|
|
ਮੈਂ ਕਾਫ਼ੀ ਦੇਰ ਤੋਂ ਮਹਿਸੂਸ ਕਰ ਰਹੀ ਹਾਂ ਕਿ ਮੇਰੇ ਮਨ ਅੰਦਰ ਇੱਕ ਵਿਚਾਰਧਾਰਾ
ਲਗਾਤਾਰ, ਬਿਨਾ ਰੁਕੇ ਆਪ ਮੁਹਾਰੇ ਹੀ ਚੱਲਦੀ ਰਹਿੰਦੀ ਹੈ। ਸਵੇਰੇ ਡਿਊਟੀ ਜਾਣ ਲਈ
ਬੱਸ ਦੇ ਸਫ਼ਰ ਦੌਰਾਨ, ਹਸਪਤਾਲ ਵਿੱਚ ਜਦੋਂ ਕਦੇ ਵਿਹਲੇ ਪਲ ਮਿਲ ਜਾਣ, ਵਾਪਸੀ ਦੇ
ਸਫ਼ਰ ਦੌਰਾਨ, ਘਰ ਦਾ ਕੰਮ ਕਰਦੇ ਸਮੇਂ, ਕੋਈ ਵੀ ਵਕਤ ਅਜਿਹਾ ਨਹੀਂ ਹੁੰਦਾ ਜਦੋਂ ਮੈਂ
ਵਿਚਾਰਾਂ ਦੀ ਇਸ ਧਾਰਾ ਤੋਂ ਮੁਕਤ ਹੋਵਾਂ। ਵਿਚਾਰਾਂ ਦੀ ਇਹ ਘੁੰਮਣਘੇਰੀ ਅਕਸਰ ਮੇਰੀ
ਬੇਚੈਨੀ ਦਾ ਸਬੱਬ ਬਣਦੀ ਰਹਿੰਦੀ ਹੈ।ਇੱਕ ਪਾਸੇ ਤਾਂ ਅੱਜ ਦੀ 21ਵੀਂ ਸਦੀ ਵਿੱਚ
‘ਮੈਡੀਕਲ ਸਾਇੰਸ’ ਬੁਲੰਦੀ ‘ਤੇ ਖੜ੍ਹੀ ਮਹਿਸੂਸ ਹੁੰਦੀ ਹੈ, ਜਿਸ ਵਿੱਚ ਮਮੂਲੀ
ਜ਼ੁਕਾਮ ਤੋਂ ਲੈ ਕੇ ਕੈਂਸਰ, ਕਾਲਾ ਪੀਲੀਆ, ਡੇਂਗੂ, ਤਪਦਿਕ ਵਰਗੀਆਂ ਅਨੇਕਾਂ ਹੋਰ
ਭਿਆਨਕ ਕਿਸਮ ਦੀਆਂ ਬਿਮਾਰੀਆਂ ਦੀ ਜਾਂਚ ਕਰਨ ਅਤੇ ਉਨ੍ਹਾਂ ‘ਤੇ ਕਾਬੂ ਪਾ ਲੈਣ ਦੇ
ਦਾਅਵੇ ਪੜ੍ਹਨ-ਸੁਣਨ ਨੂੰ ਮਿਲਦੇ ਹਨ। ਐਕਸ-ਰੇਜ਼ ਅਤੇ ਅਲਟਰਾਸਾਊਂਡ
ਤੋਂ ਤਾਂ ਜ਼ਮਾਨਾ ਕਾਫ਼ੀ ਅੱਗੇ ਜਾ ਚੁੱਕਿਆ ਹੈ। ਸੀ.ਟੀ.ਸਕੈਨ, ਐਮ.ਆਰ.ਆਈ ਅਤੇ
ਪੈੱਟ (P.E.T) ਸਕੈਨ ਵਰਗੀਆਂ ਖੋਜਾਂ ਤੋਂ ਬਾਅਦ ਇੰਝ ਲੱਗਦਾ ਹੈ ਕਿ ਜਿਵੇਂ ਕਿਸੇ
ਵੀ ਬੀਮਾਰੀ ਦਾ ਜੀਵਾਣੂ ਹੁਣ ਡਾਕਟਰਾਂ ਦੀ ਅੱਖ ਤੋਂ ਛੁਪਿਆ ਹੋਇਆ ਨਹੀਂ ਰਹਿ ਸਕਦਾ।
ਡਾਕਟਰਾਂ ਦੀ ਅਤੇ ਸਿਹਤ ਸੰਸਥਾਵਾਂ ਦੀ ਵੀ ਕੋਈ ਕਮੀ ਨਹੀਂ ਰਹਿ ਗਈ। ਹਰ ਆਦਮੀ ਆਪਣੀ
ਆਰਥਿਕ ਪਹੁੰਚ ਅਨੁਸਾਰ ਇਲਾਜ ਕਰਵਾਉਣ ਲਈ ਸੰਸਥਾ ਚੁਣ ਸਕਦਾ ਹੈ। ਵੱਡੇ-ਵੱਡੇ
ਨਰਸਿੰਗ ਹੋਮਜ਼ ਤੋਂ ਲੈ ਕੇ ਮੁਫ਼ਤ ਸਰਕਾਰੀ ਜਾਂ ਚੈਰੀਟੇਬਲ ਡਿਸਪੈਂਸਰੀਆਂ ਤੱਕ ਸਿਹਤ
ਸੇਵਾਵਾਂ ਹਰ ਸ਼ਹਿਰ, ਹਰ ਪਿੰਡ ਵਿੱਚ ਪਹੁੰਚ ਗਈਆਂ ਹਨ। ਉਧਰ ਜਨਤਾ ਵੀ ਹੁਣ ਆਪਣੀ
ਸਿਹਤ ਪ੍ਰਤੀ ਜਾਗਰੁਕ ਹੈ। ਆਮ ਲੋਕਾਂ ਨੂੰ ਇਕੱਤਰ ਕਰਕੇ ਲੈਕਚਰਾਂ ਜਾਂ ਇਸ਼ਤਿਹਾਰਾਂ
ਦੇ ਰੂਪ ਵਿੱਚ ਸਿਹਤ ਸੰਭਾਲ ਪ੍ਰਤੀ ਜਾਗਰੁਕ ਕੀਤਾ ਜਾਂਦਾ ਹੈ। ਪੜ੍ਹੇ-ਲਿਖੇ ਲੋਕਾਂ
ਨੂੰ ਤਾਂ ਹਰ ਕਿਸਮ ਦੀ ਜਾਣਕਾਰੀ ਇੰਟਰਨੈੱਟ ਤੋਂ ਉਪਲੱਭਦ ਹੈ। ਮੁੱਕਦੀ ਗੱਲ ਕਿ
ਇਹਨਾਂ ਸਭ ਸੁਵਿਧਾਵਾਂ ਬਾਰੇ ਜਾਨਣ ਤੋਂ ਬਾਅਦ ਇੰਝ ਲੱਗਦਾ ਹੈ ਕਿ ਮੈਡੀਕਲ ਸਾਇੰਸ
ਦੀ ਇਸ ਕ੍ਰਾਂਤੀਕਾਰੀ ਤਰੱਕੀ ਤੋਂ ਬਾਅਦ ਹੁਣ ਕੋਈ ਵੀ ਇਨਸਾਨ ਕਿਸੇ ਬਿਮਾਰੀ ਤੋਂ
ਪੀੜ੍ਹਤ ਨਹੀਂ ਰਹਿ ਸਕੇਗਾ।
ਮਨ ਵਿੱਚ ਸਮਾਜ ਦੀ ਇੱਕ ਖੂਬਸੂਰਤ ਜਿਹੀ ਤਸਵੀਰ ਬਣਦੀ ਹੈ। ਸਿਹਤਮੰਦ ਸਮਾਜ ਦੀ,
