ਪੰਜਾਬ
ਵਿਧਾਨ ਸਭਾ ਚੋਣਾਂ ਵਿਚ ਮਹਿਜ਼ ਗਿਣਤੀ ਦੇ ਦਿਨ ਰਹਿ ਗਏ ਹਨ ਅਤੇ ਉਸ ਤੋਂ ਘੱਟ
ਦਿਨ ਸ਼ਾਇਦ ਮੌਜੂਦਾ ਸਰਕਾਰ ਦੇ ਇਸ ਕਾਰਜਕਾਲ ਦੇ ਰਹਿ ਗਏ ਹਨ। ਸਮਾਂ ਐਨਾ ਥੋੜਾ
ਕਿ ਇਸ ਥੋੜੇ ਸਮੇਂ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਵਿਸ਼ਵਾਸ ’ਚ ਲੈ ਕੇ ਹੀ ਨਾਲ
ਚੱਲਣ ’ਚ ਭਲਾਈ ਹੈ ਅਤੇ ਤਾਂ ਹੀ ਆਉਣ ਵਾਲੀਆਂ ਸੂਬਾਈ ਵਿਧਾਨ ਚੋਣਾਂ ਵਿਚ ਜਿੱਤ
ਦੇ ਦਾਅਵੇ ਲੋਕਾਂ ਦੇ ਗਲ਼ ਥੱਲੋਂ ਉਤਰਨਗੇ। ਪਰ ਜੋ ਹਾਲਾਤ ਅੱਜ ਪੰਜਾਬ ਵਿਚ
ਦੇਖਣ ਨੂੰ ਮਿਲ ਰਹੇ ਹਨ, ਉਸ ਨੂੰ ਦੇਖ ਕੇ ਐਨਾ ਕੁ ਅੰਦਾਜ਼ਾ ਸਹਿਜ਼ੇ ਹੀ ਲਗਾਇਆ
ਜਾ ਸਕਦਾ ਹੈ ਕਿ ਅਕਾਲੀ-ਭਾਜਪਾ ਵਲੋਂ ਮੁੜ ਚੋਣਾਂ ’ਚ ਜਿੱਤ ਦੇ ਯਤਨ ਤਾਂ ਦੂਰ,
ਸਗੋਂ ਆਪਣੇ ਪੈਰੀਂ ਆਪ ਕੁਹਾੜਾ ਮਾਰਨ ਵਾਲੀ ਗੱਲ ਹੈ। ਪੂਰੇ ਪੰਜ ਸਾਲ ਬਾਦਲ
ਸਰਕਾਰ ਦੇ ਰਾਜ ਵਿਚ ਹੱਕ ਦੀ ਆਵਾਜ਼ ਉਠਾਉਣ ਵਾਲਿਆਂ ਨੂੰ ਲਾਠੀਆਂ ਮਿਲੀਆਂ,
ਪੱਗਾਂ ਲੱਥੀਆਂ, ਹੋਰ ਤਾਂ ਹੋਰ ਲਾਠੀ ਦੇ ਜ਼ੋਰ ਨਾਲ ਅੰਨਦਾਤਾ ਕਿਸਾਨਾਂ ਨੂੰ ਵੀ
ਦਬਾਉਣ ਦੀ ਪੂਰਜ਼ੋਰ ਕੋਸ਼ਿਸ਼ ਕੀਤੀ ਗਈ।
ਰਾਜਨੀਤੀ
ਵਿਚ ਇਕ ਸਫਲ ਜਿਹਾ ਫਾਰਮੂਲਾ ਹੈ, ਆਪਣੇ ਵਿਰੁੱਧ ਚੱਲਣ ਵਾਲੇ ਲੋਕਾਂ ਨੂੰ
ਸਰਕਾਰਾਂ ਲਾਠੀਆਂ ਦੇ ਜ਼ੋਰ ਨਾਲ ਦਬਾਉਂਦੀਆਂ ਹਨ ਅਤੇ ਇਹ ਲਾਠੀਆਂ ਪੁਲਿਸ ਦੇ
ਹੱਥਾਂ ਵਿਚ ਹੁੰਦੀਆਂ ਹਨ ਪਰ ਜੇਕਰ ਇਹੀ ਲਾਠੀਆਂ ਬੰਦੂਕਾਂ ਬਣ ਸਿਆਸੀ
ਨੁਮਾਇੰਦਿਆਂ ਦੇ ਹੱਥ ਆ ਜਾਣ ਤਾਂ ਅਰਥ ਦਾ ਅਨਰਥ ਹੋ ਜਾਂਦਾ ਹੈ। ਪੰਜਾਬ ਵਿਚ
