ਪੋਲੀਓ
ਜਿਸ ਨੂੰ ਲਕਵਾ, ਅਧਰੰਗ ਵਰਗੇ ਨਾਵਾਂ ਨਾਲ ਵੀ ਵੱਖ
ਵੱਖ ਲੋਕਾਂ ਦੁਆਰਾ ਪੁਕਾਰਿਆ ਜਾਂਦਾ ਹੈ , ਇੱਕ
ਬਹੁਤ ਹੀ ਨਾ-ਮੁਰਾਦ ਅਤੇ ਖ਼ਤਰਨਾਕ ਬਿਮਾਰੀ ਹੈ। ਜੋ ਇੱਕ ਵਾਰ ਇਸ ਦੀ ਲਪੇਟ ਵਿੱਚ ਆ
ਗਿਆ ਅਤੇ ਉਸ ਨੂੰ ਜੋ ਵੀ ਨੁਕਸਾਨ ਹੋ ਗਿਆ, ਉਸ
ਦੀ ਉਮਰ ਭਰ ਲਈ ਭਰਪਾਈ ਨਹੀਂ ਹੋ ਸਕਦੀ। ਪਹਿਲੋਂ ਪਹਿਲ ਲੋਕ ਇਸ ਨੂੰ “ਬੱਸ ਜੀ
ਕਿਸਮਤ ਦੀ ਗੱਲ ਐ“ ਕਹਿਕੇ ਸਬਰ ਦੇ ਘੁੱਟ ਭਰ ਲਿਆ
ਕਰਦੇ ਸਨ। ਕੋਈ ਇਲਾਜ ਵੀ ਨਹੀਂ ਸੀ। ਪਰ ਅੱਜ ਇਸ ਦੇ ਬਚਾਅ ਲਈ ਦੁਆਈਆਂ ਦੀ ਖ਼ੋਜ ਹੋ
ਚੁੱਕੀ ਹੈ। ਜੋ ਲੋਕ ਲਾ-ਪ੍ਰਵਾਹੀ ਵਜੋਂ ਅਜਿਹੀ ਦੁਆਈ ਜਾਂ ਵੈਕਸੀਨ ਦੀ ਸਮੇ ਸਿਰ
ਸਹੀ ਵਰਤੋਂ ਨਹੀਂ ਕਰਦੇ ਉਹਨਾਂ ਲਈ ਖ਼ਤਰਾ ਦਰ-ਪੇਸ਼ ਰਹਿੰਦਾ ਹੈ। ਇਹ ਦੁਆਈ
ਨਵ-ਜਨਮੇ ਬੱਚੇ ਤੋਂ ਲੈ ਕੇ 5-6 ਸਾਲ ਦੀ ਉਮਰ ਤੱਕ ਪਿਲਾਉਣ ਨਾਲ ਕੋਈ ਨੁਕਸਾਨ ਹੋਣ
ਦਾ ਖ਼ਤਰਾ ਲਗਪਗ ਖ਼ਤਮ ਹੀ ਹੋ ਜਾਂਦਾ ਹੈ। ਇਸ ਲਈ ਹੁਣ ਕਿਸਮਤ ਦਾ ਕਸੂਰ ਨਾ ਹੋ ਕਿ
ਮਾਪਿਆਂ ਦਾ ਕਸੂਰ ਬਣ ਗਿਆ ਹੈ।
 |
ਪੋਲੀਓ ਵੈਕਸੀਨ
|
ਇਹ ਪਲਸ ਪੋਲੀਓ ਦੀਆਂ ਬੂੰਦਾਂ ਪਿਲਾਉਣ ਲਈ ਬਕਾਇਦਾ ਪ੍ਰਬੰਧ ਕੀਤਾ ਜਾਂਦਾ ਹੈ।
ਪਹਿਲਾਂ ਸਾਂਝੀਆਂ ਥਾਵਾਂ ‘ਤੇ ਇਹ ਬੂੰਦਾਂ ਪਿਲਾਈਆਂ ਜਾਂਦੀਆਂ ਹਨ। ਫਿਰ ਸਕੂਲਾਂ