ਜਿੱਥੇ ਹਰ ਵਿਅਕਤੀ ਸਿਹਤ ਪ੍ਰਤੀ ਜਾਗਰੂਕ ਹੋਣ ਕਰਕੇ ਆਪਣੇ ਆਲੇ-ਦੁਆਲੇ ਨੂੰ
ਸਾਫ਼-ਸੁਥਰਾ ਰੱਖਕੇ, ਸ਼ੁੱਧ ਅਤੇ ਪੌਸ਼ਟਿਕ ਭੋਜਨ ਦਾ ਇਸਤੇਮਾਲ ਕਰਕੇ, ਜ਼ਿੰਦਗੀ ਦੇ
ਰੁਝੇਵਿਆਂ ‘ਚੋਂ ਕੁਝ ਵਕਤ ਕੱਢਕੇ ਸੈਰ ਜਾਂ ਕਸਰਤ ਕਰਦਾ ਰੋਗ-ਰਹਿਤ ਜੀਵਨ ਜੀਅ ਰਿਹਾ
ਹੁੰਦਾ ਹੈ। ਇਸਦੇ ਬਾਵਜੂਦ ਵੀ ਜੇਕਰ ਉਸਨੂੰ ਕੋਈ ਬਿਮਾਰੀ ਆ ਜਾਂਦੀ ਹੈ ਤਾਂ ਉਹ
ਆਪਣੀ ਪਹੁੰਚ ਮੁਤਾਬਕ ਨੇੜੇ ਦੀ ਕਿਸੇ ਸਿਹਤ ਸੰਸਥਾ ਦੇ ਮਾਹਰ ਡਾਕਟਰ ਤੋਂ ਆਪਣੀ
ਜਾਂਚ ਕਰਵਾ ਕੇ ਇਲਾਜ ਕਰਵਾਉਂਦਾ ਹੈ ਅਤੇ ਕੁਝ ਕੁ ਦਿਨਾਂ ‘ਚ ਸਿਹਤਯਾਬ ਹੋ ਕੇ
ਪਹਿਲਾਂ ਦੀ ਤਰ੍ਹਾਂ ਜੀਵਨ ਬਤੀਤ ਕਰਨ ਲੱਗਦਾ ਹੈ, ਦਵਾਈਆਂ ਤੋਂ ਬਿਨਾਂ, ਨਿਰੋਗ
ਜੀਵਨ।
ਪਰ ਇਸ ਖੂਬਸੂਰਤ ਕਾਲਪਨਿਕ ਤਸਵੀਰ ਦਾ ਦੂਜਾ ਪਾਸਾ ਬਹੁਤ ਹੀ ਕਰੂਪ ਹੈ। ਕਿਸੇ ਵੀ
ਹਸਪਤਾਲ ਜਾਂ ਡਿਸਪੈਂਸਰੀ ‘ਚ ਵੇਖ ਲਈਏ ਤਾਂ ਮਰੀਜ਼ਾਂ ਦੀਆਂ ਲਾਇਨਾਂ ਹੀ ਲੱਗੀਆਂ
ਪਈਆਂ ਹਨ। ਹਸਪਤਾਲਾਂ ਦੀ O.P.D.ਅਤੇ I.P.D. ਨੰਬਰ (ਰੋਜ਼ਾਨਾ ਮਰੀਜ਼ਾਂ ਦੀ ਗਿਣਤੀ)
‘ਚ ਦਿਨੋ-ਦਿਨ ਵਾਧਾ ਹੋ ਰਿਹਾ ਹੈ। ਬਿਮਾਰੀਆਂ ਵੀ ਬਹੁਤ ਗੁੰਝ਼ਲਦਾਰ ਹੋ ਰਹੀਆਂ ਹਨ।
ਜੋੜਾਂ ਦੀਆਂ ਦਰਦਾਂ, ਸ਼ੂਗਰ, ਬਲੱਡ ਪ੍ਰੈਸ਼ਰ ਵਧਣਾ, ਗਿਲਟੀਆਂ ਬਣਨੀਆਂ, ਵਾਲ ਸਫ਼ੈਦ
ਹੋਣੇ ਆਦਿ ਜੋ ਕਿ ਪਹਿਲਾਂ ਵਡੇਰੀ ਉਮਰ ਵਿੱਚ ਹੀ ਪਾਈਂਆਂ ਜਾਂਦੀਆਂ ਸਨ, ਅੱਜਕੱਲ 10
ਸਾਲ ਦੇ ਬੱਚਿਆਂ ‘ਚ ਵੀ ਆਮ ਪਾਈਂਆਂ ਜਾ ਰਹੀਆਂ ਹਨ। ਆਪਣੇ-ਆਪ ਨੂੰ ਅਮੀਰ ਕਹਾਉਂਦੇ
ਪਰਿਵਾਰਾਂ ‘ਚੋਂ ਸ਼ਾਇਦ ਹੀ ਕੋਈ ਐਸਾ ਪਰਿਵਾਰ ਹੋਵੇ ਜਿਸ ਦਾ ਮੁਖੀ ਰਾਤ ਨੂੰ ਸੌਣ
ਲੱਗਿਆਂ ਨੀਂਦ, ਡਿਪਰੈੱਸ਼ਨ ਜਾਂ ਸ਼ੂਗਰ ਦੀ ਦਵਾਈ ਲੈ ਕੇ ਨਾ ਸੌਂਦਾ ਹੋਵੇ।
ਖੇਡਣ-ਮੱਲ੍ਹਣ ਦੀ ਉਮਰ ਦੇ ਮਾਸੂਮ ਬੱਚਿਆਂ ਨੂੰ ਨਿਗ੍ਹਾ ਦੀਆਂ ਐਨਕਾਂ, ਨੱਕ ਦਾ ਮਾਸ
ਵਧਣਾ, ਸਾਹ ਦੀ ਤਕਲੀਫ਼, ਮਾਈਗ੍ਰੇਨ ਆਦਿ ਰੋਗ ਅਕਸਰ ਵੇਖਣ ਨੂੰ ਮਿਲ ਰਹੇ ਹਨ। ਜਵਾਨ
ਮੁੰਡੇ-ਕੁੜੀਆਂ ਦੇ ਚਿਹਰੇ ‘ਤੇ ਜਵਾਨੀ ਦੀ ਕੋਈ ਰੌਣਕ ਨਹੀਂ ਹੈ। ਮੂੰਹ ‘ਤੇ
ਕਿੱਲ-ਸ਼ਾਹੀਆਂ, ਲੱਤਾਂ ਦੁਖਦੀਆਂ, ਬਲੱਡ-ਪ੍ਰੈਸ਼ਰ ਘੱਟਦਾ, ਪਥਰੀਆਂ ਬਣਦੀਆਂ, ਛਾਤੀ
‘ਚ ਗਿਲਟੀਆਂ ਬਣਦੀਆਂ, ਇਹ ਸਭ ਕੁਝ ਸੁਣਨ ਨੂੰ ਮਿਲਦਾ ਹੈ। ਸੰਤਾਨ ਪੈਦਾ ਕਰਨ ਦੀ
ਉਮਰ ‘ਚ ਪੈਰ ਰੱਖਦਿਆਂ ਹੀ ਲੜਕਿਆਂ ‘ਚ ਨਾ-ਮਰਦੀ, ਸੁਪਨਦੋਸ਼ ਵਰਗੀਆਂ ਸਮੱਸਿਆਵਾਂ
ਸਾਹਮਣੇ ਆ ਰਹੀਆਂ ਹਨ। ਕਿਸੇ ਵੀ ਗਰਭਵਤੀ ਔਰਤ ਦੇ ਚਿਹਰੇ ‘ਤੇ ਮਾਂ ਬਣਨ ਦੀ ਕੁਦਰਤੀ
ਖੁਸ਼ੀ ਨਜ਼ਰ ਨਹੀਂ ਆਉਂਦੀ। ਗਰਭ ਧਾਰਨ ਦੇ ਦਿਨ ਤੋਂ ਹੀ ਉਹ Iron ਅਤੇ Folic Acid