ਅੱਜਕੱਲ ਜੋ ਘਟਨਾਕ੍ਰਮ ਵਾਪਰ ਰਹੇ ਹਨ, ਉਨਾਂ ਤੋਂ ਇਕ ਗੱਲ ਸਾਫ ਹੈ ਕਿ ਇਹ
ਲਾਠੀਆਂ ਪੰਜਾਬ ਪੁਲਿਸ ਦੇ ਹੱਥ ਨਹੀਂ, ਸਗੋਂ ਅਕਾਲੀ-ਭਾਜਪਾ ਦੇ ਨੁਮਾਇੰਦਿਆਂ
ਹੱਥ ਆ ਗਈਆਂ ਹਨ। ਇਸ ਦੀਆਂ ਵੈਸੇ ਤਾਂ ਕਈ ਮਿਸਾਲਾਂ ਮਿਲ ਜਾਣਗੀਆਂ ਪਰ ਪਿਛਲੇ
ਛੇ ਕੁ ਮਹੀਨਿਆਂ ’ਚ ਵਾਪਰੀਆਂ ਵੱਡੀਆਂ ਘਟਨਾਵਾਂ ਨੂੰ ਸ਼ਾਇਦ ਕੋਈ ਭੁਲਾਅ ਨਹੀਂ
ਸਕੇਗਾ ਤੇ ਅਜਿਹੀਆਂ ਘਟਨਾਵਾਂ ’ਚ ਸ਼ਾਮਲ ਦੋਸ਼ੀਆਂ ਨੂੰ ਤਾਂ ਸ਼ਾਇਦ ਅਗਲੇ 5 ਸਾਲ
ਅਜਿਹੀਆਂ ਸਿਆਸੀ ਗੁੰਡਾਗਰਦੀਆਂ ਰਹਿ ਰਹਿ ਕੇ ਸਤਾਉਣਗੀਆਂ।
ਸਭ ਤੋਂ
ਪਹਿਲਾਂ ਹੁਣੇ ਜਿਹੇ ਪਟਿਆਲਾ ਸ਼ਹਿਰ ਵਿਚ ਵਾਪਰੀ ਤਾਜ਼ਾ ਘਟਨਾ ਦਾ ਜ਼ਿਕਰ ਕਰਦੇ
ਹਾਂ, ਜਿਸ ਵਿਚ ਵਾਰਡ ਨੰ. 12 ਦੇ ਅਕਾਲੀ ਕੌਂਸਲਰ ਰਾਜਿੰਦਰ ਸਿੰਘ ਵਿਰਕ ’ਤੇ
ਰੌਂਦਿਆਂ-ਵਿਲਕਦਿਆਂ ਅਮਨਦੀਪ ਕੌਰ ਨਾਂ ਦੀ ਇਕ ਅਧਿਆਪਕਾ ਨੇ ਉਸ ਨੂੰ ਬੇਰਹਿਮੀ
ਨਾਲ ਕੁੱਟਣ ਦਾ ਇਲਜ਼ਾਮ ਲਗਾਇਆ ਹੈ। ਅਧਿਆਪਕਾਂ ਦੀ ਕੁੱਟ ਮਾਰ ਕਿੰਨੀ ਬੇਰਹਿਮੀ
ਨਾਲ ਹੋਈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੀੜਤ
ਅਧਿਆਪਕਾ ਰਜਿੰਦਰਾ ਹਸਪਤਾਲ ਵਿਚ ਜ਼ੇਰੇ ਇਲਾਜ ਦਾਖਲ ਹੈ। ਅਮਨਦੀਪ ਕੌਰ ਨੇ
ਦੱਸਿਆ ਕਿ ਉਸ ਨੂੰ ਕਿਸੇ ਜ਼ਰੂਰੀ ਕੰਮ ਲਈ ਕਿਤੇ ਜਾਣਾ ਸੀ। ਉਹ ਸਹਿਯੋਗੀ
ਅਧਿਆਪਕਾ ਨੂੰ ਅਰਜੀ ਦੇ ਕੇ ਚਲੀ ਗਈ। ਮਹਿਜ 10 ਮਿੰਟ ਵਿਚ ਜਦੋਂ ਉਹ ਵਾਪਸ ਆਈ
ਤਾਂ ਅਕਾਲੀ ਕੌਂਸਲਰ ਰਾਜਿੰਦਰ ਸਿੰਘ ਵਿਰਕ ਸਕੂਲ ’ਚ ਬੈਠ ਕੇ ਸਰਕਾਰੀ ਰਜਿਸਟਰ
