"ਕੈਨੇਡਾ ਵਿਚ ਪੰਜਾਬੀਆਂ ਦੇ 125 ਸਾਲ ਦੇ ਇਤਿਹਾਸ ਵਿਚ ਪੰਜਾਬੀ ਮੀਡੀਆ
ਅਤੇ ਗੁਰਦਵਾਰਿਆਂ ਦਾ ਸਥਾਪਤੀ ਵਿਚ ਅਹਿਮ ਤੇ ਸਾਰਥਕ ਯੋਗਦਾਨ ਹੈ।" ਇਹ ਵਿਚਾਰ
ਸਨ ਡਾ: ਹਰਜਿੰਦਰ ਸਿੰਘ ਵਾਲੀਆ ਦੇ ਜੋ ਉਹਨਾਂ ਨੇ ਸਰੀ ਵਿਚ ਜਰਨੈਲ ਆਰਟ ਸੈਂਟਰ
ਵਿਖੇ ਪੰਜਾਬੀ ਪਤਰਕਾਰੀ ਬਾਰੇ ਵਿਚਾਰ ਗੋਸ਼ਟੀ ਵਿਚ ਪ੍ਰਗਟਾਏ।
ਚੋਣਵੇਂ ਪਤਰਕਾਰਾਂ, ਲਿਖਾਰੀਆਂ ਤੇ
ਬੁਧੀਜੀਵੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਡਾ.ਵਾਲੀਆ ਜੋ ਪੰਜਾਬੀ
ਯੂਨੀਵਰਸਿਟੀ ਦੇ ਆਈ ਏ ਐਸ ਸਿਖਲਾਈ ਕੇਂਦਰ ਦੇ ਡਾਇਰੈਕਟਰ ਹਨ , ਨੇ ਕਿਹਾ ਕਿ
ਅਜੋਕੇ ਦੌਰ ਵਿਚ ਮੀਡੀਆ ਵਿਚ ਵਪਾਰਕ ਪੱਖ ਪ੍ਰਧਾਨ ਹੈ ਅਤੇ ਪਤਰਕਾਰ ਅਤੇ ਵਪਾਰਕ
ਏਜੰਟ ਦੇ ਰੋਲ ਰਲਗਡ ਹੋਏ ਹੋਏ ਹਨ ਅਤੇ ਆਮ ਆਦਮੀ ਦੀ ਗਲ ਅਤੇ ਵਿਕਾਸ ਦੀਆਂ
ਖਬਰਾਂ ਨੂੰ ਬਹੁਤ ਨਿਗੂਣੀ ਜਗਾਹ ਮਿਲਦੀ ਹੈ।
ਉਹਨਾਂ ਕਿਹਾ ਕਿ ਅਸੀਂ ਵਿਦਿਆਰਥੀਆਂ ਨੂੰ ਹਮੇਸ਼ਾ ਵਿਕਾਸ ਦੀਆਂ ਖਬਰਾਂ ਅਗੇ
ਲਿਆਉਣ ਦੀ ਪ੍ਰੇਰਨਾ ਦਿੰਦੇ ਰਹਿੰਦੇ ਹਾਂ। ਉਘੇ
ਫੋਟੋ ਪਤਰਕਾਰ ਜਨਮੇਜਾ ਸਿੰਘ ਜੌਹਲ ਨੇ ਕਿਹਾ ਕਿ ਹੁਣ ਲੋੜ ਹੈ ਕਿ ਅਖਬਾਰਾਂ
ਨੂੰ ਛਡ ਕੇ ਬਦਲਵੇਂ ਮੀਡੀਏ ਜਿਵੇਂ ਇਲੈਕਟਰੌਨਿਕ ਮੀਡੀਆ, ਇੰਟਰਨੈਟ ਆਦਿ ਨੂੰ
ਵਰਤਣ ਵਲ ਵਧੇਰੇ ਧਿਆਨ ਦਿਤਾ ਜਾਵੇ। ਉਹਨਾਂ ਕਿਹਾ ਕਿ ਭਵਿਖ ਵਿਚ ਇਹ ਮੀਡੀਆ