ਦੀਆਂ ਗੋਲੀਆਂ ਖਾਣ, ਵਾਰ-ਵਾਰ ਅਲਟਰਾ ਸਾਉਂਡ ਕਰਾਉਣ, ਤੇ ਫ਼ਿਰ ਜਣੇਪਾ ਨਾਰਮਲ ਹੋਣਾ
ਹੈ ਕਿ ਵੱਡੇ ਆਪ੍ਰੇਸ਼ਨ ਨਾਲ, ਇਨ੍ਹਾਂ ਉਲਝਣਾਂ ਵਿੱਚ ਉਲਝੀ ਰਹਿੰਦੀ ਹੈ। ਫ਼ਿਰ
ਨਵਜੰਮੇ ਬੱਚੇ ਨੂੰ ਗੋਦੀ ‘ਚ ਲੈ ਕੇ ਹਸਪਤਾਲਾਂ ਦੇ ਚੱਕਰ। ਕਦੀ ਉਸਦੀ ਛਾਤੀ ਰੁਕ
ਗਈ, ਕਦੀ ਬੁਖਾਰ ਆ ਗਿਆ ਆਦਿ। ਤੇ ਬਸ ਏਸੇ ਤਰ੍ਹਾਂ ਹਸਪਤਾਲਾਂ ‘ਚ ਖੱਜਲ-ਖੁਆਰੀ।
ਇਸ ਸਭ ਕੁਛ ਵਿੱਚ ‘ਤੰਦਰੁਸਤੀ’ ਕਿੱਥੇ ਹੈ? ਮੈਡੀਕਲ ਦੇ ਖੇਤਰ ਵਿੱਚ
ਕ੍ਰਾਂਤੀਕਾਰੀ ਵਿਕਾਸ ਦੇ ਬਾਵਜੂਦ ਸਾਡਾ ਸਮਾਜ ਸਿਹਤਮੰਦ ਕਿਉਂ ਨਹੀਂ ਹੋ ਰਿਹਾ? ਇਸ
ਮਸਲੇ ਬਾਰੇ ਲਗਾਤਾਰ ਸੋਚ-ਵਿਚਾਰ ਕਰਨ ‘ਤੇ ਜੋ ਇੱਕੋ-ਇੱਕ ਕਾਰਨ ਜੋ ਮੇਰੀ ਸਮਝ ਵਿੱਚ
ਆਇਆ ਹੈ ਉਹ ਇਹ ਕਿ ਮੈਡੀਕਲ ਸਾਇੰਸ ਵਿੱਚ ਸਭ ਤੋਂ ਵੱਡਾ ਦੁਰਭਾਗ ਕਿ ਸਾਡੇ ਡਾਕਟਰ
ਮੈਡੀਕਲ ਸਾਇੰਸਦਾਨਾਂ ਦੁਆਰਾ ਕੀਤੀਆਂ ਗਈਆਂ ਖੋਜਾਂ ‘ਤੇ ਚੱਲਣ ਵਿੱਚ ਧੋਖਾ ਖਾ ਗਏ
ਹਨ। ਭਾਵ ਖੋਜੇ ਗਏ ਬੁਨਿਆਦੀ ਸਿਧਾਤਾਂ ਨੂੰ ਲਾਗੂ ਕਰਨ ਦੀ ਥਾਂ ਇਨ੍ਹਾਂ ਨੂੰ ਹੀ
ਵਿਸਾਰ ਦਿੱਤਾ ਗਿਆ। ਫ਼ਲਸਰੂਪ ਖੋਜੇ ਗਏ ਸਿਧਾਤਾਂ ਦੇ ਉਲਟ ਅਮਲ ਹੋਣ ਲੱਗ ਪਿਆ।
ਇਸਦਾ
ਸਭ ਤੋਂ ਵੱਡਾ ਸਬੂਤ ਇਹ ਹੈ ਕਿ ਮਨੁੱਖ ਕੁਦਰਤੀ ਕਾਰਨਾਂ ਕਰਕੇ ਓਨਾ ਬੀਮਾਰ ਨਹੀਂ
ਹੁੰਦਾ ਜਿੰਨਾਂ ਕਿ ਆਧੁਨਿਕ ਦਵਾਈਆਂ ਦੇ ਦੁਰਉਪਯੋਗ ਕਾਰਨ ਹੋ ਰਿਹਾ ਹੈ। ਮਨੁੱਖ ਨੂੰ
ਦਵਾਈਆਂ ਦੀ ਏਨੀ ਜ਼ਿਆਦਾ ਲੋੜ ਨਹੀਂ ਹੈ ਜਿੰਨੀ ਉਸਨੇ ਆਦਤ ਪਾ ਲਈ ਹੈ। ਕੁਦਰਤ ਨੇ
ਜਿਸ ਸੁਚੱਜੇ ਢੰਗ ਨਾਲ ਮਨੁੱਖੀ ਸ੍ਰੀਰ ਦੀ ਸਿਰਜਣਾ ਕੀਤੀ ਹੈ, ਅਗਰ ਉਸਨੂੰ ਚੰਗੀ
ਤਰ੍ਹਾਂ ਸਮਝ ਲਿਆ ਜਾਵੇ ਤਾਂ ਉਸ ਸਿਰਜਣਹਾਰ ਸ਼ਕਤੀ ਅੱਗੇ ਸਾਡਾ ਸਿਰ ਵਾਰ-ਵਾਰ ਝੁਕਦਾ
ਹੈ ਕਿ ਕਿਸ ਤਰ੍ਹਾਂ ਉਸਨੇ ਸਾਡੇ ਅੰਦਰ ਸਾਡੇ ਹੀ ਲਈ ਐਸੀ ਸ਼ਕਤੀ ਰੱਖੀ ਹੋਈ ਹੈ ਜੋ
ਕਿਸੇ ਵੀ ਬੀਮਾਰੀ ਪੈਦਾ ਕਰਨ ਵਾਲੇ ਜੀਵਾਣੂ ਦਾ ਮੁਕਾਬਲਾ ਕਰਨ ਲਈ ਸਦਾ ਕਾਰਜਸ਼ੀਲ
ਰਹਿੰਦੀ ਹੈ।
ਸਾਡੇ ਸ੍ਰੀਰ ਅੰਦਰ ਬਕਾਇਦਾ ਇੱਕ ਰੋਗ-ਰੋਧਕ ਸਿਸਟਮ(ਇਮਿਊਨ ਸਿਸਟਮ) ਹੈ ਜਿਸਦਾ
ਕੰਮ ਹੀ ਸਾਨੂੰ ਬੀਮਾਰੀਆਂ ਤੋਂ ਬਚਾ ਕੇ ਰੱਖਣ ਦਾ ਹੈ ਜੋ ਕਿ ਨਿਰੰਤਰ ਕਾਰਜਸ਼ੀਲ
ਰਹਿੰਦਾ ਹੈ। ਆਓ ਅਸੀਂ ਆਪਣੇ ਇਮਿਊਨ ਸਿਸਟਮ ਦੇ ਕੰਮ ਕਰਨ ਦਾ ਤਰੀਕਾ ਸਮਝਣ ਦੀ
ਕੋਸ਼ਿਸ ਕਰੀਏ।
ਸਾਡੇ ਵਾਤਾਵਰਣ ਵਿੱਚ ਹਰ ਸਮੇਂ ਅਨੇਕਾਂ ਜੀਵਾਣੂ ਹੁੰਦੇ ਹਨ, ਜਿੰਨ੍ਹਾਂ ਵਿੱਚੋਂ
ਬਹੁਤ ਸਾਰੇ ਮਨੁੱਖੀ ਸ੍ਰੀਰ ਅੰਦਰ ਬੀਮਾਰੀ ਪੈਦਾ ਕਰਨ ਦੇ ਸਮਰੱਥ ਹੁੰਦੇ ਹਨ,
