ਸਰੀਰ ਇਕ ਮਸ਼ੀਨ ਵਾਂਗ ਲਗਾਤਾਰ ਕੰਮ ਕਰਦਾ ਰਹਿੰਦਾ ਹੈ। ਇਸ ਦੇ ਪੁਰਾਣੇ ਸੈੱਲ
ਟੁੱਟਦੇ ਝੜਦੇ ਰਹਿੰਦੇ ਹਨ ਤੇ ਲਗਾਤਾਰ ਨਵੇਂ ਸੈੱਲ ਬਣਦੇ ਰਹਿੰਦੇ ਹਨ। ਪਰ, ਜਿਵੇਂ
ਪੁਰਾਣੀ ਮਸ਼ੀਨ ਦੇ ਕੁੱਝ ਪੁਰਜ਼ੇ ਘਸ ਜਾਂਦੇ ਹਨ ਤੇ ਕੁੱਝ ਤਬਦੀਲ ਕਰਨੇ ਪੈਂਦੇ ਹਨ
ਉਸੇ ਤਰਾਂ ਹੀ ਸਰੀਰ ਦੇ ਕਈ ਅੰਗ ਘਸ ਜਾਂਦੇ ਹਨ ਤੇ ਕਈਆਂ ਵਿਚ ਨੁਕਸ ਪੈ ਜਾਂਦਾ ਹੈ
ਜਿਸ ਦਾ ਇਲਾਜ ਕਰਨਾ ਪੈਂਦਾ ਹੈ।
1. ਪਹਿਲਾਂ ਗੱਲ ਕਰੀਏ ਸੈੱਲਾਂ ਦੀ :
ਪੁਰਾਣੇ ਸੈੱਲ ਟੁੱਟ ਕੇ ਨਵੇਂ ਬਣਨਾ ਤਾਂ ਇਨਸਾਨੀ ਸਰੀਰ ਦਾ ਦਸਤੂਰ ਹੈ। ਸੈੱਲ
ਅੰਦਰਲੇ 'ਜੀਨ' ਹੀ ਕੁਦਰਤ ਨੇ ਅਜਿਹੇ ਬਣਾਏ ਹਨ ਕਿ ਕੰਪਿਊਟਰ ਦੇ ਪ੍ਰੋਗਰਾਮ ਵਾਂਗ
ਬੁੱਢੇ ਹੋ ਜਾਣ ਉੱਤੇ ਉਹ ਆਪਣੇ ਆਪ ਨੂੰ ਖ਼ਤਮ ਕਰ ਲੈਂਦੇ ਹਨ। ਅਜਿਹੀ ਥਾਂ ਉੱਤੇ
ਨਵੇਂ ਸੈੱਲ ਉੱਗਣ ਲੱਗ ਪੈਂਦੇ ਹਨ। ਜਿਵੇਂ ਜਿਵੇਂ ਉਮਰ ਵੱਧਦੀ ਹੈ, ਸੈੱਲਾਂ ਦੀ ਵੰਡ
ਹੌਲੀ ਹੋ ਜਾਂਦੀ ਹੈ ਤੇ ਚਮੜੀ ਦੀ ਲਚਕ ਘੱਟਣ ਨਾਲ ਇਹ ਢਿੱਲੀ ਪੈ ਜਾਂਦੀ ਹੈ।
ਜਿਵੇਂ-ਜਿਵੇਂ ਸੈੱਲ ਵੰਡ ਕੇ ਦੋ ਜਾਂ ਚਾਰ ਵਿਚ ਤਬਦੀਲ ਹੋਣ ਦੀ ਥਾਂ ਲੰਮੇ ਹੁੰਦੇ
ਰਹਿੰਦੇ ਹਨ, ਉਨਾਂ ਦੇ ਮਰ ਜਾਣ ਦੇ ਆਸਾਰ ਵੱਧ ਹੋ ਜਾਂਦੇ ਹਨ। ਸੈੱਲ ਵਿਚਲੇ
'ਟੀਲੋਮੀਅਰ' ਕਣ ਇਸ ਦਾ ਫ਼ੈਸਲਾ ਕਰਦੇ ਹਨ ਕਿ 'ਜੀਨ' ਨੇ ਕਦੋਂ ਸੈੱਲਾਂ ਦੀ ਮੌਤ ਦਾ
ਐਲਾਨ ਕਰਨਾ ਹੈ ਕਿਉਂਕਿ ਸੈੱਲਾਂ ਦੀ ਹਰ ਵੰਡ ਦੌਰਾਨ 'ਟੀਲੋਮੀਅਰ' ਦਾ ਆਕਾਰ ਘਟਦਾ
ਜਾਂਦਾ ਹੈ। ਜਦੋਂ 'ਟੀਲੋਮੀਅਰ' ਕਣ ਬਹੁਤ ਜ਼ਿਆਦਾ ਛੋਟੇ ਹੋ ਜਾਂਦੇ ਹਨ ਅਤੇ ਹੋਰ
ਟੁੱਟ ਕੇ ਦੋ ਬਣਨ ਵਿਚ ਅਸਮਰੱਥ ਹੋ ਜਾਂਦੇ ਹਨ ਤਾਂ ਸੈੱਲ ਹੋਰ ਵੰਡਿਆ ਨਹੀਂ ਜਾਂਦਾ
ਤੇ ਹੌਲੀ-ਹੌਲੀ ਖ਼ਤਮ ਹੋ ਜਾਂਦਾ ਹੈ।
ਕਈ ਵਾਰ 'ਟੀਲੋਮੀਅਰ' ਠੀਕ ਵੀ ਹੋਵੇ, ਤਾਂ ਵੀ ਸੈੱਲ ਮਰ ਜਾਂਦੇ ਹਨ। ਇਸ ਦਾ
ਕਾਰਣ ਹੁੰਦਾ ਹੈ-'ਰੇਡੀਓ ਕਿਰਨਾਂ, 'ਕੀਮੋਥੈਰੇਪੀ', 'ਫਰੀ ਰੈਡੀਕਲ', ਤੇਜ਼ ਧੁੱਪ
ਵਿਚ ਬਹੁਤ ਦੇਰ ਰਹਿਣਾ, ਤੇਜ਼ ਦਵਾਈਆਂ, ਆਦਿ।
2. ਅੱਖਾਂ :
- ਅੱਖਾਂ ਅੰਦਰਲਾ ਲੈਂਸ ਸਖ਼ਤ ਹੋ ਜਾਂਦਾ ਹੈ। ਲਚਕ ਖ਼ਤਮ ਹੁੰਦੇ ਸਾਰ ਨੇੜੇ ਦੀਆਂ
ਚੀਜ਼ਾਂ ਸਾਫ਼ ਨਹੀਂ ਦਿਸਦੀਆਂ।
- ਲੈਂਸ ਕੁੱਝ ਗਾੜਾ ਵੀ ਹੋ ਜਾਂਦਾ ਹੈ। ਇਸੇ ਲਈ ਘੱਟ ਰੌਸ਼ਨੀ ਵਿਚ ਦਿਸਣਾ ਘੱਟ
ਹੋ ਜਾਂਦਾ ਹੈ।
- ਤੇਜ਼ ਰੌਸ਼ਨੀ ਵਿਚ ਪੁਤਲੀ ਦੀ ਹਰਕਤ ਵਿਚ ਚੁਸਤੀ ਨਹੀਂ ਰਹਿੰਦੀ।
- ਲੈਂਸ ਹਲਕੀ ਪਿਲੱਤਣ ਵਿਚ ਹੋ ਜਾਂਦਾ ਹੈ ਜਿਸ ਨਾਲ ਰੰਗਾਂ ਦੀ ਪਛਾਣ ਵਿਚ
ਗੜਬੜੀ ਹੋ ਸਕਦੀ ਹੈ।
- 'ਨਰਵ ਸੈੱਲ' ਘੱਟ ਹੋ ਜਾਣ ਕਾਰਣ ਡੂੰਘਾਈ ਦਾ ਇਹਸਾਸ ਵੀ ਘੱਟ ਹੋ ਜਾਂਦਾ ਹੈ।
- ਅੱਖਾਂ ਵਿਚ ਨਮੀ ਘਟਣ ਨਾਲ ਸੁੱਕਾ ਜਿਹਾ ਮਹਿਸੂਸ ਹੋਣ ਲੱਗ ਪੈਂਦਾ ਹੈ ਤੇ
ਅੱਖਾਂ ਵਾਰ-ਵਾਰ ਮਲਣੀਆਂ ਪੈਂਦੀਆਂ ਹਨ।
- ਨਜ਼ਰ ਘਟਣੀ ਦਰਅਸਲ ਵਧਦੀ ਉਮਰ ਦੀ ਪਹਿਲੀ ਨਿਸ਼ਾਨੀ ਵੀ ਮੰਨ ਲਈ ਗਈ ਹੈ। ਕੋਈ
ਵਿਰਲਾ ਹੀ ਪੂਰੀ ਨਜ਼ਰ ਨਾਲ ਸੱਠਾਂ ਸਾਲਾਂ ਤਕ ਪਹੁੰਚਦਾ ਹੈ, ਵਰਨਾ ਕੋਈ ਨਾ ਕੋਈ