ਜਾਂ ਘਰ ਘਰ ਜਾ ਕਿ ਵੀ ਅਜਿਹਾ ਕੀਤਾ ਜਾਂਦਾ ਹੈ। ਅੱਜ ਐਤਵਾਰ ਨੂੰ ਇਹ ਪਿਲਾਈ ਜਾਣ
ਵਾਲੀ ਇਸ ਵੈਕਸੀਨ ਦੀ ਖ਼ੋਜ ਵੀ ਬਹੁਤ ਰੌਚਕ ਢੰਗ ਨਾਲ ਹੋਈ ਹੈ।
ਜਦ ਅਮਰੀਕਾ ਵਿੱਚ 1930 ਅਤੇ ਫਿਰ 1940 ਵਿੱਚ 10 ਹਜ਼ਾਰ ਤੋਂ ਵੀ ਵੱਧ ਬੱਚੇ ਇਸ
ਬਿਮਾਰੀ ਦੀ ਲਪੇਟ ਵਿੱਚ ਆ ਗਏ ਤਾਂ ਅਪੰਗ ਹੋਏ ਬੱਚਿਆਂ ਦੀ ਤਰਸਯੋਗ ਹਾਲਤ ਨੇ
ਵਿਗਿਆਨੀਆਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ। ਪਹਿਲੋਂ ਪਹਿਲ ਆਸਟਰੀਆ ਦੇ ਇੱਕ
ਡਾਕਟਰ ਕਾਰਲ ਲੈਂਟ ਸਟੈਨਰ ਨੇ 1908
ਵਿੱਚ ਪੋਲੀਓ ਵਾਇਰਸ ਦੀ ਖ਼ੋਜ ਕੀਤੀ। ਫਿਰ 1948 ਵਿੱਚ ਡਾਕਟਰ ਜੌਹਨ ਫਰੈਂਕਲਿਨ
ਐਂਡਰਸ ਨੇ ਪੋਲੀਓ ਵਾਇਰਸ ਨੂੰ ਅਲੱਗ ਕਰਨ ਵਿੱਚ ਸਫਲਤਾ ਹਾਸਲ ਕਰ ਲਈ। ਇਸ ਡਾਕਟਰ
ਨੂੰ ਏਸੇ ਕਰਕੇ 1954 ਵਿੱਚ ਨੋਬਲ ਪੁਰਸਕਾਰ ਵੀ ਦਿੱਤਾ ਗਿਆ।
1935 ਵਿੱਚ ਡਾਕਟਰ ਮੌਰਿਸ ਬਰੌਡੀ (Maurice Brodie) ਨਿਊਯਾਰਕ ਅਤੇ ਡਾ; ਜਾਹਨ
ਕੌਲਮੋਰ (John Kolmer) ਫਿਲਾਡੈਲਫੀਆ ਨੇ ਕਈ ਬੱਚਿਆਂ ‘ਤੇ ਪਹਿਲਾ ਤਜ਼ੁਰਬਾ ਕੀਤਾ।
ਪਰ ਇਹ ਤਜ਼ੁਰਬਾ ਸਫ਼ਲ ਨਾ ਹੋ ਸਕਿਆ। ਕਰੀਬ ਇੱਕ ਦਰਜਨ ਬੱਚੇ ਵਿਕਲਾਂਗ ਹੋ ਗਏ ਅਤੇ
ਅੱਧੀ ਦਰਜਨ ਦੀ ਮੌਤ ਹੋ ਗਈ। ਅਮਰੀਕਾ ਵਿੱਚ ਪਹਿਲੀ ਵਾਰ 1938 ਨੂੰ “ਕੌਮੀ ਪੋਲੀਓ
