ਮੇਰੀ ਜਾਚੇ ਤਾਂ ਮੇਰਾ ਇਹ ਲੇਖ ਉਨਾਂ ਨੂੰ ਹੀ ਪੜਨਾ ਚਾਹੀਦਾ ਹੈ ਜਿਨਾਂ ਵਿਚ
ਸੱਚ ਜਰਨ ਦੀ ਹਿੰਮਤ ਹੋਵੇ ਤੇ ਦਿਲ ਮਾੜੇ ਤੋਂ ਮਾੜੇ ਹਾਲਾਤ ਨੂੰ ਸਹਿ ਸਕਣ ਦੇ ਕਾਬਲ
ਹੋਵੇ।
ਮੇਰੇ ਨਾਲ ਜਿਸ ਬੱਚਿਆਂ ਦੇ ਡਾਕਟਰ ਨੇ ਇਹ ਕਿੱਸਾ ਸਾਂਝਾ ਕੀਤਾ, ਉਹ ਤਾਂ
ਤਸਵੀਰਾਂ ਤੇ ਪੂਰਾ ਕੇਸ ਮੈਨੂੰ ਈ-ਮੇਲ ਰਾਹੀਂ ਭੇਜ ਕੇ ਸੁਰਖ਼ਰੂ ਹੋ ਗਿਆ ਕਿ ਉਸਦੇ
ਦਿਲ ਉੱਤੇ ਪਿਆ ਮਣਾਂ ਮੂੰਹੀ ਭਾਰ ਉੱਤਰ ਗਿਆ ਹੈ, ਪਰ ਪੜਨ ਬਾਅਦ ਮੇਰੇ ਮਨ ਉੱਤੇ
ਉਹੀ ਭਾਰ ਪੈ ਗਿਆ ਹੋਇਆ ਹੈ। ਦਰਿੰਦਗੀ ਦੀ ਮੂੰਹ ਬੋਲਦੀ ਤਸਵੀਰ ਤੇ ਉਸਦੀ ਪੂਰੀ
ਗਾਥਾ ਪੜ ਕੇ ਮੇਰਾ ਮਨ ਏਨਾ ਉਚਾਟ ਹੋਇਆ ਕਿ ਉਸ ਬਾਰੇ ਜ਼ਿਕਰ ਕਰਨ ਲਈ ਉਚੇਚੇ ਅੱਖਰ
ਲੱਭਣ ਅਤੇ ਆਪਣਾ ਮਨ ਕਰੜਾ ਕਰਨ ਵਾਸਤੇ ਮੈਨੂੰ ਪੂਰਾ ਮਹੀਨਾ ਲੱਗ ਗਿਆ।
ਇਹ ਅਫਗਾਨਿਸਤਾਨ ਵਿਚਲੇ ਨਿਮਰੂਜ਼ ਦੇ ਖਸ਼ਰੂਦ ਜ਼ਿਲੇ ਦੀ ਗੱਲ ਹੈ।
ਉੱਥੇ 38 ਸਾਲਾ ਇਕ ਬੰਦੇ ਦੇ ਘਰ ਚਾਰ ਧੀਆਂ ਹੋਈਆਂ ਤੇ ਉਸਦੀ ਸਭ ਤੋਂ ਵੱਡੀ ਧੀ ਨੂੰ
ਪੰਜ ਸਾਲਾਂ ਤੋਂ ਇਹ ਡਾਕਟਰ ਚੈੱਕ ਅੱਪ ਕਰਦਾ ਆ ਰਿਹਾ ਸੀ। ਅਤਿ ਦੀ ਸੋਹਣੀ ਬੱਚੀ ਸੀ
ਉਹ। ਢਕੇ ਹੋਏ ਸਿਰ ਨਾਲ ਭੇਜੀ ਗਈ ਉਸ ਬੱਚੀ ਦੀ ਤਸਵੀਰ ਮਨ ਨੂੰ ਮੋਹ ਲੈਣ ਵਾਲੀ ਹੈ।
ਉਸ ਬੱਚੀ ਦਾ ਪਿਓ ਕਾਫੀ ਕਰਜ਼ਦਾਰ ਹੋ ਗਿਆ ਤੇ ਉਸਨੂੰ ਸਿਰ ਚੜਿਆ ਕਰਜ਼ਾ ਲਾਹੁਣ ਲਈ
