ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪਾਣੀ ਦਾ ਜ਼ਿਕਰ ਹੋਣਾ ਤੇ ਇਸਨੂੰ ਉੱਚਾ ਦਰਜਾ
ਦਿੱਤਾ ਜਾਣਾ, ਪਾਣੀ ਦੀ ਮਹੱਤਾ ਬਿਆਨ ਕਰ ਦਿੰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ
ਜਿਹੜੀਆਂ ਖੋਜਾਂ ਰਾਹੀਂ ਵਿਗਿਆਨੀ ਪਾਣੀ ਦੀ ਲੋੜ ਬਾਰੇ ਮਨੁੱਖ ਨੂੰ ਹੁਣ ਚੇਤੰਨ ਕਰ
ਰਹੇ ਹਨ, ਉਸ ਬਾਰੇ ਗੁਰੂ ਸਾਹਿਬ ਨੂੰ ਉਦੋਂ ਹੀ ਪੂਰੀ ਜਾਣਕਾਰੀ ਸੀ।
ਕੁੱਝ ਜ਼ਰੂਰੀ ਤੱਥ :
1. ਧਰਤੀ ਉੱਤੇ ਮੌਜੂਦ ਪਾਣੀ ਵਿੱਚੋਂ ਸਿਰਫ਼ ਤਿੰਨ ਫੀਸਦੀ ਹੀ ਤਾਜ਼ਾ ਪਾਣੀ ਹੈ।
2. ਇਸ ਵਿੱਚੋਂ ਸਿਰਫ਼ 0.003 ਫੀਸਦੀ ਪਾਣੀ ਹੀ ਵਰਤੋਂ ਵਿਚ ਲਿਆਇਆ ਜਾ ਰਿਹਾ ਹੈ।
3. ਬਾਕੀ 2.997 ਫੀਸਦੀ ਗਲੇਸ਼ੀਅਰ ਜਾਂ ਆਈਸਬਰਗ ਵਿਚ ਬੰਦ ਹੈ।
4. ਇਸ ਸਾਰੇ ਵਰਤੋਂ ਵਿਚ ਆ ਰਹੇ ਪਾਣੀ ਵਿੱਚੋਂ 0.75 ਫੀਸਦੀ ਪਾਣੀ ਅਸੀਂ
ਗੁਸਲਖ਼ਾਨਿਆਂ ਵਿਚ ਵਰਤ ਰਹੇ ਹਾਂ।
ਜਿੱਥੋਂ ਤਕ ਇਨਸਾਨੀ ਸਰੀਰ ਅੰਦਰ ਪਾਣੀ ਦੀ ਮਹੱਤਾ ਦਾ ਸਵਾਲ ਹੈ, ਉਹ ਹੇਠ ਲਿਖੇ
ਤੱਥ ਸਪਸ਼ਟ ਕਰ ਦਿੰਦੇ ਹਨ :
1. ਇਨਸਾਨੀ ਸਰੀਰ ਦੇ ਦੋ ਤਿਹਾਈ ਹਿੱਸੇ ਵਿਚ ਕਿਸੇ ਨਾ ਕਿਸੇ ਸ਼ਕਲ ਵਿਚ ਪਾਣੀ
ਭਰਿਆ ਪਿਆ ਹੈ।
2. ਸਰੀਰ ਦੇ ਸਾਰੇ ਅੰਗਾਂ ਦੇ ਕੰਮ ਕਾਰ ਵਿਚ ਪਾਣੀ ਅਹਿਮ ਭੂਮਿਕਾ ਨਿਭਾਉਂਦਾ ਹੈ।