ਜਿੰਨ੍ਹਾਂ ਨੂੰ ਰੋਗਾਣੂ ਕਿਹਾ ਜਾਂਦਾ ਹੈ। ਸਾਡਾ ਇਮਿਊਨ ਸਿਸਟਮ ਕਿਸੇ ਵੀ ਰੋਗਾਣੂ
ਦੇ ਹਮਲੇ ਤੋਂ ਸੁਰੱਖਿਆ ਤਿੰਨ ਪੜਾਵਾਂ ਵਿੱਚ ਪ੍ਰਦਾਨ ਕਰਦਾ ਹੈ। ਇਮਿਊਨ ਸਿਸਟਮ ਦੀ
ਇਨ੍ਹਾਂ ਤਿੰਨਾਂ ਪੜਾਵਾਂ ਵਿੱਚ ਸੁਰੱਖਿਆ ਪ੍ਰਦਾਨ ਕਰਨ ਦੀ ਕਾਰਜ-ਵਿਧੀ ਇਸ ਤਰ੍ਹਾਂ
ਹੈ।
1. ਪਹਿਲੇ ਦਰਜੇ(ਪੜਾਅ) ਦਾ ਬਚਾਓ
ਜਦੋਂ ਵੀ ਕਿਸੇ ਰੋਗਾਣੂ ਦਾ ਸਰੀਰ ‘ਤੇ ਹਮਲਾ ਹੁੰਦਾ ਹੈ ਤਾਂ ਇਸਦਾ ਮੁਕਾਬਲਾ
ਕਰਨ ਲਈ ਮੁਢਲੇ ਤੌਰ ‘ਤੇ ਸੁਰੱਖਿਆ ਵਜੋਂ ਸਾਡੀ ਚਮੜੀ (Skin) ਅਤੇ ਸ੍ਰੀਰ
ਅੰਦਰਲੀਆਂ ਰੇਸ਼ੇਦਾਰ ਝਿੱਲੀਆਂ (Mucus Membrane) ਸਹਾਈ ਹੁੰਦੀਆਂ ਹਨ। ਚਮੜੀ ਖੁਦ
ਇੱਕ ਸਥੂਲ ਢਾਲ ਦੀ ਤਰ੍ਹਾਂ ਹੈ ਜੋ ਸਾਡੇ ਅੰਦਰਲੇ ਅਤਿ ਜ਼ਰੂਰੀ ਅੰਗਾਂ ਲਈ ਸੁਰੱਖਿਆ
ਕਵਚ ਹੈ। ਇਸਦੇ ਵਿੱਚੋਂ ਰਿਸਣ ਵਾਲੇ ਪਦਾਰਥ (ਚਿਕਨਾਹਟ ਤੇ ਪਸੀਨਾ) ਤੇਜ਼ਾਬੀ ਗੁਣਾਂ
ਨਾਲ ਭਰਪੂਰ ਹੁੰਦੇ ਹਨ। ਇਹ ਤੇਜ਼ਾਬੀ ਮਾਦਾ ਰੋਗਾਣੂ-ਨਾਸ਼ਕ ਹੁੰਦਾ ਹੈ। ਇਸ ਤੋਂ
ਇਲਾਵਾ ਇਨ੍ਹਾਂ ਵਿੱਚ “ਲਾਈਜ਼ੋਜਾਈਮ (Lysozyme)” ਨਾਂਅ ਦਾ ਇੱਕ ਪਦਾਰਥ ਪਾਇਆ
ਜਾਂਦਾ ਹੈ ਜੋ ਰੋਗਾਣੂਆਂ ਨੂੰ ਖ਼ਤਮ ਕਰਨ ਦੀ ਸ਼ਕਤੀ ਰੱਖਦਾ ਹੈ। ਸੰਨ 1922 ਵਿੱਚ
Alexander Flemming ਜਦੋਂ ਬੈਕਟੀਰੀਆ ਉੱਪਰ ਖੋਜ ਕਰ ਰਿਹਾ ਸੀ ਤਾਂ ਅਚਾਨਕ ਉਸਨੂੰ
ਛਿੱਕ ਆ ਗਈ। ਛਿੱਕ ਨਾਲ ਉਸਦੇ ਨੱਕ ਦਾ ਨਜ਼ਲਾ ਜਦੋਂ ਸਾਹਮਣੇ ਪਈ ਬੈਕਟੀਰੀਆ ਦੀ
ਕਲਚਰ-ਪਲੇਟ ਵਿੱਚ ਡਿੱਗਿਆ ਤਾਂ ਇਹ ਵੇਖਕੇ ਉਸਦੀ ਹੈਰਾਨੀ ਦੀ ਹੱਦ ਨਾ ਰਹੀ ਕਿ ਸਾਰੇ
ਬੈਕਟੀਰੀਆ ਮਰ ਚੁੱਕੇ ਸਨ। ਇਸ ਗੱਲ ਤੋਂ ਪ੍ਰਭਾਵਿਤ ਹੋ ਕਿ ਉਸਨੇ ਨੱਕ ਦੇ ਨਜ਼ਲੇ ਦੀ
ਪੜਤਾਲ ਤੋਂ ਇਹ ਪਤਾ ਲਗਾਇਆ ਕਿ ਕੁਦਰਤੀ ਤੌਰ ‘ਤੇ ਹੀ ਸਾਡੇ ਸ੍ਰੀਰਕ ਰਿਸਾਵਾਂ ਵਿੱਚ
ਇਹ ਬੈਕਟੀਰੀਆ-ਵਿਰੋਧੀ ਪਦਾਰਥ ਪਾਇਆ ਜਾਂਦਾ ਹੈ ਜਿਸਦਾ ਨਾਮ ਉਸਨੇ “ਲਾਈਜ਼ੋਜ਼ਾਈਮ”
ਰੱਖ ਦਿੱਤਾ। ਇਹ ਲਾਈਜ਼ੋਜ਼ਾਈਮ ਤੇ ਤੇਜ਼ਾਬੀ ਮਾਦਾ ਕੁਦਰਤ ਨੇ ਮਨੁੱਖੀ ਸ੍ਰੀਰ ਦੇ ਹਰ
ਉਸ ਦੁਆਰ ‘ਤੇ ਰੱਖਿਆ ਹੋਇਆ ਹੈ ਜਿੱਥੋਂ ਦੀ ਵੀ ਕੋਈ ਰੋਗਾਣੂ ਪ੍ਰਵੇਸ਼ ਕਰ ਸਕਦਾ ਹੈ।
ਜਿਵੇਂ ਕਿ ਮੂੰਹ, ਅੱਖਾਂ, ਨੱਕ, ਕੰਨ, ਗੁੱਦਾ ਤੇ ਜਣਨ ਅੰਗਾਂ ਵਿੱਚ। ਅਗਰ ਕੋਈ
ਰੋਗਾਣੂ ਮੂੰਹ ਰਾਹੀਂ ਸ੍ਰੀਰ ਦੇ ਅੰਦਰ ਦਾਖਲ ਹੋ ਜਾਵੇ ਤਾਂ ਬੁਲ੍ਹਾਂ ਤੋਂ ਲੈ ਕੇ
ਗੁੱਦਾ ਤੱਕ ਉਸਨੂੰ ਅਣਸੁਖਾਵੇਂ ਮਹੌਲ ‘ਚੋਂ ਗੁਜ਼ਰਨਾ ਪੈਂਦਾ ਹੈ। ਸਭ ਤੋਂ ਪਹਿਲਾਂ
ਮੂੰਹ ਦੇ ਥੁੱਕ ਵਿਚਲੇ ਲਾਈਜ਼ੋਜ਼ਾਈਮ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸਤੋਂ ਅੱਗੇ