ਉੱਥੋਂ ਦੀ ਰਵਾਇਤ ਅਨੁਸਾਰ ਆਪਣੀ ਸਭ ਤੋਂ ਵੱਡੀ ਇਸੇ ਕੁੜੀ ਨੂੰ ਉੱਥੋਂ ਦੇ ਮੁੱਲੇ
ਹੱਥ ਵੇਚਣੀ ਪਈ।
ਜ਼ਾਰਾਂਜ ਸ਼ਹਿਰ ਦੇ ਸਭ ਤੋਂ ਵੱਡੇ ਹਸਪਤਾਲ ਵਿਚ ਕੰਮ ਕਰ ਰਹੇ ਇਸ ਡਾਕਟਰ
ਨੂੰ ਸਿਰਫ ਏਨਾ ਹੀ ਸੁਣੇਹਾ ਗਿਆ ਕਿ ਉਸ 8 ਸਾਲਾਂ ਦੀ ਬੱਚੀ ਦਾ ਵਿਆਹ ਪਿੰਡ ਵਿਚਲੀ
ਮਸੀਤ ਦੇ ਮੁੱਲੇ, ਜੋ 58 ਸਾਲਾਂ ਦਾ ਸੀ, ਨਾਲ ਹੋ ਰਿਹਾ ਹੇ ਤੇ ਉਸ ਨਾਲ ਉਨਾਂ ਦਾ
ਲਗਭਗ ਅੱਧਾ ਕਰਜ਼ਾ ਉਤਰ ਜਾਏਗਾ।
ਉਹ ਮੁੱਲਾ ਪਹਿਲਾਂ ਦੋ ਵਾਰ ਵਿਆਹਿਆ ਹੋਇਆ ਸੀ ਤੇ ਉਸਦੇ ਗਿਆਰਾਂ ਬੱਚੇ ਸਨ। ਬਸ
ਚੁਪਚਾਪ ਨਿਕਾਹ ਹੋਇਆ ਤੇ ਪਲਾਂ ਵਿਚ ਉਹ ਬੱਚੀ ਬਿਨਾਂ ਕੁੱਝ ਵੀ ਜਾਣੇ ਸਮਝੇ ਇਸ
ਮੁੱਲੇ ਨਾਲ ਨੜ ਦਿੱਤੀ ਗਈ ਤੇ ਆਪਣੇ ਤੋਂ ਵੱਡੀ ਉਮਰ ਦੇ ਬੱਚਿਆਂ ਦੀ ਮਾਂ ਵੀ ਬਣ
ਗਈ।
ਉਸ ਦੇਸ ਵਿਚ ਬੱਚੀ ਨੂੰ ਕੁੱਝ ਵੀ ਵਿਆਹ ਬਾਰੇ ਸਮਝਣ ਦਾ ਹੱਕ ਨਹੀਂ ਹੈ ਤੇ ਨਾ
ਹੀ ਆਪਣੇ ਸਰੀਰ ਬਾਰੇ ਜਾਣਨ ਦਾ। ਉੱਚੀ ਰੋਣ ਤੇ ਅਵਾਜ਼ ਕੱਢਣ ਦਾ ਵੀ ਹੱਕ ਨਹੀਂ ਤੇ
ਨਾ ਹੀ ਪੜਾਈ ਕਰਨ ਦਾ ਹੱਕ।
ਇੱਕਲੀ ਔਰਤ ਵਾਸਤੇ ਤਾਂ ਬੀਮਾਰੀ ਦੌਰਾਨ ਡਾਕਟਰ ਕੋਲ ਵੀ ਜਾਣ ਦਾ ਹੱਕ ਨਹੀਂ ਜਦ
ਤਕ ਕਿ ਮਰਦ ਨਾਲ ਨਾ ਹੋਵੇ।
ਉਹ
ਡਾਕਟਰ ਬਹੁਤ ਤੜਫ਼ਿਆ ਜਦੋਂ ਉਸਨੂੰ ਇਸ ਫੁੱਲ ਵਰਗੀ ਬੱਚੀ ਦੇ ਨਿਕਾਹ ਬਾਰੇ ਪਤਾ
