ਵਿਗਿਆਨ ਪ੍ਰਸਾਰ

ਸਰੀਰਕ ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ

 

ਕੋਚੀਨ ਦੇ ਸੱਤ ਗ਼ੈਰ ਸਰਕਾਰੀ ਅੰਗ੍ਰੇਜ਼ੀ ਮਾਧਿਅਮ ਸਕੂਲ ਵਿਚ ਪੜ੍ਹਦੇ ਨੌਵੀਂ ਤੋਂ ਗਿਆਰਵੀਂ ਜਮਾਤ ਦੇ ਬੱਚਿਆਂ ਉੱਤੇ ਡਾਕਟਰਾਂ ਵੱਲੋਂ ਸੰਨ 2008 ਦੇ ਅਖੀਰ ਵਿਚ ਇਕ ਖੋਜ ਕੀਤੀ ਗਈ ਤਾਂ ਜੋ ਉਨ੍ਹਾਂ ਦੇ ਮਾਪਿਆਂ ਨੂੰ ਅਤੇ ਭਾਰਤ ਦੇ ਬਾਕੀ ਹਿੱਸਿਆਂ ਵਿਚ ਵਸ ਰਹੇ ਲੋਕਾਂ ਨੂੰ ਵੀ ਇਸ ਪੱਖ ਪ੍ਰਤੀ ਜਾਗਰੂਕ ਕੀਤਾ ਜਾਵੇ ਕਿ ਜਿਨ੍ਹਾਂ ਨੂੰ ‘ਭੋਲੇ ਭਾਲੇ’ ਸਮਝ ਕੇ ਮਾਪੇ ਜਾਣਕਾਰੀ ਲੁਕਾ ਰਹੇ ਹਨ, ਉਹ ਤਾਂ ਪਹਿਲਾਂ ਹੀ ਉਸ ਜਾਣਕਾਰੀ ਤੋਂ ਚੰਗੀ ਤਰ੍ਹਾਂ ਵਾਕਫ਼ ਹੋ ਚੁੱਕੇ ਹਨ। ਜਿਹੜੇ ਬੱਚੇ ਪੂਰੀ ਤਰ੍ਹਾਂ ਜਾਣਕਾਰੀ ਹਾਸਲ ਨਹੀਂ ਕਰ ਸਕੇ, ਉਨ੍ਹਾਂ ਉੱਤੇ ਵਰ੍ਹਨ ਵਾਲੇ ਕਹਿਰ ਤੋਂ ਵੀ ਮਾਪੇ ਬਾਖ਼ੂਬੀ ਜਾਣੂੰ ਹੋਣੇ ਚਾਹੀਦੇ ਹਨ।

ਅੱਗੇ ਤੋਂ ਜਦੋਂ ਵੀ ਕਿਸੇ ਅਲ੍ਹੜ ਜਿਹੀ ਬੱਚੀ ਉੱਤੇ ਕਿਸੇ 9 ਵਰ੍ਹਿਆਂ ਦੇ ਮੁੰਡੇ ਵੱਲੋਂ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਬਾਰੇ ਖ਼ਬਰ ਪੜ੍ਹੋਗੇ ਤਾਂ ਧਿਆਨ ਰੱਖਿਓ ਕਿ ਇਹ ਬੱਚਾ ਤੁਹਾਡਾ ਵੀ ਹੋ ਸਕਦਾ ਹੈ, ਕਿਉਂਕਿ ਅੱਗੇ ਦੱਸੀ ਜਾ ਰਹੀ ਖੋਜ ਦੇ ਸਿੱਟੇ ਸਾਬਤ ਕਰ ਰਹੇ ਹਨ ਕਿ ਸਰੀਰਕ ਗਿਆਨ ਤਾਂ ਛੱਡੋ, ਬੱਚੇ ਤਾਂ ਜਿਸਮਾਨੀ ਸੰਬੰਧਾਂ ਬਾਰੇ ਅਤੇ ਸੈਕਸ ਗਿਆਨ ਬਾਰੇ ਵੀ ਬਹੁਤ ਕੁੱਝ ਜਾਣ ਚੁੱਕੇ ਹਨ ਪਰ ਮਾਪਿਆਂ ਤੋਂ ਖ਼ੂਬਸੂਰਤੀ ਨਾਲ ਇਹ ਜਾਣਕਾਰੀ ਲੁਕਾ ਰਹੇ ਹਨ।

ਬੱਚਿਆਂ ਦੇ ਮਨੋਵਿਗਿਆਨ ਨਾਲ ਜੁੜੇ ਬਥੇਰੇ ਸਮਝਦਾਰ ਲੋਕਾਂ ਨੇ ਅੱਗੇ ਵੀ ਇਸ ਬਾਰੇ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਅਫਸੋਸ ਕਿ ਜਿਹੜੇ ਇਸ ਪੱਖ ਤੋਂ ਉੱਕਾ ਹੀ ਅਣਜਾਣ ਹਨ, ਫੈਸਲਾ ਉਨ੍ਹਾਂ ਦੇ ਹੱਥ ਛਡ ਦਿੱਤਾ ਜਾਂਦਾ ਹੈ। ਖਮਿਆਜਾ ਭੁਗਤਣ ਵਾਲੇ ਹਨ ਆਮ ਲੋਕ ਅਤੇ ਮਾਪੇ। ਸਮਾਜ ਵਿਚ ਵਧ ਰਿਹਾ ਜਿਸਮਾਨੀ ਜੁਰਮ ਅਤੇ ਅਣਵਿਆਹੀਆਂ ਮਾਵਾਂ ਦੇ ਢੇਰ ਇਸ ਪੱਖ ਨੂੰ ਅਣਗੋਲਿਆਂ ਕਰਨ ਦਾ ਨਤੀਜਾ ਹਨ।

ਜਿਹੜੇ ਗੰਭੀਰ ਹੋ ਕੇ ਸੋਚ ਵਿਚਾਰ ਕਰ ਸਕਦੇ ਹੋਣ, ਉਨ੍ਹਾਂ ਨੂੰ ਹੀ ਮੈਂ ਕੋਚੀਨ ਵਿਚ ਹੋਈ ਖੋਜ ਦੇ ਅੰਸ਼ ਦਸਣਾ ਚਾਹੁੰਦੀ ਹਾਂ। ਜਿਨ੍ਹਾਂ ਨੇ ਬਿਨਾਂ ਸੋਚੇ ਸਮਝੇ ਸਿਰਫ਼ ‘ਨ’ ਅੱਖਰ ਫੜ੍ਹ ਲੈਣਾ ਹੈ, ਉਨ੍ਹਾਂ ਨੂੰ ਆਪਣੀ ਜ਼ਿੰਦਗੀ ਜੀਣ ਦਾ ਸਲੀਕਾ ਮੁਬਾਰਕ ! ਕੋਚੀਨ ਦੇ ਇਨ੍ਹਾਂ ਸਕੂਲਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਤੋਂ ਲੁਕਵੀਂ ਜਾਣਕਾਰੀ ਲੈਣ ਲਈ ਉਨ੍ਹਾਂ ਨੂੰ ਬਿਨ੍ਹਾਂ ਆਪਣਾ ਨਾਂ ਦੱਸੇ ਉਨ੍ਹਾਂ ਦੇ ਮਨ ਵਿਚ ਉਠ ਰਹੇ ਸਵਾਲ ਲਿਖ ਕੇ ਲਿਫਾਫੇ ਵਿਚ ਬੰਦ ਕਰ ਕੇ ਡਾਕਟਰਾਂ ਨੂੰ ਦੇਣ ਲਈ ਕਿਹਾ ਗਿਆ ਤਾਂ ਜੋ ਉਹ ਇਨ੍ਹਾਂ ਸਵਾਲਾਂ ਦੇ ਜਵਾਬ ਬਿਨਾਂ ਸ਼ਰਮਿੰਦਾ ਹੋਇਆ ਸੁਣ ਸਕਣ ਅਤੇ ਆਪਣੇ ਮਨਾਂ ਅੰਦਰ ਉਠ ਰਹੀਆਂ ਗੁੰਝਲਾਂ ਸੁਲਝਾ ਸਕਣ।

