ਜਦੋਂ ਇਹ ਪਤਾ ਲੱਗੇ ਕਿ ਢਾਈ ਲੱਖ ਅਮਰੀਕਨ ਨੀਂਦਰ ਦੀਆਂ ਝਪਕੀਆਂ ਦੇ ਅਟੈਕ (ਨਾਰਕੋਲੈਪਸੀ)
ਦੇ ਸ਼ਿਕਾਰ ਹੋ ਚੁੱਕੇ ਹਨ ਤਾਂ ਅਮਰੀਕਨ ਡਾਕਟਰਾਂ ਨੂੰ ਇਸ ਉੱਤੇ ਖੋਜ ਕਰਨੀ ਹੀ ਪੈਣੀ
ਸੀ।
ਭਾਰਤੀ ਸਰਕਾਰੀ ਕਰਮਚਾਰੀ ਡਿਊਟੀ ਦੌਰਾਨ ਨੀਂਦਰ ਦੀਆਂ ਝੁੱਟੀਆਂ ਲੈਣ ਦੇ ਏਨੇ
ਆਦੀ ਹੋ ਚੁੱਕੇ ਹਨ ਕਿ ਭਾਰਤ ਵਿਚ ਇਸ ਨੂੰ ਬੀਮਾਰੀ ਗਿਣਿਆ ਹੀ ਨਹੀਂ ਜਾਂਦਾ ਅਤੇ
ਇਸੇ ਲਈ ਕੋਈ ਇਲਾਜ ਕਰਵਾਉਣ ਵੀ ਨਹੀਂ ਜਾਂਦਾ।
ਅਮਰੀਕਨਾਂ ਦੀ ਖ਼ਾਸੀਅਤ ਇਹ ਹੈ ਕਿ ਉਹ ਹਰ ਬੀਮਾਰੀ ਦੀ ਜੜ ਤਕ ਜਾਂਦੇ ਹਨ ਤੇ
ਕੋਰੀਅਨ ਖੁਰਾ ਖੋਜ ਮਿਟਾ ਦਿੰਦੇ ਹਨ, ਜਿਵੇਂ ਇਕ ਮੀਟਿੰਗ ਵਿਚ ਉੱਤਰੀ ਕੋਰੀਆ ਦੇ
ਰੱਖਿਆ ਮੰਤਰੀ ਦੇ ਸੌਂ ਜਾਣ ਕਾਰਣ ਉਸਨੂੰ ਤੋਪ ਨਾਲ ਉਡਾ ਦਿੱਤਾ ਗਿਆ।
ਦਿਨ ਵੇਲੇ ਨੀਂਦਰ ਵਿਚ ਗੜੁੱਚ ਹੁੰਦੇ ਰਹਿਣਾ, ਰਾਤ ਨੂੰ ਪੂਰੀ ਨੀਂਦਰ ਆਉਣੀ ਜਾਂ
ਨਾ ਆਉਣੀ ਅਤੇ ਇਕਦਮ ਕਿਸੇ ਤਣਾਓ ਅਧੀਨ ਸਰੀਰ ਦੇ ਸਾਰੇ ਪੱਠਿਆਂ ਦੀ ਕਮਜ਼ੋਰੀ ਮਹਿਸੂਸ
ਹੋਣ ਲੱਗ ਪੈਣੀ (ਕੈਟਾਪਲੈਕਸੀ) ਬਹੁਤ ਆਮ ਜਿਹੀ ਗਲ ਬਣ ਚੁੱਕੀ ਹੈ।
ਕੈਟਾਪਲੈਕਸੀ ਸਿਰਫ਼ ਗੁੱਸੇ ਦੌਰਾਨ ਹੀ ਨਹੀਂ ਬਲਕਿ ਜ਼ੋਰ ਦੀ ਹੱਸਣ ਜਾਂ
ਮਜ਼ਾਕ ਉਡਾਉਣ ਸਮੇਂ ਵੀ ਮਹਿਸੂਸ ਹੋ ਸਕਦੀ ਹੈ।
ਨਾਰਕੋਲੈਪਸੀ ਵਿਚ ਮਰੀਜ਼ ਦਾ ਬੈਠੇ ਬਿਠਾਏ ਨੀਂਦਰ ਦਾ ਝੂਟਾ