ਵਿਸਥਾਰਤ ਭੂਮਿਕਾ ਨਿਭਾਏਗਾ। ਉਹਨਾਂ ਸ੍ਰੀ
ਵਾਲੀਆ ਦੀਆਂ ਗਲਾਂ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਕਿਹਾ ਕਿ ਸਾਡੇ ਨਿਸ਼ਾਨੇ
ਸਾਂਝੇ ਹਨ ਸਿਰਫ ਕੰਮ ਕਰਨ ਦੇ ਤਰੀਕੇ ਵਖਰੇ ਹਨ।
ਪ੍ਰਸਿਧ ਖੇਡ ਲੇਖਕ ਸ੍ਰੀ ਸਰਵਣ ਸਿੰਘ ਨੇ ਕਿਹਾ ਕਿ ਮੀਡੀਆ ਬਹੁਤ
ਸਾਰਥਕ ਭੂਮਿਕਾ ਨਿਭਾ ਰਿਹਾ ਹੈ ਅਤੇ ਸਿਆਸਤ ਤੇ ਸਾਹਿਤ ਦੇ ਨਾਲ ਨਾਲ ਖੇਡਾਂ
ਬਾਰੇ ਖਬਰਾਂ ਰਾਹੀਂ ਜਾਗਰੂਕਤਾ ਪੈਦਾ ਕਰਨ ਦੇ ਨਾਲ ਨਾਲ ਪੰਜਾਬ ਨਾਲ ਵੀ ਜੋੜੀ
ਰਖਦਾ ਹੈ।
ਕੈਨੇਡਾ ਵਿਚ ਪਤਰਕਾਰੀ ਬਾਰੇ ਖੋਜ ਕਰ ਰਹੇ ਪ੍ਰੋ. ਗੁਰਵਿੰਦਰ ਸਿੰਘਧਾਲੀਵਾਲ
ਨੇ ਕਿਹਾ ਕਿ ਪਤਰਕਾਰੀ ਬਾਰੇ ਸਰੀ ਵਿਚ ਇਹ ਗੋਸ਼ਟੀ ਬਹੁਤ ਮਹਤਵਪੂਰਨ ਹੈ ਜੋ
ਭਾਈਚਾਰੇ ਦੇ ਵਿਕਾਸ ਵਿਚ ਮੀਡੀਆ ਦੀ ਭੂਮਿਕਾ ਬਾਰੇ ਗਲਬਾਤ ਕਰਦੀ ਹੈ। ਇਸ ਮੌਕੇ
ਡਾ ਰਘਬੀਰ ਸਿੰਘ ਬੈਂਸ, ਮਾਸਟਰ ਅਮਰੀਕ ਸਿੰਘ, ਸੁਖਮਿੰਦਰ ਸਿੰਘ ਚੀਮਾ,
ਗੁਰਚਰਨ ਸਿੰਘ ਸੇਖੋਂ, ਸੰਤੋਖ ਸਿੰਘ ਮੰਡੇਰ, ਰਮਨਰਿਸ਼ੀ ਸਿੰਘ ਵਾਲੀਆ,
ਗੁਰਸੇਵ ਸਿੰਘ ਪੰਧੇਰ, ਕੁਲਜੀਤ ਕੌਰ,
ਗੁਰਚਰਨ ਸਿੰਘ ਟੱਲੇਵਾਲੀਆ, ਗੁਰਦੀਪ ਭੁਲਰ, ਸਰਜਿੰਦਰ
ਦੂਹੜਾ, ਇੰਦਰਜੀਤ ਕੌਰ ਸਿਧੂ, ਪ੍ਰਿੰਸੀਪਲ
ਸੁਰਿੰਦਰਪਾਲ ਕੌਰ ਬਰਾੜ, ਰਸ਼ਪਾਲ ਸਿੰਘ ਗਿੱਲ ਆਦਿ ਸ਼ਖਸੀਅਤਾਂ ਹਾਜ਼ਰ ਸਨ।
|