ਪੰਜਾਬੀ ਪ੍ਰੈੱਸ ਕਲੱਬ ਦੀ 10ਵੀਂ ਸਲਾਨਾ ਕਾਨਫਰੰਸ ਬੜੇ ਗੰਭੀਰ ਵਿਚਾਰ
ਵਟਾਂਦਰੇ ਨਾਲ ਸੰਪੰਨ ਹੋ ਗਈ ਹੈ। 30 ਦੇ ਕਰੀਬ ਮੈਂਬਰਾਂ ਦੀ ਹਾਜ਼ਰੀ ਵਿੱਚ
ਹੋਈ ਇਸ ਕਾਨਫਰੰਸ ਵਿੱਚ ਸੁਖਮਿੰਦਰ ਸਿੰਘ ਹੰਸਰਾ ਨੂੰ ਸੰਨ 2012 ਦੇ
ਕੋਆਰਡੀਨੇਟਰ, ਜਗਦੇਵ ਸਿੰਘ ਤੂਰ ਨੂੰ ਸਹਿ ਕੋਆਰਡੀਨੇਟਰ, ਬੌਬ ਦੁਸਾਂਝ ਨੂੰ
ਖਜਾਨਚੀ, ਮਨੋਹਰ ਸਿੰਘ ਬੱਲ ਨੂੰ ਸਹਿ ਖਜਾਨਚੀ ਅਤੇ ਕੁਲਜੀਤ ਸਿੰਘ ਜੰਜੂਆ
ਨੂੰ ਵੈਬਮਾਸਟਰ ਨਿਯੁਕਤ ਕੀਤਾ ਗਿਆ ਹੈ। ਸਰਬਸੰਮਤੀ ਨਾਲ ਹੋਈਆਂ ਇਨ੍ਹਾਂ
ਨਿਯੁਕਤੀਆਂ ਤੋਂ ਬਾਅਦ ਸੁਖਮਿੰਦਰ ਸਿੰਘ ਹੰਸਰਾ ਨੇ ਦੱਸਿਆ ਕਿ ਇਸ ਕਾਨਫਰੰਸ
ਦੌਰਾਨ ਇੱਕ ਸਟੋਰ ਵਾਲੇ ਵਪਾਰੀ ਵਲੋਂ ਮੀਡੀਆਕਾਰਾਂ ਦੇ ਐਡਾਂ ਦੇ ਪੈਸੇ ਨਾ
ਦੇਣ ਅਤੇ ਇੱਕ ਮੀਡੀਆਕਾਰ ਨਾਲ ਬਦਸਲੂਕੀ ਕਰਨ ਦੇ ਪ੍ਰਸਤਾਵ ਨੂੰ ਪਹਿਲ ਦੇ
ਆਧਾਰ ਤੇ ਨਜਿੱਠਿਆ ਜਾਵੇਗਾ। ਉਨ੍ਹਾਂ ਕਿਹਾ ਕਿ ਲੈਣ ਦੇਣ ਦਾ ਬਖਾਧ ਹੋ ਸਕਦਾ
ਹੈ, ਪਰ ਬਦਸਲੂਕੀ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸ੍ਰ.
ਹੰਸਰਾ ਨੇ ਕਿਹਾ ਕਿ ਜਿਉਂ ਹੀ ਵੀਰਵਾਰ ਨੂੰ ਉਨ੍ਹਾਂ ਨੂੰ ਇਹ ਸੇਵਾ ਸਪੁਰਦਗੀ
ਕੀਤੀ ਜਾਂਦੀ ਹੈ, ਉਹ ਪਹਿਲ ਦੇ ਆਧਾਰ ਤੇ ਉਕਤ ਵਪਾਰੀ ਨਾਲ ਮਸਲਾ ਨਜਿੱਠਣਗੇ।
ਐਤਵਾਰ ਨੂੰ ਵਰਲਡ ਕਬੱਡੀ ਕੱਪ ਦੇ ਸਮਾਪਤ ਹੋਣ ਤੋਂ ਬਾਅਦ 2 ਵਜ੍ਹੇ ਮੌਂਟੀ
ਕਾਰਲੋ ਇਨ ਦੇ ਬੋਰਡਰੂਮ ਵਿੱਚ ਪੰਜਾਬੀ ਪ੍ਰੈੱਸ ਕਲੱਬ ਦੀ 10ਵੀਂ ਸਲਾਨਾ
