ਵਿਗਿਆਨ ਪ੍ਰਸਾਰ

ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ

 

 

ਕੈਂਸਰ ਨਾ ਮੁਰਾਦ ਬੀਮਾਰੀ ਹੈ ਇਸਨੂੰ ਕਰੀਬ ਮੌਤ ਹੀ ਸਮਝਿਆ ਜਾਂਦਾ ਹੈ ਜਦੋਂ ਕਿ ਅੱਜ ਦੇ ਹਾਲਾਤ ਚ ਅਜਿਹਾ ਨਹੀਂ ਹੈ।ਇਸਦੇ ਇਲਾਜ ਲਈ ਜਿੱਥੇ ਡਾਕਟਰ,ਦਵਾਈਆਂ ਤੇ ਪੈਸਾ ਕੰਮ ਕਰਦੇ ਹਨ ੳੱਥੇ ਮਰੀਜ ਦਾ ਅਪਣਾ ਮਨੋਬਲ ਵੀ ਇੱਕ ਬਹੁਤ ਵੱਡੀ ਲੋੜ ਹੈ।ਮੈਨੂੰ ਪੂਰੀ ਉਮੀਦ ਹੈ ਕਿ ਇਹ ਲੇਖ ਮਰੀਜ ਦੇ ਜਾਂ ਸਮਾਜ ਦੇ ਮਨੋਬਲ ਨੂੰ ਉੱਚਾ ਚੁੱਕਣ ਵਿਚ ਸਹਾਈ ਹੋਵੇਗਾ ।

ਪਿਛਲੇ ਹਫਤੇ ਜਦੋਂ P.G.I. ਚੰਡੀਗੜ੍ਹ ਦੇ ਡਾਕਟਰ ਮੇਰੀ ਗਰਦਨ ਉਤੇ ਬਣੀ ਹੋਈ ਗੱਠ ਵਿਚੋਂ ਮਾਸ ਦਾ ਟੁਕੜਾ ਲੈ ਰਹੇ ਸਨ ਤਾਂ ਉਹਨਾਂ ਦੀਆਂ ਗੱਲਾਂ ਤੋਂ ਪਤਾ ਲੱਗ ਰਿਹਾ ਸੀ ਕਿ ਜਿਵੇਂ ਕੈਂਸਰ ਦਾ ਟੈਸਟ ਹੋ ਰਿਹਾ ਹੈ। ਪਰ ਰੀਪੋਰਟ ਆਉਣ ਤੱਕ ਗੱਲ ਸ਼ੱਕੀ ਸੀ। ਅੱਜ ਮਿਤੀ 27-1-2005 ਨੂੰ ਲੜਖੜਾਂਦੇ ਕਦਮੀਂ ਤੇ ਟੁੱਟੇ ਜਿਹੇ ਦਿਲ ਨਾਲ ਜਦੋਂ ਪੀ.ਜੀ.ਆਈ. ਪਹੁੰਚੇ; ਮੈਂ ਤਾਂ ਲੈਬਾਰਟਰੀ ਦੇ ਬਾਹਰ ਹੀ ਖੜ੍ਹਾ ਰਿਹਾ ਪਰ ਦੋਨੋਂ ਬੱਚੇ (ਲੜਕੀ ਅਤੇ ਲੜਕਾ) ਰੀਪੋਰਟ ਲੈਣ ਲਈ ਅੰਦਰ ਗਏ। ਤਕਰੀਬਨ ਅੱਧੇ ਘੰਟੇ ਬਾਅਦ ਰੀਪੋਰਟ ਲੈ ਕੇ ਮੁੜੇ। ਉਹਨਾਂ ਦੇ ਚੇਹਰੇ ਮੁਰਝਾਏ ਹੋਏ ਸਨ ਪ੍ਰੰਤੂ ਉਹਨਾਂ ਨੇ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਤਕੜਾ ਕੀਤਾ ਹੋਇਆ ਸੀ। ਉਹਨਾਂ ਦੇ ਮੇਰੇ ਕੋਲ਼ ਆਉਂਦਿਆਂ ਹੀ ਮੈਂ ਉਹਨਾਂ ਤੋਂ ਰੀਪੋਰਟ ਲੈਕੇ ਪੜ੍ਹੀ ਤਾਂ ਮਨ ਨੂੰ ਬਹੁਤ ਵੱਡੀ ਚੋਟ ਲੱਗੀ। ਮਾਨਸਿਕ ਤੌਰ ਤੇ ਪੈਰਾਂ ਹੇਠੋਂ ਜਮੀਨ ਨਿਕਲ ਚੁੱਕੀ ਸੀ। ਜੀਵਨ ਮੌਤ ਦੇ ਮੂੰਹ ਪਿਆ ਦਿਖਾਈ ਦੇ ਰਿਹਾ ਸੀ। ਅਚਨਚੇਤ ਹੀ ਮੂੰਹੋਂ ਨਿਕਲ਼ ਗਿਆ। “ਚਲੋ, ਜਿੰਦਗੀ ਦੇ ਦਸ ਕੁ ਸਾਲ ਹੋਰ ਮਿਲ ਜਾਂਦੇ ਤਾਂ ਚੰਗਾ ਸੀ ਪਰ ਨਹੀਂ ਮਿਲ ਰਹੇ ਤਾਂ ਕੀ ਕੀਤਾ ਜਾ ਸਕਦਾ ਹੈ!” ਕਿਉਂਕਿ ਕੈਂਸਰ ਦਾ ਮਤਲਬ ਹੀ ਮੌਤ ਸਮਝਿਆ ਜਾਂਦਾ ਸੀ। ਇਹਨਾਂ ਲਫ਼ਜਾਂ ਨਾਲ ਬੱਚਿਆਂ ਦੇ ਮਨਾਂ ਨੂੰ ਭੀ ਚੋਟ ਲੱਗੀ ਅਤੇ ਉਹਨਾਂ ਦੀਆਂ ਅੱਖਾਂ ਅੰਦਰ ਵੀ ਹੰਝੂਆਂ ਦੀ ਨਮੀ ਝਲਕ ਪਈ ਪਰ ਉਹਨਾਂ ਨੇ ਹਿੰਮਤ ਨਾਲ ਆਪਣੇ ਆਪ ਨੂੰ ਸੰਭਾਲ਼ੀ ਰੱਖਿਆ। ਪਲ ਭਰ ਦੀ ਚੁੱਪ ਪਿੱਛੋਂ ਮਨ ਵਿਚ ਆਇਆ ਕਿ ਪੀ.ਜੀ.ਆਈ. ਦੇ ਡਾਕਟਰਾਂ ਨੂੰ ਦਿਖਾਉਂਦੇ ਹਾਂ; ਸ਼ਾਇਦ ਬਚਾ ਲਈ ਕੋਈ ਰਸਤਾ ਨਿਕਲ ਹੀ ਆਏ। ਲੜਕੀ ਡਾਕਟਰ ਹੋਣ ਦੀ ਵਜਾਹ ਕਰਕੇ ਬੀਮਾਰੀ ਤੋਂ ਪਹਿਲਾਂ ਹੀ ਜਾਣੂੰ ਸੀ ਅਤੇ ਕਹਿਣ ਲੱਗੀ ਕਿ ਮੈਂ ਇਸ ਦਾ ਪ੍ਰਬੰਧ ਪਹਿਲਾਂ ਹੀ ਕੀਤਾ ਹੋਇਆ ਹੈ। ਮੋਹਾਲੀ ਦੇ ਫੋਰਟਿਸ ਹਸਪਤਾਲ ਅੰਦਰ ਏਸੇ ਬੀਮਾਰੀ ਦਾ ਸਪੈਸ਼ਲਿਸਟ ਡਾਕਟਰ ਦਿੱਲੀ ਤੋਂ ਆਇਆ ਹੈ। ਮੇਰੀ ਉਸ ਨਾਲ ਗੱਲ ਬਾਤ ਹੋ ਚੁੱਕੀ ਹੈ। ਆਪਾਂ ਓਥੇ ਹੀ ਚਲਾਂਗੇ। ਬੱਚਿਆਂ ਨੇ ਇਕ ਕਾਰ ਰਾਹੀਂ ਮੈਨੂੰ ਵਾਪਸ ਘਰ ਨੂੰ ਭੇਜ ਦਿਤਾ ਤੇ ਆਪ ਇਕ ਕਾਰ ਰਾਹੀਂ ਆਪ ਫੋਰਟਿਸ ਹਸਪਤਾਲ ਨੂੰ ਚਲੇ ਗਏ। ਘਰ ਆ ਕੇ ਘਰ ਵਾਲ਼ੀ ਨੂੰ ਦੱਸਿਆ ਤਾਂ ਮੌਤ ਵਰਗੀ ਚੁੱਪ ਘਰ ‘ਚ ਛਾ ਗਈ। ਗੁਆਂਢੀ ਦੋਸਤ ਕਰਤਾਰ ਰੀਪੋਰਟ ਦੀ ਪੁੱਛ ਗਿੱਛ ਲਈ ਆਇਆ ਤਾਂ ਕੈਂਸਰ ਸੁਣ ਕੇ ਉਸ ਦੇ ਮੂੰਹੋਂ ਨਿਕਲਿਆ,“ਹਾਇ ਓਏ!” ਥੋਹੜੀ ਦੇਰ ਬਾਅਦ ਵੱਡੀ ਲੜਕੀ ਦਾ ਫੋਨ ਆਇਆ ਜਿਸ ਨੂੰ ਸੁਣਨ ਲਈ ਘਰ ਵਾਲ਼ੀ ਅੰਦਰ ਗਈ ਤਾਂ ਏਨਾ ਕੁ ਤਾਂ ਹਿੰਮਤ ਨਾਲ ਦੱਸ ਦਿਤਾ ਕਿ ਤੇਰੇ ਡੈਡੀ ਨੂੰ ਕੈਂਸਰ ਹੈ ਪਰ ਬਾਕੀ ਫ਼ੋਨ ਵਿਚੋਂ ਛੱਡ ਕੇ ਅੱਖਾਂ ‘ਚ ਗਲੇਡੂ ਭਰੀ ਬਾਹਰ ਆ ਗਈ ਤੇ ਭਰੇ ਗਲੇ ਨਾਲ ਕਹਿਣ ਲੱਗੀ, “ਰਾਣੀ ਦਾ ਫ਼ੋਨ ਹੈ” ਤੇ ਮੈਨੂੰ ਸੁਣਨ ਲਈ ਇਸ਼ਾਰਾ ਕੀਤਾ। ਮੈਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੰਭਾਲ਼ਦਿਆਂ ਕਿਹਾ ਕਿ ਜੇ ਮੈਂ ਹੀ ਢੇਰੀ ਢਾਹ ਬੈਠਾ ਤਾਂ ਬੱਚਿਆਂ ਦਾ ਕੀ ਹਾਲ ਹੋਵੇਗਾ! ਫ਼ੋਨ ਤੇ ਲੜਕੀ ਨੂੰ ਹਿੰਮਤ ਰੱਖਣ ਦਾ ਆਦੇਸ਼ ਦੇ ਕੇ ਆਖਿਆ, “ਜੋ ਹੋਊ ਦੇਖੀ ਜਾਊ।” ਫ਼ੋਨ ਬੰਦ ਕਰ ਦਿੱਤਾ। ਥੋਹੜੀ ਦੇਰ ਬਾਅਦ ਹੀ ਛੋਟੀ ਲੜਕੀ ਦਾ ਫੋਨ ਆਇਆ। ਉਸ ਨੂੰ ਭੀ ਹਿੰਮਤ ਰੱਖਣ ਦਾ ਦਿਲਾਸਾ ਦਿੱਤਾ। ਥੋਹੜੇ ਸਮੇ ਅੰਦਰ ਹੀ ਫੋਨਾਂ ਰਾਹੀਂ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਪਤਾ ਲੱਗ ਗਿਆ ਸੀ। ਫੋਨਾਂ ਦੇ ਜਵਾਬ ਦਿੱਤੇ ਜਾ ਰਹੇ ਸਨ।

