ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਵੱਲੋਂ ਨੌਵਾਂ ਸਲਾਨਾ
‘ਅੰਤਰਰਾਸ਼ਟਰੀ ਮਾਂ-ਬੋਲੀ ਦਿਨ’ 20 ਫਰਵਰੀ, 2011 ਨੂੰ ਦੁਪਹਿਰ ਬਾਅਦ ਸਰੀ ਦੇ
ਹਵੇਲੀ ਰੈਸਟੋਰੈਂਟ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ।ਸਰੋਤਿਆਂ ਨਾਲ ਸਾਰਾ
ਹਾਲ ਖਚਾ ਖਚ ਭਰਿਆ ਹੋਇਆ ਸੀ।
ਸਭ ਤੋਂ ਪਹਿਲਾਂ ਪਲੀ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਨੇ ਪੰਜਾਬੀ ਬੋਲੀ
ਬਾਰੇ ਸੰਸਥਾ (ਪਲੀ) ਦੇ ਬਣਾਉਣ ਅਤੇ ਇਸ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ
ਚਾਨਣਾ ਪਾਇਆ ਕਿ ਹੁਣ ਤਕ ਮੈਟਰੋ ਵੈਨਕੂਵਰ ਦੇ ਕਿੰਨੇ ਐਲੀਮੈਂਟਰੀ ਅਤੇ ਕਿੰਨੇ
ਸੈਕੰਡਰੀ ਸਕੂਲਾਂ ਵਿਚ ਪੰਜਾਬੀ ਲਾਗੂ ਕਰਵਾਈ ਗਈ ਹੈ ਅਤੇ ਕਿੰਨੇ ਹੋਰ ਸਕੂਲਾਂ
ਵਿਚ ਪੰਜਾਬੀ ਲਾਗੂ ਕਰਵਾਉਣ ਲਈ ਯਤਨ ਜਾਰੀ ਹਨ। ਐਬਟਸਫੋਰਡ, ਕੈਲਗਰੀ ਅਤੇ
ਟਰਾਂਟੋ ਵਿਚ ਪੰਜਾਬੀ ਪ੍ਰਤੀ ਮਾਰੇ ਜਾ ਰਹੇ ਹੰਭਲੇ ਬਾਰੇ ਵੀ ਉਹਨਾਂ ਗੱਲ
ਕੀਤੀ। ਉਹਨਾਂ ਪਲੀ ਦੀ ਕਾਰਜਕਾਰਨੀ ਦੇ ਮੈਂਬਰਾਂ ਦਾ ਸੰਸਥਾ ਲਈ ਪਾਏ ਯੋਗਦਾਨ
ਦਾ ਵੀ ਧੰਨਵਾਦ ਕੀਤਾ। ਉਹਨਾਂ ਮੀਡੀਏ ਵੱਲੋਂ ਪੂਰਾ ਸਹਿਯੋਗ ਦੇਣ ਦਾ ਵੀ
ਧੰਨਵਾਦ ਕੀਤਾ। ਹਵੇਲੀ ਰੈਸਟੋਰੈਂਟ ਦੇ ਪ੍ਰਬੰਧਕਾਂ ਦਾ ਵੀ ਧੰਨਵਾਦ ਕੀਤਾ
ਜਿਹੜੇ ਹਰ ਸਾਲ ਪਲੀ ਨੂੰ ਸਮਾਗਮ ਕਰਨ ਲਈ ਥਾਂ ਮਹੱਈਆ ਕਰਵਾਉਂਦੇ ਹਨ। ਉਹਨਾਂ
ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਮਈ ਮਹੀਨੇ ਹੋਣ ਵਾਲੀ ਮਰਦਮਸ਼ੁਮਾਰੀ