20 ਕੁ ਕੁੜੀਆਂ ਦਾ ਅਲੱਗ ਗਰੁੱਪ ਅਤੇ 20 ਕੁ ਮੁੰਡਿਆਂ ਦਾ ਵਖਰਾ ਗਰੁੱਪ ਬਣਾ ਕੇ ਉਨ੍ਹਾਂ ਨੂੰ ਇਨ੍ਹਾਂ ਲਿਫਾਫਿਆਂ ਵਿਚ ਪੁੱਛੇ ਗਏ ਸਵਾਲਾਂ ਦੇ ਜਵਾਬ ਸਮਝਾਏ ਗਏ ਅਤੇ ਫੇਰ ਕੁੱਝ ਸਵਾਲ ਕਾਗਜ਼ ਉੱਤੇ ਲਿਖ ਕੇ ਵੰਡੇ ਵੀ ਗਏ ਤਾਂ ਜੋ ਬੱਚਿਆਂ ਤੋਂ ਕੁੱਝ ਹੋਰ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ। ਜਿਹੜੇ ਸਵਾਲ ਬੱਚਿਆਂ ਨੇ ਬੰਦ ਲਿਫਾਫਿਆਂ ਵਿਚ ਲਿਖਕੇ ਪੁੱਛੇ ਸਨ, ਉਨ੍ਹਾਂ ਵਿੱਚੋਂ ਸਭ ਤੋਂ ਵੱਧ ਸਵਾਲ ਹਸਤਮੈਥੁਨ ਬਾਰੇ ਪੁੱਛੇ ਗਏ ਸਨ (2278 ਬੱਚਿਆਂ ਨੇ ਪੁੱਛਿਆ), 1684 ਬੱਚਿਆਂ ਨੇ ਸੈਕਸ ਸੰਬੰਧੀ ਮੁੱਢਲੀ ਜਾਣਕਾਰੀ ਲੈਣ ਦੀ ਇੱਛਾ ਜ਼ਾਹਰ ਕੀਤੀ, 1545 ਨੇ ਆਪਣੀ ਪੜ੍ਹਾਈ ਅਤੇ ਯਾਦਾਸ਼ਤ ਵਧਾਉਣ ਦੇ ਤਰੀਕੇ ਪੁੱਛੇ, 1355 ਨੇ ਨਸ਼ੇ ਸੇਵਨ ਬਾਰੇ ਪੁੱਛਿਆ, 922 ਬੱਚਿਆਂ ਨੇ ਰਿਸ਼ਤਿਆਂ ਵਿਚਲੀ ਅਣਬਣ ਬਾਰੇ ਜਾਣਨਾ ਚਾਹਿਆ, 877 ਨੇ ਅਸ਼ਲੀਲ ਫਿਲਮਾਂ ਬਾਰੇ ਜਾਣਕਾਰੀ ਚਾਹੀ, 801 ਬੱਚਿਆਂ ਨੇ ਇਸ਼ਕ ਅਤੇ ਜਿਸਮਾਨੀ ਤਾਂਘਾਂ ਬਾਰੇ ਪੁੱਛਿਆ, 827 ਨੇ ਮਾਪਿਆਂ ਨਾਲ ਆਪਣੇ ਵਿਗੜੇ ਰਿਸ਼ਤੇ ਬਾਰੇ ਜਾਣਨਾ ਚਾਹਿਆ, 241 ਨੇ ਮਾਹਵਾਰੀ ਬਾਰੇ ਸਵਾਲ ਪੁੱਛੇ ਹੋਏ ਸਨ, ਜਦਕਿ 124 ਨੇ ਏਡਜ਼ ਬਾਰੇ !

ਇਨ੍ਹਾਂ ਵਿੱਚੋਂ ਫਿਕਰ ਪਾਉਣ ਵਾਲੇ ਸਵਾਲ ਸਨ ਉਨ੍ਹਾਂ 12 ਜਵਾਨ ਬੱਚਿਆਂ ਦੇ ਜਿਹੜੇ ਮਾਪਿਆਂ ਵੱਲੋਂ ਹੱਦੋਂ ਵੱਧ ਦਬਾਓ ਪੈਣ ਕਾਰਣ ਖ਼ੁਦਕੁਸ਼ੀ ਕਰਨ ਨੂੰ ਤਿਆਰ ਬੈਠੇ ਸਨ ਪਰ ਉਨ੍ਹਾਂ ਦੇ ਮਾਪੇ ਉੱਕਾ ਹੀ ਇਸ ਗੱਲ ਤੋਂ ਅਣਜਾਣ ਸਨ। ਇਹ ਉਹ ਬੱਚੇ ਸਨ ਜਿਹੜੇ ਨਾ ਦੋਸਤਾਂ ਨਾਲ ਤੇ ਨਾ ਹੀ ਆਪਣੇ ਮਾਪਿਆਂ ਨਾਲ ਦਿਲ ਖੋਲ੍ਹ ਸਕੇ ਸਨ ਜਿਸ ਕਾਰਣ ਉਦਾਸ ਹੋਈ ਬੈਠੇ ਸਨ ਅਤੇ ਢਹਿੰਦੀ ਕਲਾ ਵਿਚ ਜਾ ਚੁੱਕੇ ਸਨ।

ਬੱਚਿਆਂ ਵੱਲੋਂ ਇਕ ਲਿਖਤੀ ਸਵਾਲ ਕਿ ਉਨ੍ਹਾਂ ਨੂੰ ਸੈਕਸ ਬਾਰੇ ਜਾਂ ਆਪਣੇ ਸਰੀਰ ਵਿਚ ਆਉਂਦੇ ਬਦਲਾਓ ਬਾਰੇ ਕਿਸ ਕੋਲੋਂ ਜਾਣਕਾਰੀ ਮਿਲੀ, ਦੇ ਜਵਾਬ ਵਿਚ ਜੋ ਅੰਕੜੇ ਇਕੱਠੇ ਹੋਏ, ਉਨ੍ਹਾਂ ਵਿੱਚੋਂ 61 ਪ੍ਰਤੀਸ਼ਤ ਕੁੜੀਆਂ ਅਤੇ 55 ਪ੍ਰਤੀਸ਼ਤ ਮੁੰਡਿਆਂ ਨੇ ਜਵਾਬ ਦਿੱਤਾ ਹੋਇਆ ਸੀ- ਦੋਸਤਾਂ ਜਾਂ ਸਹੇਲੀਆਂ ਕੋਲੋਂ। 32 ਪ੍ਰਤੀਸ਼ਤ ਮੁੰਡਿਆਂ ਅਤੇ ਪੰਦਰਾਂ ਪ੍ਰਤੀਸ਼ਤ ਕੁੜੀਆਂ ਨੇ ਟੀ ਵੀ ਤੋਂ ਲੋੜ ਤੋਂ ਵੱਧ ਜਾਣਕਾਰੀ ਹਾਸਲ ਕੀਤੀ ਹੋਈ ਸੀ ਅਤੇ ਢੇਰ ਸਾਰਿਆਂ ਬੱਚਿਆਂ ਨੇ ਅਸ਼ਲੀਲ ਰਿਸਾਲਿਆਂ ਤੋਂ। ਕੁੱਝ ਆਪਣਿਆਂ ਦੀ ਹਵਸ ਦੇ ਸ਼ਿਕਾਰ ਬਣ ਚੁੱਕੇ ਹੋਏ ਸਨ। ਜਿਹੜੀ ਗੱਲ ਸਭ ਤੋਂ ਵੱਧ ਉਭਰ ਕੇ ਸਾਹਮਣੇ ਆਈ, ਉਹ ਸੀ, ਕਿ ਸਿਰਫ਼ ਇਕ ਮੁੰਡੇ ਨੇ ਹਾਮੀ ਭਰੀ ਸੀ ਕਿ ਉਸਦੇ ਪਿਤਾ ਨੇ ਉਸਨੂੰ ਸਰੀਰਕ ਜਾਣਕਾਰੀ ਦਿੱਤੀ ਸੀ ਅਤੇ ਮਾਂ ਨੇ ਵੀ ਕਾਫ਼ੀ ਸਿੱਖਿਆ ਦਿੱਤੀ ਸੀ। ਦੂਜੇ ਪਾਸੇ 18 ਪ੍ਰਤੀਸ਼ਤ ਕੁੜੀਆਂ ਮੰਨੀਆਂ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਮਾਂ ਨੇ ਮਾਹਵਾਰੀ ਬਾਰੇ ਸਾਰਾ ਕੁੱਝ ਸਮਝਾਇਆ ਹੋਇਆ ਸੀ, ਵਰਨਾ ਬਾਕੀ ਸਾਰੀਆਂ ਤਾਂ ਟੈਲੀਵਿਜ਼ਨ ਜਾਂ ਦੋਸਤਾਂ ਸਹੇਲੀਆਂ ਤੋਂ ਹੀ ਜਾਣਕਾਰੀ ਹਾਸਲ ਕਰੀ ਬੈਠੀਆਂ ਸਨ।

