ਉਂਜ ਦੁਨੀਆਂ ਭਰ ਦੇ ਔਰਤਾਂ, ਪੁਰਸ਼ਾਂ, ਜ਼ਾਂਨਵਰਾਂ, ਇਨਸਾਨਾਂ, ਪਸ਼ੂਆਂ,
ਪੰਛੀਆਂ ਆਦਿ ਦੇ ਵੱਲ ਧਿਆਨ ਮਾਰ ਕੇ ਦੇਖਿਆ ਜਾਵੇ ਤਾਂ ਇਹ ਹੀ ਪਾਇਆ ਜਾਂਦਾ
ਹੈ ਕਿ ਇਨ੍ਹਾਂ ਸਭਨਾਂ ਕੋਲ ਦੋ ਅੱਖਾਂ ਭਾਵ ਨੇਤਰ ਹਨ ਜਿਨ੍ਹਾਂ ਦਾ ਪ੍ਰਯੋਗ
ਉਸ ਸਭ ਕੁਝ ਨੂੰ ਜੋ ਸਾਡੇ ਆਲੇ ਦੁਆਲੇ ਵਾਪਰ ਰਿਹਾ ਹੈ ਦੇਖਣ ਲਈ ਕੀਤਾ
ਜਾਂਦਾ ਹੈ। ਉਹ ਚਾਹੇ ਗ਼ਲਤ ਹੈ ਜਾਂ ਸਹੀ ਵਾਪਰ ਰਿਹਾ ਗੱਲ ਦੀ ਪੁਸ਼ਟੀ ਕਰਨ ਲਈ
ਨਹੀਂ ਮੈਂ ਕਹਿ ਗਿਆ ਹੈ ਮੈਂ ਉਸਦੀ ਗੱਲ ਕਰ ਰਿਹਾ ਹਾਂ ਜੋ ਕੁਝ ਘਟਿਤ ਹੁੰਦਾ
ਦੇਖਿਆ ਜਾਂਦਾ ਹੈ ਇਹ ਸਭ ਕੁਝ ਦੇਖਣਾ ਅੱਖਾਂ ਭਾਵ ਨੇਤਰਾਂ ਦਾ ਹੀ ਕੰਮ ਹੈ।
ਹਾਂ ਅਸਲ ਵਿੱਚ ਗ਼ਲਤ ਜਾਂ ਸਹੀ ਦੀ ਪਰਖ ਹਰ ਇੱਕ ਆਪਣੇ ਆਪਣੇ ਨਜ਼ਰੀਏ ਨਾਲ ਹੀ
ਕਰਦਾ ਹੈ।
ਹੁਣ ਇੱਥੇ ਮੈ ਆਪਣੇ ਇਨਸਾਨਾਂ ਦੀ ਗੱਲ ਕਰਦਾ ਹਾਂ ਜੇਕਰ ਗ਼ਲਤ ਜਾਂ ਸਹੀ
ਦੇਖੀਏ ਤਾਂ ਇਹ ਹੀ ਪਾਇਆ ਜਾਂਦਾ ਹੈ ਕਿ ਗ਼ਲਤ ਜਾਂ ਸਹੀ ਕੌਣ ਹੈ। ਸਾਡੇ ਇਹ
ਲੋਕ। ਜਿਸ ਪਾਸੇ ਵੱਲ ਜ਼ਿਆਦਾ ਲੋਕ ਹੋਣ ਜਾਂ ਪੈਸਾ ਦਿਖਾਈ ਦਿੰਦਾ ਹੋਵੇ
ਉਸਨੂੰ ਸਹੀ ਮੰਨ ਕੇ ਚੱਲਿਆ ਜਾਂਦਾ ਹੈ। ਇਹ ਭਾਵੇਂ ਸਰਾਸਰ ਗ਼ਲਤ ਹੀ ਕਿਉਂ ਨਾ
ਹੋਵੇ। ਇੱਥੇ ਤਾਂ ਜ਼ਿਆਦਾਤਰ ਇਹ ਹੀ ਦੇਖਣ ਨੂੰ ਮਿਲਿਆ ਹੈ ਕਿ
