ਕੰਪਿਊਟਰ ਇਕ ਵਿਲੱਖਣ ਵਿਸ਼ੇਸ਼ਤਾਵਾਂ (Characteristics )ਵਾਲਾ ਯੰਤਰ ਹੈ।
ਇਹਨਾਂ ਵਿਸ਼ੇਸ਼ਤਾਵਾਂ ਜਾਂ ਗੁਣਾਂ ਵਿੱਚੋਂ ਵਿਸ਼ਾਲ ਸਟੋਰੇਜ ਸਮਰੱਥਾ, ਤੇਜ਼ ਰਫ਼ਤਾਰ,
ਸ਼ੁੱਧਤਾ, ਉਦਮਤਾ, ਬਹੁਗੁਣਤਾ, ਸਵੈ-ਚਾਲਨ ਆਦਿ ਪ੍ਰਮੁੱਖ ਹਨ:
ਸਹੀ ਨਤੀਜੇ (Accuracy)
ਕੰਪਿਊਟਰ ਹਮੇਸ਼ਾ ਸਹੀ ਨਤੀਜੇ ਦਿੰਦਾ ਹੈ। ਪਰ ਇੱਥੇ ਚੇਤੇ ਰੱਖਣਯੋਗ ਹੈ ਕਿ ਕੰਪਿਊਟਰ
ਦੁਆਰਾ ਤਿਆਰ ਕੀਤੇ ਨਤੀਜੇ ਉਦੋਂ ਹੀ ਸਹੀ ਹੁੰਦੇ ਹਨ ਜਦੋਂ ਉਸ ਨੂੰ ਸਹੀ ਅੰਕੜੇ ਅਤੇ
ਹਦਾਇਤਾਂ ਮੁਹੱਈਆ ਕਰਵਾਈਆਂ ਜਾਣ।
ਕਈ ਵਾਰ ਕੰਪਿਊਟਰ ਗ਼ਲਤ ਨਤੀਜੇ ਵੀ ਦੇ ਦਿੰਦਾ ਹੈ। ਇਸ ਦਾ ਇਕੋ-ਇਕ ਕਾਰਨ ਵਰਤੋਂਕਾਰ
ਵਲੋਂ ਅੰਕੜੇ ਜਾਂ ਹਦਾਇਤਾਂ ਦਾਖਲ ਕਰਨ ਸਮੇਂ ਕੀਤੀ ਗਈ ਗ਼ਲਤੀ ਹੁੰਦੀ ਹੈ। ਕੰਪਿਊਟਰ
ਉਹੀ ਕਰਦਾ ਹੈ ਜੋ ਇਸ ਨੂੰ ਕਿਹਾ ਜਾਵੇ। ਇਹ ਆਪਣੇ ਆਪ ਕੁਝ ਵੀ ਕਰਨ ਤੋਂ ਅਸਮਰੱਥ
ਹੈ। ਜੇਕਰ ਗ਼ਲਤੀ ਨਾਲ ਅਸੀਂ ਕੰਪਿਊਟਰ ਨੂੰ ਗ਼ਲਤ ਇਨਪੁਟ ਦੇ ਦੇਈਏ ਤਾਂ ਉਸ ਦਾ ਨਤੀਜਾ
ਜਾਂ ਆਉਟਪੁਟ ਵੀ ਗ਼ਲਤ ਹੋਵੇਗੀ।
ਸਟੋਰੇਜ (Storage)
ਕੰਪਿਊਟਰ ਦੀ ਵਿਸ਼ਾਲ ਸਟੋਰੇਜ ਸਮਰੱਥਾ ਹੈ। ਕੰਪਿਊਟਰ ਆਪਣੀ ਸੈਕੰਡਰੀ (ਬਾਹਰੀ)
ਸਟੋਰੇਜ ਵਿੱਚ ਅੰਕੜੇ ਅਤੇ ਪ੍ਰੋਗਰਾਮ ਸਟੋਰ ਕਰਦਾ ਹੈ। ਕੰਪਿਊਟਰ ਵਿੱਚ ਸਟੋਰ ਅੰਕੜੇ
ਅਤੇ ਪ੍ਰੋਗਰਾਮਾਂ ਨੂੰ ਭਵਿੱਖ ਵਿੱਚ ਕਦੇ ਵੀ ਵਰਤਿਆ ਜਾ ਸਕਦਾ ਹੈ। ਇਸੇ ਪ੍ਰਕਾਰ