ਟਾਂਸਿਲ ਹਨ ਜੋ ਇਸ ਪ੍ਰਵੇਸ਼ ਦੁਆਰ ‘ਤੇ ਦੋ ਗਾਰਡ ਬਣਕੇ ਗਲ਼ੇ ਦੇ ਦੋਨਾਂ ਪਾਸੇ ਖੜ੍ਹੇ
ਹਨ ਅਤੇ ਰੋਗਾਣੂ ਨੂੰ ਅੰਦਰ ਜਾਣ ਤੋਂ ਪਹਿਲਾਂ ਹੀ ਦਬੋਚ ਲੈਂਦੇ ਹਨ। ਅਗਰ ਫ਼ਿਰ ਵੀ
ਕੋਈ ਰੋਗਾਣੂ ਇਨ੍ਹਾਂ ਪੜਾਵਾਂ ਨੂੰ ਪਾਰ ਕਰਕੇ ਮਿਹਦੇ ਤੱਕ ਪਹੁੰਚਦਾ ਹੈ ਤਾਂ ਓਥੇ
HCl ਤੇਜ਼ਾਬ ਉਸਨੂੰ ਖ਼ਤਮ ਕਰਨ ਲਈ ਤਿਆਰ ਬੈਠਾ ਹੈ। ਉਸਤੋਂ ਅੱਗੇ ਅੰਤੜੀਆਂ ਵਿੱਚ ਵੀ
ਟਾਂਸਿਲ ਵਰਗੀਆਂ ਲਿੰਫ਼ਨੋਡਸ ਉਸਨੂੰ ਮਾਰ ਮੁਕਾਉਂਦੀਆਂ ਹਨ। ਹੁਣ ਅਗਰ ਕੋਈ ਜ਼ਹਿਰੀਲਾ
ਪਦਾਰਥ ਜਾਂ ਰੋਗਾਣੂ ਅੰਤੜੀਆਂ ਤੱਕ ਬਚ ਵੀ ਜਾਂਦਾ ਹੈ ਤਾਂ ਬੰਦੇ ਨੂੰ ਦਸਤ ਲੱਗ
ਜਾਂਦੇ ਹਨ ਜਿਸ ਵਿੱਚ ਵਹਿ ਕੇ ਉਹ ਸ੍ਰੀਰ ਵਿੱਚੋਂ ਬਾਹਰ ਆ ਜਾਂਦਾ ਹੈ। ਇਹ ਵੀ ਇੱਕ
ਕੁਦਰਤੀ ਪ੍ਰਕਿਰਿਆ ਹੈ।
ਇਸੇ ਤਰ੍ਹਾਂ ਅਗਰ ਕੋਈ ਰੋਗਾਣੂ ਨੱਕ ਰਾਹੀਂ ਸ੍ਰੀਰ ਅੰਦਰ ਦਾਖਲ ਹੋਣ ਲੱਗੇ ਤਾਂ
ਰਸਤੇ ਵਿੱਚ ਨੱਕ ਦੇ ਵਾਲ, ਐਡੀਨਾਈਡ ਗਿਲਟੀਆਂ ਅਤੇ ਸਾਹ ਨਾਲੀ ਦੀ ਝਿੱਲੀ ਦਾ ਰਿਸਾਓ
ਇਸ ਪ੍ਰਕਾਰ ਦਾ ਹੈ ਕਿ ਉਸਨੂੰ ਬਾਹਰ ਕੱਢਣ ਦੇ ਸਮਰੱਥ ਹਨ (ਛਿੱਕ, ਖਾਂਸੀ ‘ਤੇ ਬਲਗ਼ਮ
ਦੇ ਰਾਹੀਂ)। ਇਹੀ ਬਚਾਓ ਪ੍ਰਣਾਲੀ ਸ੍ਰੀਰ ਦੇ ਬਾਕੀ ਦੇ ਪ੍ਰਵੇਸ਼-ਦੁਆਰਾਂ ‘ਤੇ ਵੀ
ਪਾਈ ਜਾਂਦੀ ਹੈ।
2. ਦੂਜੇ ਦਰਜੇ ਦਾ ਬਚਾਓ
ਅਗਰ ਕੋਈ ਤਾਕਤਵਰ ਰੋਗਾਣੂ ਮੂੰਹ ਤੋਂ ਅੰਤੜੀਆਂ ਤੱਕ ਦੇ ਬਚਾਓ ਨੂੰ ਪਾਰ ਕਰਦਾ
ਹੋਇਆ ਲਹੂ-ਪ੍ਰਣਾਲੀ ਤੱਕ ਪਹੁੰਚ ਜਾਂਦਾ ਹੈ ਤਾਂ ਫ਼ਿਰ ਦੂਜੇ ਦਰਜੇ ਦਾ ਬਚਾਓ-ਅਮਲਾ
ਆਪਣੀ ਡਿਊਟੀ ਸੰਭਾਲਦਾ ਹੈ। ਸਾਡੇ ਲਹੂ ਵਿੱਚ ਚਿੱਟੇ-ਕਣ (W.B.C.) ਇਸ ਕੰਮ ਲਈ
ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ। ਓਨ੍ਹਾਂ ਦਾ ਕੰਮ ਦਾਖਲ ਹੋਏ ਰੋਗਾਣੂ ਨੂੰ ਜਾਂ ਤਾਂ
ਨਿਗਲ ਜਾਣ (Phagocytosis) ਦਾ ਹੈ ਜਾਂ ਫ਼ਿਰ ਆਪਣੇ ਜਹਿਰੀਲੇ ਰਸਾਓ ਨਾਲ
ਮਾਰ-ਮੁਕਾਉਣ ਦਾ। ਇਨ੍ਹਾਂ ਚਿੱਟੇ-ਕਣਾਂ ਦੀ ਗਿਣਤੀ ਕਿਸੇ ਵੀ ਤਾਕਤਵਰ ਰੋਗਾਣੂ ਦੇ
ਲਹੂ-ਪ੍ਰਣਾਲੀ ਵਿੱਚ ਦਾਖਲ ਹੋਣ ਤੋਂ ਕੁਝ ਸਮੇਂ ਬਾਅਦ ਹੀ ਵਧ ਜਾਂਦੀ ਹੈ। ਬਹੁਗਿਣਤੀ
ਵਿੱਚ ਹਮਲਾ ਕਰਕੇ ਇਹ ਰੋਗਾਣੂਆਂ ਦੀ ਵਧ ਰਹੀ ਗਿਣਤੀ ਦਾ ਸਾਹਮਣਾ ਕਰਦੇ ਹਨ। ਇਸ
ਮੁਕਾਬਲੇ ਦੌਰਾਨ ਕੁਝ ਚਿੱਟੇ-ਕਣ ਖੁਦ ਵੀ ਮਾਰੇ ਜਾਂਦੇ ਹਨ।
ਕਿਸੇ ਵੀ ਇਨਫ਼ੈਕਸ਼ਨ ਹੋਣ ‘ਤੇ ਬੁਖਾਰ ਹੋ ਜਾਣਾ ਵੀ ਇਸੇ ਬਚਾਓ-ਪੜਾਅ ਦਾ ਇੱਕ
ਹਿੱਸਾ ਹੈ, ਜਿਸਨੂੰ ਕਿ ਅਸੀਂ ਬੀਮਾਰੀ ਸਮਝ ਲੈਂਦੇ ਹਾਂ ਅਤੇ ਤੁਰੰਤ ਬੁਖਾਰ ਦੀ
