ਮੇਲਿਆਂ ਤੇ ਤਿਉਹਾਰਾਂ ਦਾ ਮਨੁੱਖੀ ਜੀਵਨ ਨਾਲ ਇੱਕ ਅਟੁੱਟ ਸੰਬੰਧ ਹੈ।
ਤਿਉਹਾਰ ਮਨੁੱਖੀ ਜੀਵਨ ’ਚ ਖ਼ੁਸੀਆਂ ਖੇੜੇ ਤੇ ਉਤਸਾਹ ਭਰ ਦਿੰਦੇ ਹਨ। ਜਦ ਕਿਸੇ
ਪ੍ਰਾਪਤੀ ਜਾਂ ਕਿਸੇ ਕਿਸਮ ਦੀ ਜਿੱਤ ਨੂੰ ਮਨੁੱਖ ਰਲ ਮਿਲ ਕੇ ਸਾਂਝਾ ਕਰਨਾ
ਚਾਹੁੰਦੇ ਹਨ ਤੇ ਕੁਝ ਇੱਕ ਸਮਾਜਿਕ ਤੇ ਧਾਰਮਿਕ ਰਸਮਾਂ ਪੂਰੀਆਂ ਕੀਤੀਆਂ
ਜਾਂਦੀਆਂ ਹਨ। ਇਹ ਰਸਮਾਂ ਆਮ ਤੌਰ ਤੇ ਧਾਰਮਿਕ ਸਥਾਨਾਂ ਜਾਂ ਕਿਸੇ ਖੁੱਲੀ ਜਗਾ
ਜਨਤਕ ਸਥਾਨ ’ਤੇ ਪੂਰੀਆਂ ਕੀਤੀਆਂ ਜਾਂਦੀਆਂ ਹਨ। ਜਿਸ ਨੂੰ ਮੇਲੇ ਜਾਂ
ਤਿਉਹਾਰਾਂ ਦਾ ਨਾਂਅ ਦੇ ਦਿੱਤਾ ਜਾਂਦਾ ਹੈ। ਇਹ ਤਿਉਹਾਰ ਬੁਰਾਈ ’ਤੇ ਅਛਾਈ ਦੀ
ਜਿੱਤ, ਜਾਂ ਫਿਰ ਕਿਸੇ ਇੱਕ ਰੁੱਤ ਦੇ ਖਾਤਮੇ ਤੇ ਨਵੀਂ ਰੁੱਤ ਦੇ ਸ਼ੁਰੂ ਹੋਣ ਦੀ
ਖ਼ੁਸ਼ੀ ਵਿੱਚ ਮਨਾਏ ਜਾਂਦੇ ਹਨ। ਭਾਰਤ ਦੀ ਧਰਤੀ ’ਤੇ ਕਈ ਤਰਾਂ ਦੇ ਮੇਲਿਆਂ ਅਤੇ
ਤਿਉਹਾਰਾਂ ਅਤੇ ਤਿਉਹਾਰ ਮਨਾਏ ਜਾਂਦੇ ਹਨ। ਵਿਸਾਖੀ ਦਾ ਤਿਉਹਾਰ ਇਨਾਂ ਵਿੱਚੋਂ
ਮੁੱਖ ਹੈ।
'ਵਿਸਾਖੀ’ ਜਿਸ ਤਰਾਂ ਕਿ ਇਸ ਦੇ ਨਾਮ ਤੋਂ
ਹੀ ਸਪੱਸ਼ਟ ਹੈ ਦੇਸੀ ਮਹੀਨੇ ’ਵਿਸਾਖ’ ਵਿੱਚ ਮਨਾਇਆ ਜਾਂਦਾ ਹੈ। ਇਸ ਤਿਉਹਾਰ
ਨੂੰ ਆਮ ਤੌਰ ਤੇ ’ਫਸਲ ਦੀ ਕਟਾਈ’ ਦੇ ਨਾਂਅ ਵਜੋਂ ਵੀ ਜਾਣਿਆ ਜਾਂਦਾ ਹੈ। ਇਹ
ਤਿਉਹਾਰ ਅਪ੍ਰੈਲ ਦੇ ਮਹੀਨੇ ਦੀ 13 ਜਾਂ 14 ਤਰੀਕ ਨੂੰ ਮਨਾਇਆ ਜਾਂਦਾ ਹੈ। ਇਹ