13 ਪ੍ਰਤੀਸ਼ਤ ਮੁੰਡੇ ਮੰਨੇ ਕਿ ਉਨ੍ਹਾਂ ਨੇ ਦੋਸਤਾਂ ਦੀ ਗੱਲ ਮੰਨ ਕੇ ਅਤੇ ਕੁੜੀਆਂ ਉੱਤੇ ਰੋਹਬ ਪਾਉਣ ਦੇ ਚੱਕਰ ਵਿਚ ਸਿਗਰਟ ਪੀਤੀ ਹੈ ਜਿਸ ਬਾਰੇ ਉਨ੍ਹਾਂ ਦੇ ਮਾਪੇ ਉੱਕਾ ਹੀ ਅਣਜਾਣ ਸਨ। ਇਹੀ ਹਾਲ ਸ਼ਰਾਬ ਪੀਣ ਵਾਲੇ ਬੱਚਿਆਂ ਦਾ ਸੀ ਜਿਹੜੇ ਛੋਟੀ ਉਮਰੇ ਦੋਸਤਾਂ ਦੇ ਆਖੇ ਲਗ ਇਹ ਲਤ ਪਾਲੀ ਬੈਠੇ ਸਨ ਪਰ ਮਾਪਿਆਂ ਤੋਂ ਚੋਰੀ। 8 ਪ੍ਰਤੀਸ਼ਤ ਕੁੜੀਆਂ ਮੰਨੀਆਂ ਕਿ ਉਹ ਨੌਵੀਂ ਜਮਾਤ ਵਿਚ ਹੀ ਕਲਾਸ ਵਿੱਚੋਂ ਦੌੜ ਕੇ ਮੁੰਡਿਆਂ ਨਾਲ ਚੋਰੀ ਬਾਹਰ ਘੁੰਮਣ ਜਾਂਦੀਆਂ ਰਹੀਆਂ ਸਨ ਜਿਸ ਬਾਰੇ ਮਾਪਿਆਂ ਨੂੰ ਕੋਈ ਅਤਾ ਪਤਾ ਨਹੀਂ। ਕੁੱਝ ਤਾਂ ਹਮਬਿਸਤਰੀ ਵੀ ਕਰ ਚੁੱਕੀਆਂ ਸਨ। 2 ਪ੍ਰਤੀਸ਼ਤ ਕੁੜੀਆਂ ਅਤੇ 21 ਪ੍ਰਤੀਸ਼ਤ ਮੁੰਡੇ ਮੰਨੇ ਕਿ ਉਹ ਕਈ ਵਾਰ ਵੱਖੋ ਵਖਰੇ ਜਣਿਆਂ ਨਾਲ ਜਿਸਮਾਨੀ ਸੰਬੰਧ ਕਾਇਮ ਕਰ ਚੁੱਕੇ ਸਨ ਪਰ ਆਪਣੇ ਮਾਪਿਆਂ ਦੀ ਨਜ਼ਰ ਵਿਚ ਅਤਿ ਦੇ ਸ਼ਰੀਫ਼ ਬਣ ਕੇ ਘੁੰਮ ਰਹੇ ਸਨ।

ਜਦੋਂ ਇਸ਼ਕ ਬਾਰੇ ਪੁੱਛਿਆ ਗਿਆ ਤਾਂ 5 ਮੁੰਡੇ ਅਤੇ 72 ਕੁੜੀਆਂ ਨੇ ਹਾਮੀ ਭਰੀ ਕਿ ਉਹ ਬਾਰਾਂ ਵਰ੍ਹਿਆਂ ਦੀ ਉਮਰ ਤੋਂ ਪਹਿਲਾਂ ਹੀ ਦੂਜੇ ਸੈਕਸ ਦੇ ਹਾਣੀਆਂ ਪ੍ਰਤੀ ਆਕਰਸ਼ਿਤ ਹੋ ਚੁੱਕੇ ਸਨ। ਤੇਰਾਂ ਵਰ੍ਹਿਆਂ ਦੀ ਉਮਰ ਤੋਂ ਵੱਧ 47 ਪ੍ਰਤੀਸ਼ਤ ਮੁੰਡੇ ਅਤੇ 38 ਪ੍ਰਤੀਸ਼ਤ ਕੁੜੀਆਂ ਨੇ ਕਿਸੇ ਹੋਰ ਪ੍ਰਤੀ ਖਿੱਚ ਮਹਿਸੂਸ ਕੀਤੀ ਜਿਹੜੀ ਹੁਣ ਇਸ਼ਕ ਵਿਚ ਤਬਦੀਲ ਹੋ ਚੱਕੀ ਹੋਈ ਸੀ।

ਮਾਹਵਾਰੀ ਅਤੇ ਏਡਜ਼ ਦੀ ਜਾਣਕਾਰੀ ਬਾਰੇ ਜਦੋਂ ਪੁੱਛਿਆ ਗਿਆ ਤਾਂ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਕਿਉਂਕਿ ਇਸ ਬਾਰੇ ਜਾਣਕਾਰੀ ਨਾ ਬਰਾਬਰ ਸੀ ਅਤੇ ਜਿੰਨੇ ਵੀ ਸਵਾਲਾਂ ਦੇ ਜਵਾਬ ਕਾਗਜ਼ਾਂ ਉੱਤੇ ਲਿਖ ਕੇ ਆਏ ਸਨ, ਉਨ੍ਹਾਂ ਵਿੱਚੋਂ ਕੋਈ ਵੀ ਸਾਰੇ ਸਵਾਲਾਂ ਦੇ ਸਹੀ ਜਵਾਬ ਨਹੀਂ ਸੀ ਦੇ ਸਕਿਆ।

ਕਈਆਂ ਨੇ ਤਾਂ ਇਕ ਦੂਜੇ ਦਾ ਹੱਥ ਫੜ ਕੇ ਤੁਰਨ ਨਾਲ ਹੀ ਏਡਜ਼ ਹੋ ਜਾਣ ਦਾ ਡਰ ਜ਼ਾਹਰ ਕੀਤਾ ਹੋਇਆ ਸੀ।

ਜਿਸ ਗੱਲ ਤੋਂ ਮਨੋਵਿਗਿਆਨਿਕ ਡਾਕਟਰ ਚਿੰਤਿਤ ਹੋ ਉੱਠੇ ਹਨ ਅਤੇ ਅੱਜਕਲ੍ਹ ਇਸ ਤਰ੍ਹਾਂ ਦੇ ਕੇਸਾਂ ਵਿਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਹੈ, ਉਹ ਹੈ ਹਸਤਮੈਥੁਨ ਨਾਲ ਜੁੜੇ ਤੇਰ੍ਹਾਂ ਚੌਦਾਂ ਵਰ੍ਹਿਆਂ ਦੇ ਬੱਚਿਆਂ ਦੇ ਮਨ ਅੰਦਰ ਸ਼ੰਕਾ, ਜਿਸ ਕਾਰਣ ਵੱਡੀ ਉਮਰ ਵਿਚ ਜਿਸਮਾਨੀ ਸੰਬੰਧ ਬਣਾਉਣ ਵਿਚ ਦਿੱਕਤ ਆਉਣੀ ਸ਼ੁਰੂ ਹੋ ਚੁੱਕੀ ਹੈ। ਇਸੇ ਸਦਕਾ ਬਹੁਤ ਸਾਰੇ ਵਿਆਹੁਤਾ ਰਿਸ਼ਤਿਆਂ ਵਿਚ ਤੇ੍ਰੜ ਵੀ ਪੈਣੀ ਸ਼ੁਰੂ ਹੋ ਚੁੱਕੀ ਹੈ।