ਕਾਨਫਰੰਸ ਸ਼ੁਰੂ ਹੋਈ। ਜਗਦੇਵ ਸਿੰਘ ਤੂਰ (ਸੁਰ ਸਾਜ ਰੇਡੀਓ) ਨੂੰ ਇਸ
ਕਾਨਫਰੰਸ ਦੇ ਚੇਅਰਮੈਨ ਨਿਯੁਕਤ ਕਰਕੇ ਅੱਜ ਦਾ ਏਜੰਡਾ ਉਨ੍ਹਾਂ ਦੇ ਸਪੁਰਦ ਕਰ
ਦਿੱਤਾ ਗਿਆ। ਜਗਦੇਵ ਸਿੰਘ ਤੂਰ ਨੇ ਇਕ ਦਮ ਕਿਸੇ ਪੇਸ਼ਾਵਰ ਚੇਅਰਮੈਨ ਵਾਂਗ
ਆਪਣੀ ਜਿੰਮੇਵਾਰੀ ਨੂੰ ਸਮਝਦਿਆਂ ਏਜੰਡੇ ਤੇ ਦਰਜ ਇੱਕ ਤੋਂ ਬਾਅਦ ਇੱਕ ਆਈਟਮ
ਨੂੰ ਬੜੇ ਵਧੀਆ ਢੰਗ ਨਾਲ ਤਰਤੀਬ ਦੇਣੀ ਸ਼ੁਰੂ ਕੀਤੀ।
ਪਿਛਲੀ
ਸੇਵਾ-ਕਾਲ ਦੇ ਸਹਿ ਕੋਆਰਡੀਨੇਟਰ ਪ੍ਰੀਤ ਹੀਰ ਨੇ ਸਭ ਨੂੰ ਜੀ ਆਇਆਂ ਕਿਹਾ
ਅਤੇ ਕਾਨਫਰੰਸ ਨੂੰ ਆਰੰਭ ਕਰਨ ਦੀ ਰਸਮ ਨਿਭਾਈ। ਉਨ੍ਹਾਂ ਦੱਸਿਆ ਕਿ
ਕੋਆਰਡੀਨੇਟਰ ਟਹਿਲ ਸਿੰਘ ਬਰਾੜ ਪ੍ਰੀਵਾਰਿਕ ਰੁਝੇਵਿਆਂ ਸਦਕਾ ਪੰਜਾਬ ਨੂੰ
ਚਲੇ ਗਏ ਅਤੇ ਉਹ ਖੁਦ ਆਪਣੇ ਵਪਾਰਕ ਰੁਝੇਵਿਆਂ ਵਿੱਚ ਮਸ਼ਰੂਫ ਰਹਿਣ ਸਦਕਾ
ਜਿਆਦਾ ਸਮ੍ਹਾਂ ਨਹੀਂ ਦੇ ਕੇ, ਪਰ ਇਸਦੇ ਬਾਵਜੂਦ ਪੰਜਾਬੀ ਪ੍ਰੈੱਸ ਕਲੱਬ ਨੇ
ਪਿਛਲੇ ਸੇਵਾ-ਕਾਲ ਦੌਰਾਨ ਸੂਬਾਈ ਅਤੇ ਫੈਡਰਲ ਚੋਣਾਂ ਦੀਆਂ ਡੀਬੇਟਾਂ ਕਰਵਾ
ਕੇ ਬਹੁਤ ਵਧੀਆ ਅਤੇ ਮਿਆਰੀ ਕਾਰਜ ਕੀਤਾ ਸੀ।
ਕਲੱਬ ਦੇ ਸੀਨੀਅਰ ਮੈਂਬਰ ਸ੍ਰ. ਜੋਗਿੰਦਰ ਸਿੰਘ ਗਰੇਵਾਲ ਨੇ ਇਸ ਮੌਕੇ
ਪੰਜਾਬੀ ਪ੍ਰੈੱਸ ਕਲੱਬ ਦੀਆਂ ਪਿਛਲੇ ਦਸ ਸਾਲ ਦੀਆਂ ਪ੍ਰਾਪਤੀਆਂ ਤੇ ਪੰਛੀ
ਝਾਤ ਮਾਰੀ ਅਤੇ ਅੱਗੇ ਤੋਂ ਕਲੱਬ ਨੂੰ ਹੋਰ ਸਾਰਥਕ ਲੀਹਾਂ ਤੇ ਤੋਰਨ ਦੀ ਲੋੜ
ਤੇ ਜ਼ੋਰ ਦਿੱਤਾ।
ਇਸ ਮੌਕੇ ਇਸ ਮਸਲੇ ਤੇ ਲੰਬੀ ਬਹਿਸ ਛਿੜੀ ਕਿ ਟਹਿਲ ਸਿੰਘ ਬਰਾੜ ਦੀ
ਗੈਰਹਾਜ਼ਰੀ, ਪੰਜਾਬੀ ਪ੍ਰੈੱਸ ਕਲੱਬ ਲਈ ਚੰਗੀ ਨਹੀਂ ਰਹੀ। ਇਸ ਤੇ ਸਭ
