ਵਿਗਿਆਨ ਪ੍ਰਸਾਰ

 

 

ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ

ਵੀਰਵਾਰ 29 ਸਤੰਬਰ, 2011 ਦੀ ਸ਼ਾਮ ਨੂੰ ਚੀਨ ਵਲੋਂ ਗੋਬੀ ਰੇਗਿਸਤਾਨ ਵਿਖੇ ਸਥਾਪਤ ਜੀਉਕੁਆਨ ਪੁਲਾੜੀ-ਅੱਡੇ ਤੋਂ, ਤਿਆਨਗੌਂਗ-1 ਨਾਮੀ ਅੰਤਰਿਕਸ਼ ਪ੍ਰਯੋਗਸ਼ਾਲਾ ਨੂੰ ਰਵਾਨਾ ਕੀਤਾ ਗਿਆ। ਲੌਂਗ-ਮਾਰਚ ਰਾਕਟ ਦੇ ਦਾਗ਼ਣ ਤੋਂ ਕੁੱਝ ਹੀ ਮਿੰਟਾਂ ਬਾਅਦ ਇਹ ਪ੍ਰਯੋਗਸ਼ਾਲਾ 350 ਕਿਲੋਮੀਟਰ ਦੀ ਉਚਾਈ ਤੇ ਧਰਤੀ ਗਿਰਦ ਪਰਿਕ੍ਰਮਾ ਕਰਨ ਲੱਗੀ। ਚੀਨ ਦੇ ਪੁਲਾੜੀ ਵਿਗਿਆਨਕਾਂ ਦਾ ਕਹਿਣਾ ਹੈ ਕਿ ਚੀਨ ਆਉਣ ਵਾਲੇ ਕੁੱਝ ਸਾਲਾਂ ਵਿਚ ਆਪਣਾ ਅੰਤਰਿਕਸ਼ ਸਟੇਸ਼ਨ ਸਥਾਪਤ ਕਰੇਗਾ, ਜੋ ਚੀਨੀ ਕੌਮ ਅਤੇ ਵਿਗਿਆਨ ਲਈ ਅੰਤਰਰਾਸ਼ਟਰ ਪੱਧਰ ਤੇ ਕਾਫੀ ਮਹੱਤਤਾ ਰੱਖਦਾ ਹੈ।  ਐਸੇ ਗੁੰਝਲਦਾਰ ਅਤੇ ਉੱਚ-ਤਕਨੀਕੀ ਸਟੇਸ਼ਨ ਦੇ ਨਿਰਮਾਣ ਅਤੇ ਪੁਲਾੜ ਵਿਚ ਲੈ ਜਾ ਕੇ ਇਕੱਤਰ ਕਰਨ ਲਈ ਅਲੱਗ-ਅਲੱਗ ਅੰਤਰਿਕਸ਼-ਯਾਨਾਂ ਦੇ ਆਪਸੀ ਸੰਯੋਜਨ ਦੇ ਤਕਨੀਕ ਵਿਚ ਨਿਪੁੰਨ ਹੋਣਾ ਅਤੀ ਜ਼ਰੂਰੀ ਹੈ। ਇਸ ਤਰ੍ਹਾਂ ਦੇ ਤਕਨੀਕ ਦਾ ਪ੍ਰਯੋਗ ਚੀਨੀ ਵਿਗਿਆਨਕਾਂ ਦੁਆਰਾ ਪਹਿਲਾ ਨਹੀ ਕੀਤਾ ਗਿਆ, ਜਿਸ ਲਈ ਤਿਆਨਗੌਂਗ-1 ਪ੍ਰਯੋਗਸ਼ਾਲਾ ਹੋਰ ਵੀ ਮਹੱਤਤਾ ਰੱਖਦੀ ਹੈ। ਇਸ ਤੋਂ ਬਾਅਦ, ਜੇ ਇਹ ਮਿਸ਼ਨ ਸਫ਼ਲ ਰਿਹਾ ਤਾਂ, ਸਾਲ 2012 ਵਿਚ, ਚੀਨ ਵਲੋਂ ਪੁਲਾੜ ਯਾਤਰੀ ਵੀ ਭੇਜੇ ਜਾਣਗੇ ਜੋ ਇਸ ਪ੍ਰਯੋਗਸ਼ਾਲਾ (ਆਪਸੀ ਜੁੜੇ ਅੰਤਰਿਕਸ਼-ਯਾਨ) ਵਿਚ ਦੋ ਹਫਤੇ ਰਹਿ ਕੇ ਵਿਗਿਆਨਕ ਤਜਰਬੇ ਕਰਨਗੇ ਅਤੇ ਨਵੇ ਤਕਨੀਕ ਦੀ ਅਜ਼ਮਾਇਸ਼ ਵੀ ਕਰਨਗੇ। 
 

ਮੁਕੰਮਲ ਹੋ ਜਾਣ ਤੇ ਚੀਨ ਦਾ 60 ਟਨ ਭਾਰ ਦਾ ਇਹ ਅੰਤਰਿਕਸ਼ ਸਟੇਸ਼ਨ ਭਾਵੇ ਅੰਤਰਰਾਸ਼ਟਰ ਸਟੇਸ਼ਨ (400 ਟਨ) ਦੇ ਮੁਕਾਬਲੇ ਕਾਫੀ ਛੋਟਾ ਹੋਵੇਗਾ, ਪਰ ਚੀਨ ਦੀ ਇਹ ਸ਼ਾਨਦਾਰ ਅਤੇ ਅਹਿਮ ਪ੍ਰਾਪਤੀ ਦਾ ਪੁਲਾੜੀ ਸਬੂਤ ਹੋਵੇਗਾ। ਪਿਛਲੇ ਕਈ ਦਹਾਕਿਆਂ ਤੋਂ ਚੀਨ ਵਿਗਿਆਨ ਅਤੇ ਤਕਨੀਕ ਦੇ ਖੇਤ੍ਰ ਵਿਚ, ਰਾਸ਼ਟਰੀ ਮਹੱਤਤਾ ਨੂੰ ਮੁੱਖ ਰੱਖਕੇ, ਬੇਅੰਤ ਰਕਮ ਦੀ ਪੂੰਜੀ ਲਗਾਉਂਦਾ ਆ ਰਿਹਾ ਹੈ। ਅੰਤਰਿਕਸ਼ ਪ੍ਰੋਗਰਾਮ ਦੇ ਅੰਤਰਗਤ ਇਸਦੇ ਉਪਗ੍ਰਹਿ ਚੰਦ ਦੀ ਪਰਿਕ੍ਰਮਾ ਕਾਮਜਾਬੀ ਨਾਲ ਕਰ ਚੁੱਕੇ ਹਨ ਅਤੇ ਚੰਦ ਉਪਰ ਸਵੈਚਾਲਕ ਰੋਵਰ  ਜਲਦ ਹੀ ਭੇਜਿਆ ਜਾਵੇਗਾ। ਇਸ ਪ੍ਰਗਤੀ ਦੀ ਚਾਲ ਤੇ ਚੱਲਦਾ ਹੋਇਆ ਚੀਨ ਜਲਦ ਹੀ ਮਹਾਨ ਸ਼ਕਤੀਸ਼ਾਲੀ ਦੇਸ਼ ਬਣ ਜਾਏਗਾ।

ਇਸ ਵਿਚ ਕੋਈ ਸ਼ੱਕ ਨਹੀ ਕਿ ਇਹ ਸ਼ਾਨਦਾਰ ਨਤੀਜੇ ਚੀਨ ਦੀ ਸਿਖਿਆ ਪ੍ਰਣਾਲੀ ਦੀ ਦੇਣ ਹਨ, ਜਿੱਥੇ ਸਮਾਜਕ ਅਤੇ ਰਾਜਨੀਤਕ ਭ੍ਰਿਸ਼ਟਾਚਾਰੀ ਨੂੰ ਨਿਰਦਇਤਾ ਪੂਰਬਕ ਠੱਲ ਪਾ ਕੇ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ਪਾਇਆ। ਚੀਨ ਨੇ ਪੱਛਮ ਦੀ ਅੰਨ੍ਹੇਵਾਹ ਨਕਲ ਦੀ ਸਵੈ-ਘਾਤਕ ਰੀਤ ਤੋ ਛੁਟਕਾਰਾ ਪਾ ਕੇ ਰਾਸ਼ਟਰੀ ਸਵੈਮਾਣ ਦਾ ਸਭਿਆਚਾਰ ਸਿਖਿਆ ਅਦਾਰਿਆਂ ਵਿਚ ਪੈਦਾ ਕੀਤਾ। ਬਾਲ-ਨਿਕੇਤਨ ਤੋਂ ਲੈ ਕੇ ਉੱਚ-ਕੋਟੀ ਤੱਕ ਦੀ ਸਿਖਿਆ ਮਾਤ-ਭਾਸ਼ਾ ਵਿਚ ਦੇ ਕੇ ਚੀਨ ਨੂੰ ਅੰਤਰਰਸ਼ਟਰ ਵਿਗਿਆਨ ਅਤੇ ਤਕਨੀਕ ਦਾ ਮੋਹਰੀ ਬਣਾ ਦਿੱਤਾ। ਇਸ ਦੇ ਮੁਕਾਬਲੇ, ਭਾਰਤ ਦੀਆਂ ਮਾਂਗਵੀ ਤਕਨਾਲੋਜੀ, ਮਾਂਗਵੀ ਭਾਸ਼ਾ ਅਤੇ ਮਾਂਗਵੀ ਸਿਖਿਆ ਪ੍ਰਣਾਲੀ ਦੇ ਅਧਾਰ ਤੇ ਪੁਲਾੜ ਵਿਚ ਕੁੱਦਣ ਦੀਆਂ ਕੋਸ਼ਿਸ਼ਾਂ ਤਰਸਯੋਗ ਅਤੇ ਉਜੱਡ ਜਿਹੀਆਂ ਬਣ ਕੇ ਰਹਿ ਜਾਂਦੀਆਂ ਹਨ।