ਇਸ ਖੋਜ ਰਾਹੀਂ ਇਹ ਤੱਥ ਵੀ ਉਘੜ ਕੇ ਸਾਹਮਣੇ ਆਇਆ ਹੈ ਕਿ 94 ਪ੍ਰਤੀਸ਼ਤ ਮੁੰਡੇ ਮੰਨੇ ਕਿ ਉਹ ਹਸਤਮੈਥੁਨ ਜ਼ਰੂਰ ਕਰਦੇ ਸਨ ਤੇ ਕਈ ਤਾਂ ਲਗਭਗ ਰੋਜ਼ ਹੀ ਕਰ ਰਹੇ ਸਨ। ਸਿਰਫ਼ ਇਕ ਪ੍ਰਤੀਸ਼ਤ ਮੰਨੇ ਕਿ ਉਨ੍ਹਾਂ ਇਹ ਰੁਝਾਨ ਕਦੇ ਵੀ ਨਹੀਂ ਰੱਖਿਆ ਜਦਕਿ ਬਾਕੀਆਂ ਨੇ ਜਵਾਬ ਦੇਣ ਵਿਚ ਝਿਝਕ ਮਹਿਸੂਸ ਕੀਤੀ। ਖ਼ਤਰਨਾਕ ਗੱਲ ਇਹ ਸੀ ਕਿ ਇਨ੍ਹਾਂ ਵਿੱਚੋਂ 33 ਪ੍ਰਤੀਸ਼ਤ ਇਹ ਸੋਚੀ ਬੈਠੇ ਸਨ ਕਿ ਇਹ ਬਹੁਤ ਹਾਣੀਕਾਰਕ ਹੈ ਅਤੇ ਇਸ ਨਾਲ ਉਨ੍ਹਾਂ ਦਾ ਸਰੀਰ ਕਮਜ਼ੋਰ ਪੈ ਰਿਹਾ ਹੈ ਅਤੇ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਵੀ ਠੀਕ ਨਹੀਂ ਰਹਿਣ ਲੱਗੀ।

ਇਨ੍ਹਾਂ ਬੱਚਿਆਂ ਵਿੱਚੋਂ 83 ਪ੍ਰਤੀਸ਼ਤ ਮੰਨੇ ਕਿ ਹਸਤਮੈਥੁਨ ਤੋਂ ਬਾਅਦ ਉਨ੍ਹਾਂ ਦੇ ਮਨ ਅੰਦਰ ਬਹੁਤ ਜ਼ਿਆਦਾ ਸ਼ਰਮਿੰਦਗੀ ਅਤੇ ਆਪਣੇ ਪ੍ਰਤੀ ਨਫਰਤ ਭਰ ਜਾਂਦੀ ਹੈ। ਇਹੀ ਆਪਣੇ ਪ੍ਰਤੀ ਨਫਰਤ ਹੀ ਬੱਚਿਆਂ ਨੂੰ ਢਹਿੰਦੀ ਕਲਾ ਵੱਲ ਵੀ ਲੈ ਜਾਂਦੀ ਹੈ ਅਤੇ ਕਈ ਬੱਚੇ ਮੰਨੇ ਕਿ ਉਹ ਖੁਦਕੁਸ਼ੀ ਤਕ ਕਰਨ ਬਾਰੇ ਸੋਚ ਲੈਂਦੇ ਹਨ। ਇਹ ਸਭ ਇਸਲਈ ਹੋ ਰਿਹਾ ਹੈ ਕਿਉਂਕਿ ਬੱਚਿਆਂ ਨਾਲ ਮਾਪੇ ਉੱਕਾ ਹੀ ਕੋਈ ਗੱਲ ਸਾਂਝੀ ਕਰਨ ਨੂੰ ਤਿਆਰ ਨਹੀਂ ਕਿ ਸਾਡੇ ਕੋਲੋਂ ਸਹੀ ਜਾਣਕਾਰੀ ਲੈਣ ਦੀ ਬਜਾਏ ਬੱਚੇ ਚੋਰੀ ਛੁਪੇ ਸਭ ਕੁੱਝ ਕਰਦੇ ਰਹਿਣ ਪਰ ਦੋਸਤਾਂ, ਰਿਸਾਲਿਆਂ ਜਾਂ ਟੈਲੀਵਿਜ਼ਨ ਤੋਂ ਅੱਧ ਪਚੱਧ ਜਾਣਕਾਰੀ ਲੈਣ ਤੋਂ ਬਾਅਦ !

ਸਕੂਲਾਂ ਵੱਲੋਂ ਵੀ ਪੂਰੀ ਤਰ੍ਹਾਂ ਪਿੱਠ ਮੋੜ ਲੈਣ ਨਾਲ ਨਾ ਤਾਂ ਬੱਚੇ ਜਵਾਨ ਹੋਣ ਤੋਂ ਰੁਕ ਜਾਣਗੇ ਤੇ ਨਾ ਹੀ ਉਨ੍ਹਾਂ ਦੇ ਆਪਣੇ ਅੰਦਰ ਆ ਰਹੇ ਸਰੀਰਕ ਬਦਲਾਓ ਅਤੇ ਦੂਜੇ ਦੇ ਸਰੀਰ ਪ੍ਰਤੀ ਰੁਚੀ ਵਿਚ ਕੋਈ ਕਮੀ ਹੀ ਆਏਗੀ।

ਨਤੀਜਾ ਸਭ ਦੇ ਸਾਹਮਣੇ ਹੈ ਕਿ ਸਾਡੇ ਸਭ ਦੇ ਬੱਚੇ ਇਸ ਅੱਧ ਪਚੱਧ ਜਾਣਕਾਰੀ ਤੋਂ ਬਾਅਦ ਜਿਸ ਵਿਨਾਸ਼ ਦੇ ਰਸਤੇ ਉੱਤੇ ਤੁਰ ਰਹੇ ਹਨ, ਉਹ ਸਮਾਜਿਕ ਤਾਣੇ ਬਾਣੇ ਨੂੰ ਤਾਰ ਤਾਰ ਕਰ ਦੇਣ ਵਾਲਾ ਹੈ।

ਹਸਤਮੈਥੁਨ ਵਰਗੀ ਨਾਰਮਲ ਗੱਲ ਕਾਰਣ ਜੇ ਬੱਚਾ ਆਪਣੇ ਮਾਪਿਆਂ ਨਾਲ ਦਿਲ ਖੋਲ੍ਹਣ ਤੋਂ ਡਰਦਾ ਖ਼ੁਦਕੁਸ਼ੀ ਤਕ ਕਰ ਜਾਏ ਤਾਂ ਕੌਣ ਇਸ ਬੇਵਜ੍ਹਾ ਹੋਈ ਮੌਤ ਦਾ ਜ਼ਿੰਮੇਵਾਰ ਹੈ ?

ਮਾਹਵਾਰੀ ਵਰਗੀ ਨਾਰਮਲ ਗੱਲ ਬਾਰੇ ਕੁੜੀਆਂ ਨੂੰ ਉੱਕਾ ਹੀ ਜਾਣਕਾਰੀ ਨਾ ਹੋਣੀ ਕੀ ਸਹੀ ਗੱਲ ਹੈ ? ਜੇ ਮਾਂ ਆਪਣੀ ਬੱਚੀ ਨੂੰ ਵੇਲੇ ਸਿਰ ਇਸ ਬਾਰੇ ਸਮਝਾਏ ਜਾਂ ਡਾਕਟਰ ਕੋਲ ਲਿਜਾ ਕੇ ਇਸ ਬਾਰੇ ਜਾਣਕਾਰੀ ਦੁਆਏ ਤਾਂ ਇਸ ਵਿਚ ਕੀ ਮਾੜੀ ਗੱਲ ਹੈ ?

ਕੋਚੀਨ ਵਿਚ ਹੋਈ ਇਸੇ ਖੋਜ ਨੇ ਸਾਬਤ ਕੀਤਾ ਹੈ ਕਿ 73 ਪ੍ਰਤੀਸ਼ਤ ਕੁੜੀਆਂ ਨੂੰ ਪਹਿਲੀ ਵਾਰ ਮਾਹਵਾਰੀ ਆ ਜਾਣ ਤੋਂ ਬਾਅਦ ਹੀ ਉਨ੍ਹਾਂ ਦੀ ਮਾਂ ਨੇ ਉਸ ਬਾਰੇ ਕੁੱਝ ਮਾੜਾ ਮੋਟਾ ਦੱਸਿਆ ਪਰ ਉਸਤੋਂ ਪਹਿਲਾਂ ਉਨ੍ਹਾਂ ਨੂੰ ਉੱਕਾ ਹੀ ਜਾਣਕਾਰੀ ਨਹੀਂ ਸੀ। ਇਸੇ ਲਈ ਪਹਿਲੀ ਵਾਰ ਮਾਹਵਾਰੀ ਆ ਜਾਣ ਉੱਤੇ ਲਗਭਗ ਸਾਰੀਆਂ ਹੀ ਬੱਚੀਆਂ ਢਹਿੰਦੀ ਕਲਾ ਵਿਚ ਚਲੀਆਂ ਗਈਆਂ ਸਨ। 14 ਪ੍ਰਤੀਸ਼ਤ ਕੁੜੀਆਂ ਨੇ ਜਵਾਬ ਵਿਚ ਲਿਖਿਆ ਕਿ ਉਨ੍ਹਾਂ ਨੂੰ ਉਨ੍ਹਾਂ ਦੀਆਂ ਸਹੇਲੀਆਂ ਨੇ ਇਸ ਬਾਰੇ ਥੋੜਾ ਬਹੁਤ ਦੱਸਿਆ ਸੀ। ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ 15 ਪ੍ਰਤੀਸ਼ਤ ਕੁੜੀਆਂ ਮੰਨੀਆਂ ਕਿ ਘਰੋਂ ਬਾਹਰ ਕਿਸੇ ‘ਓਪਰੇ’ ਤੋਂ ਜਾਂ ਗਵਾਂਢੀ ਜਾਂ ਰਿਸ਼ਤੇਦਾਰ ਤੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਿਆ !

ਹੁਣ ਇਹ ਹਾਲਾਤ ਆ ਚੁੱਕੇ ਹਨ ਕਿ ਸਾਡੀ ਆਪਣੀ ਧੀ ਨੂੰ ਆਪਣੇ ਸਰੀਰ ਵਿਚਲੇ ਆ ਰਹੇ ਨਾਰਮਲ ਬਦਲਾਓ ਬਾਰੇ ਬਾਹਰਲੇ ਦਸੱਣ ਤਾਂ ਅਸੀਂ ਅੱਖਾਂ ਮੀਟ ਕੇ ਠੀਕ ਕਹਿ ਦਿੰਦੇ ਹਾਂ ਪਰ ਘਰ ਵਿਚ ਅਜਿਹੀ ਗੱਲ ਬੱਚੀ ਨੂੰ ਦਸਣਾ ਸ਼ਰਮਿੰਦਗੀ ਵਾਲੀ ਗੱਲ ਮੰਨਦੇ ਹਾਂ ! ਇਹ ਸੋਚ ਆਖਰ ਕਦੋਂ ਬਦਲੇਗੀ ? ਇਕੱਤੀ ਪ੍ਰਤੀਸ਼ਤ ਕੁੜੀਆਂ ਦੀ ਸੋਚ ਦੀ ਸੂਈ ਹਾਲੇ ਵੀ ਉੱਥੇ ਹੀ ਖੜੀ ਹੈ ਕਿ ਮਾਹਵਾਰੀ ਆਉਣ ਦਾ ਮਤਲਬ ਹੈ ਔਰਤ ਦਾ ਭਿੱਟ ਜਾਣਾ। ਇਸੇ ਖੋਜ ਵਿਚ ਇਨ੍ਹਾਂ ਇਕੱਤੀ ਪ੍ਰਤੀਸ਼ਤ ਕੁੜੀਆਂ ਨੇ ਆਪਣੇ ਜਵਾਬ ਵਿਚ ਲਿਖਿਆ ਕਿ ਮਾਹਵਾਰੀ ਦੌਰਾਨ ਕੁੜੀਆਂ ਨਾ ਤਾਂ ਨਹਾ ਸਕਦੀਆਂ ਹਨ ਤੇ ਨਾ ਹੀ ਰਸੋਈ ਘਰ ਵਿਚ ਵੜ ਸਕਦੀਆਂ ਹਨ। 55 ਪ੍ਰਤੀਸ਼ਤ ਕੁੜੀਆਂ ਨੂੰ ਇਹ ਵਿਸ਼ਵਾਸ ਸੀ ਕਿ ਇਕ ਦਿਨ ਵੀ ਜੇ ਉੱਪਰ ਟਪ ਜਾਏ ਤਾਂ ਮਤਲਬ ਹੈ ਕਿ ਬੱਚਾ ਠਹਿਰ ਗਿਆ ਹੈ ਜਿਸ ਲਈ ਹਾਰਮੋਨ ਵਾਲੀਆਂ ਗੋਲੀਆਂ ਦਵਾਈਆਂ ਦੀ ਦੁਕਾਨ ਤੋਂ ਆਪੇ ਲੈ ਕੇ ਖਾ ਲੈਣੀਆਂ ਚਾਹੀਦੀਆਂ ਹਨ। ਇਹ ਹਾਰਮੋਨ ਸਰੀਰ ਉੱਤੇ ਕੀ ਕਹਿਰ ਢਾਅ ਸਕਦੇ ਹਨ, ਇਸ ਬਾਰੇ ਉਨ੍ਹਾਂ ਨੂੰ ਉੱਕਾ ਹੀ ਜਾਣਕਾਰੀ ਨਹੀਂ ਸੀ। ਦੂਜੇ ਪਾਸੇ ਅਜਿਹੀਆਂ ਕੁੜੀਆਂ ਦੇ ਜਵਾਬ ਵੀ ਸਨ ਜਿਹੜੀਆਂ ਟੈਲੀਵਿਜ਼ਨ ਉੱਤੇ ਇਸ਼ਤਿਹਾਰ ਵੇਖ ਕੇ ਸੋਚੀ ਬੈਠੀਆਂ ਸਨ ਕਿ ਵਿਆਹ ਤੋਂ ਪਹਿਲਾਂ ਜਿਸਮਾਨੀ ਸੰਬੰਧ ਬਣਾ ਲੈਣ ਤੋਂ ਬਾਅਦ ‘ਪਿਲ 72’ ਗੋਲੀਆਂ ਖਾ ਕੇ ਅਣਚਾਹੇ ਗਰਭ ਤੋਂ ਇਲਾਵਾ ਜਿਸਮਾਨੀ ਸੰਬੰਧਾਂ ਰਾਹੀਂ ਹੋ ਰਹੇ ਹਰ ਕਿਸਮ ਦੇ ਰੋਗਾਂ ਤੋਂ ਵੀ ਛੁਟਕਾਰਾ ਹੋ ਸਕਦਾ ਹੈ ਤੇ ਮਾਪਿਆਂ ਨੂੰ ਇਸ ਬਾਰੇ ਉੱਕਾ ਹੀ ਪਤਾ ਨਹੀਂ ਲਗਦਾ ਕਿ ਕਦੋਂ ਤੇ ਕਿੱਥੇ ਖੇਹ ਖਾ ਕੇ ਆਏ !

ਕੋਚੀਨ ਵਿਚ ਹੋਈ ਇਸੇ ਖੋਜ ਨੇ ਮਾਪਿਆਂ ਦੀਆਂ ਅੱਖਾਂ ਖੋਲ੍ਹੀਆਂ ਜਦੋਂ ਇਹ ਪਤਾ ਲੱਗਿਆ ਕਿ ਮਾਪਿਆਂ ਤੋਂ ਚੋਰੀ ਉਨ੍ਹਾਂ ਦੇ ਅਸਲੋਂ ਸ਼ਰੀਫ਼ ਅਤੇ ਅਣਭੋਲ ਬੱਚਿਆਂ ਵਿੱਚੋਂ 31 ਪ੍ਰਤੀਸ਼ਤ ਕੁੜੀਆਂ ਅਤੇ 23 ਪ੍ਰਤੀਸ਼ਤ ਮੁੰਡੇ ਕਲਾਸਾਂ ਵਿੱਚੋਂ ਭੱਜ ਕੇ ਬਾਹਰ ਐਸ਼ ਕਰਨ ਜਾਂਦੇ ਸਨ ਜਿਨ੍ਹਾਂ ਵਿੱਚੋਂ 19 ਪ੍ਰਤੀਸ਼ਤ ਮੋਬਾਈਲ ਉੱਤੇ ਅਸ਼ਲੀਲ ਫਿਲਮਾਂ ਵੇਖਣ ਲਈ ਸਕੂਲ ਦੇ ਗੁਸਲਖ਼ਾਨਿਆਂ ਵਿਚ ਵੜ ਜਾਂਦੇ ਸਨ ਜਾਂ ਘਰੋਂ ਲਿਜਾ ਕੇ ਸਕੂਲ ਵਿਚ ਅਸ਼ਲੀਲ ਰਿਸਾਲੇ ਲਾਇਬ੍ਰੇਰੀ ਵਿਚ ਬਹਿ ਕੇ ਲੁਕ ਕੇ ਪੜ੍ਹਦੇ ਸਨ।

ਮਾਪਿਆਂ ਤੋਂ ਚੋਰੀ ਪਿਓ ਦੀ ਸ਼ਰਾਬ ਦੀ ਬੋਤਲ ਵਿੱਚੋਂ ਕੁੱਝ ਸ਼ਰਾਬ ਕੱਢ ਕੇ ਆਪਣੀ ਪਾਣੀ ਦੀ ਬੋਤਲ ਵਿਚ ਮਿਲਾ ਕੇ ਵੀ ਸਾਢੇ ਤਿੰਨ ਪ੍ਰਤੀਸ਼ਤ ਬੱਚੇ ਸਕੂਲ ਲੈ ਜਾਂਦੇ ਰਹੇ ਸਨ ਤੇ ਮਿਲ ਕੇ ਪੀਂਦੇ ਰਹੇ ਸਨ।

