|
ਅੰਮ੍ਰਿਤਸਰ 06 ਨਵੰਬਰ
- ਤਲਵੰਡੀ ਸਾਬੋ ਤੋਂ ਚੱਲੀ "ਪੰਜਾਬ ਬਚਾਓ ਯਾਤਰਾ" ਦੇ ਛੇਵੇਂ ਦਿਨ
ਅੱਜ, ਅੰਮ੍ਰਿਤਸਰ ਦੇ ਰਣਜੀਤ ਐਵਨਿਊ ਵਿਖੇ ਹੋਈ ਇਕ ਭਰਵੀਂ ਰੈਲੀ ਨੂੰ
ਸੰਬੋਧਨ ਕਰਦਿਆਂ ਹੋਇਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ
ਅਮਰਿੰਦਰ ਸਿੰਘ ਨੇ ਕਿਹਾ ਦੋਨੋਂ ਬਾਦਲ ਪਿਉ ਪੁੱਤ ਚੋਰ ਹਨ। ਚੋਰ, ਚੋਰ ਹੀ
ਹੁੰਦਾ ਹੈ, ਭਾਵੇਂ ਜਵਾਨ ਹੋਵੇ ਜਾਂ ਬੁੱਢਾ। ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ
ਬਾਦਲ ਦੇ ਪਿਤਾ ਦੀ ਮੌਤ ਸਮੇਂ ਬਾਦਲ ਦੇ ਹਿੱਸੇ ਕੇਵਲ ਅੱਸੀ ਕਿੱਲੇ ਜ਼ਮੀਨ
ਆਉਂਦੀ ਸੀ ਪਰ ਅੱਜ ਇਸ ਨੇ ਪੰਜਾਬ ਦੇ ਲੋਕਾਂ ਨਾਲ ਠੱਗੀ-ਠੋਰੀ ਮਾਰ ਕੇ
ਇੱਕਲੇ ਦਿੱਲੀ ਵਿਚ ਹੀ ਦੋ ਹਜ਼ਾਰ ਕਰੋੜ ਰੁਪਏ ਦੇ ਹੋਟਲ ਵੀ ਬਣਾ ਲਏ ਹਨ।
ਇਹਨਾਂ ਬਾਂਦਰ ਪਿਉ-ਪੁਤਾਂ ਨੂੰ ਪੰਜਾਬ ਦੀ ਕੋਈ ਪ੍ਰਵਾਹ ਨਹੀਂ। ਇਹਨਾਂ ਨੇ
ਪੰਜਾਬ ਦੀ ਸਾਰੀ ਰੇਤ, ਬਜਰੀ, ਬੱਸਾਂ, ਚੈਨਲ, ਸਾਰੇ ਪੰਜਾਬ ਦੇ ਠੇਕੇ ਤੇ
ਹੋਟਲਾਂ ਤੇ ਕਬਜ਼ਾ ਕਰਕੇ, ਪੰਜਾਬ ਨੂੰ ਲੁੱਟ ਕੇ ਖਾ ਗਏ ਹਨ। ਉਹਨਾਂ ਕਿਹਾ ਕਿ
ਬਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਦੋਨੋਂ ਇਕ ਨੰਬਰ ਦੇ ਗੁੰਡੇ ਹਨ। ਇਹ
ਉਪਰ ਤੋਂ ਥੱਲੇ ਤੱਕ ਡਕੈਤੀਆਂ ਮਾਰ ਰਹੇ ਹਨ। ਉਹਨਾਂ ਨੇ ਕਿਹਾ ਕਿ ਬਿਕਰਮ
ਮਜੀਠੀਏ ਦੇ ਬਜ਼ੁਰਗ ਰਣਜੋਧ ਸਿੰਘ, ਸ਼ਾਮ ਸਿੰਘ ਅਟਾਰੀ ਵਾਲੇ ਦੇ ਅਟਾਰੀ ਵਿਖੇ
