|
ਕੀ ਦਸਾਂ ਤੈਨੂੰ ਕੱਲ ਦੀਏ ਜੰਮੀਏ ! |
ਜਿਉਂ
ਜਿਉਂ ਠੰਡ ਪਸੱਰ ਰਹੀ ਹੈ, ਪੰਜਾਬ ਦੀ ਧਰਤੀ ਤੇ ਨਵੀਂ ਉੱਗੀ ਕਣਕ ਦੀ ਖੁਸ਼ਬੂ
ਫੈਲ ਰਹੀ ਹੈ। ਪਹਿਲੇ ਪਾਣੀ ਤੋਂ ਹਾਲੇ ਹਫਤਾ ਦੂਰ ਇਹ ਉੱਗਦੀਆਂ ਕਣਕ ਦੀਆਂ
ਲੂਈਆਂ, ਵਾਤਾਵਰਣ ਨੂੰ ਨਸ਼ਿਆਈ ਜਾਂਦੀਆਂ ਹਨ। ਇਹਨਾਂ ਦੀਆਂ ਨਰਮ ਪੱਤੀਆਂ,
ਚੜ੍ਹਦੇ ਸੂਰਜ ਦੀ ਰੋਸ਼ਨੀ ਵਿਚ ਖਿੜ ਉੱਠਦੀਆਂ ਹਨ ਤੇ ਲੰਮੇ ਲੰਮੇ ਪ੍ਰਛਾਂਵੇਂ
ਸੁਹਾਗੇ ਖੇਤ ਤੇ ਖੂਬਸੂਰਤ ਨਜ਼ਾਰੇ ਪੇਸ਼ ਕਰਦੀਆਂ ਹਨ। ਨਵੰਬਰ ਦੇ ਤੀਜੇ ਹਫਤੇ
ਤਕ ਬੀਜਾਈ ਲਗਭਗ ਖਤਮ ਹੋ ਚੁੱਕੀ ਹੈ, ਸਿਰਫ ਬਾਸਮਤੀ ਵਾਲੇ ਖੇਤ ਤੇ ਲੇਟ ਲਤੀਫ
ਹੀ ਪਿਛੇ ਰਹਿ ਗਏ ਹਨ। ਪੰਜਾਬ ਵਿਚ ਗਿਦੜਬਾਹਾ ਤੇ ਕੋਟਕਪੂਰਾ ਬੀਜ ਦੀਆਂ
ਵੱਡੀਆਂ ਮੰਡੀਆਂ ਹਨ, ਲੁਧਿਆਣਾ ਬਾਅਦ ਵਿਚ ਆਉਂਦਾ ਹੈ। ਵੱਖ ਵੱਖ ਬੀਜ
ਵਿਕਰੇਤਾਵਾਂ ਤੋਂ ਲਏ ਅਨੁਮਾਨ ਅਨੁਸਾਰ ਇਸ ਵਾਰ ਕਰਨਾਲ ਦੀ ਡੀਬੀਡਬਲਯੂ–17 ਸਭ
ਤੋਂ ਵੱਧ ਬੀਜੀ ਗਈ ਹੈ। ਪਿਛਲੀ ਵਾਰੀ 343 ਤੇ 502 ਨੂੰ ਬਰਾਊਨ ਰਸਟ ਲਗੱਣ
ਕਰਕੇ ਇਹਨਾਂ ਦੀ ਮੰਗ ਘੱਟ ਹੋਈ ਹੈ, ਪਰ 550 ਦੀ ਕਾਫੀ ਮੰਗ ਰਹੀ ਹੈ। ਦਿਲੀ
ਵਾਲੀਆਂ ਕਿਸਮਾਂ ਨੇ ਵੀ ਇਸ ਵਾਰ ਘੱਟੋ ਘੱਟ 7–10 ਪ੍ਰਤੀਸ਼ਤ ਰਕਬਾ ਲੈ ਜਾਣਾ
ਹੈ। ਸਰਕਾਰ ਵਲੋਂ ਮਿਲੀ 500 ਰੁਪਏ ਪ੍ਰਤੀ ਕੁਵਿੰਟਲ ਦੀ ਸਬਸਿਡੀ 5 ਕੁ ਲੱਖ
ਕੁਵਿੰਟਲ ਬੀਜ ਵੇਚਣ ਵਿਚ ਸਹਾਈ ਹੋਈ। ਕਾਸ਼ ਇਹ ਸਕੀਮ ਹਰ ਕਿਸਮ ਦੇ ਬੀਜ ਤੇ
ਲਾਗੂ ਹੁੰਦੀ, ਤਾਂ ਪੰਜਾਬ ਵਿਚ ਬੀਜ ਦੀ ਕੁੱਲ ਖਪਤ ਅਤੇ ਕਿਸਮਾਂ ਦਾ ਪੂਰਾ
ਵੇਰਵਾ ਇਕੱਠਾ ਹੋ ਜਾਣਾ ਸੀ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਪਲਾਨਿੰਗ ਕਰਨ
ਵਿਚ ਬਹੁਤ ਫਾਇਦਾ ਹੋਣਾ ਸੀ, ਅਤੇ ਇਸ ਤਰ੍ਹਾਂ ਨਕਲੀ ਬੀਜ ਤੋਂ ਵੀ ਬਚਾਅ ਹੋ
ਜਾਣਾ ਸੀ। ਚਲੋ ਹਾਲੇ ਵੀ ਸਮਾਂ ਹੈ ਕੇ ਦਿਵਾਲੀ ਦੀ ਨਕਲੀ ਮਠਿਆਈ ਵਿਰੁਧ ਚਲਾਈ
ਮੁਹਿੰਮ ਵਾਗ, ਹੁਣੇ ਹੀ ਨਕਲੀ ਦਵਾਈਆਂ ਦੇ ਭੰਡਾਰ ਲੱਭ ਕੇ ਨਸ਼ਟ ਕਰ ਦਿੱਤੇ
ਜਾਣ। |
ਕਿਹੜੇ ਪਿੰਡ ਦੀ ਤੂੰ ! |
ਜ਼ਿੰਦਗੀ
ਦਾ ਸਫਰ ਜਨਮ ਤੋਂ ਸ਼ੁਰੂ ਹੋ ਕਿ ਆਖਰੀ ਸਾਹ ਤੱਕ ਚੱਲਦਾ ਹੈ। ਇਸ ਸੰਘਰਸ਼ਮਈ ਸਫਰ
ਵਿੱਚ ਦੋਰਾਹੇ ਤਾਂ ਆਉਂਦੇ ਹੀ ਹਨ। ਕਦੇ ਕਦੇ ਚੌਰਾਹੇ ਵੀ ਆ ਜਾਂਦੇ ਹਨ।
ਇੰਗਲੈਂਡ ਦੇ ਇਸ ਨਿੱਕੇ ਜਿਹੇ ਪਿੰਡ ਵਾਂਗ ਚੋਰਾਹੇ ਤੇ ਚੋਰਾਹਾ ਵੀ ਆ ਜਾਂਦਾ
ਹੈ। ਅਜਿਹਾ ਅੱਠਰਾਹਾ ਵੱਡੀ ਉਲਝਣ ਖੜੀ ਕਰ ਦਿੰਦਾ ਹੈ। ਇੱਕ ਵਾਰ ਖੁੰਝਿਆ
ਮਨੁੱਖ ਜ਼ਿੰਦਗੀ ਦੇ ਕਈ ਸੁਨਹਿਰੇ ਸਾਲ ਗਵਾ ਲੈਂਦਾ ਹੈ। ਕਦੇ ਕਦੇ ਤਾਂ ਜ਼ਿੰਦਗੀ
ਦੀ ਗੱਡੀ ਹੀ ਲੀਹੋਂ ਲਹਿ ਜਾਂਦੀ ਹੈ ਅਤੇ ਮੁੜ ਪਟੜੀ ਤੇ ਨਹੀਂ ਪੈਂਦੀ। ਆਪਣੇ
ਦੇਸ਼ ਵਿਚ ਆਰਥਿਕ ਤੰਗੀ, ਵਿਦੇਸ਼ਾਂ ਵਿਚ ਪੁੱਤਾਂਧੀਆਂ ਦੇ ਕਪੁੱਤ ਹੋਣ ਦਾ ਖਤਰਾ,
ਬਜ਼ੁਰਗਾਂ ਦੇ ਰੁੱਲਣ ਦੀ ਪ੍ਰੇਸ਼ਾਨੀ, ਬੰਦਾ ਕਿੱਧਰ ਨੂੰ ਜਾਵੇ? ਦੇਸ਼ ਵਸੇ ਜਾਂ
ਪ੍ਰਦੇਸ ਵਸੇ, ਇਸ ਜ਼ਿੰਦਗੀ ਦੀਆਂ ਵੱਡੀਆਂ ਵੱਡੀਆਂ ਜੁੰਮੇਵਾਰੀਆਂ ਅਤੇ ਫਰਜ਼ਾਂ
ਨੂੰ ਸੁਚੱਜੇ ਤਰੀਕੇ ਕਿਵੇਂ ਨਿਭਾਵੇ। ਦੇਸ਼ ਤਾਂ ਸਾਡੇ ਚੋਰਾਹੇ ਹੀ ਜ਼ਿਆਦਾ ਹਨ
ਪਰ ਵਿਦੇਸ਼ਾਂ ਵਿੱਚ ਅੱਠਰਾਹੇ ਆ ਜਾਂਦੇ ਹਨ। ਇਸ ਲਈ ਹਰ ਫੈਸਲਾ ਸ਼ਾਂਤੀ ਨਾਲ ਬੈਠ
ਕਿ ਠੰਡਾ ਪਾਣੀ ਪੀ ਕੇ ਅਤੇ ਕਿਸੇ ਸਿਆਣੇ ਦੀ ਸਲਾਹ ਨਾਲ ਹੋਵੇ ਤਾਂ ਕਿਸੇ ਇਕ
ਰਾਹੇ ਪੈਣ ਦੀ ਗੱਲ ਹੋ ਸਕਦੀ ਹੈ।
|
ਅੰਤਾਂ ਵਿਹੂਣਾ ਯੁੱਗ |
ਸਮੇਂ ਦੀ ਮਾਰ ਤੋਂ ਬੱਚ ਕੇ ਰਹਿਣਾ, ਹਰੇਕ ਦੇ ਵੱਸ ਦਾ ਰੋਗ ਨਹੀਂ। ਸਮੇਂ ਨੇ
ਦੇਰ ਸਵੇਰ ਹਰ ਸ਼ੈਅ ਨੂੰ ਆਪਣੀ ਚਪੇਟ ਵਿਚ ਲੈ ਹੀ ਲੈਣਾ ਹੁੰਦਾ ਹੈ। ਸਮਾਂ ਤੇ
ਬਦਲਾਓ, ਚਾਚੇ ਤਾਏ ਦੇ ਹੀ ਪੁੱਤ ਹੁੰਦੇ ਹਨ। ਜਿਸਦਾ ਜ਼ੋਰ ਚਲੇ, ਦੁਨੀਆ ਨੂੰ
ਚਿੱਤ ਕਰਕੇ ਰੱਖ ਦੇਂਦਾ ਹੈ। ਇਸ ਗਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅੱਗੇ ਕੌਣ
ਹੈ। ਵੱਡੀ ਇੱਟ ਛੋਟੀ ਨੂੰ ਨਿੱਗਲ ਜਾਂਦੀ ਹੈ, ਵੱਡਾ ਲੀਡਰ, ਛੋਟੇ ਲੀਡਰ ਨੂੰ
ਨੱਪੀ ਰੱਖਦਾ ਹੈ। ਪੈਸੇ ਵਾਲਾ, ਕਾਮੇ ਨੂੰ ਭਰਮਾਈ ਜਾਂਦਾ ਹੈ। ਆਦਿ ਆਦਿ..,
ਭਾਂਵੇ ਇਸ ਸਾਰੇ ਵਰਤਾਰੇ ਦੀ ਲੋੜ ਕਦੇ ਵੀ ਨਹੀਂ ਹੁੰਦੀ, ਪਰ ਮਨੁੱਖ ਦੀ ਆਪਣੇ
ਆਪ ਤੇ ਯਕੀਨ ਦੀ ਅਣਹੋਂਦ ਅਤੇ ਅਨੈਤਿਕ ਭੁੱਖ ਉਸਤੋਂ ਹੀ ਆਪਣੇ ਵਿਰਸੇ ਅਤੇ
ਸੁੱਚੀ ਸੋਚ ਦਾ ਘਾਣ ਕਰਵਾਈ ਜਾ ਰਹੀ ਹੈ। ਇਸ ਸਿਲਸਿਲੇ ਨੂੰ ਹਾਲੇ ਠੱਲ ਪੈਣੀ
ਦੂਰ ਲੱਗ ਰਹੀ ਹੈ, ਕਿਉਂਕਿ ਇਸ ਵੇਲੇ ਘੋਰ ਪਾਪ ਦਾ ਦੌਰ ਚਲ ਰਿਹਾ ਤੇ ਹਾਲੇ
ਇਸਦੀ ਬੇੜੀ ਇਤਨੀ ਵੀ ਨਹੀਂ ਭਰੀ ਕਿ ਡੁੱਬ ਜਾਵੇ, ਪਰ ਫੇਰ ਵੀ ਆਸ ਨਾਲ ਜਹਾਨ
ਹੈ ਤੇ ਆਸਵੰਦ ਹੋਣਾ ਵੀ ਮਨੁੱਖੀ ਸੁਭਾਅ ਦਾ ਹਿੱਸਾ ਹੈ। |
ਇਹ ਮਹਿਕ ਕਿਥੋਂ ਆਈ ਏ! |
ਜੋ
ਮੇਰੇ ਵਰਗੇ ਘੁਮੱਕੜ ਹਨ ਤੇ ਆਪ ਤੁਰ ਫਿਰ ਕਿ ਨਵੇਂ ਜਾਂ ਬਿਲਕੁਲ ਨਵੇਂ ਲੋਕਾਂ
ਨੁੰ ਮਿਲਦੇ ਹਨ, ਅਕਸਰ ਹੀ ਨਿੱਤ ਨਵੀਆਂ ਸਿਆਣਪਾਂ ਖੱਟਦੇ ਹਨ। ਆਪਣੀ ਧਰਤੀ ਦੇ
