ਕਬੱਡੀ ਨੂੰ
ਜਿੱਥੇ ਪਹਿਲਾਂ ਟੀਕਾ ਮਾਰਕਾ ਖਿਡਾਰੀਆਂ, ਲਾਹਾਭਾਲੂ ਪ੍ਰੋਮੋਟਰਾਂ ਵੱਲੋਂ
'ਉੱਚਾ' ਚੁੱਕਣ ਲਈ ਪੂਰੀ ਵਾਹ ਹੁਣ ਤੱਕ ਲਾਈ ਜਾ ਚੁੱਕੀ ਹੈ ਉੱਥੇ ਹੁਣ
ਕਬੱਡੀ ਨੂੰ ਸ਼ਾਹਰੁਖ ਖਾਨ ਤੇ ਉਸਦੇ ਨਾਲ ਬਠਿੰਡੇ ਵਿਸ਼ਵ ਕਬੱਡੀ ਕੱਪ
ਉਦਘਾਟਨ ਮੌਕੇ ਆਈਆਂ ਨੰਗੇ ਢਿੱਡਾਂ ਤੇ ਨੰਗੀਆਂ ਲੱਤਾਂ ਵਾਲੀਆਂ ਬੀਬੀਆਂ ਤੋਂ
ਉੱਚਾ 'ਚੁਕਵਾਉਣ' ਲਈ ਪੰਜਾਬ ਸਿਆਸਤ ਦੇ ਪ੍ਰਮੁੱਖ ਧਾਵੀ ਵਜੋਂ ਜਾਣੇ ਜਾ ਰਹੇ
ਸੁਖਬੀਰ ਬਾਦਲ ਕਾਫੀ ਵਾਹ ਵਾਹ ਖੱਟ ਗਏ ਲਗਦੇ ਹਨ ਜਿਹਨਾਂ ਨੇ ਸਿਰਫ ਅੱਧੇ
ਘੰਟੇ ਦੇ ਤਿੰਨ ਕਰੋੜ ਸ਼ਾਹਰੁਖ ਖਾਨ ਦੀ ਝੋਲੀ ਪਾ ਦਿੱਤੇ। ਬੇਸ਼ੱਕ ਇਸ ਖਰਚੇ
ਦੀ ਅਦਾਇਗੀ ਸਰਕਾਰ ਵੱਲੋਂ ਉੱਕੇ ਪੁੱਕੇ ਦਿੱਤੇ ਜਾ ਰਹੇ 5.74 ਕਰੋੜ ਰੁਪਏ
'ਚੋਂ ਹੋਣੀ ਹੈ ਪਰ ਇਹ ਵੀ ਸੋਚਣਾ ਬਣਦਾ ਹੈ ਕਿ ਸਿਰਫ ਸ਼ਾਹਰੁਖ, ਕੈਟਰੀਨਾ
ਕੈਫ ਵਰਗਿਆਂ ਨਾਲ ਫੋਟੋਆਂ ਖਿਚਵਾਉਣ ਲਈ ਹੀ ਖਰਚੇ ਪੈਸੇ ਸਰਕਾਰ ਵੱਲੋਂ
ਕਿਹੜਾ ਹਲਟ ਗੇੜ ਕੇ ਕਮਾਏ ਸਨ? ਲੋਕਾਂ ਦੁਆਰਾ, ਲੋਕਾਂ ਲਈ ਚੁਣੀ ਗਈ ਸਰਕਾਰ
'ਲੋਕਾਂ ਦੀ' ਮਾਇਆ ਦਾ ਇਉਂ ਖੁਰ-ਵੱਢ ਕਰੇ ਸ਼ਾਇਦ ਹਰ ਖੋਪੜੀ ਵਾਲਾ ਇਨਸਾਨ
ਇੱਕ ਵਾਰ ਜਰੂਰ ਸੋਚੇਗਾ।
ਇਸ
ਵਰ੍ਹੇ ਕਬੱਡੀ ਵਿਸ਼ਵ ਕੱਪ ਦੂਜੇ ਸਾਲ 'ਚ ਪ੍ਰਵੇਸ਼ ਕਰ ਗਿਐ ਪਰ ਚਿੰਤਕ ਲੋਕ
ਇਸ ਅਕਾਲੀ ਕੱਪ ਨੂੰ ਉਸ ਪਸੂ ਪਾਲਕ ਵਜੋਂ ਲੈ ਰਹੇ ਹਨ ਜੋ ਸਾਰਾ ਦਿਨ ਪਸੂਆਂ