ਵਿਚ ਆਪਣੀ ਮਾਂ ਬੋਲੀ ਪੰਜਾਬੀ ਹੀ ਲਿਖਵਾਉਣ। ਉਹਨਾਂ ਆਸ ਪ੍ਰਗਟਾਈ ਕਿ ਜੇ ਸਭ
ਪੰਜਾਬੀਆਂ ਨੇ ਇਸ ਮਰਦਮਸ਼ੁਮਾਰੀ ਵਿਚ ਆਪਣੀ ਮਾਂ ਬੋਲੀ ਪੰਜਾਬੀ ਲਿਖਵਾਈ ਤਾਂ
ਹੋ ਸਕਦਾ ਹੈ ਕਿ ਕੈਨੇਡਾ ਵਿਚ ਅੰਗ੍ਰੇਜ਼ੀ ਅਤੇ ਫਰਾਂਸੀਸੀ ਮਗਰੋਂ ਪੰਜਾਬੀ
ਤੀਜੇ ਨੰਬਰ ‘ਤੇ ਆ ਜਾਵੇ।
ਅੱਜ ਦੇ ਸਮਾਗਮ ਦਾ ਮੁਖ ਵਿਸ਼ਾ ਮਈ 2011 ਵਿਚ ਆਉਣ ਵਾਲੀ ਕੈਨੇਡਾ ਦੀ
ਮਰਦਮਸ਼ੁਮਾਰੀ ਵਿਚ ਆਪਣੀ ਮਾਂ ਬੋਲੀ ਲਿਖਾਉਣ ਬਾਰੇ ਵਿਚਾਰ ਚਰਚਾ ਕਰਨਾ ਸੀ।
ਪਲੀ ਦੇ ਉੱਪ ਪ੍ਰਧਾਨ ਸਾਧੂ ਬਿਨਿੰਗ ਨੇ ਕਿਹਾ ਕਿ ਕੋਈ ਕਿਸੇ ਨੂੰ ਮਜਬੂਰ ਨਹੀਂ
ਕਰ ਸਕਦਾ ਕਿ ਮਰਦਮਸ਼ੁਮਾਰੀ ਵਿਚ ਉਸ ਨੇ ਆਪਣੀ ਮਾਂ ਬੋਲੀ ਕਿਹੜੀ ਲਿਖਵਾਉਣੀ ਹੈ
ਪਰ ਇਸ ਬਾਰੇ ਸੋਚਣਾ ਜ਼ਰੂਰ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 2006 ਦੀ
ਮਰਦਮਸ਼ੁਮਾਰੀ ਅਨੁਸਾਰ ਕੈਨੇਡਾ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਤਿੰਨ
ਲੱਖ ਸਤਾਹਠ ਹਜ਼ਾਰ ਸੀ ਪਰ ਅਸਲੀਅਤ ਵਿਚ ਪੰਜਾਬੀ ਬੋਲਣ ਵਾਲੇ ਇਸ ਤੋਂ ਜਿ਼ਆਦਾ
ਹਨ। ਪਿਛਲੇ ਪੰਜਾਂ ਸਾਲਾਂ ਦੌਰਾਨ ਪੰਜਾਬੀ ਪਿਛੋਕੜ ਦੇ ਨਵੇਂ ਆਵਾਸੀ ਵੀ ਵੱਡੀ
ਗਿਣਤੀ ਵਿਚ ਆਏ ਹਨ ਅਤੇ ਹੁਣ ਕੈਨੇਡਾ ਵਿਚ ਪੰਜਾਬੀਆਂ ਦੀ ਗਿਣਤੀ ਸਹਿਜੇ ਹੀ
ਸੱਤ ਲੱਖ ਤੋਂ ਉੱਤੇ ਹੋਵੇਗੀ। ਉਹਨਾਂ ਮਾਂ ਬੋਲੀ ਦੀ ਵਿਆਖਿਆ ਕਰਦਿਆਂ ਦੱਸਿਆ
ਕਿ ਭਾਵੇਂ ਘਰ ਵਿਚ ਕੋਈ ਵੀ ਬੋਲੀ ਬੋਲੀ ਜਾਂਦੀ ਹੋਵੇ ਪਰ ਮਾਂ ਬੋਲੀ ਉਹੋ