ਗਧੀ ਨੂੰ ਫੁੱਲਾਂ ਦੇ ਹਾਰ ਭੇਂਟ
ਕੀਤੇ ਜਾਂਦੇ ਹਨ ਤੇ ਗਧੀ ਤੋਂ ਮੇਰਾ ਭਾਵ ਅਗਿਆਨੀ ਇਨਸਾਨ ਤੋਂ ਹੈ।
ਇਸ ਦਾ ਇੱਕੋ ਇੱਕ ਕਾਰਨ ਸਾਡੀ ਆਪਣੀ ਅਗਿਆਨਤਾ ਹੈ। ਅਰਥਾਤ ਭਾਵੇਂ ਸਾਡੇ
ਸਾਰਿਆਂ ਕੋਲ ਦੋ ਅੱਖਾਂ ਭਾਵ ਨੇਤਰ ਹਨ ਫਿਰ ਵੀ ਅਸੀਂ ਗ਼ਲਤ ਜਾਂ ਸਹੀ ਦੀ
ਪਹਿਚਾਣ ਨਹੀਂ ਕਰ ਪਾਉਦੇ। ਅਸਲ ਵਿੱਚ ਤਾਂ ਇੱਥੇ ਇਹ ਗੱਲ ਉਸ ਗੀਤ ਤੇ ਪੂਰੀ
ਪੂਰੀ ਢੁਕਦੀ ਹੋਈ ਨਜ਼ਰ ਆਉਂਦੀ ਹੈ ਅਖੇ,
''ਭੰਨ ਕੇ
ਟਰੱਕ ਬਹਿ ਗਿਆ ਅੱਖਾਂ ਤੱਤੀਆਂ ਕਰਨ ਦਾ ਮਾਰਾ। ''
ਅਰਥਾਤ ਇਨ੍ਹਾਂ ਅੱਖਾਂ ਜਾਂ ਨੇਤਰਾਂ ਨੂੰ ਤੱਤੀਆਂ ਕਰਨ ਦੀ ਇਵਜ਼ ਵਿੱਚ
ਆਪਣਾ ਵੀ ਨੁਕਸਾਨ ਕਰ ਲਿਆ ਜਾਂਦਾ ਹੈ। ਪਰ ਫਿਰ ਵੀ ਇਹ
''ਦੋ
ਨੈਣ ਤੇਰੇ ਦੋ ਨੈਣ ਮੇਰੇ ਸੰਗਦੇ ਸੰਗਦੇ ਹੋ ਚਾਰ ਗਏ, ਤੇ ਬੁੜੀ ਆਪਣੀ ਦੀਆਂ
ਜੋ ਵਾਲੀਆਂ ਸੀ, ਉਹ ਵੀ ਜ਼ੂਹੇ ਵਿੱਚ ਹਾਰ ਗਏ। '' ਵਾਲੀ ਗੱਲ ਹੁੰਦੀ
ਹੋਈ ਨਜ਼ਰੀਂ ਪੈਂਦੀ ਹੈ।
ਹੁਣ ਅਸਲ ਗੱਲ ਤਾਂ ਇਹ ਆਉਂਦੀ ਹੈ ਕਿ ਬੰਦੇ ਦੀ ਅਗਿਆਨਤਾ ਦੇ ਹਨ੍ਹੇਰੇ
ਕਾਰਨ ਹੀ ਸਮਾਜ ਵਿੱਚ ਸ਼ਰੇਆਮ ਘੁੰਮ ਰਹੇ ਚੋਰਾਂ ਦਾ ਪਤੀਲਾ ਗਰਮ ਹੁੰਦਾ ਹੈ।
ਇਹ ਪਤੀਲਾ ਕਿਉਂ ਗਰਮ ਹੁੰਦਾ ਹੈ ਇਸ ਦਾ ਇੱਕੋ ਇੱਕ ਕਾਰਨ ਮੈਨੂੰ ਇੱਕ ਫਿਲਮ
ਦੇ ਇੱਕ ਗੀਤ