ਚੀਨ, ਨਵੀਂ ਤਕਨਾਲੋਜੀ ਨੂੰ ਸਿੱਖ ਕੇ ਅਪਣਾਉਦਾ ਹੈ; ਭਾਰਤ, ਦਿਸ਼ਾਹੀਣ ਅੰਧਾ-ਧੁੰਦ ਨਕਲ ਕਰਦਾ ਹੈ। ਉਦਾਹਰਣ ਵਜੋਂ, ਹੋਰ ਮਹਾਨ ਦੇਸ਼ਾਂ ਦੀ ਤਰ੍ਹਾਂ, ਉਪਗ੍ਰਹਿ ਦਾਗਣ ਦੀ ਤਿਆਰੀ ਵੇਲੇ ਪੁਲਾੜ ਅੱਡੇ ਤੋਂ ਚੀਨੀ ਭਾਸ਼ਾ ਵਿਚ ਐਲਾਨੀ ਜਾਂਦੀ ਉਲਟੀ-ਗਿਣਤੀ  ਸਮੁੱਚੇ ਚੀਨ ਦੇ ਗੌਰਵ ਦੀ ਅਗਵਾਈ ਦਾ ਦਾਅਵਾ ਕਰਦੀ ਜਾਪਦੀ ਹੈ। ਉਧਰ ਭਾਰਤ ਵਿਚ ਮਾਂਗਵੀ ਭਾਸ਼ਾ ਦੀ ਦੁਰਬੋਧ ਉਚਾਰਣ ਵਿਚ ਐਲਾਨੀ ਜਾਂਦੀ ਇਹ ਗਿਣਤੀ ਅੰਤਰਰਾਸ਼ਟਰੀ ਮੰਚ ਤੇ ਹਾਸਰਸ ਬਣ ਕੇ ਰਹਿ ਜਾਂਦੀ ਹੈ। ਭਾਰਤ ਦਾ ਪ੍ਰਸ਼ਾਸਨ ਅਜੇ ਤਕ ਇਹ ਵੀ ਨਹੀ ਸਮਝ ਸਕਿਆ ਕਿ ਮਾਨਸਿਕ ਨਕਲੀਪੁਣੇ ਦਾ ਰਾਹ ਸ਼ਕਤੀਸ਼ਾਲੀ-ਦੇਸ਼ ਬਣਾਉਣ ਵਲ ਨਹੀ ਜਾਂਦਾ!  ਮਾਂਗਵੀ ਭਾਸ਼ਾ ਤੇ ਅਧਾਰਤ ਸਿਖਿਆ-ਪ੍ਰਣਾਲੀ ਕਦੇ ਵੀ ਮਹਾਨ ਸਾਇੰਸਦਾਨ ਅਤੇ ਇੰਜਨੀਅਰ ਪੈਦਾ ਨਹੀ ਕਰਦੀ!!  ਇਹ ਸਿਰਫ ਨੀਮ ਕਿਸਮ ਦੇ ਨਕਲੀਏ ਹੀ ਪੈਦਾ ਕਰਦੀ ਹੈ!!! (01/10/2011)

 

 


ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ

ਸੋਵੀਅਤ ਸੰਘ ਦੇ ਸਪੁਤਨਿਕ ਅੰਤਰਿਕਸ਼-ਯਾਨ ਦੀ 4 ਅਕਤੂਬਰ 1957 ਦੀ ਉੜਾਨ ਦੇ ਮਹੂਰਤ ਨਾਲ ਆਦਮੀ ਨੇ ਪੁਲਾੜ ਯਾਤਰਾ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ, 1 ਜਨਵਰੀ 2008 ਤੱਕ, ਲਗਭਗ 6000 ਅਲੱਗ ਅਲੱਗ ਕਿਸਮਾਂ ਦੇ, ਸੈਨਿਕ ਅਤੇ ਅਸੈਨਿਕ, ਉਪਗ੍ਰਹਿ ਧਰਤੀ ਦੀ ਪਰਕਰਮਾ ਵਿੱਚ ਛੱਡੇ ਗਏ। ਇਨ੍ਹਾਂ ਵਿੱਚੋਂ 400 ਦੇ ਕਰੀਬ ਪ੍ਰਿਥਵੀ ਤੋਂ ਪਰੇ ਸੂਰਜ-ਮੰਡਲ ਦੇ ਅੰਤਰਗ੍ਰਹੀ ਪੁਲਾੜ ਦੀ ਯਾਤਰਾ ਕਰ ਰਹੇ ਹਨ। ਬਾਕੀ ਦੇ 5600 ਉਪਗ੍ਰਿਹਆਂ ਵਿਚੋਂ ਸਿਰਫ 800 ਸਹੀ ਤੌਰ ਤੇ ਕ੍ਰਿਆਸ਼ੀਲ ਹਨ ਜਦ ਕਿ ਦੂਸਰੇ, ਪੁਲਾੜੀ ਕਚਰੇ ਦੇ ਰੂਪ ਵਿਚ, ਬੇਕਾਬੂ ਧਰਤੀ ਦੇ ਗਿਰਦ ਘੁੱਮ ਰਹੇ ਹਨ।

ਜ਼ਿਆਦਾਤਰ ਇਹ, ਵੀਰਾਨ ਰਾਕਟਾਂ ਦੇ ਟੁਕੜੇ ਜਾਂ ਤਿਆਗੇ ਗਏ ਪੁਲਾੜ-ਵਿਮਾਨਾਂ ਬੇਲੋੜੇ ਹਿੱਸੇ ਹਨ। ਅਮਰੀਕੀ ਅੰਤਰਿਕਸ਼ ਸੰਸਥਾ ਨਾਸਾ (NASA) ਦੇ ਵਿਗਿਆਨਕਾਂ ਦਾ ਕਹਿਣਾ ਹੈ ਕਿ ਇਹ ਟੁਕੜੇ ਸਪੇਸ ਸ਼ਟਲ  ਵਿਮਾਨ ਨਾਲ ਪਿਛਲੇ ਸਾਲਾਂ ਵਿਚ ਕਈ ਵਾਰ ਟਕਰਾਅ ਚੁੱਕੇ ਹਨ ਜਿਸ ਕਾਰਨ ਸ਼ਟਲ  ਦੀਆਂ ਖਿੜਕੀਆਂ 80 ਵਾਰ ਬਦਲਨੀਆਂ ਪਈਆਂ ਹਨ। ਇਸ ਤਰ੍ਹਾ ਦੇ ਟਕਰਾਉ ਦੀ ਸੰਭਾਵਨਾ ਹਰ ਵਕਤ ਬਣੀ ਰਹਿੰਦੀ ਹੈ। ਇਹ ਹੀ ਨਹੀ ਬਲਕਿ ਅੰਤਰਰਾਸ਼ਟਰ ਅੰਤਰਿਕਸ਼ ਸਟੇਸ਼ਨ ਨੂੰ ਅਕਸਰ ਇਸ ਕਚਰੇ ਤੋਂ ਬਚਣ ਲਈ ਯਤਨ ਕਰਨੇ ਪੈਂਦੇ ਹਨ। ਇਨ੍ਹਾਂ ਭਾਰੇ ਟੁਕੜਿਆਂ ਦੀ ਟੱਕਰ ਰਫਤਾਰ ਕਈ ਹਜ਼ਾਰ ਕਿਲੋਮੀਟਰ ਪ੍ਰਤੀ ਘੰਟਾ ਤੱਕ ਵੀ ਪਹੁੰਚ ਜਾਂਦੀ ਹੈ ਜਿਸ ਕਾਰਨ ਉਪਗ੍ਰਹਿਆਂ ਨੂੰ ਹੀ ਨਹੀ ਬਲਕਿ ਪੁਲਾੜ ਯਾਤਰੀਆਂ ਦੀ ਜਾਨ ਨੂੰ ਵੀ ਖਤਰਾ ਹੈ।

ਇਸ ਖਤਰੇ ਨੂੰ ਮੁੱਖ ਰੱਖ ਕੇ ਯੂਰਪੀਅਨ ਪੁਲਾੜ ਏਜੰਸੀ ਈਸਾ (ESA) ਅਤੇ ਅਮਰੀਕਾ ਦੀ ਪੁਲਾੜ ਸੰਸਥਾ ਨਾਸਾ (NASA) ਇਸ ਸਮੱਸਿਆ ਨੂੰ ਗੰਭੀਰ ਲੈ ਰਹੀ ਹੈ ਅਤੇ ਅੰਤਰਿਕਸ਼ ਕਬਾੜ ਨੂੰ ਸਾਫ ਕਰਨ ਦੇ ਤਕਨੀਕੀ ਉਪਰਾਲੇ ਲੱਭੇ ਜਾ ਰਹੇ ਹਨ।

ਪ੍ਰਿਥਵੀ ਦੇ ਨਜ਼ਦੀਕੀ ਗ੍ਰਹਿਪਥ ਵਿਚ
ਪੁਲਾੜੀ ਕਚਰਿਆਂ ਦੀ ਗਿਣਤੀ

ਪ੍ਰਿਥਵੀ ਦੇ ਦੂਰ ਗ੍ਰਹਿਪਥ (36, 000 ਕਿਲੋਮੀਟਰ ਉਚਾਈ)
ਵਿਚ ਪੁਲਾੜੀ ਕਚਰਿਆਂ ਦੀ ਗਿਣਤੀ

ਨਾਸਾ ਦਾ ਸਪੇਸ ਸ਼ਟਲ  ਪੁਲਾੜ ਵਿਮਾਨ

ਸਪੇਸ ਸ਼ਟਲ ਅਤੇ  ਅੰਤਰਰਾਸ਼ਟਰ ਅੰਤਰਿਕਸ਼ ਸਟੇਸ਼ਨ

ਅੰਤਰਰਾਸ਼ਟਰ ਅੰਤਰਿਕਸ਼ ਸਟੇਸ਼ਨ


ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ!

