ਵਿਗਿਆਨ ਪ੍ਰਸਾਰ

ਭਾਰਤ ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)

 

ਇਤਿਹਾਸਕਾਰਾਂ ਵਿੱਚ ਬੜੇ ਚਿਰ ਤੋਂ ਇੱਕ ਬਹਿਸ ਚੱਲ ਰਹੀ ਹੈ ਕਿ ਕੀ ਅਸੀਂ ਆਰੀਆ ਲੋਕ ਭਾਰਤੀ ਉਪਮਹਾਂਦੀਪ ਵਿੱਚ ਬਾਹਰੋਂ ਆਏ ਸਾਂ ਜਾਂ ਕਿ ਮੁੱਢੋਂ ਸੁੱਢੋਂ ਇਥੋਂ ਦੇ ਹੀ ਮੂਲ ਵਾਸੀ ਹਾਂ? ਕੁਝ ਇਤਿਹਾਸਕਾਰ ਜੋ ਆਪਣੇ ਆਪ ਨੂੰ 'ਮੂਲ-ਵਾਸੀ ਸਿਧਾਂਤ' ਦੇ ਹਿਮਾਇਤੀ ਦੱਸਦੇ ਹਨ, ਉਹ ਕਈ ਦਹਾਕਿਆਂ ਤੋਂ ਇਹ ਪ੍ਰਚਾਰ ਕਰਨ ਲੱਗੇ ਹੋਏ ਹਨ ਕਿ ਕੋਈ ਬਾਹਰੋਂ ਨਹੀਂ ਅਇਆ, ਸਿੰਧੂ ਘਾਟੀ ਦੇ ਵਸਨੀਕ (ਹੜੱਪਨ) ਹੀ ਆਰੀਆ ਸਨ। ਦੂਜੇ ਪਾਸੇ 'ਮੁੱਖ ਧਾਰਾ' ਦੇ ਇਤਿਹਾਸਕਾਰ ਆਪਣੇ ਢੰਗ ਨਾਲ ਪ੍ਰਮਾਣ ਦੇ ਕੇ ਸਿੱਧ ਕਰਦੇ ਹਨ ਕਿ ਕਿਵੇਂ ਆਰੀਆਂ ਦੇ ਗ੍ਰੋਹ, ਈਸਾ ਪੂਰਵ 15-ਕੁ ਸੌ ਸਾਲ ਪਹਿਲਾਂ (ਤੇ ਕਈ ਗਰੁੱਪ ਉਸਤੋਂ ਵੀ ਪਹਿਲਾਂ) ਕੇਂਦਰੀ ਏਸ਼ੀਆ ਚੋਂ ਨਿਕਲਕੇ ਉੱਤਰ ਪੱਛਮੀ ਭਾਰਤ ਵਿੱਚ ਦਾਖਲ ਹੋਏ ਸਨ।

ਸਾਨੂੰ ਕੋਈ ਡੇਢ ਦਹਾਕੇ ਤੋਂ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਖੋਜ ਕਰਦਿਆਂ ਕੁਝ ਅਜਿਹੀਆਂ ਲੱਭਤਾਂ ਮਿਲੀਆਂ ਹਨ; ਪੱਥਰ-ਸੰਦ ਮਿਲੇ ਹਨ ਤੇ ਪੂਰਵ ਇਤਿਹਾਸਕ ਠੀਕਰਾਂ ਮਿਲੀਆਂ ਹਨ, ਜੋ ਇਸ ਬਹਿਸ ਵਿੱਚ ਫੈਸਲਾਕੁਨ ਰੋਲ ਅਦਾ ਕਰ ਸੱਕਦੀਆਂ ਹਨ। ਪਰ ਉਸਦਾ ਜ਼ਿਕਰ ਮੈਂ ਬਾਅਦ ਵਿੱਚ ਕਰਾਂਗਾ। ਪਹਿਲਾਂ ਇਹ ਵੇਖਾਂਗੇ ਕਿ ਦੋਵੇਂ ਪੱਖ ਆਪੋ ਆਪਣੀ ਚਰਚਾ ਵਿੱਚ ਕੀ ਸਬੂਤ ਪੇਸ਼ ਕਰ ਰਹੇ ਹਨ, ਅਤੇ ਉਹ ਕਿਵੇਂ ਠੀਕ ਜਾਂ ਗਲਤ ਕਹੇ ਜਾ ਸੱਕਦੇ ਹਨ।

ਸੰਨ 1847 ਵਿੱਚ ਇੱਕ ਇਤਿਹਾਸਕਾਰ ਮੈਕਸ ਮੁੱਲਰ ਨੇ ਸੁਝਾ ਦਿੱਤਾ ਸੀ ਕਿ ਆਰੀਆ 1500 ਸਾਲ ਈਸਾ ਪੂਰਵ ਕੇਂਦਰੀ ਏਸ਼ੀਆ ਚੋਂ ਆਏ ਸਨ। ਉਨ੍ਹਾਂ ਨੇ ਹੜੱਪਨਂ ਤੇ ਹਮਲਾ ਕੀਤਾ ਤੇ ਹੜੱਪਨ ਤਬਾਹ ਹੋ ਗਏ। ਇਸ ਗੱਲ ਨੂੰ ਬੜਾ ਚਿਰ ਇਤਿਹਾਸ ਦੀਆਂ ਪੁਸਤਕਾਂ ਵਿੱਚ ਹੜੱਪਨਾਂ ਦੇ ਅੰਤ ਦਾ ਇੱਕ ਕਾਰਣ ਦੱਸਿਆ ਜਾਂਦਾ ਰਿਹਾ ਹੈ। ਪਰ ਵੀਹਵੀਂ ਸਦੀ ਵਿੱਚ ਮੁੱਖ-ਧਾਰਾ ਇਤਿਹਾਸਕਾਰਾਂ ਨੇ ਵਿਗਿਆਨਕ ਖੋਜ ਕਰਕੇ ਇਹ ਜਾਂਚਿਆ ਕਿ ਇਹ ਕੋਈ ਤੁਰੰਤ ਹਮਲਾ ਨਹੀਂ ਸੀ, ਕਿਉਂਕਿ ਇਸਦੇ ਕੋਈ ਸਬੂਤ ਨਹੀਂ ਮਿਲਦੇ। ਆਰੀਆ ਲਗਾਤਾਰ ਗਰੁਪਾਂ ਵਿੱਚ ਹੀ ਏਧਰ ਆਏ ਤੇ ਹੜੱਪਨਾਂ ਤੇ ਕਾਬਜ਼ ਹੋ ਗਏ, ਪਰ ਆਏ ਬਾਹਰੋਂ ਹੀ ਸਨ। ਮੂਲ-ਵਾਸੀ ਪੱਖੀ ਕੇਵਲ ਇਸ ਗੱਲ ਨੂੰ ਵਿਰੋਧ ਕਰਨ ਦਾ ਆਧਾਰ ਬਣਾ ਰਹੇ ਹਨ ਕਿ ਹਮਲਾ ਵਗੈਰਾ ਤਾਂ ਹੋਇਆ ਨਹੀਂ, ਇਸ ਲਈ ਮੁੱਖ ਧਾਰਾ ਦੇ ਇਤਿਹਾਸਕਾਰ ਗਲਤ ਹਨ।