ਲੱਗਿਆ ਪਰ ਕਾਨੂੰਨਨ ਉਹ ਉੱਕਾ ਹੀ ਦਖ਼ਲ ਅੰਦਾਜ਼ੀ ਨਹੀਂ ਸੀ ਕਰ ਸਕਦਾ।
ਉਸ ਡਾਕਟਰ ਨੇ ਬੜੇ ਭਾਰੇ ਮਨ ਨਾਲ ਮੈਨੂੰ ਈ-ਮੇਲ ਵਿਚ ਲਿਖਿਆ ਕਿ ਉਸ ਸਾਰੀ ਰਾਤ
ਮੈਂ ਖ਼ੁਦਾ ਕੋਲੋਂ ਉਸ ਬੱਚੀ ਲਈ ਰਹਿਮ ਮੰਗਦਾ ਰਿਹਾ ਕਿਉਂਕਿ ਮੈਨੂੰ ਉੱਥੋਂ ਦੇ ਇਕ
ਰਿਵਾਜ਼ ਦਾ ਪਤਾ ਸੀ ਜਿਸ ਵਿਚ ਪਹਿਲੀ ਰਾਤ ਤੋਂ ਬਾਅਦ ਲਹੂ ਭਿੱਜਿਆ ਕਪੜਾ ਮਰਦ ਨੂੰ
ਰਿਸ਼ਤੇਦਾਰੀ ਵਿਚ ਵਿਖਾਉਣਾ ਪੈਂਦਾ ਹੈ, ਇਸ ਸਬੂਤ ਵਜੋਂ ਕਿ ਉਸਦੀ ਪਤਨੀ ਵਿਆਹ ਵੇਲੇ
ਵਾਕਈ ਕੁਆਰੀ ਸੀ।
ਉਹ ਬੱਚੀ ਕਾਫੀ ਕਮਜ਼ੋਰ ਸੀ, ਸਿਰਫ ਚੌਦਾਂ ਕਿੱਲੋ ਦੀ! ਉਹ ਮੁੱਲਾ 88 ਕਿੱਲੋ ਦਾ
ਸੀ। ਮੁੱਲਾ ਜਿਉਂ ਹੀ ਉੱਤੇ ਪਿਆ, ਉਸ ਬੱਚੀ ਦਾ ਸਾਹ ਇਕਦਮ ਘੁਟ ਗਿਆ ਤੇ ਉਹ ਨੀਲੀ
ਪੈ ਗਈ।
ਮੁੱਲੇ ਨੇ ਪੂਰੀ ਕੋਸ਼ਿਸ਼ ਕੀਤੀ ਪਰ ਬੱਚੀ ਦਾ ਪੂਰਾ ਸਰੀਰ ਨਾ ਬਣਿਆ ਹੋਣ ਕਾਰਣ ਉਹ
ਉਸਦਾ ਕੁਆਰਪੁਣਾ ਭੰਗ ਨਾ ਕਰ ਸਕਿਆ। ਬਾਹਰ ਬੈਠੇ ਰਿਸ਼ਤੇਦਾਰਾਂ ਅੱਗੇ ਬੇਇਜ਼ਤੀ ਖੁਣੋਂ
ਉਸਨੇ ਪਹਿਲਾਂ ਚੁੰਨੀ ਨਾਲ ਉਸ ਬੱਚੀ ਦਾ ਮੂੰਹ ਘੁੱਟ ਕੇ ਬੰਨਿਆ ਤੇ ਫੇਰ ਹੱਥ ਪੈਰ
ਵੀ। ਫੇਰ ਚਾਕੂ ਨਾਲ ਉਸ ਦੀ ਬੱਚੇਦਾਨੀ ਦਾ ਮੂੰਹ ਅੱਗੋਂ ਢਿੱਡ ਤਕ ਤੇ ਪਿੱਛੋਂ ਪਿੱਠ
ਤਕ ਚੀਰ ਛੱਡਿਆ।
ਲਹੂ ਦੀਆਂ ਧਤੀਰੀਆਂ ਵਗ ਪਈਆਂ ਪਰ ਉਹ ਬੱਚੀ ਉੱਚੀ ਚੀਕਦੀ ਵੀ ਤਾਂ ਕਿਵੇਂ!