ਇੰਟਰਨੈੱਟ ਤੋਂ ਡਾਊਨਲੋਡ ਕੀਤੀ ਗਈ ਜਾਣਕਾਰੀ ਨੂੰ ਵੀ ਕੰਪਿਊਟਰ ਦੀ ਸਟੋਰੇਜ ਵਿੱਚ
ਸਾਂਭ ਕੇ ਰੱਖਿਆ ਜਾ ਸਕਦਾ ਹੈ।
ਰਫ਼ਤਾਰ (Speed)
ਕੰਪਿਊਟਰ ਬਹੁਤ ਤੇਜ਼ੀ ਨਾਲ ਕੰਮ ਕਰ ਸਕਦਾ ਹੈ। ਮਨੁੱਖ ਦੁਆਰਾ ਕਈ-ਕਈ ਸਾਲਾਂ ਤਕ
ਕੀਤੇ ਜਾਣ ਵਾਲੇ ਕੰਮਾਂ ਨੂੰ ਕੰਪਿਊਟਰ ਕੁਝ ਹੀ ਦਿਨਾਂ ਵਿੱਚ ਪੂਰਾ ਕਰ ਸਕਦਾ ਹੈ।
ਸ਼ਕਤੀਸ਼ਾਲੀ ਕੰਪਿਊਟਰ ਇਕ ਸੈਕਿੰਡ ਵਿੱਚ ਇਕ ਅਰਬ ਤੋਂ ਵੀ ਵੱਧ ਗਣਨਾਵਾਂ ਕਰ ਸਕਦੇ
ਹਨ। ਸੁਪਰ ਕੰਪਿਊਟਰਾਂ ਦੀ ਵਰਤੋਂ ਵਿਗਿਆਨਿਕ ਗਣਨਾਵਾਂ ਕਰਵਾਉਣ ਅਤੇ ਮੌਸਮ ਸੰਬੰਧੀ
ਭਵਿੱਖਬਾਣੀ ਕਰਨ ਲਈ ਕੀਤੀ ਜਾਂਦੀ ਹੈ।
ਉੱਦਮੀ (Diligence)
ਕੰਪਿਊਟਰ ਇਕ ਡਿਲੀਜੇਂਸ ਅਰਥਾਤ ਉੱਦਮੀ ਯੰਤਰ ਹੈ। ਕੰਪਿਊਟਰ ਨੂੰ ਜੇਕਰ ਵਾਰ-ਵਾਰ
ਦੁਹਰਾਇਆ ਜਾਣ ਵਾਲਾ ਕੰਮ ਦਿੱਤਾ ਜਾਵੇ ਤਾਂ ਇਹ ਅੱਕਦਾ ਜਾਂ ਥੱਕਦਾ ਨਹੀਂ। ਕੰਪਿਊਟਰ
ਤੋਂ ਵਾਰ-ਵਾਰ ਕੰਮ ਕਰਵਾਇਆ ਜਾਵੇ ਤਾਂ ਇਹ ਕਦੇ ਵੀ ਜਲਦਬਾਜ਼ੀ ਵਿੱਚ ਆ ਕੇ ਗ਼ਲਤੀ
ਨਹੀਂ ਕਰਦਾ। ਕੰਪਿਊਟਰ ਵੱਡੀਆਂ-ਵੱਡੀਆਂ ਤੇ ਗੁੰਝਲਦਾਰ ਸਮੱਸਿਆਵਾਂ ਨੂੰ ਚੁਟਕੀ ਮਾਰ
ਕੇ ਹੱਲ ਕਰ ਸਕਦਾ ਹੈ। ਕੰਪਿਊਟਰ ਕੰਮ ਦੇ ਮਿਆਰ (Quality) ਨੂੰ ਬਿਨਾਂ ਅਣਗੌਲਾ
ਕੀਤੇ ਘੰਟਿਆਂ ਬੱਧੀ ਲਗਾਤਾਰ ਕੰਮ ਕਰ ਸਕਦਾ ਹੈ। ਕੰਪਿਊਟਰ ਦੇ ਅਣਥੱਕ ਰੂਪ ਵਿੱਚ
ਲੰਬੇ ਅਤੇ ਵਾਰ-ਵਾਰ ਕੀਤੇ ਜਾਣ ਵਾਲੇ ਕੰਮਾਂ ਨੂੰ ਆਸਾਨੀ ਨਾਲ ਕਰਨ ਦੇ ਗੁਣ ਨੂੰ
ਉੱਦਮਤਾ (Diligence) ਕਿਹਾ ਜਾਂਦਾ ਹੈ।
ਬਹੁਗੁਣਤਾ