ਆਪਣੇ ਲੋਕਾਂ ਨੂੰ ਮਿਲਦਿਆਂ ਕਈ ਵਾਰੀ ਇਸ ਕਰਕੇ ਖੁਸ਼ੀ ਹੁੰਦੀ ਹੈ ਕਿ ਉਹਨਾਂ
ਨਾਲ ਕੋਈ ਪੁਰਾਣੀ ਸਾਂਝ ਨਿਕਲ ਆਉਂਦੀ ਹੈ। ਕਿਸੇ ਨਾਲ ਪਿੰਡ ਮਿਲਦਾ ਹੈ ਤੇ
ਕਿਸੇ ਨਾਲ ਦੂਰ ਦੀ ਰਿਸ਼ਤੇਦਾਰੀ, ਗੋਤਾਂ ਦਾ ਮਿਲਣਾ ਤਾਂ ਆਮ ਜਿਹੀ ਗੱਲ ਹੋ ਗਈ
ਹੈ। ਕਨੇਡਾ ਦੇ ਸ਼ਹਿਰ ਹੈਮਿਲਟਨ ਵਿੱਚ ਇੱਕ ਜੰਗਲ ਦੀ ਸੈਰ ਕਰਦੇ ਅਚਾਨਕ ਹੀ
ਤੂਤ ਦਿਸ ਪਏ। ਪੱਕੇ ਹੋਏ ਲਾਖੇ ਰੰਗ ਦੇ ਬੜੇ ਹੀ ਸੁਆਦ ਲੱਗੇ ਜਦੋਂ ਮੈਂ ਇਹ
ਗੱਲ ਉਥੇ ਰਹਿੰਦੇ ਦੋਸਤਾਂ ਨੂੰ ਦੱਸੀ ਤਾਂ ਉਹ ਹੈਰਾਨ ਸਨ ਕਿ ਰੋਜ਼ੀ ਰੋਟੀ
ਵਿੱਚ ਫਸੇ 20-30 ਸਾਲਾਂ ਤੋਂ ਰਹਿੰਦੇ ਹੋਏ ਉਹਨਾਂ ਨੂੰ ਕਿਉਂ ਨਾ ਦਿਸੇ। ਮੇਰੀ
ਇਸ ਗੱਲ ਨੇ ਚੇਤਨਾ ਪੈਦਾ ਕੀਤੀ ਤਾਂ ਇੱਕ ਦੋਸਤ ਦੇ ਘਰੇ ਦੇ ਪਿਛਵਾੜੇ ਵਿੱਚ ਵੀ
ਬੇਰਾਂ ਜਿੱਡੇ ਤੂਤ ਮਿਲੇ। ਹਾਲੇ ਇਹਨਾਂ ਦੀ ਮਹਿਕ ਮੱਠੀ ਪਈ ਨਹੀਂ ਸੀ ਕਿ ਵਲੈਤ
ਦੇ ਇਕ ਬਾਗ ਵਿੱਚ ਇਹਨਾਂ ਰਸੀਲੇ ਤੂਤਾਂ ਇੱਕ ਹੋਰ ਦਰਖ਼ਤ ਮਿਲ ਗਿਆ। ਅਸੀਂ ਚਾਰ
ਸੀ, ਤਿੰਨ ਵਲੈਤੀਏ ਤੇ ਇੱਕ ਮੈਂ ਦੇਸੀ। ਮਸੀਂ ਛੁੱਟ ਕੇ ਆਏ ਇਸ ਪੰਜਾਬ ਵਰਗੀ
ਮਹਿਕ ਤੋਂ। ਸਾਡੇ ਲਾਲ ਹੱਥ ਪੂਰਾ ਦਿਨ ਗਵਾਹੀ ਭਰਦੇ ਰਹੇ। |
ਭੁੱਖ ਨਾ ਜਾਣੇ, ਰੰਗ ਜਾਂ ਜ਼ਾਤ |
ਪਸ਼ੂ,
ਪੰਛੀ, ਮਨੁੱਖ ਮੁੱਢਲੇ ਤੌਰ ਭੁੱਖ ਦੇ ਮੁਥਾਜ ਹਨ। ਪੇਟ ਦੀ ਅੱਗ ਬਝਾਉਣ ਖਾਤਰ
ਉਹ ਨਦੀਓ ਨਦੀ, ਪਰਬਤੋ ਪਰਬਤ ਭਰਮਣ ਕਰਦਾ ਫਿਰ ਰਿਹਾ ਹੈ। ਮਿਹਨਤ ਕਰਕੇ ਪਹਿਲੋਂ
ਦਾਣਾ ਭਾਲਣਾ, ਪਾਲਣਾ ਤੇ ਖਾਂਦਾ ਹੈ। ਇੰਝ ਇਹ ਸਿਲਸਲਾ ਸਦੀਆਂ ਤੋਂ ਚਲਿਆ ਆ
ਰਿਹਾ ਹੈ। ਪਰ ਕਿਸੇ ਦਾ ਕਮਾਇਆ ਜਾਂ ਲਭਿਆ ਦਾਣਾ ਖੋਹ ਕਿ ਖਾਣ ਦੀ ਆਦਤ ਵੀ
ਬਹੁਤ ਪੁਰਾਣੀ ਹੈ। ਮਨੁੱਖ ਨੇ ਤਾਂ ਆਪਣੀ ਏਸ ਆਦਤ ਨੂੰ ਲੁਕਵੇਂ ਢੰਗ ਨਾਲ ਵਰਤਣ
ਦੀ ਵੀ ਜਾਂਚ ਸਿੱਖ ਲਈ ਹੈ, ਪਰ ਪਸ਼ੂ ਪੰਛੀ ਹਾਲੇ ਇਹਨਾਂ ਚਲਾਕੀਆਂ ਨੂੰ ਕਰਨ
ਤੋਂ ਕੋਰੇ ਹਨ। ਉਹ ਤਾਂ ਦਾਣਾ ਦੇਖਦੇ ਹੀ ਆਪਣੇ ਜ਼ੋਰ ਤੇ ਖੋਹ ਖਿੱਚ ਲੈਣਾ ਹੀ
ਜਾਣਦੇ ਹਨ। ਮਨੁੱਖ ਵਾਂਗ ਉਹ ਵੀ ਇਸ ਮਾਮਲੇ ਵਿੱਚ ਕੋਈ ਭੇਦ ਭਾਵ ਨਹੀਂ ਕਰਦੇ,
ਨਾਂ ਦੂਸਰੀ ਜਾਤ ਦੇਖਦੇ ਹਨ, ਨਾ ਦੂਸਰੇ ਦਾ ਰੰਗ ਦੇਖਦੇ ਹਨ। ਸਿਰਫ ਤੇ ਸਿਰਫ
ਉਹਨਾਂ ਦਾ ਨਿਸ਼ਾਨਾ ਦਾਣਾ ਖੋਹਣਾ ਹੁੰਦਾ ਹੈ। ਕੁਦਰਤ ਵਲੋਂ ਸੀਮਤ ਸੋਚ ਵਾਲੇ
ਪੰਛੀ ਤਾਂ ਮਾਫ ਕੀਤੇ ਜਾ ਸਕਦੇ ਹਨ, ਪਰ ਅਸੀਮਤ ਸੋਚ ਤੇ ਸਾਧਨਾ ਵਾਲਾ ਮਨੁੱਖ
ਇਹ ਕਾਰਾ ਕਰਨੋ ਕਿਉਂ ਨਹੀਂ ਹੱਟਦਾ, ਇਹ ਹਾਲੇ ਮੈਂ ਸਮਝਣਾ ਹੈ। |
ਤਾਂਗਾ ਪਾਰਟੀ ਦੇ ਸਵਾਰ |
ਜਦੋਂ
ਵੀ ਚੋਣਾਂ ਦਾ ਮੌਸਮ ਹੋਵੇ ਤਾਂ ਦੇਸ਼ ਦੀ ਹਰ ਪਾਰਟੀ ਜਿੱਤਣ ਲਈ ਆਪਣੇ ਉਮੀਦਵਾਰ
ਮੈਦਾਨ ਵਿਚ ਨਿਤਾਰਦੀ ਹੈ। ਹਰ ਛੋਟੀਵੱਡੀ ਪਾਰਟੀ, ਮਹਿੰਗੇ ਸਸਤੇ ਸੌਦੇ ਕਰਕੇ
ਉਮੀਦਵਾਰ ਖੜ੍ਹੇ ਕਰਨ ਤੋਂ ਲੈਕੇ, ਚੋਣ ਜਿੱਤਣ ਤੱਕ ਕਈ ਉਪਰਾਲੇ ਕਰਦੀ ਹੈ।
ਝੂਠਸੱਚ ਦਾ ਫਰਕ ਮਿਟਾ ਦਿੱਤਾ ਜਾਂਦਾ ਹੈ। ਬਸ ਇਹੋ ਸਮਝਿਆ ਜਾਂਦਾ ਹੈ ਕਿ ਲੋਕਾਂ
ਨੂੰ ਅਸੀਂ ਆਪਣੇ ਮਗਰ ਲਾ ਲਿਆ ਹੈ। ਕਈ ਪਾਰਟੀਆਂ ਨੂੰ ਸਿਰਫ ਆਪਣੀ ਹੋਂਦ ਬਚਾਉਣ
ਖਾਤਰ ਹੀ ਕੁਝ ਨਾ ਕੁਝ ਕਰਨਾ ਪੈਂਦਾ ਹੈ। ਜਾਂ ਪੈਸਾ ਧੇਲਾ ਖਰਚਦੀਆਂ ਹਨ ਜਾਂ
ਫੇਰ ਕਮਾਈ ਦਾ ਸਾਧਨ ਬਣਾਉਂਦੀਆਂ ਹਨ, ਗੱਲ ਇੱਕੋ ਹੀ ਹੈ। ਪਰ ਇਕ ਐਸੀ ਵੀ ਪਾਰਟੀ
ਹੈ ਜਿਸਦਾ ਕੋਈ ਪ੍ਰਧਾਨ ਨਹੀਂ, ਕੋਈ ਲਿਖਤੀ ਵਿਧਾਨ ਨਹੀਂ, ਕੋਈ ਪੱਕਾ ਮੈਂਬਰ
ਨਹੀਂ, ਕੋਈ ਫੰਡ ਨਹੀਂ, ਕੋਈ ਫੁੱਟ ਨਹੀਂ, ਇਸ ਪਾਰਟੀ ਨੂੰ ਚੋਣਾਂ ਦੇ ਦਿਨਾਂ
ਵਿਚ ਸਭ ਤੋਂ ਵੱਧ ਮਸ਼ਹੂਰੀ ਮਿਲਦੀ ਹੈ। ਇਸਦੇ ਮੈਂਬਰ ਹਰ ਪਾਰਟੀ ਵਿਚ ਹੁੰਦੇ ਹਨ।
ਤੇ ਹਰ ਇਕ ਦੇ ਨਾਲ ਸੈਂਕੜੇ ਸਮਰਥਕ। ਇਹਨਾਂ ਦਾ ਇੱਕੋ ਕੰਮ ਹੇ। ਚੋਣਾਂ ਦੌਰਾਨ
ਇਕ ਪਾਰਟੀ 'ਚੋਂ ਦੂਜੀ ਪਾਰਟੀ ਵਿਚ ਜਾਣਾ। ਖਬਰਾਂ ਤੇ ਫੋਟੋ ਛਪਵਾਉਣੀ ਕਿ ਫਲਾਨਾ,
ਫਲਾਨੀ ਪਾਰਟੀ ਵਿਚ ਸ਼ਾਮਲ, ਫਲਾਨੀ ਪਾਰਟੀ ਨੂੰ ਵੱਡਾ ਝਟਕਾ, ਆਦਿ ਆਦਿ, ਅਸੀਂ
ਇਹਨਾਂ ਦਾ ਨਾਮ ਟਾਂਗਾ ਪਾਰਟੀ ਰੱਖਿਆ ਹੋਇਆ ਹੈ। ਇਹ ਮੌਸਮੀ ਬਟੇਰ ਇਕ ਤਾਂਗੇ
ਦੀਆਂ ਸਵਾਰੀਆਂ ਤੋਂ ਵੱਧ ਨਹੀਂ ਹੁੰਦੇ। ਇਹ ਸਿਰਫ ਤੇ ਸਿਰਫ ਰਾਜਨੀਤਕ ਰੋਚਿਕਤਾ
ਲਈ ਹੀ ਸਮੇਂ ਸਮੇਂ ਤੇ ਖੁੰਬਾਂ ਵਾਂਗੂੰ ਥਾਂਕੁਥਾਂ ਉੱਗਦੀਆਂ ਰਹਿੰਦੇ ਹਨ। ਅਸੀਂ
ਤਾਂ ਇਹੋ ਅਰਦਾਸ ਕਰਦੇ ਹਾਂ ਕਿ ਇਹ ਤਾਂਗਾਂ ਪਾਰਟੀਆਂ ਸਾਡਾ ਮੰਨੋਰੰਜਨ ਕਰਦੀਆਂ
ਰਹਿਣ। |
ਵਿਸਾਖੀ ਦੀ ਭੰਬੀਰੀ |
ਹਰ
ਸਾਲ ਵਿਸਾਖੀ ਆਉਂਦੀ ਹੈ। ਪਹਿਲੋਂ ਇਹ 13 ਅਪ੍ਰੈਲ ਨੂੰ ਆਉਂਦੀ ਸੀ, ਹੁਣ
ਇਸਦੀਆਂ ਤਰੀਕਾਂ ਵਿਚ ਫਰਕ ਪਾ ਦਿੱਤਾ ਗਿਆ। ਵੈਸੇ ਤਾਂ ਸਾਡੇ ਪੰਜਾਬੀਆਂ ਦੇ
ਸਾਰੇ ਹੀ ਦਿਨ ਦਿਹਾੜਿਆਂ ਵਾਰੇ ਭੰਬਲਭੂਸਾ ਪੈ ਗਿਆ ਹੈ। ਲੋਹੜੀ, ਦਿਵਾਲੀ ਆਦਿ
ਦੇ ਵੀ, ਪਰ ਫੇਰ ਵੀ ਲੋਕਾਂ ਨੇ ਹਾਲੇ ਇਹ ਤਿਉਹਾਰ ਮਨਾਉਣੇ ਨਹੀਂ ਛੱਡੇ। ਪੇਂਡੂ
ਲੋਕ ਤਾਂ ਆਪੋ ਆਪਣੇ ਕੰਮਾਂ ਵਿਚ ਰੁੱਝੇ ਹੀ ਹੋਏ ਹਨ। ਸ਼ਹਿਰ ਲੋਕ ਵੀ ਬੈਂਕ ਬੰਦ