 ਮੁੰਬਈ ਵਿਖੇ ਅਗਸਤ 2011 ਵਿਚ ਸਮਾਪਤ ਹੋਈ ਲੈਪਟਾਨ-ਫੋਟਾਨ (Lepton Photon) ਮੀਟਿੰਗ ਵਿਚ ਪੇਸ਼ ਕੀਤੇ ਪ੍ਰਮਾਣਿਕ ਅੰਕੜੇ ਇਹ ਦੱਸਦੇ ਹਨ ਕਿ ਹੁਣ ਤੱਕ ਪਰਮਾਣੂ ਭੌਤਿਕ-ਵਿਗਿਆਨ ਦੇ ਮੰਨੇ ਪ੍ਰਮੰਨੇ ਸਿਧਾਂਤ ਨੂੰ ਅਸਫਲਤਾ ਦਾ ਮੂੰਹ ਦੇਖਣਾ ਪੈ ਰਿਹਾ ਲਗਦਾ ਹੈ। ਭਾਵੇ ਇਹ ਸਿਧਾਂਤ ਸਿੱਧੇ ਤੌਰ ਤੇ ਆਮ ਜ਼ਿੰਦਗੀ ਨਾਲ ਸੰਬੰਧ ਨਹੀ ਰੱਖਦਾ ਪਰ ਫਿਰ ਵੀ ਇਹ ਸਾਨੂੰ ਕੁਦਰਤ ਦੇ ਭੇਦਾਂ ਨੂੰ ਸਮਝਣ ਵਿਚ ਸਹਾਈ ਹੋਣ ਦਾ ਦਾਅਵਾ ਜ਼ਰੂਰ ਕਰਦਾ ਹੈ। ਵਿਗਿਆਨਕ ਜਗਤ ਵਿਚ ਇਹ ਸਿਧਾਂਤ ਸੁੱਪਰ-ਸਮੈਟਰੀ  (Supersymmerty) ਜਾਂ ਪਾਰ-ਸਮਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਪਿੱਛੇ ਮੂਲ ਸੋਚ ਇਹ ਹੈ ਕਿ ਕੁਦਰਤ ਹਰ ਹਾਲਤ ਵਿੱਚ ਸਮਤੋਲ (ਸਮਤਾ) ਨੂੰ ਬਰਕਰਾਰ ਰੱਖਦੀ ਹੈ। ਜਦ ਕਦੇ ਵੀ ਵਾਤਾਵਰਣ ਬਦਲਣ ਨਾਲ ਨਵੀਂ ਪਰਿਸਥਿਤੀ ਪੈਦਾ ਹੁੰਦੀ ਹੈ ਤਾਂ ਕੁਦਰਤ ਇਕਸੁਰਤਾ ਜਾਂ ਸਮਤੋਲ ਕਾਇਮ ਰੱਖਣ ਲਈ ਨਵੀਆਂ ਘਟਨਾਵਾਂ ਨੂੰ ਜਨਮ ਦਿੰਦੀ ਹੈ। ਬਾਹਰੀ ਦ੍ਰਿਸ਼ਟਮਾਨ ਜਗਤ ਵਿਚ ਇਹ ਸਮਤੋਲ ਪੌਦਿਆ ਅਤੇ ਜੀਵ-ਜੰਤੁਆਂ ਵਿਚ ਆਮ ਦੇਖਣ ਨੂੰ ਮਿਲਦਾ ਹੈ। 

  ਸਮਤਾ (ਸਮਤੁੱਲਤਾ)
 

ਕਿਸੇ ਭੌਤਿਕ ਪ੍ਰਣਾਲੀ ਦੀ ਸਮਤਾ ਉਹ ਭੌਤਿਕ ਜਾਂ ਗਣਿਤਕ ਰੂਪ ਹੈ, ਪ੍ਰਤੱਖ ਜਾਂ ਆਂਤਰਿਕ, ਜੋ ਕਿਸੇ ਵੀ ਪਰਿਵਰਤਨ ਦੇ ਅਧੀਨ ਪਰਿਵਰਤਨਹੀਣ ਰਹਿੰਦਾ ਹੈ।

ਪਾਰ-ਸਮਤਾ ਦਾ ਸਿਧਾਂਤ ਪਰਮਾਣੂ ਪੱਧਰ ਦੀਆਂ ਗੁੰਝਲਦਾਰ ਘਟਨਾਵਾਂ ਨੂੰ ਸਮਝਣ ਲਈ ਪੇਸ਼ ਕੀਤਾ ਗਿਆ ਸੀ। ਪਰਮਾਣੂ ਖੋਜ ਦੇ ਤਜਰਬਿਆਂ ਅਤੇ ਪ੍ਰਮਾਣਾਂ ਤੋਂ ਪਤਾ ਲਗਦਾ ਹੈ ਕਿ ਸੂਖਮ ਤਾਤਵਿਕ ਕਣਾਂ ਦੀ ਗਿਣਤੀ ਦਾ ਕੋਈ ਅੰਤ ਨਹੀ। ਹੁਣ ਤੱਕ ਸ੍ਰਿਸ਼ਟੀ ਵਿਚ ਫੈਲੇ  ਮਾਦੇ ਦੀ ਮਿਣਤੀ (ਪੈਮਾਇਸ਼) ਤੋਂ ਪਤਾ ਲਗਦਾ ਹੈ ਕਿ ਇਸ ਦੀ ਮਾਤ੍ਰਾ ਕਿਤੇ ਜ਼ਿਆਦਾ ਹੈ ਜਿਸ ਦਾ ਅਸੀ ਪਤਾ ਨਹੀਂ ਲਗਾ ਸਕੇ। ਇਸ ਤੱਥ ਦੀ ਵਿਆਖਿਆ ਕਰਨ ਲਈ ਵਿਗਿਆਨਕਾਂ ਦਾ ਵਿਚਾਰ ਹੈ ਕਿ ਇਸ ਅੰਤਰ ਨੂੰ ਪੂਰਾ ਕਰਨ ਲਈ ਹਰ ਪਰਮਾਣੂ ਕਣ ਦੇ ਮੁਕਾਬਲੇ ਪ੍ਰਤਿ-ਕਣ ਦਾ ਹੋਣਾ ਜ਼ਰੂਰੀ ਹੈ।  

ਇਹਨਾਂ ਪ੍ਰਤਿ-ਕਣਾਂ ਨੂੰ ਡਾਰਕ-ਮੈਟਰ (dark matter) ਜਾਂ ਗੁੱਝਾ-ਮਾਦਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਇਹ ਹੁਣ ਤੱਕ ਲੱਭਿਆ ਨਹੀ ਜਾ ਸਕਿਆ। ਮੁੰਬਈ ਵਿਖੇ ਹੋਈ  ਮੀਟਿੰਗ ਵਿਚ ਪੇਸ਼ ਕੀਤੇ ਪ੍ਰਮਾਣਿਕ ਅੰਕੜੇ ਇਹ ਦੱਸਦੇ ਹਨ ਕਿ ਇਸ ਡਾਰਕ-ਮੈਟਰ ਦੀ ਹੋਂਦ ਦਾ ਕੋਈ ਸਬੂਤ ਨਹੀ ਮਿਲਿਆ। ਇਸ ਤੋਂ ਇਹ ਹੀ ਨਤੀਜਾ ਕੱਢਿਆ ਜਾ ਸਕਦਾ ਹੈ ਕਿ ਪਾਰ-ਸਮਤਾ ਦਾ ਸਿਧਾਂਤ - ਜਿਸ ਉੱਪਰ ਸੂਖਮ ਜਗਤ (Quantum world) ਨੂੰ ਸਮਝਣ ਦੀਆਂ ਉਮੀਦਾਂ ਰੱਖੀਆਂ ਹੋਈਆਂ ਸਨ ਅਸਫਲ ਰਿਹਾ ਹੈ। ਭਾਵੇਂ ਇਸ ਸਿਧਾਂਤ ਨਾਲ ਕਈ ਕੁਦਰਤੀ ਘਟਨਾਵਾਂ ਦੀ ਤਸੱਲੀਬਖ਼ਸ਼ ਵਿਆਖਿਆ ਕੀਤੀ ਜਾ ਸਕਦੀ ਹੈ, ਪਰ ਇਸ ਦਾ ਇਹ ਮਤਲਬ ਨਹੀ ਕਿ ਇਹ ਸਿਧਾਂਤ ਸਹੀ ਹੈ। ਇਸ ਸਿਧਾਂਤ ਵਿਚ ਬਹੁਤ ਸਾਰੀਆਂ ਕੁਰਿਤੀਆਂ ਹੋ ਸਕਦੀਆਂ ਹਨ, ਜਾਂ ਡਾਰਕ ਮੈਟਰ ਉਹ ਨਹੀ ਜੋ ਅਸੀਂ ਸੋਚਦੇ ਹਾਂ, ਜਾ ਇਹ ਵੀ ਹੋ ਸਕਦਾ ਹੈ ਕਿ ਕੁਦਰਤ ਵਿਚ ਪਾਰ-ਸਮਤਾ ਵਰਗੀ ਚੀਜ਼ ਹੈ ਹੀ ਨਹੀ। ਇਸ ਦੇ ਬਾਵਜੂਦ ਵੀ ਇਹ ਸਿਧਾਂਤ ਕਾਫੀ ਅਕਰਸ਼ਕ ਮੰਨਿਆ ਜਾਂਦਾ ਹੈ। ਜਿੰਨੀ ਦੇਰ ਤੱਕ ਇਸ ਨੂੰ ਪੂਰੇ ਯਕੀਨ ਨਾਲ ਅਸਫਲ ਕਰਨ ਦੇ ਪ੍ਰਮਾਣ ਨਹੀ ਮਿਲਦੇ, ਪਾਰ-ਸਮਤਾ ਦਾ ਸਿਧਾਂਤ ਨਾਕਾਮਜਾਬ ਐਲਾਨਿਆ ਨਹੀ ਜਾ ਸਕਦਾ। ਇਹ ਹੀ ਵਿਗਿਆਨ ਵਿਧੀ ਦਾ ਮਹੱਤਵਪੂਰਣ ਮੂਲ ਨਿਯਮ ਹੈ।

 

ਕੁਦਰਤ ਵਿਚ ਸਮਤਤੁਲਤਾ ਦੀਆਂ ਉਦਾਹਰਣਾਂ


ਪਿਆਰ ਦੀਵਾਨਾ ਹੋਤਾ ਹੈ, ਮਸਤਾਨਾ ਹੋਤਾ ਹੈ...
ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਹਾਜੀ ਲੋਕ ਮੱਕੇ ਵਲ ਜਾਂਦੇ,
ਮੇਰਾ ਰਾਂਝਣ ਮਾਹੀ ਮੱਕਾ,
ਨੀ ਮੈਂ ਕਮਲ਼ੀ ਆਂ,
ਨੀ ਮੈਂ ਕਮਲ਼ੀ ਆਂ...

