ਪੰਜਾਬੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ,
ਕੁਰੂਕਸ਼ੇਤਰ ਵੱਲੋਂ ਹਰਿਆਣਾ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ਼ ਇਕ
ਰੋਜ਼ਾ ਰਾਸ਼ਟਰੀ ਸੈਮੀਨਾਰ ‘ਵਰਸਿਟੀ ਦੇ ਸੈਨੇਟ ਹਾਲ ਵਿਖੇ ਕਰਵਾਇਆ ਗਿਆ।
‘ਸਮਕਾਲੀ ਪੰਜਾਬੀ ਸਾਹਿਤ : ਰਾਜਨੀਤਕ ਅਵਚੇਤਨ’
ਵਿਸ਼ੇ ’ਤੇ ਹੋਏ ਇਸ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਦੇ ਮੁੱਖ ਮਹਿਮਾਨ ਸਨ
-ਪੰਜਾਬੀ ਮਾਂ ਬੋਲੀ ਦੇ ਸੁਹਿਰਦ ਸਪੂਤ ਡਾ. ਜਸਪਾਲ ਸਿੰਘ, ਉਪ-ਕੁਲਪਤੀ,
ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪ੍ਰਧਾਨ ਵਜੋਂ ਲੈਫ਼: ਜਨਰਲ ਡਾ. ਡੀ. ਡੀ.
ਐਸ. ਸੰਧੂ, ਉਪ-ਕੁਲਪਤੀ, ਕੁਰੂਕਸ਼ੇਤਰ ਯੂਨੀਵਰਸਿਟੀ ਨੇ ਸ਼ਮੂਲੀਅਤ ਕੀਤੀ। ਸ.
ਸੁਖਚੈਨ ਸਿੰਘ ਭੰਡਾਰੀ, ਡਾਇਰੈਕਟਰ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵਿਸ਼ੇਸ਼
ਮਹਿਮਾਨ ਵਜੋਂ ਸ਼ਾਮਲ ਸਨ। ਪੰਜਾਬੀ ਵਿਭਾਗ ਦੇ ਚੇਅਰਮੈਨ ਪ੍ਰੋਫ਼ੈਸਰ (ਡਾ.)
ਹਰਸਿਮਰਨ ਸਿੰਘ ਰੰਧਾਵਾ ਨੇ ‘ਜੀ ਆਇਆਂ’ ਕਹਿਣ ਦੀ ਰਸਮ ਨਿਭਾਉਂਦਿਆਂ
ਕੁਰੂਕਸ਼ੇਤਰ ਯੂਨੀਵਰਸਿਟੀ ਦੇ 1979 ਈ: ’ਚ ਸਥਾਪਤ ਪੰਜਾਬੀ ਵਿਭਾਗ ਵੱਲੋਂ
ਸਫ਼ਲਤਾ ਸਹਿਤ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਵਿਭਿੰਨ ਨੁਕਤਾ-ਇ-ਨਿਗ਼ਾਹ ਤੋਂ
ਵਾਚਨ ਅਤੇ ਵਿਚਾਰਨ ਦੇ ਸੰਦਰਭ ਵਿਚ ਕੀਤੀਆਂ ਜਾ ਰਹੀਆਂ ਰਚਨਾਤਮਕ ਅਤੇ
