ਤਣਾਓ ਸਿਰਫ਼ ਵੱਡਿਆਂ ਵਿਚ ਹੀ ਨਹੀਂ ਬਲਕਿ ਬੱਚਿਆਂ ਵਿਚ ਵੀ ਵੇਖਿਆ ਗਿਆ ਹੈ।
ਇਮਤਿਹਾਨਾਂ ਦੀ ਚਿੰਤਾ, ਆਪਣੇ ਹਾਣੀ ਕੋਲ ਮਹਿੰਗੇ ਖਿਡੌਣੇ, ਮਹਿੰਗੀ ਪੌਸ਼ਾਕ ਜਾਂ ਉਸ
ਘਰ ਵੱਡੀ ਕਾਰ ਵੇਖ ਕੇ ਵੀ ਬੱਚੇ ਮਨ ਵਿਚ ਤਣਾਓ ਪਾਲ ਲੈਂਦੇ ਹਨ।
ਤਣਾਓ ਸਦਕਾ ਸਰੀਰ ਅੰਦਰ ਕੌਰਟੀਸੋਲ ਨਿਕਲ ਪੈਂਦਾ ਹੈ ਜੋ ਥਿੰਦਾ ਜਮਾਂ ਕਰਨਾ
ਸ਼ੁਰੂ ਕਰ ਦਿੰਦਾ ਹੈ ਅਤੇ ਭਾਰ ਵਧਾ ਦਿੰਦਾ ਹੈ। ਇਸਦੇ ਨਾਲ ਹੀ ਸ਼ੱਕਰ ਦੀ ਮਾਤਰਾ ਵਧਣ
ਲੱਗ ਪੈਂਦੀ ਹੈ ਜੋ ਚਮੜੀ ਵਿਚ ‘ਗਲਾਈਕੇਸ਼ਨ’ ਦੀ ਸ਼ੁਰੂਆਤ ਕਰ ਦਿੰਦੀ ਹੈ। ਗਲਾਈਕੇਸ਼ਨ
ਚਮੜੀ ਵਿਚਲੇ ਕੋਲਾਜਨ ਦਾ ਨਾਸ ਮਾਰ ਦਿੰਦੀ ਹੈ। ਕੋਲਾਜਨ ਚਮੜੀ ਨੂੰ ਲਚਕ ਦਿੰਦਾ ਹੈ।
ਨਤੀਜੇ ਵਜੋਂ ਲਚਕ ਘਟਦੇ ਸਾਰ ਚਮੜੀ ਸਖ਼ਤ ਤੇ ਖੁਰਦਰੀ ਹੋ ਜਾਂਦੀ ਹੈ ਅਤੇ ਉਸ ਵਿਚ
ਲਾਈਨਾਂ ਅਤੇ ਝੁਰੜੀਆਂ ਦਿਸਣ ਲੱਗ ਪੈਂਦੀਆਂ ਹਨ।
ਸਾਡੀ ਚਮੜੀ ਨੂੰ ਕੁਦਰਤੀ ਤਰੀਕੇ ਤਰ ਰਖਣ ਅਤੇ ਚਮਕਦੀ ਦਿਸਣ ਲਈ ਕੁਦਰਤ ਨੇ
ਹਿਆਲਯੂਰੋਨਿਕ ਏਸਿਡ ਭਰਿਆ ਹੋਇਆ ਹੈ। ਤਣਾਓ ਦੌਰਾਨ ਵਧਿਆ ਕੌਰਟੀਸੋਲ ਹਿਆਲਯੂਰੋਨਿਕ
ਏਸਿਡ ਨੂੰ ਘਟਾ ਦਿੰਦਾ ਹੈ ਜੋ ਨਮੀ ਖ਼ਤਮ ਕਰ ਦਿੰਦਾ ਹੈ। ਨਤੀਜਾ ਹੁੰਦਾ ਹੈ ਚਮੜੀ ਦਾ
ਖੁਰਦਰਾਪਨ ਵਧਣਾ, ਖੁਸ਼ਕ ਦਿਸਣਾ, ਚਮਕ ਰਹਿਤ ਹੋਣਾ ਅਤੇ ਫਿੰਸੀਆ ਵਧਣੀਆਂ।
ਕੌਰਟੀਸੋਲ ਨਾਲ ਸਿਰਫ ਹਿਆਲਯੂਰੋਨਿਕ ਏਸਿਡ ਦੀ ਮਾਤਰਾ ਹੀ ਨਹੀਂ ਘਟਦੀ ਬਲਕਿ