ਲੈਂਦੇ ਹੋਏ ਸਿਰ ਝਟਕਾ ਖਾ ਕੇ ਪਾਸੇ ਵੱਲ ਜਾ ਸਕਦਾ ਹੈ, ਹੇਠਲਾ ਜਬਾੜਾ ਲਟਕ ਸਕਦਾ
ਹੈ, ਗੋਡੇ ਲਟਕ ਕੇ ਪਰਾਂ ਹੋ ਸਕਦੇ ਹਨ ਜਾਂ ਪੂਰਾ ਸਰੀਰ ਹੀ ਲਕਵੇ ਵਾਂਗ ਢਿੱਲਾ ਪੈ
ਸਕਦਾ ਹੈ।
ਆਮ ਤੌਰ ਉੱਤੇ ਨਾਰਕੋਲੈਪਸੀ ਦੇ ਮਰੀਜ਼ 10 ਤੋਂ 25 ਸਾਲਾਂ ਦੇ
ਹੁੰਦੇ ਹਨ। ਇਸ ਤੋਂ ਛੋਟੀ ਉਮਰ ਵਿਚ ਵੀ ਇਹ ਬੀਮਾਰੀ ਸ਼ੁਰੂ ਹੁੰਦੀ ਵੇਖੀ ਗਈ ਹੈ। ਇਕ
ਵਾਰ ਇਹ ਬੀਮਾਰੀ ਹੋ ਜਾਏ ਤਾਂ ਸਾਰੀ ਉਮਰ ਦਾ ਰੋਗ ਬਣ ਜਾਂਦਾ ਹੈ। ਪਹਿਲਾਂ ਇਸ ਦੇ
ਪੂਰੇ ਕਾਰਣ ਲੱਭੇ ਨਹੀਂ ਸਨ ਗਏ, ਪਰ ਹੁਣ ਜੀਨ ਉੱਤੇ ਆਧਾਰਿਤ ਰੋਗ ਮੰਨ ਲਿਆ ਗਿਆ
ਹੈ।
ਜਪਾਨੀਆਂ ਵਿਚ ਇਹ ਬੀਮਾਰੀ ਕਾਫ਼ੀ ਮਿਲਦੀ ਹੈ, ਪਰ ਅਫਰੀਕਨ ਅਮਰੀਕਨ ਇਸ ਦਾ ਸਭ
ਤੋਂ ਵਧ ਸ਼ਿਕਾਰ ਹੁੰਦੇ ਹਨ।
ਦੁਨੀਆਂ
ਭਰ ਵਿਚ ਲਗਭਗ 3 ਫੀਸਦੀ ਲੋਕ ਇਸ ਬੀਮਾਰੀ ਦੇ ਸ਼ਿਕਾਰ ਹਨ, ਜਿਨਾਂ ਵਿਚ ਭਾਰਤੀਆਂ ਦੀ
ਗਿਣਤੀ ਇਸ ਲਈ ਘਟ ਦੱਸੀ ਗਈ ਹੈ, ਕਿਉਂਕਿ ਭਾਰਤੀ ਇਸ ਨੂੰ ਰਾਤ ਦਾ ਉਨੀਂਦਰਾ ਕਹਿ ਕੇ
ਟਾਲ ਜਾਂਦੇ ਹਨ ਤੇ ਡਾਕਟਰੀ ਇਲਾਜ ਲਈ ਪਹੁੰਚਦੇ ਹੀ ਨਹੀਂ। ਸੋ ਸਹੀ ਗਿਣਤੀ ਕੀਤੀ ਹੀ
ਨਹੀਂ ਜਾ ਸਕੀ।
ਸੰਨ 1887 ਵਿਚ ਕੁੱਝ ਟੱਬਰ ਲੱਭੇ ਗਏ ਸਨ, ਜਿਨਾਂ ਵਿਚ ਨਾਰਕੋਲੈਪਸੀ
