝਦੇ ਹਨ, ਕੁੱਝ
ਹੋਟਲਾਂ ਵਾਂਗ ਨਹਾ ਧੋ ਕੇ, ਤਿਆਰ ਹੋ ਕੇ ਖਾਣੇ ਦੀ ਮੇਜ਼ ਉੱਤੇ ਬਹਿ ਕੇ ਵਹੁਟੀ ਨੂੰ
ਗਰਮਾ-ਗਰਮ ਰੋਟੀ ਪਰੋਸਣ ਲਈ ਆਵਾਜ਼ ਮਾਰਦੇ ਹਨ, ਉੱਥੇ ਅਜਿਹੀ ਮਿਸਾਲ ਲੱਭ ਜਾਣੀ,
ਵਾਕਈ ਜ਼ਿਕਰਯੋਗ ਹੈ!
ਔਰਤਾਂ ਵੱਲੋਂ ਆਪਣੇ ਬੀਮਾਰ ਪਤੀਆਂ ਦੀ ਸੇਵਾ ਕਰਨਾ ਆਮ ਜਿਹੀ ਗੱਲ ਹੈ, ਪਰ
ਪਤੀਆਂ ਵੱਲੋਂ ਆਪਣੀਆਂ ਪਤਨੀਆਂ ਦੀ ਸੇਵਾ ਕਰਨਾ ਬਹੁਤ ਘੱਟ ਸੁਣਨ ਵਿਚ ਆਉਂਦਾ ਹੈ।
ਇਸੇ ਲਈ ਮੈਂ ਇਸ ਕੇਸ ਬਾਰੇ ਜ਼ਿਕਰ ਕਰਨਾ ਚਾਹਿਆ। ਸ਼ਾਇਦ ਕੁੱਝ ਮੇਰੇ ਪਾਠਕ ਇਹ
ਜਾਨਣਾ ਚਾਹੁਣ ਕਿ ਇਸ ਕੇਸ ਵਿਚ ਅੱਗੇ ਕੀ ਬਣਿਆ!
ਕੁੱਝ ਮਹੀਨੇ ਪਹਿਲਾਂ ਉਸ ਸੱਜਣ ਦੀ ਪਤਨੀ ਦੀ ਮੌਤ ਹੋ ਗਈ। ਜਿਸ ਉਦਾਸੀ ਵਿਚ ਮੈਂ
ਉਸ ਸੱਜਣ ਨੂੰ ਵੇਖਿਆ, ਉਸਨੂੰ ਬਿਆਨ ਕਰਨ ਲਈ ਮੇਰੇ ਕੋਲ ਸ਼ਬਦਾਂ ਦੀ ਥੁੜ ਹੋ ਚੁੱਕੀ
ਹੈ।
ਇਕ ਵਾਰ ਉਹ ਚੈਕਅੱਪ ਕਰਵਾਉਣ ਮੇਰੇ ਪਤੀ ਕੋਲ ਆਏ ਤਾਂ ਮੈਂ ਸਬੱਬ ਨਾਲ ਉਸ ਸਮੇਂ
ਉੱਥੇ ਹੀ ਸੀ। ਮੈਨੂੰ ਵੇਖ ਕੇ ਕਹਿਣ ਲੱਗੇ, ‘‘ ਦੇਖੋ ਡਾਕਟਰਨੀ ਸਾਹਿਬਾ, ਮੈਨੂੰ
ਤਾਂ ਮੇਰੀ ਸਰਦਾਰਨੀ ਉੱਕਾ ਹੀ ਵਿਹਲਾ ਕਰ ਗਈ। ਮੈਂ ਤਾਂ ਹੁਣ ਐਵੇਂ ਵਕਤ ਬਰਬਾਦ
ਕਰਦਾ ਫਿਰਦਾਂ। ਮੈਨੂੰ ਨਾਲ ਹੀ ਲੈ ਜਾਂਦੀ। ਮੈਂ ਤਾਂ ਰੋਜ਼ ਸਤਿਗੁਰੂ ਅੱਗੇ ਅਰਦਾਸ
ਕਰਦਾਂ ਕਿ ਮੇਰੀ ਬਾਕੀ ਜ਼ਿੰਦਗੀ ਕਿਸੇ ਉਸ ਚੱਜ ਦੇ ਇਨਸਾਨ ਦੇ ਨਾਂ ਲਾ ਦੇਵੇ ਜੋ
ਮਨੁੱਖਤਾ ਦੇ ਭਲੇ ਲਈ ਕੰਮ ਕਰ ਰਿਹਾ ਹੈ। ਮੈਂ ਹੋਰ ਇੱਕਲਿਆਂ ਜੀਅ ਕੇ ਕੀ ਕਰਨਾ ਹੈ!