ਖੋਜਾਤਮਕ ਗਤੀਵਿਧੀਆਂ ਦੀ ਜਾਣਕਾਰੀ ਹਾਜ਼ਰੀਨ ਨਾਲ਼ ਸਾਂਝੀ ਕੀਤੀ ਅਤੇ ਇਸ
ਸੰਦਰਭ ਵਿਚ ਭਵਿੱਖੀ ਯੋਜਨਾਵਾਂ ਦਾ ਖ਼ੁਲਾਸਾ ਕੀਤਾ। ਲੋਕਯਾਨ ਅਤੇ ਪੰਜਾਬੀ
ਸਭਿਆਚਾਰ ਦੇ ਮਾਹਰ ਪ੍ਰਸਿਧ ਪੰਜਾਬੀ ਚਿੰਤਕ ਪ੍ਰੋਫ਼ੈਸਰ ਜਸਵਿੰਦਰ ਸਿੰਘ,
ਪੰਜਾਬੀ ਯੂਨੀਵਰਸਿਟੀ, ਵੱਲੋਂ ਸੈਮੀਨਾਰ ਦੇ ਵਿਸ਼ੇ ਬਾਰੇ ਮੁੱਖ ਭਾਸ਼ਣ ਪੇਸ਼
ਕੀਤਾ ਗਿਆ ਜਿਸ ਵਿਚ ਫ਼ਰਾਇਡ ਅਤੇ ਯੁੰਗ ਵਰਗੇ ਫ਼ਿਲਾਸਫ਼ਰਾਂ ਤੋਂ ਗੱਲ ਅਰੰਭ
ਕਰਕੇ ਫ਼ਰੈਡਰਿਕ ਜੇਮਸਨ ਦੇ ਰਾਜਨੀਤਕ ਅਵਚੇਤਨ ਬਾਰੇ ਪੇਸ਼ ਖ਼ਿਆਲ ਦੇ ਹਵਾਲਿਆਂ
ਸਹਿਤ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਮਨੁੱਖ ਚੇਤਨ ਤੌਰ ’ਤੇ ਕਿੰਨਾ ਵੀ
ਆਪਣੇ ਆਪ ਨੂੰ ਮਖ਼ੌਟਿਆਂ ’ਚ ਲੁਕੋ ਕੇ ਤੁਰਿਆ ਫ਼ਿਰੇ ਪਰ ਉਸਦੇ ਅਵਚੇਤਨ ’ਚ
ਪਿਆ ਯਥਾਰਥ ਅਕਸਰ ਪ੍ਰਤੱਖ ਹੋ ਜਾਂਦਾ ਹੈ ਅਤੇ ਉਸ ਨਾਲ਼ ਮਨੁੱਖ ਦੇ ਵਿਅਕਤੀਤਵ
ਦੀ ਸਹੀ ਤਸਵੀਰ ਸਾਹਮਣੇ ਆ ਜਾਂਦੀ ਹੈ।
ਮੁੱਖ ਮਹਿਮਾਨ ਡਾ. ਜਸਪਾਲ ਸਿੰਘ ਨੇ ਆਪਣੇ ਸੰਬੋਧਨ
ਵਿਚ ਰਾਜਨੀਤੀ ਅਤੇ ਧਰਮ ਦੇ ਆਪਸੀ ਸਬੰਧ ਦੀ ਵਿਆਖਿਆ ਰਾਹੀਂ ਰਾਜਨੀਤਕ
ਅਵਚੇਤਨ ਦੇ ਸੰਦਰਭ ਵਿਚ ਗੁਰਮਤਿ ਵਿਚਾਰਧਾਰਾ ਵਿਚੋਂ ਆਪਣੇ ਰਵਾਇਤੀ ਸ਼ਾਇਰਾਨਾ
ਅੰਦਾਜ਼ ਵਿਚ ਵਿਸ਼ੇ ’ਤੇ ਚਰਚਾ ਕੀਤੀ ਅਤੇ ਸਮਕਾਲੀ ਪੰਜਾਬੀ ਕਵਿਤਾ ਤੇ ਹਾਇਕੂ
ਕਾਵਿ ਵਿਧਾ ਵਿਚੋਂ ਰਾਜਨੀਤਕ ਅਵਚੇਤਨ ਭਰਪੂਰ ਕ੍ਰਿਤਾਂ ਦੀ ਨਿਸ਼ਾਨਦੇਹੀ
ਕੀਤੀ। ਲੈਫ਼: ਜਨਰਲ ਡਾ. ਡੀ. ਡੀ. ਐਸ. ਸੰਧੂ ਉਪ-ਕੁਲਪਤੀ ਕੁਰੂਕੁਸ਼ੇਤਰ