ਕਰੀਬ ਦਿਨ ਦੇ ਦੋ ਕੁ ਵੱਜਦਿਆਂ ਹੀ ਫੋਰਟਿਸ ਹਸਪਤਾਲ ਤੋਂ ਹੋ ਕੇ ਬੱਚੇ ਵਾਪਸ ਆ ਗਏ ਤੇ ਕਹਿਣ ਲੱਗੇ, “ਡੈਡੀ, ਚੱਲੋ ਤਿਆਰ ਹੋਵੋ; ਆਪਾਂ ਹਸਪਤਾਲ ਚੱਲਣਾ ਹੈ। ਮੈਂ ਪਰਾਈਵੇਟ ਹਸਪਤਾਲ ਜਾਣ ਤੋਂ, ਖ਼ਰਚੇ ਦਾ ਮਾਮਲਾ ਵੱਡਾ ਹੋਣ ਕਰਕੇ, ਥੋਹੜੀ ਹਿਚਕਚਾਹਟ ਦਿਖਾਈ ਅਤੇ ਪੀ.ਜੀ.ਆਈ. ਜਾਣ ਦੀ ਇੱਛਾ ਜਾਹਰ ਕੀਤੀ ਪ੍ਰੰਤੂ ਬੱਚਿਆਂ ਨੇ ਕਿਹਾ, “ਅਸੀਂ ਗੱਲ ਕਰ ਆਏ ਹਾਂ। ਘਰ ਬੈਠ ਕੇ ਸਮਾ ਬਰਬਾਦ ਨਹੀਂ ਕੀਤਾ ਜਾ ਸਕਦਾ।” ਬੱਚਿਆਂ ਨਾਲ਼ ਤੁਰਨਾ ਹੀ ਪਿਆ। ਤੁਰਨ ਲੱਗਿਆਂ ਇਹ ਗੱਲ ਮਨ ਤੇ ਭਾਰੂ ਹੀ ਸੀ ਕਿ ਸ਼ਾਇਦ ਮੈਂ ਮੁੜ ਕੇ ਵਾਪਸ ਨਹੀਂ ਆਵਾਂਗਾ। ਘਰੋਂ ਨਿਕਲ਼ਦਿਆਂ ਸੜਕ ਉਤਲੇ ਮੰਦਰ ਅੱਗੇ ਬੈਠੇ ਬੰਦਿਆਂ ਨੂੰ ਤੇ ਬਾਜਾਰ ‘ਚ ਫਿਰ ਰਹੇ ਲੋਕਾਂ ਨੂੰ ਆਪਣੇ ਵੱਲੋਂ ਅੰਤਮ ਸਤਿ ਸ੍ਰੀ ਅਕਾਲ ਬੁਲਾ ਕੇ ਤੁਰ ਪਿਆ। ਹਸਪਤਾਲ ਪਹੁੰਚਦਿਆਂ ਹੀ ਡਾਕਟਰ ਨੇ ਭਰਤੀ ਕਰ ਲਿਆ ਤੇ ਛੋਟੇ ਟੈਸਟ ਟੀ.ਐਲ.ਸੀ.ਡੀ.ਐਲ.ਸੀ. ਤੇ ਪਲੈਟਲੇਟ ਵਗੈਰਾ ਟੈਸਟ ਲਿਖ ਦਿੱਤੇ। ਟੈਸਟਾਂ ਅਨੁਸਾਰ ਮੇਰੀ ਟੀ.ਐਲ.ਸੀ ਨਾਰਮਲ ਤੋਂ ਵੱਧ ਕੇ ਪੌਣੇ ਤਿੰਨ ਲੱਖ ਹੋ ਗਈ ਸੀ। ਟੀ.ਐਲ.ਸੀ. ਦੀ ਵੱਧ ਰਹੀ ਸਪੀਡ ਨੂੰ ਦੇਖ ਕੇ ਇਹ ਅੰਦਾਜਾ ਬਣ ਰਿਹਾ ਸੀ ਕਿ ਮੇਰੀ ਜਿੰਦਗੀ ਦੇ ਸਿਰਫ ਬਾਰਾਂ ਤੋਂ ਪੰਦਰਾਂ ਦਿਨ ਬਾਕੀ ਹਨ। ਡਾਕਟਰ ਬੈਡ ਤੇ ਆਕੇ ਮੁਢਲੀਆਂ ਗੱਲਾਂ ਬਾਤਾਂ ਕਰਨ ਲੱਗਾ ਤੇ ਕਿਹਾ, “ਸਭ ਤੋਂ ਪਹਿਲਾਂ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੈਨੂੰ ਬੀਮਾਰੀ ਕੀ ਹੈ” ਮੈਂ ਸੁਭਾਵਿਕ ਹੀ ਕਿਹਾ, “ਡਾਕਟਰ ਸਾਹਿਬ, ਮੈਨੂੰ ਪੀ.ਜੀ.ਆਈ. ਵਾਲ਼ਿਆਂ ਨੇ ਕੈਂਸਰ ਦੱਸਿਆ ਹੈ। ਅਗਰ ਕੋਈ ਹੋਰ ਹੈ ਤਾਂ ਉਹ ਤੁਸੀਂ ਦੱਸ ਦਿਓ।“ “ਇਹ ਬਿਲਕੁਲ ਠੀਕ ਹੈ। ਇਸ ਦਾ ਇਲਾਜ ਹੈ ਪ੍ਰੰਤੂ ਇਲਾਜ ਦੇ ਨਾਲ ਤੈਨੂੰ ਹਿੰਮਤ ਰੱਖਣੀ ਹੋਵੇਗੀ,” ਡਾਕਟਰ ਨੇ ਆਖਿਆ। ਸਰਸਰੀ ਤੌਰ ਤੇ ਮੈਂ ਡਾਕਟਰ ਨੂੰ ਕਿਹਾ, “ਮੈਂ ਇਕ ਮਰੀਜ ਹਾਂ। ਬੈਡ ਤੇ ਪਿਆ ਹਾਂ। ਮੈਂ ਕੀ ਹਿੰਮਤ ਕਰ ਸਕਦਾ ਹਾਂ!” ਡਾਕਟਰ ਨੇ ਇਹ ਗੱਲ ਖੁੱਲ੍ਹ ਕੇ ਸਮਝਾਈ ਕਿ ਮੇਰਾ ਇਲਾਜ ਉਸ ਦਵਾਈ ਤੋਂ ਸ਼ੁਰੂ ਕਰਨਾ ਹੈ ਜੋ ਮੇਰੇ ਕਿਡਨੀ, ਲੀਵਰ ਜਾਂ ਬਾਕੀ ਹਿੱਸਿਆਂ ਤੇ ਅਟੈਕ ਕਰੇਗੀ। ਮੇਰੇ ਇਹ ਸਵਾਲ ਕਰਨ ਤੇ ਕਿ ਇਹ ਕਿਸ ਤਰ੍ਹਾਂ ਦਾ ਇਲਾਜ ਹੈ! ਡਾਕਟਰ ਨੇ ਕਿਹਾ, “ਇਸ ਅੰਦਰ ਹੀ ਤੇਰੀ ਹਿੰਮਤ ਦੀ ਲੋੜ ਹੈ। ਤੂੰ ਵੱਧ ਤੋਂ ਵੱਧ ਪਾਣੀ ਪੀਣਾ ਹੈ ਜਿਸ ਨਾਲ ਜਦੋਂ ਇਹ ਦੁਆਈ ਪਿਸ਼ਾਬ ਕਰਨ ਵੇਲੇ ਬਾਹਰ ਨਿਕਲੇਗੀ, ਉਸ ਵੇਲੇ ਪਾਣੀ ਨਾਲ ਪਤਲੀ ਹੋਣ ਦੀ ਵਜਾਹ ਕਰਕੇ ਤੇਰੇ ਕਿਡਨੀ ਜਾਂ ਲੀਵਰ ਵਗੈਰਾ ਨੂੰ ਨੁਕਸਾਨ ਨਹੀਂ ਕਰ ਸਕੇਗੀ। ਇਸ ਤੋਂ ਬਾਅਦ ਅਗਲਾ ਇਲਾਜ ਸ਼ੁਰੂ ਹੋ ਜਾਵੇਗਾ। ਤੇਰਾ ਇਹ ਟੈਸਟ ਛੇ ਦਿਨ ਚਲੇਗਾ। ਇਸ ਟੈਸਟ ਵਿਚ ਮੈਨੂੰ ਤੇਰੇ ਕੋਲ਼ੋਂ ਛੇ ਲੀਟਰ ਪਿਸ਼ਾਬ ਰੋਜਾਨਾ ਚਾਹੀਦਾ ਹੈ।“ ਆਪਣੇ ਸੁਭਾਉ ਮੁਤਾਬਿਕ ਹੀ ਮੈਂ ਡਾਕਟਰ ਨੂੰ ਜਵਾਬ ਦਿੱਤਾ, “ਡਾਕਟਰ ਸਾਹਿਬ, ਮੈਂ ਅੱਜ ਤੱਕ ਕਿਸੇ ਇਮਤਿਹਾਨ ਵਿਚ ਫੇਹਲ ਨਹੀਂ ਹੋਇਆ ਤੇ ਹੁਣ ਤੁਸੀਂ ਨਵਾਂ ਇਮਤਿਹਾਨ ਦੇ ਰਹੇ ਹੋ; ਇਸ ਵਿਚ ਦੇਖੋ।“