ਖ਼ੈਰ, ਜੋ ਰੱਬ ਦੀ ਰਜ਼ਾ! ਪਰ ਮੈਨੂੰ ਤਸੱਲੀ ਹੈ ਕਿ ਜਿੰਨੀ ਸੇਵਾ ਮੇਰੀ ਸਰਦਾਰਨੀ ਨੇ
ਮੇਰੀ ਕੀਤੀ, ਓਨੀ ਭਾਵੇਂ ਨਾ ਸਹੀ ਪਰ ਕੁੱਝ ਕੁ ਉਸਦਾ ਕਰਜ਼ਾ ਤਾਂ ਮੈਂ ਲਾਹ ਹੀ
ਦਿੱਤਾ।’’
ਜ਼ਰਾ ਸੋਚੀਏ, ਇਕ ਧਾਰਮਿਕ ਆਗੂ ਵੱਲੋਂ ਦਿੱਤੇ ਬਿਆਨ ਕਿ ਵਿਆਹ ਤਾਂ ਇਕ
‘ਕੌਪੰਰੋਮਾਈਜ਼’ ਹੁੰਦਾ ਹੈ ਜਿਸ ਵਿਚ ਪਤੀ ਕਮਾਉਂਦਾ ਹੈ ਤੇ ਪਤਨੀ ਬਦਲੇ ਵਿਚ
ਸਿਰਫ਼ ਸੇਵਾ ਕਰਦੀ ਹੈ, ਨੂੰ ਇਸ ਸੱਜਣ ਦੀ ਸੋਚ ਇਕ ਕਰਾਰੀ ਚਪੇੜ ਨਹੀਂ ਹੈ ?
ਇਕ ਦਿਨ ਮੇਰੇ ਪਤੀ ਨੇ ਹਸਪਤਾਲੋਂ ਵਾਪਸ ਆ ਕੇ ਦੱਸਿਆ ਕਿ ਉਹ ਸੱਜਣ ਅੱਜ ਫੇਰ
ਚੈਕਅੱਪ ਕਰਵਾਉਣ ਆਇਆ ਸੀ ਤੇ ਉਸਨੂੰ ਵੀ ਅੱਧੇ ਸਰੀਰ ਦਾ ਪਾਰਕਿਨਸਨ ਰੋਗ ਸ਼ੁਰੂ ਹੋ
ਚੁੱਕਿਆ ਹੈ। ਗੱਲ ਦੱਸਦਿਆਂ ਵੀ ਮੇਰੇ ਪਤੀ ਦਾ ਰੁਗ ਭਰ ਗਿਆ ਸੀ ਤੇ ਮੇਰੀਆਂ ਵੀ
ਅੱਖਾਂ ਨਮ ਹੋ ਗਈਆਂ। ਹੁਣ ਇਸ ਵਿਚਾਰੇ ਦੀ ਸੇਵਾ ਕੌਣ ਕਰੇਗਾ? ਇਹੀ ਸਵਾਲ ਬਿਨਾਂ ਇਕ
ਹਰਫ਼ ਵੀ ਬੋਲਿਆਂ ਸਾਡੇ ਦੋਨਾਂ ਦੇ ਮਨਾਂ ਵਿਚ ਸੀ!