ਪਰ ਮੂਲ-ਵਾਸੀ ਪੱਖੀ ਕਹਿੰਦੇ ਕੀ ਹਨ ?  ਸ਼ੁਰੂ ਸ਼ੁਰੂ ਵਿੱਚ ਲਿਖੇ ਰਿਗ ਵੇਦ ਵਿੱਚ ਸਰਸਵਤੀ ਨਦੀ ਦਾ ਜ਼ਿਕਰ ਹੈ। ਉਹ ਕਹਿੰਦੇ ਹਨ ਕਿ ਸਰਸਵਤੀ ਨਦੀ ਤਾਂ 1700-1300 ਸਾਲ ਈਸਾ ਪੂਰਵ ਹੌਲੀ ਹੌਲੀ ਸੁੱਕ ਗਈ ਸੀ (ਕਲਿਆਨਾਰਮਨ-ਜੋ ਕਿ ਮੂਲ-ਵਾਸੀ ਪੱਖੀ ‘ਸਰਸਵਤੀ ਸ਼ੋਧ ਪਰਾਕਲਪ’ ਦਾ ਡਾਇਰੈਕਟਰ ਹੈ, ਉਸਦੀ ਦੀ ‘ਪੁਸਤਕ ਰਿਗ ਵੇਦਾ ਐਂਡ ਸਰਸਵਤੀ-ਸਿੰਧੂ ਸਿਵਿਲਾਈਜ਼ੇਸ਼ਨ’, 1999 ਵਿੱਚ ਇਹੀ ਲਿਖਿਆ ਹੈ), ਤਾਂ ਫਿਰ ਇਹ ਵੇਦ ਉਸ ਸਮੇਂ ਤੋਂ ਬਹੁਤ ਪਹਿਲਾਂ ਰਚਿਆ ਗਿਆ ਹੋਊ। ਉਹ ਕਲੇਮ ਕਰਦੇ ਹਨ ਕਿ ਸਰਸਵਤੀ ਨਦੀ ਦੇ ਕਿਨਾਰੇ ਜੋ ਹੜੱਪਨ ਸੱਭਿਅਤਾ ਦਾ ਵਿਕਾਸ ਹੋਇਆ, ਉਹੀ ਆਰੀਆ ਸਨ ਤੇ ਵੈਦਿਕ ਸੱਭਿਅਤਾ 7-8 ਹਜਾਰ ਸਾਲ ਤੋਂ ਵੀ ਪੁਰਾਣੀ ਹੈ। ਇੰਟਰਨੈੱਟ ਤੇ ਉਨ੍ਹਾਂ ਦੀਆ ਦਲੀਲਾਂ ਦੀ ਭਰਮਾਰ ਹੈ। ਉਨ੍ਹਾਂ ਅਨੁਸਾਰ ਹੜੱਪਨ ਸੱਭਿਅਤਾ, ਜਿਸ ਨੂੰ ਉਹ ‘ਸਰਸਵਤੀ-ਸਿੰਧੂ ਸੱਭਿਅਤਾ’ ਕਹਿੰਦੇ ਹਨ  (ਕਿਉਂਕਿ ਸੁੱਕ ਚੁਕੇ ਘੱਗਰ-ਹਕਰਾ ਦੇ ਕਿਨਾਰੇ ਬਹੁਤ ਸਾਰੀਆਂ ਹੜੱਪਨ ਸਾਈਟਾਂ ਮਿਲੀਆਂ ਹਨ) ਤੇ ਉਹ ਬੜੀ ਪਰਫੁੱਲਤ ਹੋ ਗਈ ਸੀ, ਉਹ ਵੈਦਿਕ ਸੱਭਿਅਤਾ ਹੀ ਸੀ। ਤੇ ਜਦੋਂ ਕਰੀਬ 1900 ਤੋਂ 1700 ਸਾਲ ਈਸਾ ਪੂਰਵ ਉਨ੍ਹਾਂ ਤੇ ਔਕੜ ਆਈ (ਜਿਸਦੇ ਉਹ ਆਪਣੇ ਹੀ ਕਾਰਣ ਦੱਸਦੇ ਹਨ, ਪਰ ਕਹਿੰਦੇ ਹਨ ਕਿ ਅਜੇ ਵੀ ਉਹ ਨਦੀ ਧਰਤੀ ਹੇਠਾਂ ਕਾਇਮ ਹੈ) ਤਾਂ ਉਹ ਸਰਸਵਤੀ ਦਾ ਇਲਾਕਾ ਛੱਡ ਗਏ। ਉਹ ਹੜੱਪਨ ਸੱਭਿਅਤਾ ਦਾ ਖਤਮ ਹੋਣਾ ਨਹੀਂ ਮੰਨਦੇ, ਬਲਕਿ ਕਹਿੰਦੇ ਹਨ ਕਿ ਉਹੀ ਵਿਕਸਿਤ ਲੋਗ ਹੀ ਪਰੂਬ ਵੱਲ, ਜਮਨਾ-ਗੰਗਾ ਦੇ ਕਿਨਾਰਿਆਂ ਤੇ ਜਾ ਵੱਸੇ ਅਤੇ ਵੈਦਿਕ ਸੱਭਿਅਤਾ ਨੂੰ ਅੱਗੋਂ ਚਲਾਉਣ ਲੱਗੇ। ਉਨ੍ਹਾਂ ਵੱਲੋਂ ਕੁਝ ਮਿਥਿਹਾਸਕ ਰਚਨਾਵਾਂ ਨੂੰ ਉਸ ਸਮੇਂ ਵਿੱਚ ਵਾਪਰਦੀਆਂ ਘਟਨਾਵਾਂ ਦਰਸਾਇਆ ਜਾਂਦਾ ਹੈ (ਜਦੋਂ ਕਿ ਉਨ੍ਹਾਂ ਵਿੱਚ ਵਰਤੀਆਂ ਗਈਆਂ ਧਾਤਾਂ ਜਾਂ ਉਪਕਰਣ ਆਦਿ, ਧਰਤੀ ਤੇ ਓਦੋਂ ਅਜੇ ਉਪਲਭਦ ਹੀ ਨਹੀਂ ਸਨ ਹੋਏ)। ਮੂਲ-ਵਾਸੀ ਪੱਖੀਆਂ ਦਾ ਇੱਕ ਅਨੁਮਾਨ ਇਹ ਹੈ ਕਿ ਮਹਾਂਭਾਰਤ ਜੰਗ 3137 ਸਾਲ ਈਸਾ ਪੂਰਵ ਲੜੀ ਗਈ, ਪਰ ਪੁਰਾਤੱਤਵ ਦੀ ਖੋਜ ਅਨੁਸਾਰ ਉਹ ਤਾਂ ਅਜੇ ਮੁਢਲੇ ਹੜੱਪਾ ਕਾਲ ਦਾ ਸਮਾਂ ਸੀ !

 ਪੁਰਾਤੱਤਵ ਵਿਭਾਗ ਵੱਲੋਂ ਮਹਾਂਭਾਰਤ ਕਾਲ ਦਾ ਸਮਾਂ ਜਾਨਣ ਵਾਸਤੇ ਹਸਤਨਾਪੁਰ ਦੀ ਢੰਗ ਨਾਲ ਖੁਦਾਈ ਕੀਤੀ ਗਈ। ਉਸ ਖੁਦਾਈ ਵਿੱਚ ਸਭ ਤੋਂ ਪੁਰਣੇ ਯੁੱਗ (2000 ਤੋਂ 1500 ਬੀ ਸੀ) ਦੇ ਸਬੂਤ ਮਿਲੇ। ਉਸ ਵਿੱਚ ਗੇਰੂਏ ਰੰਗ ਦੀਆਂ ਠੀਕਰਾਂ, ਤਾਂਬੇ ਦੀਆਂ ਛੁਰੀਆਂ ਆਦਿਕ ਮਿਲੀਆਂ ਸਨ। ਇਹੀ ਵਸਤਾਂ ਜਾਂ ਨਿਸ਼ਾਨੀਆਂ ਉੱਤਰ-ਹੜੱਪਾ ਕਲਚਰ ਜਾਂ ਲੇਟ-ਹੜੱਪਾ ਕਾਲ ਦੇ ਬਾੜਾ ਕਲਚਰ (ਰੋਪੜ ਕੋਲ) ਵਿੱਚ ਵੀ ਮੌਜੂਦ ਹਨ। ਫਿਰ 4-ਕੁ ਸੌ ਸਾਲ ਦਾ ਹਨੇਰਾ ਕਾਲ ਆਉਂਦਾ ਹੈ (ਭਾਵ ਉਸ ਵਿੱਚ ਕੁਝ ਨਹੀਂ ਮਿਲਦਾ)। ਦੂਜੇ ਕਾਲ (1100-900 ਬੀ ਸੀ) ਦੀਆਂ ਪਰਤਾਂ ਚੋਂ ਇੱਕ ਖਾਸ ਕਿਸਮ ਦੀ ਪੌਟਰੀ ਮਿਲਦੀ ਹੈ ਜਿਸਨੂੰ ਪੇਂਟਡ-ਗਰੇ-ਵੇਅਰ  ਕਿਹਾ ਜਾਂਦਾ ਹੈ। ਇਹ ਹਲਕੇ ਜਾਂ ਗੂਹੜੇ ਸਲੇਟੀ ਰੰਗ ਦੀ ਹੁੰਦੀ ਹੈ ਅਤੇ ਇਸਤੇ ਕਾਲੇ ਰੰਗ ਦੀ ਮੀਨਾਕਾਰੀ ਕੀਤੀ ਹੁੰਦੀ ਹੈ। ਇਸਦੇ ਨਾਲ ਹੀ ਲੋਹੇ ਦਾ ਯੁੱਗ ਆਰੰਭ ਹੋ ਜਾਂਦਾ ਹੈ ਕਿਉਂਕਿ ਜੰਗਾਲੇ ਲੋਹੇ ਦੇ ਕੁਝ ਔਜਾਰ ਵੀ ਨਾਲ ਹੀ ਮਿਲੇ ਸਨ। ਘੋੜੇ ਤੇ ਹੋਰ ਪਸ਼ੂਆਂ ਦੀਆਂ ਹੱਡੀਆਂ ਦੇ ਅੰਸ਼ ਵੀ ਮਿਲੇ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਦੁਧਾਰੂ ਪਸ਼ੂਆਂ ਦੇ ਨਕਾਰਾ ਹੋਣ ਤੇ ਉਨ੍ਹਾਂ ਨੂੰ ਮਾਰਕੇ ਖਾ ਲੈਂਦੇ ਹੋਣਗੇ। ਗੰਗਾ ਵਿੱਚ ਆਏ ਹੜ੍ਹਾਂ ਕਾਰਣ ਇਹ ਵੱਸੋਂ ਤਬਾਹ ਹੋ ਗਈ।

ਫਿਰ ਤੀਜਾ ਕਾਲ ਛੇਵੀਂ ਸਦੀ ਈਸਾ ਪੂਰਵ ਦਾ ਕਾਲ ਹੈ। ਇਸ ਕਾਲ ਦੇ ਲੋਗ ਉੱਨਤ ਕਿਸਮ ਦੀ ਪੌਟਰੀ ਬਣਾਉਨ ਲੱਗ ਪਏ ਸਨ। ਇਹ ਕਾਲ ਬੁੱਧ ਧਰਮ, ਮਹਾਵੀਰ ਧਰਮ ਅਤੇ ਮਹਾਜਨਪਦਾਂ ਦਾ ਸਮਾਂ ਵੀ ਸੀ, ਅਤੇ ਖੁਦਾਈ ਚੋਂ ਸਭ ਕੁਝ ਮਿਲਦਾ ਹੈ। ਚੌਥੇ ਕਾਲ (ਦੂਜੀ ਸਦੀ ਪੂਰਵ ਈਸਾ ਤੋਂ ਤੀਜੀ ਸਦੀ ਈਸਾ ਬਾਅਦ) ਦੀਆਂ ਪਰਤਾਂ ਚੋਂ ਕੁਸ਼ਾਨਾਂ ਦੇ ਆਸਾਰ ਮਿਲਦੇ ਹਨ। ਸਭ ਖੁਦਾਈਆਂ ਚੋਂ ਸਮੇਂ ਅਨੁਸਾਰ ਲਗਭਗ ਇਹੋ ਜਿਹਾ ਕਲਚਰ ਹੀ ਮਿਲਦਾ ਹੈ। ਮਹਾਂਭਾਰਤ ਕਾਲ ਦੇ ਸਿੱਧੇ ਆਸਾਰ ਕਿਧਰੇ ਨਹੀਂ ਮਿਲੇ। ਪੁਰਾਤੱਤਵ ਸ਼ਾਸਤਰੀ ਬੀ ਬੀ ਲਾਲ ਨੇ ਸੰਨ 2012 ਵਿੱਚ ਦਰੁਪਦੀ ਟਰੱਸਟ ਦੇ ਇੱਕ ਅੰਤਰਰਾਸ਼ਟਰੀ ਸੈਮੀਨਾਰ ਵਿੱਚ ਕਿਹਾ ਸੀ ਕਿ ਮਹਾਂਭਾਰਤ ਦਾ ਕਾਲ 900 ਬੀ ਸੀ ਦੇ ਨੇੜੇ ਦਾ ਹੋ ਸੱਕਦਾ ਹੈ, ਜਦੋਂ ਕਿ ਪੇਂਟਡ ਗਰੇ ਵੇਅਰ  ਦਾ ਸਮਾਂ ਵੀ ਸੀ। ਮੂਲ-ਵਾਸੀ ਪੱਖੀਆਂ ਦੇ ਕਈ ਕਥਨਾਂ ਵਿੱਚ ਵਿਰੋਧਾਭਾਸ ਹੈ, ਪਰ ਉਹ ਕੇਵਲ ਭਾਵਾਤਮਿਕ ਸੰਵੇਦਨਾ ਹੇਠ ਆਪਣੀ ਗੱਲ ਨੂੰ ਮਨਾਉਣਾ ਚਾਹੁੰਦੇ ਹਨ।

