|
ਗੁਰਦਵਾਰਾ ਸਿੰਘ ਸਭਾ ਸਰੀ
ਵਿਚ ਸ਼ਹੀਦੀ ਜੋੜ ਮੇਲੇ ਸਮੇਂ ਸਰਹਿੰਦ ਫਤਹਿ ਦਿਵਸੱ ਕੰਧ ਚਿਤਰ ਦੇ
ਉਦਘਾਟਨ ਦਾ ਦ੍ਰਿਸ਼ |
ਸਰੀ: ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਦੀ
ਸ਼ਹੀਦੀ ਨੂੰ ਗੁਰਦਵਾਰਾ ਸਿੰਘ ਸਭਾ ਸਰੀ ਵਿਚ ਇਕ ਬਿਲਕੁਲ ਹੀ ਵੱਖਰੇ ਤਰੀਕੇ ਨਾਲ
“ਸਰਹਿੰਦ ਫਤਹਿ ਦਿਵਸ” ਨੂੰ ਸਮਰਪਿਤ ਕੰਧ ਚਿਤਰ ਦਾ ਉਦਘਾਟਨ ਕਰਕੇ ਯਾਦ ਕੀਤਾ
ਗਿਆ।
ਸਰਹਿੰਦ ਵਿਖੇ ਛੋਟੇ ਸਾਹਿਬਜ਼ਾਦਿਆ ਅਤੇ ਮਾਤਾ ਗੁਜਰੀ ਦੀ ਅਦੁਤੀ ਲਾਸਾਨੀ ਸ਼ਹੀਦੀ
ਨੂੰ ਜਿਥੇ ਰਵਾਇਤੀ ਅਖੰਡ ਪਾਠ, ਗੁਰਮਤਿ ਵੀਚਾਰਾਂ ਤੇ ਢਾਡੀ ਪ੍ਰਸੰਗਾਂ ਰਾਹੀਂ
ਸਮੂਹ ਸਿਖ ਜਗਤ ਸ਼ਰਧਾਂਜਲੀ ਭੇਂਟ ਕਰਦਾ ਹੈ, ਗੁਰਦਵਾਰਾ ਸਿੰਘ ਸਭਾ ਸਰੀ ਵਿਖੇ
ਇਸ ਮੌਕੇ ਉਘੇ ਚਿਤਰਕਾਰ ਸ ਜਰਨੈਲ ਸਿੰਘ ਵਲੋਂ ਬਣਾਏ ਵਡ ਆਕਾਰੀ ਕੰਧ ਚਿਤਰ, ਜੋ
ਬੰਦਾ ਸਿੰਘ ਬਹਾਦਰ ਵਲੋਂ ਸਰਹਿੰਦ ,ਜਿਥੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ
ਸਿੰਘ ਨੂੰ ਨੀਹਾਂ ਵਿਚ ਚਿਣ ਕੇ ਸ਼ਹੀਦ ਕੀਤਾ ਗਿਆ ਸੀ, ਫਤਹਿ ਕਰਨ ਦਾ ਦ੍ਰਿਸ਼
ਚਿਤਰਿਆ ਗਿਆ ਹੈ, ਦਾ ਉਦਘਾਟਨ ਕਰਕੇ ਇਕ ਵਿਲੱਖਣ ਤਰੀਕੇ ਨਾਲ ਸ਼ਰਧਾਂਜਲੀ ਭੇਂਟ
ਕੀਤੀ ਗਈ।
ਚਿਤਰ ਜਿਥੇ ਜਨਸਾਧਾਰਨ ਸਿਖ ਸੰਗਤ ਨੂੰ ਇਸ ਲਾਸਾਨੀ ਸਾਕੇ ਦੀ ਯਾਦ ਦਿਵਾਉਂਦਾ
ਹੈ ਉਥੇ ਨਵੀਂ ਪੀੜੀ ਨੂੰ ਵੀ ਅਪਣੇ ਗੌਰਵਮਈ ਵਿਰਸੇ ਬਾਰੇ ਜਾਗਰੂਕ ਕਰਦਾ ਹੈ।
ਗੁਰਦਵਾਰਾ ਸਿੰਘ ਸਭਾ ਸਰੀ ਵਿਚ ਇਹ ਕੈਨੇਡਾ ਵਿਚ ਪਹਿਲਾ ਕੰਧ ਚਿਤਰ ਪ੍ਰਾਜੈਕਟ
ਹੈ ਜੋ ਸਿਖ ਇਤਹਾਸ ਦੀ ਜਾਣਕਾਰੀ ਕੰਧ ਚਿਤਰਾਂ ਰਾਹੀਂ ਗੁਰਦਵਾਰਾ ਸਾਹਿਬ ਵਿਚ
ਆਉਣ ਵਾਲੀਆਂ ਸੰਗਤਾਂ ਨੂੰ ਦਿੰਦਾ ਹੈ। ਸ ਜਰਨੈਲ ਸਿੰਘ ਨੇ ਗਲਬਾਤ ਵਿਚ ਦਸਿਆ
ਕਿ ਉਹ ਪਹਿਲਾਂ ਗੁਰਦਵਾਰਾ ਸਾਹਿਬ ਵਿਚ ਜੀਵਨ ਦਸ ਗੂਰੂ, ਭਾਈ ਘਨਈਆ ਦੀ ਮਰਹਮ
ਪੱਟੀ ਦੀ ਸੇਵਾ,ਮਾਤਾ ਖੀਵੀ ਦੀ ਲੰਗਰ ਵਿਚ ਸੇਵਾ ਤੇ ਮਹਾਰਾਜਾ ਰਣਜੀਤ ਸਿੰਘ ਦੇ
ਰਾਜਕਾਲ ਨੂੰ ਦਰਸਾਉਂਦੇ ਕੰਧ ਚਿਤਰ ਬਣਾ ਚੁਕੇ ਹਨ ਅਤੇ ਇਹ ਨਵਾਂ ਚਿਤਰ
ਸਾਹਿਬਜ਼ਾਦਿਆਂ ਦੀ ਕਰਬਾਨੀ ਮਗਰੋਂ ਬੰਦਾ ਸਿੰਘ ਬਹਾਦੁਰ ਦੀ ਸੂਰਮਗਤੀ ਨੂੰ ਪੇਸ਼
ਕਰਦਾ ਹੈ।
|