ਸੁਪਨਦੋਸ਼ ਬਾਰੇ ਜਦੋਂ ਪੁੱਛਿਆ ਗਿਆ ਤਾਂ ਡਾਕਟਰਾਂ ਨੇ ਮੱਥਾ ਠਣਕ ਲਿਆ ਕਿਉਂਕਿ 28 ਪ੍ਰਤੀਸ਼ਤ ਮੁੰਡਿਆਂ ਨੂੰ ਇਸ ਬਾਰੇ ਪਤਾ ਹੀ ਨਹੀਂ ਸੀ ਤੇ ਉਹ ਸੋਚ ਰਹੇ ਸਨ ਕਿ ਉਹ ਗਲਤੀ ਨਾਲ ਰਾਤ ਨੂੰ ਬਿਸਤਰੇ ਵਿਚ ਪਿਸ਼ਾਬ ਕਰ ਰਹੇ ਸਨ ਜਿਸ ਬਾਰੇ ਉਹ ਮਾਪਿਆਂ ਤੋਂ ਲੁਕਾ ਰੱਖ ਰਹੇ ਸਨ ਤੇ ਸ਼ਰਮਿੰਦਗੀ ਮਹਿਸੂਸ ਕਰ ਰਹੇ ਸਨ। ਸਾਢੇ ਚੌਵੀ ਪ੍ਰਤੀਸ਼ਤ ਮੁੰਡਿਆਂ ਨੂੰ ਇਸ ਬਾਰੇ ਜਾਣਕਾਰੀ ਸੀ ਪਰ ਉਹ ਵੀ ਅੱਧ ਪਚੱਧ ਅਤੇ ਉਹ ਇਸ ਨਾਲ ਸਰੀਰਕ ਕਮਜ਼ੋਰੀ ਨੂੰ ਜੋੜੀ ਬੈਠੇ ਸਨ ਅਤੇ ਇਲਾਜ ਕਰਵਾਉਣ ਬਾਰੇ ਪੁੱਛ ਰਹੇ ਸਨ !

ਹੁਣ ਦੱਸੋ ਕਿ ਇਸ ਨਾਰਮਲ ਗੱਲ ਬਾਰੇ ਜੇ ਬੱਚੇ ਏਨੀਆਂ ਵੱਡੀਆਂ ਗੁੰਝਲਾਂ ਆਪਣੇ ਮਨ ਅੰਦਰ ਬਣਾ ਕੇ ਬੈਠੇ ਹੋਣ ਤਾਂ ਮਾਪਿਆਂ ਦਾ ਬੱਚਿਆਂ ਪ੍ਰਤੀ ਕੀ ਰੋਲ ਹੈ ? ਸਿਰਫ਼ ਪੜ੍ਹਾਈ ਦਾ ਖਰਚਾ ਚੁੱਕਣਾ ਜਾਂ ਰੋਟੀ ਖੁਆਉਣੀ ਅਤੇ ਸਿਰ ਉੱਤੇ ਇਕ ਛੱਤ ਦੇਣੀ ਹੀ ਫਰਜ਼ ਨਹੀਂ ਹੁੰਦਾ, ਬਲਕਿ ਆਪਣੇ ਬੱਚਿਆਂ ਦੀਆਂ ਮਾਨਸਿਕ ਗੁੰਝਲਾਂ ਵੀ ਹੱਲ ਕਰਨੀਆਂ ਉਨ੍ਹਾਂ ਦਾ ਫਰਜ਼ ਹੈ ਤਾਂ ਜੋ ਉਹ ਮਾਨਸਿਕ ਰੋਗੀ ਨਾ ਬਣ ਕੇ ਰਹਿ ਜਾਣ। ਜੇ ਮਾਪੇ ਆਪ ਬੱਚਿਆਂ ਨਾਲ ਦੋਸਤਾਨਾ ਰਿਸ਼ਤਾ ਨਹੀਂ ਗੰਢ ਸਕਦੇ ਤਾਂ ਘੱਟੋ ਘਟ ਕਿਸੇ ਡਾਕਟਰ ਨਾਲ ਹੀ ਸਲਾਹ ਮਸ਼ਵਰਾ ਕਰ ਕੇ ਬੱਚੇ ਦੀਆਂ ਗੰੁਝਲਾਂ ਹਲ ਕਰਵਾ ਦੇਣ।

ਇਸ ਖੋਜ ਪੱਤਰ ਦੇ ਛਪਣ ਤੋਂ ਪਹਿਲਾਂ ਹੀ ਮੈਂ ਵੀ ਰਾਜਿੰਦਰਾ ਹਸਪਤਾਲ ਵਿਚ ਲਿਆਏ ਜਾ ਰਹੇ ਬੱਚਿਆਂ ਉੱਤੇ ਇਸ ਮੁੱਦੇ ਉੱਤੇ ਖੋਜ ਆਰੰਭੀ ਸੀ ਜੋ ਹਾਲੇ ਵੀ ਜਾਰੀ ਹੈ। ਮੇਰੇ ਕੋਲ ਹਾਲੇ ਤੱਕ ਵੱਖੋ ਵਖਰੇ ਸਮੇਂ 69 ਅਜਿਹੇ ਕੇਸ ਮਾਪਿਆਂ ਵੱਲੋਂ ਲਿਆਏ ਜਾ ਚੁੱਕੇ ਹਨ ਜਿਨ੍ਹਾਂ ਨੂੰ ਸਕੂਲ ਦੀ ਅਧਿਆਪਿਕਾ ਵੱਲੋਂ ਡਾਕਟਰੀ ਸਲਾਹ ਲਈ ਭੇਜਿਆ ਗਿਆ ਸੀ।
ਇਨ੍ਹਾਂ ਵਿੱਚੋਂ 12 ਛੋਟੀਆਂ ਕੁੜੀਆਂ ਸਨ ਜਿਹੜੀਆਂ ਹਸਤਮੈਥੁਨ ਕਰ ਰਹੀਆਂ ਸਨ ਪਰ ਨਾ ਅਧਿਆਪਿਕਾਂ ਨੂੰ ਇਸਦੀ ਸਮਝ ਸੀ ਤੇ ਨਾ ਹੀ ਮਾਪਿਆਂ ਨੂੰ ਇਸ ਬਾਰੇ ਪਤਾ ਸੀ। ਉਸ ਬਾਰੇ ਮੈਨੂੰ ਉਨ੍ਹਾਂ ਨੂੰ ਪੂਰੀ ਜਾਣਕਾਰੀ ਦੇਣੀ ਪਈ।