ਉਹ ਇਹ ਪੁੱਛਦੇ ਹਨ ਕਿ ਜੇ ਵੇਦ 1500 ਬੀ ਸੀ ਤੋਂ ਬਾਅਦ ਰਚਿਆ ਗਿਆ ਹੈ ਤਾਂ ਰਿਗ ਵੇਦ ਵਿੱਚ ਜੋ ਬਾਰ ਬਾਰ ਸਰਸਵਤੀ ਦਾ ਜ਼ਿਕਰ ਆਉਂਦਾ ਹੈ, ਉਹ ਤਾਂ ਪਹਿਲਾਂ ਹੀ ਖਤਮ ਹੋ ਗਈ ਸੀ, ਉਸਦਾ ਕੀ ਜਵਾਬ ਹੈ? ਵੈਸੇ ਜਿਵੇਂ ਕਿ ਕੈਂਬ੍ਰਿਜ ਯੁਨੀਵਰਸਿਟੀ ਦੇ ਭਾਰਤੀ ਪੂਰਵ ਇਤਿਹਾਸ ਦੇ ਮਾਹਰ ਇੱਕ ਪ੍ਰਸਿੱਧ ਪੁਰਾਤੱਤਵ ਵਿਗਿਆਨੀ ‘ਰੇਮਾਂਡ ਆਲਚਿਨ’ ਨੇ ਆਪਣੀ ਪੁਸਤਕ (ਦੀ ਰਾਈਜ਼ ਆਫ਼ ਸਿਵਿਲਾਈਜ਼ੇਸ਼ਨ ਇਨ ਇੰਡੀਆ ਐਂਡ ਪਾਕਿਸਤਾਨ) ਵਿੱਚ ਸਬੂਤਾਂ ਸਹਿਤ ਸਿੱਧ ਕੀਤਾ ਹੈ, ਕਿ ਇੰਡੋ-ਏਰੀਅਨ ਭਾਸ਼ਾ ਬੋਲਣ ਵਾਲੇ ਆਰੀਆਂ ਦੇ ਪਹਿਲੇ ਗਰੁੱਪ 2000 ਬੀ ਸੀ ਤੋਂ ਪਹਿਲਾਂ ਹੀ ਉੱਤਰ-ਪੱਛਮੀ ਭਾਰਤ ਵਿੱਚ ਦਾਖਲ ਹੋਣੇ ਸ਼ੁਰੂ ਹੋ ਗਏ ਸਨ, ਵਿਸ਼ਾਲ ਰੂਪ ਵਿੱਚ ਵਗਦੀ ਸਰਸਵਤੀ (ਘੱਗਰ-ਹਕਰਾ) ਉਨ੍ਹਾਂ ਦੀ ਯਾਦ ਵਿੱਚ ਜਰੂਰ ਹੋਵੇਗੀ, ਇਸ ਲਈ ਰਿਗ ਵੇਦ ਵਿੱਚ ਉਸਦਾ ਜ਼ਿਕਰ ਹੋਣਾ ਮੁਮਕਿਨ ਹੀ ਹੈ!

ਹੜੱਪਨ ਸੱਭਿਅਤਾ ਦਾ ਭਾਰਤੀ ਉਪ-ਮਹਾਂਦੀਪ ਵਿੱਚ ਪ੍ਰਫੁਲਤ ਹੋਕੇ ਖਤਮ ਹੋਣਾ:
ਸਾਰੀ ਧਰਤੀ ਤੇ ਆਖਰੀ ਬਰਫ਼ਾਨੀ ਯੁੱਗ ਕੋਈ ਦਸ-ਕੁ ਹਜਾਰ ਸਾਲ ਪਹਿਲਾਂ ਖਤਮ ਹੋਇਆ ਸੀ। ਹਿਮਾਲਾ ਵਿੱਚ ਨੀਵੇਂ ਇਲਾਕਿਆਂ ਤੱਕ ਪੁੱਜ ਚੁਕੇ ਬਰਫਾਨੀ ਤੋਦੇ ਵੀ ਹੌਲੀ ਹੌਲੀ ਖਤਮ ਹੋ ਗਏ, ਜਿਨ੍ਹਾਂ ਨੇ ਵੱਡੇ ਵੱਡੇ ਹੜ੍ਹ ਵੀ ਲਿਆਂਦੇ ਅਤੇ ਧਰਤੀ ਤੇ ਲੰਬਾ ਸਮਾਂ ਪਾਣੀ ਵੀ ਵਗਦੇ ਰਹੇ। ਪਰ ਸਰਦੀ ਘਟਣ ਕਰਕੇ ਮਨੁੱਖ ਦਾ ਇਸ ਖੇਤਰ ਵਿੱਚ ਆਉਣ ਦਾ ਰਸਤਾ ਖੁੱਲ੍ਹ ਗਿਆ। ਓਦੋਂ ਨਿਓਲਿਥਕਿ  ਕਾਲ ਸੀ ਜਦੋਂ ਕਿ ਘਸੇ ਹੋਏ ਪੱਥਰ ਸੰਦ ਵਰਤਨੇ ਸ਼ੁਰੂ ਹੋ ਗਏ ਸਨ। ਉਹ ਨਿਓਲਿਥਿਕ  ਲੋਗ ਸਾਰੇ ਭਾਰਤੀ ਉਪ-ਮਹਾਂਦੀਪ ਵਿੱਚ ਫੈਲ ਗਏ। ਬਲੋਚਿਸਥਾਨ, ਅਫਗਾਨਿਸਤਾਨ ਅਤੇ ਹੋਰ ਸਥਾਨਾਂ ਤੋਂ ਵੀ ਸ਼ੁਰੂ ਸ਼ੁਰੂ ਦੇ ਸਥਾਪਿਤ ਹੋਏ ਵਸਨੀਕਾਂ ਦੇ ਸਬੂਤ ਮਿਲੇ ਹਨ। ਇਹ ਸਾਰਾ ਕਾਲ ਅੱਜ ਤੋਂ 7-8 ਹਜਾਰ ਸਾਲ ਪਹਿਲਾਂ ਦਾ ਹੈ। ਸਿੰਧੂ ਘਾਟੀ ਦੀ ਪੱਛਮੀ ਸਰਹੱਦ ਦੇ ਨਾਲ ਨਾਲ ਪਹਾੜੀ ਇਲਾਕੇ ਵਿੱਚ ਵਿੱਚ ਵੱਸਦੇ ਇਨ੍ਹਾਂ ਖੇਤੀਕਾਰ ਕਬੀਲਿਆਂ ਚੋਂ ਮੁਢਲੀ ਹੜੱਪਨ ਸੱਭਿਅਤਾ ਉੱਭਰੀ, ਤੇ ਲਗਭਗ 5200 ਸਾਲ ਤੋਂ 4500 ਸਾਲ ਪੂਰਵ ਤੱਕ ਕਈ ਪਾਸੇ ਫੈਲ ਗਈ। ਇਸ ਕਾਲ ਦੌਰਾਨ ਮਿੱਟੀ ਦੇ ਪਕਾਏ ਭਾਂਡਿਆਂ ਦੀ ਵਿਸ਼ੇਸ਼ਤਾ ਅਡਰੀ ਹੀ ਸੀ। ਉਹ ਤਾਂਬਾ ਵੀ ਵਰਤਣ ਲੱਗ ਪਏ ਸਨ। ਪੱਥਰ ਦੇ ਤਿੱਖੇ ਬਲੇਡ ਛੁਰੀਆਂ ਆਦਿ ਨਾਲੋ ਨਾਲ ਵਰਤੋਂ ਵਿੱਚ ਲਿਆਉਂਦੇ ਸਨ। ਓਦੋਂ ਕੱਚੇ ਘਰ ਬਨਣੇ ਸ਼ੁਰੂ ਹੋ ਗਏ ਸਨ। ਇਹ ਸੱਭਿਅਤਾ ਫਿਰ ਵਿਕਸਿਤ ਫੇਜ਼ ਵੱਲ ਵਧਣ ਲੱਗੀ ਜੋ ਕਿ ਕਰੀਬ 4500 ਤੋਂ 3900 ਸਾਲ ਈਸਾ ਪੂਰਵ ਤੱਕ ਪੂਰੇ ਜੋਬਨ ਵਿੱਚ ਕਾਇਮ ਰਹੀ। ਬਹੁਤ ਸੋਹਣੀ ਬੁੱਤ ਕਲਾ, ਇਮਾਰਤੀ ਰਚਨਾ ਤੇ ਸਾਰਾ ਵਸਤੂ ਕਲਚਰ ਬਹੁਤ ਉੱਨਤ ਹੋ ਗਿਆ। ਇਹ ਸੱਭਿਅਤਾ ਸਿੰਧੂ ਘਾਟੀ ਅਤੇ ਘੱਗਰ-ਹਕਰਾ (ਹਕਰਾ ਘੱਗਰ ਦਾ ਹੀ ਪਾਕਿਸਤਾਨੀ ਨਾਮ ਹੈ) ਜਾਂ ਕਹਿ ਲਵੋ ਸਰਸਵਤੀ (ਜੋ ਕਿ ਘੱਗਰ-ਹਕਰਾ ਹੀ ਸਨ) ਤੇ ਦ੍ਰਿਸ਼ਟਾਵਦੀ (ਦੋਨੋ ਹੁਣ ਸੁੱਕ ਚੁੱਕੀਆਂ ਹਨ) ਦੇ ਕਿਨਾਰੇ ਹੀ ਵਿਕਸਿਤ ਹੋਈ, ਜਦੋਂ ਕਿ ਵੀਰਾਨੇ ਦਾ ਕਾਲ ਵੀ ਵਧ ਰਿਹਾ ਸੀ। ਫਿਰ ਕਰੀਬ 3900 ਸਾਲ ਪੂਰਵ ਘੋਰ ਕਾਲ ਪੈ ਗਏ ਤੇ ਨਦੀਆਂ ਸੁੱਕਣ ਲੱਗੀਆਂ। ਇਹ ਸਮਾਂ ਏਨੀ ਵਿਕਸਿਤ ਸੱਭਿਅਤਾ ਵਾਸਤੇ ਨਾਕਾਰਤਮਕ ਸਿੱਧ ਹੋਇਆ। ਇਹ ਲੋਗ ਉੱਜੜ ਗਏ ਤੇ ਆਪਣੇ ਇਲਾਕੇ ਛੱਡ ਕੇ ਪੂਰਬ/ਉੱਤਰ ਵੱਲ ਨਿਕਲ ਗਏ। ਉੱਨਤ ਕਲਚਰ ਖਤਮ ਹੋ ਗਿਆ। ਲੋਕਾਂ ਨੂੰ ਲਿਖਤ-ਲਿੱਪੀ ਵੀ ਭੁੱਲ ਗਈ ਜੋ ਕਿ ਉੱਨਤ ਕਾਲ ਸਮੇਂ ਵਿਕਸਿਤ ਹੋਈ ਸੀ। ਵਿਸ਼ੇਸ਼ ਗੱਲ ਇਹ ਹੋਈ ਕਿ ਦੂਰ ਦਰਾਜ਼ ਦਾ ਵਪਾਰ ਬਿਲਕੁਲ ਖਤਮ ਹੋ ਗਿਆ ਤੇ ਲੇਟ ਹੜੱਪਨ ਆਪਣੇ ਪੁਰਾਣੇ ਸਥਾਨ ਛੱਡਕੇ ਓਧਰ ਚਲੇ ਗਏ ਜਿੱਥੇ ਕਿ ਅਜੇ ਵੀ ਮੀਂਹ ਵਰ੍ਹਦੇ ਸਨ। ਇਸੇ ਕਾਰਨ ਸ਼ਿਵਾਲਿਕ ਪਹਾੜੀਆਂ ਜਾਂ ਉਨ੍ਹਾਂ ਦੇ ਦਾਮਨ ਵਿੱਚ ਪੁਰਾਤਨ ਨਦੀਆਂ (ਜੋ ਹੁਣ ਰਾਹ ਬਦਲ ਗਈਆਂ ਹਨ) ਕਿਨਾਰੇ ਲੇਟ-ਹੜੱਪਨ ਵਸੇਬਿਆਂ ਦੀਆਂ ਬਹੁਤ ਸਾਰੀਆਂ ਪੂਰਵ ਇਤਿਹਾਸਕ ਸਾਈਟਾਂ ਮਿਲਦੀਆਂ ਹਨ ।