’ ਸੋਲਰ ਯੀਅਰ’ ਦੇ ਆਰੰਭ ਦਾ ਵੀ ਪ੍ਰਤੀਕ ਹੈ। ਇਹ ਦੇਸੀ ਸਾਲ ਦਾ ਦੂਜਾ ਮਹੀਨਾ
ਹੁੰਦਾ ਹੈ।
ਨੌਵੇਂ ਗੁਰੂ ਸਾਹਿਬਾਨ ਜੀ ਦੀ ਸ਼ਹਾਦਤ ਮਗਰੋਂ ਉਨਾਂ ਦੀ ਗੱਦੀ ਦੇ ਵਾਰਸ
ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਥਾਪਨਾ
ਕੀਤੀ, ਇਸ ਤਰਾਂ ਵਿਸਾਖੀ ਦਾ ਸਿੱਖ ਧਰਮ ਨਾਲ ਵੀ ਬੜਾ ਗੂੜਾ ਸੰਬੰਧ ਹੈ।
ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਦੀ ਇੱਕ
ਮਹਾਸਭਾ ਸੱਦੀ। ਇਸ ਦੀਵਾਨ ਜਾਂ ਮਹਾਸਭਾ ’ਚ ਕਰੀਬ 80 ਹਜਾਰ ਲੋਕ ਪੁੱਜੇ। ਜਦ
ਸਭ ਲੋਕ ਆਪਣੀ ਆਪਣੀ ਥਾ ਬੈਠ ਗਏ ਤਾਂ ਗੁਰੂ ਜੀ ਨੇ ਮਿਆਨ ਵਿੱਚੋਂ ਤਲਵਾਰ ਕੱਢ
ਕੇ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ ’ ਕੀ ਤੁਹਾਡੇ ਵਿੱਚੋਂ ਕੋਈ ਅਜਿਹਾ ਵਿਅਕਤੀ
ਹੈ, ਜੋ ਧਰਮ ਲਈ ਆਪਣਾ ਜੀਵਨ ਕੁਰਬਾਨ ਕਰ ਸਕੇ। ’ ਜਦੋਂ ਇਹ ਸ਼ਬਦ ਤੀਜੀ ਵਾਰ
ਦੁਹਰਾਏ ਗਏ ਤਾਂ ਲਾਹੌਰ ਨਿਵਾਸੀ ਦਇਆ ਰਾਮ , ਜੋ ਖੱਤਰੀ ਜਾਤ ਨਾਲ ਸਬੰਧਤ ਸੀ,
ਆਪਣੀ ਥਾਂ ਤੋਂ ਉੱਠ ਕੇ ਗੁਰੂ ਜੀ ਜੀ ਵੱਲ ਵਧਿਆ ਤੇ ਉਸ ਨੇ ਧਰਮ ਲਈ ਆਪਣੇ ਆਪ
ਨੂੰ ਬਲੀਦਾਨ ਲਈ ਪੇਸ਼ ਕੀਤਾ।
ਗੁਰੂ ਜੀ ਉਸ ਨੂੰ ਇੱਕ ਤੰਬੂ ਵਿਚ ਲੈ ਗਏ ਸਭ ਹਾਜ਼ਰ ਲੋਕਾਂ ਨੂੰ ਵਿਸ਼ਵਾਸ ਹੋ
ਗਿਆ ਕਿ ਦਇਆ ਰਾਮ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ। ਤਾਜ਼ੇ ਲਹੂ ਨਾਲ ਲਿਬੜੀ ਹੋਈ