ਦੇਖ ਕਿ ਹੀ ਛੁੱਟੀ ਬਾਰੇ ਜਾਨਣ ਲੱਗਦੇ ਹਨ। ਅਖਬਾਰਾਂ ਵਿਚ ਵਿਸਾਖੀ, ਦਿਵਾਲੀ,
ਲੋਹੜੀ ਆਦਿ ਦੀਆਂ ਨਕਲੀ ਫੋਟੋਆਂ ਛਪਦੀਆਂ ਹਨ। ਉਹ ਲੋਕ ਜਿਨ੍ਹਾਂ ਦਾ ਇੰਨ੍ਹਾਂ
ਨਾਲ ਕੋਈ ਵਾਹ ਵਾਸਤਾ ਨਹੀਂ, ਰੰਗ ਬਿਰੰਗੇ ਕੱਪੜੇ ਪਾਕੇ ਖੇਤਾਂ ਵਿਚ ਜਾ ਖੜਦੇ
ਹਨ ਤੇ ਸਵੇਰੇ, ਇਸ ਨਕਲੀ ਡਰਿੱਲ ਤੋਂ ਨਕਲੀ ਖੁਸ਼ੀ ਹਾਸਲ ਕਰਦੇ ਹਨ। ਸਾਡੇ
ਵਿਦਿਅਕ ਅਦਾਰੇ ਵੀ ਸੱਚ ਤੋਂ ਕੋਹਾਂ ਦੂਰ ਹੁੰਦੇ ਜਾ ਰਹੇ ਹਨ। ਲੱਗਦਾ ਹੈ ਇਸ
ਵੇਲੇ ਸਮੇਂ ਨੇ ਮਨੁੱਖ ਨੂੰ ਭੰਬੀਰੀ ਬਣਾ ਦਿੱਤਾ ਹੈ। ਉਸ ਨੂੰ ਸਮਝ ਹੀ ਨਹੀਂ
ਲੱਗਦੀ ਕਿ ਉਹ ਕਿਹੜੀ ਬੇਗਾਨੀ ਹਵਾ ਨਾਲ ਘੁੰਮ ਰਿਹਾ ਹੈ ਤੇ ਫੇਰ ਇਹੋ ਜਿਹੇ
ਮਾਹੌਲ ਵਿਚ ਜੇ ਵਿਸਾਖੀ ਦੀ ਵੀ ਭੰਬੀਰੀ ਬਣ ਜਾਵੇ ਤਾਂ ਕੋਈ ਅਲੋਕਾਰੀ ਗੱਲ
ਨਹੀਂ ਹੈ।
|
ਕਾਵਾਂ ਰੌਲੀ ਦਾ ਯੁੱਗ |
ਸਤਿਯੁੱਗ
ਤੇ ਕਲਯੁੱਗ ਆਪਸ ਵਿਚ ਇਕਦਮ ਸਮਾਂ ਨਹੀਂ ਬਦਲ ਲੈਂਦੇ।
ਇਹਨਾਂ ਦੇ ਵਿਚ ਵਿਚਾਲੇ ਕਈ ਹੋਰ ਯੁੱਗ ਵੀ ਜਨਮ ਲੈਂਦੇ ਰਹਿੰਦੇ ਹਨ।
ਸਿਆਣੇ ਤਾਂ ਇਹ ਵੀ ਕਹਿੰਦੇ ਹਨ ਕਿ ਹਰ ਯੁੱਗ ਹਰ ਸਮੇਂ ਹੀ ਚਲਦਾ ਰਹਿੰਦਾ ਹੈ।
ਇਹ
ਇਸ ਤੇ ਨਿਰਭਰ ਕਰਦਾ ਹੈ ਕਿ ਸਾਡੀ ਮਾਨਸਿਕ ਤੇ ਸਮਾਜਿਕ ਸਥਿਤੀ ਕੀ ਹੈ।
ਜੇਕਰ ਸਾਡੇ ਚੇਤਨ ਮਨ ਦੀ ਅਵਸਥਾ ਸੱਚ ਦੇ ਨੇੜੇ ਹੈ ਤਾਂ ਸਾਨੂੰ ਆਪਣੇ ਆਲੇ
ਦੁਆਲੇ ਕਲਯੁੱਗ ਪਸਰਿਆ ਹੋਇਆ ਮਿਲੇਗਾ ਤੇ ਜੇਕਰ ਅਸੀਂ ਸੁੱਤੇ ਮਨ ਦੀ ਅਵਸਥਾ
ਵਿਚ ਹਾਂ ਤਾਂ ਸਾਨੂੰ ਚਾਰੇ ਪਾਸੇ ਸਤਿਯੁੱਗ ਹੀ ਨਜ਼ਰ ਆਵੇਗਾ।
ਪਰ
ਜੋ ਲੋਕ ਨਾ ਸੁੱਤੇ ਹਨ ਨਾ ਚੇਤਨ ਹਨ ਉਨ੍ਹਾਂ ਦੀ ਇੱਕ ਅਜੀਬ ਸਥਿਤੀ ਹੈ।
ਉਨ੍ਹਾਂ ਨੂੰ ਹਰ ਪਾਸੇ ਕਾਂਵਾਂ ਰੌਲੀ ਦਾ ਯੁੱਗ ਹੀ ਨਜ਼ਰ ਆਵੇਗਾ।
ਕੋਈ
ਲੋੜ ਤੋਂ ਵੱਧ ਰੋਟੀਆਂ ਕੱਠੀਆਂ ਕਰੀ ਜਾਂਦਾ ਹੈ।
ਕੋਈ
ਲੋੜ ਤੋਂ ਵੱਧ ਸ਼ੋਹਰਤ ਮੰਗੀ ਜਾਂਦਾ ਹੈ।
ਕੋਈ
ਲੋੜ ਤੋਂ ਵੱਧ ਥੋੜਾ ਕੀਤੇ ਦਾ ਬਹੁਤ ਸ਼ੋਰ ਪਾ ਰਿਹਾ ਹੈ।
ਕੋਈ
ਬਸ ਰੋਈ ਹੀ ਜਾ ਰਿਹਾ ਹੈ ਪਰ ਹੱਥ ਹਿਲਾ ਕੇ ਰਾਜ਼ੀ ਹੀ ਨਹੀਂ।
ਕੋਈ
ਕਿਸੇ ਨੂੰ ਨਿੰਦੀ ਹੀ ਜਾ ਰਿਹਾ ਹੈ ਤੇ ਕੋਈ ਧੜਾ ਧੜਾ ਕੂੜੇ ਕਰਕਟ ਦਾ ਹੀ
ਸਨਮਾਨ ਕਰੀ ਜਾ ਰਿਹਾ ਹੈ।
ਅਸਲ
ਵਿਚ ਇਹ ਪਹਿਲੇ ਪਾਣੀ ਹੋਈ ਕਣਕ ਵਿਚ ਬੈਠੇ ਕਾਵਾਂ ਵਾਂਗ ਹਨ।
ਨਾ
ਦਾਣੇ ਖਾਣ ਨੂੰ ਹਨ ਤੇ ਨਾ ਧਰਤੀ 'ਚੋਂ
ਕੀੜੇ ਲੱਭਦੇ ਹਨ।
ਹਰੀ
ਕਣਕ ਦਾ ਝਾਉਲਾ ਕੱਠੇ ਤਾਂ ਕਰ ਦੇਂਦਾ ਹੈ ਪਰ ਦੇਂਦਾ ਕੁਝ ਨਹੀਂ ਤੇ ਜਦੋਂ ਇਹੋ
ਜਿਹੀ ਸਥਿਤੀ ਹੋ ਜਾਵੇ ਫੇਰ ਭਾਈ ਕਾਵਾਂ ਰੌਲੀ ਦਾ ਹੀ ਯੁੱਗ ਆਖਿਆ ਜਾ ਸਕਦਾ ਹੈ।
ਸਤਿਯੁੱਗ ਤੇ ਕਲਯੁੱਗ ਕਿਧਰੇ ਨਜ਼ਰ ਨਹੀਂ ਆਉਂਦੇ। |
ਜੇ ਅੰਦਰ ਹੋਵੇ ਧੁੰਦ |
ਸੋਚ
ਤੇ ਸੱਚ ਦਾ ਗਹਿਰਾ ਰਿਸ਼ਤਾ ਹੈ।
ਤੇ ਇਹ ਰਿਸ਼ਤਿਆਂ
ਨੂੰ ਹੀ ਹੱਕ ਹੈ ਕਿ ਉਹ ਦੋਸਤੀ ਜਾਂ ਦੁਸ਼ਮਣੀ ਕਰਨ।
ਸਮਾਂ ਦਿੱਤੇ
ਬਗੈਰ ਤੇਜ਼ੀ ਨਾਲ ਕੀਤੀ ਦੋਸਤੀ,
ਅਕਸਰ ਹੀ ਦੁਸ਼ਮਣੀ ਵਿਚ
ਛੇਤੀ ਬਦਲਦੀ ਹੈ।
ਇਸਦਾ ਮੂਲ ਕਾਰਣ
ਸਾਡੇ ਵਿਚਾਰਾਂ ਵਿਚ ਸਪੱਸ਼ਟਤਾ ਨਾ ਹੋਣੀ ਹੈ।
ਇਕ ਆਮ ਗਲਤੀ ਹਰ
ਇਨਸਾਨ ਕਰਦਾ ਹੈ,
ਉਹ ਵਿਚਾਰਕ ਵਿਰੋਧਤਾ ਨੂੰ
ਜਾਤੀ ਵਿਰੋਧਤਾ ਸਮਝਣ ਲੱਗ ਪੈਂਦਾ ਹੈ।
ਇਸਦੇ ਸ਼ਿਕਾਰ
ਸਿਆਸਤਦਾਨ ਤਾਂ ਆਮ ਹੁੰਦੇ ਹਨ ਪਰ ਅਜ ਕਲ ਲੇਖਕ ਆਦਿ ਵੀ ਹੋਣ ਲੱਗ ਪਏ ਹਨ।
ਕਿਸੇ ਦੇ
ਵਿਚਾਰਾਂ ਨੂੰ ਜਿੱਤਣ ਦੀ ਬਜਾਏ ਅਸੀਂ ਉਸ ਇਨਸਾਨ ਨੂੰ ਹੀ
‘ਤੁੰਨ
ਦੇਣਾ'
ਚਾਹੁਣ ਲੱਗ ਪਏ ਹਾਂ।
ਇਸ ਦੁਨੀਆਂ ਵਿਚ
ਜੀਣ ਦਾ ਹੱਕ ਹਰ ਕਿਸੇ ਨੂੰ,
ਆਪੋ ਆਪਣੇ ਵਿਚਾਰ
ਪ੍ਰਸਾਰਨੇ ਦਾ ਵੀ ਹੱਕ ਹੈ।
ਅਸੀਂ ਅਗਰ ਕਿਸੇ
ਨਾਲ ਨਹੀਂ ਸਹਿਮਤ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਜਾਤੀ ਵਿਰੋਧਤਾ ਸਮਝ
ਲਿਆ ਜਾਵੇ।
ਇਸ ਸਭ ਕੁਝ ਦਾ
ਮੂਲ ਕਾਰਣ ਸਾਡੇ ਅੰਦਰ ਅਗਿਆਨਤਾ ਦੀ ਫੈਲੀ ਧੁੰਦ ਹੀ ਹੈ।
ਇਹ ਪੈਦਾ ਤਾਂ
ਅਸੀਂ ਕਰ ਲੈਂਦੇ ਹਾਂ ਪਰ ਇਸਨੂੰ ਜਿਸ ਮੀਂਹ ਨਾਲ ਧੋ ਕੇ ਖਤਮ ਕਰਨਾ ਹੈ ਉਹ
ਅਸੀਂ ਪੈਣ ਹੀ ਨਹੀਂ ਦੇਂਦੇ।
ਆਪਣੇ ਅੰਦਰ ਹੀ
ਅਸੀਂ ਗਿਆਨ ਨੂੰ ਰੋਕਣ ਵਾਲੀਆਂ ਛਤਰੀਆਂ ਤਾਣੀ ਬੈਠੇ ਹਾਂ।
ਭਾਰਤ ਦੇ ਪਹਿਲੇ
ਰਾਸ਼ਟਰਪਤੀ ਡਾ•
ਰਾਧਾ ਕ੍ਰਿਸ਼ਨਨ ਜੀ ਨੇ
ਬੜੀ ਹੀ ਪਤੇ ਦੀ ਗੱਲ ਕਹੀ ਸੀ।
ਉਨ੍ਹਾਂ ਅਨੁਸਾਰ
ਸਾਡੇ ਅੰਦਰ ਪੈਦਾ ਹੋਈ ਨਫਰਤ ਦੀ ਅੱਗ,
ਸਾਡੇ ਦੁਸ਼ਮਣ ਨਾਲੋਂ,
ਸਾਨੂੰ ਵੱਧ
ਸਾੜਦੀ ਹੈ।
ਪਰ ਇਹ ਸਚ ਹਰ
ਕੋਈ ਪਚਾਉਣਾ ਨਹੀਂ ਚਾਹੁੰਦਾ ਕਿ ਆਖਰ ਵਿਚ ਸਾਡੇ ਅੰਦਰਲੀ ਧੁੰਦ,
ਅੱਗ ਦਾ ਗੋਲਾ ਬਣ
ਸਾਨੂੰ ਹੀ ਖ਼ਤਮ ਕਰ ਦੇਂਦੀ ਹੈ।
ਆਓ ਇਸ ਸੱਚ ਨੂੰ
ਪਛਾਣ ਕਿ ਆਪਣੀ ਸੋਚ ਦਾ ਉਸਾਰੂ ਹਿੱਸਾ ਬਣਾਈਏ ਤੇ ਮੌਸਮ ਦੀ ਧੁੰਦ ਵਾਂਗ,
ਆਪਣੀ ਅੰਦਰਲੀ
ਧੁੰਦ ਨੂੰ ਵੀ ਦੋ ਚਾਰ ਦਿਨਾਂ ਵਿਚ ਹੀ ਖ਼ਤਮ ਕਰ ਦੇਈਏ। |
੨੦੦੮
(?) - ੨੦੦੯ (!) |
੨੦੦੮ ਖੁਸ਼ੀਆਂ ਭਰਿਆ ਗੁਜ਼ਰਿਆ (?)
੨੦੦੯ ਖੁਸ਼ੀਆਂ ਭਰਿਆ
ਆਏਗਾ (!)