ਪਾਣੀ ਵੱਧ ਪੀਣ ਦੀ ਜਰੂਰਤ ਨੇ ਮੈਨੂੰ ਪੂਰੀ ਤਰ੍ਹਾਂ ਕਾਇਲ ਕਰ ਲਿਆ। ਇਹ ਗੱਲ ਮੈਨੂੰ ਪੂਰੀ ਤਰਾਂ ਸਮਝ ਪੈ ਗਈ। ਏਨੇ ਨੂੰ ਮੇਰੇ ਨਾਲ ਲੱਗਦੇ ਬੈਡ ਤੇ ਪਿਆ ਮਰੀਜ ਬਹੁਤ ਬੁਰੀ ਤਰ੍ਹਾਂ ਚੀਕਾਂ ਮਾਰਦਾ ਸੁਣਿਆ। ਨਰਸ ਨੂੰ ਪੁੱਛਣ ਤੇ ਪਤਾ ਲੱਗਾ ਕਿ ਇਸ ਮਰੀਜ ਦੀਆਂ ਕਿਡਨੀਆਂ ਫੇਹਲ ਹੋ ਚੁੱਕੀਆਂ ਹਨ। ਇਸ ਦਾ ਇਲਾਜ ਚੱਲ ਰਿਹਾ ਹੈ। ਇਸ ਗੱਲ ਨੇ ਮੇਰੇ ਮਨ ਨੂੰ ਏਨੀ ਚੋਟ ਮਾਰੀ ਕਿ ਅਗਰ ਮੇਰੀਆਂ ਕਿਡਨੀਆਂ ਨੂੰ ਕੁਝ ਹੋ ਗਿਆ ਤਾਂ ਮੇਰੀ ਵੀ ਇਹੋ ਹਾਲਤ ਹੋਵੇਗੀ। ਮਨ ਜਿਆਦਾ ਪਾਣੀ ਪੀਣ ਲਈ ਹੋਰ ਵੀ ਪੱਕਾ ਹੋ ਗਿਆ। ਮੈਂ ਰੋਟੀ ਖਾਣੀ ਵੀ ਘੱਟ ਕਰ ਦਿਤੀ। ਮੈਨੂੰ ਮਹਿਸੂਸ ਹੋਣ ਲੱਗ ਪਿਆ ਕਿ ਅਗਰ ਰੋਟੀ ਨਾਲ ਪੇਟ ਭਰ ਲਿਆ ਤਾਂ ਪਾਣੀ ਕਿੱਥੇ ਪਾਵਾਂਗਾ! ਪੂਰੀ ਹਿੰਮਤ ਨਾਲ ਪਾਣੀ ਪੀਤਾ। ਨਤੀਜਾ ਇਹ ਹੋਇਆ ਕਿ ਰੋਜਾਨਾ ਛੇ ਦੀ ਬਜਾਏ ਅੱਠ ਲੀਟਰ ਪਿਸ਼ਾਬ ਦਿੱਤਾ। ਪਿਸ਼ਾਬ ਦਾ ਰੀਕਾਰਡ ਦੇਖ ਕੇ ਡਾਕਟਰ ਨੇ ਚੌਥੇ ਦਿਨ ਹੀ ਸ਼ਾਬਾਸ ਦਿੱਤੀ ਤੇ ਕਿਹਾ, “ਤੂੰ ਬਹੁਤ ਹਿੰਮਤ ਕਰ ਰਿਹਾ ਹੈਂ। ਅਸੀਂ ਪਹਿਲੇ ਸੰਕਟ ਚੋਂ ਨਿਕਲ਼ ਗਏ ਹਾਂ ਤੇ ਹੁਣ ਤੇਰਾ ਇਲਾਜ ਸੁਰੂ ਹੋਵੇਗਾ।“ਇਹ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਤੇ ਮੇਰਾ ਹੌਂਸਲਾ ਵਧ ਗਿਆ। ਡਾਕਟਰ ਨੇ ਮੇਰੀ ਆਰਥਿਕ ਹਾਲਤ ਵਾਰੇ ਜਾਣਕਾਰੀ ਪਹਿਲਾਂ ਹੀ ਲੈ ਰੱਖੀ ਸੀ ਤੇ ਮੇਰੇ ਨਾਲ਼ ਹਮਦਰਦੀ ਕਰਦਿਆਂ ਮੈਨੂੰ ਕਿਹਾ, “ਏਥੇ ਹਸਪਤਾਲ ‘ਚ ਤੇਰਾ ਖਰਚਾ ਬਹੁਤ ਹੋ ਜਾਵੇਗਾ; ਕਿਉਂਕਿ ਬੈਡ ਦੇ ਖਰਚੇ ਬਹੁਤ ਹਨ। ਇਸ ਲਈ ਤੂੰ ਕਿਸੇ ਛੋਟੇ ਹਸਪਤਾਲ ਨਾਲ ਸੰਪਰਕ ਕਰ ਲੈ। ਜੋ ਤੇਰੇ ਇਕ ਹਫਤੇ ਬਾਅਦ ਕੀਮੋਥਰੈਪੀ ਲੱਗਣੀ ਹੈ ਉਹ ਮੈਂ ਓਥੇ ਆ ਕੇ ਲਗਾ ਜਾਇਆ ਕਰਾਂਗਾ।“ ਇਸ ਰਾਇ ਅਨੁਸਾਰ ਹਸਪਤਾਲ ਤੋਂ ਛੁੱਟੀ ਲੈ ਕੇ, ਹਿਸਾਬ ਕਿਤਾਬ ਕਰਕੇ ਜੋ ਕਿ ਸਿਰਫ ਚਾਰ ਦਿਨਾਂ ਦਾ 72000 ਰੁਪਿਆ ਬਣਦਾ ਸੀ, ਦੇ ਕੇ ਚੰਡੀਗੜ੍ਹ ਦੇ ਛੋਟੇ ਪਰਾਈਵੇਟ ਹਸਪਤਾਲ ‘ਚ ਇਲਾਜ ਲੈਣਾ ਸ਼ੁਰੂ ਕਰ ਦਿਤਾ।

ਵਾਲਾਂ ਦਾ ਝੜਨਾ

ਕੀਮੋਥਰੈਪੀ ਸ਼ੁਰੂ ਹੁੰਦਿਆਂ ਹੀ ਮੇਰੇ ਸਾਰੇ ਸਰੀਰ ਦੇ ਵਾਲ਼ ਝੜਨੇ ਸੁਰੂ ਹੋ ਗਏ। ਜਦੋਂ ਵੀ ਸਿਰ ਵਿਚ ਕੰਘਾ ਮਾਰਨਾ ਪੂਰਾ ਕੰਘਾ ਵਾਲਾਂ ਨਾਲ ਭਰ ਜਾਣਾ। ਕਰੀਬਨ ਤੀਜੇ ਕੁ ਹਫਤੇ ਤੱਕ ਸਰੀਰ ਦੇ ਸਾਰੇ ਵਾਲ ਸਾਫ ਹੋ ਗਏ। ਇਲਾਜ ਦੇ ਤੀਜੇ ਹਫਤੇ ਤੱਕ ਮੇਰੀ ਟੀ.ਐਲ.ਸੀ. ਵਧੀ ਤਾਂ ਨਹੀਂ ਪ੍ਰੰਤੂ ਘਟੀ ਵੀ ਨਹੀਂ। ਮੈਂ ਡਾਕਟਰ ਨੂੰ ਪੁੱਛ ਹੀ ਲਿਆ ਕਿ ਟੀ.ਐਲ.ਸੀ. ਕਿਉਂ ਨਹੀਂ ਘਟੀ! ਪੁੱਛਣ ਤੇ ਡਾਕਟਰ ਖੁਦ ਹੀ ਨਿਰਾਸਤਾ ਵਿਚ ਬੋਲਿਆ, “ਘਟਣੀ ਚਾਹੀਦੀ ਸੀ ਪਰ ਘਟੀ ਨਹੀਂ। ਲਗਦਾ ਹੈ ਕਿ ਸਾਡੇ ਟੈਸਟਾਂ ਵਿਚ ਕੋਈ ਨੁਕਸ ਹੈ। ਇਹ ਟੈਸਟ ਦੁਬਾਰਾ ਕਰਾਉਣੇ ਪੈਣਗੇ।“ “ਚਲੋ, ਕਰ ਲਓ!” ਮੈਂ ਹਾਮੀ ਭਰ ਦਿਤੀ।