ਤਲਵਾਰ ਲੈ ਕੇ ਗੁਰੂ ਸਹਿਬਾਨ ਫਿਰ ਲੋਕਾਂ ਸਾਹਮਣੇ ਆਏ ਅਤੇ ਉਨਾਂ ਇੱਕ ਹੋਰ
ਵਿਅਕਤੀ ਦਾ ਸਿਰ ਮੰਗਿਆ। ਇਸ ਵਾਰ ਦਿੱਲੀ ਦਾ ਇੱਕ ਕਿਸਾਨ ਧਰਮ ਦਾਸ ਆਪਣਾ ਭੇਟ
ਕਰਨ ਲਈ ਅੱਗੇ ਆਇਆ। ਉਸ ਨੂੰ ਵੀ ਗੁਰੂ ਜੀ ਤੰਬੂ ਵਿੱਚ ਲੈ ਗਏ। ਪਹਿਲਾਂ ਵਾਂਗ
ਹੀ ਲਹੂ ਨਾਲ ਲਿਬੜੀ ਹੋਈ ਤਲਵਾਰ ਲੈ ਕੇ ਉਨਾਂ ਨੇ ਆਵਾਜ਼ ਦਿੱਤੀ। ਕੋਈ ਨਾ ਕੋਈ
ਵਿਅਕਤੀ ਗੁਰੂ ਸਾਹਿਬ ਦੇ ਸਾਹਮਣੇ ਬਲੀਦਾਨ ਦੇਣ ਲਈ ਆਉਂਦਾ ਰਿਹਾ। ਇਸ ਤਰਾਂ
ਪੰਜ ਵਿਅਕਤੀ ਚੁਣੇ ਗਏ। ਦਇਆ ਰਾਮ ਤੇ ਧਰਮ ਦਾਸ ਤੋਂ ਇਲਾਵਾ ਬਾਕੀ ਤਿੰਨ ਨਾਂਅ
ਸਨ ਦਵਾਰਕਾ ਦਾ ਮੋਹਕਮ ਚੰਦ, ਬਿਦਰ ਦਾ ਸਾਹਿਬ ਚੰਦ ਅਤੇ ਜਗਨਨਾਥ ਪੁਰੀ ਦਾ
ਹਿੰਮਤ ਰਾਏ। ਇਸ ਤਰਾਂ ਗੁਰੂ ਸਹਿਬਾਨ ਪੰਜਾਂ ਵਿਅਕਤੀਆਂ ਨੂੰ ਕੇਸਰੀ ਰੰਗ ਦੇ
ਸੁੰਦਰ ਵਸਤਰ ਪੁਆ ਕੇ ਭਰੇ ਦਰਬਾਰ ਵਿੱਚ ਲੈ ਆਏ। ਹੁਣ ਗੁਰੂ ਸਾਹਿਬ ਨੇ ਆਪ ਵੀ
ਉਹੋ ਜਿਹੇ ਕੱਪੜੇ ਪਾਏ ਹੋਏ ਸਨ।
ਲੋਕ
ਇਨਾਂ ਨੂੰ ਵੇਖ ਕੇ ਹੈਰਾਨ ਹੋਏ। ਗੁਰੂ ਸਹਿਬ ਨੇ ਉਨਾਂ ਨੂੰ ’ਪੰਜ ਪਿਆਰੇ’ ਦੀ
ਉਪਾਧੀ ਦਿੱਤੀ। ਇੱਕ ਲੋਹੇ ਦੇ ਭਾਂਡੇ ਵਿੱਚ ਸਾਫ਼ ਪਾਣੀ ਤੇ ਪਤਾਸੇ ਪਾ ਕੇ ਖੰਡੇ
ਨਾਲ ਹਿਲਾਇਆ ਗਿਆ ਅਤੇ ਨਾਲੋ ਨਾਲ ’ ਜਪੁਜੀ ਸਾਹਿਬ ’ , ’ ਅਨੰਦ ਸਾਹਿਬ ’ ਦਾ
’ ਜਾਪੁ ਸਾਹਿਬ ’ , ’ ਚੌਪਈ ’ ਦਾ ਪਾਠ ਕੀਤਾ ਗਿਆ। ’ਖੰਡ ਦਾ ਪਾਹੁਲ’ ਅਥਵਾ
ਅਮ੍ਰਿਤ ਉਸੇ ਇੱਕ ਭਾਂਡੇ ਵਿੱਚੋਂ ਵਾਰੀ ਵਾਰੀ ਪੰਜ ਪਿਆਰਿਆਂ ਨੂੰ ਪਿਲਾ ਦਿੱਤਾ