ਚੈਕ ਕਰ ਰਿਹਾ ਸੀ। ਉਹ ਕੌਂਸਲਰ ਨੂੰ ਨਹੀਂ ਪਹਿਚਾਨਦੀ ਸੀ। ਬਾਅਦ ਦੁਪਿਹਰ ਦੋ
ਵਜੇ ਜਦੋਂ ਉਹ ਹਾਜ਼ਰੀ ਲਾਉਣ ਲੱਗੀ ਤਾਂ ਕੌਂਸਲਰ ਨੇ ਉਸ ਤੋਂ ਰਜਿਸਟਰ ਲੈ ਲਿਆ।
ਅਮਨਦੀਪ ਕੌਰ ਅਨੁਸਾਰ ਕੌਂਸਲਰ ਨੇ ਕਿਹਾ ਕਿ ਉਹ ਸਕੂਲ ਤੋਂ ਛੁੱਟੀ ਕਰਕੇ ਗਈ ਸੀ
ਇਸ ਲਈ ਹਾਜ਼ਰੀ ਨਹੀਂ ਲਾ ਸਕਦੀ। ਉਸ ਨੇ ਕੌਂਸਲਰ ਨੂੰ ਪੁੱਛਿਆ ਕਿ ਉਹ ਕੌਣ ਹੈ
ਤਾਂ ਕੌਂਸਲਰ ਨੇ ਗਾਲੀ ਗਲੋਚ ਕਰਕੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਉਸ ਨੂੰ
ਬਾਲਾਂ ਤੋਂ ਖਿੱਚ ਕੇ ਜ਼ਮੀਨ ’ਤੇ ਲਿਟਾ ਦਿੱਤਾ ਅਤੇ ਲੱਤਾਂ ਤੇ ਮੁੱਕਿਆਂ ਨਾਲ
ਉਸ ’ਤੇ ਵਾਰ ਕੀਤੇ। ਸਟਾਫ ਤੇ ਬੱਚਿਆਂ ਨੇ ਉਸ ਨੂੰ ਛਡਵਾਇਆ। ਇਹ ਹਾਲ ਹੈ ਸਾਡੇ
ਰੰਗਲੇ ਪੰਜਾਬ ਵਿਚ ਔਰਤ ਦਾ ਅਤੇ ਇਹ ਹਾਲ ਹੈ, ਬੱਚਿਆਂ ਨੂੰ ਨਵੀਂ ਦਿਸ਼ਾ ਦੇਣ
ਵਾਲੀ ਅਧਿਆਪਕਾ ਦਾ। ਭਾਵੇਂ ਹੀ ਆਪਣੇ ਬਚਾਅ ਲਈ ਅਕਾਲੀ ਕੌਂਸਲਰ ਜੋ ਮਰਜ਼ੀ ਕਹੀ
ਜਾਵੇ ਪਰ ਇਹ ਗੱਲ ਕਿਥੋਂ ਤੱਕ ਜਾਇਜ਼ ਹੈ ਕਿ ਇਕ ਕੌਂਸਲਰ ਸਕੂਲਾਂ ਦੇ ਰਜਿਸ਼ਟਰ
ਚੈਕ ਕਰੇ? ਦੂਜੇ ਪਾਸੇ ਸਕੂਲ ਸਟਾਫ ਅਤੇ ਇਥੋਂ ਤੱਕ ਕਿ ਸਕੂਲ ਹੈਡ ਵੀ ਅਕਾਲੀ
ਕੌਂਸਲਰ ਦੀ ਇਸ ਗੁੰਡਾਗਰਦੀ ਤੋਂ ਇਨਕਾਰ ਨਹੀਂ ਕਰ ਰਹੇ।
ਦੂਜੀ ਘਟਨਾ
ਇਸੀ ਮਹੀਨੇ ਦੀ 9 ਸਤੰਬਰ ਨੂੰ ਵਾਪਰੀ ਅਤੇ ਘਟਨਾ ਐਨੀ ਭਿਆਨਕ ਹੈ ਕਿ ਸੁਣ ਕੇ
ਹਰ ਕੋਈ ਦੰਗ ਰਹਿ ਜਾਏ। ਅਕਾਲੀ ਸਰਕਾਰ ਦੀ ਗਠਜੋੜ ਪਾਰਟੀ ਭਾਜਪਾ ਦੇ ਕੌਂਸਲਰ
ਰਾਜਵੀਰ ਸਿੰਘ ਭੁੱਲਰ ਨੇ ਬਟਾਲਾ ਅਦਾਲਤ ਦੇ ਬਾਹਰ ਇਕ ਐਨ. ਆਰ. ਆਈ.