ਸ਼ਾਇਰਾਂ ਅਤੇ ਕਵੀਆਂ ਨੇ ਸਦਾ ਪਿਆਰ ਨੂੰ ਇਕ ਪਾਗਲਪਨ ਅਤੇ ਮਾਨਸਕ ਰੋਗ ਦੱਸਿਆ ਹੈ। ਜਿਸ ਤਨ ਲਾਗੇ ਵੋਹੀ ਜਾਣੇ!  ਉਨ੍ਹਾਂ ਲਈ ਅੱਨ੍ਹੇ ਪਿਆਰ ਵਿਚ ਕਿਸੇ ਤੇ ਮਰ ਮਿਟਣ ਦੀ ਲਾਲਸਾ ਦਿਮਾਗੀ ਖ਼ਰਾਬੀ ਤੋਂ ਘੱਟ ਨਹੀ ਹੈ। ਮਨੋਵਿਗਿਆਨ ਦੇ ਖੇਤ੍ਰ ਵਿਚ ਵਿਗਿਆਨਕ ਤਹਿਕੀਕਾਤ (ਜਾਂਚ-ਪੜਤਾਲ) ਇਸ ਤਰਜਮੇ ਦੀ ਖੂਬ ਪੁਸ਼ਟੀ ਕਰਦੇ ਹਨ। ਕਿਸੇ ਸ਼ਖਸ ਨਾਲ ਪਿਆਰ ਹੋ ਜਾਣਾ ਜਾਂ ਬੇਵਜਹ, ਸ਼ਕਲ-ਸੂਰਤ ਦੇਖ ਕੇ ਕਿਸੇ ਵਲ ਖਿੱਚੇ ਜਾਣਾ ਜਾਂ ਉਸ ਨੂੰ ਬਾਰ ਬਾਰ ਦੇਖਦੇ ਰਹਿਣਾ ਸਾਡੇ ਸਰੀਰ ਦੀਆਂ ਅੰਦਰੂਨੀ ਖਲਵਲੀਆਂ ਦੀਆਂ ਬਾਹਰੀ ਨਿਸ਼ਾਨੀਆਂ ਹਨ। ਇਸ ਖਲਵਲ ਦਾ ਅਸਰ ਸਾਡੇ ਅੰਗ ਅੰਗ ਤੇ ਲਿਖਿਆਂ ਹੁੰਦਾ ਹੈ; ਸ਼ਰਮ ਨਾਲ ਗੱਲ੍ਹਾਂ ਤੇ ਲਾਲੀ ਛਾ ਜਾਣੀ, ਦਿਲ ਦੀ ਧੜਕਨ ਬੇਕਾਬੂ ਹੋ ਜਾਣੀ, ਕਰੀਬ ਅਉਣ ਨਾਲ ਆਪ-ਮੁਹਾਰਾ ਪਸੀਨਾ ਛੁੱਟਣਾ, ਜ਼ੁਬਾਨ ਦਾ ਥਿਰਕਣਾ ਆਦਿ।

ਉਹ ਜਵਾਨੀ ਜਵਾਨੀ ਨਹੀ ਜਿਸ ਦਾ ਇਹ ਹਸ਼ਰ ਨਾ ਹੋਇਆ ਹੋਵੇ! 'ਜਵਾਨੀ ਓ ਦੀਵਾਨੀ ਤੁੰ ਜ਼ਿੰਦਾਬਾਦ...!!'

ਵਿਗਿਆਨਕ ਜਾਂਚ-ਪੜਤਾਲ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਬਾਹਰੀ ਖਲਵਲੀਆਂ ਦੇ ਜ਼ਿੰਮੇਵਾਰ ਸਾਡੇ ਸਰੀਰ ਅੰਦਰ ਝੱਟ-ਪੱਟ ਪੈਦਾ ਹੋਈਆਂ ਰਸਾਇਣਕ ਪਦਾਰਥਾਂ ਦੀਆਂ ਆਪਸੀ ਕਿਰਿਆਵਾਂ ਨਾਲ ਉੱਠਦੇ ਤੁਫਾਨ ਹਨ। ਇਸ ਵਿਸ਼ੇ ਤੇ ਅਮਰੀਕਾ ਦੀ ਇਕ ਖੋਜਕਾਰਾ ਹੈਲਨ ਫਿਸ਼ਰ  ਦੇ ਮਤਅਨੁਸਾਰ, ਪਿਆਰ ਪੈਣ ਦੀਆਂ ਤਿੰਨ ਅਵਸਥਾਵਾਂ ਹਨ। ਹਰ ਅਵਸਥਾ ਵਿਚ ਮਾਨਵ ਸਰੀਰ ਅੰਦਰ ਰਸਾਇਣਕ ਕਿਰਿਆਵਾਂ ਮਹੱਤਵਪੂਰਣ ਰੋਲ ਅਦਾ ਕਰਦੀਆਂ ਹਨ। ਇਹ ਅਵਸਥਾਵਾਂ ਇਸ ਪ੍ਰਕਾਰ ਹਨ: ਲਾਲਾਸਾ, ਕਾਮੁੱਕ ਖਿੱਚ ਅਤੇ ਮੋਹ-ਸਾਂਝ।

ਅਵਸਥਾ 1: ਲਾਲਸਾ ਜਾਂ ਕਾਮ-ਵਾਸ਼ਨਾ

ਸੰਗੇ ਮਰ ਮਰ ਸੇ ਤਰਾਸ਼ਾ ਹੁਆ ਸ਼ੋਖ ਬਦਨ,
ਇਤਨਾ ਦਿਲ ਕਸ਼ ਹੈ ਕਿ ਅਪਨਾਨੇ ਕੋ ਜੀਅ ਚਾਹਤਾ ਹੈ!
ਨਰਮ ਸੀਨੇ ਮੇ ਧੜਕਤੇ ਹੈਂ ਵੋਹ ਨਾਜ਼ੁਕ ਤੁਫਾਨ,
ਜਿਨ ਕੀ ਲਹਿਰੋਂ ਮੇਂ ਉਤਰ ਜਾਨੇ ਕੋ ਜੀਅ ਚਾਹਤਾ ਹੈ!!

ਮਾਨਵ ਸਰੀਰ ਦੇ ਪ੍ਰਾਣੀ ਸੈੱਲ (ਪ੍ਰਾਣੀ ਕੁਟਿ) ਲਗਾਤਾਰ ਰਸਾਇਣਕ ਪਦਾਰਥ ਪੈਦਾ ਕਰਕੇ ਦੂਸਰੇ ਸੈੱਲਾਂ ਨਾਲ ਸੰਪਰਕ ਕਰਨ ਲਈ ਇਨ੍ਹਾਂ ਪਦਾਰਥਾਂ ਦਾ ਵਟਾਂਦਰਾ ਕਰਦੇ ਰਹਿੰਦੇ ਹਨ। ਇਨ੍ਹਾਂ ਰਸਾਇਣਕ ਪਦਾਰਥਾਂ ਨੂੰ ਹਾਰਮੋਨ (Hormone) ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕਾਮ-ਵਾਸ਼ਨਾ (ਜਾਂ ਲਿੰਗਕ ਲਾਲਸਾ) ਲਿੰਗਕ ਹਾਰਮੋਨ  ਪੈਦਾ ਹੋਣ ਨਾਲ ਸ਼ੁਰੂ ਹੁੰਦੀ ਹੈ। ਇਹ ਹਾਰਮੋਨ ਬਰਾਬਰ ਔਰਤਾਂ ਅਤੇ ਮਰਦਾਂ ਵਿਚ ਪੈਦਾ ਹੁੰਦੇ ਰਹਿੰਦੇ ਹਨ। ਪ੍ਰਾਣੀ ਸੈੱਲਾਂ ਦੁਆਰਾ ਪੈਦਾ ਕੀਤੇ ਇਹ ਹਾਰਮੋਨ ਸਰੀਰ ਵਿਚ ਹਲ-ਚਲ ਮਚਾ ਦਿੰਦੇ ਹਨ ਅਤੇ ਲਿੰਗਕ ਲਾਲਸਾ ਨੂੰ ਪੂਰੀ ਕਰਨ ਲਈ ਸਰੀਰ ਨੂੰ ਮਜਬੂਰ ਕਰ ਦਿੰਦੇ ਹਨ। ਇਸ ਦਸ਼ਾ ਵਿਚ ਆਦਮੀ ਵਿਆਕੁਲਤਾ ਨਾਲ ਭਟਕ ਜਾਂਦਾ ਹੈ ਅਤੇ ਕਿਸੇ ਦੀ ਤਲਾਸ਼ ਲਈ 'ਡਗਰੀ-ਡਗਰੀ ਦੁਆਰੇ-ਦੁਆਰੇ ਢੁੰਡੂ ਰੇ ਸਾਂਵਰੀਆ' ਗਾਉਂਦਾ ਹੋਇਆ ਗਲੀ ਬਾਜ਼ਾਰ ਚਲ ਨਿਕਲਦਾ ਹੈ।

ਅਵਸਥਾ 2: ਕਾਮੁੱਕ ਖਿੱਚ

ਉਨਕੀ ਪਹਿਲੀ ਨਜ਼ਰ ਕਿਆ ਅਸਰ ਕਰ ਗਈ,
ਮੁੱਝ ਕੋ ਕਿਆ ਹੋ ਗਯਾ ਹੈ ਖੁਦਾ ਜਾਣੇ...