ਨਾਲ ਪਸੂ ਹੋ ਕੇ ਇਹੀ ਸੋਚਦਾ ਰਹਿੰਦਾ ਹੈ ਕਿ ਸ਼ਾਮ ਨੂੰ ਧਾਰਾਂ ਚੋਅ ਕੇ
ਦੁੱਧ ਡੇਅਰੀ ਪਾਵਾਂਗਾ ਪਰ ਦੁੱਧ ਵੇਚਕੇ ਮਿਲੇ ਰੁਪਈਆਂ ਦੀ ਘਰ ਆਉਣ ਲੱਗਾ
ਦਾਰੂ ਦੀ ਬੋਤਲ ਲੈ ਆਵੇ। ਦੁੱਧ ਤੇ ਦਾਰੂ ਦੀ ਨਾਂ ਪੱਖੋਂ ਰਾਸ਼ੀ ਇੱਕੋ ਹੈ
ਪਰ ਤਾਸੀਰ ਵੱਖਰੀ ਹੈ। ਇੱਕ ਨੂੰ ਵੇਚਕੇ ਕੁੱਝ ਕਮਾਇਆ ਜਾ ਸਕਦੈ ਤੇ ਦੂਜੀ
ਨੂੰ ਖਰੀਦ ਕੇ ਘਰ ਲੁਟਾਇਆ ਜਾ ਸਕਦੈ। ਹੈਰਾਨ ਹੋਵੋਗੇ ਜਦ ਇਹ ਜਾਣੋਗੇ ਕਿ
ਪਿਛਲੇ ਵਿਸ਼ਵ ਕੱਪ ਵਿੱਚ ਮਾਇਆ 'ਨਿਵੇਸ਼' ਕਰਨ ਵਾਲੀਆਂ ਧਿਰਾਂ ਵਿੱਚੋਂ
ਜਿਆਦਾਤਰ ਸ਼ਰਾਬ ਦੇ ਧੰਦੇ ਨਾਲ ਜੁੜੀਆਂ ਹੋਈਆਂ ਸਨ ਜਿਹਨਾਂ ਵਿੱਚੋਂ ਖਾਸਾ
ਡਿਸਟਲਰੀ (12.50 ਲੱਖ), ਪਟਿਆਲਾ ਡਿਸਟਲਰੀ (7.50 ਲੱਖ), ਚੰਡੀਗੜ੍ਹ
ਡਿਸਟਲਰੀ (12.50 ਲੱਖ), ਪਾਇਨੀਅਰ ਇੰਡਸਟਰੀਜ ਪਠਾਨਕੋਟ (7.50 ਲੱਖ),
ਜਗਜੀਤ ਇੰਡਸਟਰੀ (7.50 ਲੱਖ), ਮਾਊਂਟ ਸਿ਼ਵਾਲਿਕ (4.95 ਲੱਖ), ਮਾਲਬਰੌਜ
ਇੰਟਰਨੈਸ਼ਨਲ (7.50 ਲੱਖ), ਐੱਨ.ਵੀ. ਡਿਸਟਿਲਰੀ (1.25 ਲੱਖ) ਆਦਿ ਸਮੇਤ
ਹੋਰ ਵੀ ਕਈਆਂ ਨੇ ਯੋਗਦਾਨ ਪਾਇਆ ਸੀ। ਹੁਣ ਸਵਾਲ ਇਹ ਪੈਦਾ ਹੁੰਦੈ ਕਿ
ਬੇਸ਼ੱਕ ਪਿਛਲੇ ਕੱਪ ਵਿੱਚ ਇਹਨਾਂ ਸ਼ਰਾਬ ਕੰਪਨੀਆਂ ਦੇ ਬੈਨਰ ਵਗੈਰਾ ਕਿੱਧਰੇ
ਨਜ਼ਰ ਨਹੀਂ ਸਨ ਆਏ ਪਰ ਕੀ ਉਹਨਾਂ ਕਾਰੋਬਾਰੀ ਲੋਕਾਂ ਦਾ ਦਿਮਾਗ ਖਰਾਬ ਸੀ?