ਅੱਖ ਦੀ ਤਕਲੀਫ਼, ਖਾਸ ਕਰ ਡੇਢ ਫੁੱਟ ਤੋਂ ਨੇੜੇ ਦੀ ਰੱਖੀ ਬਰੀਕ ਚੀਜ਼ ਅਤੇ ਅੱਖਰ
ਵੇਖਣ ਵਿਚ ਦਿੱਕਤ ਤਾਂ ਹਰ ਕਿਸੇ ਨੂੰ ਹੀ ਹੋਣ ਲੱਗ ਪੈਂਦੀ ਹੈ। ਕਿਸੇ-ਕਿਸੇ ਦੀ
ਦੂਰ ਦੀ ਨਿਗਾਹ ਵੀ ਕਮਜ਼ੋਰ ਹੋ ਜਾਂਦੀ ਹੈ।
- ਸੱਠ ਸਾਲ ਦੇ ਬੰਦੇ ਦੇ ਰੈਟੀਨਾ ਦੇ ਸੈੱਲ ਰੌਸ਼ਨੀ ਪ੍ਰਤੀ ਓਨੇ ਸੰਵੇਦਨਸ਼ੀਲ
ਨਹੀਂ ਰਹਿੰਦੇ ਜਿੰਨੇ ਜਵਾਨ ਬੰਦੇ ਵਿਚ ਹੁੰਦੇ ਹਨ। ਇਸੇ ਲਈ ਪੜਨ ਵਾਸਤੇ ਜਿੰਨੀ
ਲਾਈਟ 20 ਸਾਲ ਦੇ ਨੌਜਵਾਨ ਨੂੰ ਚਾਹੀਦੀ ਹੁੰਦੀ ਹੈ, ਉਸ ਤੋਂ ਤਿੰਨ ਗੁਣਾ ਵੱਧ
ਲਾਈਟ 60 ਵਰਿਆਂ ਦੇ ਬੰਦੇ ਨੂੰ ਲੋੜੀਂਦੀ ਹੈ।
- ਵਧਦੀ ਉਮਰ ਨਾਲ ਰੰਗ ਵੀ ਓਨੇ ਭੜਕੀਲੇ ਤੇ ਤਿੱਖੇ ਨਹੀਂ ਲੱਗਦੇ ਜਿੰਨੇ 20
ਵਰਿਆਂ ਦੇ ਨੌਜਵਾਨ ਨੂੰ ਦਿਸਦੇ ਹਨ।
- ਪੁਤਲੀ ਦਾ ਹਨੇਰੇ ਵਿਚ ਤੇ ਰੌਸ਼ਨੀ ਵਿਚ ਝਟਪਟ ਸੁੰਗੜਨਾ ਤੇ ਫੈਲਣਾ ਵੀ ਬਹੁਤ
ਹੌਲੀ ਹੋ ਜਾਣ ਸਦਕਾ ਇਕਦਮ ਹਨੇਰੇ ਵਿਚ ਜਾਂਦਿਆਂ ਉੱਕਾ ਹੀ ਨਾ ਦਿਸਣਾ ਤੇ ਤੇਜ਼
ਰੌਸ਼ਨੀ ਵਿਚ ਚੁੰਧਿਆ ਜਾਣਾ ਆਮ ਹੀ ਵੇਖਣ ਨੂੰ ਮਿਲਦਾ ਹੈ।
- ਚਿੱਟਾ ਜਾਂ ਕਾਲਾ ਮੋਤੀਆ ਵੀ ਹੋ ਸਕਦਾ ਹੈ।
- ਅੱਖਾਂ ਅੰਦਰਲੇ ਪਾਣੀ ਵਿਚਲਾ ਕੁੱਝ ਹਿੱਸਾ ਗਾੜਾ ਹੋਣ ਕਾਰਣ ‘ਫਲੋਟਰ’ ਜਾਂ
ਕਾਲੇ ਧੱਬੇ ਜਿਹੇ ਕਦੇ ਕਦਾਈਂ ਅੱਖਾਂ ਅੱਗੇ ਘੁੰਮਦੇ ਮਹਿਸੂਸ ਹੋ ਸਕਦੇ ਹਨ।
- ਅੱਖਾਂ ਵਿਚਲੇ ਸੈੱਲ ਜਿਹੜੇ ਨਮੀ ਬਣਾਉਂਦੇ ਹਨ, ਘੱਟ ਹੋ ਜਾਣ ਕਾਰਣ ਅੱਖਾਂ
ਸੁੱਕੀਆਂ ਮਹਿਸੂਸ ਹੁੰਦੀਆਂ ਹਨ ਤੇ ਮਿੱਟੀ ਘੱਟਾ ਪੈ ਜਾਣ ਉੱਤੇ ਪੁਤਲੀ ਵਿਚ ਜ਼ਖ਼ਮ
ਬਣ ਸਕਦੇ ਹਨ। ਹੰਝੂ ਵੀ ਘੱਟ ਹੋ ਜਾਂਦੇ ਹਨ।
- 'ਅਲਟਰਾਵਾਇਲਟ' ਕਿਰਨਾਂ ਦੇ ਅਸਰ ਹੇਠ ਅਤੇ ਧੁੱਪ ਮਿੱਟੀ ਨਾਲ ਲਗਾਤਾਰ ਵਾਹ
ਪੈਂਦੇ ਰਹਿਣ ਕਾਰਣ ਅੱਖ ਦਾ ਚਿੱਟਾ ਡੇਲਾ ਵੀ ਹਲਕਾ ਪੀਲਾ ਪੈ ਜਾਂਦਾ ਹੈ।
- ਅੱਖਾਂ ਦੇ ਕਾਲੇ ਡੇਲੇ ਦੇ ਦੁਆਲੇ ਚਿੱਟਾ ਕਿਨਾਰਾ ਦਿਸਣ ਲੱਗ ਪੈਂਦਾ ਹੈ। ਇਹ
'ਕੈਲਸ਼ੀਅਮ' ਤੇ 'ਕੋਲੈਸਟਰੋਲ' ਜੰਮਣ ਸਦਕਾ ਹੁੰਦਾ ਹੈ।
- ਅੱਖਾਂ ਦੇ ਦੁਆਲੇ ਦੇ ਪੱਠੇ ਢਿੱਲੇ ਪੈਣ ਕਾਰਣ ਹੇਠਲੀ ਪਲਕ ਰਤਾ ਲਟਕ ਜਾਂਦੀ
ਹੈ।
- ਅੱਖਾਂ ਅੰਦਰ ਨੂੰ ਵੜੀਆਂ ਮਹਿਸੂਸ ਹੁੰਦੀਆਂ ਹਨ ਕਿਉਂਕਿ ਅੱਖਾਂ ਦੇ ਪਿਛਲੇ
ਪਾਸੇ ਤੇ ਆਲੇ-ਦੁਆਲੇ ਦਾ ਥਿੰਦਾ ਖੁਰ ਜਾਂਦਾ ਹੈ।
3. ਦਿਮਾਗ਼ :
ਦਿਮਾਗ਼ ਅੰਦਰਲੇ ਸੈੱਲ ਉਮਰ ਵਧਣ ਨਾਲ ਲਗਾਤਾਰ ਘਟਦੇ ਰਹਿੰਦੇ ਹਨ। ਜੇ ਦਿਮਾਗ਼ ਨੂੰ
ਲਗਾਤਾਰ ਆਹਰੇ ਲਾਇਆ ਜਾਂਦਾ ਰਿਹਾ ਹੋਵੇ ਤੇ ਵਿਹਲਾ ਨਾ ਬਿਠਾਇਆ ਜਾਵੇ ਤਾਂ ਸੈੱਲਾਂ
ਦੇ ਘਟਣ ਦੇ ਬਾਵਜੂਦ ਬਾਕੀ ਸੈੱਲਾਂ ਵਿਚਲੇ ਜੋੜ ਲਗਾਤਾਰ ਬਣਦੇ ਰਹਿੰਦੇ ਹਨ। ਜੇ
ਦਿਮਾਗ਼ ਨੂੰ ਲਿਖਣ ਪੜਨ ਵੱਲ ਲਾਈ ਰੱਖਿਆ ਜਾਵੇ ਤਾਂ ਨਵੇਂ ਸੈੱਲ ਵੀ ਬਣਨ ਲੱਗ ਪੈਂਦੇ
ਹਨ।
ਦਰਅਸਲ ਕੁਦਰਤ ਨੇ ਦਿਮਾਗ਼ ਵਿਚ ਪਹਿਲਾਂ ਹੀ ਕੁੱਝ ਫ਼ਾਲਤੂ ਸੈੱਲ ਭਰੇ ਹੁੰਦੇ ਹਨ
ਜਿਨਾਂ ਨੂੰ ‘ਰਿਡੰਡੈਂਟ ਸੈੱਲ’ ਕਿਹਾ ਜਾਂਦਾ ਹੈ। ਇਨਾਂ ਸਦਕਾ ਹੀ ਬਹੁਤ ਸਾਰੇ ਲੋਕ
ਇੱਕੋ ਸਮੇਂ ਕਈ ਤਰਾਂ ਦੇ ਕੰਮਾਂ ਨੂੰ ਕਰਨ ਦੀ ਸਮਰੱਥਾ ਰੱਖਦੇ ਹਨ। ਮਸਲਨ
ਇੰਜੀਨੀਅਰਿੰਗ ਦਾ ਕੰਮ ਅਤੇ ਗਾਉਣ ਦਾ!