ਸੰਸਥਾ “ਦਾ ਗਠਨ ਉੱਥੋਂ ਦੇ ਰਾਸ਼ਟਰਪਤੀ ਫ਼ਰੈਕਲਿਨ ਰੂਜ਼ਵੈਲਟ ਦੇ ਯਤਨਾਂ ਨਾਲ
ਹੋਇਆ। ਜਿਸ ਨੂੰ ਇਸ ਬਿਮਾਰੀ ਨੇ 1921 ਵਿੱਚ ਅਪਾਹਜ ਬਣਾ ਦਿੱਤਾ ਸੀ।
 |
ਪੋਲੀਓ ਵਾਇਰਸ |
ਡਾ: ਸਾਲਕ (Jonas Salk ) ਜਿਨ੍ਹਾਂ ਦੀ ਉਮਰ
ਉਦੋਂ 35 ਵਰ੍ਹੇ ਸੀ, ਇਸ ਖ਼ੋਜ ਕਾਰਜ ਵਿੱਚ 24
ਘੰਟੇ ਬਤੀਤ ਕਰਿਆ ਕਰਦੇ ਸਨ। ਕੌਮੀ ਸੰਗਠਨ ਵੱਲੋਂ ਵੀ ਹਰ ਤਰ੍ਹਾਂ ਦੀ ਮਦਦ ਮਿਲ ਰਹੀ
ਸੀ। ਉਹਨਾਂ ਨੇ ਬਾਂਦਰ ਦੇ ਗੁਰਦੇ ਵਿੱਚ ਪੋਲੀਓ ਵਾਇਰਸ ਨੂੰ ਪੈਦਾ ਕਰਕੇ ਅਤੇ
ਫ਼ਾਰਮਲਹਿਲਾਇਡ (formaldehyde) ਦੇ
ਘੋਲ ਨਾਲ ਨਸ਼ਟ ਕਰਕੇ ਇਸ ਦਾ 161 ਬੱਚਿਆਂ ਉੱਤੇ ਪ੍ਰਯੋਗ ਕੀਤਾ। ਫਿਰ 26 ਅਪ੍ਰੈਲ
1954 ਨੂੰ 18 ਲੱਖ 29 ਹਜ਼ਾਰ ਬੱਚਿਆਂ ਨੂੰ ਦੁਆਈ ਦਿੱਤੀ ਗਈ। ਇਸ ਨੂੰ 95% ਕਾਮਯਾਬ
ਦਰਸਾਉਣ ਵਾਲਾ ਪ੍ਰਸਾਰਣ ਦੂਰਦਰਸ਼ਨ ਤੋਂ 12 ਅਪ੍ਰੈਲ 1955 ਨੂੰ ਬਰਾਡਕਾਸਟ ਕੀਤਾ
ਗਿਆ।
ਡਾ; ਸੈਬਿਨ (Albert Sabin) ਨੇ ਪੋਲੀਓ ਮਰੀਜ਼
ਜੋ ਮਰ ਜਾਂਦੇ ਸਨ, ਉਹਨਾਂ ਉੱਤੇ ਕੀਤੇ ਤਜ਼ੁਰਬੇ
ਤੋਂ ਤੱਥ ਇਕੱਠੇ ਕਰਦਿਆਂ ਕਿਹਾ ਕਿ “ਰੋਗੀ ਦੇ ਦਿਮਾਗ ਅਤੇ ਅੰਤੜੀਆਂ ਵਿੱਚ ਹੀ ਇਸਦਾ
ਵਾਇਰਸ ਮੌਜੂਦ ਹੁੰਦਾ ਹੈ”। ਉਸ ਨੇ 15 ਹਜ਼ਾਰ ਬਾਂਦਰਾਂ ਨੂੰ ਆਪਣੀ ਖ਼ੋਜ ਦਾ ਕੇਂਦਰ