ਚਮੜੀ ਦੀ ਪਰਤ ਵਿੱਚੋਂ ਨਮੀ ਨਿਕਲਣ ਦੇ ਰਸਤੇ ਵੀ ਖੁੱਲ ਜਾਂਦੇ ਹਨ ਜੋ ਚਮੜੀ ਵਿੱਚੋਂ
ਪਾਣੀ ਘਟਾ ਦਿੰਦੇ ਹਨ। ਇਸ ਕਾਰਣ ਜਿਹੜੇ ਐਨਜ਼ਾਈਮ ਰੋਜ਼ ਚਮੜੀ ਦੀ ਕੁਦਰਤੀ ਤਰੀਕੇ
ਰਿਪੇਅਰ ਵਿਚ ਜੁਟੇ ਹੁੰਦੇ ਹਨ, ਉਹ ਪੂਰੀ ਤਰਾਂ ਅਸਰ ਨਹੀਂ ਕਰ ਸਕਦੇ ਤੇ ਚਮੜੀ ਛੇਤੀ
ਫਟਣ ਲੱਗ ਪੈਂਦੀ ਹੈ ਜਾਂ ਖਿੱਚੀ ਜਾਂਦੀ ਹੈ।
ਚਮੜੀ ਦੀਆਂ ਪਰਤਾਂ ਵਿਚ ਐਪੀਡਰਮਲ ਸੈੱਲ ਇੱਕ ਦੂਜੇ ਦੇ ਉੱਤੇ ਪਏ ਹੁੰਦੇ ਹਨ ਤੇ
ਇਕ ਦੂਜੇ ਨਾਲ ਚੰਗੀ ਪਕੜ ਬਣਾ ਕੇ ਚਮੜੀ ਨੂੰ ਲਚਕ ਤੇ ਤਾਕਤ ਬਖ਼ਸ਼ਦੇ ਹਨ। ਜਦੋਂ ਚਮੜੀ
ਦੀ ਪਰਤ ਵਿੱਚੋਂ ਨਮੀ ਬਾਹਰ ਨਿਕਲਣ ਦਾ ਰਸਤਾ ਬਣ ਜਾਏ ਤਾਂ ਉਸੇ ਰਸਤੇ ਕੀਟਾਣੂ ਜਾਂ
ਹੋਰ ਮਾੜੇ ਤੱਤ ਚਮੜੀ ਦੇ ਅੰਦਰ ਵੜਨੇ ਸ਼ੁਰੂ ਹੋ ਜਾਂਦੇ ਹਨ।
ਇਸਤਰਾਂ ਚਮੜੀ ਦੇ ਇਮਿਊਨ ਸਿਸਟਮ ਵਿਚ ਵਿਗਾੜ ਪੈ ਜਾਂਦਾ ਹੈ ਅਤੇ ਹਲਕੀ ਖ਼ੁਰਕ
ਹੋਣੀ ਸ਼ੁਰੂ ਹੋ ਸਕਦੀ ਹੈ ਜਾਂ ਨਿੱਕੇ ਉਭਰੇ ਦਾਣੇ ਦਿਸਣ ਲੱਗ ਪੈਂਦੇ ਹਨ।
ਖੋਜਾਂ ਰਾਹੀਂ ਸਾਬਤ ਹੋਇਆ ਹੈ ਕਿ ਇਮਤਿਹਾਨਾਂ ਵਿਚ ਜਿਹੜੇ ਜਵਾਨ ਬੱਚਿਆਂ ਤੋਂ
ਤਣਾਓ ਵਧੀਆ ਤਰੀਕੇ ਨਾ ਜਰਿਆ ਜਾ ਰਿਹਾ ਹੋਵੇ, ਉਨਾਂ ਦੇ ਚਿਹਰਿਆਂ ਉੱਤੇ ਕਿੱਲ
ਮੁਹਾਂਸੇ ਵੱਧ ਦਿਸਣ ਲੱਗ ਪੈਂਦੇ ਹਨ ਤੇ ਉਨਾਂ ਦੇ ਦਾਗ਼ ਵੀ ਕਈ ਵਾਰ ਪੱਕੇ ਪੈ ਜਾਂਦੇ
ਹਨ। ਇਨਾਂ ਬੱਚਿਆਂ ਦਾ ਭਾਰ ਵੀ ਵੱਧ ਜਾਂਦਾ ਹੈ। ਜਿਹੜੇ ਬੱਚੇ ਤਣਾਓ ਠੀਕ ਤਰੀਕੇ ਜਰ