ਹੁੰਦੀ ਹੈ ਜਿਹੜੀ ਬੱਚੇ ਦੀ ਮਾਂ ਦੀ ਬੋਲੀ ਹੁੰਦੀ ਹੈ। ਉਨ੍ਹਾਂ ਇਸ ਗੱਲ ‘ਤੇ
ਵੀ ਜ਼ੋਰ ਦਿੱਤਾ ਕਿ ਕੈਨੇਡਾ ਬਹੁ-ਸਭਿਆਚਾਰੀ ਦੇਸ਼ ਹੋਣ ਦੇ ਨਾਤੇ ਇਥੇ ਬੋਲੀਆਂ
ਜਾ ਰਹੀਆਂ ਬੋਲੀਆਂ ਨੂੰ ਵੀ ਕੈਨੇਡੀਅਨ ਬੋਲੀਆਂ ਦੀ ਮਾਨਤਾ ਮਿਲਣੀ ਚਾਹੀਦੀ ਹੈ।
ਮਿ. ਪੀਟਰ ਲਿਆਂਗ, ਸ੍ਰੀ ਅਸ਼ੋਕ ਮਾਥੁਰ ਤੇ
ਬੀਬੀ ਸੋਨੀਆ ਭੁੱਲਰ ਮਰਦਮਸ਼ੁਮਾਰੀ ਵਿਭਾਗ ਵੱਲੋਂ ਉਚੇਚੇ ਤੌਰ ‘ਤੇ ਇਸ ਸਮਾਗਮ
ਵਿਚ ਹਾਜ਼ਰ ਹੋਏ। ਮਿ. ਪੀਟਰ ਲਿਆਂਗ ਨੇ
ਅੰਗ੍ਰੇਜ਼ੀ ਵਿਚ, ਅਸ਼ੋਕ ਮਾਥੁਰ ਨੇ ਹਿੰਦੀ ਵਿਚ ਤੇ ਸੋਨੀਆ ਭੁੱਲਰ ਨੇ ਪੰਜਾਬੀ
ਵਿਚ ਵਿਸਥਾਰ ਨਾਲ ਦੱਸਿਆ ਕਿ ਮਰਦਮਸ਼ੁਮਾਰੀ ਵਿਚ ਸ਼ਾਮਲ ਹੋਣਾ ਕਾਨੂੰਨੀ ਤੌਰ
‘ਤੇ ਵੀ ਜ਼ਰੂਰੀ ਹੈ ਅਤੇ ਨਾਲ ਹੀ ਇਸ ਦੇ ਅਨੇਕਾਂ ਫਾਇਦੇ ਵੀ ਹਨ। ਉਹਨਾਂ
ਕੰਪਿਊਟਰ ਰਾਹੀਂ ਵੇਰਵੇ ਨਾਲ ਦਰਸਾਇਆ ਅਤੇ ਸਮਝਾਇਆ ਕਿ ਮਰਦਮਸ਼ੁਮਾਰੀ ਦੇ ਫਾਰਮ
ਕਿਸ ਤਰ੍ਹਾਂ ਦੇ ਹੋਣਗੇ ਅਤੇ ਉਨ੍ਹਾਂ ਵਿਚ ਕਿਹੜੇ ਸਵਾਲ ਪੁੱਛੇ ਜਾਣਗੇ।
ਉਨ੍ਹਾਂ ਕਿਹਾ ਕਿ ਹਰ ਜੀਅ ਦੀ ਗਿਣਤੀ ਦੇ ਅਨੁਸਾਰ ਹੀ ਸਕੂਲ, ਬਿਰਧ ਸੰਭਾਲ
ਘਰ, ਬਾਲ ਸੰਭਾਲ ਘਰ, ਸਿਹਤ ਸੇਵਾਵਾਂ, ਪੁਲੀਸ ਸੇਵਾਵਾਂ ਅਤੇ ਅੱਗ ਬੁਝਾਊ ਆਦਿ
ਯੋਜਨਾਵਾਂ ਬਣਾਉਣ ਵਿਚ ਇਨ੍ਹਾਂ ਅੰਕੜਿਆਂ ਨੂੰ ਵਰਤੋਂ ਵਿਚ ਲਿਆਂਦਾ ਜਾਂਦਾ ਹੈ।
ਮਰਦਮਸ਼ੁਮਾਰੀ ਦੇ ਅੰਕੜਿਆਂ ਨੇ ਇਹ ਵੀ ਤਹਿ ਕਰਨਾ ਹੁੰਦਾ ਹੈ ਕਿ ਹਰ ਪਰਾਂਤ
ਨੂੰ ਕਿੰਨਾ ਪੈਸਾ ਦਿੱਤਾ ਜਾਵੇ ਅਤੇ ਸੂਬੇ ਦੀ ਲੈਜਿਸਲੇਚਰ ਅਤੇ ਸੈਂਟਰ ਦੀ
ਪਾਰਲੀਮਿੰਟ ਲਈ ਕਿੰਨੇ ਕਿੰਨੇ ਮੈਂਬਰ ਚੁਣੇ ਜਾਣੇ ਹਨ।
ਯੂ.ਬੀ.ਸੀ.
