ਬੀਤੇ ਦਿਨੀਂ ਗੁਰੂ ਨਾਨਕ ਸਿੱਖ ਸਕੂਲ ਹੇਜ ਦੇ ਆਡੀਟੋਰੀਅਮ ਹਾਲ ਵਿਖੇ ਗੁਰੂ
ਨਾਨਕ ਯੁਨੀਵਰਸਲ ਸੇਵਾ ਯੂ.ਕੇ. ਵੱਲੋਂ ਵਿਸ਼ਵ ਸ਼ਾਂਤੀ, ਪਿਆਰ ਤੇ ਏਕਤਾ ਬਣਾਈ
ਰੱਖਣ ਦਾ ਸੰਦੇਸ਼ ਦੇਣ ਹਿਤ ‘ਇੱਕ ਦਾਤਾ’ ਨਾਮਕ ਵਿਸ਼ਾਲ ਸਮਾਰੋਹ ਦਾ ਆਯੋਜਨ
ਕੀਤਾ ਗਿਆ, ਜਿਸ ਵਿੱਚ ਵੱਖ ਵੱਖ ਫਿਰਕਿਆਂ ਦੇ
ਲੋਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ।
ਸਮਾਗਮ ਦਾ ਆਗਾਜ਼ ਸਿਮਰ ਆਲਮ, ਗੁਰਪ੍ਰੀਤ ਆਲਮ ਤੇ ਸਾਥਣਾਂ ਵੱਲੋਂ ਸ਼ਬਦ
ਗਾਇਣ ਕਰਕੇ ਕੀਤਾ। ਇਸ ਸਮੇਂ ਬੋਲਦਿਆਂ ਸੰਸਥਾ ਦੇ ਆਗੂ ਡਾ: ਤਾਰਾ ਸਿੰਘ ਆਲਮ
ਨੇ ਕਿਹਾ ਕਿ ਅੱਜ ਜਿੰਨੀ ਮਾਰਾ-ਮਾਰੀ ਧਰਮਾਂ ਦੇ ਝਗੜਿਆਂ ਝੇੜਿਆਂ ‘ਚ ਹੋ ਰਹੀ
ਹੈ ਉਸਨੂੰ ਠੱਲ੍ਹ ਪਾਉਣ ਲਈ ਸਭ ਧਰਮਾਂ ਦੀਆਂ ਸਿੱਖਿਆਵਾਂ ‘ਤੇ ਸਹੀ ਅਮਲ ਕਰਨ
ਦੀ ਲੋੜ ਹੈ ਕਿਉਂਕਿ ਕੋਈ ਵੀ ਧਰਮ ਦੂਸਰੇ ਧਰਮ ਦੇ ਲੋਕਾਂ ਨਾਲ ਨਫ਼ਰਤ ਕਰਨੀ
ਨਹੀਂ ਸਿਖਾਉਂਦਾ। ਉਹਨਾਂ ਕਿਹਾ ਕਿ ਭਾਵੇਂ ਕੋਈ ਵੀ ਮਨੁੱਖ ਕਿਸੇ ਵੀ ਧਰਮ ਨੂੰ
ਮੰਨਦਾ ਹੈ, ਉਸਨੂੰ ਚਾਹੀਦਾ ਹੈ ਕਿ ਉਸ ਧਰਮ ਦੀਆਂ ਸਿੱਖਿਆਵਾਂ ਨੂੰ ਡੂੰਘਾਈ
ਨਾਲ ਘੋਖ ਕੇ ਜਰੂਰ ਦੇਖੇ।
ਇਸ ਤੋਂ ਇਲਾਵਾ ‘ਸਾਹਿਬ’ ਮੇਗਜ਼ੀਨ ਦੇ ਸੰਪਾਦਕ ਰਣਜੀਤ ਸਿੰਘ ਰਾਣਾ, ਸਾਥੀ
ਲੁਧਿਆਣਵੀ, ਚਮਨ ਲਾਲ ਚਮਨ, ਸੰਸਥਾ ਦੇ ਚੇਅਰਮੈਨ ਜਸਵੀਰ ਸਿੰਘ ਮਠਾੜੂ, ਰਵਿੰਦਰ
ਸਿੰਘ ਖਹਿਰਾ, ਭਾਈ ਅਮਰਜੀਤ ਸਿੰਘ, ਮੁਸਲਿਮ ਭਾਈਚਾਰੇ ਵੱਲੋਂ ਰਾਣਾ ਮਸ਼ਰੂਫ