ਜਿਹੜੇ 57 ਮੁੰਡੇ ਪਿਛਲੇ ਪੂਰੇ ਡੇਢ ਕੁ ਸਾਲ ਵਿਚ ਵੱਖੋ ਵਖਰੇ ਸਮੇਂ ਅਤੇ ਵੱਖੋ ਵਖਰੇ ਸਕੂਲਾਂ ਵਿੱਚੋਂ ਲਿਆਏ ਗਏ, ਉਨ੍ਹਾਂ ਦੀਆਂ ਸਕੂਲੋਂ ਆਈਆਂ ਸ਼ਿਕਾਇਤਾਂ ਉੱਤੇ ਵੀ ਹੁਣ ਗ਼ੌਰ ਕਰੋ। ਇਨ੍ਹਾਂ ਸਾਰੇ ਬੱਚਿਆਂ ਉੱਤੇ ਜੋ ਖੋਜ ਪੱਤਰ ਮੈਂ ਤਿਆਰ ਕੀਤਾ ਹੈ, ਉਸਦੇ ਅੰਕੜੇ ਕੁੱਝ ਇਹੋ ਜਿਹੇ ਹਨ ਜਿਸ ਬਾਰੇ ਮੈਂ ਮਾਪਿਆਂ ਦਾ ਧਿਆਨ ਦਵਾਉਣਾ ਚਾਹੁੰਦੀ ਹਾਂ। ਇਨ੍ਹਾਂ ਵਿੱਚੋਂ 38 ਮੁੰਡੇ ਤਾਂ ਹਸਤਮੈਥੁਨ ਕਰਦੇ ਵੇਖੇ ਗਏ ਸਨ, ਚਾਰ ਮੁੰਡੇ ਕਲਾਸ ਦੀਆਂ ਕੁੜੀਆਂ ਨੂੰ ਜੱਫੀ ਪਾਉਂਦੇ ਵੇਖੇ ਗਏ, ਦੋ ਜਣਿਆਂ ਨੇ ਬੈਂਚ ਹੇਠੋਂ ਕੁੜੀਆਂ ਦੀਆਂ ਲੱਤਾਂ ਛੇੜਨ ਦੀ ਕੋਸ਼ਿਸ਼ ਕੀਤੀ, ਦੋ ਨੂੰ ਆਪਣੀ ਕਲਾਸ ਦੀਆਂ ਕੁੜੀਆਂ ਨੂੰ ਚੁੰਮਣ ਦੀ ਕੋਸ਼ਿਸ਼ ਕਰਦੇ ਵੇਖਿਆ ਗਿਆ, ਦੋ ਜਣਿਆਂ ਨੇ ਕਲਾਸ ਦੀਆਂ ਕੁੜੀਆਂ ਦੀ ਛਾਤੀ ਨੂੰ ਹੱਥ ਲਾਇਆ, ਅੱਠ ਮੁੰਡਿਆਂ ਨੂੰ ਆਪਣੀ ਆਪਣੀ ਕਲਾਸ ਵਿਚ ਪੈਂਟ ਦੀ ਜ਼ਿੱਪ ਖੋਲ੍ਹਣ ਦੀ ਕੋਸ਼ਿਸ਼ ਕਰਦੇ ਵੇਖਿਆ ਗਿਆ ਸੀ ਅਤੇ ਇਕ ਬੱਚੇ ਨੇ ਤਾਂ ਹੱਦ ਹੀ ਕਰ ਦਿੱਤੀ ਜਦੋਂ ਉਸਨੇ ਆਪਣੀ ਟੀਚਰ ਨੂੰ ਗੁਸਲਖ਼ਾਨੇ ਵਿਚ ਜਾਂਦਿਆਂ ਵੇਖ ਕੇ ਬਾਹਰੋਂ ਦਰਖਤ ਉੱਤੇ ਚੜ੍ਹ ਕੇ ਸ਼ੀਸ਼ੇ ਵਿੱਚੋਂ ਅੰਦਰ ਝਾਕਣ ਦੀ ਕੋਸ਼ਿਸ਼ ਕੀਤੀ।

ਇਹ ਸਾਰੇ ਬੱਚੇ ਵਖੋ ਵਖਰੇ ਸਕੂਲਾਂ ਵਿੱਚੋਂ ਸਨ ਯਾਨੀ ਵੱਖੋ ਵਖਰੇ ਪਿੰਡਾਂ ਜਾਂ ਸ਼ਹਿਰਾਂ ਦੇ ਵੀ। ਕੁੱਝ ਮੱਧ ਵਰਗੀ ਟੱਬਰਾਂ ਵਿੱਚੋਂ ਸਨ, ਕੁੱਝ ਅਤਿ ਦੇ ਗ਼ਰੀਬ ਤੇ ਕੁੱਝ ਚੰਗੇ ਘਰਾਂ ਦੇ ਵੀ ਸਪੂਤ ਸਨ। ਗ਼ੌਰਤਲਬ ਗੱਲ ਇਹ ਹੈ ਕਿ ਇਹ ਸਾਰੇ ਹੀ ਅੱਠਵੀਂ ਜਮਾਤ ਤੋਂ ਹੇਠਾਂ ਦੇ ਸਨ ਅਤੇ ਕੁੱਝ ਤਾਂ ਚੌਥੀ ਜਮਾਤ ਵਿਚ ਪੜ੍ਹ ਰਹੇ ਸਨ।

ਪੁੱਛ ਗਿੱਛ ਦੌਰਾਨ ਗੱਲ ਸਾਹਮਣੇ ਆਈ ਕਿ ਸਾਰੇ ਹੀ ਬੱਚੇ ਟੈਲੀਵਿਜ਼ਨ ਅੱਗੇ ਘੰਟਿਆਂ ਬੱਧੀ ਚਿਪਕੇ ਬੈਠੇ ਰਹਿੰਦੇ ਸਨ ਤੇ ਕਿਸੇ ਦਾ ਵੀ ਖੇਡਾਂ ਪ੍ਰਤੀ ਉੱਕਾ ਹੀ ਰੁਝਾਨ ਨਹੀਂ ਸੀ।

ਜਿਹੜੇ ਮਾਪੇ, ਅਧਿਆਪਕ ਜਾਂ ਸਿੱਖਿਆ ਨਾਲ ਸੰਬੰਧਤ ਅਧਿਕਾਰੀ ਇਸ ਮੁੱਦੇ ਉੱਤੇ ਉੱਕਾ ਹੀ ਇਨਕਾਰੀ ਹੋ ਜਾਂਦੇ ਹਨ ਕਿ ਸਕੂਲਾਂ ਵਿਚ ਮੁੰਡੇ ਕੁੜੀਆਂ ਨੂੰ ਵੱਖੋ ਵਖ ਛੋਟੇ ਗਰੁੱਪਾਂ ਵਿਚ ਸਾਲ ਵਿਚ ਭਾਵੇਂ ਦੋ ਵਾਰ ਹੀ ਸਹੀ, ਜੇ ਅਧਿਆਪਕ ਨਹੀਂ ਤਾਂ ਕਿਸੇ ਡਾਕਟਰ ਵੱਲੋਂ ਹੀ ਅਜਿਹੀ ਜਾਣਕਾਰੀ ਦੇਣੀ ਜ਼ਰੂਰੀ ਹੈ ਕਿ ਉਹ ਆਪਣੇ ਸਰੀਰ ਦਾ ਕਿਵੇਂ ਧਿਆਨ ਰੱਖਣ ਅਤੇ ਬੀਮਾਰੀਆਂ ਤੋਂ ਕਿਵੇਂ ਬਚਣ ਜਾਂ ਮਾਨਸਿਕ ਗੁੰਝਲਾਂ ਕਿਵੇਂ ਹਲ ਕਰਨ, ਤਾਂ ਉਹ ਕਿਹੋ ਜਿਹਾ ਸਮਾਜ ਹੋਂਦ ਵਿਚ ਲਿਆਉਣਾ ਚਾਹੁੰਦੇ ਹਨ?

ਬੱਚੇ ਤਾਂ ਜਾਣਕਾਰੀ ਪ੍ਰਾਪਤ ਕਰ ਹੀ ਰਹੇ ਹਨ ਅਤੇ ਉਹ ਵੀ ਚੌਥੀ ਪੰਜਵੀਂ ਜਮਾਤ ਤੋਂ ਹੀ, ਤਾਂ ਫੇਰ ਰੋਕ ਸਿਰਫ਼ ਸਹੀ ਜਾਣਕਾਰੀ ਦੇਣ ਉੱਤੇ ਹੀ ਕਿਉਂ ਲਾਈ ਜਾਂਦੀ ਹੈ ?

ਕਦੇ ਕਿਸੇ ਨੇ ਟੈਲੀਵਿਜ਼ਨ ਉੱਤੇ ਵਿਖਾਏ ਜਾ ਰਹੇ ਅਧਨੰਗੇ ਨਾਚਾਂ ਉੱਤੇ ਰੋਕ ਨਹੀਂ ਲਗਾਈ, ਅਸ਼ਲੀਲ ਫਿਲਮਾਂ ਅਤੇ ਰਿਸਾਲਿਆਂ ਉੱਤੇ ਕੋਈ ਰੋਕ ਨਹੀਂ ਲਗਾਈ, ਜਵਾਨ ਮੁੰਡਿਆਂ ਨੂੰ ਲੇਟ ਰਾਤ ਘਰੋਂ ਨਿਕਲਣ ਉੱਤੇ ਵੀ ਰੋਕ ਨਹੀਂ, ਘਰ ਬੱਚਿਆਂ ਸਾਹਮਣੇ ਬਹਿ ਕੇ ਸ਼ਰਾਬ ਸਿਗਰਟਾਂ ਪੀਣ ਉੱਤੇ ਰੋਕ ਨਹੀਂ, ਇੱਥੋਂ ਤਕ ਕਿ ਅਸ਼ਲੀਲ ਗਾਣਿਆਂ ਜਾਂ ਵਿਆਹਾਂ ਵਿਚ ਅਧਨੰਗੀਆਂ ਕੁੜੀਆਂ ਨਚਾਉਣ ਉੱਤੇ ਵੀ ਰੋਕ ਨਹੀਂ।