ਮੈਂਬਰਾਂ ਦੀ ਰਾਇ ਬਣੀ ਕਿ ਅਗਾਂਹ ਨੂੰ ਅਗਰ ਕੋਈ ਕੋਆਰਡੀਨੇਟਰ 3 ਮੀਟਿੰਗ
ਵਿੱਚ ਲਗਾਤਾਰ ਗੈਰਹਾਜ਼ਰ ਹੋ ਜਾਂਦਾ ਹੈ ਤਾਂ ਉਸਨੂੰ ਤਬਦੀਲ ਕਰਨ ਦੀ
ਪ੍ਰਕ੍ਰਿਆ ਸ਼ੁਰੂ ਕੀਤੀ ਜਾ ਸਕਦੀ ਹੈ। ਇਸ ਮਤਾ ਸਰਬ-ਸੰਮਤੀ ਨਾਲ ਪਾਸ ਕੀਤਾ
ਗਿਆ।
ਪੰਜਾਬੀ ਪ੍ਰੈੱਸ ਕਲੱਬ ਵਲੋਂ ਪਿਛਲੇ ਦੋ ਸਾਲਾਂ ਤੋਂ ਸ਼ੁਰੂ ਕੀਤੇ ਪ੍ਰਾਜੈਕਟ
ਨੂੰ ਨੇਪਰੇ ਚਾੜਨ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਦੀ ਡਿਕਸ਼ਨਰੀ
ਤਿਆਰ ਕਰਵਾਈ ਗਈ ਹੈ ਜੋ ਗਾਲਾ ਤੇ ਰੀਲੀਜ਼ ਕਰਨ ਦੀ ਕੋਸਿ਼ਸ਼ ਕੀਤੀ ਜਾਵੇਗੀ।
ਇਹ ਡਿਕਸ਼ਨਰੀ ਡਿਜੀਟਲ ਹੋਵੇਗੀ, ਜੋ ਪੰਜਾਬੀ ਪ੍ਰੈੱਸ ਕਲੱਬ ਤੋਂ ਮੁਫਤ
ਡਾਊਨਲੋਡ ਕੀਤੀ ਜਾ ਸਕੇਗੀ।
ਏਜੰਡੇ ਦੀ ਅਗਲੀ ਆਈਟਮ ਸੀ ਕਿ ਪੱਤਰਕਾਰਤਾ ਦੀਆਂ ਸੇਵਾਵਾਂ ਨਿਭਾਉਂਦਿਆਂ ਇੱਕ
ਪੱਤਰਕਾਰ ਦੇ ਹੱਕ ਹਕੂਕ ਦੇ ਨਾਲ ਨਾਲ ਪੱਤਰਕਾਰ ਦੀਆਂ ਜਿ਼ੰਮੇਵਾਰੀਆਂ ਬਾਰੇ
ਡੂੰਘੀ ਵਿਚਾਰ ਕੀਤੀ ਗਈ। ਜਰਨਲਿਜ਼ਮ ਵਿੱਚ ਪੀ.ਐਚ.ਡੀ. ਦੀ ਡਿਗਰੀ ਨਾਲ ਲੈਸ
ਡਾ. ਬਲਵਿੰਦਰ ਸਿੰਘ ਨੇ ਪੱਤਰਕਾਰੀ ਦੇ ਮੁੱਢਲੇ ਅਸੂਲਾਂ ਤੇ ਖੋਲ ਕੇ ਚਾਨਣਾ
ਪਾਇਆ। ਉਨ੍ਹਾਂ ਦੇ ਵਿਚਾਰਾਂ ਨੂੰ ਆਧਾਰ ਬਣਾ ਕੇ ਪ੍ਰੈੱਸ ਕਲੱਬ ਦੇ ਮੈਂਬਰਾਂ
ਨੇ ਸਹਿਮਤੀ ਪ੍ਰਗਟਾਈ ਕਿ ਕਿਸੇ ਮਸਲੇ ਨੂੰ ਸਨਸਨੀਖੇਜ਼ ਰੂਪ ਦੇਣ ਦੀ ਬਜਾਏ
ਟਾਕ ਸ਼ੋਅ ਆਦਿ ਮੌਕੇ ਮਸਲੇ ਦੀ ਘੋਖ ਕਰਕੇ ਉਸ ਉਪਰ ਗੱਲ ਕੀਤੀ ਜਾਵੇ। ਇਹ ਵੀ