ਤੋਂ ਆਏ ਪ੍ਰੋ. ਐਨ ਮਰਫੀ ਦੇ ਪੰਜਾਬੀ ਪੜ੍ਹ
ਰਹੇ ਵਿਦਿਆਰਥੀਆਂ (ਮਨਦੀਪ ਗੁਰਮ, ਹਰਪ ਖੇਲਾ, ਸੁਖਦੀਪ ਕੌਰ ਸਰਾਂ, ਕਮਲ ਸੇਖੋਂ
ਅਤੇ ਕਿਰਨਦੀਪ ਕੌਰ ਕੰਦੋਲਾ) ਨੇ ਪੰਜਾਬੀ ਸਾਹਿਤਕਾਰ ਸ੍ਰੀ ਗੁਰਚਰਨ ਰਾਮਪੁਰੀ
ਨਾਲ ਕੀਤੀ ਗਈ ਇੰਟਰਵਿਊ ਦੇ ਕੁਝ ਅੰਸ਼ ਅਤੇ ਸਾਧੂ ਬਿਨਿੰਗ, ਹਰਜਿੰਦਰ ਸਿੰਘ
ਥਿੰਦ, ਜਰਨੈਲ ਸਿੰਘ ਸੇਖਾ, ਪ੍ਰਿ. ਦਲੀਪ ਸਿੰਘ
ਆਦਿ ਨਾਲ ਕੀਤੀਆਂ ਗਈਆਂ ਇੰਟਰਵਿਊਆਂ ਵਿਚੋਂ ਕੁਝ ਅੰਸ਼ ਦਿਖਾਏ ਅਤੇ ਉਹਨਾਂ
ਵੈਨਕੂਵਰ ਦੇ ਲੇਖਕਾਂ ਕੋਲੋਂ ਇਸ ਪ੍ਰੋਜੈਕਟ ਨੂੰ ਸਹਿਯੋਗ ਦੇਣ ਦੀ ਮੰਗ ਵੀ
ਕੀਤੀ। ਉਹਨਾਂ ਦੇ ਇਸ ਕੰਮ ਤੋਂ ਸਾਬਤ ਹੋ ਰਿਹਾ ਸੀ ਕਿ ਅੱਜ ਯੂਨੀਵਰਸਿਟੀਆਂ
ਵਿਚ ਵੀ ਪੰਜਾਬੀ ਬੋਲੀ ਦੀ ਪਰਫੁਲਤਾ ਲਈ ਕਿਸ ਤਰ੍ਹਾਂ ਯੋਗਦਾਨ ਪਾਇਆ ਜਾ ਰਿਹਾ
ਹੈ।
ਓਮਨੀ ਟੀਵੀ ਦੀ ਹੋਸਟ ਬੀਬੀ ਤਰੰਨਮ ਥਿੰਦ ਨੇ ਦੱਸਿਆ ਕਿ ਉਹ ਮੁਕਤਸਰ ਦੇ ਇਕ
ਪਿੰਡ ਵਿਚ ਜੰਮੀ ਅਤੇ ਚੰਡੀਗੜ੍ਹ ਜਿਹੇ ਸ਼ਹਿਰ ਵਿਚ ਰਹਿ ਕੇ ਮਾਪਿਆਂ ਦੀ ਯੋਗ
ਅਗਵਾਈ ਕਾਰਣ ਪੰਜਾਬੀ ਨਾਲ ਪ੍ਰਨਾਈ ਰਹੀ, ਜਿੱਥੇ ਪੰਜਾਬੀ ਪਰਵਾਰਾਂ ਦੇ ਬੱਚੇ
ਪੰਜਾਬੀ ਬੋਲਣਾ ਆਪਣੀ ਹੇਠੀ ਸਮਝਦੇ ਸਨ ਅਤੇ ਪੰਜਾਬੀ ਬੋਲਣ ਵਾਲਿਆਂ ਦਾ ਮਖੌਲ
ਉਡਾਉਂਦੇ ਸਨ। ਉਸ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਹ ਜੇ ਅੱਜ ਇਲੈਕਟਰਾਂਨਿਕਸ
ਮੀਡੀਏ ਵਿਚ ਹੈ ਤਾਂ ਪੰਜਾਬੀ ਬੋਲੀ ਕਰਕੇ ਹੀ ਹੈ।
ਰੇਡੀਓ ਰੈਡ ਐਫ.ਐਮ.