''ਈਰਕੇ ਈਰਕੇ ਈਰਕੇ ਨੀ, ਅੱਖਾਂ ਜਾ ਲੜੀਆਂ ਘੁੰਡ ਚੀਰ ਕੇ ਨੀ। ''
ਵਾਲੀ ਗੱਲ ਹੁੰਦੀ ਹੋਈ ਨਜ਼ਰੀਂ ਪੈ ਰਹੀ ਹੈ। ਕਿਉਂਕਿ ਪਰਦਾ ਵੀ ਉੱਠ ਜਾਂਦਾ
ਹੈ ਪਰ ਫਿਰ ਵੀ
''ਪਰਦੇ ਮੇਂ ਰਹਿਣੇ ਦੋ, ਪਰਦਾ ਨਾ ਉਠਾਓ। '' ਵਾਲੀ ਧੁੰਨ
ਵੱਜਦੀ ਹੋਈ ਨਜ਼ਰੀਂ ਪੈਂਦੀ ਹੈ। ਇਸਦਾ ਇੱਕੋ ਇੱਕ ਕਾਰਨ ਇਹ ਹੈ ਕਿ ਇੱਥੇ
ਸਾਡੇ ਹਰ ਇੱਕ ਵਿੱਚ ਇੱਕੋ ਸੋਚ ਭਾਰੂ ਹੈ ਕਿ ਸ਼ਇਦ ਇਨ੍ਹਾਂ ਕੋਲੋਂ ਸਾਡਾ
ਆਪਣਾ ਵੀ ਹਲਵਾ ਮੰਡਾ ਚਲਣਾ ਸ਼ੁਰੂ ਹੋ ਜਾਏ।
ਇਸ
ਦਾ ਅਰਥ ਹੈ ਕਿ ਇੱਥੇ ਆਪਣੀ ਆਪਣੀ ਡਪਲੀ ਤੇ ਆਪਣਾ ਹੀ ਰਾਗ਼ ਅਲੋਪ ਹੋ ਰਿਹਾ
ਹੈ ਤੇ ਹਰ ਇੱਕ ਦੂਜੇ ਤੋਂ ਅੱਗੇ ਵਧਣ ਦੀ ਹੋੜ ਵਿੱਚ ਹੈ। ਇੱਥੇ ਅਸਲ ਵਿੱਚ
ਅੱਗੇ ਵਧਣ ਦੇ ਰਾਹ ਦੋ ਹੀ ਨਜ਼ਰੀਂ ਪੈਂਦੇ ਹਨ- ਇੱਕ ਤਾਂ ਦੂਸਰੇ ਨੂੰ ਲਿਤਾੜ
ਕੇ ਤੇ ਦੂਜਾ ਇਹ ਸੋਚ ਕੇ ਕਿ ਮੈਂ ਦੂਸਰਾ ਵੀ ਮੇਰਾ ਰਾਹੀ ਹੈ ਅਰਥਾਤ ਉਹ ਵੀ
ਇਨਸਾਨ ਹੈ। ਪਰ ਪਹਿਲੇ ਰਾਹ ਤੇ ਜ਼ਿਆਦਾ ਪਹਿਰਾ ਰੱਖਿਆ ਜਾਂਦਾ ਹੈ ਤੇ ਦੂਸਰਾ
ਰਾਹ ਤਾਂ ਕੋਈ ਭਦਰ ਪੁਰਸ਼ ਹੀ ਅਪਣਾ ਸਕਦਾ ਹੈ ਤੇ ਸਾਡੇ ਇਸ ਸਮਾਜ ਵਿੱਚ ਭਦਰ
ਪੁਰਸ਼ਾਂ ਦੀ ਕਮੀਂ ਪਾਈ ਜਾਂਦੀ ਹੈ।
ਹੁਣ ਅਸਲ ਵਿੱਚ ਤਾਂ ਇਹ ਹੀ ਦੇਖਣ ਨੂੰ ਆਇਆ ਹੈ ਕਿ ਸਾਡੇ ਸਭ ਕੋਲ ਦੋ ਹੀ