3. ਸਰੀਰ ਦੇ ਸਾਰੇ ਰਸ ਪਾਣੀ ਭਰਪੂਰ ਹਨ, ਭਾਵੇਂ ਥੁੱਕ ਹੋਵੇ, ਜੋੜਾਂ ਵਿਚਲਾ ਤਰਲ
ਹੋਵੇ ਜਾਂ ਦਿਮਾਗ਼ ਅੰਦਰਲੇ ਰਸ।
4. ਸਰੀਰ ਦੇ ਹਰ ਸੈੱਲ ਅੰਦਰ ਪਾਣੀ ਮੌਜੂਦ ਹੈ।
5. ਖ਼ੁਰਾਕ ਵਿੱਚੋਂ ਲਹੂ ਤੱਕ ਲੋੜੀਂਦੇ ਤੱਤ ਪਹੁੰਚਾਉਣ ਲਈ ਵੀ ਪਾਣੀ ਦੀ ਲੋੜ ਹੁੰਦੀ
ਹੈ।
6. ਸਰੀਰ ਦਾ ਤਾਪਮਾਨ ਸਹੀ ਰੱਖਣ ਵਿਚ ਵੀ ਪਾਣੀ ਦਾ ਅਹਿਮ ਰੋਲ ਹੈ।
7. ਪਾਣੀ ਫੇਫੜਿਆਂ ਅੰਦਰਲੀ ਹਵਾ ਵਿਚ ਨਮੀ ਸਹੀ ਰੱਖਦਾ ਹੈ।
8. ਪਿਸ਼ਾਬ ਬਣਾ ਕੇ ਸਰੀਰ ਅੰਦਰੋਂ ਗੰਦਗੀ ਬਾਹਰ ਕੱਢਦਾ ਹੈ।
ਇਨਾਂ ਸਾਰੇ ਕੰਮਾਂ ਲਈ ਸਰੀਰ ਨੂੰ ਰੋਜ਼ ਲਗਭਗ ਦੋ ਤੋਂ ਢਾਈ ਲਿਟਰ ਤੱਕ ਪਾਣੀ
ਚਾਹੀਦਾ ਹੁੰਦਾ ਹੈ। ਖਾਣੇ ਵਿੱਚੋਂ ਲਗਭਗ ਇਕ ਲਿਟਰ ਪਾਣੀ ਦਾਲਾਂ ਸਬਜ਼ੀਆਂ ਰਾਹੀਂ
ਸਰੀਰ ਅੰਦਰ ਚਲਾ ਜਾਂਦਾ ਹੈ ਪਰ ਬਾਕੀ ਦਾ ਪਾਣੀ - ਦੁੱਧ, ਚਾਹ, ਜੂਸ, ਸਕੰਜਵੀਂ,
ਲੱਸੀ, ਸਾਦੇ ਪਾਣੀ ਆਦਿ ਰਾਹੀਂ ਸਰੀਰ ਅੰਦਰ ਪਹੁੰਚਦਾ ਹੈ।
ਪੱਠਿਆਂ ਦੇ ਸੈੱਲਾਂ ਵਿਚ 75 ਪ੍ਰਤੀਸ਼ਤ ਪਾਣੀ ਭਰਿਆ ਹੁੰਦਾ ਹੈ। ਦਿਮਾਗ਼ ਦੇ
ਸੈੱਲਾਂ ਵਿਚ 90 ਪ੍ਰਤੀਸ਼ਤ, ਹੱਡੀਆਂ ਵਿਚ 22 ਪ੍ਰਤੀਸ਼ਤ ਤੇ ਲਹੂ ਵਿਚ 83 ਪ੍ਰਤੀਸ਼ਤ
ਤਰਲ ਹੁੰਦਾ ਹੈ।
ਇਸੇ ਲਈ 8 ਗਿਲਾਸ ਪਾਣੀ ਜਾਂ ਹੋਰ ਪੀਣ ਵਾਲੇ ਪਦਾਰਥ ਰੋਜ਼ਾਨਾ ਲੈਣੇ ਜ਼ਰੂਰੀ ਹਨ।