ਡਾਕਟਰ ਦੀ ਨਿਰਾਸਤਾ ਦੇਖ ਕੇ ਮੇਰੇ ਸਾਹਮਣੇ ਸਵਾਲ ਖੜ੍ਹਾ ਹੋ ਗਿਆ ਕਿ ਏਨਾ ਪੈਸਾ ਲੱਗ ਰਿਹਾ ਹੈ ਪਰ ਇਲਾਜ ਰਾਹ ਨਹੀਂ ਪੈ ਰਿਹਾ, ਕੀ ਬਣੇਗਾ! ਚਿੰਤਾ ਖਾਣ ਲੱਗ ਪਈ। ਆਪਣੇ ਇਕ ਪੁਰਾਣੇ ਮਿੱਤਰ ਡਾਕਟਰ ਜਗਦੀਸ਼, ਜੋ ਕਿ ਹੁਣ ਸੈਕਟਰ 32 ਮੈਡੀਕਲ ਕਾਲਜ ਵਿਚ ਪ੍ਰੋਫੈਸਰ ਹੈ, ਦੀ ਯਾਦ ਆਈ। ਉਸ ਨਾਲ ਫੋਨ ਤੇ ਗੱਲ ਕੀਤੀ। ਉਸ ਨੇ ਕਿਹਾ ਕਿ ਔਖਾ ਸੌਖਾ ਇਕ ਵਾਰ ਤੂੰ ਮੈਨੂੰ ਆ ਕੇ ਮਿਲ਼। ਮਿਲਣ ਗਏ। ਰੀਪੋਰਟਾਂ ਦਿਖਾਈਆਂ। ਸਾਰੀਆਂ ਰੀਪੋਰਟਾਂ ਪੜ੍ਹਨ ਤੋਂ ਬਾਅਦ ਉਸ ਨੇ ਸਪੱਸ਼ਟ ਕਰ ਦਿਤਾ, “ਦੋਸਤ ਹੁੰਦਿਆਂ ਮੈਂ ਤੈਨੂੰ ਹਨੇਰੇ ਵਿਚ ਨਹੀਂ ਰੱਖ ਸਕਦਾ। ਮਾਮਲਾ ਗੰਭੀਰ ਹੈ ਪਰ ਹਿੰਮਤ ਕਰਦੇ ਹਾਂ। ਦੇਖੋ!” ਪੂਰੀ ਹਮਦਰਦੀ ਕਰਦਿਆਂ, ਮੇਰੇ ਨਾਲ ਗੱਲ ਕੀਤਿਆਂ ਬਗੈਰ ਹੀ ਉਸਨੇ ਪੀ.ਜੀ.ਆਈ. ਅੰਦਰ ਕੈਂਸਰ ਵਿਭਾਗ ਦੇ ਹੈਡ, ਡਾਕਟਰ ਵਰਮਾ ਨੂੰ ਫੋਨ ਕੀਤਾ ਕਿ ਮੇਰਾ ਇਕ ਦੋਸਤ ਇਸ ਹਾਲਤ ਵਿਚ ਹੈ; ਉਸ ਦੀ ਮਦਦ ਕਰਨੀ ਹੈ।“ ਜਵਾਬ ਵਿਚ ਵਰਮਾ ਨੇ ਕਿਹਾ, “ਮਰੀਜ ਭੇਜ ਦਿਉ; ਅਸੀਂ ਇਲਾਜ ਕਰਾਂਗੇ।“ ਏਸੇ ਵਾਅਦੇ ਅਨੁਸਾਰ ਹੀ ਮੈਂ ਪੀ.ਜੀ.ਆਈ. ਚਲਿਆ ਗਿਆ। ਡਾਕਟਰ ਵਰਮਾ ਨੇ ਮੇਰੀਆਂ ਸਾਰੀਆਂ ਰੀਪੋਰਟਾਂ ਦੇਖਣ ਬਾਅਦ ਦੋ ਹੋਰ ਸੀਨੀਅਰ ਡਾਕਟਰਾਂ ਨੂੰ ਬੁਲਾਇਆ ਤੇ ਰੀਪੋਰਟਾਂ ਦਿਖਾਈਆਂ। ਤਿੰਨਾਂ ਡਾਕਟਰਾਂ ਨੇ ਵਿਚਾਰ ਵਟਾਂਦਰੇ ਬਾਅਦ ਟੈਸਟ ਦੁਬਾਰਾ ਕਰਵਾਉਣ ਦਾ ਫੈਸਲਾ ਲਿਆ। ਟੈਸਟਾਂ ਵਿਚ ਬੋਨ ਮੈਰੋ ਦਾ ਟੈਸਟ, ਜੋ ਕਿ ਬਹੁਤ ਹੀ ਮੁਸ਼ਕਲ ਹੁੰਦਾ ਹੈ। ਇਹ ਪਿੱਠ ਦੇ ਪਿਛਲੇ ਹਿੱਸੇ ਤੋਂ, ਰੀੜ੍ਹ ਦੀ ਹੱਡੀ ਅੰਦਰੋਂ ਮਾਸ ਦਾ ਪੀਸ ਲੈ ਕੇ ਹੁੰਦਾ ਹੈ, ਕੀਤਾ ਗਿਆ। ਮੈਂ ਆਪਣੀ ਤਸੱਲੀ ਲਈ ਇਹੋ ਟੈਸਟ ਬਾਹਰ ਪ੍ਰਾਈਵੇਟ ਲੈਬਾਰਟਰੀ ਦੇ ਡਾਕਟਰ ਮੁੱਜੂ ਕੋਲੋਂ ਕਰਵਾ ਕੇ, ਰੀਪੋਰਟ ਬਣਵਾ ਕੇ, ਕੋਰੀਅਰ ਰਾਹੀਂ, ਟਾਟਾ ਇੰਸਟੀਚਿਊਟ ਬੰਬਈ, ਜੋ ਕਿ ਹਿੰਦੁਸਤਾਨ ਚ ਕੈਂਸਰ ਦਾ ਸਭ ਤੋਂ ਵੱਡਾ ਹਸਪਤਾਲ ਹੈ, ਨੂੰ ਭੇਜ ਦਿਤੀ। ਚੌਥੇ ਦਿਨ ਤੱਕ ਇਹ ਤਿੰਨ ਰੀਪੋਰਟਾਂ ਮਿਲ ਜਾਣ ਤੇ ਡਾਕਟਰ ਵਰਮਾ ਨੂੰ ਦਿਖਾਈਆਂ। ਇਹ ਤਿੰਨੋਂ ਰੀਪੋਰਟਾਂ ਇਕੋ ਹੀ ਬੀਮਾਰੀ ਕੈਂਸਰ (NHL FOLLICULER)  ਦੱਸ ਰਹੀਆਂ ਸਨ। ਡਾਕਟਰ ਵਰਮਾ ਨੇ ਕਿਹਾ, “ਬੀਮਾਰੀ ਸਪੱਸ਼ਟ ਹੈ; ਇਲਾਜ ਜਿੱਥੋਂ ਮਰਜੀ ਕਰਵਾ ਲਓ। ਅਗਰ ਭੀੜਾਂ ਦੇ ਧੱਕੇ ਧੌਲ਼ੇ ਖਾ ਸਕਦਾ ਹੈਂ ਤਾਂ ਸਾਡੇ ਕੋਲ਼ ਆ ਜਾ। ਅਗਰ ਬੈਡਾਂ ਤੇ ਇਲਾਜ ਕਰਵਾਉਣਾ ਹੈ ਤਾਂ ਕਿਤੇ ਹੋਰ ਚਲਿਆ ਜਾਹ। ਮੈਂ ਇਹ ਸੋਚ ਕੇ ਕਿ ਏਥੇ ਡਾਕਟਰਾਂ ਦੀ ਟੀਮ ਹੈ ਜਿਨ੍ਹਾਂ ਤੋਂ ਗਲਤੀ ਦੇ ਮੌਕੇ ਘੱਟ ਹੁੰਦੇ ਹਨ ਤੇ ਬਾਕੀ ਜਗਾਹ ਇੱਕ ਡਾਕਟਰ ਹੁੰਦਾ ਹੈ ਤੇ ਗ਼ਲਤੀ ਦੇ ਮੌਕੇ ਜਿਆਦਾ ਹੁੰਦੇ ਹਨ, ਏਥੇ ਰਹਿਣਾ ਹੀ ਠੀਕ ਹੈ। ਡਾਕਟਰ ਨੂੰ ਏਥੇ ਬਾਰੇ ਹੀ ਹਾਂ ਕਰ ਦਿਤੀ।