ਰਹੇ ਹੋਣ, ਉਨਾਂ ਦੇ ਚਿਹਰਿਆਂ ਉੱਤੇ ਦਾਗ਼ ਵੀ ਘੱਟ ਪੈਂਦੇ ਹਨ ਤੇ ਫਿੰਸੀਆਂ ਵੀ ਨਹੀਂ
ਦਿਸਦੀਆਂ। ਟੈਸਟ ਕਰਨ ਉੱਤੇ ਤਣਾਓ ਵੱਧ ਸਹੇੜ ਰਹੇ ਵਿਦਿਆਰਥੀਆਂ ਦੇ ਸਰੀਰ ਅੰਦਰ
ਕੌਰਟੀਸੋਲ ਦੀ ਮਾਤਰਾ ਵੱਧ ਮਿਲੀ ਜੋ ਚਮੜੀ ਦਾ ਨਾਸ ਮਾਰ ਰਹੀ ਸੀ। ਐਗਜ਼ੀਮਾ,
ਸੋਰਾਇਸਿਸ, ਸਿਕਰੀ ਆਦਿ ਦੀ ਬੀਮਾਰੀ ਵੀ ਤਣਾਓ ਹੇਠ ਕਾਫੀ ਵਧ ਜਾਂਦੀ ਹੈ।
ਕੌਰਟੀਸੋਲ ਦੀ ਮਾਤਰਾ ਵਧਣ ਨਾਲ ਚਮੜੀ ਵਿਚਲੇ ਸਿਬੇਸ਼ਿਅਸ ਗਲੈਂਡ ਵਿੱਚੋਂ ਤੇਲ
(ਸੀਬਮ) ਦੀ ਮਾਤਰਾ ਵੱਧ ਨਿਕਲਣ ਲੱਗ ਪੈਂਦੀ ਹੈ ਜੋ ਕਿਲ ਮੁਹਾਂਸੇ ਦਾ ਕਾਰਣ ਬਣਦੀ
ਹੈ।
ਆਮ ਹੀ ਵੇਖਣ ਵਿਚ ਆਉਂਦਾ ਹੈ ਕਿ ਤਣਾਓ ਦੌਰਾਨ ਰੰਗ ਫਿੱਕਾ ਜਿਹਾ ਪੈ ਜਾਂਦਾ ਹੈ
ਤੇ ਚਿਹਰੇ ਦੀ ਰੌਣਕ ਘਟ ਜਾਂਦੀ ਹੈ। ਚਮੜੀ ਲਟਕੀ ਤੇ ਮੂੰਹ ਵੀ ਲਟਕਿਆ ਜਿਹਾ ਜਾਪਦਾ
ਹੈ। ਇਹ ਇਸ ਲਈ ਹੁੰਦਾ ਹੈ ਕਿਉਂਕਿ ਤਣਾਓ ਦੌਰਾਨ ਨਿਕਲਿਆ ਐਪੀਨੈਫਰੀਨ ਚਮੜੀ ਵੱਲ
ਜਾਂਦਾ ਲਹੂ ਘਟਾ ਦਿੰਦਾ ਹੈ। ਲਹੂ ਦਾ ਦੌਰਾ ਘਟਣ ਦਾ ਮਤਲਬ ਹੈ ਚਮੜੀ ਵੱਲ ਜਾਂਦੇ
ਲੋੜੀਂਦੇ ਤੱਤ ਵੀ ਘਟ ਗਏ ਤੇ ਔਕਸੀਜਨ ਵੀ। ਅਜਿਹਾ ਹੁੰਦੇ ਸਾਰ ਚਮੜੀ ਦੀ ਲਿਸ਼ਕ ਘਟ
ਜਾਂਦੀ ਹੈ ਤੇ ਚਮੜੀ ਫਿੱਕੀ ਪੀਲੀ ਦਿਸਣ ਲੱਗ ਜਾਂਦੀ ਹੈ।
ਲਹੂ ਦਾ ਦੌਰਾ ਘਟਣ ਨਾਲ ਚਮੜੀ ਵਿਚ ਇੱਕਠੇ ਹੋਏ ਮਾੜੇ ਤੱਤ ਜਾਂ ਟੌਕਸਿਨ ਦਾ
ਬਾਹਰ ਨਿਕਲਣਾ ਵੀ ਘਟ ਜਾਂਦਾ ਹੈ। ਮੂੰਹ ਉੱਪਰਲੀ ਲਾਲੀ ਅਤੇ ਚਮਕ ਇਨਾਂ ਸਦਕਾ ਘਟ