ਲੋੜ ਤੋਂ ਵਧ ਪਾਣੀ ਪੀਣਾ ਵੀ ਕਈ ਬੀਮਾਰੀਆਂ ਜਿਵੇਂ ਦਿਲ, ਗ਼ੁਰਦੇ ਦੇ ਰੋਗ ਆਦਿ ਵਿਚ
ਨੁਕਸਾਨ ਪਹੁੰਚਾ ਸਕਦਾ ਹੈ। ਨਾਰਮਲ ਸਰੀਰ ਤਾਂ ਲੋੜੋਂ ਵੱਧ ਪਾਣੀ ਪੀਤਾ ਗੁਰਦੇ
ਵਿੱਚੋਂ ਪਿਸ਼ਾਬ ਰਾਹੀਂ ਕੱਢ ਦਿੰਦਾ ਹੈ। ਵਾਧੂ ਪਸੀਨਾ ਆਉਣ ਉੱਤੇ, ਮਾਹਵਾਰੀ ਦੌਰਾਨ,
ਗਰਭਵਤੀ ਔਰਤ ਜਾਂ ਦੁੱਧ ਪਿਆਉਂਦੀ ਮਾਂ ਨੂੰ ਵੱਧ ਪਾਣੀ ਪੀਣ ਦੀ ਲੋੜ ਪੈਂਦੀ ਹੈ।
ਇੰਜ ਹੀ ਵਾਧੂ ਪ੍ਰੋਟੀਨ ਵਾਲੀ ਖ਼ੁਰਾਕ ਖਾਣ ਵਾਲਿਆਂ ਨੂੰ, ਉਲਟੀਆਂ ਟੱਟੀਆਂ ਲੱਗਣ
ਉੱਤੇ, ਵਾਧੂ ਫਾਈਬਰ ਖਾਣ ਵਾਲੇ ਨੂੰ ਤੇ ਬੁਖ਼ਾਰ ਚੜੇ ਵਿਚ ਵਾਧੂ ਪਾਣੀ ਪੀਣ ਦੀ ਲੋੜ
ਹੁੰਦੀ ਹੈ।
ਪਾਣੀ ਦੀ ਘਾਟ ਮਹਿਸੂਸ ਹੁੰਦੇ ਸਾਰ ਸਰੀਰ ਪਾਣੀ ਨੂੰ ਜ਼ਰੂਰੀ ਅੰਗਾਂ ਵਿਚ ਜਮਾਂ
ਕਰ ਕੇ ਬਾਕੀ ਪਾਸਿਓਂ ਪਾਣੀ ਘਟਾ ਲੈਂਦਾ ਹੈ। ਮਸਲਨ, ਪਸੀਨਾ ਆਉਣਾ ਘੱਟ ਹੋ ਜਾਂਦਾ
ਹੈ, ਪਿਸ਼ਾਬ ਘਟ ਆਉਂਦਾ ਹੈ ਤੇ ਪਿਸ਼ਾਬ ਦਾ ਰੰਗ ਗਾੜਾ ਪੀਲਾ ਹੋ ਜਾਂਦਾ ਹੈ, ਕਬਜ਼
ਹੋਣੀ, ਪੱਠਿਆਂ ਦੇ ਸੁੰਗੜਨ ਕਾਰਣ ਦਰਦ ਮਹਿਸੂਸ ਹੋਣੀ, ਬਲੱਡ ਪ੍ਰੈੱਸ਼ਰ ਘਟਣਾ, ਸਰੀਰ
ਦੀ ਹਿਲਜੁਲ ਘੱਟ ਹੋ ਜਾਣ ਸਦਕਾ ਥਕਾਵਟ ਮਹਿਸੂਸ ਹੋਣੀ, ਸਿਰ ਪੀੜ ਹੋਣੀ, ਆਦਿ।
ਜ਼ਿਆਦਾ ਪਾਣੀ ਘੱਟ ਹੋ ਜਾਣ ਨਾਲ ਬੁੱਲ ਸੁੱਕ ਜਾਂਦੇ ਹਨ ਤੇ ਬੁਲਾਂ ਵਿਚ ਚੀਰੇ ਪੈ