ਜਨਤਾ ਨੂੰ ਉਲਝਾਕੇ,
ਸਿਆਸਤ ਢੋਲ ਵਜਾਉਂਦੀ ਰਹੀ। |
ਕਰੋ ਤਜਰਬੇ,
ਪਾਓ ਫ਼ਲ |
ਜ਼ਿੰਦਗੀ
ਵਿਚ ਤਜਰਬੇ ਕਰਨਾ ਇਕ ਬਹੁਤ ਹੀ ਅਹਿਮ ਕਾਰਜ ਹੈ ਜੋ ਸਾਨੂੰ ਹਮੇਸ਼ਾ ਕਰਨਾ
ਚਾਹੀਦਾ ਹੈ।
ਇਹ ਜ਼ਰੂਰੀ ਨਹੀਂ
ਕਿ ਸਭ ਤਜਰਬੇ ਸਫ਼ਲ ਹੋਣ,
ਪਰ ਜੋ ਹੋ ਜਾਂਦੇ ਹਨ,
ਉਹ ਦੇਰ ਤੱਕ
ਲੋਕਾਂ ਨੂੰ ਸੁਖਾਲੇ ਕਰ ਦਿੰਦੇ ਹਨ।
ਉਦਾਹਰਣ ਦੇ ਤੌਰ
ਤੇ ਜਿੰਨ੍ਹਾਂ ਦੋ ਭਰਾਵਾਂ ਨੇ ਪਹਿਲਾਂ ਹਵਾਈ ਜਹਾਜ਼ ਬਣਾਇਆ ਸੀ,
ਉਹ ਕਈ ਵਾਰੀ
ਡਿੱਗੇ ਤੇ ਸੱਟਾਂ ਖਾਧੀਆਂ।
ਉਨ੍ਹਾਂ ਦੀ ਇਸ
ਖੋਜ ਤੇ ਤਜਰਬੇ ਦੇ ਸਿਰ 'ਤੇ
ਅੱਜ ਦੁਨੀਆਂ ਚੰਦ,
ਤਾਰਿਆਂ ਤੱਕ ਦੀ ਸੈਰ ਕਰ
ਰਹੀ ਹੈ।
ਦੇਸੀ ਬੰਦੇ,
ਪ੍ਰਵਾਸੀ ਹੋਣ ਲਗ
ਪਏ ਹਨ।
ਉਹਨਾਂ ਖੋਜੀ
ਲੋਕਾਂ ਨੂੰ ਕੀ ਮਿਲਿਆ?
ਇਹ ਕਦੇ ਨਹੀਂ ਸੋਚਣਾ
ਚਾਹੀਦਾ,
ਸਿਰਫ ਇਹ ਸੋਚੋ ਕਿ
ਮਨੁੱਖਤਾ ਨੂੰ ਤੁਸੀਂ ਕੀ ਦੇਣ ਦੇ ਯੋਗ ਹੋਏ ਹੋ।
'ਕੱਲੇ
'ਕੱਲੇ
ਮਨੁੱਖ ਨੇ ਤਾਂ ਤੁਰ ਜਾਣਾ ਹੈ ਪਰ ਮਨੁੱਖਤਾ ਨੇ ਇੱਥੇ ਰਹਿਣਾ ਹੈ।
ਇਸੇ ਤਰ੍ਹਾਂ ਦੀ ਪੰਜਾਬ ਦੇ ਦੋਰਾਹੇ ਕਸਬੇ ਦੇ ਇੱਕ ਕਿਸਾਨ ਦੀ ਵੀ ਇਹੋ ਜਿਹੀ
ਸੋਚ ਹੈ।
ਉਸਨੇ ਆਪਣੀ ਖੇਤੀ
ਲਈ ਪਾਣੀ ਦੀ ਵਰਤੋਂ ਨੂੰ ਅਸਾਨ ਤੇ ਲਾਭਦਾਇਕ ਬਣਾਇਆ ਹੈ।
ਸਾਦਾ ਜਿਹਾ
ਸਿਸਟਮ ਹੈ।
ਉਸਨੇ
30
ਫੁੱਟ ਚੌੜਾ,
40
ਫੁੱਟ ਲੰਬਾ ਅਤੇ
6
ਫੁੱਟ ਡੂੰਘਾ
ਜ਼ਮੀਨ ਤੋਂ ਉੱਚਾ ਤਲਾਬ ਬਣਾਇਆ।
ਇੱਕੋ ਜ਼ਮੀਨ ਦੋਜ਼
ਪਾਇਪ ਪਾਕੇ ਉਸਨੇ ਆਪਣੇ ਦੋਨੋਂ ਟਿਊਬਵੈੱਲ ਇਸ ਨਾਲ ਜੋੜ ਦਿੱਤੇ,
ਫਿਰ ਉਸ ਨੇ ਆਪਣੇ
ਖੇਤਾਂ ਵਿਚ 3
ਫੁੱਟ ਡੂੰਘੀਆਂ
ਪਾਇਪਾਂ ਪਾਕੇ ਨੱਕੇ ਬਣਾ ਲਏ।
ਇਸ ਨਾਲ ਕਾਫੀ
ਫਾਇਦੇ ਹੋਏ।
* ਬਿਜਲੀ ਜਦੋਂ
ਮਰਜ਼ੀ ਆਵੇ,
ਇਹ ਟੈਂਕ ਭਰਦਾ ਰਹਿੰਦਾ
ਹੈ,
ਖਾਸ ਕਰਕੇ ਰਾਤ ਨੂੰ,
* ਫਸਲ ਨੂੰ ਪਾਣੀ
ਦੇਣ ਦਾ ਸਭ ਤੋਂ ਉੱਤਮ ਸਮਾਂ ਤੜਕਸਾਰ ਹੁੰਦਾ ਹੈ।
ਇਸ ਸਮੇਂ ਪਾਣੀ
ਲਾਉਣ ਕਰਕੇ ਬਿਮਾਰੀ ਦਾ ਸਭ ਤੋਂ ਘੱਟ ਡਰ ਹੁੰਦਾ ਹੈ।
* ਕੰਮ ਵਾਲੇ
ਬੰਦੇ ਵੀ ਰਾਤ ਵਾਲੀ ਲਾਪਰਵਾਹੀ ਨਹੀਂ ਕਰਦੇ,
ਉਹ ਮਾਨਸਿਕ ਤੇ
ਸਰੀਰਕ ਤੌਰ ਤੇ ਚੇਤੰਨ ਹੋ ਚੁੱਕੇ ਹੁੰਦੇ ਹਨ।
* ਇਸ ਵਿਧੀ
ਰਾਹੀਂ ਫਸਲ ਤੇ ਦੁਪਹਿਰ ਦੀ ਧੁੱਪ ਦਾ ਅਸਰ ਘਟਦਾ ਹੈ ਅਤੇ ਪੌਦੇ ਮੌਸਮੀ ਤੇ
ਖੁਰਾਕੀ ਦਬਾਅ ਥੱਲੇ ਨਹੀਂ ਆਉਂਦੇ।
* ਪਾਣੀ ਦਾ
ਵਾਸ਼ਪੀਕਰਨ ਘੱਟ ਹੁੰਦਾ ਹੈ।
* ਇਕ ਅੰਦਾਜ਼ੇ
ਮੁਤਾਬਕ 2030
ਪ੍ਰਤੀਸ਼ਤ ਪਾਣੀ
ਦੀ ਬੱਚਤ ਹੁੰਦੀ ਹੈ।
* ਇਸ ਸਾਰੇ
ਸਿਸਟਮ ਦਾ ਖਰਚਾ ਭਾਵੇਂ ਸ਼ੁਰੂਆਤ ਵਿਚ ਜ਼ਿਆਦਾ ਹੈ ਪਰ
23
ਸਾਲ ਵਿਚ ਸਿਰਫ
ਬਚਾਏ ਹੋਏ ਪਾਣੀ ਤੇ ਲੇਬਰ 'ਚੋਂ
ਹੀ ਨਿਕਲ ਜਾਂਦਾ ਹੈ।
* ਇਹ ਤਰੀਕਾ
10
ਏਕੜ ਜਾਂ ਇਸ ਤੋਂ
ਵੱਡੀ ਖੇਤੀ ਕਰਦੇ ਕਿਸਾਨਾਂ ਲਈ ਤਾਂ ਬਹੁਤ ਹੀ ਲਾਭਦਾਇਕ ਹੈ।
ਇਹ ਸਿਸਟਮ ਦੋਰਾਹੇ ਤੋਂ ਲਗਪਗ 3
ਕਿਲੋਮੀਟਰ ਦੂਰ
ਦਿੱਲੀ ਵਾਲੇ ਪਾਸੇ ਖੱਬੇ ਪਾਸੇ ਚਲ ਰਿਹਾ ਹੈ।
ਹੋ ਸਕਦਾ ਹੈ,
ਤੁਸੀਂ ਆਪਣੀ ਸੋਚ
ਨਾਲ ਇਸ ਤਜਰਬੇ ਨੂੰ ਹੋਰ ਸਫ਼ਲ ਕਰ ਦੇਵੋਂ |
ਮੁਫ਼ਤ ਦਾ ਮਾਲ |
ਦੁਨੀਆਂ
ਵਿਚ ਕੁਝ ਵੀ ਮੁਫ਼ਤ ਨਹੀਂ ਹੈ।
ਇਹ ਇੱਕ ਅਟੱਲ
ਸਚਾਈ ਹੈ।
ਪਰ ਕੁਝ ਲੋਕ
ਅਜਿਹੇ ਹਨ ਜੋ ਇਸ ਸਭ ਕਾਸੇ ਨੂੰ ਝੂਠਾ ਸਾਬਤ ਕਰਨ ਉਤੇ ਲੱਗੇ ਹੋਏ ਹਨ।
ਕਈਆਂ ਦੀ ਤਾਂ ਇਹ
ਮਜ਼ਬੂਰੀ ਹੋ ਸਕਦੀ ਹੈ,
ਪਰ ਬਹੁਤੇ ਤਾਂ ਆਦਤ ਵੱਸ
ਹੀ ਇੰਜ ਕਰਦੇ ਹਨ।
ਇਥੇ ਤਾਂ ਹਰ
ਕਿਸੇ ਦੀ ਕੋਸ਼ਿਸ਼ ਹੁੰਦੀ ਹੈ ਕਿ ਸਸਤਾ ਖ੍ਰੀਦਿਆ ਜਾਵੇ ਤੇ ਮਹਿੰਗਾ ਵੇਚਿਆ ਜਾਵੇ।
ਕਿਉਂਕਿ ਹਰ ਚੀਜ਼
ਸਸਤੀ ਨਹੀਂ ਮਿਲਦੀ,
ਸੋ ਮਨੁੱਖ ਐਧਰ ਓਧਰ ਵੀ
ਝਾਕ ਰੱਖਣ ਲੱਗ ਪੈਂਦਾ ਹੈ।
ਹੌਲੀ ਹੌਲੀ ਇਹ
ਸਸਤਾ ਲੱਭਣ ਦੀ ਆਦਤ,
ਮੁਫਤ ਦਾ ਲੱਭਣ ਦਾ ਕਾਰਨ
ਬਣ ਜਾਂਦੀ ਹੈ ਤੇ ਫੇਰ ਚੋਰੀ ਕਰਨ ਦੀ ਆਦਤ ਤੱਕ ਪਹੁੰਚ ਜਾਂਦੀ ਹੈ ਇਹ ਬਿਰਤੀ।
ਚੋਰੀ ਕਰਨ ਦੀ ਵੀ
ਬਹੁਤ ਲੋੜ ਨਹੀਂ ਹੁੰਦੀ,
ਬਸ ਆਦਤ ਹੀ ਨਹੀਂ ਰੁੱਕਦੀ।
ਅਮੀਰ,
ਗਰੀਬ ਸਭ ਇਸ ਦੇ
ਸ਼ਿਕਾਰ ਹੋ ਸਕਦੇ ਹਨ।
ਮੈਨੂੰ ਯਾਦ ਹੈ
ਬਹੁਤ ਸਾਲ ਪਹਿਲੋਂ ਇੱਕ ਵਾਰ ਟੂਰ ਤੇ ਸਟੂਡੈਂਟਸ ਨੂੰ ਲੈ ਕੇ ਗਈ ਇੱਕ
ਯੂਨੀਵਰਸਿਟੀ ਟੀਚਰ ਨੇ ਹੋਟਲ ਦੇ ਸਰਾਹਣਿਆਂ ਦੇ ਗਿਲਾਫ਼ ਹੀ ਚੋਰੀ ਕਰ ਲਏ।
ਸ਼ਰਮ ਉਦੋਂ ਆਈ
ਜਦੋਂ ਹੋਟਲ ਵਾਲੇ ਸਟੇਸ਼ਨ ਤੇ ਪਹੁੰਚ ਗਏ ਤੇ ਆਪਣੇ ਗਿਲਾਫ਼ ਕਢਵਾ ਲਏ।
ਇਹ ਤਾਂ ਬਸ ਚੋਰੀ
ਕਰਨ ਦੇ ਸ਼ੋਕ ਦਾ ਹੀ ਨਤੀਜਾ ਸੀ।
ਪਰ ਕਈ ਵਾਰੀ
ਚੋਰੀ ਕਰਨ ਲਈ ਸਰਕਾਰਾਂ ਵੀ ਮਜ਼ਬੂਰ ਕਰਦੀਆਂ ਹਨ।
ਪਿਛਲੇ ਦਿਨੀਂ
ਦਰਿਆਈ ਰੇਤੇ ਦੇ ਭਾਅ 1012
ਗੁਣਾ ਵਧ ਗਏ।
ਕਿਉਂ ਵਧੇ
?