ਸਰਸਵਤੀ ਨਦੀ ਦਾ ਭੇਦ:
ਕੀ ਸਰਸਵਤੀ ਹਿਮਾਲੀਆ ਦੇ ਗਲੇਸ਼ੀਅਰਾਂ ਚੋਂ ਨਿਕਲਦੀ ਸੀ? ਮਿਥਹਾਸਕ ਰਚਨਾਵਾਂ ਚੋਂ ਇੱਕ ਵਿੱਚ ਇਸ ਨੂੰ ਬ੍ਰਹੰਮਾਂ ਦੇ ਸਰੀਰ ਚੋਂ ਨਿਕਲੀ ਉਸਦੀ ਧੀ ਦੱਸਿਆ ਜਾਂਦਾ ਹੈ। ਬ੍ਰਹੰਮਾਂ ਉਸ ਦੇ ਪਿੱਛੇ ਪੈ ਗਿਆ। ਉਹ ਬ੍ਰਹੰਮਾਂ ਤੋਂ ਡਰਕੇ ਜਮੀਨ ਦੋਜ਼ ਹੋ ਗਈ ਤੇ ਫਿਰ ਕਿਧਰੇ ਕਿਧਰੇ ਪਰਗਟ ਵੀ ਹੁੰਦੀ ਰਹੀ ਹੈ। ਇੱਕ ਦੰਦ ਕਥਾ ਅਨੁਸਾਰ ਬਦਰੀਨਾਥ ਤੋਂ ਕੁਝ ਕਿਲੋਮੀਟਰ ਦੂਰ ਮੰਨਾ ਪਿੰਡ ਕੋਲ ਸਰਸਵਤੀ ਉਪਜਕੇ ਜਮੀਨਦੋਜ਼ ਹੋ ਜਾਂਦੀ ਹੈ ਅਤੇ ਅਲਾਹਾਬਾਦ ਦੇ ਪਰਿਆਗ ਕੋਲ ਪਰਗਟ ਹੁੰਦੀ ਹੈ। ਕੁਝ ਲੋਕਾਂ ਦਾ ਕਲੇਮ ਹੈ ਕਿ ਸਰਸਵਤੀ ਰੁਪਿਨ-ਸੁਪਿਨ ਗਲੇਸ਼ੀਅਰ (ਸਤਲੁਜ ਤੇ ਜਮਨਾ ਦੇ ਸ੍ਰੋਤਾਂ ਵਿਚਾਲੇ) ਚੋਂ ਨਿਕਲਦੀ ਹੈ ਤੇ ਹੇਠਲੀਆਂ ਰੇਂਜਾਂ ਚੋਂ (ਸ਼ਾਇਦ ਜਮੀਨ ਹੇਠਾਂ ਹੀ) ਗੁਜ਼ਰਕੇ ਯਮੁਨਾਨਗਰ ਦੀ ਸ਼ਿਵਾਲਿਕ ਰੇਂਜ ਵਿੱਚ ਸਥਿਤ ਅਦੀ ਬਾਦਰੀ ਕੋਲ ਜਾਕੇ ਨਿਕਲਦੀ ਹੈ। ਜਮਨਾ ਪਹਿਲਾਂ ਸਰਸਵਤੀ ਦੀ ਸਹਾਇਕ ਨਦੀ ਸੀ ਤੇ ਫਿਰ ਟੈਕਟਾਨੀ ਕਿਰਿਆ ਕਰਕੇ ਗੰਗਾ ਵੱਲ ਮੂੰਹ ਮੋੜ ਗਈ ਤੇ ਸਤਲੁੱਜ ਨੇ ਵੀ ਇੰਜ ਹੀ ਕੀਤਾ। ਮੂਲ-ਵਾਸੀ ਪੱਖੀ ਕੁਝ ਜਿਆਲੋਜਿਸਟਾਂ  ਦਾ ਇਹ ਵੀ ਕਲੇਮ ਹੈ ਤੇ ਉਨ੍ਹਾਂ ਨੇ ਸੈਟੇਲਾਈਟ ਇਮੇਜ ਪ੍ਰਾਪਤ ਕੀਤੇ ਹੋਏ ਹਨ ਜੋ ਉਨ੍ਹਾਂ ਅਨੁਸਾਰ ਸਪਸ਼ਟ ਕਰਦੇ ਹਨ ਕਿ ਸਰਸਵਤੀ ਧਰਤੀ ਹੇਠਾਂ ਅਜੇ ਵੀ ਮੌਜੂਦ ਹੈ। ਸਰਸਵਤੀ ਬਾਰੇ ਇਹ ਵੀ ਤਾਂ ਮੰਨਿਆ ਜਾਂਦਾ ਹੈ ਕਿ ਘੱਗਰ-ਹਕਰਾ ਹੀ ਕਦੀ ਸਰਸਵਤੀ ਸਨ। ਸੈਟੇਲਾਈਟ ਇਮੇਜ  ਤੋਂ ਉਨ੍ਹਾਂ ਨੇ ਜਮੀਨ ਦੋਜ਼ ਪਾਣੀ ਕਿਤੇ ਕਿਤੇ ਦੇਖਿਆ ਹੈ, ਘੱਗਰ-ਹਕਰਾ ਖਤਮ ਹੋ ਗਏ ਸਨ, ਫਿਰ ਇਮੇਜਜ਼ ਵਿੱਚ ਉਨ੍ਹਾਂ ਹੇਠ ਬਚਿਆ ਪਾਣੀ ਹੀ ਹੋਵੇਗਾ। ਵੈਸੇ ਅਜਿਹੇ ਜਮੀਨ ਦੋਜ਼ ਪਾਣੀ ਅਨੇਕਾਂ ਰਾਹ ਬਦਲ ਚੁੱਕੀਆਂ ਨਦੀਆਂ ਦੇ ਇਲਾਕਿਆਂ ਵਿੱਚ ਦੇਖੇ ਜਾ ਸੱਕਦੇ ਹਨ। ਜਿੱਥੋਂ ਵੀ ਧਰਤੀ ਪੁੱਟੋ, ਕਿਸੇ ਨਾ ਕਿਸੇ ਡੂੰਘਾਈ ਤੇ ਪਾਣੀ ਮਿਲ ਜਾਂਦਾ ਹੈ। ਪਰ ਸੈਟੇਲਾਈਟ  ਤੋਂ ਉਸਦੀ ਉਮਰ ਨਹੀਂ ਕੱਢੀ ਜਾ ਸੱਕਦੀ।