ਇਲਾਜ ਦਾ ਠੀਕ ਰਾਹ ਤੁਰ ਪੈਣਾ

ਡਾਕਟਰ ਨੇ ਦੁਆਈਆਂ ਲਿਖ ਦਿਤੀਆਂ ਤੇ ਉਪਰ ਵਾਲੀ ਮੰਜਲ ਤੇ ਜਾ ਕੇ ਕੀਮੋਥਰੈਫੀ ਕਰਵਾਉਣ ਲਈ ਕਿਹਾ ਹਰੇਕ 22 ਦਿਨਾਂ ਬਾਅਦ ਕੀਮੋਥਰੈਫੀ ਹੁੰਦੀ ਰਹੀ। ਪਹਿਲੀ ਕੀਮੋਥਰੈਫੀ ਨਾਲ ਹੀ ਟੀ.ਐਲ.ਸੀ. ਦੀ ਗਿਣਤੀ ਪੌਣੇ ਤਿੰਨ ਲੱਖ ਤੋਂ ਗਿਰ ਕੇ ਡੇਢ ਲੱਖ ਤੇ ਆ ਗਈ। ਮਨ ਨੂੰ ਕਾਫੀ ਹੌਂਸਲਾ ਹੋਇਆ। ਇਹਨਾਂ ਹੀ ਦਿਨਾਂ ‘ਚ ਮੈਂ ਸਦਕੇ ਜਾਂਦਾ ਹਾਂ ਮੇਰੇ ਦੋਸਤ ਰਾਣੇ ਦੇ, ਜੋ ਮੇਰੀ ਖਬਰ ਲੈਣ ਲਈ ਸਾਡੇ ਵੇਹੜੇ ਅੰਦਰ ਲਲਕਾਰੇ ਮਾਰਦਾ ਆ ਰਿਹਾ ਸੀ। “ਓਏ ਨੋਕਵਾਲ ਕੀ ਹੋ ਗਿਆ, ਤੂੰ ਮੰਜੇ ਤੇ ਪਿਐਂ। ਤੈਨੂੰ ਕੀ ਹੋ ਗਿਆ?” ਉਸ ਦੇ ਲਲਕਾਰਿਆਂ ਤੋਂ ਲਗਦਾ ਸੀ ਕਿ ਸ਼ਾਇਦ ਇਸ ਨੂੰ ਮੇਰੇ ਬਾਰੇ ਪਤਾ ਨਹੀਂ ਹੈ। ਉਸ ਦੇ ਕੁਰਸੀ ਤੇ ਬੈਠਣ ਤੋਂ ਬਾਅਦ ਜਦੋਂ ਉਸ ਨੂੰ ਕੈਂਸਰ ਬਾਰੇ ਦੱਸਿਆ ਤਾਂ ਉਸ ਨੇ ਓਸੇ ਹੌਂਸਲੇ ਵਿਚ ਹੀ ਜਵਾਬ ਦਿਤਾ, “ਫਿਰ ਕੀ ਹੋਇਆ ਤੂੰ ਮੇਰੇ ਵੱਲ ਵੇਖ!” ਮੈਂ ਉਸ ਨੂੰ ਪੁਛਿਆ, “ਕੀ ਤੈਂਨੂੰ ਕੈਂਸਰ ਸੀ?” ਉਸ ਨੇ ਜਵਾਬ ਦਿਤਾ, “ਹਾਂ, ਬਿਲਕੁਲ ਕੈਂਸਰ ਸੀ!” “ਤੂੰ ਇਲਾਜ ਕਿਥੋਂ ਕਰਵਾਇਆ ਹੈ?” “ਪੀ.ਜੀ.ਆਈ. ਤੋਂ।“ “ਡਾਕਟਰ ਕੌਣ ਸੀ?” “ਡਾਕਟਰ ਵਰਮਾ ਤੇ ਡਾਕਟਰ ਮਲਹੋਤਰਾ!” “ਹੈਂ! ਉਹ ਹੀ ਮੇਰਾ ਇਲਾਜ ਕਰ ਰਹੇ ਹਨ!“ ਫਿਰ ਕਾਹਦੀ ਚਿੰਤਾ? ਤੂੰ ਬਿਲਕੁਲ ਠੀਕ ਹੋ ਜਾਏਂਗਾ।” ਮੈਨੂੰ ਤੇ ਮੇਰੇ ਘਰ ਵਾਲੀ ਨੂੰ ਇਸ ਗੱਲ ਨਾਲ ਬਹੁਤ ਹੀ ਖੁਸ਼ੀ ਹੋਈ। ਮੇਰੇ ਦੋਸਤ ਦੇ ਇਸ ਹੌਂਸਲੇ ਨੇ ਮੈਨੂੰ ਏਨੀ ਹਿੰਮਤ ਦਿਤੀ ਕਿ ਸ਼ਾਇਦ ਦੁਆਈਆਂ ਨੇ ਭੀ ਨਾ ਦਿਤੀ ਹੋਵੇ! ਲਗਾਤਾਰ ਛੇ ਕੀਮੋਥਰੈਫੀਆਂ ਹੋਈਆਂ। ਟੀ.ਐਲ.ਸੀ. ਬਿਲਕੁਲ ਨਾਰਮਲ (ਛੇ ਹਜਾਰ ਤੇ) ਆ ਗਈ ਅਤੇ ਸਰੀਰ ਉਪਰਲੀਆਂ ਗੱਠਾਂ ਖਤਮ ਹੋ ਗਈਆਂ। ਜਦੋਂ ਡਾਕਟਰ ਮਲਹੋਤਰੇ ਨੇ ਰੀਪੋਰਟਾਂ ਦੇਖੀਆਂ ਤੇ ਪੁਛਿਆ ਕਿ ਕੀ ਹਾਲ ਹੈ! ਮੈਂ ਬੜੀ ਹੀ ਖੁਸ਼ੀ ਨਾਲ ਜਵਾਬ ਦਿਤਾ ਕਿ ਮੈਂ ਬਿਲਕੁਲ ਠੀਕ ਹਾਂ ਪਰ ਡਾਕਟਰ ਨੇ ਕਿਹਾ, “ਤੂੰ ਕਹਿ ਰਿਹਾ ਹੈਂ ਮੈਂ ਠੀਕ ਹਾਂ ਤੇ ਰੀਪੋਰਟਾਂ ਵੀ ਠੀਕ ਹਨ ਪ੍ਰੰਤੂ ਸਾਡੀਆਂ ਕਿਤਾਬਾਂ ਕਹਿ ਰਹੀਆਂ ਹਨ ਕਿ ਤੂੰ ਠੀਕ ਨਹੀਂ।“ ਡਾਕਟਰਾਂ ਨੇ ਵਿਸਥਾਰ ਨਾਲ ਸਮਝਾਇਆ ਕਿ ਇਹ ਬੀਮਾਰੀ ਮਰਦੀ ਨਹੀਂ, ਦੱਬ ਜਾਂਦੀ ਹੈ। ਇਕ ਡਾਕਟਰ ਨੇ ਤਾਂ ਮਜ਼ਾਕ ਨਾਲ ਕਿਹਾ, “ਦਵਾਈ ਨੂੰ ਦੇਖ ਕੇ ਇਹ ਲੁਕ ਜਾਂਦੀ ਹੈ ਤੇ ਕੁਝ ਸਮਾ ਪਾ ਕੇ ਦੁਬਾਰਾ ਉਠ ਖੜਦੀ ਹੈ। ਦੱਬੀ ਹੋਈ ਹਾਲਤ ਵਿਚ ਇਹ ਕਈ ਵਾਰ ਕਿੰਨੇ ਹੀ ਸਾਲ ਕੱਢ ਦਿੰਦੀ ਹੈ ਤੇ ਕਈ ਵਾਰ ਜਲਦੀ ਹੀ ਉਠ ਖੜ੍ਹਦੀ ਹੈ। ਇਸ ਲਈ ਹੁਣ ਤੂੰ ਆਪਣਾ ਟਾਈਮ ਪਾਸ ਕਰ ਤੇ ਹਰੇਕ ਦੋ ਮਹੀਨੇ ਬਾਅਦ ਏਥੇ ਆ ਕੇ ਚੈਕ ਕਰਵਾਉਂਦੇ ਰਹਿਣਾ; ਜਦੋਂ ਇਹ ਦੁਬਾਰਾ ਉਠੇਗੀ ਇਸ ਦਾ ਇਲਾਜ ਉਸ ਵੇਲੇ ਹੋਵੇਗਾ।“ ਡਾਕਟਰਾਂ ਨੇ ਚੰਗੀ ਖੁਰਾਕ ਖਾ ਕੇ ਸਰੀਰ ਨੂੰ ਮਜਬੂਤ ਰੱਖਣ ਦੇ ਆਦੇਸ਼ ਦੇ ਕੇ ਤੋਰ ਦਿਤਾ।

ਦੂਜੀ ਵਾਰ ਬੀਮਾਰੀ ਦਾ ਉਠਣਾ

ਤਕਰੀਬਨ ਨੌਂ ਮਹੀਨਿਆਂ ਬਾਅਦ ਮੇਰੇ ਮੰਜੇ ਤੇ ਲੇਟ ਜਾਣ ਤੋਂ ਬਾਅਦ ਜਦੋਂ ਵੀ ਪਾਸਾ ਪਰਤਣਾ ਤਾਂ ਮਹਿਸੂਸ ਹੋਣਾ ਜਿਵੇਂ ਪੇਟ ਅੰਦਰ ਕੋਈ ਰਸੌਲੀ ਪੈਦਾ ਹੋ ਰਹੀ ਹੋਵੇ। ਜਦੋਂ ਪਾਸਾ ਪਰਤਦਾ ਹਾਂ ਇਹ ਰਸੌਲੀ ਵੀ ਪਾਸਾ ਪਰਤਦੀ ਹੈ। ਇਹ ਰਸੌਲੀ ਚਿੰਤਾ ਦਾ ਕਾਰਨ ਬਣਨੀ ਸ਼ੁਰੂ ਹੋ ਗਈ। ਇਹ ਗੱਲ ਡਾਕਟਰਾਂ ਨੂੰ ਦੱਸੀ ਤਾਂ ਡਾਕਟਰਾਂ ਨੇ ਕਿਹਾ ਕਿ ਇਹ ਕੋਈ ਸਾਧਾਰਣ ਰਸੌਲੀ ਨਹੀਂ ਹੈ। ਇਹ ਬੀਮਾਰੀ ਹੀ ਹੈ ਜੋ ਦੁਬਾਰਾ ਜਨਮ ਲੈ ਰਹੀ ਹੈ। ਇਲਾਜ ਕਰਨ ਬਾਰੇ ਡਾਕਟਰਾਂ ਨੇ ਬੜਾ ਸਪੱਸ਼ਟ ਕੀਤਾ ਕਿ ਇਸ ਦਾ ਇਲਾਜ ਤਾਂ ਹੈ ਪਰ ਕੀ ਤੂੰ ਇਲਾਜ ਕਰਵਾਉਣ ਦੀ ਸਮਰੱਥਾ ਰਖਦਾ ਹੈਂ?” ਇਸ ਲਈ ਤਕਰੀਬਨ ਅੱਠ ਲੱਖ ਰੁਪਏ ਖਰਚੇ ਦੀ ਸੰਭਾਵਨਾ ਹੈ। ਬਹੁਤ ਵੱਡਾ ਖਰਚਾ ਸੀ ਪ੍ਰੰਤੂ ਪੈਸੇ ਦੀ ਪ੍ਰਵਾਹ ਨਾ ਕਰਦਿਆਂ ਸਾਰੇ ਪਰਵਾਰ ਨੇ ਇਕੋ ਜਬਾਨ ‘ਚ ਕਿਹਾ ਕਿ ਅਸੀਂ ਖਰਚਾ ਕਰਾਂਗੇ ਪ੍ਰੰਤੂ ਸਾਨੂੰ ਜੀਵਨ ਚਾਹੀਦਾ ਹੈ।