ਸਕਦੇ ਹਨ। ਬੰਦੇ ਨੂੰ ਪੂਰੀ ਹੋਸ਼ ਨਹੀਂ ਰਹਿੰਦੀ ਤੇ ਕੁੱਝ ਹੋਰ ਵੀ ਚੀਜ਼ਾਂ ਦਿਸਣ ਲੱਗ
ਪੈਂਦੀਆਂ ਹਨ। ਜੇ ਹਾਲੇ ਵੀ ਪਾਣੀ ਦੀ ਕਮੀ ਪੂਰੀ ਨਾ ਹੋਵੇ ਤਾਂ ਗੁਰਦੇ ਫੇਲ ਹੋਣ ਦੇ
ਨਾਲ ਮੌਤ ਹੋ ਸਕਦੀ ਹੈ।
ਸਾਡੇ ਦਿਮਾਗ਼ ਵਿਚਲੀ ਪੋਸਟੀਰੀਅਰ ਪਿਚੂਇਟਰੀ ਗ੍ਰੰਥੀ ਹੀ ਗੁਰਦੇ ਨੂੰ ਸੁਣੇਹਾ
ਪਹੁੰਚਾਉਂਦੀ ਹੈ ਕਿ ਪਾਣੀ ਦੀ ਸਰੀਰ ਅੰਦਰਲੀ ਮਾਤਰਾ ਅਨੁਸਾਰ ਪਿਸ਼ਾਬ ਵੱਧ ਜਾਂ ਘੱਟ
ਬਣਾਏ। ਜੇ ਸ਼ਰਾਬ ਪੀਤੀ ਜਾਏ ਤਾਂ ਇਹ ਸੁਣੇਹਾ ਪਹੁੰਚਾਉਣ ਦੇ ਕੰਮ ਵਿਚ ਗੜਬੜ ਹੋ
ਜਾਂਦੀ ਹੈ ਅਤੇ ਵਾਧੂ ਪੀਣ ਨਿਕਲ ਜਾਣ ਕਾਰਣ ਪਾਣੀ ਦੀ ਕਮੀ ਹੋ ਸਕਦੀ ਹੈ। ਖਾਣਾ ਖਾਣ
ਤੋਂ ਪਹਿਲਾਂ ਵਾਧੂ ਪਾਣੀ ਪੀਣ ਨਾਲ ਭੁੱਖ ਮਰ ਜਾਂਦੀ ਹੈ ਜਿਸ ਨਾਲ ਭਾਰ ਘਟਾਇਆ ਜਾ
ਸਕਦਾ ਹੈ। ਜੇ ਪਾਣੀ ਦੀ ਥਾਂ ਠੰਡੇ ਜਾਂ ਕੋਲਡ ਡਰਿੰਕ ਪੀਤੇ ਜਾਣ ਤਾਂ ਭਾਰ ਸਗੋਂ
ਵੱਧ ਜਾਂਦਾ ਹੈ।
ਜੇ ਲਗਾਤਾਰ ਤਿੰਨ ਤੋਂ ਪੰਜ ਦਿਨ ਤਕ ਪਾਣੀ ਨਾ ਪੀਤਾ ਜਾਏ ਤਾਂ ਮੌਤ ਹੋ ਸਕਦੀ
ਹੈ।
ਪਾਣੀ ਰਾਹੀਂ ਹੋ ਰਹੀਆਂ ਬੀਮਾਰੀਆਂ :
ਟਾਈਫਾਇਡ
ਟੱਟੀਆਂ ਉਲਟੀਆਂ
ਲੈਪਟੋਸਪਾਇਰੋਸਿਸ
ਹੈਪਾਟਾਈਟਿਸ
ਡੇਗੂੰ
ਮਲੇਰੀਆ
ਭਾਰਾ ਪਾਣੀ ਪੀਣ ਨਾਲ ਜਿਗਰ, ਗੁਰਦੇ ਦਾ ਫੇਲ ਹੋਣਾ
ਕੈਮਪਾਈਲੋਬੈਕਟਰ