ਅਹਿਮਦ, ਬੁੱਧ ਧਰਮ ਵੱਲੋਂ ਗੇਸ਼ੇ ਲਾਮਾ ਅਭੈ ਤੁਲਕੂ ਰਿਨਪੋਛੇ, ਬਾਬਾ ਸ੍ਰੀ
ਚੰਦ ਸੰਪਰਦਾਏ ਵੱਲੋਂ ਮਹੰਤ ਕੇਸਰ ਦਾਸ, ਹਿੰਦੂ ਭਾਈਚਾਰੇ ਵੱਲੋਂ ਗੁਰੂ
ਰਾਜੇਸ਼, ਨਾਥ ਰਾਮ ਤਿੱਤਰੀਆ, ਪ੍ਰੋ: ਨਸੀਰ ਅਹਿਮਦ, ਨਾਟਕਕਾਰ ਸ਼ੇਖਰ ਆਦਿ ਨੇ
ਆਪਣੇ ਵਿਚਾਰ ਪੇਸ਼ ਕੀਤੇ।
ਸਮਾਗਮ ਦੌਰਾਨ ਜਿੱਥੇ ਲੜਕੀਆਂ ਵੱਲੋਂ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ ਉੱਥੇ
ਕਿਰਨ ਸ਼ਰਮਾ ਨੇ ‘ਕਾਨ੍ਹਾ ਆਣ ਖੜ੍ਹੀ ਮੈਂ ਤੇਰੇ ਦੁਆਰ’ ਤੇ ਗਾਇਕ ਹਰਪ੍ਰੀਤ
ਸੰਗਰੂਰ ਨੇ ਪ੍ਰਸਿੱਧ ਗੀਤਕਾਰ ਤੇ ਗਾਇਕ ਸੁਖਵਿੰਦਰ ਮਹਿਬੂਬ ਦੀ ਰਚਨਾ ‘ਬਸ ਏਹੀ
ਯਾਦ ਨਹੀਂ ਰਹਿੰਦਾ ਕਿ ਇੱਕ ਦਿਨ ਮਰ ਜਾਣਾ ਏ’ ਗਾ ਕੇ ਸਮਾਗਮ ਨੂੰ ਸਿਖਰਾਂ ‘ਤੇ
ਪਹੁੰਚਾਇਆ। ਇਸ ਸਮੇਂ ‘ਸਾਹਿਬ’ ਮੈਗਜ਼ੀਨ ਦਾ 101ਵਾਂ ਅੰਕ ਵੀ ਰਿਲੀਜ਼ ਕੀਤਾ
ਗਿਆ। ਇਸ ਸਮੇਂ ਕੁਲਵੰਤ ਕੌਰ ਢਿੱਲੋਂ, ਜਸਵਿੰਦਰ ਕੌਰ ਦੂਆ, ਬਲਜੀਤ ਸਿੰਗ
ਮਠਾੜੂ, ਜਸਵਿੰਦਰ ਸਿੰਘ ਸੈਂਹਬੀ, ਇੰਦਰਜੀਤ ਸਿੰਘ ਮਠਾੜੂ, ਪ੍ਰਦੀਪ ਸ਼ਰਮਾ,
ਗੁਰਸ਼ਰਨ ਸਿੰਘ ਵੁਲਵਰਹੈਂਪਟਨ, ਉਪਕਾਰ ਸਿੰਘ, ਬਲਕਾਰ ਸਿੰਘ, ਅਮਰਜੀਤ ਕੌਰ
ਆਲਮ, ਡਾ: ਹਰਜੀਤ ਸਿੰਘ ਸਿੱਧੂ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਮੰਚ
ਸੰਚਾਲਕ ਦੇ ਫ਼ਰਜ਼ ਡਾ: ਹਰਸ਼ਾ ਸਿੱਧੂ ਤੇ ਮਨਦੀਪ ਖੁਰਮੀ ਹਿੰਮਤਪੁਰਾ ਨੇ
ਨਿਭਾਏ।
|