ਘਮਸਾਣ ਦੀ ਹੋਈ ਲੜਾਈ ਵਿਚ ਦੁਸ਼ਮਣਾਂ ਵਿਚ ਘਿਰ ਜਾਣ ਤੇ, ਉਸਨੂੰ ਬਚਾਉਣ ਦੀ
ਬਜਾਇ ਭਾਈ ਰਣਜੋਧ ਸਿੰਘ ਲੜਾਈ ਦੇ ਮੈਦਾਨ ਵਿਚੋਂ ਫੌਜ ਨੂੰ ਛੱਡ ਕੇ ਪਿੱਠ
ਵਿਖਾ ਕੇ ਦੌੜ ਗਿਆ ਸੀ।
ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ
ਬਣਨ ਤੇ ਵਕਤ ਆਉਣ ਤੇ ਇਹਨਾਂ ਛੋਟੇ-ਵੱਡੇ ਚੋਰਾਂ ਨੂੰ ਪੁੱਠੇ ਟੰਗ ਕੇ ਮਾਂਜਾ
ਲਾਹਵਾਂਗੇ। ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਵਰਕਰ ਕੋਈ ਫਾਲਤੂ ਚੀਜ਼ ਨਹੀਂ
ਹਨ ਕਿ ਜਿਨ੍ਹਾਂ ਨੂੰ ਜਦ ਚਾਹੋ ਥਾਣਿਆਂ ਵਿਚ ਬੁਲਾ ਕੇ ਮਾਰੋ ਤੇ ਕੁੱਟੋ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਤੀਹ ਹਜ਼ਾਰ ਕਾਂਗਰਸੀਆਂ ਤੇ
ਦਰਜ਼ ਹੋਏ ਝੂਠੇ ਕੇਸਾਂ ਦੀਆਂ ਐਫ.ਆਈ.ਆਰਾਂ ਦੀਆਂ ਕਾਪੀਆਂ ਨੂੰ 13-14
ਬੋਰੀਆਂ ਵਿਚ ਪਾ ਕੇ ਕਾਨੂੰਨੀ ਕਾਰਵਾਈ ਲਈ ਚੌਣ ਕਮਿਸ਼ਨਰ ਨੂੰ ਭੇਜ ਦਿੱਤਾ
ਸੀ, ਪਰ ਅਜੇ ਤੱਕ ਚੋਣ ਕਮਿਸ਼ਨ ਨੇ ਇਸ ਤੇ ਕੋਈ ਅਮਲ ਨਹੀਂ ਕੀਤਾ। ਉਹਨਾਂ ਨੇ
ਕਿਹਾ ਕਿ ਅਕਾਲੀਆਂ ਨੇ ਤੇ ਖਾਸ ਕਰਕੇ ਮਜੀਠੀਏ ਪਰਿਵਾਰ ਨੇ ਸਾਰੇ ਪੰਜਾਬ ਵਿਚ
ਦਹਿਸ਼ਤ ਦਾ ਮਾਹੌਲ ਸਿਰਜਿਆ ਹੋਇਆ ਹੈ।
ਉਹਨਾਂ ਨੇ ਕਿਹਾ ਕਿ ਅਕਾਲੀ ਤਾਂ
ਸ਼੍ਰੀ ਦਰਬਾਰ ਸਾਹਿਬ ਦੇ ਸ਼੍ਰੀ ਗੁਰੂ ਰਾਮ ਦਾਸ ਲੰਗਰ ਨੂੰ ਅਤੇ ਗੁਰੂ ਦੀ
ਗੋਲਕ ਨੂੰ ਵੀ ਨਹੀਂ ਬਖਸ਼ਿਆ। ਉਹਨਾਂ ਨੇ ਕਿਹਾ ਕਿ ਸਿੱਖ ਇਤਿਹਾਸ ਦੇ ਸਭ ਤੋਂ
ਦੁਖਦਾਈ ਸਾਕਾ ਨੀਲਾ ਤਾਰਾ ਵੇਲੇ ਹੀ, ਕੇਵਲ ਲੰਗਰ ਦੇ ਰਸਦ-ਪਾਣੀ ਲਈ ਅਪੀਲ