ਦੂਜੀ ਵਾਰ ਇਲਾਜ ਚੱਲਣਾ

ਡਾਕਟਰਾਂ ਨੇ ਟੈਸਟ ਲਿਖ ਦਿਤੇ ਤਕਰੀਵਨ 20 ਦਿਨ ਟੈਸਟਾਂ ਅੰਦਰ ਗੁਜਰ ਗਏ। ਟੈਸਟ ਰੀਪੋਰਟਾਂ ਪੜ੍ਹਨ ਤੋਂ ਬਾਅਦ ਡਾਕਟਰ ਨੇ ਹਸਪਤਾਲ ਅੰਦਰ ਭਰਤੀ ਕਰ ਲਿਆ। ਮੂੰਹ ਜਬਾਨੀ ਡਾਕਟਰ ਨੇ ਸਮਝਾਇਆ ਕਿ ਜੋ ਇਲਾਜ ਹੁਣ ਕਰਾਂਗੇ ਇਸ ਦਾ ਨਾਮ ‘ਬੋਨ ਮੈਰੋ ਟ੍ਰਾਂਸਪਲਾਂਟੇਸ਼ਨ’ ਹੈ। ਇਸ ਅੰਦਰ ਜਿਸ ਜਗਾਹ ਤੋਂ ਕੈਂਸਰ ਪੈਦਾ ਹੁੰਦਾ ਹੈ (ਰੀੜ੍ਹ ਦੀ ਹੱਡੀ ਦੇ ਹੇਠਲੇ ਪਾਸਿਉਂ) ਉਥੋਂ ਜਗਾਹ ਸਾਫ ਕਰਕੇ, ਨਵੀਂ ਜਗਾਹ ਪੈਦਾ ਕੀਤੀ ਜਾਵੇਗੀ। ਇਸ ਸਟੇਜ ਤੇ ਪਹੁੰਚਣ ਤੋਂ ਪਹਿਲਾਂ ਤਿੰਨ ਤਰ੍ਹਾਂ ਦਾ ਹੋਰ ਇਲਾਜ ਦਿਤਾ ਜਾਵੇਗਾ। ਕੀਮੋਥਰੈਪੀ ਕੀਤੀ ਜਾਵੇਗੀ। ਮਸ਼ੀਨ ਰਾਹੀਂ ਸਾਰਾ ਖੂਨ ਸਾਫ ਕੀਤਾ ਜਾਵੇਗਾ ਵਗੈਰਾ। ਇਹ ਇਲਾਜ ਕਰੀਬ ਮੌਤ ਦੇ ਮੂੰਹ ‘ਚ ਪੈਣ ਦੇ ਬਰਾਬਰ ਹੀ ਸੀ ਪ੍ਰੰਤੂ ਅੱਗੇ ਨੂੰ ਕੈਂਸਰ ਦੀ ਜੜ੍ਹ ਚੁੱਕਣ ਦਾ ਮਾਮਲਾ ਸੀ ਅਤੇ ਡਾਕਟਰਾਂ ਨੂੰ ਆਪਣੇ ਆਪ ਉਤੇ ਬਹੁਤ ਭਰੋਸਾ ਸੀ; ਇਸ ਲਈ ਇਹ ਇਲਾਜ ਸ਼ੁਰੂ ਕਰ ਦਿਤਾ ਗਿਆ। ਜਿਸ ਵਿਭਾਗ ਅੰਦਰ ਇਹ ਇਲਾਜ ਸ਼ੁਰੂ ਕੀਤਾ ਗਿਆ ਓਥੇ ਕਪੜੇ ਬਾਹਰ ਉਤਾਰ ਕੇ ਅੰਦਰ ਜਾਣਾ ਪੈਂਦਾ ਹੈ ਤੇ ਸਿਰਫ ਇਕ ਹੀ ਬੰਦਾ ਪੇਸ਼ੈਂਟ ਨਾਲ ਰਹਿੰਦਾ ਹੈ। ਇਲਾਜ ਅੰਦਰ ਦਵਾਈਆਂ ਬਹੁਤ ਸਖਤ ਹਨ। ਕੋਈ ਵੀ ਚੀਜ ਖਾਣ ਤੇ ਪੀਣ ਨੂੰ ਦਿਲ ਨਹੀਂ ਕਰਦਾ। ਬਹੁਤ ਹੀ ਹਿੰਮਤ ਕਰਕੇ ਥੋਹੜਾ ਖਾਧਾ ਪੀਤਾ ਜਾਂਦਾ ਹੈ। ਡਾਕਟਰ ਹਰ ਵੇਲੇ ਮਰੀਜਾਂ ਨੂੰ ਝਾੜਾਂ ਮਾਰਦੇ ਹਨ। ਜੋ ਨਹੀਂ ਖਾਂਦੇ ਉਹਨਾਂ ਨੂੰ ਨਾਲ਼ੀਆਂ ਰਾਹੀਂ ਦਿਤਾ ਜਾਂਦਾ ਹੈ। ਹਰੇਕ ਦਵਾਈ ਹਜਾਰਾਂ ਰੁਪਿਆਂ ਵਿਚ ਆਉਂਦੀ ਹੈ। ਇਨਫੈਕਸ਼ਨ ਸਭ ਤੋਂ ਵੱਡਾ ਖ਼ਤਰਾ ਬਣਦੀ ਹੈ। ਇਨਫੈਕਸ਼ਨ ਨੂੰ ਮੌਤ ਹੀ ਸਮਝਿਆ ਜਾਂਦਾ ਹੈ। ਤਕਰੀਬਨ ਤਿੰਨ ਜਾਂ ਚਾਰ ਦਿਨ ਤੋਂ ਬਾਅਦ ਇਕ ਹਫਤੇ ਲਈ ਘਰ ਨੂੰ ਭੇਜਿਆ ਜਾਂਦਾ ਸੀ। ਜਦੋਂ ਨੰਬਰ ਦੋ ਦਾ ਇਲਾਜ ਸ਼ੁਰੂ ਕਰਨ ਤੋਂ ਬਾਅਦ ਘਰ ਨੂੰ ਭੇਜਿਆ ਗਿਆ ਉਸ ਸਮੇ ਸਰੀਰ ਨੂੰ ਬਹੁਤ ਤਕਲੀਫ ਹੋ ਰਹੀ ਸੀ। ਸਰੀਰਕ ਚੈਨ ਬਿਲਕੁਲ ਖਤਮ ਹੋ ਚੁਕਿਆ ਸੀ। ਨੀਂਦ ਕਿੰਨੇ ਦਿਨਾਂ ਤੋਂ ਖਤਮ ਹੋ ਚੁਕੀ ਸੀ। ਤਕਲੀਫ ਏਨੀ ਭਿਆਨਕ ਸੀ ਕਿ ਹੌਂਸਲਾ ਟੁੱਟ ਗਿਆ ਸੀ। ਜੀਣ ਦੀ ਆਸ ਮਰਦੀ ਜਾ ਰਹੀ ਸੀ। ਡਾਕਟਰ ਨੂੰ ਸਾਰਾ ਕੁਝ ਦੱਸਿਆ ਤੇ ਇਲਾਜ ਨੂੰ ਬਰਦਾਸਤ ਕਰਨ ਦੀ ਅਸਮਰਥਾ ਜ਼ਾਹਰ ਕੀਤੀ। ਡਾਕਟਰ ਨੇ ਜੂਨੀਅਰ ਡਾਕਟਰ ਨੂੰ ਤੇ ਸਟਾਫ ਨਰਸਾਂ ਨੂੰ ਬੁਲਾ ਕੇ ਕਿਹਾ, “ਇਹ ਇਲਾਜ ਬੰਦ ਕਰੋ। ਇਸ ਦੀ ਬਾਡੀ ਇਹ ਇਲਾਜ ਪਰਵਾਨ ਨਹੀਂ ਕਰ ਰਹੀ। ਇਸ ਨਾਲ ਤਾਂ ਅਸੀਂ ਆਪ ਹੀ ਬੰਦਾ ਗਵਾ ਲਵਾਂਗੇ।“ ਅਤੇ ਮੈਨੂੰ ਸੰਬੋਧਨ ਕਰਕੇ ਕਿਹਾ, “ਇਸ ਤੋਂ ਇਲਾਵਾ ਸਾਡੇ ਕੋਲ ਇਕ ਹੋਰ ਇਲਾਜ ਹੈ ਜੋ ਕਿ ਕੁਝ ਮਹਿੰਗਾ ਹੈ। ਉਹ ਸ਼ੁਰੂ ਕਰਨਾ ਹੋਵੇਗਾ।“ ਇਸ ਇਲਾਜ ਅੰਦਰ ਛੇ ਟੀਕੇ ਲਗਣੇ ਸਨ। ਇਕ ਟੀਕੇ ਦੀ ਕੀਮਤ ਕਰੀਬ 54000 ਰੁਪਏ ਬਣਦੀ ਸੀ। ਇਲਾਜ ਸ਼ੁਰੂ ਹੁੰਦਿਆਂ ਹੀ ਜੂਨੀਅਰ ਡਾਕਟਰ ਨੇ ਆ ਕੇ ਕਿਹਾ, “ਆਪਣੇ ਰੱਬ ਅੱਗੇ ਅਰਦਾਸ ਕਰੋ ਕਿ ਇਹ ਇਲਾਜ ਤੁਹਾਨੂੰ ਫਿੱਟ ਬੈਠ ਜਾਏ।“ ਪੰਰਤੂ ਮੈਂ ਡਾਕਟਰ ਨੂੰ ਜਵਾਬ ਦਿਤਾ, “ਡਾਕਟਰ ਸਾਹਿਬ, ਜੇ ਤੁਹਾਨੂੰ ਆਪਣੀ ਦਵਾਈ ਤੇ ਵਿਸ਼ਵਾਸ਼ ਹੈ ਤਾਂ ਸ਼ੁਰੂ ਕਰਿਓ। ਮੇਰੀ ਰੱਬ ਨਾਲ ਤਾਂ ਬਣਦੀ ਨਹੀਂ ਹੈ।” ਡਾਕਟਰ ਹੱਸ ਪਿਆ ਤੇ ਪੁੱਛਣ ਲੱਗਾ, “ਕਦੋਂ ਤੋਂ ਨਹੀਂ ਬਣਦੀ?” ਮੇਰਾ ਜਵਾਬ ਸੀ, “ਸ਼ੁਰੂ ਤੋਂ ਹੀ ਨਹੀਂ ਬਣਦੀ।”ਚਲੋ, ਕੋਈ ਗੱਲ ਨਹੀਂ। ਦਵਾਈ ਬਿਲਕੁਲ ਠੀਕ ਹੈ।“ ਇਲਾਜ ਸ਼ੁਰੂ ਕਰ ਦਿਤਾ। ਏਸੇ ਸਮੇ ਦਰਮਿਆਨ ਮੇਰਾ ਇਕ ਦੋਸਤ ਭੰਡਾਰੀ ਮੇਰੀ ਖਬਰ ਲੈਣ ਲਈ ਆਇਆ ਤੇ ਮੈਨੂੰ ਦਿਲਾਸਾ ਦਿੰਦਾ ਕਹਿ ਰਿਹਾ ਸੀ, “ਨੋਕਵਾਲ, ਹਿੰਮਤ ਨਾ ਹਾਰੀਂ। ਤੈਨੂੰ ਕੁੱਝ ਨਹੀਂ ਹੁੰਦਾ। ਤੂੰ ਠੀਕ ਹੋ ਜਾਏਂਗਾ।” ਸਰਸਰੀ ਤੌਰ ਤੇ ਮੈਂ ਕਿਹਾ, “ਠੀਕ ਹੋਣ ਦੀ ਹਾਲਤ ਤਾਂ ਭਾਈ ਦਿਸ ਹੀ ਰਹੀ ਹੈ।” “ਨਹੀਂ, ਨਹੀਂ; ਮੈਨੂੰ ਪੂਰਾ ਭਰੋਸਾ ਹੈ।” “ਤੂੰ ਇਹ ਭਰੋਸਾ ਕਿਸ ਗੱਲ ਤੇ ਕਰ ਰਿਹਾ ਹੈਂ?” “ਮੈਨੂੰ ਭਰੋਸਾ ਇਸ ਗੱਲ ਤੇ ਹੈ ਕਿ ਜਿੰਨੀ ਦੁਨੀਆਂ ਦਾ ਤੂੰ ਭਲਾ ਕੀਤਾ ਹੈ, ਉਹਨਾਂ ਵਿਚੋਂ ਕਿਸੇ ਦੀ ਵੀ ਅਸੀਸ ਤੈਨੂੰ ਨਹੀਂ ਲੱਗੇਗੀ?” ਮੈਂ ਚੂਪ ਕਰ ਗਿਆ। ਚਾਰ ਟੀਕਿਆਂ ਬਾਅਦ ਟੈਸਟ (ਪੇਟ ਸਕੈਨ) ਹੋਇਆ, ਜਿਸ ਦੀ ਰੀਪੋਰਟ ਕੋਈ ਤਸੱਲੀ ਬਖ਼ਸ਼ ਨਹੀਂ ਸੀ ਪੰਰਤੂ ਡਾਕਟਰ ਨੇ ਕਿਹਾ, “ਬੀਮਾਰੀ ਵਧਣ ਤੋਂ ਰੁਕ ਗਈ ਹੈ, ਇਸ ਲਈ ਬਾਕੀ ਰਹਿੰਦੇ ਦੋ ਟੀਕੇ ਵੀ ਲਗਵਾ ਲਵੋ।“ ਟੀਕੇ ਲਗਵਾਏ ਗਏ। ਸਰੀਰ ਨੂੰ ਕਾਫੀ ਰਾਹਤ ਮਹਿਸੂਸ ਹੋਈ। ਫਿਰ ਟੈਸਟ (ਪੇਟ ਸਕੈਨ) ਕਰਵਾਇਆ ਗਿਆ। ਟੈਸਟ ਦੀ ਰੀਪੋਰਟ ਬਿਲਕੁਲ ਠੀਕ ਮਿਲੀ। ਬਹੁਤ ਹੀ ਖੁਸ਼ੀ ਹੋਈ। ਡਾਕਟਰ ਨੇ ਰੀਪੋਰਟ ਪੜ੍ਹਨ ਤੋਂ ਅਤੇ ਮੇਰੇ ਵੱਲੋਂ ਬਿਲਕੁਲ ਠੀਕ ਦੱਸਣ ਤੇ ਕਿਹਾ ਕਿ ਭਾਵੇਂ ਇਹ ਸਾਰਾ ਕੁਝ ਠੀਕ ਹੈ ਪਰ ਹਰੇਕ ਦੋ ਮਹੀਨੇ ਬਾਅਦ ਚੈਕ ਕਰਵਾਉਂਦੇ ਰਹਿਣਾ ਹੈ।