ਨੇਤਰ ਹਨ ਪਰ ਇਹ ਦੋਨੋਂ ਹੀ ਅਗਿਆਨਤਾ ਨਾਲ ਭਰੇ ਪਏ ਹਨ। ਗਹੁ ਵਿਚਾਰ ਕੇ
ਦੇਖਿਆ ਜਾਵੇ ਤਾਂ ਸਾਡੇ ਸਭ ਕੋਲ ਇਕ ਹੋਰ ਤੀਜਾ ਨੇਤਰ ਹੈ ਜਿਹੜਾ ਕਿ ਗਿਆਨ
ਦਾ ਨੇਤਰ ਹੈ। ਇਸ ਸਮਾਜ ਨੂੰ ਬਚਾਉਣ ਲਈ ਸਾਨੂੰ ਇਸ ਤੀਜੇ ਨੇਤਰ ਨੂੰ ਖੋਲ੍ਹਣ
ਦੀ ਬਹੁਤ ਸ਼ਖ਼ਤ ਜ਼ਰੂਰਤ ਹੈ। ਜੇਕਰ ਸਾਡਾ ਤੀਜਾ ਨੇਤਰ ਖੁੱਲ੍ਹ ਜਾਵੇਗਾ ਤਾਂ
ਕੋਈ ਵੀ ਲੁੱਚਾ ਲੰਡਾ ਚੌਧਰੀ ਹੋਣ ਦਾ ਖ਼ਿਤਾਬ ਹਾਸ਼ਿਲ ਕਰਨ ਵਿੱਚ ਸਫ਼ਲ ਨਹੀਂ
ਹੋ ਸਕੇਗਾ। ਅਰਥਾਤ-
''ਨਾ ਮਣ ਤੇਲ
ਹੋਵੇਗਾ ਤੇ ਨਾ ਰਾਧਾ ਨੱਚੇਗੀ। ''
ਅਸਲ ਗੱਲ ਤਾਂ ਇਹ ਹੀ ਨਜ਼ਰ ਆ ਰਹੀ ਹੈ ਕਿ ਇਸ ਪੈਸੇ ਦੀ ਦੌੜ ਵਾਲੇ
ਵਿਗਿਆਨਕ ਯੁੱਗ ਵਿੱਚ ਤੀਜਾ ਨੇਤਰ ਖੋਲ੍ਹਣ ਦੀ ਵਿਹਲ ਕਿਸ ਕੋਲ ਹੈ। ਅੱਜ
ਬਹੁਤੇ ਲੋਕ ਸਾਡੇ ਇਸ ਸਮਾਜ ਵਿੱਚ ਇਸ ਸੋਚ ਦੇ ਗ਼ੁਲਾਮ ਹੋ ਕੇ ਵਿਚਰ ਰਹੇ ਹਨ
ਕਿ ਸਾਡੀ ਕਿਸਮਤ ਵਿੱਚ ਸੁੱਖ ਦੀ ਰੋਟੀ ਖਾਣਾ ਨਸੀਬ ਨਹੀਂ ਹੈ। ਮੈਂ ਪੁੱਛ
ਰਿਹਾ ਹਾਂ ਕਿ ਜੇਕਰ ਤੁਹਾਡੀ ਕਿਸਮਤ ਵਿੱਚ ਸੁੱਖ ਦੀ ਰੋਟੀ ਨਸੀਬ ਨਹੀਂ ਹੈ
ਤਾਂ ਜਿਹੜੇ ਤੁਹਾਨੂੰ ਮੂਰਖ ਬਣਾ ਕੇ ਆਪਣਾ ਹਲਵਾ ਮੰਡਾ ਗਰਮ ਕਰਨ ਤੇ ਲੱਗੇ
ਹੋਏ ਹਨ ਤੇ ਵਿਦੇਸ਼ੀ ਬੈਂਕਾਂ ਵਿੱਚ ਬੇ-ਸ਼ੁਮਾਰ ਧੰਨ ਜਮਾਂ ਪਿਆ ਹੋਇਆ ਹੈ ਉਹ
ਉਨਾਂ ਦੀ ਕਿਸਮਤ ਵਿੱਚ ਕਿੱਥੋਂ ਆਇਆ ਭਲਾ?