ਜਿਨਾਂ ਨੂੰ ਸੁਸਤ ਪਏ ਸੈੱਲਾਂ ਨੂੰ ਰਵਾਂ ਕਰਨ ਦਾ ਢੰਗ ਆ ਜਾਏ ਤੇ ਰੋਜ਼ਾਨਾ
ਅਖ਼ਬਾਰ ਪੜਨ, ਪਹੇਲੀਆਂ ਬੁੱਝਣ, ਆਦਿ ਵੱਲ ਜੁਟੇ ਰਹਿਣ ਤਾਂ ਵੱਡੀ ਉਮਰ ਤੱਕ ਦਿਮਾਗ਼
ਨੂੰ ਚੁਸਤ- ਦਰੁਸਤ ਰੱਖਿਆ ਜਾ ਸਕਦਾ ਹੈ ਤੇ ਯਾਦਾਸ਼ਤ ਵੀ ਸਾਂਭੀ ਜਾ ਸਕਦੀ ਹੈ।
ਜੇ ਅਜਿਹਾ ਨਾ ਕੀਤਾ ਜਾਵੇ ਤਾਂ ਵਧਦੀ ਉਮਰ ਨਾਲ,
- ਦਿਮਾਗ਼ ਵੱਲ ਲਹੂ ਦਾ ਜਾਣਾ ਘੱਟ ਹੋ ਜਾਂਦਾ ਹੈ।
- ਨਾੜੀਆਂ ਭੀੜੀਆਂ ਹੋ ਜਾਂਦੀਆਂ ਹਨ।
- ਸੈੱਲਾਂ ਵਿੱਚੋਂ ਸੁਣੇਹੇ ਲਿਜਾਉਣ ਵਾਲੇ 'ਰਿਸੈਪਟਰ' ਅਤੇ 'ਕੈਮੀਕਲ' ਘੱਟ ਹੋ
ਜਾਂਦੇ ਹਨ।
- ਕੰਮ ਕਾਰ ਕਰਨ ਦੀ ਸਮਰੱਥਾ ਤੇ ਸੋਚਣ ਸਮਝਣ ਦੀ ਸ਼ਕਤੀ ਘੱਟਣ ਲੱਗ ਜਾਂਦੀ ਹੈ।
- ਸੁਣੇਹੇ ਛੇਤੀ ਨਾ ਜਾਣ ਸਦਕਾ ਸਰੀਰ ਦੀ ਹਿਲਜੁਲ ਵੀ ਹੌਲੀ ਹੋ ਜਾਂਦੀ ਹੈ ਤੇ
ਕੰਮ ਮੁਕਾਉਣ ਵਿਚ ਜ਼ਿਆਦਾ ਸਮਾਂ ਲੱਗਦਾ ਹੈ।
- ਸੱਤਰ ਵਰਿਆਂ ਦੀ ਉਮਰ ਬਾਅਦ ਕੁੱਝ ਸ਼ਬਦ, ਅੱਖਰ ਯਾਦ ਰੱਖਣ, ਥੁੜ ਚਿਰੀਆਂ
ਯਾਦਾਂ, ਲੋਕਾਂ ਤੇ ਥਾਵਾਂ ਦੇ ਨਾਂ, ਹੋਰ ਨਵੀਂ ਜ਼ਬਾਨ ਸਿੱਖਣ ਅਤੇ ਪਿਛਲੇ ਹਫ਼ਤੇ
ਜਾਂ ਮਹੀਨੇ ਦੀਆਂ ਯਾਦਾਂ ਉਘਾੜਨ ਵਿਚ ਔਖਿਆਈ ਆਉਣ ਲੱਗ ਪੈਂਦੀ ਹੈ। ਪਰ, ਬਚਪਨ
ਜਾਂ ਜਵਾਨੀ ਦੀ ਹਰ ਗੱਲ ਯਾਦ ਰਹਿ ਜਾਂਦੀ ਹੈ।
- ਸੱਠ ਸਾਲ ਦੀ ਉਮਰ ਬਾਅਦ ਰੀੜ ਦੀ ਹੱਡੀ ਦੇ ਸੈੱਲ ਵੀ ਘੱਟ ਹੋ ਜਾਂਦੇ ਹਨ।
- ਨਿੱਕੀਆਂ ਮੋਟੀਆਂ ਸੱਟਾਂ, ਝਰੀਟਾਂ, ਚੀਰੇ ਆਦਿ ਪੈਣ ਸਮੇਂ ਕਈ ਵਾਰ ਪਤਾ ਹੀ
ਨਹੀਂ ਲੱਗਦਾ ਤੇ ਬਾਅਦ ਵਿਚ ਲਹੂ ਸਿੰਮਦਾ ਵੇਖ ਕੇ ਸੱਟ ਦਾ ਪਤਾ ਲੱਗਦਾ ਹੈ
ਕਿਉਂਕਿ ਨਸਾਂ ਰਾਹੀਂ ਸੁਣੇਹਾ ਹੌਲੀ ਪਹੁੰਚਦਾ ਹੈ ਤੇ ਨਸਾਂ ਦੀ ਰਿਪੇਅਰ ਵੀ ਹੌਲੀ
ਹੋ ਜਾਂਦੀ ਹੈ। ਸਰੀਰਕ ਤਾਕਤ ਵੀ ਘਟੀ ਹੋਈ ਮਹਿਸੂਸ ਹੁੰਦੀ ਹੈ।
4. ਢਿੱਡ ਤੇ ਅੰਤੜੀਆਂ :
ਖਾਣੇ ਦੀ ਪਾਈਪ ਰਤਾ ਘੱਟ ਜ਼ੋਰ ਨਾਲ ਖਾਣਾ ਅਗਾਂਹ ਧੱਕਦੀ ਹੈ ਤੇ ਢਿੱਡ ਵਿੱਚੋਂ
ਵੀ ਖਾਣਾ ਰਤਾ ਹੌਲੀ-ਹੌਲੀ ਅਗਾਂਹ ਲੰਘਦਾ ਹੈ। ਇਸੇ ਲਈ ਖਾਣਾ ਹਜ਼ਮ ਹੌਲੀ-ਹੌਲੀ
ਹੁੰਦਾ ਹੈ ਤੇ ਛੇਤੀ ਢਿੱਡ ਭਰਿਆ ਮਹਿਸੂਸ ਹੁੰਦਾ ਹੈ। ਢਿੱਡ ਦੀ ਲਚਕ ਘਟਣ ਨਾਲ ਇੱਕੋ
ਸਮੇਂ ਬਹੁਤਾ ਢਿੱਡ ਭਰ ਕੇ ਖਾਧਾ ਵੀ ਨਹੀਂ ਜਾਂਦਾ।
'ਲੈਕਟੇਜ਼' ਰਸ ਘਟਣ ਨਾਲ ਬਹੁਤ ਸਾਰੇ ਬਜ਼ੁਰਗਾਂ ਨੂੰ ਦੁੱਧ ਪੀਣ ਜਾਂ ਦੁੱਧ ਤੋਂ
ਬਣੀਆਂ ਚੀਜ਼ਾਂ ਖਾਣ ਨਾਲ ਢਿੱਡ ਵਿਚ ਅਫਾਰਾ ਮਹਿਸੂਸ ਹੋਣ ਲੱਗ ਪੈਂਦਾ ਹੈ ਜਾਂ
ਟੱਟੀਆਂ ਲੱਗ ਜਾਂਦੀਆਂ ਹਨ।
ਅੰਤੜੀਆਂ ਦੀ ਹਿਲਜੁਲ ਘੱਟਣ ਨਾਲ ਕਬਜ਼ ਆਮ ਹੀ ਹੋ ਜਾਂਦੀ ਹੈ।
5. ਜਿਗਰ :
ਜਿਗਰ ਦੇ ਸੈੱਲ ਘਟਣ ਨਾਲ ਇਸਦਾ ਕੰਮ ਕਾਰ ਵੀ ਹੌਲੀ ਹੋ ਜਾਂਦਾ ਹੈ। ਘੱਟ ਰਸ
ਨਿਕਲਣ ਸਦਕਾ ਹਾਜ਼ਮੇ ਵਿਚ ਦਿੱਕਤ ਆਉਂਦੀ ਹੈ ਤੇ ਖਾਧੀ ਦਵਾਈ ਦੇ ਅਸਰ ਨੂੰ ਸਰੀਰ
ਵਿੱਚੋਂ ਬਾਹਰ ਕੱਢਣ ਵਿਚ ਵੀ ਵੱਧ ਸਮਾਂ ਲੱਗਦਾ ਹੈ। ਇਸੇ ਲਈ ਦਵਾਈ ਦਾ ਅਸਰ ਵੱਧ
ਸਮੇਂ ਤਕ ਸਰੀਰ ਉੱਤੇ ਹੁੰਦਾ ਰਹਿੰਦਾ ਹੈ।
ਜਿਗਰ ਵੱਲ ਜਾਂਦਾ ਲਹੂ ਵੀ ਘੱਟ ਜਾਂਦਾ ਹੈ। ਜਿਗਰ ਦਾ ਸਾਈਜ਼ ਵੀ ਛੋਟਾ ਹੋ ਜਾਂਦਾ
ਹੈ।
6. ਦਿਲ ਅਤੇ ਨਾੜੀਆਂ :
ਦਿਲ ਦੇ ਪੱਠਿਆਂ ਅਤੇ ਨਾੜੀਆਂ ਦੀ ਲਚਕ ਘੱਟ ਹੋ ਜਾਂਦੀ ਹੈ। ਦਿਲ ਅੰਦਰ ਲਹੂ ਦਾ
ਭਰਨਾ ਤੇ ਨਿਕਲਣਾ ਵੀ ਹੌਲੀ ਹੋ ਜਾਂਦਾ ਹੈ। ਜੇ ਦਿਲ ਵੱਲੋਂ ਵੱਧ ਲਹੂ ਬਾਹਰ ਧੱਕਿਆ
ਜਾਵੇ ਤਾਂ ਨਾੜੀਆਂ ਦੇ ਸਖ਼ਤ ਹੋਣ ਕਾਰਣ ਏਨਾ ਲਹੂ ਸੰਭਾਲਿਆ ਨਹੀਂ ਜਾਂਦਾ ਤੇ ਬਲੱਡ
ਪ੍ਰੈੱਸ਼ਰ ਦੀ ਬੀਮਾਰੀ ਹੋ ਸਕਦੀ ਹੈ।
ਕਸਰਤ ਦੌਰਾਨ ਜਿੰਨਾ ਲਹੂ ਜਵਾਨ ਦਿਲ ਧੱਕ ਸਕਦਾ ਹੈ, ਓਨਾ ਬੁਢੇਪੇ ਦੌਰਾਨ ਨਹੀਂ
ਧੱਕ ਸਕਦਾ। ਪਰ, ਜੇ 'ਏਰੋਬਿਕ' ਕਸਰਤ ਲਗਾਤਾਰ ਕੀਤੀ ਜਾਂਦੀ ਰਹੇ (ਭੱਜਣਾ/ਸਾਈਕਲ
ਚਲਾਉਣਾ, ਤੈਰਨਾ, ਆਦਿ) ਤਾਂ ਦਿਲ ਦੇ ਪੱਠੇ ਲੰਮੀ ਉਮਰ ਤਕ ਲਚਕੀਲੇ ਤੇ ਸਿਹਤਮੰਦ