ਜਾਂਦੀ ਹੈ। ਇਹੀ ਮਾੜੇ ਤੱਤ ਸੈਲੂਲਾਈਟ ਬਣਾਉਣ ਲੱਗ ਪੈਂਦੇ ਹਨ ਜੋ ਚਮੜੀ ਨੂੰ ਢਿੱਲੀ
ਤੇ ਲਟਕਦੀ ਜਿਹੀ ਯਾਨੀ ਲਚਕ ਰਹਿਤ ਕਰ ਦਿੰਦੇ ਹਨ ਤੇ ਅਜਿਹੀ ਹਾਲਤ ਵਿਚ ਦਾਗ਼ ਧੱਬੇ
ਛੇਤੀ ਪੈਣ ਲੱਗ ਪੈਂਦੇ ਹਨ।
ਚਮੜੀ ਦੀ ਲਚਕ ਘਟਦੇ ਸਾਰ ਅਤੇ ਲਹੂ ਦਾ ਦੌਰਾ ਹੌਲੀ ਹੋਣ ਨਾਲ ਚਮੜੀ ਵਿਚ ਵਾਲਾਂ
ਦੀ ਪਕੜ ਵੀ ਘਟ ਜਾਂਦੀ ਹੈ। ਵਾਲਾਂ ਦਾ ਵਧਣਾ ਰੁੱਕ ਜਾਂਦਾ ਹੈ ਤੇ ਵਾਲ ਝੜਨ ਲੱਗ
ਪੈਂਦੇ ਹਨ।
ਕਈ ਵਾਰ ਸਾਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਤਣਾਓ ਦੇ ਅਸਰ ਅਧੀਨ ਹਾਂ
ਅਤੇ ਆਪਣੇ ਆਪ ਨੂੰ ਹੋਰ ਆਹਰੇ ਲਾ ਕੇ ਇਸ ਵੱਲੋਂ ਬੇਧਿਆਨ ਹੋ ਜਾਂਦੇ ਹਾਂ। ਪਰ,
ਸਰੀਰ ਅੰਦਰ ਲਗਾਤਾਰ ਚੱਲ ਰਹੇ ਹਾਰਮੋਨਾਂ ਦਾ ਚੱਕਰ ਚੱਲਦਾ ਰਹਿੰਦਾ ਹੈ ਤੇ ਕਈ ਵਾਰ
ਕੁੱਝ ਲੰਮੇ ਸਮੇਂ ਤਕ ਚੱਲਦਾ ਤਣਾਓ ਚਮੜੀ ਦਾ ਸਦੀਵੀ ਨਾਸ ਵੀ ਮਾਰ ਦਿੰਦਾ ਹੈ।
ਇਸੇ ਲਈ ਤਣਾਓ ਨੂੰ ਛੇਤੀ ਤੇ ਪੂਰੀ ਤਰਾਂ ਛੰਡਣਾ ਜ਼ਰੂਰੀ ਹੁੰਦਾ ਹੈ। ਕੌਰਟੀਸੋਲ
ਵਧਣ ਨਾਲ ਜਿਹੜਾ ਥਿੰਦਾ ਚਮੜੀ ਵਿਚ ਜਮਾਂ ਹੋ ਜਾਂਦਾ ਹੈ, ਉਸ ਨਾਲ ਵੀ ਮੂੰਹ ਕਿਸੇ
ਪਾਸਿਓਂ ਉਭਰਿਆ ਤੇ ਕਿਸੇ ਪਾਸੋਂ ਅੰਦਰ ਵੜਿਆ ਦਿਸਣ ਲੱਗ ਪੈਂਦਾ ਹੈ। ਗਲੇ ਵਿਚ
ਲਟਕਿਆ ਮਾਸ, ਦੂਹਰੀ ਠੋਡੀ ਆਦਿ ਵੀ ਦਿਸਣ ਲੱਗ ਪੈਂਦੇ ਹਨ।
ਹੁਣ ਰਹੀ ਗੱਲ ਜਵਾਨ ਦਿਸਣ, ਚਿਹਰੇ ਦੀ ਰੌਣਕ ਬਰਕਰਾਰ ਰੱਖਣ ਅਤੇ ਚਮੜੀ ਨੂੰ