‘ਵਰਸਿਟੀ ਨੇ ਆਪਣੇ ਪ੍ਰਧਾਨਗੀ ਲਫ਼ਜ਼ਾਂ ਰਾਹੀਂ ਵਿਸ਼ੇ ਨੂੰ ਮਹੱਤਵਪੂਰਨ ਕਿਹਾ
ਤੇ ਪੰਜਾਬੀ ਵਿਭਾਗ ਨੂੰ ਹੋਰ ਨਿੱਠ ਕੇ ਪੰਜਾਬੀ ਭਾਸ਼ਾ ਦੀ ਸੇਵਾ ਲਈ ਤਤਪਰ
ਰਹਿਣ ਦਾ ਸੁਨੇਹਾ ਦਿੱਤਾ ਅਤੇ ਨਾਲ਼ ਹੀ ਹਰ ਪ੍ਰਕਾਰ ਦੇ ਸਹਿਯੋਗ ਦਾ ਭਰੋਸਾ
ਦੁਹਰਾਇਆ। ਸੁਖਚੈਨ ਸਿੰਘ ਭੰਡਾਰੀ ਨੇ ਹਰਿਆਣਾ ਸਰਕਾਰ ਦੁਆਰਾ ਪੰਜਾਬੀ ਭਾਸ਼ਾ
ਦੀ ਪ੍ਰਫ਼ੁਲਤਾ ਲਈ ਜਾਰੀ ਯਤਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ
ਲਈ ਸਜਾਏ ਜਾਣ ਵਾਲ਼ੇ ਹਰ ਦੀਵਾਨ ਲਈ ਸਰਕਾਰ ਮਾਇਕ ਮੱਦਦ ਨਾਲ਼ ਹਮੇਸ਼ਾ ਅੰਗ-ਸੰਗ
ਰਹੇਗੀ। ਡਾ. ਹਰਸਿਮਰਨ ਸਿੰਘ ਰੰਧਾਵਾ ਦੀ ਪੇਸ਼ਕਸ਼ ਅਤੇ ਪੰਜਾਬੀ ਤਰਨੁਮ ਭਰਪੂਰ
ਗ਼ਜ਼ਲਕਾਰੀ ਦੇ ਸੁਪ੍ਰਸਿਧ ਹਸਤਾਖ਼ਰ ਡਾ. ਰਾਬਿੰਦਰ ਸਿੰਘ ਮਸਰੂਰ ਦੀ ਪੁਰਸੋਜ਼
ਆਵਾਜ਼ ਵਿਚ ਗਾਈਆਂ ਗ਼ਜ਼ਲਾਂ ਦੀ ਆਡੀਓ ਸੀ. ਡੀ. ਨੂੰ ਮੁਖ ਮਹਿਮਾਨ ਸਹਿਤ
ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਲੋਕ ਅਰਪਿਤ ਕੀਤਾ ਗਿਆ। ਇਸ ਸੈਸ਼ਨ ਦੌਰਾਨ ਡਾ.
ਗੁਰਪ੍ਰੀਤ ਕੌਰ ਦੁਆਰਾ ਰਚਿਤ ਪੁਸਤਕ ‘ਜਿਤੁ ਜੰਮੈ ਰਾਜਾਨ’ ਦਾ ਲੋਕ ਅਰਪਣ ਵੀ
ਹੋਇਆ।
ਇਸ ਸੈਮੀਨਾਰ ਦੇ ਡਾਇਰੈਕਟਰ ਪ੍ਰੋਫ਼ੈਸਰ ਰਾਜਿੰਦਰ
ਸਿੰਘ ਭੱਟੀ ਨੇ ਉਦਘਾਟਨੀ ਸੈਸ਼ਨ ਦਾ ਸੰਚਾਲਨ ਬੜੇ ਭਾਵਪੂਰਨ ਅੰਦਾਜ਼ ਵਿਚ
ਕੀਤਾ।
ਸੈਮੀਨਾਰ ਦੇ ਦੂਜੇ ਅਤੇ ਤਕਨੀਕੀ ਸੈਸ਼ਨ ਦੀ ਪ੍ਰਧਾਨਗੀ
ਪੰਜਾਬ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਜਸਪਾਲ ਕੌਰ ਕਾਂਗ ਨੇ ਕੀਤੀ। ਡਾ.