ਹਾਲੇ ਤਕ ਤਾਂ ਉਹ ਸੱਜਣ ਚੜਦੀਆਂ ਕਲਾਂ ਵਿਚ ਮੇਰੇ ਪਤੀ ਨੂੰ ਚੈੱਕਅਪ ਕਰਵਾਉਣ ਆ
ਰਿਹਾ ਹੈ ਤੇ ਕਦੇ ਰਬ ਨਾਲ ਗਿਲਾ ਸ਼ਿਕਵਾ ਉਸ ਨਹੀਂ ਕੀਤਾ। ਬਸ ‘ਉਸ’ ਦੀ ਰਜ਼ਾ ਵਿਚ
ਕਿਸੇ ਵੀ ਹਾਲ ਵਿਚ ਰਹਿਣਾ ਉਸ ਨੇ ਸਿਖ ਲਿਆ ਹੈ।
ਉਸਦੀ ਬੀਮਾਰੀ ਨੇ ਹਾਲੇ ਓਨਾ ਜ਼ੋਰ ਨਹੀਂ ਫੜਿਆ ਕਿ ਉਹ ਢਹਿ ਢੇਰੀ ਹੋ ਜਾਏ!
ਅੱਗੋਂ ਦੀਆਂ ਤਾਂ ਰਬ ਹੀ ਜਾਣੇ ਪਰ ਉਸ ਇਨਸਾਨ ਨੇ ਜੋ ਮਿਸਾਲ ਪੇਸ਼ ਕੀਤੀ ਹੈ, ਉਹ
ਬੇਮਿਸਾਲ ਹੈ!
ਮੈਂ ਤਾਂ ਦੁਆ ਹੀ ਕਰ ਸਕਦੀ ਹਾਂ ਕਿ ਰਬ ਕੋਈ ਚਮਤਕਾਰ ਕਰ ਦੇਵੇ ਜਾਂ ਉਸਦੇ
ਪੁੱਤਰਾਂ ਨੂੰ ਹੀ ਸੁਮੱਤ ਬਖ਼ਸ਼ ਦੇਵੇ ਕਿ ਉਹ ਆਪਣੀ ਬਾਪ ਰੂਪੀ ਅਮਾਨਤ ਸਾਂਭ ਲੈਣ!
ਇਹ ਲੇਖ ਲਿਖਣ ਦਾ ਇਕ ਹੋਰ ਕਾਰਣ ਵੀ ਸੀ।
ਅੱਜਕਲ ਵਧਦੇ ਜਾਂਦੇ ਬਲਾਤਕਾਰ ਦੇ ਕੇਸਾਂ ਸਦਕਾ ਹਰ ਮਰਦ ਉੱਤੇ ਹੀ ਸ਼ੱਕ ਦੀ ਸੂਈ
ਟਿਕ ਰਹੀ ਹੈ। ਜੇ ਇਕ ਪਾਸੇ ਔਰਤ ਨੂੰ ਜਨਮਦਾਤੀ ਤੇ ਦੇਵੀ ਦਾ ਰੂਪ ਮੰਨਿਆ ਜਾਂਦਾ ਹੈ
ਤਾਂ ਮਰਦ ਵਿਚਲਾ ਵੀ ਰਖਵਾਲਾ ਅਤੇ ਦੇਵਤਾ ਵਾਲਾ ਰੂਪ ਭੁੱਲਣਾ ਨਹੀਂ ਚਾਹੀਦਾ। ਹਰ
ਮਰਦ ਬਲਾਤਕਾਰੀ ਨਹੀਂ ਤੇ ਇਹ ਵੱਖਰਾ ਰੂਪ ਮੈਂ ਪਾਠਕਾਂ ਸਾਹਮਣੇ ਇਸ ਲਈ ਧਰਿਆ ਹੈ