ਵਿਚਾਰ ਹੋਈ ਕਿ ਮਸਲੇ ਤੇ ਟਾਕਸ਼ੋਅ ਕਰਨ ਲਈ ਕਾਹਲੀ ਨਾ ਵਰਤੀ ਜਾਵੇ ਸਗੋਂ
ਮੁੱਦੇ ਨੂੰ ਜਾਣ ਤੇ ਫੇਰ ਹੀ ਟਾਕਸ਼ੋਅ ਕੀਤਾ ਜਾਵੇ।
ਇਥੇ ਇਹ ਵੀ ਵਿਚਾਰ ਕੀਤੀ ਗਈ ਕਿ ਪੱਤਰਕਾਰਤਾ ਦੇ ਅਧਿਕਾਰ ਖੇਤਰ ਵਿੱਚ ਇਹ
ਹਰਗਿਜ਼ ਨਹੀਂ ਆਉਂਦਾ ਕਿ ਕੋਈ ਪੱਤਰਕਾਰ ਕਿਸੇ ਦੇ ਬੈਡਰੂਮ ਜਾਂ ਰਸੋਈ ਤੱਕ
ਪਹੁੰਚੇ। ਮੁੱਦੇ ਨੂੰ ਮੁੱਦਾ ਬਣਾ ਕੇ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਕੋਈ
ਪੱਤਰਕਾਰੀ ਕਿਸੇ ਦੀ ਮਿੱਟੀ ਨਾ ਪੁੱਟੇ। ਮੀਡੀਆਕਾਰਾਂ ਨੂੰ ਮੀਡੀਏ ਦੇ ਖੇਤਰ
ਤੱਕ ਮਹਿਦੂਦ ਰਹਿਣਾ ਚਾਹੀਦਾ ਹੈ। ਮੀਡੀਆਕਾਰ ਝੰਡਾ ਚੁੱਕ ਕੇ ਲੀਡਰ ਬਣਨ ਦੀ
ਕੋਸਿ਼ਸ਼ ਨਾ ਕਰੇ। ਇਸ ਮੌਕੇ ਡਾ. ਬਲਵਿੰਦਰ ਸਿੰਘ ਅਪੀਲ ਕੀਤੀ ਗਈ, ਜੋ
ਉਨ੍ਹਾਂ ਪ੍ਰਵਾਨ ਕੀਤੀ ਕਿ ਉਹ ਸੰਖੇਪ ਰੂਪ ਵਿੱਚ “ਪੱਤਰਕਾਰੀ ਦੇ ਹੱਕ ਅਤੇ
ਫਰਜ਼” ਦਸਤਾਵੇਜ਼ ਤਿਆਰ ਕਰਕੇ ਪ੍ਰੈੱਸ ਕਲੱਬ ਦੇ ਮੈਂਬਰਾਂ ਨੂੰ ਦੇਣ ਤਾਂ ਕਿ
ਹਰ ਮੈਂਬਰ ਇਸ ਤੋਂ ਕੋਈ ਸੇਧ ਲੈ ਸਕੇ।
ਪੱਤਰਕਾਰ ਦੇ ਹੱਕ ਅਤੇ ਜਿ਼ੰਮੇਵਾਰੀਆਂ ਤੋਂ ਇਲਾਵਾ ਪੱਤਰਕਾਰੀ ਦੇ ਖੇਤਰ
ਵਿੱਚ ਸਮਾਜਿਕ ਆਗੂਆਂ ਵਲੋਂ ਕੀਤੀ ਜਾਂਦੀ ਬਦਸਲੂਕੀ ਨੂੰ ਵੀ ਵਿਚਾਰਿਆ ਗਿਆ।
ਵਪਾਰਕ ਅਦਾਰਿਆਂ ਵਲੋਂ ਐਡਾਂ ਦੇ ਪੈਸੇ ਦੀ ਧੌਂਸ ਤੇ ਪੱਤਰਕਾਰਾਂ ਤੋਂ ਕੋਈ
ਖਾਸ ਮੁੱਦੇ ਦਾ ਪ੍ਰਚਾਰ ਕਰਵਾਉਣ ਦੀ ਕੋਸਿ਼ਸ਼ ਕਰਨ ਦੀ ਸਖ਼ਤ ਸ਼ਬਦਾਂ ਵਿੱਚ
ਨਿਖੇਧੀ ਕੀਤੀ ਗਈ ਅਤੇ ਪ੍ਰੈੱਸ ਕਲੱਬ ਦੇ ਮੈਂਬਰਾਂ ਨੂੰ ਭਰੋਸਾ ਦੁਆਇਆ ਗਿਆ