ਉਸ ਮੁੱਲੇ ਨੇ ਆਪਣੇ ਅੰਦਰ ਲੱਗੀ ਅੱਗ ਸ਼ਾਂਤ
ਕੀਤੀ, ਲਹੂ ਭਿੱਜੀ ਚਾਦਰ ਚੁੱਕੀ, ਕੁੜੀ ਦੇ ਹੱਥ ਪੈਰ ਖੋਲੇ ਤੇ ਬਾਹਰ ਦੋਸਤਾਂ ਨਾਲ
ਆਪਣੀ ਜਿੱਤ ਦੀ ਖੁਸ਼ੀ ਮਨਾਉਣ ਤੁਰ ਪਿਆ।
ਉਹ ਬੱਚੀ ਹੱਥ ਪੈਰ ਖੁਲ ਜਾਣ ਬਾਅਦ ਵੀ ਅਵਾਜ਼ ਕੱਢਣ ਜੋਗੀ ਰਹੀ ਹੀ ਨਹੀਂ ਸੀ।
ਕੋਈ ਵੀ ਜਣਾ ਸਵੇਰ ਤਕ ਉਸ ਕਮਰੇ ਅੰਦਰ ਨਹੀਂ ਵੜਿਆ।
ਸਵੇਰੇ ਜਦੋਂ ਮੁੱਲੇ ਨੇ ਦਰਵਾਜ਼ਾ ਖੋਲਿਆ ਤਾਂ ਪੂਰਾ ਫਰਸ਼ ਵੀ ਲਹੂ ਨਾਲ ਲਾਲ ਸੀ
ਤੇ ਉਸ ਬੱਚੀ ਦਾ ਸਾਹ ਸੱਤ ਖ਼ਤਮ ਸੀ ਕਿਉਂਕਿ ਸਰੀਰ ਅੰਦਰ ਲਹੂ ਦੀ ਇਕ ਬੂੰਦ ਵੀ ਨਹੀਂ
ਸੀ ਬਚੀ।
ਡਾਕਟਰ ਨੂੰ ਉਸਦੀ ਮੌਤ ਪੱਕੀ ਕਰਨ ਲਈ ਚੈਕਅੱਪ ਵਾਸਤੇ ਸੱਦਿਆ ਗਿਆ ਤਾਂ ਉਸ
ਵੇਖਿਆ ਉਸ ਮਰੀ ਹੋਈ ਬੱਚੀ ਦੀਆਂ ਖੁੱਲੀਆਂ ਅੱਖਾਂ ਅਸਮਾਨ ਵਲ ਤਕ ਰਹੀਆਂ ਸਨ ਤੇ ਹੱਥ
ਦੁਆ ਕਰਨ ਲਈ ਜੁੜੇ ਪਏ ਸਨ। ਡਾਕਟਰ ਨੂੰ ਕੁਸਕਣ ਦਾ ਹੁਕਮ ਨਹੀਂ ਸੀ ਕਿ ਏਨੇ ਭਿਆਨਕ
ਤਰੀਕੇ ਕੀਤੇ ਕਤਲ ਦਾ ਕਿਸੇ ਹੋਰ ਨਾਲ ਜ਼ਿਕਰ ਕਰੇ।
ਜਿਹੜੀਆਂ ਔਰਤਾਂ ਨੇ ਉਸ ਨੂੰ ਦਫਨਾਉਣ ਤੋਂ ਪਹਿਲਾਂ ਨੁਹਾਉਣ ਦੀ ਰਸਮ ਪੂਰੀ