ਗੁਰਿੰਦਰ ਸਿੰਘ ਦੀ ਸ਼ਰੇਆਮ ਗੋਲੀ
ਮਾਰ ਕੇ ਹੱਤਿਆ ਕਰ ਦਿੱਤੀ। ਭਾਜਪਾ ਕੌਂਸਲਰ ਨੇ ਆਪਣੇ ਸਾਥੀਆਂ ਨਾਲ ਇਸ
ਘਟਨਾਕ੍ਰਮ ਨੂੰ ਅੰਜ਼ਾਮ ਦਿੱਤਾ। ਮ੍ਰਿਤਕ ਗੁਰਿੰਦਰ ਸਿੰਘ ਕੁਝ ਸਮਾਂ ਪਹਿਲਾਂ ਹੀ
ਕੈਨੇਡਾ ਤੋਂ ਆਇਆ ਸੀ। ਉਸਦੇ ਭਾਈ ਅਨੁਸਾਰ ਉਹ ਕਿਸੀ ਕੇਸ ਦੇ ਸਿਲਸਿਲੇ ਵਿਚ
ਅਦਾਲਤ ਵਿਚ ਆਇਆ ਸੀ ਤੇ ਇਸ ਤੋਂ ਬਾਅਦ ਅਦਾਲਤ ’ਚ ਜੋ ਘਟਨਾਕ੍ਰਮ ਵਾਪਰਿਆ ਉਸ
ਨੇ ਕਿਸੇ ਫਿਲਮੀ ਸੀਨ ਨੂੰ ਵੀ ਮਾਤ ਪਾ ਦਿੱਤੀ। ਗੁਰਿੰਦਰ ਸਿੰਘ ਜਦੋਂ ਅਦਾਲਤ
ਤੋਂ ਬਾਹਰ ਆਇਆ ਤਾਂ ਭਾਜਪਾ ਕੌਂਸਲਰ ਦੇ ਭਾਈ ਯਾਦਵਿੰਦਰ ਸਿੰਘ ਨੇ ਪਹਿਲੀ ਗੋਲੀ
ਮਾਰੀ ਜੋ ਉਸ ਦੀ ਲੱਤ ’ਤੇ ਲੱਗੀ, ਜਿਸ ਨਾਲ ਐਨ. ਆਰ. ਆਈ.