ਕੌਲਰਾ
ਫੈਕਟਰੀ ਵਿੱਚੋਂ ਨਿਕਲੀ ਗੰਦਗੀ ਦੇ ਰਲੇ ਪਾਣੀ ਪੀਣ ਨਾਲ ਲੈਡ (ਸਿੱਕਾ), ਪਾਰੇ
ਤੇ ਕੋਬਾਲਟ ਦੇ ਮਾੜੇ ਅਸਰ ਹੋਣੇ
ਪਾਣੀ ਬਾਰੇ ਕੁੱਝ ਹੋਰ ਮਜ਼ੇਦਾਰ ਤੱਥ :
1. ਮਰਦਾਂ ਦੇ ਸਰੀਰ ਅੰਦਰ ਔਰਤਾਂ ਦੇ ਸਰੀਰ ਨਾਲੋਂ ਵੱਧ ਪਾਣੀ ਹੁੰਦਾ ਹੈ।
2. ਉਮਰ ਵਧਣ ਨਾਲ ਸਰੀਰ ਅੰਦਰੋਂ ਪਾਣੀ ਦੀ ਮਾਤਰਾ ਘਟਣ ਲੱਗ ਪੈਂਦੀ ਹੈ।
3. ਇਕ ਜਵਾਨ ਮਰਦ ਦੇ ਸਰੀਰ ਅੰਦਰੋਂ ਰੋਜ਼ ਢਾਈ ਤੋਂ ਤਿੰਨ ਲਿਟਰ ਪਾਣੀ ਬਾਹਰ ਨਿਕਲਦਾ
ਹੈ। ਗਰਮੀਆਂ ਵਿਚ ਅਤੇ ਵਾਧੂ ਕਸਰਤ ਨਾਲ ਵੱਧ ਪਾਣੀ ਨਿਕਲ ਜਾਂਦਾ ਹੈ।
4. ਬੁਢੇਪੇ ਵਿਚ ਲਗਭਗ 2 ਲਿਟਰ ਪਾਣੀ ਸਰੀਰ ਅੰਦਰੋਂ ਰੋਜ਼ ਬਾਹਰ ਨਿਕਲਦਾ ਹੈ।
5. ਤਿੰਨ ਘੰਟੇ ਦੇ ਹਵਾਈ ਜਹਾਜ਼ ਦੇ ਸਫ਼ਰ ਵਿਚ ਸਰੀਰ ਅੰਦਰੋਂ ਲਗਭਗ ਡੇਢ ਲਿਟਰ ਪਾਣੀ
ਘੱਟ ਹੋ ਜਾਂਦਾ ਹੈ।
6. ਪਾਣੀ ਸਦਕਾ ਅੱਖਾਂ ਤੇ ਰੀੜ ਦੀ ਹੱਡੀ ਝਟਕਿਆਂ ਦੇ ਮਾੜੇ ਅਸਰਾਂ ਤੋਂ ਬਚੀਆਂ
ਰਹਿੰਦੀਆਂ ਹਨ।
7. ਮਾਂ ਦੇ ਢਿੱਡ ਅੰਦਰ ਪਲ ਰਿਹਾ ਭਰੂਣ ਵੀ ਚੁਫੇਰੇ ਪਾਣੀ ਦੀ ਥੈਲੀ ਹੋਣ ਕਾਰਣ ਹੀ
ਸੱਟ ਫੇਟ ਤੋਂ ਬਚਿਆ ਰਹਿੰਦਾ ਹੈ।
ਬੱਚਿਆਂ ਵਿਚ ਪਾਣੀ ਦੀ ਰੋਜ਼ਾਨਾ ਦੀ ਪੀਣ ਦੀ ਮਾਤਰਾ ਉਮਰ ਦੇ ਹਿਸਾਬ ਨਾਲ ਵੱਖ
ਹੁੰਦੀ ਹੈ।
- 0 ਤੋਂ ਛੇ ਮਹੀਨੇ ਦੀ ਉਮਰ ਤੱਕ - 0.7 ਲਿਟਰ ਪ੍ਰਤੀਦਿਨ ਮਾਂ ਦਾ ਦੁੱਧ