ਕਿ ਉਹ ਅਚਾਨਕ ਹੀ ਕਬੱਡੀ ਪ੍ਰੇਮ ਵਿੱਚ ਗੜੁੱਚ ਹੋ ਕੇ ਲੱਖਾਂ ਰੁਪਏ ਹਿੱਸਾ
ਪਾ ਗਏ? ਮਾਲਕੋ, ਮੁਫਤ 'ਚ ਤਾਂ ਕੋਈ ਚੂੰਢੀ ਵੀ ਨਹੀਂ ਵਢਵਾਉਂਦਾ, ਉਹਨਾਂ ਨੇ
ਤਾਂ ਫੇਰ ਵੀ ਲੱਖਾਂ ਦੇ ਧੱਫੜ ਪੁਆਏ ਸਨ। ਜੇ ਘੋੜੇ ਨੇ ਘਾਹ ਨਾਲ ਦੋਸਤੀ ਪਾ
ਲਈ ਫੇਰ ਉਹ ਕਿਹੜਾ 'ਪਾਰਲੇ ਜੀ' ਬਿਸਕੁਟ ਖਾ ਕੇ ਸਾਰ ਲਊ? ਨਸਿ਼ਆਂ ਖਿਲਾਫ
ਲੋਕਾਂ ਨੂੰ ਜਗਰੂਕ ਕਰਨ ਦੀਆਂ ਢੱਡਾਂ ਖੜਕਾ ਰਹੀ ਅਕਾਲੀ ਸਰਕਾਰ ਦੀ ਇਸ
ਮਜ਼ਬੂਰੀ ਨੂੰ ਹੀ ਸਮਝਣ 'ਚ ਇੱਕ ਸਾਲ ਲੱਗ ਗਿਆ ਕਿ ਕੀ ਵਜ੍ਹਾ ਸੀ ਕਿ
ਨਸਿ਼ਆਂ ਤੋਂ ਦੂਰ ਰਹਿ ਕੇ ਸਰੀਰ ਤੰਦਰੁਸਤ ਰੱਖਣ ਦਾ ਹੋਕਾ ਦੇਣ ਵਾਲੀ ਕਬੱਡੀ
ਨੂੰ 'ਉੱਚਾ' ਚੁੱਕਣ ਲਈ ਸ਼ਰਾਬ ਨਾਲ ਜੁੜੇ ਕਾਰੋਬਾਰੀਆਂ ਅੱਗੇ ਝੋਲੀ ਅੱਡਣੀ
ਪਈ?
ਸਰਸਰੀ ਨਿਗ੍ਹਾ
ਮਾਰੋ ਤਾਂ ਪੰਜਾਬ ਵਿੱਚ ਸਕੂਲਾਂ ਦੀ ਗਿਣਤੀ ਨਾਲੋਂ ਠੇਕਿਆਂ ਦੀ ਗਿਣਤੀ
ਵਧੇਰੇ ਮਿਲੇਗੀ। ਪੰਜਾਬ ਵਿੱਚੋਂ ਪਹਿਲਵਾਨੀ, ਹਾਕੀ ਦਾ ਗੁੱਗਾ ਪੂਜੇ ਜਾਣ
ਤੋਂ ਬਾਦ ਹੁਣ ਕਬੱਡੀ ਹੀ ਬਚੀ ਸੀ ਪਰ ਇਸਨੂੰ ਹੁਣ ਹੋਰ ਬਲਾਵਾਂ ਦੀ ਬਜਾਏ
ਨਸਿ਼ਆਂ ਨੇ ਕਲਾਵੇ 'ਚ ਲੈ ਲਿਐ। ਵਿਦੇਸ਼ਾਂ 'ਚ ਜਾ ਕੇ 'ਜੌਹਰ' ਦਿਖਾਉਣ ਦੀ
ਲਾਲਸਾ 'ਚ ਹੀ 'ਮੋਗੇ ਵਾਲੇ ਟੀਕੇ' ਪਿੰਡ ਪਿੰਡ ਦੇ ਖੇਡ ਮੈਦਾਨ 'ਚ ਪਹੁੰਚ
ਕਰੀ ਬੈਠੇ ਹਨ। ਹਾਲਾਤ ਇੱਥੋਂ ਕੁ ਤੱਕ ਨਾਜ਼ੁਕ ਹਨ ਕਿ 52-55 ਕਿਲੋ ਵਜ਼ਨੀ
ਕਬੱਡੀ ਵੀ ਟੀਕਿਆਂ ਦੇ ਆਸਰੇ ਖੇਡੀ ਜਾ ਰਹੀ ਹੈ। ਇਸੇ ਦੂਜੇ ਵਿਸ਼ਵ ਕੱਪ ਦੇ
ਟਰਾਇਲ ਦੇਣ ਆਏ 51 ਖਿਡਾਰੀਆਂ ਦੇ ਨਾਡਾ ਏਜੰਸੀ ਨੇ 6 ਅਕਤੂਬਰ ਨੂੰ ਪਿਸ਼ਾਬ
