|
ਰੂਪਨਗਰ/ਨੂਰਪੁਰਬੇਦੀ, 22 ਅਕਤੂਬਰ- ਸ਼੍ਰੀ
ਅਨੰਦਪੁਰ ਸਾਹਿਬ ਵਿਖੇ ਉਸਾਰੇ ਖਾਲਸਾ ਵਿਰਾਸਤੀ ਕੰਪਲੈਕਸ ਅਤੇ ਮੁਹਾਲੀ ਦੇ
ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ 15
ਨਵੰਬਰ ਤੋਂ 25 ਨਵੰਬਰ ਦੇ ਦਰਮਿਆਨ ਕਰਨਗੇ। ਇਹ ਜਾਣਕਾਰੀ ਸ਼੍ਰੀ ਪਰਕਾਸ਼ ਸਿੰਘ
ਬਾਦਲ ਮੁੱਖ ਮੰਤਰੀ ਪੰਜਾਬ ਨੇ ਅੱਜ ਨੂਰਪੁਰਬੇਦੀ ਵਿਖੇ ਆਯੋਜਿਤ ਸੰਗਤ ਦਰਸ਼ਨ
ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨਾਂ ਦੱਸਿਆ
ਕਿ ਇਸ ਕੰਪਲੈਕਸ ਨੂੰ ਮੁਕੰਮਲ ਕਰਨ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ
ਹਨ ਅਤੇ ਪ੍ਰਧਾਨ ਮੰਤਰੀ ਤੋਂ ਇਸ ਦੇ ਉਦਘਾਟਨ ਲਈ ਨਵੰਬਰ ਮਹੀਨੇ ਦੌਰਾਨ ਸਮੇਂ
ਦੀ ਮੰਗ ਕੀਤੀ ਗਈ ਹੈ। ਪੱਤਰਕਾਰਾਂ ਵੱਲੋਂ ਇਸ ਕੰਪਲੈਕਸ ਦੇ ਪਿਛਲੀ ਕਾਂਗਰਸ
ਸਰਕਾਰ ਦੇ ਮੁੱਖ ਮੰਤਰੀ ਵੱਲੋਂ ਪਹਿਲਾਂ ਹੀ ਉਦਘਾਟਨ ਕਰਨ ਦੇ ਦਾਅਵੇ ਬਾਰੇ
ਇੱਕ ਸਵਾਲ ਦੇ ਜਵਾਬ ਵਿੱਚ ਸ: ਬਾਦਲ ਨੇ ਦੱਸਿਆ ਕਿ ਹਰ ਪ੍ਰੋਜੈਕਟ ਦਾ
ਉਦਘਾਟਨ ਮੁਕੰਮਲ ਹੋਣ ’ਤੇ ਹੀ ਹੁੰਦਾ ਹੈ ਜਦੋਂ ਕਿ ਇਹ ਪ੍ਰਾਜੈਕਟ ਹਾਲੇ ਤੱਕ
ਵੀ ਇਹ ਮੁਕੰਮਲ ਨਹੀਂ ਹੋਇਆ। ਫਿਰ ਉਦਘਾਟਨ ਕਿਸ ਕੰਮ ਦਾ ਹੋ ਗਿਆ। ਉਨਾਂ
ਕਿਹਾ ਕਿ ਕੈਪਟਨ ਆਪਣੀ ਝੂਠੀ ਵਾਹ-ਵਾਹ ਖੱਟਣ ਲਈ ਲੋਕਾਂ ਨੂੰ ਗੁੰਮਰਾਹ ਕਰਨ
ਲਈ ਅਜਿਹੇ ਬਿਆਨ ਦੇ ਰਿਹਾ ਹੈ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਪਹਿਲਾਂ
ਅਕਾਲੀ ਸਮਰਥਕ ਰਹੇ ਜਿਲੇ ਦੇ ਆਜਾਦ ਵਿਧਾਇਕ, ਜੋ ਅੱਜਕਲ ਕਾਂਗਰਸ ਵਿੱਚ ਸ਼ਾਮਲ
ਹੋ ਚੁੱਕਾ ਹੈ, ਸਬੰਧੀ ਉਨਾਂ ਕਿਹਾ ਕਿ ਇਹੀ ਵਿਧਾਇਕ ਸਾਢੇ ਤਿੰਨ ਸਾਲ ਅਕਾਲੀ
ਦਲ ਦਾ ਸਮਰਥਕ ਰਹਿੰਦੇ ਹੋਏ ਅਕਾਲੀ ਦਲ ਵੱਲੋਂ ਕੀਤੇ ਕੰਮਾਂ ਦਾ ਗੁਣਗਾਨ
ਕਰਦਾ ਰਿਹਾ ਹੈ ਪਰ ਹੁਣ ਕਾਂਗਰਸ ਵਿੱਚ ਦਾਖਲ ਹੋਣ ’ਤੇ ਇਸ ਬੰਦੇ ਨੂੰ ਅਕਾਲੀ
ਦਲ ਅਤੇ ਉਸ ਦਾ ਪ੍ਰਸ਼ਾਸਨ ਮਾੜਾ ਲੱਗ ਰਿਹਾ ਹੈ।
ਇਸ ਤੋਂ ਪਹਿਲਾਂ ਸੰਗਤ ਦਰਸ਼ਨ ਦੀ ਸ਼ੁਰੂਆਤ ਮੌਕੇ
ਪੰਚਾਂ ਸਰਪੰਚਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ: ਬਾਦਲ ਨੇ ਕਿਹਾ ਕਿ
ਪੰਜਾਬ ਹੀ ਇੱਕ ਅਜਿਹਾ ਰਾਜ ਹੈ ਜਿਥੇ ਆਮ ਲੋਕਾਂ ਦੀਆਂ ਮੁਸ਼ਕਲਾਂ ਅਤੇ
ਸਮੱਸਿਆਵਾਂ ਦਾ ਮੌਕੇ ਤੇ ਹੀ ਹੱਲ ਕਰਨ ਲਈ ਸੰਗਤ ਦਰਸ਼ਨ ਪ੍ਰੋਗਰਾਮ ਕੀਤੇ
ਜਾਂਦੇ ਹਨ ਅਤੇ ਲੋਕਾਂ ਦੀ ਇੱਛਾ ਅਨੁਸਾਰ ਵਿਕਾਸ ਕਾਰਜਾਂ ਦੇ ਮੱਦੇਨਜ਼ਰ ਉਨਾਂ
ਦੀਆਂ ਮੰਗਾਂ ਨੂੰ ਪ੍ਰਵਾਨ ਕੀਤਾ ਜਾਂਦਾ ਹੈ ਅਤੇ ਪੰਚਾਇਤਾਂ ਨੂੰ ਸਿਧੇ ਹੀ
ਲੋੜ ਮੁਤਾਬਕ ਗਰਾਂਟ ਵੰਡੀ ਜਾਂਦੀ ਹੈ ਤਾਂ ਜ਼ੋ ਉਹ ਲੋੜ ਅਨੁਸਾਰ ਆਪਣੇ
ਪਿੰਡ/ਇਲਾਕੇ ਦਾ ਵਿਕਾਸ ਕਰਵਾ ਸਕਣ। ਸੰਗਤ ਦਰਸ਼ਨ ਪ੍ਰੋਗਰਾਮਾਂ ਦੀ ਪਰੋੜਤਾ
ਕਰਦਿਆਂ ਉਨਾਂ ਕਿਹਾ ’’ ਪੰਜਾਬ ਵਾਸੀਆਂ ਨੇ ਫਤਵਾ ਦੇ ਕੇ ਮੈਨੂੰ ਮੁੱਖ
ਮੰਤਰੀ ਬਣਾਇਆ ਹੈ ਅਤੇ ਇਸ ਕਰਕੇ ਲੋਕਾਂ ਦਾ ਜੀਵਨ-ਪੱਧਰ ਉਚਾ ਚੁੱਕਣ ਲਈ
ਉਨਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਵਾਸਤੇ ਉਨਾਂ ਦੇ ਦਰਾਂ ਤੱਕ ਜਾਣਾ