ਮੂਲ-ਵਾਸੀ ਪੱਖੀ ਵਿਚਾਰਧਾਰਾ ਅਨੁਸਾਰ ਰਿਸ਼ੀ ਮਨੂੰ ਨੇ ਭਾਰਤ ਦੀ ਸਭ ਤੋਂ ਵਿਸ਼ਾਲ ਸਰਸਵਤੀ ਅਤੇ ਦ੍ਰਿਸ਼ਦਵਟੀ ਨਦੀ ਵਿਚਾਲੇ ਹੀ ਵੈਦਿਕ ਸੱਭਿਅਤਾ ਆਰੰਭ ਕੀਤੀ ਸੀ।

ਕੇਂਦਰ ਸਰਕਾਰ ਨੇ 2002 ਵਿੱਚ ਤੇ ਹੁਣੇ ਪਿੱਛੇ ਜਹੇ ਬਾਅਦ ਵਿੱਚ ਹਰਿਆਣਾ ਸਰਕਾਰ ਨੇ ਵੀ ਕਰੋੜਾਂ ਰੁਪਏ ਸਰਸਵਤੀ ਨੂੰ ਨਵੇਂ ਸਿਰਿਓਂ ਖੋਦਣ ਲਈ ਸੈਂਕਸ਼ਨ ਕੀਤੇ ਹਨ। ਅਦੀ ਬਾਦਰੀ ਨੇੜੇ ਸਥਿਤ ਮੁਗਲਾਂਵਾਲੀ ਕੋਲ (ਇੱਕ ਛੋਟੀ ਜਿਹੀ ਪਹਾੜੀ ਦੇ ਦਾਮਨ ਵਿੱਚ) ਇੱਕ ਸਥਾਨ ਤੋਂ 7 ਤੋਂ 10 ਫੁੱਟ ਤੱਕ ਡੂੰਘੇ ਟੋਏ ਪੁੱਟ ਕੇ ਜਮੀਨ ਦੋਜ਼ ਪਾਣੀ ਲੱਭਾ ਹੈ, ਤੇ ਕਲੇਮ ਕੀਤਾ ਜਾ ਰਿਹਾ ਹੈ ਕਿ ਇਹ ਮਿੱਠਾ ਪਾਣੀ ਹਜ਼ਾਰਾਂ ਸਾਲ ਪੁਰਾਣਾ ਹੈ, ਤੇ ਅਖਬਾਰਾਂ ਵਿੱਚ ਛਾ ਗਿਆ ਸੀ ਕਿ ਸਰਸਵਤੀ ਲੱਭ ਗਈ (ਵੈਸੇ ਇਸ ਸਾਲ ਅਪ੍ਰੈਲ ਦੌਰਾਨ ਬੜੇ ਮੀਂਹ ਪਏ ਸਨ ਤੇ ਇਹ ਪਾਣੀ ਉੱਪਰੋਂ ਸਿੰਮ ਕੇ ਵੀ ਹੇਠਾਂ ਆਇਆ ਹੋ ਸੱਕਦਾ ਹੈ, ਤੇ ਨਾਲ ਹੀ ਇਹ 3-ਕੁ ਕਿਲੋਮੀਟਰ ਦੂਰ ਵਗਦੀ ਬਰਸਾਤੀ ਨਦੀ ‘ਸੋਮ’ ਦੀ ਪੁਰਾਣੀ ਚੈਨਲ ਦਾ ਸਥਾਨ ਵੀ ਹੈ)। ਉੱਥੇ ਹੁਣ ਬਣਾਉਟੀ ਸਰਸਵਤੀ ਨਦੀ ਪੁੱਟੀ ਜਾ ਰਹੀ ਹੈ ਜਿਸ ਵੱਲ ਬਰਸਾਤਾਂ ਦੌਰਾਨ ਨਾਲ ਵਗਦੀ ਸੋਮ ਨਦੀ ਦੇ ਪਾਣੀ ਮੋੜਿਆ ਜਾਵੇਗਾ ਅਤੇ ਸੈਂਕੜੇ ਕਿਲੋਮੀਟਰ ਲੰਬੇ ਰਾਹ ਵਿੱਚ ਲੱਖਾਂ ਟਿਊਬਵੈਲ ਲਾਕੇ ਸਰਸਵਤੀ ਨੂੰ ਮੁੜ-ਸੁਰਜੀਤ ਕੀਤਾ ਜਾਵੇਗਾ (ਹਰਿਆਣੇ ਵਿੱਚ ਧਰਤ ਹੇਠਲੇ ਪਾਣੀ ਦੀ ਪਹਿਲਾਂ ਹੀ ਘਾਟ ਹੈ)। ਮੂਲ-ਵਾਸੀ ਪੱਖੀਆਂ ਦੇ ਪ੍ਰਭਾਵ ਅਧੀਨ ਬਹੁਤ ਸਾਰੇ ਪ੍ਰਾਜੈਕਟ ਬਣਾਏ ਜਾ ਰਹੇ ਹਨ ਜੋ (ਉਨ੍ਹਾਂ ਦੇ ਕਹਿਣ ਅਨੁਸਾਰ) 7-8 ਹਜਾਰ ਸਾਲ ਪੁਰਾਣੀ ਭਾਰਤ ਦੀ ਵੈਦਿਕ ਸੱਭਿਅਤਾ ਨੂੰ ਸਰਸਵਤੀ ਦੇ ਨਾਲ ਹੀ ਲੋਕਾਂ ਸਾਹਮਣੇ ਪੇਸ਼ ਕੀਤਾ ਜਾਏਗਾ, ਤੇ ਮੁੱਖ ਧਾਰਾ ਦੇ ਇਤਿਹਾਸਕਾਰਾਂ ਨੂੰ ਕਿਸੇ ਨਾ ਕਿਸੇ ਤ੍ਹਰਾਂ ਗਲਤ ਸਿੱਧ ਕੀਤਾ ਜਾਏਗਾ।