ਦੇ ਨਮੂਨੇ ਲਏ ਸਨ। 13 ਅਕਤੂਬਰ ਤੱਕ 21 ਖਿਡਾਰੀਆਂ ਦੇ ਨਤੀਜ਼ੇ ਨਸ਼ਰ ਹੋਏ
ਸਨ ਜਿਹਨਾਂ ਵਿੱਚੋਂ 10 'ਟੀਕਾਰੋਗ' ਤੋਂ ਪ੍ਰਭਾਵਿਤ ਸਨ। ਇਹ ਵੀ ਨਹੀਂ
ਕਹਿੰਦੇ ਕਿ ਕਬੱਡੀ ਨੂੰ ਕਿਸੇ ਪੱਖੋਂ ਥੁੜ੍ਹੀ ਰਹਿਣ ਦਿੱਤਾ ਜਾਵੇ ਪਰ ਇਹ
ਗੱਲ ਵੀ ਜਰੂਰ ਕਹਿਣੀ ਬਣਦੀ ਹੈ ਕਿ ਮਾਂ ਮਾਂ ਕਹਿ ਕੇ ਵਾਧੂ ਦੇ 'ਡਫੂੰਗ'
ਕਰਨ ਨਾਲੋਂ ਜੇ ਸਰਕਾਰੀ ਇਮਾਨਦਾਰੀ ਵਰਤ ਕੇ ਪੁੱਤਰਾਂ ਵੱਲੋਂ ਮਾਂ ਨੂੰ ਲਾਏ
ਜਾ ਰਹੇ ਨਸ਼ੇ ਦੇ ਕੋਹੜ ਤੋਂ ਬਚਾ ਲਿਆ ਜਾਂਦਾ ਤਾਂ ਇਹ ਕਾਰਵਾਈ ਇਤਿਹਾਸ ਦੇ
ਪੰਨਿਆਂ 'ਤੇ ਸੁਨਿਹਰੀ ਅੱਖਰਾਂ 'ਚ ਲਿਖਣ ਵਰਗੀ ਹੋਣੀ ਸੀ ਬਜਾਏ ਬਾਲੀਵੁੱਡ
ਨਚਾਰਾਂ ਨੂੰ ਬਠਿੰਡੇ 'ਚ ਠੁਮਕੇ ਲਗਵਾਉਣ ਦੇ।
ਵਿਸ਼ਵ
ਦੇ ਕਿਸੇ ਵੀ ਕੋਨੇ 'ਚ ਕਬੱਡੀ ਮੈਚ ਹੁੰਦੇ ਹਨ ਤਾਂ ਉੱਥੇ ਸਿਰਫ ਪੰਜਾਬ ਤੋਂ
ਗਏ ਖਿਡਾਰੀ ਹੀ ਖੇਡਦੇ ਹਨ। ਉਦਾਹਰਨ ਵਜੋਂ ਇੰਗਲੈਂਡ ਦੇ ਖੇਡ ਮੇਲਿਆਂ 'ਚ
4-5 ਕੁ ਇੰਗਲੈਂਡ ਦੇ ਜੰਮਪਲ ਪੰਜਾਬੀ ਖਿਡਾਰੀਆਂ ਤੋਂ ਬਗੈਰ ਬਾਕੀ ਸਭ ਪੰਜਾਬ
ਤੋਂ ਵੱਖ ਵੱਖ ਪ੍ਰੋਮੋਟਰਾਂ ਵੱਲੋਂ ਮੰਗਵਾਏ ਗਏ ਹੁੰਦੇ ਹਨ। ਸਿਰਫ ਨਿੱਕਰਾਂ
ਦੇ ਰੰਗ ਬਦਲ ਜਾਂਦੇ ਹਨ। ਕਬੱਡੀ ਨੂੰ ਦੇਖਣ ਆਉਣ ਵਾਲੇ ਵੀ ਕਿਸੇ ਮਾਂ ਖੇਡ
ਪ੍ਰਤੀ ਪ੍ਰੇਮ ਕਰਕੇ ਘੱਟ ਆਉਂਦੇ ਪ੍ਰਤੀਤ ਹੁੰਦੇ ਹਨ ਤੇ ਐਤਵਾਰ ਨੂੰ ਖੇਡ
ਮੈਦਾਨ ਵਿੱਚ ਬੋਤਲਾਂ ਦੇ ਢੱਕਣ ਪੱਟਣ ਤੇ ਮੁਰਗਿਆਂ ਦੀਆਂ ਲੱਤਾਂ ਚੂੰਡਣ
ਵਧੇਰੇ ਆਉਂਦੇ ਹਨ। ਕਸੂਰ ਉਹਨਾਂ ਦਾ ਵੀ ਨਹੀਂ ਸਗੋਂ ਕਾਰੋਬਾਰੀ ਲੋਕਾਂ