- ਸੱਤ ਤੋਂ 12 ਮਹੀਨੇ ਦੀ ਉਮਰ ਤੱਕ - 0.9 ਲਿਟਰ ਵਾਲੇ ਪਦਾਰਥ ਪ੍ਰਤੀਦਿਨ ਪੀਣ
ਵਾਲੇ ਪਦਾਰਥ
- ਇਕ ਤੋਂ ਤਿੰਨ ਸਾਲ ਦੀ ਉਮਰ ਤੱਕ - ਇਕ ਲਿਟਰ ਪ੍ਰਤੀਦਿਨ ਪਾਣੀ
- 4-8 ਸਾਲ - 1.2 ਲਿਟਰ ਪ੍ਰਤੀਦਿਨ ਪਾਣੀ
- 9-13 ਸਾਲ ਦੀ ਉਮਰ ਤੱਕ ਕੁੜੀਆਂ - 1.4 ਲਿਟਰ ਪ੍ਰਤੀਦਿਨ ਪਾਣੀ
ਮੁੰਡੇ - 1.6 ਲਿਟਰ ਪ੍ਰਤੀਦਿਨ ਪਾਣੀ
- 14-18 ਸਾਲ ਦੀ ਉਮਰ ਤੱਕ ਕੁੜੀਆਂ - 1.6 ਲਿਟਰ ਪ੍ਰਤੀਦਿਨ ਪਾਣੀ
ਮੁੰਡੇ - 1.9 ਲਿਟਰ ਪ੍ਰਤੀਦਿਨ ਪਾਣੀ
- ਔਰਤਾਂ - 2.1 ਲਿਟਰ ਪ੍ਰਤੀਦਿਨ ਪਾਣੀ
- ਆਦਮੀ - 2.6 ਲਿਟਰ ਪ੍ਰਤੀਦਿਨ ਪਾਣੀ
ਬਜ਼ੁਰਗ ਅਤੇ ਪਾਣੀ :
ਬਜ਼ੁਰਗਾਂ ਵਿਚ ਪਾਣੀ ਦੀ ਕਮੀ ਛੇਤੀ ਹੋ ਜਾਂਦੀ ਹੈ। ਪਾਣੀ ਦੀ ਕਮੀ ਹੋਣ ਤੇ
ਬਾਵਜੂਦ ਵੱਡੀ ਉਮਰ ਵਿਚ ਛੇਤੀ ਪਿਆਸ ਮਹਿਸੂਸ ਨਹੀਂ ਹੁੰਦੀ।
ਬੁਢੇਪੇ ਵਿਚ ਪਾਣੀ ਦੀ ਘਾਟ ਦੇ ਕਾਰਣ ਹਨ :
- ਗੁਰਦੇ ਦਾ ਘੱਟ ਕੰਮ ਕਰਨਾ
- ਹਾਰਮੋਨਾਂ ਵਿਚ ਬਦਲਾਓ
- ਕੁੱਝ ਦਵਾਈਆਂ ਦੇ ਖਾਣ ਨਾਲ, ਜਿਵੇਂ ਪਿਸ਼ਾਬ ਵੱਧ ਲਿਆਉਣ ਵਾਲੀਆਂ ਜਾਂ ਕਬਜ਼ ਖੋਲਣ
ਵਾਲੀਆਂ ਦਵਾਈਆਂ
- ਲੰਮੀ ਬੀਮਾਰੀ
- ਘੱਟ ਹਿਲਜੁਲ ਸਦਕਾ
ਸਰੀਰ ਅੰਦਰ ਵਾਧੂ ਪਾਣੀ ਦਾ ਜਮਾਂ ਹੋਣਾ