ਦੇਖਤੇ ਹੀ ਤੁਝੇ, ਮੇਰੇ ਦਿਲ ਨੇ ਕਹਾ,
ਜ਼ਿੰਦਗੀ ਭਰ ਤੁਝੇ ਦੇਖਤਾ ਹੀ ਰਹੁੰ।

ਇਹ ਅਵਸਥਾ ਅਸਲੀ ਮਹੱਬਤ ਦੀ ਅਵਸਥਾ ਹੈ। ਇਸ ਦੌਰਾਨ ਪਿਆਰ ਦਾ ਡੱਸਿਆ ਆਦਮੀ (ਜਾਂ ਔਰਤ) ਸਾਰੀ ਸੁੱਧ-ਬੁੱਧ ਗੁਆ ਬੈਠਦਾ ਹੈ ਅਤੇ ਪਿਆਰ ਤੋ ਸਿਵਾਏ ਉਸ ਨੂੰ ਹੋਰ ਕੁੱਝ ਵੀ ਨਹੀਂ ਸੁੱਝਦਾ। ਪਿਆਰ ਦੇ ਮਰੀਜ਼ ਨੂੰ ਭੁੱਖ ਵੀ ਨਹੀ ਲਗਦੀ, ਨੀਂਦ ਵੀ ਨਹੀ ਆਉਂਦੀ ਅਤੇ ਦਿਨ ਰਾਤ ਇਹ ਮਰੀਜ਼ ਆਪਣੇ ਪ੍ਰੇਮੀ ਦੇ ਸੁਪਨੇ ਹੀ ਲੈਂਦਾ ਰਹਿੰਦਾ ਹੈ। ਹਰ ਪਾਸੇ ਪ੍ਰਮੀ ਦੀ ਸ਼ਕਲ ਹੀ ਦਿਖਾਈ ਦਿੰਦੀ ਰਹਿੰਦੀ ਹੈ। ਸਾਰੀ ਕਾਇਨਾਤ, ਸਾਰੀ ਸ੍ਰਿਸ਼ਟੀ ਪ੍ਰੇਮ-ਸੰਗੀਤ ਵਜਾਉਂਦੀ ਹੀ ਸੁਣਾਈ ਦਿੰਦੀ ਹੈ। ਫੁੱਲਾਂ ਵਿਚ, ਤਿਤਲੀਆਂ ਵਿਚ, ਸੂਰਜ ਅਤੇ ਚੰਦ ਦੀਆਂ ਕਿਰਨਾ ਵਿਚ ਉਹ-ਹੀ-ਉਹ ਨਜ਼ਰ ਆਉਂਦਾ ਹੈ।

"ਖੁਦਾ ਵੀ ਆਸਮਾਂ ਸੇ ਜਬ ਜ਼ਮੀਂ ਪਰ ਦੇਖਤਾ ਹੋਗਾ, ਮੇਰੇ ਮਹਿਬੂਬ ਕੋ ਕਿਸ ਨੇ ਬਣਾਇਆ ਸੋਚਤਾ ਹੋਗਾ।"

ਇਹ ਹਾਰਮੋਨ ਸਾਰੇ ਬ੍ਰਹਿਮੰਡ ਨੂੰ ਭੁਆਂਟਣੀ ਦੇ ਕੇ ਵਿਚਾਰੇ ਪ੍ਰੇਮ ਰੋਗੀ ਨੂੰ ਪਾਗਲ ਕਰ ਦਿੰਦੇ ਹਨ, ਦੀਵਾਨਾ ਬਣਾ ਦਿੰਦੇ ਹਨ। ਇੱਥੇ ਹੀ ਬੱਸ ਨਹੀ, ਇਸ ਦਸ਼ਾ ਨੂੰ ਹੋਰ ਵੀ ਤਰਸਯੋਗ ਬਣਾਉਣ ਲਈ ਹਾਰਮੋਨਾਂ ਤੋ ਇਲਾਵਾ ਹੋਰ ਕਾਮੁੱਕ ਪਦਾਰਥ ਵੀ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਇਹ ਹਨ ਮੋਨੋਏਮੀਨ (Monoamines)। ਇਨ੍ਹਾਂ ਪਦਾਰਥਾਂ ਦੇ ਅਸਰ ਥੱਲੇ ਪ੍ਰੇਮੀ ਨਸ਼ੀਲੀਆਂ ਵਸਤਾਂ ਦੀ ਵਰਤੋਂ ਸ਼ੁਰੂ ਕਰ ਦਿੰਦਾ ਹੈ ਅਰਥਾਤ ਨਿਕੋਟੀਨ (Nicotine - ਜਿਸ ਤਰ੍ਹਾ ਤਮਾਕੂ ਅਤੇ ਸਿਗਰਟਾਂ) ਅਤੇ ਕੋਕੇਨ (Cocaine - ਜਿਸ ਤਰ੍ਹਾ ਚਾਹ ਅਤੇ ਕੌਫੀ)। ਇਨ੍ਹਾਂ ਨਸ਼ਿਆਂ ਦੀ ਵਰਤੋਂ ਨਾਲ ਮੋਨੋਏਮੀਨ ਦੀ ਮਾਤ੍ਰਾ ਹੋਰ ਵਧਦੀ ਹੈ ਜਿਸ ਨਾਲ ਪ੍ਰੇਮੀ ਨਸ਼ੀਲੀਆਂ ਵਸਤਾਂ ਦਾ ਸੇਵਨ ਹੋਰ ਵਧਾ ਦਿੰਦਾ ਹੈ। ਹਾਲਾਤ ਬੇਕਾਬੂ ਹੋ ਜਾਣ ਤੇ ਪ੍ਰੇਮੀ ਨਸ਼ਿਆਂ ਦਾ ਅਮਲੀ ਬਣ ਕੇ ਰਹਿ ਜਾਂਦਾ ਹੈ। ਇਹ ਰਸਾਇਣਕ ਪਦਾਰਥ ਆਦਮੀ ਨੂੰ ਆਰਜ਼ੀ ਤੌਰ ਤੇ ਬਾਉਲਾ (ਪਾਗਲ) ਵੀ ਕਰ ਦਿੰਦੇ ਹਨ। "ਮੈਂ ਤੇਰੇ ਪਿਆਰ ਮੇ ਪਾਗਲ ...!"

ਅਵਸਥਾ 3: ਮੋਹ-ਸਾਂਝ

ਤੁਝ ਸੇ ਰਿਸ਼ਤਾ ਹੈ ਕਬ ਸੇ ਯੇਹ ਮਾਲੂਮ ਨਹੀ,
ਫਿਰ ਭੀ ਹੁਸਨ ਪਰ ਮਿਟ ਜਾਨੇ ਕੋ ਜੀਅ ਚਾਹਤਾ ਹੈ।

ਕਾਮੁੱਕ ਖਿੱਚ ਦੇ ਪ੍ਰੇਮ-ਰੋਗ ਤੋਂ ਅਗਲੀ ਅਵਸਥਾ ਆਪਸੀ ਸਾਂਝ ਜਾਂ ਬੰਧਨ ਪੈਦਾ ਕਰਨ ਦੀ ਅਵਸਥਾ ਹੈ। ਦੂਰ ਦੀ ਕਾਮੁੱਕ ਖਿੱਚ ਵਾਲੀ ਅਵਸਥਾ ਸਦਾ ਲਈ ਨਹੀ ਰਹਿ ਸਕਦੀ ਕਿਉਂਕਿ ਪਿਆਰ ਪਾਉਣ ਦਾ ਆਖਰੀ ਮਕਸਦ ਸਾਂਝ ਪੈਦਾ ਕਰਨਾ ਹੀ ਹੁੰਦਾ ਹੈ। ਇਹ ਸਾਂਝ ਚਿਰਸਥਾਈ ਹੁੰਦੀ ਹੈ ਜੋ ਪ੍ਰੇਮੀਆਂ ਨੂੰ ਇਕ ਬੰਧਨ ਵਿਚ ਪ੍ਰੋਤ ਕੇ ਰੱਖਦੀ ਹੈ। ਇਸ ਅਵਸਥਾ ਦੇ ਦੋ ਮਹੱਤਵਪੂਰਣ ਹਾਰਮੋਨ ਹਨ ਜੋ ਕਿ ਸਰੀਰ ਦਾ ਤੰਤੂ-ਪ੍ਰਬੰਧ (Nervous System) ਪੈਦਾ ਕਰਦਾ ਹੈ। ਇਹ ਹਾਰਮੋਨ ਸਮਾਜਕ ਬੰਧਨ ਪੈਦਾ ਕਰਨ ਦਾ ਰੋਲ ਅਦਾ ਕਰਦੇ ਹਨ। ਇਹ ਹਾਰਮੋਨ ਹਨ: ਆਕਸੀਟੋਸਿਨ (Oxytocin) ਅਤੇ ਵਾਸੋਪਰੀਸਿਨ (Vasopressin)

ਆਕਸੀਟੋਸਿਨ ਹਾਰਮੋਨ ਬੰਧਨ ਨੂੰ ਮਜ਼ਬੂਤ ਕਰਨ ਵਿਚ ਸਹਾਈ ਹੁੰਦਾ ਹੈ। ਇਸ ਨੂੰ ਬੱਚੇ ਦੇ ਜਨਮ ਵੇਲੇ ਮਾਂ ਦਾ ਸਰੀਰ ਪੈਦਾ ਕਰਦਾ ਹੈ ਜੋ ਮਾਂ ਅਤੇ ਬੱਚੇ ਦੇ ਰਿਸ਼ਤੇ ਨੂੰ ਨਿਪੁੰਨ ਅਤੇ ਸ਼ਕਤੀਸ਼ਾਲੀ ਬਣਾਉਂਦਾ ਹੈ। ਇਹ ਹਾਰਮੋਨ ਆਦਮੀ ਅਤੇ ਔਰਤ ਦੇ ਸਰੀਰਕ ਸੰਬੰਧ ਸਮੇ ਵੀ ਪੈਦਾ ਹੁੰਦਾ ਹੈ ਜੋ ਉਨ੍ਹਾਂ ਵਿਚ ਰਿਸ਼ਤੇ (ਬੰਧਨ) ਨੂੰ ਤਾਕਤ ਦਿੰਦਾ ਹੈ। ਕਈ ਵਾਰ ਇਹ ਵੀ ਵਿਚਾਰ ਕੀਤਾ ਜਾਂਦਾ ਹੈ ਕਿ ਪ੍ਰੇਮੀਆਂ ਵਿਚ ਅਕਸਰ ਸੰਭੋਗ ਨਾਲ ਇਹ ਬੰਧਨ ਹੋਰ ਵੀ ਡੂੰਘਾ ਅਤੇ ਗੂੜ੍ਹਾ ਹੁੰਦਾ ਹੈ।

ਵਾਸੋਪਰੀਸਿਨ ਹਾਰਮੋਨ ਵੀ ਰਿਸ਼ਤੇ ਨੂੰ ਲੰਬੇ ਸਮੇ ਲਈ ਬਣਾ ਕੇ ਰੱਖਣ ਵਿਚ ਸਹਾਈ ਹੁੰਦਾ ਹੈ। ਵਿਗਿਆਨਕ ਖੋਜ ਤੋਂ ਇਹ ਪਤਾ ਲਗਦਾ ਹੈ ਕਿ ਇਸ ਹਾਰਮੋਨ ਤੋਂ ਬਗੈਰ ਪ੍ਰੇਮੀ ਆਪਸੀ ਦਿਲਚਸਪੀ ਗੁਆ ਬੈਠਦੇ ਹਨ ਅਤੇ ਇਕ ਦੂਸਰੇ ਵਲ ਖਿੱਚ ਖਤਮ ਹੋ ਜਾਂਦੀ ਹੈ। ਰਿਸ਼ਤੇ ਦੇ ਟੁੱਟਣ ਦਾ ਕਾਰਨ ਇਸ ਹਾਰਮੋਨ ਦੇ ਸਿਰ ਹੀ ਮੜ੍ਹਿਆ ਜਾ ਸਕਦਾ ਹੈ। ਵਾਸੋਪਰੀਸਿਨ ਦੀ ਘਾਟ ਹੀ ਸ਼ਾਇਦ ਤਲਾਕ ਦਾ ਰੂਪ ਧਾਰਨ ਕਰ ਲੈਂਦੀ ਹੈ!


ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ

ਅਮਰੀਕੀ ਪੁਲਾੜ ਖੋਜ ਸੰਸਥਾ ਦੀ ਹਰਸ਼ਲ ਪੁਲਾੜ ਪ੍ਰੇਖਣਸ਼ਾਲਾ (ਨੀਝਸ਼ਾਲਾ) ਨੇ ਡੂੰਘੇ ਅੰਤਰਿਕਸ਼ ਵਿਚ ਆਕਸੀਜਨ ਦੇ ਅਣੂ (O2) ਲੱਭੇ ਹਨ।

ਅੰਤਰਿਕਸ਼ ਵਿਚ ਆਕਸੀਜਨ ਦੇ ਪਰਮਾਣੂ ਆਮ ਪਾਏ ਜਾਂਦੇ ਹਨ, ਖਾਸ ਕਰ ਵਿਸ਼ਾਲ ਤਾਰਿਆਂ ਦੇ ਗਿਰਦ। ਪ੍ਰੰਤੁ ਆਕਸੀਜਨ ਅਣੂ (O2), ਜੋ ਸਾਡੀ ਧਰਤੀ (ਪ੍ਰਿਥਵੀ) ਦੇ ਵਾਯੂਮੰਡਲ ਦਾ 20 ਪ੍ਰਤੀਸ਼ਤ ਹਿੱਸਾ ਹੈ, ਹੁਣ ਤੱਕ ਅੰਤਰਿਕਸ਼ ਵਿਚ ਦੇਖਣ ਨੂੰ ਨਹੀ ਸਨ ਮਿਲਦੇ। ਆਕਸੀਜਨ, ਸਾਰੇ ਬ੍ਰਹਿਮੰਡ ਵਿਚ ਸਭ ਤੋਂ ਭਾਰੀ ਮਾਤਰਾ ਵਿਚ ਪਾਇਆ ਜਾਂਦਾ ਤੀਸਰਾ ਤੱਤ ਹੈ। ਹਾਈਡਰੋਜਨ (H2) ਅਤੇ ਹੀਲੀਅਮ (He) ਪਹਿਲੇ ਦੋ ਤੱਤ ਹਨ। ਆਕਸੀਜਨ ਦਾ ਅਣੂ ਰੂਪ ਹੀ ਪ੍ਰਿਥਵੀ ਉੱਪਰ ਜੀਵਨ ਨੂੰ ਸੰਭਵ ਬਣਾਉਂਦਾ ਹੈ ਕਿਉਂਕਿ ਇਹ ਹਵਾ ਦਾ ਮਹੱਤਵਪੂਰਣ ਹਿੱਸਾ ਹੈ, ਜਿਸ ਵਿਚ ਅਸੀ ਸਾਹ ਲੈਂਦੇ ਹਾਂ।

ਓਰਾਇਨ ਨੀਹਾਰਿਕਾ (ਧੁੰਦਲਾ ਗੈਸਾਂ ਦਾ ਝੁੰਡ)

ਆਕਸੀਜਨ ਦੇ ਇਹ ਅਣੂ ਬ੍ਰਹਿਮੰਡ ਦੇ ਓਰਾਇਨ ਨੀਹਾਰਿਕਾ (Orion) ਨਾਮੀ ਤਾਰਾਮੰਡਲ ਵਿਚ ਮਿਲੇ ਹਨ, ਜੋ ਪ੍ਰਿਥਵੀ ਤੋਂ ਲਗ ਪਗ 1500 ਪ੍ਰਕਾਸ਼-ਵਰ੍ਹਾ ਦੂਰ ਹੈ।

ਓਰਾਇਨ ਨੀਹਾਰਿਕਾ (ਧੁੰਦਲਾ ਗੈਸਾਂ ਦਾ ਝੁੰਡ) ਗੋਲ ਦਾਇਰੇ ਦਾ ਗੈਸਾਂ ਅਤੇ ਤਾਰਿਆਂ ਨਾਲ ਭਰਪੂਰ ਸੰਘਣਾ ਝੁੰਡ ਹੈ ਜੋ ਕੇਂਦਰ ਵਿਚ ਕਾਫੀ ਸੰਘਣਾ ਅਤੇ ਚਮਕੀਲਾ ਹੈ। ਇਹ ਰਾਤ ਨੂੰ ਨੰਗੀ ਅੱਖ ਨਾਲ ਵੀ ਸਾਫ ਦੇਖਿਆ ਜਾ ਸਕਦਾ ਹੈ। ਇਨ੍ਹਾਂ ਗੈਸਾਂ ਦੇ ਬੱਦਲ ਦਾ ਤਾਪਮਾਨ 10,000K (ਦਰਜਾ ਕੈਲਵਨ) ਮਾਪਿਆ ਗਿਆ ਹੈ। ਇਸ ਅੰਤਾਂ ਦੇ ਤਾਪਮਾਨ ਦਾ ਕਾਰਨ ਮਹਾਨ ਬੱਦਲਾਂ ਦਾ ਅਕਰਸ਼ਨ ਸ਼ਕਤੀ ਦੇ ਦਬਾਉ ਥੱਲੇ ਸੁੰਗੜਨ ਅਤੇ ਨਿਘਾਰ ਨਾਲ ਪੈਦਾ ਹੋਈਆਂ ਪ੍ਰਮਾਣੂ ਕਿਰਿਆਵਾਂ ਦੱਸਿਆ ਜਾਂਦਾ ਹੈ। ਇਸ ਤਰ੍ਹਾ ਸੁੰਗੜਦੇ ਅਤੇ ਆਪਣੇ-ਆਪ ਤੇ ਢਹਿ ਢੇਰੀ ਹੁੰਦੇ ਬੱਦਲਾਂ ਦੇ ਝੁਰਮਟ ਦੀ ਘਣਤਾ ਇਤਨੀ ਓੜਕਾਂ ਦੀ ਵਧ ਜਾਂਦੀ ਹੈ ਕਿ ਅਕਰਸ਼ਣ-ਸ਼ਕਤੀ ਤਾਪ-ਸ਼ਕਤੀ ਦੇ ਰੂਪ ਵਿਚ ਬਦਲ ਜਾਂਦੀ ਹੈ ਅਤੇ ਪ੍ਰਮਾਣੂ ਕਿਰਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਤਾਰਿਆਂ ਅਤੇ ਗੈਸਾਂ ਦੇ ਇਸ ਝੁਰਮਟ ਵਿਚ ਤਾਪਮਾਨ ਇਤਨਾ ਨਿਹਾਇਤ (ਇੰਤਹਾ) ਹੋ ਜਾਂਦਾ ਹੈ ਕਿ ਇਸ ਖੇਤਰ ਵਿਚ ਨਵੇ ਤਾਰੇ ਅਤੇ ਤਾਰਕਾ-ਮੰਡਲ ਲਗਾਤਾਰ ਪੈਦਾ ਹੁੰਦੇ ਰਹਿੰਦੇ ਹਨ। ਵਿਗਿਆਨਕ ਨਰੀਖਣਾਂ ਤੋ ਪਤਾ ਲਗਦਾ ਹੈ ਇਸ ਝੁੰਡ ਵਿਚ ਲਗ ਪਗ 700 ਨਵੇਂ ਸਿਤਰੇ ਪੈਦਾ ਹੋ ਚੁੱਕੇ ਹਨ ਜਾਂ ਪੈਦਾ ਹੋਣ ਦੀਆਂ ਅਲੱਗ ਅਲੱਗ ਮੰਜ਼ਲਾਂ ਉੱਪਰ ਹਨ। - (19/08/2011)

ਆਕਸੀਜਨ (O2)

ਆਕਸੀਜਨ ਦੇ ਦੋ ਅਲਗ ਅਲਗ ਪ੍ਰਮਾਣੂ ਮਿਲ ਕੇ, ਇਕ ਅਣੂ ਬਣਉਂਦੇ ਹਨ। ਕੁਦਰਤ ਵਿਚ ਪ੍ਰਮਾਣੂ ਤੋਂ ਅਣੂ ਬਣਾਉਣ ਦੇ ਕਈ ਤਰੀਕੇ ਹਨ। ਸਭ ਤੋਂ ਸੌਖਾ ਅਤੇ ਸਧਾਰਨ ਤਰੀਕਾ ਜੋ ਕੁਦਰਤ ਅਪਣਾਉਂਦੀ ਹੈ ਉਸ ਨੂੰ ਰਸਾਇਣ-ਵਿਗਿਆਨੀ ਕੋਵੈਲੈਂਟ ਬੰਧਨ  (Covalent Bond)  ਆਖਦੇ ਹਨ। ਇਸ ਬੰਧਨ ਨਾਲ ਪ੍ਰਮਾਣੂ ਆਪਣੇ ਬਾਹਰੀ ਪਰਿਮੰਡਲ ਦੇ ਬਿਜਲਾਣੂ (Electron) ਸਾਂਝੇ ਕਰਦਾ ਹੈ ਅਤੇ ਦੋ ਪ੍ਰਮਾਣੂਆਂ ਨੂੰ ਜੋੜੀ ਰੱਖਦਾ ਹੈ। ਇਸ ਤਰ੍ਹਾ ਆਕਸੀਜਨ ਦੇ ਇਕ ਅਣੂ ਵਿਚ ਦੋ ਆਕਸੀਜਨ ਪ੍ਰਮਾਣੂ ਦੂਣੇ ਕੋਵੈਲੈਂਟ ਬੰਧਨ  ਰਾਹੀਂ ਜੁੜੇ ਰਹਿੰਦੇ ਹਨ ।