ਵੱਲੋਂ ਕਬੱਡੀ ਨੂੰ ਕਾਰੋਬਾਰ ਵਜ਼ੋਂ ਵਰਤਣ ਕਾਰਨ ਲੋਕਾਂ ਦੀ ਮਾਨਸਿਕਤਾ ਵੀ
ਅਜਿਹੀ ਬਣੀ ਹੈ ਕਿ "ਟਿਕਟ ਲੈ ਕੇ ਦੇਖਣ ਆਏ ਆਂ। ਭਾਵੇਂ ਨੰਗੇ ਨੱਚੀਏ। ਕੌਣ
ਰੋਕੂ?" ਹਾਕੀ ਦਾ ਵਿਸ਼ਵ ਕੱਪ ਹੁੰਦੈ... ਕੀ ਵੱਖ ਵੱਖ ਦੇਸ਼ਾਂ 'ਚੋਂ ਆਉਂਦੇ
ਖਿਡਾਰੀ ਭਾਰਤੀ ਹੁੰਦੇ ਹਨ? ਫੁੱਟਬਾਲ ਦਾ ਵਿਸ਼ਵ ਕੱਪ ਹੁੰਦੈ... ਕੀ ਸਾਰੇ
ਦੇਸ਼ਾਂ ਦੇ ਖਿਡਾਰੀ ਗੋਰੇ ਹੀ ਹੁੰਦੇ ਹਨ? ਤੁਸੀਂ ਸਰਸਰੀ ਜਿਹੇ ਹੀ ਨਾਂਹ
ਕਹੋਗੇ। ਪਰ ਜੇ ਕਬੱਡੀ ਦਾ ਵਿਸ਼ਵ ਕੱਪ ਹੈ ਤਾਂ ਸਾਰੇ ਖਿਡਾਰੀ ਪੰਜਾਬੀ ਹੀ
ਕਿਉਂ? ਇਹ ਤਾਂ ਤੁਸੀਂ ਵੀ ਜਾਣਦੇ ਹੋ ਕਿ ਜਿਸ ਦਿਨ ਇਹ ਖੇਡ ਗੋਰਿਆਂ ਜਾਂ
ਕਾਲਿਆਂ ਦੇ ਹੱਥ ਆ ਗਈ ਉਸ ਦਿਨ ਪੰਜਾਬੀ ਵੀਰੋ... ਵਿਸ਼ਵ ਕੱਪ ਜਿੱਤਣ ਦਾ
ਸੁਪਨਾ ਭੁੱਲ ਕੇ ਵੀ ਨਾ ਲੈ ਬੈਠਿਉ। ਕਿਉਂਕਿ ਉਹ ਲੋਕ ਜਿਸ ਵੀ ਪਾਸੇ ਜਾਦੇ
ਹਨ ਦਿਲ ਲਾ ਕੇ ਮਿਹਨਤ ਕਰਦੇ ਹਨ, ਲਾਲਚ ਤੋਂ ਕੋ....ਹਾਂ ਦੂਰ। ਪਰ ਅਸੀਂ ਜੇ
ਕਬੱਡੀ ਬਾਰੇ ਵੀ ਸੋਚਦੇ ਹਾਂ ਤਾਂ ਖਿਡਾਰੀ, ਪ੍ਰੋਮੋਟਰ, ਨੇਤਾਲੋਕ.. ਗੱਲ
ਮੁਕਾਓ ਸਭ ਦੀ ਸੋਚ ਪਾਸਪੋਰਟ ਉੱਪਰ ਵੀਜਿ਼ਆਂ ਦੀ ਗਿਣਤੀ 'ਚ ਵਾਧਾ ਕਰਨ ਜਾਂ
ਫਿਰ ਮਾਇਆ ਦੇ ਗੱਫੇ ਹਾਸਲ ਕਰਨ ਬਾਰੇ ਹੀ ਸੋਚਦੇ ਹਾਂ। ਇਸ ਸੋਚ ਦਾ ਪਨਪਣਾ
ਵੀ ਦੇਸ਼ ਦੇ ਆਰਥਿਕ, ਰਾਜਨੀਤਕ ਗੰਧਲੇਪਣ ਦਾ ਨਤੀਜ਼ਾ ਹੈ। ਜਦ ਪੜ੍ਹਿਆਂ
ਲਿਖਿਆਂ ਦੀ ਇਹਨਾਂ ਹੀ ਸਰਕਾਰਾਂ ਵੱਲੋਂ 'ਡਾਂਗ ਸੇਵਾ' ਹੁੰਦੀ ਸਕੂਲਾਂ 'ਚ
ਪੜ੍ਹਦੇ ਪੜ੍ਹਾਕੂ ਦੇਖਦੇ ਹੋਣਗੇ ਤਾਂ ਉਹ ਵੀ ਇਹੀ ਸੋਚਦੇ ਹੋਣਗੇ ਕਿ "ਛੱਡੋ
ਕਾਲਜ਼ ਜਾਣ ਨੂੰ ਫੇਰ ਵੀ ਡਾਂਗਾਂ ਈ ਪੈਣਗੀਆਂ ਕਿਉਂ ਨਾ ਧੌਲ ਧੱਫੇ ਕਰ ਕੇ