ਸੁਖਦੇਵ ਸਿੰਘ, ਮੁਖੀ, ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ, ਨੇ
ਆਪਣੇ ਪਰਚੇ ਵਿਚ ਨਾਰੀ ਕਾਵਿ ਦੇ ਇਤਿਹਾਸਕ ਪਰਿਪੇਖ ਵਿਚ ਚਰਚਾ ਕਰਦਿਆਂ
ਪੰਜਾਬੀ ਕਵਿਤਰੀਆਂ ਦੀਆਂ ਕਵਿਤਾਵਾਂ ਵਿਚ ਪੇਸ਼ ਰਾਜਨੀਤਕ ਅਵਚੇਤਨੀ ਪ੍ਰਵਾਹ
ਬਾਰੇ ਵਿਚਾਰ ਦਿੱਤੇ। ਡਾ. ਰਾਜਿੰਦਰ ਪਾਲ ਸਿੰਘ ਬਰਾੜ, ਮੁਖੀ, ਪੰਜਾਬੀ
ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਨੇ ‘ਸਮਕਾਲੀ ਪ੍ਰਵਾਸੀ ਪੰਜਾਬੀ
ਕਵਿਤਾ : ਰਾਜਸੀ ਅਵਚੇਤਨ’ ਵਿਸ਼ੇ ਤਹਿਤ ਆਪਣੀ ਗੱਲ ਕਰਦਿਆਂ ਚੇਤਨ ਅਤੇ
ਅਵਚੇਤਨ ਵਿਚਲੇ ਪਾੜੇ ਦਾ ਜ਼ਿਕਰ ਕੀਤਾ ਅਤੇ ਇਸ ਪਾੜੇ ਲਈ ਧਰਮ, ਸਮਾਜ ਅਤੇ
ਰਾਜਨੀਤੀ ਨੂੰ ਜਿੰਮੇਵਾਰ ਠਹਿਰਾਉਂਦਿਆਂ ਸਮੂਹਕ ਅਵਚੇਤਨ ਬਾਰੇ ਚਰਚਾ ਕੀਤੀ।
‘ਸਮਕਾਲੀ ਪੰਜਾਬੀ ਵਾਰਤਕ : ਰਾਜਨੀਤਕ ਅਵਚੇਤਨ’ ਦੇ ਸੰਦਰਭ ਵਿਚ ਆਪਣੇ
ਉਪ-ਵਿਸ਼ੇ ’ਤੇ ਬੋਲਦਿਆਂ ਸੁਪ੍ਰਸਿੱਧ ਵਾਰਤਕਕਾਰ ਅਤੇ ਸੇਵਾਮੁਕਤ ਪ੍ਰੋਫ਼ੈਸਰ
ਕੁਲਦੀਪ ਸਿੰਘ ਧੀਰ ਨੇ ਬੇਬਾਕ ਟਿੱਪਣੀ ਕੀਤੀ ਕਿ ਅੱਜ ਦਾ ਬੁਧੀਜੀਵੀ ਵਰਗ
ਪ੍ਰਪੱਕ ਵਿਚਾਰਧਾਰਾ ਤੋਂ ਵਿੱਥ ’ਤੇ ਰਹਿ ਕੇ ਮੰਡੀ ਦੀ ਵਸਤ ਬਨਣ ਵੱਲ ਵਧ
ਰਿਹੈ ਜਿਸ ਤੋਂ ਬਚਣ ਦੀ ਲੋੜ ਹੈ। ਡਾ. ਰਵਿੰਦਰ ਸਿੰਘ, ਦਿਆਲ ਸਿੰਘ ਕਾਲਜ,
ਦਿੱਲੀ, ਨੇ ਆਪਣੇ ਪਰਚੇ ‘ਸਮਕਾਲੀ ਪੰਜਾਬੀ ਨਾਟਕ : ਰਾਜਨੀਤਕ ਅਵਚੇਤਨ’