ਇਸ ਬਾਰੇ ਕੁਝ ਕਹਿਣਾ
ਵਾਜਿਬ ਨਹੀਂ ਹੋਵੇਗਾ,
ਪਰ ਇਹ ਤਾਂ ਸੱਚ ਹੈ ਕਿ
ਬਿੰਨ੍ਹਾਂ ਸਰਕਾਰੀ ਮਨਜ਼ੂਰੀ ਤੋਂ ਇਹ ਹੋ ਨਹੀਂ ਸਕਦਾ ਸੀ।
ਇਹੋ ਜਿਹੇ ਮੌਕੇ
ਛੋਟੇ ਮੋਟੇ ਰੇਤੇ ਦੇ ਕਾਰੋਬਾਰੀਆਂ (ਰੇੜ੍ਹੇ,
ਟਰਾਲੀ ਵਾਲੇ) ਦੇ
ਕੰਮ ਠੱਪ ਹੋ ਗਏ।
ਫੇਰ ਬਸ ਚੋਰੀ ਹੀ
ਇੱਕ ਰਾਹ ਰਹਿ ਗਿਆ ਉਹਨਾਂ ਲਈ ਰੋਜ਼ੀ ਰੋਟੀ ਕਮਾਉਣ ਦਾ,
'ਤੇ ਲਾ ਦਿੱਤੀ
ਉਹਨਾਂ ਨੇ ਨਹਿਰ ਵਿਚਲੇ ਰੇਤੇ ਨੂੰ ਸੰਨ੍ਹ।
ਇਹ ਮਜ਼ਬੂਰੀ ਦੀ
ਚੋਰੀ ਤੇ ਮੁਫਤ ਦਾ ਮਾਲ ਕਿੰਨਾ ਕੁ ਜਾਇਜ਼ ਹੈ ਜਾਂ ਕਿਸ ਕਿਸ ਨੂੰ ਪੱਚਦਾ ਹੈ,
ਇਹ ਤਾਂ ਓਹੀ
ਜਾਨਣ ਜਿਹਨਾਂ ਦੇ ਇਹ ਮਾਲ ਹੱਥ ਵਸ ਹੈ। |
ਸੁਆਦ ਦੀ ਗੱਲ |
ਸਿਆਣਿਆਂ
ਦਾ ਕਥਨ ਹੈ ਕਿ,
ਇਹ
ਦੁਨੀਆ ਮਾਰੀ ਹੀ ਸੁਆਦ ਨੇ ਹੈ'।
ਸੁਆਦ ਦੇ ਕਈ ਰੂਪ ਹੁੰਦੇ ਹਨ।
ਸਿਰਫ ਖਾਣਾ ਹੀ ਸੁਆਦੀ ਨਹੀਂ ਹੁੰਦਾ,
ਜੀਭ ਤੋਂ ਪੈਦਾ ਹੋਏ ਸੁਆਦੀ ਬੋਲ ਵੀ ਬੜੇ ਖਤਰਨਾਕ ਤਰੀਕੇ ਨਾਲ ਸੁਆਦੀ ਹੁੰਦੇ
ਹਨ।
ਅਕਸਰ ਬਾਹਲੀ ਮਿੱਠੀ ਭਾਸ਼ਾ ਵਾਲੇ ਲੋਕ ਕਿਤੇ ਨਾ ਕਿਤੇ ਕੁਸੈਲੇ ਹੋ ਨਿਬੜਦੇ ਹਨ।
ਜਿਹੜਾ ਮਨੁੱਖ ਆਪਣੇ ਮਨ ਦੀ ਥੋੜੀ ਬਹੁਤੀ ਭੜਾਸ ਕੱਢ ਲੈਂਦਾ ਹੈ,
ਬੜੇ ਹੀ ਸੁੱਖ ਦੀ ਨੀਂਦ ਸੌਂਦਾ ਹੈ।
ਪਰ
ਇਸ ਭੜਾਸ ਦੇ ਪਿੱਛੇ ਈਰਖਾ'
ਨਹੀਂ,
ਸਮਝ'
ਹੋਣੀ ਚਾਹੀਦੀ ਹੈ।
ਇਸਦੇ ਨਾਲ ਹੀ ਚਾਹੀਦੀ ਹੈ,
ਸੁੱਚ ਦੀ ਤੋੜੀ ਜਿਸ ਵਿਚ ਸਮੂਹਿਕ ਹਿੱਤ ਦੀ ਦਾਲ ਰਿੱਝਦੀ ਹੋਵੇ।
ਜਦੋਂ ਅਸੀਂ ਸਿਰਫ ਆਪਣੇ ਲਈ ਹੀ ਸੋਚਦੇ ਹਾਂ ਤੇ ਮਿੱਠੇ ਕੌੜੇ ਬਣਨ ਦਾ ਢੌਂਗ
ਕਰਦੇ ਹਾਂ ਤਾਂ ਸਮਝੋ ਸਾਡੀ ਹਾਰ ਹੋਣ ਹੀ ਵਾਲੀ ਹੈ।
ਕਹਿੰਦੇ ਹਨ ਕਿ ਮੱਠੀ ਅੱਗ ਤੇ ਦਾਲ,
ਸਬਜ਼ੀ ਤੇ ਰੋਟੀ ਸੁਆਦਲੀ ਬਣਦੀ ਹੈ।
ਮੱਠੇ ਘਰਾਟ ਦਾ ਆਟਾ ਮਿੱਠਾ ਹੁੰਦਾ ਹੈ।
ਬਿਲਕੁਲ ਉਵੇਂ ਹੀ ਸਹਿਜ ਦੀ ਸੋਚ ਨਾਲ ਕੀਤੀ ਗੱਲ ਜਾਂ ਕਰਮ ਵੀ ਸਾਡੀ ਜ਼ਿੰਦਗੀ
ਨੂੰ ਸੁਆਦਲੀ ਬਣਾ ਦੇਂਦਾ ਹੈ।
ਕਾਹਲੀ'
ਤੇ
ਸਮੇਂ ਸਿਰ'
ਦਾ
ਫਰਕ ਸਮਝਣ ਦੀ ਲੋੜ ਹੈ।
ਜਿਵੇਂ ਫੋਟੋ ਵਿੱਚਲੇ ਮਟਰ ਕੱਢਦੇ ਲੋਕ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਦੇ
ਪਟਵਾਰੀ ਹਨ।
ਇਹਨਾਂ ਨੂੰ ਪੇਂਡੂ ਮਾਨਸਿਕਤਾ ਤੇ ਸੁਆਦ ਦਾ ਪਤਾ ਹੈ।
ਇਸੇ ਲਈ ਇਹ ਆਪਣੀ ਮੀਟਿੰਗ ਲਈ ਮਟਰ ਆਪ ਕੱਢ ਰਹੇ ਹਨ।
ਇਹਨਾਂ ਦੀ ਆਪਣੇ ਸਾਥੀਆਂ ਪ੍ਰਤੀ ਭਾਵਨਾ ਤੇ ਸਹਿਜ ਹੀ ਇਹਨਾਂ ਨੂੰ ਅਮੀਰ ਬਣਾ
ਦੇਂਦੀ ਹੈ।
ਇਸੇ ਤਰ੍ਹਾਂ ਜੇਕਰ ਅਸੀਂ ਆਪੋ ਆਪਣੇ ਆਲੇ ਦੁਆਲੇ ਤੇ ਆਪੋ ਆਪਣੇ ਜੀਵਨ ਨੂੰ
ਸਹਿਜ ਦੇ ਸੁਆਦ ਨਾਲ ਜੋੜਕੇ ਚੱਲੀਏ ਤਾਂ ਸ਼ਰਤੀਆ ਸਾਡੀਆਂ ਜ਼ਿੰਦਗੀ ਦੇ ਸੁਆਦ,
ਸੁਆਦਲੇ ਹੋ ਜਾਣਗੇ। |
ਸ਼ੈਂਕਲਾਂ ਵਾਲੇ ਬਾਬੇ |
ਭਾਰਤ
ਵਿਚਲਾ ਪੰਜਾਬ ਤਾਂ ਹੁਣ ਪੰਜਾਬ ਹੀ ਨਹੀਂ ਲੱਗਦਾ।
ਕਿਸੇ ਸ਼ਹਿਰ ਕਸਬੇ ਵਿਚ ਚਲੇ ਜਾਵੋ,
ਟਾਂਵਾਂ ਟਾਵਾਂ ਹੀ ਪੱਗੜੀਧਾਰੀ ਮਿਲਦਾ ਹੈ,
ਸਮਝੋ ਆਟੇ ਵਿਚ ਲੂਣ ਬਰਾਬਰ।
ਸਾਰੇ ਬਜ਼ਾਰਾਂ ਆਦਿ ਵਿਚ ਰੋਡੇ ਹੀ ਰੋਡੇ ਨਜ਼ਰ ਆਉਂਦੇ ਹਨ।
ਫੇਰ ਇਹ ਪਗੜੀਧਾਰੀ ਗਏ ਕਿੱਥੇ?
ਜਵਾਬ ਸਪੱਸ਼ਟ ਹੈ,
ਇਹ ਸਾਰੇ ਪਹੁੰਚ ਗਏ,
ਮਾਲਟਨ ਤੇ ਸਰੀ।
ਸਰੀ ਦੀਆਂ ਖੁੱਲੀਆਂ ਸੜਕਾਂ ਤੇ ਜੇ ਚਾਰ ਮਿੰਟ ਖਲ੍ਹੋ ਜਾਵੋ
ਤਾਂ ਤੁਸੀਂ ਇਸਨੂੰ ਪੂਰਨ ਰੂਪ ਵਿਚ ਪੰਜਾਬ ਹੀ ਸਮਝੋਗੇ।
ਜਿੰਨੇ ਪੰਜਾਬੀ ਇੱਥੇ ਮਿਲਦੇ ਹਨ,
ਘੱਟੋ ਘੱਟ ਪੰਜਾਬ ਵਿਚ ਨਹੀਂ ਹਨ।
ਉਹ ਵੀ ਸਾਫ ਸੁਥਰੇ,
ਪੂਰੀ ਟੋਅਰ ਵਾਲੇ,
ਸੂਟਡਬੂਟਡ,
ਚੰਗੀਆਂ ਕਾਰਾਂ ਵਿਚ।
ਇਹ ਸਭ ਇਹਨਾਂ ਦੀ ਮਿਹਨਤ ਦਾ ਨਤੀਜਾ ਹੈ।
ਪਰ ਆਹ ਕੀ?
ਸੈਕਲਾਂ ਉਤੇ ਬਾਬੇ,
ਹਰ ਦੋ ਚਾਰ ਮਿੰਟ ਬਾਅਦ,
ਇੱਕ ਦੋ ਬਾਬੇ ਸੈਕਲਾਂ ਉਤੇ ਸੜਕਾਂ ਦੇ ਆਰ ਪਾਰ ਹੁੰਦੇ ਦਿਖ
ਜਾਣਗੇ।
ਇਹ ਉਹ ਲੋਕ ਹਨ ਜੋ ਪਿੰਡਾਂ ਤੋਂ ਤਾਂ ਆ ਗਏ ਹਨ ਪਰ ਇੱਥੇ
ਨੌਕਰੀ ਨਹੀਂ ਕਰ ਸਕਦੇ,
ਕਿਉਂਕਿ ਕਾਨੂੰਨ ਸਖਤ ਹੈ।
ਇਹ ਗੁਰਦੁਆਰਿਆਂ,
ਪਾਰਕਾਂ,
ਕਮਿਊਨਟੀ ਸੈਂਟਰਾਂ ਵਿਚ ਅਖਬਾਰਾਂ ਪੜ੍ਹਦੇ ਹਨ ਤੇ ਇੱਥੇ ਹੀ
ਲੈ ਕੇ ਰੱਖੇ ਸਾਇਕਲਾਂ ਤੇ ਇਲਾਕੇ ਵਿਚ ਇਧਰੋਂ ਉਧਰ ਜਾਂਦੇ ਹਨ।
ਇਹ ਇੰਨ੍ਹਾਂ ਦੀ ਤਰਾਸਦੀ ਹੈ ਜਾ ਮੌਜ ਇਹ ਤਾਂ ਇਹੀ ਜਾਣਦੇ
ਹਨ ਪਰ ਕੈਨੇਡਾ ਦੀ ਧਰਤੀ ਤੇ ਪੰਜਾਬੀਆਂ ਦੇ ਕਬਜ਼ੇ ਦੇ ਪੱਕੇ ਪ੍ਰਤੀਕ ਹਨ। |
ਨਾ ਨਿੰਦੋਂ ਮੇਰੇ
ਪੰਜਾਬ ਨੂੰ |
ਅੱਜ
ਇਹ ਆਦਤ ਜਿਹੀ ਹੀ ਬਣ ਗਈ ਹੈ, ਜਿਹਦਾ ਬੋਲਣ ਨੂੰ, ਲਿਖਣ ਨੂੰ ਦਾਅ ਲੱਗਦਾ ਹੈ
ਉਹ ਬਸ ਇੱਕੋ ਰੱਟ ਰਟੀ ਜਾ ਰਿਹਾ ਹੈ, ‘ਪੰਜਾਬ ਗੰਧਲਾ ਹੋ ਗਿਆ, ਪੰਜਾਬ ਦੀ ਹਵਾ
ਖਰਾਬ ਹੋ ਗਈ, ਪੰਜਾਬ ਦੇ ਦਰਖਤ ਸੁੱਕ ਗਏ ਹਨ, ਪੰਜਾਬ ਦੇ ਪੰਛੀ ਖਤਮ ਹੋ ਗਏ
ਹਨ, ਪੰਜਾਬ ਦਾ ਸੰਗੀਤ ਮੁੱਕ ਗਿਆ ਹੈ ਆਦਿ ਆਦਿ। ਹਜ਼ਾਰਾਂ ਲੋਕ ਦੇਖਾ ਦੇਖੀ ਇਹ
ਗੱਲਾਂ ਕਹੀ ਜਾ ਰਹੇ ਹਨ। ਪਰ ਕੀ ਪੰਜਾਬ ਸੱਚਮੁਚ ਹੀ ਏਦਾਂ ਦਾ ਹੋ ਗਿਆ ਹੈ? ਕੀ
ਅਸੀਂ ਸੱਚਮੁੱਚ ਹੀ ਏਨੇ ਭੈੜੇ ਹੋ ਗਏ ਹਾਂ? ਕੀ ਪੰਜਾਬ ਜਿਊਣ ਜੋਗਾ ਰਿਹਾ ਹੀ
ਨਹੀਂ?