ਕਿ ਅਜਿਹੀ ਸਥਿਤੀ ਵਿੱਚ ਪ੍ਰੈੱਸ ਕਲੱਬ ਆਪਣੇ ਮੈਂਬਰ ਦੀ ਪਿੱਠ ਤੇ ਖੜੇਗੀ।
ਰੰਗਲੀ ਦੁਨੀਆਂ ਰੇਡੀਓ ਦੇ ਸੰਚਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ
ਨਾਲ ਇੱਕ ਵਪਾਰੀ ਵਲੋਂ 6 ਮਹੀਨੇ ਦੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਬਦਸਲੂਕੀ
ਕੀਤੀ ਗਈ ਅਤੇ ਉਨ੍ਹਾਂ ਉਪਰ ਜਿਸਮਾਨੀ ਹਮਲਾ ਕਰਨ ਤੱਕ ਨੌਬਤ ਪਹੁੰਚ ਗਈ। ਇਸ
ਬਾਰੇ ਕਾਨਫਰੰਸ ਵਿੱਚ ਬੜੀ ਚਿੰਤਾ ਨਾਲ ਵਿਚਾਰਾਂ ਕੀਤੀਆਂ ਗਈਆਂ ਅਤੇ ਅਗਲੇ
ਕੋਆਰਡੀਨੇਟਰ ਨੂੰ ਇਸ ਮਸਲੇ ਨੂੰ ਤੁਰੰਤ ਸੁਲਝਾਉਣ ਦੀ ਹਦਾਇਤ ਕੀਤੀ ਗਈ। ਇਸੇ
ਵਪਾਰੀ ਤੋਂ ਹੋਰ ਵੀ ਕਈਆਂ ਮੈਂਬਰਾਂ ਦੇ ਪੈਸੇ ਦੇਣੇ ਹਨ ਜਿਸ ਵਿੱਚ ਸਰਗਰਮ
ਰੇਡੀਓ, ਮਹਿਕ ਰੇਡੀਓ, ਅਣਖੀਲਾ ਪੰਜਾਬ ਰੇਡੀਓ ਅਤੇ ਅੱਜ ਦੀ ਆਵਾਜ਼ ਰੇਡੀਓ
ਦੇ ਨਾਮ ਸ਼ਾਮਲ ਹਨ।
ਕਾਨਫਰੰਸ ਉਸ ਵੇਲੇ ਗੰਭੀਰ ਰੂਪ ਧਾਰਨ ਕਰ ਗਈ ਜਦੋਂ ਪ੍ਰੈੱਸ ਕਲੱਬ ਦੇ
ਮੈਂਬਰਾਂ ਨੇ ਸਮਾਜਿਕ ਅਲਾਮਤਾਂ ਦਾ ਵਿਸ਼ਾ ਛੂਹਿਆ। ਨਸਿ਼ਆਂ ਦੀ ਤਸਕਰੀ ਦੇ
ਮੁੱਦੇ ਤੇ ਲੰਮੀਆਂ ਵਿਚਾਰਾਂ ਹੋਈਆਂ।
ਇੱਕ
ਸੱਜਣ ਨੇ ਦੱਸਿਆ ਕਿ ਕੁੱਝ ਅਰਸਾ ਪਹਿਲਾਂ ਕਾਲੇ ਮੂਲ ਦੇ ਸਮਾਜ ਵਿੱਚ ਜੲੋਂ
ਕੋਈ ਫੌਜਦਾਰੀ ਹੁੰਦੀ ਸੀ ਤਾਂ ਉਨ੍ਹਾਂ ਦਾ ਭਾਈਚਾਰਾ ਪੁਲੀਸ ਦੀ ਮਦਦ ਕਰਨ
ਤੋਂ ਗੁਰੇਜ਼ ਕਰਦਾ ਸੀ। ਉਸ ਵੇਲੇ ਇਹ ਧਾਰਨਾ ਆਮ ਸੀ ਕਿ ਅਗਰ ਕਾਲਾ ਮੂਲ ਦੀ
ਕਮਿਊਨਟੀ ਦੀ ਲੀਡਰਸਿ਼ਪ ਨੇ ਇਹ ਰੋਲ ਨਾ ਨਿਭਾਇਆ ਤਾਂ ਥੋੜੇ ਸਮੇਂ ਵਿੱਚ