(Versatility)
ਕੰਪਿਊਟਰ ਅਨੇਕਾਂ ਵਿਸ਼ੇਸ਼ਤਾਵਾਂ ਵਾਲਾ ਇਕ ਵਿਲੱਖਣ ਯੰਤਰ ਹੈ। ਇਹ ਕਈ ਪ੍ਰਕਾਰ ਦੇ
ਕੰਮ ਜਿਵੇਂ ਕਿ ਸੂਚਨਾਵਾਂ ਉਪਲਬਧ ਕਰਵਾਉਣਾ, ਫ਼ਿਲਮਾਂ ਦਿਖਾਉਣਾ, ਗਣਨਾਵਾਂ ਕਰਨਾ,
ਟਾਈਪ ਕਰਨਾ, ਚਿੱਤਰਕਾਰੀ ਕਰਨਾ ਆਦਿ ਬੜੇ ਅਸਾਨੀ ਨਾਲ ਕਰ ਸਕਦਾ ਹੈ।
ਕੰਪਿਊਟਰ ਕਿਸੇ ਸਮੇਂ ਟੈਲੀਫੋਨ ਦਾ ਬਿੱਲ ਬਣਾ ਰਿਹਾ ਹੁੰਦਾ ਹੈ ਤੇ ਕਿਸੇ ਸਮੇਂ
ਨਤੀਜਾ ਕਾਰਡ। ਕਿਸੇ ਸਮੇਂ ਇਹ ਵਿਗਿਆਨਿਕ ਕਾਰਜਾਂ ਵਿੱਚ ਜੁਟਿਆ ਹੁੰਦਾ ਹੈ ਤੇ ਕਿਸੇ
ਸਮੇਂ ਰੇਲਵੇ ਜਾਂ ਹਵਾਈ ਜਹਾਜ਼ ਦੀਆਂ ਸੀਟਾਂ ਰਾਖਵੀਂਆਂ ਕਰ ਰਿਹਾ ਹੁੰਦਾ ਹੈ।
ਕੰਪਿਊਟਰ ਦੇ ਇਸ ਗੁਣ ਨੂੰ ਵਰਸਾਟੀਲਟੀ ਜਾਂ ਬਹੁਗੁਣਤਾ ਕਿਹਾ ਜਾਂਦਾ ਹੈ।
ਸੰਚਾਰ
(Communication)
ਅੱਜ-ਕੱਲ੍ਹ ਕੰਪਿਊਟਰ ਦੀ ਵਰਤੋਂ ਅੰਕੜਿਆਂ ਤੇ ਸੂਚਨਾਵਾਂ ਦਾ ਸੰਚਾਰ ਕਰਨ ਲਈ ਕੀਤੀ
ਜਾਂਦੀ ਹੈ। ਈ-ਮੇਲ ਰਾਹੀਂ ਸੰਦੇਸ਼ ਨੂੰ ਇਕ ਥਾਂ ਤੋਂ ਦੂਸਰੀ ਥਾਂ 'ਤੇ ਭੇਜਣਾ
ਕੰਪਿਊਟਰ ਲਈ ਖੱਬੇ ਹੱਥ ਦਾ ਕਮਾਲ ਹੈ। ਇਹ ਆਧੁਨਿਕ ਸੂਚਨਾ ਤਕਨਾਲੋਜੀ ਦਾ ਇਕ
ਲਾਹੇਵੰਦ ਪਹਿਲੂ ਹੈ।
ਸਵੈਚਾਲਨ (Automation)
ਜੇਕਰ ਕੰਪਿਊਟਰ ਵਿੱਚ ਪਹਿਲਾਂ ਹੀ ਕੋਈ ਹਦਾਇਤਾਂ ਦੀ ਲੜੀ ਜਾਂ ਪ੍ਰੋਗਰਾਮ ਦਾਖਲ ਕਰ
ਦਿੱਤਾ ਜਾਵੇ ਤਾਂ ਇਹ ਆਪਣੇ-ਆਪ ਕੰਮ ਕਰਦਾ ਰਹਿੰਦਾ ਹੈ। ਕੰਪਿਊਟਰ ਦੇ ਇਸ ਗੁਣ ਨੂੰ
ਆਟੋਮੇਸ਼ਨ ਜਾਂ ਸਵੈਚਾਲਨ ਕਿਹਾ ਜਾਂਦਾ ਹੈ। ਕੰਪਿਊਟਰ ਦੇ ਇਸ ਵਿਲੱਖਣ ਗੁਣ ਸਦਕਾ