ਜ਼ਖਮੀ ਹੋ ਕੇ ਜ਼ਮੀਨ ’ਤੇ ਡਿੱਗ
ਗਿਆ। ਇਸਦੇ ਬਾਅਦ ਕੌਂਸਲਰ ਨੇ ਕਿਹਾ ਕਿ ਐਵੇਂ ਨਹੀਂ ਮਾਰੀ ਜਾਂਦੀ ਗੋਲੀ, ਮੈਂ
ਦੱਸਦਾ ਹਾਂ ਅਤੇ ਉਸ ਨੇ ਐਨ. ਆਰ. ਆਈ. ਗੁਰਵਿੰਦਰ
ਸਿੰਘ ’ਤੇ ਤਾਬੜ ਤੋੜ ਗੋਲੀਆਂ ਚਲਾਈਆਂ, ਜਿਸ ਨਾਲ ਉਸਦੀ ਮੌਕੇ ’ਤੇ ਹੀ ਮੌਤ ਹੋ
ਗਈ। ਭਾਜਪਾ ਕੌਂਸਲਰ ਰਾਜਬੀਰ ਸਿੰਘ ਭੁੱਲਰ ਦਾ ਅਪਰਾਧਿਕ ਰਿਕਾਰਡ ਵੀ ਮੌਜੂਦ
ਹੈ। ਸਿਆਸਤ ਦੀ ਆੜ ’ਚ ਕਦੇ ਕਿਸੇ ਦੀ ਦੁਕਾਨ ’ਤੇ ਕਬਜ਼ਾ ਕਰਨਾ, ਕਦੇ ਕਿਸੇ ਦੀ
ਜ਼ਮੀਨ ਜਾਇਦਾਦ ’ਤੇ ਕਬਜ਼ਾ ਕਰਨਾ ਅਤੇ ਮਾਰਪੀਟ ਕਰਨ ਵਰਗੇ ਦੋਸ਼ ਭਾਵੇਂ ਉਸ ’ਤੇ
ਪਹਿਲਾਂ ਵੀ ਲੱਗੇ ਹਨ, ਪਰ ਇਹ ਜੋ ਦੋਸ਼ ਉਸ ’ਤੇ ਲੱਗਿਆ ਹੈ, ਉਹ ਅਕਾਲੀ-ਭਾਜਪਾ
ਸਰਕਾਰ ਦੇ ਮੱਥੇ ’ਤੇ ਲੱਗਿਆ ਅਜਿਹਾ ਦਾਗ ਹੈ ਜੋ ਸਰਕਾਰ ਦੇ ਲੋਕ ਪੱਖੀ ਹੋਣ ਦੇ
ਦਾਅਵਿਆਂ ਦੀ ਹਵਾ ਕੱਢਦਾ ਹੈ।
ਪੰਜਾਬ ’ਚ
ਹੋ ਰਹੀ ਸਿਆਸੀ ਗੁੰਡਾਗਰਦੀ ਦੀ ਤੀਜੀ ਮਿਸਾਲ ਅਪ੍ਰੈਲ ਮਹੀਨੇ ਜਲੰਧਰ ਵਿਖੇ ਹੋਏ
ਘਟਨਾਕ੍ਰਮ ਤੋਂ ਮਿਲ ਜਾਂਦੀ ਹੈ, ਜਿਸ ਦੇ ਵਿਦੇਸ਼ਾਂ ’ਚ ਵੀ ਬਹੁਤ ਚਰਚੇ ਹੋਏ।
ਜਲੰਧਰ ਦੇ ਇਕ ਹੋਟਲ ਦੇ ਮਾਲਕ ਗੁਰਕਿਰਤ ਸਿੰਘ ਉਰਫ ਗਿੱਕੀ ਸੇਖੋਂ ਨਾਂ ਦੇ
ਨੌਜਵਾਨ ਨੂੰ ਅਕਾਲੀ ਵਿਧਾਇਕ ਸਰਬਜੀਤ ਸਿੰਘ ਮੱਕੜ ਦੇ ਭਤੀਜੇ ਤੇ ਅਕਾਲੀ
ਕੌਂਸਲਰ ਪ੍ਰਿੰਸ ਮੱਕੜ ਨੇ ਆਪਣੇ ਸਾਥੀਆਂ ਨਾਲ ਗੋਲੀਆਂ ਮਾਰ ਕੇ ਮੌਤ ਦੇ ਘਾਟ
ਉਤਾਰ ਦਿੱਤਾ ਤੇ ਖੁਦ ਫਰਾਰ ਹੋ ਗਏ। ਘਟਨਾ ਪਿੱਛੋਂ ਸ਼ਹਿਰ ’ਚ ਦਹਿਸ਼ਤ ਫੈਲ ਗਈ।
ਇਸ ਘਟਨਾ ’ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣਾ ਮੂੰਹ