ਰੱਖੇ ਜਾ ਸਕਦੇ ਹਨ।
ਨਾੜੀਆਂ ਭੀੜੀਆਂ ਹੋਣ ਕਾਰਨ ਹਾਰਟ ਅਟੈਕ ਤੇ ਪਾਸਾ ਮਾਰੇ ਜਾਣ ਦਾ ਖ਼ਤਰਾ ਵੀ ਕਈ
ਗੁਣਾਂ ਵੱਧ ਹੋ ਜਾਂਦਾ ਹੈ।
7. ਫੇਫੜੇ :
ਸਾਹ ਲੈਣ ਵਿਚ ਮਦਦ ਕਰਨ ਵਾਲੇ ਪੱਠੇ ਉਮਰ ਵਧਣ ਨਾਲ ਕਮਜ਼ੋਰ ਪੈ ਜਾਂਦੇ ਹਨ।
ਫੇਫੜਿਆਂ ਅੰਦਰਲੇ 'ਐਲਵੀਓਲੀ' ਤੇ ਪਤਲੀਆਂ ਲਹੂ ਦੀਆਂ ਨਸਾਂ ਵੀ ਘੱਟ ਹੋ ਜਾਂਦੀਆਂ
ਹਨ। ਇਸੇ ਲਈ ਸਰੀਰ ਨੂੰ ਘੱਟ ਆਕਸੀਜਨ ਪਹੁੰਚਦੀ ਹੈ। ਇਸੇ ਕਰਕੇ ਕਸਰਤ ਕਰਨੀ ਥੋੜੀ
ਔਖੀ ਹੋ ਸਕਦੀ ਹੈ। ਜਿਹੜੇ ਸਿਗਰਟ ਜਾਂ ਬੀੜੀ ਸੇਵਨ ਕਰਦੇ ਹੋਣ, ਉਨਾਂ ਨੂੰ ਵੱਧ
ਔਖਿਆਈ ਹੁੰਦੀ ਹੈ। 'ਰੈਗੂਲਰ' ਕਸਰਤ ਕਰਨ ਵਾਲਿਆਂ ਨੂੰ ਘੱਟ ਦਿੱਕਤ ਆਉਂਦੀ ਹੈ।
ਪਹਾੜਾਂ ਉੱਤੇ ਘੱਟ ਆਕਸੀਜਨ ਹੋਣ ਕਾਰਨ ਬਜ਼ੁਰਗਾਂ ਨੂੰ ਵੱਧ ਔਕੜਾਂ ਦਾ ਸਾਹਮਣਾ ਕਰਨਾ
ਪੈਂਦਾ ਹੈ।
ਖੰਘਾਰ ਕੱਢਣ ਵਾਲੇ ਪੱਠੇ ਕਮਜ਼ੋਰ ਪੈ ਜਾਂਦੇ ਹਨ। ਇਸੇ ਲਈ ਫੇਫੜਿਆਂ ਅੰਦਰ ਮਿੱਟੀ
ਜਾਂ ਕੀਟਾਣੂ ਵੜ ਜਾਣ ਉੱਤੇ ਉਨਾਂ ਨੂੰ ਬਾਹਰ ਕੱਢਣ ਵਿਚ ਔਖਿਆਈ ਹੁੰਦੀ ਹੈ। ਇਹੀ
ਕਾਰਣ ਹੈ ਕਿ ਵਡੇਰੀ ਉਮਰ ਵਿਚ ਫੇਫੜਿਆਂ ਦੇ ਰੋਗ ਸਰੀਰ ਨੂੰ ਛੇਤੀ ਜਕੜ ਲੈਂਦੇ ਹਨ।
8. ਸੈਕਸ ਹਾਰਮੋਨ :
ਔਰਤਾਂ ਵਿਚ ਸੈਕਸ ਹਾਰਮੋਨਾਂ ਦੀ ਘਾਟ ਪੁਰਸ਼ਾਂ ਨਾਲੋਂ ਛੇਤੀ ਹੋ ਜਾਂਦੀ ਹੈ ਤੇ
ਮਾਹਵਾਰੀ ਬੰਦ ਹੋਣ ਨਾਲ 'ਈਸਟਰੋਜਨ' ਦੀ ਕਮੀ ਹੋ ਜਾਂਦੀ ਹੈ। ਅੰਡਕੋਸ਼ ਤੇ ਬੱਚੇਦਾਨੀ
ਦੇ ਆਕਾਰ ਛੋਟੇ ਹੋ ਜਾਂਦੇ ਹਨ। ਬੱਚੇਦਾਨੀ ਦੀ ਰਾਹ ਦੀ ਪਰਤ ਪਤਲੀ ਹੋ ਜਾਂਦੀ ਹੈ ਤੇ
ਤਰਲ ਵੀ ਨਹੀਂ ਰਹਿੰਦੀ। ਇਸੇ ਲਈ ਸਰੀਰਕ ਸੰਬੰਧਾਂ ਦੌਰਾਨ ਖ਼ੁਰਕ, ਪੀੜ ਜਾਂ ਲਹੂ ਪੈ
ਸਕਦਾ ਹੈ। ਛਾਤੀ ਦੇ ਪੱਠੇ ਵੀ ਢਿੱਲੇ ਪੈ ਜਾਂਦੇ ਹਨ। ਬੱਚੇ ਦੇ ਠਹਿਰਨ ਦੇ ਆਸਾਰ
ਘੱਟ ਹੋ ਜਾਂਦੇ ਹਨ।
ਇਸ ਉਮਰ ਵਿਚ ਸਰੀਰਕ ਸੰਬੰਧ ਬਣਾਉਣ ਵਿਚ ਕੋਈ ਰੋਕ ਨਹੀਂ ਹੁੰਦੀ ਬਲਕਿ ਬਹੁਤ
ਸਾਰੀਆਂ ਕਰੀਮਾਂ ਤੇ ਜੈੱਲ ਬਜ਼ਾਰ ਵਿਚ ਮਿਲਦੇ ਹਨ ਜਿਸ ਨਾਲ ਕੁਦਰਤੀ ਤਰੀਕੇ ਹੀ ਨਮੀ
ਵਧਾਈ ਜਾ ਸਕਦੀ ਹੈ ਤੇ ਚੁਸਤ ਦਰੁਸਤ ਜ਼ਿੰਦਗੀ ਜੀਅ ਕੇ ਲੰਮੇ ਸਮੇਂ ਤਕ ਸਿਹਤਮੰਦ ਅਤੇ
ਖੁਸ਼ਮਿਜ਼ਾਜ਼ ਰਿਹਾ ਜਾ ਸਕਦਾ ਹੈ। ਇੰਜ ਰਿਸ਼ਤਿਆਂ ਵਿਚਲੀ ਫਿੱਕ ਵੀ ਘੱਟ ਜਾਂਦੀ ਹੈ।
ਪੁਰਸ਼ਾਂ ਵਿਚ 'ਸੈਕਸ ਹਾਰਮੋਨ' ਹੌਲੀ-ਹੌਲੀ ਘੱਟਦੇ ਹਨ। 'ਟੈਸਟੋਸਟੀਰੋਨ' ਦੇ ਘਟਣ
ਨਾਲ ਸ਼ਕਰਾਣੂ ਘੱਟ ਹੋ ਜਾਂਦੇ ਹਨ ਤੇ ਹੌਲੀ-ਹੌਲੀ ਵਡੇਰੀ ਉਮਰ ਵਿਚ ਸਰੀਰਕ ਸੰਬੰਧ
ਬਣਾਉਣ ਦੀ ਇੱਛਾ ਘੱਟ ਹੋਣ ਲੱਗ ਪੈਂਦੀ ਹੈ। ਬਹੁਗਿਣਤੀ ਪੁਰਸ਼ ਵਡੇਰੀ ਉਮਰ ਤਕ ਸਰੀਰਕ
ਸੰਬੰਧ ਬਣਾਈ ਰੱਖਣ ਦੀ ਇੱਛਾ ਬਰਕਰਾਰ ਰੱਖਦੇ ਹਨ। ਜੇ ਪਤਨੀਆਂ ਸਾਥ ਨਾ ਦੇਣ ਤਾਂ
ਮਜਬੂਰਨ ਕਈ ਪੁਰਸ਼ ਬਾਹਰ ਝਾਤ ਰੱਖਣ ਲੱਗ ਪੈਂਦੇ ਹਨ ਤੇ ਰਿਸ਼ਤਿਆਂ ਵਿਚ ਨਿੱਘ ਵੀ
ਘੱਟਣ ਲੱਗ ਪੈਂਦਾ ਹੈ। ਇਸੇ ਲਈ ਮਰਦ ਤੇ ਔਰਤ, ਦੁਹਾਂ ਨੂੰ 60 ਵਰਿਆਂ ਦੀ ਉਮਰ ਤੋਂ
ਬਾਅਦ ਵੀ ਇਹ ਸੰਬੰਧ ਬਿਨਾਂ ਕਿਸੇ ਕਿਸਮ ਦੇ ਮਾਨਸਿਕ ਤਣਾਓ ਦੇ ਕਦੇ ਕਦਾਈਂ ਜ਼ਰੂਰ
ਰੱਖਣਾ ਚਾਹੀਦਾ ਹੈ।
9. ਇਮਿਊਨ ਸਿਸਟਮ :
ਸਰੀਰ ਨੂੰ ਬੀਮਾਰੀਆਂ ਤੋਂ ਬਚਾਉਣ ਦੇ ਸੈੱਲ ਕਮਜ਼ੋਰ ਪੈ ਜਾਂਦੇ ਹਨ। ਉਹ
ਕੀਟਾਣੂਆਂ ਨੂੰ ਛੇਤੀ ਮਾਰ ਨਹੀਂ ਸਕਦੇ। ਇਸੇ ਲਈ ਬੀਮਾਰੀਆਂ ਛੇਤੀ ਹੋਣ ਲੱਗ
ਪੈਂਦੀਆਂ ਹਨ। ਕੈਂਸਰ ਹੋਣ ਦਾ ਖ਼ਤਰਾ ਕਈ ਗੁਣਾਂ ਵੱਧ ਹੋ ਜਾਂਦਾ ਹੈ। ਟੀਕਾਕਰਣ ਦਾ
ਅਸਰ ਇਸ ਉਮਰ ਵਿਚ ਘੱਟ ਹੁੰਦਾ ਹੈ। 'ਐਲਰਜੀ' ਘੱਟ ਹੁੰਦੀ ਹੈ। ਸ਼ੱਕਰ ਰੋਗ, ਜੋੜਾਂ
ਦਾ ਦਰਦ, ਖੰਘ, ਜ਼ੁਕਾਮ ਆਮ ਹੀ ਹੋਣ ਲੱਗ ਪੈਂਦਾ ਹੈ।
ਫੇਫੜਿਆਂ ਵਿਚਲੇ 'ਇਮਿਊਨ ਸੈੱਲ' ਕੀਟਾਣੂਆਂ ਨੂੰ ਮਾਰ ਸਕਣ ਵਿਚ ਅਸਮਰੱਥ ਹੋ
ਜਾਂਦੇ ਹਨ ਤੇ ਇਸੇ ਲਈ ਵਡੇਰੀ ਉਮਰ ਵਿਚ ਨਿਮੂਨੀਆ ਕਾਰਣ ਆਮ ਹੀ ਮੌਤ ਹੋ ਜਾਂਦੀ ਹੈ।