ਦੀ ਹੋਸਟ ਬੀਬੀ ਮਨਜੀਤ ਕੌਰ ਕੰਗ ਨੇ ਟੈਗੋਰ ਵਲੋਂ ਸ੍ਰੀ ਬਲਰਾਜ ਸਾਹਨੀ ਨੂੰ
ਮਾਂ ਬੋਲੀ ਵਿਚ ਲਿਖਣ ਦੀ ਪ੍ਰੇਰਨਾ ਦੇਣ ਦੀ ਉਦਾਹਰਨ ਦੇ ਕੇ ਦੱਸਿਆ ਕਿ ਮਾਂ
ਬੋਲੀ ਦੀ ਕਿੰਨੀ ਮਹਾਨਤਾ ਹੁੰਦੀ ਹੈ। ਉਸ ਨੇ ਦੂਜੀ ਉਦਾਹਰਨ ਰਸੂਲ ਹਮਜ਼ਾਤੋਫ
ਦੀ ਪ੍ਰਸਿੱਧ ਪੁਸਤਕ ‘ਮੇਰਾ ਦਾਗਸਤਾਨ’ ਵਿਚੋਂ ਦਿੱਤੀ ਕਿ ਕਿਵੇਂ ਆਪਣੇ ਬੱਚੇ
ਦੇ ਅਵਾਰ ਬੋਲੀ ਵਿਚ ਨਾ ਗੱਲ ਕਰਨ ਕਰਕੇ ਉਸ ਦੀ ਮਾਂ ਨੇ ਆਪਣੇ ਬੱਚੇ ਨੂੰ ਮਰਿਆ
ਸਮਝ ਆਪਣੇ ਮੂੰਹ ਉਪਰ ਕਾਲ਼ਾ ਪੱਲਾ ਲੈ ਲਿਆ ਸੀ। ਉਸ ਕਿਹਾ ਕਿ ਸਾਨੂੰ ਵੀ
ਦੂਜਿਆਂ ਵਾਂਗ ਆਪਣੀ ਮਾਂ ਬੋਲੀ ਉਪਰ ਫਖ਼ਰ ਕਰਨਾ ਚਾਹੀਦਾ ਹੈ।
ਬੀਬੀ ਐਮੀ ਤੂਰ ਨੇ ਹਰਭਜਨ ਮਾਨ ਦਾ ਗੀਤ ‘ਨਾ ਮੈਨੂੰ ਮਨੋ ਵਿਸਾਰ ਕਿ ਮੈਂ
ਤੇਰੀ ਮਾਂ ਦੀ ਬੋਲੀ ਹਾਂ’ ਲੈਅ ਅਤੇ ਸੁਰ ਵਿਚ ਗਾ ਕੇ ਸਰਤਿਆਂ ਨੂੰ ਜਜ਼ਬਾਤੀ
ਬਣਾ ਦਿੱਤਾ। ਡਾ: ਮਨਜੀਤ ਸਿੰਘ ਰੰਧਾਵਾ ਅਤੇ
ਭਵਨਦੀਪ ਸਿੰਘ ਨੇ ਵੀ ਪੰਜਾਬੀ ਬੋਲੀ ਦੀ ਕੈਨੇਡਾ ਵਿਚ ਤਰੱਕੀ ਅਤੇ
ਮਰਦਮਸ਼ੁਮਾਰੀ ਵਿਚ ਪੰਜਾਬੀਆਂ ਨੂੰ ਮਾਂ ਬੋਲੀ ਪੰਜਾਬੀ ਲਿਖਵਾਉਣ ਲਈ ਆਪਣੇ
ਵਿਚਾਰ ਪੇਸ਼ ਕੀਤੇ। ਇਕ ਦਸ ਕੁ ਸਾਲ ਦੀ ਨਿੱਕੀ ਬੱਚੀ, ਜਸਨੂਰ ਬਾਸੀ ਨੇ ਕਵਿਤਾ
ਰਾਹੀਂ ਪੰਜਾਬੀ ਮਾਂ ਬੋਲੀ ਦੇ ਜਨਮ ਦਿਨ ਦੀ ਵਧਾਈ ਦਿੱਤੀ।
ਸਰੀ ਸਕੂਲ ਟਰੱਸਟੀ ਜਨਾਬ ਇਜਾਜ਼ ਚੱਠਾ ਨੇ ਕਿਹਾ ਕਿ ਮਰਦਮ ਸ਼ੁਮਾਰੀ ਵਿਚ
