ਲੰਡਨ
- ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਅਤੇ ਸ੍ਰੀ
ਮੁਕਤਸਰ ਸਾਹਿਬ ਜੀ ਦੇ ਸ਼ਹੀਦਾਂ ਦੀ ਯਾਦ ਵਿੱਚ ਸਿੱਖਾਂ ਦੀ ਮਿੰਨੀ ਪਾਰਲੀਮੈਂਟ
ਵਜੋਂ ਜਾਣੇ ਜਾਂਦੇ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਕਵੀ ਦਰਬਾਰ ਦਾ
ਆਯੋਜਨ ਕੀਤਾ ਗਿਆ। ਇਸ ਸਮੇਂ ਬੋਲਦਿਆਂ ਸ੍ਰੀ ਕੁਲਵੰਤ ਸਿੰਘ ਭਿੰਡਰ ਨੇ ਕਿਹਾ
ਕਿ ਦਸ਼ਮੇਸ਼ ਪਿਤਾ ਜੀ ਵੱਲੋਂ ਸਾਹਿਤ ਨੂੰ ਬਣਦਾ ਮਾਣ ਦੇਣ ਦੇ ਮਕਸਦ ਨਾਲ ਹੀ
52 ਕਵੀਆਂ ਨੂੰ ਆਪਣੇ ਦਰਬਾਰ 'ਚ ਸਤਿਕਾਰ ਦਿੱਤਾ ਜਾਂਦਾ ਸੀ। ਉਹਨਾਂ ਦੀ ਸੋਚ
'ਤੇ ਚਲਦਿਆਂ, ਉਹਨਾਂ ਦਾ ਗੁਨਗਾਣ ਕਰਨ ਲਈ ਹੀ ਕਵੀ ਦਰਬਾਰ ਸਜਾਉਣੇ ਦਸ਼ਮੇਸ਼
ਪਿਤਾ ਜੀ ਦੇ ਪੁਰਬ ਮਨਾਉਣ ਦਾ ਸਹੀ ਢੰਗ ਕਿਹਾ ਜਾ ਸਕਦੈ। ਕਿਉਂਕਿ ਕਵੀ ਮਨ
'ਚੋਂ ਉਪਜੀਆਂ ਗੱਲਾਂ ਯੁਗ ਪਲਟਣ ਦੀ ਸਮਰੱਥਾ ਰੱਖਦੀਆਂ ਹਨ।
ਕਵੀ ਦਰਬਾਰ ਦਾ ਆਗਾਜ਼ ਪ੍ਰਸਿੱਧ ਕਵੀ ਸਾਥੀ ਲੁਧਿਆਣਵੀ
ਜੀ ਨੇ ਆਪਣੀ ਨਜ਼ਮ ਰਾਹੀਂ ਕੀਤਾ। ਇਸ ਉਪਰੰਤ ਕ੍ਰਮਵਾਰ ਮਨਦੀਪ ਖੁਰਮੀ
ਹਿੰਮਤਪੁਰਾ, ਕਵਿੱਤਰੀ ਕੁਲਵੰਤ ਕੌਰ ਢਿੱਲੋਂ, ਅਜ਼ੀਮ ਸ਼ੇਖਰ, ਭਾਈ ਸੁਖਵਿੰਦਰ
ਸਿੰਘ ਰਟੌਲ, ਡਾ: ਤਾਰਾ ਸਿੰਘ ਆਲਮ, ਗੁਰਮੀਤ ਸਿੰਘ ਸਿੱਧੂ, ਰਵਿੰਦਰ ਸਿੰਘ
ਖਹਿਰਾ, ਮਨਪ੍ਰੀਤ ਸਿੰਘ ਬੱਧਨੀ, ਗਿਆਨੀ ਮਲੂਕ ਸਿੰਘ ਗੁਰਦਾਸਪੁਰੀ ਆਦਿ ਕਵੀਆਂ
ਨੇ ਆਪੋ ਆਪਣੀਆਂ ਰਚਨਾਵਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਸ਼ਾਮ ਸੱਤ ਵਜੇ ਤੋਂ 10 ਵਜੇ ਤੱਕ ਚੱਲੇ ਕਵੀ ਦਰਬਾਰ
ਦੌਰਾਨ ਸੈਂਕੜਿਆਂ ਦੀ ਤਾਦਾਦ ਵਿੱਚ ਹਾਜਰ ਸੰਗਤਾਂ ਦਾ ਟਿਕਾਉ ਦੇਖਣਯੋਗ ਸੀ।
ਅੰਤ ਵਿੱਚ ਹਾਜਰੀਨ ਦਾ ਧੰਨਵਾਦ ਕਰਦਿਆਂ ਸ੍ਰ. ਹਰਜੀਤ ਸਿੰਘ ਸਰਪੰਚ ਨੇ ਕਿਹਾ
ਕਿ ਗੁਰੂ ਸਾਹਿਬਾਨਾਂ ਦੇ ਪੁਰਬ ਮਨਾਉਣ ਸਮੇਂ ਕਵੀ ਦਰਬਾਰਾਂ ਦਾ ਆਯੋਜਨ ਕਰਨਾ
ਇੱਕ ਚੰਗੀ ਪਿਰਤ ਹੈ। ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਚਾਹੀਦਾ ਹੈ ਕਿ ਉਹ
ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ 'ਤੇ ਅਮਲ ਕਰਦੇ ਹੋਏ ਅਜਿਹੇ ਸਮਾਗਮਾਂ ਦਾ
ਆਯੋਜਨ ਕਰਨ ਤਾਂ ਜੋ ਸੰਗਤਾਂ ਨੂੰ ਕਵੀ ਦਰਬਾਰਾਂ ਜ਼ਰੀਏ ਵੀ ਸਿੱਖ ਇਤਿਹਾਸ ਤੋਂ
ਜਾਣੂੰ ਕਰਵਾਇਆ ਜਾ ਸਕੇ। ਸਮੁੱਚੇ ਸਮਾਗਮ ਦੀ ਮੁੱਖ ਵਿਸ਼ੇਸ਼ਤਾ ਹੀ ਇਹ ਸੀ ਕਿ
ਸਮੂਹ ਕਵੀਆਂ ਨੇ ਸਿਰਫ ਤੇ ਸਿਰਫ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖ
ਇਤਿਹਾਸ ਨਾਲ ਸੰਬੰਧਤ ਰਚਨਾਵਾਂ ਹੀ ਪੇਸ਼ ਕੀਤੀਆਂ। |