ਦੀ ਬੀਮਾਰੀ ਪੁਸ਼ਤ ਦਰ ਪੁਸ਼ਤ ਚੱਲ ਰਹੀ ਸੀ। ਪਰ, ਹੁਣ ਸਿਰਫ਼ ਟੱਬਰਾਂ ਵਿਚ ਹੀ ਨਹੀਂ,
ਕਈ ਕੇਸਾਂ ਵਿਚ ਟੱਬਰ ਵਿਚ ਕਿਸੇ ਹੋਰ ਨੂੰ ਇਹ ਬੀਮਾਰੀ ਨਹੀਂ ਲੱਭੀ ਗਈ ਤਾਂ ਵੀ
ਉਨਾਂ ਨੂੰ ਬੀਮਾਰੀ ਹੋ ਗਈ ਸੀ।
ਕੁੱਤਿਆਂ ਵਿਚ ਵੀ ਨਾਰਕੋਲੈਪਸੀ/ਕੈਟਾਪਲੈਕਸੀ ਲੱਭੀ ਜਾ ਚੁੱਕੀ
ਹੈ। ਉਨਾਂ ਵਿਚ ਬੀਮਾਰੀ ਦੇ ਲੱਛਣ ਬਿਲਕੁਲ ਇਨਸਾਨਾਂ ਵਰਗੇ ਹੀ ਹੁੰਦੇ ਹਨ। ਜਿਨਾਂ
ਮਰੀਜ਼ਾਂ ਨੂੰ ਨਾਰਕੋਲੈਪਸੀ ਦੀ ਬਿਮਾਰੀ ਹੋਵੇ, ਉਨਾਂ ਦੇ ਸਰੀਰ ਅੰਦਰ
ਹਾਈਪੋਕਰੈਟਿਨ ਨਿਊਰੋ ਟਰਾਂਸਮਿਸ਼ਨ ਵਿਚ ਨੁਕਸ ਲੱਭਿਆ ਜਾ ਚੁੱਕਿਆ
ਹੈ। ਇਸ ਦਾ ਮਤਲਬ ਹੈ, ਦਿਮਾਗ ਵਿਚਲੇ ਹਾਈਪੋਥੈਲਮਸ ਦੇ ਲਗਭਗ
70,000 ਸੈੱਲ ਜੋ ਪੈਪਟਾਈਡ ਬਣਾਉਂਦੇ ਹਨ, ਉਨਾਂ ਦਾ ਨਕਾਰਾ ਹੋ
ਜਾਣਾ!
ਜਿਨਾਂ ਨੂੰ ਨਾਰਕੋਲੈਪਸੀ ਹੋ ਜਾਵੇ, ਉਨਾਂ ਨੇ ਭਾਵੇਂ ਰਾਤ ਦੀ
ਨੀਂਦਰ ਪੂਰੀ ਕੀਤੀ ਹੋਵੇ, ਫੇਰ ਵੀ ਦਿਨ ਵੇਲੇ ਕੁੱਝ ਸਕਿੰਟ ਤੋਂ ਲੈ ਕੇ 30 ਮਿੰਟ
ਤੋਂ ਵੱਧ ਸਮੇਂ ਤਕ ਨੀਂਦਰ ਦੇ ਅਟੈਕ ਹੋ ਸਕਦੇ ਹਨ। ਜੇ ਵਿੱਚੋਂ ਜਗਾ ਦਿੱਤਾ ਜਾਵੇ
ਤਾਂ ਅਜਿਹੇ ਮਰੀਜ਼ਾਂ ਨੂੰ ਕੁੱਝ ਪਲਾਂ ਲਈ ਪੱਠਿਆਂ ਵਿਚ ਜ਼ੋਰ ਖ਼ਤਮ ਹੋਇਆ ਮਹਿਸੂਸ
ਹੋਣਾ ਜਾਂ ਕੈਟਾਪਲੈਕਸੀ ਵੀ ਹੋ ਸਕਦੀ ਹੈ। ਜਿਸ ਤਰਾਂ ਰੈਮ ਨੀਂਦਰ
ਦੌਰਾਨ ਸੁਫ਼ਨਿਆਂ ਦਾ ਦੌਰ ਚਲਦਾ ਹੈ ਅਤੇ ਕੁੱਝ ਅਜੀਬ ਗੱਲਾਂ ਦਿਸਦੀਆਂ ਹਨ, ਬਿਲਕੁਲ