ਹਰ ਇਕ ਨੂੰ ਆਪਣੀ ਮਾਂ ਬੋਲੀ ਹੀ ਲਿਖਵਾਉਣੀ ਚਾਹੀਦੀ ਹੈ। ਉਹਨਾਂ ਵਿਸ਼ਵਾਸ
ਦਿਵਾਇਆ ਕਿ ਜਿਸ ਸਕੂਲ ਵਿਚ ਪੰਜਾਬੀ ਪੜ੍ਹਨ ਵਾਲੇ ਬੱਚਿਆਂ ਦੀ ਯੋਗ ਗਿਣਤੀ ਹੋਈ
ਉਹ ਉਹਨਾਂ ਸਕੂਲਾਂ ਵਿਚ ਪੰਜਾਬੀ ਪੜ੍ਹਾਉਣ ਲਈ ਆਪਣਾ ਪੂਰਾ ਯਤਨ ਕਰਨਗੇ ਅਤੇ
ਉਹਨਾਂ ਪੰਜਾਬੀ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਵੀ ਬੱਚਿਆਂ ਨੂੰ ਪੰਜਾਬੀ
ਪੜ੍ਹਾਉਣ ਲਈ ਅੱਗੇ ਆਉਣ।
‘ਭਾਸ਼ਾ ਕਿਵੇਂ ਰੋਟੀ ਰੋਜ਼ੀ ਦਾ ਸਾਧਨ ਬਣਦੀ ਹੈ ਅਤੇ ਕਿਵੇਂ ਮਨੁੱਖ ਆਪਣੀ
ਅੰਕਾਕਸ਼ਾ ਖਾਤਰ ਆਪਣੀ ਮਾਂ ਬੋਲੀ ਨੂੰ ਤਿਆਗ ਦਾ ਹੈ’ ਦੇ ਵਿਚਾਰਾਂ ਨੂੰ
ਪ੍ਰਗਟਾਉਂਦੀ ਸੁਰਜੀਤ ਪਾਤਰ ਦੀ ਮਸ਼ਹੂਰ ਕਵਿਤਾ ‘ਆਇਆ ਨੰਦ ਕਿਸ਼ੋਰ’ ਕਵਾਂਟਲਿਨ
ਪੌਲੀਟੈਕਨਿਕ ਯੂਨੀਵਰਿਸਿਟੀ ਦੇ ਪਹਿਲੇ ਸਾਲ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ
ਸਰੋਤਿਆਂ ਨਾਲ ਸਾਂਝੀ ਕੀਤੀ।
ਰੇਡੀਓ ਸ਼ੇਰੇ ਪੰਜਾਬ ਦੇ ਹੋਸਟ ਸ:
ਗੁਰਵਿੰਦਰ ਸਿੰਘ ਧਾਲੀਵਾਲ ਨੇ ਸਭ ਤੋਂ ਪਹਿਲਾਂ 21 ਫਰਵਰੀ 1952 ਨੂੰ ਆਪਣੀ
ਮਾਂ ਬੋਲੀ ਖਾਤਰ ਸ਼ਹੀਦ ਹੋਏ ਬੰਗਲਾਦੇਸ਼ੀ ਯੋਧਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ
ਜਿਨ੍ਹਾਂ ਦੀ ਬਦੌਲਤ ਯੂ: ਐ:
ਓ: ਨੇ 21 ਫਰਵਰੀ ਦਾ ਦਿਨ ਮਾਂ ਬੋਲੀ
ਨੂੰ ਸਮਰਪਤ ਕੀਤਾ। ਉਹਨਾਂ ਅੱਜ ਮਾਂ ਬੋਲੀ ਦੇ ਸਮਾਗਮ ਵਿਚ ਪੰਜਾਬੀ