ਭਾਵ ਕਬੱਡੀ ਖੇਡ ਕੇ ਕਿਸਮਤ ਅਜ਼ਮਾਈ ਕਰ ਲਈ ਜਾਵੇ ਬੇਸ਼ੱਕ ਟੀਕੇ ਹੀ ਲਾਏ
ਜਾਣ।" ਸ਼ਾਇਦ ਇਹੀ ਵਜ੍ਹਾ ਸੀ ਕਿ ਪਿਛਲੇ ਵਿਸ਼ਵ ਕੱਪ ਦੀ ਜੇਤੂ ਟੀਮ ਨੂੰ
ਸਰਕਾਰੀ ਨੌਕਰੀਆਂ ਦੇਣ ਵੇਲੇ ਜਿਆਦਾਤਰ ਖਿਡਾਰੀ ਉਹ ਸਨ ਜਿਹਨਾਂ ਨੇ ਕਾਲਜ਼
ਦੇ ਦਰਸ਼ਨ ਹੀ ਨਹੀਂ ਕੀਤੇ ਸਨ।
ਅੱਜ
ਚੋਣਾਂ ਤੋਂ 3 ਕੁ ਮਹੀਨੇ ਪਹਿਲਾਂ ਹੋ ਰਹੇ ਕਬੱਡੀ ਮਹਾਂਕੁੰਭ ਨੂੰ ਦੂਜੀਆਂ
ਸਿਆਸੀ ਪਾਰਟੀਆਂ ਵੀ ਬਾਦਲਕਿਆਂ ਵੱਲੋਂ ਬਾਈਪਾਸ ਹੋ ਕੇ ਕਬੱਡੀ ਦੇ ਓਟ ਆਸਰੇ
‘ਚ ਆਪਣੀ ਪਾਰਟੀ ਦਾ ਪ੍ਰਚਾਰ ਦੱਸਿਆ ਜਾ ਰਿਹਾ ਹੈ ਓਥੇ 1984 ਦੇ ਇੱਕ ਪਾਸੜ
ਕਤਲੇਆਮ ਦੇ ਮਹੀਨੇ ਨੂੰ ਯਾਦ ਰੱਖਣ ਦੀ ਬਜਾਏ ਸਾਰੇ ਪਰਿਵਾਰ ਵੱਲੋਂ ਸਾਹਰੁਖ
ਤੇ ਸਾਥਣਾ ਦਾ ਨਾਚ ਦੇਖਣ ਨੂੰ ਵੀ ਨਿਰੋਲ ਪੰਥਕ ਸਫਾਂ ਵਿੱਚੋਂ ਫਿਟਕਾਰਾਂ ਪੈ
ਰਹੀਆਂ ਹਨ। ਸਿਰਫ ਪੰਜਾਬੀਆਂ ਦੀ ਮਾਂ ਖੇਡ ਨੂੰ ਵਿਦੇਸ਼ੀ ਲੋਕਾਂ ਦੇ ਰੂਬਰੂ
ਕਰਵਾਉਣ ਲਈ ਹੀ ਕਰੋੜਾਂ ਰੁਪਏ ਖਰਚੇ ਗਏ ਜਦੋਂਕਿ ਪੰਜਾਬ ਦੀ ਨੌਜ਼ਵਾਨੀ ਨੂੰ
ਕਿਰਤ ਸੱਭਿਆਚਾਰ ਨਾਲ ਜੋੜਨ ਦੀ ਬਜਾਏ ਆਸ਼ਕੀ ਦੇ ਵੱਲ ਦੱਸਣ ਵਾਲੇ ਗਾਇਕ
ਗਾਇਕਾਵਾਂ ਨਾਲੋਂ ਕੀ ਪੰਜਾਬ ਦੇ ਰਵਾਇਤੀ ਗਵੱਈਆਂ ਨੂੰ ਬਣਦਾ ਮਾਣ ਨਹੀਂ ਸੀ
ਦਿੱਤਾ ਜਾ ਸਕਦਾ? ਜਿਸ ਨਾਲ ਉਹਨਾਂ ਨੂੰ ਕਲਾ ਲਈ ਉਮਰ ‘ਗਾਲੀ’ ਦਾ ਪਛਤਾਵਾ
ਵੀ ਸ਼ਾਇਦ ਘਟ ਜਾਣਾ ਸੀ। ਕੀ ਸ਼ਾਹਰੁਖ ਕੈਟਰੀਨਾ ਵਰਗਿਆਂ ਤੇ ਵਾਤਾਵਰਣ
ਸ਼ੁੱਧਤਾ ਦਾ ਢਕਵੰਜ ਰਚਣ ਵਾਲੀ ਸਰਕਾਰ ਲਈ ਆਤਿਸ਼ਬਾਜ਼ੀ ‘ਤੇ ਲੱਖਾਂ ਰੁਪਏ