ਉਹੋ ਕੁੱਝ ਨਾਰਕੋਲੈਪਸੀ ਦੌਰਾਨ ਮਹਿਸੂਸ ਹੁੰਦਾ ਹੈ, ਜੋ ਇਹ ਸਾਬਤ
ਕਰਦਾ ਹੈ ਕਿ ਇਹ ਨੀਂਦਰ ਦਾ ਹੀ ਇਕ ਕਿਸਮ ਦਾ ਰੋਗ ਹੈ।
ਭਾਵੇਂ ਜਵਾਨ ਹੋ ਰਹੇ ਬੱਚੇ ਵਿਚ ਇਹ ਰੋਗ ਸ਼ੁਰੂ ਹੋ ਜਾਂਦਾ ਹੈ, ਪਰ ਮਾਪੇ ਬਹੁਤੀ
ਵਾਰ ਇਲਾਜ ਕਰਵਾਉਣ ਨਹੀਂ ਪਹੁੰਚਦੇ ਕਿਉਂਕਿ ਉਹ ਇਸ ਨੂੰ ਸੁਸਤੀ ਜਾਂ ਵੱਧ ਪੜਾਈ ਕਰਨ
ਨਾਲ ਜੋੜ ਕੇ ਬੇਗ਼ੌਰੇ ਹੋ ਜਾਂਦੇ ਹਨ। ਇਸੇ ਲਈ ਆਮ ਤੌਰ ਉੱਤੇ ਇਹ ਰੋਗ ਲੱਭਣ ਉੱਤੇ
ਕਈ-ਕਈ ਸਾਲ ਲੰਘ ਜਾਂਦੇ ਹਨ। ਕੁੱਝ ਮਾਪੇ ਸਿਰ ਉੱਤੇ ਕਿਸੇ ਪੁਰਾਣੀ ਸੱਟ ਸਦਕਾ ਜਾਂ
ਕਮਜ਼ੋਰੀ ਸਮਝ ਕੇ ਇਲਾਜ ਕਰਵਾਉਂਦੇ ਹੀ ਨਹੀਂ।
ਸੰਨ 1999 ਵਿਚ ਨਾਰਕੋਲੈਪਸੀ ਦਾ ਜੀਨ ਜਦੋਂ ਜਾਨਵਰਾਂ ਵਿਚ ਲੱਭ
ਕੇ ਖੋਜ ਕੀਤੀ ਗਈ ਤਾਂ ਇਨਸਾਨਾਂ ਵਿਚ ਇਸ ਦਾ ਇਲਾਜ ਸੰਭਵ ਹੋ ਸਕਿਆ।
ਹਾਈਪੋਕਰੈਟਿਨ ਰਿਸੈਪਟਰ 2 ਪ੍ਰੋਟੀਨ ਦਿਮਾਗ਼ ਦੇ ਸੈੱਲਾਂ ਨੂੰ
ਸੁਨੇਹੇ ਫੜਨ ਵਿਚ ਮਦਦ ਕਰਦਾ ਹੈ। ਜਦੋਂ ਇਹ ਜੀਨ ਸਹੀ ਐਨਕੋਡਿੰਗ ਨਾ
ਕਰ ਸਕੇ ਤਾਂ ਪੂਰੇ ਸੁਨੇਹੇ ਨਹੀਂ ਫੜੇ ਜਾਂਦੇ। ਇੰਜ ਜਿਹੜੇ ਸੁਨੇਹੇ ਜਗਾਉਣ ਵਾਸਤੇ
ਪਹੁੰਚ ਰਹੇ ਹੋਣ, ਉਨਾਂ ਨੂੰ ਦਿਮਾਗ਼ ਫੜਦਾ ਹੀ ਨਹੀਂ ਅਤੇ ਬੰਦਾ ਨੀਂਦਰ ਵਿਚ ਗੜੁੱਚ
ਹੋ ਜਾਂਦਾ ਹੈ।