ਖੋਲਿਆ ਤੇ ਅਕਾਲੀਆਂ ’ਤੇ ਦੋਸ਼ ਲਗਾਇਆ ਕਿ ਉਹ ਕਾਨੂੰਨ ਨੂੰ ਆਪਣੇ ਹੱਥਾਂ ਵਿਚ
ਲੈ ਰਹੇ ਹਨ। ਗਿੱਕੀ ਸੇਖੋਂ ਦਾ 9 ਮਹੀਨੇ ਦਾ ਲੜਕਾ ਜਿਸ ਨੇ ਹਾਲੇ ਪਾਪਾ ਕਹਿਣਾ
ਵੀ ਨਹੀਂ ਸਿੱਖਿਆ ਸੀ, ਕਿ ਸਿਆਸੀ ਗੁੰਡਿਆਂ ਨੇ ਬਾਪ ਦਾ ਸਾਇਆ ਉਸ ਤੋਂ ਖੋਹ
ਲਿਆ ਅਤੇ ਉਸ ਦੀ ਵਿਧਵਾ ਕਦੇ ਰੱਬ ਨੂੰ ਅਤੇ ਕਦੇ ਇਨਾਂ ਜਾਲਮ ਲੋਕਾਂ ਨੂੰ
ਕੋਸਦੀ ਹੁਣ ਤੱਕ ਖੁਦ ਨੂੰ ਧਰਵਾਸ ਦੇ ਰਹੀ ਹੈ।
ਇਹ ਤਿੰਨ
ਤਾਜ਼ੀਆਂ ਤੇ ਵੱਡੀਆਂ ਮਿਸਾਲਾਂ ਹਨ ਪੰਜਾਬ ’ਚ ਵਾਪਰ ਰਹੀ ਸਿਆਸੀ ਗੁੰਡਾਗਰਦੀ
ਦੀਆਂ। ਉਹ ਵੀ ਜਦੋਂ ਅਕਾਲੀ-ਭਾਜਪਾ ਨੂੰ ਆਪਣੀਆਂ ਖਾਮੀਆਂ ਤੇ ਕਮੀਆਂ ਵਾਚਣ ਦਾ
ਸਮਾਂ ਸੀ, ਅਜਿਹੇ ਮੌਕੇ ਸਿਆਸੀ ਪਿੱਠੂ ਲੋਕਾਂ ਵਿਚ ਆਪਣੀ ਇਹ ਤਸਵੀਰ ਪੇਸ਼ ਕਰ
ਰਹੇ ਹਨ। ਇਸ ਤੋਂ ਬਿਨਾਂ ਸਾਇਡ ਨਾ ਦੇਣ ਕਾਰਨ ਟਰੱਕ ਡਰਾਇਵਰ
ਨੂੰ ਕੁੱਟ ਦੇਣਾ, ਸਰਕਾਰੀ ਮੁਲਾਜ਼ਮਾਂ ਦਾ ਉਨਾਂ ਦੇ ਹੀ ਦਫਤਰਾਂ ਵਿਚ ਸਹਿ
ਕਰਮਚਾਰੀਆਂ ਸਾਹਮਣੇ ਸਿਆਸੀ ਨੁਮਾਇੰਦਿਆਂ ਵਲੋਂ ਕੁਟਾਪਾ ਚਾੜਨਾ, ਪੁਲਿਸ
ਵਾਲਿਆਂ ਦੀ ਕੁੱਟ ਮਾਰ, ਰੰਜਿਸ਼ ਵਸ ਬਦਲੀਆਂ ਕਰਨਾ, ਰੁਕਵਾਉਣਾ ਆਦਿ ਨਿੱਕੀਆਂ
ਮੋਟੀਆਂ ਘਟਨਾਵਾਂ ਪੂਰੇ ਪੰਜ ਸਾਲਾਂ ’ਚ ਵਾਪਰਦੀਆਂ ਰਹੀਆਂ ਹਨ।
ਇਸ ਵਿਚ ਕੋਈ
ਸ਼ੱਕ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂ ਅਤੇ ਪੰਜਾਬ ਦੇ ਮੌਜੂਦਾ ਮੁੱਖ
ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਬਹੁਤ ਹੀ ਸੂਝਵਾਨ ਸਿਆਸਦਾਨ ਹਨ ਅਤੇ ਪਾਰਟੀ
ਦੀ ਸਾਖ ਨੂੰ ਉਚਾ ਚੁੱਕਣ ਲਈ ਪੂਰੀ ਸੂਝਵਾਨਤਾ ਤੇ ਸਿਆਸੀ ਸੂਝ ਤੋਂ ਕੰਮ ਲੈਂਦੇ