ਮੇਰਾ ਫਰਜ਼ ਹੈ।’’ ਉਨਾਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਵਿਕਾਸ ਗਰਾਂਟਾਂ
ਵੰਡਣਾ ਮੁੱਖ ਮੰਤਰੀ ਦਾ ਅਧਿਕਾਰ ਹੁੰਦਾ ਹੈ ਕਿਉਂਕਿ ਇਹ ਗਰਾਂਟਾਂ ਪਿੰਡਾਂ
ਦਾ ਵਿਕਾਸ ਕਰਨ ਦੇ ਮੰਤਵ ਨਾਲ ਦਿਹਾਤੀ ਵਿਕਾਸ ਫੰਡ ਵਿਚੋਂ ਦਿੱਤੀਆਂ
ਜਾਂਦੀਆਂ ਹਨ। ਉਨਾਂ ਇਸ ਮੌਕੇ ਜ਼ਿਲਾ ਵਾਸੀਆਂ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ
ਦੌਰਾਨ ਸ੍ਰਅਕਾਲੀ ਦਲ ਦੇ ਮੈਂਬਰਾਂ ਨੂੰ ਵੱਡੀ ਜਿੱਤ ਦਿਵਾਉਣ ਲਈ ਧੰਨਵਾਦ
ਕੀਤਾ ਅਤੇ ਕਿਹਾ ਕਿ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਸ਼੍ਰੋਮਣੀ
ਅਕਾਲੀ ਦਲ ਦੀ ਇਤਿਹਾਸਕ ਜਿੱਤ ਹੋਈ ਹੈ ਅਤੇ ਪਾਰਟੀ ਉਮੀਦਵਾਰ ਪੰਜਾਬ ਸਮੇਤ
ਹਰਿਆਣਾ, ਹਿਮਾਚਲ ਅਤੇ ਚੰਡੀਗੜ ਵਿੱਚ ਜੇਤੂ ਰਹੇ ਹਨ।ਉਨਾਂ ਸ਼੍ਰੋਮਣੀ ਕਮੇਟੀ
ਚੋਣਾਂ ਦੌਰਾਨ ਅਕਾਲੀ ਦਲ ਦੇ ਉਮੀਦਵਾਰਾਂ ਵਿਰੁੱਧ ਕੰਮ ਕਰਨ ਵਾਲੇ ਆਗੂਆਂ
ਨੂੰ ਚਿਤਾਵਨੀ ਵੀ ਦਿੱਤੀ ਕਿ ਉਹ ਭਵਿੱਖ ਵਿੱਚ ਪਾਰਟੀ ਵਿਰੋਧੀ ਗਤੀਵਿਧੀਆਂ
ਤੋਂ ਕਿਨਾਰਾਕਸ਼ੀ ਕਰਨ ਕਿਉਂਕਿ ਪਾਰਟੀ ਹਰ ਵਰਕਰ ਦੀ ਮਾਂ ਹੁੰਦੀ ਹੈ। ਉਨਾਂ
ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਿਸ ਵਿਅਕਤੀ ਨੇ ਵੀ ਆਪਣੀ ਮਾਂ ਪਾਰਟੀ ਤੋਂ
ਬਗਾਵਤ ਕੀਤੀ ਹੈ ਉਸ ਨੂੰ ਲੋਕਾਂ ਨੇ ਪ੍ਰਵਾਨ ਨਹੀਂ ਕੀਤਾ। ਉਨਾਂ ਨਵੇਂ-ਨਵੇਂ
ਬਣੇ ਸਾਂਝੇ ਮੋਰਚੇ ਦਾ ਜਿਕਰ ਕਰਦਿਆਂ ਕਿਹਾ ਕਿ ਉਸ ਮੋਰਚੇ ਦੇ ਦੋਵੇਂ ਆਗੂਆਂ