ਕਾਲੇ ਕਾਲਿਆਂ ਦਾ ਕਤਲ ਕਰਨ ਲੱਗ ਜਾਣਗੇ। ਇਹ ਉਦਾਹਰਣ ਨੂੰ ਪਿੱਠਭੂਮੀ ਤੇ
ਰੱਖ ਕੇ ਵਿਚਾਰ ਕੀਤੀ ਗਈ ਕਿ ਪੰਜਾਬੀ ਸਮਾਜ ਵਿੱਚ ਡਰੱਗਜ਼ ਦੀ ਤਸਕਰੀ ਇਸ
ਕਦਰ ਵੱਧਦੀ ਜਾ ਰਹੀ ਹੈ ਕਿ ਕੁਝ ਸਮ੍ਹੇਂ ਬਾਅਦ ਇਹ ਬੇਕਾਬੂ ਹੋ ਜਾਵੇਗੀ। ਇਸ
ਮੌਕੇ ਸਮੂਹ ਮੈਂਬਰਾਂ ਨੇ ਆਪਣੀ ਜਿ਼ੰਮੇਵਾਰੀ ਸਮਝਦਿਆਂ ਇਸ ਬਾਰੇ ਜਾਗਰੂਕਤਾ
ਲਹਿਰ ਚਲਾਉਣ ਦਾ ਅਹਿਦ ਲਿਆ।
ਇਸ ਤੋਂ ਇਲਾਵਾ ਯੂਥ ਵਾਏਲੈਂਸ ਅਤੇ ਗੈਂਗਜ ਬਾਰੇ 1-1 ਮਹੀਨਾ ਲਗਾਤਾਰ
ਜਾਗਰੂਕਤਾ ਪੈਦਾ ਕਰਨ ਦੀ ਕੋਸਿ਼ਸ਼ ਕਰਨ ਦੇ ਮਤੇ ਪਾਸ ਕੀਤੇ ਗਏ। ਇਸ ਮਤੇ
ਨੂੰ ਸਮ੍ਹਾਂ ਵੱਧ ਕਰਨ ਲਈ 2 ਮਹੀਨੇ ਦਾ ਵਕਤ ਦਿੱਤਾ ਗਿਆ ਜਿਸ ਵਿੱਚ ਸਮੂਹ
ਰੇਡੀਓ, ਟੀਵੀ ਅਖਬਾਰਾਂ ਵਿੱਚ ਇਸ ਦਾ ਖੁੱਲ ਕੇ ਪ੍ਰਚਾਰ ਕੀਤਾ ਜਾਵੇਗਾ।
ਭਰੂਤ ਹੱਤਿਆ ਬਾਰੇ ਜਲਦੀ ਹੀ ਸੈਮੀਨਾਰਾਂ ਦੀ ਲੜੀ ਆਰੰਭੀ ਜਾਵੇਗੀ ਜਿਸ ਵਿੱਚ
ਲੋਕਾਂ ਨੂੰ ਐਜੂਕੇਸ਼ਨ ਦਿੱਤੀ ਜਾਵੇ।
ਜਿਹੜੇ ਵਪਾਰੀ ਐਡਾਂ ਲੁਆ ਕੇ ਪੈਸੇ ਮਾਰਨ ਦੀ ਘਟੀਆ ਹਰਕਤ ਕਰਦੇ ਹਨ ਉਨ੍ਹਾਂ
ਨੂੰ ਪੰਜਾਬੀ ਪ੍ਰੈੱਸ ਕਲੱਬ ਵਲੋਂ ਲਮਮੇ ਹੱਥੀਂ ਲਿਆ ਜਾਵੇਗਾਮ ਬਸ਼ਰਤੇ ਕਲੱਬ
ਦੇ ਮੈਂਬਰ ਨਾਲ ਵਪਾਰੀ ਦਾ ਇਕਰਾਰਨਾਮਾ ਹੋਵੇ ਜਾਂ ਇੱਕ ਮਹੀਨੇ ਤੋਂ ਵੱਧ ਐਡ
ਚੱਲਣ ਵਿੱਚ ਘੱਟੋ ਘੱਟ ਇੱਕ ਪੇਮੈਂਟ ਵਸੂਲੀ ਕੀਤੀ ਗਈ ਹੋਵੇ। ਇਥੇ ਵਪਾਰਕ
ਅਦਾਰਿਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਐਡ ਸ਼ੁਰੂ ਜਾਂ ਬੰਦ ਕਰਨ ਲਈ