ਕੀਤੀ, ਉਹ ਵੀ ਉਨਾਂ ਜ਼ਖ਼ਮਾਂ ਨੂੰ ਵੇਖ ਕੇ ਦੜ ਵੱਟ ਕੇ ਰਹਿ ਗਈਆਂ ਕਿਉਂਕਿ ਉਨਾਂ ਨੂੰ
ਕੋਈ ਕਾਨੂੰਨ ਅਵਾਜ਼ ਕੱਢਣ ਦੀ ਇਜਾਜ਼ਤ ਨਹੀਂ ਦਿੰਦਾ।
ਸਵੇਰੇ
10 ਵਜੇ ਉਸ ਬੱਚੀ ਨੂੰ ਦਫਨਾ ਦਿੱਤਾ ਗਿਆ, ਇਹ ਪੁੱਛੇ ਬਗ਼ੈਰ ਕਿ ਮੌਤ ਦਾ ਕਾਰਣ ਕੀ
ਸੀ।
ਮੁੱਲੇ ਦੇ ਟੱਬਰ ਵਾਲਿਆਂ ਤੇ ਰਿਸ਼ੇਤੇਦਾਰਾਂ ਨੂੰ ਉੱਕਾ ਹੀ ਅਫ਼ਸੋਸ ਨਹੀਂ ਸੀ।
ਉਨਾਂ ਲਈ ਇਹ ਕਿੱਸਾ ਜ਼ਿੰਦਗੀ ਦੀ ਕਿਤਾਬ ਦਾ ਇਕ ਪੰਨਾ ਪਰਤਣ ਵਾਲੀ ਗੱਲ ਸੀ। ਅੱਗੋਂ
ਡਾਕਟਰ ਨੇ ਮੈਨੂੰ ਲਿਖ ਭੇਜਿਆ ਸੀ ਕਿ ਹੁਣ ਉਹ ਮੁੱਲਾ ਇਕ ਪੰਜ ਸਾਲਾਂ ਦੀ ਕੁੜੀ ਨਾਲ
ਵਿਆਹ ਕਰਨ ਦਾ ਫੈਸਲਾ ਲੈ ਚੁੱਕਿਆ ਹੈ ਕਿਉਂਕਿ ਉਸਦਾ ਪਿਓ ਵੀ ਕਰਜ਼ੇ ਥੱਲੇ ਦੱਬਿਆ
ਪਿਆ ਹੈ।
ਏਨੀ ਕਹਾਣੀ ਦਸ ਕੇ ਉਸ ਡਾਕਟਰ ਨੇ ਮੈਨੂੰ ਲਿਖਿਆ ਕਿ ਏਨੀ ਕਰੂਰਤਾ ਉਹ ਸਹਿਣ
ਨਹੀਂ ਕਰ ਸਕਦਾ। ਜਿਸ ਦਿਨ ਉਸਨੇ ਮੈਨੂੰ ਈ ਮੇਲ ਭੇਜੀ, ਉਸੇ ਦਿਨ ਉਸਦਾ ਚੌਥਾ ਵਿਆਹ
ਪੰਜ ਸਾਲ ਦੀ ਬੱਚੀ ਨਾਲ ਹੋ ਰਿਹਾ ਸੀ।
ਡਾਕਟਰ ਨੇ ਕਿਹਾ ਕਿ ਉਸਦਾ ਸਿਰ ਫਟਣ ਦੇ ਨੇੜੇ ਪਹੁੰਚ ਚੁੱਕਿਆ ਹੈ ਤੇ ਉਹ ਇਕ
ਹੋਰ ਬੱਚੀ ਦੀ ਏਨੀ ਬੇਦਰਦੀ ਨਾਲ ਕੀਤੀ ਜਾਣ ਵਾਲੀ ਹੱਤਿਆ ਬਾਰੇ ਸੋਚ ਕੇ ਕੰਬ ਰਿਹਾ