ਸੁਰਜੀਤ ਸਿੰਘ ਬਰਨਾਲਾ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ
ਨੇ ਹੀ ਉਚੇ ਅਹੁੱਦਿਆਂ ਤੇ ਬਿਠਾਇਆ ਪਰ ਇੰਨਾਂ ਦੋਵਾਂ ਵਿਅਕਤੀਆਂ ਨੇ ਆਪਣੀ
ਮਾਂ ਪਾਰਟੀ ਨਾਲ ਵਿਸ਼ਵਾਸਘਾਤ ਕੀਤਾ ਜਿਸ ਦਾ ਉਨਾਂ ਨੂੰ ਬੇਹੱਦ ਅਫਸੋਸ ਹੈ।
ਉਨਾਂ ਕਿਹਾ ਕਿ ਸਰਦਾਰ ਬਰਨਾਲਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਬਦੌਲਤ ਹੀ
ਆਂਧਰਾ ਪ੍ਰਦੇਸ਼ , ਉਤੱਰਾਖੰਡ ਅਤੇ ਤਾਮਿਲਨਾਡੂ ਦੇ ਰਾਜਪਾਲਾਂ ਦੇ ਅਹੁੱਦਿਆਂ
ਦਾ ਸੁੱਖ ਭੋਗਣ ਤੋਂ ਇਲਾਵਾ ਦੋ ਵਾਰ ਕੇਂਦਰ ਦੀ ਵਜ਼ੀਰੀ ਵੀ ਮਾਣੀ। ਉਨਾਂ
ਕਿਹਾ ਕਿ ਜੇ ਸ: ਬਰਨਾਲਾ ਸ਼੍ਰੋਮਣੀ ਅਕਾਲੀ ਦਲ ਵਿੱਚ ਨਾ ਹੁੰਦੇ ਤਾਂ ਕੀ ਉਹ
ਇਹ ਅਹਿਮ ਅਹੁੱਦਿਆਂ ਦਾ ਸੁੱਖ ਭੋਗ ਸਕਦੇ ਸੀ? ਮੁੱਖ ਮੰਤਰੀ ਨੇ ਕਿਹਾ ਕਿ
ਕਾਂਗਰਸ ਪਾਰਟੀ ਦੀ ਹਾਲ ਹੀ ਵਿੱਚ ਹਿਸਾਰ ਸੰਸਦੀ ਚੋਣ ਦੌਰਾਨ ਹੋਈ ਸ਼ਰਮਨਾਕ
ਹਾਰ ਤੋਂ ਇਹ ਚਿੱਟੇ ਦਿਨ ਵਾਂਗ ਸਾਫ ਹੋ ਗਿਆ ਹੈ ਕਿ ਦੇਸ਼ ਦੇ ਲੋਕ ਕਾਂਗਰਸ
ਦੀਆਂ ਭ੍ਰਿਸ਼ਟਾਚਾਰ ਅਤੇ ਬਦਅਮਨੀ ਉਤੇ ਕਾਬੂ ਨਾ ਪਾਉਣ ਦੀਆਂ ਨੀਤੀਆਂ ਤੋਂ
ਅੱਕ ਚੁੱਕੇ ਹਨ ਅਤੇ ਭਵਿੱਖ ਵਿੱਚ ਪੰਜਾਬ ਸਮੇਤ ਹੋਰਨਾਂ ਪੰਜੇ ਰਾਜਾਂ ਵਿੱਚ
ਹੋਣ ਵਾਲੀਆਂ ਅਸੰਬਲੀ ਚੋਣਾਂ ਦੌਰਾਨ ਲੋਕ ਇਸ ਦੇਸ਼ ਵਿਰੋਧੀ ਕਾਂਗਰਸ ਪਾਰਟੀ
ਦਾ ਪੱਤਾ ਸਾਫ ਕਰ ਦੇਣਗੇ। ਕਾਲੀ ਸੂਚੀ ਦੇ
ਮਾਮਲੇ ’ਤੇ ਬੋਲਦਿਆਂ ਸ: ਬਾਦਲ ਨੇ ਕਿਹਾ ਕਿ ਉਹ ਇਸ ਮਾਮਲੇ ਦੇ ਸਥਾਈ ਹੱਲ
ਲਈ ਕਈਂ ਵਾਰ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਕਹਿ ਚੁੱਕੇ