ਅਮਰੀਕਨ ਡਾਕਟਰਾਂ ਅਨੁਸਾਰ ਸਿਰਫ ਨਾਰਕੋਲੈਪਸੀ ਹੀ ਨਹੀਂ ਬਲਕਿ
ਨੀਂਦਰ ਦੀਆਂ ਹੋਰ ਵੀ ਕਈ ਬੀਮਾਰੀਆਂ (70 ਕਿਸਮਾਂ) ਤੋਂ ਲਗਭਗ 40 ਮਿਲੀਅਨ ਅਮਰੀਕਨ
ਗ੍ਰਸਤ ਹਨ ਜਿਸ ਸਦਕਾ ਉਨਾਂ ਦੇ ਕੰਮ ਕਾਰ ਦਾ ਨੁਕਸਾਨ ਹੋ ਰਿਹਾ ਹੈ, ਜਿਸ ਨਾਲ ਉਨਾਂ
ਦਾ ਲਗਭਗ 16 ਮਿਲੀਅਨ ਪੈਸਾ ਇਲਾਜ ਵਿਚ ਜ਼ਾਇਆ ਹੋ ਰਿਹਾ ਹੈ।
ਇਕ ਹੋਰ ਆਮ ਹੀ ਨੀਂਦਰ ਦੌਰਾਨ ਪਾਏ ਰੋਗ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਜਿਸ ਵਿਚ
ਸੌਂਦੇ ਹੋਏ ਪੈਰਾਂ ਜਾਂ ਲੱਤਾਂ ਵਿਚ ਕੀੜੀਆਂ ਚਲਦੀਆਂ ਮਹਿਸੂਸ ਹੋਣੀਆਂ ਜਾਂ ਸੂਈਆਂ
ਵਜਦੀਆਂ ਮਹਿਸੂਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਕੁੱਝ ਚਿਰ ਪਾਸਾ ਸੁੰਨ ਜਾਂ
ਭਾਰਾ ਜਿਹਾ ਲਗਦਾ ਹੈ ਜਿਸ ਲਈ ਲੱਤਾਂ ਛੰਡਣੀਆਂ ਪੈਂਦੀਆਂ ਹਨ। ਅਮਰੀਕਾ ਵਿਚ ਇਸ
ਬੀਮਾਰੀ ਤੋਂ ਲਗਭਗ 12 ਮਿਲੀਅਨ ਲੋਕ ਪੀੜਤ ਹਨ ਤੇ ਭਾਰਤ ਵਿਚ ਵੀ ਇਹ ਬੀਮਾਰੀ ਕਾਫੀ
ਪਾਈ ਜਾਂਦੀ ਹੈ। ਜ਼ਿਆਦਾਤਰ ਵੱਧਦੀ ਉਮਰ ਵਿਚ ਇਹ ਬੀਮਾਰੀ ਹੁੰਦੀ ਹੈ ਪਰ ਲਹੂ ਦੀ
ਕਮੀ, ਸ਼ੱਕਰ ਰੋਗ ਜਾਂ ਗਰਭ ਠਹਿਰਨ ਦੌਰਾਨ ਇਹ ਕਿਸੇ ਵੀ ਉਮਰ ਵਿਚ ਹੋ ਜਾਂਦੀ ਹੈ। ਇਸ
ਨੂੰ ‘ਰੈਸਟਲੈੱਸ ਲੈੱਗ ਸਿੰਡਰੋਮ’ ਕਹਿੰਦੇ ਹਨ। ਇਸ ਦੇ ਨਾਲ ਹੀ
‘‘ਪੀਰੀਓਡਿਕ ਲਿੰਬ ਮੂਵਮੈਂਟ ਡਿਸਔਰਡਰ’’ ਹੋ ਸਕਦਾ ਹੈ ਜਿਸ ਵਿਚ ਲੱਤਾਂ ਵਿਚ