ਢੁੱਕਵੇਂ ਸਮੇਂ ਦਾ ਲਿਖਤੀ ਨੋਟਿਸ ਦਿੱਤਾ ਜਾਣਾ ਚਾਹੀਦਾ ਹੈ। ਜ਼ੁਬਾਨੀ
ਕਲਾਮੀ ਕੀਤੀ ਗੱਲ ਤੇ ਨਿਰਣਾ ਲੈਣਾ ਮੁਸ਼ਕਲ ਹੈ।
ਪ੍ਰੈੱਸ ਕਲੱਬ ਨੇ ਫੈਸਲਾ ਕੀਤਾ ਕਿ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ
ਅਮਰੀਕਾ ਦੇ ਵੱਖ ਵੱਖ ਸੂਬਿਆਂ ਵਿੱਚ ਬਣੀਆਂ ਪ੍ਰੈੱਸ ਕਲੱਬਾਂ ਜਾਂ
ਐਸੋਸੀਏਸ਼ਨਾਂ ਨਾਲ ਰਾਬਤਾ ਕਰਕੇ ਸਾਰੀਆਂ ਨੂੰ ਇੱਕ ਮੰਚ ਤੇ ਇਕੱਠੇ ਕਰਨ ਦਾ
ਉਪਰਾਲਾ ਕੀਤਾ ਜਾਵੇਗਾ।
ਪੰਜਾਬੀ ਪ੍ਰੈਸ ਕਲੱਬ ਦੇ ਬਾਈ ਲਾਅਜ਼ ਨੂੰ ਮੰਨਜ਼ੂਰੀ ਦਿੱਤੀ ਗਈ ਅਤੇ ਹੋਰ
ਕੁੱਝ ਸਮਾਜ ਪ੍ਰਤੀ ਜਿ਼ੰਮੇਵਾਰੀਆਂ ਦੇ ਮਤੇ ਪਾਸ ਕੀਤੇ ਗਏ।
ਵਿਸ਼ੇਸ਼ ਤੌਰ ਤੇ ਸੀ ਜੇ ਐਮ ਆਰ ਦੀ ਮੈਨੇਜਮੈਂਟ ਦਾ ਧੰਂਵਾਦ ਕਰਦਿਆਂ
ਉਨ੍ਹਾਂ ਨੂੰ ਵੀਰਵਾਰ ਨੂੰ ਹੋਰ ਰਹੀ ਗਾਲਾ ਤੇ ਸਨਮਾਨਿਤ ਕਰਨ ਦਾ ਫੈਸਲਾ
ਕੀਤਾ ਗਿਆ। ਇਸ ਤੋਂ ਇਲਾਵਾ ਸੇਵਾ ਫੁਡ ਬੈਂਕ ਦੇ ਸੇਵਾਦਾਰਾਂ ਨੂੰ ਗੁਰੂ
ਨਾਨਕ ਸਾਹਿਬ ਜੀ ਦੇ ਫਲਸਫੇ ਤੇ ਪਹਿਰਾ ਦਿੰਦਿਆਂ ਕਾਰਜ ਕਰਨ ਲਈ ਸਨਮਾਨਿਤ
ਕਰਨ ਦਾ ਫੈਸਲਾ ਲਿਆ ਗਿਆ।
ਡਾ. ਸਲਮਨ ਨਾਜ਼ ਨੂੰ “ਸੁਰਖਾਬੀਆਂ” ਕਿਤਾਬ ਛਾਪ ਕੇ ਪਾਠਕਾਂ ਦੇ ਭੇਂਟ ਕਰਨ
ਲਈ ਵਧਾਈ ਦਿੱਤੀ ਗਈ।
ਪੰਜਾਬੀ ਪ੍ਰੈੱਸ ਕਲੱਬ ਵਲੋਂ ਕਹਾਣੀਕਾਰ ਜਰਨੈਲ ਸਿੰਘ ਨੂੰ ਸ਼੍ਰੋਮਣੀ ਅਵਾਰਡ
ਲਈ ਚੁਣੇ ਜਾਣੇ ਤੇ ਵਧਾਈ ਦਿੱਤੀ ਗਈ ਅਤੇ ਅਵਾਰਡ ਹਾਸਿਲ ਕਰਕੇ ਕੈਨੇਡਾ ਪਰਤਣ
ਮੌਕੇ ਉਨ੍ਹਾਂ ਨੂੰ ਪੰਜਾਬੀ ਪ੍ਰੈੱਸ ਕਲੱਬ ਵਲੋਂ ਸਨਮਾਨਿਤ ਕਰਨ ਦਾ ਮਤਾ ਪਾਸ
ਕੀਤਾ ਗਿਆ।