ਤੀਜਾ ਇਲਾਜ

ਤਕਰੀਬਨ ਢਾਈ ਸਾਲ ਬਾਅਦ ਸਵੇਰੇ ਨਹਾਉਂਦਿਆਂ ਦੇਖਿਆ ਕਿ ਖੱਬੀ ਲੱਤ ਤੇ ਪੱਟ ਤੋਂ ਉਪਰਲੇ ਹਿੱਸੇ ਤੇ ਕੁੱਝ ਗੰਢ ਦੀ ਤਰ੍ਹਾਂ ਉਭਰ ਰਿਹਾ ਹੈ ਪਰ ਕੋਈ ਦਰਦ ਵਗੈਰਾ ਨਹੀਂ ਹੈ। ਕੁਝ ਦਿਨ ਵੇਖਦਾ ਰਿਹਾ। ਗੰਢ ਲਗਾਤਾਰ ਵੱਧਦੀ ਜਾ ਰਹੀ ਸੀ। ਫਿਰ ਪੀ.ਜੀਆਈ. ਗਿਆ। ਟੈਸਟ ਕਰਵਾਏ ਗਏ। ਨਤੀਜੇ ਦੇ ਤੌਰ ਤੇ ਪਾਇਆ ਗਿਆ ਕਿ ਇਹ ਵੀ ਕੈਂਸਰ ਦਾ ਹਮਲਾ ਹੈ। ਜਦੋਂ ਇਲਾਜ ਦੀ ਗੱਲ ਤੁਰੀ ਤਾਂ ਡਾਕਟਰ ਨੇ ਕਿਹਾ, “ਇਸ ਵਿਚ ਵੀ ਖਰਚੇ ਦਾ ਮਾਮਲਾ ਹੈ। ਜਰਮਨੀ ਅੰਦਰ ਇਕ ਦਵਾਈ ਤਿਆਰ ਹੋਈ ਹੈ। ਉਸ ਨੂੰ ਇੰਡੀਅਨ ਦਵਾਈ ਨਾਲ ਮਿਲਾ ਕੇ ਇਲਾਜ ਚੱਲੇਗਾ। ਇਸ ਦੇ ਅੰਦਰ ਛੇ ਟੀਕਿਆਂ ਦਾ ਕੋਰਸ ਹੈ। ਇਕ ਟੀਕੇ ਦੀ ਕੀਮਤ ਤਕਰੀਬਨ 60000 ਰੁਪਏ ਹੈ। ਇਲਾਜ ਸ਼ੁਰੂ ਕੀਤਾ ਗਿਆ। ਇਹ ਟੀਕਾ ਹਰੇਕ ਹਫਤੇ ਲੱਗਣਾ ਸੀ। ਪਹਿਲੇ ਟੀਕੇ ਨੇ ਹੀ ਵਧ ਰਹੀ ਗੱਠ ਨੂੰ ਰੋਕ ਲਗਾਈ ਤੇ ਦੂਜੇ ਟੀਕਿਆਂ ਨਾਲ ਮੈਂ ਕੁਝ ਹੀ ਦਿਨਾਂ ਅੰਦਰ ਠੀਕ ਹੋ ਗਿਆ। ਇਹ ਆਖਰੀ ਟੀਕਾ 23-5-2010 ਨੂੰ ਲੱਗਿਆ।

ਆਸਟ੍ਰੇਲੀਆ ਵਾਲ਼ੀ ਦਵਾਈ

ਆਖਰ ਵਾਲੇ ਟੀਕੇ ਲਗਦਿਆਂ ਹੀ ਮੇਰੇ ਲੜਕੇ ਨੇ (ਜੋ ਕਿ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਹੈ) ਇਕ ਕੈਂਸਰ ਸਪੈਸ਼ਲਿਸਟ ਡਾਕਟਰ ਨਾਲ ਗੱਲ ਕੀਤੀ। ਉਸ ਨੇ ਰੀਕਾਰਡ ਮੰਗਵਾ ਕੇ ਪੜ੍ਹਿਆ ਤੇ ਇਕ ਹਰਬਲ ਟਾਈਪ ਦਵਾਈ ਬਣਾ ਕੇ ਦਿਤੀ। ਇਸ ਨੂੰ ਇਕ ਚਮਚਾ ਸੁਭਾ ਤੇ ਇਕ ਚਮਚਾ ਸ਼ਾਮ ਨੂੰ ਲੈਣ ਲਈ ਕਿਹਾ। ਇਹ ਦਵਾਈ 1-11-2010 ਤੋਂ ਸ਼ੁਰੂ ਹੈ ਅਤੇ ਲਗਾਤਾਰ ਲਈ ਜਾ ਰਹੀ ਹੈ। ਹੁਣ ਮੈਂ ਬਿਲਕੁਲ ਠੀਕ ਹਾਂ ਪਰ ਇਹ ਗਰੰਟੀ ਨਾਲ ਨਹੀਂ ਕਹਿ ਸਕਦਾ ਕਿ ਪੀ.ਜੀ.ਆਈ. ਦੇ ਇਲਾਜ ਨਾਲ ਠੀਕ ਹਾਂ ਜਾਂ ਆਸਟ੍ਰੇਲੀਆ ਵਾਲੀ ਦਵਾਈ ਨਾਲ ਠੀਕ ਹਾਂ ਪਰ ਕਿਉਂਕਿ ਮੈਂ ਠੀਕ ਹਾਂ ਇਸ ਦੀ ਮੈਨੂੰ ਖੁਸ਼ੀ ਹੈ ਅਤੇ ਇਹ ਖੁਸ਼ੀ ਆਪਣੀ ਸਾਰੀ ਦੁਨੀਆਂ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ।