ਹੁਣੇ ਹੁਣੇ ਦੁਨੀਆ ਦੇ ਪ੍ਰਸਿੱਧ 15 ਵਿਗਿਆਨੀਆਂ ਨੇ (ਜਿਨ੍ਹਾਂ ਵਿੱਚ ਭੂ-ਵਿਗਿਆਨੀ, ਪੁਰਾਤੱਤਵ ਵਿਗਿਆਨੀ ਵੀ ਸ਼ਾਮਲ ਸਨ) ਸਰਸਵਤੀ ਨਾਲ ਸਬੰਧਿਤ ਇੱਕ ਤਾਜ਼ਾ ਖੋਜ ਕੀਤੀ ਹੈ ਜੋ ਕਿ ਸੁਪ੍ਰਸਿੱਧ ਅੰਤਰਰਾਸ਼ਟਰੀ ਖੋਜ ਪੱਤ੍ਰਿਕਾ ‘ਪ੍ਰੋਸੀਡਿੰਗਜ਼ ਆਫ ਨੈਸ਼ਨਲ ਅਕੈਡਮੀ ਆਫ ਸਾਂਇਸਿਜ਼’  ਵਿੱਚ ਸੰਨ 2012 ਵਿੱਚ ਛਪੀ ਹੈ। ਉਨ੍ਹਾਂ ਵਿਗਿਆਨੀਆਂ ਨੇ ਉੱਚ ਕੋਟੀ ਦੀਆਂ ਵਿਗਿਆਨਕ ਤਕਨੀਕਾਂ ਵਰਤਕੇ ਇਹ ਸਿੱਧ ਕੀਤਾ ਹੈ ਕਿ ਸਰਸਵਤੀ ਜਾਂ ਘੱਗਰ-ਹਕਰਾ ਵਾਕਈ ਇੱਕ ਬਹੁਤ ਵਿਸ਼ਾਲ ਨਦੀ ਸੀ, ਪਰ ਇਹ ਉੱਚ ਹਿਮਾਲਾ ਦੇ ਗਲੇਸ਼ੀਅਰਾਂ ਚੋਂ ਨਹੀਂ ਸੀ ਨਿਕਲਦੀ, ਬਲਕਿ ਲੰਬੇ ਸਮੇਂ ਲਈ ਵਗੀ ਇੱਕ ਬਰਸਾਤੀ ਨਦੀ ਸੀ ਜੋ ਕਿ ਸ਼ਿਵਾਲਿਕ ਪਹਾੜੀਆਂ ਚੋਂ ਹੀ ਨਿਕਲਦੀ ਸੀ। ਜੇਕਰ ਉਹ (ਮੂਲ-ਵਾਸੀ ਪੱਖੀਆਂ ਦੇ ਕਹਿਣ ਅਨੁਸਾਰ) ਹਜਾਰਾਂ ਸਾਲਾਂ ਤੋਂ ਸਤਲੁਜ ਅਤੇ ਯਮੁਨਾ ਦੇ ਵਿਚਕਾਰ ਪੈਂਦੇ ਥਲਾਂ ਵਿੱਚ ਵਗੀ ਹੁੰਦੀ ਤਾਂ ਕਿਧਰੇ ਡੂੰਘੀਆਂ ਖੁਣੀਆਂ ਘਾਟੀਆਂ ਦੇ ਆਸਾਰ ਵੀ ਹੁੰਦੇ! ਪ੍ਰਸਿੱਧ ਜਿਓ-ਆਰਕਿਆਲੋਜਿਸਟਾਂ, ਸੂਰਜ ਭਾਨ ਅਤੇ ਆਰ ਸੀ ਠਾਕੁਰਨ ਅਨੁਸਾਰ ਜੇਕਰ ਕੋਈ ਵੱਡਾ ਦਰਿਆ ਹਜਾਰਾਂ ਸਾਲ ਲਗਾਤਾਰ ਵਗਦਾ ਰਿਹਾ ਹੋਵੇ ਤਾਂ ਉਸਦੇ ਹੜ੍ਹ-ਸਥਲ ਹੇਠ ਕਈ ਫੁਟਾਂ ਤੱਕ ਰੇਤਾ ਮਿਲੇਗੀ ਤੇ ਇਹੀ ਉਸ ਦਰਿਆ ਦੀ ਪ੍ਰਾਚੀਨ ਸਮੇਂ ਤੋਂ ਵਿਸ਼ਾਲਤਾ ਨੂੰ ਦਰਸਾਏਗੀ। ਚੌੜੀ ਘੱਗਰ ਵਾਦੀ ਵਿੱਚ ਅਜਿਹਾ ਕੁਝ ਨਹੀਂ ਹੈ ਤੇ ਜੋ ਕੁਝ ਹੈ, ਉਹ ਕੁਝ ਲੰਬਾ ਸਮਾ ਵਗੀ ਵਿਸ਼ਾਲ ਨਦੀ ਕਰਕੇ ਹੀ ਹੈ। ਫਿਰ ਦਿੱਲੀ ਦੇ ਭੂ-ਵਿਗਿਆਨੀ ਜੇ ਕੇ ਤ੍ਰਿਪਾਠੀ ਤੇ ਸਾਥੀਆਂ ਨੇ ਕਰੰਟ ਸਾਂਇਸ  ਦੇ ਸੰਨ 2004 ਦੇ ਅਕਤੂਬਰ ਅੰਕ ਵਿੱਚ ਛਪੇ ਖੋਜ ਪੱਤਰ ਅਨੁਸਾਰ ਘੱਗਰ-ਹਕਰਾ (ਸਰਸਵਤੀ) ਦੇ ਸੁੱਕ ਚੁੱਕੇ ਚੈਨਲਾਂ ਦੀ ਰੇਤਾ/ਮਿੱਟੀ ਦਾ ਵਿਗਿਆਨਕ ਵਿਸ਼ਲੇਸ਼ਨ ਕਰਕੇ ਦੇਖਿਆ ਹੈ ਉਨ੍ਹਾਂ ਵਿਚਲੇ ਕਣ ਸ਼ਿਵਾਲਿਕ ਪਹਾੜੀਆਂ ਚੋਂ ਹੀ ਆਏ ਹਨ, ਉੱਚੇ ਹਿਮਾਲਾ ਤੋਂ ਨਹੀਂ। ਮੂਲ-ਵਾਸੀ ਪੱਖੀ ਕੁਝ ਅਰਧ-ਜਿਆਲੋਜਿਸਟ ਕਹਿੰਦੇ ਸੀ ਕਿ ਉਨ੍ਹਾਂ ਨੇ ਅਦੀ ਬਾਦਰੀ ਨੇੜੇ ਹਿਮਾਲਾ ਦੀਆਂ ਚੱਟਾਨਾਂ ਦੇ ਬਾਰੀਕ ਟੁਕੜੇ ਦੇਖੇ ਹਨ, ਪਰ ਇਹ ਟੁਕੜੇ/ਗੀਟੇ ਸਾਰੇ ਹੀ ਗੰਗਾ-ਸਿੰਧ ਮੈਦਾਨ ਵਿੱਚ ਬਚੀਆਂ ਸੁੱਕ ਚੁੱਕੀਆਂ ਨਦੀਆਂ ਵਿੱਚ ਮੌਜੂਦ ਹਨ। ਲੱਖਾਂ ਕਰੋੜਾਂ ਸਾਲ ਪਹਿਲਾਂ ਜਦੋਂ ਸ਼ਿਵਾਲਿਕ ਤੋਂ ਪਹਿਲਾਂ ਹਿਮਾਲਾ ਉੱਪਰ ਉੱਠ ਰਿਹਾ ਸੀ ਤਾਂ ਬਰਫਾਨੀ ਤੋਦਿਆਂ ਨਾਲ ਉੱਪਰਲੀਆਂ ਚੱਟਾਨਾਂ ਦਾ ਖੋਰ ਨਾਲ ਰੁੜ੍ਹਿਆ ਤੇ ਮੈਦਾਨਾਂ ਵਿੱਚ ਆ ਗਿਆ ਸੀ। ਨਾਲ ਹੀ ਕਿਸੇ ਨਦੀ ਦਾ ਪਾਣੀ ਲੰਬੀ ਦੂਰੀ ਤੱਕ ਜ਼ਮੀਨ ਦੋਜ਼ ਨਹੀਂ ਵਗ ਸੱਕਦਾ, ਜਦ ਤੱਕ ਕਿ ਸਾਰੀਆਂ ਚੱਟਾਨਾਂ ਵਿੱਚ ਜਲਦੀ ਖੁਰਨ ਵਾਲੇ ਪਦਾਰਥ ਨਾ ਹੋਣ ਜਾਂ ਪਾਣੀ ਵਗਣ ਦਾ ਰਸਤਾ ਨਾ ਹੋਵੇ। ਪਰ ਸ਼ਿਵਾਲਿਕ ਤੋਂ ਲੈਕੇ (ਕਹਿ ਲਵੋ ਅਦੀ ਬਾਦਰੀ ਤੋਂ) ਬਰਫ਼ਾਨੀ ਪਰਬਤਾਂ ਤੱਕ ਸਾਰੇ ਪਹਾੜ ਹੀ ਕੱਚੀਆਂ ਪੱਕੀਆਂ ਰੇਤੀਲੀਆ ਤਲਛੱਟੀ ਜਾਂ ਰੂਪਾਂਤਰਿਤ ਕ੍ਰਿਸਟਲੀ ਚੱਟਾਨਾਂ ਦੇ ਬਣੇ ਹਏ ਹਨ। ਉਨ੍ਹਾਂ ਨੂੰ ਖੋਰ ਕੇ ਕੋਈ ਨਦੀ ਹੇਠਾ ਨਹੀਂ ਆ ਸੱਕਦੀ। ਜੇ 4/5 ਹਜਾਰ ਸਾਲ ਪਹਿਲਾਂ ਸਰਸਵਤੀ ਪਹਾੜਾਂ ਚੋਂ ਰਾਹ ਬਣਾਕੇ ਵਗੀ ਹੁੰਦੀ, ਤਾਂ ਏਨੇ ਲੰਬੇ ਘੁੰਮ ਘੁਮਾਕੇ ਬਣਦੇ ਰਸਤੇ ਵਿੱਚ ਉਸਦੀ ਪੁਰਾਣੀ ਚੈਨਲ ਦੇ ਬਹੁਤ ਸਾਰੇ ਅੰਸ਼ ਮਿਲਨੇ ਚਾਹੀਦੇ ਸਨ। ਪਰ ਅਜਿਹਾ ਕੁਝ ਵੀ ਨਹੀਂ ਮਿਲਦਾ। ਰਾਹ ਵਿੱਚ ਤਾਂ ਲੱਖਾਂ ਕਰੋੜਾਂ ਸਾਲ ਪੁਰਾਣੀਆਂ ਉੱਚੀਆਂ ਚੱਟਾਨਾਂ ਦੀਆਂ ਪਾਲਾਂ ਹੀ ਹਨ।

ਭਾਸ਼ਾਵਾਂ ਦੇ ਸ੍ਰੋਤ ਤੋਂ ਵੀ ਆਰੀਆਂ ਦੇ ਬਾਹਰੋਂ ਆਏ ਹੋਣ ਦੇ ਕਾਰਨਾਂ ਨੂੰ ਬਲ ਮਿਲਦਾ ਹੈ। ਉੱਤਰੀ ਭਾਰਤ ਦੀਆਂ ਭਾਸ਼ਾਵਾਂ ਪੁਰਾਤਨ ਸੰਸਕ੍ਰਿਤ ਚੋਂ ਉਪਜੀਆਂ ਹਨ ਜਦ ਕਿ ਦੱਖਣ ਦੀਆਂ ਭਾਸ਼ਾਵਾਂ ਦਾ ਸ੍ਰੋਤ ਅਰਧ-ਦਰਾਵੜੀ ਭਾਸ਼ਾ ਹੈ। ਸੰਸਕ੍ਰਿਤ ਖੁਦ ਇੰਡੋ-ਯੂਰਪੀ ਭਾਸ਼ਾ ਦੀ ਸੰਤਾਨ ਹੈ। ਰਿਗ ਵੇਦ ਵਿੱਚ ਵੀ ਘੋੜਿਆਂ ਤੇ ਰੱਥਾਂ ਦਾ ਵਰਨਣ 1500 ਬੀ ਸੀ ਤੋਂ ਬਾਅਦ ਦਾ ਹੀ ਹੈ। ਹੜੱਪਨ ਸੀਲਾਂ ਤੇ ਛਾਪ ਭਾਵੇਂ ਅਜੇ ਪੜ੍ਹੀ ਨਹੀਂ ਗਈ, ਪਰ ਉਹ ਵੀ ਕਿਸੇ ਵੀ ਇੰਡੋ-ਯੂਰਪੀ ਲਿੱਪੀ ਨਾਲ ਨਹੀਂ ਮਿਲਦੀ। ਹੜੱਪਣ ਖੁਦਾਈਆਂ ਚੋਂ ਜੋ ਕੁਝ ਵੀ ਮਿਲਿਆ ਹੈ, ਸੀਲਾਂ ਵਗੈਰਾ, ਰਿਗ ਵੇਦ ਵਿੱਚ ਉਨ੍ਹਾਂ ਚੋਂ ਕਿਸੇ ਦਾ ਵੀ ਜ਼ਿਕਰ ਨਹੀਂ ਹੈ, ਜੇ ਕਰ ਰਿਗ ਵੇਦ ਹੜੱਪਣਨਾਂ ਦਾ ਸਮਕਾਲੀ ਹੁੰਦਾ ਤਾਂ ਉਨ੍ਹਾਂ ਬਾਰੇ ਉਸ ਵਿੱਚ ਕੋਈ ਵਰਨਣ ਤਾਂ ਹੁੰਦਾ।