ਹੈ ਤੇ ਆਪਣੇ ਆਪ ਨੂੰ ਏਨਾ ਲਾਚਾਰ ਮਹਿਸੂਸ ਕਰ ਰਿਹਾ ਹੈ ਕਿ ਉਸਨੂੰ ਸੌਣ ਲਈ ਨਸ਼ੇ
ਦੀਆਂ ਗੋਲੀਆਂ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ। ਏਸੇ ਲਈ ਹੁਣ ਉਹ ਹੋਰ ਦੇਸਾਂ ਵਿਚਲੇ
ਔਰਤ ਜ਼ਾਤ ਦੇ ਹੱਕ ਵਿਚ ਅਵਾਜ਼ ਚੁੱਕਣ ਵਾਲਿਆਂ ਦੀ ਮਦਦ ਮੰਗ ਰਿਹਾ ਹੈ।
ਜਦੋਂ ਅਗਲੇ ਦਿਨ ਮੈਂ ਈ ਮੇਲ ਪੜੀ, ਤਾਂ ਮੇਰਾ ਰੋਮ ਰੋਮ ਕੰਬ ਗਿਆ ਕਿਉਂਕਿ
ਮੈਨੂੰ ਜਾਪਿਆ ਕਿ ਉਦੋਂ ਤਕ ਦੂਜੀ ਬੱਚੀ ਵੀ ਦਫਨਾਈ ਜਾ ਚੁੱਕੀ ਹੋਵੇਗੀ। ਇਹ ਸੋਚ
ਸੋਚ ਕੇ ਮੇਰੀ ਵੀ ਦਿਮਾਗ਼ ਦੀ ਨਸ ਫਟਣ ਨੇੜੇ ਪਹੁੰਚ ਗਈ ਸੀ।
ਸਮਝ ਹੀ ਨਾ ਆਵੇ ਕਿ ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ? ਇਸ ਨੂੰ ਕਤਲ ਵੀ ਨਹੀਂ
ਮੰਨਿਆ ਗਿਆ ਤੇ ਸਜ਼ਾ ਦਾ ਹਕਦਾਰ ਵੀ ਕੋਈ ਨਹੀਂ ਠਹਿਰਾਇਆ ਗਿਆ। ਇਹ ਇਕ ਅਜਿਹਾ ਕੇਸ
ਸੀ ਜੋ ਸਾਹਮਣੇ ਆ ਗਿਆ, ਪਰ ਇਹੋ ਜਿਹੇ ਅਨੇਕ ਹੋਰ ਕੇਸ ਉਸ ਥਾਂ ਰੋਜ਼ ਹੋ ਰਹੇ ਹੋਣਗੇ
ਤੇ ਨਿੱਕੀਆਂ ਗ਼ਰੀਬ ਬਾਲੜੀਆਂ ਅਵਾਜ਼ ਕੱਢੇ ਬਗ਼ੈਰ ਦਫ਼ਨ ਕੀਤੀਆਂ ਜਾ ਰਹੀਆਂ ਹੋਣਗੀਆਂ!