ਉਪ-ਵਿਸ਼ੇ ਤਹਿਤ ਵਿਸ਼ੇ ਦੇ ਸਿਧਾਂਤਕ ਪੱਖ ਦੇ ਨਾਲ਼-ਨਾਲ਼ ਪੰਜਾਬੀ ਨਾਟਕਕਾਰਾਂ
ਪਾਲੀ ਭੁਪਿੰਦਰ ਸਿੰਘ, ਸਵਰਾਜਬੀਰ ਸਮੇਤ ਹੋਰ ਸਮਕਾਲੀ ਨਾਟਕਕਾਰਾਂ ਦੇ
ਨਾਟਕਾਂ ਵਿਚਲੇ ਰਾਜਨੀਤਕ ਅਵਚੇਤਨੀ ਹਵਾਲਿਆਂ ਦੇ ਸੰਦਰਭ ਵਿਚ ਖ਼ੂਬਸੂਰਤ ਚਰਚਾ
ਕੀਤੀ। ਦੂਜੇ ਸੈਸ਼ਨ ਦੇ ਪ੍ਰਧਾਨਗੀ ਭਾਸ਼ਨ ਵਿਚ ਡਾ. ਜਸਪਾਲ ਕੌਰ ਕਾਂਗ ਨੇ
ਮਰਹੂਮ ਡਾ. ਅਮਰਜੀਤ ਸਿੰਘ ਕਾਂਗ ਦੀ ਯਾਦ ਨੂੰ ਉਕਤ ਸੈਮੀਨਾਰ ਵਿਚ ਤਾਜ਼ਾ
ਰੱਖਣ ਲਈ ਨਿਭਾਈ ਸੁਹਿਰਦਤਾ ਲਈ ਸਭ ਦਾ ਧੰਨਵਾਦ ਕੀਤਾ ਅਤੇ ਪਰਚਿਆਂ ਬਾਰੇ
ਆਪਣੀਆਂ ਟਿੱਪਣੀਆਂ ਪ੍ਰਸਤੁਤ ਕੀਤੀਆਂ। ਦੂਜੇ ਸੈਸ਼ਨ ਦਾ ਸੰਚਾਲਨ ਪ੍ਰੋਫ਼ੈਸਰ
ਕਰਮਜੀਤ ਸਿੰਘ ਨੇ ਆਪਣੇ ਦਿਲਕਸ਼ ਅੰਦਾਜ਼ ਵਿਚ ਨਿਭਾਇਆ।
ਤੀਜੇ ਅਤੇ ਅੰਤਮ ਸੈਸ਼ਨ ਦੀ ਪ੍ਰਧਾਨਗੀ ਸੁਪ੍ਰਸਿੱਧ
ਵਿਦਵਾਨ ਪ੍ਰੋਫ਼ੈਸਰ ਜਗਬੀਰ ਸਿੰਘ ਨੇ ਕੀਤੀ। ਪੰਜਾਬੀ ਗਲਪ ਸਾਹਿਤ ਨੂੰ
ਸਮਰਪਿਤ ਇਸ ਸੈਸ਼ਨ ਦੇ ਪਹਿਲੇ ਵਕਤਾ ਡਾ. ਗੁਰਮੁਖ ਸਿੰਘ, ਪ੍ਰਾਧਿਆਪਕ,
ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਨੇ ਆਪਣੇ ਪਰਚੇ ‘ਸਮਕਾਲੀ ਪੰਜਾਬੀ
ਕਹਾਣੀ : ਰਾਜਨੀਤਕ ਅਵਚੇਤਨ’ ਤਹਿਤ ਪੰਜ ਚੋਣਵੀਆਂ ਕਹਾਣੀਆਂ ‘ਜ਼ੈਲਦਾਰ ਦਾ
ਪੋਤਾ’, ‘ਹਜ਼ਾਰ ਕਹਾਣੀਆਂ ਦਾ ਬਾਪ’, ਇਕਬਾਲ ਹੁਸੈਨ ਮੋਇਆ ਨਹੀਂ’, ‘ਮਲਮ’
ਅਤੇ ‘ਖੰਡੇ ਦੀ ਧਾਰ’ ਦੇ ਸੰਦਰਭ ਵਿਚ ਚਰਚਾ ਕਰਦਿਆਂ ਇਕ ਖ਼ੂਬਸੂਰਤ ਟਿੱਪਣੀ