ਮੈਂ ਉੱਪਰ ਵੀ ਦੱਸਿਆ ਹੈ ਕਿ ਕਈ ਆਰੀਆ ਲੋਕਾਂ ਦੇ ਕਈ ਗਰੁੱਪ ਸਰਸਵਤੀ (ਘੱਗਰ) ਦੇ ਸੁੱਕਣ ਤੋਂ ਪਹਿਲਾਂ ਹੀ ਏਧਰ ਆਉਣ ਲੱਗ ਪਏ ਸਨ, ਉਨ੍ਹਾਂ ਦੀ ਯਾਦਾਸ਼ਤ ਚੋਂ ਹੀ ਵਿਸ਼ਾਲ ਵਗਦੀ ਸਰਸਵਤੀ ਦੀ ਮਹਾਨਤਾ ਰਿਗ ਵੇਦ ਵਿੱਚ ਸ਼ਾਮਲ ਹੋ ਗਈ ਹੋਵੇਗੀ। ਪਰ ਨਵੀਂ ਖੋਜ ਅਨੁਸਾਰ ਆਰੀਆਂ ਦੇ ਬਾਹਰੋਂ ਆਏ ਹੋਣ ਦਾ ਵੱਡਾ ਸਬੂਤ ਮੈਂ ਅੱਗੇ ਦੱਸ ਰਿਹਾ ਹਾਂ।

ਉੱਜੜ ਚੁੱਕੇ ਲੇਟ-ਹੜੱਪਣ ਪੱਥਰ ਯੁੱਗ’ਚ ਆ ਗਏ ਸਨ:
ਸਭ ਪੁਸਤਕਾਂ, ਖੋਜ ਲੇਖਾਂ ਤੇ ਖੁਦਾਈ ਕੀਤੇ ਸਥਾਨਾਂ ਤੋਂ ਇਹ ਪ੍ਰਮਾਣ ਮਿਲਦੇ ਹਨ ਕਿ ਲੰਬੇ ਕਾਲ ਪੈਣ ਤੇ ਮੈਚਿਉਰ  (ਉੱਨਤ) ਹੜੱਪਨ ਉੱਜੜ ਗਏ ਤੇ ਉੱਤਰ-ਪੂਰਬ ਵੱਲ ਚਲੇ ਗਏ। ਉਨ੍ਹਾਂ ਦੀ ਸਾਰੀ ਵਸਤੂ/ਪਦਾਰਥਕ ਸੱਭਿਅਤਾ ਖਤਮ ਹੋ ਗਈ। ਦੁਨੀਆ ਨਾਲ ਵਪਾਰਕ ਸਬੰਧ ਵੀ ਬਿਲਕੁਲ ਟੁੱਟ ਗਏ। ਫਿਰ ਉਹ ਨਿੱਤਾਪ੍ਰਤੀ ਦੀ ਵਰਤੋਂ ਵਿੱਚ ਕਿਹੜੇ ਔਜ਼ਾਰ ਵਰਤਦੇ ਹੋਣਗੇ? ਇਹ ਕਦੀ ਕਿਸੇ ਨੇ ਸੋਚਿਆ ਹੀ ਨਹੀਂ। ਉਹ ਨਿੱਘਰ ਚੁੱਕੀ ਵੱਸੋਂ ਕਈ ਥਾਵਾਂ ਤੇ ਖਿੱਲਰ ਗਈ ਸੀ ਤੇ ਨਵੇਂ ਥਾਵਾਂ ਤੇ ਅੱਠ ਨੌਂ ਸੌ ਸਾਲ ਤੱਕ ਚੱਲਦੀ ਵੀ ਰਹੀ। ਹਜਾਰਾਂ ਖੋਜੀ ਕਿੰਨੇ ਹੀ ਲੇਟ ਹੜੱਪਨ ਥਾਵਾਂ ਦੀ ਖੁਦਾਈ ਅਤੇ ਸਤ੍ਹਾ ਤੋਂ ਖੋਜ ਕਰ ਚੁੱਕੇ ਹਨ, ਕਿਸੇ ਨੇ ਵੀ ਇਹ ਨਹੀਂ ਜਾਂਚਿਆ ਕਿ ਉਹ ਸੰਦਾਂ ਤੋਂ ਬਿਨਾ ਕਿਵੇਂ ਜਿਊਂਦੇ ਹੋਣਗੇ। ਅਸੀਂ ਪਿਛਲੇ ਦਹਾਕੇ ਦੌਰਾਨ ਲੇਟ ਹੜੱਪਨ ਥਾਵਾਂ ਦੀ ਭਰਪੂਰ ਖੋਜ ਕੀਤੀ ਤੇ ਦੇਖਿਆ ਕਿ ਕਈ ਥਾਵਾਂ ਤੋਂ ਹੜੱਪਨ ਠੀਕਰਾਂ ਦੇ ਨਾਲ ਨਾਲ ਪੱਥਰ ਦੇ ਸੰਦ ਮਿਲ ਰਹੇ ਹਨ। ਅਸੀਂ ਸੰਨ 2003-4 ਵਿੱਚ ਹਿਮਾਚਲ ਦੇ ਪਿੰਡ ਜੰਡੋਰੀ ਕੋਲ ਇੱਕ ਖੁਦਾਈ ਕੀਤੀ। ਖੁਦਾਈ ਵਿੱਚੋਂ ਹਜਾਰਾਂ ਪੱਥਰ-ਸੰਦ ਮਿਲੇ ਤੇ ਹੈਰਾਨੀ ਵਾਲੀ ਗੱਲ ਇਹ ਕਿ ਵਿੱਚੋਂ ਬਹੁਤ ਸਾਰੀਆਂ ਲੇਟ-ਹੜੱਪਨ ਠੀਕਰਾਂ ਵੀ ਮਿਲ ਗਈਆਂ (ਵੇਖੋ ਚਿੱਤਰ)। ਉਨ੍ਹਾਂ ਦੀ ਆਯੂ ਨਿਰਧਾਰਣ ਕੀਤੀ ਤਾਂ ਉਹ ਚਾਰ ਹਜਾਰ ਸਾਲ ਪੂਰਵ ਦੇ ਨੇੜੇ ਤੇੜੇ ਹੀ ਨਿਕਲੀ। ਫਿਰ ਬਾੜਾ (ਰੋਪੜ) ਦੇ ਥੇਹ ਉੱਪਰੋਂ ਸੰਨ 2006 ਵਿੱਚ ਪੱਥਰ ਦੇ ਕਈ ਸੰਦ ਚੁੱਕੇ ਅਤੇ ਉਸਦੀ ਖੁਦਾਈ (ਜੋ ਕਿ ਪੁਰਾਤੱਤਵ ਵਿਭਾਗ ਦੇ ਆਰਿਆਲੋਜਿਸਟ ਨੇ 2007 ਵਿੱਚ ਕੀਤੀ) ਵਿੱਚੋਂ ਵੀ ਬਹੁਤ ਸਾਰੇ ਉਹੋ ਜਿਹੇ ਪੱਥਰ ਸੰਦ ਮਿਲ ਗਏ। ਲੇਟ ਹੜੱਪਨ ਸਾਈਟ ਢੇਰ-ਮਾਜਰਾ (ਰੋਪੜ) ਦੇ ਢਹਿ ਚੁੱਕੇ ਥੇਹ ਵਿੱਚੋਂ ਵੀ ਬਾੜਾ-ਟਾਈਪ ਠੀਕਰਾਂ ਦੇ ਨਾਲ ਨਾਲ ਬਹੁਤ ਸਾਰੇ ਪੱਥਰ ਸੰਦ ਵੀ ਮਿਲੇ, ਜਿਨ੍ਹਾਂ ਨੂੰ ਹੁਣ ਤੱਕ ਲੱਖ ਤੋਂ ਵੱਧ ਸਾਲ ਪੁਰਾਣੇ ਸੋਆਨੀਅਨ ਟੂਲ  ਹੀ ਸਮਝਿਆ ਜਾ ਰਿਹਾ ਸੀ, ਕਿਉਂਕਿ ਆਯੂ-ਨਿਰਧਾਰਣ ਦਾ ਨਵਾਂ/ਸਹੀ ਢੰਗ ਕਿਸੇ ਨੇ ਨਹੀਂ ਸੀ ਵਰਤਿਆ। ਨੰਗਲ ਕੋਲ ਦਰਿਆ ਸੱਤਲੁਜ ਦੀਆਂ ਟੈਰੇਸਾਂ ਤੋਂ ਹੜੱਪਨ ਠੀਕਰਾਂ ਨਾਲ ਸਮਕਾਲੀ ਪੱਥਰ ਦੇ ਸੰਦ ਲੱਭ ਲਏ ਤੇ ਜਦੋਂ ਉਸ ਟੈਰੇਸ ਦਾ ਆਯੂ ਨਿਰਧਾਰਣ ਕਰਵਾਇਆ ਗਿਆ ਤਾਂ ਉਹ ਵੀ 4000 ਸਾਲ ਪੂਰਵ ਦੇ ਕਰੀਬ ਹੀ ਨਿਕਲਿਆ। ਉਹ ਸਮਾਂ ਲੇਟ ਹੜੱਪਨਾਂ ਦਾ ਹੀ ਸੀ ਪੱਥਰ-ਸੰਦ ਏਨੇ ਨੇੜੇ ਦੇ ਕਾਲ ਵਿੱਚੋਂ ਮਿਲ ਗਏ? ਸਾਨੂੰ (ਮੈਨੂੰ ਤੇ ਡਾ: ਅਨੁਜੋਤ ਸਿੰਘ ਨੂੰ) ਕਈ ਹੋਰ (ਕਰੀਬ 32) ਥਾਵਾਂ ਤੋ ਵੀ ਹੜੱਪਨ ਠੀਕਰਾਂ ਦੇ ਨਾਲ ਪੱਥਰ-ਸੰਦ ਮਿਲ ਚੁੱਕੇ ਹਨ (ਖੋਜ ਛਪ ਵੀ ਗਈ ਹੈ)। ਇਹ ਸਭ ਕੀ ਸਿੱਧ ਕਰਦਾ ਹੈ? ਇਹ ਕਿ ਗਰਕ ਹੋ ਚੁੱਕੇ ਹੜੱਪਨ ਫਿਰ ਉੱਨਤੀ ਕਰਕੇ ਛੇਤੀ ਹੀ ਰੱਥਾਂ-ਘੋੜਿਆਂ ਵਾਲੇ ਬਲਵਾਨ ਆਰੀਆ ਨਹੀਂ ਸਨ ਬਣ ਸੱਕਦੇ।