10. ਹੱਡੀਆਂ ਵਿੱਚੋਂ ਲਹੂ ਦਾ ਬਣਨਾ :
ਲਹੂ ਬਣਾਉਣ ਵਾਲੇ ਸੈੱਲ ਘੱਟ ਹੋ ਜਾਂਦੇ ਹਨ। ਇਸੇ ਲਈ ਲਹੂ ਵਗਣ ਉੱਤੇ ਜਾਂ
ਬੀਮਾਰੀ ਸਮੇਂ ਲਹੂ ਦੀ ਕਾਫ਼ੀ ਘਾਟ ਹੋ ਜਾਂਦੀ ਹੈ ਤੇ ਲਹੂ ਚੜਾਉਣਾ ਵੀ ਪੈ ਸਕਦਾ ਹੈ।
11. ਇਨਸੂਲਿਨ ਤੇ ਗਰੋਥ ਹਾਰਮੋਨ :
'ਗਰੋਥ ਹਾਰਮੋਨ' ਘਟਣ ਨਾਲ ਪੱਠੇ ਘੱਟ ਜਾਂਦੇ ਹਨ। 'ਐਲਡੋਸਟੀਰੋਨ' ਘਟਣ ਨਾਲ
ਸਰੀਰ ਅੰਦਰੋਂ ਲੂਣ ਦੀ ਕਮੀ ਸਦਕਾ ਪਾਣੀ ਦੀ ਘਾਟ ਛੇਤੀ ਹੋ ਜਾਂਦੀ ਹੈ। 'ਇਨਸੂਲਿਨ'
ਘੱਟ ਬਣਨ ਲੱਗ ਪੈਂਦੀ ਹੈ। ਇਸੇ ਲਈ ਸ਼ੱਕਰ ਰੋਗ ਤੋਂ ਬਚਣ ਲਈ ਰੋਜ਼ਾਨਾ ਕਸਰਤ ਤੇ ਘੱਟ
ਥਿੰਦੇ ਵਾਲੀ ਖ਼ੁਰਾਕ ਹੀ ਲੈਣੀ ਚਾਹੀਦੀ ਹੈ। ਮੂੰਹ ਦਾ ਸੁਆਦ ਠੀਕ ਰੱਖਣ ਲਈ ਮਿੱਠਾ
ਕਦੇ ਕਦਾਈਂ ਲਿਆ ਜਾ ਸਕਦਾ ਹੈ।
12. ਗੁਰਦੇ :
ਸੈੱਲ ਘਟਣ ਨਾਲ ਗੁਰਦੇ ਵੀ ਛੋਟੇ ਹੋ ਜਾਂਦੇ ਹਨ। ਤੀਹ ਸਾਲ ਦੀ ਉਮਰ ਤੋਂ ਬਾਅਦ
ਹੀ ਗੁਰਦੇ ਦਾ 'ਫਿਲਟਰ' ਕੰਮ ਕਾਰ ਘਟਾਉਣਾ ਸ਼ੁਰੂ ਕਰ ਦਿੰਦਾ ਹੈ ਜੋ ਵਡੇਰੀ ਉਮਰ ਵਿਚ
ਦਿੱਕਤ ਪੈਦਾ ਕਰਦਾ ਹੈ। ਸਰੀਰ ਅੰਦਰੋਂ ਜ਼ਿਆਦਾ ਪਾਣੀ ਬਾਹਰ ਕੱਢਣ ਤੇ ਲੂਣ ਸਾਂਭੀ
ਰੱਖਣ ਨਾਲ ਬੀਮਾਰੀਆਂ ਦੀ ਸ਼ੁਰੂਆਤ ਹੋ ਜਾਂਦੀ ਹੈ। ਇੰਜ ਪਾਣੀ ਘਟਣ ਦੇ ਆਸਾਰ ਕਈ
ਗੁਣਾਂ ਵੱਧ ਹੋ ਜਾਂਦੇ ਹਨ।
ਪਿਸ਼ਾਬ ਦਾ ਮਸਾਣਾ ਕਮਜ਼ੋਰ ਹੋਣ ਅਤੇ 'ਬਲੈਡਰ' ਥੈਲੀ ਦੇ ਸੁੰਗੜਨ ਕਾਰਣ ਪਿਸ਼ਾਬ
ਵਾਰ-ਵਾਰ ਆਉਣ ਲੱਗ ਪੈਂਦਾ ਹੈ। ਕਈ ਵਾਰ ਆਪਣੇ ਆਪ ਹੀ ਬੂੰਦਾਂ ਨਿਕਲ ਜਾਂਦੀਆਂ ਹਨ
ਤੇ ਪਜਾਮਾ ਗਿੱਲਾ ਹੋ ਜਾਂਦਾ ਹੈ।
ਪਿਸ਼ਾਬ ਦੀ ਥੈਲੀ ਢਿੱਲੀ ਪੈ ਜਾਣ ਕਾਰਣ ਕਈ ਵਾਰ ਪੂਰਾ ਪਿਸ਼ਾਬ ਕੀਤਾ ਨਹੀਂ ਜਾਂਦਾ
ਤੇ ਥੈਲੀ ਵਿਚ ਪਿਸ਼ਾਬ ਜਮਾਂ ਹੋਇਆ ਰਹਿ ਜਾਂਦਾ ਹੈ ਜੋ ਕੀਟਾਣੂਆਂ ਦੇ ਹਮਲੇ ਸਦਕਾ
ਬੀਮਾਰੀ ਕਰ ਸਕਦਾ ਹੈ।
ਔਰਤਾਂ ਵਿਚ ਵੀ ਪਿਸ਼ਾਬ ਦਾ ਰਾਹ ਛੋਟਾ ਹੋ ਜਾਂਦਾ ਹੈ ਤੇ ਸੁੰਗੜ ਜਾਂਦਾ ਹੈ।
ਪੁਰਸ਼ਾਂ ਵਿਚ 'ਪਰੌਸਟੇਟ' ਦਾ ਆਕਾਰ ਵਧਣ ਨਾਲ ਪਿਸ਼ਾਬ ਕਰਨ ਵਿਚ ਦਿੱਕਤ ਆਉਣ ਲੱਗ
ਪੈਂਦੀ ਹੈ।
13. ਹੱਡੀਆਂ ਤੇ ਜੋੜ :
ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਤੇ ਛੇਤੀ ਟੁੱਟ ਸਕਦੀਆਂ ਹਨ। 'ਈਸਟਰੋਜਨ'
ਹੱਡੀਆਂ ਨੂੰ ਤਾਕਤ ਬਖ਼ਸ਼ਦੀ ਹੈ ਪਰ ਮਾਹਵਾਰੀ ਦੇ ਬੰਦ ਹੋਣ ਬਾਅਦ 'ਈਸਟਰੋਜਨ' ਘਟਣ
ਸਦਕਾ ਔਰਤਾਂ ਦੀਆਂ ਹੱਡੀਆਂ ਬਹੁਤ ਕਮਜ਼ੋਰ ਪੈ ਜਾਂਦੀਆਂ ਹਨ।
ਸਰੀਰ ਖਾਧੀ ਹੋਈ ਖ਼ੁਰਾਕ ਵਿੱਚੋਂ ਘੱਟ 'ਕੈਲਸ਼ੀਅਮ' ਹਜ਼ਮ ਕਰਨ ਲੱਗ ਪੈਂਦਾ ਹੈ ਸੋ
ਹੱਡੀਆਂ ਵਿਚ 'ਕੈਲਸ਼ੀਅਮ' ਵੀ ਘੱਟ ਹੋ ਜਾਂਦਾ ਹੈ। 'ਵਿਟਾਮਿਨ ਡੀ' ਦੀ ਕਮੀ ਵੀ ਹੋ
ਜਾਂਦੀ ਹੈ। ਕੁੱਝ ਕਿਸਮ ਦੀਆਂ ਹੱਡੀਆਂ ਵੱਧ ਖ਼ੁਰਦੀਆਂ ਹਨ ਤੇ ਕੁੱਝ ਘੱਟ। ਜਿਹੜੀਆਂ
ਵੱਧ ਖ਼ੁਰਦੀਆਂ ਹਨ, ਉਹ ਹਨ-ਪੱਟ ਦੀ ਹੱਡੀ ਦਾ ਸਿਰਾ, ਗੁੱਟ, ਬਾਹਵਾਂ ਦੀਆਂ ਹੱਡੀਆਂ
ਦੇ ਸਿਰੇ ਤੇ ਰੀੜ ਦੀ ਹੱਡੀ ਦੇ ਮਣਕੇ।
ਵੱਡੀ ਉਮਰ ਵਿਚ ਗਲੇ ਦੀ ਹੱਡੀ ਦੇ ਮਣਕੇ ਕਮਜ਼ੋਰ ਹੋ ਕੇ ਅਗਾਂਹ ਮੁੜ ਜਾਂਦੇ ਹਨ।
ਇੰਜ ਗਲੇ ਨੂੰ ਪਿਛਲੇ ਪਾਸਿਓਂ ਦਬਾਓ ਪੈ ਜਾਂਦਾ ਹੈ ਤੇ ਰੋਟੀ ਅੰਦਰ ਲੰਘਾਉਣ ਵਿਚ
ਦਿੱਕਤ ਹੋ ਸਕਦੀ ਹੈ ਜਾਂ ਤੇਜ਼ੀ ਨਾਲ ਕੋਈ ਚੀਜ਼ ਪੀਣ ਨਾਲ ਇਕਦਮ ਹੱਥੂ ਆ ਸਕਦਾ ਹੈ।
ਰੀੜ ਦੀ ਹੱਡੀ ਦਾ ਉੱਪਰਲਾ ਸਿਰਾ ਜੋ ਸਿਰ ਨਾਲ ਜੁੜਦਾ ਹੈ, ਉਸ ਦੀ ਕਮਜ਼ੋਰੀ ਤੇ
ਰਤਾ ਕੁ ਟੇਢਾ ਹੋ ਜਾਣ ਕਾਰਣ ਗਰਦਨ ਥੋੜਾ ਅਗਾਂਹ ਝੁਕ ਜਾਂਦੀ ਹੈ।
ਕੁਦਰਤ ਦਾ ਕਰਿਸ਼ਮਾ ਵੇਖੇ ਕਿ ਜਿੰਨਾ ਮਰਜ਼ੀ ਕੋਈ ਜਵਾਨੀ ਵੇਲੇ ਤੀਸ ਮਾਰ ਖਾਂ
ਰਿਹਾ ਹੋਵੇ ਤੇ ਚੌਧਰ ਜਮਾਉਂਦਾ ਰਿਹਾ ਹੋਵੇ, ਏਸ ਉਮਰੇ ਆ ਕੇ ਉਸਨੂੰ ਮਜਬੂਰੀ ਵਿਚ
ਹਲੀਮੀ ਅਪਣਾਉਣੀ ਪੈਂਦੀ ਹੈ ਤੇ ਸਿਰ ਵੀ ਝੁਕਾਉਣਾ ਪੈਂਦਾ ਹੈ ਜੋ ਆਉਣ ਵਾਲੀਆਂ
ਨਸਲਾਂ ਲਈ ਇਕ ਸਬਕ ਹੈ!