ਗਿਆ ਗੁਰਬਾਣੀ ਦੇ ਪਾਠ ਦੇ ਨਾਲ ਨਾਲ ਦੋ ਧਾਰੇ ਖੰਡੇ ਨਾਲ ਤਿਆਰ ਕੀਤੇ ਗਏ ਮਿਠੇ
ਅਮ੍ਰਿਤ ਦਾ ਭਾਵ ਇਹ ਸੀ ਕਿ ਇਸ ਨੂੰ ਸੇਵਨ ਕਰਨ ਵਾਲਿਆਂ ਵਿੱਚ ਗੁਰਬਾਣੀ ਉਤੇ
ਦ੍ਰਿੜ ਵਿਸ਼ਵਾਸ, ਬਹਾਦਰੀ ਤੇ ਮਿਠਾਸ ਦੇ ਗੁਣ ਉਤਪੰਨ ਹੋਣ। ਗੁਰੂ ਸਾਹਿਬ ਨੇ
’ਪੰਜ ਪਿਆਰਿਆਂ’ ਨੂੰ ਅਮ੍ਰਿਤ ਪਿਲਾਉਣ ਪਿੱਛੋਂ ’ ਖਾਲਸਾ ’ ਦਾ ਨਾਂਅ ਦਿੱਤਾ,
ਮਤਲਬ ਜੋ ਸ਼ੁੱਧ ਹੋ ਚੁੱਕੇ ਹਨ ਅਤੇ ਉਨਾਂ ਨੂੰ ਪੰਜ ਕੱਕਾਰ ਪਹਿਨਣ ਅਤੇ ਹਰ ਇੱਕ
ਨੂੰ ਆਪਣੇ ਨਾਂਅ ਨਾਲ ’ ਸਿੰਘ ’ ਸ਼ਬਦ ਲਗਾਉਣ ਲਈ ਕਿਹਾ। ਇਸ ਪ੍ਰਕਾਰ ’ ਪੰਜ
ਪਿਆਰਿਆਂ’ ਦੇ ਨਾਂਅ ਦਇਆ ਸਿੰਘ, ਧਰਮ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ,
ਹਿੰਮਤ ਸਿੰਘ ਹੋ ਗਏ। ’ ਪੰਜ ਪਿਆਰਿਆਂ ’ ਨੂੰ ਖਾਲਸਾ ਬਣਾਉਣ ਪਿੱਛੋਂ ਗੁਰੂ
ਸਾਹਿਬ ਨੇ ਆਪ ਅਮ੍ਰਿਤ ਛਕਿਆ ਅਤੇ ਉਹ ਗੋਬਿੰਦ ਰਾਏ ਜੀ ’ ਗੋਬਿੰਦ ਸਿੰਘ ’
ਅਖਵਾਉਣ ਲੱਗੇ। ਗੁਰੂ ਜੀ ਨੇ ਆਪ ਕਿਹਾ, ’’ ਖਾਲਸਾ ਗੁਰੂ ਵਿੱਚ ਹੈ ਅਤੇ ਗੁਰੂ
ਖਾਲਸੇ ਵਿੱਚ ॥ ’’
ਵਿਸਾਖੀ ਦਾ ਦਿਨ ਉੱਤਰੀ ਭਾਰਤ ਖਾਸ ਕਰ ਹਰਿਆਣਾ ਤੇ ਪੰਜਾਬ ਦੇ ਲੋਕਾਂ ਲਈ
ਬੜਾ ਹੀ ਖ਼ੁਸ਼ੀ ਤੇ ਉਤਸ਼ਾਹ ਦਾ ਦਿਨ ਹੁੰਦਾ ਹੈ। ਇਸ ਦਿਨ ਲੋਕ ਸਵੇਰੇ ਜ਼ਲਦੀ
ਉੱਠਦੇ ਹਨ ਤੇ ਨਵੇਂ ਨਵੇਂ ਕੱਪੜੇ ਪਹਿਨਦੇ ਹਨ ਤੇ ਖ਼ੁਸ਼ੀ ਖ਼ੁਸ਼ੀ ਵਿਸ਼ਾਖੀ ਦਾ