ਦਵਾਈ ਖਾ ਕੇ ਬੁਖਾਰ ਉਤਾਰ ਲੈਣ ਨੂੰ ਅਕਲਮੰਦੀ ਸਮਝ ਬੈਠਦੇ ਹਾਂ। ਅਸਲ ਵਿੱਚ
ਇਨਫ਼ੈਕਸ਼ਨ ਦੌਰਾਨ ਜੋ ਬੁਖਾਰ ਆਉਂਦਾ ਹੈ ਉਹ ਸਾਡਾ ਦੁਸ਼ਮਣ ਨਹੀਂ ਸਗੋਂ ਦੋਸਤ ਹੈ।
ਬੁਖਾਰ ਚੜ੍ਹਨ ਦਾ ਇੱਕ ਖ਼ਾਸ ਮਕਸਦ ਹੁੰਦਾ ਹੈ। ਬੁਖਾਰ ਚੜ੍ਹਨ ਭਾਵ ਸ੍ਰੀਰ ਦਾ
ਤਾਪਮਾਨ ਜ਼ਿਆਦਾ ਹੋਣ ਨਾਲ ਰੋਗਾਣੂਆਂ ਦੀ ਕਾਰਜ-ਸ਼ਕਤੀ ਕਮਜ਼ੋਰ ਹੁੰਦੀ ਹੈ ਅਤੇ ਉਹ
ਜਲਦੀ ਖ਼ਤਮ ਹੋ ਜਾਂਦੇ ਹਨ। ਪਰ ਅਸੀਂ ਫ਼ਟਾ-ਫ਼ਟ ਬੁਖਾਰ ਦੀ ਗੋਲੀ ਖਾ ਕੇ ਕੁਦਰਤ ਦੇ ਇਸ
ਬਚਾਓ ਤਰੀਕੇ ਵਿੱਚ ਵਿਘਨ ਪਾ ਦਿੰਦੇ ਹਾਂ। ਜਿਸਦੇ ਨਾਲ ਰੋਗ ਹੋਰ ਵੀ ਗੁੰਝਲਦਾਰ ਬਣ
ਜਾਂਦਾ ਹੈ।
3. ਤੀਜੇ ਦਰਜੇ ਦਾ ਬਚਾਓ
ਅਗਰ ਕੋਈ ਮਹਾਂ ਬਲੀ ਰੋਗਾਣੂ ਚਿੱਟੇ ਕਣਾਂ ਤੋਂ ਵੀ ਬਚ ਜਾਂਦਾ ਹੈ ਅਤੇ ਉਸਦਾ
ਪ੍ਰਜਣਨ ਹੋਣ ਨਾਲ ਉਸਦੀ ਗਿਣਤੀ ਵਧਦੀ ਹੀ ਜਾਂਦੀ ਹੈ ਤਾਂ ਇਸ ਸਥਿਤੀ ਵਿੱਚ ਇਮਿਊਨ
ਸਿਸਟਮ ਦਾ ਤੀਜੇ ਦਰਜੇ ਦਾ ਬਚਾਓ ਹਰਕਤ ਵਿੱਚ ਆਉਂਦਾ ਹੈ। ਚਿੱਟੇ-ਕਣਾਂ ਵਿੱਚੋਂ ਹੀ
ਇੱਕ ਖਾਸ ਕਿਸਮ ਦੇ ਸੈੱਲ ਹੁੰਦੇ ਹਨ ਜਿੰਨ੍ਹਾਂ ਨੂੰ B-Lymphocytes ਕਿਹਾ ਜਾਂਦਾ
ਹੈ। ਉਹ ਆਮ ਕਣਾਂ ਦੀ ਤਰ੍ਹਾਂ ਰੋਗਾਣੂ ਨੂੰ ਨਿਗਲਦੇ ਨਹੀਂ ਹਨ ਬਲਕਿ ਉਹ ਹਮਾਲਵਰ
ਰੋਗਾਣੂ ਦੀ ਬਣਤਰ ਅਤੇ ਸੁਭਾਅ ਨੂੰ ਸਮਝਣ ਉਪਰੰਤ ਆਪਣੇ ਵਿੱਚੋਂ ਖਾਸ ਉਸੇ ਰੋਗਾਣੂ
ਦੀਆਂ ਵਿਰੋਧੀ ਐਂਟੀਬੌਡੀਜ਼ ਛੱਡਦੇ ਹਨ। ਜੋ ਕਿ ਰੋਗਾਣੂ ‘ਤੇ ਸਿੱਧਾ ਵਾਰ ਕਰਦੀਆਂ ਹਨ
‘ਤੇ ਉਸਨੂੰ ਨਕਾਰਾ ਬਣਾਕੇ ਰੱਖ ਦਿੰਦੀਆ ਹਨ। ਨਾ ਸਿਰਫ਼ ਉਹ ਵਰਤਮਾਨ ਰੋਗਾਣੂ ਦਾ ਹੀ
ਵਿਰੋਧ ਕਰਦੀਆਂ ਹਨ ਬਲਕਿ ਮਰੀਜ਼ ਦੇ ਖੂਨ ਵਿੱਚ ਉਹ ਉਸਦੇ ਠੀਕ ਹੋ ਜਾਣ ਤੋਂ ਬਾਅਦ ਵੀ
ਲੋੜੀਂਦੀ ਮਾਤਰਾ ਵਿੱਚ ਹਾਜ਼ਰ ਰਹਿੰਦੀਆਂ ਹਨ ਤਾਂ ਜੋ ਭਵਿੱਖ ਵਿੱਚ ਇਸ ਨਸਲ ਦੇ ਕਿਸੇ
ਹੋਰ ਰੋਗਾਣੂ ਦੇ ਹਮਲੇ ਹੋਣ ਤੋਂ ਤੁਰੰਤ ਬਾਅਦ ਉਸਦਾ ਕਿਨਾਰਾ ਕਰ ਦਿੱਤਾ ਜਾਵੇ। ਇਸ
ਤਰ੍ਹਾਂ ਇਹ ਐਂਟੀਬੌਡੀਜ਼ ਉਮਰ ਭਰ ਲਈ ਸਾਨੂੰ ਅਜਿਹੇ ਬੈਕਟੀਰੀਆ ਤੋਂ ਸੁਰੱਖਿਅਤ
ਰੱਖਦੀਆਂ ਹਨ।
ਸੋ ਇਹ ਹੈ ਸੁਰੱਖਿਆ ਪ੍ਰਣਾਲੀ ਦਾ ਜ਼ਾਹਿਰੀ ਰੂਪ ਜੋ ਕੁਦਰਤ ਨੇ ਸਾਡੇ ਅੰਦਰ ਸਾਡੀ
ਹੀ ਹਿਫ਼ਾਜ਼ਤ ਲਈ ਰੱਖੀ ਹੋਈ ਹੈ। ਇਹ ਤਾਂ ਸਿਰਫ਼ ਉਹ ਹਿੱਸਾ ਹੈ ਜਿਸਨੂੰ ਸਾਇੰਸ ਨੇ
ਜਾਣ ਲਿਆ ਹੈ। ਪਤਾ ਨਹੀਂ ਕਿੰਨਾ ਕੁਝ ਹੋਰ ਅਜੇ ਅਣਖੋਜਿਆ ਹੀ ਪਿਆ ਹੈ। ਕੋਈ ਸਾਧਾਰਣ
ਬੀਮਾਰੀ ਆਉਣ ‘ਤੇ ਅਸੀਂ ਇਸਨੂੰ ਮੌਕਾ ਤਾਂ ਦੇ ਕੇ ਵੇਖੀਏ। ਸਾਡਾ ਤਾਂ ਇਹ ਹਾਲ ਹੈ
ਕਿ 4-5 ਛਿੱਕਾਂ ਆਉਣ ‘ਤੇ ਝੱਟ ਗੋਲ਼ੀ ਲੈ ਲੈਂਦੇ ਹਾਂ ਕਿ ਕਿਤੇ ਜ਼ੁਕਾਮ ਵਧ ਨਾ ਜਾਏ।