ਇੱਥੇ ਮੈਂ ਤੁਹਾਨੂੰ ਉਨਾਂ ਵਾਲਾ ਰੁੱਖ ਅਪਣਾ ਕੇ ਚਲਾਕੀ ਨਾਲ ਦੂਜੇ ਦਾ
ਹੱਕ ਖੋਹ ਕੇ ਸਿਰਫ਼ ਆਪਣਾ ਪੇਟ ਭਰਨ ਦੀ ਜਾਂ ਆਪਣਾ ਹੀ ਉੱਲੂ ਸਿੱਧਾ ਕਰਨ ਦੀ
ਸਲਾਹ ਨਹੀਂ ਦੇ ਰਿਹਾ ਸਗੋਂ ਆਪਣਾ ਤੀਜਾ ਗਿਆਨ ਰੂਪੀ ਨੇਤਰ ਖੋਲ੍ਹਣ ਨੂੰ ਕਹਿ
ਰਿਹਾ ਹਾਂ। ਕਿਉਂਕਿ ਮੈਂ ਇਹ ਭਲੀ ਭਾਂਤ ਦੇਖ ਰਿਹਾ ਹਾਂ ਕਿ ਇੱਥੇ ਮਨੁੱਖ ਦੇ
ਤੀਜੇ ਨੇਤਰ ਨੂੰ ਅੰਧਰਾਤੇ ਹੋਇਆ ਪਿਆ ਹੈ। ਆਪਣੇ ਮੰਨ ਵਿੱਚ ਵਿੱਦਿਆ ਰੂਪੀ
ਗਿਆਨ ਦੀ ਜੋਤ ਜਗਾ ਕੇ ਇਸ ਲਾ-ਇਲਾਜ ਬੀਮਾਰੀ ਨੂੰ ਦੂਰ ਕਰਨ ਦੀ ਲੋੜ ਤੇ ਜ਼ੋਰ
ਦੇਣ ਨੂੰ ਕਹਿ ਰਿਹਾ ਹਾਂ। ਮੈਂ ਇਹ ਵੀ ਦੇਖ ਰਿਹਾ ਹਾਂ ਕਿ ਇਸ ਦੁਨੀਆਂ ਦੇ
ਬਹੁਤ ਸਾਰੇ ਲੋਕ ਕਿਸਮਤ ਦੇ ਗੇੜ ਵਿੱਚ ਉਲਝ ਕੇ ਰਹਿ ਗਏ ਹਨ ਤੇ ਬਹੁਤੇ ਚਲਾਕ
ਤੇ ਮੂਰਖ ਲੋਕ ਇਸ ਦਾ ਨਜਾਇਜ਼ ਫ਼ਾਇਦਾ ਉਠਾ ਰਹੇ ਹਨ।
ਇਹ ਦੇਖਿਆ ਜਾ ਰਿਹਾ ਹੈ ਕਿ ਵਿਦਿਆ ਦਾ ਤੀਜਾ ਨੇਤਰ ਖੋਲ੍ਹਣ ਵਿੱਚ ਸਹਾਇਕ
ਹੋਣ ਵਾਲੇ ਅਧਿਆਪਕਾਂ 'ਤੇ ਜਨਤਕ ਥਾਵਾਂ ਤੇ ਸ਼ਰੇਆਮ ਲਾਠੀਆਂ ਵਰ੍ਹਾਈਆਂ ਜਾ
ਰਹੀਆਂ ਹਨ। ਵੈਸੇ ਵੀ ਅੱਜ ਪੜ੍ਹਿਆ-ਲਿਖਿਆ ਤੇ ਅਨ੍ਹਪੜ੍ਹ ਇੱਕ ਸਮਾਨ ਹੋ ਗਏ
ਹਨ। ਅਸਲ ਮਸਲਾ ਤਾਂ ਆਪਣੀ ਹੀ ਰੋਜ਼ੀ ਰੋਟੀ ਤੱਕ ਸੀਮਿਤ ਹੋ ਕੇ ਰਹਿ ਗਿਆ ਹੈ।
ਹੁਣ ਜੇਕਰ ਅਸੀਂ ਆਪਣੇ ਪਿਛਲੇ ਸਮੇਂ ਵੱਲ ਧਿਆਨ ਮਾਰ ਕੇ ਦੇਖਦੇ ਹਾਂ ਤਾਂ
ਪਹਿਲਾਂ 1206 ਤੋਂ ਲੈ ਕੇ 1526 ਤੱਕ ਅਰਥਾਤ 320 ਸਾਲ ਅਸੀਂ ਤੁਰਕਾਂ ਦੀ
ਗ਼ੁਲਾਮੀਂ ਝੱਲੀ। ਫਿਰ 1526 ਤੋਂ ਲੈ ਕੇ 1712 ਤੱਕ ਯਾਨੀਕਿ 186 ਸਾਲ