ਕਰਨ ਦੀ ਲੋੜ ਪਈ ਸੀ। ਉਹਨਾਂ ਕਿਹਾ ਕਿ ਸਿੱਖ ਇਤਿਹਾਸ ਵਿਚ ਇਹ ਪਹਿਲੀ ਵਾਰ
ਹੈ ਕਿ ਸ਼੍ਰੀ ਦਰਬਾਰ ਸਾਹਿਬ ਦਾ ਬਜਟ 24 ਕਰੋੜ ਦੇ ਘਾਟੇ ਵਿਚ ਗਿਆ ਹੋਵੇ,
ਜਦੋਂ ਕਿ ਸ਼ਰਧਾਲੂਆਂ ਦੀ ਗਿਣਤੀ ਵਿਚ ਕਈ ਗੁਣਾਂ ਵਾਧਾ ਹੋਇਆ ਹੈ। ਕੈਪਟਨ
ਅਮਰਿੰਦਰ ਨੇ ਕਿਹਾ ਕਿ ਇਹ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਸਾਰੇ ਸਾਲ ਵਿਚ
ਪਿਛਲੇ ਸਾਲ ਤੋਂ ਚਲ ਰਹੀਆਂ ਬੱਸਾਂ ਦੀ ਇੰਨਕੁਆਰੀ ਵੇਲੇ ਵੱਡਾ ਬਾਦਲ ਇਹਨਾਂ
ਬੱਸਾਂ ਦੇ ਹੋਣ ਤੋਂ ਸਾਫ ਮੁਕਰ ਗਿਆ ਤੇ ਸਾਰੀ ਗੱਲ ਆਪਣੇ ਮੁੰਡੇ ਤੇ ਸੁੱਟ
ਦਿੱਤੀ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਆਉਣ ਤੇ ਉਹ ਉਪਰ ਤੋਂ ਥੱਲੇ ਤੱਕ
ਸੱਭ ਕਸੂਰਵਾਰਾਂ ਨਾਲ ਨਜਿਠਣਗੇ। ਉਹਨਾਂ ਨੇ ਕਿਹਾ ਕਿ ਅੱਜ ਦੇ ਇਸ ਕਾਂਗਰਸੀ
ਵਰਕਰਾਂ ਦੇ ਅਥਾਹ ਜੋਸ਼ ਨੂੰ, ਅਕਾਲੀ ਭਾਜਪਾ ਦੇ ਵਿਰੁੱਧ ਤਬਦੀਲ ਕਰਨ ਦਾ
ਸਮਾਂ ਆ ਗਿਆ ਹੈ। ਇਸ ਮੌਕੇ ਕੈਪਟਨ ਅਮਰਿੰਦਰ ਤੋਂ ਇਲਾਵਾ ਗੁਰਚੈਨ ਸਿੰਘ
ਚੜ੍ਹਕ ਪੰਜਾਬ ਮਾਮਲਿਆਂ ਦੇ ਇੰਚਾਰਜ, ਬੀਬੀ ਰਜਿੰਦਰ ਕੌਰ ਭੱਠਲ ਸਾਬਕਾ
ਉਪ-ਮੁੱਖ ਮੰਤਰੀ ਪੰਜਾਬ, ਸਾਬਕਾ ਮੈਂਬਰ ਪਾਰਲੀਮੈਂਟ ਜਗਬੀਰ ਸਿੰਘ ਬਰਾੜ,
ਅੱਜ ਦੀ ਰੈਲੀ ਦੇ ਸੰਯੋਜਕ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸੱਕਤਰ ਸ਼੍ਰੀ
ਓਮ ਪ੍ਰਕਾਸ਼ ਸੋਨੀ ਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸ਼੍ਰੀ ਜੁਗਲ਼ ਕਿਸ਼ੋਰ ਨੇ