ਰੀੜ ਦੀ ਹੱਡੀ ਦੇ ਮਣਕੇ ਘਸ ਕੇ ਛੋਟੇ ਹੋ ਜਾਂਦੇ ਹਨ ਤੇ ਇਸੇ ਲਈ ਇਸ ਉਮਰ ਵਿਚ
ਹਰ ਇਕ ਦੀ ਲੰਬਾਈ ਕੁੱਝ ਘੱਟ ਹੋ ਜਾਂਦੀ ਹੈ।
ਜੋੜਾਂ ਵਿਚਲੀ ਗਰੀਸ ਵੀ ਉਮਰ ਵਧਣ ਨਾਲ ਘਸ ਕੇ ਘੱਟ ਹੋ ਜਾਂਦੀ ਹੈ ਤੇ ਜੋੜਾਂ
ਵਿਚ ਤਕਲੀਫ਼ ਜਾਂ ਸੱਟਾਂ ਛੇਤੀ ਲੱਗਣ ਲੱਗ ਪੈਂਦੀਆਂ ਹਨ। ਉਮਰ ਭਰ ਜੋੜਾਂ ਨੂੰ
ਲਗਾਤਾਰ ਵਰਤਣ ਨਾਲ ਜੋੜ ਕੁੱਝ ਸਖ਼ਤ ਹੋ ਜਾਂਦੇ ਹਨ। ਜੇ ਭਾਰ ਵੱਧ ਹੋਵੇ ਤਾਂ ਇਹ
ਤਕਲੀਫ਼ ਛੇਤੀ ਹੋ ਸਕਦੀ ਹੈ। ਇਸ ਨਾਲ ‘ਓਸਟੀਓਆਰਥਰਾਈਟਿਸ’ ਹੋਣ ਲੱਗ ਪੈਂਦਾ ਹੈ।
ਜੋੜਾਂ ਵਿਚਲੇ 'ਲਿਗਾਮੈਂਟ' ਵੀ ਕੱਸੇ ਜਾਂਦੇ ਹਨ ਤੇ ਜੋੜ ਆਕੜਨ ਲੱਗ ਪੈਂਦੇ ਹਨ।
ਸੈੱਲ ਛੇਤੀ ਰਿਪੇਅਰ ਨਹੀਂ ਕਰ ਸਕਦੇ, ਸੋ ਸੱਟ ਫੇਟਾਂ ਜਲਦੀ ਲੱਗਣ ਲੱਗ ਪੈਂਦੀਆਂ ਹਨ
ਜਾਂ ਨਿੱਕੀ ਜਿਹੀ ਸੱਟ ਅਤੇ ਝਟਕੇ ਨਾਲ ਹੀ ਹੱਡੀ ਟੁੱਟ ਸਕਦੀ ਹੈ।
ਇਸ ਸਭ ਤੋਂ ਬਚਣ ਲਈ ਇੱਕੋ ਰਾਮ ਬਾਣ ਹੈ :- ਕਸਰਤ, ਤੇ ਉਹ ਵੀ ਰੋਜ਼ਾਨਾ!
14. ਪੱਠੇ :
ਪੱਠਿਆਂ ਦਾ ਆਕਾਰ ਤੇ ਤਾਕਤ 30 ਵਰਿਆਂ ਦੀ ਉਮਰ ਪੂਰੀ ਹੋਣ ਤੋਂ ਬਾਅਦ ਘਟਣ ਲੱਗ
ਪੈਂਦੇ ਹਨ। ਪੱਠੇ ਹਲਕੇ ਲਟਕ ਵੀ ਜਾਂਦੇ ਹਨ। ਬਾਕੀ ਦੀ ਪੂਰੀ ਉਮਰ ਪੱਠਿਆਂ ਦਾ ਆਕਾਰ
ਘਟਦਾ ਰਹਿੰਦਾ ਹੈ। 'ਟੈਸਟੋਸਟੀਰੋਨ' ਦੇ ਘਟਣ ਨਾਲ ਪੱਠੇ ਹੋਰ ਪਤਲੇ ਹੋ ਜਾਂਦੇ ਹਨ।
ਪੱਠੇ ਛੇਤੀ ਨਾਲ ਖੁੱਲਦੇ ਤੇ ਮੁੜਦੇ ਵੀ ਨਹੀਂ ਜਿਸ ਸਦਕਾ ਸਰੀਰ ਵੀ ਢਿੱਲਾ ਪੈ
ਜਾਂਦਾ ਹੈ।
ਜਿੰਨੇ ਪੱਠੇ ਜਵਾਨੀ ਵੇਲੇ ਤਾਕਤ ਨਾਲ ਭਰ ਲਏ ਜਾਣ, ਉਸਤੋਂ ਸਿਰਫ਼ 10 ਤੋਂ 15
ਪ੍ਰਤੀਸ਼ਤ ਹੀ ਬੁਢੇਪੇ ਵੇਲੇ ਘਟਦੇ ਹਨ। ‘ਸਾਰਕੋਪੀਨੀਆ’ ਜਾਂ ਪੱਠਿਆਂ ਦਾ ਉੱਕਾ ਹੀ
ਸੁੱਕ ਜਾਣਾ, ਸਿਰਫ਼ ਬੁਢੇਪੇ ਕਾਰਣ ਨਹੀਂ ਹੁੰਦਾ। ਕਿਸੇ ਲੰਬੀ ਬੀਮਾਰੀ ਜਾਂ ਬਿਲਕੁਲ
ਹੀ ਹਿਲਜੁਲ ਨਾ ਕਰਨ ਸਦਕਾ ਹੋ ਸਕਦਾ ਹੈ।
ਜਿਹੜੇ ਲੋਕ ਕਸਰਤ ਦੇ ਸ਼ੌਕੀਨ ਹੋਣ ਤੇ ਰੋਜ਼ਾਨਾ ਕਸਰਤ ਕਰਦੇ ਰਹਿਣ, ਉਹ 100
ਵਰਿਆਂ ਦੇ ਹੋਣ ਉੱਤੇ ਵੀ ਕਈ ਨੌਜਵਾਨਾਂ ਨੂੰ ਤਾਕਤ ਵਜੋਂ ਪਿਛਾਂਹ ਛੱਡ ਜਾਂਦੇ ਹਨ।
ਜ਼ਰੂਰੀ ਨੁਕਤਾ :
- 50 ਵਰਿਆਂ ਦੀ ਉਮਰ ਬਾਅਦ ਕਿਸੇ ਵੀ ਬੀਮਾਰੀ ਕਾਰਣ ਜੇ ਮੰਜੇ ਉੱਤੇ ਲੇਟਣਾ ਪੈ
ਜਾਵੇ, ਤਾਂ ਹਰ ਲੇਟਣ ਦੇ ਇਕ ਦਿਨ ਵਿਚਲੀ ਪੱਠਿਆਂ ਦੀ ਘਟੀ ਤਾਕਤ ਦੁਬਾਰਾ ਹਾਸਲ
ਕਰਨ ਲਈ 2 ਹਫ਼ਤੇ ਵਾਧੂ ਕਸਰਤ ਕਰਨੀ ਪੈਂਦੀ ਹੈ। ਲਗਾਤਾਰ ਕਸਰਤ ਕਰਦੇ ਰਹਿਣ ਨਾਲ
ਪੱਠਿਆਂ ਦਾ ਆਕਾਰ ਵੀ ਲੰਮੇ ਸਮੇਂ ਤਕ ਬਰਕਰਾਰ ਰੱਖਿਆ ਜਾ ਸਕਦਾ ਹੈ। ਇਸ ਵਾਸਤੇ
ਦੰਡ ਬੈਠਕਾਂ ਜਾਂ ਭਾਰ ਚੁੱਕਣ, ਡੰਬਲ ਵਰਤਣ, ਵੱਡੇ ਰਬੜ ਖਿੱਚਣ ਆਦਿ ਵਰਗੀਆਂ
ਕਸਰਤਾਂ ਸਹੀ ਰਹਿੰਦੀਆਂ ਹਨ।
- 75 ਵਰਿਆਂ ਦੀ ਉਮਰ ਉੱਤੇ ਸਰੀਰ ਅੰਦਰਲਾ ਫੈਟ ਜਾਂ ਥਿੰਦਾ ਜਵਾਨੀ ਨਾਲੋਂ
ਦੁਗਣਾ ਹੋ ਜਾਂਦਾ ਹੈ ਜੋ ਬੀਮਾਰੀਆਂ ਦੀ ਜੜ ਹੈ। ਅਜਿਹਾ ਥਿੰਦਾ ਪੱਠਿਆਂ ਨੂੰ ਵੀ
ਖੋਰ ਦਿੰਦਾ ਹੈ। ਇਸੇ ਲਈ ਰੋਜ਼ਾਨਾ ਕਸਰਤ ਦੀ ਬਹੁਤ ਅਹਿਮੀਅਤ ਹੈ, ਖ਼ਾਸ ਕਰ ਜੇ
ਸ਼ੱਕਰ ਰੋਗ ਤੋਂ ਬਚਣਾ ਹੋਵੇ ਤਾਂ!