ਤਣਾਓ ਦੇ ਅਸਰ ਤੋਂ ਬਚਾਉਣ ਦੀ।
ਚਮੜੀ ਦੀ ਰੌਣਕ ਬਰਕਰਾਰ ਰੱਖਣ ਲਈ ਖ਼ੁਰਾਕ :
ਜੇ ਤਣਾਓ ਨੇ ਚਮੜੀ ਦੀ ਰੌਣਕ ਦਾ ਨਾਸ ਮਾਰ ਦਿੱਤਾ ਹੈ ਤਾਂ ਅੱਗੇ ਦੱਸੀ ਖ਼ੁਰਾਕ
ਨਾਲ ਉਹ ਰੌਣਕ ਵਾਪਸ ਲਿਆਈ ਜਾ ਸਕਦੀ ਹੈ ਬਸ਼ਰਤੇ ਕਿ ਤਣਾਓ ਛੰਡ ਦਿੱਤਾ ਗਿਆ ਹੋਵੇ
- ਦਹੀਂ - ਰੋਜ਼ਾਨਾ ਦਹੀਂ ਖਾਣ ਨਾਲ ਇਸ ਵਿਚਲੇ ਵਧੀਆ
ਤੱਤ ਚਮੜੀ ਦੇ ਕੁਦਰਤੀ ਤੇਲ ਨੂੰ ਰਵਾਂ ਕਰ ਦਿੰਦੇ ਹਨ।
- ਬੈਰੀਜ਼ - ਇਹ ਕੌਲਾਜਨ ਬਣਾਉਂਦੀਆਂ ਹਨ ਤੇ ਚਮੜੀ ਨੂੰ
ਨਰਮ ਬਣਾ ਕੇ ਲਚਕ ਦਿੰਦੀਆਂ ਹਨ। ਧੁੱਪ ਦੀਆਂ ਕਿਰਨਾਂ ਤੋਂ ਹੋ ਰਹੇ ਨੁਕਸਾਨ ਨੂੰ
ਠੀਕ ਕਰਦੀਆਂ ਹਨ।
- ਸ਼ਕਰਕੰਦੀ - ਇਸਦੇ ਵਿਚਲਾ ਵਿਟਾਮਿਨ ਸੀ ਚਮੜੀ ਲਈ
ਫ਼ਾਇਦੇਮੰਦ ਸਾਬਤ ਹੋਇਆ ਹੈ।
- ਪਾਲਕ - ਚਮੜੀ ਲਈ ਲਾਹੇਵੰਦ ਹੈ।
- ਸੈਫਲਾਵਰ ਤੇਲ - ਓਮੇਗਾ 6 ਫੈਟੀ ਏਸਿਡ ਸਦਕਾ ਚਮੜੀ
ਨੂੰ ਤਰਲ ਰੱਖਦਾ ਹੈ।
- ਔਲਾ - ਇਸ ਵਿਚਲਾ ਵਿਟਾਮਿਨ ਸੀ ਚਮੜੀ ਵਿੱਚੋਂ ਮਾੜੇ
ਤੱਤ ਬਾਹਰ ਕੱਢਦਾ ਹੈ ਤੇ ਚਮੜੀ ਦੇ ਇਮਿਊਨ ਸਿਸਟਮ ਨੂੰ ਰਵਾਂ ਕਰਦਾ ਹੈ। ਚਮੜੀ
ਤਰੋਤਾਜ਼ਾ ਤੇ ਨਮੀ ਭਰਪੂਰ ਰੱਖਣ ਵਿਚ ਵੀ ਔਲਾ ਫ਼ਾਇਦੇਮੰਦ ਹੈ। ਭਾਵੇਂ ਅਚਾਰ ਬਣਾ ਕੇ,
ਭਾਵੇਂ ਮੁਰੱਬਾ ਤੇ ਭਾਵੇਂ ਸਬਜ਼ੀ ਬਣਾ ਕੇ ਖਾਧਾ ਜਾ ਸਕਦਾ ਹੈ।
- ਸੀਸੇਮ ਬੀਜ - ਵਿਟਾਮਿਨ ਈ ਤੇ ਕੌਪਰ ਸਦਕਾ ਵਧੀਆ
ਐਂਟੀਓਕਸੀਡੈਂਟ ਸਾਬਤ ਹੋ ਚੁੱਕੇ ਹਨ।