ਰਾਜਨੀਤੀਵਾਨਾਂ ਦੇ ਨਾ ਆਉਣ ਦਾ ਗਿਲਾ ਵੀ ਕੀਤਾ ਅਤੇ ਨਾਲ ਹੀ ਵਿਅੰਗ ਕਰਦਿਆਂ
ਕਿਹਾ ਕਿ ਉਹਨਾਂ ਨੂੰ ਆਪਣੀ ਮਾਂ ਬੋਲੀ ਨਾਲੋਂ ਆਪਣੇ ਲੀਡਰ ਦੀ ਚੋਣ ਲਈ ਭੱਜ
ਨੱਠ ਕਰਨ ਦੀ ਬਹੁਤੀ ਲੋੜ ਹੈ। ਉਹਨਾਂ ਹਰ ਇਕ ਨੂੰ ਆਪਣੇ ਕਾਰਡਾਂ ਉਪਰ
ਅੰਗ੍ਰੇਜ਼ੀ ਦੇ ਨਾਲ ਪੰਜਾਬੀ ਵਿਚ ਲਿਖਣ ਦੀ ਪ੍ਰੇਰਣਾ ਕੀਤੀ। ਉਹਨਾਂ ਆਪਣੇ
ਜਜ਼ਬਾਤੀ ਭਾਸ਼ਣ ਵਿਚ ਪੰਜਾਬ ਸਰਕਾਰ, ਪੰਜਾਬ ਯੂਨੀਵਰਸਿਟੀ ਤੇ ਗੁਰੂਨਾਨਕ ਦੇਵ
ਯੂਨੀਵਰਸਿਟੀ ਵੱਲੋਂ ਪੰਜਾਬੀ ਵਿਚ ਵੈੱਬਸਾਈਟ ਨਾ ਬਣਾਉਣ ਉਪਰ ਅਫਸੋਸ ਪ੍ਰਗਟ
ਕੀਤਾ। ਉਹਨਾਂ ਪੰਜਾਬੀ ਬੋਲੀ ਨਾਲ ਸਬੰਧਤ ਸੰਸਥਾਵਾਂ ਨੂੰ ਅਪੀਲ ਕੀਤੀ ਕਿ
ਉਹਨਾਂ ਨੂੰ ਮਤੇ ਪਾ ਕੇ ਘੱਲਣ ਕਿ ਉਹ ਆਪਣੀਆਂ ਵੈਬਸਾਈਟਾਂ ਪੰਜਾਬੀ ਵਿਚ ਵੀ
ਬਣਾਉਣ।
ਤਰਕਸ਼ੀਲ ਸੁਸਾਇਟੀ ਦੀ ਕਾਰਕੁਨ ਬੀਬੀ ਪਰਮਿੰਦਰ ਸਵੈਚ ਨੇ ਕਿਹਾ ਕਿ ਬੱਚਿਆਂ
ਨੂੰ ਨਾਟਕਾਂ ਨਾਲ ਜੋੜਨਾ ਚਾਹੀਦਾ ਹੈ ਤਾਂ ਜੋ ਉਹ ਪੰਜਾਬੀ ਬੋਲੀ ਬੋਲ ਸਕਣ।
ਉਹਨਾਂ ਨੇ ਇਸਤਰੀ ਦਿਵਸ ਨੂੰ ਸਮਰਪਤ ਐਬਟਸਫੋਰਡ ਵਿਚ ਕਰਵਾਏ ਜਾ ਰਹੇ ਪ੍ਰੋਗਰਾਮ
ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਬਿੰਦਰ ਰੋਡੇ ਨੇ ਬਦੇਸ਼ ਜਾ ਰਹੇ ਬੱਚੇ ਲਈ
ਪਰਵਾਰ ਦੇ ਜਜ਼ਬਾਤਾਂ ਨੂੰ ਪ੍ਰਗਟਾਉਂਦਾ ਗੀਤ ਗਾਇਆ।
ਸਮਾਗਮ ਦੇ ਅੰਤ ਵਿਚ ਯੂ. ਬੀ.