ਹਲਕੇ ਝਟਕੇ ਮਹਿਸੂਸ ਹੁੰਦੇ ਹਨ। ਇਹ ਨੀਂਦਰ ਦੌਰਾਨ ਹਰ 20 ਤੋਂ 40 ਸਕਿੰਟ ਲਈ ਹੋ
ਸਕਦੇ ਹਨ ਤੇ ਬੰਦਾ ਇਹ ਝਟਕਾ ਮਹਿਸੂਸ ਕਰਦੇ ਸਾਰ ਜਾਗ ਪੈਂਦਾ ਹੈ। ਸੱਠ ਵਰਿਆਂ ਦੀ
ਉਮਰ ਤੋਂ ਬਾਅਦ ਲਗਭਗ ਇਕ ਤਿਹਾਈ ਨੀਂਦਰ ਦੇ ਰੋਗ ਇਸੇ ਕਿਸਮ ਦੇ ਹੁੰਦੇ ਹਨ।
ਇਸ ਦੇ ਇਲਾਜ ਲਈ ਡੋਪਾਮੀਨ ਉੱਤੇ ਅਸਰ ਕਰਨ ਵਾਲੀਆਂ ਦਵਾਈਆਂ ਦਿੱਤੀਆਂ ਜਾਂਦੀਆਂ
ਹਨ।
ਨਾਰਕੋਲੈਪਸੀ ਲਈ ਐਂਟੀਡਿਪਰੈੱਸੈਂਟ, ਸਟਿਮੂਲੈਂਟ
ਤੇ ਹੋਰ ਦਵਾਈਆਂ ਮੌਜੂਦ ਹਨ ਜਿਨਾਂ ਨਾਲ ਇਸ ਰੋਗ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਕੁੱਝ ਕੇਸਾਂ ਵਿਚ ਦਿਨ ਦੇ ਕਿਸੇ ਸਮੇਂ ਖ਼ਾਸ ਕਰ ਦੁਪਹਿਰੇ ਅੱਧਾ ਕੁ ਘੰਟਾ ਲਾਜ਼ਮੀ
ਨੀਂਦਰ ਲੈਣ ਨਾਲ ਵੀ ਬੇਵਕਤ ਨੀਂਦਰ ਦੇ ਝਟਕਿਆਂ ਤੋਂ ਰਾਹਤ ਮਿਲ ਜਾਂਦੀ ਹੈ।
ਮੈਂ ਇਹ ਜਾਣਕਾਰੀ ਇਸ ਲਈ ਦਿੱਤੀ ਹੈ ਤਾਂ ਜੋ ਇਸ ਬੀਮਾਰੀ ਨੂੰ ਵੇਲੇ ਸਿਰ ਲੱਭ
ਕੇ ਇਲਾਜ ਕਰ ਲਿਆ ਜਾਵੇ ਅਤੇ ਕਿਸੇ ਜ਼ਰੂਰੀ ਮੀਟਿੰਗ ਦੌਰਾਨ ਹਾਸੇ ਠੱਠੇ ਦਾ ਸ਼ਿਕਾਰ
ਨਾ ਬਣਨਾ ਪਵੇ। ਪਰ ਨਾਲੋ ਨਾਲ ਇਸ ਰੋਗ ਨੂੰ ਲਾਇਲਾਜ ਬਣ ਜਾਣ ਤੋਂ ਪਹਿਲਾਂ ਹੀ ਜੇ
ਲੱਭ ਕੇ ਇਲਾਜ ਕਰ ਲਿਆ ਜਾਵੇ ਤਾਂ ਮਰੀਜ਼ਾਂ ਲਈ ਵਧੀਆ ਨਤੀਜੇ ਨਿਕਲ ਸਕਦੇ ਹਨ। |