2-3 ਵਾਰ ਪਖਾਨੇ ਜਾਣਾ ਪੈ ਜਾਵੇ ਤਾਂ ਦਸਤ ਰੋਕਣ ਦੀ ਦਵਾਈ ਲੈ ਲੈਂਦੇ ਹਾਂ। ਬੁਖਾਰ
ਅਜੇ 99 ਤੋਂ ਟੱਪਿਆ ਨਹੀਂ ਹੁੰਦਾ ਕਿ ਬੁਖਾਰ ਉਤਾਰਨ ਵਾਲੀ ਗੋਲ਼ੀ ਸਾਡੇ ਅੰਦਰ ਹੁੰਦੀ
ਹੈ। ਚਿਹਰੇ ‘ਤੇ 2-3 ਫ਼ਿਣਸੀਆਂ ਹੋ ਗਈਆਂ ਤਾਂ ਓਨ੍ਹਾਂ ਨੂੰ ਬਿਠਾਉਣ ਲਈ ਸਟੀਰਾਇਡ
ਮੱਲ੍ਹਮ ਤਾਂ ਕਾਲਜੀਏਟ ਕੁੜੀਆਂ ਆਪਣੇ ਪਰਸ ‘ਚ ਹੀ ਰੱਖਦੀਆਂ ਹਨ। ਸਾਡੀਆਂ ਹੀ
ਵਿਗੜੀਆਂ ਹੋਈਆਂ ਆਦਤਾਂ ਕਰਕੇ (ਜ਼ਿਆਦਾ ਚਾਹ ਕੌਫ਼ੀ ਜਾਂ ਜੰਕ ਫ਼ੂਡ ਲੈਣਾ) ਅਗਰ ਪੇਟ
‘ਚ ਖਰਾਬੀ ਮਹਿਸੂਸ ਹੋਵੇ ਤਾਂ ਅਪਣੀ ਗਲਤੀ ਸੁਧਾਰਣ ਦੀ ਜਗ੍ਹਾ ‘ਤੇ ਅਸੀਂ ਤੇਜ਼ਾਬ
ਵਰਧਕ ਕੈਪਸੂਲ ਲੈਣਾ ਪਸੰਦ ਕਰਦੇ ਹਾਂ। ਹੋਰ ਤਾਂ ਹੋਰ ਪਿੰਡਾਂ ਦੀਆਂ ਬਜ਼ੁਰਗ ਬੀਬੀਆਂ
ਵੀ ਕੋਈ ਤਕਲੀਫ਼ ਹੋਣ ‘ਤੇ ਆਪਣੇ ਘਰੇਲੂ ਦੇਸੀ ਨੁਕਸੇ ਛੱਡਕੇ ਹੁਣ “ਹਰੇ ਪੱਤੇ ਵਾਲੀ
ਗੋਲ਼ੀ” ਹੀ ਖਾਣੀ ਪਸੰਦ ਕਰਦੀਆਂ ਹਨ।
ਜਦੋਂ ਅਸੀਂ ਵਾਰ-ਵਾਰ ਇਸ ਤਰ੍ਹਾਂ ਦੀਆਂ ਜਲਦ-ਬਾਜ਼ੀਆਂ ਅਤੇ ਗਲਤੀਆਂ ਕਰਦੇ ਹਾਂ
ਤਾਂ ਸਾਡੇ ਇਮਿਊਨ ਸਿਸਟਮ ਦਾ ਵਿਕਾਸ ਹੀ ਨਹੀਂ ਹੋ ਪਾਉਂਦਾ। ਅਸੀਂ ਭਾਵੇਂ ਵੱਡੇ ਹੋ
ਜਾਂਦੇ ਹਾਂ ਪਰ ਉਹ ਬਾਲਕ ਹੀ ਰਹਿ ਜਾਂਦਾ ਹੈ ਅਤੇ ਕਿਸੇ ਵੀ ਬੀਮਾਰੀ ਦਾ ਸਾਹਮਣਾ
ਕਰਨ ਦੇ ਯੋਗ ਨਹੀਂ ਰਹਿੰਦਾ। ਇਹ ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਵੇਂ ਕਿਸੇ ਹਵਾ ਦੇ
ਬੁੱਲੇ ਜਾਂ ਪੰਛੀ ਦੀ ਮਿਹਰਬਾਨੀ ਨਾਲ ਕਿਸੇ ਉਜਾੜ ਵਿੱਚ ਆਪੇ ਉੱਗਿਆ ਬੋਹੜ ਦਾ ਬੂਟਾ
ਜੇਠ-ਹਾੜ੍ਹ ਦੀਆਂ ਧੁੱਪਾਂ ਤੇ ਪੋਹ-ਮਾਘ ਦੀ ਠੰਢ ਬਰਦਾਸ਼ਤ ਕਰਦਾ ਹੋਇਆ ਵੀ ਇੱਕ ਦਿਨ
ਬਹੁਤ ਵੱਡਾ ਤਾਕਤਵਰ ਰੁੱਖ ਬਣ ਜਾਂਦਾ ਹੈ ਤੇ ਦੂਜੇ ਪਾਸੇ ਮਾਲੀ ਦੁਆਰਾ ਕਲਮਾਂ
ਕੱਟ-ਲੱਟ ਲਾਇਆ ਗਿਆ ਕੋਈ ਫੁੱਲਦਾਰ ਬੂਟਾ ਜਿਸਨੂੰ ਸਰਦੀ-ਗਰਮੀ ਤੋਂ ਬਚਾਉਣ ਲਈ
ਵਾੜਾਂ ਕੀਤੀਆਂ ਗਈਆਂ ਹੋਣ, ਉਸਦੀਆਂ ਨਾਜ਼ੁਕ ਪੰਖੜੀਆਂ ਥੋੜ੍ਹੀ ਜਿਹੀ ਤੇਜ਼ ਹਵਾ ਦਾ
ਸਾਹਮਣਾ ਕਰਨ ‘ਤੇ ਖਿੰਡ-ਪੁੰਡ ਜਾਂਦੀਆਂ ਹਨ।
ਮੇਰੇ
ਵੇਖਣ ਵਿੱਚ ਇਹ ਆਇਆ ਹੈ ਕਿ ਜਦੋਂ ਵੀ ਕਿਸੇ ਇਨਸਾਨ ਨੇ, ਚਾਹੇ ਉਹ ਕਿੰਨਾ ਹੀ
ਪੜ੍ਹਿਆ-ਲਿਖਿਆ ਹੋਵੇ, ਪਰ ਡਾਕਟਰੀ ਪੇਸ਼ੇ ਨਾਲ ਸਬੰਧਿਤ ਨਾ ਹੋਵੇ, ਮੈਡੀਕਲ ਵਿਗਿਆਨ
ਨੂੰ ਆਪਣੇ ਹੱਥਾਂ ਵਿੱਚ ਲਿਆ ਹੈ, ਭਾਵ ਅਧੂਰੇ ਗਿਆਨ ਦੇ ਬਾਵਜੂਦ ਕੁਝ ਦਵਾਈਆਂ ਘਰ
‘ਚ ਰੱਖੀਆਂ ਤੇ ਰੂਟੀਨ ‘ਚ ਵਰਤਣੀਆਂ ਸ਼ੁਰੂ ਕੀਤੀਆਂ ਹਨ, ਉਸਨੇ ਆਪਣੇ ਤੇ ਆਪਣੇ
ਪਰਿਵਾਰ ਦਾ ਨੁਕਸਾਨ ਜ਼ਿਆਦਾ ਕਰਵਾਇਆ ਹੈ ਤੇ ਫ਼ਾਇਦਾ ਘੱਟ। ਇਹ ਦਵਾਈਆਂ ਬਣਾਈਆਂ ਗਈਆਂ