ਹਨ। ਉਨਾ ਕਿਹਾ ਕਿ ਰਾਜ ਸਰਕਾਰ ਸਿਰਫ ਕੇਂਦਰ ਕੋਲ ਇਸ ਮਾਮਲੇ ਨੂੰ ਉਠਾ ਹੀ
ਸਕਦੀ ਹੈ ਜਦਕਿ ਇਸ ਦਾ ਅੰਤਿਮ ਫੈਸਲਾ ਭਾਰਤ ਸਰਕਾਰ ਦੇ ਪੱਧਰ ’ਤੇ ਹੀ ਹੋ
ਸਕਦਾ ਹੈ।
ਉਨਾਂ ਇਸ ਮੌਕੇ ਸਮੂਹ ਪੰਚਾਇਤਾਂ ਨੂੰ ਆਖਿਆ ਕਿ
ਉਹ ਪਿੰਡ ਦੀਆਂ ਸ਼ਾਮਲਾਤ ਤੇ ਪੰਚਾਇਤੀ ਜ਼ਮੀਨਾਂ ਵਿੱਚ ਟਿਊਬਵੈਲ ਕੁਨੈਕਸ਼ਨ ਲੈਣ
ਲਈ ਅਰਜੀਦੇਣ। ਬਿਜਲੀ ਬੋਰਡ ਵਲੋਂ ਉਨਾਂ ਨੂੰ ਪਹਿਲ ਦੇ ਅਧਾਰ ਤੇ ਕੁਨੈਕਸ਼ਨ
ਜਾਰੀ ਕੀਤੇ ਜਾਣਗੇ। ਉਨਾਂ ਇਸ ਮੌਕੇ ਪਿੰਡਾਂ ਦੇ ਮਹਿਲਾ-ਮੰਡਲਾਂ ਨੂੰ
ਭਾਂਡਿਆਂ ਦੇ ਸੈਟ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ 10
ਪੇਂਡੂ ਕਲੱਬਾਂ ਨੂੰ ਜਿੰਮ ਅਤੇ ਸਪੋਰਟਸ ਕਿੱਟਾ ਵੰਡੀਆਂ।ਇਸ ਮੌਕੇ ਉਨਾਂ
ਪੇਂਡੂ ਇਲਾਕਿਆਂ ਵਿੱਚ ਰਹਿ ਰਹੇ ਗਰੀਬਾਂ ਦੇ ਘਰਾਂ ਵਿੱਚ ਪਖਾਨੇ ਬਣਾਉਣ ਲਈ
50 ਲੱਖ ਦੇ ਚੈਕ ਅਤੇ ਪਾਈਕਾ ਤਹਿਤ 5 ਲੱਖ ਰੁਪਏ ਦੇ ਚੈਕ ਵੀ ਤਕਸੀਮ ਕੀਤੇ।
ਅੱਜ ਹੋਏ ਦੋਵੇਂ ਸੰਗਤ ਦਰਸ਼ਨ ਦੌਰਾਨ ਮਾਈ ਭਾਗੋ ਸਕੀਮ ਤਹਿਤ 80 ਵਿਦਿਆਰਥਣਾਂ
ਨੂੰ ਸਾਈਕਲ ਵੰਡੇ। ਉਨਾਂ ਇਲਾਕੇ ਦੀਆਂ 62 ਪੰਚਾਇਤਾਂ ਨੂੰ 3 ਕਰੋੜ 7 ਲੱਖ
25 ਹਜਾਰ ਰੁਪਏ ਦੇ ਚੈਕ ਮੌਕੇ ’ਤੇ ਹੀ ਤਕਸੀਮ ਕੀਤੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਬਾਬਾ ਅਜੀਤ
ਸਿੰਘ ਅਤੇ ਸ: ਉਜਾਗਰ ਸਿੰਘ ਬਡਾਲੀ (ਦੋਵੇਂ ਵਿਧਾਇਕ), ਸਲਾਹਕਾਰ ਮੁੱਖ
ਮੰਤਰੀ ਪੰਜਾਬ ਡਾ: ਦਲਜੀਤ ਸਿੰਘ ਚੀਮਾ, ਡੀ.ਆਈ.ਜੀ ਸ਼੍ਰੀ ਨਰੇਸ਼ ਕੁਮਾਰ