- ਪਾਣੀ - ਰੋਜ਼ ਦੇ 8 ਗਿਲਾਸ ਪਾਣੀ ਪੀਣ ਨਾਲ ਸਰੀਰ
ਅੰਦਰੋਂ ਮਾੜੇ ਤੱਤ ਬਾਹਰ ਨਿਕਲ ਜਾਂਦੇ ਹਨ ਤੇ ਚਮੜੀ ਦੇ ਸੈੱਲਾਂ ਨੂੰ ਪੂਰੀ ਨਮੀ
ਪਹੁੰਚਦੀ ਰਹਿੰਦੀ ਹੈ।
- ਅਮਰੂਦ, ਅਨਾਨਾਸ, ਪਪੀਤਾ, ਕੀਵੀ, ਮੁਸੰਮੀ - ਇਨਾਂ
ਵਿਚਲਾ ਵਿਟਾਮਿਨ ਸੀ ਐਂਟੀਓਕਸੀਡੈਂਟ ਵਜੋਂ ਚਮੜੀ ਨੂੰ ਮਾੜੇ ਤੱਤਾਂ ਤੋਂ ਬਚਾਉਂਦਾ
ਹੈ।
- ਬਰੌਕਲੀ - ਵਿਚਲਾ ਵਿਟਾਮਿਨ ਸੀ ਕੌਲਾਜਨ ਬਣਾਉਣ ਵਿਚ
ਮਦਦ ਕਰਦਾ ਹੈ। ਇਸ ਵਿਚਲਾ ਵਿਟਾਮਿਨ ਈ ਚਮੜੀ ਦੇ ਸੈੱਲਾਂ ਦੀ ਪਰਤ ਠੀਕ ਰੱਖਦਾ ਹੈ
ਤੇ ਅਲਟਰਾਵਾਇਲਟ ਕਿਰਨਾਂ ਦੇ ਮਾੜੇ ਅਸਰਾਂ ਤੋਂ ਬਚਾਉਂਦਾ ਹੈ।
- ਬਦਾਮ - ਵਿਟਾਮਿਨ ਈ ਭਰਪੂਰ ਹੋਣ ਸਦਕਾ ਚਮੜੀ ਨੂੰ
ਤਰੋਤਾਜ਼ਾ ਰੱਖਣ ਦੇ ਨਾਲ ਅਲਟਰਾਵਾਇਲਟ ਕਿਰਨਾਂ ਦੀ ਮਾਰ ਤੋਂ ਬਚਾਉਂਦੇ ਹਨ। ਰੋਜ਼ 10
ਕੁ ਬਦਾਮ ਖਾ ਲੈਣੇ ਚਾਹੀਦੇ ਹਨ।
- ਕਣਕ ਛਾਣਬੂਰੇ ਸਮੇਤ - ਵਿਚ ਸੀਲੀਨੀਅਮ ਭਰਿਆ ਪਿਆ
ਹੈ ਜੋ ਆਲੇ ਦੁਆਲੇ ਦੀ ਦੂਸ਼ਿਤ ਹਵਾ ਤੋਂ ਚਮੜੀ ਦੀ ਰਾਖੀ ਕਰਦਾ ਹੈ ਤੇ ਚਮੜੀ ਦੀ ਲਚਕ
ਬਰਕਰਾਰ ਰਖਦਾ ਹੈ। ਸੀਲੀਨੀਅਮ ਦਵਾਈ ਰਾਹੀਂ ਵੱਧ ਖਾਣ ਨਾਲ ਨੁਕਸਾਨ ਹੋ ਸਕਦਾ ਹੈ ਪਰ
ਕੁਦਰਤੀ ਰੂਪ ਵਿਚ ਫ਼ਾਇਦੇਮੰਦ ਸਾਬਤ ਹੋਇਆ ਹੈ।
- ਟਮਾਟਰ - ਚਮੜੀ ਦੀ ਚਮਕ ਬਰਕਰਾਰ ਰੱਖਣ ਲਈ ਬੇਹੱਦ
ਫ਼ਾਇਦੇਮੰਦ ਸਾਬਤ ਹੋ ਚੁੱਕੇ ਹਨ। ਇਨਾਂ ਵਿਚ ਲਾਈਕੋਪੀਨ, ਸੀਲੀਨੀਅਮ, ਵਿਟਾਮਿਨ ਏ ਤੇ
ਸੀ ਹੈ ਜੋ ਚਮੜੀ ਲਈ ਸੰਪੂਰਨ ਖ਼ੁਰਾਕ ਹਨ।