ਮੁਗਲਾਂ ਦੀ ਤੇ ਫਿਰ 1719 ਤੋਂ ਲੈ ਕੇ 1947 ਤੱਕ ਅੰਗਰੇਜ਼ੀ ਸਰਕਾਰ ਦੀ
ਗ਼ੁਲਾਮੀਂ ਸਹਿਣ ਕੀਤੀ ਤੇ ਇੱਥੇ ਹੀ ਵਸ ਨਹੀਂ ਇਸ ਤੋਂ ਬਾਅਦ ਅਸੀਂ ਇਨ੍ਹਾਂ
ਰਾਜਨੀਤਿਕ ਪਾਰਟੀਆਂ ਦੇ ਗ਼ੁਲਾਮ ਹੋ ਕੇ ਅਜੇ ਤੱਕ ਚੱਕੀ ਦੇ ਇਸ ਘੁੰਣ ਵਿੱਚ
ਆਟੇ ਵਾਂਗ ਪਿਸਦੇ ਹੋਏ ਚਲੇ ਆ ਰਹੇ ਹਾਂ।
ਕਹਿਣ ਦਾ ਭਾਵ ਇਹ ਹੈ ਕਿ ਸਾਡਾ ਦੇਸ਼ ਤਾਂ ਆਜ਼ਾਦ ਹੋ ਗਿਆ ਪਰ ਸਾਡੇ ਦੇਸ਼
ਦੇ ਲੋਕ ਗ਼ੁਲਾਮੀਂ ਦੇ ਭਵਰ 'ਚੋਂ ਬਾਹਰ ਨਹੀਂ ਨਿਕਲ ਸਕੇ। ਸਾਡੀ ਆਪਣੀ ਸੋਚ
ਸ਼ਕਤੀ ਨੇ ਮੂਰਖਾਂ ਵਾਲੀ ਸੋਚ ਸ਼ਕਤੀ ਤੇ ਪਹਿਰਾ ਦੇ ਕੇ ਆਪਣੇ ਆਪ ਨੂੰ ਫਿਰ
ਗ਼ੁਲਾਮ ਬਣਾਈ ਰੱਖਣ ਵਿੱਚ ਅਸੀਂ ਫਖ਼ਰ ਮਹਿਸੂਸ ਕਰਦੇ ਹੋਏ ਇਸ ਗੱਲ 'ਤੇ ਪਹਿਰਾ
ਦਿੰਦੇ ਹੋਏ ਨਜ਼ਰ ਆ ਰਹੇ ਹਾਂ ਕਿ ਅਸੀਂ ਆਜ਼ਾਦ ਦੇਸ਼ ਦੇ ਗ਼ਲਾਮ ਵਸ਼ਿੰਦੇ ਹਾਂ।
ਇੱਥੇ
ਤਾਂ ਇਹ ਦੇਖਣ ਨੂੰ ਮਿਲਦਾ ਹੈ ਕਿ ਕੁਝ ਇੱਕ ਗਿਣੇ ਚੁਣੇ ਲੋਕਾਂ ਨੂੰ ਸਰਕਾਰ
ਦਾ ਨਾਂ ਦੇ ਦਿੱਤਾ ਜਾਂਦਾ ਹੈ ਤੇ ਇਹ ਮੰਨ ਕੇ ਚੱਲਿਆ ਜਾਂਦਾ ਹੈ ਕਿ ਸਰਕਾਰ
ਜਿਹੜੇ ਕਨੂੰਨ ਸਰਕਾਰ ਬਣਾਏਗੀ ਉਨ੍ਹਾਂ ਨੂੰ ਹੀ ਮਾਨਤਾ ਮਿਲੇਗੀ ਉਸ ਵਿੱਚ
ਚਾਹੇ ਕਿਸੇ ਦਾ ਨੁਕਸ਼ਾਨ ਹੀ ਕਿਉਂ ਨਾ ਹੋਵੇ। ਹੁਣ ਮੰਨ ਲੈਂਦੇ ਹਾਂ ਕਿ
ਸਰਕਾਰ ਕਹਿ ਦੇਵੇ ਕਿ ਇੱਕ ਭੇਡੂ ਨੂੰ ਸ਼ੇਰ ਦਾ ਦਰਜਾ ਦਿਓ ਤਾਂ ਕੀ ਸਾਨੂੰ
ਸਾਰਿਆਂ ਨੂੰ ਇਸ ਗੱਲ ਤੇ ਪਹਿਰਾ ਦੇ ਕੇ ਸਰਕਾਰ ਦੇ ਇਸ ਕਾਨੂੰਨ ਦੀ ਪਾਲਣਾ