ਰੋਕ ਹੈ ਤਾਂ ਸਿਰਫ਼ ਸਹੀ ਜਾਣਕਾਰੀ ਲੈਣ ਉੱਤੇ। ਅੱਧ ਪਚੱਧ ਜਾਣਕਾਰੀ ਦਾ ਨਤੀਜਾ ਮੈਂ ਸਭ ਦੇ ਸਾਹਮਣੇ ਧਰ ਦਿੱਤਾ ਹੈ ਕਿ ਸਾਡੇ ਸਭ ਦੇ ਬੱਚੇ ਇਨ੍ਹਾਂ ਬੱਚਿਆਂ ਵਾਂਗ ਹੀ ਹਨ ਅਤੇ ਸਾਡੇ ਬੱਚਿਆਂ ਦੀਆਂ ਜਿਸਮਾਨੀ ਲੋੜਾਂ ਵੀ ਬਾਕੀ ਬੱਚਿਆਂ ਵਾਂਗ ਹੀ ਹਨ। ਇਨ੍ਹਾਂ ਲੋੜਾਂ ਉੱਤੇ ਜੰਜੀਰਾਂ ਪਾਉਣ ਨਾਲ ਜਾਂ ਸੋਚ ਉੱਤੇ ਜੰਦਰੇ ਲਾਉਣ ਨਾਲ ਕੁੱਝ ਵੀ ਹਾਸਲ ਨਹੀਂ ਹੋਣਾ। ਇਸਦੇ ਨਤੀਜੇ ਭਿਆਨਕ ਹੋਣਗੇ - ਅਣਵਿਆਹੀਆਂ ਮਾਵਾਂ ਦੇ ਢੇਰ ਜੋ ਭਰੂਣ ਡੇਗਦੀਆਂ ਫਿਰਦੀਆਂ ਹਨ ਅਤੇ ਏਡਜ਼ ਅਤੇ ਸਰੀਰਕ ਸੰਬੰਧਾਂ ਤੋਂ ਹੋ ਰਹੀਆਂ ਬੀਮਾਰੀਆਂ ਵਿਚ ਬੇਹਿਸਾਬ ਵਾਧਾ।

ਜਿਹੜੇ ਹਾਲੇ ਵੀ ਇਸ ਪੱਖ ਤੋਂ ਮੂੰਹ ਮੋੜਨਾ ਚਾਹੁੰਦੇ ਹਨ, ਉਹ ਦਵਾਈਆਂ ਦੀਆਂ ਦੁਕਾਨਾਂ ਉੱਤੇ ਕੁਆਰੀਆਂ ਕੁੜੀਆਂ ਵੱਲੋਂ ਜਾਂ ਉਨ੍ਹਾਂ ਦੇ ‘ਬੁਆਏਫਰੈਂਡ’ ਵੱਲੋਂ ਖਰੀਦੀਆਂ ਜਾ ਰਹੀਆਂ ਗਰਭ ਰੋਕੂ ਗੋਲੀਆਂ ਦਾ ਹੀ ਸਰਵੇਖਣ ਕਰ ਲੈਣ ਕਿ ਇਹ ਨਸ਼ੇ ਦੀਆਂ ਗੋਲੀਆਂ ਜਿੰਨੀਆਂ ਹੀ ਭਾਰੀ ਮਾਤਰਾ ਵਿਚ ਵਿਕਣ ਲਗ ਪਈਆਂ ਹਨ।

ਹਾਲੇ ਵੀ ਵੇਲਾ ਹੈ, ਜੇ ਸੈਕਸ ਸਿੱਖਿਆ ਸਕੂਲਾਂ ਵਿਚ ਨਹੀਂ ਦੇਣੀ ਤਾਂ ਘੱਟੋ ਘਟ ਇਹ ਸਰੀਰਕ ਜਾਣਕਾਰੀ ਤਾਂ ਦੇਣੀ ਲਾਜ਼ਮੀ ਕਰੋ ਕਿ ਆਪਣੇ ਸਰੀਰ ਦੀ ਸਾਂਭ ਸੰਭਾਲ ਕਿਵੇਂ ਕਰਨੀ ਚਾਹੀਦੀ ਹੈ ਅਤੇ ਸ਼ਰਾਬ ਜਾਂ ਹੋਰ ਨਸ਼ੇ ਕਿਵੇਂ ਸਰੀਰ ਦਾ ਨਾਸ ਕਰਦੇ ਹਨ। ਪੰਜਵੀਂ ਜਮਾਤ ਵਿਚ ਜਾਂ ਛੇਵੀਂ ਜਮਾਤ ਦੇ ਸ਼ੁਰੂ ਵਿਚ ਬੱਚੀਆਂ ਨੂੰ ਮਾਹਵਾਰੀ ਬਾਰੇ ਜਾਣਕਾਰੀ ਦੇਣੀ ਜ਼ਰੂਰੀ ਹੈ ਤਾਂ ਜੋ ਘੱਟੋ ਘਟ ਮਾਹਵਾਰੀ ਸ਼ੁਰੂ ਹੋਣ ਤੋਂ ਛੇ ਮਹੀਨੇ ਪਹਿਲਾਂ ਉਨ੍ਹਾਂ ਨੂੰ ਇਸ ਬਾਰੇ ਸਮਝ ਆ ਜਾਏ ਕਿਉਂਕਿ ਏਸੇ ਸਮੇਂ ਹੀ ਮਾਹਵਾਰੀ ਸ਼ੁਰੂ ਹੋ ਜਾਂਦੀ ਹੈ ਯਾਨੀ ਛੇਵੀਂ ਜਾਂ ਹਦ ਸੱਤਵੀਂ ਜਮਾਤ ਦੇ ਸ਼ੁਰੂ ਵਿਚ।

ਵੱਡੀਆਂ ਕਲਾਸਾਂ ਦੇ ਬੱਚਿਆਂ ਤੋਂ ਵੀ ਨਾਮ ਗੁਪਤ ਰਖ ਕੇ ਬੰਦ ਲਿਫਾਫੇ ਵਿਚ ਉਨ੍ਹਾਂ ਤੋਂ ਆਪਣੀਆਂ ਉਲਝਣਾਂ ਲਿਖਵਾ ਕੇ ਸਾਲ ਵਿਚ ਦੋ ਵਾਰ ਸਿਆਣੇ ਡਾਕਟਰ ਨੂੰ ਸਕੂਲ ਬੁਲਵਾ ਕੇ ਇਨ੍ਹਾਂ ਨੂੰ ਸੁਲਝਾ ਦੇਣੀਆਂ ਚਾਹੀਦੀਆਂ ਹਨ, ਭਾਵੇਂ ਤੀਹ ਤੀਹ ਮੁੰਡਿਆਂ ਕੁੜੀਆਂ ਦੇ ਵੱਖੋ ਵਖ ਗਰੁੱਪ ਬਣਾ ਕੇ ਹੀ ਸਹੀ।

ਇਸ ਬਾਰੇ ਛੇਤੀ ਗ਼ੌਰ ਹੋਣੀ ਚਾਹੀਦੀ ਹੈ। ਜੇ ਸਰਕਾਰ ਹਾਲੇ ਵੀ ਅੱਖਾਂ ਬੰਦ ਕਰ ਕੇ ਬੈਠਣਾ ਚਾਹੁੰਦੀ ਹੈ ਤਾਂ ਮਾਪੇ ਹੀ ਜਾਗ ਜਾਣ ਅਤੇ ਆਪਣੇ ਬੱਚਿਆਂ ਵਾਸਤੇ ਸਕੂਲਾਂ ਕੋਲੋਂ ਅਜਿਹੀ ਮੰਗ ਰੱਖਣ ਤਾਂ ਉਨ੍ਹਾਂ ਦਾ ਵੀ ਭਲਾ ਹੈ ਅਤੇ ਜਵਾਨ ਹੋ ਰਹੇ ਬੱਚਿਆਂ ਦੀ ਵੀ ਜ਼ਿੰਦਗੀ ਸੌਰ ਜਾਵੇਗੀ।

ਸਿਆਣਿਆਂ ਦਾ ਕਿਹਾ ਅਤੇ ਔਲਿਆਂ ਦਾ ਖਾਧਾ ਬਾਅਦ ਵਿਚ ਹੀ ਪਤਾ ਲਗਦਾ ਹੈ। ਇਹ ਪਹਿਲਾਂ ਵੀ ਹਕੀਕਤ ਸੀ ਤੇ ਅੱਜ ਵੀ ਹਕੀਕਤ ਹੈ ਕਿ ਅਗਿਆਨਤਾ ਦੇ ਹਨ੍ਹੇਰੇ ਨੂੰ ਸਿਰਫ਼ ਗਿਆਨ ਦਾ ਚਾਨਣ ਹੀ ਦੂਰ ਕਰ ਸਕਦਾ ਹੈ।

ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783

18/08/2013

 


ਸਰੀਰਕ ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ
ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com