- ਹਰੀ ਚਾਹ - ਕਮਾਲ ਦਾ ਅਸਰ ਵਿਖਾਉਂਦੀ ਹੈ।
- ਗਾਜਰਾਂ - ਵਿਚ ਬੀਟਾ ਕੈਰੋਟੀਨ ਹੈ ਜੋ ਚਮੜੀ ਅੰਦਰ
ਵਿਟਾਮਿਨ ਏ ਬਣ ਕੇ ਚਮੜੀ ਦੀ ਰਿਪੇਅਰ ਕਰਦਾ ਹੈ।
- ਪੇਠਾ ਅਤੇ ਉਸਦੇ ਬੀਜ - ਜ਼ਿੰਕ ਭਰਿਆ ਹੋਣ ਕਰਕੇ ਇਹ
ਚਮੜੀ ਦੇ ਸੈੱਲਾਂ ਦੀ ਤੋੜ ਫੋੜ ਘਟਾ ਕੇ ਕੋਲਾਜਨ ਠੀਕ ਕਰ ਦਿੰਦੇ ਹਨ।
- ਟੂਨਾ ਮੱਛੀ - (ਤਲੀ ਹੋਈ ਨਹੀਂ ਬਲਕਿ ਗਰਿੱਲ, ਰੋਸਟ
ਜਾਂ ਬੇਕ ਕੀਤੀ ਹੋਈ) ਇਸ ਵਿਚ ਓਮੇਗਾ 3 ਫੈਟੀ ਏਸਿਡ ਹਨ ਜੋ ਚਮੜੀ ਦੇ ਸੈੱਲਾਂ ਨੂੰ
ਸਿਹਤਮੰਦ ਰੱਖਦੇ ਹਨ, ਕੈਂਸਰ ਤੋਂ ਬਚਾਉਂਦੇ ਹਨ ਤੇ ਅਲਟਰਾਵਾਇਲਟ ਕਿਰਨਾਂ ਤੋਂ ਵੀ
ਚਮੜੀ ਦੀ ਰਾਖੀ ਕਰਦੇ ਹਨ।
ਚੰਗੀ ਖ਼ਬਰ ਇਹ ਹੈ ਕਿ ਜਵਾਨ ਦਿਸਣ, ਚਿਹਰੇ ਦੀ ਰੌਣਕ ਬਰਕਰਾਰ ਰੱਖਣ ਅਤੇ ਚਮੜੀ
ਨੂੰ ਤਣਾਓ ਦੇ ਅਸਰ ਤੋਂ ਬਚਾਉਣ ਲਈ ਤਰੀਕੇ ਬਹੁਤ ਸੌਖੇ ਹਨ :
- ਜੇ ਝੁਰੜੀਆਂ ਤੋਂ ਬਚਣਾ ਹੈ ਤਾਂ ਲੰਮੀਆਂ ਤਾਣ ਕੇ ਘੱਟੋ ਘੱਟ 8 ਘੰਟੇ ਸੌਣਾ
ਜ਼ਰੂਰੀ ਹੈ। ਇੰਜ ਕੌਰਟੀਸੋਲ ਦੀ ਮਾਤਰਾ ਹਾਣੀਕਾਰਕ ਹਦ ਤਕ ਨਹੀਂ ਵਧਦੀ। ਸੋ ਖੁਸ਼ਕ
ਚਮੜੀ ਤੋਂ ਵੀ ਆਪੇ ਹੀ ਬਚਾਓ ਹੋ ਗਿਆ।
- ਰਾਤ ਦਾ ਖਾਣਾ 8 ਜਾਂ ਸਾਢੇ 8 ਵਜੇ ਤਕ ਖਾਣਾ ਠੀਕ ਰਹਿੰਦਾ ਹੈ ਤਾਂ ਜੋ ਨੀਂਦਰ
ਦਾ ਚੱਕਰਵਿਊ ਠੀਕ ਰੱਖਿਆ ਜਾ ਸਕੇ।
- ਮੋਬਾਈਲ ਫ਼ੋਨ ਸੌਣ ਵੇਲੇ ਕਮਰੇ ਤੋਂ ਬਾਹਰ ਜਾਂ 5 ਫੁੱਟ ਪਰੇ ਰੱਖਣਾ ਠੀਕ ਹੈ ਤਾਂ