ਨਹੀਂ ਨਹੀਂ ਨਹੀਂ, ਇਹ ਸਭ ਕੁਝ ਅਸੀਂ ਅੱਖਾਂ ਬੰਦ ਕਰਕੇ, ਆਪਣੇ ਮਨਾਂ ਦੇ ਕਪਾਟ
ਭੀੜ ਕੇ, ਕਿਸੇ ਸਾਜ਼ਿਸ਼ ਤਹਿਤ ਪੰਜਾਬ ਨੂੰ ਬਦਨਾਮ ਕਰਨ ਵਾਲਿਆਂ ਦੇ ਮਗਰ ਲੱਗ ਕਿ
ਕਹੀ ਜਾ ਰਹੇ ਹਾਂ। ਪੰਜਾਬ ਬਹੁਤ ਖੂਬਸੂਰਤ ਹੈ, ਇਸਦੀਆਂ ਪੌਣਾਂ ਦੀ ਮਹਿਕ ਹਾਲੇ
ਵੀ ਨਸ਼ਿਆਉਂਦੀ ਹੈ। ਆਪਣੇ ਤੀਸਰੇ ਨੇਤਰ ਨੂੰ ਖੋਲੋ, ਦੁਨੀਆਂ ਵਿਚ ਆਪਣੇ ਪੰਜਾਬ
ਨੂੰ ਬਦਨਾਮ ਕਰਨ ਵਾਲਿਓ, ਚਲੋ ਆਪਣੀਆਂ ਪਹੀਏ ਵਾਲੀਆਂ ਮੋਟਰਾਂ ਤੇ ਘੁੰਮੋ
ਪੰਜਾਬ ਵਿਚ, ਸਮਾਗਮਾਂ ਤੋਂ ਲਾਂਭੇ ਹੋਕੇ ਪਿੰਡਾਂ, ਖੇਤਾਂ ਵਿਚ ਦੇਖੋ, ਕਿਵੇਂ
ਹਜ਼ਾਰਾਂ ਦੀ ਗਿਣਤੀ ਵਿਚ ਪੰਛੀ ਉਡਾਰੀਆਂ ਲਾ ਰਹੇ ਹਨ। ਕਿਵੇਂ ਕੁਦਰਤੀ ਪਾਣੀ ਦੇ
ਤਲਾਅ (ਫੋਟੋ ਵਿਚਲੇ ਵਾਂਗ) ਬਤਖਾਂ, ਪੰਛੀਆਂ ਨੂੰ ਸਾਫ ਪਾਣੀ ਦੇਂਦੇ ਹਨ।
ਏਜੰਸੀਆਂ ਤੋਂ ਗਰਾਂਟਾਂ ਲੈਣ ਵਾਲਿਓ, ਦੇਖੋ ਹਾਲੇ ਵੀ ਤੜਕੇ ਕਿਵੇਂ ਘਰੇਲੂ
ਕੁੱਕੜ, ਬਾਂਗਾਂ ਦੇਂਦੇ ਹਨ। ਚਰਵਾਹਿਆਂ ਤੇ ਗਧੇ ਕਿਵੇਂ ਉੱਚੀ ਹੇਕ ਲਾਕੇ
ਹਿਣਕਦੇ ਹਨ। ਆਓ ਘਰਾਂ, ਦਫਤਰਾਂ 'ਚੋਂ ਨਿਕਲ ਕੇ ਖੂਬਸੂਰਤ ਪੰਜਾਬ ਦੀ ਲੱਭਤ
ਕਰ, ਵਿਆਖਿਆ ਕਰੀਏ। |
ਵਿਨਾਸ਼ ਦੀਆਂ ਪ੍ਰਤੀਕ ਤਿੱਤਲੀਆਂ |
ਜਿਸ
ਬਾਗ ਵਿਚ ਵੱਧ ਤਿੱਤਲੀਆਂ ਹੋਣ,
ਜਿੰਨ੍ਹਾਂ ਫੁੱਲਾਂ ਤੇ ਵੱਧ ਤਿੱਤਲੀਆਂ ਬੈਠਣ,
ਜਿੰਨ੍ਹਾਂ ਖੇਤਾਂ ਵਿਚ ਰੰਗ ਬਿਰੰਗੀਆਂ ਤਿੱਤਲੀਆਂ ਉਡਾਰੀਆਂ
ਲਾਉਣ,
ਸਮਝੋ,
ਉਸ ਬਾਗ ਦਾ,
ਉਸ ਖੇਤ ਦਾ ਉਜਾੜਾ ਯਕੀਨੀ ਹੈ।
ਅਸਲ ਵਿਚ ਤਿੱਤਲੀ ਬਨਣ ਤੋਂ ਪਹਿਲਾਂ ਤਿੰਨ ਰੂਪਾਂ ਵਿੱਚੋਂ
ਨਿਕਲਦੀ ਹੈ।
ਉਸਦਾ ਦੂਸਰਾ ਰੂਪ ਬਹੁਤ ਭਿਆਨਕ ਹੈ।
ਉਦੋਂ ਉਹ ਲਾਰਵਾ (ਸੁੰਡੀ) ਹੁੰਦੀ ਤੇ ਸਭ ਪੱਤੇ ਚਟਮ ਕਰਨੇ
ਉਸਦਾ ਅਧਿਕਾਰ ਬਣ ਜਾਂਦਾ ਹੈ।
ਜਦੋਂ ਉਹ ਖਾ ਖਾ ਕਿ ਰਜ ਜਾਂਦੀ ਹੈ ਤਾਂ ਆਪਣੇ ਅਗਲੇ ਰੂਪ
'ਚੋਂ
ਨਿਕਲ ਕੇ ਸੁੰਦਰ ਤਿੱਤਲੀ ਬਣ ਜਾਂਦੀ ਹੈ।
ਫੇਰ ਫੁੱਲਾਂ ਦਾ ਰਸ ਚੂਸਦੀ ਹੈ ਤੇ ਅੰਡੇ ਦੇਂਦੀ ਹੈ ਤਾਂ ਕਿ
ਅਗਲੀ ਫਸਲ ਤਬਾਹ ਹੋ ਜਾਵੇ।
ਤਿੱਤਲੀ ਵੇਖ ਕਿ ਮੈਨੂੰ ਕਈ ਵਾਰੀ ਪਤਵੰਤੇ ਸੱਜਣ ਯਾਦ ਆ
ਜਾਂਦੇ ਹਨ।
ਸੋਹਣੇ ਚਿਹਰੇ,
ਮਿੱਠੀਆਂ ਗੱਲਾਂ,
ਥੋੜਾ ਖਾਣਾ,
ਮਹਿਕ ਖਿਲਾਰਨੀ ਉਨ੍ਹਾਂ ਦੇ ਦਿੱਖਦੇ ਰੂਪ ਹਨ,
ਪਰ ਉਨ੍ਹਾਂ ਦਾ ਅਦਿੱਖ ਰੂਪ ਉਸ ਤਿੱਤਲੀ ਦੇ ਲਾਰਵੇ ਵਾਲਾ
ਹੁੰਦਾ ਹੈ,
ਜੋ ਹਰੇ ਕਚੂਰ ਪੱਤਿਆਂ ਨੂੰ ਹਰੇ ਰੰਗ ਦੀ ਕਰੂਪ ਸੁੰਡੀ ਬਣ
ਕੇ ਖਤਮ ਕਰ ਦੇਂਦੀ ਹੈ।
ਇਸੇ ਲਈ ਤਾਂ ਇਹ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਹਰ ਸੁੰਦਰ
ਚੀਜ਼ ਦੇ ਪਹਿਲੇ ਜਾਂ ਪਿਛਲੇ ਰੂਪ ਨੂੰ ਵੀ ਜਰੂਰ ਜਾਣੋ,
ਸਮਾਜ ਦੇ ਬਾਗ ਨੂੰ ਉੱਜੜਣੋਂ ਬਚਾਉਣਾ ਹੈ ਤਾਂ ਇਹਨਾਂ ਰੰਗ
ਬਿਰੰਗੀਆਂ ਬੀਬੇ ਮੂੰਹਾਂ ਵਾਲੀਆਂ ਤਿੱਤਲੀਆਂ ਵਲੋਂ ਪੱਤਿਆਂ ਥੱਲੇ ਲੁਕੋ ਕਿ
ਦਿੱਤੇ ਅੰਡਿਆਂ ਨੂੰ ਤਬਾਹ ਕਰੋ।
ਇੰਨ੍ਹਾਂ ਦੇ ਮਾਇਆ ਜਾਲ ਨੂੰ ਸਮਝੋ। |
ਕਮਾਦ ਹੋ ਰਿਹਾ ਸੁਆਦ |
ਅਜ
ਯੁੱਗ ਨਵੀਆਂ ਖੋਜਾਂ ਦਾ ਹੈ।
ਨਿੱਤ ਦਿਨ ਉੱਠਦੇ ਨਵੇਂ ਨਵੇਂ ਮਸਲੇ ਅਤੇ ਮਨੁੱਖ ਦੀਆਂ
ਇਛਾਵਾਂ ਦੀ ਵਧਦੀ ਸੂਚੀ ਨੂੰ ਪੂਰਾ ਕਰਨ ਹਿੱਤ,
ਲੋੜੀਂਦੇ ਹਨ ਨਵੇਂ ਸਾਧਨ ਤੇ ਮਾਇਆ।
ਇਸੇ ਤਰ੍ਹਾਂ ਕਿਸੇ ਵੀ ਕਾਰਜ ਦੀ ਕਾਰਜਕੁਸ਼ਲਤਾ ਅੱਜ ਨਵੇਂ
ਨਵੇਂ ਅਰਥ ਲੱਭ ਰਹੀ ਹੈ।
ਕਮਾਦ,
ਪੰਜਾਬ ਦੀ ਇਕ ਅਹਿਮ ਫਸਲ ਹੈ।
ਇਸਦਾ ਔਸਤ ਝਾੜ
250
ਕੁਇੰਟਲ ਦੇ ਲਗਭਗ ਰਹਿੰਦਾ ਹੈ।
ਜੇਕਰ ਇਹ
900
ਕੁਇੰਟਲ ਹੋ ਜਾਵੇ ਤਾਂ ਸੋਚੋ ਕਿੰਨੀ ਵੱਡੀ ਗੱਲ ਹੈ।
ਇਹ ਗੱਪ ਨਹੀਂ ਹੈ,
ਇਹ ਸੱਚ ਕਰ ਦਿਖਾਇਆ ਹੈ,
ਬੜਾ ਪਿੰਡ ਗੋਰਾਇਆਂ ਵਿਖੇ ਖੇਤੀ ਕਰਦੇ ਅਵਤਾਰ ਸਿੰਘ ਨੇ।
ਤਰੀਕਾ ਬਹੁਤ ਅਸਾਨ ਹੈ।
ਕਮਾਦ ਦੇ ਬੀਜ ਦੀ ਸਿਰਫ
1
ਅੱਖ ਵਾਲੀ ਪੋਰ ਹੀ ਕੱਟੀ ਜਾਂਦੀ ਹੈ।
ਅੱਖ ਪੋਰ ਦੇ ਥੱਲੇ ਵੱਲ ਹੋਣੀ ਚਾਹੀਦੀ ਹੈ,
ਜਿੱਥੇ ਇਸਦਾ ਮੂੰਹ ਉੱਤੇ ਵਲ ਹੋਵੇ।
ਪੂਰਬ ਤੋਂ ਪੱਛਮ ਦੀ ਦਿਸ਼ਾ ਵੱਲ ਚਾਰ ਫੁੱਟ ਦੇ ਫਰਕ ਨਾਲ
ਬੈੱਡ ਬਣਾਏ ਜਾਂਦੇ ਹਨ।
ਪਾਣੀ ਦੇਕੇ ਇਸਦੇ ਦੱਖਣ ਵੱਲ ਇਹ ਪੋਰ ਖੜੇ ਹੀ
18
ਇੰਚ ਦੀ ਵਿੱਥ ਤੇ ਗੱਡ ਦਿੱਤੇ ਜਾਂਦੇ ਹਨ।
ਇਸ ਤਰ੍ਹਾਂ ਸਿਰਫ
5
ਕੁਇੰਟਲ ਹੀ ਬੀਜ ਲੱਗਦਾ ਹੈ।
ਸਿੱਧੀ
2530
ਕੁਇੰਟਲ ਬੀਜ ਦੀ ਬਚੱਤ।
ਬੈੱਡ ਦਾ ਉੱਤਰੀ ਪਾਸਾ ਖਾਲੀ ਰੱਖਿਆ ਜਾਂਦਾ ਹੈ ਤਾਂ ਕਿ
ਧੁੱਪ ਦਾ ਪੂਰਾ ਅਸਰ ਰਹੇ।
ਇਸ ਤਰ੍ਹਾਂ ਲਾਏ ਖੇਤ ਵਿੱਚੋਂ
900
ਕੁਇੰਟਲ ਤੱਕ ਫਸਲ ਲਈ ਜਾ ਸਕਦੀ ਹੈ।
ਵੈਸੇ ਇਸਦੇ ਨਾਲ ਇਕ ਹੋਰ ਫਸਲ ਫਾਲਤੂ ਵੀ ਮਿਲ ਜਾਂਦੀ ਹੈ।
ਅਵਤਾਰ ਸਿੰਘ ਤਕਰੀਬਨ
10
ਤੋਂ
20
ਹਜ਼ਾਰ ਦੀ ਗੋਭੀ ਵੀ ਵੇਚ ਲੈਂਦਾ ਹੈ।
ਪਰ ਅਵਤਾਰ ਸਿੰਘ ਜਿਹੇ ਕਿਸਾਨ ਹਾਲੇ ਬਹੁਤ ਘੱਟ ਹਨ।
ਉਮੀਦ ਹੈ ਆਉਣ ਵਾਲੇ ਸਮੇਂ ਵਿਚ ਲੋੜਾਂ ਤੇ ਥੋੜਾਂ ਕਿਸਾਨਾਂ
ਨੂੰ ਨਵੀਂਆਂ ਤਕਨੀਕਾਂ ਬਾਰੇ ਸੋਚਣ ਲਈ ਮਜ਼ਬੂਰ ਕਰਨਗੀਆਂ।
|
|
|
ਸਾਡਾ ਇਹੋ ਤਖਤੋ–ਤਾਜ਼ |
ਮਨੁੱਖ
ਹਮੇਸ਼ਾ ਪਰਮਅਨੰਦ ਲੈਣ ਦੀ ਕੋਸ਼ਿਸ਼ ਵਿਚ ਲੱਗਾ ਰਹਿੰਦਾ ਹੈ।
ਕਦੇ
ਉਹ ਵੱਡੀ ਨੌਕਰੀ ਦੀ ਤਲਾਸ਼ ਕਰਦਾ ਹੈ ਤੇ ਕਦੇ ਉਹ ਵੱਡੀ ਤਾਕਤ ਦੀ।
ਜੇਕਰ ਕੁਝ ਨਾ ਲੱਭੇ ਤਾਂ ਸਾਹਿਤ ਸਭਾ ਦੀ ਪ੍ਰਧਾਨਗੀ ਹੀ ਲੱਭਦਾ ਫਿਰੇਗਾ।