ਖਰਚਣਾ ਮਜ਼ਬੂਰੀ ਸੀ? ਕੀ ਇਹਨਾਂ ਪੈਸਿਆਂ ਨਾਲ ਪੰਜਾਬ ਦੇ ਕਬੱਡੀ ਲਈ
ਜਵਾਨੀਆਂ ‘ਗਾਲ’ ਚੁੱਕੇ ਬਚੇ ਖੁਚੇ ਸਾਬਕਾ ਬਜ਼ੁਰਗ ਕਬੱਡੀ ਖਿਡਾਰੀਆਂ ਨੂੰ
ਯਾਦ ਨਹੀਂ ਸੀ ਕੀਤਾ ਜਾ ਸਕਦਾ? ਉਹਨਾਂ ਨੂੰ ਬੇਸ਼ੱਕ 2 ਹਜਾਰ ਜਾਂ ਇਕਵੰਜਾ
ਸੌ ਰੁਪਏ ਤੇ ਇੱਕ ਦਿੱਤੀ ਹੋਈ ਮਾਣ ਦੀ ਲੋਈ ਵੀ ਉਹਨਾਂ ਲਈ ਸਾਰੀ ਜਿੰਦਗੀ ਦਾ
ਸਰਮਾਇਆ ਬਣ ਜਾਣੇ ਸਨ। ਪਰ ਰਾਜ ਦੇ ਨਾਂ ‘ਤੇ ਹਰ ਕਿਸੇ ਦੀ ‘ਸੇਵਾ’ ਦਾ ਬੀੜਾ
ਚੁੱਕੀ ਫਿਰਦੀ ਸਰਕਾਰ ਨੂੰ ਕੌਣ ਸਮਝਾਵੇ ਕਿ ਇਉਂ ਨਹੀਂ ਇੰਝ ਕਰ? ਇੱਕ ਪਾਸੇ
ਤਾਂ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਦਾ ਰਾਮ ਰੌਲਾ ਪਈ ਜਾ ਰਿਹਾ ਹੈ ਉੱਥੇ
ਦੂਜੇ ਪਾਸੇ ਕਿਸੇ ਨਾ ਕਿਸੇ ਬੇਰੁਜ਼ਗਾਰ ਯੁਨੀਅਨ ਵੱਲੋਂ ਰੁਜ਼ਗਾਰ ਮੰਗਦਿਆਂ
ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ। ਫੇਰ ਕੀਤੀ ਜਾਂਦੀ ਹੈ ‘ਡਾਂਗ ਸੇਵਾ’।
ਸੂਬੇ ਦੇ ਲੋਕਾਂ
ਦੀ ਜੀਭ ਹਲਕ ਨਾਲ ਲੱਗੀ ਪਈ ਹੈ ਤੇ ਛੋਟੇ ਬਾਦਲ ਸਾਬ ਸਟੇਜ ‘ਤੇ ਹਾਈਡਰੋਲਿਕ
‘ਡਫੂੰਗ’ ਨਾਲ ਪ੍ਰਗਟ ਹੁੰਦੇ ਹਨ। ਕਿਸਾਨ ਖੁਦਕਸ਼ੀਆਂ ਕਰ ਰਿਹਾ ਹੈ ਉਸਨੂੰ
ਸੱਦਾ ਦਿੱਤਾ ਜਾ ਰਿਹਾ ਹੈ ਕਿ ਆ ਕੇ ਕਬੱਡੀ ਮੈਚ ਦੇਖੇ ਤੇ ਭੁੱਖੇ ਟੱਬਰ ਨੂੰ
ਕੈਚੀਆਂ ਨਿਆਣਿਆਂ ਜਾਂ ਰੇਡਾਂ ਦੀਆਂ ਬਾਤਾਂ ਸੁਣਾ ਕੇ ਭੁੱਖ ਮਿਟਾ ਦੇਵੇ।
ਬੁਰੁਜ਼ਗਾਰੀ ਦੀ ਝੰਬੀ ਨੌਜ਼ਵਾਨੀ ਦਿਨ ਬ ਦਿਨ ਨਸਿ਼ਆਂ ‘ਚ ਗਲਤਾਨ ਹੋ ਕੇ
ਲੁੱਟਾਂ ਖੋਹਾਂ, ਨਸ਼ਾ ਤਸਕਰੀ ਵਰਗੇ ਅਸਮਾਜਿਕ ਵਰਤਾਰਿਆਂ ‘ਚ ਉਲਝਦੀ ਜਾ ਰਹੀ