ਕੈਨੇਡਾ ਦੀ ਕਬੱਡੀ ਟੀਮ ਵਲੋਂ ਜਿਸ ਤਰ੍ਹਾਂ ਵਿਸਵ ਕਬੱਡੀ ਕੱਪ ਵਿੱਚ ਕੈਨੇਡਾ
ਦਾ ਨਾਮ ਉੱਚਾ ਕੀਤਾ ਹੈ। ਉਸ ਲਈ ਕਲੱਬ ਦੇ ਸਮੁੱਚੇ ਪ੍ਰਬੰਧਕਾਂ ਅਤੇ
ਖਿਡਾਰੀਆਂ ਨੂੰ ਵਧਾਈ ਦਿੱਤੀ ਗਈ ਅਤੇ ਕੈਨੇਡਾ ਪੁੱਜਣ ਤੇ ਉਨ੍ਹਾਂ ਦਾ ਸਨਮਾਨ
ਕਰਨ ਦਾ ਫੈਸਲਾ ਲਿਆ ਗਿਆ।
ਕਾਨਫਰੰਸ ਦੇ ਅਖੀਰ ਵਿੱਚ ਅਗਲੇ ਸਾਲ ਦੀ ਕਾਰਜਕਾਰਨੀ ਚੁਣਨ ਦਾ ਪ੍ਰਸਤਾਵ
ਸਾਹਮਣੇ ਰੱਖਿਆ ਗਿਆ। ਕਿਸੇ ਹੋਰ ਦਾ ਨਾਲ ਆਂਉਣ ਤੋਂ ਪਹਿਲਾਂ ਹੀ ਇਸ ਗੱਲ
ਨੂੰ ਮੱਦੇਨਜ਼ਰ ਰੱਖਦਿਆਂ ਕਿ ਸੁਖਮਿੰਦਰ ਸਿੰਘ ਹੰਸਰਾ ਨੇ ਹਮੇਸ਼ਾਂ ਪੰਜਾਬੀ
ਪ੍ਰੈੱਸ ਕਲੱਬ ਦੇ ਕੰਮ ਨੂੰ ਪਹਿਲਕਦਮੀ ਨਾਲ ਕੀਤਾ ਹੈ ਇਸ ਲਈ ਅਗਲੇ ਸਾਲ ਦੀ
ਕੋਆਰਡੀਨੇਸ਼ਨ ਦੀ ਜਿ਼ੰਮੇਵਾਰੀ ਇਨ੍ਹਾਂ ਨੂੰ ਸੌਂਪੀ ਜਾਵੇ। ਹੰਸਰਾ ਵਲੋਂ
ਇਸਦਾ ਵਿਰੋਧ ਕਰਨ ਦੇ ਬਾਵਜੂਦ ਵੀ ਇਹ ਜਿ਼ੰਮੇਵਾਰੀ ਸਰਬ ਸੰਮਤੀ ਨਾਲ ਉਨ੍ਹਾਂ
ਦੇ ਕੰਧਿਆਂ ਤੇ ਟਿਕਾ ਦਿੱਤੀ ਗਈ।
ਇਸ ਤੋਂ ਬਾਅਦ ਤਰਤੀਬਵਾਰ ਜਗਦੇਵ ਸਿੰਘ ਤੂਰ ਨੂੰ ਸਹਿ ਕੋਆਰਡੀਨੇਟਰ, ਬੌਬ
ਦੁਸਾਂਝ ਨੂੰ ਖਜਾਨਚੀ, ਮਨੋਹਰ ਸਿੰਘ ਬੱਲ ਨੂੰ ਸਹਿ ਖਜਾਨਚੀ ਅਤੇ ਕੁਲਜੀਤ
ਸਿੰਘ ਜੰਜੂਆ ਨੂੰ ਵੈਬਮਾਸਟਰ ਨਿਯੁਕਤ ਕੀਤਾ ਗਿਆ ਹੈ।
ਅਖੀਰ ਵਿੱਚਵ ਏਅਰਪੋਰਟ ਬੁਖਾਰਾ ਤੇ ਪੰਜਾਬੀ ਪ੍ਰੈੱਸ ਕਲੱਬ ਦੇ ਮੈਂਬਰਾਂ ਲਈ
ਡਿਨਰ ਦਾ ਇੰਤਜਾਮ ਕੀਤਾ ਗਿਆ ਸੀ ਜਿਥੇ ਸਮੂਹ ਮੈਂਬਰਾਂ ਨੇ ਡਿਨਰ ਕੀਤਾ ਅਤੇ
ਵੀਰਵਾਰ ਨੂੰ ਗਾਲਾ ਦੀ ਸਫਲਤਾ ਲਈ ਵੱਚਨਵੱਧਤਾ ਸੁਹਰਾਉਂਦਿਆਂ ਵਿਦਾਇਗੀ ਲਈ।
|