ਤਾਂ ਜੋ ਇਕ ਦੂਜੇ ਪ੍ਰਤੀ ਅਜਿਹੀ ਨਿੱਘੀ ਜਿਹੀ ਭਾਵਨਾ ਰਿਸ਼ਤੇ ਦੀ ਸ਼ੁਰੂਆਤ ਵਿਚ ਹੀ
ਪਨਪ ਸਕੇ ਤਾਂ ਆਪੋ ਆਪਣੇ ਘਰਾਂ ਅੰਦਰ ਪਲ ਰਹੇ ਬੱਚੇ ਵੀ ਮਾਪਿਆਂ ਪ੍ਰਤੀ ਤੇ ਆਪਣੀ
ਜੀਵਨ ਸਾਥੀ ਪ੍ਰਤੀ ਸੁਹਿਰਦ ਹੋਣਗੇ। ਇਸਤਰਾਂ ਸਮਾਜ ਵਿਚ ਆਪੇ ਹੀ ਹੌਲੀ ਹੌਲੀ ਸੁਧਾਰ
ਹੋ ਜਾਣਾ ਹੋਇਆ।
ਜਿਨਾਂ ਬਜ਼ੁਰਗਾਂ ਦੀ ਮੈਂ ਗੱਲ ਸਭ ਨਾਲ ਸਾਂਝੀ ਕੀਤੀ ਹੈ, ਉਨਾਂ ਦੇ ਬੱਚੇ ਕਿਉਂ
ਮਾਪਿਆਂ ਨੂੰ ਸੁੱਟ ਕੇ ਪਰਾਂ ਚਲੇ ਗਏ, ਇਸ ਬਾਰੇ ਮੈਂ ਉਨਾਂ ਨੂੰ ਕਦੇ ਪੁੱਛਿਆ ਨਹੀਂ
ਤੇ ਨਾ ਹੀ ਉਨਾਂ ਦੱਸਿਆ। ਸ਼ਾਇਦ ਪਹਿਲਾਂ ਦਾ ਮਾਹੌਲ ਉਨਾਂ ਦੇ ਘਰ ਵਿਚ ਕੁੱਝ ਵੱਖਰਾ
ਰਿਹਾ ਹੋਵੇ, ਜਾਂ ਫੇਰ ਆਲੇ ਦੁਆਲੇ ਦਾ ਅਸਰ ਵੱਧ ਪੈ ਗਿਆ ਹੋਵੇ!
ਗੱਲ ਤਾਂ ਏਥੇ ਮੁੱਕਦੀ ਹੈ ਕਿ ਜਿਸ ਦਿਨ ਅਸੀਂ ਚੰਗੇ ਲੋਕਾਂ ਦੀ ਖੋਜ ਕਰਨੀ ਛੱਡ
ਕੇ ਆਪ ਚੰਗੇ ਬਣ ਜਾਵਾਂਗੇ ਤਾਂ ਜਿੱਥੇ ਕਿਸੇ ਹੋਰ ਦੀ ਖੋਜ ਵੀ ਪੂਰੀ ਕਰ ਦੇਵਾਂਗੇ
ਉੱਥੇ ਚੁਫੇਰੇ ਚੰਗੇ ਲੋਕ ਦਿੱਸਣ ਲੱਗ ਪੈਣਗੇ! ਜਾਂਦੇ ਜਾਂਦੇ, ਵੇਖਿਓ, ਕਿਤੇ ਉਸ
ਸੱਜਣ ਲਈ ਅਰਦਾਸ ਕਰਨੀ ਨਾ ਭੁੱਲ ਜਾਇਓ! ਸ਼ਾਇਦ ਤੁਹਾਡੀ ਅਰਦਾਸ ਹੀ ਅਸਰ ਵਿਖਾ ਦੇਵੇ!
ਆਮੀਨ!!
ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783 |