ਹੈ ਤੇ ਸਾਡੀ ਸੂਬਾ ਸਰਕਾਰ ਬਾਲੀਵੁੱਡ ਕਲਾਕਾਰਾਂ ਨੂੰ “ਪੰਜਾਬ ਬਹੁਤ ਅਮੀਰ
ਸੂਬਾ ਹੈ” ਦੱਸ ਕੇ ਕਰੋੜਾਂ ਦੀ ਭੇਟਾ ਦੇ ਰਹੀ ਹੈ। ਪੰਜਾਬ ਸਿਰ ਚੜ੍ਹੇ
ਕਰਜ਼ੇ ਦਾ ਵਿਆਜ ਦੇਣ ਲਈ ਤਾਂ ਅਸੀਂ ਦੇਹਲੀ ‘ਤੇ ਦੀਵਾ ਬਾਲਣ ਵਾਲੇ ਹੋਏ ਪਏ
ਆਂ। ਪੰਜਾਬ ਦੀਆਂ ਪ੍ਰਮੁੱਖ ਸੜਕਾਂ ‘ਤੇ ਸਫਰ ਕਰਨਾ ਵੀ ‘ਵਿਕਾਊ’ ਹੋ ਗਿਐ ਪਰ
ਪਿੰਡਾਂ ਦੀਆਂ ਆਮ ਸੜਕਾਂ ‘ਚ ਪਏ ਟੋਇਆਂ ਵਿੱਚ ਲੋਕ ਮੱਛੀਆਂ ਪਾਲਣ ਲਈ ਤਿਆਰ
ਹੋਏ ਬੈਠੇ ਹਨ। ਲੋਕਾਂ ਨੂੰ ਬਿਹਤਰ ਸਫਰ ਸਹੂਲਤਾਂ ਦੇਣ ਦੇ ਨਾਂ ‘ਤੇ ਪੰਜਾਬ
ਰੋਡਵੇਜ਼ ਲੋਕਾਂ ਦੀ ਅੱਖਾਂ ਤੋਂ ਦਿਨੋ ਦਿਨ ਓਝਲ ਹੋ ਰਹੀ ਹੈ, ਲੋਕਾਂ ਦੇ
ਪੁੱਤਾਂ ਨੂੰ ਦੂਰ ਦਰਾਡੇ ਪੜ੍ਹਨ ਜਾਣ ਲਈ ਵੀ ਬੱਸ ਪਾਸ ਦੀ ਸਹੂਲਤ ਲਗਭਗ
ਖੋਹਣ ਕਿਨਾਰੇ ਹੈ ਤੇ ਪ੍ਰਾਈਵੇਟ ਬੱਸ ਮਾਲਕਾਂ ਵੱਲੋਂ ਘੁੱਗੀ ਨਹੀਂ ਖੰਘਣ
ਦਿੱਤੀ ਜਾ ਰਹੀ। ਸਰਕਾਰੀ ਬੱਸਾਂ ਅਲੋਪ ਹੋ ਰਹੀਆਂ ਹਨ ਤੇ ‘ਬਾਦਲ ਸਰਕਾਰ’
ਦੀਆਂ ਘਰੇਲੂ ਬੱਸਾਂ ਪ੍ਰਗਟ ਹੋਣੋਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਪੰਜਾਬ
ਦੇ ਲੋਕ ਖਾਸ ਕਰਕੇ ਮੁੱਖ ਮੰਤਰੀ ਸਾਬ੍ਹ ਦੇ ਮਾਲਵੇ ਦੇ ਲੋਕ ਕੈਂਸਰ ਨਾਲ ਮਰ
ਰਹੇ ਹਨ ਪਰ ਜਨਾਬ ਲੋਕਾਂ ਨੂੰ ਇਹ ਦਿਖਾਉਣ ‘ਚ ਰੁੱਝੇ ਹੋਏ ਹਨ ਕਿ ਉਹਨਾਂ ਦੀ
ਫਿਲਮ ਸਟਾਰਾਂ ਨਾਲ ਵੀ ਕਾਫੀ ‘ਬਣਦੀ’ ਹੈ।
ਅਜਿਹੇ ਹਾਲਾਤਾਂ
ਵਿੱਚ ਛੋਟੇ ਸਾਹਿਬ ਦੀ ਤਜ਼ਵੀਜ਼ ‘ਤੇ ਕਰੋੜਾਂ ਰੁਪਏ ਦੇ ਮੋਛੇ ਪਾ ਦੇਣ ਨੂੰ
ਤਾਂ ਇਹੀ ਕਿਹਾ ਜਾ ਸਕਦੈ ਕਿ “ਪਿੰਡ ਡੁੱਬਣ ਕਿਨਾਰੇ... ਕਮਲੀ ਨੂੰ ਕੋਠੇ
ਲਿੱਪਣ ਦੀ ਪਈ ਐ।”
|