ਕਰਨੀ ਚਾਹੀਦੀ ਹੈ ਜਾਂ ਸਾਨੂੰ ਸਾਰਿਆਂ ਨੂੰ ਸਰਕਾਰ ਦੀ ਗ਼ਲਤ ਨੀਤੀ ਦਾ ਵਿਰੋਧ
ਕਰਨਾ ਚਾਹੀਦਾ ਹੈ। ਉਂਜ ਕਿਹਾ ਜਾਂਦਾ ਹੈ ਕਿ ਸਰਕਾਰ ਲੋਕਾਂ ਦੀ ਹੈ ਲੇਕਿਨ
ਅਸਲ ਵਿੱਚ ਇਹ ਚੰਦ ਕੋ ਲੋਕਾਂ ਦੀ ਹੈ।
ਸਾਡੇ ਦੇਸ਼ ਵਿੱਚ ਅੰਧ-ਵਿਸ਼ਵਾਸ, ਭ੍ਰਿਸ਼ਟਾਚਾਰੀ, ਕਾਲਾ-ਬਾਜ਼ਾਰੀ,
ਰਿਸ਼ਬਤਖੋਰੀ ਇਹ ਸਭ ਕੁਝ ਸਾਡੀ ਗ਼ੁਲਾਮ ਸੋਚ ਦਾ ਹੀ ਤਾਂ ਨਤੀਜਾ ਹਨ। ਜੇਕਰ
ਤੁਸੀਂ ਇਸ ਗ਼ੁਲਾਮੀਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਸਾਨੂੰ ਆਪਣਾ
ਗਿਆਨ ਵਾਲਾ ਤੀਜਾ ਨੇਤਰ ਖੋਲ੍ਹ ਕੇ ਇਹ ਪਰਖ ਕਰਨ ਦੀ ਲੋੜ ਹੈ ਕਿ ਕੋਈ ਵੀ
ਮਾਲਕ ਜਾਂ ਗ਼ੁਲਾਮ ਨਹੀਂ ਹੈ। ਸਭ ਕੋਲ ਦੇਖਣ ਲਈ ਅੱਖਾਂ ਹਨ। ਸੁਣਨ ਲਈ ਕੰਨ
ਹਨ, ਪੇਟ ਦੀ ਭੁੱਖ ਹਰ ਇੱਕ ਨੂੰ ਸਤਾਉਂਦੀ ਹੈ। ਹਰ ਇੱਕ ਨੂੰ ਜਿੰਨੇ ਸਵਾਸ
ਲਿਖੇ ਹਨ ਲੈਣ ਦਾ ਪੂਰਨ ਅਧਿਕਾਰ ਹੈ। ਆਪਣੀ ਸ਼ਕਤੀ ਨੂੰ ਪਹਿਚਾਨਣ ਦੀ ਲੋੜ
ਹੈ। ਜਦੋਂ ਅਸੀਂ ਆਪਣੀ ਹਿੰਮਤ ਅਤੇ ਦਲੇਰੀ ਸਦਕਾ ਆਪਣੀ ਗ਼ਲਾਮ ਸੋਚ ਤੋਂ
ਛੁਟਕਾਰਾ ਪਾ ਲੈਂਦੇ ਹਾਂ ਤਾਂ ਆਂਟੋਮੈਟੀਕਲੀ ਸਾਡੀਆਂ ਗ਼ੁਲਾਮੀਂ ਦੀਆਂ ਬੇੜੀਆ
ਟੁੱਟ ਜਾਣਗੀਆਂ । ਫਿਰ ਜੇਕਰ ਤੁਹਾਨੂੰ ਆਪਣੇ ਆਪ ਦੇ ਜਿਊਂਦੇ ਹੋਣ ਦਾ ਸਬੂਤ
ਹੋ ਜਾਣਾ ਹੈ। ਆਪਣੇ ਗਿਆਨ ਦਾ ਨੇਤਰ ਖੋਲ੍ਹ ਕੇ ਹੀ ਅਸਲ ਆਜ਼ਾਦੀ ਹਾਸਲ ਕੀਤੀ
ਜਾ ਸਕਦੀ ਹੈ।
ਪਰਸ਼ੋਤਮ ਲਾਲ ਸਰੋਏ, ਮੋਬਾਇਲ- 91-92175-44348
ਪਿੰਡ-ਧਾਲੀਵਾਲ-ਕਾਦੀਆਂ,
ਡਾਕਘਰ- ਬਸ਼ਤੀ-ਗੁਜ਼ਾ,
ਜਲੰਧਰ-144002 |