ਨਮਕ ਦੀ ਮਾਤਰਾ ਘੱਟ ਹੋ ਜਾਣ ਸਦਕਾ ਵਾਧੂ ਪਾਣੀ ਜਮਾਂ ਹੁੰਦੇ ਸਾਰ ਸਿਰ ਪੀੜ ਹੋਣੀ,
ਸਾਫ਼ ਨਾ ਦਿਸਣਾ, ਕੜਵੱਲ ਪੈਣੇ, ਦੌਰੇ ਪੈਣੇ, ਦਿਮਾਗ਼ ਦੀ ਸੋਜ਼ਿਸ਼, ਬੇਹੋਸ਼ੀ (ਕੋਮਾ),
ਮੌਤ ਆਦਿ ਹੋ ਸਕਦੇ ਹਨ।
ਆਮ ਨਾਰਮਲ ਬੰਦਿਆਂ ਵਿਚ ਅਜਿਹਾ ਨਹੀਂ ਹੁੰਦਾ ਪਰ ਐਥਲੀਟ, ਦਿਮਾਗ਼ੀ ਬੀਮਾਰੀ ਵਾਲੇ
ਮਰੀਜ਼ (ਸਕਿਜ਼ੋਫਰੀਨੀਆ, ਆਦਿ), ਨਿੱਕੇ ਬੱਚੇ (ਜਿਨਾਂ ਨੂੰ ਡੱਬੇ ਵਾਲੇ ਸੁੱਕੇ ਦੁੱਧ
ਵਿਚ ਪਾਣੀ ਪਾ ਕੇ ਪਿਆਇਆ ਜਾਂਦਾ ਹੈ), ਆਦਿ ਵਿਚ ਅਜਿਹਾ ਵੇਖਿਆ ਜਾਂਦਾ ਹੈ। ਦਿਲ
ਫੇਲ ਹੋਣਾ, ਗੁਰਦੇ ਫੇਲ ਹੋਣੇ, ਜਿਗਰ ਫੇਲ ਹੋਣਾ, ਲਹੂ ਦੇ ਸੈੱਲ ਟੁੱਟਣੇ ਆਦਿ ਨਾਲ
ਵੀ ਸਰੀਰ ਅੰਦਰ ਵਾਧੂ ਪਾਣੀ ਜਮਾਂ ਹੋ ਜਾਂਦਾ ਹੈ।
ਫਲਾਂ ਦੇ ਰਸ ਨਾਲੋਂ ਤਾਜ਼ੇ ਫਲ ਖਾਣੇ ਹਮੇਸ਼ਾ ਬਿਹਤਰ ਹੁੰਦੇ ਹਨ ਕਿਉਂਕਿ ਇਨਾਂ
ਵਿਚ ਫਾਈਬਰ ਹੁੰਦਾ ਹੈ ਤੇ ਸ਼ੱਕਰ ਦੀ ਮਾਤਰਾ ਵੀ ਘੱਟ ਹੁੰਦੀ ਹੈ।
ਅੰਤ ਵਿਚ ਇਹ ਗੱਲ ਸਪਸ਼ਟ ਕਰਨੀ ਜ਼ਰੂਰੀ ਹੈ ਕਿ ਜੇ ਵੇਲੇ ਸਿਰ ਅਸੀਂ ਪਾਣੀ ਦੀ ਸੰਭਾਲ
ਨਾ ਕੀਤੀ ਤੇ ਫਜ਼ੂਲ ਪਾਣੀ ਜ਼ਾਇਆ ਕਰਨ ਤੋਂ ਨਾ ਹਟੇ ਤਾਂ ਉਹ ਵੇਲਾ ਦੂਰ ਨਹੀਂ ਜਦੋਂ
ਤੇਲ ਦੇ ਖਹੂ ਜਾਂ ਹੀਰੇ ਜਵਾਹਰਾਤ ਹਾਸਲ ਕਰਨ ਦੀ ਥਾਂ ਸਾਫ਼ ਪੀਣ ਦੇ ਪਾਣੀ ਦੇ
ਸੋਮਿਆਂ ਨੂੰ ਹਾਸਲ ਕਰਨ ਲਈ ਵਿਸ਼ਵ ਯੁੱਧ ਸ਼ੁਰੂ ਹੋ ਜਾਣਗੇ!