ਸੀ. ਦੇ ਨਵੀਨ ਗਿਰਨ ਨੇ ਕੈਨੇਡਾ ਵਿਚ
ਭੰਗੜੇ ਬਾਰੇ ਤਿਆਰ ਕੀਤੀ ਜਾ ਰਹੀ ਇਕ ਨੁਮਾਇਸ਼ ਦੀਆਂ ਕੰਪਿਊਟਰ ਰਾਹੀਂ ਕੁਝ
ਝਲਕਾਂ ਦਿਖਾਈਆਂ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੋਕ ਨਾਚ ਬਾਰੇ ਪ੍ਰੌਫੈਸ਼ਨਲ
ਪੱਧਰ ‘ਤੇ ਤਿਆਰ ਕੀਤੀ ਇਹ ਆਪਣੀ ਕਿਸਮ ਦੀ ਪਹਿਲੀ ਨੁਮਾਇਸ਼ ਹੋਵੇਗੀ ਉਸ ਇਕ
ਛੋਟੀ ਜਿਹੀ ਮੂਵੀ ਦੀ ਝਲਕ ਵੀ ਦਿਖਾਈ।
ਅਖੀਰ ਵਿਚ ਬਲਵੰਤ ਸਿੰਘ ਸੰਘੇੜਾ ਅਤੇ ਸਾਧੂ ਬਿਨਿੰਗ ਵੱਲੋਂ ਆਏ ਸਰੋਤਿਆਂ
ਦਾ ਧੰਨਵਾਦ ਕੀਤਾ ਗਿਆ। ਗੁਰਲੀਨ ਭਾਟੀਆ ਨੇ ਪ੍ਰੋਗਰਾਮ ਦਾ ਮੰਚ ਸੰਚਾਲਨ ਬੜੇ
ਸੁਚੱਜੇ ਢੰਗ ਨਾਲ ਕੀਤਾ। ਸਮੁੱਚੇ ਸਮਾਗਮ ਨੂੰ ਪੇਸ਼ ਕਰਨ ਵਿਚ ਪਲੀ ਦੇ ਸਰਗਮਰ
ਮੈਂਬਰਾਂ ਪਾਲ ਬਿਨਿੰਗ, ਰਣਬੀਰ ਜੌਹਲ, ਪਰਵਿੰਦਰ ਧਾਰੀਵਾਲ, ਰਮਿੰਦਰ ਸਿੰਘ
ਧਾਮੀ, ਰਾਜਿੰਦਰ ਸਿੰਘ ਪੰਧੇਰ, ਅਮਨ ਤੱਗੜ, ਸੁੱਖੀ ਬੈਂਸ ਅਤੇ ਕੁਲਦੀਪ ਬਾਸੀ
ਨੇ ਸਮਾਗਮ ਨੂੰ ਸਫਲ ਬਣਾਉਣ ਲਈ ਆਪਣਾ ਪੂਰਾ ਯੋਗਦਾਨ ਪਾਇਆ।
|