ਮੂਲ-ਵਾਸੀ ਪੱਖੀ ਇਤਿਹਾਸਕਾਰ ਜੋ ਕਹਿੰਦੇ ਹਨ ਕਿ ਉੱਨਤ ਹੜੱਪਨ ਕਾਲ ਪੈਣ ਤੇ ਉਂਜ ਦੇ ਉਂਜ ਗੰਗਾ ਘਾਟੀ ਵੱਲ ਧਾ ਗਏ ਸਨ, ਉਹ ਇਸ ਖੋਜ ਉਪਰੰਤ ਬਿਲਕੁਲ ਪੱਕਾ ਗਲਤ ਸਿੱਧ ਹੋ ਜਾਂਦਾ ਹੈ। ਉਨ੍ਹਾਂ ’ਚ ਤਾਂ ਰਿਹਾ ਹੀ ਕੁਝ ਨਹੀਂ ਸੀ, ਤਾਂਬਾ ਮਿਲਨਾ ਬੰਦ ਹੋ ਗਿਆ (ਵਪਾਰ ਖਤਮ ਹੋ ਗਿਆ ਸੀ)। ਸਿਰਫ ਖਾਣ ਪੀਣ ਜੋਗਾ ਪ੍ਰਬੰਧ ਸ਼ਿਵਾਲਿਕ ਦੀਆਂ ਅਜੇ ਜੀਵਤ ਨਦੀਆਂ ਕਿਨਾਰੇ ਮਿਲਦਾ ਰਿਹਾ। ਓਹ ਫਿਰ ਹੰਟਰ-ਗੈਦਰਰ  ਬਣ ਗਏ, ਤੇ ਬੱਸ ਪੱਥਰ ਦੇ ਸੰਦ ਵਰਤਣ ਜੋਗੇ ਰਹਿ ਗਏ। ਗੰਗਾ ਜਮਨਾ ਕੰਢੇ ਉਨ੍ਹਾਂ ਨੂੰ ਧਾਤਾਂ ਤੇ ਹੋਰ ਸਾਮੱਗਰੀ ਕਿਥੋਂ ਮਿਲ ਜਾਣੀ ਸੀ ? ਓਦੋਂ ਹੀ ਬਾਹਰੋਂ ਆਏ ਆਰੀਆ ਲੋਕਾਂ ਨੇ ਉਨ੍ਹਾਂ ਦੇ ਬਚੇ ਖੁਚੇ ਸਥਾਨਾਂ ਤੇ ਕਬਜਾ ਕਰਕੇ ਆਪਣੇ ਅਧੀਨ ਕਰ ਲਿਆ। ਹਮਲਾ ਕੋਈ ਨਹੀਂ ਹੋਇਆ, ਤੇ ਸ਼ਾਇਦ ਕੋਈ ਖਾਸ ਲੜਾਈਆਂ ਵੀ ਨਾਂ ਹੋਈਆਂ ਹੋਣ। ਕਮਜੋਰ ਹੋ ਚੁੱਕੇ ਹੜੱਪਨਾਂ ਉੱਤੇ ਕਿਸੇ ਨੇ ਕੀ ਹਮਲਾ ਕਰਨਾ ਸੀ? ਦੋਵਾਂ ਸਵੈ-ਵਿਰੋਧੀ ਬਹਿਸ ਕਰਨ ਵਾਲਿਆਂ ਨੂੰ ਸਾਡੀ ਨਵੀਂ ਖੋਜ ਦਾ ਤਾਂ ਪਤਾ ਹੀ ਨਹੀਂ, ਕਿ ਖੋਜ ਦੇ ਇਤਿਹਾਸ ਵਿੱਚ ਪਹਿਲੀ ਵਾਰ ਖੁਦਾਈ ਚੋਂ ਲੇਟ-ਹੜੱਪਨ ਠੀਕਰਾਂ ਦੇ ਨਾਲ ਪੱਕੇ ਪੱਥਰ-ਸੰਦ ਵੀ ਮਿਲ ਗਏ ਹਨ! ਇਹ ਤੱਥ ਪੂਰਣ ਰੂਪ ਵਿੱਚ ਸਿੱਧ ਕਰਦਾ ਹੈ ਕਿ ਆਰੀਆ ਹੜੱਪਨਾਂ ਚੋਂ ਨਹੀਂ ਉਪਜੇ, ਜਾਂ ਉੱਨਤ ਹੜੱਪਨ ਹੀ ਆਰੀਆ ਨਹੀਂ ਸਨ ਕਿਉਂਕਿ ਹੜੱਪਨਾਂ ਦੀ ਤਾਕਤ ਤਾਂ ਲਗਭਗ ਖਤਮ ਹੀ ਹੋ ਗਈ ਸੀ। ਆਰੀਆ ਬਾਹਰੋਂ ਹੀ ਆਏ ਸਨ। ਮੈਨੂੰ ਜਾਪਦਾ ਹੈ ਸਾਰੇ ਲੇਟ ਹੜੱਪਨਾਂ ਨੂੰ ਆਉਣ ਵਾਲੀ ਵੈਦਿਕ ਸੱਭਿਅਤਾ ਨੇ ਪਛੜੇ ਕਮਜੋਰ ਵਰਗ ਬਣਾ ਦਿੱਤਾ ਹੋਊ। ਮਨੂੰ ਦੀ ਵੰਡ-ਵਰਗ ਸ਼ਾਇਦ ਏਦਾਂ ਹੀ ਕੀਤੀ ਗਈ ਹੋਵੇ!

ਮੈਂ ਵੇਦਾਂ ਦੀ ਮਹੱਤਤਾ ਤੇ ਮਹਾਨਤਾ ਦੀ ਬਹੁਤ ਕਦਰ ਕਰਦਾ ਹਾਂ, ਕਿਉਂਕਿ ਉਹ ਗਿਆਨ ਭਰਪੂਰ ਗ੍ਰੰਥ ਹਨ, ਪਰ ਸਮੇਂ ਵਿੱਚ ਆਪਣੀ ਸੱਭਿਅਤਾ ਨੂੰ ਜ਼ਰੂਰਤ ਨਾਲੋਂ ਜਿਆਦਾ ਪੁਰਾਣੀ ਦੱਸਕੇ ਅਸੀਂ ਕੋਈ ਬਹੁਤੇ ਵੱਡੇ ਨਹੀਂ ਹੋ ਜਾਵਾਂਗੇ। ਤੇ ਜੇ ਅਸੀਂ ਆਪਣੇ ਆਪਨੂੰ ਹਜਾਰਾਂ ਸਾਲ ਪਹਿਲਾਂ ਬਾਹਰੋਂ ਆਉਣ ਵਾਲੀ ਵਾਸਤਵਿਕਤਾ ਨੂੰ ਵੀ ਮੰਨ ਲਈਏ ਤਾਂ ਕੋਈ ਛੋਟੇ ਨਹੀਂ ਹੋ ਜਾਵਾਂਗੇ। ਆਖਰ ਸਾਰੀ ਮਨੁਖਤਾ ਲੱਖਾਂ ਸਾਲ ਪਹਿਲਾਂ ਅਫ੍ਰੀਕਾ ਚੋਂ ਹੀ ਨਿਕਲੀ ਸੀ, ਅਸੀਂ ਓਦੋਂ ਵੀ ਤਾਂ ਬਾਹਰੋਂ ਹੀ ਆਏ ਸਾਂ! ਅਫ੍ਰੀਕਾ ਦੇ ਹੋਮੋਇਰੈਕਟਸ ਦੀ ਇੱਕ ਸ਼ਾਖਾ ਚੋਂ ਆਧੁਨਿਕ ਮਨੁੱਖ ਉਤਪੰਨ ਹੋਇਆ ਸੀ, ਤੇ ਓਥੋਂ ਹੀ ਸਾਰੇ ਵਿਸ਼ਵ ਵਿੱਚ ਫੈਲ ਗਿਆ ਸੀ। ਜੇ ਅਸੀਂ ਦਾਅਵਾ ਕਰਨ ਲੱਗੀਏ ਕਿ ਸਾਰੀ ਮਾਨਵਤਾ ਦਾ ਉਦਗਮ ਸਥਾਨ ਹੀ ਭਾਰਤ ਹੈ, ਤਾਂ ਕਿੱਡੀ ਹਾਸੋਹੀਣੀ ਗੱਲ ਹੋਵੇਗੀ।ਪਰ ਕੁਝ ਲੋਗ ਇਹ ਵੀ ਕਹਿ ਦਿੰਦੇ ਹਨ।]

ਮੋ: 9814348697
ਫੈਲੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

11/04/2016
 

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ:
ਇਕ ਸਰਵੇਖਣ ਅਤੇ ਅਧਿਐਨ

ਡਾ. ਬਲਦੇਵ ਸਿੰਘ ਕੰਦੋਲਾ


ਭਾਰਤ ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਦਬਾਅ ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਪੰਜਾਬੀ ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸਵਾਲ ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਨੋਬਲ ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਾਹਵਾਰੀ ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਕੀਪੀਡੀਆ ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ
ਟੈਲੀਸਕੋਪ ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ  
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਤੀਰਾ : ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ
ਭੂਚਾਲ ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ
ਗਰਮੀ ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ
PippalLabs.com ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ
ਪੰਜਾਬੀਆਂ ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕੈਂਸਰ ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭ ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਣੀ ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਜ਼ਾਰਾਂ ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਸੜਕ ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਆਓ ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਾਰੇ ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਗਿਆਨਕ ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ
ਸਿਰਫ਼ 120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ' ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤਣਾਓ ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉਹ ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਰਮਾਣੂ ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ
ਭਾਸ਼ਾ ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ 
‘ਅਨਮੋਲ ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ
7 ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਹਤਮੰਦ ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
iOS ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
PDF Download

ਬੱਚਿਆਂ ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਰੀਰਕ ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ
ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2016, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2016, 5abi.com