ਅਰੋੜਾ, ਡਿਪਟੀ ਕਮਿਸ਼ਨਰ ਸ਼੍ਰੀ ਜੀ.ਕੇ. ਸਿੰਘ, ਐਸ.ਐਸ.ਪੀ. ਸ਼੍ਰੀ ਜਤਿੰਦਰ
ਸਿੰਘ ਔਲਖ, ਸਾਬਕਾ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ, ਸ਼੍ਰੋਮਣੀ ਕਮੇਟੀ
ਮੈਂਬਰ ਸ਼੍ਰੀ ਅਮਰਜੀਤ ਸਿੰਘ ਚਾਵਲਾ, ਪ੍ਰਿੰਸੀਪਲ ਸੁਰਿੰਦਰ ਸਿੰਘ, ਸ਼੍ਰੀ
ਪਰਮਜੀਤ ਸਿੰਘ ਲੱਖੇਵਾਲ ਤੇ ਸ਼੍ਰੀ ਅਜਮੇਰ ਸਿੰਘ ਖੇੜਾ, ਏ.ਡੀ.ਸੀ ਸ਼੍ਰੀ
ਸੁਖਵਿੰਦਰਪਾਲ ਸਿੰਘ ਮਰਾੜ, ਸ਼੍ਰੀ ਕਿਰਨਬੀਰ ਸਿੰਘ ਮਾਨ ਐਸ.ਡੀ.ਐਮ. ਸ਼੍ਰੀ
ਆਨੰਦਪੁਰ ਸਾਹਿਬ, ਸ਼੍ਰੀ ਉਪਕਾਰ ਸਿੰਘ ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ,
ਚੇਅਰਮੈਨ ਨਗਰ ਸੁਧਾਰ ਟਰੱਸਟ ਡਾ: ਆਰ.ਐਸ. ਪਰਮਾਰ, ਜ਼ਿਲਾ ਪ੍ਰੀਸ਼ਦ ਦੀ
ਚੇਅਰਪਰਸਨ ਬੀਬੀ ਦਲਜੀਤ ਕੌਰ ਕੰਗ, ਭਾਜਪਾ ਦੇ ਜ਼ਿਲਾ ਪ੍ਰਧਾਨ ਸ਼੍ਰੀ ਪਰਵੇਸ਼
ਕਮਾਰ ਗੋਇਲ, ਸ਼੍ਰੀ ਵਿਜੇ ਪੁਰੀ, ਯੂਥ ਦਲ ਦੇ ਨੇਤਾ ਸ਼੍ਰੀ ਹਰਪ੍ਰੀਤ ਸਿੰਘ
ਬਸੰਤ, ਸ਼੍ਰੀ ਜਗਤਾਰ ਸਿੰਘ ਭੈਣੀ, ਸ਼੍ਰੀ ਸਤਵੰਤ ਸਿੰਘ ਗਿੱਲ, ਸ਼੍ਰੀ ਭੂਪਿੰਦਰ
ਸਿੰਘ ਬਜਰੂੜ, ਸ਼੍ਰੀ ਸੁਰਜੀਤ ਸਿੰਘ ਚੈਹੜਮਜਾਰਾ, ਸ਼੍ਰੀ ਅਮਰਜੀਤ ਸਿੰਘ
ਵਾਲੀਆ, ਸ਼੍ਰੀ ਜਰਨੈਲ ਸਿੰਘ ਔਲਖ, ਸ਼੍ਰੀ ਹਰਪਾਲ ਸਿੰਘ ਦਤਾਰਪੁਰ, ਸ਼੍ਰੀ
ਅਮਨਦੀਪ ਸਿੰਘ ਅਬਿਆਣਾ, ਚੌਧਰੀ ਹੁਸਨ ਲਾਲ, ਸ਼੍ਰੀ ਗੁਰਮੀਤ ਸਿੰਘ ਬਟਾਰਲਾ,
ਜ਼ਿਲਾ ਪ੍ਰੀਸ਼ਦ ਮੈਂਬਰ ਰਾਣੀ ਪਲਵਿੰਦਰ ਕੌਰ, ਪਰਮਜੀਤ ਸਿੰਘ ਮਾਕੜ ਤੇ
ਪੰਚ-ਸਰਪੰਚ ਆਦਿ ਹਾਜ਼ਰ ਸਨ।
|