ਪ੍ਰਕਾਸ਼-ਵਰ੍ਹਾ

ਦ੍ਰਿਸ਼ਟਮਾਨ ਬ੍ਰਹਿਮੰਡ ਬੜੀਆਂ ਅਥਾਹ, ਬੇਹੱਦ ਦੂਰੀਆਂ ਤੱਕ ਫੈਲਿਆ ਹੋਇਆ ਹੈ। ਅੱਜ ਦੇ ਵਿਗਿਆਨਕ ਯੁੱਗ ਵਿਚ ਵੀ ਇਸ ਦੀ ਅਪਾਰ ਸੀਮਾ ਦਾ ਪਤਾ ਨਹੀ ਲਗਾਇਆ ਜਾ ਸਕਿਆ। ਸਾਡੇ ਧਰਮ ਗ੍ਰੰਥਾਂ ਵਿਚ ਵੀ ਇਸ ਦਾ ਉਲੇਖ ਬਾਰ ਬਾਰ ਆਉਂਦਾ ਹੈ:

ਅਲਖੁ ਵਰਤੈ ਅਗਮ ਅਪਾਰਾ॥
...
ਨਿਜ ਘਰਿ ਮਹਲੁ ਅਪਾਰ ਕੋ ਅਪਰੰਪਰੁ ਸੋਈ ॥
...
ਗੁਨ ਨਿਧਾਨ ਬੇਅੰਤ ਅਪਾਰ ॥
...
ਆਦਿ ਅਪਾਰੁ ਅਪਰੰਪਰੁ ਹੀਰਾ ॥
...
ਓਹੁ ਅਬਿਨਾਸੀ ਅਗਮ ਅਪਾਰ ॥

ਅਕਾਸ਼ਮੰਡਲ ਦੇ ਗ੍ਰਹਿ, ਨਛੱਤਰ, ਤਾਰੇ (ਵਿਉਮੁਚਾਰਿਨ) ਇਤਨੀਆਂ ਵਿਸ਼ਾਲ ਦੂਰੀਆਂ ਤੱਕ ਫੈਲੇ ਹੋਏ ਹਨ ਕਿ ਇਨ੍ਹਾਂ ਦੂਰੀਆਂ ਨੂੰ ਮੀਲਾਂ ਜਾਂ ਕਿਲੋਮੀਟਰਾਂ ਵਿਚ ਮਾਪਣਾ ਬੇਅਰਥ ਹੀ ਨਹੀਂ ਬਲਕਿ ਅਸੰਭਵ ਵੀ ਹੈ। ਇਸ ਲਈ ਖਗੋਲ ਅਤੇ ਭੌਤਿਕ ਵਿਗਿਆਨ ਦੇ ਖੇਤ੍ਰਾਂ ਵਿਚ ਇਹ ਦੂਰੀ ਪ੍ਰਕਾਸ਼-ਵਰ੍ਹਾ ਦੀ ਇਕਾਈ ਵਿਚ ਮਾਪੀ ਜਾਂਦੀ ਹੈ।

ਇਕ ਪ੍ਰਕਾਸ਼-ਵਰ੍ਹਾ ਉਹ ਦੂਰੀ ਹੈ ਜੋ ਪ੍ਰਕਾਸ਼ ਦੀ ਇਕ ਕਿਰਨ, ਨਿਰਵਾਤ (ਖਿਲਾਅ) ਵਿਚ, ਪ੍ਰਕਾਸ਼ ਗਤੀ (ਰਫਤਾਰ) ਨਾਲ ਚਲਦੀ ਹੋਈ ਇਕ ਸਾਲ (ਵਰ੍ਹਾ) ਦੇ ਸਮੇ  ਵਿਚ ਤੈਅ ਕਰਦੀ ਹੈ। ਇਸ ਦੂਰੀ ਦਾ ਅਨੁਮਾਨ ਕਿਲੋਮੀਟਰਾਂ ਵਿਚ ਇਸ ਤਰ੍ਹਾ ਲਗਾਇਆ ਜਾ ਸਕਦਾ ਹੈ:

ਪ੍ਰਕਾਸ਼ ਗਤੀ (ਰਫਤਾਰ) = 300,000 km/s  (ਕਿਲੋਮੀਟਰ ਪ੍ਰਤੀ ਸਕਿੰਟ), ਜਾਂ
  = 1,080,000,000 km/hour (ਕਿਲੋਮੀਟਰ ਪ੍ਰਤੀ ਘੰਟਾ), ਜਾਂ
  = 108 ਕਰੋੜ ਕਿਲੋਮੀਟਰ ਪ੍ਰਤੀ ਘੰਟਾ, ਜਾਂ
  = 9,460,730,472,580 ਕਿਲੋਮੀਟਰ ਪ੍ਰਤੀ ਵਰ੍ਹਾ, ਜਾਂ
  = 9.46 ਕਰੋੜ ਖਰਬ ਕਿਲੋਮੀਟਰ ਪ੍ਰਤੀ ਵਰ੍ਹਾ
ਇਸ ਤਰ੍ਹਾਂ ਦੀਆਂ ਵੱਡੀਆਂ ਰਾਸ਼ੀਆਂ ਨੂੰ, ਸਰਲ ਕਰਨ ਲਈ, ਗਣਿਤ-ਸ਼ਾਸਤਰ ਵਿਚ ਇਸ ਤਰ੍ਹਾ ਲਿਖਿਆ ਜਾਂਦਾ ਹੈ:
  = 9.46 x 1012 ਕਿਲੋਮੀਟਰ ਪ੍ਰਤੀ ਵਰ੍ਹਾ
  = 9,460,000,000,000 ਕਿਲੋਮੀਟਰ ਪ੍ਰਤੀ ਵਰ੍ਹਾ

ਇਸ ਦਾ ਅਰਥ ਇਹ ਹੋਇਆ ਕਿ ਪ੍ਰਕਾਸ਼ ਦੀ ਕਿਰਨ ਇਕ ਸਾਲ ਵਿਚ ਲਗ ਪਗ 9,460,730,472,580 ਕਿਲੋਮੀਟਰ ਦਾ ਫਾਸਲਾ ਤੈਅ ਕਰਦੀ ਹੈ। ਇਸ ਹਿਸਾਬ ਸਵੇਰ ਨੂੰ ਜਦ ਸੂਰਜ ਨਿਕਲਦਾ ਹੈ ਤਾਂ ਪ੍ਰਕਾਸ਼ ਦੀ ਇਕ ਕਿਰਨ ਸਾਡੇ (ਧਰਤੀ) ਤੱਕ ਪਹੁੰਚਣ ਲਈ 8 ਮਿੰਟ ਅਤੇ 19 ਸਕਿੰਟ ਦਾ ਸਮਾ ਲੈਂਦੀ ਹੈ। ਸੂਰਜ-ਮੰਡਲ ਦਾ ਸਭ ਤੋ ਨਜ਼ਦੀਕੀ ਤਾਰਾ ਅਲਫਾ ਸੈਂਚੂਰੀ (Alpha Centauri) ਹੈ। ਇਹ ਤਾਰਾ ਪ੍ਰਿਥਵੀ ਤੋਂ ਲਗ ਪਗ 4 ਪ੍ਰਕਾਸ਼-ਵਰ੍ਹੇ ਦੂਰ ਹੈ। ਇਸ ਦਾ ਅਰਥ ਇਹ ਹੋਇਆ ਕਿ ਅੱਜ ਦਿਸਣ ਵਾਲਾ ਅਲਫਾ ਸੈਂਚੂਰੀ ਚਾਰ ਸਾਲ ਪੁਰਾਣਾ ਹੈ ਕਿਉਂਕਿ ਅੱਜ ਜੋ ਰੌਸ਼ਨੀ ਦੀ ਕਿਰਨ ਸਾਡੇ ਤੱਕ ਪਹੁੰਚੀ ਹੈ ਉਹ ਅਲਫਾ ਸੈਂਚੂਰੀ ਤੋਂ ਚਾਰ ਸਾਲ ਪਹਿਲਾਂ ਚੱਲੀ ਸੀ।

 

 

ਸੂਰਜ ਦੀ ਕਿਰਨ ਧਰਤੀ (ਪ੍ਰਿਥਵੀ) ਤੱਕ ਪਹੁੰਚਣ ਲਈ 8 ਮਿੰਟ ਅਤੇ 19 ਸਕਿੰਟ ਦਾ ਸਮਾ ਲੈਂਦੀ ਹੈ।


ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ (12/08/2011)

'ਸਾਇੰਸ' ਨਾਮੀ ਪੱਤ੍ਰਿਕਾ ਵਿਚ ਛਪੀ ਰਿਪੋਰਟ ਅਨੁਸਾਰ ਮੰਗਲ ਗ੍ਰਹਿ ਉੱਪਰ ਲਈਆਂ ਗਈਆਂ ਤਸਵੀਰਾਂ ਤੋ ਇਹ ਪਤਾ ਲਗਦਾ ਹੈ ਕਿ ਜਗ੍ਹਾ ਜਗ੍ਹਾ ਲੰਬੀਆਂ, ਗਾੜ੍ਹੀਆਂ ਰੇਖਾਵਾਂ ਇਹ ਦੱਸਦੀਆਂ ਹਨ ਕਿ ਇਹ ਅਸਲ ਵਿਚ ਕਿਸੇ ਤਰਲ ਵਸਤੁ ਦੇ ਵਹਾਉ ਦੀਆਂ ਧਾਰਾਵਾਂ ਹੋ ਸਕਦੀਆਂ ਹਨ। ਇਹ ਧਾਰਾਵਾਂ ਪਹਾੜਾਂ ਅਤੇ ਪੱਥਰਾਂ ਵਿਚ ਦੀ ਗੁਜ਼ਰਦੀਆਂ ਹੋਈਆਂ ਮੈਦਾਨੀ ਸਤਹ ਵਲ ਵਹਿੰਦੀਆਂ ਦਿਖਾਈ ਦਿੰਦੀਆਂ ਹਨ।