ਪੇਸ਼ ਕੀਤੀ ਕਿ ਮਨੁੱਖਤਾ ਨੂੰ ਬਚਾਉਣ ਲਈ ਜੇ ਕੋਈ ਪਵਿੱਤਰ ਧਿਰ ਬਚੀ ਹੋਈ ਹੈ
ਤਾਂ ਉਹ ਸੁਹਿਰਦ ਲੇਖਕ ਵਰਗ ਹੀ ਹੈ। ਡਾ. ਰਜਨੀਸ਼ ਬਹਾਦਰ ਸਿੰਘ ਨੇ ਆਪਣੇ
ਪਰਚੇ ‘ਸਮਕਾਲੀ ਪ੍ਰਵਾਸੀ ਪੰਜਾਬੀ ਗਲਪ : ਰਾਜਨੀਤਕ ਅਵਚੇਤਨ’ ਰਾਹੀਂ ਭਾਈ
ਵੀਰ ਸਿੰਘ ਦੇ ਨਾਵਲਾਂ ਤੋਂ ਲੈ ਕੇ ਸਮਕਾਲੀ ਗਲਪਕਾਰੀ ਤੱਕ ਚਰਚਾ ਸਮੇਟਦਿਆਂ
ਪ੍ਰਵਾਸੀ ਪੰਜਾਬੀ ਗਲਪਕਾਰਾਂ ਦੀ ਰਚਨਾਵਾਂ ਨੂੰ ਆਪਣੀ ਚਰਚਾ ਦਾ ਵਿਸ਼ਾ
ਬਣਾਇਆ। ਪੰਜਾਬੀ ਯੂਨੀਵਰਸਿਟੀ ਦੇ ਡਾ. ਬਲਕਾਰ ਸਿੰਘ ਨੇ ਸਮਕਾਲੀ ਪੰਜਾਬੀ
ਨਾਵਲ ਨੂੰ ਆਧਾਰ ਬਣਾ ਕੇ ਰਾਜਨੀਤਕ ਅਵਚੇਤਨੀ ਛੋਹਾਂ ਭਰਪੂਰ ਨਾਵਲਾਂ ਵਿਚੋਂ
ਉਦਾਹਰਣਾਂ ਸਹਿਤ ਚਰਚਾ ਕਰਦਿਆਂ ੳ¤ੁਤਰ ਗੁਰਦਿਆਲ ਸਿੰਘ ਕਾਲ ਦੇ ਨਾਵਲਾਂ ਨੂੰ
ਆਪਣੇ ਪਰਚੇ ਦਾ ਹਿੱਸਾ ਬਣਾਇਆ।
ਅੰਤਲੇ ਸੈਸ਼ਨ ਦਾ ਸੰਚਾਲਨ ਡਾ. ਰਾਬਿੰਦਰ ਸਿੰਘ ਮਸਰੂਰ
ਨੇ ਕਾਵਿਕ ਅੰਦਾਜ਼ ਵਿਚ ਨਿਭਾਇਆ। ਸੈਮੀਨਾਰ ਵਿਚ ਦਿੱਲੀ, ਪੰਜਾਬ ਅਤੇ ਹਰਿਆਣਾ
ਦੇ ਵਿਭਿੰਨ ਕਾਲਜਾਂ ਸਮੇਤ ਕੁਰੂਕਸ਼ੇਤਰ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ
ਚੰਡੀਗੜ, ਦਿੱਲੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ
ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡੈਲੀਗੇਟ ਵਿਦਵਾਨਾਂ, ਖੋਜਾਰਥੀਆਂ