15. ਵੱਖੋ-ਵਖਰੇ ਅੰਗ :
ਸੈੱਲਾਂ ਦੇ ਲਗਾਤਾਰ ਟੁੱਟਦੇ ਰਹਿਣ ਤੇ ਹੋਰ ਨਾ ਬਣਨ ਸਦਕਾ ਹਰ ਅੰਗ ਵਿਚਲੇ ਸੈੱਲ
ਘੱਟ ਹੋ ਜਾਂਦੇ ਹਨ, ਜਿਵੇਂ ਗੁਰਦੇ, ਜਿਗਰ, ਅੰਡਕੋਸ਼, ਗਦੂਦ, ਆਦਿ। ਇਸੇ ਕਰਕੇ ਇਹ
ਸਾਰੇ ਅੰਗ ਪੂਰਾ ਕੰਮ ਕਾਰ ਨਹੀਂ ਕਰ ਸਕਦੇ। ਦਿਮਾਗ਼ ਵਿੱਚੋਂ ਬਹੁਤੇ ਸੈੱਲ ਨਹੀਂ
ਘੱਟਦੇ। ਪਰ, ਜੇ ਨਸ ਬੰਦ ਹੋਣ ਨਾਲ ਪਾਸਾ ਮਾਰਿਆ ਗਿਆ ਹੋਵੇ ਜਾਂ ਨਸਾਂ ਦੇ ਸੁੱਕਣ
ਦੀ ਬੀਮਾਰੀ ਹੋਵੇ ਜਿਵੇਂ 'ਪਾਰਕਿਨਸਕ' ਜਾਂ 'ਐਲਜ਼ੀਮਰ', ਤਾਂ ਕਾਫੀ ਸੈੱਲ ਖ਼ਤਮ ਹੋ
ਜਾਂਦੇ ਹਨ।
ਸਰੀਰ ਅੰਦਰਲੇ ਸਾਰੇ ਅੰਗ ਇਕ ਦੂਜੇ ਨਾਲ ਮਿਲ ਕੇ ਕੰਮ ਕਰਦੇ ਹਨ। ਜੇ ਕੋਈ ਇਕ
ਅੰਗ ਆਪਣਾ ਕੰਮ ਕਾਰ ਘਟਾ ਦੇਵੇ ਤਾਂ ਇਸਦਾ ਅਸਰ ਬਾਕੀ ਸਾਰੇ ਅੰਗਾਂ ਉੱਤੇ ਵੀ ਪੈ
ਜਾਂਦਾ ਹੈ।
ਤੀਹ ਸਾਲਾਂ ਦੀ ਉਮਰ ਤਕ ਸਾਰੇ ਅੰਗ ਬਹੁਤ ਫੁਰਤੀਲੇ ਹੁੰਦੇ ਹਨ ਪਰ ਫਿਰ
ਹੌਲੀ-ਹੌਲੀ ਕੰਮ ਕਾਰ ਘਟਾ ਦਿੰਦੇ ਹਨ। ਇਸੇ ਲਈ ਤਿੱਖੀ ਧੁੱਪ, ਬਹੁਤੀ ਠੰਡ, ਬਹੁਤੀ
ਸਖ਼ਤ ਕਸਰਤ, ਇਕਦਮ ਕਿਸੇ ਦੀ ਮੌਤ ਦੀ ਖ਼ਬਰ ਆਦਿ ਵਧਦੀ ਉਮਰ ਵਿਚ ਜਾਨਲੇਵਾ ਸਾਬਤ ਹੋ
ਸਕਦੇ ਹਨ।
16. ਕੰਨ :
ਸਾਰੀ ਉਮਰ ਉੱਚੀਆਂ ਆਵਾਜ਼ਾਂ ਸੁਣਦਿਆਂ, ਹੌਲੀ-ਹੌਲੀ ਕੰਨਾਂ ਦੀ ਸੁਣਨ ਸ਼ਕਤੀ ਘੱਟ
ਜਾਂਦੀ ਹੈ। ਵਡੇਰੀ ਉਮਰ ਵਿਚ ਤਿੱਖੀ ਚੀਕਵੀਂ ਆਵਾਜ਼ ਸੁਣਨੀ ਔਖੀ ਹੋ ਜਾਂਦੀ ਹੈ। ਏਸੇ
ਲਈ ਕਈ ਵਾਰ ਬਜ਼ੁਰਗਾਂ ਨੂੰ ਆਪਣੀਆਂ ਵਹੁਟੀਆਂ ਤੇ ਨਿੱਕੇ ਬੱਚਿਆਂ ਦੀ ਆਵਾਜ਼ ਸੌਖਿਆਂ
ਸੁਣਦੀ ਨਹੀਂ। ਨਤੀਜਾ-ਬੋਲ ਬੁਲਾਰਾ, ਲੜਾਈ ਝਗੜੇ!! ਸਿਤਾਰ ਦੀ ਆਵਾਜ਼ ਵੀ ਓਨੀ ਮਧੁਰ
ਨਹੀਂ ਜਾਪਦੀ।
ਏਸੇ ਲਈ ਬਜ਼ੁਰਗਾਂ ਦੇ ਨੇੜੇ ਹੋ ਕੇ ਇੱਕ-ਇੱਕ ਅੱਖਰ ਸਾਫ਼ ਤੇ ਅਲੱਗ ਬੋਲਣ ਦੀ ਲੋੜ
ਹੁੰਦੀ ਹੈ, ਨਾ ਕਿ ਉੱਚੀ ਤੇ ਤੇਜ਼-ਤੇਜ਼ ਬੋਲ ਕੇ ਗੱਲ ਸੁਣਾਉਣ ਦੀ। ਛੇਤੀ-ਛੇਤੀ
ਬੋਲਣਾ ਬਜ਼ੁਰਗਾਂ ਨੂੰ ਸੁਣਦਾ ਹੀ ਨਹੀਂ ਤੇ ਉਨਾਂ ਨੂੰ ਇੰਜ ਲੱਗਦਾ ਹੈ ਜਿਵੇਂ ਕੋਈ
ਮੂੰਹ ਵਿਚ ਹੀ ਗੁਣਗੁਣਾ ਰਿਹਾ ਹੈ। ਜ਼ਿਆਦਾਤਰ ‘ਕ’, ‘ਟ’, ‘ਸ’, ‘ਪ’ ਤੇ ‘ਚ’ ਸੁਣਨ
ਵਿਚ ਦਿੱਕਤ ਆਉਂਦੀ ਹੈ।
ਕਈ ਬਜ਼ੁਰਗਾਂ ਦੇ ਕੰਨਾਂ ਵਿੱਚੋਂ ਲੰਮੇ ਵਾਲ ਬਾਹਰ ਨਿਕਲਦੇ ਦਿਸਣ ਲੱਗ ਪੈਂਦੇ
ਹਨ।
17. ਚਮੜੀ :
ਵਡੇਰੀ ਉਮਰ ਵਿਚ ਚਮੜੀ ਪਤਲੀ ਖ਼ੁਰਦਰੀ ਤੇ ਝੁਰੜੀਆਂ ਨਾਲ ਭਰ ਜਾਂਦੀ ਹੈ। ਜਿਹੜੇ
ਜਣੇ ਬਹੁਤੀ ਧੁੱਪ ਵਿਚ ਨਾ ਫਿਰਦੇ ਰਹੇ ਹੋਣ, ਉਹ ਆਪਣੀ ਉਮਰ ਤੋਂ ਛੋਟੇ ਲੱਗਦੇ ਹਨ
ਕਿਉਂਕਿ ਉਨਾਂ ਦੀ ਚਮੜੀ ਓਨੀ ਖ਼ਰਾਬ ਨਹੀਂ ਹੁੰਦੀ।
ਚਮੜੀ ਵਿਚ 'ਕੋਲਾਜਨ' ਤੇ 'ਈਲਾਸਟਿਨ' ਘਟਣ ਕਾਰਣ ਚਮੜੀ ਛੇਤੀ ਫਟਣ ਲੱਗ ਪੈਂਦੀ
ਹੈ। ਚਮੜੀ ਹੇਠਲੀ ਥਿੰਦੇ ਦੀ ਪਰਤ ਵੀ ਪਤਲੀ ਹੋ ਜਾਂਦੀ ਹੈ ਜੋ ਸਰੀਰ ਅੰਦਰਲੀ ਗਰਮੀ
ਨੂੰ ਬਾਹਰ ਨਿਕਲਣ ਤੋਂ ਰੋਕ ਨਹੀਂ ਸਕਦੀ ਤੇ ਵਡੇਰੀ ਉਮਰ ਵਿਚ ਛੇਤੀ ਠੰਡ ਲੱਗਣ ਦੇ
ਆਸਾਰ ਵੱਧ ਜਾਂਦੇ ਹਨ। ਚਮੜੀ ਵਿੱਚ ਦਿਮਾਗ਼ ਵੱਲੋਂ ਆਉਂਦੀਆਂ ਨਸਾਂ ਵੀ ਘੱਟ ਹੋ
ਜਾਂਦੀਆਂ ਹਨ। ਇਸੇ ਲਈ ਪੀੜ, ਤਾਪਮਾਨ ਤੇ ਦਬਾਓ ਨੂੰ ਮਹਿਸੂਸ ਕਰਨ ਦੀ ਤਾਕਤ ਵੀ ਘੱਟ
ਜਾਂਦੀ ਹੈ ਜਿਸ ਸਦਕਾ ਸੱਟਾਂ ਲੱਗਣ ਦਾ ਛੇਤੀ ਪਤਾ ਨਹੀਂ ਲਗਦਾ। ਚਮੜੀ ਵਿਚ ਪਸੀਨੇ
ਦੇ 'ਗਲੈਂਡ' ਵੀ ਘੱਟ ਜਾਂਦੇ ਹਨ ਤੇ ਲਹੂ ਦੀਆਂ ਨਾੜੀਆਂ ਵੀ। ਇਨਾਂ ਕਰਕੇ ਗਰਮੀਆਂ