ਮੇਲਾ ਦੇਖਣ ਜਾਂਦੇ ਹਨ। ਲੋਕ ਆਪਣੇ ਆਪਣੇ ਗੁਰੂ ਘਰਾਂ ਵਿੱਚ ਸ਼ਿਰਕਤ ਕਰਦੇ ਹਨ।
ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਂਦੇ ਹਨ।
ਇਸ ਤਿਉਹਾਰ ਨੂੰ ਕਿਸਾਨਾਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਇਹ ਤਿਉਹਾਰ
ਕਣਕ ਦੀ ਫ਼ਸਲ ਦੀ ਕਟਾਈ ਦਾ ਸਮਾਂ ਹੁੰਦਾ ਹੈ। ਇਸ ਤਿਉਹਾਰ ’ ਤੇ ਕਿਸਾਨ ਚੰਗੀ
ਫਸਲ ਦੀ ਆਮਦ ’ਤੇ ਰੱਬ ਦਾ ਧੰਨਵਾਦ ਕਰਦੇ ਹਨ। ਫ਼ਸਲ ਦੀ ਕਟਾਈ ਤੋਂ ਵਿਹਲਾ ਹੋ
ਕੇ ਕਿਸਾਨ ਚੰਗੀ ਫ਼ਸਲ ਦੀ ਆਮਦ ’ਤੇ ਖ਼ਸ਼ੀ ਦਾ ਇਜ਼ਹਾਰ ਇਸ ਤਿਉਹਾਰ ਦੇ ਰੂਪ ਵਿੱਚ
ਕਰਦਾ ਹੈ। ਖੁੱਲੇ ਮੈਦਾਨ ਵਿੱਚ ਕਈ ਸਭਿਆਚਕ ਪ੍ਰੋਗਰਾਮ ਕੀਤੇ ਜਾਂਦੇ ਹਨ।
ਗਿੱਧਾ, ਭੰਗੜਾ ਤੇ ਨਾਚ ਗਾਣਾ ਹੁੰਦਾ ਹੈ। ਮੁਟਿਆਰਾਂ ਇਸ ਤਿਉਹਾਰ ਤੇ ਨੱਚ ਨੱਚ
ਧਰਤ ਹਿਲਾ ਦਿੰਦੀਆਂ ਹਨ। ਇਹ ਇੱਕ ਬੜਾ ਹੀ ਸ਼ੁਹਾਵਣਾ ਮਾਹੌਲ ਹੁੰਦਾ ਹੈ। ਚਾਰੇ
ਪਾਸੇ ਢੋਲ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ। ਗੱਭਰੂ ਤੇ ਮੁਟਿਆਰਾ ਢੋਲ ਦੇ
ਦਗ਼ੇ ਤੇ ਨੱਚਦੇ ਤੇ ਭੰਗੜਾ ਪਾਉਂਦੇ ਦਿਖਾਈ ਦਿੰਦੇ ਹਨ। ਇਸ ਦਿਨ ਕਈ ਥਾਂਵਾਂ
’ਤੇ ਲੱਗਦੇ ਵਿਸਾਖੀ ਮੇਲਿਆਂ ’ਚ ਸਭਿਆਚਰਕ ਪ੍ਰੋਗਰਾਮ ਵੀ ਕੀਤੇ ਜਾਂਦੇ ਹਨ।
ਲੋਕ ਨਵੇਂ ਕੱਪੜੇ ਪਹਿਨੇ ਵਿਸਾਖੀ ਦਾ ਮੇਲਾ ਦੇਖਣ ਜਾਂਦੇ ਹਨ। ਗਿੱਧਾ, ਭੰਗੜਾ