ਜੇ
ਫੇਰ ਵੀ ਗੱਲ ਨਾ ਬਣੇ ਤਾਂ ਦੂਸਰੇ ਕੰਮ ਕਰਦੇ ਲੋਕਾਂ ਨੂੰ ਬੇਈਮਾਨ ਤਾਂ ਜਰੂਰ
ਆਖੇਗਾ।
ਜੇ
ਫੇਰ ਵੀ ਦਾਲ ਨਾ ਗਲ਼ੇ ਤਾਂ ਪ੍ਰਮਾਤਮਾ ਤੋਂ ਮਿਲੀ ਮਾੜੀ ਕਿਸਮਤ ਨੂੰ ਕੋਸੇਗਾ
ਅਤੇ ਆਪਣੇ ਹੀ ਮਾਂ–ਬਾਪ
ਦੀ,
ਆਪਣੀ ਹੀ
ਧਰਤੀ ਦੀ,
ਬਦਖੋਈ ਕਰਨੀ
ਸ਼ੁਰੂ ਕਰ ਦੇਵੇਗਾ।
ਚੈਨ
ਉਸਨੂੰ ਆਵੇਗੀ ਨਹੀਂ।
ਅਸਲ
ਵਿਚ ਇਹ ਸਭ ਕੁਝ ਉਦੋਂ ਵਾਪਰਦਾ ਹੈ ਜਦੋਂ ਮਨੁੱਖ ਆਪਣਾ ਸਹਿਜ ਖੋ ਬੈਠਦਾ ਹੈ।
ਆਪਣੇ ਛੋਟੇ ਛੋਟੇ ਲਾਲਚਾਂ ਨੂੰ ਆਪਣੀ ਲੋੜ ਸਮਝਣ ਲਗ ਪੈਂਦਾ ਹੈ ਅਤੇ ਦੂਸਰੇ ਦੇ
ਕੀਤੇ ਕਾਰਜਾਂ ਨੂੰ ਫਜ਼ੂਲ।
ਪਰ
ਜੋ ਲੋਕ ਕਿਸੇ ਛੱਪੜ ਦੇ ਕੰਢੇ,
ਢਾਹੇ ਦੀ
ਛਾਂ ਥੱਲੇ ਅਰਾਮ ਨਾਲ ਬੈਠ ਕੇ ਪਾਣੀ ਵਿਚ ਸੁਸਤਾਂਦੀਆਂ ਮੱਝਾਂ ਨੂੰ ਨਾਲੇ
ਨਿਹਾਰਦੇ ਰਹਿੰਦੇ ਹਨ ਤੇ ਨਾਲੇ ਛੋਟੀਆਂ ਛੋਟੀਆਂ ਜਾਤੀ ਜਿੱਤਾਂ–ਹਾਰਾਂ
ਨੂੰ ਵਾਕਾਂ ਵਿਚ ਬਦਲ ਕੇ ਅਪਣੇ ਮਨਾਂ ਨੂੰ ਇਕ ਦੂਜੇ ਨਾਲ ਸਾਂਝੇ ਕਰਦੇ ਰਹਿੰਦੇ
ਹਨ,
ਉਹੀ
ਪਰਮਅਨੰਦ ਪਾ ਸਕਦੇ ਹਨ।
ਪਰਮਅਨੰਦ ਦੀ ਕੋਈ ਉਤਲੀ ਜਾਂ ਹੇਠਲੀ ਸੀਮਾ ਨਹੀਂ ਹੁੰਦੀ,
ਨਾ
ਹੀ ਸਮਾਂ ਹੁੰਦਾ ਹੈ,
ਨਾ ਹੀ ਸਥਾਨ
ਹੁੰਦਾ ਹੈ।
ਇਹ
ਤਾਂ ਤੁਹਾਡੇ ਅੰਦਰੋਂ ਹੀ ਉੱਠਦਾ ਹੇ ਤੇ ਤੁਹਾਡੇ ਅੰਦਰ ਹੀ ਸਮਾ ਜਾਂਦਾ ਹੈ।
ਬਾਕੀ ਸਭ ਭਟਕਣ ਹੈ।
ਪੰਜਾਬੀਆਂ ਦੇ ਕਹਿਣ ਅਨੁਸਾਰ, ‘ਬੇਫਜ਼ੂਲ
ਭਟਕਣ।' |
ਬਿਜਲੀ ਕੱਟਾਂ ਲਈ ਧੰਨਵਾਦ |
ਪ੍ਰਸਿੱਧ
ਵਿਗਿਆਨੀ ਨਿਊਟਨ ਨੇ ਕਿਹਾ ਸੀ ਕਿ ਹਰ ਕਰਮ ਦਾ ਅਸਰ ਬਿਲਕੁਲ ਉਲਟ ਵੀ ਹੁੰਦਾ ਹੈ।
ਜੇਕਰ ਕੋਈ ਚੰਗੀ ਗੱਲ ਹੋਵੇ ਤਾਂ ਮਾੜੀ ਵੀ ਨਾਲ ਹੀ ਵਾਪਰੇਗੀ ਤੇ ਜੇਕਰ ਕੋਈ
ਮਾੜੀ ਗੱਲ ਹੋਵੇ ਤਾਂ ਚੰਗੀ ਵੀ ਨਾਲ ਹੀ ਵਾਪਰੇਗੀ।
ਅੱਜ
ਜਦੋਂ ਪੰਜਾਬ ਬਿਜਲੀ ਕੱਟਾਂ ਕਰਕੇ ਤਰਾਹਤਰਾਹ ਤੜਪ ਰਿਹਾ ਹੈ
-
ਸਭ
ਪਾਸੇ ਨਿਰਾਸ਼ਾ ਦਾ ਆਲਮ ਹੈ
-
ਤਾਂ
ਵੀ ਕਈ ਕੁਝ ਚੰਗਾ ਵਾਪਰ ਰਿਹਾ ਹੈ।
ਟਿਕੇ ਦੁਪਹਿਰੇ ਨੇ ਲੋਕਾਂ ਨੂੰ ਦਰਖਤਾਂ ਦੀਆਂ ਛਾਵਾਂ ਥੱਲੇ ਲੈ ਆਂਦਾ ਹੈ।
ਇੰਝ
ਦਰਖਤਾਂ ਦੀ ਜੋ ਬੇਕਦਰੀ ਹੋ ਗਈ ਸੀ,
ਉਸ ਵਿਚ
ਰੁਕਾਵਟ ਆਈ ਹੈ।
ਦਰਖਤ ਲਗਾਉਣੇ ਚਾਹੀਦੇ ਹਨ,
ਅੱਜ ਮਾਪੇ
ਬੱਚਿਆਂ ਨੂੰ ਸਮਝਾ ਰਹੇ ਹਨ।
ਹਰ
ਸੱਥ 'ਚ
ਲੋਕ ਜੁੜ ਕੇ ਬੈਠਣ ਲੱਗ ਪਏ ਹਨ।
ਇੰਜ
ਜਿੱਥੇ ਤਾਸ਼ ਦੀ ਸੀਪ ਲੱਗਦੀ ਹੈ ਉਥੇ ਨਾਲ ਹੀ ਰਾਜਨੀਤਕ ਲੋਕਾਂ ਦੀ ਵੀ ਸੀਪ
ਲੱਗੀ ਜਾਂਦੀ ਹੈ।
ਕੱਟਾਂ ਨੇ ਕਾਰਖਾਨੇ ਵਾਲਿਆਂ ਨੂੰ ਆਪਣੇ ਉਤਪਾਦਨ ਉੱਤੇ ਜ਼ੋਰ ਦੇਣ ਲਈ ਮਜ਼ਬੂਰ ਕਰ
ਦਿੱਤਾ ਹੈ।
ਮਿਲਦੀ ਬਿਜਲੀ ਨੂੰ ਹੁਣ ਅਜਾਂਈ ਨਹੀਂ ਜਾਣ ਦੇਂਦੇ।
ਦੂਸਰੇ ਪਾਸੇ ਝੋਨੇ ਦੀ ਹੁੰਮਸ,
ਸਰੀਰ ਨੂੰ
ਸਾੜਦੀ ਗਰਮੀ,
ਜੇਬ ਨੂੰ
ਨਰਮ ਕਰਦਾ ਡੀਜ਼ਲ,
ਤੇ ਘਟ ਰਹੀ
ਮਜ਼ਦੂਰਾਂ ਦੀ ਗਿਣਤੀ,
ਪੰਜਾਬ ਨੂੰ
ਛੇਤੀ ਹੀ ਇਕ ਇਤਿਹਾਸਕ ਮਸ਼ੀਨੀ ਇਨਕਲਾਬ ਵਲ ਲੈ ਜਾਣ ਦੇ ਸੰਕੇਤ ਹਨ।
ਕਹਿੰਦੇ ਹਨ ਕਿ ਲੋੜ ਈਜਾਦ ਦੀ ਮਾਂ ਹੈ।
ਇਸ
ਲਈ ਇਹ ਪੱਕੀ ਗੱਲ ਹੈ ਕਿ ਬਿਜਲੀ ਦੇ ਹਲ ਲਈ,
ਕੋਈ
ਨਾ ਕੋਈ ਸੂਰਮਾ ਨਵੀਂ ਖੋਜ ਕੱਢ ਹੀ ਲਵੇਗਾ।
ਫੇਰ
ਭਾਵੇਂ ਕੱਲੇ ਕੱਲੇ ਕਮਰੇ 'ਚ
ਏ ਸੀ ਲਾਕੇ ਬੈਠਿਓ,
ਪਰ ਤਦ ਤੱਕ
ਮਾਣੋ ਦਰਖਤਾਂ ਦੀਆਂ ਛਾਵਾਂ ਦਾ ਸਭਿਆਚਾਰਕ ਅਨੰਦ। |
ਸੋਚ ਦੀ ਚੱਕੀ ਚੱਲਦੀ ਚੰਗੀ |
ਪੱਥਰ
ਤਾਂ ਪੱਥਰ, ਸੋਚਾਂ ਨਾਲ ਘੜੇ ਪੱਥਰਾਂ ਦੇ ਡੈਮ ਬਣ ਜਾਂਦੇ ਹਨ ਸੈਂਕੜੇ ਮੀਲਾਂ
ਤੱਕ ਧਰਤੀ ਖੁਸ਼ਹਾਲ ਹੋ ਜਾਂਦੀ ਹੈ। ਹੋਰ ਤਾਂ ਹੋਰ ਪੱਥਰ ਨੂੰ ਰੂਹ ਨਾਲ ਘੜਿਆ
ਜਾਵੇ ਤਾਂ ਰੱਬ ਬਣ ਜਾਂਦਾ ਹੈ, ਜਿਸ ਦੇ ਚਰਨੀ ਦੁਨੀਆ ਨਮਸਕਾਰ ਕਰਨ ਲੱਗ ਪੈਂਦੀ
ਹੈ।
ਜੇਕਰ ਸਿਆਣੇ ਕਾਰੀਗਰ ਦਾ ਚੰਗੀ ਤਰ੍ਹਾਂ ਘੜਿਆ ਪੱਥਰ ਘੁੰਮਣ ਲੱਗੇ ਤਾਂ ਦਾਣਿਆਂ
ਤੋਂ ਆਟਾ ਬਣ ਕਿ ਰੋਟੀ ਦੀ ਤਿਆਰੀ ਹੋ ਜਾਂਦੀ ਹੈ ਅਤੇ ਅੰਨ ਦਾਤਾ ਸਭ ਤੋਂ ਉਤਮ
ਰੂਪ ਵਿਚ ਆ ਜਾਂਦਾ ਹੈ, ਇਸੇ ਤਰ੍ਹਾਂ ਜੇਕਰ ਸੋਚਾਂ ਦੀ ਚੱਕੀ ਸਿੱਧੇ ਪਾਸੇ
ਘੁੰਮਦੀ ਰਹੇ ਤਾਂ ਚੰਦ ਮਾਮੇ ਦਾ ਘਰ ਵੀ ਦੂਰ ਨਹੀਂ ਰਹਿੰਦਾ। ਸਿੱਧੇ ਰਾਹ
ਘੁੰਮਦੀਆਂ ਸੋਚਾਂ ਹੀ ਉਸਾਰੂ ਹੁੰਦੀਆਂ ਹਨ, ਇਹਨਾਂ ਸੋਚਾਂ ਨਾਲ ਹੀ ਸਮਾਜ ਦੀ
ਉਸਾਰੀ ਹੁੰਦੀ ਹੈ। ਭਵਿੱਖ ਦੇ ਸੰਸਾਰ ਦੀ ਰਚਨਾ ਸਾਡੇ ਬੱਚਿਆਂ ਨੇ ਕਰਨੀ ਹੁੰਦੀ
ਹੈ, ਇਹਨਾਂ ਨੂੰ ਦਿੱਤੀਆਂ ਚੰਗੀਆਂ ਸੋਚਾਂ ਨੇ ਸਮਾਜ ਦੀ ਵਿਸ਼ਾਲ ਬਣਤਰ ਦੀ ਨੀਂਹ
ਰੱਖਣੀ ਹੈ। ਇਸ ਲਈ ਸੋਚਾਂ ਦੀ ਚੱਕੀ ਕਦੇ ਵੀ ਰੁੱਕਣੀ ਨਹੀਂ ਚਾਹੀਦੀ, ਰੁੱਕੀ
ਚੱਕੀ ਤਾਂ ਪੱਥਰ ਬਣ ਜਾਂਦੀ ਹੈ। ਪਥਰਾਈ ਸੋਚ ਤੇ ਕਿਸੇ ਨਾ ਕਿਸੇ ਨੇ ਤਾਂ ਕਬਜ਼ਾ
ਕਰ ਹੀ ਲੈਣਾ ਹੈ। ਪਥਰਾਈ ਸੋਚ ਦਾ ਮਾਲਿਕ ਕਿਸੇ ਦਾ ਕਿਸੇ ਦਿਨ ਸਿਰਫ਼ ਨਿਰਜਿੰਦ
ਸਿੰਘਾਸਣ ਬਣ ਜਾਵੇਗਾ ਅਤੇ ਉਸ ਦੀ ਅਥਾਹ ਸ਼ਕਤੀ, ਧਰਤੀ ਦੇ ਕਿਸੇ ਹਿੱਸੇ ਤੇ ਬੋਝ
ਬਣ ਜਾਵੇਗੀ। ਇਸ ਲਈ ਸੋਚਾਂ ਦੀ ਚੱਕੀ ਚੱਲਦੀ ਰਹਿਣੀ ਚਾਹੀਦੀ ਹੈ ਬੇਸ਼ੱਕ ਹੌਲੀ
ਹੀ ਸਹੀ। ਚਲਦੀ ਚੱਕੀ ਸਮਾਜ ਦਾ ਕੁਝ ਨਾ ਕੁਝ ਤਾਂ ਭਲਾ ਕਰਦੀ ਹੀ ਰਹੇਗੀ।
|
ਖੇਤੀ ਵਿਚ ਨਵਾਂ
ਇਨਕਲਾਬ |
ਕਈ
ਦਹਾਕੇ ਪਹਿਲੋਂ ਆਇਆ ਖੇਤੀ ਇਨਕਲਾਬ ਅੱਜ ਸਮੇਂ ਅਤੇ ਬਦਲਦੇ ਹਾਲਾਤਾਂ ਦੀ ਭੇਟਾ
ਚੜ੍ਹ ਚੁੱਕਿਆ ਹੈ। ਅੱਜ ਦੇ ਯੁੱਗ ਵਿਚ ਸਿਰਫ ਸੋਚ ਹੀ ਨਹੀਂ ਬਦਲੀ ਹੈ ਸਗੋਂ