ਜੋ ਵਾਈਬਰੇਸ਼ਨ ਅਤੇ ਉਸਦੀ ਲਾਈਟ ਨੀਂਦਰ ਦੇ ਸਾਈਕਲ ਨੂੰ ਖ਼ਰਾਬ ਨਾ ਕਰ ਸਕੇ।
- ਲੰਮੀ ਸੈਰ, ਭੱਜਣਾ, ਸਾਈਕਲ ਚਲਾਉਣਾ, ਰੱਸੀ ਟੱਪਣੀ, ਤੈਰਨਾ, ਆਦਿ ਨਾਲ ਚਮੜੀ
ਵੱਲ ਜਾਂਦਾ ਲਹੂ ਰਵਾਂ ਹੋ ਜਾਂਦਾ ਹੈ ਤੇ ਚਿਹਰੇ ਦੀ ਰੌਣਕ ਮੁੜ ਆਉਂਦੀ ਹੈ।
- ਲੰਮੇ ਸਾਹ ਖਿੱਚ ਕੇ, ਚਿਹਰੇ ਉੱਤੇ ਮੁਸਕਾਨ ਲਿਆ ਕੇ, ਯੋਗ ਪ੍ਰਣਾਲੀ ਰਾਹੀਂ ਵੀ
ਤਣਾਓ ਛੰਡਣ ਦੇ ਨਾਲ ਨਾਲ ਕੌਰਟੀਸੋਲ ਦੀ ਮਾਤਰਾ ਘਟਾਈ ਜਾ ਸਕਦੀ ਹੈ।
- ਘੱਟ ਥਿੰਦੇ ਵਾਲਾ, ਛੇਤੀ ਹਜ਼ਮ ਹੋ ਜਾਣ ਵਾਲਾ ਖਾਣਾ ਖਾਣਾ ਚਾਹੀਦਾ ਹੈ।
- ਕੁੱਝ ਕੇਸਾਂ ਵਿਚ ਝੁਰੜੀਆਂ ਵਾਸਤੇ ਬੌਟੂਲਿਨਮ ਟੌਕਸਿਨ ਦੇ ਟੀਕੇ ਅਸਰਦਾਰ ਸਾਬਤ
ਹੋਏ ਹਨ।
- ਐਲਫਾ ਹਾਈਡਰੋਕਸੀ ਏਸਿਡ ਦੀ ਵਰਤੋਂ ਨਾਲ ਮੂੰਹ ਦੀ ਚਮੜੀ ਦੀ ਚਮਕ ਦੇ ਲਚਕ ਵਧੀ
ਵੇਖੀ ਗਈ ਹੈ।
- ਅਖ਼ੀਰੀ ਤੇ ਸਭ ਤੋਂ ਅਸਰਦਾਰ ਇਲਾਜ ਹੈ ਖੁੱਲ ਕੇ ਰੋਜ਼ 15 ਮਿੰਟ ਹੱਸਣਾ ਤੇ ਰੱਜ
ਕੇ ਜ਼ਿੰਦਗੀ ਨੂੰ ਜੀਣਾ! ਇਸ ਨਾਲ ਚਿਹਰੇ ਦੀ ਰੌਣਕ ਏਨੀ ਵੱਧ ਜਾਂਦੀ ਹੈ ਕਿ ਕਿਸੇ
ਹੋਰ ਤਣਾਓ ਵਿਚ ਡੁੱਬੇ ਨੂੰ ਵੀ ਅਜਿਹਾ ਚਿਹਰਾ ਵੇਖਦੇ ਸਾਰ ਰਾਹਤ ਮਹਿਸੂਸ ਹੋਣ ਲੱਗ
ਪੈਂਦੀ ਹੈ।
ਸੋ, ਝਟਪਟ ਫੈਸਲਾ ਕਰ ਲਓ! ਜੇ ਬਹੁਤੀ ਦੇਰ ਜਵਾਨ ਦਿਸਣਾ ਹੈ ਤੇ ਲੰਬੀ ਉਮਰ
ਭੋਗਣੀ ਹੈ ਤਾਂ ਤਣਾਓ ਹਰ ਹਾਲ ਛੰਡਣਾ ਹੀ ਪੈਣਾ ਹੈ।
ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783 |