ਸੀ ਉਸ ਵਕਤ ਵਰਤਣ ਨੂੰ ਜਦੋਂ ਕੋਈ ਬੀਮਾਰੀ ਇਨ੍ਹਾਂ ਤਿੰਨਾਂ ਬਚਾਓ ਕਿਰਿਆਵਾਂ ਤੋਂ
ਵੀ ਬੇਕਾਬੂ ਹੁੰਦੀ ਨਜ਼ਰ ਆਵੇ। ਐਸੀ ਸਥਿਤੀ ਵਿੱਚ ਵੀ ਕਿਸੇ ਮਾਹਰ ਡਾਕਟਰ ਦੀ
ਨਿਗਰਾਨੀ ਹੇਠ ਉਹ ਦਵਾਈਆਂ ਵਰਤੀਆਂ ਜਾਣ ਤਾਂ ਉਹ ਰਾਮਬਾਣ ਦਾ ਕੰਮ ਕਰਦੀਆਂ ਹਨ। ਪਰ
ਅਸੀਂ ਇਨ੍ਹਾਂ ਨੂੰ ਲੋੜੀਂਦੇ ਸਮੇਂ ਤੋਂ ਪਹਿਲਾਂ ਵਰਤ ਕੇ ਆਪਣੀਆਂ ਬੀਮਾਰੀਆਂ ਨੂੰ
ਹੋਰ ਗੁੰਝਲਦਾਰ ਬਣਾ ਲਿਆ ਹੈ। ਆਪਣੇ ਇਮਿਊਨ ਸਿਸਟਮ ਨੂੰ ਅਪਾਹਜ ਬਣਾ ਲਿਆ ਹੈ।
ਮੈਂ ਕਿਸੇ ਦਵਾਈ ਜਾਂ ਪੈਥੀ ਦੀ ਨਿੰਦਕ ਨਹੀਂ। ਮੇਰਾ ਤਾਂ ਸਗੋਂ ਸਲਾਮ ਹੈ ਹਰ ਉਸ
ਦਵਾਈ, ਪੈਥੀ ਜਾਂ ਵਿਧੀ ਨੂੰ ਜੋ ਕਿਸੇ ਦਰਦਮੰਦ ਦੇ ਦਰਦ ਨੂੰ ਘੱਟ ਕਰਨ ਦੀ ਸਮਰੱਥਾ
ਰੱਖਦੀ ਹੈ। ਮੇਰਾ ਇਹ ਲੇਖ ਲਿਖਣ ਦਾ ਮਕਸਦ ਸਿਰਫ਼ ਇਨ੍ਹਾਂ ਦਵਾਈਆਂ ਦਾ ਗਲਤ ਸਮੇਂ
ਹੁੰਦੇ ਪ੍ਰਯੋਗ ਦੇ ਖਿਲਾਫ਼ ਜਾਗਰੂਕ ਕਰਨ ਦਾ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਉਹ
ਇਨ੍ਹਾਂ ਗੱਲਾਂ ਦੀ ਪ੍ਰੋੜਤਾ ਲਈ ਆਪਣੇ ‘ਤੇ ਇੱਕ ਛੋਟਾ ਜਿਹਾ ਪ੍ਰਯੋਗ ਕਰਕੇ ਵੇਖਣ।
ਮੌਸਮ ਦੀ ਤਬਦੀਲੀ ਨਾਲ ਜ਼ੁਕਾਮ ਹੋ ਜਾਣਾ ਆਮ ਗੱਲ ਹੈ। ਇਸ ਵਾਰ ਤੁਸੀਂ ਬਿਨ੍ਹਾਂ
ਕਿਸੇ ਦਵਾਈ ਤੋਂ ਆਪਣੇ ਸ੍ਰੀਰ ਦੀ ਬਚਾਓ-ਪ੍ਰਣਾਲੀ ਨੂੰ ਮੌਕਾ ਦੇ ਕੇ ਵੇਖੋ। ਛਿੱਕਾਂ
ਆਉਣਗੀਆਂ, ਨੱਕ ‘ਚ ਪਹਿਲਾਂ ਪਾਣੀ ‘ਤੇ ਫ਼ਿਰ ਬਲਗਮ ਆਵੇਗੀ। 24-48 ਘੰਟੇ ਲਈ ਬੁਖਾਰ
ਰਹੇਗਾ। ਕੋਈ ਦਵਾਈ ਨਾ ਲਓ। ਸਿਰਫ਼ ਅਰਾਮ ਕਰੋ। ਜਦੋਂ ਤਿੰਨ-ਚਾਰ ਦਿਨਾਂ ਬਾਅਦ
ਆਪਣੇ-ਆਪ ਸਿਹਤਯਾਬ ਹੋ ਜਾਵੋਗੇ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਕੋਈ ਕਮਜ਼ੋਰੀ ਜਾਂ
ਭੁੱਖ ‘ਚ ਕਮੀ ਨਹੀਂ ਆਈ (ਜੋ ਕਿ ਕੋਈ ਐਂਟੀਬਾਈਟਿਕ ਦਵਾਈ ਲੈਣ ਨਾਲ ਅਕਸਰ ਪਾਈ
ਜਾਂਦੀ ਹੈ)। ਜਦੋਂ ਅਗਲੀ ਵਾਰ ਕਦੇ ਇਸ ਤਰ੍ਹਾਂ ਦੀ ਇਨਫ਼ੈਕਸ਼ਨ (ਜ਼ੁਕਾਮ, ਖਾਂਸੀ,
ਬੁਖਾਰ ਆਦਿ) ਹੋਈ ਤਾਂ ਨੋਟ ਕਰਨਾ ਕਿ ਕਿੰਨੇ ਅਰਸੇ ਬਾਅਦ ਹੋਈ ਹੈ। ਤੁਸੀਂ ਇਹ
ਨਤੀਜਾ ਪਾਓਗੇ ਕਿ ਇਸ ਤਰ੍ਹਾਂ ਕੁਦਰਤੀ ਤਰੀਕੇ ਨਾਲ ਸਿਹਤਯਾਬ ਹੋਣ ਉਪਰੰਤ ਭਵਿੱਖ
ਵਿੱਚ ਇਸ ਤਰ੍ਹਾਂ ਦੀ ਇੰਨਫ਼ੈਕਸ਼ਨ ਕਾਫ਼ੀ ਲੰਬੇ ਅਰਸੇ ਬਾਅਦ ਹੁੰਦੀ ਹੈ।
ਇਸ ਤਰ੍ਹਾਂ ਕੁਦਰਤ ਦੇ ਨਿਯਮਾਂ ਅਨੁਸਾਰ ਜੀਵਨ ਜਿਊਣ ਨਾਲ ਇਨਸਾਨ ਤੰਦਰੁਸਤ ਅਤੇ
ਖੁਸ਼ਹਾਲ ਜੀਵਨ ਦਾ ਆਨੰਦ ਮਾਣ ਸਕਦਾ ਹੈ।
੨੪/੦੭/੨੦੧੨
ਡਾ. ਮਨਦੀਪ ਕੌਰ
ਪਿੰਡ - ਆਸੀ ਕਲਾਂ
ਲੁਧਿਆਣਾ - 141203
ਮੋ: 95-92-120-120 |