ਹਨ, ਪਰ ਇਹ ਸ੍ਰ. ਬਾਦਲ ਨੂੰ ਕਿਵੇਂ ਭੁੱਲ ਗਿਆ ਕਿ ਚੋਣਾਂ ਦੇ ਨੇੜੇ
ਅਕਾਲੀ-ਭਾਜਪਾ ਦੇ ਨੁਮਾਇੰਦੇ ਔਰਤਾਂ ਨੂੰ ਕੁੱਟ ਕੇ, ਲੋਕਾਂ ’ਤੇ ਗੋਲੀਆਂ ਚਲਾ
ਕੇ ਕਿਹੀ ਸੂਝ ਦਾ ਪ੍ਰਗਟਾਵਾ ਕਰ ਰਹੇ ਹਨ। ਉਹ ਵੀ ਉਸ ਸਮੇਂ ਜਦੋਂ ਤੁਸੀਂ ਆਪਣੀ
ਪਿਛਲੀ ਪੰਜ ਸਾਲ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਅਗਲੇ ਪੰਜ ਸਾਲਾਂ ਲਈ ਲੋਕਾਂ
ਦੇ ਦਰ ’ਤੇ ਵੋਟਾਂ ਦੀ ਖੈਰ ਮੰਗਣ ਜਾਣਾ ਹੈ।
ਦੂਜੇ ਪਾਸੇ
ਹਾਲੇ ਇਕ ਦਿਨ ਪਹਿਲਾਂ ਹੀ ਭਾਜਪਾ ਦੇ ਸੂਬਾਈ ਪ੍ਰਧਾਨ ਅਸ਼ਵਨੀ ਕੁਮਾਰ 23
ਅਸੈਂਬਲੀ ਸੀਟਾਂ ’ਤੇ ਚੋਣ ਲੜਨ ਦੀ ਗੱਲ ਕਰ ਰਹੇ ਹਨ ਭਾਵ ਕਿ ਪਿਛਲੇ ਸਾਲ
ਨਾਲੋਂ ਚਾਰ ਸੀਟਾਂ ਵੱਧ। ਪਰ ਅਜਿਹੇ ਮਾਹੌਲ ਦੇ ਚਲਦਿਆਂ ਲਗਦਾ ਨਹੀਂ ਕਿ ਲੋਕ
ਉਨਾਂ ਨੂੰ ਚੜਦੇ ਕ੍ਰਮ ਵਿਚ ਰੱਖਣਗੇ। ਇਹ ਗੱਲ ਵੱਡੀ ਸੂਝ ਵਾਲੇ ਬਾਦਲ ਸਾਹਿਬ
ਵੀ ਸਮਝ ਲੈਣ ਤੇ 23 ਸੀਟਾਂ ਦੀ ਮੰਗ ਕਰਨ ਵਾਲੇ ਭਾਜਪਾ ਸੂਬਾਈ ਪ੍ਰਧਾਨ ਅਸ਼ਵਨੀ
ਕੁਮਾਰ ਵੀ, ਕਿ ਕੋਈ ਘਟਨਾ ਕ੍ਰਮ ਕਿਸੇ ਆਮ ਬੰਦੇ ਨਾਲ ਜੁੜਿਆ ਹੋਵੇ, ਸ਼ਾਇਦ
ਲੋਕਾਂ ਨੂੰ ਪਤਾ ਵੀ ਨਾ ਲੱਗੇ ਜਾਂ ਫਿਰ ਲੋਕ ਦਿਲਚਸਪੀ ਹੀ ਨਾ ਲੈਣ, ਪਰ ਜੇਕਰ
ਉਹੀ ਘਟਨਾਕ੍ਰਮ ਕਿਸੇ ਸਿਆਸੀ ਪਾਰਟੀ, ਉਹ ਵੀ ਸਿਆਸੀ ਸੱਤਾਧਾਰੀ ਪਾਰਟੀ ਨਾਲ
ਜੁੜਿਆ ਹੋਵੇ ਤਾਂ ਲੋਕਾਂ ਦਾ ਉਸ ’ਚ ਦਿਲਚਸਪੀ ਲੈਣਾ ਸੁਭਾਵਿਕ ਹੈ ਅਤੇ ਇਸ ਦਾ
ਪ੍ਰਤੀਕਰਮ ਵੀ ਲਾਜ਼ਮੀ ਹੈ। ਸੌ ਚੰਗਾ ਹੈ ਕਿ ਲੋਕਾਂ ਦੀ ਨਬਜ਼ ਪਰਖੀ ਜਾਵੇ ਨਾ ਕਿ
ਦੁਖਦੀ ਨਬਜ਼ ਹੋਰ ਦੁਖਾਈ ਜਾਵੇ।
ਜਤਿੰਦਰ ਜਤਿਨ ਕੰਬੋਜ
|