ਇਹ ਧਾਰਾਵਾਂ ਗਰਮੀਆਂ ਦੀ ਰੁੱਤੇ ਸੂਰਜ ਦੀ ਰੌਸ਼ਨੀ ਨਾਲ ਗਰਮ ਹੋਈਆਂ ਪਹਾੜੀਆਂ ਤੋਂ ਵਹਿੰਦੀਆਂ ਹੀ ਨਜ਼ਰ ਆਉਦੀਆਂ ਹਨ ਜੋ ਸਰਦੀਆਂ ਦੇ ਮੌਸਮ ਵਿਚ ਗ਼ਾਇਬ ਹੋ ਜਾਂਦੀਆਂ ਜਾਪਦੀਆਂ ਹਨ। ਵਿਗਿਆਨਕਾਂ ਦਾ ਵਿਚਾਰ ਹੈ ਕਿ ਇਹ ਧਾਰਾਵਾਂ ਮਿੱਟੀ ਅਤੇ ਗਾਰੇ ਦੀਆਂ ਬਣੀਆਂ ਹੋ ਸਕਦੀਆਂ ਹਨ ਕਿਉਂਕਿ ਮੰਗਲ ਉੱਪਰ ਬੇਹੱਦ ਠੰਡ ਹੋਣ ਕਾਰਨ ਇਹ ਸ਼ੁੱਧ ਪਾਣੀ ਦੀਆਂ ਹੋਣੀਆਂ ਨਾਮੁਮਕਿਨ ਹਨ। ਪਰ ਇਹ ਵੀ ਸੰਭਵ ਹੋ ਸਕਦਾ ਹੈ ਇਹ ਬੇਹੱਦ ਨਮਕੀਨ ਪਾਣੀ ਦੇ ਵਹਾਉ ਨਾਲ ਬਣੀਆਂ ਹੋਣ ਕਿਉਂਕਿ ਨਮਕ ਪਾਣੀ ਦੇ ਜੰਮਣ ਦੇ ਤਾਪਮਾਨ ਨੂੰ ਘੱਟ ਕਰ ਦਿੰਦਾ ਹੈ। ਜੇਕਰ ਇਹ ਧਾਰਾਵਾਂ ਸੱਚ-ਮੁੱਚ ਪਾਣੀ ਦੀਆਂ ਹੀ ਹਨ ਤਾਂ ਇਹ ਵੀ ਅਨੁਮਾਨ ਲਗਾਇਆਂ ਜਾਂਦਾ ਹੈ ਕਿ ਮੰਗਲ ਉੱਪਰ ਸੂਖਮ ਜੀਵਾਣੂ ਦਾ ਪਨਪਣਾ ਵੀ ਸੰਭਵ ਹੈ। ਇਹ ਇਸ ਲਈ ਕਿਉਂਕਿ ਕਿਸੇ ਵੀ ਕਿਸਮ ਦੇ ਜੀਵਨ ਵਿਕਾਸ ਲਈ ਪਾਣੀ ਦੇ ਹੋਣਾ ਅਤਿਅੰਤ ਜ਼ਰੂਰੀ ਹੈ।

ਮੰਗਲ ਗ੍ਰਹਿ ਦੀਆਂ ਪਹਾੜੀਆਂ ਸਰਦੀਆਂ ਦੇ ਮੌਸਮ ਵਿਚ

 

ਮੰਗਲ ਗ੍ਰਹਿ ਦੀਆਂ ਪਹਾੜੀਆਂ ਗਰਮੀਆਂ ਦੇ ਮੌਸਮ ਵਿਚ


ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ

ਅਮਰੀਕਾ ਦੀ ਪੁਲਾੜ ਖੋਜ ਸੰਸਥਾ ਨਾਸਾ (NASA) ਨੇ ਸੂਰਜ-ਮੰਡਲ ਦੀ ਖੋਜ ਦੇ ਪ੍ਰੋਗਰਾਮ ਅਧੀਨ ਬ੍ਰਹਿਸਪਤੀ-ਗ੍ਰਹਿ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ, ਫਲੋਰਿਡਾ ਤੋਂ ਜੂਨੋ ਨਾਮ ਦਾ ਮਾਨਵਰਹਿਤ ਅੰਤਰਿਕਸ਼-ਯਾਨ, 5 ਅਗਸਤ 2011 ਨੂੰ ਰਵਾਨਾ ਕੀਤਾ।

ਯੂਨਾਨੀ ਅਤੇ ਰਮਨੀ ਮਿਥਿਹਾਸ ਵਿਚ ਦੇਵਤਾ ਜੁਪੀਟਰ (ਬ੍ਰਹਿਸਪਤੀ ਜਾਂ ਗੁਰੂ) ਦੀ ਪਤਨੀ ਦਾ ਨਾਮ ਜੂਨੋ ਹੈ।

ਬ੍ਰਹਿਸਪਤੀ, ਸੂਰਜ-ਮੰਡਲ ਦਾ ਸਭ ਤੋਂ ਵੱਡਾ ਅਤੇ ਗੈਸਾਂ ਨਾਲ ਲਪੇਟਿਆ ਹੋਇਆ ਗ੍ਰਹਿ ਹੈ। ਇਹ ਖੋਜ-ਯਾਨ 280 ਕਰੋੜ ਕਿਲੋਮੀਟਰ ਦਾ ਫਾਸਲਾ ਤਹਿ ਕਰਦਾ ਹੋਇਆ, ਪੰਜ ਸਾਲ ਤਕ ਬ੍ਰਹਿਸਪਤੀ ਤਕ ਪਹੁੰਚੇਗਾ। ਇਹ ਆਪਣੀ ਕਿਸਮ ਦਾ ਪਹਿਲਾ ਯਾਨ ਹੋਵੇਗਾ ਜੋ ਸੂਰਜ ਤੋ ਇਤਨੀ ਦੂਰ ਸੂਰਜ-ਊਰਜਾ ਦੇ ਸਹਾਰੇ ਪਹੁੰਚੇਗਾ। ਕਿਉਂਕਿ ਇਹ ਸੂਰਜ-ਊਰਜਾ ਨਾਲ ਚੱਲਣ ਵਾਲਾ ਯਾਨ ਹੈ ਇਸ ਲਈ ਇਸ ਦੇ ਸੋਲਰ-ਸੈੱਲ ਖੰਭ ਹਮੇਸ਼ਾ ਸੂਰਜ ਦੀ ਦਿਸ਼ਾ ਵਲ ਹੀ ਰਹਿਣਗੇ ਅਤੇ ਇਹ ਕਦੇ ਵੀ ਬ੍ਰਹਿਸਪਤੀ ਤਕ ਪਹੁੰਚਕੇ ਇਸ ਗ੍ਰਹਿ ਦੇ ਪਰਛਾਵੇਂ ਵਿਚ ਨਹੀ ਆਏਗਾ।

ਇਸ ਅਭਿਆਨ ਤੋਂ ਨਾਸਾ ਦੇ ਵਿਗਿਆਨੀ ਇਹ ਉਮੀਦ ਰੱਖਦੇ ਹਨ ਕਿ ਇਸ ਯਾਨ ਰਾਹੀਂ ਬ੍ਰਹਿਸਪਤੀ ਦੇ ਗਿਰਦ ਲਿਪਟੀਆਂ ਰੰਗੀਨ ਪੱਟੀਆਂ ਦੇ ਬਾਰੇ ਅਧਿਕ ਜਾਣਕਾਰੀ ਪ੍ਰਾਪਤ ਕਰਨ ਵਿਚ ਮਦਦ ਮਿਲੇਗੀ। ਇਸ ਦੇ ਨਾਲ ਨਾਲ ਵਿਗਿਆਨੀ ਇਹ ਵੀ ਜਾਣਨਾ ਚਾਹੁੰਦੇ ਹਨ ਕਿ ਇਸ ਗ੍ਰਹਿ ਉਪਰ ਪਾਣੀ ਕਿੰਨੀ ਮਾਤਰਾ ਵਿਚ ਮਾਜੂਦ ਹੈ। (06/08/2011)


ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

ਐਨਟਾਰਕਟਿਕਾ, ਜੋ ਪ੍ਰਿਥਵੀ ਦਾ ਦੱਖਣ-ਧਰੁਵੀ ਮਹਾਂਦੀਪ ਹੈ, ਹੌਲੀ ਹੌਲੀ ਬਰਫ ਦੇ ਪਿਘਲਣ ਕਾਰਨ, ਉਭਰਦਾ ਜਾ ਰਿਹਾ ਹੈ। ਇਹ ਸਭ ਪ੍ਰਿਥਵੀ ਦੇ ਵਾਯੂਮੰਡਲ ਵਿਚ ਲਗਾਤਾਰ ਆ ਰਹੀ ਤਬਦੀਲੀ ਦਾ ਕਾਰਨ ਦੱਸਿਆ ਗਿਆ ਹੈ। ਨਾਸਾ (NASA) ਦੀ ਪਾਸਾਡੀਨਾ ਪ੍ਰਯੋਗਸ਼ਾਲਾ ਦੇ  ਪਿਛਲੇ 15 ਸਾਲਾਂ ਤੋ ਇਕੱਠੇ ਕੀਤੇ ਅੰਕੜਿਆਂ ਅਨੁਸਾਰ ਇਹ ਉਭਾਰ ਲਗਪਗ 5 ਮਿਲੀਮੀਟਰ ਪ੍ਰਤੀ ਵਰਸ਼ ਦਾ ਮਾਪਿਆ ਗਿਆ ਹੈ।

ਵਾਯੂਮੰਡਲ ਦੇ ਵਧ ਰਹੇ ਤਾਪਮਾਨ ਕਾਰਨ ਐਨਟਾਰਕਟਿਕਾ ਤੋਂ ਹਰ ਸਾਲ 200 ਗਿਗਾਟਨ (200 x 1,000,000,000 ਟਨ) ਦੇ ਕਰੀਬ ਬਰਫ ਪਿਘਲ ਰਹੀ ਹੈ ਜਦ ਕਿ ਗ੍ਰੀਨਲੈਂਡ ਦੀਆਂ ਚਟਾਨਾਂ ਤੋਂ ਇਹ ਪਿਘਲਾਅ 300 ਗਿਗਾਟਨ ਪ੍ਰਤੀ ਵਰਸ਼ ਦੱਸਿਆ ਗਿਆ ਹੈ। ਇਸ ਵਧ ਰਹੇ ਤਾਪਮਾਨ ਦਾ ਇਕ ਅਸਰ ਇਹ ਵੀ ਹੋਇਆ ਹੈ ਕਿ ਗ੍ਰੀਨਲੈਂਡ ਦਾ ਕੁੱਲ ਖੇਤਰਫਲ ਵਧ ਰਿਹਾ ਹੈ ਅਤੇ ਸਮੁੰਦਰੀ ਤਟ 4 ਸੈਂਟੀਮੀਟਰ ਪ੍ਰਤੀ ਵਰਸ਼ ਉੱਚੇ ਹੁੰਦੇ ਜਾ ਰਹੇ ਹਨ।  (01/08/2011)

 

   

hore-arrow1gif.gif (1195 bytes)


Terms and Conditions
Privacy Policy
© 1999-2011, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2011, 5abi.com