ਸੋਚਣ ਦਾ ਢੰਗ ਵੀ ਬਦਲ ਗਿਆ ਹੈ। ਆਰਥਿਕ ਤੰਗੀ ਤੇ ਜੀਊਣ ਦੇ ਵਧਦੇ ਖਰਚੇ,
ਲੋਕਾਂ ਨੂੰ ਮਜ਼ਬੂਰ ਕਰ ਰਹੇ ਹਨ ਕਿ ਉਹ ਆਪਣੇ ਕੰਮ ਕਰਨ ਦੇ ਰੰਗ ਢੰਗ ਬਦਲਣ।
ਹਾਲੇ ਵੀ ਪੰਜਾਬ ਦੇ ਲੋਕ ਠੱਗੀ–ਠੋਰੀ ਨਾਲੋਂ ਕੰਮ ਕਰਕੇ ਪੈਸੇ ਕਮਾਉਣ ਨੂੰ
ਤਰਜੀਹ ਦੇਂਦੇ ਹਨ। ਇਸੇ ਕਰਕੇ ਆਪੋ ਆਪਣੇ ਕੰਮਾਂ ਕਾਰਾਂ ਵਿਚ ਉਹ ਨਿੱਤ ਦਿਨ
ਨਵੇਂ ਤਜ਼ਰਬੇ ਕਰਦੇ ਰਹਿੰਦੇ ਹਨ ਜਾਂ ਕਿਸੇ ਹੋਰ ਥਾਂ ਤੇ ਹੋਏ ਤਜ਼ਰਬਿਆਂ ਨੂੰ
ਅਪਣਾ ਲੈਂਦੇ ਹਨ। ਇਹੋ ਜਿਹਾ ਹੀ ਇਕ ਤਜ਼ਰਬਾ ਹੈ ਫੁਆਰਾ ਸਿੰਜਾਈ। ਇਸ ਦੇ ਲਾਉਣ
ਉਤੇ ਸਬਸਿਡੀ ਤਾਂ ਮਿਲਦੀ ਹੀ ਹੈ, ਪਰ ਇਹ ਖੁਦ ਇਕ ਕਾਮਯਾਬ ਤਰੀਕਾ ਹੈ ਖਰਚ
ਬਚਾਉਣ ਦਾ। ਤਕਰੀਬਨ 4 ਘੰਟੇ ਵਿਚ ਇਹ 3 ਏਕੜ ਦੀ ਰੌਣੀ ਕਰ ਦਿੰਦੇ ਹਨ ਤੇ ਫਸਲ
ਵਾਹੁਣ ਲਈ ਜ਼ਮੀਨ ਵੀ ਛੇਤੀ ਪੈਰਧਰਾਵੀ ਹੋ ਜਾਂਦੀ ਹੈ। ਇਸ ਵਿਚ ਬੀਜਣ ਲਈ, ਡਰਿਲ
ਜਾਂ ਹੋਰ ਸੰਦ ਟਰੈਕਟਰ ਨਾਲ ਵਰਤੇ ਜਾ ਸਕਦੇ ਹਨ। ਖਰਚੇ ਦੀ ਬਚਤ ਵੀ ਹੋ ਜਾਂਦੀ
ਹੈ ਤੇ ਸਮਾਂ ਵੀ ਬਚਦਾ ਹੈ। ਜਿਹਨਾਂ ਕਿਸਾਨਾਂ ਤੇ ਝੋਨੇ ਜਾਂ ਬਾਸਮਤੀ ਨੂੰ
ਦਲੇਰ ਵੱਟਾਂ ਉਤੇ ਲਾਇਆ ਹੈ ਉਹ ਇਸ ਤਰੀਕੇ ਨਾਲ ਫਸਲ ਦੀ ਸਿੰਜਾਈ ਬਹੁਤ ਘੱਟ
ਪਾਣੀ ਨਾਲ ਕਰ ਸਕਦੇ ਹਨ। ਮਿਰਚਾਂ, ਆਲੂ , ਹਲਦੀ, ਕਮਾਦ, ਮੈਂਥਾ ਆਦਿ ਸਭ
ਫਸਲਾਂ ਇਸ ਤਰੀਕੇ ਨਾਲ ਸਿੰਜੀਆਂ ਜਾ ਸਕਦੀਆਂ ਹਨ। ਸ਼ਾਇਦ ਇਹੋ ਪੰਜਾਬ ਦੀ ਖੇਤੀ
ਸਿੰਜਾਈ ਦਾ ਭਵਿੱਖ ਹੈ। |
ਕਿਸਾਨ ਨੂੰ
ਬੋਲਣ ਦਿਓ |
ਪੰਜਾਬ
ਦੇ ਕਿਸਾਨ ਦੀ ਇਕ ਸਿਫਤ ਹੈ ਕਿ ਉਹ ਪਹਿਲੀ ਵਾਰੀ ਕਿਸੇ ਦੀ ਗੱਲ ਨਹੀਂ ਮੰਨਦਾ।
ਇਸੇ ਆਦਤ ਨੂੰ ਅੱਗੇ ਤੋਰਦੇ ਹੋਏ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਪੰਜਾਬ
ਦੀ ਕਿਸਾਨੀ ਨਾਲ ਜੁੜੇ ਅਧਿਕਾਰੀ ਤੇ ਵਿਗਿਆਨੀ ਕਦੇ ਵੀ ਕਿਸੇ ਦੀ ਗੱਲ ਨਹੀਂ
ਮੰਨਦੇ। ਅੱਜ ਦੇ ਕਿਸਾਨੀ ਦੇ ਸੰਕਟ ਲਈ ਇਹ ਦੋਵੇਂ ਇੱਕੋ ਜਿਹੇ ਕਸੂਰਵਾਰ ਹਨ।
ਭਾਵੇਂ ਕਿ ਸਾਰਿਆਂ ਨੂੰ ਇਕੋ ਰੱਸੇ ਨਾਲ ਨਹੀਂ ਬੰਨਿਆਂ ਜਾ ਸਕਦਾ ਪਰ ਇਹ ਗੱਲ
ਦਾਵੇ ਨਾਲ ਕਹੀ ਜਾ ਸਕਦੀ ਹੈ ਕਿ ਜੇਕਰ ਵਿਗਿਆਨੀ ਆਪਣੀ ਵਿਦਵਤਾ ਦੀ ਹੈਂਕੜ ਛੱਡ
ਕਿ ਕਿਸਾਨਾਂ ਨੂੰ ਸੁਨਣ ਲੱਗ ਪੈਣ, ਕਿਸਾਨਾਂ ਵੱਲੋਂ ਕੀਤੀਆਂ ਛੋਟੀਆਂ ਛੋਟੀਆਂ
ਖੋਜਾਂ ਨੂੰ ਹਵਾਲੇ ਨਾਲ ਸੋਧਣ ਲੱਗ ਪੈਣ ਤਾਂ ਪੰਜਾਬ ਦੀ ਕਿਸਾਨੀ ਦੀਆਂ ਆਰਥਿਕ
ਤੇ ਸਾਧਨਾਂ ਸਬੰਧੀ ਮੁਸ਼ਕਲਾਂ ਬਹੁਤ ਘੱਟ ਸਕਦੀਆਂ ਹਨ। ਅਕਸਰ ਹੀ ਦੇਖਦੇ ਹਾਂ ਕਿ
ਕਿਸਾਨਾਂ ਦੀਆਂ ਖੋਜਾਂ ਨੂੰ ਮਾਮੂਲੀ ਜਾਂ ਗੈਰ–ਜ਼ਰੂਰੀ ਕਹਿ ਕਿ ਨਕਾਰ ਦਿੱਤਾ
ਜਾਂਦਾ ਹੈ। ਫੇਰ ਕੁਝ ਸਮੇਂ ਬਾਅਦ ਇਹੋ ਖੋਜਾਂ ਹੋਰ ਰੂਪ ਵਿਚ ਕਿਸਾਨਾਂ ਨੂੰ ਹੀ
ਵੇਚਣਯੋਗ ਬਣਾ ਦਿੱਤੀਆਂ ਜਾਂਦੀਆਂ ਹਨ। ਕੇਂਦਰੀ ਸੰਸਥਾਵਾਂ ਤੋਂ ਖੋਜ ਦੇ ਨਾਮ
ਤੇ ਪੈਸੇ ਲੈ ਕੇ ਖਰਚ ਲਏ ਜਾਂਦੇ ਹਨ। ਯਾਦ ਰੱਖੋ : ਖੋਜ ਕੋਈ ਵੀ ਕਰ ਸਕਦਾ ਹੈ,
ਖੋਜ ਕੀਤੀ ਨਹੀਂ ਜਾਂਦੀ, ਹੋ ਜਾਂਦੀ ਹੈ। ਕਿਸਾਨਾਂ ਤੇ ਵਿਗਿਆਨੀਆਂ ਵਿੱਚ
ਸਮਾਜਿਕ ਤੇ ਸੂਝ ਬੂਝ ਦੇ ਤਾਲਮੇਲ ਦੀ ਘਾਟ ਰੜਕ ਰਹੀ ਹੈ। ਭਾਵੇਂ ਦੇਖਣ ਨੂੰ ਇਹ
ਗੱਲ ਛੋਟੀ ਲੱਗਦੀ ਹੈ ਪਰ ਹੈ ਬੜੀ ਅਹਿਮ, ਬਸ ਲੋੜ ਹੈ ਕਿ ਕਿਸਾਨ ਨੂੰ ਬੋਲਣ
ਦਿਓ। ਉਸਦੀ ਨਿੱਤ ਦਿਨ ਦੀ ਕਾਰਗੁਜ਼ਾਰੀ ਤੋਂ ਉੱਪਜੇ ਫੈਸਲੇ ਧਿਆਨ ਨਾਲ ਸੁਣੋ ਤੇ
ਉਹਨਾਂ ਵਿਚ ਨਿਖਾਰ ਲਿਆਓ। ਜ਼ਰੂਰੀ ਨਹੀਂ ਕਿ ਕਿਤਾਬਾਂ 'ਚੋਂ ਨਿਕਲੀ ਡਿਗਰੀਆਂ
ਦੀ ਧਾਰ, ਲੋਕ ਮਨਾਂ ਨੂੰ ਚੀਰਦੀ ਹੋਵੇ। ਜ਼ਰਾ ਇੱਕ ਉਪਰਾਲਾ ਕਰਕੇ ਤਾਂ ਵੇਖੋ।
ਕਿਸੇ ਅੰਕੂਰ ਨੂੰ ਫੁੱਟਣ ਤਾਂ ਦਿਓ। ਚੰਗੇ ਨਤੀਜੇ ਜ਼ਰੂਰ ਨਿੱਕਲਣਗੇ । |
ਭੈਅ ਜੰਗਲੀਂ
ਨਹੀਂ ਵਸਦਾ! |
ਸਾਡੀ ਜ਼ਿੰਦਗੀ ਦਾ ਹਿੱਸਾ ਹਨ ਇਹ ਜੰਗਲ, ਤੇ ਇਹ ਪੰਛੀ। ਇੰਨ੍ਹਾਂ ਤੋਂ ਬਗੈਰ ਜਿਊਣ
ਦੀ ਕਲਪਨਾ ਕਰਨੀ ਵੀ ਔਖੀ ਹੈ। ਯੁੱਗਾਂ ਯੁੱਗਾਂ ਦਾ ਸਾਥ, ਪਰ ਮਨੁੱਖ ਇਕੱਲਾ ਜੰਗਲਾਂ
ਵਿੱਚ ਜਾਣ ਤੋਂ ਡਰਦਾ ਹੈ ਕਿ ਕੋਈ ਓਥੇ ਖਤਰਾ ਨਾ ਹੋਵੇ, ਜੇਕਰ ਮਨੁੱਖ ਨੂੰ ਇਹ
ਅਹਿਸਾਸ ਹੋ ਜਾਵੇ ਕਿ ਮੇਰੇ ਤੋਂ ਬਿਨਾਂ ਕੋਈ ਹੋਰ ਇੱਥੇ ਹੈ ਹੀ ਨਹੀਂ, ਕਦੇ ਨਹੀਂ
ਡਰਦਾ। ਜੇਕਰ ਕੋਈ ਦੂਜਾ ਹੋਵੇ ਅਤੇ ਉਹ ਆਪਣਾ ਬਣ ਜਾਵੇ ਫਿਰ ਵੀ ਨਹੀਂ ਡਰਦਾ। ਡਰ
ਬਗਾਨੇ ਤੋਂ ਲੱਗਦਾ ਹੈ, ਇਸੇ ਲਈ ਪੰਛੀ ਜੰਗਲਾਂ ਤੋਂ ਨਹੀਂ ਡਰਦੇ ਕਿਉਂਕਿ ਉਹਨਾਂ ਲਈ
ਉੱਥੇ ਕੋਈ ਬਿਗਾਨ ਹੁੰਦਾ ਹੀ ਨਹੀਂ। ਸਭ ਆਪਣੇ ਹੁੰਦੇ ਹਨ। ਨਾਂ ਹੀ ਮਨੁੱਖ ਵਾਂਗ
ਕੋਈ ਦੌਲਤ ਇਕੱਠੀ ਕੀਤੀ ਹੁੰਦੀ ਹੈ ਕਿ ਕੋਈ ਚੋਰੀ ਕਰ ਲਵੇਗਾ ਜਾਂ ਖੋਹ ਲਵੇਗਾ, ਨਾ
ਹੀ ਅਨਾਜ ਦਾ ਭੰਡਾਰ ਕੀਤਾ ਹੁੰਦਾ ਹੈ ਕਿ ਡਰ ਹੋਵੇ ਕਿਤੇ ਮੀਂਹ ਵਿਚ ਭਿੱਜ ਹੀ ਨਾ
ਜਾਵੇ। ਨਾ ਹੀ ਬਿਜਲੀ ਜਾਣ ਦਾ ਡਰ ਹੁੰਦਾ ਹੈ ਕਿ ਫਰਿਜਾਂ ਵਿੱਚਲਾ ਭੋਜਨ ਹੀ ਖਰਾਬ
ਨਾ ਹੋ ਜਾਵੇ। ਜੇਕਰ ਥੋੜ੍ਹਾ ਬਹੁਤਾ ਡਰ ਹੁੰਦਾ ਹੈ, ਕੁਦਰਤ ਵੱਲੋਂ ਲਾਈ ਜੁੰਮੇਵਾਰੀ
ਨਿਭਾਉਣ ਦਾ ਆਂਡੇ ਅਤੇ ਬੱਚਿਆਂ ਦੀ ਸਾਂਭ–ਸੰਭਾਲ ਦਾ ਤਾਂ ਜੋ ਇਹ ਧਰਤੀ ਅਤੇ ਇਹ
ਜੰਗਲ ਪੰਛੀਆਂ ਨਾਲ ਹਮੇਸ਼ਾ ਚਹਿਕਦੇ ਰਹਿਣ। ਇਕ ਦੂਜੇ ਲਈ ਸਹਾਰਾ ਬਣੇ ਰਹਿਣ ਅਤੇ
ਧਰਤੀ ਵਸਦੀ ਰਸਦੀ ਰਹੇ। |
|
|