ਵੀ ਬਣਾਇਆ ਅਤੇ ਸਿੱਟੇ ਨੂੰ ਸਹੀ ਕਰਾਰ ਦਿਤਾ। ਸਨ 1957 ਵਿੱਚ ਸੋਵੀਅਤ ਸੰਘ ਦੇ 127
ਬੱਚਿਆਂ ਨੂੰ ਸੈਬਿਨ ਵੈਕਸੀਨ ਨੇ 100 % ਸੁਰਖਿਅਤ ਕਰ ਵਿਖਾਇਆ।
ਡਾ; ਸੈਬਿਨ ਨੇ ਪੋਲੈਂਡ ਵਿੱਚ ਜਨਮ ਲੈ ਕੇ 1928 ਵਿੱਚ ਨਿਊਯਾਰਕ ਤੋਂ ਅਤੇ 1931
ਵਿੱਚ ਇੱਥੋਂ ਹੀ ਡਾਕਟਰੀ ਦੀ ਉੱਚ ਡਿਗਰੀ ਹਾਸਲ ਕੀਤੀ। ਖ਼ੋਜੀ ਗਈ ਟੀਕਾ ਵੈਕਸੀਨ ਜੋ
ਬੱਚੇ ਦੇ ਮੂੰਹ ਵਿੱਚ ਪਾਈ ਜਾਂਦੀ ਹੈ ,ਜਿਸ ਦਾ ਸੁਆਦ ਕੌੜਾ ਵੀ ਨਹੀਂ ਹੁੰਦਾ।
ਸੈਬਿਨ ਜਿਸ ਨੇ ਅੱਜ ਕਰੋੜਾਂ ਬੱਚਿਆਂ ਨੂੰ ਇਸ ਘਾਤਕ ਬਿਮਾਰੀ ਤੋਂ ਛੁਟਕਾਰਾ ਦੁਆਇਆ
ਹੈ 86 ਸਾਲ ਦੀ ਉਮਰ ਬਿਤਾ ਕੇ ਵਸ਼ਿੰਗਟਨ ਵਿਖੇ ਅਕਾਲ ਚਲਾਣਾ ਕਰ ਗਏ ਸਨ।
ਉਸ ਵੱਲੋਂ ਖ਼ੋਜੀ ਦੁਆਈ 1960 ਵਿੱਚ 70 ਲੱਖ ਤੋਂ ਵੀ ਵੱਧ ਸੋਵੀਅਤ ਸੰਘ ਦੇ
ਬੱਚਿਆਂ ਨੂੰ ਪਿਲਾਈ ਗਈ। ਜੋ ਸਫ਼ਲ ਰਹੀ। ਡਾ; ਸਾਲਕ ਨੂੰ ਇਸ ਗੱਲ ਤੋਂ ਗੁੱਸਾ ਵੀ
ਆਇਆ ਕਰਦਾ ਸੀ ਕਿ ਡਾ; ਸੈਬਿਨ ਦੀ ਦੁਆਈ ਨੂੰ ਹੀ ਕਿਓਂ ਪ੍ਰਮੁਖਤਾ ਦਿੱਤੀ ਜਾ ਰਹੀ
ਹੈ ?” ਪਰ ਡਾ; ਸੈਬਿਨ ਨੂੰ ਹੀ ਇਸ ਦੁਆਈ ਦੀ ਵਜ੍ਹਾ ਕਰਕੇ ਪ੍ਰਸਿੱਧੀ ਮਿਲੀ ਅਤੇ
ਬਹੁਤੇ ਇਨਾਮ ਸਨਮਾਨ ਵੀ ਉਸ ਦੇ ਹਿੱਸੇ ਹੀ ਰਹੇ ਹਨ। ਅਜਿਹਾ ਠੀਕ ਵੀ ਸੀ ,ਅਤੇ ਠੀਕ
ਵੀ ਹੈ।
੧੯/੦੨/੨੦੧੨
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232 |