ਮੇਰੀ ਰਾਇ

ਕੈਂਸਰ ਇਕ ਬਹੁਤ ਨਾ ਮੁਰਾਦ ਬੀਮਾਰੀ ਹੈ। ਜ਼ਬਾਨੀ ਗੱਲਾਂ ਕਰਦਿਆਂ ਡਾਕਟਰਾਂ ਤੋਂ ਪਤਾ ਲੱਗਦਾ ਹੈ ਕਿ 117 ਕਿਸਮ ਦਾ ਕੈਂਸਰ ਹੈ। ਕਿਸ ਬੰਦੇ ਨੂੰ ਕੇਹੜਾ ਹੈ ਇਸ ਦਾ ਪਤਾ ਟੈਸਟਾਂ ਰਾਹੀਂ ਡਾਕਟਰਾਂ ਨੂੰ ਹੀ ਲੱਗਦਾ ਹੈ। ਇਸ ਦਾ ਇਲਾਜ ਬਹੁਤ ਮਹਿੰਗਾ ਤੇ ਸਖਤ ਹੈ ਪ੍ਰੰਤੂ ਅੱਜ ਦੇ ਸਮੇ ਅੰਦਰ ਇਸ ਨੂੰ ਮੌਤ ਨਹੀਂ ਸਮਝਣਾ ਚਾਹੀਦਾ। ਮੇਰੇ ਤਜਰਬੇ ਅਨੁਸਾਰ ਕੈਂਸਰ ਦਾ ਇਲਾਜ ਚਾਰ ਟੰਗਾਂ ਤੇ ਖੜਾ ਢਾਂਚਾ ਹੈ; ਜਿਸ ਤਰ੍ਹਾਂ ਮੰਜੇ ਦੇ ਜਾਂ ਮੇਜ ਦੇ ਚਾਰ ਪਾਵੇ ਜਾਂ ਚਾਰ ਟੰਗਾਂ। ਇਹਨਾਂ ਵਿਚੋਂ ਇਕ ਪਾਵਾ ਜਾਂ ਟੰਗ ਨਾ ਹੋਵੇ ਤਾਂ ਇਹ ਮੰਜਾ ਜਾਂ ਮੇਜ ਪੂਰਨ ਨਹੀਂ ਹੁੰਦੇ; ਅਧੂਰੇ ਹੁੰਦੇ ਹਨ। ਕੈਂਸਰ ਦੇ ਇਲਾਜ ਲਈ ਚਾਰ ਗੱਲਾਂ ਬਹੁਤ ਜਰੂਰੀ ਹਨ: ਪਹਿਲੀ ਇਹ ਕਿ ਇਸ ਦੀ ਪਛਾਣ ਬਹੁਤ ਜਲਦੀ ਹੋਣੀ ਚਾਹੀਦੀ ਹੈ। ਛੋਟੇ ਮੋਟੇ ਡਾਕਟਰਾਂ ਜਾਂ ਧਾਗੇ ਤਵੀਤਾਂ ਰਾਹੀਂ ਸਮਾ ਬਰਬਾਦ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਜ ਦੀ ਸਟੇਜ ਨਿਕਲ ਜਾਣ ਬਾਅਦ ਇਸ ਦਾ ਇਲਾਜ ਨਹੀਂ ਹੁੰਦਾ। ਇਸ ਦੀ ਪਛਾਣ ਦੀ ਪਹਿਲੀ ਨਿਸ਼ਾਨੀ ਹੈ ਕਿ ਸਰੀਰ ਅੰਦਰ ਕਮਜੋਰੀ ਆਉਣੀ ਸ਼ੁਰੂ ਹੋ ਜਾਂਦੀ ਹੈ। ਮਨੁਖ ਬਿਨਾ ਕਿਸੇ ਦਰਦ ਵਗੈਰਾ ਦੇ ਥਕਾਵਟ ਮਹਿਸੂਸ ਕਰਨ ਲੱਗ ਪੈਂਦਾ ਹੈ। ਏਸੇ ਕਾਰਨ ਮੈਨੂੰ ਥਕਾਵਟ ਦੇ ਨਾਲ ਨਾਲ ਮੇਰੀ ਗਰਦਨ ਤੇ ਕੱਛਾਂ ਅੰਦਰ ਛੋਟੀਆਂ ਛੋਟੀਆਂ ਗੱਠਾਂ ਵੀ ਮਹਿਸੂਸ ਹੋਈਆਂ। ਗੱਠਾਂ ਦੇਖਕੇ ਹੀ ਡਾਕਟਰ ਟੈਸਟਾਂ ਵੱਲ ਤੁਰ ਪਏ, ਜਿਨ੍ਹਾਂ ਅੰਦਰ ਕੈਂਸਰ ਮਿਲ਼ਿਆ। ਅੱਜ ਜਦੋਂ ਮੈਂ ਸਰਸਰੀ ਗੱਲਾਂ ਅੰਦਰ ਸਰੀਰਕ ਗੱਠਾਂ ਚ ਕੈਂਸਰ ਦੀ ਗੱਲ ਕਰਦਾ ਹਾਂ ਤਾਂ ਹਰ ਇਨਸਾਨ ਆਪਣੇ ਸਰੀਰ ਤੇ ਗੱਠਾਂ ਵੱਲ ਨਿਗਾਹ ਮਾਰਨ ਲੱਗ ਪੈਂਦਾ ਹੈ ਪਰ ਇਹ ਗੱਲ ਵੀ ਸਾਫ ਹੈ ਕਿ ਹਰੇਕ ਗੱਠ ਕੈਂਸਰ ਨਹੀਂ ਹੁੰਦੀ ਪਰ ਡਾਕਟਰਾਂ ਤੋਂ ਸਮੇ ਸਿਰ ਚੈਕ ਕਰਵਾਉਣੀ ਚਾਹੀਦੀ ਹੈ।

ਦੂਜੀ ਗੱਲ ਹੈ ਕਿ ਇਸ ਦਾ ਇਲਾਜ ਸਮੇ ਸਿਰ ਕੈਂਸਰ ਦੇ ਡਾਕਟਰਾਂ ਕੋਲੋਂ ਹੀ ਕਰਵਾਉਣਾ ਚਾਹੀਦਾ ਹੈ। ਕਿਸੇ ਦੂਜੇ ਡਾਕਟਰ ਕੋਲ ਪੈਸਾ ਤੇ ਸਮਾ ਬਰਬਾਦ ਕਰਨ ਤੋਂ ਬਿਨਾ ਕੁਝ ਵੀ ਨਹੀਂ ਹੁੰਦਾ। ਤੀਜੀ ਗੱਲ ਇਸ ਅੰਦਰ ਪੈਸੇ ਦੀ ਆਉਂਦੀ ਹੈ। ਇਹ ਏਨੀ ਨਾ ਮੁਰਾਦ ਬੀਮਾਰੀ ਹੈ ਕਿ ਇਸ ਦਾ ਹਾਲੇ ਤੱਕ ਕਿਸੇ ਇੱਕ ਦਵਾਈ ਨਾਲ ਯਕੀਨਨ ਇਲਾਜ ਨਹੀਂ ਹੈ। ਇਸ ਲਈ ਦਵਾਈਆਂ ਬਦਲਦਿਆਂ ਪੈਸਾ ਬੇਸ਼ੁਮਾਰ ਲਗਦਾ ਹੈ। ਪੂਰਾ ਪੈਸਾ ਨਾ ਹੋਣ ਦੀ ਹਾਲਤ ਵਿਚ ਵੀ ਮਰੀਜ ਆਪਣੀ ਜਾਨ ਤੋਂ ਹੱਥ ਧੋ ਬੈਠਦਾ ਹੈ। ਚੌਥੀ ਗੱਲ ਬੰਦੇ ਦੇ ਆਪਣੇ ਮਨੋਬਲ ਦੀ ਹੈ। ਮਨੋਬਲ ਤੋਂ ਬਿਨਾ ਵੀ ਇਸ ਦਾ ਇਲਾਜ ਅਧੂਰਾ ਹੈ। ਬੰਦੇ ਅੰਦਰ ਬੀਮਾਰੀ ਨਾਲ ਲੜਨ ਦੀ ਇੱਛਾ ਸ਼ਕਤੀ ਮਜਬੂਤ ਹੋਣੀ ਚਾਹੀਦੀ ਹੈ। ਇੱਛਾ ਸਕਤੀ ਤੋਂ ਬਿਨਾ ਦਵਾਈਆਂ ਵੀ ਕੰਮ ਨਹੀਂ ਕਰਦੀਆਂ। ਕੈਂਸਰ ਨੂੰ ਮੌਤ ਸਮਝ ਕੇ ਮਨ ‘ਚ ਬੈਠਾ ਲੈਣਾ ਸਭ ਤੋਂ ਵੱਡੀ ਕਮਜੋਰੀ ਹੈ। ਮੇਰੀ ਰਾਇ ਮੁਤਾਬਿਕ ਵੈਸੇ ਤਾਂ ਹਰੇਕ ਬੀਮਾਰੀ ਨੂੰ ਹੀ ਦੁਸ਼ਮਣ ਸਮਝਣਾ ਚਾਹੀਦਾ ਹੈ ਪ੍ਰੰਤੂ ਕੈਂਸਰ ਨੂੰ ਵੱਡਾ ਦੁਸ਼ਮਣ ਸਮਝ ਕੇ, ਇਸ ਨਾਲ ਲੜਾਈ ਕਰਨੀ ਚਾਹੀਦੀ ਹੈ। ਇਸ ਨੂੰ ਮਾਰਨ ਲਈ ਸਮੇ ਸਿਰ ਦਵਾਈ ਲੈਣੀ ਪਰਹੇਜ਼ ਰੱਖਣੇ ਤੇ ਡਾਕਟਰਾਂ ਦੇ ਕਹਿਣ ਅਨੁਸਾਰ ਚੱਲਣਾ ਹੀ ਲੜਾਈ ਹੈ।

ਜੇਹੜਾ ਮਰੀਜ ਉਪਰ ਲਿਖੀਆਂ ਗੱਲ਼ਾਂ ਤੋਂ ਚੇਤੰਨ ਹੈ ਉਹ ਲਾਜਮੀ ਤੌਰ ਤੇ ਕੈਂਸਰ ਨੂੰ ਹਰਾ ਕੇ ਆਪਣਾ ਜੀਵਨ ਸਫਲ ਕਰ ਲੈਂਦਾ ਹੈ। ਬਹੁਤੇ ਲੋਕ ਇਸ ਗੱਲ ਦੇ ਅਭਿਮਾਨ ਵਿਚ ਹੁੰਦੇ ਹਨ ਕਿ ਮੇਰੇ ਕੋਲ ਬਹੁਤ ਪੈਸਾ ਹੈ ਪਰ ਜੇ ਕੈਂਸਰ ਨੂੰ ਸਮੇ ਸਿਰ ਨਹੀਂ ਫੜਦੇ ਜਾਂ ਦਵਾਈ ਲੈਣ ਵਿਚ ਕੋਤਾਹੀ ਕਰਦੇ ਹਨ, ਜਿਸ ਕਾਰਨ ਜਦੋਂ ਮੌਤ ਆ ਜਾਂਦੀ ਹੈ ਤਾਂ ਉਸ ਨੂੰ, “ਉਪਰ ਵਾਲੇ ਵੱਲੋਂ ਏਨੀ ਹੀ ਲਿਖੀ ਹੋਈ” ਦੇ ਨਾਉਂ ਨਾਲ ਆਪਣੀ ਮਾਨਸਿਕ ਤਸੱਲੀ ਕਰ ਬੈਠਦੇ ਹਨ। ਮੇਰਾ ਇਸ ਗੱਲ ਵਿਚ ਕੋਈ ਵਿਸ਼ਵਾਸ਼ ਨਹੀਂ ਕਿ ਹਰੇਕ ਮਨੁੱਖ ਦੀ ਉਮਰ ਉਪਰ ਵਾਲੇ ਨੇ ਲਿਖ ਕੇ ਭੇਜੀ ਹੈ। ਇਹ ਗੱਲ ਪ੍ਰਤੱਖ ਹੈ ਕਿ ਜੋ ਜੀਵ ਇਸ ਦੁਨੀਆਂ ਤੇ ਆਇਆ ਹੈ, ਉਸ ਨੇ ਇਸ ਦੁਨੀਆਂ ਤੋਂ ਜਾਣਾ ਹੀ ਹੈ ਪਰ ਪੂਰੀ ਉਮਰ ਭੋਗਣ ਤੋਂ ਪਹਿਲਾਂ ਕਿਸੇ ਬੀਮਾਰੀ ਜਾਂ ਦੁਰਘਟਨਾ ਦਾ ਸ਼ਿਕਾਰ ਹੋ ਕੇ ਮਰਨਾ ਇਨਸਾਨ ਦੀ ਕਮਜੋਰੀ ਜਾਂ ਨਾਲਾਇਕੀ ਹੈ।

ਨਿਰਮਲ ਸਿੰਘ ਨੋਕਵਾਲ
58 ਕਲੋਡੋਂਗ ਡਰਾਈਵ, ਕੁਐਕਰ ਹਿੱਲ, ਸਿਡਨੀ, ਆਸਟ੍ਰੇਲੀਆ
ਫ਼ੋਨ 0469869301

02/08/2013

 


ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ
ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com