ਅਤੇ ਵਿਦਿਆਰਥੀਆਂ ਤੋਂ ਇਲਾਵਾ ਪੰਜਾਬੀ ਭਾਸ਼ਾ ਨਾਲ਼ ਸਬੰਧਤ ਉ¤ਘੀਆਂ ਹਸਤੀਆਂ
ਸ਼ਾਮਲ ਹੋਈਆਂ।
ਇਸ ਸੈਮੀਨਾਰ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਇਸ ਇਕ
ਰੋਜ਼ਾ ਸੈਮੀਨਾਰ ਜੋ ਕਿ ਸ਼ਾਮ ਦੇ ਸੱਤ ਵਜੇ ਤੱਕ ਚੱਲਿਆ, ਵਿਚ ਦੋ-ਤਿੰਨ ਰੋਜ਼ਾ
ਚੱਲਣ ਵਾਲੇ ਸੈਮੀਨਾਰਾਂ ਤੋਂ ਵੀ ਵੱਧ ਗਿਆਨ ਭਰਪੂਰ ਗੱਲਾਂ ਹੋਈਆਂ। ਵਿਸ਼ੇਸ਼
ਗੱਲ ਇਸ ਸੈਮੀਨਾਰ ਦੀ ਇਹ ਸੀ ਕਿ ਇਸ ਵਿਚ ਕਿਸੇ ਵਿਦਵਾਨ ਜਾਂ ਸਰੋਤੇ ਨੂੰ
ਜਾਣ ਦੀ ਕੋਈ ਕਾਹਲੀ ਨਹੀਂ ਸੀ। ਇਸ ਲਈ ਹਰ ਵਿਦਵਾਨ ਨੇ ਆਪਣੀ ਪੂਰੀ ਗੱਲ ਕਹੀ
ਅਤੇ ਉਸ ਨੂੰ ਸੁਣਨ ਵਾਲਿਆਂ ਨੇ ਵੀ ਬੜੇ ਸਹਿਜ ਅਤੇ ਠਰੰਮੇ ਨਾਲ ਸੁਣਿਆ ਅਤੇ
ਵਿਚਾਰਿਆ।
ਨੱਥੀ ਤਸਵੀਰਾਂ :-
1 . ਸੈਮੀਨਾਰ ਦੇ ਮੁੱਖ ਮਹਿਮਾਨ ਡਾ. ਜਸਪਾਲ ਸਿੰਘ, ਉਪ ਕੁਲਪਤੀ, ਪੰਜਾਬੀ
ਯੂਨੀਵਰਸਿਟੀ ਪਟਿਆਲਾ ਸੰਬੋਧਨ ਕਰਦੇ ਹੋਏ ਅਤੇ ਪ੍ਰਧਾਨਗੀ ਮੰਡਲ ਵਿਚ ਲੈਫ਼:
ਜਨ: ਡਾ. ਡੀ.ਡੀ.ਐਸ. ਸੰਧੂ ਉਪ ਕੁਲਪਤੀ ਕੁਰੂਕਸ਼ੇਤਰ ਯੂਨੀਵਰਸਿਟੀ ਨਾਲ਼ ਡਾ.
ਜਸਵਿੰਦਰ ਸਿੰਘ, ਸੁਖਚੈਨ ਸਿੰਘ ਭੰਡਾਰੀ, ਡਾ. ਹਰਸਿਮਰਨ ਸਿੰਘ ਰੰਧਾਵਾ ਅਤੇ
ਡਾ. ਰਜਿੰਦਰ ਸਿੰਘ ਭੱਟੀ।
2. ਸੈਮੀਨਾਰ ’ਚ ਸ਼ਿਰਕਤ ਕਰਨ ਆਏ ਵਿਦਵਾਨ ਅਤੇ ਖੋਜਾਰਥੀ ਵਕਤਾਵਾਂ ਨੂੰ
ਸੁਣਦੇ ਹੋਏ।
ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ, ਜੈਤੋ
(ਪੰਜਾਬ)
ਸੰਪਰਕ : 095017-66644
|