ਅਜ ਮੇਰਾ ਦੁਖੀ ਮਨ ਇਹ ਕਹਿਣਾ ਚਾਹ ਰਿਹਾ ਹੈ ਕਿ ਇਸ ਜ਼ੁਲਮ ਲਈ ਅਵਾਜ਼ ਬੇਸ਼ਕ ਨਾ
ਚੁੱਕਿਓ! ਗ਼ੌਰ ਸਿਰਫ਼ ਏਨਾ ਕਰਿਓ ਕਿ ਉਹ ਬੱਚੀ ਆਖ਼ਰੀ ਸਾਹ ਛੱਡਣ ਤੋਂ ਪਹਿਲਾਂ ਰਬ
ਅੱਗੇ ਕੋਈ ਅਰਜ਼ੋਈ ਕਰ ਰਹੀ ਸੀ। ਉਸ ਦੁਆ ਨੂੰ ਕਬੂਲ ਹੋ ਜਾਣ ਵਾਸਤੇ ਅਰਦਾਸ ਕਰਨ ਦੀ
ਲੋੜ ਹੈ। ਉਹ ਦੁਆ ਇਹੋ ਹੋ ਸਕਦੀ ਹੈ ਕਿ ਜਦ ਤਕ ਅਜਿਹੇ ਘਿਨਾਉਣੇ ਅਪਰਾਧ ਕਰਨ ਵਾਲੇ
ਹੈਵਾਨ ਇਸ ਧਰਤੀ ਉੱਤੇ ਹਨ, ਉਦੋਂ ਤਕ ਇਸ ਧਰਤੀ ਉੱਤੇ ਹੋਰ ਔਰਤ ਜ਼ਾਤ ਜਨਮ ਨਾ ਹੀ
ਲਵੇ ਤਾਂ ਚੰਗਾ ਹੈ।
ਚੁਫ਼ੇਰੇ ਫਿਰਦੀਆਂ ਨੇ, ਦਾਜ ਦੀਆਂ ਸਤਾਈਆਂ,
ਇਜ਼ੱਤ ਗੁਆਈਆਂ, ਅਣਜੰਮੀਆਂ ਦਫਨਾਈਆਂ
ਭੁੱਖ ਨਾਲ ਲੂਸਦੀਆਂ, ਨਾ ਜੀਊਂਦੀਆਂ ਕਹਾਈਆਂ,
ਮਰ ਖਪ ਗਈਆਂ, ਕਿਸੇ ਗੋਦ ਨਾ ਖਿਡਾਈਆਂ।
ਕੀ ਕਿਹਾ ਇਨਾਂ ਦੀ ਹਾਲੇ ਵੀ ਲੋੜ ਹੈ? ਕਿਸੇ ਕਹਾਣੀ ਦਾ ਪਾਤਰ ਬਣਨ ਲਈ? ਕਿਸੇ
ਕਵਿਤਾ ਦਾ ਸ਼ਿੰਗਾਰ ਕਰਨ ਲਈ? ਕਿਸੇ ਗੀਤ ਨੂੰ ਧੜਕਾਉਣ ਲਈ? ਕਿਸੇ ਜਿਸਮ ਨੂੰ ਫੜਕਾਉਣ
ਲਈ? ਪ੍ਰੋਗਰਾਮਾਂ ਵਿਚ ਨਚਾਉਣ ਲਈ? ਪਿੰਜਰੇ ਵਿਚ ਬੰਦ ਕਰ ਕੇ ਫੜਫੜਾਉਣ ਲਈ? ਸੇਜ ਦੀ
ਸੂਲੀ ਉੱਤੇ ਚੜਾਉਣ ਲਈ? ਦਾਜ ਲਈ ਭਬਕ ਭਬਕ ਬਾਲ ਜਾਣ ਲਈ?
ਇਹ ਦਰਿੰਦਗੀ ਦਾ ਨਾਚ ਹੁਣ ਬੰਦ ਵੀ ਕਰੋ! ਕੀ ਹਾਲੇ ਜ਼ੁਲਮਾਂ ਦੀ ਸਿਖ਼ਰ ਤਕ ਨਹੀਂ
ਪਹੁੰਚਿਆ ਜਾ ਸਕਿਆ? ਜ਼ੁਲਮ ਦੀਆਂ ਹੋਰ ਚੋਟੀਆਂ ਹਾਲੇ ਸਰ ਕਰਨੀਆਂ ਬਾਕੀ ਨੇ? ਜੇ ਹਨ,
ਤਾਂ ਇਸ ਜ਼ੁਲਮ ਨੂੰ ਕੋਈ ਨਾਂ ਜ਼ਰੂਰ ਦੇ ਦਿਓ ਤਾਂ ਜੋ ਅਗਲੀ ਕਰੂਰਤਾ ਦੀ ਘੱਟੋ ਘੱਟ
ਗਰੇਡਿੰਗ ਤਾਂ ਕਰ ਸਕੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783 |