ਇਸ ਮੌਕੇ ਅਕਾਲੀ ਭਾਜਪਾ ਵਲੋਂ ਕੀਤੇ ਗਏ ਵਿਕਾਸ ਦੇ ਦਾਅਵਿਆਂ ਨੂੰ ਝੂਠ ਦਾ
ਪੁਲੰਦਾ ਕਿਹਾ ਤੇ ਕਿਹਾ ਕਿ ਇਸ ਮੌਜੂਦਾ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਦਾ
ਵਿਕਾਸ ਨਹੀਂ ਵਿਨਾਸ਼ ਕੀਤਾ ਹੈ ਤੇ ਇਹਨਾਂ ਨੇ ਗਰੀਬ ਆਦਮੀ ਦੀ ਇੱਜ਼ਤ ਨੂੰ
ਰੋਲਣ ਤੇ ਆਪਣੇ ਘਰ ਭਰਨ ਤੋਂ ਇਲਾਵਾ ਪੰਜਾਬ ਦਾ ਕੁਝ ਨਹੀਂ ਕੀਤਾ।
ਇਸ ਮੌਕੇ ਅੰਮ੍ਰਿਤਸਰ ਦੇ ਕਾਂਗਰਸੀ
ਨੇਤਾਵਾਂ ਵਿਚੋਂ ਜਸਬੀਰ ਸਿੰਘ ਡਿੰਪਾ, ਸ਼੍ਰੀ ਗੁਰਜੀਤ ਸਿੰਘ ਔਜਲਾ ਕੌਂਸਲਰ,
ਪੰਜਾਬ ਪ੍ਰਦੇਸ਼ ਕਾਂਗਰਸ ਦੇ ਡੈਲੀਗੇਟ ਸ਼੍ਰੀ ਹਰਪਾਲ ਭਾਟੀਆ, ਕ੍ਰਿਸਚਨ ਫਰੰਟ
ਦੇ ਕਨਵੀਨਰ ਸ਼੍ਰੀ ਡੈਨੀਅਲ ਭੱਟੀ, ਸੁਖਦੇਵ ਸਿੰਘ ਸ਼ਹਿਬਾਜਪੁਰੀ, ਸਾਬਕਾ
ਮੰਤਰੀ ਸਰਦੂਲ ਸਿੰਘ, ਸੁਰਿੰਦਰ ਸਿੰਘ ਕਥੂਨੰਗਲ, ਦਿਹਾਤੀ ਕਾਂਗਰਸ ਦੇ
ਪ੍ਰਧਾਨ ਹਰਪ੍ਰਤਾਪ ਅਜਨਾਲਾ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਮਨੋਹਰ ਲਾਲ
ਐਨਥਨੀ, ਓਮ ਪ੍ਰਕਾਸ਼ ਗੱਬਰ, ਕਰਮਜੀਤ ਰਿੰਟੂ, ਮਮਤਾ ਦੱਤਾ, ਮਨੀਸ਼ਾ ਗੁਲਾਟੀ,
ਬੀਬੀ ਰਤਨਾ, ਸਤਿੰਦਰ ਗੁਜਰਾਲ, ਪੰਜਾਬ ਵਪਾਰ ਮੰਡਲ ਦਾ ਪ੍ਰਧਾਨ ਅੰਮ੍ਰਿਤ
ਲਾਲ ਜੈਨ ਤੇ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਪ੍ਰਦੀਪ ਸੈਣੀ
ਨੇ ਕੈਪਟਨ ਅਮਰਿੰਦਰ ਸਿੰਘ, ਬੀਬੀ ਭੱਠਲ ਤੇ ਗੁਰਚੈਨ ਸਿੰਘ ਚੜ੍ਹਕ ਦਾ ਸੁਆਗਤ
ਕੀਤਾ। ਅਨੁਮਾਨ ਲਗਾਉਣ ਵਾਲੇ ਦਾ ਕਹਿਣਾ ਸੀ ਕਿ ਕਾਂਗਰਸੀ ਵਰਕਰਾਂ ਦਾ ਇਕਠ
ਇਕ ਲੱਖ ਤੋਂ ਉਪਰ ਸੀ।
|