ਵਿਚ ਸਰੀਰ ਵਾਧੂ ਗਰਮੀ ਪਸੀਨੇ ਰਾਹੀਂ ਬਾਹਰ ਨਹੀਂ ਕੱਢ ਸਕਦਾ ਤੇ 'ਹੀਟ ਸਟਰੋਕ' ਹੋਣ
ਦਾ ਖ਼ਤਰਾ ਕਈ ਗੁਣਾਂ ਵੱਧ ਹੋ ਜਾਂਦਾ ਹੈ। ਚਮੜੀ ਗੰਦਗੀ ਬਾਹਰ ਕੱਢਣ ਵਿਚ ਅਸਮਰੱਥ ਹੋ
ਜਾਂਦੀ ਹੈ ਤੇ ਰੰਗ ਦੇਣ ਵਾਲੇ 'ਮੇਲੈਨੋਸਾਈਟ' ਸੈੱਲ ਵੀ ਘੱਟ ਜਾਂਦੇ ਹਨ। ਸੋ
'ਅਲਟਰਾਵਾਇਲਟ' ਕਿਰਨਾਂ ਤੋਂ ਹੋ ਰਹੇ ਮਾੜੇ ਅਸਰਾਂ ਤੋਂ ਬਚਾਓ ਨਹੀਂ ਹੋ ਸਕਦਾ ਤੇ
ਚਮੜੀ ਉੱਤੇ ਕਾਲੇ ਧੱਬੇ ਜਾਂ ਤਿਲ ਬਣਨੇ ਸ਼ੁਰੂ ਹੋ ਜਾਂਦੇ ਹਨ।
ਚਮੜੀ 'ਵਿਟਾਮਿਨ ਡੀ' ਵੀ ਘੱਟ ਬਣਾਉਣ ਲੱਗ ਪੈਂਦੀ ਹੈ ਜਿਸ ਕਰਕੇ 'ਵਿਟਾਮਿਨ ਡੀ'
ਦੀ ਕਮੀ ਹੋ ਜਾਂਦੀ ਹੈ।
18. ਮੂੰਹ ਅਤੇ ਨੱਕ :
ਆਮ ਤੌਰ ਉੱਤੇ ਪੰਜਾਹ ਸਾਲਾਂ ਦੀ ਉਮਰ ਉੱਤੇ ਸੁਆਦ ਚੱਖਣ ਤੇ ਖੁਸ਼ਬੋ ਸੁੰਘਣ ਦੀ
ਸ਼ਕਤੀ ਵੀ ਘਟਣੀ ਸ਼ੁਰੂ ਹੋ ਜਾਂਦੀ ਹੈ।
ਨੱਕ ਅੰਦਰਲੀ ਪਰਤ ਪਤਲੀ ਹੋਣ ਤੇ ਜੀਭ ਉੱਪਰਲੇ ਸੁਆਦ ਚੱਖਣ ਵਾਲੇ ਸੈੱਲ ਘਟਣ ਨਾਲ
ਬਹੁਤੀਆਂ ਚੀਜ਼ਾਂ ਖੁਸ਼ਬੋ ਰਹਿਤ ਅਤੇ ਬਕਬਕੀਆਂ ਜੱਪਣ ਲੱਗ ਪੈਂਦੀਆਂ ਹਨ। ਮੂੰਹ ਅੰਦਰ
ਘੱਟ ਥੁੱਕ ਬਣਨ ਨਾਲ ਮੂੰਹ ਸੁੱਕਾ ਮਹਿਸੂਸ ਹੁੰਦਾ ਰਹਿੰਦਾ ਹੈ। ਜਬਾੜਾ ਹੇਠਾਂ ਢਿਲਕ
ਜਾਣ ਨਾਲ ਵੀ ਮੂੰਹ ਕੁੱਝ ਖੁੱਲਾ ਰਹਿ ਜਾਂਦਾ ਹੈ ਤੇ ਮੂੰਹ ਰਾਹੀਂ ਸਾਹ ਲੈਣ ਨਾਲ ਵੀ
ਮੂੰਹ ਸੁੱਕਾ ਮਹਿਸੂਸ ਹੁੰਦਾ ਹੈ।
ਮਸੂੜਿਆਂ ਦੇ ਸੁੰਗੜ ਜਾਣ ਕਾਰਣ ਇਨਾਂ ਵਿੱਚੋਂ ਦੰਦਾਂ ਦੀਆਂ ਜੜਾਂ ਬਾਹਰ ਨਿਕਲ
ਆਉਂਦੀਆਂ ਹਨ ਤੇ ਦੰਦਾਂ ਵਿਚ ਕੀੜਾ ਲੱਗਣ ਤੇ ਦੰਦ ਖੁਰਨ ਦੇ ਆਸਾਰ ਵੱਧ ਜਾਂਦੇ ਹਨ।
ਵਧਦੀ ਉਮਰ ਨਾਲ ਨੱਕ ਵਿੱਚੋਂ ਲੰਮੇ ਵਾਲ ਦਿਸਣ ਲਗ ਪੈਂਦੇ ਹਨ, ਨੱਕ ਥੋੜਾ ਲੰਮਾ ਹੋ
ਜਾਂਦਾ ਹੈ ਤੇ ਇਸਦੀ ਨੋਕ ਰਤਾ ਕੁ ਅਗਾਂਹ ਢਿਲਕ ਜਾਂਦੀ ਹੈ।
ਸਾਰ :
ਵਧਦੀ ਉਮਰ ਨਾਲ ਹੋ ਰਹੇ ਬਦਲਾਓ ਕਿਸੇ ਵੀ ਪਾਸਿਓਂ ਢਹਿੰਦੀ ਕਲਾ ਵੱਲ ਜਾਣ ਦਾ
ਕਾਰਣ ਨਹੀਂ ਹਨ। ਚੇਤੇ ਰਹੇ ਕਿ ਪੱਕਿਆ ਹੋਇਆ ਫਲ ਹੀ ਮਿੱਠਾ ਹੁੰਦਾ ਹੈ। ਕੌੜੇ
ਮਿੱਠੇ ਤਜਰਬਿਆਂ ਨਾਲ ਭਰਪੂਰ ਹੋ ਕੇ ਇਸ ਉਮਰ ਉੱਤੇ ਪਹੁੰਚਣਾ ਤੇ ਹੋਰਨਾਂ ਨੂੰ ਸੇਧ
ਦੇਣ ਯੋਗ ਬਣਨਾ ਆਪਣੇ ਆਪ ਵਿੱਚ ਹੀ ਇਕ ਮਿਸਾਲ ਹੈ।
ਜਿੱਥੇ ਅਨੇਕ ਲੋਕ 'ਐਕਸੀਡੈਂਟਾਂ' ਨਾਲ ਛੋਟੀ ਉਮਰੇ ਹੀ ਇਸ ਦੁਨੀਆ ਨੂੰ ਅਲਵਿਦਾ
ਕਹਿ ਜਾਂਦੇ ਹੋਣ, ਅਨੇਕ ਜੰਮਦੇ ਸਾਰ ਆਖ਼ਰੀ ਸਾਹ ਲੈ ਲੈਂਦੇ ਹੋਣ ਤੇ ਕਈ ਜਾਨਲੇਵਾ
ਬੀਮਾਰੀਆਂ ਨਾਲ ਜੂਝਦੇ ਚੜਦੀ ਜਵਾਨੀ ਵਿਚ ਅੱਡੀਆਂ ਰਗੜ ਕੇ ਮਰ ਜਾਂਦੇ ਹੋਣ, ਉੱਥੇ
ਕਿਸਮਤਾਂ ਵਾਲੇ ਹੀ 60 ਸਾਲਾਂ ਦੀ ਦਹਿਲੀਜ਼ ਪਾਰ ਕਰਦੇ ਹਨ। ਇਸੇ ਲਈ ਝੂਰਨਾ ਛੱਡ ਕੇ
ਸ਼ੁਕਰਾਨਾ ਕਰਨ ਦੀ ਲੋੜ ਹੈ। ਟੀਚਾ ਮਿਥਣ ਨਾਲ ਸਮਾਂ ਲੰਘਣ ਦਾ ਪਤਾ ਹੀ ਨਹੀਂ ਲੱਗਦਾ।
ਦੋਸਤੀਆਂ ਗੰਢਣੀਆਂ ਤੇ ਹੱਸਣਾ ਇਸ ਉਮਰ ਵਿਚ ਬਹੁਤ ਜ਼ਰੂਰੀ ਹੈ। ਇਕ ਸਾਥੀ ਦੀ ਲੋੜ ਇਸ
ਉਮਰ ਵਿਚ ਬਹੁਤ ਹੁੰਦੀ ਹੈ।
ਵਧਦੀ ਉਮਰ ਵਿਚ ਵੀ ਜਵਾਨ ਦਿਸਣ ਅਤੇ ਨੌਜਵਾਨਾਂ ਵਰਗੀ ਤਾਕਤ ਮਹਿਸੂਸ ਕਰਦੇ ਰਹਿਣ
ਲਈ ਤਿੰਨ ਨੁਕਤੇ ਅਤਿ ਜ਼ਰੂਰੀ ਹਨ:
- ਸੰਤੁਲਿਤ ਖ਼ੁਰਾਕ,
- ਖੁਸ਼ ਰਹਿਣਾ, ਤੇ
- ਰੋਜ਼ ਦੀ ਕਸਰਤ!
ਹਾਲੇ ਵੀ ਦੇਰ ਨਹੀਂ ਹੋਈ। ਅੱਜ ਤੋਂ ਹੀ ਸ਼ੁਰੂ ਕਰਨ ਵਿਚ ਕੋਈ ਹਰਜ਼ ਨਹੀਂ। ਰੱਬ
ਰਾਖਾ!!
ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783 |