ਆਦਿ ਜਿਹੇ ਸਭਿਆਚਕ ਪ੍ਰੋਗਰਾਮ ਤਿਉਹਾਰ ਵਿੱਚ ਜ਼ਾਨ ਪਾ ਦਿੰਦੇ ਹਨ, ਜਿਸ ਨਾਲ
ਲੋਕਾਂ ਦੀ ਖ਼ੁਸ਼ੀ ਨੂੰ ਹੋਰ ਚਾਰ ਚੰਨ ਲਗ ਜਾਂਦੇ ਹਨ। ਗੱਭਰੂ ਕੁੜਤਾ ਚਾਦਰਾ ਪਾ
ਢੋਲ ਦੇ ਦਗ਼ੇ ’ਤੇ ਥਿਰਕ ਪੈਂਦੇ ਹਨ। ਉਨਾਂ ਵਿੱਚੋਂ ਇੱਕ ਜਣਾ ਬੋਲੀ ਪਾਉਂਦਾ ਹੈ
ਤੇ ਉਸ ਦੇ ਪਿੱਛੇ ਦੂਸਰੇ ਉਸ ਦੇ ਬੋਲ ਨੂੰ ਹੋਰ ਉੱਚਾ ਚੱਕ ਦਿੰਦੇ ਹਨ। ਬੋਲੀਆਂ
ਪਾਉਂਦੇ ਹੋਏ ਗੱਭਰੂ ਮੇਲੇ ਦੇ ਮਾਹੌਲ ਨੂੰ ਹੋਰ ਖ਼ੁਸ਼ਗਵਾਰ ਬਣਾ ਦਿੰਦੇ ਹਨ। ’
ਜੱਟਾ ਆਈ ਵਿਸਾਖੀ ’ ਤੇ ਕਈ ਹੋ ਬੰਨ ਸੁਵੰਨੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ।
ਗਿੱਧਾ, ਭੰਗੜਾ, ਹਾਸਾ=ਠੱਠਾ, ਨਾਚ ਗਾਣਾ ਮੇਲੇ ਦੇ ਮਾਹੌਲ ਨੂੰ ਹੋਰ ਚਾਰ ਚੰਨ
ਲਾ ਦਿੰਦੇ ਹਨ। ਮੁਟਿਆਰਾ ਦਾ ਗਿੱਧਾ ਵੀ ਦੇਖਣਯੋਗ ਹੁੰਦਾ ਹੈ। ਉਹ ਵੀ ਤਰਾਂ
ਤਰਾਂ ਦੀਆਂ ਬੋਲੀਆਂ ਪਾ ਕੇ ਮੇਲੇ ਦੇ ਮਾਹੌਲ ਨੂੰ ਹੋਰ ਖ਼ੁਸ਼ਗਵਾਰ ਬਣਾਂ
ਦਿੰਦੀਆਂ ਹਨ। ਕਵੀ ਨੇ ਇਸ ਵਿਸਾਖੀ ਤਿਉਹਾਰ ਦੇ ਮਾਹੌਲ ਨੂੰ ਕੁਝ ਇਸ ਤਰਾਂ ਪੇਸ਼
ਕੀਤਾ ਹੈ :
ਤੂੜੀ ਤੰਦ ਵੇਚ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਕੱਛੇ ਮਾਰ ਬੰਝਲੀ ਆਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਪਰਸ਼ੋਤਮ ਲਾਲ ਸਰੋਏ
ਧਾਲੀਵਾਲ=ਕਾਦੀਆਂ,
ਬਸਤੀ=ਗੁਜ਼ਾਂ=ਜਲੰਧਰ।
ਮੋਲਾਇਲ ਨੰ:= 92175=44348
|