ਵਾਰ-ਵਾਰ ਕੀਤੇ ਜਾਣ ਵਾਲੇ ਕੰਮਾਂ ਨੂੰ ਅਸਾਨ ਬਣਾਇਆ ਜਾ ਸਕਦਾ ਹੈ। ਮਨੁੱਖ ਦੀ
ਦਖ਼ਲ-ਅੰਦਾਜ਼ੀ ਤੋਂ ਬਿਨਾਂ ਇਹ ਅਜਿਹਾ ਕੰਮ ਉਦੋਂ ਤਕ ਕਰਦਾ ਰਹਿੰਦਾ ਹੈ ਜਦੋਂ ਤਕ ਕਿ
ਕੰਮ ਪੂਰਾ ਨਾ ਹੋ ਜਾਵੇ। ਆਟੋਮੇਸ਼ਨ ਦੀ ਵਿਸ਼ੇਸ਼ਤਾ ਸਦਕਾ ਉਦਯੋਗਾਂ ਵਿੱਚ ਕੰਪਿਊਟਰ ਦੀ
ਮੰਗ ਵਧ ਰਹੀ ਹੈ।
ਗਣਿਤਕ ਅਤੇ ਲੌਜਿਕ ਕੰਮ (Arithmetic and Logic Operations)
ਕੰਪਿਊਟਰ ਗਣਿਤਕ ਅਤੇ ਲੌਜਿਕ (ਤਾਰਕਿਕ) ਕੰਮ ਕਰ ਸਕਦਾ ਹੈ। ਇਹ ਜੋੜ, ਘਟਾਓ,
ਗੁਣਾਂ, ਭਾਗ ਆਦਿ ਵਰਗੇ ਗਣਿਤਕ ਕੰਮ ਕਰ ਸਕਦਾ ਹੈ। ਇਸੇ ਪ੍ਰਕਾਰ ਕੰਪਿਊਟਰ ਮੁਕਾਬਲਾ
ਕਰਵਾਉਣ ਵਰਗੇ ਲੌਜਿਕ ਕਾਰਜ ਕਰਵਾ ਸਕਦਾ ਹੈ।
ਵਿਸ਼ਵਾਸਯੋਗਤਾ
(Reliability)
ਆਧੁਨਿਕ ਕੰਪਿਊਟਰ ਵਿੱਚ ਵਿਸ਼ਵਾਸਯੋਗਤਾ ਦਾ ਗੁਣ ਹੁੰਦਾ ਹੈ। ਕੰਪਿਊਟਰ ਵਿੱਚ ਲੱਗੇ
ਇਲੈਕਟ੍ਰੋਨਿਕ ਪੁਰਜ਼ਿਆਂ ਦੇ ਫੇਲ੍ਹ ਹੋਣ ਦੀ ਗੁੰਜਾਇਸ਼ ਬਹੁਤ ਹੀ ਘੱਟ ਹੁੰਦੀ ਹੈ।
ਕੰਪਿਊਟਰ ਵੱਡੇ-ਵੱਡੇ ਕੰਮਾਂ ਨੂੰ ਬੜੀ ਨਰਮਾਈ ਅਤੇ ਵਿਸ਼ਵਾਸ ਨਾਲ ਕਰ ਸਕਦਾ ਹੈ।
ਅੰਕੜਿਆਂ ਤੇ ਪ੍ਰੋਗਰਾਮਾਂ ਦੀ ਮੁੜ-ਵਰਤੋਂ
(Retrieving Data and Programs)
ਕੰਪਿਊਟਰ ਵਿੱਚ ਸਟੋਰ ਕੀਤੇ ਹੋਏ ਅੰਕੜਿਆਂ ਅਤੇ ਪ੍ਰੋਗਰਾਮਾਂ ਨੂੰ ਬੜੀ ਤੇਜ਼ੀ ਨਾਲ
ਦੁਬਾਰਾ ਵਰਤਿਆ ਜਾ ਸਕਦਾ ਹੈ।
ਸੀ ਪੀ ਕੰਬੋਜ
ਪ੍ਰੋਗਰਾਮਰ, ਭਾਸ਼ਾ ਵਿਗਿਆਨ ਤੇ ਪੰਜਾਬੀ ਕੋਸ਼ਕਾਰੀ ਵਿਭਾਗ
ਪੰਜਾਬੀ ਯੂਨੀਵਰਸਿਟੀ ਪਟਿਆਲਾ
|