ਪਾਣੀ ਦੀ ਲਗਾਤਾਰ ਆਉਂਦੀ ਕਿੱਲਤ ਤੇ ਇਸਦੀ ਇਨਸਾਨੀ ਸਰੀਰ ਲਈ ਮਹੱਤਾ ਵੇਖਦੇ ਹੋਏ
ਘੱਟੋ ਘੱਟ ਉਹ ਖ਼ੁਸ਼ਕਿਸਮਤ ਲੋਕ ਜਿਨਾਂ ਦੇ ਘਰ ਵਿਚ ਗੁਸਲਖ਼ਾਨੇ ਹਨ, ਏਨਾ ਤਾਂ ਕਰ ਹੀ
ਸਕਦੇ ਹਨ :-
1. ਬੁਰਸ਼ ਕਰਨ ਲੱਗਿਆਂ ਚੂਲੀ ਕਰਨ ਤਕ ਟੂਟੀ ਚੱਲਦੀ ਨਾ ਰਹਿਣ ਦਿੱਤੀ ਜਾਏ। ਏਨਾ
ਹੀ ਜੇ ਸਾਰਾ ਟੱਬਰ ਕਰੇ ਤਾਂ ਰੋਜ਼ 5 ਤੋਂ 10 ਲਿਟਰ ਤੱਕ ਪਾਣੀ ਦੀ ਬਚਤ ਹੋ ਜਾਂਦੀ
ਹੈ।
2. ਦਾੜੀ ਸ਼ੇਵ ਕਰਨ ਵੇਲੇ ਜੇ ਸ਼ੇਵ ਦੇ ਦੌਰਾਨ ਟੂਟੀ ਬੰਦ ਕਰ ਦੇਣ ਤਾਂ ਰੋਜ਼ 10 ਤੋਂ
15 ਲਿਟਰ ਪਾਣੀ ਅਜਾਈਂ ਰੁੜ ਜਾਣ ਤੋਂ ਬਚਦਾ ਹੈ।
3. ਜਿਨਾਂ ਦੇ ਘਰ ਨਹਾਉਣ ਲਈ ਸ਼ਾਵਰ ਜਾਂ ਫੁਆਰਾ ਲੱਗਿਆ ਹੈ, ਜੇ ਉਹ ਸਾਬਣ ਮਲਣ ਤੱਕ
ਦੇ ਸਮੇਂ ਲਈ ਟੂਟੀ ਬੰਦ ਕਰ ਦੇਣ ਤਾਂ ਰੋਜ਼ਾਨਾ 50 ਤੋਂ 70 ਲਿਟਰ ਪਾਣੀ ਦੀ ਬਚਤ
ਕੀਤੀ ਜਾ ਸਕਦੀ ਹੈ।
4. ਜੇ ਪਾਣੀ ਦੀ ਪਾਈਪ ਲੀਕ ਹੋ ਰਹੀ ਹੋਵੇ ਤਾਂ ਲਗਭਗ 400 ਤੋਂ 3000 ਲਿਟਰ ਪਾਣੀ
ਰੋਜ਼ ਦਾ ਜ਼ਾਇਆ ਹੋ ਜਾਂਦਾ ਹੈ, ਸੋ ਅਜਿਹੀ ਪਾਈਪ ਦੀ ਤੁਰੰਤ ਰਿਪੇਅਰ ਕਰਨ ਦੀ ਲੋੜ
ਹੁੰਦੀ ਹੈ।
5. ਜੇ ਮੂੰਹ ਹੱਥ ਧੋ ਕੇ ਤੌਲੀਏ ਨਾਲ ਪੂੰਝਣ ਤੋਂ ਪਹਿਲਾਂ ਟੂਟੀ ਬੰਦ ਕਰ ਦੇਈਏ ਤਾਂ
8 ਤੋਂ 15 ਲਿਟਰ ਪਾਣੀ ਅਜਾਈਂ ਵਹਿ ਜਾਣ ਤੋਂ ਬਚਾਇਆ ਜਾ ਸਕਦਾ ਹੈ।
ਆਓ ਰਲ ਮਿਲ ਕੇ ਪਾਣੀ ਨੂੰ ਸਾਂਭਣ ਦਾ ਜਤਨ ਕਰੀਏ ਤਾਂ ਜੋ ਸਾਡੀਆਂ ਆਉਣ ਵਾਲੀਆਂ
ਪੁਸ਼ਤਾਂ ਪਾਣੀ ਖੁਣੋਂ ਤਿਹਾਈਆਂ ਇਸ ਸੰਸਾਰ ਤੋਂ ਕੂਚ ਨਾ ਕਰ ਜਾਣ!
ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783 |